Monday 30 June 2014




ਮਾਏ ਨੀ – ਹਰਿਭਜਨ ਸਿੰਘ (ਡਾ.)




ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ
ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ
ਸਾਡੇ ਲਿਖ ਦੇ ਨਸੀਬੀਂ ਤਾਰੇ
ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ
ਚੰਨ ਖੋਰ ਕੇ ਪਿਆ ਦੇ ਛੰਨਾ ਦੁਧ ਦਾ
ਮਾਏ ਨੀ, ਕਿ ਸੂਈ ’ਚ ਪਰੋ ਕੇ ਚਾਨਣੀ
ਸਾਡੇ ਗੰਢ ਦੇ ਨਸੀਬ ਲੰਗਾਰੇ
ਮਾਏ ਨੀ, ਕਿ ਪੁੱਤ ਤੇਰਾ ਡੌਰ-ਬੋਰੀਆ
ਚੰਨ ਮੰਗਦਾ ਨ ਕੁਝ ਸ਼ਰਮਾਵੇ

Sunday 29 June 2014

ਪਠਾਣ ਦੀ ਧੀ
ਸੁਜਾਨ ਸਿੰਘ
(1909-1993)
ਸੁੱਚੀਆਂ ਕਦਰਾਂ ਵਾਲੇ ਸ਼੍ਰੇਣੀ-ਰਹਿਤ ਸਮਾਜ ਦੀ ਸਥਾਪਨਾ ਲਈ, ਲਿਖਤ ਅਤੇ ਜੀਵਨ ਵਿਚ ਉਮਰ ਭਰ ਜੂਝਣ ਵਾਲੇ ਸਾਹਿਤਕ ਸੂਰਮੇ ਸੁਜਾਨ ਸਿੰਘ ਦਾ ਜਨਮ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸਰਦਾਰ ਹਾਕਮ ਸਿੰਘ ਦੇ ਘਰ ਹੋਇਆ। ਕੁਝ ਸਮਾਂ ਕਲਰਕ ਵਜੋਂ ਸੇਵਾ ਨਿਭਾਈ। ਉਪਰੰਤ ਐਮ ਏ ਪੰਜਾਬੀ ਤੱਕ ਵਿਦਿਆ ਪ੍ਰਾਪਤ ਕਰਕੇ ਸੁਜਾਨ ਸਿੰਘ ਸਾਰੀ ਉਮਰ ਅਧਿਆਪਨ ਦੇ ਕਾਰਜ ਨਾਲ ਹੀ ਜੁੜਿਆ ਰਿਹਾ। ਪਹਿਲਾਂ ਪਹਿਲਾਂ ਸਕੂਲ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ। ਉਪਰੰਤ ਉਹ ਪ੍ਰਸਿੱਧ ਗ਼ਦਰੀ ਦੇਸ਼ ਭਗਤ ਬਾਬਾ ਸੋਹਨ ਸਿੰਘ ਭਕਨਾ ਵੱਲੋਂ ਚਲਾਏ ਜਾਂਦੇ ਸਕੂਲ ਦਾ ਮੁੱਖ ਅਧਿਆਪਕ ਵੀ ਰਿਹਾ। ਗੁਰੂ ਨਾਨਕ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ। ਸੁਜਾਨ ਸਿੰਘ ਨੂੰ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਆਰਥਕ ਤੰਗਦਸਤੀ ਵਾਲੇ ਅਜਿਹੇ ਜੀਵਨ ਨੂੰ ਬਦਲਣ ਦੀ ਖ਼ਾਹਿਸ਼ ਨੇ ਉਸਨੂੰ ਮਾਰਕਸਵਾਦ ਦੇ ਅਧਿਅਨ ਵੱਲ ਮੋੜਿਆ ਅਤੇ ਛੇਤੀ ਹੀ ਉਹ ਸਾਹਿਤ ਦੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਗਿਆ । ਉਹ ਸਾਹਿਤ ਨੂੰ ਦੁਖੀਆਂ ਅਤੇ ਗਰੀਬਾਂ ਦੀ ਢਾਲ ਅਤੇ ਹਥਿਆਰ ਵਜੋਂ ਵਰਤਣ ਦਾ ਮੁਦੱਈ ਸੀ। ਉਹ ਲੇਖਕਾਂ ਦੀ ਸਾਹਿਤਕ ਜਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦੇ ਮੋਢੀਆਂ ਵਿਚੋਂ ਵੀ ਸੀ ਅਤੇ ਕੁਝ ਸਮਾਂ ਇਸਦਾ ਪ੍ਰਧਾਨ ਵੀ ਰਿਹਾ। ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕੀ ਸਥਾਨ ਦਿਵਾਉਣ ਲਈ ਚਲਾਈ ਜਾ ਰਹੀ ਲਹਿਰ ਵਿੱਚ ਵੀ ਉਸਨੇ ਭਰਪੂਰ ਯੋਗਦਾਨ ਪਾਇਆ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਜੇਲ੍ਹ ਯਾਤਰਾ ਵੀ ਕੀਤੀ।
ਸੁਜਾਨ ਸਿੰਘ ਨੇ ਭਾਵੇਂ ਕੁਝ ਵਾਰਤਕ ਵੀ ਲਿਖੀ ਅਤੇ ਉਸਦੀ ਵਾਰਤਕ-ਪੁਸਤਕ 'ਜੰਮੂ ਜੀ ਤੁਸੀਂ ਡਾਢੇ ਰਾਅ' ਚਰਚਾ ਵਿਚ ਵੀ ਰਹੀ ਪਰ ਉਸਦੀ ਵਡੇਰੀ ਪ੍ਰਾਪਤੀ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੇ ਮੋਢੀ ਤੇ ਸਮਰੱਥ ਕਹਾਣੀਕਾਰ ਵਜੋਂ ਹੀ ਜਾਣੀ ਜਾਂਦੀ ਹੈ। ਨਿਮਨ ਵਰਗ ਦੇ ਆਰਥਕ-ਸਮਾਜਕ ਪੱਖੋਂ ਦਲ਼ੇ-ਮਲ਼ੇ ਲੋਕਾਂ ਨੂੰ ਪਹਿਲੀ ਵਾਰ ਸੁਜਾਨ ਸਿੰਘ ਦੀਆਂ ਕਹਾਣੀਆਂ ਵਿਚ ਆਪਣਾ ਆਪ ਬੋਲਦਾ-ਵਿਚਰਦਾ ਦਿਸਿਆ। ਅੱਜ ਦੇ 'ਦਲਿਤ ਲੇਖਣ' ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਨਿਰਸੰਦੇਹ ਸੁਜਾਨ ਸਿੰਘ ਪੰਜਾਬੀ ਦਾ ਪਹਿਲਾ 'ਦਲਿਤ ਲੇਖਕ' ਸੀ। ਉਸ ਦੀਆਂ ਕਹਾਣੀਆਂ ਵਿੱਚ ਸਿਰਫ਼ ਹੱਡੀ ਹੰਢਾਈ ਗ਼ਰੀਬੀ ਦਾ ਪ੍ਰਮਾਣਿਕ ਬਿਆਨ ਹੀ ਨਹੀਂ ਸੀ ਹੁੰਦਾ ਸਗੋਂ ਇਸ ਗ਼ਰੀਬੀ ਪਿੱਛੇ ਕੰਮ ਕਰਦੇ ਪ੍ਰੇਰਕਾਂ ਵੱਲ ਸੰਕੇਤ ਵੀ ਹੁੰਦਾ ਸੀ। ਉਸਦੀਆਂ ਕਹਾਣੀਆਂ ਇਸ ਲਾਹਨਤ ਭਰੇ ਜੀਵਨ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਕੇ ਇਸ ਨੂੰ ਬਦਲਣ ਦੀ ਪ੍ਰੇਰਨਾ ਦਿੰਦੀਆਂ ਹਨ। ਇਹੋ ਹੀ ਕਾਰਨ ਹੈ ਕਿ ਕਈ ਵਾਰ ਉਸ ਉੱਤੇ 'ਪ੍ਰਚਾਰਕ' ਹੋਣ ਦਾ ਦੋਸ਼ ਵੀ ਲੱਗਦਾ ਰਿਹਾ। ਸੁਜਾਨ ਸਿੰਘ ਨੇ ਇਸ ਦੋਸ਼ ਦਾ ਜਵਾਬ ਦਿੰਦਿਆਂ ਸਾਹਿਤ ਦੀ 'ਸਮਾਜਿਕ ਜ਼ਿੰਮੇਵਾਰੀ' ਸਮਝਣ 'ਤੇ ਬਲ ਦਿੱਤਾ ਅਤੇ ਕਹਾਣੀ ਵਿਚ 'ਕਲਾ' ਅਤੇ 'ਪ੍ਰਚਾਰ' ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰਦਿਆਂ ਕਹਾਣੀ-ਕਲਾ ਬਾਰੇ ਵੀ ਆਪਣਾ ਨਿਸਚਿਤ ਮੱਤ ਪੇਸ਼ ਕੀਤਾ। ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਇਸ ਪਰਕਾਰ ਹਨ: ਦੁੱਖ ਸੁਖ-1939, ਦੁੱਖ ਸੁਖ ਤੋਂ ਪਿੱਛੋਂ-1943, ਸਭ ਰੰਗ-1949, ਨਰਕਾਂ ਦੇ ਦੇਵਤੇ-1951, ਨਵਾਂ ਰੰਗ/ਡੇਢ ਅਦਮੀ-1952, ਮਨੁੱਖ ਤੇ ਪਸ਼ੂ-1954, ਸਵਾਲ ਜਵਾਬ-1962, ਕਲਗੀ ਦੀਆਂ ਅਣੀਆਂ-1966, ਪੱਤਣ ਤੇ ਸਰਾਂ-1967, ਸੱਤ ਸੁਰਾਂ-1976, ਅਮਰ ਗੁਰ ਰਿਸ਼ਮਾਂ-1982, ਸ਼ਹਿਰ ਤੇ ਗ੍ਰਾਂ-1985æ ਇਸ ਆਖ਼ਰੀ ਪੁਸਤਕ ਉੱਤੇ ਉਸਨੂੰ 1986 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ। 'ਕੁਲਫ਼ੀ', 'ਰਜਾਈ', 'ਪ੍ਰਾਹੁਣਾ', 'ਪਠਾਣ ਦੀ ਧੀ' ਅਤੇ 'ਰਾਸ ਲੀਲਾ' ਉਸਦੀਆਂ ਯਾਦਗਾਰੀ ਕਹਾਣੀਆਂ ਹਨ।

ਕਹਾਣੀ ਬਾਰੇ:
ਸੁਜਾਨ ਸਿੰਘ ਆਪਣੀਆਂ ਕਹਾਣੀਆਂ ਵਿੱਚ ਆਰਥਿਕ ਥੁੜਾਂ ਦੇ ਮਾਰੇ, ਨਿਮਨ ਵਰਗ ਦੇ ਲੋਕਾਂ ਦੇ ਜੀਵਨ ਦਾ ਗਲਪ-ਬਿੰਬ ਪੇਸ਼ ਕਰਨ ਲਈ ਪ੍ਰਸਿੱਧ ਹੈ। 'ਪਠਾਣ ਦੀ ਧੀ' ਕਹਾਣੀ ਵਿਚਲਾ ਜਮਾਦਾਰ ਦਾ ਪਰਿਵਾਰ ਵੀ ਭਾਵੇਂ ਆਰਥਿਕ ਤੰਗੀ ਦਾ ਸ਼ਿਕਾਰ ਹੈ ਪਰ ਲੇਖਕ ਉਸ ਪਰਿਵਾਰ ਦੀ ਗ਼ਰੀਬੀ ਦੇ ਬਾਹਰਲੇ ਜੀਵਨ ਵੇਰਵਿਆਂ ਦੇ ਬਿਆਨ ਤੋਂ ਪਾਰ ਜਾ ਕੇ ਇੱਕ ਮਨੋਵਿਗਿਆਨੀ ਦੀ ਬਾਰੀਕ ਨਜ਼ਰ ਨਾਲ ਗ਼ਫ਼ੂਰ ਪਠਾਣ ਅਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਸਮਝਣ ਅਤੇ ਪੇਸ਼ ਕਰ ਸਕਣ ਵਿੱਚ ਸਫ਼ਲ ਹੋਇਆ ਹੈ।
ਜ਼ਰੂਰੀ ਨਹੀਂ ਜੋ ਦਿਸਦਾ ਹੈ, ਓਹੋ ਹੀ ਸੱਚ ਹੋਵੇ। ਕਈ ਵਾਰ ਸੱਚ ਦਿਸਦੇ ਦੇ ਓਹਲੇ ਵਿੱਚ ਲੁਕਿਆ ਹੁੰਦਾ ਹੈ। ਚੰਗੇ ਸਾਹਿਤ ਵਾਂਗ ਇਹ ਰਚਨਾ ਵੀ ਦਿੱਖ ਅਤੇ ਤੱਤ ਦੇ ਇਸ ਭੇਦ ਨੂੰ ਉਜਾਗਰ ਕਰਦੀ ਹੈ। ਆਮ ਪਠਾਣਾਂ ਵਾਂਗ ਗ਼ਫ਼ੂਰ ਪਠਾਣ ਨੂੰ ਵੀ ਇਸ ਕਹਾਣੀ ਵਿੱਚ ਬੱਚੇ ਚੁੱਕਣ ਵਾਲਾ, ਵੱਧ ਵਿਆਜ ਲੈਣ ਵਾਲਾ ਸਖ਼ਤ-ਸੁਭਾ ਵਿਅਕਤੀ ਸਮਝਿਆ ਜਾਂਦਾ ਹੈ। ਪੰਜਾਬੀ ਪਰਿਵਾਰ ਨੂੰ ਛੱਡ ਕੇ ਬਾਕੀ ਪ੍ਰਾਂਤਾਂ ਦੇ ਤਾਂ ਵੱਡੀ ਉਮਰ ਦੇ ਮਜ਼ਦੂਰ ਵੀ ਗ਼ਫ਼ੂਰ ਕੋਲੋਂ ਡਰਦੇ ਹਨ। ਛੋਟੀ ਬੱਚੀ ਦੇ ਮਾਪਿਆਂ, ਲਾਂਢੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖ਼ੀਰ ਤੱਕ ਗ਼ਫ਼ੂਰ ਉਸਤਰ੍ਹਾਂ ਦਾ ਹੀ ਹੈ ਜਿਸਤਰ੍ਹਾਂ ਦਾ ਉਸਨੂੰ ਉਸਦੀ ਬਾਹਰੀ ਦਿੱਖ ਤੋਂ ਕਲਪਿਆ ਗਿਆ ਹੈ। ਪਰ ਇੱਕ ਪਾਠਕ ਨੂੰ ਗ਼ਫ਼ੂਰ ਕਰੜੀ-ਦਿੱਖ ਦੇ ਓਹਲੇ ਵਿੱਚ ਲੁਕੇ ਹੋਏ ਇੱਕ ਨਿਹਾਇਤ ਸੰਵੇਦਨਸ਼ੀਲ ਵਿਅਕਤੀ ਵਜੋਂ ਦਿਸਣ ਲੱਗ ਪੈਦਾ ਹੈ। ਕਹਾਣੀ ਦੇ ਪਾਤਰਾਂ ਲਈ ਉਹ ਨਫ਼ਰਤ ਅਤੇ ਗੁੱਸੇ ਦਾ ਪਾਤਰ ਹੈ ਪਰ ਪਾਠਕ ਲਈ ਪਿਆਰ ਅਤੇ ਹਮਦਰਦੀ ਦਾ। ਬਿਨਾਂ ਸੂਦ ਤੋਂ ਜਮਾਂਦਾਰ ਦੀ ਸਹਾਇਤਾ ਕਰਕੇ ਉਹ ਆਪਣੇ ਸੂਦ-ਖੋਰ ਹੋਣ ਦੇ ਬਿੰਬ ਨੂੰ ਤੋੜ ਦਿੰਦਾ ਹੈ। ਉਸਦਾ ਇਹ ਵਿਹਾਰ ਉਸਨੂੰ 'ਅੰਦਰਲੀ ਨਜ਼ਰ' ਨਾਲ ਵੇਖੇ ਜਾਣ ਦੀ ਮੰਗ ਕਰਦਾ ਹੈ। ਗ਼ਫ਼ੂਰ ਹੋਰਨਾਂ ਵੱਲੋਂ ਆਪਣੀ ਸੰਵੇਦਨਸ਼ੀਲ ਇਨਸਾਨੀ-ਪਛਾਣ ਨੂੰ ਸਵੀਕਾਰੇ ਜਾਣ ਦਾ ਅਭਿਲਾਸ਼ੀ ਹੈ। ਅਜਮੇਰ ਤੇ ਵੀਰੋ ਉਸਨੂੰ ਇਸੇ ਕਰਕੇ ਪਿਆਰੇ ਲੱਗਦੇ ਹਨ ਕਿਉਂਕਿ ਉਹ ਉਸ ਕੋਲੋਂ ਹੋਰਨਾਂ ਵਾਂਗ ਡਰਦੇ ਨਹੀਂ ਅਤੇ ਉਸਦੀ ਖ਼ਲਨਾਇਕ ਵਾਲੀ ਪਛਾਣ ਦੀ ਥਾਂ ਉਸਦੀ ਇਨਸਾਨੀ ਪਛਾਣ ਨੂੰ ਹੁੰਗਾਰਾ ਭਰਦੇ ਹਨ। ਅਜਮੇਰ ਅਤੇ ਵੀਰੋ ਨੂੰ, ਜਦੋਂ ਤੇਜੋ, ਗੁੱਸੇ ਨਾਲ ਗ਼ਫ਼ੂਰ ਕੋਲੋਂ ਆਪਣੇ ਘਰ ਲੈ ਕੇ ਜਾਂਦੀ ਹੈ ਤਾਂ ਗ਼ਫ਼ੂਰ ਵੱਲੋਂ ਆਪਣੀ ਲਾਂਢੀ ਵਿੱਚ ਵੜ ਕੇ ਟੁੱਟੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਣਾ ਆਪਣੀ ਬਾਹਰੀ ਇਨਸਾਨੀ ਦਿੱਖ ਦੀ ਸ਼ੱਕੀ ਹੋਂਦ ਵੱਲ ਸੰਕੇਤ ਹੈ। ਸ਼ਾਇਦ ਉਸਨੂੰ ਗਿਲਾ ਹੈ ਕਿ ਉਸਦੇ ਮੁਹੱਬਤ ਕਰਨ ਵਾਲੇ ਦਰਦ-ਮੰਦ ਦਿਲ ਦੇ ਨਕਸ਼ ਉਸਦੇ ਚਿਹਰੇ 'ਤੇ ਦਿਸਦੇ ਨਕਸ਼ਾਂ ਵਿਚੋਂ ਨਜ਼ਰ ਕਿਉਂ ਨਹੀਂ ਆਉਂਦੇ? ਉਸ ਵੱਲੋਂ ਰੋਟੀ ਖਾਧੇ ਤੋਂ ਬਿਨਾਂ ਸੌਂ ਜਾਣਾ ਉਸਦੀ ਇਨਸਾਨੀ ਪਛਾਣ ਦੇ ਅਣਗੌਲੇ ਰਹਿ ਜਾਣ ਵਿਚੋਂ ਉਪਜੀ ਉਦਾਸੀ ਦੀ ਨਿਸ਼ਾਨੀ ਹੈ।
ਲੇਖਕ ਦੀ ਕਲਾਕਾਰੀ ਇਸ ਗੱਲ ਵਿੱਚ ਹੈ ਕਿ ਉਸਨੇ ਇਸ ਕਹਾਣੀ ਵਿੱਚ 'ਜ਼ਾਲਮ' ਅਤੇ 'ਮਜ਼ਲੂਮ' ਦੇ ਅਰਥ ਉਲਟਾ ਦਿੱਤੇ ਹਨ। ਬਾਹਰੋਂ 'ਜ਼ਾਲਮ' ਦਿਸਣ ਵਾਲਾ ਗ਼ਫ਼ੂਰ ਤਾਂ ਏਨੇ ਦਰਦਮੰਦ ਦਿਲ ਵਾਲਾ ਹੈ ਕਿ ਜਦੋਂ ਉਸਨੂੰ ਤੇਜੋ, ਅਜਮੇਰ ਅਤੇ ਵੀਰੋ ਛੋਟੀ ਕੁੜੀ ਨੂੰ ਮਾਰਦੇ ਅਤੇ ਉਸ ਨਾਲ ਵਧੀਕੀ ਕਰਦੇ ਨਜ਼ਰ ਆਉਂਦੇ ਹਨ ਤਾਂ ਉਹ ਸਾਰੇ ਉਸਨੂੰ 'ਜ਼ਾਲਮ' ਲੱਗਣ ਲੱਗ ਪੈਂਦੇ ਹਨ। ਕੁੜੀ ਦੀ ਤਰਸਯੋਗ ਹਾਲਤ ਵੇਖ ਕੇ ਗ਼ਫ਼ੂਰ ਦਾ ਦਿਲ ਪੰਘਰ ਜਾਣਾ ਅਤੇ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਣੇ ਉਸਦੀ ਸੰਵੇਦਨਸ਼ੀਲ ਹੋਂਦ ਦੇ ਗਵਾਹ ਹਨ। ਉਹ ਛੋਟੀ 'ਮਜ਼ਲੂਮ' ਕੁੜੀ ਨੂੰ 'ਜ਼ਾਲਮਾਂ' ਦੇ ਪੰਜੇ ਵਿਚੋਂ ਬਚਾਉਣ ਲਈ ਉਸਨੂੰ ਲੈ ਕੇ ਦੌੜ ਜਾਦਾ ਹੈ। ਉਸ ਲਈ ਆਪਣੀ ਲਾਂਢੀ, ਉਸ ਵਿੱਚ ਪਏ ਰੁਪਈਏ ਅਤੇ ਹੋਰ ਸਮਾਨ ਨਿਰਾਰਥਕ ਹੋ ਜਾਂਦੇ ਹਨ ਅਤੇ ਉਹ ਪੀੜਤ ਛੋਟੀ ਬੱਚੀ ਸਭ ਤੋਂ ਵੱਧ ਕੀਮਤੀ ਅਤੇ ਅਰਥਵਾਨ ਹੋਂਦ ਹੋ ਨਿੱਬੜਦੀ ਹੈ। ਕਹਾਣੀ ਦੇ ਅੰਤ ਉੱਤੇ ਗ਼ਫ਼ੂਰ ਦੀ ਪੁਕਾਰ, "ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ………ਕਸਾਈ", ਪੁਲਿਸ ਅਤੇ ਹੋਰ ਲੋਕਾਂ ਲਈ ਤਾਂ ਭਾਵੇਂ ਪਾਖੰਡ ਅਤੇ ਮਜ਼ਾਕ ਦਾ ਕਾਰਨ ਬਣਦੀ ਹੈ ਪਰ ਪਾਠਕ ਅਤੇ ਛੋਟੀ ਕੁੜੀ ਵਾਸਤੇ ਉਸਦੇ ਦਿਲ ਵਿਚੋਂ ਨਿਕਲੀ ਸੱਚੀ-ਸੁੱਚੀ ਹੂਕ ਹੋ ਨਿੱਬੜਦੀ ਹੈ। ਗ਼ਫ਼ੂਰ ਤੋਂ ਵਿਛੋੜੇ ਜਾਣ 'ਤੇ ਕੁੜੀ ਵੱਲੋਂ ਮਾਰੀਆਂ ਚੀਕਾਂ ਗ਼ਫ਼ੂਰ ਦੀ ਇਨਸਾਨੀ ਪਛਾਣ ਦੇ ਹੱਕ ਵਿੱਚ ਪਾਈ ਮਾਸੂਮ ਵੋਟ ਹਨ। ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰੀ ਹੋਣ 'ਤੇ ਕੁੜੀ ਵੱਲੋਂ ਮਾਰੀਆਂ ਇਹ ਚੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਕੁੜੀ ਨੂੰ ਜਨਮ ਦੇਣ ਵਾਲੇ ਮਾਪੇ ਤਾਂ ਉਸ ਲਈ 'ਜ਼ਾਲਮ' ਹਨ ਪਰ ਉਸਨੂੰ ਬਚਾਉਣ ਅਤੇ ਪਿਆਰਨ ਵਾਲਾ ਗ਼ਫ਼ੂਰ ਉਸ ਵਾਂਗ ਹੀ 'ਮਜ਼ਲੂਮ' ਵੀ ਹੈ ਅਤੇ ਉਸਦੇ ਤਥਾ-ਕਥਿਤ ਮਾਪਿਆਂ ਤੋਂ ਵਧ ਕੇ ਉਸਦਾ 'ਮਾਂ-ਬਾਪ' ਵੀ ਹੈ।
ਬਾਲ ਮਨੋਵਿਗਿਆਨ ਦੇ ਵਿਸ਼ੇਸ਼ੱਗ ਵਜੋਂ ਲੇਖਕ ਇਹ ਵੀ ਜਾਣਦਾ ਹੈ ਕਿ ਜੇ ਬਾਲਪਨ ਵਿੱਚ ਬੱਚਿਆਂ ਨੂੰ ਮਾਪਿਆਂ ਵੱਲੋਂ ਲੋੜੀਂਦਾ ਪਿਆਰ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਖ਼ਸੀਅਤ ਵਿੱਚ ਅਸੰਤੁਲਨ ਅਤੇ ਉਲਾਰ ਪੈਦਾ ਹੋ ਜਾਣਾ ਸੁਭਾਵਕ ਹੈ। ਅਜਿਹੇ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਸਦਾ ਚਿੱਬ-ਖੜਿੱਬੀ ਹੋਵੇਗੀ। ਮਾਪਿਆਂ ਵੱਲੋਂ ਪਿਆਰ ਦੀ ਘਾਟ ਅਤੇ ਅਣਗੌਲੇ ਜਾਣ ਦੇ ਸਰਾਪ ਕਰਕੇ ਹੀ ਛੋਟੀ ਕੁੜੀ ਰੋਂਦੂ, ਜ਼ਿੱਦਲ, ਢੀਠ ਅਤੇ ਕਮਜ਼ੋਰ ਹੋ ਗਈ ਹੈ। ਗ਼ਫ਼ੂਰ ਕੋਲੋਂ ਪਿਆਰ ਮਿਲਣ 'ਤੇ ਓਹੋ ਕਮਜ਼ੋਰ ਦਿਸਣ ਵਾਲੀ ਕੁੜੀ ਸਿਹਤਮੰਦ ਦਿਖਾਈ ਦੇਣ ਲੱਗ ਪੈਂਦੀ ਹੈ। ਕਹਾਣੀ ਦਾ ਇੱਕ ਅਣਕਿਹਾ ਸੰਦੇਸ਼ ਇਹ ਵੀ ਹੈ ਕਿ ਵਸੀਲਿਆਂ ਦੀ ਘਾਟ ਵਾਲੇ ਮਾਪਿਆਂ ਲਈ ਘੱਟ ਵਕਫ਼ੇ ਬਾਦ ਬਹੁਤੀ ਔਲਾਦ ਪੈਦਾ ਕਰਨਾ ਵੀ ਪਰਿਵਾਰਕ-ਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਨਿੱਕੀ ਕੁੱਛੜਲੀ ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਉਹੋ ਕੁੜੀ ਪਰਿਵਾਰ ਦੀ 'ਛਿੰਦੀ ਧੀ' ਸੀ ਪਰ ਨਿੱਕੀ ਕੁੜੀ ਦੇ ਪੈਦਾ ਹੋਣ ਉਪਰੰਤ ਉਸਨੂੰ ਮਿਲਣ ਵਾਲਾ ਪਿਆਰ ਖੁੱਸ ਗਿਆ ਅਤੇ ਉਹ ਜ਼ਿੱਦੀ ਅਤੇ ਰੋਂਦੂ ਬਣ ਗਈ।
ਇਹ ਕਹਾਣੀ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ। ਜੇ ਮਾਪੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਪਿਆਰ ਨਹੀਂ ਦੇ ਸਕਦੇ ਤਾਂ ਉਹ ਉਹਨਾਂ ਦੇ ਮਾਪੇ ਹੋਣ ਦਾ ਅਧਿਕਾਰ ਗਵਾ ਬੈਠਦੇ ਹਨ। ਇਹੋ ਕਾਰਨ ਹੈ ਕਿ ਉਹ ਅਣਗੌਲੀ ਛੋਟੀ ਕੁੜੀ ਆਪਣੇ ਮਾਪਿਆਂ ਦੀ ਧੀ ਨਾ ਹੋ ਕੇ 'ਪਠਾਣ ਦੀ ਧੀ' ਬਣ ਜਾਂਦੀ ਹੈ।
000 000 000 000
ਪਠਾਣ ਦੀ ਧੀ (ਕਹਾਣੀ)
ਗ਼ਫ਼ੂਰ ਪਠਾਣ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਵਿੱਚ ਆਉਂਦਾ, ਉਨ੍ਹਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ "ਕਾਬਲੀ ਵਾਲਾ", "ਕਾਬਲੀ ਵਾਲਾ" ਕਰਦੇ ਆਪੋ ਆਪਣੀ ਲਾਂਢੀ ਵਿੱਚ ਜਾ ਲੁਕਦੇ। ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖ਼ੌਫ਼ ਉਥੇ ਖੜੋਤਾ ਰਹਿੰਦਾ ਤੇ ਉਸ ਦੇ ਥੈਲੇ, ਖੁੱਲ੍ਹੇ-ਡੁੱਲ੍ਹੇ ਕੱਪੜੇ, ਉਸ ਦੇ ਸਿਰ ਦੇ ਪਟੇ ਤੇ ਉਘੜ-ਦੁਘੜੀ ਪੱਗ ਵੱਲ ਦੇਖਦਾ ਰਹਿੰਦਾ। ਗ਼ਫ਼ੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ। ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ, "ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ, ਬੱਚਾ?"
ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗ਼ਫ਼ੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ। ਬੱਚਾ ਪਠਾਣ ਦੀ ਲੱਤ ਨਾਲ ਚੰਬੜ ਗਿਆ, ਪਰ ਗ਼ਫ਼ੂਰ ਨੇ ਉਸਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਹਮਣੇ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ, ਜੋ ਮਸੀਂ ਅਠਾਂ ਕੁ ਵਰ੍ਹਿਆਂ ਦੀ ਸੀ। ਵੀਰ ਨਾਲ ਪਠਾਣ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ। ਪਠਾਣ ਬੜੀ ਜ਼ੋਰ ਦੀ ਖਿੜ ਖਿੜਾ ਕੇ ਹੱਸ ਰਿਹਾ ਸੀ ਤੇ ਵੀਰੋ ਦਾ ਵੀਰ, ਅਜਮੇਰ, ਪੈਰ ਦੇ ਠੁੱਡਾਂ ਨਾਲ ਪਠਾਣ ਦੀ ਪੱਗ ਉਡਾਉਣੀ ਚਾਹੁੰਦਾ ਸੀ। ਆਖ਼ਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ। ਗ਼ਫ਼ੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ, 'ਬਾਬਾ ਤੁਮ ਜੀਤਾ।'
ਜਦ ਪਠਾਣ ਨੇ ਵੀਰੋ ਨੂੰ ਆਪਣੇ ਲਾਗੇ ਖੜਿਆਂ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ, "ਕੀ ਇਹ ਤੇਰੀ ਭੈਣ ਹੈ?"
ਅਜਮੇਰ ਨੇ ਬੁੱਲ੍ਹ ਮੀਟ ਕੇ ਮੁਸਕਰਾਉਂਦਿਆਂ ਕਿਹਾ, "ਹੂੰ………ਊਂ।"
ਗ਼ਫ਼ੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਵਾਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜ ਖਿੜ ਹੱਸਦੇ ਸਨ ਗ਼ਫ਼ੂਰ ਉੱਚੀ ਉੱਚੀ "ਹੂੰ……ਉਂ……ਹੂੰ………ਉਂ" ਕਰੀ ਜਾਂਦਾ ਸੀ।
ਇਸ Ḕਹੂੰ………ਉਂḔ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗ਼ਫੂਰ ਕੋਲੋਂ ਭਾਂ ਭਾਂ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਿਹੀ ਗਈ, ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ, "ਵੇ ਅਜਮੇਰ! ਨੀ ਵੀਰੋ!"
ਗ਼ਫ਼ੂਰ ਓਥੇ ਦਾ ਓਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜ੍ਹੀ ਹੋਈ ਤਿਊੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀਂ ਮਸੀਂ ਡਿੱਗਣੋਂ ਬਚਿਆ।
ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ, "ਆ ਲੈਣ ਦਿਓ ਅੱਜ ਆਪਣੇ ਬਾਪੂ ਨੂੰ।"
ਵੀਰੋ ਤੇ ਝੱਟ ਅੰਦਰ ਜਾ ਵੜੀ, ਪਰ ਅਜਮੇਰ ਡਟ ਕੇ ਖਲੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ, "ਆ ਲੈਣ ਦੇ ਫੇਰ।"
ਤੇਜੋ ਨੇ ਅਗਾਂਹ ਵਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸਨੂੰ ਧ੍ਰੀਕਦੀ ਧ੍ਰੀਕਦੀ ਆਪਣੀ ਲਾਂਢੀ ਵਿੱਚ ਲੈ ਗਈ। ਗ਼ਫ਼ੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖ਼ਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ।
ਕਿਸੇ ਨੂੰ ਪਤਾ ਨਹੀਂ ਕਿ ਗ਼ਫ਼ੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ, ਜ਼ੀਰਾ, ਤੇ ਸ਼ਲਾਜੀਤ ਵੇਚਦਾ ਹੈ। ਕੋਈ ਕਹਿੰਦਾ ਸੀ ਸੂਦੀ ਰੁਪੈ ਦਿੰਦਾ ਹੈ ਤੇ ਬੜਾ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ, ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ। ਲਾਂਢੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ, ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਨ੍ਹਾਂ ਦੇ ਬੱਚੇ ਤਾਂ ਕਿਤੇ ਰਹੇ, ਉਹ ਆਪ ਹੀ ਪਠਾਣਾਂ ਕੋਲੋਂ ਬੜਾ ਡਰਦੇ ਸਨ। ਲਾਂਢੀਆਂ ਦੀਆਂ ਆਹਮੋ-ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗ਼ਫ਼ੂਰ ਪਠਾਣ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫ਼ੌਜੀ ਸੀ। ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖ਼ੂਬ ਕੰਨ ਭਰੇ।
ਦਿਨ ਚੜ੍ਹਦਿਆਂ ਹੀ ਅਜਮੇਰ ਦੇ ਬਾਪੂ ਨੇ ਗ਼ਫ਼ੂਰ ਦੀ ਲਾਂਢੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ। ਕੁੱਝ ਚਿਰ ਮਗਰੋਂ ਗ਼ਫ਼ੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ, "ਕਿਆ ਗੱਲ ਐ ਜਮਾਦਾਰਾ, ਸਰਦਾਰਾ?"
ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ ਵਿੱਚ ਕਿਹਾ, "ਦੇਖ ਬਈ ਤੂੰ ਮੁਸਲਮਾਨ ਹੈਂ ਖ਼ਾਨ, ਤੇ ਅਸੀਂ ਸਿੱਖ ਲੋਗ। ਤੂੰ ਸਾਡੇ ਬੱਚਿਆਂ ਨਾਲ ਨਾ……।"
"ਸਿੱਖ ਹੈ ਕਿ ਮੁਸਲਮਾਨ, ਬੱਚਾ ਤੋ ਸਭ ਕਾ ਏਕ ਹੈ, ਸਰਦਾਰ! ਖ਼ੁਦਾ ਤੋ ਸਭ ਕਾ ਏਕ ਹੈ।"
ਜਮਾਦਾਰ ਨੇ ਗਰਮ ਹੁੰਦਿਆਂ ਕਿਹਾ, "ਏਕ ਵੇਕ ਕੋਈ ਨਹੀਂ! ਤੂੰ ਸਾਡਿਆਂ ਬੱਚਿਆਂ ਨਾਲ ਨਾ ਖੇਲ। ਨਹੀਂ ਤੇ ਜੇ ਤੂੰ ਪਠਾਣ ਹੈਂ ਤਾਂ ਮੈਂ ਵੀ ਸਿੱਖ ਹਾਂ।"
ਪਠਾਣ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ, "ਸਭ ਬੱਚੇ ਮੇਰੇ ਕੋਲੋਂ ਡਰਦੇ ਹਨ, ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ। ਮੈਨੂੰ ਉਹ ਚੰਗੇ ਲੱਗੇ ਸਨ। ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ। ਮੈਂ ਕਿਸੇ ਨੂੰ ਸੱਦਦਾ ਨਹੀਂ। ਮੈਂ ਤੇ ਕੱਲ੍ਹਾ ਰਹਿਣ ਹੋ ਰਿਹਾ ਹਾਂ।"
"ਬਸ, ਬਸ" ਜਮਾਦਾਰ ਨੇ ਕਿਹਾ, "ਫੈਸਲਾ ਹੋ ਗਿਆ ਹੈ।"
ਬੱਚੇ ਅਕਸਰ ਦਾਅ ਬਚਾ ਕੇ ਗ਼ਫ਼ੂਰ ਦੇ ਸਾਹਮਣੇ ਆਉਂਦੇ ਸਨ, ਗ਼ਫ਼ੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫੇਰ ਵੀ ਕਈ ਵਾਰੀ ਗਫ਼ੂਰ ਦਾ ਜੀਅ ਪਸੀਜ ਜਾਂਦਾ ਸੀ ਤੇ ਉਹ ਚੋਰੀ ਚੋਰੀ ਉਨ੍ਹਾਂ ਨੂੰ ਕਾਬਲ ਦਾ ਸਰਧਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ ਚੋਰੀ ਖਾ ਕੇ ਘਰ ਜਾਣਾ। ਬੱਚੇ ਇਵੇਂ ਹੀ ਕਰਦੇ ਸਨ।
ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੁੜ੍ਹ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖ਼ਿਆਲ ਆਪਣੇ ਵੱਲ ਨਾ ਦੇਖ ਕੇ ਅਕਸਰ ਮਾਮੂਲੀ ਗੱਲ 'ਤੇ ਰੋ ਪੈਂਦੀ ਸੀ ਤੇ ਜ਼ਿਦਾਂ ਕਰਦੀ ਸੀ। ਤੇਜੋ ਉਸ ਨੂੰ ਗੁੱਸੇ ਹੁੰਦੀ ਸੀ। ਉਹ ਰੋਂਦੀ ਸੀ ਤੇ ਉਸਨੂੰ ਹੋਰ ਮਾਰ ਪੈਂਦੀ ਸੀ। ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸਨੂੰ ਦਾਅ ਲਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤਾਂ, "ਐਵੇਂ ਰੋਂਦੀ" ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪੁਆ ਦਿੰਦੇ ਸਨ। ਕੁੜੀ ਰੁਲ ਜਿਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਢੀਓਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸਨ ਛੱਡਦੇ। ਗ਼ਫ਼ੂਰ ਰੋਜ਼ ਸਭ ਦੇਖਦਾ ਸੀ। ਪਰ ਕੁੱਝ ਕਹਿ ਨਹੀਂ ਸੀ ਸਕਦਾ। ਵੱਡਿਆਂ ਬੱਚਿਆਂ ਦੀ ਚਾਹ ਉਸਦੇ ਦਿਲ ਵਿਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫ਼ੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲ੍ਹਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ।
ਇਨ੍ਹਾਂ ਦਿਨਾਂ ਵਿੱਚ ਖ਼ੁਨਾਮੀ ਕਰਕੇ ਦੋ ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫੇਰ ਤੇ ਕੁੜੀ ਦੀ ਸ਼ਾਮਤ ਆ ਗਈ, ਜਿਹੜਾ ਆਵੇ ਉਸ ਨੂੰ ਕੁੱਟੇ। ਤੇਜੋ ਕਹੇ, "ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ।" ਮਹੀਨੇ ਦੇ ਮਹੀਨੇ ਤਨਖ਼ਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ।
ਮਜ਼ਲੂਮ ਦੇ ਰਹਿਮ ਨੇ ਗ਼ਫ਼ੂਰ ਦੇ ਦਿਲ ਵਿੱਚ ਜ਼ਾਲਮ 'ਤੇ ਰਹਿਮ ਕਰਨ ਦਾ ਜਜ਼ਬਾ ਭਰਿਆ। ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ, "ਸਰਦਾਰ, ਤੂੰ ਮੇਰਾ ਭਾਈ ਹੈਂ। ਮੰੈਨੂੰ ਪਤਾ ਹੈ ਤੈਨੂੰ ਤੰਗੀ ਹੈ। ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾਂਹ ਨਾ ਕਰੀਂ।"
ਸਰਦਾਰ ਚੁੱਪ ਸੀ ਤੇ ਗ਼ਫ਼ੂਰ ਨੇ ਪੰਦਰਾਂ ਦੇ ਨੋਟ ਉਸਦੇ ਹੱਥ ਵਿੱਚ ਦਿੱਤੇ। ਘਰ ਵਿੱਚ ਲੋੜ ਸੀ; ਦਿਲ ਪਠਾਣ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫੇਰ ਵੀ ਉਸ ਪੰਦਰਾਂ ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ ਸੂਦ ਮੋੜ ਦੇਵਾਂਗਾ।
ਜਾਣ ਲੱਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖਕੇ ਗ਼ਫ਼ੂਰ ਨੇ ਕਿਹਾ, "ਸਰਦਾਰ, ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ। ਨਾਦਾਨ; ਬੇਕਸੂਰ ਹੈ। ਉਸ ਨੂੰ ਮਤ ਮਾਰੋ। ਮੰੈਨੂੰ ਤਕਲੀਫ਼ ਹੁੰਦੀ ਹੈ। ਮਤ ਮਾਰੋ। ਦੇਖੋ, ਉਹ ਬਹੁਤ ਕਮਜ਼ੋਰ ਹੈ, ਮਰ ਜਾਏਗੀ।"
ਕਿੰਨਾ ਚਿਰ ਪਠਾਣ ਦੀਆਂ ਤਰਲਿਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ। ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ, ਪਰ ਤੇਜੋ ਤੇ ਬੱਚਿਆਂ ਦੀ ਆਦਤ ਪਕ ਚੁੱਕੀ ਸੀ।
ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖ਼ਾਹ ਮਿਲੀ ਤਾਂ ਉਹ ਪਹਿਲਾਂ ਗ਼ਫ਼ੂਰ ਦੀ ਲਾਂਢੀ ਵਿੱਚ ਵੜਿਆ। ਪੰਦਰਾਂ ਰੁਪਏ ਦੇ ਨਾਲ, ਪਠਾਣ ਦਾ ਕਰੜੇ ਤੋਂ ਕਰੜਾ ਸੂਦਾ ਗਿਣ ਕੇ, ਉਸ ਪੰਜਾਂ ਰੁਪਇਆਂ ਦਾ ਨੋਟ ਹੋਰ ਜੜ ਦਿੱਤਾ। ਗ਼ਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ, "ਸਰਦਾਰਾ ਇਹ ਕਿਐ?"
ਸਰਦਾਰ ਨੇ ਕਿਹਾ, "ਤੁਹਾਡਾ ਰੁਪਈਆ ਤੇ ਸੂਦ।"
"ਹਮ ਮੁਸਲਮਾਨ ਪਠਾਣ ਹੈ, ਸਰਦਾਰ" ਪਠਾਣ ਨੇ ਰੋਹ ਵਿੱਚ ਆਣ ਕੇ ਕਿਹਾ, "ਹਮ ਸੂਦ ਨੂੰ ਹਰਾਮ ਸਮਝਦਾ ਹੈ।"
ਗ਼ਫ਼ੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ, "ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਣ ਸੂਦ ਨਹੀਂ ਵੀ ਲੈਂਦਾ, ਹੱਛਾ ਲੱਗ ਗਿਆ ਪਤਾ, ਪਰ ਇਹ ਲਓ ਆਪਣੇ ਰੁਪਏ।"
"ਇਹ ਤਾਂ ਮਦਦ ਸੀ" ਗ਼ਫ਼ੂਰ ਨੇ ਝਟ ਹੀ ਸਾਹਵੀਂ ਸ਼ਕਲ ਬਣਾਉਂਦਿਆਂ ਕਿਹਾ, "ਬੱਚਾ ਸਭ ਕਾ ਏਕ ਹੈ, ਸਰਦਾਰ।"
ਜਮਾਦਾਰ ਨੇ ਉਸਦੀ ਇੱਕ ਨਾ ਸੁਣੀ, ਤੇ ਰੁਪਏ ਬਦੋ ਬਦੀ ਉਸ ਨੂੰ ਦੇ ਕੇ ਘਰ ਵੜਿਆ। ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ, ਵੀਰੋ ਤੇ ਅਜਮੇਰ ਉਸਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਂਕੇ ਵਿਚੋਂ ਬਿਨਾਂ ਦੇਖਿਆਂ ਉਸਨੂੰ ਗਾਲ੍ਹਾਂ ਕੱਢ ਰਹੀ ਸੀ। ਜਮਾਦਾਰ ਨੇ ਅਜਮੇਰ ਨੂੰ ਝਿੜਕਿਆ, ਵੀਰੋ ਨੂੰ ਇੱਕ ਲਾਈ ਤੇ ਕੁੜੀ ਨੂੰ ਕੁੱਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ। ਕੁੱਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ, "ਵੱਡੀ ਲਾਡਲੀ! ਖ਼ਸਮ ਖਾਣੀ ਨੂੰ ਚੁੱਕ ਲਿਆ। ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਐ, ਨਹਿਸ਼!"
ਜਮਾਦਾਰ ਨੇ ਉਸ ਨੂੰ ਖ਼ੂਬ ਝਾੜ ਪਾਈ ਤੇ ਉਹ ਮੂੰਹ ਸੁਜਾ ਕੇ ਇੱਕ ਨੁੱਕਰੇ ਬਹਿ ਗਈ।
ਤੇਜੋ ਚੇੜ੍ਹ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ। ਕੁੜੀ ਜ਼ਿੱਦਲ ਅਤੇ ਢੀਠ ਬਣ ਗਈ। ਗ਼ਫ਼ੂਰ ਕੁੜੀ ਦੀ ਸ਼ਾਮਤ ਆਉਂਦੀ ਰੋਜ਼ ਦੇਖਦਾ ਸੀ। ਉਸਨੂੰ ਇਕੱਲੀ ਧੁੱਪ ਵਿੱਚ ਡਿੱਗਦੀ ਢਹਿੰਦੀ ਦੇਖ ਕੇ ਉਸ ਦਾ ਦਿਲ ਪੰਘਰ ਜਾਂਦਾ ਸੀ।
ਇਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗ਼ਫ਼ੂਰ ਨੇ ਸੈਨਤ ਨਾਲ ਸੱਦਿਆ। ਉਹ ਕੋਲ ਚਲੀ ਗਈ। ਉਹ ਉਸਨੂੰ ਚੁੱਕ ਕੇ ਅੰਦਰ ਲੈ ਗਿਆ। ਝੋਲੇ ਵਿੱਚ ਹੱਥ ਮਾਰਿਆ, ਉਸ ਵਿੱਚ ਕੁੱਝ ਨਹੀਂ ਸੀ।
ਪਠਾਣ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ। ਉਹ ਦੱਬੇ ਪੈਰੀਂ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਓਥੋਂ ਦੋ ਤਿੰਨ ਕਿਸਮ ਦੇ ਫ਼ਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ। ਗ਼ਫ਼ੂਰ ਦਾ ਹਉਕਾ ਨਿਕਲ ਗਿਆ। ਉਸ ਸੋਚਿਆ, 'ਇਸ ਦੀ ਮਾਂ, ਵੱਡੇ ਬੱਚੇ ਤੇ ਸਰਦਾਰ, ਇਸ ਨੂੰ ਮਾਰ ਕੇ ਛੱਡਣਗੇ। ਇਸ ਨੂੰ ਬਚਾਉਣਾ ਚਾਹੀਦਾ ਹੈ।" ਉਸ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ, ਦੋ ਰੁਪਿਆਂ ਦਾ ਕਰਿਆਨਾ ਖੜਕਿਆ। ਸੋਚਿਆ, ਨੱਸ ਕੇ ਲਾਂਢੀ ਵਿੱਚੋਂ ਕੁੱਝ ਲੈ ਆਵਾਂ। ਓਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉਪਰ ਰੁਪਿਆ ਹੈ, ਪਰ ਫਿਰ ਖ਼ਿਆਲ ਆਇਆ ਕਿ ਕੁੜੀ ਨੂੰ ਛੁਡਾਉਣ ਦਾ ਮੌਕਾ ਖੁੰਝ ਜਾਵੇਗਾ, ਇਸ ਦੀ ਮਾਂ ਰੌਲਾ ਪਾ ਦੇਵੇਗੀ, ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ।
ਉਹ ਘਰ ਨਾ ਮੁੜਿਆ। ਉਸ ਇੱਕ ਮੁਸਲਮਾਨ ਦੀ ਘੋੜਾ-ਗੱਡੀ ਪਕੜੀ ਤੇ ਸਟੇਸ਼ਨ ਉਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ।
ਪਿਛੋਂ ਰੌਲਾ ਪੈ ਗਿਆ, "ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ।"
ਕੋਈ ਕਹੇ, "ਦੇਖਾ, ਸਿਖ ਡਰਤਾ ਨਹੀਂ ਥਾ।" ਕੋਈ ਕਹੇ, "ਪਠਾਣ ਦਾਅ ਤੇ ਸੀ, ਲੈ ਉਡਿਆ।"
ਭਾਂਤੋ ਭਾਂਤ ਗੱਲਾਂ ਨੇ ਸਰਦਾਰ ਦਾ ਦਿਲ ਗ਼ਫ਼ੂਰ ਵੱਲੋਂ ਖੱਟਾ ਕਰ ਦਿੱਤਾ। ਠਾਣੇ ਰਿਪੋਟ ਲਿਖਾਈ ਗਈ। ਤੇਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਣ ਦੇ ਬੱਚੇ ਕੱਚੇ ਪਿੱਟਦੀ ਸੀ। ਪੁਲਸ ਹੈਰਾਨ ਸੀ ਕਿ ਪਠਾਣ ਏਨਾਂ ਰੁਪਿਆ ਤੇ ਬੂਹਾ ਖੁੱਲ੍ਹਾ ਛੱਡ ਕੇ ਕਿਉਂ ਚਲਾ ਗਿਆ।
ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ। ਕੁੜੀ ਹੱਥਕੜੀਆਂ ਵਿੱਚ ਜਕੜੇ ਹੋਏ ਗ਼ਫ਼ੂਰ ਦੇ ਕੁੱਛੜ ਸੀ। ਪਿਓ ਦੀ ਵਾਜ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵਲ ਮੂੰਹ ਕਰਕੇ ਮੋੜ ਲਿਆ। ਤੇਜੋ ਦਾ ਵੀ ਓਥੇ ਕੋਈ ਚਾਰਾ ਨਾ ਚੱਲਿਆ। ਕੁੜੀ ਬੜੀ ਤਕੜੀ ਹੋਈ ਹੋਈ ਸੀ ਤੇ ਪਠਾਣ ਕਮਜ਼ੋਰ।
ਜਮਾਦਾਰ, ਤੇਜੋ ਤੇ ਹੋਰ ਹਮਸਾਇਆਂ ਨੇ ਸ਼ਨਾਖ਼ਤ ਕੀਤੀ। ਪਠਾਣ ਬਿਟ ਬਿਟ ਉਨ੍ਹਾਂ ਵਲ ਤੱਕੀ ਜਾਂਦਾ ਸੀ। ਆਖ਼ਰ ਜਦ ਪੁਲਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬਕੜਵਾਹ ਨੇ ਕਮਰੇ ਨੂੰ ਗੁੰਜਾ ਦਿੱਤਾ।
ਪਠਾਣ ਕਹਿੰਦਾ ਸੀ, "ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ………ਕਸਾਈ।"
ਠਾਣੇਦਾਰ ਕੜਕ ਕੇ ਬੋਲਿਆ, "ਤੋ ਤੁਮ ਇਸ ਕੋ ਬਚਾਨੇ ਕੇ ਲੀਏ ਉਠਾ ਕੇ ਲੇ ਗਿਆ ਥਾ!"
ਚਾਰੇ ਪਾਸੇ ਹਾਸੇ ਦਾ ਹੜ੍ਹ ਆ ਗਿਆ। ਕੋਈ ਕਹਿੰਦਾ ਸੀ, "ਮਚਲਾ ਹੈ।"
ਪਰ ਗ਼ਫ਼ੂਰ ਰੋਈ ਜਾ ਰਿਹਾ ਸੀ।

Thursday 26 June 2014

" ਉਤਰਾਖੰਡ "
ਮਹਾਰਾਜ ਕੋਟਿ ਅੰ ਕੋਟਿ ਧੰਨਵਾਦ
ਮੂਰਤੀਆਂ ਦਾ
ਪੁਨਰ ਸਥਾਪਨ ਸੰਪੂਰਨ ਹੈ
ਧਾਰਨ ਕਰੋ
ਮੰਦਰਾਂ ਦਾ ਸੁਧੀਕਰਨ ਹੋ ਚੁੱਕਾ ਹੈ
ਬਿਰਾਜੋ
ਸਤਜੁਗ, ਤ੍ਰੇਤਾ , ਦੁਆਪਰ
ਸਾਡੇ ਮੋਢਿਆਂ ਤੇ ਸਵਾਰ ਹੈ
ਆਪ ਜੀ ਦੀ ਸ਼ਰਨ ਵਿਚ
ਜੁਗਾਂ ਤੋਂ ਅਹਿਲ
ਸਾਡੇ ਸਿਰਾਂ ਦੁਆਲੇ
ਮਿਥਹਾਸ ਪ੍ਰ੍ਕਰਮਾ ਚ ਹੈ
ਆਪ ਜਾਣੀ ਜਾਣ ਹੋ
ਖੂੰਖਾਰ ਮੌਸਮ
ਤੇ ਮਹਿਮੂਦ ਗਜਨਵੀ
ਬਿਨਾ ਖਬਰ ਆਉਂਦੇ ਹਨ
ਤੂਫਾਨ ਦਾ ਨਾਸ਼ ਹੋ ਚੁਕਿਆ ਹੈ
ਸਾਡੀਆਂ ਜੀਭਾਂ
ਹਾਜਰ ਹਨ
ਅਸੀਂ ਫਿਰ ਤੋਂ
ਯਾਤਰਾ ਲਈ
ਤਿਆਰ ਹਾਂ

Wednesday 18 June 2014

ਬਾਰੀ ਵਿਚ ਖੜ੍ਹੀ ਔਰਤ
- ਅਮਰਜੀਤ ਚੰਦਨ
 
ਨਾਲ਼-ਦੀ ਤਸਵੀਰ ਗਹੁ ਨਾਲ਼ ਦੇਖੋ। ਇਹ ਹੱਥੀਂ ਬਣਾਈ ਤਸਵੀਰ ਦੀ ਤਸਵੀਰ ਹੈ। ਫ਼ੌਰਨ ਅੱਖਾਂ ਅੱਗੇ ਅੱਧਨੰਗੀ ਔਰਤ ਆਉਂਦੀ ਹੈ। ਇਹਦੇ ਹੱਥ ਦੱਸਦੇ ਨੇ ਕਿ ਇਨ੍ਹਾਂ ਇਹਦੀਆਂ ਛਾਤੀਆਂ ਨੂੰ ਕੱਜਿਆ ਹੋਇਆ ਹੈ। ਕੀ ਔਰਤ ਦੇ ਜਿਸਮ ਦਾ ਇਹ ਸੰਕੋਚ ਸਹਿਜ-ਸੁਭਾਅ ਹੈ? ਜਾਂ ਕਿਸੇ ਹੋਰ ਦੀ ਮੌਜੂਦਗੀ ਕਰਕੇ? ਤਸਵੀਰ ਵਿਚ ਹੋਰ ਕੋਈ ਜੀਅ ਮੌਜੂਦ ਨਹੀਂ। ਇਹ ਅਪਣੇ ਹੀ ਅੱਗੇ ਡਰੀ, ਸਹਿਮੀ ਤੇ ਝਿਜਕੀ ਖੜ੍ਹੀ ਹੈ।

ਇਹ ਤਸਵੀਰ ਆਮ ਤਸਵੀਰਾਂ ਵਾਂਙ ਦੋਪੱਖੀ ਨਹੀਂ, ਬਹੁਪੱਖੀ ਹੈ। ਹਰ ਤਸਵੀਰ ਅਪਣੇ ਆਪ ਚ ਚੌਖਟਾ (ਫ਼ਰੇਮ) ਹੁੰਦੀ ਹੈ। ਇਸ ਤਸਵੀਰ ਵਿਚ ਕਈ ਚੌਖਟੇ ਹਨ। ਇਹ ਫ਼ਰੇਮ ਵੀ ਹੈ ਤੇ ਬਾਰੀ ਵੀ। ਤੇ ਕੋਈ ਨੇੜਿਓਂ ਜਾਂ ਦੂਰੋਂ ਇਸ ਤੀਵੀਂ ਵਲ ਝਾਕ ਰਿਹਾ ਹੈ। ਇਹਨੇ ਜਾਂ ਤਾਂ ਜਾਣਦਿਆਂ ਹੋਇਆਂ ਝਾਕਣ ਵਾਲ਼ੇ ਵਲ ਪਿਠ ਕੀਤੀ ਹੋਈ ਹੈ; ਜਾਂ ਚੁਗਲਝਾਤ ਮਾਰਨ ਵਾਲ਼ੇ ਤੋਂ ਅਣਜਾਣਦਿਆਂ ਇਹ ਸ਼ੀਸ਼ੇ ਅੱਗੇ ਅਪਣਾ ਉਭਾਰ ਕੱਜ ਕੇ ਦੇਖ ਰਹੀ ਹੈ ਕਿ ਕਿਹੋ ਜਿਹਾ ਲਗਦਾ ਹੈ। ਸ਼ੀਸ਼ੇ ਅੱਗੇ ‘ਕੱਲੀ ਤੀਵੀਂ ਕਿਹੋ ਜਿਹੀਆਂ ਹਰਕਤਾਂ ਕਰਦੀ ਹੋਏਗੀ? ਤਸਵੀਰ ਵਾਲ਼ੀ ਤੀਵੀਂ ਦੇ ਸਿਰ ਦੇ ਬਰਾਬਰ ਦਰੀ ਦਾ ਪੰਜਾਬੀ ਨਮੂਨਾ (ਰੁੱਖ ਜਾਂ ਤਾਰਾ) ਜਾਂ ਤਾਂ ਉਹਦੇ ਪਿਛਾੜੀ ਕੰਧ ਦਾ ਸ਼ੀਸ਼ੇ ਚ ਪੈਂਦਾ ਅਕਸ ਹੈ ਜਾਂ ਉਹਦੇ ਅੱਗੇ ਵਾਲ਼ੀ ਕੰਧ ਦਾ। ਤੁਰਕੀ ਵਿਚ ਇਸੇ ਨਮੂਨੇ ਦਾ ਮਤਲਬ ਹੋਣੀ ਤੋਂ ਹੁੰਦਾ ਹੈ। ਇਹ ਤੀਵੀਂ ਕੀ ਸੋਚਦੀ ਹੈ? ਇਹਦੇ ਦਿਲ ਚ ਕੀ ਹੈ? ਸਿਰ ਉੱਤੇ ਰਾਹ ਦਿੰਦੀਆਂ ਔਂਸੀਆਂ ਹਨ। ਕੀ ਇਹਦੇ ਭਾਣੇ ਇਹਦੀ ਉਡੀਕ ਮੁੱਕ ਗਈ ਹੈ? ਵੇਗਮੱਤੀਆਂ ਉਂਗਲ਼ਾਂ ਚ ਕਾਮ ਜਾਗਿਆ ਹੋਇਆ ਹੈ। ਕੀ ਇਹ ਅਪਣੇ ਪ੍ਰੇਮੀ ਜਾਂ ਪ੍ਰੇਮਣ ਦੇ ਪਿੰਡੇ ਨੂੰ ਇੰਜ ਹੀ ਟੋਂਹਦੀ ਹੁੰਦੀ ਹੈ?

ਇਸ ਤੀਵੀਂ ਦਾ ਪਿੰਡਾ ਰੱਬ ਦਾ ਵਿਹਲੇ ਵੇਲੇ ਬੈਠ ਕੇ ਬਣਾਇਆ ਵੀਨਸ ਜਾਂ ਪਾਰਵਤੀ ਦਾ ਪਿੰਡਾ ਨਹੀਂ। ਇਹ ਤਸਵੀਰ ਲੁੱਚੇ ਰਸਾਲਿਆਂ ਦੀਆਂ ਤਸਵੀਰਾਂ ਵਰਗੀ ਬੇਹਯਾ ਤੇ ਹੁਸ਼ਿਆਰੀ ਲਿਆਉਣ ਵਾਲ਼ੀ ਨਹੀਂ। ਨਾ ਇਹ ਸੰਕੋਚ ਪੀਪ ਸ਼ੋਅ ਵਿਚ ਹੁੰਦਾ ਹੈ। ਇਹ ਕਾਮਸੂਤਰ ਦੀ ਤਸਵੀਰ ਵੀ ਨਹੀਂ।

ਅੱਜ ਤਾਈਂ ਕਲਾ ਤੇ ਸਾਹਿਤ ਵਿਚ ਮਰਦ ਨੇ ਹੀ ਔਰਤ ਨੂੰ ਚਿਤਰਿਆ ਹੈ। ਇਹ ਸ਼ਿਕਾਇਤ ਔਰਤ ਕਰਦੀ ਹੈ। ਹੁਣ ਤਕ ਮੈਨੂੰ ਦਸ ਦੇਣਾ ਚਾਹੀਦਾ ਸੀ ਕਿ ਇਹ ਨਾਲ਼-ਦੀ ਤਸਵੀਰ ਔਰਤ ਦੀ ਬਣਾਈ ਹੋਈ ਹੈ ਤੇ ਉਹਦਾ ਨਾਂ ਭਜਨ ਹੁੰਝਨ ਹੈ। ਭਜਨੋ ਨੇ ਇਸ ਤਸਵੀਰ ਦਾ ਇਹ ਅੰਗਰੇਜ਼ੀ ਨਾਂ ਰੱਖਿਆ ਹੈ - ਮਾਈਸੈਲਫ਼ ਯਾਨੀ ਮੇਰਾ ਅਪਣਾ ਆਪ।

ਇਸ ਸਵਾਲ ਦਾ ਜਵਾਬ ਲਭਣਾ ਸੌਖਾ ਨਹੀਂ ਕਿ ਕੀ ਮਰਦ ਔਰਤ ਨੂੰ ਉਸ ਹੱਦ ਤਕ ਸਮਝ ਸਕਦਾ ਹੈ, ਜਿਸ ਹੱਦ ਤਕ ਔਰਤ ਅਪਣੇ ਆਪ ਨੂੰ ਜਾਂ ਔਰਤਜ਼ਾਤ ਨੂੰ ਸਮਝਦੀ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਦੀਆਂ ਲੇਖਿਕਾਵਾਂ ਨੇ ਔਰਤ ਬਾਰੇ ਓਨੀ ਅਪਣੱਤ ਨਾਲ਼ ਨਹੀਂ ਲਿਖਿਆ, ਜਿੰਨਾ ਰਾਜਿੰਦਰ ਸਿੰਘ ਬੇਦੀ ਜਾਂ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ? ਵਾਰਿਸ ਸ਼ਾਹ ਨੇ ਜਿਵੇਂ ਹੀਰ ਦਾ ਰੂਪ ਬਿਆਨ ਕੀਤਾ ਹੈ, ਓਵੇਂ ਕਿਸੇ ਪੰਜਾਬੀ ਲੇਖਿਕਾ ਨੇ ਔਰਤ ਨੂੰ ਕਿਉਂ ਨਹੀਂ ਦੇਖਿਆ ਜਾਂ ਉਸ ਲਿਹਾਜ਼ ਨਾਲ਼ ਮਰਦ ਨੂੰ ਕਿਉਂ ਨਹੀਂ ਦੇਖਿਆ?

ਅੱਧੀ ਸਦੀ ਪਹਿਲਾਂ ਅਮ੍ਰਿਤਾ ਸ਼ੇਰਗਿੱਲ ਨੇ ਅਪਣਾ ਨਗਨ ਚਿਤ੍ਰ ਬਣਾਇਆ ਸੀ। ਉਹਦੇ ਵੇਲੇ ਤਾਂ ਲਹੌਰ ਵਿਚ ਤਹਿਲਕਾ ਮਚ ਗਿਆ ਹੋਏਗਾ। ਪਰ ਹੁਣ ਦੇ ਜ਼ਮਾਨੇ ਵਿਚ ਪੰਜਾਬੀ ਚਿਤੇਰੀਆਂ ਅਪਣੇ ਨੰਗੇ ਚਿਤ੍ਰ ਕਿਉਂ ਨਹੀਂ ਬਣਾਉਂਦੀਆਂ? ਭਜਨੋ ਤਾਂ ਇੰਗਲੈਂਡ ਦੀ ਜੰਮਪਲ਼ ਹੈ। ਇਹਨੂੰ ਕਾਹਦਾ ਸੰਕੋਚ ਹੈ?

ਇਸ ਤਸਵੀਰ ਵਾਲ਼ੀ ਤੀਵੀਂ ਦਾ ਸੰਕੋਚ ਹਰ ਕਿਸਮ ਦੀ ਸਮਾਜੀ ਬੰਦਿਸ਼ ਦਾ ਸ਼ੀਸ਼ਾ ਹੈ। ਪੰਜਾਬ ਦਾ ਇਤਿਹਾਸ ਔਰਤ ਨਾਲ਼ ਵਧੀਕੀਆਂ ਨਾਲ਼ ਭਰਿਆ ਪਿਆ ਹੈ। ਸਾਡੇ ਕੁੜੀ ਜੰਮਣਸਾਰ ਮਾਰਨ ਦੀ ਰੀਤ ਇਸ ਸਦੀ ਦੇ ਸ਼ੁਰੂ ਵਿਚ ਹੀ ਬੰਦ ਹੋਈ ਸੀ। (ਹੁਣ ਪੰਜਾਬ ਵਿਚ ਕੁੜੀ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਅੱਡੇ ਥਾਂ ਪਰ ਥਾਂ ਬਣੇ ਹੋਏ ਹਨ।) ਲੋਹੜੀ, ਰੱਖੜੀ ਵਰਦੇ ਮਰਦ ਅਹੰਕਾਰ ਵਾਲ਼ੇ ਤਿਉਹਾਰ ਪਤਾ ਨਹੀਂ ਕਦੋਂ ਰੱਦ ਹੋਣਗੇ? ਪੰਜਾਬੀ ਵਿਚ ਇਸਤਰੀ ਲਹਿਰ ਦਾ ਹਾਲੇ ਤਾਈਂ ਕੋਈ ਮੂੰਹ-ਮੱਥਾ ਨਹੀਂ ਬਣਿਆ।

ਬਹੁਤ ਘਟ ਪੰਜਾਬਣਾਂ ਨੇ ਅਪਣਾ ਸਗਲਾ ਨਗਨ ਆਪਾ ਸ਼ੀਸ਼ੇ ਅੱਗੇ ਦੇਖਿਆ ਹੋਏਗਾ ਜਾਂ ਨਿਰਵਸਤਰ ਹੋ ਕੇ ਸੇਜ ਮਾਣੀ ਹੋਏਗੀ। ਦਿੱਲੀਓਂ ਛਪਦੇ ਔਰਤਾਂ ਦੇ ਪਰਚੇ ਮਾਨੁਸ਼ੀ ਵਿਚ ਇਕ ਵਾਰ ਲੇਖ ਛਪਿਆ ਸੀ, ਜਿਸ ਵਿਚ ਔਰਤਾਂ ਨੂੰ ਅਪਣੇ ਅੰਤਰੀਵ ਅੰਗ ਦੇਖਣ ਦੇ ਤਰੀਕੇ ਸਮਝਾਏ ਗਏ ਸਨ।

ਭਜਨੋ ਦੀ ਬਣਾਈ ਤਸਵੀਰ ਵਿਚ ਤੀਵੀਂ ਦੇ ਪਿੰਡੇ ਦੇ ਉਨ੍ਹਾਂ ਅੰਗਾਂ ਵਲ ਕੋਈ ਇਸ਼ਾਰਾ ਨਹੀਂ, ਜਿਨ੍ਹਾਂ ਨੂੰ ਮਰਦ ਅਕਸਰ ਤਾੜਦਾ ਹੈ ਅਤੇ ਉਹਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਜਿਵੇਂ ਚਾਹਵੇ ਤੀਵੀਂ ਦੇ ਪਿੰਡੇ ਨੂੰ ਵਰਤ ਸਕਦਾ ਹੈ। ਇਹ ਉਹਦੀ ਧੌਂਸ ਨਹੀਂ ਮੰਨਦੀ। ਇਹ ਮਰਦ ਨੂੰ ਮਾਯੂਸ ਕਰਨ ਵਾਲ਼ੀ ਤਸਵੀਰ ਹੈ।


ਸਾਹਿਤਕ ਸਵੈਜੀਵਨੀ-2
ਪਰਿਵਾਰਕ ਪਿਛੋਕੜ
- ਵਰਿਆਮ ਸਿੰਘ ਸੰਧੂ
 
 
ਅਸੀਂ ਪੰਜ ਭੈਣ-ਭਰਾ ਹਾਂ। ਤਿੰਨ ਭੈਣਾਂ ਅਤੇ ਦੋ ਭਰਾ। ਮੈਂ ਸਭ ਤੋਂ ਵੱਡਾ ਹਾਂ। ਪਲੇਠੀ ਦਾ ਪੁੱਤ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡਾ ਕਲਾਂ ਵਿੱਚ ਮੈਂ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ ਪੈਦਾ ਹੋਇਆ। ਉਂਜ ਸਰਕਾਰੀ ਰੀਕਾਰਡ ਅਨੁਸਾਰ ਮੇਰੀ ਜਨਮ ਮਿਤੀ 10 ਸਤੰਬਰ 1945 ਹੈ। ਮੇਰੇ ਨਾਨਕੇ ਔਲਖ ਜੱਟ ਹਨ। ਮੇਰੇ ਨਾਨੇ ਠਾਕੁਰ ਸਿੰਘ ਹੁਰਾਂ ਦੀ ਭੈਣ ਮੰਗਲ ਕੌਰ (ਮੰਗਲੀ) ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਵੱਡੇ ਅਤੇ ਨਾਮੀਂ ਪਿੰਡ ਭਡਾਣਾ ਵਿੱਚ ਹਰੀ ਸਿੰਘ ਨਾਲ ਵਿਆਹੀ ਹੋਈ ਸੀ। ਹਰੀ ਸਿੰਘ ਤੋਂ ਛੋਟੇ ਉਸਦੇ ਦੋ ਭਰਾ ਸਨ; ਚੰਦਾ ਸਿੰਘ ਅਤੇ ਬਿਸ਼ਨ ਸਿੰਘ। ਸਭ ਤੋਂ ਛੋਟਾ ਬਿਸ਼ਨ ਸਿੰਘ ਸਿੱਧੜ ਹੋਣ ਕਰਕੇ ਅਣਵਿਆਹਿਆ ਰਿਹਾ ਅਤੇ ਆਪਣੇ ਵੱਡੇ ਭਰਾਵਾਂ ਦਾ ਮਾਲ-ਡੰਗਰ ਸਾਂਭਦਾ। ਚੰਦਾ ਸਿੰਘ, ਜਿਸਨੇ ਭਵਿੱਖ ਵਿੱਚ ਮੇਰਾ ਦਾਦਾ ਬਣਨਾ ਸੀ, ਲਾਹੌਰ ਜ਼ਿਲ੍ਹੇ ਦੇ ਇੱਕ ਹੋਰ ਵੱਡੇ ਪਿੰਡ ਸੁਰ ਸਿੰਘ ਵਿੱਚ ਪਾਲਾ ਸਿੰਘ ਦੀ ਧੀ ਧੰਨ ਕੌਰ ਨਾਲ ਵਿਆਹਿਆ ਗਿਆ।
ਪਾਲਾ ਸਿੰਘ ਦਾ ਪਿਤਾ ਕਿਸ਼ਨ ਸਿੰਘ ਘੋੜੇ ਪਾਲਣ ਦਾ ਸ਼ੌਕੀਨ ਹੋਣ ਕਰਕੇ ਸਮੁੱਚੇ ਇਲਾਕੇ ਵਿੱਚ ਪ੍ਰਸਿੱਧ ਸੀ। ਉਸਦੀ ਪ੍ਰਸਿੱਧੀ ਦਾ ਕਾਰਨ ਅਜਿਹਾ ਵਿਗਿਆਨਕ ਹੁਨਰ ਉਸ ਕੋਲ ਹੋਣਾ ਸੀ, ਜਿਸ ਸਦਕਾ ਉਹ ਆਪਣੇ ਸ੍ਹਾਨ ਘੋੜੇ ਰਾਹੀਂ ਗਰਭਿਤ ਹੋਈ ਘੋੜੀ ਦੇ ਮਾਲਕ ਦੇ ਮਨਚਾਹੇ ਰੰਗ ਦਾ ਵਛੇਰਾ/ਵਛੇਰੀ ਪੈਦਾ ਕਰਵਾ ਸਕਦਾ ਸੀ। ਦੱਸਣ ਵਾਲੇ ਦੱਸਦੇ ਹਨ ਕਿ ਉਹ ਘੋੜੇ ਦਾ ਵੀਰਜ ਕੈਂਹ ਦੇ ਛੰਨੇ ਵਿੱਚ ਪਾ ਕੇ ਉਸ ਵਿੱਚ ਲੋੜੀਂਦਾ ਨਿਸਚਿਤ ਰੰਗ ਮਿਲਾ ਕੇ ਨੜੇ ਦੇ ਖੋਲ ਵਿੱਚ ਪਾਉਂਦਾ ਅਤੇ ਫ਼ਿਰ ਉਸ ਨੜੇ ਨੂੰ ਘੋੜੀ ਦੀ ਬੱਚੇਦਾਨੀ ਤੱਕ ਪੁਚਾ ਕੇ ਪਿੱਛੋਂ ਫ਼ੂਕ ਮਾਰਦਾ। ਵੀਰਜ ਘੋੜੀ ਦੇ ਗਰਭ ਅੰਦਰ ਪਹੁੰਚ ਜਾਂਦਾ। ਇਹ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਦੰਦ-ਕਥਾ ਹੈ। ਅਸਲ ਵਿਧੀ ਪਤਾ ਨਹੀਂ ਉਹ ਕੀ ਅਖ਼ਤਿਆਰ ਕਰਦਾ ਸੀ। ਪਰ ਹੋਵੇਗੀ ਉਹ ਨਿਸਚੈ ਹੀ ਕੋਈ ਵਿਗਿਆਨਕ-ਵਿਧੀ। ਉਂਜ ਅਨਪੜ੍ਹ ਕਿਸਾਨ ਕੋਲ ਇਸ ਹੁਨਰ ਦਾ ਹੋਣਾ ਉਸਨੂੰ ਹੈਰਾਨੀ ਭਰੀ ਸ਼ਲਾਘਾ ਦਾ ਪਾਤਰ ਬਣਾਉਂਦਾ ਹੈ। ਉਸ ਬਾਰੇ ਇਹ ਕਹਾਣੀ ਵੀ ਪ੍ਰਸਿੱਧ ਸੀ ਕਿ ਇੱਕ ਵਾਰ ਉਸਦੀ ਇਸ ਸ਼ੋਭਾ ਨੂੰ ਸੁਣ ਕੇ ਲਾਹੌਰ ਦੇ ਡੀ ਸੀ ਨੇ ਅਹਿਲਕਾਰ ਭੇਜ ਕੇ ਆਪਣੇ ਕੋਲ ਸੱਦਿਆ। ਅਹਿਲਕਾਰ ਨੇ ਆਪਣੇ ਆਉਣ ਦਾ ਮਕਸਦ ਪਹਿਲਾਂ ਹੀ ਦੱਸ ਦਿੱਤਾ ਸੀ। 'ਸਾਹਬ-ਬਹਾਦਰ' ਨੂੰ ਆਪਣੀ ਘੋੜੀ ਤੋਂ ਕਾਲੇ-ਚਿੱਟੇ ਡੱਬਾਂ ਵਾਲਾ ਬੱਚਾ ਚਾਹੀਦਾ ਸੀ। ਕਿਸ਼ਨ ਸਿੰਘ ਨੇ ਆਪਣੇ ਰੰਗਾਂ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਨੂੰ ਡੱਬੀ ਵਿੱਚ ਪਾਇਆ ਅਤੇ ਡੱਬੀ ਖੱਦਰ ਦੇ ਲੰਮੇ ਕੁੜਤੇ ਦੀ ਅੰਦਰਲੀ ਵੱਡੀ ਜੇਬ ਵਿੱਚ ਪਾ ਲਈ। ਨਾਲ ਲੈ ਲਿਆ ਨੜਾ। ਸ੍ਹਾਨ ਘੋੜਾ ਤਾਂ ਉਹ ਨਾਲ ਲੈ ਕੇ ਗਿਆ ਹੀ ਸੀ। ਉਹ ਡੀ ਸੀ ਦੇ ਪੇਸ਼ ਹੋਇਆ ਤਾਂ ਡੀ ਸੀ ਨੇ ਪੁੱਛਿਆ,
"ਵੈੱਲ ਕਿਸ਼ਨ ਸਿੰਘ! ਅਪਨਾ ਗੋੜ੍ਹਾ ਸਾਥ ਲਾਇਆ ਹੈ?"
"ਜੀ ਘੋੜਾ ਤਾਂ ਮੇਰੇ ਬੋਝੇ ਵਿੱਚ ਹੈ।" ਕਿਸ਼ਨ ਸਿੰਘ ਨੇ ਜੇਬ ਵਿੱਚ ਪਈ ਡੱਬੀ ਉੱਤੇ ਹੱਥ ਰੱਖਿਆ ਅਤੇ ਮੁੱਛਾਂ ਵਿੱਚ ਹੱਸਿਆ।
"ਬੋਝੇ ਵਿੱਚ?" ਹੈਰਾਨ ਹੋਏ ਡੀ ਸੀ ਨੇ ਪੱਛਿਆ।
ਨਾਲ ਗਏ ਬੰਦੇ ਨੇ ਵਿਆਖਿਆ ਕੀਤੀ ਤਾਂ ਡੀ ਸੀ ਮੁਸਕਰਾ ਪਿਆ।
ਕਹਿੰਦੇ ਨੇ ਜਦੋਂ ਡੀ ਸੀ ਦੀ ਘੋੜੀ ਨੇ ਬੱਚਾ ਦਿੱਤਾ ਤਾਂ ਉਹਦਾ ਆਪਣਾ ਮਨ-ਚਾਹਿਆ ਰੰਗ ਵੇਖ ਕੇ ਉਹ ਧੰਨ-ਧੰਨ ਹੋ ਗਿਆ।
ਕੁਝ ਚਿਰ ਬਾਦ ਜਦੋਂ ਬਾਰ ਵਿੱਚ ਜ਼ਮੀਨਾਂ ਅਲਾਟ ਕਰਨ ਦੀ ਲੱਗੀ ਡਿਊਟੀ ਸਮੇਂ ਉਸ ਡੀ ਸੀ ਨੇ ਕਿਸ਼ਨ ਸਿੰਘ ਨੂੰ ਚਿੱਠੀ ਭਿਜਵਾਈ ਕਿ ਉਹ ਉਸਨੂੰ ਮਿਲੇ ਤਾਂ ਕਿ ਉਹਦੀ ਇੱਛਾ ਅਨੁਸਾਰ ਉਸਨੂੰ ਨਵੀਂ ਵਸਾਈ ਜਾ ਰਹੀ ਬਾਰ ਵਿੱਚ ਜ਼ਮੀਨ ਅਲਾਟ ਕੀਤੀ ਜਾ ਸਕੇ। ਕਿਸ਼ਨ ਸਿੰਘ ਨੇ ਉਹ ਚਿੱਠੀ ਪੜ੍ਹਵਾ ਕੇ ਇੱਕ ਪਾਸੇ ਰੱਖ ਛੱਡੀ ਅਤੇ ਡਿਓੜ੍ਹੀ ਵਿੱਚ ਆਪਣੇ ਕੋਲ ਬੈਠੇ ਬੰਦਿਆਂ ਨੂੰ ਆਖਿਆ, "ਮੇਰੇ ਕੋਲ ਪਹਿਲਾਂ ਹੀ ਫੂਕਣ ਜੋਗੀ ਜ਼ਮੀਨ ਐ…ਮੈਂ ਜ਼ਮੀਨ ਦਾ ਕੀ ਕਰਨਾ…।"
ਇਹ ਤਾਂ ਵੱਖਰੀ ਗੱਲ ਹੈ ਕਿ ਲੋਕਾਂ ਦੇ ਆਖਣ-ਵੇਖਣ ਤੇ ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਆਪਣੇ ਪਿਓ ਤੋਂ ਚੋਰੀ, 'ਸਾਹਬ-ਬਹਾਦਰ' ਨੂੰ, ਪੁੱਛ-ਪੁਛਾ ਕੇ, ਦੌਰੇ ਦੇ ਕਿਸੇ ਅਗਲੇ ਪੜਾਅ 'ਤੇ, ਆਪਣੇ ਪਿਓ ਵੱਲੋਂ ਜਾ ਮਿਲਿਆ। ਕਾਫ਼ੀ ਪਛੜ ਕੇ ਪੁੱਜਣ 'ਤੇ ਵੀ ਉਸਨੂੰ ਦੋ ਮੁਰੱਬੇ ਜ਼ਮੀਨ ਅਲਾਟ ਕਰ ਦਿੱਤੀ ਗਈ।
"ਨਹੀਂ ਤਾਂ ਸਰਦਾਰ ਜੇ ਆਪ ਵੇਲੇ ਸਿਰ ਸਾਹਬ ਕੋਲ ਚਲਾ ਜਾਂਦਾ ਤਾਂ ਪਤਾ ਨਹੀਂ ਉਸਨੇ ਕਿੰਨੀ ਕੁ ਜ਼ਮੀਨ ਉਸਨੂੰ ਦੇ ਛੱਡਣੀ ਸੀ!" ਪਿੰਡ ਸੁਰ ਸਿਘ ਦਾ ਬਜ਼ੁਰਗ ਨੰਦ ਸਿੰਘ ਹਸਰਤ ਨਾਲ ਦੱਸਦਾ ਹੁੰਦਾ ਸੀ, "ਉਦੋਂ ਸੁਰ ਸਿੰਘ 'ਕਿਸ਼ਨ ਸਿੰਘ ਵਾਲਾ ਸੁਰ ਸਿੰਘ' ਕਰਕੇ ਵੱਜਦਾ ਹੁੰਦਾ ਸੀ…ਦੂਰ ਦੂਰ ਤਾਈਂ। ਡਿਓੜ੍ਹੀ ਵਿੱਚ ਰੌਣਕ ਲੱਗੀ ਰਹਿੰਦੀ। ਪੰਜ-ਸੱਤ ਮੰਜੇ ਡੱਠੇ ਰਹਿੰਦੇ ਸਨ ਹਰ ਵੇਲੇ। ਡਿਓੜ੍ਹੀ ਦਾ ਗਾਡੀ-ਦਰਵਾਜ਼ਾ ਹਰ ਆਏ ਗਏ ਬੰਦੇ ਲਈ ਖੁੱਲ੍ਹਾ ਰਹਿੰਦਾ। ਰਾਹੀ-ਪਾਂਧੀ ਲੰਘਦੇ-ਆਉਂਦੇ ਸਰਦਾਰ ਨੂੰ ਸਾਸਰੀ ਕਾਲ ਆਖਦੇ। ਲੱਸੀ-ਪਾਣੀ ਪੀਂਦੇ, ਅਰਾਮ ਕਰਦੇ, ਲੋੜ ਪੈਣ 'ਤੇ ਰਾਤ-ਬਰਾਤੇ ਵੀ ਸਰਦਾਰ ਉਹਨਾਂ ਦੀ ਠਾਹਰ ਹੁੰਦਾ……ਐਹਨਾਂ ਚਾਰ ਕੋਠੜੀਆਂ 'ਚ ਚਾਰ ਸ੍ਹਾਨ ਘੋੜੇ ਹੁੰਦੇ ਸਨ; ਦਰਸ਼ਨੀ……ਇੱਕ ਇੱਕ ਕੋਠੜੀ 'ਚ ਇੱਕ ਇੱਕ ਘੋੜਾ…ਘੋੜਿਆਂ ਨੂੰ ਦਾਣਾ ਅਤੇ ਪੱਠਾ-ਦੱਥਾ ਪਾਉਣ ਨੂੰ ਅਤੇ ਮਾਲਸ਼ ਅਤੇ ਖਰਖਰਾ ਕਰਨ ਲਈ ਬੰਦੇ ਰੱਖੇ ਹੁੰਦੇ…"
ਕਿਸ਼ਨ ਸਿੰਘ ਹੁਰਾਂ ਦਾ ਰਿਹਾਇਸ਼ੀ ਘਰ ਉਹਨਾਂ ਦੀ ਪੱਤੀ 'ਚੰਦੂ ਕੀ' ਵਿੱਚ ਹੁੰਦਾ ਸੀ। ਦੋ-ਮੰਜ਼ਿਲਾ, ਦੋ ਚੁਬਾਰਿਆਂ ਵਾਲਾ ਪੱਕਾ ਉੱਚਾ ਅਤੇ ਖੁੱਲ੍ਹਾ ਘਰ। ਡੇਢ ਕਨਾਲ ਦੀ ਹਵੇਲੀ ਪਿੰਡ ਦੇ ਐਨ ਵਿਚਕਾਰ ਮਾਲ-ਡੰਗਰ ਸਾਂਭਣ ਵਾਸਤੇ ਰੱਖੀ ਹੋਈ ਸੀ। ਜਿਸਦੀ ਉੱਚੀ ਛੱਤ ਵਾਲੀ ਖੁੱਲ੍ਹੀ ਅਤੇ ਪੱਕੀ ਡਿਓੜ੍ਹੀ ਦਾ ਗਾਡੀ-ਦਰਵਾਜ਼ਾ ਕਸਬਾ-ਨੁਮਾ ਪਿੰਡ ਦੇ ਬਾਜ਼ਾਰ ਵਿੱਚ ਖੁੱਲ੍ਹਦਾ। ਆਸੇ ਪਾਸੇ ਸਭ ਬਾਹਮਣਾਂ-ਖੱਤਰੀਆਂ ਦੇ ਘਰ ਅਤੇ ਦੁਕਾਨਾਂ ਸਨ। ਵਿਚਕਾਰ ਇੱਕੋ ਇੱਕ ਸੀ ਕਿਸ਼ਨ ਸਿੰਘ ਦੀ ਹਵੇਲੀ।
'ਘੋੜਿਆਂ ਵਾਲੇ ਸਰਦਾਰ' ਕਹਿ ਕੇ ਜਾਣੇ ਜਾਂਦੇ ਇਸ ਪਰਿਵਾਰ ਵਿੱਚ ਹੀ ਵਿਆਹਿਆ ਗਿਆ ਸੀ ਮੇਰਾ ਦਾਦਾ ਚੰਦਾ ਸਿੰਘ। ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਉਸਦਾ ਸਹੁਰਾ ਸੀ। ਦੋ ਸਾਲੇ ਸਨ ਹਕੀਕਤ ਸਿੰਘ ਅਤੇ ਗ਼ਰੀਬ ਸਿੰਘ। ਮੇਰੇ ਦਾਦੇ ਦੇ ਛੋਟੇ ਸਾਲੇ ਹਕੀਕਤ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ।
ਚੰਦਾ ਸਿੰਘ ਅਤੇ ਧੰਨ ਕੌਰ ਦੇ ਘਰ ਪਲੇਠੀ ਦੀ ਧੀ ਗੁਰਮੇਜੋ ਪੈਦਾ ਹੋਈ। ਉਸ ਤੋਂ ਚਾਰ ਕੁ ਸਾਲ ਪਿੱਛੋਂ ਧੰਨ ਕੌਰ ਨੇ ਮੇਰੇ ਪਿਤਾ ਦੀਦਾਰ ਸਿੰਘ ਨੂੰ ਜਨਮ ਦਿੱਤਾ ਅਤੇ ਉਸਦੇ ਜਨਮ ਸਮੇਂ ਹੀ ਕੋਈ ਕਸਰ ਜਾਂ ਬੀਮਾਰੀ ਹੋ ਜਾਣ ਕਰਕੇ ਉਹ ਛੇ ਕੁ ਮਹੀਨੇ ਬਾਅਦ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਈ। ਮੇਰਾ ਦਾਦਾ ਚੰਦਾ ਸਿੰਘ ਇਕੱਲਾ ਰਹਿ ਗਿਆ ਸੀ ਇਹਨਾਂ ਮਾਂ-ਮਹਿੱਟਰਾਂ ਨੂੰ ਪਾਲਣ ਵਾਸਤੇ।
ਉਂਜ ਵੀ ਉਸਦੀਆਂ ਰੁਚੀਆਂ ਘਰ ਟਿਕ ਕੇ ਬੈਠਣ ਵਾਲੀਆਂ ਨਹੀਂ ਸਨ। ਉਹ ਮਾਰ-ਖ਼ੋਰਾ ਅਤੇ ਲੜਾਕਾ ਬੰਦਾ ਸੀ। ਮੈਂ ਜਦੋਂ ਵੀ ਉਸ ਕੋਲੋਂ ਉਹਦੀ ਜਵਾਨੀ ਦੀਆਂ ਗੱਲਾਂ-ਬਾਤਾਂ ਸੁਣਨੀਆਂ ਤਾਂ ਉਹਨਾਂ ਵਿੱਚ ਹਮੇਸ਼ਾਂ ਹੀ ਕਿਸੇ ਲੜਾਈ-ਭੜਾਈ ਦਾ ਜ਼ਿਕਰ ਹੀ ਹੁੰਦਾ। ਉਹ ਬੜੇ ਸਹਿਜ-ਭਾਅ ਦੱਸਦਾ ਰਹਿੰਦਾ:
"ਸਾਡੀ…ਨਾਲ ਦੁਸ਼ਮਣੀ ਸੀ। ਦੋ ਵਾਰ ਅਸਾਂ ਉਹਨਾਂ ਦੇ ਸੱਟਾਂ ਲਾਈਆਂ। ਤਿੱਜੀ ਵਾਰ ਉਹਨਾਂ ਨੇ ਮੈਨੂੰ ਘੇਰ ਲਿਆ। ਗਲੀ ਦੇ ਮੋੜ 'ਤੇ, ਉਹ ਪੰਦਰਾਂ ਵੀਹ ਬੰਦੇ 'ਕੱਠੇ ਹੀ ਖੜੋਤੇ ਸਨ, ਡਾਂਗਾਂ ਲੈ ਕੇ। ਉਦੋਂ ਡਾਂਗਾਂ ਦੀਆਂ ਲੜਾਈਆਂ ਹੁੰਦੀਆਂ ਸਨ। ਮੈਂ 'ਕੱਲ੍ਹਾ ਹੀ ਗੁਰਦਵਾਰਿਓਂ ਮੱਥਾ ਟੇਕ ਕੇ ਤੁਰਿਆ ਜਾਂਦਾ ਸਾਂ। ਅੱਗੇ ਬੰਦੇ ਵੇਖ ਕੇ ਮੈਂ ਪਿੱਛੇ ਨੂੰ ਗਲੀ 'ਚ ਭੱਜਣ ਲਈ ਮੁੜਿਆ। ਪਿੱਛੇ ਵੀ ਬੰਦੇ ਖਲੋਤੇ ਸਨ। ਮੌਤ ਸਾਹਮਣੇ ਸੀ। ਖੱਬੇ ਹੱਥ ਇੱਕ ਆਵਾ ਬਲਦਾ ਪਿਆ ਸੀ; ਇੱਟਾਂ ਪਕਾਉਣ ਵਾਸਤੇ। ਮੈਂ ਆਖਿਆ! ਚੰਦਾ ਸਿਅ੍ਹਾਂ! ਹੁਣ ਤਾਂ ਇੱਧਰ ਹੀ ਭੱਜਣਾ ਪਊ……ਲਓ ਜੀ! ਮੈਂ ਬਲਦੇ ਆਵੇ ਵਿੱਚੋਂ ਹੀ ਭੱਜ ਕੇ ਨਿਕਲ ਗਿਆ। ਤੇ ਭੱਜਣ 'ਚ ਤਾਂ ਮੈਂ ਘੋੜੀਆਂ ਨੂੰ ਵੀ ਡਾਹ ਨਹੀਂ ਸਾਂ ਦੇਂਦਾ।"
"ਮੈਂ ਹੁਣ ਠੀਕ ਠਾਕ ਹਾਂ" ਕਹਾਣੀ ਵਿੱਚ ਜੋਗਿੰਦਰ ਦੇ ਅਣਖ਼ੀਲੇ ਦਾਦੇ ਨਾਲ ਸੰਬੰਧਤ ਵਾਰਤਾ ਅਸਲ ਵਿੱਚ ਮੇਰੇ ਬਾਪੂ ਚੰਦਾ ਸਿੰਘ ਨਾਲ ਸੰਬੰਧਤ ਹੀ ਸੀ।
ਇੰਜ ਹੀ ਉਸਨੇ ਦੱਸਣਾ:
"ਇੱਕ ਵਾਰ ਭੋਲੇ ਭਾਅ ਹੀ ਮੈਥੋਂ ਬੰਦਾ ਮਰ ਗਿਆ। ਗੱਲ ਇਓਂ ਹੋਈ ਕਿ ਮੈਂ ਆਪਣੀ ਢਾਣੀ ਨਾਲ ਤਰਨਤਾਰਨ ਮੱਸਿਆ ਵੇਖਣ ਚੱਲਿਆ ਸਾਂ। ਕੋਈ ਜਾਣੂ ਰਾਹ ਵਿੱਚ ਮਿਲਣ ਕਰਕੇ ਮੈਂ ਉਸ ਨਾਲ ਗੱਲੀਂ ਪੈ ਗਿਆ ਅਤੇ ਢਾਣੀ ਅੱਗੇ ਨਿਕਲ ਗਈ। ਜਾਣੂ ਨਾਲ ਗੱਲਬਾਤ ਕਰਕੇ, ਢਾਣੀ ਨਾਲ ਮਿਲਣ ਵਾਸਤੇ ਛੇਤੀ ਛੇਤੀ ਤੁਰਿਆ ਜਾ ਰਿਹਾ ਸਾਂ। 'ਸੋਹਲਾਂ' ਦੇ ਬਾਹਰਵਾਰ ਨਿਆਈਆਂ ਵਿੱਚ ਕਿਸੇ ਜੱਟ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ। ਮੈਂ ਨੰਗੇ ਪੈਰੀਂ ਸਾਂ ਅਤੇ ਆਪਣੀ ਤਿੱਲੇ ਵਾਲੀ ਜੁੱਤੀ ਡਾਂਗ ਦੇ ਸੰਮ ਉੱਤੇ ਅੜਾ ਕੇ ਡਾਂਗ ਮੋਢੇ ਉੱਤੇ ਰੱਖੀ ਹੋਈ ਸੀ। ਕੋਲੋਂ ਲੰਘਣ ਲੱਗਾ ਤਾਂ ਮੇਰੀ ਜੁੱਤੀ ਵੱਲ ਵੇਖ ਕੇ ਉਹ ਜੱਟ ਮਖੌਲ ਨਾਲ ਆਖਣ ਲੱਗਾ, 'ਕਿੱਡਾ ਅਹਿਮਕ ਜੱਟ ਐ ਓਏ! ਜੁੱਤੀ ਸਿਰ ਉੱਤੋਂ ਉੱਚੀ ਚੁੱਕੀ ਹੋਈ ਸੂ…।"
ਮੈਨੂੰ ਉਹਦੀ ਗੱਲ ਚੁਭ ਗਈ।
"ਤੇਰੇ ਢਿੱਡ ਪੀੜ ਹੁੰਦੀ ਆ, ਓਏ!"
"ਢਿੱਡ ਪੀੜ ਮੇਰੇ ਕਿਓਂ ਹੋਊ ਸਹੁਰਿਆ! ਪਰ ਸਿਰ ਪੱਗ ਵਾਸਤੇ ਹੁੰਦਾ…ਜੁੱਤੀਆਂ ਵਾਸਤੇ ਨਹੀਂ……।"
ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ ਪਰ ਉਹ ਤਾਂ ਛੇ ਫੁੱਟਾ ਹੱਟਾ-ਕੱਟਾ ਗੱਭਰੂ ਸੀ। ਆਪਣੇ ਪਿੰਡ ਤੇ ਆਪਣੀ ਜ਼ਮੀਨ ਵਿੱਚ ਖਲੋਤਾ ਹੋਇਆ। ਪਰ ਮੈਨੂੰ ਉਹਦੀ ਇਹ ਗੱਲ ਲੜ ਗਈ ਸੀ। ਜੁੱਤੀ ਲਾਹ ਕੇ ਮੈਂ ਥੱਲੇ ਸੁੱਟੀ ਅਤੇ ਸਵ੍ਹਾਰੀ ਕਰਕੇ ਡਾਂਗ ਮਾਰੀ ਉਹਦੀ ਪੁੜਪੁੜੀ ਵਿੱਚ। ਡਾਂਗ ਟਿਕਾਣੇ ਵੱਜ ਗਈ ਅਤੇ ਉਹ 'ਸਰਦਾਰ ਜੀ', ਫੁੜਕ ਕੇ ਔਹ ਜਾ ਪਿਆ। ਮੈਂ ਜਾ ਵੜਿਆ ਭੱਜ ਕੇ ਆਪਣੀ ਢਾਣੀ 'ਚ।"
"ਪਿੱਛੋਂ ਪੁਲਿਸ ਤੋਂ ਬਚਣ ਲਈ ਭੱਜ ਕੇ ਚੀਨ ਚਲਿਆ ਗਿਆ। ਓਥੋਂ ਤਿੰਨੀ ਸਾਲੀਂ ਪੁਲਿਸ ਫੜ ਕੇ ਲਿਆਈ…ਤੁਹਾਡੀ ਦਾਦੀ ਨੂੰ ਮਨੀਆਰਡਰ ਘੱਲਿਆ ਸੀ। ਉਹਦੇ ਤੋਂ ਪੁਲਿਸ ਨੂੰ ਮੇਰਾ ਪਤਾ ਲੱਗ ਗਿਆ। ਉਂਜ ਮੌਕੇ ਦਾ ਗਵਾਹ ਨਾ ਮਿਲਣ ਕਰਕੇ ਮੈਂ ਛੇਤੀ ਹੀ ਬਰੀ ਹੋ ਗਿਆ।"
ਕਈ ਸਾਲ ਹੋਏ ਮੈਂ ਆਪਣੇ ਜੱਦੀ ਪਿੰਡ ਭਡਾਣੇ ਦੇ ਗੁਆਂਢੀ ਪਿੰਡ ਨੌਸ਼ਹਿਰੇ-ਢਾਲੇ ਦੇ ਇੱਕ ਪੁਰਾਣੇ ਬਜ਼ੁਰਗ ਨੂੰ ਪੁੱਛਿਆ ਕਿ ਕੀ ਉਹਨੇ ਭਡਾਣੇ ਵਾਲੇ ਚੰਦਾ ਸਿੰਘ ਦਾ ਨਾਮ ਸੁਣਿਆ ਹੋਇਆ ਹੈ। ਉਸਨੇ ਹੁੱਭ ਕੇ ਦੱਸਿਆ, "ਕੀ ਰੀਸਾਂ ਸੀ ਓਸ ਜੱਟ ਦੀਆਂ! ਉਹਨੂੰ ਪੁੱਠੀ-ਸਿੱਧੀ ਗੱਲ ਕਰਕੇ ਕਿਸੇ ਜਾਣਾ ਕਿੱਥੇ ਹੁੰਦਾ ਸੀ? ਉਸ ਜਵਾਨ ਨਾਲ ਦਾ ਸੋਟਾ ਕਿਸੇ ਕੀ ਮਾਰ ਸਕਣਾ ਹੋਇਆ! ਅਗਲੇ ਦਾ ਸੋਟਾ ਝੱਲ ਕੇ ਫ਼ਿਰ ਵਾਰ ਕਰਨਾ, ਇਹ ਕੋਈ ਚੰਦਾ ਸਿੰਘ ਤੋਂ ਸਿੱਖਦਾ। ਬੰਦਿਆਂ ਦਾ ਵੀ ਕੋਈ ਘਾਟਾ ਨਹੀਂ ਸੀ। ਚਾਰ ਤਾਂ ਭਤੀਏ ਸੀ ਉਹਦੇ ਪਿੱਛੇ ਕੰਧ ਬਣ ਕੇ ਖਲੋਣ ਵਾਲੇ। ਚਾਰੇ ਕੜੀ ਵਰਗੇ ਜਵਾਨ; ਤਿੰਨ ਭਰਾ ਉਹ ਆਪ।"
ਅੱਜ ਤੱਕ ਲੱਖ ਦਬਾਉਣ ਉੱਤੇ ਵੀ ਮੇਰੇ ਅੰਦਰੋਂ ਕਦੇ ਕਦੇ ਮੇਰਾ ਜਟਕਾ ਰੰਘੜਊ ਜਾਗ ਪੈਂਦਾ ਹੈ। ਕਿਸੇ ਦਾ ਵਾਧਾ, ਧੱਕਾ ਜਾਂ ਟੇਢਾ ਮਖੌਲ ਮੈਨੂੰ ਧੁਖਣ ਅਤੇ ਬਲਣ ਲਾ ਦਿੰਦਾ ਹੈ। ਕਿਸੇ ਸਮੇਂ ਜੇ ਮੈਂ ਤੇਜ਼-ਤਰਾਰ ਕਿਸਮ ਦੀ ਨਕਸਲਵਾਦੀ ਲਹਿਰ ਦੇ ਪ੍ਰਭਾਵ ਅਧੀਨ ਆ ਗਿਆ ਸਾਂ ਤਾਂ ਇਸ ਪਿੱਛੇ ਹੋਰ ਕਈ ਕਾਰਨਾਂ ਤੋਂ ਇਲਾਵਾ ਮੇਰੇ ਦਾਦੇ ਚੰਦਾ ਸਿੰਘ ਤੋਂ ਮਿਲਿਆ ਖਾੜਕੂਪਣ ਵੀ ਮੇਰੇ ਸੰਸਕਾਰਾਂ ਦਾ ਹਿੱਸਾ ਬਣ ਕੇ ਮੇਰੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਕਾਰਨ ਜ਼ਰੂਰ ਰਿਹਾ ਹੋਵੇਗਾ।
ਪਤਨੀ ਦੀ ਮੌਤ ਹੋ ਜਾਣ 'ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਿਰ ਉੱਤੇ ਆਣ ਪਈ ਕਰ ਕੇ ਚੰਦਾ ਸਿੰਘ ਡਾਢਾ ਪਰੇਸ਼ਾਨ ਸੀ। ਪਰ ਇਸ ਪਰੇਸ਼ਾਨੀ ਨੂੰ ਉਸਦੇ ਛੋਟੇ ਸਾਲੇ ਹਕੀਕਤ ਸਿੰਘ ਅਤੇ ਉਸਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ ਨੇ ਆਪਣੀ ਨਣਾਨ, ਮੇਰੀ ਦਾਦੀ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸਦਾ ਬੱਚਾ, ਮੇਰਾ ਹੋਣ ਵਾਲਾ ਪਿਤਾ, ਆਪਣੀ ਗੋਦ ਵਿੱਚ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, "ਵੀਰਾ ਚੰਦਾ ਸਿਅ੍ਹਾਂ! ਅੱਜ ਤੋਂ ਗੇਜੋ ਅਤੇ ਦੀਦਾਰ ਸਿੰਘ ਸਾਡੇ ਹੋਏ…।"
ਹਰਨਾਮ ਕੌਰ ਦਾ ਪਿੰਡ ਪਠਾਣ-ਕੇ ਭਡਾਣੇ ਦੇ ਨੇੜੇ ਹੀ ਸੀ। ਇਹ ਪਿੰਡ ਵੀ ਭਡਾਣੇ ਵਾਂਗ 'ਸੰਧੂਆਂ ਦਾ ਪਿੰਡ' ਹੀ ਸੀ। ਗੋਤ ਵੱਲੋਂ ਸੰਧੂ ਹੋਣ ਕਰਕੇ ਉਹ ਚੰਦਾ ਸਿੰਘ ਨੂੰ ਭਰਾ ਹੀ ਸਮਝਦੀ ਤੇ ਆਖਦੀ ਸੀ। ਹਕੀਕਤ ਸਿੰਘ ਅਤੇ ਹਰਨਾਮ ਕੌਰ ਦਾ ਆਪਣਾ ਕੋਈ ਬੱਚਾ ਨਹੀਂ ਸੀ। ਦੋਵੇਂ ਜੀਅ, ਦੋਹਾਂ ਬੱਚਿਆਂ ਗੁਰਮੇਜ ਕੌਰ (ਮੇਰੀ ਭੂਆ) ਅਤੇ ਦੀਦਾਰ ਸਿੰਘ (ਮੇਰੇ ਪਿਤਾ) ਨੂੰ ਸੁਰ ਸਿੰਘ ਆਪਣੇ ਨਾਲ ਲੈ ਆਏ। ਹਰਨਾਮ ਕੌਰ ਨੇ ਮੇਰੇ ਪਿਤਾ ਨੂੰ ਆਪਣਾ ਪੁੱਤਰ ਸਮਝ ਕੇ ਬੜੀ ਰੀਝ ਅਤੇ ਮੁਹੱਬਤ ਨਾਲ ਪਾਲਿਆ। ਮੋਹ-ਵੱਸ ਉਹਦੇ ਦੁੱਧ ਉੱਤਰ ਆਇਆ ਸੀ ਅਤੇ ਮੇਰਾ ਪਿਤਾ ਉਸਦਾ ਦੁੱਧ ਪੀ ਕੇ ਹੀ ਵੱਡਾ ਹੋਇਆ। ਉਹੋ ਹੀ ਅਸਲ ਵਿੱਚ ਉਸਦੀ ਮਾਂ ਸੀ। ਸਾਡੇ ਭੈਣ-ਭਰਾਵਾਂ ਦੀ ਵੀ ਅਸਲ ਦਾਦੀ ਉਹੋ ਹੀ ਸੀ। ਜੋ ਪਿਆਰ ਦੁਲਾਰ ਉਸਨੇ ਮੇਰੇ ਪਿਓ ਅਤੇ ਸਾਡੇ ਭੈਣ-ਭਰਾਵਾਂ ਨਾਲ ਕੀਤਾ ਉਹ ਕਿਸੇ ਸਕੀ ਦਾਦੀ ਨੇ ਵੀ ਕਾਹਨੂੰ ਕਰ ਸਕਣਾ ਹੈ! ਹੁਣ ਵੀ ਮੈਨੂੰ ਇਹ ਕਹਿੰਦਿਆਂ ਸ਼ਰਮ ਆ ਰਹੀ ਹੈ ਕਿ ਮੇਰੀ ਸਕੀ ਦਾਦੀ ਹਰਨਾਮ ਕੌਰ ਨਹੀਂ, ਧੰਨ ਕੌਰ ਸੀ। ਮੇਰਾ ਮਨ ਕਦੀ ਵੀ ਇਹ ਮੰਨਣ ਜਾਂ ਦੱਸਣ ਨੂੰ ਤਿਆਰ ਨਹੀਂ ਹੋਇਆ ਕਿ ਹਰਨਾਮ ਕੌਰ ਮੇਰੀ ਅਸਲ ਦਾਦੀ ਨਹੀਂ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮਮਤਾ ਵਿੱਚ ਧੁਰ ਡੂੰਘਾਣਾਂ ਵਿੱਚ ਭਿੱਜੀ ਉਹ ਅਜਿਹੀ ਸੱਚੀ ਅਤੇ ਸੁਹਿਰਦ ਔਰਤ ਸੀ ਜਿਸ ਕੋਲੋਂ ਮੇਰੀ ਆਪਣੀ ਮਾਂ ਨਾਲੋਂ ਵੀ ਮੈਨੂੰ ਵੱਧ ਪਿਆਰ ਮਿਲਿਆ। ਮੇਰੇ ਪਿਓ ਦੀ ਜਾਨ ਵਿੱਚ ਤਾਂ ਉਸਦੀ ਜਾਨ ਹੋਣੀ ਹੀ ਸੀ ਜਿਸਨੂੰ ਉਸਨੇ ਆਪਣਾ ਦੁੱਧ ਚੁੰਘਾਇਆ, ਹੱਥੀਂ ਖਿਡਾਇਆ ਅਤੇ ਜਵਾਨ ਕੀਤਾ ਸੀ।
ਸਾਡੀ ਦਾਦੀ ਹਰਨਾਮ ਕੌਰ ਕੇਵਲ ਮੋਹ-ਵੰਤੀ ਅਤੇ ਸੁਹਿਰਦ ਔਰਤ ਹੀ ਨਹੀਂ ਸਗੋਂ ਸਮਾਜਕ ਤੌਰ ਉੱਤੇ ਵੀ ਬਹੁਤ ਦਨਾਅ ਅਤੇ ਸਿਆਣੀ ਔਰਤ ਸੀ। ਪੱਤੀ ਦੀਆਂ ਔਰਤਾਂ ਮੁਸ਼ਕਿਲ ਘੜੀਆਂ ਵੱਚ ਹਮੇਸ਼ਾਂ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੀਆਂ ਰਹਿੰਦੀਆਂ ਅਤੇ ਅਕਸਰ ਉਹਦੀ ਦੱਸੀ ਰਾਇ ਉੱਤੇ ਅਮਲ ਕਰਦੀਆਂ। ਮੇਰੇ ਅੰਦਰ ਕਹਾਣੀ ਦਾ ਬੀਜ ਸਭ ਤੋਂ ਪਹਿਲਾਂ ਸੁੱਟਣ ਵਾਲੀ ਵੀ ਉਹੋ ਔਰਤ ਸੀ। ਉਸ ਕੋਲ ਲੋਕ-ਕਹਾਣੀਆਂ ਦਾ ਅਥਾਹ ਖ਼ਜ਼ਾਨਾ ਸੀ। ਹਰ ਸ਼ਾਮ ਮੈਂ ਉਹਦੀ ਬੁੱਕਲ ਵਿੱਚ ਜਾ ਵੜਦਾ। ਹਰ ਰੋਜ਼ ਉਸ ਕੋਲ ਸੁਨਾਉਣ ਵਾਲੀ ਕੋਈ ਨਵੀਂ 'ਬਾਤ' ਹੁੰਦੀ। ਬਾਤ ਸੁਨਾਉਣ ਦਾ ਢੰਗ ਵੀ ਉਸਦਾ ਇਤਨਾ ਰੌਚਿਕ ਅਤੇ ਸਵਾਦਲਾ ਹੁੰਦਾ ਕਿ ਅਸੀਂ ਛੋਟੇ ਬੱਚੇ ਰੋਜ਼ ਛੇਤੀ ਤੋਂ ਛੇਤੀ ਰਾਤ ਪੈਣ ਨੂੰ ਉਡੀਕਦੇ ਤਾਂ ਕਿ 'ਮਾਂ' ਤੋਂ ਬਾਤ ਸੁਣ ਸਕੀਏ ਕਿਉਂਕਿ ਦਿਨੇ ਤਾਂ ਉਹ, "ਰਾਹੀਆਂ ਨੂੰ ਰਾਹ ਭੁੱਲ ਜਾਂਦਾ ਹੈ" ਆਖਕੇ ਬਾਤ ਸੁਨਾਉਣ ਲਈ ਵਾਰ ਵਾਰ ਕੀਤੀ ਸਾਡੀ ਬੇਨਤੀ ਨੂੰ ਟਾਲ ਜਾਂਦੀ ਸੀ।
ਸੰਵੇਦਨਸ਼ੀਲ ਏਨੀ ਕਿ ਇੱਕ ਵਾਰ ਉਹਦੀ ਜਠਾਣੀ ਨੇ ਮੇਰੇ ਪਿਓ ਦੇ ਹਵਾਲੇ ਨਾਲ ਕੋਈ ਅਣਸੁਖਾਵੀਂ ਗੱਲ ਆਖੀ ਤਾਂ ਕਹਿਣ ਲੱਗੀ ਕਿ ਉਹ ਆਪਣੇ ਬੱਚਿਆਂ ਸਮੇਤ ਹਵੇਲੀ ਜਾ ਕੇ ਕੱਚੇ ਕੋਠਿਆਂ ਵਿੱਚ ਰਹਿ ਲਵੇਗੀ ਪਰ ਆਪਣੇ ਪੁੱਤ ਨੂੰ ਜਠਾਣੀ ਵੱਲੋਂ ਕੱਢੀ ਗਾਲ੍ਹ ਉਹ ਬਰਦਾਸ਼ਤ ਨਹੀਂ ਕਰ ਸਕਦੀ। ਜਠਾਣੀ ਨੂੰ ਅੰਦਰੇ ਅੰਦਰ ਨਾਰਾਜ਼ਗੀ ਇਸ ਗੱਲ ਦੀ ਸੀ ਕਿ ਮੇਰਾ ਪਿਓ ਸ਼ਰੀਕ ਬਣਾ ਕੇ ਉਹਨਾਂ ਨੇ ਸਿਰ੍ਹਾਣੇ ਲਿਆ ਬਿਠਾਇਆ ਸੀ। ਉਹ ਤਾਂ ਆਸ ਲਾਈ ਬੈਠੀ ਸੀ ਕਿ ਕਿਸੇ ਨਾ ਕਿਸੇ ਦਿਨ ਇਹਨਾਂ ਲਾ-ਵਲਦਾਂ ਦੀ ਜਾਇਦਾਦ ਵੀ ਉਹਦੇ ਆਪਣੇ ਮੁੰਡਿਆਂ ਨੂੰ ਹੀ ਮਿਲੇਗੀ! ਪਰ ਮੇਰੇ ਪਿਓ ਨੂੰ ਉਹਨਾਂ ਵੱਲੋਂ ਪੁੱਤ ਬਣਾ ਲਏ ਜਾਣ ਕਰਕੇ ਜੇਠ-ਜਠਾਣੀ ਦੀ ਇਸ ਆਸ 'ਤੇ ਪਾਣੀ ਫ਼ਿਰ ਗਿਆ ਸੀ।
ਹਕੀਕਤ ਸਿੰਘ ਨੇ ਵੱਡੇ ਭਰਾ ਗ਼ਰੀਬ ਸਿੰਘ ਨਾਲ ਘਰ ਵਿੱਚੋਂ ਕੁੱਝ 'ਲੈਣ-ਦੇ' ਕਰ ਕੇ ਬਾਜ਼ਾਰ ਵਿਚਲੀ ਪੂਰੀ ਹਵੇਲੀ ਕਬਜ਼ੇ ਵਿੱਚ ਲੈ ਲਈ ਸੀ। ਹਰਨਾਮ ਕੌਰ ਦੇ ਕਹਿਣ ਉੱਤੇ ਉਹਨਾਂ ਨੇ ਅੱਧੀ ਹਵੇਲੀ ਵਿੱਚ ਪੱਕੀ ਕੰਧ ਮਾਰ ਕੇ ਦਰਵਾਜ਼ਾ ਲਾ ਲਿਆ। ਬਾਜ਼ਾਰ ਵਿੱਚ ਖੁੱਲ੍ਹਦੀ ਵੱਡੀ ਪੱਕੀ ਡਿਓੜ੍ਹੀ ਅਤੇ ਉਸ ਪਾਸੇ ਦੀ ਹਵੇਲੀ ਨਾਲ ਜੁੜੇ ਦੋ ਕੋਠੇ ਮਾਲ ਡੰਗਰ ਲਈ ਰੱਖ ਲਏ ਅਤੇ ਵਿਚਕਾਰਲੀ ਪੱਕੀ ਕੰਧ ਤੋਂ ਪਾਰ ਦੋ ਕੱਚੇ ਕੋਠਿਆਂ ਨਾਲ ਇੱਕ ਨਿੱਕੀ ਜਿਹੀ ਰਸੋਈ ਛੱਤ ਕੇ ਆਪਣੀ ਰਿਹਾਇਸ਼ ਹਵੇਲੀ ਵਿੱਚ ਲੈ ਆਂਦੀ। ਹਰਨਾਮ ਕੌਰ ਨੂੰ ਪੱਕਾ ਘਰ ਛੱਡਣ ਦਾ ਵਿਗੋਚਾ ਵੀ ਸੀ ਅਤੇ ਆਂਢ ਗੁਆਂਢ ਦੇ ਆਪਣੇ ਭਾਈਚਾਰੇ ਤੋਂ ਦੂਰ ਹੋ ਜਾਣ ਦਾ ਦਰਦ ਵੀ। ਇਹ ਹਵੇਲੀ ਅੰਦਰਲੇ ਪੁਰਾਣੇ ਘਰ ਤੋਂ ਲਗਪਗ ਡੇਢ ਫ਼ਰਲਾਂਗ ਦੀ ਵਿੱਥ ਉੱਤੇ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਹਵੇਲੀ ਦੇ ਆਂਢ-ਗੁਆਂਢ ਵਿੱਚ ਖੱਬੇ ਹੱਥ ਅਤੇ ਪਿਛਵਾੜੇ ਮੁਸਲਮਾਨਾਂ ਦੇ ਮਕਾਨ ਸਨ ਅਤੇ ਸੱਜੇ ਹੱਥ ਅਤੇ ਸਾਹਮਣੇ ਚੜ੍ਹਦੇ ਵੱਲ ਸਾਰੀ ਹਿੰਦੂ ਆਬਾਦੀ ਸੀ। ਪਰ ਹਰਨਾਮ ਕੌਰ ਨੇ ਆਪਣੇ ਸੁਭਾ ਦੀ ਮਿੱਠਤ ਸਦਕਾ ਆਪਣੇ ਆਲੇ-ਦੁਆਲੇ ਵਿੱਚ ਛੇਤੀ ਹੀ ਪੂਰਾ ਆਦਰ ਮਾਣ ਬਣਾ ਲਿਆ। ਆਸੇ ਪਾਸੇ ਦੇ ਘਰਾਂ ਦੀਆਂ ਹਿੰਦਵਾਣੀਆਂ ਉਸ ਕੋਲ ਆਉਂਦੀਆਂ ਰਹਿੰਦੀਆਂ। ਪਿਛਵਾੜੇ ਦੀਆਂ ਮੁਸਲਮਾਨ ਗ਼ਰੀਬ ਔਰਤਾਂ ਉਸਦਾ ਕੰਮ ਧੰਦਾ ਵੀ ਕਰ ਜਾਂਦੀਆਂ ਅਤੇ ਲੋੜ ਪੈਣ 'ਤੇ ਅਨਾਜ ਅਤੇ ਪੈਸਾ ਧੇਲਾ ਵੀ ਲੈ ਜਾਂਦੀਆਂ।
ਇਸ ਮਾਹੌਲ ਵਿੱਚ ਮੇਰਾ ਪਿਓ ਸੁਰ ਸਿੰਘ ਦੇ ਮਿਡਲ ਸਕੂਲ ਵਿੱਚ ਸੱਤ ਜਮਾਤਾਂ ਪੜ੍ਹ ਗਿਆ। ਓਧਰ ਮੇਰੇ ਦਾਦੇ ਚੰਦਾ ਸਿੰਘ ਉੱਤੇ ਹੋਰ ਵਖ਼ਤ ਆਣ ਪਿਆ। ਉਸਦੀ ਭੈਣ ਚੰਦੋ ਭਰ ਜਵਾਨ ਉਮਰ ਵਿੱਚ ਵਿਧਵਾ ਹੋ ਗਈ। ਛੋਟੇ ਛੋਟੇ ਉਸਦੇ ਬਾਲ-ਬੱਚੇ। ਬਾਰ ਦੇ ਇਲਾਕੇ ਵਿੱਚ ਜਾ ਵੱਸੇ ਭੈਣ ਚੰਦੋ ਦੇ ਪਰਿਵਾਰ ਲਈ ਜੀਊਣਾ ਦੁੱਭਰ ਹੋ ਗਿਆ। ਚੰਦਾ ਸਿੰਘ ਦੀ ਖੜਕੇ-ਦੜਕੇ ਤੇ ਦੁਨੀਆਂ ਦੇ ਰੰਗ-ਤਮਾਸ਼ੇ ਵੇਖਣ ਵਾਲੀ ਜ਼ਿੰਦਗੀ ਗਵਾਚ ਗਈ ਸੀ। ਉਹ ਭੈਣ ਦਾ ਪਰਿਵਾਰ ਪਾਲਣ ਲਈ ਬਾਰ ਵਿੱਚ ਜਾ ਪਹੁੰਚਿਆ। ਓਥੇ ਬਾਰ ਵਿੱਚ ਹੀ ਉਸਨੇ ਵੀ ਕੁੱਝ ਜ਼ਮੀਨ ਆਪਣੇ ਹੱਥ ਹੇਠ ਕਰ ਲਈ ਸੀ। ਉਹ ਆਪਣੀ ਤੇ ਭੈਣ ਦੀ ਜ਼ਮੀਨ ਸੰਭਾਲਦਾ। ਭਡਾਣੇ ਵਾਲੀ ਜ਼ਮੀਨ ਉਸਦੇ ਭਤੀਏ ਵਾਹੁੰਦੇ। ਇੱਕ 'ਭਰਾ' ਹਕੀਕਤ ਸਿੰਘ ਆਪਣੀ ਮਰ ਚੁੱਕੀ ਭੈਣ ਦੇ ਬੱਚੇ ਪਾਲ ਰਿਹਾ ਸੀ ਤੇ ਇੱਕ ਭਰਾ ਚੰਦਾ ਸਿੰਘ ਆਪਣੀ ਵਿਧਵਾ ਭੈਣ ਦੇ ਬੱਚੇ ਪਾਲਣ ਦੀ ਜ਼ਿੰਮੇਵਾਰੀ ਨਿਭਾਉਣ ਜਾ ਲੱਗਾ ਸੀ।
ਚੰਦੋ ਦੇ ਬੱਚੇ ਵੱਡੇ ਹੋਏ। ਚੰਦਾ ਸਿੰਘ ਨੇ ਉਹਨਾਂ ਦੇ ਵਿਆਹ ਕੀਤੇ। ਨੂੰਹਾਂ ਘਰ ਆ ਗਈਆਂ। ਭੈਣ ਦਾ ਪਰਿਵਾਰ ਵੱਸਣ ਰੱਸਣ ਲੱਗਾ ਤਾਂ ਚੰਦਾ ਸਿੰਘ ਨੇ ਸੋਚਿਆ ਕਿ ਉਸਦੇ ਆਪਣੇ ਬੱਚਿਆਂ ਦੇ ਵਿਆਹੁਣ ਦੀ ਜ਼ਿੰਮੇਵਾਰੀ ਤਾਂ ਅਜੇ ਉਸਦੇ ਆਪਣੇ ਸਿਰ 'ਤੇ ਹੈ। ਉਸਨੇ ਸੁਰ ਸਿੰਘ ਜਾ ਕੇ ਹਕੀਕਤ ਸਿੰਘ ਤੇ ਹਰਨਾਮ ਕੌਰ ਤੋਂ ਮੰਗ ਕੀਤੀ ਕਿ ਉਹ ਬੱਚਿਆਂ ਨੂੰ ਆਪਣੇ ਨਾਲ ਲਿਜਾਣਾ ਤੇ ਉਹਨਾਂ ਦਾ ਆਪਣੇ ਹੱਥੀਂ ਵਿਆਹ ਕਰਨਾ ਚਾਹੁੰਦਾ ਹੈ। ਹਕੀਕਤ ਸਿੰਘ ਤੇ ਹਰਨਾਮ ਕੌਰ ਨੇ ਕਿਹਾ ਕਿ ਜੇ ਉਹਨਾਂ ਨੇ ਉਸਦੇ ਬੱਚੇ ਅਪਣਾਏ ਸਨ ਤਾਂ ਵਿਆਹ ਵੀ ਉਹ ਆਪ ਹੀ ਕਰਨਗੇ। ਪਰ ਚੰਦਾ ਸਿੰਘ ਦੀ ਇੱਛਾ ਸੀ ਕਿ ਉਹ ਆਪਣਾ ਮੁੰਡਾ ਆਪ ਵਿਆਹੇਗਾ, ਘਰ ਵਿੱਚ ਨੂੰਹ ਆਏਗੀ, ਬੱਚੇ ਹੋਣਗੇ। ਉਹਦਾ ਉੱਜੜਿਆ ਘਰ ਵੱਸ ਜਾਊ। ਪਰ ਏਧਰ ਜਿਨ੍ਹਾਂ ਨੇ ਦੋਹਾਂ ਹੀ ਬੱਚਿਆਂ ਨੂੰ ਕਲੇਜੇ ਦਾ ਟੁਕੜਾ ਸਮਝ ਕੇ ਪਾਲਿਆ ਅਤੇ ਵੱਡਾ ਕੀਤਾ ਸੀ, ਉਹ ਉਹਨਾਂ ਦਾ ਆਪਣੇ ਕਲੇਜੇ ਨਾਲੋਂ ਟੁੱਟਣਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ!
"ਤੂੰ ਵੀ ਏਥੇ ਹੀ ਸਾਡੇ ਕੋਲ ਆ ਰਹੁ……" ਹਕੀਕਤ ਸਿੰਘ ਨੇ ਸੋਚਿਆ ਇੰਜ ਦੋਹਾਂ ਧਿਰਾਂ ਦੀ ਪੁੱਤ ਵਿਆਹੁਣ ਅਤੇ ਘਰ ਵੱਸਦਾ ਵੇਖਣ ਦੀ ਰੀਝ ਪੂਰੀ ਹੋ ਜਾਊ।
ਪਰ ਚੰਦਾ ਸਿੰਘ ਦੀ 'ਟੈਂਅ' ਨੂੰ ਇਹ ਗੱਲ ਕਿਵੇਂ ਪੁੱਗ ਸਕਦੀ ਸੀ!
"ਤੂੰ ਚਾਹੁੰਦੈਂ ਠੇਠਰ ਬੰਦਿਆਂ ਵਾਂਗੂੰ ਮੈਂ ਸਹੁਰੇ ਘਰ ਆ ਕੇ ਬਹਿ ਜਾਂ……ਕੁੱਤੇ ਵਾਂਗ……"
ਆਖ਼ਰ ਹਰਨਾਮ ਕੌਰ ਨੇ ਹੀ ਨਿਬੇੜਾ ਕੀਤਾ, "ਦੀਦਾਰ ਦੇ ਮਾਮਾ! ਇਹ ਪਹਿਲਾਂ ਭਾਊ ਚੰਦਾ ਸੁੰਹ ਦੇ ਨਿਆਣੇ ਈ ਨੇ…ਜਿਵੇਂ ਉਹਨੂੰ ਚੰਗਾ ਲੱਗਦੈ……ਕਰਨ ਦੇਹ……ਆਪਾਂ ਤਾਂ ਪਰਾਈ ਅਮਾਨਤ ਸਾਂਭਣ ਜੋਗੇ ਸਾਂ। ਆਪਣਾ ਕਾਹਦਾ ਮਾਣ!" ਹਉਕਾ ਲੈ ਕੇ ਉਸਨੇ ਦਿਲ 'ਤੇ ਪੱਥਰ ਰੱਖ ਲਿਆ।
ਬਾਪੂ ਚੰਦਾ ਸਿੰਘ ਮੇਰੀ ਭੂਆ ਨੂੰ ਅਤੇ ਮੇਰੇ ਪਿਓ ਨੂੰ ਲੈ ਕੇ ਭਡਾਣੇ ਚਲਾ ਗਿਆ। ਪਹਿਲਾਂ ਭੂਆ ਦਾ ਵਿਆਹ ਹੋਇਆ। ਫ਼ਿਰ ਚੰਦਾ ਸਿੰਘ ਦੇ ਵੱਡੇ ਭਰਾ ਹਰੀ ਸਿੰਘ ਦੇ ਘਰੋਂ, ਮੰਗਲ ਕੌਰ ਚਵਿੰਡੇ ਤੋਂ ਆਪਣੀ ਭਤੀਜੀ ਜਿੰਦੋ, ਮੇਰੀ ਮਾਂ (ਠਾਕਰ ਸਿੰਘ ਦੀ ਧੀ) ਦਾ ਸਾਕ ਆਪਣੇ ਦਿਓਰ (ਚੰਦਾ ਸਿੰਘ) ਦੇ ਮੁੰਡੇ, ਮੇਰੇ ਪਿਤਾ, ਦੀਦਾਰ ਸਿੰਘ ਲਈ ਲੈ ਆਈ। ਮੇਰਾ ਪਿਤਾ ਵਿਆਹਿਆ ਗਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਮੇਰੀ ਭੂਆ ਗੁਰਮੇਜ ਕੌਰ ਤੇ ਮੇਰੇ ਪਿਤਾ ਦੀਦਾਰ ਸਿੰਘ ਦੇ ਵਿਆਹਾਂ ਉੱਤੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਹੀ ਖ਼ਰਚ ਕੀਤਾ।
ਮੇਰੀ ਉਮਰ ਅਜੇ ਡੇਢ ਪੌਣੇ ਦੋ ਸਾਲ ਦੀ ਹੀ ਸੀ ਕਿ ਪਾਕਿਸਤਾਨ ਬਣ ਗਿਆ। ਐਨ ਆਖ਼ਰੀ ਦਿਨ ਤੱਕ- ਜਦੋਂ ਇਹ ਖ਼ਬਰ ਮਿਲੀ ਕਿ ਧਾੜਵੀ ਪਿੰਡ ਨੂੰ ਲੁੱਟਣ ਅਤੇ ਸਾੜਨ ਆ ਰਹੇ ਹਨ- ਸਾਰੇ ਹਿੰਦੂ-ਸਿੱਖ ਪਿੰਡ ਵਿੱਚ ਹੀ ਟਿਕੇ ਹੋਏ ਸਨ। ਭਡਾਣਾ ਪਾਕਿਸਤਾਨ ਵਿੱਚ ਆ ਗਿਆ ਸੀ। ਹੁਣ ਅਚਨਚੇਤ ਹਨੇਰਾ ਉੱਤਰਦਿਆਂ ਹੀ ਵੱਸਦੇ-ਰੱਸਦੇ ਘਰ ਛੱਡ ਕੇ ਸਭ ਨੂੰ ਤੁਰਨਾ ਪੈ ਗਿਆ।
ਬੀਬੀ ਦੱਸਦੀ ਹੁੰਦੀ ਸੀ, "ਤੇਰੇ ਜੰਮਣ 'ਤੇ ਕੁੱਝ ਚਿਰ ਤਾਂ ਮੈਂ ਚਵਿੰਡੇ ਰਹੀ। ਫੇਰ ਕੁੱਝ ਚਿਰ ਮੈਂ ਤੇ ਤੇਰਾ ਚਾਚਾ (ਮੇਰੇ ਪਿਤਾ ਦੇ ਸਾਥੋਂ ਉਮਰੋਂ ਵੱਡੇ ਭਤੀਏ ਉਸਨੂੰ ਚਾਚਾ ਆਖਦੇ ਸਨ। ਉਹਨਾਂ ਦੀ ਰੀਸੇ ਅਸੀਂ ਵੀ ਉਸਨੂੰ ਚਾਚਾ ਆਖਦੇ) ਸੁਰ ਸਿੰਘ ਰਹੇ। ਭਡਾਣੇ ਬਾਪੂ ਜੀ ਨਵਾਂ ਮਕਾਨ ਬਣਵਾ ਰਹੇ ਸਨ। ਸਾਂਝੇ ਟੱਬਰ 'ਚੋਂ ਹਿੱਸੇ ਆਉਂਦਾ ਪਹਿਲਾ ਮਕਾਨ ਤਾਂ ਏਨੇ ਸਾਲਾਂ ਪਿੱਛੋਂ ਰਹਿਣ ਜੋਗਾ ਨਹੀਂ ਸੀ ਰਿਹਾ। ਦੋ ਨਵੇਂ ਪੱਕੇ ਕੋਠੇ, ਅੱਗੇ ਸੁਫ਼ਾ ਤੇ ਰਸੋਈ ਬਣਵਾਈ। ਡੰਗਰਾਂ ਲਈ ਵੱਖਰਾ ਕੱਚਾ ਕੋਠਾ ਤੇ ਪੱਕਾ ਬਰਾਂਡਾ ਬਣਵਾਇਆ। ਬਰਾਂਡੇ ਵਿੱਚ ਟੋਕਾ ਲਵਾਇਆ। ਉਦੋਂ ਮਸ਼ੀਨੀ ਟੋਕਾ ਕਿਸੇ ਕਿਸੇ ਦੇ ਘਰ ਹੁੰਦਾ ਸੀ। ਬਾਰ ਵਾਲੀ ਜ਼ਮੀਨ ਵਿੱਚ ਕਣਕ ਬੀਜ ਕੇ ਅਸੀਂ ਫੱਗਣ ਵਿੱਚ ਭਡਾਣੇ ਆ ਗਏ। ਬਾਪੂ ਜੀ ਬੜੇ ਖ਼ੁਸ਼ ਕਿ ਵਰ੍ਹਿਆਂ ਬਾਅਦ ਉਹਨਾਂ ਦਾ ਘਰ ਵੱਸਿਆ ਸੀ! ਅਜੇ ਪੰਜ ਛੇ ਮਹੀਨੇ ਹੀ ਰਹੇ ਹੋਵਾਂਗੇ ਕਿ ਭਾਦਰੋਂ ਵਿੱਚ ਪਾਕਿਸਤਾਨ ਬਣ ਗਿਆ। ਗੁਰੂ ਕੀ ਵਡਾਲੀ ਤੋਂ ਉੱਜੜ ਕੇ ਮੁਸਲਮਾਨ ਸਾਡੇ ਗੁਆਂਢ ਆ ਵੱਸੇ ਸਨ। ਬਾਪੂ ਜੀ ਆਪਣੇ ਦਲੇਰ ਸੁਭਾਅ ਕਰਕੇ ਉਹਨਾਂ ਨੂੰ ਕਹਿੰਦੇ, 'ਤੁਸੀਂ ਮੈਨੂੰ ਦੱਸੋ, ਮੈਂ ਗੁਰੂ ਕੀ ਵਡਾਲੀ ਤੋਂ ਜਾ ਕੇ ਤੁਹਾਡਾ ਸਮਾਨ ਲਿਆਉਂਦਾ ਹਾਂ!' ਪਰ ਰਾਤ ਨੂੰ ਆਪਣਾ ਸਭ ਕੁੱਝ ਛੱਡ-ਛੁਡਾ ਕੇ ਘਰੋਂ ਨਿਕਲਣਾ ਪੈ ਗਿਆ! ਉਂਜ ਪਿੰਡ ਵਿੱਚ ਅਮਨ-ਕਮੇਟੀ ਵੀ ਬਣੀ ਹੋਈ ਸੀ। ਰੇਡੀਓ ਸੁਣਨ ਵਾਲੇ ਕੁੱਝ ਲੋਕ ਆਖਦੇ ਤਾਂ ਸਨ ਕਿ ਭਡਾਣਾ ਪਾਕਿਸਤਾਨ ਵਿੱਚ ਆ ਗਿਐ। ਪਰ ਵੱਸਦੇ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ। ਭਡਾਣੇ ਦੇ ਪਾਕਿਸਤਾਨ ਵਿੱਚ ਆ ਜਾਣ ਦੀ ਖ਼ਬਰ ਸੁਣ ਕੇ ਅਜੇ ਸਵੇਰੇ ਈ ਸੁਰ ਸਿੰਘ ਵਾਲੇ ਬਾਪੂ ਜੀ ਸਾਨੂੰ ਲੈਣ ਗਏ ਤਾਂ ਬਾਪੂ ਜੀ ਉਹਨਾਂ ਨੂੰ ਝਿੜਕ ਕੇ ਪਏ, "ਪੰਝੀਆਂ ਵਰ੍ਹਿਆਂ ਬਾਅਦ ਮੇਰਾ ਘਰ ਵੱਸਿਆ। ਤੂੰ ਫੇਰ ਉਜਾੜਨ ਆਇਐਂ।" ਪਰ ਤਕਾਲੀਂ ਰੌਲਾ ਪੈ ਗਿਆ ਕਿ ਲੀਗ ਵਾਲੇ ਹੱਲਾ ਕਰਨ ਆ ਪਏ ਨੇ। ਲੋਕ ਪਿੰਡੋਂ ਨਿਕਲ ਤੁਰੇ। ਮਿਲਟਰੀ ਨੇ ਵਾਪਸ ਭੇਜ ਦਿੱਤੇ। ਸੱਤ-ਅੱਠ ਵਜੇ ਫਿਰ ਰੌਲਾ ਪੈ ਗਿਆ। ਰਾਤ ਦੇ ਹਨੇਰੇ ਵਿੱਚ ਭੱਜ ਨਿਕਲੇ। ਭਡਾਣੇ ਦੀ ਜ਼ਮੀਨ ਦੀ ਹੱਦ ਹੀ ਪਾਕਿਸਤਾਨ ਦੀ ਹੱਦ ਸੀ। ਪਰ ਨੇਰ੍ਹੀ ਰਾਤ ਵਿੱਚ ਰਾਹ ਨਾ ਲੱਭੇ। ਓਧਰੋਂ ਮੀਂਹ ਪੈਣ ਲੱਗਾ। ਖ਼ਾਲ਼ੇ-ਖ਼ਾਲ਼ ਲੰਮੇ ਪੈ ਕੇ ਸੂਏ ਵੱਲ ਗਏ ਤਾਂ ਓਥੇ ਮਿਲਟਰੀ ਦਾ ਨਾਕਾ ਲੱਗਾ ਹੋਇਆ। ਮਿਲਟਰੀ ਤੋਂ ਵੀ ਡਰੀਏ ਕਿ ਕਿਤੇ ਗੋਲੀ ਨਾ ਚਲਾ ਦੇਣ! ਫੇਰ ਪਿੱਛੇ ਮੁੜੇ। ਰਾਤੋ ਰਾਤ ਕਮਾਦਾਂ 'ਚ ਲੁਕਦੇ, ਜਾਨ ਬਚਾਉਂਦੇ, ਵੌੜਾਂ ਲੈਂਦੇ ਮਸਾਂ ਦਿਨ ਚੜ੍ਹਨ ਤੱਕ 'ਸੌ ਕੋਹਾਂ' ਵਰਗਾ ਚਾਰ ਪੰਜ ਮੀਲ ਦਾ ਪੈਂਡਾ ਤੈਅ ਕਰ ਕੇ ਸੁਰ ਸਿੰਘ ਪਹੁੰਚੇ।"
"ਕਮਾਦ ਵਿੱਚ ਲੁਕੇ ਤਾਂ ਗਰਮੀ ਤੇ ਹੁੰਮਸ ਨਾਲ ਤੂੰ ਰੋਣ ਲੱਗਾ। ਬਾਪੂ ਜੀ ਆਖਣ, 'ਕੁੜੀਏ, ਇਹਦੇ ਮੂੰਹ 'ਚ ਲੀੜਾ ਤੁੰਨ। ਸਾਰੇ ਟੱਬਰ ਨੂੰ ਮਰਵਾਊਗਾ!' ਸੁਰ ਸਿੰਘ ਆ ਕੇ ਰੋਟੀ-ਪਾਣੀ ਖਾਧਾ ਤੇ ਬਾਪੂ ਜੀ ਆਖਣ ਲੱਗੇ, "ਮੈਂ ਭਡਾਣੇ ਨੂੰ ਚੱਲਿਆਂ। ਜਾ ਕੇ ਖ਼ਬਰਸਾਰ ਪਤਾ ਕਰਦਾਂ, ਨਾਲੇ ਮਾਲ ਡੰਗਰ ਭੁੱਖਾ ਮਰਦਾ ਹੋਊ, ਉਹਨੂੰ ਪੱਠਾ-ਦੱਥਾ ਪਾ ਆਊਂ।" ਸਾਡੇ ਕੋਲ ਉਸ ਵੇਲੇ ਚਾਰ ਮੱਝਾਂ, ਦੋ ਝੋਟੀਆਂ, ਦੋ ਬਲ਼ਦ, ਲਬੋਚੜ ਗਾਂ, ਆਉਣ ਜਾਣ ਲਈ ਘੋੜੀ ਤੇ ਪੱਠਾ-ਦੱਥਾ ਢੋਣ ਤੇ ਖੂਹ ਵਾਹੁਣ ਲਈ ਪਹਾੜ ਜਿੱਡਾ ਊਠ ਸੀ। ਘਰ ਜਾ ਕੇ ਬਾਪੂ ਜੀ ਨੇ ਊਠ ਖੋਲ੍ਹਿਆ ਤੇ ਪੱਠਿਆ ਨੂੰ ਤੁਰ ਪਿਆ। ਪਿੰਡ ਦੇ ਮੁਸਲਮਾਨ ਹੈਰਾਨ ਹੋਏ ਉਸ ਵੱਲ ਵੇਖਣ। ਉਸਨੂੰ ਪੈਲੀ 'ਚੋਂ ਪੱਠੇ ਵੱਢਦਿਆਂ ਵੇਖ ਜਲਾਲ ਬਰਵਾਲਾ ਭੱਜਾ ਆਇਆ ਤੇ ਆਖਣ ਲੱਗਾ, "ਸਰਦਾਰਾ! ਮੇਰੀ ਮੰਨਦੈਂ ਤਾਂ, ਤੈਨੂੰ ਅੱਲਾ ਦਾ ਵਾਸਤਾ ਈ, ਛੇਤੀ ਭੱਜ ਜਾ। ਰਾਤੀਂ ਤਾਂ ਪਿੰਡ ਵਾਲਿਆਂ ਨੇ ਬਾਹਰੋਂ ਆਏ ਬੰਦੇ ਹੱਥ ਬੰਨ੍ਹ ਕੇ ਮੋੜ ਦਿੱਤੇ ਸਨ। ਮਿਲਟਰੀ ਵਾਲਿਆਂ ਵੀ ਸਾਥ ਦਿੱਤਾ ਸੀ। ਹੁਣ ਵੀ ਪਿੰਡ ਵਾਲਿਆਂ ਦਾ ਤਾਂ ਕੋਈ ਨਹੀਂ, ਪਰ ਬਾਹਰੋਂ ਆਏ ਮੁਸਲਮਾਨ ਬੜੇ ਆਫ਼ਰੇ ਫਿਰਦੇ ਨੇ। ਉਹਨਾਂ ਤਾਂ ਘਰ ਲੁੱਟਣੇ ਵੀ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਡੰਗਰਾਂ ਲਈ ਪੱਠੇ ਵੱਢਣ ਡਿਹੈਂ ਉਹਨਾਂ ਵਿਚੋਂ ਤਾਂ ਹੁਣ ਕੋਈ ਵੀ ਕਿੱਲੇ 'ਤੇ ਬੱਝਾ ਨਹੀਂ ਰਹਿ ਗਿਆ!" ਬਾਪੂ ਜੀ ਹੱਥ ਝਾੜ ਕੇ ਤੁਰ ਪਏ। ਆਉਣ ਲੱਗਿਆਂ ਊਠ ਨੂੰ ਪੈਲੀਆਂ ਵਿੱਚ ਖੁੱਲ੍ਹਾ ਛੱਡ ਆਏ। ਉਹਨਾਂ ਨੂੰ ਪਤਾ ਸੀ ਕਿ ਘਰ ਦੇ ਕਿਸੇ ਜੀਅ ਤੋਂ ਬਿਨਾਂ ਕੋਈ ਹੋਰ ਜਣਾ ਉਸਨੂੰ ਫੜ੍ਹਨ ਦੀ ਹਿੰਮਤ ਨਹੀਂ ਕਰ ਸਕਦਾ। ਬੜਾ ਵਾਢੂ ਊਠ ਸੀ ਉਹ। ਹੋਇਆ ਵੀ ਇੰਜ ਹੀ। ਆਂਹਦੇ ਨੇ ਮਹੀਨਾ ਭਰ ਉਸਨੇ ਕਿਸੇ ਨੂੰ ਆਪਣੇ ਨੇੜੇ ਨਾ ਢੁੱਕਣ ਦਿੱਤਾ।"
ਉੱਜੜਨ ਦੀ ਵਾਰਤਾ ਸੁਣਾਉਂਦੀ ਹੋਈ ਬੀਬੀ ਆਪਣੇ ਦਾਜ ਅਤੇ ਗਹਿਣਿਆਂ ਦੀ ਗਿਣਤੀ ਕਰਨ ਲੱਗਦੀ, ਜਿੰਨ੍ਹਾਂ ਨੂੰ ਭੋਗਣਾ ਤੇ ਪਹਿਨਣਾ ਉਸਦੀ ਕਿਸਮਤ ਵਿੱਚ ਨਹੀਂ ਸੀ ਲਿਖਿਆ।
ਸਾਡਾ ਟੱਬਰ, ਭੂਆ ਗੁਰਮੇਜ ਕੌਰ ਦੇ ਸਹੁਰਿਆਂ ਦਾ ਵੱਡਾ ਟੱਬਰ, ਦਾਦੀ ਹਰਨਾਮ ਕੌਰ ਦੇ ਪੇਕਿਆਂ ਦਾ ਟੱਬਰ, ਪੰਜਾਹ-ਸੱਠ ਜੀਅ ਹੋਣਗੇ ਨਿੱਕੇ-ਵੱਡੇ ਰਲਾ ਕੇ, ਜਿਹੜੇ ਸੁਰ ਸਿੰਘ ਦੀ ਹਵੇਲੀ ਵਿੱਚ ਆ ਟਿਕੇ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਆਪਣੇ ਦਿਲ ਵਾਂਗ ਹੀ ਘਰ ਦੇ ਬੂਹੇ ਖੋਲ੍ਹ ਦਿੱਤੇ। ਹੌਲੀ ਹੌਲੀ ਸਭ ਜਿੱਥੇ ਜਿੱਥੇ ਪੈਰ ਅੜਿਆ, ਤੁਰਦੇ ਗਏ ਪਰ ਸੁਰ ਸਿੰਘੀਆਂ ਦੀ ਖੁੱਲ੍ਹ-ਦਿਲੀ ਤੇ ਪ੍ਰਾਹੁਣਚਾਰੀ ਦੀਆਂ ਤਾਰੀਫ਼ਾਂ ਸਾਲਾਂ ਤੱਕ ਕਰਦੇ ਰਹੇ।
ਪਾਕਿਸਤਾਨ ਵਿੱਚ ਰਹਿ ਗਈ ਸਾਡੀ ਜ਼ਮੀਨ ਦੇ ਬਦਲੇ ਕੱਚੀ ਅਲਾਟਮੈਂਟ ਮੁਕੇਰੀਆਂ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਤੰਗਰਾਲੀਆਂ ਵਿੱਚ ਹੋਈ। ਬਾਕੀ ਭਾਈਚਾਰੇ ਨਾਲ ਸਾਡਾ ਪਰਿਵਾਰ ਵੀ ਤੰਗਰਾਲੀਆਂ ਜਾ ਵੱਸਿਆ। ਸਾਰਾ ਮਾਲ ਡੰਗਰ ਤਾਂ ਪਿੱਛੇ ਛੱਡ ਆਏ ਸਾਂ। ਹਰਨਾਮ ਕੌਰ ਤੇ ਹਕੀਕਤ ਸਿੰਘ ਮਿਲਣ ਆਏ ਤਾਂ ਸੱਜਰ-ਸੂਈ ਮੱਝ ਮੁੱਲ ਲੈ ਕੇ ਦੇ ਗਏ ਤਾਂ ਕਿ ਬੱਚਿਆਂ ਦੇ ਮੂੰਹ 'ਚ ਦੁੱਧ ਦੀ ਤਿੱਪ ਜਾ ਸਕੇ।
ਮੈਨੂੰ ਆਪਣੀ ਪਹਿਲੀ ਸੰਭਾਲ ਇਸੇ ਪਿੰਡ ਤੰਗਰਾਲੀਆਂ ਦੀ ਹੀ ਹੈ। ਇੱਥੇ ਮੇਰੀ ਇੱਕ ਭੈਣ ਸੁਰਜੀਤੋ ਨੇ ਜਨਮ ਲਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਕੁੱਝ ਚਿਰ ਬਾਅਦ ਫੇਰ ਆਏ। ਉਹਨਾਂ ਨੇ ਮੇਰੇ ਬਾਪੂ ਚੰਦਾ ਸਿੰਘ ਨੂੰ ਸਮਝਾਇਆ। ਹਰਨਾਮ ਕੌਰ ਨੇ ਆਖਿਆ, "ਵੀਰਾ! ਇਹ ਤੇਰੇ ਹੀ ਨਿਆਣੇ ਸਹੀ, ਪਰ ਸਾਡੇ ਵੀ ਕੁੱਝ ਲੱਗਦੇ ਨੇ। ਇਹਨਾਂ ਨੂੰ ਇਸ ਹਾਲ ਵਿੱਚ ਵੇਖ ਕੇ ਸਾਡੇ ਤੋਂ ਨਹੀਂ ਜਰਿਆ ਜਾਂਦਾ। ਤੂੰ ਦੀਦਾਰ ਨੂੰ ਸਾਡੇ ਕੋਲ ਘੱਲ ਦੇਹ। ਜਦੋਂ ਤੈਨੂੰ ਕਿਤੇ ਪੱਕੀ ਜ਼ਮੀਨ ਮਿਲ ਗਈ। ਬੇਸ਼ੱਕ ਲੈ ਜਾਈਂ……"
ਇੰਜ ਅਸੀਂ ਸੁਰ ਸਿੰਘ ਪਰਤ ਆਏ। ਪਿੱਛੋਂ ਕੱਚੀ ਜ਼ਮੀਨ ਵੀ ਖੁੱਸ ਗਈ ਅਤੇ ਬਾਪੂ ਚੰਦਾ ਸਿੰਘ ਵੀ ਸੁਰ ਸਿੰਘ ਹੀ ਆ ਗਿਆ। ਉਹ ਇੱਥੋਂ ਹੀ ਆਪਣੇ ਕਲੇਮ ਅਤੇ ਜ਼ਮੀਨ ਦੀ ਪ੍ਰਾਪਤੀ ਲਈ ਜਲੰਧਰ ਫ਼ੇਰੇ ਤੇ ਫ਼ੇਰੇ ਮਾਰਦਾ। ਜਲੰਧਰ ਉਹ ਸਦਾ ਤੁਰ ਕੇ ਹੀ ਜਾਂਦਾ। ਉਹ ਰਾਤ ਦੇ ਤੀਜੇ ਪਹਿਰ ਪਰਾਉਂਠੇ ਤੇ ਅੰਬ ਦਾ ਆਚਾਰ ਪਰਨੇ ਦੇ ਲੜ ਬੰਨ੍ਹ ਕੇ ਜਲੰਧਰ ਨੂੰ ਪੈਦਲ ਯਾਤਰਾ ਤੇ ਨਿਕਲ ਜਾਂਦਾ ਅਤੇ ਤੀਜੇ ਚੌਥੇ ਦਿਨ ਖੱਜਲ-ਖ਼ਰਾਬ ਹੋਣ ਤੋਂ ਬਾਅਦ ਘਰ ਪਰਤਦਾ। ਜਲੰਧਰ ਉਸਨੂੰ ਕੋਈ ਹੱਥ-ਪੱਲਾ ਨਾ ਫੜਾਉਂਦਾ। ਇੱਕ ਵਾਰ ਤਾਂ ਉਹ ਮਹਿਕਮਾ ਮਾਲ ਦੇ ਸੰਬੰਧਤ ਕਰਮਚਾਰੀ ਨੂੰ ਆਪਣਾ ਚਾਕੂ ਕੱਢਕੇ ਹੀ ਪੈ ਗਿਆ ਸੀ। ਆਖ਼ਰ ਲੰਮੇਂ ਯਤਨਾਂ ਪਿੱਛੋਂ ਸਾਨੂੰ ਆਪਣੇ ਹੋਰ ਬਹੁਤ ਸਾਰੇ ਪਿੰਡ ਵਾਸੀਆਂ ਵਾਂਗ ਅਬਹੋਰ ਦੇ ਨਜ਼ਦੀਕ 'ਚਰਾਗ ਢਾਣੀ' ਨਾਂ ਦੇ ਪਿੰਡ ਵਿੱਚ ਜ਼ਮੀਨ ਅਲਾਟ ਹੋਈ। ਜ਼ਮੀਨ ਦਾ ਕਬਜ਼ਾ ਲੈਣ ਲਈ ਬਾਪੂ ਚੰਦਾ ਸਿੰਘ ਓਥੇ ਪਹੁੰਚ ਗਿਆ। ਓਥੇ ਹੀ ਉਸਦੇ ਭਤੀਜਿਆਂ ਨੂੰ ਜ਼ਮੀਨ ਮਿਲੀ ਹੋਈ ਸੀ। ਪਰ ਅਸੀਂ ਬਾਕੀ ਪਰਿਵਾਰ ਸੁਰ ਸਿੰਘ ਹੀ ਟਿਕੇ ਰਹੇ।
1951 ਵਿੱਚ ਮੇਰਾ ਪਿਓ ਮੈਨੂੰ ਸਕੂਲ ਦਾਖ਼ਲ ਕਰਵਾਉਣ ਲੈ ਕੇ ਗਿਆ। ਮੇਰੇ ਤੇੜ ਚਾਦਰਾ ਬੱਝਾ ਹੋਇਆ ਸੀ। ਮੇਰੇ ਪਿਤਾ ਦੇ ਕਿੱਤੇ ਵਾਲੇ ਖਾਨੇ ਵਿੱਚ 'ਰਫ਼ਿਊਜੀ' ਲਿਖਿਆ ਗਿਆ। ਮਾਸਟਰ ਮੁਲਖ ਰਾਜ ਮੇਰੇ ਪਿਓ ਦਾ ਵੀ ਉਸਤਾਦ ਰਿਹਾ ਸੀ। ਉਸਨੇ ਮੈਨੂੰ ਘਬਰਾਇਆ ਵੇਖ ਕੇ ਕਿਹਾ, "ਡਰਦਾ ਕਿਓਂ ਏਂ? ਤੇਰਾ ਪਿਓ ਵੀ ਏਥੇ ਇਹਨਾਂ ਤੱਪੜਾਂ 'ਤੇ ਬਹਿ ਕੇ ਹੀ ਪੜ੍ਹਿਆ। ਆਹ ਵੇਖ ਸਭ ਤੇਰੇ ਤੇਰੇ ਜਿੱਡੇ ਮੁੰਡੇ। ਔਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਜਿੱਡਾ।" ਉਹ ਮੈਨੂੰ ਹੌਸਲਾ ਦੇਣ ਲਈ ਜਮਾਤ ਵਿੱਚ ਲੈ ਗਿਆ ਅਤੇ ਮੈਨੂੰ ਬਾਜ਼ਾਰ ਵਿੱਚ ਸਾਡੇ ਨੇੜੇ ਹੀ ਵੱਸਦੇ ਦੁਕਾਨਦਾਰ ਖ਼ੁਸ਼ੀ ਰਾਮ ਦੇ ਲੜਕੇ ਕੋਲ ਬਿਠਾ ਦਿੱਤਾ।

Tuesday 17 June 2014

ਖਾਲੀ ਸੀਟ
- ਅਮਰਜੀਤ ਕੌਰ ਹਿਰਦੇ

Online Punjabi Magazine Seerat"ਆ ਜੋ ਮੈਡਮ ਬੈਠ ਜਾਓ, ਸੀਟ ਖਾਲੀ ਹੈ। ਤੁਸੀਂ ਅੱਗੇ ਲੰਘ ਆਓ। ਜ਼ਰਾ ਮੈਡਮ ਨੂੰ ਲੰਘਣ ਦਿਓ"।
ਮੇਰੇ ਨਾਲ ਬੱਸ ਵਿਚ ਰੋਜ਼ਾਨਾ ਸਫ਼ਰ ਕਰਨ ਵਾਲੇ ਆਦਮੀ ਨੇ ਜਦੋਂ ਮੈਨੂੰ ਕਿਹਾ ਤਾਂ ਮੈਂ ਥੋੜ੍ਹਾ ਜਿਹਾ ਸੰਕੋਚ ਵੱਸ ਕਿਹਾ ਕਿ, "ਨਹੀਂ, ਬਹੁਤ ਮੁਸ਼ਕਿਲ ਹੈ ਐਨੀ ਭੀੜ ਵਿੱਚੋਂ ਲੰਘ ਕੇ ਅੱਗੇ ਆਉਣਾ"। ਮੇਰੇ ਨਾਂਹ ਕਰ ਦੇਣ ਦੇ ਬਾਵਜ਼ੂਦ ਵੀ ਉਸ ਨੇ ਸਵਾਰੀਆਂ ਨੂੰ ਅੱਗੇ-ਪਿੱਛੇ ਹੋ ਕੇ ਮੈਨੂੰ ਲੰਘਣ ਦੇਣ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਸੀ।
ਉਸ ਨੂੰ ਏਨਾ ਤਕੁੱਲਫ ਉਠਾਉਂਦੇ ਅਤੇ ਸਵਾਰੀਆਂ ਨੂੰ ਪ੍ਰੇਸ਼ਾਨ ਹੁੰਦੇ ਵੇਖ ਕੇ ਮੈਂ ਫਿਰ ਕਿਹਾ ਕਿ, "ਭਾਈ ਸਾਹਿਬ ਕੋਈ ਗੱਲ ਨਹੀਂ ਅਰਨੀ ਵਾਲੇ ਜਾ ਕੇ ਬੱਸ ਕੁੱਝ ਖਾਲੀ ਹੋਵੇਗੀ ਤਾਂ ਸੀਟਾਂ ਖਾਲੀ ਹੋਣਗੀਆਂ ਤਾਂ ਮੈਂ ਫਿਰ ਬੈਠ ਜਾਂਵਾਂਗੀ। ਦਸ ਮਿੰਟ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਹ ਤਾਂ ਰੋਜ ਦਾ ਹੀ ਕੰਮ ਹੈ। ਤੁਸੀਂ ਐਂਵੇਂ ਪ੍ਰੇਸ਼ਾਨ ਨਾ ਹੋਵੋ"। ਏਨਾ ਕਹਿ ਕੇ ਮੈਂ ਇਕ ਵਾਰ ਫਿਰ ਤੋਂ ਉਸਦਾ ਚਿਹਰਾ ਧਿਆਨ ਨਾਲ ਦੇਖਿਆ ਤਾਂ ਮੈਨੂੰ ਉਸ ਆਦਮੀ ਦੇ ਚਿਹਰੇ ਤੋਂ ਬੜੀ ਨਫ਼ਰਤ ਹੋਈ ਤੇ ਮੈਨੂੰ ਯਾਦ ਆਇਆ ਕਿ ਸ਼ੁਰੂ ਤੋਂ ਹੀ ਮੈਨੂੰ ਨਾਲ ਸਫ਼ਰ ਕਰਨ ਵਾਲੇ ਜਿਸ ਚਿਹਰੇ ਤੋਂ ਅਲਰਜ਼ੀ ਜਿਹੀ ਹੁੰਦੀ ਸੀ ਇਹ ਤਾਂ ਉਹੋ ਹੀ ਹੈ। ਮੈਨੂੰ ਧੁਰ ਅੰਦਰ ਤੱਕ ਉਹਦੇ ਤੋਂ ਬੜੀ ਕੋਫ਼ਤ ਜਿਹੀ ਮਹਿਸੂਸ ਹੋਈ। ਵੈਸੇ ਵੀ ਤਿੰਨ-ਚਾਰ ਸੀਟਾਂ ਛੱਡ ਕੇ ਉਸਦੀ ਸੀਟ ਤੱਕ ਪਹੁੰਚਣਾ ਮੁਸ਼ਕਿਲ ਹੀ ਨਹੀਂ ਸਗੋਂ ਨਾਮੁਮਕਿਨ ਸੀ। ਤੇ ਮੈਂ ਇਹ ਵੀ ਸੋਚ ਰਹੀ ਸੀ ਕਿ ਜੇਕਰ ਅੱਜ ਇਸਦੀ ਰੋਕੀ ਹੋਈ ਸੀਟ ਤੇ ਜਾ ਕੇ ਬੈਠ ਗਈ ਤਾਂ ਇਸ ਤਰ੍ਹਾਂ ਤਾਂ ਇਹ ਹਰ ਰੋਜ਼੍ਹ ਹੀ ਮੇਰੇ ਲਈ ਸੀਟ ਰੋਕਣੀ ਸ਼ੁਰੂ ਕਰ ਦੇਵੇਗਾ ਜਿਸ ਸਖ਼ਸ਼ ਦੀ ਹੋਂਦ ਹੀ ਨਾਗਵਾਰ ਗੁਜ਼ਰੇ ਅਜਿਹੇ ਬੰਦੇ ਨਾਲ ਬੈਠ ਕੇ ਸਫ਼ਰ ਕਰਨਾ ਮੈਨੂੰ ਕਤਈ ਮਨਜ਼ੂਰ ਨਹੀਂ ਸੀ। ਜਨਾਨਾ ਸਵਾਰੀ ਨਾਲ ਸਫ਼ਰ ਕਰਨਾ ਅਰਾਮਦਾਇਕ ਤੇ ਸੁਰੱਖਿਅਤ ਮਹਿਸੂਸ ਕਰਦੀ ਹਾਂ। ਛੇਤੀ ਕੀਤੇ ਆਪਣੇ ਨਾਲ ਕਿਸੇ ਆਦਮੀ ਨੂੰ ਨਹੀਂ ਬਿਠਾਉਂਦੀ। ਇਸ ਲਈ ਮੈਂ ਅਰਨੀਵਾਲੇ ਪਹੁੰਚ ਕੇ ਵੀ ਉਸਦੀ ਰੋਕੀ ਹੋਈ ਸੀਟ ਤੇ ਨਾ ਬੈਠਣ ਦਾ ਮਨ ਹੀ ਮਨ ਫ਼ੈਸਲਾ ਕਰ ਚੁੱਕੀ ਸੀ।
ਉਹ ਵੀ ਰੋਜ਼੍ਹ ਉਸੇ ਬਸ ਤੇ ਹੀ ਆਉਂਦਾ ਸੀ। ਕਈ ਵਾਰੀ ਤਾਂ ਵਾਪਸੀ ਵੀ ਮੇਰੇ ਵਾਲੀ ਬੱਸ ਵਿਚ ਹੁੰਦਾ। ਅਕਸਰ ਮੈਨੂੰ ਮਹਿਸੂਸ ਹੁੰਦਾ ਕਿ ਉਹ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ ਪਰ, ਮੈਂ ਤਾਂ ਆਪਣੇ-ਆਪ ਵਿਚ ਹੀ ਮਸਤ ਰਹਿੰਦੀ ਸਾਂ। ਵੈਸੇ ਵੀ ਮੌਕੇ ਦੀ ਤਲਾਸ਼ ਵਿਚ ਰਹਿਣ ਵਾਲੇ ਬੰਦੇ ਮੈਨੂੰ ਚੰਗੇ ਨਹੀਂ ਲੱਗਦੇ। ਭਾਂਵੇਂ ਮੈਂ ਖ਼ੁਦ ਪਿਛਾਂਹ-ਖਿੱਚੂ ਵਿਚਾਰਾਂ ਦੀ ਨਹੀਂ ਪਰ, ਦੂਜਿਆਂ ਦੇ ਸਨਕ ਤੋਂ ਡਰ ਕੇ ਰਹਿਣ ਵਿਚ ਹੀ ਭਲਾਈ ਸਮਝਦੀ ਹਾਂ। ਮੈਂ ਹਮੇਸ਼ਾਂ ਹੀ ਮਾਹੌਲ ਅਨੁਸਾਰ ਆਪਣੇ-ਆਪ ਨੂੰ ਢਾਲਦੀ ਆਈ ਹਾਂ ਤੇ ਸ਼ਾਇਦ ਲੋਕਾਂ ਦੇ ਸਨਕ ਦਾ ਭੇਦ ਵੀ ਪਤੀ ਦੇ ਸ਼ੱਕੀ ਸੁਭਾਅ ਵਿਚੋਂ ਹੀ ਜਾਣਿਆਂ ਕਿ ਲੋਕ ਇਸ ਤਰ੍ਹਾਂ ਵੀ ਸੋਚ ਸਕਦੇ ਹਨ। ਮੇਰੇ ਪਤੀ ਦੀ ਆਦਤ ਸੀ ਅਕਸਰ ਹੀ ਸ਼ੱਕ ਵਿਚ ਐਂਵੇਂ ਹੀ ਅਗਲੇ ਨੂੰ ਪੈਰੋਂ ਕੱਢੀ ਜਾਣਾ। ਕੋਈ ਨਜ਼ਰ ਭਰ ਕੇ ਮੈਨੂੰ ਤੱਕ ਲੈਂਦਾ ਤਾਂ ਉਲਟਾ ਮੇਰੀ ਸ਼ਾਮਤ ਆ ਜਾਂਦੀ। ਉਹ ਤੈਨੂੰ ਕਿਉਂ ਦੇਖਦਾ ਸੀ? ਉਹਦੀਆਂ ਇਹੋ ਜਿਹੀਆਂ ਬੇਥ੍ਹਵੀਆਂ ਜਿਹੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਵਿਹੁ ਚੜ੍ਹ ਜਾਂਦੀ। ਸੋ ਬਚ ਕੇ ਰਹਿਣ ਵਿਚ ਹੀ ਮੈਨੂੰ ਆਪਣਾ ਬਚਾਓ ਜਾਪਦਾ। ਮੈਂ ਕਈ ਵਾਰੀ ਆਪਣੇ ਪਤੀ ਨੂੰ ਅਰਨੀਵਾਲੇ ਤੋਂ ਬਸ ਚੜ੍ਹਾਉਣ ਲਈ ਵੀ ਕਹਿੰਦੀ। ਪਰ, ਉਹ ਮਨਮਰਜ਼ੀ ਦਾ ਮਾਲਿਕ ਬੰਦਾ ਦਿਲ ਕਰਦਾ ਤਾਂ ਚੜਾਅ ਆਉਂਦਾ ਨਹੀਂ ਤਾਂ ਚਾਰ ਗੱਲਾਂ ਸੁਣਾ ਦਿੰਦਾ ਤੇ ਮੇਰੀ ਨੌਕਰੀ ਨੂੰ ਕੋਸਣਾ ਸ਼ੁਰੂ ਕਰ ਦਿੰਦਾ, ਕਹਿੰਦਾ "ਨੌਕਰੀ ਕਰਨ ਦਾ ਤਾਂ ਸਵਾਦ ਹੀ ਭੀੜ ਵਿਚ ਜਾ ਕੇ ਆਉਂਦਾ ਏ। ਤਾਂ ਹੀ ਤੂੰ ਜਾਂਨੀ ਐਂ"। ਜੇ ਮੈਂ ਕਹਿੰਦੀ ਕਿ ਮੈਨੂੰ ਤੂੰ ਛੱਡ ਆ ਤਾਂ ਕਹਿ ਦਿੰਦਾ ਕਿ ਮੈਂ ਕੋਈ ਤੇਰੇ ਲਈ ਵਿਹਲਾ ਆਂ। ਮੈਂ ਆਪ ਨਹੀਂ ਨੌਕਰੀ ਕਰਨੀ। ਉਸਦੀਆਂ ਅਜਿਹੀਆਂ ਗੱਲਾਂ ਨਾਲ ਮੈਂ ਅਕਸਰ ਸੜੀ-ਭੁੱਜੀ ਜਿਹੀ ਰਹਿੰਦੀ।
ਬਸ ਵਿਚ ਕੋਈ ਕਦੀ ਮੈਨੂੰ ਬੁਲਾਉਣ ਦੀ ਹਿੰਮਤ ਨਹੀਂ ਸੀ ਕਰ ਸਕਿਆ। ਪਰ, ਅੱਜ ਪਹਿਲੀ ਵਾਰ ਉਸਨੇ ਮੇਰੇ ਲਈ ਸੀਟ ਰੱਖੀ ਸੀ। ਮੈਨੂੰ ਲੱਗਿਆ ਕਿ ਮੇਰੇ ਨਾਲ ਗੱਲ-ਬਾਤ ਲਈ ਉਸ ਦੀ ਇਹ ਤਰਕੀਬ ਹੈ। ਉਸਨੂੰ ਤਾਂ ਕੀ ਕਿਸੇ ਨੂੰ ਵੀ ਮੈਂ ਆਪਣੇ ਨਜ਼ਦੀਕ ਨਹੀਂ ਆਉਣ ਦੇਣਾ ਚਾਹੁੰਦੀ ਸੀ। ਮੈਨੂੰ ਲੱਗਦਾ ਮੇਰੇ ਅੰਦਰ ਜਿਵੇਂ ਪੂਰੇ ਮਰਦ ਸਮਾਜ ਲਈ ਕੋਈ ਜਵਾਲਾਮੁਖੀ ਹੈ ਜੋ ਹਰ ਵੇਲੇ ਮੇਰੇ ਅੰਦਰ ਧੁਖ਼ਦਾ ਰਹਿੰਦਾ ਹੈ। ਗਰਮ ਗੈਸ ਰੂਪੀ ਜਲਨ ਮੇਰੇ ਦਿਮਾਗ ਨੂੰ ਚੜ੍ਹਦੀ ਰਹਿੰਦੀ।
ਸਰਦੀਆਂ ਦੇ ਦਿਨਾਂ ਵਿਚ ਅਨਿਲ ਵਾਲਿਆਂ ਦੀ ਬੱਸ ਤੇ ਬੇਤਹਾਸ਼ਾ ਭੀੜ ਹੁੰਦੀ ਸੀ। ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ‘ਤੇ ਆਪੋ-ਆਪਣੇ ਕੰਮਾਂ-ਕਾਰਾਂ ‘ਤੇ ਅਤੇ ਸਕੂਲ ਕਾਲਜ਼ ਜਾਣ ਵਾਲੇ ਮੁੰਡੇ-ਕੁੜੀਆਂ ਦੇ ਝੁੰਡ। ਬੱਸ ਦੀ ਛੱਤ ਵੀ ਸਵਾਰੀਆਂ ਨਾਲ ਭਰੀ ਹੁੰਦੀ। ਨਹਿਰ ਤੇ ਪਹੁੰਚ ਕੇ ਤਾਂ ਬੱਸ ਸਵਾਰੀਆਂ ਨਾਲ ਤੂੜੀ ਵਾਂਗੂੰ ਤੂਸ-ਤੂਸ ਕੇ ਭਰ ਜਾਂਦੀ। ਬੱਸ ਦੀ ਖਿੜਕੀ ਵਿਚ ਹੀ ਮਸਾਂ ਪੈਰ ਜਿਹਾ ਹੀ ਟਿਕ ਹੁੰਦਾ ਤੇ ਬਸ ਚੱਲ ਪੈਂਦੀ। ਬੱਸ ਦੇ ਤੁਰ ਪੈਣ ਤੋਂ ਬਾਅਦ ਜਨਾਨੀ ਸਵਾਰੀ ਹੌਲੀ-ਹੌਲੀ ਅੱਗੇ ਨੂੰ ਹੋ ਆਉਂਦੀ ਤੇ ਬੰਦੇ ਉੱਥੇ ਹੀ ਖੜ੍ਹੇ ਝੂਲਦੇ ਰਹਿੰਦੇ। ਹਰ ਅੱਡੇ ਤੋਂ ਸਵਾਰੀ ਚੁੱਕਣੀ ਬੱਸ ਵਾਲਿਆਂ ਦੀ ਮਜ਼ਬੂਰੀ ਸੀ ਜਾਂ ਕਿ ਇਹ ਕਹਿਣਾ ਜ਼ਿਆਦਾ ਸਹੀ ਹੋਵੇਗਾ ਕਿ ਉਹਨਾਂ ਦੀ ਰੋਜ਼ਾਨਾ ਦੀਆਂ ਸਵਾਰੀਆਂ ਨਾਲ ਮੂੰਹ-ਲਿਹਾਜ਼ ਤੇ ਹਮਦਰਦੀ ਹੁੰਦੀ ਸੀ। ਹਰ ਬੰਦਾ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦਾ ਹੈ। ਕਈ ਵਾਰੀ ਤਾਂ ਮੇਰੇ ਵਰਗੀ ਘਰੋਂ ਸਾਰੇ ਕੰਮ ਨਬੇੜ ਕੇ ਭੱਜਣ ਵਾਲੀ ਸਵਾਰੀ ਨੂੰ ਸਾਹਮਣੇ ਆਉਂਦੀ ਵੇਖ ਕੇ ਉਡੀਕ ਵੀ ਕਰ ਲੈਂਦੇ ਸਨ। ਕਈ ਵਾਰੀ ਬੱਸ ਵਿੱਚੋਂ ਦੀ ਅਵਾਜ਼ ਆਉਂਦੀ ਕਿ ਭਾਈ ਹੁਣ ਬੱਸ ਵੀ ਕਰੋ ਕਿੰਨੀ ਕੁ ਭਰੀ ਜਾਉਗੇ ਤਾਂ ਡਰਾਈਵਰ ਕਹਿੰਦਾ ਕਿ ਚਲੋ ਠਕਿ ਹੈ ਕੱਲ੍ਹ ਨੂੰ ਤੁਹਾਡੇ ਅੱਡੇ ਤੋਂ ਹੀ ਸ਼ੁਰੂਆਤ ਕਰਦੇ ਹਾਂ ਫਿਰ ਤਾਂ ਸਵਾਰੀ ਦਾ ਰੰਗ ਉੱਡ ਜਾਂਦਾ ਤੇ ਕਹਿੰਦੀ ਨਾ ਭਾਈ ਅਸੀਂ ਤਾਂ ਜ਼ਰੂਰੀ ਪਹੁੰਚਣਾ ਹੁੰਦਾ ਹੈ ਸਾਨੂੰ ਨਾ ਛੱਡਿਓ ਕਦੀ ਤਾਂ ਡਰਾਈਵਰ ਵੀ ਸੜੇ ਜਿਹੇ ਮੂੰਹ ਨਾਲ ਕਹਿੰਦਾ ਕਿ ਸੱਭ ਨੇ ਹੀ ਪਹੁੰਚਣਾ ਹੁੰਦਾ ਹੈ ਤੁਹਾਨੂੰ ਤਾਂ ਆਪਣਾ ਹੀ ਫਿਕਰ ਹੈ ਸਾਨੂੰ ਤਾਂ ਭਾਈ ਸਭ ਦਾ ਫ਼ਿਕਰ ਹੈ। ਸਾਡਾ ਕੋਈ ਕਿਸੇ ਨਾਲ ਵੈਰ ਥੋੜ੍ਹਾ ਏ? ਪਹਿਲਾਂ-ਪਹਿਲਾਂ ਤਾਂ ਉਹ ਡਰਾਈਵਰ ਮੈਨੂੰ ਸੱਚੀ ਹੀ ਸੜਿਆ-ਬਲਿਆ ਜਿਹਾ ਲੱਗਦਾ ਹੁੰਦਾ ਸੀ ਪਰ ਹੌਲੀ-ਹੌਲੀ ਉਹ ਬੰਦਾ ਦਿਲ ਮੈਨੂੰ ਦਿਲ ਦਾ ਬੜਾ ਹੀ ਨੇਕ ਲੱਗਿਆ ਪਰ ਉਸ ਦਾ ਇਹ ਵਿਵਹਾਰ ਉਹਨਾਂ ਦੇ ਪੇਸ਼ੇ ਦੀ ਮਜ਼ਬੂਰੀ ਜਾਪਿਆ।
ਉਸ ਦਿਨ ਰੱਬੋਂ ਹੀ ਅਰਨੀ ਵਾਲੇ ਪਹੁੰਚ ਕੇ ਹੋਰ ਕੋਈ ਵੀ ਸੀਟ ਖਾਲੀ ਨਾ ਹੋਈ ਤੇ ਮੈਨੂੰ ਮਜ਼ਬੂਰੀ ਵੱਸ ਉਸੇ ਆਦਮੀ ਵੱਲੋਂ ਰੋਕੀ ਹੋਈ ਸੀਟ ਤੇ ਹੀ ਬੈਠਣਾ ਪਿਆ। ਮੈਨੂੰ ਬਿਨਾਂ ਉਸਦਾ ਮੂੰਹ ਦੇਖੇ ਹੀ ਲੱਗਿਆ ਕਿ ਉਸਦੇ ਮੂੰਹ ਉੱਤੇ ਜਿੱਤ ਦੇ ਭਾਵ ਸਨ। ਉਸਨੇ ਜਿਵੇਂ ਸੀਨਾ ਚੌੜਾ ਕਰਕੇ ਸਾਰੀ ਬੱਸ ਵਿਚ ਨਜ਼ਰ ਘੁੰਮਾਈ ਹੋਵੇ ਕਿ ਆਖ਼ਰ ਜਿੱਤ ਤਾਂ ਉਸੇ ਦੀ ਹੋਈ ਹੈ। ਮੈਨੂੰ ਉਸ ਨਾਲ ਜੁ ਬੈਠਣਾ ਹੀ ਪਿਆ ਸੀ। ਉਸਦੀ ਇਸ ਤਰ੍ਹਾਂ ਦੀ ਬਾੱਡੀ ਲੈਂਗਊਏਜ਼ ਨੇ ਮੈਨੂੰ ਹੋਰ ਬੇਚੈਨ ਕਰ ਦਿੱਤਾ। ਡਰਾਇਵਰ ਨੇ ਵੀ ਸ਼ੀਸ਼ੇ ਵਿੱਚੋਂ ਦੀ ਸਾਡੇ ਤੇ ਨਜ਼ਰ ਸੁੱਟੀ। ਉਸਦੀ ਕੌੜੀ ਜਿਹੀ ਨਜ਼ਰ ਮੈਨੂੰ ਬਹੁਤ ਚੁਭੀ।
ਉਸਨੇ ਆਪਣੇ ਵੱਲੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਪਰ, ਮੈਂ ਹਰ ਵਾਰ ਸੰਖੇਪ ਜਿਹੇ ਉੱਤਰ ਨਾਲ ਗੱਲ ਨੂੰ ਖਤਮ ਕਰ ਦਿੰਦੀ ਤਾਂ ਹਾਰ ਕੇ ਉਸ ਕੋਲ ਸਵਾਲ ਖਤਮ ਹੋ ਗਏ ਪਰ ਗੱਲਬਾਤ ਅੱਗੇ ਨਾ ਤੁਰ ਸਕੀ। ਪੇਂਡੂ ਮਾਹੌਲ ਵਿਚ ਬੱਸਾਂ ਵਿਚ ਬੈਠ ਕੇ ਬਹੁਤੀਆਂ ਗੱਲਾਂ, ਉਹ ਵੀ ਬਿਗਾਨੇ ਬੰਦੇ ਨਾਲ ਕਰਨ ਵਾਲੀਆਂ ਕੁੜੀਆਂ-ਬੁੜ੍ਹੀਆਂ ਨੂੰ ਚੰਗਾ ਨਹੀਂ ਸਮਝਿਆਂ ਜਾਂਦਾ। ਮੈਨੂੰ ਤਾਂ ਮਰਦਾਵਾਂ ਸਵਾਰੀ ਨਾਲ ਬੈਠ ਕੇ ਸਫ਼ਰ ਕਰਨਾ ਹੀ ਸਿਰ ਸੜੀ ਮੁਸੀਬਤ ਤੋਂ ਘੱਟ ਨਹੀਂ ਲੱਗਦਾ। ਮੱਥੇ ਵਿੱਚੋਂ ਉੱਠਦੀ ਜਲੂਣ, ਬੇਚੈਨੀ ਜਿਹੀ ਮਹਿਸੂਸ ਹੁੰਦੀ ਰਹਿੰਦੀ ਹੈ। ਬਹੁਤੇ ਆਦਮੀ ਤਾਂ ਜਨਾਨੀ ਸਵਾਰੀ ਨਾਲ ਬੈਠ ਕੇ ਅਜ਼ੀਬ ਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ। ਹੋਰ ਨਾ ਸਹੀ ਤਾਂ ਐਂਵੇਂ ਹੀ ਹਿੱਲੀ ਜਾਣਗੇ। ਜਿਸ ਕਾਰਨ ਅੰਦਰੋਂ ਖਿੱਝ ਵੀ ਉੱਠਦੀ ਰਹਿੰਦੀ ਹੈ। ਸੌਂ ਸੱਕਣਾ ਤਾਂ ਬੜੀ ਦੂਰ ਦੀ ਗੱਲ ਹੁੰਦੀ ਹੈ। ਰੂਹ ਵਿਚ ਉਤਰ ਜਾਣ ਵਾਲੀ ਬੇ-ਆਰਾਮੀ ਪੈਦਾ ਹੋ ਜਾਂਦੀ ਹੈ। ਜਾਗ ਕੇ ਸਫ਼ਰ ਕਰਨਾ ਤਾਂ ਵੈਸੇ ਹੀ ਮੇਰੇ ਵੱਸ ਦਾ ਨਹੀਂ। ਬਸ ਦੇ ਝੂਟੇ ਮਿਲਦਿਆਂ ਸਾਰ ਹੀ ਨੀਂਦ ਆਉਣੀ ਸ਼ੁਰੂ ਹੋ ਜਾਂਦੀ ਹੈ। ਮੈਂ ਬੜੀ ਅਜ਼ੀਬ ਜਿਹੀ ਕਸ਼ਮਕਸ਼ ਵਿਚ ਫਸੀ ਹੋਈ ਸਾਂ। ਅੰਦਰੋਂ ਮੇਰਾ ਦਿਲ ਕਰ ਰਿਹਾ ਸੀ ਕਿ ਉੱਠ ਕੇ ਕਿਸੇ ਹੋਰ ਸੀਟ ਤੇ ਚਲੀ ਜਾਂਵਾਂ ਪਰ ਹੋਰ ਸੀਟ ਖ਼ਾਲੀ ਨਾ ਹੋਣ ਕਾਰਨ ਮੈਂ ਇਸ ਤਰ੍ਹਾਂ ਨਹੀਂ ਕਰ ਸਕੀ। ਪਰ, ਉਸ ਦਿਨ ਨਾਲੋਂ ਵੀ ਵਧੇਰੇ ਮੈਨੂੰ ਅਗਲੇ ਦਿਨ ਦਾ ਫਿਕਰ ਸੀ।
ਅਗਲੇ ਦਿਨ ਉਹੀ ਗੱਲ ਜਿਸਦਾ ਮੇਰੇ ਦਿਲ ਵਿਚ ਡਰ ਸੀ। ਉਹ ਆਦਮੀ ਬਸ ਦੀ ਅਗਲੀ ਬਾਰੀ ਵਾਲੀ ਸੀਟ ਤੇ ਹੀ ਬੈਠਾ ਹੋਇਆ ਸੀ ਤਾਂ ਕਿ ਮੈਂ ਨਾਂਹ ਕਰ ਹੀ ਨਾ ਸਕਾਂ। ਉਸਨੇ ਅੱਜ ਫਿਰ ਮੇਰੇ ਲਈ ਸੀਟ ਰੱਖੀ ਹੋਈ ਸੀ। ਉਸਨੇ ਨਾਲ ਵਾਲੀ ਸਵਾਰੀ ਨੂੰ ਉੱਠਣ ਲਈ ਕਿਹਾ। ਨਾ ਚਾਹੁੰਦੇ ਹੋਏ ਵੀ ਮੈਨੂੰ ਫਿਰ ਬੈਠਣਾ ਪਿਆ। ਮੇਰੇ ਲਈ ਬੜੀ ਭਾਰੀ ਉਲਝਣ ਸੀ। ਭਰੀ ਬੱਸ ਵਿਚ ਮੈਨੂੰ ਚੜ੍ਹਦਿਆਂ ਸਾਰ ਸੀਟ ਮਿਲਣ ਦੀ ਕੋਈ ਖ਼ੁਸ਼ੀ ਨਹੀਂ ਸੀ। ਸਗੋਂ ਮੇਰੇ ਲਈ ਸ਼ਾਇਦ ਇਸ ਤੋਂ ਵੱਡਾ ਅਜ਼ਾਬ ਕੋਈ ਨਹੀਂ ਸੀ। ਮੈਂ ਆਪਣੇ-ਆਪ ਨੂੰ ਬੁਰੀ ਤਰ੍ਹਾਂ ਫਸੀ ਹੋਈ ਮਹਿਸੂਸ ਕਰ ਰਹੀ ਸੀ। ਹਰ ਰੋਜ਼੍ਹ ਦਾ ਸ਼ੁਰੂ ਹੋਇਆ ਇਹ ਕਰਮ ਮੇਰੇ ਲਈ ਸਹਿਣ ਤੇ ਕਹਿਣ ਤੋਂ ਬਾਹਰ ਸੀ। ਮੇਰਾ ਸਕੂਨ ਤੇ ਨੀਂਦ ਦੋਂਵੇ ਹੀ ਹਰਾਮ ਹੋ ਗਏ ਸਨ। ਇਸ ਖਿੜਕੀ ਵਾਲੀ ਸੀਟ ਤੇ ਬੈਠ ਕੇ ਮੈਂ ਪਾਠ ਵੀ ਨਹੀਂ ਕਰ ਸਕਣਾ ‘ਤੇ ਸੁੱਤਾ ਵੀ ਨਹੀਂ ਜਾਣਾ। ਮੈਂ ਸੋਚ ਰਹੀ ਸੀ ਕਿ ਮੇਰੇ ਦੋਨੋਂ ਜ਼ਰੂਰੀ ਕੰਮ ਰਹਿ ਜਾਣਗੇ ਜੇਕਰ ਅੱਜ ਵੀ ਸੀਟ ਨਾ ਮਿਲੀ ਤਾਂ। ਮੈਂ ਤਾਂ ਕਦੇ ਇਸ ਸੀਟ ‘ਤੇ ਬੈਠ ਕੇ ਸਫ਼ਰ ਈ ਨਹੀਂ ਕੀਤਾ ਇਸ ਲਈ ਵੈਸੇ ਵੀ ਬੜਾ ਮੁਸ਼ਕਿਲ ਲਗ ਰਿਹਾ ਸੀ।
ਉਸ ਆਦਮੀ ਦੀ ਇਸ ਮੇਹਰਬਾਨੀ ਕਾਰਨ ਮੇਰਾ ਸਕੂਨ ਤਾਂ ਵੈਸੇ ਹੀ ਖ਼ਤਮ ਹੋ ਚੁੱਕਾ ਸੀ। ਮੇਰੀ ਸੋਚ ਪਿਛਲੇ ਸਮੇਂ ਦੁਰਾਨ ਇਸ ਬੱਸ ਤੇ ਕੀਤੇ ਸਫ਼ਰ ਬਾਰੇ ਵਾਪਰੀਆਂ ਰੋਜਮਰ੍ਹਾਂ ਦੀਆਂ ਘਟਨਾਵਾਂ ਬਾਰੇ ਹੋਰ ਗਹਿਰੀ ਹੁੰਦੀ ਗਈ। ਭਾਂਵੇਂ ਮੈਂ ਕਿਸੇ ਨਾਲ ਨਾ ਤਾਂ ਕਦੇ ਗੱਲ ਕਰਦੀ ਸੀ ਤੇ ਨਾ ਹੀ ਕਦੇ ਕਿਸੇ ਨਾਲ ਨਜ਼ਰ ਮਿਲਾਈ ਸੀ। ਪਰ, ਰੋਜਾਨਾ ਸਫ਼ਰ ਦੁਰਾਨ ਰੜਕਦਾ ਇਹ ਚਿਹਰਾ, ਇਸ ਚਿਹਰੇ ਉੱਤੇ ਉੱਗੀਆਂ ਅੱਖਾਂ ਜਿਵੇਂ ਤਿੱਖੇ ਨਸ਼ਤਰ ਬਣ ਗਈਆਂ ਹੋਣ। ਮੈਨੂੰ ਲੱਗਿਆਂ ਕਿ ਸ਼ਾਇਦ ਇਹ ਨਜ਼ਰ ਹਮੇਸ਼ਾਂ ਹੀ ਮੇਰੇ ਉੱਤੇ ਹੀ ਰਹਿੰਦੀ ਸੀ ਜਿਸ ਕਾਰਨ ਮੈਨੂੰ ਅਨਜਾਣੇ ਵਿਚ ਹੀ ਉਸ ਤੋਂ ਏਨੀ ਨਫ਼ਰਤ ਹੋ ਗਈ ਸੀ। ਜਿਸਦਾ ਚਿਹਰਾ ਦੇਖ ਕੇ ਹੀ ਏਨੀ ਖਿੱਝ ਆਉਂਦੀ ਸੀ ਉਸੇ ਨਾਲ ਬੈਠ ਕੇ ਢਾਈ ਘੰਟੇ ਦਾ ਸਫ਼ਰ ਕਰਨਾ ਨਾ-ਮੁਮਕਿਨ ਸੀ ਤੇ ਉੱਤੋਂ ਮਨ ਵਿਚ ਇਹ ਡਰ ਸੀ ਕਿ ਲੋਕ ਕੀ ਕਹਿਣਗੇ। ਰੋਜ਼ਾਨਾ ਇਕ ਹੀ ਬੰਦੇ ਨਾਲ ਬੈਠ ਕੇ ਸਫ਼ਰ ਕਰਨਾ ਤਾਂ ਸੌ ਕਹਾਣੀਆਂ ਨੂੰ ਜਨਮ ਦੇ ਦੇਵੇਗਾ। ਜੇਕਰ ਮੇਰੇ ਘੁਮੱਕੜ ਪਤੀ ਨੂੰ ਕਿਸੇ ਨੇ ਉਂਗਲ ਲਾ ਦਿੱਤੀ ਤਾਂ ਉਹ ਤਾਂ ਉਂਜ ਹੀ ਮੇਰਾ ਜੀਣਾ ਦੁੱਭਰ ਕਰ ਦੇਵੇਗਾ। ਇਹ ਸੋਚ ਕੇ ਮੈਂ ਧੁਰ ਅੰਦਰ ਤੱਕ ਕੰਬ ਗਈ। ਏਨੇ ਨੂੰ ਅਰਨੀਵਾਲਾ ਆ ਗਿਆ। ਬਹੁਤ ਸਾਰੀਆਂ ਸਵਾਰੀਆਂ ਉਤਰੀਆਂ। ਅਗਲੇ ਦਿਨ ਮੈਂ ਹਿੰਮਤ ਕੀਤੀ ਤੇ ਉਸਨੂੰ ਕਿਹਾ ਕਿ ਮੈਂ ਇਸ ਸੀਟ ਤੇ ਬੈਠ ਕੇ ਏਨਾ ਲੰਬਾ ਸਫ਼ਰ ਨਹੀਂ ਕਰ ਸਕਦੀ। ਏਨਾ ਕਹਿ ਕੇ ਬਿਨਾਂ ਉਸਦਾ ਜਵਾਬ ਉਡੀਕੇ ਮੈਂ ਪਿੱਛੇ ਆ ਕੇ ਇਕ ਮੈਡਮ ਨਾਲ ਬੈਠ ਗਈ ਜੋ ਸਲਾਈਆ ਬੁਣ ਰਹੀ ਸੀ। ਉਹ ਆਦਮੀ ਹੱਕਾ-ਬੱਕਾ ਭਵੱਤਰਿਆ ਜਿਹਾ ਮੁੜ-ਮੁੜ ਕੇ ਦੇਖਦਾ ਰਿਹਾ। "ਮੈਨੂੰ ਲੱਗਦਾ ਏ ਮੈਡਮ ਤੁਸੀਂ ਵੀ ਸਰਵਿਸ ਕਰਦੇ ਹੋ"। ਮੈਂ ਜਾ ਕੇ ਬਹਿੰਦਿਆਂ ਸਾਰ ਹੀ ਮੈਡਮ ਨੂੰ ਪੁੱਛਿਆ। "ਹਾਂ ਮੈਂ ਬਠਿੰਡੇ ਆਈਟੀਆਈ ਵਿਚ ਸਿਲਾਈ-ਕਢਾਈ ਟੀਚਰ ਹਾਂ। ਉਹ ਮੈਡਮ ਅਰਨੀ ਵਾਲੇ ਤੋਂ ਹੀ ਬੈਠਦੇ ਸਨ। ਉਹ ਤਾਂ ਵਿਚਾਰੇ ਮੇਰੇ ਤੋਂ ਵੀ ਦੂਰ ਜਾਂਦੇ ਸਨ। ਸਾਡਾ ਦੋਨਾਂ ਦਾ ਸਾਥ ਇਕ-ਦੂਜੇ ਲਈ ਬਹੁਤ ਵਧੀਆ ਰਿਹਾ। ਗੱਲਾਂ-ਗੱਲਾਂ ਵਿਚ ਸਾਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਮਲੋਟ ਆ ਗਿਆ। ਅੱਜ ਦੇ ਦਿਨ ਲਈ ਤਾਂ ਮੇਰੀ ਮੁਕਤੀ ਹੋ ਗਈ ਸੀ ਪਰ ਅਜੇ ਵੀ ਅਗਲੇ ਦਿਨ ਦਾ ਖ਼ਤਰਾ ਸਿਰ ਤੇ ਸੀ।
ਪਰ, ਇਹ ਕੀ ਖ਼ਤਰਾ ਤਾਂ ਓਸੇ ਦਿਨ ਹੀ ਮੇਰੇ ਕਾਲਜ਼ ਵਿਚ ਹੀ ਘੁੰਮ ਰਿਹਾ ਸੀ। ਨਾਲ ਉਸਦੇ ਮੇਰੇ ਵਾਲੇ ਰੂਟ ਤੋਂ ਹੀ ਆਉਂਦਾ ਇਕ ਪੀਅਨ ਸੀ। ਉਹ ਮਾਂ ਦਾ ਵਿਗੜਿਆ ਹੋਇਆ ਇਕਲੌਤਾ ਪੁੱਤਰ ਸੀ। ਜਿਸ ਦੇ ਪਿਉ ਦੀ ਮੌਤ ਹੋ ਚੁੱਕੀ ਸੀ। ਉਸਦੀ ਮਾਂ ਆਪਣੇ ਪਤੀ ਦੀ ਥਾਂ ਤੇ ਨੌਕਰੀ ਕਰਦੀ ਸੀ। ਮਾਂ ਦੀ ਤਨਖ਼ਾਹ ਤੇ ਐਸ਼ ਕਰਦਾ ਉਹ ਪੜ੍ਹਾਈ ਤੋਂ ਕੰਨੀਂ ਕਤਰਾਉਂਦਾ ਸਾਰਾ ਦਿਨ ਕੁੜੀਆਂ ਮਗਰ ਅਵਾਰਾ-ਗ਼ਰਦੀ ਕਰਦਾ ਰਹਿੰਦਾ। ਮਾਂ ਨੇ ਉਸਨੂੰ ਚਪੜਾਸੀ ਦੀ ਨੌਕਰੀ ਤੇ ਲਵਾ ਦਿੱਤਾ ਕਿ ਸ਼ਾਇਦ ਸੁਰਦ ਜਾਵੇ ਪਰ ਉਸਦੇ ਲੱਛਣ ਉਸੇ ਤਰ੍ਹਾਂ ਦੇ ਹੀ ਸਨ। ਇਕ ਦਿਨ ਆਉਂਦਾ ਇਕ ਦਿਨ ਛੁੱਟੀ ਤੇ ਹੁੰਦਾ। ਮੈਂ ਉਸਨੂੰ ਬਸ ਤੇ ਦੇਖਦੀ ਪਰ ਉਹ ਕਾਲਜ਼ ਵਿਚੋਂ ਗ਼ੈਰ-ਹਾਜ਼ਰ ਹੁੰਦਾ। ਉਸ ਆਦਮੀ ਦੇ ਨਾਲ ਉਸ ਚਪੜਾਸੀ ਨੂੰ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ। ਉਸਨੇ ਵਾਛਾਂ ਖਲਾਰ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਪਰ ਮੈਂ ਉਹਦੀ ਸਤਿ ਸ੍ਰੀ ਅਕਾਲ ਦਾ ਜਵਾਬ ਨਹੀਂ ਸੀ ਦੇ ਸਕੀ। ਦਫ਼ਤਰ ਵਿਚ ਆਇਆ ਤੇ ਕਹਿਣ ਲੱਗਾ "ਮੈਡਮ ਜੀ ਸਤਿ ਸ੍ਰੀ ਅਕਾਲ ਦਾ ਜਵਾਬ ਹੀ ਨਹੀਂ ਦਿੰਦੇ ਹੁਣ ਤਾਂ"।
ਤੈਨੂੰ ਤਨਖ਼ਾਹ ਸਤਿ ਸ੍ਰੀ ਅਕਾਲ ਬੁਲਾਉਣ ਦੀ ਨਹੀਂ ਮਿਲਦੀ। ਕੰਮ ਵੇਲੇ ਤਾਂ ਤੂੰ ਕਿਸੇ ਦਫ਼ਤਰ ਦੇ ਨੇੜੇ-ਤੇੜੇ ਨਹੀਂ ਮਿਲਦਾ ਕਿਤੇ"। ਉਹ ਬੇਸ਼ਰਮਾਂ ਜਿਹਿਆਂ ਵਾਂਗੂੰ ਦੰਦੀਆਂ ਜਿਹੀਆਂ ਕੱਢਦਾ ਬਾਹਰ ਨਿਕਲ ਗਿਆ। "ਅੱਜ ਇਹਦੇ ਤੇ ਬੜਾ ਗੁੱਸਾ ਚੜ੍ਹਿਆ ਏ, ਪਰ ਹੈ ਇਹ ਏਸੇ ਹੀ ਲਾਇਕ। ਸਾਰੇ ਦਫ਼ਤਰਾਂ ਵਾਲਿਆਂ ਨੇ ਇਹਨੂੰ ਲੈਣ ਤੋਂ ਨਾਂਹ ਕਰ ਦਿੱਤੀ ਆ। ਹੁਣ ਇਹਨੂੰ ਪ੍ਰਿੰਸੀਪਲ ਨੇ ਆਪਣੇ ਨਾਲ ਈ ਲਾਇਆ ਏ। ਉਹ ਵੀ ਇਹਦੀ ਮਾਂ ਵਿਚਾਰੀ ਆ ਕੇ ਮਿੰਨਤਾਂ ਕਰਕੇ ਜਾਂਦੀ ਆ ਹਰ ਵਾਰੀ ਕਿ ਮੇਰੇ ਮੁੰਡੇ ਨੂੰ ਕੱਢੋ ਨਾ। ਮੇਰੀ ਮੱਦਦ ਕਰੋ। ਪਿਉ ਇਹਦਾ ਸਿਰ ਤੇ ਨਹੀਂ ਹੈਗਾ ਨਾ ਨਾਨੇ ਦੇ ਹੀ ਆਖੇ ਲੱਗਦਾ ਤੇ ਨਾਂ ਹੀ ਮੇਰੇ। ਏਥੇ ਜ਼ਰਾ ਕੰਮੇ ਲੱਗਿਆ ਰਹੂਗਾ।" ਨਾਲ ਵਾਲੇ ਕੁਲੀਗ਼ ਨੇ ਕਿਹਾ
ਮੇਰਾ ਰੋਜ਼ਾਨਾ ਦਾ ਚਾਰ ਤੋਂ ਲੈ ਕੇ ਕਈ ਵਾਰ ਤਾਂ ਪੰਜ ਘੰਟੇ ਦਾ ਸਫ਼ਰ ਬਣ ਜਾਂਦਾ ਸੀ। ਸਵੇਰੇ ਜ਼ਲਦੀ ਉੱਠਣਾ ਸ਼ਾਮ ਨੂੰ ਦੇਰ ਨਾਲ ਘਰ ਪੁੱਜਣਾ। ਰਾਤ ਨੂੰ ਵੀ ਖਾਣ-ਪੀਣ ਤੇ ਸਵੇਰ ਵਾਸਤੇ ਥੋੜ੍ਹੀ-ਬਹੁਤ ਤਿਆਰੀ ਕਰਕੇ ਸੌਣਾ। ਸਵੇਰੇ ਪਤੀ ਨੂੰ ਚਾਹ-ਨਾਸ਼ਤਾ ਦੇਣਾ ਤੇ ਆਪਣੇ ਨਾਲ ਵਾਸਤੇ ਨਾਸ਼ਤਾ ਅਤੇ ਲੰਚ ਟਿਫ਼ਨ ਤਿਆਰ ਕਰਨਾ ਭੱਜ-ਭਜਾ ਕੇ ਮਸਾਂ ਸਾਡੇ ਸੱਤ ਘਰੋਂ ਨਿਕਲਿਆ ਜਾਂਦਾ, ਨੀਂਦ ਤਾਂ ਪੂਰੀ ਹੁੰਦੀ ਹੀ ਨਹੀਂ ਸੀ। ਪਾਠ ਵੀ ਬੱਸ ਵਿਚ ਹੀ ਬੈਠ ਕੇ ਕਰਦੀ ਸਾਂ। ਕਈ ਵਾਰੀ ਤਾਂ ਨੀਂਦ ਏਨਾ ਤੰਗ ਕਰਦੀ ਕਿ ਪਾਠ ਵੀ ਪੂਰਾ ਨਾ ਹੁੰਦਾ। ਕਈ ਵਾਰੀ ਤਾਂ ਟਿਕਟ ਕਟਾਉਣੀ ਵੀ ਮੁਸ਼ਕਿਲ ਹੋ ਜਾਂਦੀ ਤੇ ਕੰਡਕਟਰ ਹਲੂਣ ਕੇ ਜਾਂ ਕੋਲ ਆ ਕੇ ਉੱਚੀ ਸਾਰੀ ਬੋਲਦਾ "ਭਾਈ ਟਿਕਟ ਲੈ ਲਓ ਜਿੰਨ੍ਹਾਂ ਨੇ ਨਹੀਂ ਲਈ ਬਈ"। ਤੇ ਕੋਈ ਕੋਈ ਕੰਡਕਟਰ ਤਾਂ ਖਿੱਝ ਕੇ ਆਖਦਾ ਕਿ "ਭਾਈ ਟਿਕਟ ਤਾਂ ਕਟਾ ਲਿਆ ਕਰੋ ਫਿਰ ਸੌ ਜਾਇਆ ਕਰੋ"। ਕਈ ਵਾਰੀ ਤਾਂ ਸ਼ਰਮ ਵੀ ਆਉਂਦੀ ਪਰ ਨੀਂਦ ਅੱਗੇ ਕਿਸਦਾ ਜ਼ੋਰ ਚਲਦਾ ਹੈ? ਦੋ-ਢਾਈ ਘੰਟਿਆਂ ਦਾ ਸਫ਼ਰ ਉਹ ਵੀ ਇਕੱਲੇ ਬੈਠ ਕੇ ਕਰਨ ਨੂੰ ਮਿਲ ਜਾਵੇ ਤਾਂ ਨੀਂਦ ਤਾਂ ਆ ਹੀ ਜਾਂਦੀ ਹੈ। ਉਹ ਵੀ ਮੇਰੇ ਵਰਗੀਆਂ ਉਨੀਂਦਰੇ ਮਾਰੀਆਂ ਲੰਮਾ ਸਫ਼ਰ ਕਰਕੇ ਮੰਜ਼ਿਲ ਤੇ ਪਹੁੰਚਣ ਵਾਲੀਆਂ ਨੌਕਰੀ-ਪੇਸ਼ਾਂ ਮੈਡਮਾਂ ਨੂੰ ਜਿੰਨ੍ਹਾਂ ਦੀ ਨੀਂਦ ਕਦੇ ਪੂਰੀ ਹੀ ਨਹੀਂ ਹੁੰਦੀ। ਪਰ ਜਦੋਂ ਕੋਈ ਬਦਦਿਮਾਗ਼ ਨੈਤਿਕਤਾ ਦਾ ਗਿਰਿਆ ਹੋਇਆ ਆਦਮੀ ਨਾਲ ਆ ਕੇ ਬੈਠ ਜਾਵੇ ਤਾਂ ਕਿੰਨਾ ਵੀ ਉਨੀਂਦਰਾ ਹੋਵੇ ਨੀਂਦ ਨੇੜ-ਤੇੜ ਫਟਕਦੀ ਵੀ ਨਹੀਂ। ਕਈ ਤਾਂ ਏਨੇ ਬੇਸ਼ਰਮ ਹੁੰਦੇ ਹਨ ਕਿ ਝਿੜਕਣ ਤੇ ਵੀ ਨਹੀਂ ਟਿਕਦੇ। ਇਕ ਵਾਰੀ ਦੀ ਗੱਲ ਹੈ ਨਾਲ ਬੈਠੇ ਆਦਮੀ ਨੂੰ ਮੈਨੂੰ ਦੋ ਵਾਰ ਝਿੜਕਣਾ ਪਿਆ ਤਾਂ ਉਹ ਥੋੜ੍ਹੀ ਵਿਥ ਬਣਾ ਕੇ ਬੈਠ ਗਿਆ ਬੇਚੈਨੀ ਕਾਰਨ ਨੀਂਦ ਤਾਂ ਭਾਂਵੇਂ ਨਹੀਂ ਸੀ ਆ ਰਹੀ ਪਰ ਮੈਂ ਥੋੜ੍ਹਾ ਨਿਸਚਿੰਤ ਹੋ ਕੇ ਅੱਖਾਂ ਬੰਦ ਕਰਕੇ ਬੈਠ ਗਈ। ਪਰ ਉਹ ਅਤਿ ਢੀਠ ਤਬੀਅਤ ਦਾ ਬੰਦਾ ਉਤਰਨ ਲੱਗਾ ਚੰਗੀ ਤਰ੍ਹਾਂ ਪਾਸਾ ਮਾਰ ਕੇ ਉਠ ਕੇ ਗਿਆ। ਉਹਦੀ ਇਸ ਕਰਤੂਤ ਤੇ ਮੈਨੂੰ ਗੁੱਸਾ ਵੀ ਆ ਰਿਹਾ ਸੀ ਤੇ ਹੈਰਾਨੀ ਵੀ ਹੋ ਰਹੀ ਸੀ ਕਿ ਸਾਡੇ ਦੇਸ਼ ਦੇ ਮਰਦਾਂ ਦੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ ਕਿ ਉਸਨੇ ਇਸ ਤਰ੍ਹਾਂ ਕਰਕੇ ਆਪਣੀ ਅਖੌਤੀ ਮਰਦਾਵੀਂ ਅਣਖ਼(ਹਾਊਮੈ) ਦੀ ਜਿੱਤ ਵਾਸਤੇ ਇਸ ਤਰ੍ਹਾਂ ਕੀਤਾ ਹੋਵੇ? ਸਾਡੇ ਦੇਸ਼ ਵਿਚ ਕਿੰਨੀਆਂ ਔਰਤਾਂ, ਕੁੜੀਆਂ ਇਸ ਅਖ਼ੌਤੀ ਮਰਦਾਵੀਂ ਹਾਊਮੈ ਦਾ ਸ਼ਿਕਾਰ ਹੁੰਦੀਆਂ ਹਨ। ਮੇਰੇ ਜਿਹਨ ਵਿਚ ਨਿਤ ਵਾਪਰਦੀਆਂ ਔਰਤਾਂ ਤੇ ਹੁੰਦੇ ਹਮਲਿਆਂ ਦੀ ਘਟਨਾਵਾਂ ਇਕ-ਇਕ ਕਰਕੇ ਉਭਰਨੀਆਂ ਸ਼ੁਰੂ ਹੋ ਗਈਆਂ ਤੇ ਇਕ ਅਨਜਾਣਿਆਂ ਡਰ ਰੂਹ ਤੱਕ ਉਤਰਦਾ ਗਿਆ ਤੇ ਮੈਂ ਅਣਖ਼ ਦੇ ਮਾਮਲੇ ਵਿਚ ਕਿਸੇ ਸਿੱਟੇ ਤੇ ਨਾ ਪਹੁੰਚ ਸਕੀ ਕਿ ਆਖ਼ਰ ਇਹ ਹੈ ਕੀ? ਔਰਤ ਦਾ ਆਪਣੇ ਸਵੈ-ਮਾਣ ਨਾਲ ਜੀਵਨ ਜਿਉਣਾ ਅਣਖ਼ ਹੈ? ਪਿਉ-ਭਰਾ-ਪਤੀ ਦੀ ਪੱਗ ਨੂੰ ਦਾਗ਼ ਨਾ ਲੱਗਣ ਦੇਣਾ ਅਣਖ਼ ਹੈ? ਤੇ ਫਿਰ ਮਰਦ ਦੀ ਇਸ ਅਣਖ਼ ਦੀ ਚੋਟ ਦਾ ਔਰਤ ਕੀ ਕਰੇ? ਆਖ਼ਰ ਇਹ ਮਰਦ ਬੁਰਜ਼ੂਆ ਸਮਾਜ ਔਰਤ ਤੋਂ ਚਾਹੁੰਦਾ ਕੀ ਹੈ? ਸਾਡੇ ਸਮਾਜ ਨੇ ਔਰਤ ਨੂੰ ਅਜ਼ਾਦੀ ਦਿੱਤੀ ਤਾਂ ਨਹੀਂ ਪਰ ਉਸ ਵੱਲੋਂ ਆਜ਼ਾਦੀ ਮੰਗਣ ਦੇ ਇਵਜ਼ਾਨੇ ਵਜ਼ੋਂ ਉਸਨੂੰ ਬਹੁਤ ਵੱਡੀ ਮਾਣ-ਹਾਨੀ ਤੇ ਇਕ ਤਰ੍ਹਾਂ ਦੀ ਤ੍ਰਸਦ ਸਮਾਜਿਕ ਸਥਿਤੀ ਵਿਚੋਂ ਗੁਜ਼ਰਨਾ ਪੈ ਰਿਹਾ ਹੈ। ਲੱਗਦਾ ਹੈ ਕਿ ਹਰ ਬੰਦਾ ਭਰਿਆ-ਪੀਤਾ ਫਿਰਦਾ ਵੱਖੋ-ਵੱਖਰੇ ਢੰਗ-ਤਰੀਕੇ ਨਾਲ ਔਰਤ ਤੇ ਆਪਣੀ ਖਿੱਝ ਜਿਹੀ ਹੀ ਕੱਢਦਾ ਫਿਰਦਾ ਹੈ।
"ਇਕ ਵਾਰੀ ਤਾਂ ਪਿੰਡ ਨੂੰ ਵਾਪਸੀ ਆਉਂਦਿਆਂ ਚੰਡੀਗੜ੍ਹ ਵਾਲੀ ਬਸ ਤੇ ਭੀੜ ਬਹੁਤ ਸੀ ਜਦੋਂ ਤੱਕ ਕੰਡਕਟਰ ਮੇਰੇ ਤੱਕ ਪਹੁੰਚਿਆ ਮੈਂ ਗੂੜ੍ਹੀ ਨੀਂਦ ਦੀ ਗੋਦ ਵਿਚ ਪਹੁੰਚ ਚੁੱਕੀ ਸੀ। "ਨਹਿਰ ਵਾਲੇ ਉਤਰ ਜੋ ਭਾਈ" ਕੰਡਕਟਰ ਦੀ ਅਵਾਜ਼ ਨਾਲ ਮੈਂ ਅੱਭੜਵਾਹੇ ਉੱਠੀ ਤੇ ਬਸ ਵਿਚੋਂ ਉਤਰ ਗਈ। ਪੁਲ਼ੀ ਦੇ ਉੱਤੇ ਹੀ ਮੇਰਾ ਪਤੀ ਵੀ ਮੋਟਰ ਸਾਇਕਲ ਤੇ ਲੱਤ ਰੱਖੀ ਖੜ੍ਹਾ ਸੀ। ਬਸ ਤੋਂ ਉਤਰਦਿਆਂ ਹੀ ਮੈਂ ਮੋਟਰ ਸਾਇਕਲ ਤੇ ਬੈਠਣ ਲੱਗੀ ਤਾਂ ਕੰਡਕਟਰ ਨੇ ਬੁੜ-ਬੁੜ ਕਰਦੇ ਨੇ ਟਿਕਟ ਕੱਟ ਕੇ ਮੇਰੇ ਹੱਥ ਵਿਚ ਫੜ੍ਹਾਈ ਤਾਂ ਮੈਂ ਇਕੋ-ਦਮ ਮੁੱਠੀ ਖ੍ਹੋਲ ਕਿ ਆਵਦੇ ਜਾਣੇ ਉਹਦੇ ਅੱਗੇ ਕੀਤੀ ਕਿ ਮੇਰੇ ਕੋਲ ਤਾਂ ਟਿਕਟ ਹੈ ਪਰ ਮੈਂ ਨਾਲ ਦੀ ਨਾਲ ਆਪਣੀ ਭੁੱਲ ਤੇ ਪਛਤਾਈ ਕਿਉਂਕਿ ਉਹ ਦਸ ਦਾ ਨੋਟ ਸੀ ਜੋ ਟਿਕਟ ਕਟਾਉਣ ਵਾਸਤੇ ਕੱਢਿਆ ਸੀ। ਮੈਂ ਸਿਰੋਂ ਫੜ੍ਹੇ ਚੋਰ ਵਾਂਗੂੰ ਪਾਣੀ-ਪਾਣੀ ਹੁੰਦੀ ਨੇ ਕਿਹਾ ਕਿ "ਨੀਂਦ ਵਿਚ ਪਤਾ ਹੀ ਨਹੀਂ ਚੱਲਿਆ"……
ਪਰ, ਤੁਸੀਂ ਰੋਜ਼ਾਨਾ ਦੀ ਸਵਾਰੀ ਨੂੰ ਤਾਂ ਆਪੇ ਹੀ ਟਿਕਟ ਕਟ ਕੇ ਫੜ੍ਹਾ ਦਿਆ ਕਰੋ। ਤੁਹਾਨੂੰ ਪਤਾ ਤਾਂ ਹੁੰਦਾ ਈ ਹੈ ਕਿ ਸਵਾਰੀ ਨੇ ਕਿੱਥੇ ਜਾਣਾ ਏਂ। ਅਨਜਾਣ ਸਵਾਰੀ ਵਾਂਗੂੰ ਤਮਾਸ਼ਾ ਕਰਨ ਦੀ ਕੀ ਲੋੜ ਸੀ। ਰੋਜ ਦੀਆਂ ਸਵਾਰੀਆਂ ਨਾਲ ਜ਼ਰਾ ਹਮਦਰਦੀ ਦੀ ਤਮੀਜ਼ ਨਹੀਂ ਇਹਨਾਂ ਲੋਕਾਂ ਨੂੰ ਕਿ ਨੌਕਰੀਪੇਸ਼ਾ ਔਰਤਾਂ ਘਰ-ਪ੍ਰਵਾਰ ਦੇ ਨਾਲ ਕਿਵੇਂ ਦੂਹਰੀਆਂ ਚੌਹਰੀਆਂ ਜ਼ਿੰਮੇਵਾਰੀਆਂ ਨਾਲ ਪੂਰੀਆਂ ਲਹਿੰਦੀਆਂ ਹਨ।" ਇਹ ਗੱਲਾਂ ਮੈਂ ਆਪਣੇ ਮਨ ਵਿਚ ਹੀ ਸੋਚ ਰਹੀ ਸੀ ਕਿਉਂਕਿ ਕੰਡਕਟਰ ਨੇ ਬੁੜ-ਬੁੜ ਕਰਦੇ ਨੇ ਤਾਂ ਬਿਨਾਂ ਮੇਰੀ ਗੱਲ ਦਾ ਜਵਾਬ ਦਿੱਤੇ ਕਦੋਂ ਦੀ ਸੀਟੀ ਮਾਰ ਦਿੱਤੀ ਸੀ ਤੇ ਬਸ ਤੁਰ ਵੀ ਗਈ ਸੀ। ਅਸੀਂ ਵੀ ਕਿੰਨ੍ਹਾਂ ਹੀ ਅੱਗੇ ਆ ਚੁੱਕੇ ਸਾਂ ਪਰ ਆਪਣੀ ਇਸ ਅਨਜਾਣੇ ਵਿਚ ਹੋਈ ਭੁੱਲ ਤੇ ਪਤੀ ਦੇ ਵੱਡੇ-ਭਾਰੇ ਸਲੋਕ ਜੋ ਸੁਣਨ ਨੂੰ ਮਿਲੇ ਜ਼ਿੰਦਗੀ ਭਰ ਉਹ ਭੁੱਲਣ ਵਾਲੇ ਨਹੀਂ। ਕਿਉਂਕਿ ਉਸਨੂੰ ਏਨਾ ਗੁੱਸਾ ਚੜ੍ਹਦਾ ਸੀ ਕਿ ਮੇਰਾ ਪੱਖ ਸੁਣ ਲੈਣ ਤੱਕ ਤਾਂ ਉਸ ਕੋਲੋਂ ਸਬਰ ਹੀ ਨਹੀਂ ਸੀ ਹੁੰਦਾ। ਗੁੱਸਾ ਕੱਢ ਲੈਣ ਤੋਂ ਬਾਅਦ ਜੇਕਰ ਸੁਣਦਾ ਵੀ ਤਾਂ ਸੱਚ ਨੂੰ ਸੱਚ ਮੰਨ ਲੈਣਾ ਉਹਦੇ ਵੱਸ ਦੀ ਗੱਲ ਹੀ ਨਹੀਂ ਸੀ। ਕਿਉਂਕਿ ਜੋ ਬੰਦਾ ਆਪ ਸੌ ਗੱਲਾਂ ਮਨਘੜਤ ਬਣਾ ਕੇ ਝੂਠ-ਸੱਚ ਬੋਲਦਾ ਹੈ ਉਹ ਦੂਜੇ ਨੂੰ ਕਦੀ ਸੱਚਾ ਨਹੀਂ ਜਾਣਦਾ। ਮੇਰੇ ਕੋਲੋਂ ਹੋਈ ਇਸ ਭੁੱਲ ਕਾਰਨ ਉਹ ਆਪਣੀ ਬੇਇਜ਼ਤੀ ਸਮਝ ਰਿਹਾ ਸੀ ਤੇ ਸ਼ਰਮਿੰਦਗੀ ਅਤੇ ਸਿਰ ਨੀਂਵਾਂ ਕਰਾ ਦੇਣ ਦੀਆਂ ਗੱਲਾਂ ਕਰਦਾ ਜੀਅ ਭਰ ਕੇ ਮੈਨੂੰ ਕੋਸ ਰਿਹਾ ਸੀ ਤੇ ਗਾਲ੍ਹਾਂ-ਮੰਦੇ ਕੱਢ ਰਿਹਾ ਸੀ। ਪਰ ਮੈਂ ਇਸ ਘਟਨਾ ਤੋਂ ਇਹ ਸਬਕ ਸਿੱਖ ਲਿਆ ਕਿ ਬਸ ਚੜ੍ਹਨ ਤੋਂ ਪਹਿਲਾਂ ਟਿਕਟ ਲੈ ਲਿਆ ਜਾਂ ਸੌਣ ਤੋਂ ਪਹਿਲਾਂ ਹੀ ਕਿਉਂਕਿ ਬਸ ਦੇ ਝੂਟਿਆਂ ਨਾਲ ਆਉਂਦੀ ਨੀਂਦ ਤੇ ਮੇਰਾ ਤਾਂ ਕੋਈ ਜ਼ੋਰ ਨਹੀਂ ਚੱਲਦਾ। ਇਸ ਘਟਨਾ ਨੇ ਵੈਸੇ ਵੀ ਮੈਨੂੰ ਬੇਚੈਨ ਜਿਹਾ ਕਰਕੇ ਸਤਰਕ ਕਰ ਦਿੱਤਾ ਸੀ ਜਿਸ ਕਰਕੇ ਹੁਣ ਮੈਨੂੰ ਟਿਕਟ ਕਟਾਏ ਬਿਨਾਂ ਨੀਂਦ ਆਉਂਦੀ ਹੀ ਨਹੀਂ ਸੀ। ਪਰ ਦੂਜੇ ਦਿਨ ਮੈਨੂੰ ਫਿਰ ਉਹੀ ਬਸ ਮਿਲ ਗਈ ਤਾਂ ਮੈਂ ਸਾਰੀਆਂ ਗੱਲਾਂ ਉਸਨੂੰ ਕਹਿ ਹੀ ਦਿੱਤੀਆਂ ਤੇ ਨਾਲੇ ਚੜ੍ਹਨ ਤੋਂ ਪਹਿਲਾਂ ਹੀ ਟਿਕਟ ਲੈ ਲਈ। "ਹਾਂ ਇਸ ਤਰ੍ਹਾਂ ਠੀਕ ਹੈ ਸੌਣਾ ਹੁੰਦਾ ਐ ਤਾਂ ਟਿਕਟ ਲੈ ਕੇ ਹੀ ਬੈਠਿਆ ਕਰੋ।" ਟਿਕਟ ਫੜ੍ਹਾਉਂਦਿਆਂ ਕੰਡਕਟਰ ਬੋਲਿਆ।
ਅਗਲੇ ਦਿਨ ਉਹ ਆਦਮੀ ਫਿਰ ਅਗਲੀ ਬਾਰੀ ਵਾਲੀ ਸੀਟ ਮੇਰੇ ਲਈ ਰੋਕ ਕੇ ਬੈਠਾ ਹੋਇਆ ਸੀ। ਉਸਦੀ ਅੱਤਿ ਦੀ ਢੀਠਤਾਈ ਤੇ ਅੱਜ ਮੈਨੂੰ ਬਹੁਤ ਗੁੱਸਾ ਚੜ੍ਹਿਆ ਹੋਇਆ ਸੀ। ਅਰਨੀ ਵਾਲੇ ਪਹੁੰਚ ਕੇ ਖੜ੍ਹੀਆਂ ਸਵਾਰੀਆਂ ਉੱਤਰੀਆਂ ਤਾਂ ਮੈਂ ਵੇਖਿਆ ਕਿ ਜਸਵੀਰ ਮੈਡਮ ਅੱਜ ਨਹੀਂ ਸਨ ਆਏ। ਪਰ ਤਿੰਨ-ਚਾਰ ਸੀਟਾਂ ਖ਼ਾਲੀ ਸਨ। ਦੋ ਸਕਿੰਟ ਲਈ ਮੈਂ ਝਿਜਕੀ ਪਰ ਅਗਲੇ ਹੀ ਪਲ ਉਥੋਂ ਉੱਠ ਜਾਣ ਲਈ ਮੈਂ ਆਪਣਾ ਇਰਾਦਾ ਦ੍ਰਿੜ ਕਰ ਲਿਆ। ਮੈਂ ਉਸਨੂੰ ਕਿਹਾ ਕਿ "ਵੀਰ ਜੀ ਸੌਰੀ, ਮੈਂ ਇਸ ਸੀਟ ਤੇ ਬੈਠ ਕੇ ਸਫ਼ਰ ਨਹੀਂ ਕਰ ਸਕਦੀ। ਮੈਨੂੰ ਇਸ ਸੀਟ ਤੇ ਕੰਪਫਰਟ ਨਹੀਂ ਲੱਗਦਾ ਇਸ ਲਈ ਮੈਂ ਉਸ ਸੀਟ ਤੇ ਜਾ ਰਹੀ ਹਾਂ"।
ਮੈਂ ਦੇਖਿਆ ਕਿ ਉਸ ਆਦਮੀ ਦੇ ਚਿਹਰੇ ਦਾ ਰੰਗ ਇਕ-ਦਮ ਉੱਡ ਗਿਆ ਸੀ। ਡਰਾਈਵਰ ਨੇ ਵੀ ਸ਼ੀਸ਼ੇ ਵਿੱਚੋਂ ਉਹਦੇ ਵੱਲ ਮੁਸ਼ਕੜੀ ਜਿਹੀ ਵਿਚ ਹੱਸ ਕੇ ਦੇਖਿਆ। ਮੈਂ ਦੋਵਾਂ ਦੀ ਆਪਸ ਵਿਚ ਮਿਲੀ ਨਜ਼ਰ ਨੂੰ ਤਾੜ ਲਿਆ। ਮੈਨੂੰ ਲੱਗਿਆ ਕਿ ਉਸ ਆਦਮੀ ਨੇ ਆਪਣੀ ਬੇਇਜ਼ਤੀ ਮਹਿਸੂਸ ਕੀਤੀ ਹੈ। ਮੈਂ ਸ਼ੁਕਰ ਮਨਾਇਆ ਕਿ ਚਲੋ ਸ਼ਾਇਦ ਏਨੇ ਨਾਲ ਹੀ ਖਹਿੜਾ ਛੁੱਟ ਜਾਵੇ। ਮੈਂ ਦੂਜੀ ਸੀਟ ਤੇ ਜਾ ਕੇ ਸੁਖ ਦਾ ਸਾਹ ਲਿਆ ਤੇ ਥੋੜ੍ਹੀ ਦੇਰ ਬਾਅਦ ਹੀ ਮੈਨੂੰ ਨੀਂਦ ਆ ਗਈ।
ਪਰ, ਉਸਤੋਂ ਅਗਲੇ ਦਿਨ ਮੇਰੀ ਉਮੀਦ ਦੇ ਉਲਟ ਹੋਇਆ ਤੇ ਮੇਰੀ ਹੈਰਾਨੀ ਹੱਦ ਉਦੋਂ ਮੁੱਕ ਗਈ ਜਦੋਂ ਮੇਰੇ ਕੰਨਾਂ ਵਿਚ ਅਗਲੇ ਪਾਸੇ ਤੋਂ ਅਵਾਜ਼ ਪਈ, "ਮੈਡਮ ਜੀ ਐਧਰ ਆ ਜਾਉ ਤੁਹਾਡੇ ਲਈ ਸੀਟ ਰੱਖੀ ਹੈ"। ਮੈਂ ਅੱਜ ਉਸ ਆਦਮੀ ਨੂੰ ਹੁਣ ਬਾਰੀ ਦੀ ਅਗਲੀ ਸੀਟ ਤੇ ਬੈਠਾ ਹੋਇਆ ਦੇਖ ਰਹੀ ਸੀ। ਬੱਸ ਵੀ ਉਸੇ ਤਰ੍ਹਾਂ ਖਚਾ-ਖਚ ਭਰੀ ਹੋਈ ਸੀ। ਮੇਰਾ ਅੰਦਰ ਫਿਰ ਮਜ਼ਬੂਰੀ ਜਿਹੀ ਵਿਚ ਛਟ-ਪਟਾਇਆ। ਹਰ ਰੋਜ਼੍ਹ ਸਫ਼ਰ ਕਰਨ ਵਾਲੇ ਚਿਹਰਿਆਂ ਤੇ ਮੈਨੂੰ ਕੋਈ ਇਬਾਰਤ ਜਿਹੀ ਉਘੜਦੀ ਨਜ਼ਰ ਆਉਣੀ ਸ਼ੁਰੂ ਹੋਈ। ਜਿਹੜੀ ਕਿ ਦਿਨ-ਬਦਿਨ ਹੋਰ ਘੂੜ੍ਹੀ ਹੁੰਦੀ ਜਾ ਰਹੀ ਸੀ। ਡਰਾਈਵਰ ਕੰਡਕਟਰ ਦੀ ਆਪਸੀ ਹਾਸੇ-ਮਸ਼ਕਰੀ ਅਤੇ ਅੱਖਾਂ ਵਿਚ ਹੁੰਦੇ ਇਸ਼ਾਰਿਆਂ ਨੇ ਤਾਂ ਮੇਰੀ ਰਾਤਾਂ ਦੀ ਵੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਸੀ। ਮੈਨੂੰ ਲੱਗਦਾ ਜਿਵੇਂ ਮੈਂ ਸ਼ਰੇ-ਬਾਜ਼ਾਰ ਬੇਪੱਤ ਹੋ ਰਹੀ ਹਾਂ। ਬੱਸ ਵਿਚ ਰੋਜਾਨਾ ਸਫ਼ਰ ਕਰਨ ਵਾਲੇ ਜਾਣੇ-ਪਹਿਚਾਣੇ ਚਿਹਰਿਆਂ ਵਿੱਚੋਂ ਉੱਠਦੀ ਹਵਾੜ ਹਰ ਵੇਲੇ ਮੇਰੇ ਦਿਮਾਗ ਨੂੰ ਚੜ੍ਹਦੀ ਰਹਿੰਦੀ ਤੇ ਮੈਨੂੰ ਵਿਚਲਤ ਕਰੀ ਰੱਖਦੀ।
ਅੱਜ ਜਸਵੀਰ ਮੈਡਮ ਨੇ ਕਿਸੇ ਸਵਾਰੀ ਰਾਹੀਂ ਮੈਨੂੰ ਪਿੱਛੇ ਬੁਲਾਇਆ ਤੇ ਮੈਂ ਫਿਰ ਉਸ ਆਦਮੀ ਨੂੰ ਬਿਨਾਂ ਕੁੱਝ ਬੋਲੇ ਹੀ ਉੱਠ ਕੇ ਚਲੀ ਗਈ। ਇਕ ਦਿਨ ਦੀ ਹੋਰ ਜੂਨ ਕੱਟੀ ਗਈ ਸੀ ਮੇਰੀ। ਜਸਵੀਰ ਮੈਡਮ ਨਾਲ ਮੇਰੀ ਸਿਰਫ਼ ਦੂਜੇ ਹੀ ਦਿਨ ਦੀ ਮੁਲਾਕਾਤ ਸੀ ਪਰ ਮੈਂ ਅੱਜ ਗੁੱਸੇ ਨਾਲ ਭਰੀ-ਪੀਤੀ ਪਈ ਸੀ। ਆਪਣੀ ਸਾਰੀ ਰਾਮ-ਕਹਾਣੀ ਮੈਡਮ ਨਾਲ ਇਸ ਤਰ੍ਹਾਂ ਸ਼ੇਅਰ ਕੀਤੀ ਜਿਵੇਂ ਅਸੀਂ ਬਹੁਤ ਦੇਰ ਦੀਆਂ ਜਾਣਦੀਆਂ ਹੋਈਏ। ਇਹ ਰੋਜ ਹੀ ਮੇਰੇ ਲਈ ਸੀਟ ਰੋਕ ਕੇ ਬੈਠ ਜਾਂਦਾ ਹੈ। ਮੈਂ ਕਿੰਨੇ ਵਾਰੀ ਮਨ੍ਹਾਂ ਵੀ ਕਰ ਚੁੱਕੀ ਹਾਂ ਪਰ ਢੀਠ ਜਿਹਾ ਹਟਦਾ ਹੀ ਨਹੀਂ"।
"ਮੈਂ ਵੀ ਤੁਹਾਡੀ ਬੇਚੈਨੀ ਨੂੰ ਮਹਿਸੂਸ ਕਰ ਰਹੀ ਸੀ"। ਜਸਵੀਰ ਨੇ ਵੀ ਹੱਸਦੇ ਹੋਏ ਅਤੇ ਅੱਗੇ ਉਹਦੇ ਵੱਲ ਵੇਖਦੇ ਹੋਏ ਆਖਿਆ"। ਗੱਲਾਂ –ਗੱਲਾਂ ਵਿਚ ਹੀ ਮੈਂ ਹੁਣ ਕਾਫ਼ੀ ਸਹਿਜ ਮਹਿਸੂਸ ਕਰ ਰਹੀ ਸੀ। ਉਹਦੇ ਨਾਲ ਗੱਲ ਕਰਕੇ ਜਿਵੇਂ ਮੇਰੇ ਦਿਮਾਗ ਤੋਂ ਕੋਈ ਮਣਾਂ-ਮੂੰਹੀਂ ਬੋਝ ਉੱਤਰ ਗਿਆ ਹੋਵੇ। ਉਹਦੀਆਂ ਗੱਲਾਂ ਕਰਦੀਆਂ ਅਸੀਂ ਕਈ ਵਾਰੀ ਖਿੜ-ਖਿੜਾ ਕੇ ਉੱਚੀ ਸਾਰੀ ਜਾਣ-ਬੁੱਝ ਕੇ ਉਹਨੂੰ ਸੁਣਾ ਕੇ ਹੱਸੀਆਂ। ਉਹ ਵੀ ਮੁੜ-ਮੁੜ ਕੇ ਦੇਖਦਾ ਰਿਹਾ।
ਮੈਨੂੰ ਵੀ ਹੁਣ ਸੀਟ ਬਦਲ ਲੈਣ ਵਿਚ ਕੋਈ ਉਲਝਣ ਨਹੀਂ ਹੁੰਦੀ ਸੀ। ਕੁਝ ਦਿਨਾਂ ਬਾਅਦ ਜਸਵੀਰ ਮੈਡਮ ਆਪਣੇ ਬੱਚਿਆਂ ਦੇ ਪੇਪਰਾਂ ਦੇ ਕਾਰਨ ਦੋ ਹਫ਼ਤਿਆਂ ਲਈ ਛੁੱਟੀ ਤੇ ਚਲੇ ਗਏ ਪਰ, ਮੈਂ ਰੋਜਾਨਾਂ ਹੀ ਸੀਟ ਬਦਲ ਲੈਂਦੀ ਰਹੀ। ਮੇਰੇ ਸੀਟ ਬਦਲ ਲੈਣ ਨਾਲ ਬੱਸ ਵਿਚੋਂ ਉੱਠਦੀ ਹਵਾੜ ਮੱਧਮ ਪੈਂਦੀ-ਪੈਂਦੀ ਹੁਣ ਅਸਲੋਂ ਬੰਦ ਹੋ ਗਈ ਸੀ। ਪਰ ਕੁੱਝ ਦਿਨਾਂ ਬਾਅਦ ਮੈਂ ਦੇਖਿਆ ਕਿ ਬੱਸ ਤਾਂ ਉਸੇ ਤਰ੍ਹਾਂ ਹੀ ਭਰੀ ਹੋਈ ਸੀ ਪਰ ਮੇਰੇ ਲਈ ਅੱਜ ਸੀਟ ਖਾਲੀ ਨਹੀਂ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਆਦਮੀ ਛੁੱਟੀ ਤੇ ਚਲਾ ਗਿਆ ਹੈ। ਪਰ, ਨਹੀਂ ਉਹ ਤਾਂ ਸੀ ਪਰ ਅੱਜ ਮੇਰੇ ਲਈ ਸੀਟ ਖ਼ਾਲੀ ਨਹੀਂ ਸੀ ਹੋਈ। ਡਰਾਇਵਰ ਨੇ ਪਹਿਲਾਂ ਮੇਰੇ ਵੱਲ ਤੇ ਫਿਰ ਉਹਦੇ ਵੱਲ ਦੇਖਿਆ। ਪਰ ਮੈਂ ਮਨ ਵਿਚ ਸ਼ੁਕਰ ਮਨਾਇਆ ਕਿ ਅੱਜ ਮੇਰੇ ਲਈ ਸੀਟ ਖ਼ਾਲੀ ਨਹੀਂ ਸੀ। ਥੋੜ੍ਹੀ ਦੂਰ ਹੀ ਗਈ ਹੋਵਾਂਗੀ ਕਿ ਰੋਜਾਨਾ ਦਾ ਇਕ ਹੋਰ ਹਮਸਫ਼ਰ ਆਪਣੀ ਸੀਟ ਛੱਡ ਕੇ ਉੱਠਦਾ ਹੋਇਆ ਬੋਲਿਆ, "ਆ ਜੋ ਭੈਣ ਜੀ, ਤਸੀਂ ਇਸ ਸੀਟ ਤੇ ਬੈਠ ਜਾਓ। ਮੈਨੂੰ ਇਕ ਪਲ਼ ਵੀ ਉਸ ਵੱਲੋਂ ਛੱਡੀ ਸੀਟ ਉੱਤੇ ਬੈਠਣ ਲਈ ਹਿਚਕਿਚਾਹਟ ਮਹਿਸੂਸ ਨਹੀਂ ਹੋਈ। ਉਸ ਆਦਮੀ ਨੇ ਇਕ ਵਾਰੀ ਮੁੜ ਕੇ ਪਿੱਛੇ ਵੇਖਿਆ ਤਾਂ ਮੈਂ ਪੂਰੇ ਸਵੈਮਾਣ ਨਾਲ ਉਸ ਨਾਲ ਨਜ਼ਰ ਮਿਲਾਈ।

Saturday 14 June 2014

ਤਰੱਕੀਪਸੰਦ (ਕਹਾਣੀ)-ਸਆਦਤ ਹਸਨ ਮੰਟੋ

 

(ਰਾਜਿੰਦਰ ਸਿੰਘ ਬੇਦੀ ਅਤੇ ਦਵਿੰਦਰ ਸਤਿਆਰਥੀ ਨੂੰ ਨਿਸ਼ਾਨਾ ਮਿਥ ਕੇ ਲਿਖੀ ਵਿਅੰਗਮਈ ਕਹਾਣੀ )

ਜੋਗਿੰਦਰ ਸਿੰਘ ਦੀਆਂ ਕਹਾਣੀਆਂ ਜਦੋਂ ਲੋਕਪ੍ਰਿਅ ਹੋਣ ਲੱਗੀਆਂ ਤਾਂ ਉਹਦੇ ਮਨ ਵਿਚ ਇਹ ਇੱਛਾ ਪੈਦਾ ਹੋਈ ਕਿ ਉਹ ਉਘੇ ਸਾਹਿਤਕਾਰਾਂ ਅਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾਏ ਅਤੇ ਉਨ੍ਹਾਂ ਦੀ ਦਾਅਵਤ ਕਰੇ। ਉਹਦਾ ਖਿਆਲ ਸੀ ਕਿ ਉਹਦੀ ਸ਼ੁਹਰਤ ਤੇ ਲੋਕਪ੍ਰਿਅਤਾ ਹੋਰ ਵੀ ਵਧੇਰੇ ਹੋ ਜਾਵੇਗੀ। ਜੋਗਿੰਦਰ ਸਿੰਘ ਨੂੰ ਆਪਣੀ ਰਚਨਾ ਬਾਰੇ ਬੜੀ ਖੁਸ਼ਫਹਿਮੀ ਸੀ। ਮਸ਼ਹੂਰ ਸਾਹਿਤਕਾਰਾਂ ਤੇ ਸ਼ਾਇਰਾਂ ਨੂੰ ਆਪਣੇ ਘਰ ਬੁਲਾ ਕੇ ਅਤੇ ਉਨ੍ਹਾਂ ਦੀ ਆਉਭਗਤ ਕਰਕੇ ਜਦੋਂ ਉਹ ਆਪਣੀ ਪਤਨੀ ਅੰਮ੍ਰਿਤ ਕੌਰ ਕੋਲ ਬਹਿੰਦਾ ਤਾਂ ਕੁਝ ਚਿਰ ਲਈ ਬਿਲਕੁਲ ਹੀ ਭੁੱਲ ਜਾਂਦਾ ਕਿ ਉਹਦਾ ਕੰਮ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨਾ ਹੈ। ਆਪਣੀ ਤਿੰਨ ਗਜ਼ ਦੀ ਪਟਿਆਲਾ ਫੈਸ਼ਨ ਦੀ ਰੰਗੀ ਹੋਈ ਪਗੜੀ ਲਾਹ ਕੇ ਜਦੋਂ ਉਹ ਇਕ ਪਾਸੇ ਧਰ ਦਿੰਦਾ ਤਾਂ ਉਹਨੂੰ ਮਹਿਸੂਸ ਹੁੰਦਾ ਕਿ ਉਹਦੇ ਲੰਮੇ-ਲੰਮੇ ਕਾਲੇ ਕੇਸਾਂ ਹੇਠ ਜਿਹੜਾ ਛੋਟਾ ਜਿਹਾ ਸਿਰ ਛੁਪਿਆ ਹੋਇਆ ਹੈ ਉਹਦੇ ਵਿਚ ਅੱਗੇ-ਵਧੂ ਸਾਹਿਤ ਕੁੱਟ ਕੁੱਟ ਕੇ ਭਰਿਆ ਪਿਆ ਹੈ। ਇਸ ਅਹਿਸਾਸ ਨਾਲ ਉਹਦੇ ਦਿਲ ਤੇ ਦਿਮਾਗ ਵਿਚ ਹਉਂ ਦੀ ਇਕ ਅਜੀਬ ਜਿਹੇ ਮਹੱਤਵ ਵਾਲੀ ਭਾਵਨਾ ਪੈਦਾ ਹੋ ਜਾਂਦੀ ਤੇ ਉਹ ਇਹ ਸਮਝਦਾ ਕਿ ਦੁਨੀਆਂ ਵਿਚ ਜਿੰਨੇ ਕਹਾਣੀਕਾਰ ਤੇ ਨਾਵਲਕਾਰ ਹਨ, ਸਾਰੇ ਦੇ ਸਾਰੇ ਉਹਦੇ ਨਾਲ ਬੜੇ ਹੀ ਮਿੱਠੇ ਜਿਹੇ ਰਿਸ਼ਤੇ ਵਿਚ ਬੱਧੇ ਹੋਏ ਹਨ। ਅੰਮ੍ਰਿਤ ਕੌਰ ਦੀ ਸਮਝ ਵਿਚ ਇਹ ਗੱਲ ਨਹੀਂ ਸੀ ਆਉਂਦੀ ਕਿ ਉਹਦਾ ਪਤੀ ਲੋਕਾਂ ਨੂੰ ਸੱਦਾ ਭੇਜਣ ਵੇਲੇ ਹਰ ਵਾਰ ਇਹ ਕਿਉਂ ਆਖਦਾ ਹੈ:

‘ਅੰਮ੍ਰਿਤ, ਇਹ ਜਿਹੜੇ ਅੱਜ ਚਾਹ ‘ਤੇ ਆ ਰਹੇ ਨੇ, ਹਿੰਦੁਸਤਾਨ ਦੇ ਵੱਡੇ ਸ਼ਾਇਰ ਹਨ… ਸਮਝ ਗਈ, ਨਾ? ਵੇਖੀਂ, ਇਨ੍ਹਾਂ ਦੀ ਆਉਭਗਤ ਤੇ ਖਾਤਰਦਾਰੀ ਵਿਚ ਕੋਈ ਕਸਰ ਨਾ ਰਹਿ ਜਾਵੇ।’
ਆਉਣ ਵਾਲਾ ਕਦੇ ਹਿੰਦੁਸਤਾਨ ਦਾ ਵੱਡਾ ਸ਼ਾਇਰ ਹੁੰਦਾ ਜਾਂ ਬੜਾ ਵੱਡਾ ਕਹਾਣੀਕਾਰ। ਇਸ ਤੋਂ ਘੱਟ ਦਰਜੇ ਵਾਲੇ ਆਦਮੀ ਨੂੰ ਤਾਂ ਉਹ ਕਦੇ ਬੁਲਾਉਂਦਾ ਹੀ ਨਹੀਂ ਸੀ-ਦਾਅਵਤ ਵੇਲੇ ਉਚੀਆਂ ਉਚੀਆਂ ਸੁਰਾਂ ਵਿਚ ਗੱਲਾਂ ਹੁੰਦੀਆਂ, ਜਿਹਦਾ ਮਤਲਬ ਉਹ ਅੱਜ ਤੱਕ ਨਹੀਂ ਸਮਝ ਸਕੀ ਸੀ। ਗੱਲਾਂਬਾਤਾਂ ਦੇ ਦੌਰਾਨ ‘ਤਰੱਕੀਪਸੰਦ’ ਦਾ ਜ਼ਿਕਰ ਆਮ ਤੌਰ ‘ਤੇ ਹੁੰਦਾ ਸੀ। ਇਸ ‘ਤਰੱਕੀਪਸੰਦੀ’ ਦਾ ਮਤਲਬ ਅੰਮ੍ਰਿਤ ਕੌਰ ਨੂੰ ਮਲੂਮ ਨਹੀਂ ਸੀ। ਇਕ ਵਾਰ ਜੋਗਿੰਦਰ ਸਿੰਘ ਇਕ ਬੜੇ ਵੱਡੇ ਕਹਾਣੀਕਾਰ ਨੂੰ ਚਾਹ ਪਿਲਾ ਕੇ ਵਿਹਲਾ ਹੋ ਅੰਦਰ ਰਸੋਈ ਵਿਚ ਆ ਕੇ
ਬੈਠਾ ਤਾਂ ਅੰਮ੍ਰਿਤ ਨੇ ਪੁੱਛਿਆ, “ਇਹ ਮੋਈ ‘ਤਰੱਕੀਪਸੰਦੀ’ ਕੀ ਏ?”

ਜੋਗਿੰਦਰ ਸਿੰਘ ਨੇ ਪਗੜੀ ਸਣੇ ਆਪਣੇ ਸਿਰ ਨੂੰ ਸਹਿਜੇ ਜਿਹੇ ਹਿਲਾਇਆ ਤੇ ਕਿਹਾ, “ਤਰੱਕੀਪਸੰਦੀ? ਇਹਦਾ ਮਤਲਬ ਤੂੰ ਤੁਰੰਤ ਹੀ ਨਹੀਂ ਸਮਝ ਸਕਣ ਲੱਗੀ। ‘ਤਰੱਕੀਪਸੰਦ’ ਉਹਨੂੰ ਆਖਦੇ ਹਨ ਜੋ ਤਰੱਕੀ ਨੂੰ ਪਸੰਦ ਕਰੇ। ਇਹ ਸ਼ਬਦ ਫਾਰਸੀ ਦਾ ਹੈ ਤੇ ਅੰਗ੍ਰੇਜ਼ੀ ਵਿਚ ‘ਤਰੱਕੀਪਸੰਦ’ ਨੂੰ ‘ਪ੍ਰੋਗ੍ਰੈਸਿਵ’ ਕਹਿੰਦੇ ਹਨ। ਉਹ ਕਹਾਣੀਕਾਰ ਜੋ ਕਹਾਣੀਆਂ ਵਿਚ ਤਰੱਕੀ ਚਾਹੁੰਦੇ ਹਨ, ਉਨ੍ਹਾਂ ਨੂੰ ਤਰੱਕੀਪਸੰਦ ਜਾਂ ਅਗੇਵਧੂ ਕਹਾਣੀਕਾਰ ਸੱਦੇਂਦੇ ਹਨ। ਇਸ ਵੇਲੇ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹਨ ਜਿਨ੍ਹਾਂ ਵਿਚ ਮੇਰਾ ਨਾਂ ਵੀ ਸ਼ਾਮਿਲ ਹੈ।”
ਜੋਗਿੰਦਰ ਸਿੰਘ ਦੀ ਆਦਤ ਸੀ ਕਿ ਉਹ ਅੰਗ੍ਰੇਜ਼ੀ ਸ਼ਬਦਾਂਨਾਲ ਆਪਣੇ ਵਿਚਾਰ ਪ੍ਰਗਟ ਕੀਤਾ ਕਰਦਾ ਸੀ। ਉਹਦੀ ਇਹੀ ਆਦਤ ਹੁਣ ਪੱਕ ਕੇ ਉਹਦਾ ਸੁਭਾਅ ਬਣ ਗਈ ਸੀ। ਇਸ ਲਈ ਉਹ ਬਿਨਾਂ ਝਕੇ ਇਕ ਅਜਿਹੀ ਅੰਗਰੇਜ਼ੀ ਭਾਸ਼ਾ ਵਿਚ ਸੋਚਦਾ ਸੀ ਜਿਹੜੀ ਕੁਝ ਉਘੇ ਅੰਗ੍ਰੇਜ਼ੀ ਨਾਵਲਕਾਰਾਂ ਦੇ ਚੰਗੇ ਚੰਗੇ ਚੁਸਤ ਫਿਕਰਿਆਂ ‘ਤੇ ਆਧਾਰਤ ਸੀ। ਆਮ ਗੱਲਬਾਤ ਵਿਚ ਉਹ 50% ਅੰਗ੍ਰੇਜ਼ੀ ਸ਼ਬਦਾਂ ਅਤੇ ਅੰਗ੍ਰੇਜ਼ੀ ਕਿਤਾਬਾਂ ‘ਚੋਂ ਚੁਣੇ ਵਾਕਾਂ ਦੀ ਵਰਤੋਂ ਕਰਦਾ ਸੀ। ‘ਅਫਲਾਤੂਨ’ ਨੂੰ ਉਹ ਸਦਾ ‘ਪਲੇਟੋ’ ਕਹਿੰਦਾ ਸੀ। ਇਵੇਂ ਹੀ ‘ਅਰਸਤੂ’ ਨੂੰ ‘ਅਰਾਸਟੋਟਿਲ’। ਡਾ. ਸਿਗਮੰਡ ਫਰਾਇਡ, ਸ਼ੋਪੇਨਹਾਵਰ ਤੇ ਨੀਤਸ਼ੇ ਦੀ ਚਰਚਾ ਉਹ ਆਪਣੀ ਹਰ ਮਹੱਤਵਪੂਰਨ ਗੱਲਬਾਤ
ਵਿਚ ਕੀਤਾ ਕਰਦਾ ਸੀ ਅਤੇ ਪਤਨੀ ਨਾਲ ਗੱਲ ਕਰਨ ਵੇਲੇ ਉਹ ਇਸ ਗੱਲ ਦਾ ਖਾਸ ਧਿਆਨ ਰੱਖਦਾ ਸੀ ਕਿ ਗੱਲਬਾਤ ਵਿਚ ਅੰਗ੍ਰੇਜ਼ੀ ਸ਼ਬਦ ਅਤੇ ਇਹ ਫਲਾਸਫੀ ਦਾਖਲ ਨਾ ਹੋਣ। ਜੋਗਿੰਦਰ ਸਿੰਘ ਤੋਂ ਜਦੋਂ ਉਹਦੀ ਪਤਨੀ ਨੇ ਤਰੱਕੀਪਸੰਦੀ ਦਾ ਮਤਲਬ ਸਮਝਿਆ ਤਾਂ ਉਹਨੂੰ ਬੜੀ ਨਿਰਾਸ਼ਾ ਹੋਈ ਕਿਉਂਕਿ ਉਹਦਾ ਖ਼ਿਆਲ ਸੀ ਕਿ ਤਰੱਕੀਪਸੰਦੀ ਕੋਈ ਬੜੀ ਵੱਡੀ ਚੀਜ਼ ਹੋਵੇਗੀ ਜਿਸ ਬਾਰੇ ਵੱਡੇ-ਵੱਡੇ ਸ਼ਾਇਰ ਤੇ ਕਹਾਣੀਕਾਰ ਉਹਦੇ ਪਤੀ ਨਾਲ ਮਿਲ ਕੇ ਬਹਿਸ ਕਰਦੇ ਰਹਿੰਦੇ ਹਨ ਪਰ ਜਦੋਂ ਉਹਨੇ ਇਹ ਸੋਚਿਆ ਕਿ ਹਿੰਦੋਸਤਾਨ ਵਿਚ ਸਿਰਫ ਤਿੰਨ-ਚਾਰ ਤਰੱਕੀਪਸੰਦ ਕਹਾਣੀਕਾਰ ਹੀ ਹਨ ਤਾਂ ਉਹਦੀਆਂ ਅੱਖਾਂ ਵਿਚ ਚਮਕ ਪੈਦਾ ਹੋ ਗਈ।

ਇਹ ਚਮਕ ਵੇਖ ਕੇ ਜੋਗਿੰਦਰ ਸਿੰਘ ਦੇ ਮੁੱਛਾਂ-ਭਰੇ ਬੁਲ੍ਹ, ਇਕ ਦੱਬੀ-ਦੱਬੀ ਜਿਹੀ ਮੁਸਕਰਾਹਟ ਵਿਚ, ਕੰਬੇ, “ਅੰਮ੍ਰਿਤ, ਤੈਨੂੰ ਇਹ ਸੁਣ
ਕੇ ਖੁਸ਼ੀ ਹੋਵੇਗੀ ਕਿ ਹਿੰਦੋਸਤਾਨ ਦਾ ਇਕ ਬਹੁਤ ਵੱਡਾ ਆਦਮੀ ਮੈਨੂੰ ਮਿਲਣ ਦਾ ਚਾਹਵਾਨ ਹੈ। ਉਹਨੇ ਮੇਰੀਆਂ ਕਹਾਣੀਆਂ ਪੜ੍ਹੀਆਂ ਹਨ ਤੇ ਬਹੁਤ ਪਸੰਦ ਕੀਤੀਆਂ ਹਨ।”
ਅੰਮ੍ਰਿਤ ਕੌਰ ਨੇ ਪੁੱਛਿਆ, “ਇਹ ਵੱਡਾ ਆਦਮੀ ਕੋਈ ਅਸਲੋਂ ਹੀ ਵੱਡਾ ਆਦਮੀ ਹੈ ਜਾਂ ਤੁਹਾਡੇ ਵਾਂਗ ਸਿਰਫ ਕਹਾਣੀਆਂ ਲਿਖਣ ਵਾਲਾ ਹੈ?”
ਜੋਗਿੰਦਰ ਸਿੰਘ ਨੇ ਜੇਬ ਵਿਚੋਂ ਇਕ ਲਿਫਾਫਾ ਕਢਿਆ ਅਤੇ ਦੂਜੇ ਪੁਠੇ ਹੱਥ ਨਾਲ ਥਪਥਪਾਂਦਿਆਂ ਆਖਿਆ, “ਕਹਾਣੀਕਾਰ ਤਾਂ ਹੈ ਹੀ ਪਰ ਉਹਦੀ ਸਭ ਤੋਂ ਵੱਡੀ ਖੂਬੀ ਜੋ ਉਹਦੀ ਅਮਿੱਟ ਪ੍ਰਸਿੱਧੀ ਦੇ ਪਿੱਛੇ ਮੌਜੂਦ ਹੈ, ਕੁਝ ਹੋਰ ਈ ਏ।”
“ਕਿਹੜੀ ਖੂਬੀ ਏ?”
“ਉਹ ਇਕ ਅਵਾਰਾਗਰਦ ਹੈ।”
“ਅਵਾਰਾਗਰਦ?”
“ਹਾਂ, ਉਹ ਇਕ ਅਵਾਰਾਗਰਦ ਹੈ ਜੀਹਨੇ ਅਵਾਰਾਗਰਦੀ ਨੂੰ ਆਪਣੇ ਜੀਵਨ ਦਾ ਮਨੋਰਥ ਬਣਾ ਲਿਆ ਹੈ। ਉਹ ਸਦਾ ਘੁੰਮਦਾ ਰਹਿੰਦਾ ਹੈ, ਕਦੇ ਕਸ਼ਮੀਰ ਦੀਆਂ ਠੰਡੀਆਂ ਘਾਟੀਆਂ ਵਿਚ ਹੁੰਦਾ ਹੈ ਤੇ ਕਦੇ ਮੁਲਤਾਨ ਦੇ ਤਪਦੇ ਮੈਦਾਨਾਂ ਵਿਚ, ਕਦੇ ਲੰਕਾ ਵਿਚ ਤੇ ਕਦੇ ਤਿੱਬਤ ਵਿਚ।”
ਅੰਮ੍ਰਿਤ ਕੌਰ ਦੀ ਦਿਲਚਸਪੀ ਵਧ ਗਈ, “ਪਰ ਉਹ ਕਰਦਾ ਕੀ ਏ?”
“ਉਹ ਗੀਤ ਇਕੱਠੇ ਕਰਦਾ ਏ, ਹਿੰਦੋਸਤਾਨ ਦੇ ਹਰ ਸੂਬੇ ਦੇ ਗੀਤ-ਪੰਜਾਬੀ, ਗੁਜਰਾਤੀ, ਮਰਾਠੀ, ਪਿਸ਼ੌਰੀ,
ਕਸ਼ਮੀਰੀ, ਮਾਰਵਾੜੀ, ਹਿੰਦੋਸਤਾਨ ਵਿਚ ਜਿੰਨੀਆਂ ਵੀ ਬੋਲੀਆਂ ਬੋਲੀਆਂ ਜਾਂਦੀਆਂ ਹਨ, ਉਨ੍ਹਾਂ ਦੇ ਜਿੰਨੇ ਵੀ ਗੀਤ ਉਹਨੂੰ ਮਿਲਦੇ ਹਨ, ਉਹ ਇਕੱਠੇ ਕਰ ਲੈਂਦਾ ਹੈ।”
“ਏਨੇ ਗੀਤ ਇਕੱਠੇ ਕਰਕੇ ਉਹ ਕੀ ਕਰੇਗਾ?”
“ਕਿਤਾਬਾਂ ਛਾਪਦਾ ਹੈ, ਲੇਖ ਲਿਖਦਾ ਹੈ ਤਾਂ ਜੁ ਦੂਜੇ ਵੀ ਇਹ ਗੀਤ ਪੜ੍ਹ ਸਕਣ। ਕਈ ਅੰਗ੍ਰੇਜ਼ੀ ਰਸਾਲਿਆਂ ਵਿਚ ਉਹਦੇ ਲੇਖ ਛਪ ਚੁੱਕੇ ਹਨ। ਗੀਤ ਇਕੱਠੇ ਕਰਨਾ ਤੇ ਸਲੀਕੇ ਨਾਲ ਉਨ੍ਹਾਂ ਨੂੰ ਪੇਸ਼ ਕਰਨਾ ਕੋਈ ਮਾਮੂਲੀ ਕੰਮ ਨਹੀਂ। ਉਹ ਬਹੁਤ ਵੱਡਾ ਆਦਮੀ ਹੈ, ਸਮਝੀ, ਬਹੁਤ ਵੱਡਾ ਆਦਮੀ! ਤੇ ਵੇਖ, ਉਹਨੇ ਮੈਨੂੰ, ਕਿਹੋ ਜਿਹਾ ਖਤ ਲਿਖਿਐ।”
ਇਹ ਕਹਿ ਕੇ, ਜੋਗਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਉਹ ਪੱਤਰ ਪੜ੍ਹ ਕੇ ਸੁਣਾਇਆ ਜਿਹੜਾ ਹਰੇਂਦਰ ਨਾਥ ਤ੍ਰਿਪਾਠੀ ਨੇ ਆਪਣੇ ਪਿੰਡੋਂ ਉਹਨੂੰ ਭੇਜਿਆ ਸੀ। ਉਸ ਪੱਤਰ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੇ ਬੜੀ ਮਿੱਠੀ ਬੋਲੀ ਵਿਚ ਜੋਗਿੰਦਰ ਸਿੰਘ ਦੀਆਂ ਕਹਾਣੀਆਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਸੀ ਕਿ ਤੁਸੀਂ ਹਿੰਦੋਸਤਾਨ ਦੇ ਤਰੱਕੀਪਸੰਦ ਕਹਾਣੀਕਾਰ ਹੋ।

ਇਹ ਵਾਕ ਜੋਗਿੰਦਰ ਸਿੰਘ ਨੇ ਪੜ੍ਹ ਕੇ ਕਿਹਾ, “ਲੈ ਵੇਖ, ਤ੍ਰਿਪਾਠੀ ਸਾਹਿਬ ਵੀ ਲਿਖਦੇ ਨੇ ਕਿ ਮੈਂ ਤਰੱਕੀਪਸੰਦ ਹਾਂ।”
ਜੋਗਿੰਦਰ ਸਿੰਘ ਨੇ ਪੂਰਾ ਪੱਤਰ ਪੜ੍ਹਨ ਪਿਛੋਂ ਇਕ ਦੋ ਛਿਣ ਆਪਣੀ ਪਤਨੀ ਵਲ ਤੱਕਿਆ ਤੇ ਉਹਦਾ ਅਸਰ ਜਾਣਨ ਲਈ ਕਿਹਾ, “ਕਿਉਂ?”
ਅੰਮ੍ਰਿਤ ਕੌਰ ਪਤੀ ਦੀ ਤਿੱਖੀ ਨਜ਼ਰ ਕਾਰਨ ਕੁਝ ਝੇਂਪ ਜਿਹੀ ਗਈ ਤੇ ਮੁਸਕਰਾ ਕੇ ਕਹਿਣ ਲੱਗੀ, “ਮੈਂ ਕੀ ਜਾਣਾਂ! ਵੱਡੇ ਆਦਮੀਆਂ ਦੀਆਂ ਗੱਲਾਂ ਵੱਡੇ ਆਦਮੀ ਹੀ ਸਮਝ ਸਕਦੇ ਨੇ।”
ਜੋਗਿੰਦਰ ਸਿੰਘ ਨੇ ਆਪਣੀ ਪਤਨੀ ਦੀ ਏਸ ਅਦਾ ‘ਤੇ ਗਹੁ ਨਹੀਂ ਕੀਤਾ। ਉਹ ਅਸਲ ਵਿਚ ਹਰੇਂਦਰ ਨਾਥ ਤ੍ਰਿਪਾਠੀ ਨੂੰ ਆਪਣੇ ਘਰ ਬੁਲਾਉਣ ਤੇ ਉਹਨੂੰ ਕੁਝ ਦਿਨ ਠਹਿਰਾਉਣ ਬਾਰੇ ਸੋਚ ਰਿਹਾ ਸੀ, “ਅੰਮ੍ਰਿਤ ਮੈਂ ਕਹਿੰਦਾ ਹਾਂ, ਤ੍ਰਿਪਾਠੀ ਸਾਹਿਬ ਨੂੰ ਦਾਅਵਤ ਦੇ ਹੀ ਦਿੱਤੀ ਜਾਵੇ। ਕੀ ਖਿਆਲ ਹੈ ਤੇਰਾ… ਪਰ ਮੈਂ ਸੋਚਦਾ ਇਹ ਹਾਂ ਕਿ ਕੀ ਜਾਣਾਂ, ਉਹ ਕਿਤੇ ਇਨਕਾਰ ਹੀ ਨਾ ਕਰ ਦਏ। ਬਹੁਤ ਵੱਡਾ ਆਦਮੀ ਹੈ। ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝੇ।”
ਅਜਿਹੇ ਮੌਕਿਆਂ ‘ਤੇ ਉਹ ਪਤਨੀ ਨੂੰ ਆਪਣੇ ਨਾਲ ਸ਼ਾਮਿਲ ਕਰ ਲਿਆ ਕਰਦਾ ਸੀ ਤਾਂ ਜੁ ਦਾਅਵਤ ਦਾ ਭਾਰ ਦੋ
ਬੰਦਿਆਂ ਵਿਚ ਵੰਡਿਆ ਜਾਵੇ। ਇਸੇ ਲਈ ਜਦੋਂ ਉਹਨੇ ‘ਸਾਡੀ’ ਆਖਿਆ ਤਾਂ ਅੰਮ੍ਰਿਤ ਕੌਰ ਨੇ, ਜਿਹੜੀ ਆਪਣੇ ਪਤੀ ਵਾਂਗ ਬਹੁਤ ਭੋਲੀ ਸੀ, ਹਰੇਂਦਰ ਨਾਥ ਤ੍ਰਿਪਾਠੀ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਭਾਵੇਂ ਉਹਦਾ ਨਾਂ ਹੀ ਉਹਦੇ ਲਈ ਸਮਝੋਂ ਬਾਹਰ ਸੀ ਅਤੇ ਇਹ ਗੱਲ ਵੀ ਉਹਦੀ ਸਮਝ ਤੋਂ ਬਾਹਰ ਸੀ ਕਿ ਇਕ ਅਵਾਰਾਗਰਦ, ਗੀਤ ਇਕੱਠੇ ਕਰ ਕੇ, ਕਿਵੇਂ ਬਹੁਤ ਵੱਡਾ ਆਦਮੀ ਬਣ ਸਕਦਾ ਹੈ। ਜਦੋਂ ਉਹਨੂੰ ਇਹ ਦੱਸਿਆ ਗਿਆ ਸੀ ਕਿ ਤ੍ਰਿਪਾਠੀ ਗੀਤ ਇਕੱਠੇ ਕਰਦਾ ਹੈ ਤਾਂ ਉਹਨੂੰ ਆਪਣੇ ਪਤੀ ਦੀ ਇਕ ਗੱਲ ਯਾਦ ਆ ਗਈ ਕਿ ਵਲਾਇਤ ਵਿਚ ਲੋਕ ਤਿਤਲੀਆਂ ਫੜਨ ਦਾ ਕੰਮ ਕਰਦੇ ਹਨ ਤੇ ਇਸ ਤਰ੍ਹਾਂ ਕਾਫੀ ਪੈਸਾ ਕਮਾ ਲੈਂਦੇ ਹਨ। ਇਸੇ ਲਈ ਉਹਦਾ ਇਹ ਖਿਆਲ ਸੀ ਕਿ ਸ਼ਾਇਦ ਤ੍ਰਿਪਾਠੀ ਨੇ ਗੀਤ ਇਕੱਠੇ ਕਰਨ ਦਾ ਕੰਮ ਵਲਾਇਤ ਦੇ ਕਿਸੇ ਆਦਮੀ ਤੋਂ ਸਿੱਖਿਆ ਹੋਵੇਗਾ।
ਜੋਗਿੰਦਰ ਸਿੰਘ ਨੇ ਆਪਣਾ ਸ਼ੱਕ ਪ੍ਰਗਟਾਇਆ, “ਹੋ ਸਕਦੈ ਉਹ ਸਾਡੀ ਏਸ ਦਾਅਵਤ ਨੂੰ ਖੁਸ਼ਾਮਦ ਸਮਝ ਲਏ।”
“ਇਹਦੇ ‘ਚ ਖੁਸ਼ਾਮਦ ਦੀ ਕਿਹੜੀ ਗੱਲ ਹੈ? ਹੋਰ ਵੀ ਤਾਂ ਕਈ ਵੱਡੇ ਆਦਮੀ ਸਾਡੇ ਘਰ ਆਉਂਦੇ ਨੇ। ਤੁਸੀਂ ਉਨ੍ਹਾਂ
ਨੂੰ ਚਿੱਠੀ ਪਾ ਦਿਓ। ਮੇਰਾ ਖਿਆਲ ਹੈ ਕਿ ਉਹ ਤੁਹਾਡੀ ਦਾਅਵਤ ਜ਼ਰੂਰ ਕਬੂਲ ਕਰ ਲੈਣਗੇ। ਨਾਲੇ ਉਨ੍ਹਾਂ ਨੂੰ ਵੀ ਤਾਂ ਤੁਹਾਨੂੰ ਮਿਲਣ ਦਾ ਬਹੁਤ ਚਾਅ ਹੈ। ਹਾਂ, ਇਹ ਤਾਂ ਦੱਸੋ ਕੀ ਉਨ੍ਹਾਂ ਦੇ ਬਾਲ-ਬੱਚੇ ਹਨ?”
“ਬਾਲ-ਬੱਚੇ!” ਜੋਗਿੰਦਰ ਸਿੰਘ ਉਠਿਆ। ਚਿੱਠੀ ਦਾ ਮਜ਼ਮੂਨ ਅੰਗ੍ਰੇਜ਼ੀ ਭਾਸ਼ਾ ਵਿਚ ਸੋਚਦਿਆਂ ਬੋਲਿਆ, “ਹੋਣਗੇ, ਜ਼ਰੂਰ ਹੋਣਗੇ। ਹਾਂ ਹਨ। ਮੈਂ ਉਨ੍ਹਾਂ ਦੇ ਇਕ ਲੇਖ ਵਿਚ ਪੜ੍ਹਿਆ ਸੀ, ਉਨ੍ਹਾਂ ਦੀ ਪਤਨੀ ਵੀ ਹੈ ਤੇ ਇਕ ਬੱਚੀ ਵੀ।”
ਇਹ ਕਹਿ ਕੇ ਉਹ ਉਠਿਆ, ਚਿੱਠੀ ਦਾ ਮਜ਼ਮੂਨ ਉਹਦੇ ਦਿਮਾਗ ਵਿਚ ਪੂਰਾ ਹੋ ਚੁੱਕਿਆ ਸੀ। ਦੂਜੇ ਕਮਰੇ ਵਿਚ ਜਾ ਕੇ ਉਹਨੇ ਛੋਟੇ ਸਾਈਜ਼ ਦਾ ਉਹ ਪੈਡ ਕਢਿਆ ਜਿਸ ਉਤੇ ਉਹ ਖਾਸ-ਖਾਸ ਆਦਮੀਆਂ ਨੂੰ ਚਿੱਠੀਆਂ ਲਿਖਿਆ ਕਰਦਾ ਸੀ ਅਤੇ ਹਰੇਂਦਰ ਨਾਥ ਤ੍ਰਿਪਾਠੀ ਦੇ ਨਾਂ ਉਰਦੂ ਵਿਚ ਦਾਅਵਤਨਾਮਾ ਲਿਖਿਆ। ਇਹ ਉਸ ਮਜ਼ਮੂਨ ਦਾ ਅਨੁਵਾਦ ਸੀ ਜਿਹੜਾ ਉਹਨੇ ਆਪਣੀ ਪਤਨੀ ਨਾਲ ਗੱਲ ਕਰਨ ਵੇਲੇ ਅੰਗ੍ਰੇਜ਼ੀ ਵਿਚ ਸੋਚਿਆ ਸੀ।
ਤੀਜੇ ਦਿਨ ਹਰੇਂਦਰ ਨਾਥ ਤ੍ਰਿਪਾਠੀ ਦਾ ਉਤਰ ਆ ਗਿਆ। ਜੋਗਿੰਦਰ ਸਿੰਘ ਨੇ ਧੜਕਦੇ ਦਿਲ ਨਾਲ ਲਫਾਫਾ ਖੋਲ੍ਹਿਆ। ਜਦੋਂ ਪੜ੍ਹਿਆ ਕਿ ਉਹਦੀ ਦਾਅਵਤ ਮਨਜ਼ੂਰ ਕਰ ਲਈ ਗਈ ਹੈ, ਉਹਦਾ ਦਿਲ ਹੋਰ ਵੀ ਤੇਜ਼ ਧੜਕਣ ਲੱਗਾ। ਪਤਨੀ ਅੰਮ੍ਰਿਤ ਕੌਰ ਧੁੱਪੇ ਆਪਣੇ ਛੋਟੇ ਬੱਚੇ ਦੇ ਕੇਸਾਂ ਵਿਚ ਦਹੀਂ ਪਾ ਕੇ ਮਲ ਰਹੀ ਸੀ ਕਿ ਉਹ ਲਫ਼ਾਫ਼ਾ ਫੜੀ ਉਹਦੇ ਕੋਲ ਆਇਆ।
“ਉਨ੍ਹਾਂ ਨੇ ਸਾਡੀ ਦਾਅਵਤ ਕਬੂਲ ਕਰ ਲਈ ਹੈ। ਲਿਖਦੇ ਨੇ ਕਿ ਉਹ ਲਾਹੌਰ ਵੈਸੇ ਵੀ ਕਿਸੇ ਜ਼ਰੂਰੀ ਕੰਮ ਆ ਰਹੇ ਸਨ। ਆਪਣੀ ਨਵੀਂ ਕਿਤਾਬ ਛਪਵਾਉਣਾ ਚਾਹੁੰਦੇ ਸਨ। ਤੇ ਹਾਂ, ਉਨ੍ਹਾਂ ਨੇ ਤੈਨੂੰ ਪ੍ਰਣਾਮ ਲਿਖਿਆ ਏ।”
ਅੰਮ੍ਰਿਤ ਕੌਰ ਨੂੰ ਇਸ ਖਿਆਲ ਤੋਂ ਬਹੁਤ ਖੁਸ਼ੀ ਹੋਈ ਕਿ ਏਡੇ ਵੱਡੇ ਆਦਮੀ ਨੇ ਜਿਸ ਦਾ ਕੰਮ ਗੀਤ ਇਕੱਠੇ ਕਰਨਾ ਹੈ, ਉਹਨੂੰ ‘ਪ੍ਰਣਾਮ’ ਭੇਜਿਆ ਹੈ। ਉਹਨੇ ਮਨ ਹੀ ਮਨ ਵਿਚ ਵਾਹਿਗੁਰੂ ਦਾ ਧੰਨਵਾਦ ਕੀਤਾ ਕਿ ਉਹਦਾ ਵਿਆਹ ਅਜਿਹੇ ਆਦਮੀ ਨਾਲ ਹੋਇਆ ਹੈ ਜਿਸ ਨੂੰ ਹਿੰਦੋਸਤਾਨ ਦਾ ਹਰ ਵੱਡਾ ਆਦਮੀ ਜਾਣਦਾ ਹੈ। ਸਿਆਲ ਦੀ ਰੁੱਤ ਸੀ, ਦਸੰਬਰ ਦੇ ਪਹਿਲੇ ਦਿਨ ਸਨ। ਜੋਗਿੰਦਰ ਸਿੰਘ ਸਵੇਰੇ ਸਤ ਵਜੇ ਜਾਗਿਆ ਪਰ ਦੇਰ ਤਕ ਬਿਸਤਰੇ ਵਿਚ ਹੀ ਅੱਖਾਂ ਖੋਹਲੀਂ ਲੰਮਾ ਪਿਆ ਰਿਹਾ- ਉਹਦੀ ਪਤਨੀ ਅੰਮ੍ਰਿਤ ਕੌਰ ਤੇ ਉਹਦਾ ਬੱਚਾ-ਦੋਵੇਂ ਰਜਾਈ ਵਿਚ ਲਿਪਟੇ ਲਾਗਲੇ ਮੰਜੇ ਉਤੇ ਪਏ ਸਨ। ਜੋਗਿੰਦਰ ਸਿੰਘ ਸੋਚਣ ਲੱਗਿਆ, ‘ਤ੍ਰਿਪਾਠੀ ਸਾਹਬ ਨੂੰ
ਮਿਲ ਕੇ ਕੇਡੀ ਖੁਸ਼ੀ ਹੋਵੇਗੀ। ਖੁਦ ਤ੍ਰਿਪਾਠੀ ਸਾਹਬ ਵੀ ਉਹਨੂੰ ਮਿਲ ਕੇ ਬਹੁਤ ਪ੍ਰਸੰਨ ਹੋਣਗੇ ਕਿਉਂ ਜੁ ਉਹ ਹਿੰਦੋਸਤਾਨ ਦਾ ਨੌਜਵਾਨ ਕਹਾਣੀਕਾਰ ਅਤੇ ਤਰੱਕੀਪਸੰਦ ਲੇਖਕ ਹੈ, ਤ੍ਰਿਪਾਠੀ ਸਾਹਿਬ ਨਾਲ ਉਹ ਹਰ ਵਿਸ਼ੇ ਉਤੇ ਗੱਲਬਾਤ ਕਰੇਗਾ, ਗੀਤਾਂ ‘ਤੇ, ਪੇਂਡੂ ਬੋਲੀਆਂ ‘ਤੇ, ਕਹਾਣੀਆਂ ‘ਤੇ ਅਤੇ ਤਾਜ਼ਾ ਜੰਗੀ ਹਾਲਾਤ ‘ਤੇ। ਉਹ ਉਨ੍ਹਾਂ ਨੂੰ ਦੱਸੇਗਾ ਕਿ ਇਕ ਕਲਰਕ ਹੁੰਦਿਆਂ ਵੀ ਉਹ ਕਿਵੇਂ ਵਧੀਆ ਕਹਾਣੀਕਾਰ ਬਣ ਸਕਿਆ। ਕੀ ਇਹ ਅਜੀਬ ਗੱਲ ਨਹੀਂ ਕਿ ਡਾਕਖਾਨੇ ਵਿਚ ਚਿੱਠੀਆਂ ਦੀ ਦੇਖਭਾਲ ਕਰਨ ਵਾਲਾ ਬੰਦਾ ਕਲਾਕਾਰ ਹੋਵੇ। ਜੋਗਿੰਦਰ ਸਿੰਘ ਨੂੰ ਇਸ ਗੱਲ ਦਾ ਬੜਾ ਮਾਣ ਸੀ ਕਿ ਡਾਕਖਾਨੇ ਵਿਚ ਮਜ਼ਦੂਰਾਂ ਵਾਂਗ-ਛੇ-ਸਤ ਘੰਟੇ ਕੰਮ ਕਰਨ ਪਿੱਛੋਂ ਵੀ ਉਹ ਏਨਾ ਵਕਤ ਕੱਢ ਲੈਂਦਾ ਹੈ ਕਿ ਇਕ ਮਾਸਕ ਰਸਾਲਾ ਸੰਪਾਦਤ ਕਰਦਾ ਹੈ ਅਤੇ ਦੋ-ਤਿੰਨ ਰਸਾਲਿਆਂ ਲਈ
ਹਰ ਹਫਤੇ ਜਿਹੜੇ ਲੰਬੇ ਲੰਬੇ ਪੱਤਰ ਲਿਖੇ ਜਾਂਦੇ ਹਨ, ਉਹ ਵੱਖਰੇ। ਦੇਰ ਤਕ ਬਿਸਤਰੇ ਵਿਚ ਪਿਆ ਉਹ ਹਰੇਂਦਰ ਨਾਥ ਤ੍ਰਿਪਾਠੀ ਨਾਲ ਆਪਣੀ ਪਹਿਲੀ ਮੁਲਾਕਾਤ ਲਈ ਮਨ ਵਿਚ ਤਿਆਰੀਆਂ ਕਰਦਾ ਰਿਹਾ।
ਜੋਗਿੰਦਰ ਸਿੰਘ ਨੇ ਹਰੇਂਦਰ ਨਾਥ ਤ੍ਰਿਪਾਠੀ ਦੀਆਂ ਕਹਾਣੀਆਂ ਤੇ ਲੇਖ ਪੜ੍ਹੇ ਹੋਏ ਸਨ, ਉਹਦੀ ਫੋਟੋ ਵੇਖ ਕੇ ਉਹ
ਆਮ ਤੌਰ ‘ਤੇ ਇਹ ਮਹਿਸੂਸ ਕਰਦਾ ਸੀ ਕਿ ਉਹਨੇ ਉਸ ਬੰਦੇ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਪਰ ਹਰੇਂਦਰ ਨਾਥ ਤ੍ਰਿਪਾਠੀ ਦੇ ਮਾਮਲੇ ਵਿਚ ਉਹਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ। ਉਹ ਆਖਦਾ ਸੀ ਕਿ ਹਰੇਂਦਰ ਨਾਥ ਤ੍ਰਿਪਾਠੀ ਉਹਦੇ ਲਈ ਬਿਲਕੁਲ ਅਜਨਬੀ ਹੈ-ਜੋਗਿੰਦਰ ਸਿੰਘ ਦੇ ਕਹਾਣੀਕਾਰ ਦਿਮਾਗ ਵਿਚ ਕਈ ਵਾਰ ਹਰੇਂਦਰ ਨਾਥ ਤ੍ਰਿਪਾਠੀ ਇਕ ਅਜਿਹੇ ਆਦਮੀ ਦੇ ਰੂਪ ਵਿਚ ਸਾਹਮਣੇ ਆਉਂਦਾ ਜੀਹਨੇ ਕੱਪੜਿਆਂ ਦੀ ਥਾਂ ਆਪਣੇ ਪਿੰਡੇ ਉਤੇ ਕਾਗਜ਼ ਲਪੇਟੇ ਹੋਏ ਹੋਣ, ਤੇ ਜਦੋਂ ਉਹ ਕਾਗਜ਼ਾਂ ਬਾਰੇ ਸੋਚਦਾ ਤਾਂ ਉਹਨੂੰ ਅਨਾਰਕਲੀ ਦੀ ਉਹ ਕੰਧ ਯਾਦ ਆ ਜਾਂਦੀ, ਜਿਸ ਉਤੇ ਸਿਨਮੇ ਦੇ ਇਸ਼ਤਿਹਾਰ ਏਡੀ ਵੱਡੀ ਗਿਣਤੀ ਵਿਚ ਇਕ ਦੂਜੇ ‘ਤੇ ਚਿਪਕੇ ਹੋਏ ਸਨ ਕਿ ਕੰਧ ਉਪਰ ਇਕ ਹੋਰ ਕੰਧ ਬਣ ਗਈ ਸੀ। ਬਿਸਤਰੇ ਵਿਚ ਪਿਆ ਉਹ ਦੇਰ ਤਕ ਸੋਚਦਾ ਰਿਹਾ ਕਿ ਜੇ ਹਰੇਂਦਰ ਨਾਥ ਤ੍ਰਿਪਾਠੀ ਅਜਿਹਾ ਹੀ ਆਦਮੀ ਹੋਇਆ ਤਾਂ ਉਹਨੂੰ ਸਮਝ ਸਕਣਾ ਬੜਾ ਹੀ ਮੁਸ਼ਕਲ ਹੋਵੇਗਾ। ਪਰ ਫੇਰ ਉਹਨੂੰ ਆਪਣੀ ਸਿਆਣਪ ਦਾ ਖਿਆਲ ਆਇਆ, ਤੇ ਉਹਦੀਆਂ ਮੁਸ਼ਕਲਾਂ ਆਸਾਨ ਹੋ ਗਈਆਂ ਤੇ ਉਹ ਉਠ ਕੇ ਉਸ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਰੁਝ ਗਿਆ। ਤ੍ਰਿਪਾਠੀ ਨੇ ਲਿਖਿਆ ਸੀ ਕਿ ਉਹ ਆਪੀਂ ਜੋਗਿੰਦਰ ਸਿੰਘ ਦੇ ਘਰ ਪਹੁੰਚ ਜਾਏਗਾ ਕਿਉਂਜੁ ਉਹ ਫੈਸਲਾ ਨਹੀਂ ਕਰ ਸਕਿਆ ਕਿ ਉਹ ਲਾਰੀ ਰਾਹੀਂ ਆਏਗਾ ਜਾਂ ਟਰੇਨ ਰਾਹੀਂ। ਫੇਰ ਵੀ ਇਹ ਗੱਲ ਤਾਂ ਪੱਕੀ ਸੀ ਕਿ ਜੋਗਿੰਦਰ ਸਿੰਘ ਸੋਮਵਾਰ ਨੂੰ, ਡਾਕਖਾਨਿਓ ਛੁੱਟੀ ਲੈ ਕੇ ਸਾਰਾ ਦਿਨ ਆਪਣੇ ਮਹਿਮਾਨ ਨੂੰ ਉਡੀਕੇਗਾ। ਨਹਾ-ਧੋ ਤੇ ਕੱਪੜੇ ਬਦਲ ਕੇ ਜੋਗਿੰਦਰ ਸਿੰਘ ਦੇਰ ਤਕ ਰਸੋਈ ਵਿਚ ਆਪਣੀ ਪਤਨੀ ਕੋਲ ਬੈਠਾ ਰਿਹਾ। ਦੋਹਾਂ ਨੇ ਹੀ ਇਹ ਸੋਚ ਕੇ ਚਾਹ ਦੇਰ ਨਾਲ ਪੀਤੀ ਕਿ ਸ਼ਾਇਦ ਤ੍ਰਿਪਾਠੀ ਆ ਜਾਵੇ। ਪਰ ਜਦੋਂ ਤ੍ਰਿਪਾਠੀ ਦੇਰ ਤਕ ਨਾ ਆਇਆ ਤਾਂ ਉਨ੍ਹਾਂ ਨੇ ਕੇਕ, ਆਦਿ, ਸੰਭਾਲ ਕੇ ਅਲਮਾਰੀ ਵਿਚ ਰਖ ਦਿੱਤੇ ਤੇ ਕਾਲੀ ਚਾਹ ਪੀ ਕੇ ਮਹਿਮਾਨ ਨੂੰ ਉਡੀਕਣ ਲੱਗੇ। ਜਦੋਂ ਜੋਗਿੰਦਰ ਸਿੰਘ ਰਸੋਈ ‘ਚੋਂ ਉਠ ਕੇ ਕਮਰੇ ਵਿਚ ਆਇਆ ਤੇ ਸ਼ੀਸ਼ੇ ਸਾਹਮਣੇ ਖੜੋ ਕੇ ਉਹਨੇ ਦਾੜ੍ਹੀ ਦੇ ਵਾਲਾਂ ਵਿਚ ਲੋਹੇ ਦੇ ਛੋਟੇ ਛੋਟੇ ਕਲਿਪ ਲਾਉਣੇ ਆਰੰਭੇ ਤਾਂ ਜੁ ਵਾਲ ਜੰਮ ਜਾਣ ਤਾਂ ਬੂਹਾ ਖੜਕਿਆ। ਹੁਣ ਖੁਲ੍ਹੀ ਦਾੜ੍ਹੀ ਨਾਲ, ਓਸੇ ਹਾਲ ਵਿਚ ਉਹਨੇ ਡਿਊੜ੍ਹੀ ਦਾ ਦਰਵਾਜ਼ਾ ਖੋਲ੍ਹਿਆ। ਜਿਵੇਂ ਕਿ ਉਹਨੂੰ ਮਲੂਮ ਸੀ, ਸਭ ਤੋਂ ਪਹਿਲਾਂ ਉਹਦੀ ਨਜ਼ਰ ਹਰੇਂਦਰ ਨਾਥ ਤ੍ਰਿਪਾਠੀ ਦੀ ਕਾਲੀ ਸੰਘਣੀ ਦਾੜ੍ਹੀ ‘ਤੇ ਪਈ ਜਿਹੜੀ ਉਹਦੀ ਆਪਣੀ ਦਾੜ੍ਹੀ ਨਾਲੋਂ ਵੀਹ ਗੁਣਾਂ ਵੱਡੀ ਸੀ, ਸਗੋਂ ਇਸ ਤੋਂ ਵੀ ਕੁਝ ਵਧੇਰੇ।

ਤ੍ਰਿਪਾਠੀ ਦੇ ਬੁਲ੍ਹਾਂ ਉਤੇ ਜਿਹੜੇ ਵੱਡੀਆਂ ਵੱਡੀਆਂ ਮੁੱਛਾਂ ਵਿਚ ਲੁਕੇ ਹੋਏ ਸਨ, ਮੁਸਕਰਾਹਟ

ਪ੍ਰਗਟ ਹੋਈ। ਉਹਦੀ ਅੱਖ ਜਿਹੜੀ ਰਤਾ ਕੁ ਟੇਢੀ ਸੀ ਥੋੜ੍ਹੀ ਹੋਰ ਟੇਢੀ ਹੋ ਗਈ। ਉਹਨੇ ਆਪਣੀਆਂ
ਲੰਮੀਆਂ ਲੰਮੀਆਂ ਲਿਟਾਂ ਨੂੰ ਇਕ ਪਾਸੇ ਕਰ ਕੇ ਆਪਣਾ ਹੱਥ, ਜੋ ਕਿਸੇ ਕਿਸਾਨ ਦਾ ਹੱਥ ਜਾਪਦਾ ਸੀ, ਜੋਗਿੰਦਰ ਸਿੰਘ ਵੱਲ ਵਧਾਇਆ। ਜੋਗਿੰਦਰ ਸਿੰਘ ਨੇ ਤ੍ਰਿਪਾਠੀ ਦੇ ਹੱਥ ਦੀ ਮਜ਼ਬੂਤ ਪਕੜ ਮਹਿਸੂਸ ਕੀਤੀ ਤੇ ਉਹਨੂੰ
ਤ੍ਰਿਪਾਠੀ ਦਾ ਚਮੜੇ ਦਾ ਥੈਲਾ ਦਿੱਸਿਆ ਜਿਹੜਾ ਕਿਸੇ ਗਰਭਵਤੀ ਤੀਵੀਂ ਦੇ ਢਿੱਡ ਵਾਂਗ ਫੁੱਲਿਆ ਹੋਇਆ ਸੀ ਤਾਂ ਉਹ ਬੜਾ ਪ੍ਰਭਾਵਿਤ ਹੋਇਆ ਤੇ ਕੇਵਲ ਇਹ ਹੀ ਆਖ ਸਕਿਆ, “ਤ੍ਰਿਪਾਠੀ ਜੀ, ਤੁਹਾਨੂੰ ਮਿਲ ਕੇ ਡਾਢੀ ਪ੍ਰਸੰਨਤਾ ਹੋਈ।” ਤ੍ਰਿਪਾਠੀ ਨੂੰ ਆਇਆਂ ਪੰਦਰਾਂ ਦਿਨ ਹੋ ਗਏ ਸਨ-ਉਹਦੇ ਪਧਾਰਨ ਦੇ ਤੀਜੇ ਹੀ ਦਿਨ ਉਹਦੀ
ਪਤਨੀ ਤੇ ਬੱਚੀ ਵੀ ਆ ਗਏ। ਦੋਵੇਂ ਤ੍ਰਿਪਾਠੀ ਦੇ ਨਾਲ ਹੀ ਪਿੰਡੋਂ ਆਏ ਸਨ ਪਰ ਦੋ ਦਿਨ ਲਈ ਆਪਣੇ ਕਿਸੇ ਦੂਰ ਦੇ ਰਿਸ਼ਤੇਦਾਰ ਕੋਲ ਠਹਿਰ ਗਏ ਸਨ ਪਰ ਤ੍ਰਿਪਾਠੀ ਨੇ ਉਨ੍ਹਾਂ ਦਾ ਉਸ ਰਿਸ਼ਤੇਦਾਰ ਕੋਲ ਬਹੁਤਾ ਚਿਰ ਰੁਕਣਾ ਠੀਕ ਨਹੀਂ ਸੀ ਸਮਝਿਆ, ਇਸ ਲਈ ਉਹਨੇ ਪਤਨੀ ਤੇ ਬੱਚੀ ਨੂੰ ਆਪਣੇ ਹੀ ਕੋਲ ਸੱਦ ਭੇਜਿਆ ਸੀ।
ਤ੍ਰਿਪਾਠੀ ਆਪਣੇ ਨਾਲ ਛੁਟ ਏਸ ਫੁੱਲੇ ਹੋਏ ਥੈਲੇ ਦੇ ਕੁਝ ਵੀ ਨਹੀਂ ਸੀ ਲਿਆਇਆ। ਸਿਆਲ ਦੀ ਰੁੱਤ ਸੀ, ਇਸ ਲਈ ਦੋਵੇਂ ਕਹਾਣੀਕਾਰ ਇਕੋ ਬਿਸਤਰੇ ਵਿਚ ਸੌਂਦੇ। ਤ੍ਰਿਪਾਠੀ ਦੀ ਪਤਨੀ ਆਪਣੇ ਨਾਲ ਕੇਵਲ ਇਕ ਕੰਬਲ ਹੀ ਲਿਆਈ ਸੀ ਜਿਹੜਾ ਮਾਂ ਤੇ ਧੀ ਲਈ ਵੀ ਕਾਫੀ ਨਹੀਂ ਸੀ। ਪਹਿਲੇ ਚਾਰ ਦਿਨ ਬੜੀਆਂ ਦਿਲਚਸਪ ਗੱਲਾਂ
ਕਰਦਿਆਂ ਬੀਤ ਗਏ। ਤ੍ਰਿਪਾਠੀ ਤੋਂ ਆਪਣੀ ਕਹਾਣੀਆਂ ਦੀ ਪ੍ਰਸੰਸਾ ਸੁਣ ਕੇ ਜੋਗਿੰਦਰ ਸਿੰਘ ਬੜਾ ਖੁਸ਼ ਹੋਇਆ। ਉਹਨੇ ਆਪਣੀ ਇਕ ਕਹਾਣੀ ਜਿਹੜੀ ਅਜੇ ਛਪੀ ਨਹੀਂ ਸੀ, ਸੁਣਾਈ ਜਿਸ ਦੀ ਤ੍ਰਿਪਾਠੀ ਨੇ ਰੱਜ ਕੇ ਪ੍ਰਸੰਸਾ ਕੀਤੀ। ਦੋ ਅਧੂਰੀਆਂ ਕਹਾਣੀਆਂ ਵੀ ਸੁਣਾਈਆਂ। ਇਨ੍ਹਾਂ ਬਾਰੇ ਵੀ ਤ੍ਰਿਪਾਠੀ ਨੇ ਚੰਗੀ ਰਾਏ ਪ੍ਰਗਟਾਈ। ਤਰੱਕੀਪਸੰਦ ਸਾਹਿਤ ਬਾਰੇ ਚਰਚਾ ਵੀ ਹੁੰਦੀ ਰਹੀ। ਦੂਜੇ ਕਹਾਣੀਕਾਰਾਂ ਦੀ ਕਲਾ ਦੇ ਦੋਸ਼ ਕਢੇ ਗਏ, ਨਵੀਂ ਤੇ ਪੁਰਾਣੀ ਸ਼ਾਇਰੀ ਦਾ ਮੁਕਾਬਲਾ ਕੀਤਾ ਗਿਆ। ਗੱਲ ਕੀ, ਇਹ ਚਾਰ ਦਿਨ ਬੜੇ ਚੰਗੇ ਬੀਤੇ ਅਤੇ ਜੋਗਿੰਦਰ ਸਿੰਘ ਹਰ ਪੱਖੋਂ ਤ੍ਰਿਪਾਠੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਤ੍ਰਿਪਾਠੀ ਦਾ ਬੋਲਣ-ਚਾਲਣ ਦਾ ਢੰਗ, ਜਿਸ ਵਿਚ ਇਕੋ-ਵੇਲੇ ਬਚਪਨਾ ਤੇ ਬਜ਼ੁਰਗੀ ਸ਼ਾਮਿਲ ਸਨ, ਉਸ ਨੂੰ ਬੜਾ ਚੰਗਾ ਲਗਿਆ। ਤ੍ਰਿਪਾਠੀ ਦੀ ਲੰਮੀ ਦਾੜ੍ਹੀ ਉਹਦੇ ਵਿਚਾਰਾਂ ਉਤੇ ਛਾ ਗਈ। ਤ੍ਰਿਪਾਠੀ ਦੀਆਂ ਕਾਲੀਆਂ ਕਾਲੀਆਂ ਲਿਟਾਂ ਜਿਨ੍ਹਾਂ ਵਿਚ ਪੇਂਡੂ ਗੀਤਾਂ ਦੀ ਰਵਾਨੀ ਸੀ, ਹਰ ਵੇਲੇ ਉਹਦੇ ਸਾਹਮਣੇ ਰਹਿਣ ਲੱਗੀਆਂ। ਡਾਕਖਾਨੇ ‘ਚ ਚਿੱਠੀਆਂ ਦੀ ਦੇਖਭਾਲ ਦੌਰਾਨ ਵੀ ਤ੍ਰਿਪਾਠੀ ਦੀਆਂ ਇਹ ਲਿਟਾਂ ਜੋਗਿੰਦਰ ਸਿੰਘ ਨੂੰ ਨਹੀਂ ਸਨ ਭੁੱਲੀਆਂ। ਚਹੁੰਆਂ ਦਿਨਾਂ ਵਿਚ ਤ੍ਰਿਪਾਠੀ ਨੇ ਜੋਗਿੰਦਰ ਸਿੰਘ ਨੂੰ ਮੋਹ ਲਿਆ। ਉਹ ਉਸ ਦਾ ਪ੍ਰਸ਼ੰਸਕ ਹੋ ਗਿਆ। ਉਹਦੀ ਟੇਢੀ ਅੱਖ ਵੀ ਉਹਨੂੰ ਸੋਹਣੀ ਲੱਗਣ ਲਗੀ, ਸਗੋਂ ਉਹਨੇ ਸੋਚਿਆ, “ਜੇ ਉਨ੍ਹਾਂ ਦੀਆਂ ਅੱਖਾਂ ਵਿਚ ਟੇਢਾਪਨ ਨਾ ਹੁੰਦਾ ਤਾਂ ਉਨ੍ਹਾਂ ਦੇ ਚਿਹਰੇ ‘ਤੇ ਇਹ ਬਜ਼ੁਰਗੀ ਕਦੇ ਵੀ ਪ੍ਰਗਟਨਹੀਂ ਸੀ ਹੋਣੀ।”
ਤ੍ਰਿਪਾਠੀ ਦੇ ਵੱਡੇ ਵੱਡੇ ਬੁੱਲ੍ਹ ਜਦੋਂ ਉਹਦੀਆਂ ਸੰਘਣੀਆਂ ਮੁੱਛਾਂ ਦੇ ਪਿੱਛੇ ਹਿਲਦੇ ਤਾਂ ਜੋਗਿੰਦਰ ਸਿੰਘ ਨੂੰ ਮਹਿਸੂਸ ਹੁੰਦਾ ਜਿਵੇਂ ਝਾੜੀਆਂ ਵਿਚ ਪੰਖੇਰੂ ਬੋਲ ਰਹੇ ਹੋਣ। ਤ੍ਰਿਪਾਠੀ ਸਹਿਜੇ ਸਹਿਜੇ ਸੋਚਦਾ ਸੀ। ਬੋਲਦਿਆਂ ਜਦੋਂ ਉਹ ਆਪਣੀ ਦਾੜ੍ਹੀ ਉਤੇ ਹੱਥ ਫੇਰਦਾ ਤਾਂ ਜੋਗਿੰਦਰ ਸਿੰਘ ਦੇ ਦਿਲ ਨੂੰ ਬੜਾ ਸੁਖ ਮਿਲਦਾ-ਉਹ ਸਮਝਦਾ ਕਿ ਉਹਦੇ
ਦਿਲ ਉਤੇ ਪਿਆਰ ਨਾਲ ਹੱਥ ਫੇਰਿਆ ਜਾ ਰਿਹਾ ਹੈ। ਚਾਰ ਦਿਨ ਜੋਗਿੰਦਰ ਸਿੰਘ ਅਜਿਹੀ ਹੀ ਫ਼ਿਜ਼ਾ ਵਿਚ ਜੀਵਿਆ-ਏਸ ਫਿਜ਼ਾ ਨੂੰ ਜੇ ਉਹ ਆਪਣੀ ਕਿਸੇ ਕਹਾਣੀ ਵਿਚ ਬਿਆਨ ਕਰਨਾ ਚਾਹੁੰਦਾ ਤਾਂ ਨਹੀਂ ਸੀ ਕਰ ਸਕਦਾ। ਪੰਜਵੇਂ ਦਿਨ ਤ੍ਰਿਪਾਠੀ ਨੇ ਚਾਣਚਕ ਆਪਣਾ ਚਮੜੇ ਦਾ ਥੈਲਾ ਖੋਲ੍ਹਿਆ, ਢੇਰ ਸਾਰੀਆਂ ਕਹਾਣੀਆਂ ਕਢੀਆਂ ਅਤੇ ਜੋਗਿੰਦਰ ਸਿੰਘ ਨੂੰ ਸੁਣਾਉਣੀਆਂ ਅਰੰਭ ਦਿੱਤੀਆਂ। ਤ੍ਰਿਪਾਠੀ ਨਿਰੰਤਰ ਦਸ ਦਿਨ ਆਪਣੀਆਂ ਕਹਾਣੀਆਂ ਸੁਣਾਉਂਦਾ ਰਿਹਾ। ਏਸ ਦੌਰਾਨ ਉਹਨੇ ਜੋਗਿੰਦਰ ਸਿੰਘ ਨੂੰ ਕਈ ਕਿਤਾਬਾਂ ਸੁਣਾ ਦਿੱਤੀਆਂ। ਜੋਗਿੰਦਰ ਸਿੰਘ ਤੰਗ ਪੈ ਗਿਆ। ਉਹ ਕਹਾਣੀਆਂ ਨੂੰ ਨਫਰਤ ਕਰਨ ਲੱਗਿਆ। ਤ੍ਰਿਪਾਠੀ ਦਾ ਚਮੜੇ ਦਾ ਥੈਲਾ ਜਿਸ ਦਾ ਢਿੱਡ ਬਾਣੀਏ ਦੀ ਤੌਂਦ ਵਾਂਗ ਫੁੱਲਿਆ ਹੋਇਆ ਸੀ, ਉਹਦੇ ਲਈ ਇਕ ਸੰਤਾਪ ਬਣ ਗਿਆ। ਰੋਜ਼ ਸ਼ਾਮੀਂ ਡਾਕਖਾਨੇ ਤੋਂ ਮੁੜਦਿਆਂ ਉਹਨੂੰ ਇਹ ਭੈ ਖਾਂਦਾ ਰਹਿੰਦਾ ਕਿ ਘਰ ਕਦਮ ਰਖਦਿਆਂ ਹੀ ਉਹਨੂੰ ਤ੍ਰਿਪਾਠੀ ਦਾ ਸਾਹਮਣਾ ਕਰਨਾ ਪਏਗਾ। ਏਧਰ ਓਧਰ ਦੀਆਂ ਇਕ-ਦੋ ਗੱਲਾਂ ਹੋਣਗੀਆਂ, ਫੇਰ ਉਹੋ ਚਮੜੇ ਦਾ ਥੈਲਾ ਖੁਲ੍ਹੇਗਾ ਤੇ ਉਹਨੂੰ ਇਕ ਜਾਂ ਦੋ ਲੰਮੀਆਂ ਕਹਾਣੀਆਂ ਸੁਣਨੀਆਂ ਪੈਣਗੀਆਂ।

ਜੋਗਿੰਦਰ ਸਿੰਘ ਤਰੱਕੀਪਸੰਦ ਕਹਾਣੀਕਾਰ ਸੀ। ਜੇ ਤਰੱਕੀਪਸੰਦੀ ਉਹਦੇ ਅੰਦਰ ਨਾ ਹੁੰਦੀ ਤਾਂ ਉਹਨੇ ਤ੍ਰਿਪਾਠੀ ਨੂੰ ਸਾਫ ਆਖ ਦੇਣਾ ਸੀ, ‘ਬਸ ਬਸ ਤ੍ਰਿਪਾਠੀ ਸਾਹਿਬ, ਬਸ ਬਸ਼… ਹੁਣ ਮੇਰੇ ਵਿਚ ਤੁਹਾਡੀਆਂ ਕਹਾਣੀਆਂ ਸੁਣਨ ਦੀ ਸ਼ਕਤੀ ਨਹੀਂ ਰਹੀ।” ਪਰ ਉਹ ਸੋਚਦਾ, “ਨਹੀਂ ਨਹੀਂ, ਮੈਂ ਤਰੱਕੀਪਸੰਦ ਹਾਂ, ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਅਸਲ ਵਿਚ ਇਹ ਤਾਂ ਮੇਰੀ ਆਪਣੀ ਕਮਜ਼ੋਰੀ ਹੈ ਕਿ ਉਨ੍ਹਾਂ ਦੀਆਂ ਕਹਾਣੀਆਂ ਹੁਣ ਮੈਨੂੰ ਚੰਗੀਆਂ ਨਹੀਂ ਲਗਦੀਆਂ। ਇਨ੍ਹਾਂ ਵਿਚ ਕੋਈ ਨਾ ਕੋਈ ਖੂਬੀ ਜ਼ਰੂਰ ਹੋਵੇਗੀ। ਇਸ ਲਈ ਕਿ ਉਨ੍ਹਾਂ ਦੀਆਂ ਪਹਿਲੀਆਂ ਕਹਾਣੀਆਂ ਮੈਨੂੰ ਖੂਬੀਆਂ ਨਾਲ ਭਰੀਆਂ ਦਿਸਦੀਆਂ ਸਨ, ਮੈਂ…ਮੈਂ ਹੁਣ ਪਖਪਾਤੀ ਹੋ ਗਿਆ ਹਾਂ।”

ਇਕ ਹਫਤੇ ਤੋਂ ਵਧੇਰੇ ਸਮੇਂ ਤੱਕ ਜੋਗਿੰਦਰ ਸਿੰਘ ਦੇ ਤਰੱਕੀਪਸੰਦ ਦਿਮਾਗ ਵਿਚ ਇਹ ਖਿੱਚੋਤਾਣ ਜਾਰੀ ਰਹੀ-ਉਹ ਸੋਚ ਸੋਚ ਕੇ ਉਸ ਹੱਦ ‘ਤੇ ਪੁਜ ਗਿਆ ਜਿਥੇ ਸੋਚ-ਵਿਚਾਰ ਹੋ ਹੀ ਨਹੀਂ ਸਕਦੀ। ਉਹਦੇ ਮਨ ਵਿਚ ਭਾਂਤ ਭਾਂਤ ਦੇ ਵਿਚਾਰ ਉਪਜਦੇ। ਉਹ ਠੀਕ ਤਰ੍ਹਾਂ ਉਨ੍ਹਾਂ ਦੀ ਪਰਖ ਪੜਤਾਲ ਨਾ ਕਰ ਸਕਦਾ। ਉਹਦੀ ਮਾਨਸਿਕ
ਹਫੜਾ-ਦਫੜੀ ਸਹਿਜੇ ਸਹਿਜੇ ਵਧਦੀ ਗਈ ਤੇ ਉਹ ਇੰਜ ਮਹਿਸੂਸ ਕਰਨ ਲੱਗਿਆ ਜਿਵੇਂ ਇਕ ਬਹੁਤ ਵੱਡਾ ਮਕਾਨ ਹੋਵੇ ਜਿਸ ਵਿਚ ਬੇਅੰਤ ਬਾਰੀਆਂ ਹੋਣ, ਉਸ ਮਕਾਨ ਵਿਚ ਉਹ ਇਕੱਲਾ ਹੈ ਅਤੇ ਹਨੇਰੀ ਆ ਗਈ ਹੈ। ਕਦੇ ਇਸ ਬਾਰੀ ਦੇ ਤਖ਼ਤੇ ਵੱਜਦੇ ਹਨ ਕਦੇ ਉਸ ਬਾਰੀ ਦੇ ਤੇ ਉਹਨੂੰ ਸਮਝ ਨਹੀਂ ਆ ਰਹੀ ਕਿ ਉਹ ਏਨੀਆਂ ਬਾਰੀਆਂ ਨੂੰ ਇਕੋ ਵੇਲੇ ਕਿਵੇਂ ਬੰਦ ਕਰੇ। ਹੁਣ ਤ੍ਰਿਪਾਠੀ ਨੂੰ ਆਏ ਨੂੰ ਵੀਹ ਦਿਨ ਹੋ ਗਏ ਸਨ ਤੇ ਜੋਗਿੰਦਰ ਸਿੰਘ ਬੇਚੈਨ ਰਹਿਣ ਲਗਿਆ ਸੀ।
ਤ੍ਰਿਪਾਠੀ ਸ਼ਾਮੀਂ ਉਹਨੂੰ ਨਵੀਂ ਕਹਾਣੀ ਸੁਣਾਉਂਦਾ ਤਾਂ ਉਹਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਬਹੁਤ ਸਾਰੀਆਂ ਮੱਖੀਆਂ ਉਹਦੇ ਕੰਨਾਂ ਕੋਲ ਭਿਣਭਿਣ ਕਰ ਰਹੀਆਂ ਹੋਣ, ਫੇਰ ਉਹ ਕਿਸੇ ਹੋਰ ਹੀ ਸੋਚ ਵਿਚ ਡੁੱਬ ਜਾਂਦਾ। ਇਕ ਦਿਨ ਤ੍ਰਿਪਾਠੀ ਨੇ ਉਹਨੂੰ ਆਪਣੀ ਇਕ ਹੋਰ ਤਾਜ਼ਾ ਕਹਾਣੀ ਸੁਣਾਈ। ਇਸ ਵਿਚ ਕਿਸੇ ਤੀਵੀਂ ਤੇ ਮਰਦ ਦੇ ਜਿਨਸੀ ਸੰਬੰਧਾਂ ਦਾ ਜ਼ਿਕਰ ਸੀ-ਉਹਦੇ ਦਿਲ ਨੂੰ ਧੱਕਾ ਜਿਹਾ ਵਜਿਆ।
ਪੂਰੇ ਇੱਕੀ ਦਿਨ ਮੈਂ ਆਪਣੀ ਪਤਨੀ ਕੋਲ ਸੌਣ ਦੀ ਥਾਂ ਇਕ ਲਮਡਫੇਲ ਨਾਲ ਇਕੋ ਰਜ਼ਾਈ ਵਿਚ ਸੌਦਾ ਰਿਹਾ ਹਾਂ। ਇਸ ਅਹਿਸਾਸ ਨੇ ਜੋਗਿੰਦਰ ਸਿੰਘ ਦੇ ਦਿਲ ਤੇ ਦਿਮਾਗ ਵਿਚ ਇਕ ਛਿਣ ਲਈ ਇਨਕਲਾਬ ਲੈ ਆਂਦਾ। ਇਹ ਕਿਸ ਤਰ੍ਹਾਂ ਦਾ ਬੰਦਾ ਹੈ, ਜੋਕ ਵਾਂਗੂੰ ਚੰਬੜ ਗਿਆ ਹੈ…. ਹਿੱਲਣ ਦਾ ਨਾਂ ਹੀ ਨਹੀਂ ਲੈਂਦਾ… ਤੇ… ਤੇ ਉਹਦੀ ਪਤਨੀ, ਉਹਦੀ ਬੱਚੀ, ਸਾਰਾ ਪਰਿਵਾਰ ਹੀ ਆਣ ਪਧਾਰਿਆ। ਇਹ ਲੋਕ ਤਾਂ ਸੋਚਦੇ ਤਕ ਨਹੀਂ ਕਿ ਮੇਰਾ ਗ਼ਰੀਬ ਦਾ ਕਚੂਮਰ ਨਿਕਲ ਜਾਏਗਾ। ਡਾਕਖਾਨੇ ਦਾ ਮੁਲਾਜ਼ਮ, ਪੰਜਾਹ ਰੁਪਏ ਮਾਸਿਕ ਤਨਖਾਹ, ਅੰਤ ਕਦੋਂ ਤਕ ਇਨ੍ਹਾਂ ਨੂੰ ਖੁਆਂਦਾ ਪਿਆਂਦਾ ਰਹਾਂਗਾ ਅਤੇ ਫੇਰ ਕਹਾਣੀਆਂ ਨੇ ਕਿ ਮੁੱਕਣ ਵਿਚ ਹੀ ਨਹੀਂ ਆਉਂਦੀਆਂ… ਇਨਸਾਨ ਹਾਂ, ਕੋਈ ਲੋਹੇ ਦਾ ਟਰੰਕ ਤਾਂ ਨਹੀਂ ਕਿ ਹਰ ਰੋਜ਼ ਉਹਦੀਆਂ ਕਹਾਣੀਆਂ ਸੁਣਦਾ ਰਹਾਂ ਅਤੇ… ਅਤੇ
ਕੇਡਾ ਜ਼ੁਲਮ ਹੈ ਕਿ ਮੈਂ ਪਤਨੀ ਦੇ ਨੇੜੇ ਤਕ ਨਹੀਂ ਜਾ ਸਕਿਆ। ਸਰਦੀਆਂ ਦੀਆਂ ਰਾਤਾਂ ਵਿਅਰਥ ਹੀ
ਜਾ ਰਹੀਆਂ ਨੇ। ਇੱਕੀ ਦਿਨਾਂ ਪਿੱਛੋਂ ਉਹ ਤ੍ਰਿਪਾਠੀ ਨੂੰ ਇਕ ਨਵੀਂ ਰੌਸ਼ਨੀ ‘ਚ ਵੇਖਣ ਲੱਗਾ।
ਹੁਣ ਜੋਗਿੰਦਰ ਸਿੰਘ ਨੂੰ ਤ੍ਰਿਪਾਠੀ ਦੀ ਹਰ ਗੱਲ ਦੋਸ਼ਪੂਰਨ ਦਿਸਣ ਲੱਗੀ। ਉਹਦੀ ਟੇਢੀ ਅੱਖ, ਜਿਸ ਵਿਚ ਉਹਨੂੰ ਪਹਿਲਾਂ ਖੂਬਸੂਰਤੀ ਨਜ਼ਰ ਆਉਂਦੀ ਸੀ, ਹੁਣ ਬੱਸ ਇਕ ਟੇਢੀ ਅੱਖ ਹੀ ਸੀ। ਉਹਦੀਆਂ ਕਾਲੀਆਂ ਲਿਟਾਂ ਵੀ ਹੁਣ ਜੋਗਿੰਦਰ ਸਿੰਘ ਨੂੰ ਪਹਿਲਾਂ ਵਾਂਗ ਕੂਲੀਆਂ ਨਹੀਂ ਸਨ ਦਿਸਦੀਆਂ ਤੇ ਉਹਦੀ ਦਾੜ੍ਹੀ ਨੂੰ ਵੇਖ ਕੇ ਸੋਚਦਾ ਸੀ ਕਿ ਏਡੀ ਲੰਬੀ ਦਾੜ੍ਹੀ ਰੱਖਣਾ ਵੱਡੀ ਮੂਰਖਤਾ ਹੈ। ਜਦੋਂ ਤ੍ਰਿਪਾਠੀ ਨੂੰ ਟਿਕਿਆਂ ਪੰਝੀ ਦਿਨ ਹੋ ਗਏ ਤਾਂ ਉਹਦੀ ਮਾਨਸਿਕਤਾ ਵਿਚ ਅਜੀਬ ਜਿਹੀ ਤਬਦੀਲੀ ਆਈ ਜਾਪੀ। ਉਹ ਆਪਣੇ ਆਪ ਨੂੰ ਅਜਨਬੀ ਸਮਝਣ ਲਗਿਆ। ਉਹਨੂੰ ਇਸ ਤਰ੍ਹਾਂ ਅਨੁਭਵ ਹੋਣ ਲਗਿਆ ਕਿ ਉਹ ਕਦੇ ਕਿਸੇ ਜੋਗਿੰਦਰ ਸਿੰਘ ਨੂੰ ਜਾਣਦਾ ਸੀ ਪਰ ਉਹ ਉਹਨੂੰ
ਨਹੀਂ ਜਾਣਦਾ, ਆਪਣੀ ਪਤਨੀ ਬਾਰੇ ਉਹ ਸੋਚਦਾ, “ਜਦੋਂ ਤ੍ਰਿਪਾਠੀ ਤੁਰ ਜਾਏਗਾ ਤਾਂ ਸਭ ਠੀਕ ਹੋ ਜਾਏਗਾ। ਮੇਰਾ ਨਵੇਂ ਸਿਰੇ ਤੋਂ ਵਿਆਹ ਹੋਵੇਗਾ। ਮੈਂ ਮੁੜ ਆਪਣੀ ਪਤਨੀ ਕੋਲ ਸੌਂ ਸਕਾਂਗਾ ਅਤੇ…।” ਇਹਦੇ ਅੱਗੋਂ ਜਦ ਉਹ ਸੋਚਦਾ ਤਾਂ ਉਹਦੀਆਂ ਅੱਖਾਂ ਵਿਚ ਅੱਥਰੂ ਆ ਜਾਂਦੇ ਤੇ ਸੰਘ ਵਿਚ ਕੋਈ ਕੌੜੀ ਜਿਹੀ ਚੀਜ਼ ਫਸ ਜਾਂਦੀ। ਉਹਦਾ ਚਿਤ ਕਰਦਾ ਕਿ ਭੱਜਿਆ ਭੱਜਿਆ ਅੰਦਰ ਜਾਏ ਤੇ ਅੰਮ੍ਰਿਤ ਕੌਰ ਨੂੰ, ਜਿਹੜੀ ਕਦੇ ਉਹਦੀ ਪਤਨੀ ਹੁੰਦੀ ਸੀ, ਗਲ ਨਾਲ ਲਾ ਲਵੇ ਤੇ ਰੋਣ ਲਗ ਪਏ-ਪਰ ਅਜਿਹਾ ਕਰਨ ਦੀ ਉਸ ਵਿਚ ਹਿੰਮਤ ਨਹੀਂ ਸੀ ਕਿਉਂਜੁ ਉਹ ਤਰੱਕੀਪਸੰਦ ਕਹਾਣੀਕਾਰ ਸੀ। ਕਦੇ ਕਦੇ ਜੋਗਿੰਦਰ ਸਿੰਘ ਦੇ ਦਿਲ ਵਿਚ ਇਹ ਖ਼ਿਆਲ ਦੁੱਧ ਦੇ ਉਛਾਲ ਵਾਂਗ ਉਠਦਾ ਕਿ ‘ਤਰੱਕੀਪਸੰਦ’ ਦੀ ਰਜ਼ਾਈ ਜਿਹੜੀ ਉਹਨੇ ਪਹਿਨੀ ਹੋਈ ਹੈ, ਲਾਹ ਕੇ ਸੁੱਟ ਦੇਵੇ ਅਤੇ ਚੀਕ ਚੀਕ ਕੇ ਆਖੇ, “ਤ੍ਰਿਪਾਠੀ, ਤਰੱਕੀਪਸੰਦੀ ਦੀ ਐਸੀ ਦੀ ਤੈਸੀ… ਤੂੰ ਤੇ ਤੇਰੇ ਇਕੱਠੇ ਕੀਤੇ ਹੋਏ ਗੀਤ ਬਕਵਾਸ ਨੇ, ਮੈਨੂੰ ਮੇਰੀ ਪਤਨੀ ਚਾਹੀਦੀ ਹੈ…ਤੇਰੀਆਂ ਇਛਾਵਾਂ ਤਾਂ ਸਾਰੀਆਂ ਦੀਆਂ ਸਾਰੀਆਂ ਗੀਤਾਂ ਵਿਚ ਜਜ਼ਬ ਹੋ ਚੁਕੀਆਂ ਨੇ। ਮੈਂ ਅਜੇ ਜੁਆਨ ਹਾਂ, ਮੇਰੀ ਹਾਲਤ ‘ਤੇ ਤਰਸ ਖਾ। ਜ਼ਰਾ ਸੋਚ ਤਾਂ ਸਹੀ, ਮੈਂ ਜਿਹੜਾ ਆਪਣੀ ਪਤਨੀ ਤੋਂ ਬਿਨਾਂ ਇਕ ਮਿੰਟ ਵੀ ਨਹੀਂ ਸਾਂ ਸੌ ਸਕਦਾ, ਪੰਝੀ ਦਿਨਾਂ ਤੋਂ ਤੇਰੇ ਨਾਲ ਇਕੋ ਰਜ਼ਾਈ ਵਿਚ ਸੌਂ ਰਿਹਾ ਹਾਂ। ਕੀ ਇਹ ਜ਼ੁਲਮ ਨਹੀਂ?”
ਤ੍ਰਿਪਾਠੀ ਉਹਦੇ ਮਨ ਦੀ ਹਾਲਤ ਤੋਂ ਬੇਖਬਰ ਰੋਜ਼ ਸ਼ਾਮੀਂ ਤਾਜ਼ਾ ਕਹਾਣੀਆਂ ਸੁਣਾਉਂਦਾ ਅਤੇ ਉਹਦੇ ਬਿਸਤਰੇ ਵਿਚ ਸੌਂ ਜਾਂਦਾ। ਇਕ ਮਹੀਨਾ ਬੀਤ ਗਿਆ ਤਾਂ ਜੋਗਿੰਦਰ ਸਿੰਘ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਮੌਕਾ ਪਾ ਕੇ, ਉਹ ਗੁਸਲਖਾਨੇ ਵਿਚ ਆਪਣੀ ਪਤਨੀ ਨੂੰ ਮਿਲਿਆ-ਧੜਕਦੇ ਦਿਲ ਨਾਲ, ਇਸ ਗਲੋਂ ਭੈਭੀਤ ਕਿ ਕਿਤੇ ਤ੍ਰਿਪਾਠੀ ਦੀ ਪਤਨੀ ਨਾ ਆ ਜਾਏ, ਉਹਨੇ ਜਲਦੀ ਨਾਲ ਅੰਮ੍ਰਿਤ ਨੂੰ ਇੰਜ ਚੁੰਮਿਆ ਜਿਵੇਂ ਡਾਕਖਾਨੇ ਦੀਆਂ ਚਿੱਠੀਆਂ ਉਤੇ ਮੋਹਰ ਲਾਈ ਜਾਂਦੀ ਹੈ ਅਤੇ ਆਖਿਆ, ਅੱਜ ਰਾਤੀਂ ਜਾਗਦੀ ਰਹੀਂ। ਮੈਂ ਤ੍ਰਿਪਾਠੀ ਨੂੰ ਇਹ ਕਹਿ ਕੇ ਬਾਹਰ ਚਲਿਆ ਜਾਵਾਂਗਾ ਕਿ ਰਾਤ ਦੋ ਢਾਈ ਵਜੇ ਪਰਤਾਂਗਾ। ਪਰ ਮੈਂ ਛੇਤੀ ਆ ਜਾਵਾਂਗਾ, ਬਾਰਾਂ ਵਜੇ… ਪੂਰੇ ਬਾਰਾਂ ਵਜੇ। ਮੈਂ ਮਲਕੜੇ ਜਿਹੇ ਬੂਹਾ ਖੜਕਾਵਾਂਗਾ। ਤੂੰ ਮਲਕੜੇ ਜਿਹੇ ਖੋਲ੍ਹ ਦੇਵੀਂ ਤੇ ਫੇਰ ਅਸੀਂ… ਡਿਉੜ੍ਹੀ ਬਿਲਕੁਲ
ਇਕ ਪਾਸੇ ਕਰਕੇ ਹੈ। ਪਰ ਊਂ ਸਾਵਧਾਨੀ ਵਜੋਂ ਉਹ ਬੂਹਾ ਜਿਹੜਾ ਗੁਸਲਖਾਨੇ ਵੱਲ ਖੁਲ੍ਹਦਾ ਹੈ, ਬੰਦ
ਕਰ ਦੇਈਂ।
ਪਤਨੀ ਨੂੰ ਚੰਗੀ ਤਰ੍ਹਾਂ ਸਮਝਾ ਕੇ, ਉਹ ਤ੍ਰਿਪਾਠੀ ਨੂੰ ਮਿਲਿਆ ਤੇ ਉਹਨੂੰ ਦੱਸ ਕੇ ਬਾਹਰ ਚਲਿਆ ਗਿਆ। ਬਾਰਾਂ ਵਜਣ ਵਿਚ ਚਾਰ ਘੰਟੇ ਰਹਿੰਦੇ ਸਨ ਜਿਨ੍ਹਾਂ ਵਿਚੋਂ ਦੋ ਉਹਨੇ ਆਪਣੀ ਸਾਈਕਲ ਉਤੇ ਇਧਰ-ਉਧਰ ਘੁੰਮਣ ਵਿਚ
ਬਿਤਾਏ। ਉਹਨੂੰ ਠੰਢ ਦੀ ਤਿਖ ਦਾ ਉਕਾ ਹੀ ਅਹਿਸਾਸ ਨਾ ਹੋਇਆ ਕਿਉਂਜੁ ਪਤਨੀ ਨੂੰ ਮਿਲਣ ਦਾ ਖਿਆਲ ਕਾਫੀ ਗਰਮ ਸੀ। ਦੋ ਘੰਟੇ ਸਾਈਕਲ ਉੱਤੇ ਘੁੰਮਣ ਪਿੱਛੋਂ ਉਹ ਆਪਣੇ ਮਕਾਨ ਦੇ ਲਾਗੇ ਮੈਦਾਨ ਵਿਚ ਬਹਿ ਗਿਆ ਤੇ ਮਹਿਸੂਸ ਕਰਨ ਲੱਗਿਆ ਕਿ ਉਹ ਰੁਮਾਂਚਿਤ ਹੋ ਗਿਆ ਹੈ। ਜਦੋਂ ਉਹਨੂੰ ਠੰਢੀ ਰਾਤ ਦੀ ਧੁੰਦਿਆਲੀ ਚੁਪ ਦਾ ਖਿਆਲ ਆਇਆ ਤਾਂ ਇਹ ਉਹਨੂੰ ਇਕ ਜਾਣੀ-ਪਹਿਚਾਣੀ ਚੀਜ਼ ਦਿਸੀ। ਉਪਰ, ਠਿਠਰੇ ਹੋਏ ਅਸਮਾਨ ਉਤੇ ਤਾਰੇ ਚਮਕ ਰਹੇ ਸਨ ਜਿਵੇਂ ਪਾਣੀ ਦੇ ਮੋਟੇ ਮੋਟੇ ਤੁਪਕੇ ਜੰਮ ਕੇ ਮੋਤੀ ਬਣ ਗਏ ਹੋਣ। ਕਦੇ ਕਦੇ ਰੇਲਵੇ ਇੰਜਣ ਦੀ ਚੀਕ ਚੁੱਪ ਨੂੰ ਤੋੜ ਦਿੰਦੀ ਅਤੇ ਜੋਗਿੰਦਰ ਸਿੰਘ ਦਾ ਕਹਾਣੀਕਾਰ ਦਿਮਾਗ ਸੋਚਦਾ ਕਿ ਇਹ ਚੁੱਪ ਬਰਫ ਦਾ ਵੱਡਾ ਸਾਰਾ ਡਲਾ ਹੈ ਅਤੇ ਸੀਟੀ ਦੀ ਆਵਾਜ਼ ਉਹ ਚੀਕ ਹੈ ਜਿਹੜੀ ਉਹਦੀ ਛਾਤੀ ਵਿਚ ਧਸ ਗਈ ਹੈ। ਕਾਫ਼ੀ ਚਿਰ ਤਕ ਜੋਗਿੰਦਰ ਸਿੰਘ ਇਕ ਨਵੀਂ ਕਿਸਮ ਦੇ ਰੁਮਾਂਸ ਨੂੰ ਆਪਣੇ ਦਿਲ ਤੇ ਦਿਮਾਗ ਵਿਚ ਫੈਲਾਉਂਦਾ ਰਿਹਾ ਅਤੇ ਰਾਤ ਦੀਆਂ ਅੰਧਿਆਰੀਆਂ ਖੂਬਸੂਰਤੀਆਂ ਨੂੰ ਗਿਣਦਾ ਰਿਹਾ। ਉਸ ਨੇ ਚਾਣਚਕ ਚੌਂਕ ਕੇ ਘੜੀ ਦੇਖੀ-ਬਾਰਾਂ ਵੱਜਣ ਵਿਚ ਦੋ ਮਿੰਟ ਰਹਿੰਦੇ ਸਨ। ਉਠਿਆ ਅਤੇ ਘਰ ਪਹੁੰਚ ਕੇ ਦਰਵਾਜ਼ਾ ਮਲਕੜੇ ਜਿਹੇ ਖੜਕਾਇਆ। ਪੰਜ ਸਕਿੰਟ ਬੀਤ ਗਏ, ਦਰਵਾਜ਼ਾ ਨਾ ਖੁਲ੍ਹਿਆ। ਉਹਨੇ ਮੁੜ ਦਸਤਕ ਦਿੱਤੀ। ਦਰਵਾਜ਼ਾ ਖੁਲ੍ਹਿਆ। ਜੋਗਿੰਦਰ ਸਿੰਘ ਨੇ ਹੌਲੀ ਜਿਹੀ ਕਿਹਾ, “ਅੰਮ੍ਰਿਤ…।” ਤੇ ਜਦੋਂ ਨਜ਼ਰਾਂ ਚੁੱਕ ਕੇ ਤੱਕਿਆ ਤਾਂ ਉਥੇ ਅੰਮ੍ਰਿਤ ਕੌਰ ਦੀ ਥਾਂ ਤ੍ਰਿਪਾਠੀ ਖਲੋਤਾ ਸੀ। ਹਨੇਰੇ ਵਿਚ ਜੋਗਿੰਦਰ ਸਿੰਘ ਨੂੰ ਇੰਜ ਲੱਗਿਆ ਜਿਵੇਂ ਤ੍ਰਿਪਾਠੀ ਦੀ ਦਾੜ੍ਹੀ ਏਡੀ ਲੰਮੀ ਹੋ ਗਈ ਸੀ ਕਿ ਜ਼ਮੀਨ ਨੂੰ ਛੂਹ ਰਹੀ ਸੀ। ਉਹਨੂੰ ਤ੍ਰਿਪਾਠੀ ਦੀ ਆਵਾਜ਼ ਸੁਣਾਈ ਦਿੱਤੀ,
“ਆ ਗਿਆ ਏਂ ਜੋਗਿੰਦਰ ਸਿੰਘ… ਇਹ ਵੀ ਚੰਗਾ ਈ ਹੋਇਆ! ਮੈਂ ਹੁਣੇ-ਹੁਣੇ ਇਕ ਕਹਾਣੀ ਮੁਕਾਈ ਹੈ, ਆ ਤੈਨੂੰ ਸੁਣਾਵਾਂ।”

Friday 13 June 2014

 Displaying Swarnjit Savi.jpg
 
ਸਵਰਨਜੀਤ ਸਵੀ

 ਸਿੰਧ

ਸਿੰਧ ਮਹਿਜ਼ ਦਰਿਆ ਨਹੀਂ
ਕੁਦਰਤ ਨੇ ਕੈਸੀ ਸੜਕ ਬਣਾਈ  
 ਵਗਦੀ !
 ਸੱਭਿਅਤਾਵਾਂ ਸਿਰਜਦੀ
ਜੋੜਦੀ ਕਈ ਭਾਸ਼ਾਵਾਂ 
ਕੌਮਾਂ ਕਬੀਲਿਆਂ ਨੂੰ…

ਰੁਦੇ ਸਿੰਧ, ਅਬਾਸਿਨ
 ਅਲ ਸਿੰਧ, ਸੇਂਗੇ ਚੂ
ਯਿਦੂ ਹੇ, ਸੇਂਗੇ ਜਾਂਗਬੋ
ਨਦੀ ਸਿੰਧੂ, ਨਿਲਾਬ
ਦਰਿਆ-ਏ-ਸਿੰਧ, ਇੰਡਸ !
ਇਹ ਹੈ ਉਨ੍ਹਾਂ ਸੱਭ ਦੀ ਮੁਹੱਬਤ
ਜੋ ਆਏ ਇਕੱਲੇ 
ਵੱਸੇ, ਤੁਰੇ, ਉੱਜੜੇ
ਸਿੰਧ ਦੇ ਸਿਰਜੇ 
ਕਈ ਸਿਲਕ ਰੂਟਾਂ ਤੇ…

ਸਿੰਧ ਇਕੱਲੇ ਹੋਣ ਦਾ  ਨਾਮ ਨਹੀਂ
ਸੰਗਮ ਹੈ ਬਗਲਗੀਰੀਆਂ ਦਾ
…  …  …
ਇੱਕ ਪਾਸਿਓਂ ਆਉਂਦਾ ਹੈ 
ਸ਼ਿਓਕ ਦਰਿਆ
ਵਗਦਾ ਰੀਮੋ ਗਲੇਸ਼ੀਅਰ ਦੀ ਗੋਦ ਵਿੱਚੋਂ
ਲਿਆਉਂਦਾ ਨਾਲ ਜੋ 
ਨਦੀ ਹੁਲਦੀ ਤੇ ਦਰਿਆ ਹੁੰਜਾ ਨੂੰ
ਦਾਰਿਲ ਰਲ਼ਦੀ ਤੇ ਫੇਰ ਤਾਂਗੀਰ ਮਿਲਦੀ
ਫੇਰ ਕਾਂਦੀਆ ਦੇ ਪਾਣੀ ਵੀ ਨਾਲ ਤੁਰਦੇ
ਸੱਭ ਮਿਲਦੇ ਸਿੰਧ ਦੇ ਪਾਣੀਆਂ ਵਿੱਚ
ਘੋਲਦੇ ਰੰਗ ਤੇ ਖੁਸ਼ਬੋ ਆਪਣੀ ਉਹ…

ਵਿਚਾਲਿਓਂ ਆਉਂਦਾ ਜਿਹਲਮ ਮਿਲਦਾ ਝਨਾਂ ਨੂੰ
ਦੋਵੇਂ ਰਲ਼ਕੇ ਨੇ ਰਾਵੀ ਕੋਲ਼ ਜਾਂਦੇ 
ਸਿੰਧ ਵਿੱਚ ਰਲ਼ਦੇ ਬਿਹਬਲ ਪਾਣੀਆਂ ਸੰਗ
 ਸਿੰਧ ਇਸ਼ਕ ਦਾ ਸੇਕ ਮਹਿਸੂਸ ਕਰਦਾ…
…  …  …
ਬ੍ਰਹਮਾ ਚਿਤਵਿਆ ਸੀ ਜਦ ਮਨ ਅੰਦਰ
ਕੈਲਾਸ਼ ਪਰਬਤ ਪਿਘਲਿਆ 
ਤੇ ਬਣੀ ਝੀਲ- ਮਾਨਸਰੋਵਰ
ਪਵਿੱਤਰ ਨਿਰਮਲ ਜਲ ਕੋਸ਼
ਜਿਸਨੂੰ ਛੂਹਣ ਪੀਣ ਤੇ ਹੀ
 ਟੁੱਟਦੇ ਕਸ਼ਟ ਤੇ ਧੋਤੇ ਪਾਪ ਜਾਂਦੇ
ਇਸੇ ਝੀਲ ਅਨੋਨਿਤ ਕੋਲ਼ ਰਹਿੰਦੀ
ਰਾਣੀ ਮਾਇਆ ਦੀ ਕਾਇਆ 'ਚ ਬੁੱਧ ਆਇਆ...

ਇਨ੍ਹਾਂ ਪਾਣੀਆਂ ਕੋਲ਼ੋਂ ਪਿਆਰ ਲੈਕੇ
ਠਾਠਾਂ ਮਾਰਦਾ ਸਤਲੁਜ ਤੁਰ ਪੈਂਦਾ
ਮਿਲਦਾ ਬਿਆਸ ਨੂੰ ਪਾਕੇ ਗਲ਼ਵੱਕੜੀ
ਲੈ ਝਨਾਬ ਨੂੰ ਰਲ਼ੇ ਵਿੱਚ ਸਿੰਧੂ
ਤੇ ਗੂੰਜਦਾ ਹੈ ਪੰਜ ਨਾਦ ਇਸ ਵਿੱਚ
ਇਹੀ ਸਿੰਧੂ ਆਧਾਰ ਹੈ ਹਿੰਦ ਦਾ
ਤੇ ਇਹੀ ਪੰਜ ਆਬ ਪੰਜਾਬ ਵਾਲਾ
ਮਿਲ਼ੇ ਕੁਬਾ, ਅਰਜਿਕਿਆ ਤੇ ਸਰਸਵਤੀ
ਸੱਭ ਮਿਲੇ ਤਾਂ ਸਪਤਸਿੰਧ ਬਣਿਆਂ
ਸਤਰੰਗੀ ਵਿਵੱਧਤਾ ਆਣ ਜੁੜੀ ਏਥੇ…

ਇਹ ਸੱਭ ਨਦੀਆਂ ਤੇ ਦਰਿਆ 
ਜੋ ਮਿਲਦੇ ਵਿੱਚ ਤੇਰੇ
ਤੇਰੀ ਦੇਹ ਦਾ ਹਿੱਸਾ, ਬਾਹਾਂ ਤੇਰੀਆਂ
ਜਿੱਥੇ ਵੀ ਮਿਲਦੀਆਂ ਸਿਰਜਣ ਦੋਆਬਾ-
ਬਿਸਤ, ਬਾਰੀ, ਰਚਨਾ,ਮਾਝ੍ਹਾ, 
ਮਾਲਵਾ, ਪੋਠੋਹਾਰ/ਚੱਜ ਦੋਆਬਾ
ਸਿਰਜੇ ਤੇਰੀਆਂ ਬਾਹਾਂ
ਕੁਦਰਤ ਲੱਦੀਆਂ 
 ਰਹਿਣ ਦੀਆਂ ਇਹ ਸੁੰਦਰ ਥਾਵਾਂ
ਏਥੇ ਸਿੱਖਿਆ 
ਸੱਭ ਨੇ ਰਲ਼ ਮਿਲ਼ ਬਹਿਣਾ,
 ਪਿਆਰਨਾ ਤੇ ਦੁੱਖ ਸੁੱਖ ਸਹਿਣਾ
ਤੇਰੀ ਮਿਠਾਸ ਵਿੱਚ ਰਸੀਆਂ 
ਰਚਨਾਵੀ, ਝਨਾਵੀ,ਪੋਠੋਹਾਰੀ 
ਪਹਾੜੀ, ਧਾਨੀ, ਸ਼ਾਹਪੁਰੀ
ਮਾਝੀ, ਡੋਗਰੀ, ਗੋਜਰੀ ਤੇ ਕਾਂਗੜੀ ਵੀ
ਆਜੜੀ, ਛਾਂਛੀ, ਮਾਲਵੀ ਤੇ ਮੁਲਤਾਨੀ
ਸਰਾਇਕੀ, ਹਿੰਦਕੋ, ਲੁਬਾਣੀ ਤੇ ਰਿਆਸਤੀ ਵੀ…
ਦਰਿਆਦਿਲੀ ਹੈ ਦਰਿਆ ਸਿੰਧ ਤੇਰੀ
ਤੂੰ ਮੇਲ਼ਿਆ ਵੱਖ ਵੱਖ ਰਹਿੰਦੇ
ਭਾਈਚਾਰਿਆਂ -ਕੌਮਾਂ ਕਬੀਲਿਆਂ ਨੂੰ
 ਜੀਵ ਜੰਤੂਆਂ ਜੰਗਲ਼ ਬੇਲਿਆਂ ਨੂੰ

ਅਨੇਕਤਾ ਪਰੋ ਦਿੱਤੀ ਵਿੱਚ ਪਾਣੀਆਂ ਤੂੰ
ਸੱਭਿਅਤਾਵਾਂ ਦੀ ਲੜੀ ਵੀ ਤੋਰ ਦਿੱਤੀ
ਮੇਹਰਗੜ੍ਹ, ਹੜੱਪਾ ਤੇ ਮਹਿੰਜੋਦਾੜੋ
ਮਨੁੱਖ ਦੀ ਪਿਆਸ ਨੂੰ ਅਰਥਾਂ ਦੀ ਲਹਿਰ ਦਿੱਤੀ
ਛੈਣੀ 'ਥੌੜੇ ਨੇ ਘੱੜੀ ਗੰਧਾਰ ਸ਼ੈਲੀ
ਗਿਆਨ ਲਈ ਤਕਸ਼ਿਲਾ ਵੀ ਬਣੀ ਏਥੇ
ਰਿੱਗਵੇਦ, ਉਪਨਿਸ਼ਦ ਵੀ ਸਿਰਜ ਹੋਏ
ਫੈਲੀ ਰੌਸ਼ਨੀ ਫਲਸਫ਼ੇ ਦੀ ਜੱਗ ਸਾਰੇ
ਰਮਾਇਣ ਮਹਾਭਾਰਤ ਦੀ ਇਹ ਕਰਮਭੂਮੀ
ਮਹਾਂਕਾਵਿ ਸੰਸਾਰ ਨੂੰ ਮਿਲੇ ਏਥੋਂ
ਬੁੱਧ ਧਰਮ ਦੀ ਵੀ ਏਥੇ ਪੈਠ ਕਾਫੀ
ਬਾਮਿਆਨ ਵਰਗੇ ਸ਼ਾਹਕਾਰ ਤੇਰੇ
ਸੂਫੀ ਸੰਤਾਂ ਫ਼ਕੀਰਾਂ ਨੇ ਬਾਲ਼ ਧੂਣੀ
ਨੱਚ ਨੱਚ ਕੇ ਹਿਰਦਿਆਂ ਠਾਰ ਪਾਈ
ਬਾਬੇ ਨਾਨਕ ਦੀ ਕੀਤੀ ਆਰਤੀ ਨੇ
ਮਨੁੱਖਤਾ ਦੀ ਜੋਤ ਜਗਾ ਦਿੱਤੀ
ਬੁੱਲੇ ਸ਼ਾਹ ਬਾਹੂ ਤੇ ਵਾਰਿਸ ਨੇ 
ਗੁੱੜਤੀ ਇਸ਼ਕੇ ਦੀ ਪਾਣੀਆਂ ਲਾ ਦਿੱਤੀ
ਹੀਰਾਂ ਰਾਂਝਿਆਂ, ਮਿਰਜ਼ਿਆਂ ਸੋਹਣੀਆਂ ਨੇ
ਧਰਤੀ ਮੁਹੱਬਤਾਂ ਨਾਲ ਰਜਾ ਦਿੱਤੀ…
ਦੂਰੋਂ ਉੱਡ ਕੇ ਆਉਣ ਡਾਰਾਂ ਦੁੱਧ ਚਿੱਟੀਆਂ
ਰਾਹ ਕਦੇ ਨਾ ਭੁੱਲਦੀਆਂ, ਆਉਂਦੀਆਂ ਹਰ ਸਾਲ
ਤੇਰੇ ਪਾਣੀਆਂ ਦੀ ਕਰਨ ਜ਼ਿਆਰਤ…

ਤੇਰੇ ਪਾਣੀਆਂ 'ਚੋਂ ਕੱਢ ਕੇ ਨਹਿਰਾਂ
ਖੇਤਾਂ ਫ਼ਸਲਾਂ ਦੀ ਪਿਆਸ ਬੁਝਾ ਦਿੱਤੀ
ਦੁੱਧ ਅੰਨ ਦੀ ਤੇਰੇ ਪਾਣੀਆਂ ਨੇ
ਸਾਰੇ ਹਿੰਦ ਲਈ ਛਹਿਬਰ ਲਾ ਦਿੱਤੀ…

ਵੱਧੀ ਹਵਸ ਜਦ 'ਹੋਰ ਹੋਰ' ਕਰਦੀ
ਪਾ ਕੇ ਖਾਦਾਂ ਦੇ ਨਾਮ ਤੇ ਜ਼ਹਿਰ ਖੇਤੀਂ
ਪੈਦਾਵਾਰ ਕਈ ਗੁਣਾਂ ਵਧਾ ਦਿੱਤੀ
 ਪੈਦਾਵਾਰ ਵੱਧੀ ਨਾਲ ਵੱਧੀ ਖੱਟੀ…

… ਕਥਾ ਚੱਲਦੀ ਚੱਲਦੀ ਕਿੱਧਰ ਚੱਲੀ?

ਹੌਲ਼ੀ ਹੌਲ਼ੀ ਚਾਟ ਤੇ ਲੱਗੇ ਜ਼ਹਿਰਾਂ ਦੀ 
ਧਰਤੀ, ਜੀਆ ਜੰਤ ਤੇ ਮਨੁੱਖ ਸਾਰੇ
ਜ਼ਹਿਰੀਲੇ ਹੋ ਗਏ ਅੰਨ ਪਾਣੀ 
ਤੇ ਦੁੱਧ ਦੇ ਵਗਦੇ ਦਰਿਆ
ਕਾਰਖਾਨੇ, ਮਸ਼ੀਨਾਂ 
ਜੋ ਹਰ ਪਲ ਉੱਗਲ਼ਦੀਆਂ 
ਤੇਜ਼ਾਬੀ ਧੂੰਏਂ ਤੇ ਗਾਰ ਜ਼ਹਿਰੀਲੀ 
ਤੇਰੇ ਅੰੰਮ੍ਰਿਤ ਵਰਗੇ ਜਲ ਹੁਣ 
ਵਰਜਿਤ ਹੋ ਗਏ ਛੂਹਣੇ-ਪੀਣੇ
ਕਰਜ਼ੇ-ਕੈਂਸਰ ਘੇਰ ਲਿਆ ਹੁਣ ਅੰਨਦਾਤਾ
ਜੂਝਣਾ ਸੀ ਜਿਸਦਾ ਕਿਰਦਾਰ ਪਹਿਲਾਂ
ਖੁਦਕਸ਼ੀਆਂ ਦੇ ਰਾਹ ਅੱਜ ਤੁਰ ਚੱਲਿਆ
ਦਰਸ਼ਨੀ ਜੁੱਸਿਆਂ ਦਾ ਜੋ ਸੀ ਮਾਲਕ
ਡਰੱਗਾਂ ਦੀ ਹੈਵੀ ਡੋਜ਼ ਵਿਚ ਡੁੱਬ ਚੱਲਿਆ
ਨਸ਼ਿਆਂ ਦਾ ਸੱਤਵਾਂ ਦਰਿਆ
ਹੋਣੀ ਬਣ ਗਿਆ ਤੇਰੀ ਸਿੰਧ ਮੀਆਂ…
ਜਿੰਨ੍ਹਾਂ ਫ਼ਖਰ ਨਾਲ 
ਪੰਜਾਬ ਕਿਹਾ ਤੇਰੀ ਬੁੱਕਲ ਨੂੰ
ਉਨ੍ਹਾਂ ਹੀ ਵੰਡਿਆ, ਤੇ ਵੱਢ ਟੁੱਕ ਕੀਤੀ
ਧਰਮ, ਰਿਸ਼ਤੇ ਸੱਭ ਤਾਰ ਤਾਰ ਕੀਤੇ
ਜਿਹੜੇ ਸਾਂਝ ਦੀ ਸਹੁੰ ਦਿਨ ਰਾਤ ਖਾਂਦੇ
ਜਿੱਤ ਹਾਰ ਦੀ ਹਉਮੈਂ ਨੇ ਕੀਲ ਖਾਧਾ
ਦੁਸ਼ਮਣ ਬਣ ਗਏ ਉਹ ਖੂੰਖਾਰ ਮੀਆਂ…
ਪਾਣੀ ਵੰਡੇ ਤੇ ਵੰਡੀ ਧਰਤ ਏਨ੍ਹਾਂ
ਲੋਕ ਮਨ ਦੀ ਵੰਡੀ ਨਾ ਪਾ ਸਕੇ
ਸਹਿਕ ਰਹੇ ਨੇ ਪਿਆਰ ਦੀ ਮਹਿਕ ਲੈਕੇ
 ਤੇਰੇ ਪਾਣੀਆਂ ਦੇ ਦੋਵੇਂ ਪਾਰ ਮੀਆਂ…

 Displaying Exceptional-Ancient-Indus-BULL-RATTLE-Iron-Age-Pot.jpg

Displaying 14980_04.gif


ਸਵਰਨਜੀਤ ਸਵੀ
ਮੋਬਾਈਲ: 987 666 8999




Bio data
ਜਨਮ : 20 ਅਕਤੂਬਰ 1958 ਜਗਰਾਓਂ, ਜ਼ਿਲ੍ਹਾ ਲੁਧਿਆਣਾ
ਐਮ.ਏ. ਅੰਗਰੇਜ਼ੀ 1980
ਪੇਂਟਿੰਗ ਦਾ ਸ਼ੌਕ ਬਚਪਨ ਤੋਂ ਅਤੇ ਕਵਿਤਾ ਕਾਲਜ ਦੇ ਦਿਨਾਂ 'ਚ 1977-78 ਤੋਂ ਲਿਖਣੀ ਸ਼ੁਰੂ ਕੀਤੀ।

ਕਿਤਾਬਾਂ:

ਦਾਇਰਿਆਂ ਦੀ ਕਬਰ 'ਚੋਂ (ਸਮਿਲਿਤ ਕਾਵਿ ਸੰਗ੍ਰਹਿ) 1985
ਅਵੱਗਿਆ 1987.1998.2012
ਦਰਦ ਪਿਆਦੇ ਹੋਣ ਦਾ 1990,1998.2012
ਦੇਹੀ ਨਾਦ 1994,1998.2012
ਕਾਲਾ ਹਾਸ਼ੀਆ ਤੇ ਸੂਹਾ ਗੁਲਾਬ 1998
Desire (ਦੇਹੀ ਨਾਦ ਦਾ ਅਨੁਵਾਦ)
ਅਨੁਵਾਦ : ਅਜਮੇਰ ਰੋਡੇ 1998.2012
ਕਾਮੇਸ਼ਵਰੀ 1999.2012
ਆਸ਼ਰਮ 2004,2012
ਮਾਂ 2008,2012
ਖaਮeਸਹਾaਰ ਿ(ਅਨੁਵਾਦ: ਅਜਮੇਰ ਰੋਡੇ) 2012
ਸਵਰਨਜੀਤ ਸਵੀ ਦਾ ਕਾਵਿ-ਪ੍ਰਵਚਨ 2002
(ਡਾ. ਬਲਦੇਵ ਸਿੰਘ ਧਾਲੀਵਾਲ ਦੁਆਰਾ ਸੰਪਾਦਿਤ ਕਾਵਿ ਵਿਸ਼ਲੇਸ਼ਣ)
ਸਵਰਨਜੀਤ ਸਵੀ- ਅਵੱਗਿਆ ਤੋਂ ਮਾਂ ਤੱਕ ( 9 ਕਿਤਾਬਾਂ ਦਾ ਸੈੱਟ) 2013- ਚੇਤਨਾ ਪ੍ਰਕਾਸ਼ਨ, ਲੁਧਿਆਣਾ
ਤੇ ਮੈਂ ਆਇਆ ਬੱਸ- 2013


ਸੰਪਾਦਨਾ:

ਕੌਮੀ ਰਾਜਨੀਤੀ : (ਮਾਸਿਕ) ਸਾਹਿਤ ਤੇ ਕਲਾ ਸੰਪਾਦਕ 1985-87
ਮਹਿਰਮ : (ਮਾਸਿਕ) ਸਾਹਿਤ ਤੇ ਕਲਾ ਸੰਪਾਦਕ 1987-90
ਮਹਿਰਮ : ਪਰਵਾਸੀ ਪੰਜਾਬੀ ਕਵਿਤਾ ਵਿਸ਼ੇਸ਼ ਅੰਕ 1998
ਮਹਿਰਮ : ਪਰਵਾਸੀ ਪੰਜਾਬੀ ਗਲਪ ਵਿਸ਼ੇਸ਼ ਅੰਕ 1999
ਉਮੀਦ : ਪੰਜਾਬੀ ਸਾਹਿਤ ਵਿਸ਼ੇਸ਼ ਅੰਕ ਮਾਰਚ-ਮਈ 2000
ਅਨੁਵਾਦ:
ਸਾਡਾ ਰੋਂਦਾ ਏ ਦਿਲ ਮਾਹੀਆ (ਉਕਤਾਮੋਏ ਦੀ ਉਜ਼ਬੇਕ ਸ਼ਾਇਰੀ) 2009
ਜਲਗੀਤ (ਤੇਲਗੂ ਲੰਬੀ ਕਵਿਤਾ) ਛਪਾਈ ਅਧੀਨ
ਸਾਹਿਤ ਅਕਾਦਮੀ ਦਿੱਲੀ ਵਾਸਤੇ ਕਸ਼ਮੀਰੀ, ਤਮਿਲ, ਤੇਲਗੂ, ਕੰਨੜ, ਮਰਾਠੀ, ਕੋਂਕਨੀ, ਬੰਗਾਲੀ, ਮਲਿਆਲਮ, ਅੰਗਰੇਜ਼ੀ ਆਦਿ ਸ਼ਭਾਸ਼ਾਵਾਂ ਤੋਂ ਪੰਜਾਬੀ ਵਿੱਚ ਕਵਿਤਾ ਅਨੁਵਾਦ ਕੀਤਾ।


ਨਾਟਕ:
'ਕਾਮੇਸ਼ਵਰੀ' ਲੰਬੀ ਕਵਿਤਾ ਤੇ ਆਧਾਰਤ ਕਾਵਿ-ਨਾਟ ਅਨੀਤਾ ਦੇਵਗਨ, ਹਰਦੀਪ ਗਿੱਲ ਦੁਆਰਾ ਨਰਿੰਦਰ ਸਾਂਘੀ ਦੀ ਨਿਰਦੇਸ਼ਨਾ ਵਿੱਚ 1998 ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬਰੇਰੀ ਆਡੀਟੋਰੀਅਮ ਲੁਧਿਆਣਾ ਤੇ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਖੇਡਿਆ ਗਿਆ।


ਕਲਾ ਪ੍ਰਦਰਸ਼ਨੀਆਂ:

ਪੰਜਾਬੀ ਕਵਿਤਾ ਤੇ ਆਧਾਰਤ ਪੋਸਟਰ-ਕਵਿਤਾ ਪ੍ਰਦਰਸ਼ਨੀ ੩੫ ਵਨ ਮੈਨ ਸ਼ੋਅ ਉੱਤਰੀ ਭਾਰਤ ਵਿੱਚ 1987 ਤੋਂ 1990 ਤੱਕ ਕੀਤੇ। ਜਿਨ੍ਹਾਂ ਵਿੱਚ ਬਾਬਾ ਸ਼ੇਖ਼ ਫ਼ਰੀਦ ਤੋਂ ਲੈ ਕੇ ਹੁਣ ਤੱਕ ਦੇ ਕਵੀਆਂ ਦੀਆਂ ਕਵਿਤਾਵਾਂ ਤੇ ਆਧਾਰਿਤ 70 ਪੋਸਟਰ ਜਿਸ ਵਿੱਚ ਕਵਿਤਾ ਦੀਆਂ ਲਾਈਨਾਂ ਦੇ ਨਾਲ ਪੋਸਟਰ ਕਲਰ ਨਾਲ ਪੇਂਟਿੰਗ ਕੀਤੀ ਹੋਈ ਸੀ।
ਇਸ ਤੋਂ ਇਲਾਵਾ ਪੰਜਾਬ ਲਲਿਤ ਕਲਾ ਅਕੈਡਮੀ 1990, ਆਰਟ ਇੰਡੀਆ ਲੁਧਿਆਣਾ 1991-92, ਆਰਟਸ ਹੈਰੀਟੇਜ, ਏ.ਪੀ.ਜੇ. ਫਾਈਨ ਆਰਟ ਕਾਲਜ ਜਲੰਧਰ 1997-98 ਵਿੱਚ ਭਾਗ ਲਿਆ।
'ਡਿਜ਼ਾਇਰ' ਨਾਂ ਹੇਠ 35 ਤੇਲ ਚਿੱਤਰਾਂ ਦੀਆਂ ਪ੍ਰਦਰਸ਼ਨੀਆਂ
ਠਾਕਰ ਆਰਟ ਗੈਲਰੀ, ਅੰਮ੍ਰਿਤਸਰ ਫਰਵਰੀ 1995
ਗੌਰਮਿੰਟ ਮਿਊਜ਼ੀਅਮ ਤੇ ਆਰਟ ਗੈਲਰੀ, ਚੰਡੀਗੜ੍ਹ ਮਾਰਚ 1997
ਆਰਟ ਵਰਲਡ, ਪਟਿਆਲਾ 1999
'ਦ ਕੁਐਸਟ' ਨਾਂ ਹੇਠ ੨੭ ਤੇਲ ਚਿੱਤਰਾਂ ਦੀ ਪ੍ਰਦਰਸ਼ਨੀ
ਇੰਡਸਇੰਡ ਆਰਟ ਗੈਲਰੀ, ਚੰਡੀਗੜ੍ਹ ਮਾਰਚ, 2000
ਨਾਰਥ ਜੋਨ ਕਲਚਰ ਸੈਂਟਰ, ਸ਼ੀਸ਼ ਮਹਿਲ ਪਟਿਆਲਾ ਨਵੰਬਰ, 2000
'ਲੀਲ੍ਹਾ' 26 ਤੇਲ ਚਿੱਤਰਾਂ ਦੀ ਪ੍ਰਦਰਸ਼ਨੀ 
'ਦ ਮਾਲ' ਲੁਧਿਆਣਾ  ਅਪ੍ਰੈਲ, 2003
'ਦ ਸਪੀਕਿੰਗ ਟ੍ਰੀ' 50 ਡਿਜ਼ੀਟਲ ਤਸਵੀਰਾਂ ਦੀ 
ਪ੍ਰਦਰਸ਼ਨੀ ਅਕੈਡਮੀ ਆਫ਼ ਫਾਈਨ ਆਰਟਸ 
ਐਂਡ ਲਿਟਰੇਚਰ, ਨਵੀਂ ਦਿੱਲੀ ਨਵੰਬਰ 2005
'ਲੀਲ੍ਹਾ' ਤੇਲ ਚਿਤਰਾਂ ਦੀ ਪ੍ਰਦਰਸ਼ਨੀ ਪ੍ਰੈਸ ਕਲਬ
ਆਫ ਇੰਡੀਆ ਨਵੀਂ ਦਿੱਲੀ ਮਈ 2007
'ਦ ਡਾਨਸਿੰਗ ਲਾਈਨਜ਼' 60 ਤਸਵੀਰਾਂ ਦੀ
ਪ੍ਰਦਰਸ਼ਨੀ ਗੈਲਰੀ ਆਰਟ ਮੌਸਫੀਅਰ, ਲੁਧਿਆਣਾ ਸਤੰਬਰ ੨੦੦੮
'ਦ ਡਾਨਸਿੰਗ ਲਾਈਨਜ਼' 60 ਤਸਵੀਰਾਂ ਦੀ
ਪ੍ਰਦਰਸ਼ਨੀ ਮਿਊਜ਼ੀਅਮ ਤੇ ਆਰਟ ਗੈਲਰੀ, ਚੰਡੀਗੜ੍ਹ ਅਕਤੂਬਰ 2009
ਦ ਸਪੀਕਿੰਗ ਟ੍ਰੀ' ਸੀਰੀਜ਼ 2005
' ਗੋਲਡਨ ਜੁਬਲੀ ਮਾਨੂੰਮੈਂਟ' ਪੀ.ਏ.ਯੂ. ਲੁਧਿਆਣਾ ਦੀ ਗੋਲਡਨ ਜੁਬਲੀ ਤੇ ਸਟੇਨਲੈੱਸ ਸਟੀਲ ਵਿੱਚ ਸਕੱਲਪਚਰ
(17 x 7 x 6 ਫੁੱਟ) ਦੀ ਸਥਾਪਨਾ 20 ਦਸੰਬਰ 2012 ਨੂੰ ਫਲੈਗ ਚੌਕ ਵਿੱਚ ਕੀਤੀ, ਜੋ ਮਨੁੱਖ ਦੇ ਭਾਸ਼ਾ ਅਤੇ ਸੰਦਾਂ ਦੀ ਐਵੋਲਿਊਸ਼ਨ ਤੇ ਯੂਨੀਵਰਸਟੀ ਦੇ ਪਾਏ ਯੋਗਦਾਨ ਦਾ ਸੂਚਕ ਹੈ।

ਸਨਮਾਨ:

1990 ਅਤੇ 1994 ਗੁਰਮੁਖ ਸਿੰਘ ਮੁਸਾਫਰ ਪੁਰਸਕਾਰ (ਭਾਸ਼ਾ ਵਿਭਾਗ ਪੰਜਾਬ)
1991 ਮੋਹਨ ਸਿੰਘ ਮਾਹਿਰ ਪੁਰਸਕਾਰ (ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ)
1990 ਸੰਤ ਰਾਮ ਉਦਾਸੀ ਪੁਰਸਕਾਰ
2008 ਸਫ਼ਦਰ ਹਾਸ਼ਮੀ ਪੁਰਸਕਾਰ
2009 ਧਾਲੀਵਾਲ ਪੁਰਸਕਾਰ  (ਸਾਹਿਤ ਅਕੈਡਮੀ, ਲੁਧਿਆਣਾ)

ਪੱਕੇ ਤੌਰ ਤੇ ਪਰਦ੍ਰਸ਼ਿਤ ਕਲਾਕਿਰਤਾਂ:
ਗੋਲਡਨ ਜੁਬਲੀ ਮਾਨੂਮੈਂਟ (ਸਟੇਨਲੈੱਸ ਸਟੀਲ) ਪੀ. ਏ. ਯੂ. ਲੁਧਿਆਣਾ 2012
ਪੰਜਾਬੀ ਯੂਨੀਵਰਸਿਟੀ ਪਟਿਆਲਾ- 1997
ਪੰਜਾਬੀ ਅਕੈਡਮੀ ਦਿੱਲੀ 2005
ਵਿਦਿਆ ਇਨਫੋਸਿਸ, ਲੁਧਿਆਣਾ 1996
ਗਵੈਜਡੋਲਿਨ ਸੀ. ਹੈਰੀਸਨ ਇਨਡਿਆਨਾ, ਯੂ.ਐਸ.ਏ. 1996
ਡੋਰੋਥੀ ਐਮ.ਸੀ. ਮੋਹਨ ਇਨਡਿਆਨਾ, ਯੂ.ਐਸ.ਏ. 1996
ਦਵਿੰਦਰ ਚੰਦਨ, ਯੂ.ਕੇ. 1998
ਉਕਤਾਮੋਏ ਖੋਲਦਰੋਵਾ, ਉਜਬੇਕਿਸਤਾਨ 2009
ਇੰਡੀਅਨ ਅੰਬੈਸੀ, ਅਫ਼ਗਾਨਿਸਤਾਨ 2010
ਡਾ. ਐਸ.ਐਸ. ਨੂਰ, ਦਿੱਲੀ 2005
ਅਮਰਜੀਤ ਗਰੇਵਾਲ, ਲੁਧਿਆਣਾ ੨੦੦੫

ਪਤਾ:
ਆਰਟਕੇਵ
1978/2, ਮਹਾਰਾਜ ਨਗਰ, ਸਰਕਟ ਹਾਊਸ ਦੇ ਪਿੱਛੇ,
ਫਿਰੋਜ਼ਪੁਰ ਰੋਡ, ਲੁਧਿਆਣਾ.
ਫੋਨ - 0161-2774236,9876668999
email: swarnjitsavi@gmail.com