Sunday 28 September 2014

Online Punjabi Magazine Seerat
ਦੋ ਕਵਿਤਾਵਾਂ
- ਸੁਰਜੀਤ ਪਾਤਰ
 
ਬੇਦਾਵਾ 1

ਮਰ ਗਈ ਜਦ ਸੀਨਿਆਂ ਚੋਂ ਸੱਚ ਦੇ ਜਿੱਤਣ ਦੀ ਆਸ
ਹੌਸਲੇ ਦੀ ਥਾਂ ਦਿਲਾਂ ਵਿੱਚ ਭਰ ਗਿਆ, ਗਹਿਰਾ ਹਰਾਸ
ਖਾਣ ਲੱਗੀ ਭੁੱਖ ਕਲੇਜੇ, ਪੀਣ ਲੱਗੀ ਰੱਤ ਨੂੰ ਪਿਆਸ
ਲਿਖ ਕੇ ਲੈ ਆਏ ਇਹ ਅੱਖਰ ਸਿੰਘ ਕੁੱਝ ਸਤਿਗੁਰ ਦੇ ਪਾਸ


ਨਾ ਅਸੀਂ ਹੁਣ ਸਿੱਖ ਤੇਰੇ ਨਾ ਹੀ ਤੂੰ ਸਾਡਾ ਗੁਰੂ
ਜਾਈਏ ਹੁਣ ਅਪਣੇ ਘਰਾਂ ਨੂੰ ਕਰ ਦੇ ਸਾਨੂੰ ਸੁਰਖ਼ਰੂ

ਮੁਸਕਰਾਏ ਸਤਿਗੁਰੂ ਤੇ ਕਹਿਣ ਲੱਗੇ ਠੀਕ ਹੈ
ਠੀਕ ਹੈ ਜੇ ਅਪਣਾ ਰਿਸ਼ਤਾ ਸਿਰਫ਼ ਏਥੋਂ ਤੀਕ ਹੈ
ਠੀਕ ਹੈ ਜੇ ਸੁਰਖ਼ਰੁਈਅਤ ਏਸ ਰਾਹ ਨਜ਼ਦੀਕ ਹੈ
ਜਾਓ ਪੁੱਤਰੋ ਪਰ ਮੇਰੇ ਪਿਆਰਾਂ ਚ ਉਹ ਤੌਫ਼ੀਕ ਹੈ

ਦੇਖਣਾ ਹੋਣਾ ਨ ਪੈ ਜਾਏ ਫੇਰ ਇੱਕ ਦਿਨ ਰੂਬਰੂ

ਅਪਣੀ ਅੰਤਰ ਆਤਮਾ ਦੇ ਆਖਣੇ ਨੂੰ ਟਾਲ ਕੇ
ਨਾਮ, ਬਾਣੀ ਪਿਆਰ, ਸੱਚ ਸਭ ਕੁੱਝ ਦਿਲੋਂ ਹੰਘਾਲ ਕੇ
ਛੱਡ ਆਏ ਕੀ ਕੀ ਅਪਣੇ ਕਾਲਜੇ ਚੋਂ ਨਿਕਾਲ ਕੇ
ਵਾਹੋ ਦਾਹੀ ਤੁਰ ਪਏ ਜਾਨਾਂ ਹੀ ਬੱਸ ਸੰਭਾਲ ਕੇ

ਪਹਿਲੀ ਵਾਰੀ ਇਸਤਰਾਂ ਦੀ ਯਾਤਰਾ ਹੋਈ ਸ਼ੁਰੂ

ਤੋਰ ਵਿੱਚ ਤੇਜ਼ੀ ਤਾਂ ਸੀ ਪਰ ਦਿਲ ਦੇ ਵਿੱਚ ਉਤਸ਼ਾਹ ਨ ਸੀ
ਸੀਨੇ ਵਿੱਚ ਚਲਦਾ ਜਿਵੇਂ ਆਰਾ ਜਿਹਾ ਸੀ, ਸਾਹ ਨ ਸੀ
ਅੰਗ ਸੰਗ ਇੱਕ ਖ਼ੌਫ਼ ਸੀ ਸਾਂਈਂ ਉਹ ਬੇਪਰਵਾਹ ਨ ਸੀ
ਪੈਰ ਤਾਂ ਅਪਣੇ ਹੀ ਸਨ ਅਪਣਾ ਉਹ ਐਪਰ ਰਾਹ ਨ ਸੀ

ਇਸਤਰਾਂ ਦੇ ਰਾਹ ਤੇ ਦੱਸ ਕਿੰਨਾ ਕੁ ਚਿਰ ਰਾਹੀ ਤੁਰੂ

ਤੁਰ ਪਏ ਉਹ ਲਾਡਲੇ ਵਿੱਛੜ ਕੇ ਨਾਦੀ ਬਾਪ ਤੋਂ
ਪੈਰ ਕਿੱਥੇ ਧਰਨ ਬਚ ਕੇ ਧਰਤ ਦੇ ਸੰਤਾਪ ਤੋਂ
ਕਿੱਥੇ ਜਾ ਸਕਦਾ ਹੈ ਕੋਈ ਭੱਜ ਕੇ ਅਪਣੇ ਆਪ ਤੋ
ਦੂਰ ਜਾ ਸਕਦੇ ਹੋ ਬਚ ਕੇ ਪੌਣ ਦੇ ਵਿਰਲਾਪ ਤੋਂ

ਪਰ ਕਿਵੇਂ ਰੋਕੋਗੇ ਜੋ ਅੰਦਰ ਹੈ ਚੱਲਦੀ ਗੁਫ਼ਤਗੂ

ਜਦ ਘਰੀ ਂ ਆਏ ਘਰਾਂ ਨੇ ਇਉਂ ਉਨ੍ਹਾਂ ਨੂੰ ਦੇਖਿਆ
ਸ਼ੀਸ਼ਿਆਂ ਨੇ ਜਿਸਤਰਾਂ ਬੇਚਿਹਰਿਆਂ ਨੂੰ ਦੇਖਿਆ
ਜਿਸਤਰਾਂ ਅੱਖਾਂ ਨੇ ਟੁੱਟੇ ਸੁਪਨਿਆਂ ਨੂੰ ਦੇਖਿਆ
ਜਿਉਂ ਕਿਸੇ ਭਾਸ਼ਾ ਨੇ ਝੂਠੇ ਫਿਕਰਿਆਂ ਨੂੰ ਦੇਖਿਆ

ਜਿਸਤਰਾਂ ਬੇਗ਼ੈਰਤਾਂ ਵੱਲ ਦੇਖਦੀ ਹੈ ਆਬਰੂ

ਮਾਈ ਭਾਗੋ ਕਹਿਣ ਲੱਗੀ ਖ਼ਤਮ ਹੋ ਗਈ ਜੰਗ ਕੀ?
ਖ਼ਤਮ ਹੋ ਗਈ ਜਾਂ ਅਸਾਡੀ ਅਣਖ, ਗ਼ੈਰਤ, ਸੰਗ ਕੀ?
ਮੁੱਕ ਗਏ ਨੇ ਖ਼ੂਨ ਵਿੱਚੋਂ ਸਿਦਕ ਵਾਲੇ ਰੰਗ ਕੀ?
ਇਹ ਕਹਾਣੀ ਕੀ ਬਣੀ, ਸਾਕਾ ਏ ਕੀ, ਪ੍ਰਸੰਗ ਕੀ?

ਕੀ ਕਹਾਂਗੇ ਬੱਚਿਆਂ ਨੂੰ ਜਦ ਕੋਈ ਪੁੱਛਿਆ ਕਰੂ?

ਧਰਤ ਹੀ ਰੋਦੀ ਹੈ ਜਦ, ਫਿਰ ਅਪਣਾ ਅਪਣਾ ਘਰ ਹੈ ਕੀ
ਜਲ ਰਿਹਾ ਸੰਸਾਰ ਤਾਂ ਫਿਰ ਅਪਣਾ ਅਪਣਾ ਦਰ ਹੈ ਕੀ
ਪੌਣ ਹੈ ਬੀਮਾਰ ਤਾਂ ਸਾਹਾਂ ਦੀ ਇਹ ਸਰਸਰ ਹੈ ਕੀ
ਜੀਣ ਮਾਤਮ ਹੋ ਗਿਆ ਫਿਰ ਮੌਤ ਕੋਲੋਂ ਡਰ ਹੈ ਕੀ

ਮਰ ਗਿਆ ਈਮਾਨ ਤਾਂ ਫਿਰ ਜੀ ਕੇ ਕੋਈ ਕੀ ਕਰੂ?

ਸਾਂਝਾ ਦਰ ਛੱਡ ਕੇ ਤੁਸੀਂ ਅਪਣੇ ਦਰਾਂ ਨੂੰ ਆ ਗਏ
ਉਸ ਨਦਰ ਚੋਂ ਡਿਗ ਪਏ, ਅਪਣੇ ਘਰਾਂ ਨੂੰ ਆ ਗਏ
ਦੇਸ ਉਜੜਦਾ ਛੱਡ ਕੇ ਅਪਣੇ ਗਰਾਂ ਨੂੰ ਆ ਗਏ

ਦੇਸ ਹੀ ਉਜੱੜ ਗਿਆ ਤਾਂ ਇਹ ਗਰਾਂ ਕਿੱਥੇ ਵਸੂ


ਖ਼ੌਫ਼ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ
ਸ਼ਬਦ-ਬਾਣਾਂ ਨਾਲ ਉਹ ਸਭ ਫੇਰ ਜੀਵਿਤ ਹੋ ਗਏ
ਟੁੱਟ ਗਏ ਇਕਰਾਰ ਸਨ ਜੋ ਫੇਰ ਸਾਬਿਤ ਹੋ ਗਏ
ਸਤਿਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ

ਫਿਰ ਜਗੀ ਜੋਤੀ ਅਲਾਹੀ ਨੂਰ ਦਿਸਿਆ ਚਾਰ ਸੂ

ਉਹਨੀਂ ਪੈਰੀਂ ਮੁੜ ਗਏ ਉਹ ਅਪਣੇ ਅਸਲੀ ਘਰ ਗਏ
ਜ਼ੁਲਮ ਸੰਗ ਟਕਰਾ ਕੇ ਉਹ ਹੱਕ ਸੱਚ ਦੀ ਸ਼ਾਹਦੀ ਭਰ ਗਏ
ਧਰਤ ਮਾਂ ਦੀ ਗੋਦ ਅੰਦਰ ਸੀਸ ਅਪਣੇ ਧਰ ਗਏ
ਪਿਆਰ ਦੇ ਬੱਦਲ ਸੀ ਉਹ ਤਪਦੇ ਥਲਾਂ ਦੇ ਵਰ੍ਹ ਗਏ

ਸਿਰਫ਼ ਬਾਕੀ ਰਹਿ ਗਏ ਅੱਖਾਂ ਦੇ ਵਿੱਚ ਕੁੱਝ ਅੱਥਰੂ

ਰਹਿ ਗਏ ਕੁੱਝ ਅੱਥਰੂ ਆਖ਼ਰ ਨੂੰ ਉਹ ਵੀ ਰੋੜ੍ਹਨੇ
ਸਾਂਭ ਰੱਖੇ ਨੇ ਕਿ ਬੇਦਾਵੇ ਦੇ ਅੱਖਰ ਖੋਰਨੇ
ਸਾਂਭ ਰੱਖੇ ਨੇ ਇਨ੍ਹਾਂ ਦੇ ਕੁੱਝ ਕੁ ਮਕਸਦ ਹੋਰ ਨੇ
ਸਾਂਭ ਰੱਖੇ ਨੇ ਕਿ ਧੋਣੇ ਅੱਖੀਆਂ ਦੇ ਕੋਰ ਨੇ

ਕਰ ਕੇ ਪਾਵਨ ਅੱਖੀਆਂ ਤੱਕਣਾ ਗੁਰਾਂ ਨੂੰ ਰੂਬਰੂ

ਬੋਲੇ ਸਤਿਗੁਰ ਗੋਦ ਲੈ ਕੇ ਇੱਕ ਸਿਸਕਦੇ ਲਾਲ ਨੂੰ
ਖੋਰਨੇ ਸੀ ਜਿਹੜੇ ਅੱਖਰ ਅੱਥਰੂਆਂ ਦੇ ਨਾਲ ਤੂੰ
ਪਹਿਲਾਂ ਹੀ ਉਹ ਖੋਰ ਦਿੱਤੇ ਅਪਣੀ ਰੱਤ ਦੇ ਨਾਲ ਤੂੰ
ਸਾਂਭ ਰੱਖ ਨੈਣਾਂ ਚ ਅਪਣੇ ਪਿਆਰ ਦੀ ਇਸ ਝਾਲ ਨੂੰ

ਨਮ ਨਜ਼ਰ ਥੀਂ ਦੇਖ ਇਹ ਮੁਕਤੀ ਦਾ ਮੰਜ਼ਰ ਚਾਰ ਸੂ
-0-
ਬੇਦਾਵਾ -2

ਹਰ ਵਾਰੀ ਲੋਕੋ ਬੇਦਾਵੇ
ਕਾਗਜ਼ ਤੇ ਨਹੀਂ ਲਿਖੇ ਜਾਂਦੇ
ਨਾ ਖ਼ੌਫ਼ ਤੇ ਦੁਖ ਸੰਗ ਸੁਲਗਦਿਆਂ
ਬੋਲਾਂ ਦੇ ਨਾਲ ਕਹੇ ਜਾਂਦੇ

ਉਹ ਲੋਕ ਤਾਂ ਸੱਚੇ ਸਨ ਜਿਹੜੇ
ਲਿਖ ਕੇ ਬੇਦਾਵਾ ਦੇ ਗਏ ਸਨ
ਤੇ ਫਿਰ ਸਿਆਹੀ ਦੇ ਹਰਫ਼ਾਂ ਨੂੰ
ਰੱਤ ਅਪਣੀ ਦੇ ਸੰਗ ਧੋ ਗਏ ਸਨ

ਅਸੀਂ ਛੱਡ ਦੁਖੀਆਂ ਨੂੰ ਸਿਸਕਦਿਆਂ
ਨਿੱਤ ਅਪਣੇ ਅਪਣੇ ਘਰ ਜਾਈਏ
ਇਹ ਵੀ ਤਾਂ ਇਕ ਬੇਦਾਵਾ ਹੈ
ਜੋ ਪੈਰਾਂ ਦੇ ਸੰਗ ਲਿਖ ਜਾਈਏ

ਹਰ ਪੈੜ ਹੀ ਅੱਖਰ ਹੋਈ ਹੈ
ਹਰ ਰਸਤਾ ਵਰਕਾ ਹੋਇਆ ਹੈ
ਲਗਦਾ ਹੈ ਸਾਰੀ ਧਰਤੀ ਤੇ
ਬੇਦਾਵਾ ਲਿਖਿਆ ਹੋਇਆ ਹੈ

ਅਸੀਂ ਕਿੰਜ ਸੁਰਖ਼ਰੂ ਹੋਵਾਂਗੇ
ਅਸੀਂ ਕਦ ਮੁਕਤੇ ਅਖਵਾਂਵਾਂਗੇ
ਜਾਂ ਪੈਰਾਂ ਦੇ ਸੰਗ ਧਰਤੀ ਤੇ
ਬੇਦਾਵਾ ਲਿਖਦੇ ਲਿਖਦੇ ਹੀ
ਇਸ ਧਰਤੀ ਤੋਂ ਤੁਰ ਜਾਵਾਂਗੇ

ਤੇ ਨਜ਼ਰੀਂ ਏਨੀ ਗਰਦ ਪਈ
ਕਿ ਪੜ੍ਹੇ ਨ ਜਾਂਦੇ ਠੀਕ ਜਿਹੇ
ਕਿਸੇ ਅੱਖ ਚੋ ਅੱਥਰੂ ਕਿਰਿਆ ਤਾਂ
ਕੋਈ ਅੱਖਰ ਪਰਗਟ ਹੋਇਆ ਹੈ

ਜਿੱਥੇ ਨੀਚਾਂ ਦੀ ਸੰਭਾਲ ਨਹੀਂ
ਓਥੇ ਤੇਰੀ ਨਦਰ ਕਿਵੇਂ ਹੋਵੇ
ਤੇਰੀ ਰਚਨਾ ਸੰਗ ਜਿਹਨੂੰ ਪਿਆਰ ਨਹੀਂ
ਉਹਨੂੰ ਤੇਰੀ ਕਦਰ ਕਿਵੇਂ ਹੋਵੇ
ਉਹ ਧਰਤੀ ਬਹੁਤ ਸਰਾਪੀ ਹੈ
ਜਿੱਥੇ ਦੁਖੀਆ ਡਿਗਿਆ ਹੋਇਆ ਹੈ

ਅਣਸਿੰਜੇ ਰੁੱਖ ਦੇ ਪੱਤਿਆਂ ਤੇ
ਅੱਖਰ ਨੇ ਬਹੁਤ ਬਰੀਕ ਜਿਹੇ
ਪੱਤਿਆਂ ਤੇ ਏਨੀ ਗਰਦ ਪਈ
ਕਿ ਪੜ੍ਹੇ ਨਾ ਜਾਂਦੇ ਠੀਕ ਜਿਹੇ
ਕਿਸੇ ਅੱਖ ਚੋਂ ਹੰਝੂ ਕਿਰਿਆ ਤਾਂ
ਕੋਈ ਅੱਖਰ ਪਰਗਟ ਹੋਇਆ ਹੈ
ਕਿਤੇ ਨਫ਼ਰਤ ਬੀਜੀ ਹੋਈ ਹੈ
ਕਿਤੇ ਮਾਤਮ ਉਗਿਆ ਹੋਇਆ ਹੈ
ਰੁੱਖ ਪਾਣੀ ਪੌਣ ਹਰਾਨ ਬੜੇ
ਇਹ ਬੰਦਿਆਂ ਨੂੰ ਕੀ ਹੋਇਆ ਹੈ

ਇਹ ਅੰਬਰ ਤੇ ਜੋ ਤਾਰੇ ਹਨ
ਇਉਂ ਲਗਦਾ ਜਿਉਂ ਅੰਗਿਆਰੇ ਹਨ
ਇਹ ਚੰਨ ਜਿਉਂ ਅਰਸ਼ ਦੀ ਹਿੱਕ ਅੰਦਰ
ਕੁਝ ਟੁੱਟ ਕੇ ਖੁੱਭਿਆ ਹੋਇਆ ਹੈ

ਰੁੱਖ ਪਾਣੀ ਪੌਣ ਹਰਾਨ ਬੜੇ
ਇਹ ਬੰਦਿਆਂ ਨੂੰ ਕਿਆ ਹੋਇਆ ਹੈ