Monday 16 May 2016

ਸੁਖਚੈਨ ਦੀਆਂ ਦੋ ਕਵਿਤਾਵਾਂ

ਪੱਛਮਾਂ ਵਿੱਚ ਘਿਰਿਆ ਸੂਰਜ

ਬਹੁਤ ਪੱਛਮਾਂ ਵਿੱਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।
ਅਨੇਕਾਂ ਦੀਵੇ
ਹਵਾ ਦੇ ਛੋਟੇ-ਛੋਟੇ ਬੁੱਲਿਆਂ ਨਾਲ ਬੁਝ ਗਏ
ਹਜ਼ਾਰਾਂ ਰਿਸ਼ਮਾਂ ਦੀਆਂ ਜ਼ੁਲਫ਼ਾਂ
ਰਾਤਾਂ ਦੇ ਵਿੱਚ ਰਾਤ ਹੋ ਗਈਆਂ
ਨ੍ਹੇਰਾ ਉਨ੍ਹਾਂ ’ਤੇ ਹੱਸਦਾ ਰਿਹਾ।
ਜਦੋਂ ਪੈਰਾਂ ’ਚੋਂ ਵਾਟ ਮੁੱਕ ਗਈ
ਬਹੁਤ ਸਾਰੇ ਯਾਤਰੂ ਅੱਧਵਾਟੇ ਰੁਕ ਗਏ
ਜਦੋਂ ਆਪਣੇ ਵਿੱਚ ਅਗਨੀ ਨਾ ਰਹੀ
ਕਈ ਸੂਰਜ ਪੂਰਬ ’ਚ ਹੀ ਡੁੱਬ ਗਏ।
ਮੈਂ ਰੋਸ਼ਨੀਆਂ ਦੇ ਝੁੰਡ ’ਚ ਜਗਦੀ ਬੱਤੀ ਨਹੀਂ
ਮੈਂ ਤਾਂ ਹਨੇਰੇ ਦੀ ਬੁੱਕਲ ’ਚ ਦਹਿਕਦੀ ਅੱਗ ਹਾਂ
ਜੋ ਛੇਤੀ ਕੀਤੇ ਬੁਝਦੀ ਨਹੀਂ।
ਆਪਣੇ ਅੰਦਰ ਹਜ਼ਾਰਾਂ ਜਵਾਲਾਮੁਖੀ ਸਾਂਭੀ
ਅੱਖਾਂ ’ਚ ਅਨੇਕਾਂ ਅਣ-ਤੈਅ ਕੀਤੇ ਰਸਤੇ ਲਈ
ਹਜ਼ਾਰਾਂ ਪੱਛਮਾਂ ’ਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।

ਸੈਹਰ ਲਈ ਇੱਕ ਕਵਿਤਾ

ਲੰਮੀ ਕਾਲੀ ਬੋਲੀ ਸੁੰਨ-ਸਰਾਂ ਰਾਤ ਖ਼ਤਮ ਹੋਈ ਹੈ
ਸਾਡੇ ਘਰ ਸੁਗੰਧੀਆਂ ਭਰੀ ਪਹੁ ਫੁੱਟੀ ਹੈ
ਇਸ ਨਵੀਂ ਸਵੇਰ ਦਾ ਨਾਂ ਹੈ ਸੈਹਰ।
ਇਸ ਸੈਹਰ ਦੀ ਆਵਾਜ਼ ਵਿੱਚ
ਚਿੜੀਆਂ ਚੂਕਣ ਪੰਛੀ ਗਾਵਣ
ਬਾ ਬਾ ਕਰਕੇ ਬਾਬੇ ਨਾਲ ਗੱਲਾਂ ਕਰਦੀ
ਦਾ ਦਾ ਕਰਕੇ ਦਾਦੀ ਨੂੰ ਬੁਲਾਏ
ਮਾਂ ਮਾਂ ਕਰਕੇ ਅੰਮੀ ਵੱਲ ਦੇਖੇ
ਪਾ ਪਾ ਕਰਕੇ ਪਾਪਾ ਵੱਲ ਜਾਵੇ
ਚਾ ਚਾ ਕਰਕੇ ਚਾਚਿਆਂ ਵੱਲ ਦੇਖੇ
ਨਾ ਨਾ ਕਰਕੇ ਨਾਨੇ-ਨਾਨੀ ਦੀ ਕੁੱਛੜ ਚੜ੍ਹਦੀ
ਸੈਹਰ ਘਰ ਦਾ ਕੁਲ ਸਰਮਾਇਆ।
ਗਾਲ੍ਹੜ ਗਾਲ੍ਹੜ ਮੈਂ ਉਸ ਨੂੰ ਬੁਲਾਵਾਂ
ਕੁਤਕੁਤਾੜੀਆਂ ਕੱਢ ਕੇ ਉਸ ਨੂੰ ਹਸਾਵਾਂ
ਖਿੜ-ਖਿੜ ਹੱਸਦੀ ਮੈਨੂੰ ਗਾਲ੍ਹੜ ਦਾਦਾ ਆਖੇ
ਹੱਸਦੀ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਹਨ
ਇੰਜ ਮੈਨੂੰ ਜਾਪੇ।
ਮੈਂ ਸੋਚਾਂ ਅੱਜ ਇਹ ਮੇਰੇ ਕੋਲ ਹੈ
ਵੱਡੀ ਹੋ ਕੇ ਕੱਲ੍ਹ ਨੂੰ ਇਸ ਨੇ ਸਹੁਰੇ ਘਰ ਜਾਣਾ ਹੈ
ਡਰਦਾ ਹਾਂ ਇਸ ਨਾਲ ਕੀ ਹੋਵੇਗਾ?
ਫਿਰ ਸੋਚਦਾ ਹਾਂ
ਗਿਆਨ ਦੀ ਸ਼ਕਤੀ ਨਾਲ ਇਸ ਦਾ ਮਨ ਮਜ਼ਬੂਤ ਕਰਾਂਗਾ
ਮਜ਼ਬੂਤ ਇਸਪਾਤ ਵਰਗੇ ਮਨ ਵਾਲੀ ਸੈਹਰ ਨੂੰ ਘਰੋਂ ਵਿਦਾ ਕਰਾਂਗਾ।
ਸੁਣੋ ਭਾਈ ਮੇਰੇ ਦੇਸ਼ ਦੇ ਕੁੜੀ ਮਾਰੋ
ਕੁੜੀਆਂ ਹੁੰਦੀਆਂ ਘਰ ਦੇ ਵਿਹੜੇ ਦਾ ਬਾਗ਼
ਇਸ ਬਾਗ਼ ਵਿੱਚ ਭਾਂਤ-ਭਾਂਤ ਦੇ ਫੁੱਲ ਖਿੜਦੇ ਹਨ
ਜ਼ਿੰਦਗੀ ਦੇ ਸੁੰਨੇ ਬੀਆਬਾਨ ਵਿੱਚ
ਮਾਵਾਂ ਧੀਆਂ ਭੈਣਾਂ ਦੀਆਂ ਗੱਲਾਂ ਦੇ ਦੀਵੇ ਜਗਦੇ ਹਨ।
ਆਓ ਧੀਆਂ ਭੈਣਾਂ ਦਾ ਮਨ
ਵਿੱਦਿਆ ਦੇ ਦੀਵਿਆਂ ਨਾਲ ਰੁਸ਼ਨਾਈਏ
ਵਿੱਦਿਆ ਘਰਾਂ ਵਿੱਚ ਪੜ੍ਹਨੇ ਪਾਈਏ
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’
ਗਿਆਨ ਦੇ ਦੀਵੇ
ਉਨ੍ਹਾਂ ਦੇ ਮਨਾਂ ਵਿੱਚ ਜਗਾਈਏ
ਅਗਿਆਨਤਾ ਦਾ ਹਨੇਰਾ
ਧਰਤ ਤੋਂ ਦੂਰ ਭਜਾਈਏ।
ਬੀਬੀਆਂ ਮਨੁੱਖਤਾ ਦੀ ਹੋਣੀ ਹਨ
ਦੁੱਖ ਨਾਲ ਤੜਪ ਰਹੇ ਮਨ ’ਤੇ
ਸੁਖ ਦੀ ਠੰਢੀ ਪੱਟੀ ਹਨ
ਬੀਬੀਆਂ ਸਾਡਾ, ਭੂਤ, ਵਰਤਮਾਨ, ਭਵਿੱਖ
ਆਓ ਇਨ੍ਹਾਂ ਦੀ ਇੱਜ਼ਤ ਕਰੀਏ
ਆਓ ਆਪਣੇ ਆਪ ਨੂੰ ਮਜ਼ਬੂਤ ਬਣਾਈਏ
ਆਓ ਘਰਾਂ ਵਿੱਚ ਸੁਖ ਦੇ ਬੂਟੇ ਲਾਈਏ।
ਮੋਬਾਈਲ: 95010-16407

ਨਾਗ਼ਮਣੀ

ਨਾਗ਼ਮਣੀhttp://www.ajitjalandhar.com/



ਓਦੋਂ ਇਹ ਨਹੀ ਸੀ ਪਤਾ-- ਡਾ. ਅਮਰਜੀਤ ਟਾਂਡਾ
ਜੇ ਇਹ ਪਤਾ ਹੁੰਦਾ
ਕਿ ਮਾਂ ਵੀ ਗੁਆਚਣ ਵਾਲੀ ਚੀਜ ਹੈ
ਤਾਂ ਮੈਂ ਨੀਲੇ ਬੱਦਲਾਂ ਚ ਕਿਤੇ ਸੰਭਾਲ ਲੈਂਦਾ-
ਕਿਸੇ ਅਸਮਾਨ ਤੇ ਡਾਹ ਦਿੰਦਾ-
ਓਹਦਾ ਸੋਨ ਰੰਗਾ ਮੰਜ਼ਾ
ਸੁਪਨਿਆਂ ਦੇ ਹੀਰਿਆਂ ਨਾਲ ਮੜ੍ਹ ਕੇ
ਓਹਦੀਆਂ ਨਸੀਹਤਾਂ ਨੂੰ ਕਿਸੇ
ਸੋਹਣੇ ਜੇਹੇ ਸੁਨਹਿਰੀ ਫ਼ਰੇਮ ਚ ਜੜ੍ਹਾ ਲੈਂਦਾ
ਸਾਂਭ ਲੈਂਦਾ ਓਹਦੇ ਗੀਤਾਂ
ਤੇ ਲੋਰੀਆਂ ਨੂੰ-ਕਿਸੇ ਮਹਿਫ਼ੂਜ਼ ਸੰਦੂਕ ਚ
ਲੁਕੋ ਲੈਂਦਾ ਕਿਤੇ ਓਹਦੇ ਚਰਖ਼ੇ ਦੀ ਘੂਕਰ ਨੂੰ
ਮਧਾਣੀ ਦੇ ਗੀਤਾਂ ਨੂੰ
ਝਾੜੂ ਦੀਆਂ ਨਜ਼ਮਾਂ ਨੂੰ
ਛੱਜ ਦੇ ਹੁਲਾਰਿਆਂ ਨੂੰ
ਧੋ ਹੋ ਰਹੇ ਕੱਪੜਿਆਂ ਸੰਗ ਵੱਜਦੇ ਸਾਜ਼ ਨੂੰ
ਗਰੀ ਦੇ ਤੇਲ ਨਾਲ ਲਿਖੇ ਮੇਰੇ ਵਾਲਾਂ ਤੇ
ਪੋਟਿਆਂ ਦੀ ਛੁਹ ਨਾਲ ਆ ਰਹੀ ਨੀਂਦਰ ਨੂੰ-
ਕੰਘੀ ਨਾਲ ਸੋਹਣੇ ਸਿੰਗਾਰੇ
ਜੂੜੇ ਦੀ ਕਲਾ ਤੇ ਨਕਸ਼ਾਂ ਨੂੰ-
ਰੋਜ਼ ਆਟਾ ਗੁੰਨ੍ਹਦੀ ਰਸਮ ਨੂੰ
ਮੱਕੀ ਦੀ ਤਰਾਸ਼ਦੀ ਗੋਲ ਰੋਟੀ ਦੀ ਚਿੱਤਰਕਲਾ ਨੂੰ
ਤਵੇ ਤੇ ਸੇਕਦੀ ਚਾਵਾਂ ਨੂੰ -
ਪਾਥੀਆਂ ਪੱਥਦੀ,ਚਿਣਦੀ, ਸਾਜਦੀ ਸੰਸਾਰ ਨੂੰ
ਅੱਗ ਲਾਟਾਂ ਚੋਂ ਸਿੰਗਾਰਦੀ
ਭੁੱਖ ਦੇ ਲੱਗੇ ਦੁੱਖਾਂ ਨੂੰ
ਕੰਧਾਂ ਲਿੱਪ 2 ਸਾਂਭਦੀ
ਨਿੱਤ ਤਿੜਕਦੀ ਦੁਨੀਆਂ ਨੂੰ
ਤਾਰਾਂ ਤੇ ਧੋ 2 ਖਿਲਾਰਦੀ
ਨੰਗੀ ਹੋ ਰਹੀ ਇਨਸਾਨੀਅਤ ਲਈ ਰੰਗ ਬਿਰੰਗੇ ਕੱਜਣ
ਓਦੋਂ ਇਹ ਨਹੀ ਸੀ ਪਤਾ
ਕਿ ਇਸ ਛੱਤ ਨੇ ਦੁਨੀਆਂ ਦਾ ਅਰਸ਼ ਬਣਨਾ ਹੈ-
ਕਿਸੇ ਚੰਦ ਤੇ ਜਾ ਚਰਖ਼ਾ ਡ੍ਹਾਉਣਾ ਹੈ-
ਤਾਰਿਆਂ 'ਚ ਜਾ ਸਿਮਟਣਾ ਹੈ
ਹਵਾਵਾਂ 'ਚ ਰੁਮਕਣਾ ਹੈ-
ਓਦੋਂ ਇਹ ਨਹੀ ਸੀ ਪਤਾ-
your Profile Photoਜ਼ਿੰਦਗੀ ਨੇ - ਡਾ. ਅਮਰਜੀਤ ਟਾਂਡਾ
ਜ਼ਿੰਦਗੀ ਨੇ ਸਾਡੇ ਤੋਂ
ਕੀ ਲੈ ਲੈਣਾ ਸੀ-ਫ਼ੱਕਰਾਂ ਤੋਂ
ਇੱਕ ਮੈਲੀ ਜੇਹੀ ਚਾਦਰ ਸੀ
ਓਹੀ ਲੈ ਕੇ ਟੁਰ ਗਈ
ਬੁੱਕ ਭਰੇ ਸਨ ਫੁੱਲਾਂ ਦੇ
ਹਵਾਵਾਂ ਨੂੰ ਮਹਿਕਾਂ ਚੰਗੀਆਂ ਲੱਗੀਆਂ
ਉਹ ਸੁਗੰਧੀਆਂ ਲੈ ਉੱਡ ਗਈ
ਕਈ ਸੁਪਨੇ ਸਨ
ਰਾਤ ਦੀਆਂ ਜ਼ੇਬਾਂ ਚ ਪਏ
ਉਹ ਵੀ ਮੈਂ ਦੇ ਦਿਤੇ
ਜ਼ਿੰਦਗੀ ਨੂੰ ਕਿਹਾ ਹੋਰ ਮੰਗ ਕੀ ਮੰਗਦੀਂ ਏਂ-
ਕਹਿੰਦੀ ਮੇਰੇ ਨਾਲ ਚੱਲ
ਨਦੀ ਕਿਨਾਰੇ ਖੇਡਾਂਗੇ
ਲਹਿਰਾਂ ਤੇ ਕੋਈ ਗੀਤ ਲਿਖਾਂਗੇ ਮੁਹੱਬਤ ਰੰਗਾ
ਗਾਵਾਂਗੇ ਪਾਣੀਆਂ ਦੇ ਸੰਗ
ਬੇਹੋਸ਼ ਕਰਾਂਗੇ ਬਦਨ ਦੀ ਮਹਿਕ ਨਾਲ ਦਰਿਆਵਾਂ ਨੂੰ
ਤਾਰਿਆਂ ਨੂੰ ਜੜ੍ਹਾਂਗੇ ਕਾਲੀ ਰਾਤ ਦੇ ਜੂੜੇ ਚ
ਜ਼ੁਲਫ਼ਾਂ ਨੂੰ ਛੰਡ ਠਾਰ ਭੰਨਾਂਗੇ
ਤਪਦੀ ਧਰਤ ਦੀ-
ਬੁਝਾਵਾਂਗੇ ਤਪਦੇ ਜ਼ੰਗਲ
ਨਗਨ ਫਿਰ ਰਹੀ ਇਨਸਾਨੀਅਤ
ਕੱਜਾਂਗੇ ਪੱਤਿਆਂ ਨਾਲ-
ਹਨ੍ਹੇਰੇ ਪੂੰਝਣ ਲਈ ਸੂਰਜ ਨੂੰ ਸੱਦਾਂਗੇ
ਹਵਾਵਾਂ ਨੂੰ ਕਹਾਂਗੇ ਕਿ ਬਲਦੇ ਮੇਰੇ ਚਿਰਾਗ ਨਾ ਬੁਝਾਵੇ
ਸਿਤਾਰਿਆਂ ਨੂੰ ਰਹਿਣ ਦੇਵੇ ਟਿਮਕਦੇ
ਵਿਹੜਿਆਂ ਦੀਆਂ ਰੌਣਕਾਂ ਫਿਰ ਟੋਲਾਂਗੇ
ਗੁਆਚੇ ਯਾਰਾਂ ਨੂੰ ਲੱਭਾਂਗੇ
ਪੀਂਘਾਂ ਪਾਵਾਂਗੇ ਫਿਰ
ਸੁੰਨ੍ਹੇ ਖੜ੍ਹੇ ਪਿੱਪਲਾਂ ਬੋਹੜਾਂ ਦੀਆਂ ਬਾਹਾਂ 'ਤੇ
ਪਿੰਡ ਨੂੰ ਜਾਣ ਲੱਗੇ
ਲਿਜਾਵਾਂਗੇ ਭੁੱਲੇ ਵਿਸਰੇ ਗੀਤਾਂ ਦੀਆਂ ਤਰਜ਼ਾਂ
ਗਿੱਧੇ ਦੀਆਂ ਧਮਾਲਾਂ ਤੇ ਭੰਗੜੇ ਦੀਆਂ ਨਵੀਨ ਚਾਲਾਂ-
ਜ਼ਿੰਦਗੀ ਚੱਲ ਪਹਿਲਾਂ ਏਨਾ ਕੁਝ ਸਜਾਈਏ
ਅਰਸ਼ ਦੀ ਕੰਧ 'ਤੇ
ਰਾਤ ਮੈਨੂੰ ਚੰਦ ਨੇ ਜਗਾ ਕੇ ਕਿਹਾ ਸੀ-
ਜੇ ਪਿੰਡ ਨੂੰ ਆਉਣਾ ਹੋਇਆ -
ਤਾਂ ਪਿੰਡ 'ਚ ਓਹੀ ਸੱਥ ਦੀ ਕਹਾਣੀ ਲਿਖ ਕੇ ਜਾਵੀਂ
ਬੰਦ ਪਏ ਬੂਹਿਆਂ ਤੋਂ ਜ਼ੰਗਾਲੇ ਤਾਲੇ ਭੰਨ ਕੇ ਜਾਵੀਂ
ਨੀਲੀ ਗੁਲਮੋਹਰ ਲਿਆਵੀਂ ਇਕ
ਸੁੰਨ੍ਹਿਆਂ ਦਰਾਂ ਤੇ ਰੱਖ ਕੇ ਜਾਵੀਂ
ਹਰ ਸ਼ਾਮ ਦਾ ਗੀਤ
ਤੇ ਸਵੇਰ ਦਾ ਸੂਰਜ-
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਪੁੱਤ
ਜ਼ਿੰਦਗੀ ਬੋਲੀ-