Wednesday 14 May 2014


ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਕਿਰਸਾਨੀ ਸਮਾਜ

- ਇਕਬਾਲ ਕੌਰ ਸੰਧੂ
Online Punjabi Magazine Seerat
 
ਕੁਲਵੰਤ ਸਿੰਘ ਵਿਰਕ ਪੰਜਾਬੀ ਦਾ ਬਹੁਤ ਹੀ ਸਤਿਕਾਰਿਆ ਤੇ ਪ੍ਰਵਾਨਿਆਂ ਗਿਆ ਕਥਾਕਾਰ ਹੈ। ਬਹੁਤ ਸਾਰੇ ਲੇਖਕ ਤੇ ਆਲੋਚਕ ਉਸਨੂੰ ਵੀਹਵੀਂ ਸਦੀ ਦਾ ਸਰਵ-ਸ੍ਰੇਠ ਕਥਾਕਾਰ ਆਖ ਕੇ ਮਾਣ ਨਾਲ ਵਡਿਆਉਂਦੇ ਹਨ। ਇਹਨਾਂ ਵਿਚ ਉਸਦੇ ਪੂਰਵਕਾਲੀ, ਸਮਕਾਲੀ ਤੇ ਉਤਰਕਾਲੀ ਲੇਖਕ ਸ਼ਾਮਲ ਹਨ। ‘ਪੰਜਾਬੀ ਨਾਵਲ ਦੀ ਸਿਖ਼ਰਲੀ ਹਸਤੀ ਗੁਰਦਿਆਲ ਸਿੰਘ ਲਈ ਉਹ ‘ਮਹਾਨ ਕਹਾਣੀਕਾਰ’; ਕਰਤਾਰ ਸਿੰਘ ਦੁੱਗਲ ਲਈ, ‘ਸਿਖ਼ਰ ‘ਤੇ ਖਲੋਤਾ ਸ਼ਹਿਨਸ਼ਾਹ’ ਤੇ ਅਜੀਤ ਕੌਰ ਲਈ ‘ਪੰਜਾਬੀ ਕਹਾਣੀ ਦਾ ਵਾਰਿਸ’ ਹੈ। ਪ੍ਰੇਮ ਪ੍ਰਕਾਸ਼ ਮੁਤਾਬਕ ਜੇ ਕੋਈ ਪੰਜਾਬੀ ਕਹਾਣੀ ਦੀ ਪ੍ਰਾਪਤੀ ਹੈ ਤਾਂ ਉਹ ਹੈ ਕੁਲਵੰਤ ਸਿੰਘ ਵਿਰਕ। ਵਰਿਆਮ ਸਿੰਘ ਸੰਧੂ ਨੂੰ ਵੀ ਕੁਲਵੰਤ ਸਿੰਘ ਵਿਰਕ ਹੀ ਪੰਜਾਬੀ ਦਾ ਸ਼ਰੋਮਣੀ ਕਥਾਕਾਰ ਲੱਗਦਾ ਹੈ। ਡਾ ਟੀ ਆਰ ਵਿਨੋਦ ਅਨੁਸਾਰ ‘ਵਿਰਕ ਵਰਗੀਆਂ ਕਹਾਣੀਆਂ ਤਾਂ ਪੰਜਾਬੀ ਵਿਚ ਬਹੁਤ ਹਨ, ਪਰ ਉਹਦੇ ਵਰਗਾ ਕਹਾਣੀਕਾਰ ਕੋਈ ਨਹੀਂ। ਉਹ ਆਪਣੀ ਮਿਸਾਲ ਆਪ ਹੈ।’ ਆਪਣੇ ਵੇਲਿਆਂ ਵਿਚ ਖ਼ੁਦ ਸੰਤ ਸਿੰਘ ਸੇਖੋਂ ਨੇ ਇਹ ਮੰਨਿਆਂ ਸੀ ਕਿ ਉਸਤੋਂ ਪਿੱਛੋਂ ਲਿਖਣਾ ਸ਼ੁਰੂ ਕਰ ਕੇ ਕੁਲਵੰਤ ਸਿੰਘ ਵਿਰਕ ਚੁਪਕੇ ਜਿਹੇ ਉਸਤੋਂ ਅੱਗੇ ਲੰਘ ਗਿਆ।’1
ਅਜਿਹਾ ਸਨਮਾਨ ਕਿਸੇ ਵਿਰਲੇ ਲੇਖਕ ਨੂੰ ਹੀ ਪ੍ਰਾਪਤ ਹੁੰਦਾ ਹੈ ਕਿ ਉਸਨੂੰ ਸਾਰੇ ਸਮਿਆਂ ਦੇ ਲੇਖਕ ਇਕੋ ਜਿੰਨੇ ਆਦਰ ਨਾਲ ਯਾਦ ਕਰਨ। ਇਹ ਕੁਲਵੰਤ ਸਿੰਘ ਵਿਰਕ ਦੀ ਲਿਖਤ ਦੀ ਆਪਣੀ ਕਮਾਈ ਹੈ। ਆਮ ਤੌਰ ‘ਤੇ ਇਹ ਧਾਰਨਾ ਪ੍ਰਚੱਲਿਤ ਸੀ ਕਿ ਵੱਡਾ ਲੇਖਕ ਬਣਨ ਲਈ ਕਿਸੇ ਲੇਖਕ ਨੂੰ ‘ਵੱਡੀ ਲਿਖਤ’ ਲਿਖਣ ਦੀ ਜ਼ਰੂਰਤ ਹੁੰਦੀ ਹੈ। ਇਸਦਾ ਮਤਲਬ ਇਹ ਹੈ ਕਿ ਕੋਈ ਲੇਖਕ ਤਦ ਹੀ ਵੱਡਾ ਲੇਖਕ ਅਖਵਾ ਸਕਦਾ ਹੈ ਜੇ ਉਹ ਨਾਵਲ ਵਰਗੀ ਵੱਡ-ਆਕਾਰੀ ਸਾਰਥਕ ਰਚਨਾ ਰਚ ਸਕੇ। ਕੇਵਲ ਛੋਟੀ ਕਹਾਣੀ ਲਿਖ ਕੇ ਕੋਈ ਵੱਡਾ ਲੇਖਕ ਨਹੀਂ ਬਣ ਸਕਦਾ। ਪਰ ਇਹ ਕੁਲਵੰਤ ਸਿੰਘ ਵਿਰਕ ਹੀ ਸੀ ਜਿਸਨੇ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਵੀ ਹੋਰ ਵਿਧਾ ‘ਤੇ ਹੱਥ ਨਹੀਂ ਅਜ਼ਮਾਇਆ; ਸਗੋਂ ਉਸਨੇ ਛੋਟੀ ਕਹਾਣੀ ਨੂੰ ਹੀ ਵਸਤੂ ਤੇ ਪੇਸ਼ਕਾਰੀ ਦੇ ਸੰਤੁਲਤ ਸੰਯੋਗ ਰਾਹੀਂ ਇਸ ਕਲਾਤਮਕ ਬੁਲੰਦੀ ‘ਤੇ ਪਹੁੰਚਾ ਦਿੱਤਾ ਕਿ ਉਸਨੂੰ ‘ਛੋਟੀ ਕਹਾਣੀ ਦੇ ਵੱਡੇ ਲੇਖਕ’ ਵਜੋਂ ਯਾਦ ਕੀਤਾ ਜਾਣ ਲੱਗਾ।
ਕੁਲਵੰਤ ਸਿੰਘ ਵਿਰਕ ਦੀ ਇਸ ਵਡਿਆਈ ਦੀ ਸਚਾਈ ਨੂੰ ਜਾਨਣ ਸਮਝਣ ਲਈ ਸਾਨੂੰ ਉਸਦੀ ਰਚਨਾ ਵਿਚੋਂ ਪੜਚੋਲਵੀਂ ਨਜ਼ਰ ਨਾਲ ਗੁਜ਼ਰਨਾ ਪਵੇਗਾ। ਅਸੀਂ ਜਾਣਦੇ ਹਾਂ ਕਿ ਵਿਰਕ ਦਾ ਜਨਮ ਜਿ਼ਲ੍ਹਾ ਸ਼ੇਖ਼ੂਪੁਰੇ (ਹੁਣ ਪਾਕਿਸਤਾਨ ਵਿਚ) ਦੇ ਵਿਰਕ ਟੱਪੇ ਦੇ ਛੋਟੇ ਜਿਹੇ ਪਿੰਡ ਫੁਲਰਵਨ ਵਿਚ ਹੋਇਆ। ਉਸਨੇ ਆਪਣੇ ਬਚਪਨ ਤੇ ਚੜ੍ਹਦੀ ਜਵਾਨੀ ਦੇ ਮੁਢਲੇ ਸਾਲਾਂ ਵਿਚ ਪਿੰਡ ਦੀ ਜਿ਼ੰਦਗੀ ਨੂੰ ਆਪਣੇ ਤਨ ਮਨ ‘ਤੇ ਹੰਢਾਇਆ। ਜੀਵਨ ਦੇ ਇਹਨਾਂ ਸਾਲਾਂ ਵਿਚ ਮਨੁੱਖੀ ਮਨ ਬੜਾ ਹੀ ਗ੍ਰਹਿਣਸ਼ੀਲ ਹੁੰਦਾ ਹੈ ਤੇ ਇਸ ਜੀਵਨ ਦੀਆਂ ਯਾਦਾਂ ਤੇ ਪ੍ਰਭਾਵ ਵਿਅਕਤੀ ਦੇ ਮਨ ਉੱਪਰ ਤਾਅ-ਉਮਰ ਖੁਣੇ ਰਹਿੰਦੇ ਹਨ। ਜ਼ਾਹਿਰ ਹੈ; ਵਿਰਕ ਦੀਆਂ ਲਿਖਤਾਂ ਉੱਤੇ ਇਸ ਜੀਵਨ ਦਾ ਬੜਾ ਚਿਰਕਾਲੀ ਤੇ ਗੂੜ੍ਹਾ ਪ੍ਰਭਾਵ ਪਿਆ। ਪੰਜਾਬ ਦੇ ਪਿੰਡ ਦਾ ਜੀਵਨ ਉਸਦੀ ਰਚਨਾ ਦਾ ਨਿਰਾਧਰਕ ਤੱਤ ਰਿਹਾ ਹੈ। ‘ਫੁਲਰਵਨ’ ਪੰਜਾਬ ਦਾ ਪ੍ਰਤੀਨਧ ਪਿੰਡ ਬਣਕੇ ਉਹਦੀ ਆਤਮਾ ਵਿਚ ਵੱਸ ਗਿਆ। ਉਹ ਖੁਦ ਮੰਨਦਾ ਹੈ ਕਿ ‘ਮੇਰੀ ਸੋਚ ਅਤੇ ਚੇਤਾ, ਜਿਹੜਾ ਮੇਰੀ ਲੇਖਣੀ ਦਾ ਆਧਾਰ ਹਨ; ਬਹੁਤਾ ਆਪਣੇ ਪਿੰਡ ਵਿਚੋਂ ਆਇਆ।’2
ਵਿਰਕ ਟੱਪੇ ਦੇ ਪਿੰਡਾਂ ਦੇ ਜੀਵਨ ਦਾ ਪ੍ਰਮਾਣਿਕ ਅਨੁਭਵ ਉਹਦੀ ਰਚਨਾ ਦੀ ਜਿੰਦ ਜਾਨ ਬਣਿਆਂ। ਇਸੇ ਕਰਕੇ ਉਹਦੀਆਂ ਪਹਿਲੇ ਦੌਰ ਦੀ ਕਹਾਣੀਆਂ ਵਿਚ ਵਿਸ਼ੇਸ਼ ਕਰਕੇ ਤੇ ਪਿਛਲੇ ਦੌਰ ਦੀਆਂ ਕਹਾਣੀ ਵਿਚ ਆਮ ਕਰਕੇ, ਸਾਨੂੰ ਪੰਜਾਬ ਦਾ ਪਿੰਡ ਆਪਣੀ ਸਾਰੀ ਵਿਭਿੰਨਤਾ ਤੇ ਰੰਗ-ਬ-ਰੰਗਤਾ ਵਿਚ ਬੋਲਦਾ ਸੁਣਾਈ ਦਿੰਦਾ ਹੈ ਤੇ ਜਿਊਂਦਾ ਵਿਚਰਦਾ ਵਿਖਾਈ ਦਿੰਦਾ ਹੈ। ਵਿਰਕ ਆਖਦਾ ਹੈ, “ਪਿੰਡ ਵਿਚ ਪਲਣ ਦਾ ਮੇਰੇ ਲਿਖਣ ਢੰਗ ਉੱਤੇ ਵੀ ਬੜਾ ਅਸਰ ਪਿਆ। ਦੇਸ਼ ਦੀ ਵੰਡ ਨਾਲ ਪੁਰਾਣਾ ਪਿੰਡ ਖ਼ਤਮ ਹੋ ਗਿਆ। ਪਰ ਇਸਤੋਂ ਦਸ ਪੰਦਰਾਂ ਸਾਲ ਪਿੱਛੋਂ ਵੀ ਮੈਂ ਆਪਣੀਆਂ ਕਹਾਣੀਆਂ ਦਾ ਆਧਾਰ ਓਸੇ ਥਾਂ ਨੂੰ ਹੀ ਬਣਾਈ ਰੱਖਿਆ। ਜੇ ਮੈਨੂੰ ਸ਼ਹਿਰੀ ਜੀਵਨ ਵਿਚੋਂ ਵੀ ਕੋਈ ਖਿ਼ਆਲ ਲੱਭਦਾ ਤਾਂ ਜੇ ਸੰਭਵ ਹੁੰਦਾ, ਮੈਂ ਉਸਨੂੰ ਚੁੱਕ ਕੇ ਪਿੰਡ ਹੀ ਲੈ ਜਾਂਦਾ ਅਤੇ ਇਸਤਰ੍ਹਾਂ ਲਿਖਦਾ, ਜਿਵੇਂ ਇਹ ਗੱਲ ਪਿੰਡ ਵਿਚ ਹੀ ਹੋਈ ਹੁੰਦੀ ਹੈ। ਮੇਰਾ ਖਿ਼ਆਲ ਸੀ, ਇਹ ਕਹਾਣੀ ਇਸਤਰ੍ਹਾਂ ਚੰਗੀ ਬਣ ਜਾਏਗੀ ਕਿਉਂਕਿ ਪਿੰਡ ਦੇ ਜੀਵਨ ਅਤੇ ਬੋਲੀ ਨੂੰ ਵਧੇਰੇ ਚੰਗੀ ਤਰ੍ਹਾਂ ਜਾਣਦਾ ਸਾਂ।’3
ਕੁਲਵੰਤ ਸਿੰਘ ਵਿਰਕ ਦਾ ਰਚਨਾ-ਕਾਲ ਦੇਸ਼ ਦੀ ਵੰਡ ਦੇ ਸਾਲਾਂ ਦੇ ਉਰਾਰ-ਪਾਰ ਫੈਲਿਆ ਹੋਇਆ ਹੈ। ਉਹਦਾ ਅਨੁਭਵ ਵੀ ਬਹੁਪਰਤੀ ਤੇ ਬਹੁ-ਪਾਸਾਰੀ ਹੈ। ਪਿੰਡ, ਸ਼ਹਿਰ, ਫੌਜ ਅਤੇ ਹੋਰ ਕਈ ਖੇਤਰਾਂ ਦਾ ਉਸਨੂੰ ਨਿੱਜੀ ਅਨੁਭਵ ਹੈ। ਇਸ ਬਹੁਮੁਖੀ ਅਨੁਭਵ ਦੀ ਬਦੌਲਤ ਉਹਦੀ ਰਚਨਾ-ਵਸਤੂ ਦੀ ਚੋਣ ਵਿਚ ਵੀ ਵਿਭਿੰਨਤਾ ਤੇ ਬਹੁਰੰਗਤਾ ਹੈ। ਸੰਤ ਸਿੰਘ ਸੇਖੋਂ ਅਨੁਸਾਰ, ‘ਪਿੰਡਾਂ ਦੇ ਉਨ੍ਹਾਂ ਮੁੰਡਿਆਂ ਨੂੰ ਜਿਹੜੇ ਕਾਲਜਾਂ ਵਿਚ ਪੜ੍ਹ ਕੇ ਸ਼ਹਿਰਾਂ ਦੇ ਜੀਵਨ ਵਿਚ ਆ ਪ੍ਰਵੇਸ਼ ਕਰਦੇ ਹਨ, ਜੀਵਨ ਦਾ ਦੋਹਰਾ ਤਜਰਬਾ ਹੋ ਜਾਂਦਾ ਹੈ; ਇਸ ਲਈ ਉਨ੍ਹਾਂ ਦੇ ਅਨੁਭਵ ਕੁਝ ਵਧੇਰੇ ਹੀ ਵਿਸ਼ਾਲ ਅਤੇ ਡੂੰਘੇ ਹੁੰਦੇ ਹਨ। ਇਹ ਹੀ ਕਾਰਨ ਹੈ ਕਿ ਵਧੇਰੇ ਕਰਕੇ ਸਾਹਿਤ ਵਿਚ ਗ਼ਰੀਬ ਘਰਾਂ, ਮਜ਼ਦੂਰਾਂ ਅਤੇ ਕਿਸਾਨ ਸ਼੍ਰੇਣੀਆਂ ਦੇ ਜੰਮ ਪਲ ਹੀ ਉਤਮ ਕਿਰਤ ਦੇ ਮਾਲਕ ਬਣਦੇ ਹਨ। ਸਮੁੱਚੇ ਤੌਰ ‘ਤੇ ਇਹ ਕਹਿਣਾ ਪੈਂਦਾ ਹੈ ਕਿ ਅਸਲੀ ਬਹੁਗਿਣਤੀ ਜੀਵਨ ਦੇ ਪ੍ਰਤੀਨਿਧ ਉਹ ਹੀ ਹੁੰਦੇ ਹਨ, ਤੇ ਉਸ ਥੋੜ੍ਹੀ ਜਿਹੀ ਖ਼ੁਸ਼ਹਾਲ ਗਿਣਤੀ ਦਾ ਵੀ ਜੋ ਸ਼ਹਿਰਾਂ ਵਿਚ ਰਹਿੰਦੀ ਹੈ, ਅਜਿਹੇ ਲੇਖਕਾਂ ਨੂੰ ਨੇੜ ਦਾ ਅਨੁਭਵ ਹੁੰਦਾ ਹੈ।’4
ਸੰਤ ਸਿੰਘ ਸੇਖੋਂ ਦੀ ਇਹ ਟਿੱਪਣੀ ਕੁਲਵੰਤ ਸਿੰਘ ਵਿਰਕ ਦੇ ਹਵਾਲੇ ਨਾਲ ਕੀਤੀ ਗਈ ਹੈ। ਭਾਵੇਂ ਬਹੁਤੀ ਰਚਨਾ ਉਸਨੇ ਦੇਸ਼ ਵੰਡ ਤੋਂ ਬਾਅਦ ਕੀਤੀ ਅਤੇ ਉਸ ਵਿਚ ਸ਼ਹਿਰੀ ਜੀਵਨ ਨਾਲ ਸੰਬੰਧਤ ਰਚਨਾ ਵੀ ਵੱਡੀ ਮਾਤਰਾ ਵਿਚ ਹੈ ਤਦ ਵੀ ਉਸਦੀ ਰਚਨਾ ਦਾ ਮੂਲ ਪ੍ਰੇਰਕ ਕਈ ਸਾਲਾਂ ਤੱਕ ਪੰਜਾਬ ਦਾ ਪਿੰਡ ਹੀ ਰਿਹਾ। ਉਹ ਆਪਣੀ ਕਹਾਣੀ ਦੀ ਵਸਤੂ ਦੀ ਚੋਣ ਕਰਦਿਆਂ ਵਾਰ ਵਾਰ ਆਪਣੇ ਪਿੰਡ ਵੱਲ ਪਰਤਦਾ ਹੈ। ਉਸਦਾ ਪਿੰਡ ਫੁਲਰਵਨ ਵੰਡ ਤੋਂ ਪਹਿਲਾਂ ਲਾਹੌਰ ਡਿਵੀਜ਼ਨ ਦੇ ਓਸ ਖਿੱਤੇ ਵਿਚ ਪੈਂਦਾ ਸੀ, ਜਿਸਨੂੰ ਸਾਂਦਲ ਬਾਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਬਾਰ ਦੇ ਇਸ ਇਲਾਕੇ ਦੇ ਇੱਕ ਹਿੱਸੇ ਵਿਚ ‘ਵਿਰਕ’ ਗੋਤ ਦੇ ਲੋਕਾਂ ਦੀ ਜੁੜਵੀਂ ਵਸੋਂ ਸੀ। ਵਿਰਕਾਂ ਦੀ ਜੁੜਵੀਂ ਵਸੋਂ ਵਾਲੇ ਇਸ ਖਿੱਤੇ ਨੂੰ ਹੀ ‘ਵਿਰਕ ਟੱਪਾ’ ਕਿਹਾ ਜਾਂਦਾ ਸੀ। । ‘ਸ਼ੇਖ਼ੂਪੁਰਾ ਤੇ ਗੁਜਰਾਂਵਾਲਾ ਜਿ਼ਲ੍ਹਿਆਂ ਵਿਚ ਡੇਢ ਕੁ ਸੌ ਪਿੰਡਾਂ ਦੇ ਲੋਕ, ਜਿਨ੍ਹਾਂ ਨੇ ਦੋ ਤਿੰਨ ਸੌ ਮੁਰੱਬਾ ਮੀਲ ਦਾ ਰਕਬਾ ਮੱਲਿਆ ਹੋਇਆ ਸੀ, ਇੱਕੋ ਵਡਿੱਕੇ ਵਿਰਕ ਦੀ ਔਲਾਦ ਅਖਵਾਂਦੇ ਸਨ ਤੇ ਇਕ ਦੂਜੇ ਦੇ ਸਕੇ ਸਨ।’5
‘ਵਿਰਕ ਟੱਪੇ’ ਦਾ ਜੰਮ-ਪਲ਼ ਹੋਣ ਕਰਕੇ ਇਸ ਟੱਪੇ ਦੇ ‘ਸਕਿਆਂ-ਸੋਦਰਿਆਂ’ ਦਾ ਜੀਵਨ, ਆਪਣੀਆਂ ਵਿਸ਼ੇਸ਼ਤਾਵਾਂ, ਵਿਸੰਗਤੀਆਂ, ਜੀਵਨ-ਮੁੱਲਾਂ, ਜੀਵਨ-ਵਿਹਾਰਾਂ ਸਮੇਤ ਕਈ ਰੰਗਾਂ ਵਿਚ ਵਿਰਕ ਦੀਆਂ ਕਹਾਣੀਆਂ ਵਿਚ ਪੇਸ਼ ਹੋਇਆ ਹੈ। ਵਿਰਕ ਦਾ ਪਿੰਡ ਤਾਂ ਅਸਲ ਵਿਚ ਉਹ ਨਾਭੀ ਹੈ, ਜਿਸ ਰਾਹੀਂ ਪੂਰੇ ਪੰਜਾਬ ਦਾ ਤਤਕਾਲੀ ਪਿੰਡ ਸਾਡੀਆਂ ਨਜ਼ਰਾਂ ਸਾਹਵੇਂ ਸਾਮਰਤੱਖ ਆਣ ਖਲੋਂਦਾ ਹੈ। ਅਸਲ ਵਿਚ ‘ਵਿਰਕ ਦੀ ਕਹਾਣੀ ਦਾ ਸਭ ਤੋਂ ਉੱਘੜਵਾਂ ਤੇ ਮਹੱਤਵਪੂਰਨ ਪਹਿਲੂ ਵਿਰਕ ਟੱਪੇ ਦੇ ਮਾਧਿਅਮ ਰਾਹੀਂ ਪੰਜਾਬ ਦੇ ਪਿੰਡਾਂ ਦਾ ਇਕ ਭਰਵਾਂ ਤੇ ਕਲਾਤਮਕ ਚਿਤਰ ਪੇਸ਼ ਕਰਨਾ ਹੈ। ਪੇਂਡੂ ਲੋਕਾਂ ਦੀ ਮਾਨਸਿਕਤਾ ਦੀ ਡੂੰਘੀ ਸਮਝ ਤੇ ਸੂਖ਼ਮ ਛੋਹਾਂ ਨਾਲ ਉਸਦੀ ਪੇਸ਼ਕਾਰੀ ਬੇਮਿਸਾਲ ਹੈ।’6
ਇਹ ਉਹ ਸਮਾਂ ਸੀ ਜਦੋਂ ਅਜੇ ਸ਼ਹਿਰੀ ਜੀਵਨ ਦੇ ਵਿਕਾਸ ਦੀ ਰਫ਼ਤਾਰ ਬੜੀ ਧੀਮੀ ਸੀ। ਉਦੋਂ ਪੰਜਾਬ ਦਾ ਦਿਲ ਮੂਲ ਰੂਪ ਵਿਚ ਪੰਜਾਬ ਦੇ ਪਿੰਡਾਂ ਵਿਚ ਹੀ ਧੜਕਦਾ ਸੀ। ਇਹੋ ਕਾਰਨ ਹੈ ਕਿ ਵਿਰਕ ਦੇ ਹੋਰ ਸਮਕਾਲੀ ਵੀ ਉਸ ਸਮੇਂ ਆਪਣੀਆਂ ਕਹਾਣੀਆਂ ਵਿਚ, ਕਿਸੇ ਨਾ ਕਿਸੇ ਰੂਪ ਵਿਚ, ਪੰਜਾਬ ਦੇ ਪਿੰਡਾਂ ਦੇ ਜੀਵਨ ਨੂੰ ਹੀ ਪੇਸ਼ ਕਰ ਰਹੇ ਸਨ। ਪਹਿਲੇ ਦੌਰ ਦੇ ਮੋਢੀ ਕਥਾਕਾਰਾਂ; ਗੁਰਮੁਖ ਸਿੰਘ ਮੁਸਾਫਿ਼ਰ, ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ ਤੋਂ ਲੈ ਕੇ; ਵਿਰਕ ਦੇ ਹੋਰ ਸਮਕਾਲੀ ਕਥਾਕਾਰਾਂ; ਹਰੀ ਸਿੰਘ ਦਿਲਬਰ, ਸੰਤੋਖ ਸਿੰਘ ਧੀਰ, ਨਵਤੇਜ ਸਿੰਘ, ਨੌਰੰਗ ਸਿੰਘ, ਬੂਟਾ ਸਿੰਘ, ਮਹਿੰਦਰ ਸਿੰਘ ਸਰਨਾ ਆਦਿ ਦੀਆਂ ਕਹਾਣੀਆਂ ਵਿਚ ਪੇਂਡੂ ਪਾਤਰ, ਪੇਂਡੂ ਜੀਵਨ-ਦ੍ਰਿਸ਼ ਅਤੇ ਪਿੰਡ ਨਾਲ ਸੰਬੰਧਤ ਸਥਿਤੀਆਂ ਦਾ ਸਹਿਜ ਝਲਕਾਰਾ ਮਿਲ ਜਾਂਦਾ ਹੈ। ਪਰ ਵਿਰਕ ਦੀ ਕਹਾਣੀ ਵਿਚ ਨਿੱਕੀ ਪੰਜਾਬੀ ਕਹਾਣੀ ਇਕ ਨਿਸਚਿਤ, ਸੰਤੁਲਤ ਤੇ ਪੰਜਾਬੀ ਨਿੱਜਤਵ ਦੇ ਅਨੁਕੂਲ ਸ਼ੈਲੀ ਨੂੰ ਪ੍ਰਾਪਤ ਹੁੰਦੀ ਹੈ। ਉਸਦੇ ਪੇਸ਼ ਕੀਤੇ ਅਨੁਭਵ ਦਾ ਸਰੂਪ ਤੇ ਪ੍ਰਗਟਾ ਨਿਰੋਲ ਪੰਜਾਬੀ ਹੈ, ਸੁਭਾਅ ਆਧੁਨਿਕ ਤੇ ਵਿਗਿਆਨਕ ਅਤੇ ਉਸਦੀ ਪ੍ਰੇਰਨਾ ਵਿਆਪਕ ਤੇ ਸਦੀਵੀ ਹੈ’7
ਕੁਲਵੰਤ ਸਿੰਘ ਵਿਰਕ ਦੀ ਵਿਸ਼ੇਸ਼ਤਾ ਇਹ ਹੈ ਕਿ ਉਹਦੀਆਂ ਕਹਾਣੀਆਂ ਵਿਚ ਪੰਜਾਬ ਦਾ ਤਤਕਾਲੀ ਪਿੰਡ ਬਹੁਤ ਹੱਦ ਤੱਕ ਸਮੁੱਚਤਾ ਵਿਚ ਪੇਸ਼ ਹੋਇਆ ਹੈ। ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਨੂੰ ਜੇ ਜਾਨਣਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਿਰਕ ਦੀਆਂ ਕਹਾਣੀਆਂ ਦਾ ਪਾਠ ਕਰਨਾ ਲੋੜੀਂਦਾ ਹੈ। ਸੱਚੀ ਗੱਲ ਤਾਂ ਇਹ ਹੈ ਕਿ ‘ਵਿਰਕ ਨੇ ਪਿੰਡ ਦੇ ਜੀਵਨ ਬਾਰੇ ਲਿਖਣ ਵਾਲੇ ਹੋਰ ਕਹਾਣੀਕਾਰਾਂ ਵਿਚ ਆਪਣਾ ਨਿਵੇਕਲਾ ਸਥਾਨ ਹੀ ਨਹੀਂ ਬਣਾਇਆ, ਸਗੋਂ ਉਹਦੀਆਂ ਪਿੰਡ ਦੇ ਜੀਵਨ ਬਾਰੇ ਲਿਖੀਆਂ ਕਹਾਣੀਆਂ ਨੂੰ ਉਹਦੀਆਂ ਸਮੁੱਚੀਆਂ ਕਹਾਣੀਆਂ ਵਿਚ ਰੱਖ ਕੇ ਵੇਖੀਏ ਤਾਂ ਸਾਫ਼ ਦਿਸਦਾ ਹੈ ਕਿ ਪਿੰਡ ਦੇ ਜੀਵਨ ਨਾਲ ਸੰਬੰਧਤ ਉਸਦੀਆਂ ਕਹਾਣੀਆਂ ਦਾ ਕੱਦ ਸ਼ਹਿਰੀ ਜੀਵਨ ਨਾਲ ਸੰਬੰਧਤ ਕਹਾਣੀਆਂ ਨਾਲੋਂ ਉੱਚਾ ਹੈ।’8
ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਜਿਹੜਾ ਪਿੰਡ ਨਜ਼ਰ ਆਉਂਦਾ ਹੈ, ਉਹ ਜਾਂ ਤਾਂ ਉਸਨੇ ਆਪਣੇ ਅਨੁਭਵ ਰਾਹੀਂ ਕਸੀ਼ਦਿਆ ਹੋਇਆ ਹੈ ਜਾਂ ਆਪਣੇ ਪੁਰਖਿ਼ਆਂ ਦੇ ਅਨੁਭਵ ਨੂੰ ਆਪਣੀ ਆਤਮਾ ਵਿਚ ਰਚਾ ਵਸਾ ਕੇ ਸਿਰਜਿਆ ਗਿਆ ਹੈ। ਉਸਦੇ ਅਤੇ ਉਸਦੇ ਪੁਰਖਿ਼ਆਂ ਦੇ ਅਨੁਭਵ ਵਾਲਾ ਇਹ ਦੌਰ ਉਸ ਇਤਿਹਾਸਕ ਦੌਰ ਦੀ ਗਵਾਹੀ ਭਰਦਾ ਹੈ ਜਦੋਂ ਅੰਗਰੇਜ਼ਾਂ ਨੇ ਪੰਜਾਬ ਵਿਚ ਰੇਲਾਂ, ਨਹਿਰਾਂ, ਤੇ ਸੜਕਾਂ ਦੀ ਉਸਾਰੀ ਦੇ ਨਾਲ ਨਾਲ ਨਵਾਂ ਵਿਦਿਅਕ ਪ੍ਰਬੰਧ ਵੀ ਚਾਲੂ ਕਰ ਦਿੱਤਾ ਸੀ। ਜੰਗਲਾਂ ਨੂੰ ਪੁੱਟ ਸਵਾਰ ਕੇ ਖੇਤੀ-ਬਾੜੀ ਲਈ ਨਵੀਆਂ ਜ਼ਮੀਨਾਂ ਬਣਾਈਆਂ ਜਾ ਰਹੀਆਂ ਸਨ। ਨਵੀਆਂ ‘ਬਾਰਾਂ’ ਵੱਸ ਰਹੀਆਂ ਸਨ ਅਤੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਆਉਣ ਤੇ ਇਹਨਾਂ ਜ਼ਮੀਨਾਂ ਨੂੰ ਆਬਾਦ ਕਰਨ। ਜੰਗਲਾਂ ਵਿਚ ਰਹਿੰਦੇ ਮੂਲ ਬਾਸਿ਼ਦਿਆਂ ਨੂੰ, ਜਿਨ੍ਹਾਂ ਨੂੰ ‘ਜਾਂਗਲੀ’ ਕਿਹਾ ਜਾਂਦਾ ਸੀ, ਇਸ ਤਰੱਕੀ ਦਾ ਮੁੱਲ ਤਾਰਨਾ ਪਿਆ। ਉਹਨਾਂ ਦੀਆਂ ਚਰਾਂਦਾ ਤੇ ਇਲਾਕੇ ਖੁੱਸ ਗਏ। ਜੰਗਲ ਪੁੱਟ ਕੇ ਆਬਾਦ ਕੀਤੀ ਉਪਜਾਊ ਜ਼ਮੀਨ ਵਿਚ ਨਵੇਂ ਆਬਾਦਕਾਰਾਂ ਨੇ ਨਵੇਂ ਪਿੰਡ ਵਸਾਉਣੇ ਸ਼ੁਰੂ ਕੀਤੇ। ਉਹਨਾਂ ਨੂੰ ਪਸ਼ੂ-ਪਾਲਕ ਜਾਂਗਲੀਆਂ ਦੇ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੌਲੀ ਹੌਲੀ ਉਹਨਾਂ ਨੇ ਆਪਣੇ ਪੈਰ ਪੱਕੇ ਕਰ ਲਏ। ਆਪਣੇ ਬੱਚਿਆਂ ਦੀ ਪੜ੍ਹਾਈ ਲਈ ਨਵੇਂ ਸਕੂਲ-ਕਾਲਜ ਖੋਲ੍ਹਣੇ ਸ਼ੁਰੂ ਕੀਤੇ। ਫੌਜ ਅਤੇ ਹੋਰ ਖੇਤਰਾਂ ਵਿਚ ਉਹਨਾਂ ਦੀ ਪੜ੍ਹੀ-ਲਿਖੀ ਔਲਾਦ ਕੰਮ ਕਰਨ ਲੱਗੀ। ਇਹ ਪੜ੍ਹੇ ਲਿਖੇ ਲੋਕ ਜਦੋਂ ਪਿੰਡ ਪਰਤਦੇ ਤਾਂ ਆਪਣੇ ਨਾਲ ਨਵੇਂ ਬਦਲ ਰਹੇ ਜੀਵਨ ਦੀਆਂ ਰੌਆਂ ਲੈ ਕੇ ਵੀ ਪਰਤਦੇ। ਇੰਜ ਸਦੀਆਂ ਤੋਂ ਠਹਿਰੇ ਹੋਏ ਪਿੰਡ ਦੇ ਜੀਵਨ ਵਿਚ ਨਵੀਂ ਹਿਲਜੁਲ ਪੈਦਾ ਹੋਣ ਲੱਗੀ। ਇਹਨਾਂ ਨਵੀਆਂ ਸੋਚਾਂ ਤੇ ਨਵੀਆਂ ਤਬਦੀਲੀਆਂ ਦੇ ਬਾਵਜੂਦ ਅਜੇ ਵੀ ਮੂਲ ਰੂਪ ਵਿਚ ਪੰਜਾਬ ਦਾ ਪਿੰਡ ਜਗੀਰੂ ਸੋਚ ਦੀ ਪ੍ਰਤੀਨਿਧਤਾ ਹੀ ਕਰਦਾ ਸੀ। ਸਗੋਂ ਹਕੀਕਤ ਤਾਂ ਇਹ ਹੈ ਕਿ ਜਾਂਗਲੀ ਲੋਕ ਤਾਂ ਜਗੀਰੂ ਯੁਗ ਤੋਂ ਵੀ ਪਹਿਲਾਂ ਵਾਲੇ ਪਸ਼ੂ-ਪਾਲਕ ਕਬੀਲਾਈ ਸਮਾਜ ਦੀ ਪ੍ਰਤੀਨਿਧਤਾ ਕਰਦੇ ਸਨ। ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਵਿਚ ਪੰਜਾਬ ਦਾ ਇਹੋ ਪਿੰਡ ਹੀ ਦ੍ਰਿਸ਼ਟੀਗੋਚਰ ਹੁੰਦਾ ਹੈ। ਇਸ ਵਿਚ ਜਗੀਰੂ ਜੀਵਨ ਦੇ ਕਿਰਸਾਣੀ ਸਮਾਜ ਤੇ ਜੀਵਨ-ਮੁੱਲਾਂ ਦੀਆਂ ਜੀਵੰਤ ਝਾਕੀਆਂ ਵੀ ਹਨ ਤੇ ਨਾਲ ਦੇ ਨਾਲ ਨਵੀਂ ਜੀਵਨ-ਸ਼ੈਲੀ, ਜੀਵਨ-ਵਿਹਾਰ ਤੇ ਪਨਪ ਰਹੀਆਂ ਨਵੀਆਂ ਕੀਮਤਾਂ ਦਾ ਸਜਿੰਦ ਵਰਨਣ ਵੀ ਹੈ। ਪੁਰਾਣੀਆਂ ਜਗੀਰੂ ਕੀਮਤਾਂ ਤੇ ਅਤੇ ਨਵੀਆਂ ਉਦੈ ਹੋ ਰਹੀਆਂ ਪੂੰਜੀਵਾਦੀ ਕਦਰਾਂ-ਕੀਮਤਾਂ ਵਿਚ ਭੇੜ ਅਤੇ ਤਣਾਓ ਵੀ ਹੈ।
ਉਸ ਦੌਰ ਦੀ ਇਕ ਵਿਸ਼ੇਸ਼ਤਾ ਇਹ ਸੀ ਕਿ ਕਿਰਸਾਨੀ ਸਮਾਜ ਭਾਵੇਂ ਵੰਡਿਆ ਤਾਂ ਜਾਤਾਂ, ਜਮਾਤਾਂ ਵਿਚ ਸੀ ਪਰ ਇਹਨਾਂ ਵੰਡੀਆਂ ਦੇ ਬਾਵਜੂਦ ਪਿੰਡਾਂ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਸੀ। ਆਪਸੀ ਭਾਈਚਾਰਾ ਬੜਾ ਸੰਗਠਿਤ ਸੀ। ਪਿੱਛੋਂ ਹੌਲੀ ਹੌਲੀ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਇਸ ਸਾਂਝ ਵਿਚ ਫ਼ਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਨਿੱਜਮੁੱਖਤਾ ਦੇ ਰੁਝਾਨ ਵਿਚ ਵਾਧਾ ਹੋ ਜਾਣ ਕਾਰਨ ਪਹਿਲੀਆਂ ਪੀਚਵੀਆਂ ਭਾਈਚਾਰਕ ਸਾਂਝਾਂ ਤਿੜਕਣ ਟੁੱਟਣ ਵੀ ਲੱਗ ਪਈਆਂ ਸਨ। ਕੁਲਵੰਤ ਸਿੰਘ ਵਿਰਕ ਦੀ ਬਰੀਕ ਨਜ਼ਰ ਕਿਰਸਾਣੀ ਸਮਾਜ ਵਿਚ ਵਾਪਰ ਰਹੇ ਇਸ ਪਰਿਵਰਤਨ ਨੂੰ ਤਾੜ ਗਈ ਸੀ। ਵਿਰਕ ਦੀਆਂ ਕਹਾਣੀਆਂ ਵਿਚ ਜਿੱਥੇ ਪੁਰਾਤਨ ਸੰਗਠਿਤ ਭਾਈਚਾਰੇ ਦਾ ਗਲਪ-ਬਿੰਬ ਬੜੀ ਕੁਸ਼ਲਤਾ ਨਾਲ ਉਸਾਰਿਆ ਗਿਆ ਹੈ ਓਥੇ ਉਸਨੇ ਨਵੇਂ ਜ਼ਮਾਨੇ ਦੀਆਂ ਨਵੀਆਂ ਰੌਆਂ ਨੂੰ ਵੀ ਕਲਾਤਮਕ ਜ਼ਬਾਨ ਦਿੱਤੀ ਹੈ। ਉਸਦੀਆਂ ਕਹਾਣੀਆਂ; ‘ਉਜਾੜ’, ‘ਤੂੜੀ ਦੀ ਪੰਡ’, ‘ਉਲਾਮ੍ਹਾਂ’ ਤੇ ‘ਮੁਕਤਸਰ’ ਆਦਿ ਵਿਚ ਸਾਨੂੰ ਜਿੱਥੇ ਸੰਗਠਿਤ ਭਾਈਚਾਰੇ ਤੇ ਆਪਸੀ ਭਰੱਪੀ ਸਾਂਝ ਦੇ ਪ੍ਰਮਾਣਿਕ ਹਵਾਲੇ ਮਿਲਦੇ ਹਨ ਓਥੇ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਟੁੱਟ-ਤਿੜਕ ਰਹੇ ਭਾਈਚਾਰੇ ਦਾ ਦ੍ਰਿਸ਼ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ। ਸੰਤ ਸਿੰਘ ਸੇਖੋਂ ਮੁਤਾਬਕ, ‘ਪਿੰਡਾਂ ਦੀ ਜਿ਼ੰਦਗੀ ਦੀ ਨਰੋਈ ਖੁੱਲ੍ਹ ਤੋਂ ਉਪਰੰਤ ਬਦਲ ਰਹੇ ਸਮਿਆਂ ਦੀ ਚਾਲ ਦੀ ਤਸਵੀਰ ਇਨ੍ਹਾਂ ਕਹਾਣੀਆਂ ਵਿਚ ਇਸਤਰ੍ਹਾਂ ਲਿਖੀ ਗਈ ਹੈ ਕਿ ਇਹ ਖਲੋਤੀਆਂ ਨਹੀਂ, ਚੱਲਦੀਆਂ ਫਿ਼ਲਮਾਂ ਜਾਪਦੀਆਂ ਹਨ।’9
‘ਉਜਾੜ’10 ਦਾ ਆਲਾ ਸਿੰਘ, ‘ਤੂੜੀ ਦੀ ਪੰਡ’11 ਦਾ ਬਹਾਦਰ ਸਿੰਘ ਅਤੇ ‘ਉਲ੍ਹਾਮਾਂ’12 ਦਾ ਬਲਕਾਰ ਸਿੰਘ ਪੁਰਾਣੇ ਕਿਰਸਾਣੀ ਸਮਾਜ ਦੇ ਸੰਗਠਿਤ ਭਾਈਚਾਰੇ ਦੀਆਂ ਖ਼ੂਬੀਆਂ ਨੂੰ ਪੇਸ਼ ਕਰਨ ਵਾਲੇ ਪ੍ਰਤੀਨਿਧ ਕਿਰਦਾਰ ਹੈ। ਉਹਨਾਂ ਵਾਸਤੇ ਉਹਨਾਂ ਦਾ ਆਪਣਾ ਪਿੰਡ, ਆਪਣਾ ਭਾਈਚਾਰਾ, ਆਪਣੀ ਬਰਾਦਰੀ ਦੀਆਂ ਕੀਮਤਾਂ ਦੀ ਰਖ਼ਵਾਲੀ ਅਤੇ ਆਪਣੀ ਸਰਦਾਰੀ ਹਉਂ ਪਰਮੁੱਖ ਮਹੱਤਵ ਰੱਖਦੇ ਹਨ। ਸਾਰਾ ਪਿੰਡ ਤੇ ਭਾਈਚਾਰਾ ਉਹਨਾਂ ਦਾ ‘ਆਪਣਾ’ ਹੈ। ਇਸ ਪਿੰਡ ਤੇ ਭਾਈਚਾਰੇ ‘ਤੇ ਉਹਨਾਂ ਦਾ ਸਭ ਤੋਂ ਵੱਧ ਅਧਿਕਾਰ ਹੈ। ਇਸ ਪਿੰਡ ‘ਤੇ ਬਰਾਦਰੀ ‘ਤੇ ਉਹਨਾਂ ਨੂੰ ਸਭ ਤੋਂ ਵੱਧ ਮਾਣ ਹੈ। ਇਸਦੀ ਹੇਠੀ ਜਾਂ ਮਾਣ ਉਹਨਾਂ ਦੇ ਨਿਰੋਲ ਆਪਣੇ ਹਨ। ਇਸਦੇ ਸਾਰੇ ਜੀਅ ਉਹਨਾਂ ਦੇ ਆਪਣੇ ‘ਪਰਿਵਾਰ’ ਦੇ ਜੀਅ ਹਨ। ਉਹ ਖ਼ੁਦ ਬਰਾਦਰੀ ਦਾ ਮਾਣ ਹਨ ਤੇ ਬਰਾਦਰੀ ਉਹਨਾਂ ਦੀਆਂ ਬਾਹਵਾਂ ਹੈ। ਉਹਨਾਂ ਦੀ ਤਾਕਤ ਹੈ। ਇਸੇ ਭਾਈਚਾਰਕ ਮਾਣ ਦੇ ਸਹਾਰੇ ਉਹ ਸਿਰ ਉੱਚਾ ਚੁੱਕ ਕੇ ਤੁਰਦੇ ਹਨ; ਦੂਜੀਆਂ ਜਾਤਾਂ, ਸ਼ੇਣੀਆਂ ਜਾਂ ਵਿਅਕਤੀਆਂ ਨਾਲ ਭਿੜਦੇ, ਤੁਲਦੇ ਹਨ। ਅਗਲੀ ਧਿਰ ਭਾਵੇਂ ਉਹਨਾਂ ਤੋਂ ਪੈਸੇ ਵਿਚ ਤਕੜੀ ਹੋਵੇ ਭਾਵੇਂ ਰੁਤਬੇ ਵਿਚ, ਇਸਦੀ ਉਹਨਾਂ ਨੂੰ ਪਰਵਾਹ ਨਹੀਂ। ਜਦੋਂ ਉਹ ਕਿਸੇ ਦੂਜੇ ਭਾਈਚਾਰੇ ਜਾਂ ਧਿਰ ਦੇ ਬੰਦੇ ਨਾਲ ਆਪਣੀ ਤੁਲਨਾ ਕਰ ਰਹੇ ਹੁੰਦੇ ਤਾਂ ਉਹ ਕਦੀ ਆਪਣੇ ਆਪ ਨੂੰ ਇਕੱਲਾ ਨਾ ਸਮਝਦੇ। ਉਹਨਾਂ ਨੂੰ ਉਸ ਵੇਲੇ ਲੱਗਦਾ ਕਿ ਉਹਨਾਂ ਦਾ ਭਾਈਚਾਰਾ ਇੱਕਮੁਠ ਹੋ ਕੇ ਉਹਨਾਂ ਦੀ ਪਿੱਠ ਪਿੱਛੇ ਖਲੋਤਾ ਹੈ। ਉਹਨਾਂ ਦੇ ਪਿੱਛੇ ਆਪਣੇ ਭਾਈਚਾਰੇ ਦੇ ਪਿੰਡਾਂ ਦੇ ਪਿੰਡ ਧਿਰ ਬਣ ਕੇ ਦੀਵਾਰ ਵਾਂਗ ਖੜੇ ਹਨ। ਛੋਟੇ ਹੋਣਾ ਜਾਂ ਛੋਟੇ ਦਿਸਣਾ ਉਹਨਾਂ ਨੂੰ ਕਿਵੇਂ ਵੀ ਪ੍ਰਵਾਨ ਨਹੀਂ।
‘ਉਜਾੜ’ ਦੇ ਆਲਾ ਸਿੰਘ ਨੂੰ ਪਤਾ ਹੈ ਕਿ ਨੇੜਲੇ ਪਿੰਡ ਦਾ ਮੁਸਲਮਾਨ ਚੌਧਰੀ ਜ਼ਮੀਨ-ਜਾਇਦਾਦ ਵਿਚ ਉਸ ਨਾਲੋਂ ਸਮਰਿੱਧ ਹੈ ਪਰ ਚੌਧਰੀ ਦਾ ਨੌਕਰ ਆਲਾ ਸਿੰਘ ਵੱਲੋਂ ਪਿੰਡ ਵਿਚ ਬਣਵਾਏੇ ਡਾਕਖ਼ਾਨੇ ਤੋਂ ਜਦੋਂ ਅਖ਼ਬਾਰ ਲੈਣ ਆਉਂਦਾ ਹੈ ਤਾਂ ਆਲਾ ਸਿੰਘ ਉਹਦੇ ਨੌਕਰ ਨੂੰ ਇਹ ਜਤਾ ਕੇ ਕਿ ਚੌਧਰੀ ਹੁਰਾਂ ਦੇ ਪਿੰਡ ਡਾਕਖ਼ਾਨਾ ਨਹੀਂ, ਆਪਣੇ ਆਪ ਨੂੰ ਆਪਣੇ ਪਿੰਡ ਬਣਵਾਏ ਡਾਕਖ਼ਾਨੇ ਦੀ ਹਉਮੈਂ ਦੇ ਸਿਰ ਚੌਧਰੀ ਤੋਂ ਵੱਡਾ ਬਣਾਕੇ ਪੇਸ਼ ਕਰ ਜਾਂਦਾ ਹੈ। ਉਸਨੂੰ ਲੱਗਦਾ ਹੈ ਕਿ ਆਪਣੇ ਪਿੰਡ ਡਾਕਖ਼ਾਨਾ ਖੁਲ੍ਹਵਾ ਲੈਣ ਕਰਕੇ ਉਹ ਮੁਸਲਮਾਨ ਚੌਧਰੀ ਤੋਂ ਉੱਚਾ ਹੋ ਗਿਆ ਹੈ। ‘ਤੂੜੀ ਦੀ ਪੰਡ’ ਦੇ ਬਹਾਦਰ ਸਿੰਘ ਨੂੰ ਉਹਨਾਂ ਦੇ ਪਿੰਡ ਵੋਟਾਂ ਮੰਗਣ ਆਇਆ ਹਾਥੀ ‘ਤੇ ਬੈਠਾ ‘ਵੜੈਚ’ ਸਰਦਾਰ ਆਪਣੀ ਸਮਾਜਕ ਵਡਿਆਈ ਦੇ ਬਾਵਜੂਦ ਉਹਨੂੰ ਆਪਣੇ ਤੋਂ ‘ਵੱਡਾ’ ਨਹੀਂ ਲੱਗਦਾ। ਜੇ ਅਗਲਾ ਵੜੈਚ ਸਰਦਾਰ ਹੈ ਤਾਂ ਬਹਾਦਰ ਸਿੰਘ ਵੀ ‘ਚੱਠਾ’ ਸਰਦਾਰ ਹੈ। ਉਹ ਉਸ ਤੋਂ ਨੀਂਵਾਂ ਕਿਉਂ ਦਿਸੇ? ਉਹ ‘ਵੜੈਚ’ ਸਰਦਾਰ ਨੂੰ ਇਹ ਆਖ ਕੇ ਕਿ ‘ਉਹ ਹਾਥੀ ਉੱਤੇ ਉਹਦੇ ਪੁੱਤਰ ਨੂੰ ਉਹਦੇ ਘਰ ਤੱਕ ਬਠਾਈ ਲਿਜਾਏ’ ਇਕਤਰ੍ਹਾਂ ਨਾਲ ‘ਹਾਥੀ ਤੋਂ ਉਤਾਰ ਕੇ’ ਆਪਣੇ ‘ਬਰਾਬਰ’ ਖੜਾ ਕਰ ਲੈਂਦਾ ਹੈ। ਉਹਦੇ ਲਈ ਵੜੈਚ ਸਰਦਾਰ ਕੋਈ ਵੱਡੀ ਹਸਤੀ ਨਹੀਂ ਰਹਿ ਜਾਂਦਾ ਸਗੋਂ ਕੋਈ ਮਾਮੂਲੀ ਰਾਹੀ ਪਾਂਧੀ ਬਣਕੇ ਰਹਿ ਜਾਂਦਾ ਹੈ। ਤੇ ਇੰਜ ਉਹ ਹਾਥੀ ‘ਤੇ ਬੈਠ ਕੇ ਵਿਸ਼ੇਸ਼ ਤੇ ਉੱਚਾ ਦਿਸਣ ਦੇ ਉਹਦੇ ਅਭਿਮਾਨ ਨੂੰ ਚਕਨਾ ਚੂਰ ਕਰ ਦਿੰਦਾ ਹੈ।
ਜਾਤ ਬਰਾਦਰੀ ਦੀ ਸਾਂਝ ਇਹਨਾਂ ਲੋਕਾਂ ਵਿਚ ਇਸ ਕਦਰ ਭਾਰੂ ਹੈ ਕਿ ਕਿਸੇ ਪ੍ਰਕਾਰ ਦੀਆਂ ਚੋਣਾਂ ਵੇਲੇ ਉਹ ਪਾਰਟੀਆਂ ਜਾਂ ਪਾਲਸੀਆਂ ਨੂੰ ਮਹੱਤਵ ਨਹੀਂ ਦਿੰਦੇ ਸਗੋਂ ਆਪਣੇ ਭਾਈਚਾਰੇ ਨੂੰ ਹੀ ਮਹੱਤਵ ਦਿੰਦੇ ਹਨ। ਵੋਟਾਂ ਮੰਗਣ ਗਏ ਓਸੇ ਵੜੈਚ ਸਰਦਾਰ ਨੂੰ (ਤੂੜੀ ਦੀ ਪੰਡ) ਜਦੋਂ ਚੱਠਿਆਂ ਦੇ ਪਿੰਡੋਂ ਨਿਰਾਸ਼ ਤੇ ਸ਼ਰਮਿੰਦਾ ਹੋ ਕੇ ਵਾਪਸ ਪਰਤਣਾ ਪੈਂਦਾ ਹੈ ਤਾਂ ਉਹਦੇ ਬੋਲਾਂ ਵਿਚੋਂ ਚੱਠਿਆਂ ਦੀ ਭਾਈਚਾਰਕ ਏਕਤਾ ਦੀ ਤਾਰੀਫ਼ ਸਹਿਜ ਭਾਅ ਹੀ ਹੋ ਜਾਂਦੀ ਹੈ:
“ਭਈ ਚੱਠਿਆ ਦੇ ਦਵਾਲੇ ਤਾਂ ਇਕ ਵਲਗਣ ਵਲਿਆ ਹੋਇਆ ਹੈ।”13
‘ਉਜਾੜ’ ਦਾ ਆਲਾ ਸਿੰਘ ਵੋਟਾਂ ਸਮੇਂ ਉਮੀਦਵਾਰ ਖੜਾ ਕਰਨ ਲਈ ਉਮੀਦਵਾਰ ਦੇ ਵਿਦਿਅਕ ਪੱਧਰ, ਸਿਆਸੀ ਸੂਝ ਜਾਂ ਲੋਕ ਸੇਵਾ ਦੀ ਭਾਵਨਾ ਬਾਰੇ ਨਹੀਂ ਸੋਚਦਾ ਸਗੋਂ ਉਮੀਦਵਾਰ ਦੀ ਚੋਣ ਕਰਨ ਲਈ ਵੀ ਉਸ ਕੋਲ ਭਾਈਚਾਰਕ ਕਸਵੱਟੀ ਹੀ ਹੈ। ਉਹ ਆਪਣਾ ਨਿਰਣਾ ਦਿੰਦਿਆਂ ਆਖਦਾ ਹੈ, “ਪਿਛਲੀ ਵਾਰੀ ਮੈਂਬਰ ਸੀ ਸ਼ੇਰੇ ਕੀ ਬਰਾਦਰੀ ਦਾ। ਐਤਕੀਂ ਸਾਡੀ ਟੱਲੇਕਿਆਂ ਦੀ ਵਾਰੀ ਏ। ਪਿੰਡ ਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ, ਪਰ ਅੱਧ ਤੇ ਦੇਣ ਨਾ ਸਾਨੂੰ।”14
‘ਮੁਕਤਸਰ’15 ਕਹਾਣੀ ਵਿਚ ਵੀ ਵਿਰਕ, ਵਿਰਕ ਭਾਈਚਾਰੇ ਦੀ ਚੋਣਾਂ ਵੇਲੇ ਵਿਖਾਈ ਇਕਮੁੱਠਤਾ ਤੇ ਭਾਈਚਾਰਕ ਮਾਣ ਤੇ ਗੌਰਵ ਦਾ ਬਿਰਤਾਂਤ ਸਿਰਜਦਾ ਹੋਇਆ ਇਹ ਸਥਾਪਤ ਕਰਦਾ ਹੈ ਕਿ ਜਦੋਂ ਵਿਰਕਾਂ ਦੇ ਸਾਰੇ ਪਿੰਡ ਇਕੱਠੇ ਹੋ ਕੇ ਕਿਸੇ ਇਕ ਬੰਦੇ ‘ਤੇ ਮੈਂਬਰ ਬਣਨ ਲਈ ਉਂਗਲੀ ਧਰ ਦਿੰਦੇ ਸਨ ਤਾਂ ਫਿਰ ਸ਼ਹਿਰਾਂ ਤੋਂ ਝੰਡੇ, ਇਸ਼ਤਿਹਾਰ ਤੇ ਲਾਊਡ ਸਪੀਕਰ ਲੈ ਕੇ ਆਉਣ ਵਾਲੀਆਂ ਧਿਰਾਂ, ਪਾਰਟੀਆਂ ਜਾਂ ਪ੍ਰਚਾਰਕਾਂ ਦੀ ਉਹਨਾਂ ਸਾਹਮਣੇ ਦਾਲ ਨਹੀਂ ਸੀ ਗਲਦੀ।
ਉਸ ਦੌਰ ਦੇ ਕਿਰਸਾਨੀ ਸਮਾਜ ਦੇ ਇਹ ਬਜ਼ੁਰਗ ਆਪਣੇ ਪਿੰਡਾਂ ਦੇ ਅਜਿਹੇ ਮੁਖੀ ਸਨ ਜਿਨ੍ਹਾਂ ਨੂੰ ਵੋਟਾਂ ਪਾ ਕੇ ਨਹੀਂ ਸੀ ਚੁਣਿਆਂ ਜਾਂਦਾ ਸਗੋਂ ਉਹ ਆਪਣੀ ਦਾਨਾਈ, ਸਿਆਣਪ, ਬਜ਼ੁਰਗੀ ਅਤੇ ਚੰਗੇਰੀ ਆਰਥਿਕ ਹੈਸੀਅਤ ਕਰਕੇ ਪਿੰਡ ਦੇ ਮੁਖੀ ਮੰਨੇ ਜਾਂਦੇ ਸਨ। ਸਾਰਾ ਪਿੰਡ ਉਹਨਾਂ ਦੇ ਆਖੇ ਦਾ ਆਦਰ ਕਰਦਾ ਸੀ ਤੇ ਉਹਨਾਂ ਤੋਂ ਭੈਅ ਵੀ ਖਾਂਦਾ ਸੀ। ਇਹ ਬਜ਼ੁਰਗ ਵੀ ਆਪਣੇ ਪਿੰਡ ਦੇ ਸਾਰੇ ਲੋਕਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਵਾਂਗ ਸਮਝਦੇ। ਉਹਨਾਂ ਦੇ ਹਰੇਕ ਦੁਖ-ਸੁਖ ਵਿਚ ਸ਼ਰੀਕ ਹੁੰਦੇ। ਹਰੇਕ ਮੁਸ਼ਕਲ ਵਿਚ ਉਹਨਾਂ ਦੀ ਧਿਰ ਬਣਦੇ। ‘ਆਮ ਤੌਰ ‘ਤੇ ਬਰਾਦਰੀ ਦੇ ਮੁਖੀ ਆਪਣੇ ਲੋਕਾਂ ਉੱਤੇ ਨਿਯੰਤਰਨ ਰੱਖਦੇ ਤੇ ਉਹਨਾਂ ਦੇ ਵਿਹਾਰ ਨੂੰ ਮਰਿਆਦਤ ਬਨਾਉਣ ਦਾ ਯਤਨ ਕਰਦੇ। ਆਲਾ ਸਿੰਘ (ਉਜਾੜ), ਬਲਕਾਰ ਸਿੰਘ (ਉਲ੍ਹਾਮਾਂ) ਤੇ ਬਹਾਦਰ ਸਿੰਘ(ਤੂੜੀ ਦੀ ਪੰਡ) ਅਜਿਹੇ ਹੀ ਪਾਤਰ ਹਨ ਜੋ ਆਪਣੇ ਭਾਈਚਾਰੇ ਦੇ ਲੋਕਾਂ ‘ਤੇ ਕੰਟਰੋਲ ਰੱਖਣ ਦਾ ਤੇ ਉਹਨਾਂ ਨੂੰ ਇਕ ਲੜੀ ਵਿਚ ਪਰੋਈ ਰੱਖਣ ਦਾ ਯਤਨ ਕਰਦੇ ਹਨ।’16
ਪਿੰਡ ਦੇ ਉਹਨਾਂ ਮੁਖੀਆਂ ਲਈ ਪਿੰਡ ਦੇ ਕੰਮੀ –ਕਮੀਣ ਭਾਵੇਂ ਹਕੀਕਤ ਵਿਚ ਹਨ ਤਾਂ ‘ਕੰਮੀ-ਕਮੀਣ’ ਹੀ, ਤਦ ਵੀ ਉਹ ਉਹਨਾਂ ਦੇ ਆਪਣੇ ਹੀ ਹਨ, ਉਹਨਾਂ ਦੇ ਆਪਣੇ ਵੱਡੇ ਪਰਿਵਾਰ ਦਾ ਅੰਗ। ਵਿਰਕ ਦਾ ਮੱਤ ਸੀ, ‘ਜੱਟਾਂ ਨੂੰ ਆਪਣਾ ਜਟਊਪੁਣਾ ਛੱਡ ਕੇ ਇਨਸਾਨ ਬਣ ਕੇ ਪੰਜਾਬ ਦੀ ਧਰਤੀ ‘ਤੇ ਖਲੋਣਾ ਚਾਹੀਦਾ ਹੈ ਅਤੇ ਆਪਣੇ ਤੋਂ ਨੀਵੀਂਆਂ ਜਾਤਾਂ ਨੂੰ ਵੀ ਆਪਣੇ ਨਾਲ ਖਲ੍ਹਾਰ ਲੈਣਾ ਚਾਹੀਦਾ ਹੈ।’17 ਇਸੇ ਲਈ ਜਦੋਂ ਆਲਾ ਸਿੰਘ ਨੇ ਨਵਾਂ ਪਿੰਡ ਬੱਧਾ ਸੀ ਤਾਂ ਪਿੰਡ ਦੇ ਕੰਮੀਆਂ ਨੂੰ ਵੀ ਘਰ ਬੰਨ੍ਹਣ ਲਈ ਹਾਤੇ ਦਿਵਾਏ ਸਨ। ਪਿੰਡ ਦੇ ਵੀਰੂ ਹਸਾਈ ਦੀ ਧੀ ਉਹਦੇ ਲਈ ਆਪਣੀ ਧੀ ਵਾਂਗ ਹੀ ਹੈ ਤੇ ਉਸਦਾ ਜਵਾਈ ਉਹਦੇ ਆਪਣੇ ਜਵਾਈ ਵਾਂਗ ਹੀ ਆਦਰ ਦੇਣ ਯੋਗ ਹੈ। ਉਹ ਉਦੋਂ ਪੁਰਾਣੇ ਕਿਰਸਾਣੀ ਸਮਾਜ ਦੀ ਏਸੇ ਕੀਮਤ ਨੂੰ ਦ੍ਰਿੜ੍ਹ ਕਰਵਾਉਂਦਾ ਹੈ ਜਦੋਂ ਉਹ ਰਾਹ ਵਿਚ ਪੈਦਲ ਤੁਰੇ ਆਉਂਦੇ ਵੀਰੂ ਦੇ ਧੀ-ਜਵਾਈ ਨੂੰ ਸਵਾਰੀ ਕਰਨ ਲਈ ਆਪਣੀ ਘੋੜੀ ਦੇ ਦਿੰਦਾ ਹੈ ਤੇ ਜਦੋਂ ਵੀਰੂ ਉਹ ਘੋੜੀ ‘ਸਰਦਾਰ’ ਨੂੰ ਵਾਪਸ ਕਰਨ ਆਉਂਦਾ ਹੈ ਤਾਂ ਅੱਗੋਂ ਆਖਦਾ ਹੈ, “ਨਹੀਂ ਭਈ ਵੀਰੂ, ਜਦੋਂ ਮੇਰੀ ਧੀ ਸਹੁਰੇ ਜਾਏ ਤੇ ਜਦੋਂ ਆਵੇ ਤਾਂ ਏਹਦੇ ਤੇ ਈ ਚੜ੍ਹ ਕੇ ਆਵੇ।”18 ਬਹਾਦਰ ਸਿੰਘ (ਤੂੜੀ ਦੀ ਪੰਡ) ਦੇ ਪਿੰਡ ਦੇ ਕਿਸੇ ਫੌਜੀ ਦੀ ਵਹੁਟੀ ਆਪਣਾ ਗੁਜ਼ਾਰਾ ਤੋਰਨ ਲਈ ਜਦੋਂ ਸ਼ਹਿਰ ਕਿਸੇ ਕੋਲ ਨੌਕਰੀ ਕਰਨ ਲੱਗਦੀ ਹੈ ਤਾਂ ਉਸਨੂੰ ਇਸ ਵਿਚ ਉਸ ਔਰਤ ਦੇ ਪਰਿਵਾਰ ਦੀ ਥਾਂ ਆਪਣੀ ਹਾਣਤ ਮਹਿਸੂਸ ਹੁੰਦੀ ਹੈ। ਉਹਨੂੰ ਲੱਗਦਾ ਹੈ ਕਿ ਜਿਵੇਂ ਉਹਦੀ ਆਪਣੀ ਨੂੰਹ ਕਿਸੇ ਦੀ ਨੌਕਰ ਜਾ ਲੱਗੀ ਹੋਵੇ।
ਪੁਰਾਣੇ ਕਿਰਸਾਣੀ ਸਮਾਜ ਦੀ ਇਹ ਬੜੀ ਸਿਹਤਮੰਦ ਰਵਾਇਤ ਸੀ, ਜਿਸ ਵਿਚ ਜ਼ਾਤ, ਰੁਤਬੇ ਜਾਂ ਹੈਸੀਅਤ ਨੂੰ ਭੁਲਾ ਕੇ ਰਿਸ਼ਤਗੀ ਦੇ ਪੱਧਰ ‘ਤੇ ਸਾਰਾ ਪਿੰਡ ਆਪਸੀ ਸਾਂਝ ਵਿਚ ਦੀਆਂ ਤੰਦਾਂ ਵਿਚ ਬੱਝਾ ਹੁੰਦਾ ਸੀ। ਆਪਸੀ ਸਦਭਾਵਨਾ ਦਾ ਜੀਵਨ ਇਕ ਦੂਜੇ ਧਰਮ ਪ੍ਰਤੀ ਵੀ ਸਹਿਣਸ਼ੀਲਤਾ ਦੇ ਭਾਵ ਬਣਾਈ ਰੱਖਣ ਵਿਚ ਸਹਾਈ ਹੁੰਦਾ ਸੀ। ਇਹੋ ਕਾਰਨ ਹੈ ਕਿ ਬਲਕਾਰ ਸਿੰਘ (ਉਲ੍ਹਾਮਾਂ) ਜਦੋਂ ਪਿੰਡ ਦੇ ਕਿਸੇ ਮੁਸਲਮਾਨ ਨੂੰ ਵੇਖਦਾ ਹੈ ਕਿ ਨਮਾਜ਼ ਪੜ੍ਹਣ ਦੇ ਸਮੇਂ ਉਹ ਮਸੀਤ ਵਿਚ ਪਹੁੰਚਣ ਦੀ ਥਾਂ ਅਜੇ ਕੰਮ ਧੰਦੇ ਵਿਚ ਰੁੱਝਾ ਹੋਇਆ ਹੈ ਜਾਂ ਨਮਾਜ਼ ਅਦਾ ਕਰਨ ਤੋਂ ਪਛੜ ਰਿਹਾ ਹੈ ਤਾਂ ਉਹ ਸਿੱਖ ਹੋਣ ਦੇ ਬਾਵਜੂਦ ਉਸ ਮੁਸਲਮਾਨ ਨੂੰ ਵੱਡਿਆਂ ਵਾਲੇ ਹੰਮੇਂ ਨਾਲ ਝਿੜਕਦਾ ਹੈ ਤੇ ਛੇਤੀ ਤੋਂ ਛੇਤੀ ਮਸੀਤੇ ਪਹੁੰਚ ਕੇ ਨਮਾਜ਼ ਅਦਾ ਕਰਨ ਲਈ ਪ੍ਰੇਰਨਾ ਦਿੰਦਾ ਹੈ। ਅਗਲਾ ਵੀ ਉਸਦੇ ਕਹੇ ਦਾ ਗੁੱਸਾ ਨਹੀਂ ਕਰਦਾ ਸਗੋਂ ਉਸਦੇ ਆਖੇ ਨੂੰ ਇੰਜ ਹੀ ਲੈਂਦਾ ਹੈ ਜਿਵੇਂ ਉਹਦਾ ਆਪਣਾ ਪਿਉ-ਦਾਦਾ ਉਹਨੂੰ ਗ਼ਲਤੀ ਕਰਨ ਤੋਂ ਵਰਜ ਜਾਂ ਝਿੜਕ ਰਿਹਾ ਹੋਵੇ। ਇੰਜ ਹੀ ਲੋਕ ਜਾਤਾਂ ਧਰਮਾਂ ਦੇ ਵਖਰੇਵਿਆਂ ਦੇ ਬਾਵਜੂਦ ਇਕ ਦੂਜੇ ਦੇ ਵਿਆਹ-ਸ਼ਾਦੀਆਂ ਦੇ ਮੌਕੇ ਜਾਂ ਗ਼ਮੀ-ਖੁ਼ਸੀ ਸਾਂਝੀ ਕਰਨ ਲਈ ਲਈ ਮਿਲਦੇ ਤੇ ਆਪਸ ਵਿਚ ਦੁਖ ਸੁਖ ਸਾਂਝਾ ਕਰਦੇ। ‘ਸਾਂਝ’ ਕਹਾਣੀ ਵਿਚ ਪਿੰਡ ਦਾ ਸਰਦਾਰ ਆਪਣੇ ਜਵਾਈ ਦੇ ਮਰ ਜਾਣ ‘ਤੇ ਅਫ਼ਸੋਸ ਕਰਨ ਆਏ ਆਪਣੇ ਕੰਮੀ ਦੇ ਗਲ਼ ਲੱਗ ਕੇ ਰੋਂਦਾ ਹੈ ਕਿਉਂਕਿ ਉਹਨਾਂ ਦੋਹਾਂ ਦਾ ਜਵਾਈ ਮਰ ਜਾਣ ਕਰਕੇ ਆਪਸੀ ਦੁੱਖ ਸਾਂਝਾ ਹੈ। ‘ਛਾਹ ਵੇਲਾ’19 ਵਿਚ ਜਦੋਂ ਤੇਜੂ ਦਾ ਮੁਸਲਮਾਨ ਪੱਗ-ਵੱਟ ਭਰਾ ਤੇ ਯਾਰ ਮੁਰਾਦੀ ਖ਼ਰਲ ਥਲਾਂ ਦੇ ਥਲ ਲੰਘ ਕੇ ਅਤੇ ਕਈ ਦਰਿਆ ਟੱਪ ਕੇ ਵਿਆਹ ਸ਼ਾਦੀਆਂ ਤੇ ਸਮੇਤ ਟੱਬਰ ਪਹੁੰਚਦਾ ਤੇ ਨਿਉਂਦਾ ਭਾਜੀ ਪਾਉਂਦਾ ਹੈ ਤਾਂ ਮਾਨਵੀ ਸਾਂਝ ਦਾ ਆਦਰਸ਼ਕ ਬਿੰਬ ਪੇਸ਼ ਹੋ ਜਾਂਦਾ ਹੈ। ਇਸ ਸਾਂਝ ਦਾ ਬਿੰਬ ਉਦੋਂ ਹੋਰ ਵੀ ਦ੍ਰਿੜ੍ਹ ਹੋ ਜਾਂਦਾ ਹੈ ਜਦੋਂ ਗੁਆਂਢਣ ਦੇ ਸਵਾਲ, “ਨੀ ਭੈਣ ਭਾਗਣੇ, ਮੁੜ ਸਿੱਖੜਿਆਂ ਦੇ ਵਿਆਹ ਜਾ ਤੁਸੀਂ ਕੇ ਕਰਸੋ?” ਦੇ ਜਵਾਬ ਵਿਚ ਭਾਗਣ ਆਖਦੀ ਹੈ, “ਨਾ ਭੈਣ ਸਾਡੇ ਤੇ ਉਹ ਡਾਢੇ ਸੱਕੇ ਨੀ।”
ਬਹਾਦਰ ਸਿੰਘ (ਤੂੜੀ ਦੀ ਪੰਡ) ਬਾਰੇ ਵਿਰਕ ਵੱਲੋਂ ਦਿੱਤਾ ਬਿਆਨ ਕਿ ਉਹ (ਬਹਾਦਰ ਸਿੰਘ) ਪਿੰਡ ਦੇ ਜੀਆਂ ਨੂੰ ਇੰਜ ਹੀ ਆਪਣੇ ਅਧੀਨ ਸੁਰੱਖਿਅਤ ਵੇਖਣਾ ਚਾਹੁੰਦਾ ਹੈ ਜਿਵੇਂ ਕੁਕੜੀ ਆਪਣੇ ਖੰਭਾਂ ਹੇਠਾਂ ਆਪਣੇ ਬੱਚਿਆਂ ਨੂੰ ਲੁਕਾ ਕੇ ਸੁਰੱਖਿਅਤ ਰੱਖਦੀ ਹੈ; ਕਿਰਸਾਨੀ ਸਮਾਜ ਦੇ ਅਜਿਹੇ ਮੁਖੀ ਬਜ਼ੁਰਗਾਂ ਦੇ ਸੁਭਾਅ ਅਤੇ ਵਿਹਾਰ ਦੀ ਸਹੀ ਤਰਜਮਾਨੀ ਕਰਦਾ ਹੈ। ਸੱਚੀ ਗੱਲ ਤਾਂ ਇਹ ਸੀ ਕਿ ਪਿੰਡ ਦੇ ਲੋਕ ਵੀ ਆਪਣੇ ਆਪ ਨੂੰ ਉਹਦੀ ਬੇਗ਼ਰਜ਼ ਛਤਰਛਾਇਆ ਹੇਠਾਂ ਵੇਖ ਕੇ ਸੁਰੱਖਿਅਤ ਮਹਿਸੂਸ ਕਰਦੇ ਸਨ। ਇਸਦੀ ਇਕ ਪ੍ਰਤੀਨਿਧ ਉਦਾਹਰਣ ‘ਉਲ੍ਹਾਮਾ’ ਕਹਾਣੀ ਵਿਚੋਂ ਪ੍ਰਾਪਤ ਹੁੰਦੀ ਹੈ। ਪਾਕਿਸਤਾਨ ਬਣ ਜਾਣ ਵੇਲੇ ਜਦੋਂ ਬਲਕਾਰ ਸਿੰਘ (ਉਲ੍ਹਾਮਾਂ) ਇਕ ਦਿਨ ਕੈਂਪ ਵਿਚੋਂ ਆਗਿਆ ਲੈ ਕੇ ਆਪਣੇ ਪਿੰਡ ਗੇੜਾ ਮਾਰਨ ਆਉਂਦਾ ਹੈ ਤਾਂ ਉਸ ਲੁੱਟ-ਪੁੱਟੇ ਤੇ ਘਰ-ਘਾਟ ਗਵਾ ਬੈਠੇ ਪਿੰਡ ਦੇ ਉਸ ਬਜ਼ੁਰਗ ਨੂੰ ਪਿੰਡ ਦੀ ਬੁੱਢੀ ਮੁਸਲਮਾਨ ਔਰਤ ਉਲ੍ਹਾਮਾਂ ਦਿੰਦੀ ਹੈ ਕਿ ਉਹ ਉਹਨਾਂ ਨੂੰ ਪਿੱਛੇ ਕਿਸ ਦੇ ਆਸਰੇ ਛੱਡਕੇ ‘ਕੁੱਪ’ ਵਿਚ ਜਾ ਬੈਠਾ ਹੈ! ਇਹ ਵਾਰਤਾਲਾਪ ਇਸ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਕਿਵੇਂ ਜ਼ਾਤਾਂ ਜਮਾਤਾਂ ਤੋਂ ਉਪਰ ਉੱਠ ਕੇ ਸਾਰਾ ਪਿੰਡ ਆਪਸੀ ਸਾਂਝ ਤੇ ਮੁਹੱਬਤ ਦੀਆਂ ਪਿੜੀਆਂ ਵਿਚ ਬੁਣਿਆਂ ਤੇ ਬੱਝਾ ਹੋਇਆ ਸੀ।
ਸਾਂਝੀਵਾਲਤਾ ਦੀ ਅਜਿਹੀ ਸੋਚ ਨੂੰ ਗਤੀ ਤੇ ਦਿਸ਼ਾ ਦੇਣ ਲਈ ਪਿੰਡ ਵਾਸੀਆਂ ਕੋਲ ਪੁਰਾਣੀਆਂ ਰਵਾਇਤੀ ਕਹਾਣੀਆਂ, ਬਜ਼ੁਰਗਾਂ ਦੀਆਂ ਸਿਖਿਆਵਾਂ ਹੁੰਦੀਆਂ। ਖੇਤੀ ਦੇ ਧੰਦੇ ਵਿਚ ਕੰਮ ਦੇ ਦਿਨਾਂ ਤੋਂ ਬਾਅਦ ਕਾਫ਼ੀ ਵਿਹਲ ਹੁੰਦੀ। ਲੋਕ ਅਜਿਹੀ ਵਿਹਲ ਨੂੰ ਮਾਨਣ ਲਈ ਪਿੰਡ ਦੀਆਂ ਸੱਥਾਂ, ਤਖ਼ਤਪੋਸ਼ਾਂ ਜਾਂ ਟੱਪਾਂ ਹੇਠਾਂ ਬੈਠਦੇ। ਤਾਸ਼ਾਂ ਖੇਡਦੇ, ਵੱਡਿਆਂ ਤੋਂ ਇਤਿਹਾਸ, ਮਿਥਿਹਾਸ ਨਾਲ ਜੁੜੀਆਂ ਇਨਸਾਨੀ ਮੁਹੱਬਤ ਅਤੇ ਕੁਰਬਾਨੀ ਦੀਆਂ ਕਹਾਣੀਆਂ ਸੁਣਦੇ ਸੁਣਾਉਂਦੇ। ‘ਇਹੋ ਜਿਹੀਆਂ ਗੱਲਾਂ ਸੁਣਨ ਨਾਲ ਨਵੀਂ ਨਸਲ ਦੇ ਮਨ ਇਕ ਦੂਜੇ ਦੇ ਨੇੜੇ ਰਹਿੰਦੇ ਤੇ ਸੰਗਲੀ ਦੀਆਂ ਘੁਰੀਆਂ ਵਾਂਗ ਉਹ ਆਪੋ ਵਿਚ ਜੁੜੇ ਰਹਿੰਦੇ। ਇਸਤੋਂ ਬਿਨਾਂ ਛਿੰਝਾਂ ਤੇ ਮੇਲਿਆਂ ‘ਤੇ ਕੱਠੇ ਹੋ ਕੇ ਉਹ ਆਪੋ ਵਿਚ ਰੱਸੇ ਖਿੱਚਦੇ, ਕੌਡੀ ਖੇਣਦੇ, ਨੇਜ਼ੇ ਫੁੰਡਦੇ ਤੇ ਘੋਲ ਕਰਦੇ। ਮਿਰਾਸੀ ਉਹਨਾਂ ਦੀਆਂ ਪੀੜ੍ਹੀਆਂ ਗਿਣਕੇ ਉਹਨਾਂ ਨੂੰ ਦੂਜੀਆਂ ਪੱਤੀਆਂ ਤੋਂ ਜੋੜਦੇ ਨਿਖੇੜਦੇ।’20 ‘ਉਜਾੜ’ ਵਿਚ ਤਾਂ ਕਹਾਣੀ ਦਾ ਕੇਂਦਰੀ ਨੁਕਤਾ ਸਾਂਝੀ ਬੈਠਣ ਵਾਲੀ ਥਾਂ ‘ਟੱਪ’ ਦੁਆਲੇ ਹੀ ਘੁੰਮਦਾ ਹੈ। ‘ਧਰਤੀ ਹੇਠਲਾ ਬੌਲਦ’ ਵਿਚ ਜਦੋਂ ਕਰਮ ਸਿੰਘ ਛੁੱਟੀ ਆਉਂਦਾ ਤਾਂ ‘ਖੂਹ ਤੇ ਨ੍ਹਾਉਣ ਵਾਲਿਆਂ ਦੀਆਂ ਭੀੜਾਂ ਵਧ ਜਾਂਦੀਆਂ, ਸਿਆਲ ਦੀ ਅੱਧੀ ਅੱਧੀ ਰਾਤ ਲੋਕ ਠੰਡੀ ਹੋ ਰਹੀ ਭੱਠੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ।’21 ਇਸ ਪਿੱਛੇ ਭਾਈਚਾਰਕ ਭਾਵਨਾ ਵੀ ਕਾਰਜਸ਼ੀਲ ਹੁੰਦੀ ਤੇ ਪਿੰਡ ਵਾਸੀਆਂ ਨੂੰ ਆਪਣੇ ਗਿਆਨ ਨੂੰ ਨਵਿਆਉਣ ਤੇ ਉਸ ਵਿਚ ਵਾਧਾ ਕਰਨ ਦਾ ਮੌਕਾ ਵੀ ਮਿਲਦਾ।

ਹਵਾਲੇ:


1 ਰਮਣੀਕ ਸੰਧੂ, ਗਲਪ ਸਮੀਖਿਆ, ‘ਵਿਲੱਖਣ ਕਹਾਣੀਕਾਰ-ਕੁਲਵੰਤ ਸਿੰਘ ਵਿਰਕ’, ਕੁਕਨੁਸ ਪ੍ਰਕਾਸ਼ਨ ਜਲੰਧਰ, 2003, ਪੰਨਾਂ: 70
2 ਕੁਲਵੰਤ ਸਿੰਘ ਵਿਰਕ, ਕੁਲਵੰਤ ਸਿੰਘ ਵਿਰਕ ਦੀ ਵੈੱਬ ਸਾਈਟ,
3 ਕੁਲਵੰਤ ਸਿੰਘ ਵਿਰਕ, ‘ਮੇਰੀਆਂ ਕਹਾਣੀਆਂ’; ਮਾਸਿਕ ‘ਦ੍ਰਿਸ਼ਟੀ’, ਜਲੰਧਰ; ਦਸੰਬਰ 1976, ਪੰਨਾਂ: 15
4 ਸੰਤ ਸਿੰਘ ਸੇਖੋਂ, ਛਾਹ ਵੇਲਾ (ਕੁਲਵੰਤ ਸਿੰਘ ਵਿਰਕ) ਦਾ ਮੁੱਖ ਬੰਧ, ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ ਦਿੱਲੀ, 1974
5 ਕੁਲਵੰਤ ਸਿੰਘ ਵਿਰਕ, ‘ਮੇਰੀਆਂ ਕਹਾਣੀਆਂ’; ਮਾਸਿਕ ‘ਦ੍ਰਿਸ਼ਟੀ’, ਜਲੰਧਰ; ਦਸੰਬਰ 1976, ਪੰਨਾਂ: 15
6 ਵਰਿਆਮ ਸਿੰਘ ਸੰਧੂ, ਬੇਮਿਸਾਲ ਕਹਾਣੀਕਾਰ, www.ksvirk.in/(web-site), ‘ਅੱਖਰ’ ਫੌਂਟ ਡਾਊਨ ਲੋਡ ਕਰੋ, ਪੰਜਾਬੀ ਭਾਗ ਵਿਚੋਂ ‘ਹੋਰਾਂ ਦੇ ਮੂੰਹੀਂ’ ਕਲਿੱਕ ਕਰੋ।
7 ਅਤਰ ਸਿੰਘ, ਦੁਆਦਸ਼ੀ, ਮੁੱਖ-ਬੰਧ ‘ਦੋ ਗੱਲਾਂ’, ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ ਦਿੱਲੀ, 1974
8 ਵਰਿਆਮ ਸਿੰਘ ਸੰਧੂ, ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ, ਪੇਂਡੂ ਜੀਵਨ ਦਾ ਚਿਤਰ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1979, ਪੰਨਾਂ: 29
9 ਸੰਤ ਸਿੰਘ ਸੇਖੋਂ, ਛਾਹ ਵੇਲਾ (ਕੁਲਵੰਤ ਸਿੰਘ ਵਿਰਕ) ਦਾ ਮੁੱਖ ਬੰਧ, ਆਰਸੀ ਪਬਲਿਸ਼ਰਜ਼ ਚਾਂਦਨੀ ਚੌਕ ਦਿੱਲੀ, 1974
10 ਕੁਲਵੰਤ ਸਿੰਘ ਵਿਰਕ, ਵਿਰਕ ਦੀਆਂ ਕਹਾਣੀਆਂ, ਸੈਂਟਰਲ ਪਬਲਿਸ਼ਰਜ, ਸਿਵਲ ਲਾਈਨਜ਼ ਜਲੰਧਰ, 1966, ਪੰਨਾਂ: 177
11 ਕੁਲਵੰਤ ਸਿੰਘ ਵਿਰਕ, ਵਿਰਕ ਦੀਆਂ ਕਹਾਣੀਆਂ, ਸੈਂਟਰਲ ਪਬਲਿਸ਼ਰਜ, ਸਿਵਲ ਲਾਈਨਜ਼ ਜਲੰਧਰ, 1966, ਪੰਨਾਂ: 53
12 ਕੁਲਵੰਤ ਸਿੰਘ ਵਿਰਕ, ਵਿਰਕ ਦੀਆਂ ਕਹਾਣੀਆਂ, ਸੈਂਟਰਲ ਪਬਲਿਸ਼ਰਜ, ਸਿਵਲ ਲਾਈਨਜ਼ ਜਲੰਧਰ, 1966, ਪੰਨਾਂ: 264
13 ਕੁਲਵੰਤ ਸਿੰਘ ਵਿਰਕ, ਤੂੜੀ ਦੀ ਪੰਡ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1978, ਪੰਨਾਂ:53
14 ਕੁਲਵੰਤ ਸਿੰਘ ਵਿਰਕ, ਵਿਰਕ ਦੀਆਂ ਕਹਾਣੀਆਂ, ਸੈਂਟਰਲ ਪਬਲਿਸ਼ਰਜ, ਸਿਵਲ ਲਾਈਨਜ਼ ਜਲੰਧਰ, 1966, ਪੰਨਾਂ: 185
15 ਕੁਲਵੰਤ ਸਿੰਘ ਵਿਰਕ, ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ, ਪੰਨਾਂ:217
16 ਵਰਿਆਮ ਸਿੰਘ ਸੰਧੂ, ਕੁਲਵੰਤ ਸਿੰਘ ਵਿਰਕ ਦਾ ਕਹਾਣੀ ਸੰਸਾਰ, ਪੇਂਡੂ ਜੀਵਨ ਦਾ ਚਿਤਰ, ਲਾਹੌਰ ਬੁੱਕ ਸ਼ਾਪ ਲੁਧਿਆਣਾ, 1979, ਪੰਨਾਂ: 31
17 ਕੁਲਵੰਤ ਸਿੰਘ ਵਿਰਕ, ਪੰਜਾਬ ਦੇ ਜੱਟ, www.ksvirk.in/(web-site), ‘ਅੱਖਰ’ ਫੌਂਟ ਡਾਊਨ ਲੋਡ ਕਰੋ, ਪੰਜਾਬੀ ਭਾਗ ਵਿਚੋਂ ‘ਪੰਜਾਬੀ ਲੇਖ’ ਕਲਿੱਕ ਕਰੋ।
18 ਕੁਲਵੰਤ ਸਿੰਘ ਵਿਰਕ, ਵਿਰਕ ਦੀਆਂ ਕਹਾਣੀਆਂ, ਪੰਨਾਂ: 180
19 ਓਹੀ, ਪੰਨਾਂ: 165
20 ਓਹੀ, ਪੰਨਾਂ: 260
21 ਓਹੀ, ਪੰਨਾਂ: 114

ਐਸੋਸੀਏਟ ਪ੍ਰੋਫ਼ੈਸਰ
ਕੇ ਐਮ ਵੀ ਕਾਲਜ, ਜਲੰਧਰ

No comments:

Post a Comment