Sunday 7 December 2014

ਪਾਲ ਕੌਰ ਦੀਆਂ ਕਵਿਤਾਵਾਂ
 

 ਵੰਡ
ਕੱਲ ਕਿਸੇ ਕਿਹਾ ਸੀ ਕਿ ਸਾਨੂੰ ਜੋ ਵੋਟ ਨਾ ਪਾਏਗਾ ,
ਉਹ ਪਾਕਿਸਤਾਨ ਜਾਏਗਾ
ਅੱਜ ਚਡ਼ਾਵੇ ਦੀ ਵੰਡ ਤੇ
ਕਿਸੇ ਨੇ ਕੇਰੇ ਮਗਰਮਛ ਦੇ ਅਥਰੂ !
ਅਥਰੂਆਂ ਵਿਚ ਡੁਬ ਕੇ
ਉਨਾਂ ਕੁਝ ਹਿੱਸਾ ਮੰਗਣ ਵਾਲਿਆਂ ਨੂੰ ਦਿਤਾ ਛੇਕ !
ਕੱਲ ਨੂੰ ਹੁਣ ਉਹ ਇਹ ਵੀ ਕਹਿ ਸਕਦੇ ਨੇ
ਜੋ ਵੋਟ ਨਹੀਂ ਪਾਏਗਾ ਸਾਡੇ ਮਾਲਿਕ ਨੂੰ
ਛੇਕ ਦਿਤਾ ਜਾਵੇਗਾ ਉਹ !
ਤਿਆਰ ਰਹੋ ਧਰਮ ਦੀ ਇਸ ਪਰਿਭਾਸ਼ਾ ਲਈ ......
ਨਹੀਂ ਤਾਂ ਨਾ ਸਾਡਾ ਕੋਈ ਧਰਮ ਤੇ ਨਾ ਸਾਡਾ ਕੋਈ ਦੇਸ਼ !
ਰਾਜ ਤਿਲਕ
ਕੱਲ ਤਲਵਾਰ ਦੇ ਜੋਰ 'ਤੇ , ਬਹੁਤ ਸਾਰੇ ਨਰ-ਮੇਧ ਤੋਂ ਬਾਅਦ ,
ਲਹੂ ਦਾ ਤਿਲਕ ਲਗਾ ਕੇ , ਅਠਾਰਾਂ ਨਦੀਆਂ ਦੇ ਜਲ ਨਾਲ ਨੁਹਾ ਕੇ ,
ਹੁੰਦਾ ਸੀ ਰਾਜ ਅਭਿਸ਼ੇਕ !
ਪਰ ਲੋਕ ਰਾਜ ਹੈ ਅੱਜ ,
ਛੋਟੇ ਤਖ਼ਤ ਤੋਂ ਹੁੰਦਾ ਹੈ ਵੱਡੇ ਤਖ਼ਤ ਦਾ ਸਫ਼ਰ !
ਛੋਟੇ ਤਖ਼ਤ ਉਤੇ , ਵੱਡੇ ਬਾਜ਼ਾਰ 'ਚ ਵਿਕਦਾ ,
ਉਹ ਭਰਦਾ ਆਪਣੇ ਵਹੀਆਂ-ਖਾਤੇ ....
ਫਿਰ ਤਾਂ ਨਰ-ਮੇਧ ਵੀ ਨਾ ਕਰ ਸਕਦਾ ,
ਤਲਵਾਰ ਦੀ ਪਛਾਣ !
ਬਡ਼ੇ ਸਲੀਕੇ ਨਾਲ ਵਿਕਦਾ ,
ਤੇ ਫਿਰ ਖਰੀਦਦਾ ਉਹ ਸਾਰਾ ਬਾਜ਼ਾਰ !
ਇਕ ਹਥ ਅਤੀਤ ਨੂੰ ਧੁੰਦ੍ਲਾਉਂਦਾ ,
ਲਿਜਲਿਜੇ ਸ਼ਬਦਾਂ ਨੂੰ ਉਲਝਾਉਂਦਾ --
ਪਹਿਲਾਂ ਨਿੰਦਦਾ ,
ਫਿਰ ਖਰੀਦ ਕੇ ਜੇਬ 'ਚ ਪਾਉਂਦਾ......
ਮੋਹਰ-ਬਟਨ ਤਾਂ ਬੱਸ ਛਲਾਵਾ ,
ਪਹਿਲਾਂ ਹੀ ਐਲਾਨ ਕਰਾਉਂਦਾ .....
ਹਰ ਢੰਡੋਰਚੀ ਦੀ ਖਰੀਦ ਮੁਨਾਦੀ ,
ਲੋਕਾਂ ਦੇ ਕੰਨਾਂ 'ਚ ਸ਼ੀਸ਼ਾ ਹੈ ਪਾਉਂਦਾ ,
ਵੰਨ-ਵੰਨ ਦੇ ਚਸ਼੍ਮੇ ਉਨਾਂ ਦੀਆਂ ਅੱਖਾਂ 'ਤੇ ਚਡ਼ਾਉਂਦਾ !
ਬਵੰਜਾ ਦੇ ਬਵੰਜਾ ਪੱਤੇ , ਹੋ ਸ਼ਾਤਰ ਚਲਾਉਂਦਾ ......
ਤੇ ਅਠਾਰਾਂ ਨਦੀਆਂ 'ਚ ਪਹਿਲਾਂ ਹੀ ,
ਹਰ ਰੰਗ ਦਾ ਚੋਲਾ ਪਾ ਨਹਾਉਂਦਾ !
ਤੇ ਉਹ ਜਿਨਾਂ ਦੱਸਣਾ ਸੀ
ਸਹੁੰ ਚੁੱਕਣ ਤੇ ਰਾਜ ਤਿਲਕ ਦਾ ਫਰਕ ,
ਉਹਦੇ ਖਾਤੇ ਚਰਦੇ ,
'ਰਾਜ ਤਿਲਕ ' ਰਾਜ ਤਿਲਕ ' ਕਰਦੇ ,
ਕਸੀਦੇ ਗਾਉਂਦੇ ਉਸ ਦੇ ,
ਤੇ ਲੋਕ-ਰਾਜ ਦਾ ਮਰਸੀਆ ਪਏ ਪਡ਼ਦੇ !
ਜੰਗਲ ਦੀ ਚੀਕ
ਸਡ਼ਕ ਦੀ ਚੀਕ ਤਾਂ ਸਭ ਨੇ ਸੁਣੀ ਸੀ ,
ਤੇ ਖਡ਼ਾ ਜਹਾਦ ਵੀ ਕੀਤਾ ਸੀ !
ਮਾਲਕੀ ਦੇ ਇਕ ਇਕ ਬੋਲ ਦਾ , ਬਰਾਬਰ ਹਿਸਾਬ ਵੀ ਕੀਤਾ ਸੀ !
ਪਰ ਇਹ ਜੰਗਲ ਦੀ ਚੀਕ ?
ਕੀ ਜੰਗਲ ਵਿਚ ਹੀ ਦਫ਼ਨ ਹੋ ਜਾਵੇਗੀ ?
ਮਹਾਨ ' ਭਾਰਤ ' ਦੀ ਕਲਗੀ ਦੇ , ਨਾ ਕੁਝ ਖੰਭ ਹਿਲਾਵੇਗੀ ?
ਜੰਗਲ ਦੀ ਚੀਕ ਤਾਂ, ਮਾਲਕੀ ਦਾ ਹੋਰ ਘਿਨਾਉਣਾ ਚਿਹਰਾ ਹੈ !
ਬਿਰਛਾਂ ਤੋਂ ਬਣੀਆਂ ਕੁਰਸੀਆਂ ਦਾ , ਇਕ ਸਾਜਿਸ਼ੀ ਹਨੇਰਾ ਹੈ !
ਲੁੱਟਾਂਗੇ , ਕੁੱਟਾਂਗੇ ਤੇ ਨਾਲੇ ਰਾਜ ਕਰਾਂਗੇ ,
ਜੇ ਚੂੰ ਕੀਤੀ , ਤੁਹਾਡੇ ਸਿਰ 'ਤੇ , ਨਮੋਸ਼ੀ ਮੌਤ ਦਾ ਇਹ ਤਾਜ ਧਰਾਂਗੇ !
ਤਮਾਸ਼ਾ ਨਹੀਂ ਹੈ ਜੰਗਲ ਦੀ ਚੀਕ , ਜੋ ਚਾਰ ਦਿਨ ਟੀ.ਵੀ. 'ਤੇ ਡੁਗਡੁਗ!ਵੇਗੀ !
ਇਹ ਚੀਕ ਹੈ ਮਜਲੂਮ , ਸਾਰੇ ਹਨੇਰੇ ਪਾਡ਼ ਖਾਵੇਗੀ !
ਦਿਸੇ ਨਾ ਦਿੱਸੇ ਮਚਦਾ ਜਹਾਦ ਕੋਈ .
ਇਹ ਚੀਕ ਹੈ ਐਨੀ ਗਹਿਰੀ ਕਿ ਉਠੇਗੀ ਫੂਲਣਾ ਦੀ ਡਾਰ ,
ਇਨਾਂ ਮਾਲਕਾਂ ਦੇ ਫਿਰ ਸਥਰ ਵਿਛਾਵੇਗੀ !
ਹਾਸਿਲ
ਦੁਖਾਂਤ ਇਹ ਨਹੀਂ ਸੀ ਕਿ ਸਵਾਲ ਔਖੇ ਸਨ
ਤੇ ਉਨ੍ਹਾਂ ਦੇ ਹੱਲ ਨਹੀਂ ਲੱਭੇ
ਦੁਖਾਂਤ ਇਹ ਹੋਇਆ ਏ
ਕਿ ਰਕਮਾਂ ਲਿਖ ਲਿਖ ਕੇ ਵਹੀ ਭਰ ਚੁੱਕੀ ਸੀ
ਉਦੋਂ ਸਮਝ ਆਏ ਫਾਰਮੂਲੇ !
ਕੁਝ ਰਕਮਾਂ ਤਾਂ ਖੌਰੇ ਮੁੱਢੋਂ ਹੀ ਗਲਤ ਸਨ
ਉਨ੍ਹਾਂ ਤੇ ਕੋਈ ਫਾਰਮੂਲਾ ਨਹੀਂ ਲੱਗਦਾ
ਬੱਸ ਵਹੀ ਦੇ ਕਈ ਪੰਨੇ ਮੱਲੀ ਬੈਠੀਆਂ ਨੇ
ਕੁਝ ਰਕਮਾਂ ਲਿਖਣ ਲੱਗੀ ਆਪ ਟਪਲਾ ਖਾ ਗਈ
ਫਾਰਮੂਲਾ ਤਾਂ ਲਗਦਾ ਏ
ਪਰ ਹਾਸਿਲ ਕੁਝ ਨਹੀਂ ਹੁੰਦਾ !
ਬੱਸ ਇਕ ਦੋ ਰਕਮਾਂ ਨੇ
ਜਿਨ੍ਹਾਂ ਸਮਝਾਏ ਨੇ ਕਈ ਫਾਰਮੂਲੇ
ਤੇ ਜਿਨ੍ਹਾਂ ਦਾ ਬੱਸ ਹਾਸਿਲ ਹੀ ਹਾਸਿਲ ਹੈ .
ਜਦੋਂ ਵੀ ਕਦੇ ਖੋਲ੍ਹਦੀ ਹਾਂ ਵਹੀ
ਹਰ ਪੰਨੇ ਤੇ ਰੁਕ ਕੇ ਸੋਚਦੀ ਹਾਂ
ਏਥੇ ਇਹ ਹੁੰਦਾ ਤਾਂ ਇੰਜ ਹੋ ਜਾਂਦਾ
ਏਥੇ ਇੰਜ ਹੀ ਲਿਖਦੀ ਤਾਂ ਇੰਜ ਹੋ ਜਾਂਦਾ
ਤੇ ਹੁਣ ਇਕ ਦੋ ਸਫਿਆਂ ਲਈ
ਚੁੱਕਣਾ ਪੈਂਦਾ ਏ ਐਵੇਂ ਹੀ ਕਾਲੇ ਕੀਤੇ
ਸਫ਼ਿਆਂ ਦੀ ਸਾਰੀ ਵਹੀ ਦਾ ਭਾਰ !
ਬੱਸ ਇਹੀ ਹੈ ਹਾਸਿਲ ਸਾਰੀ ਵਹੀ ਦਾ
ਕਿ ਜਦੋਂ ਲੱਭਦੇ ਨੇ ਫਾਰਮੂਲੇ
ਤਾਂ ਸਵਾਲ ਹੱਲ ਕਰਨ ਲਈ
ਕੋਈ ਸਫ਼ਾ ਖਾਲੀ ਨਹੀਂ ਬਚਦਾ !

Saturday 6 December 2014

ਦਿਲ ਕਰੇ ਤਾਂ ਮਿਲ ਜਾਵੀਂ-ਅਮਰਜੀਤ ਟਾਂਡਾ
ਦਿਲ ਕਰੇ ਤਾਂ ਮਿਲ ਜਾਵੀਂ-
ਰਾਹ ਲੱਭੇ ਤਾਂ ਰੁਕੀਂ ਨਾ-
ਦੇਖੀਂ ਕਿਤੇ
ਕਦਮਾਂ ਚ ਬੇਗੁਨਾਹ ਮਿਲਣ ਨਾ ਮਰ ਜਾਵੇ-
ਅੱਧਮੋਈਆਂ ਯਾਦਾਂ ਦੀਆਂ ਰਹਿ ਗਈਆਂ ਕਿਰਚਾਂ
ਤੀਰਾਂ ਨਾਲੋਂ ਵੀ ਤਿੱਖੀਆਂ ਹੁੰਦੀਆਂ ਨੇ-
ਧਰਤੀ ਦਾ ਟੋਟਾ
ਜੋ ਸਾਗਰ ਦੀ ਹਿੱਕ ਚ ਨਹੀਂ ਸੀ ਉਤਰਿਆ
ਕਈ ਆਸਾਂ ਲੈ ਕੇ ਮਰ ਗਿਆ ਸੀ-
ਝੱਖੜ ਆ ਜਾਂਦੇ ਨੇ ਝੁੱਗੀਆਂ ਚ
ਜਦ ਕੋਈ ਉਹਨਾਂ ਦੀ ਚੀਸ ਨਹੀਂ ਸੁਣਦਾ
ਕਿਹੜੇ ਕੰਮ ਤੇਰੀ ਮਟਕਦੀ ਟੋਰ
ਧੁਖ਼ਦੇ ਅੰਗਿਆਰ
ਨਾ ਹੀ ਕੋਈ ਚੰਦ ਨਗਮਾਂ ਹੈ -ਤੇਰਾ ਨਖ਼ਰਾ
ਜੋ ਅੱਜ ਤੇਰੇ ਹਿੱਕੀਂ ਫੁੱਲ ਖਿੜ੍ਹੇ ਹਨ
ਕੱਲ ਨੂੰ ਇਹਨਾਂ ਮੁਰਝਾਣਾ ਵੀ ਹੈ-
ਪਲਕਾਂ ਤੇ ਰਹਿ ਗਏ ਸੁਫ਼ਨਿਆਂ ਨੇ
ਖ਼ੁਰਨਾ ਵੀ ਹੈ-
ਓਦੋਂ ਕਿਸੇ ਨਹੀਂ ਕਹਿਣਾ ਕਿ
ਦਿਲ ਕਰੇ ਤਾਂ ਮਿਲ ਜਾਵੀਂ-
ਰਾਹ ਲੱਭੇ ਤਾਂ ਰੁਕੀਂ ਨਾ-
ਦਿਲ ਕਰੇ ਤਾਂ ਮਿਲ ਜਾਵੀਂ-ਅਮਰਜੀਤ ਟਾਂਡਾ

ਦਿਲ ਕਰੇ ਤਾਂ ਮਿਲ ਜਾਵੀਂ-
ਰਾਹ ਲੱਭੇ ਤਾਂ ਰੁਕੀਂ ਨਾ-

ਦੇਖੀਂ ਕਿਤੇ
ਕਦਮਾਂ ਚ ਬੇਗੁਨਾਹ ਮਿਲਣ ਨਾ ਮਰ ਜਾਵੇ-
ਅੱਧਮੋਈਆਂ ਯਾਦਾਂ ਦੀਆਂ ਰਹਿ ਗਈਆਂ ਕਿਰਚਾਂ
ਤੀਰਾਂ ਨਾਲੋਂ ਵੀ ਤਿੱਖੀਆਂ ਹੁੰਦੀਆਂ ਨੇ-

ਧਰਤੀ ਦਾ ਟੋਟਾ
ਜੋ ਸਾਗਰ ਦੀ ਹਿੱਕ ਚ ਨਹੀਂ ਸੀ ਉਤਰਿਆ
ਕਈ ਆਸਾਂ ਲੈ ਕੇ ਮਰ ਗਿਆ ਸੀ-

ਝੱਖੜ ਆ ਜਾਂਦੇ ਨੇ ਝੁੱਗੀਆਂ ਚ
ਜਦ ਕੋਈ ਉਹਨਾਂ ਦੀ ਚੀਸ ਨਹੀਂ ਸੁਣਦਾ

ਕਿਹੜੇ ਕੰਮ ਤੇਰੀ ਮਟਕਦੀ ਟੋਰ
ਧੁਖ਼ਦੇ ਅੰਗਿਆਰ

ਨਾ ਹੀ ਕੋਈ ਚੰਦ ਨਗਮਾਂ ਹੈ -ਤੇਰਾ ਨਖ਼ਰਾ

ਜੋ ਅੱਜ ਤੇਰੇ ਹਿੱਕੀਂ ਫੁੱਲ ਖਿੜ੍ਹੇ ਹਨ
ਕੱਲ ਨੂੰ ਇਹਨਾਂ ਮੁਰਝਾਣਾ ਵੀ ਹੈ-
ਪਲਕਾਂ ਤੇ ਰਹਿ ਗਏ ਸੁਫ਼ਨਿਆਂ ਨੇ
ਖ਼ੁਰਨਾ ਵੀ ਹੈ-

ਓਦੋਂ ਕਿਸੇ ਨਹੀਂ ਕਹਿਣਾ ਕਿ

ਦਿਲ ਕਰੇ ਤਾਂ ਮਿਲ ਜਾਵੀਂ-
ਰਾਹ ਲੱਭੇ ਤਾਂ ਰੁਕੀਂ ਨਾ-


ਬਲਦੀਆਂ ਰੂਹਾਂ-ਅਮਰਜੀਤ ਟਾਂਡਾ
ਬਲਦੀਆਂ ਰੂਹਾਂ
ਅਸੀਂ ਤੇਰੇ ਰਾਹੀਂ
ਕਦੇ ਤਾਂ ਰੱਖ
ਘੁੱਟ 2 ਬਾਹੀਂ

ਧੁਖ਼ਦੀਆਂ ਲਾਟਾਂ
ਸਾਂਭੀਆਂ ਹਿੱਕੀਂ
ਕਦੇ ਕਹਾਣੀ
ਇਹਨਾਂ ਦੀ ਲਿਖੀਂ
ਨੈਣੀਂ ਸੁਫ਼ਨੇ
ਰਾਤੀਂ ਅੰਗੜਾਈਆਂ
ਬੁਝਣ ਨਾ ਇਹ
ਬਹੁਤ ਬੁਝਾਈਆਂ
ਅੰਬਾਂ ਤੇ ਬੂਰ
ਦਿਨ ਰਾਤ ਖਾਣ
ਕੋਇਲ ਦੇ ਬੋਲ
ਅੱਗ ਅੰਗੀਂ ਲਾਣ
ਬੰਸਰੀ ਸੁੱਤੀ
ਚੰਦ ਨੂੰ ਤੱਕਾਂ
ਤੂੰਹੀਂ ਦੱਸ
ਕਿੱਥੇ ਜ਼ਿੰਦ ਰੱਖਾਂ
ਸੂਹਾ ਚੂੜਾ
ਗੋਲ ਕਲਾਈਆਂ
ਕਿਸੇ ਨਾ ਆ
ਵੰਗਾਂ ਜਗਾਈਆਂ
ਕੰਚਨ ਪਿੰਡਾ
ਸਰਵਰੀਂ ਨਾਹਤੀ
ਇਹ ਨਾ ਠਰਦੇ
ਅੰਗਿਆਰ ਜੋ ਛਾਤੀ

Sunday 28 September 2014

Online Punjabi Magazine Seerat
ਦੋ ਕਵਿਤਾਵਾਂ
- ਸੁਰਜੀਤ ਪਾਤਰ
 
ਬੇਦਾਵਾ 1

ਮਰ ਗਈ ਜਦ ਸੀਨਿਆਂ ਚੋਂ ਸੱਚ ਦੇ ਜਿੱਤਣ ਦੀ ਆਸ
ਹੌਸਲੇ ਦੀ ਥਾਂ ਦਿਲਾਂ ਵਿੱਚ ਭਰ ਗਿਆ, ਗਹਿਰਾ ਹਰਾਸ
ਖਾਣ ਲੱਗੀ ਭੁੱਖ ਕਲੇਜੇ, ਪੀਣ ਲੱਗੀ ਰੱਤ ਨੂੰ ਪਿਆਸ
ਲਿਖ ਕੇ ਲੈ ਆਏ ਇਹ ਅੱਖਰ ਸਿੰਘ ਕੁੱਝ ਸਤਿਗੁਰ ਦੇ ਪਾਸ


ਨਾ ਅਸੀਂ ਹੁਣ ਸਿੱਖ ਤੇਰੇ ਨਾ ਹੀ ਤੂੰ ਸਾਡਾ ਗੁਰੂ
ਜਾਈਏ ਹੁਣ ਅਪਣੇ ਘਰਾਂ ਨੂੰ ਕਰ ਦੇ ਸਾਨੂੰ ਸੁਰਖ਼ਰੂ

ਮੁਸਕਰਾਏ ਸਤਿਗੁਰੂ ਤੇ ਕਹਿਣ ਲੱਗੇ ਠੀਕ ਹੈ
ਠੀਕ ਹੈ ਜੇ ਅਪਣਾ ਰਿਸ਼ਤਾ ਸਿਰਫ਼ ਏਥੋਂ ਤੀਕ ਹੈ
ਠੀਕ ਹੈ ਜੇ ਸੁਰਖ਼ਰੁਈਅਤ ਏਸ ਰਾਹ ਨਜ਼ਦੀਕ ਹੈ
ਜਾਓ ਪੁੱਤਰੋ ਪਰ ਮੇਰੇ ਪਿਆਰਾਂ ਚ ਉਹ ਤੌਫ਼ੀਕ ਹੈ

ਦੇਖਣਾ ਹੋਣਾ ਨ ਪੈ ਜਾਏ ਫੇਰ ਇੱਕ ਦਿਨ ਰੂਬਰੂ

ਅਪਣੀ ਅੰਤਰ ਆਤਮਾ ਦੇ ਆਖਣੇ ਨੂੰ ਟਾਲ ਕੇ
ਨਾਮ, ਬਾਣੀ ਪਿਆਰ, ਸੱਚ ਸਭ ਕੁੱਝ ਦਿਲੋਂ ਹੰਘਾਲ ਕੇ
ਛੱਡ ਆਏ ਕੀ ਕੀ ਅਪਣੇ ਕਾਲਜੇ ਚੋਂ ਨਿਕਾਲ ਕੇ
ਵਾਹੋ ਦਾਹੀ ਤੁਰ ਪਏ ਜਾਨਾਂ ਹੀ ਬੱਸ ਸੰਭਾਲ ਕੇ

ਪਹਿਲੀ ਵਾਰੀ ਇਸਤਰਾਂ ਦੀ ਯਾਤਰਾ ਹੋਈ ਸ਼ੁਰੂ

ਤੋਰ ਵਿੱਚ ਤੇਜ਼ੀ ਤਾਂ ਸੀ ਪਰ ਦਿਲ ਦੇ ਵਿੱਚ ਉਤਸ਼ਾਹ ਨ ਸੀ
ਸੀਨੇ ਵਿੱਚ ਚਲਦਾ ਜਿਵੇਂ ਆਰਾ ਜਿਹਾ ਸੀ, ਸਾਹ ਨ ਸੀ
ਅੰਗ ਸੰਗ ਇੱਕ ਖ਼ੌਫ਼ ਸੀ ਸਾਂਈਂ ਉਹ ਬੇਪਰਵਾਹ ਨ ਸੀ
ਪੈਰ ਤਾਂ ਅਪਣੇ ਹੀ ਸਨ ਅਪਣਾ ਉਹ ਐਪਰ ਰਾਹ ਨ ਸੀ

ਇਸਤਰਾਂ ਦੇ ਰਾਹ ਤੇ ਦੱਸ ਕਿੰਨਾ ਕੁ ਚਿਰ ਰਾਹੀ ਤੁਰੂ

ਤੁਰ ਪਏ ਉਹ ਲਾਡਲੇ ਵਿੱਛੜ ਕੇ ਨਾਦੀ ਬਾਪ ਤੋਂ
ਪੈਰ ਕਿੱਥੇ ਧਰਨ ਬਚ ਕੇ ਧਰਤ ਦੇ ਸੰਤਾਪ ਤੋਂ
ਕਿੱਥੇ ਜਾ ਸਕਦਾ ਹੈ ਕੋਈ ਭੱਜ ਕੇ ਅਪਣੇ ਆਪ ਤੋ
ਦੂਰ ਜਾ ਸਕਦੇ ਹੋ ਬਚ ਕੇ ਪੌਣ ਦੇ ਵਿਰਲਾਪ ਤੋਂ

ਪਰ ਕਿਵੇਂ ਰੋਕੋਗੇ ਜੋ ਅੰਦਰ ਹੈ ਚੱਲਦੀ ਗੁਫ਼ਤਗੂ

ਜਦ ਘਰੀ ਂ ਆਏ ਘਰਾਂ ਨੇ ਇਉਂ ਉਨ੍ਹਾਂ ਨੂੰ ਦੇਖਿਆ
ਸ਼ੀਸ਼ਿਆਂ ਨੇ ਜਿਸਤਰਾਂ ਬੇਚਿਹਰਿਆਂ ਨੂੰ ਦੇਖਿਆ
ਜਿਸਤਰਾਂ ਅੱਖਾਂ ਨੇ ਟੁੱਟੇ ਸੁਪਨਿਆਂ ਨੂੰ ਦੇਖਿਆ
ਜਿਉਂ ਕਿਸੇ ਭਾਸ਼ਾ ਨੇ ਝੂਠੇ ਫਿਕਰਿਆਂ ਨੂੰ ਦੇਖਿਆ

ਜਿਸਤਰਾਂ ਬੇਗ਼ੈਰਤਾਂ ਵੱਲ ਦੇਖਦੀ ਹੈ ਆਬਰੂ

ਮਾਈ ਭਾਗੋ ਕਹਿਣ ਲੱਗੀ ਖ਼ਤਮ ਹੋ ਗਈ ਜੰਗ ਕੀ?
ਖ਼ਤਮ ਹੋ ਗਈ ਜਾਂ ਅਸਾਡੀ ਅਣਖ, ਗ਼ੈਰਤ, ਸੰਗ ਕੀ?
ਮੁੱਕ ਗਏ ਨੇ ਖ਼ੂਨ ਵਿੱਚੋਂ ਸਿਦਕ ਵਾਲੇ ਰੰਗ ਕੀ?
ਇਹ ਕਹਾਣੀ ਕੀ ਬਣੀ, ਸਾਕਾ ਏ ਕੀ, ਪ੍ਰਸੰਗ ਕੀ?

ਕੀ ਕਹਾਂਗੇ ਬੱਚਿਆਂ ਨੂੰ ਜਦ ਕੋਈ ਪੁੱਛਿਆ ਕਰੂ?

ਧਰਤ ਹੀ ਰੋਦੀ ਹੈ ਜਦ, ਫਿਰ ਅਪਣਾ ਅਪਣਾ ਘਰ ਹੈ ਕੀ
ਜਲ ਰਿਹਾ ਸੰਸਾਰ ਤਾਂ ਫਿਰ ਅਪਣਾ ਅਪਣਾ ਦਰ ਹੈ ਕੀ
ਪੌਣ ਹੈ ਬੀਮਾਰ ਤਾਂ ਸਾਹਾਂ ਦੀ ਇਹ ਸਰਸਰ ਹੈ ਕੀ
ਜੀਣ ਮਾਤਮ ਹੋ ਗਿਆ ਫਿਰ ਮੌਤ ਕੋਲੋਂ ਡਰ ਹੈ ਕੀ

ਮਰ ਗਿਆ ਈਮਾਨ ਤਾਂ ਫਿਰ ਜੀ ਕੇ ਕੋਈ ਕੀ ਕਰੂ?

ਸਾਂਝਾ ਦਰ ਛੱਡ ਕੇ ਤੁਸੀਂ ਅਪਣੇ ਦਰਾਂ ਨੂੰ ਆ ਗਏ
ਉਸ ਨਦਰ ਚੋਂ ਡਿਗ ਪਏ, ਅਪਣੇ ਘਰਾਂ ਨੂੰ ਆ ਗਏ
ਦੇਸ ਉਜੜਦਾ ਛੱਡ ਕੇ ਅਪਣੇ ਗਰਾਂ ਨੂੰ ਆ ਗਏ

ਦੇਸ ਹੀ ਉਜੱੜ ਗਿਆ ਤਾਂ ਇਹ ਗਰਾਂ ਕਿੱਥੇ ਵਸੂ


ਖ਼ੌਫ਼ ਸੰਗ ਮਰਿਆਂ ਲਈ ਇਹ ਬੋਲ ਅੰਮ੍ਰਿਤ ਹੋ ਗਏ
ਸ਼ਬਦ-ਬਾਣਾਂ ਨਾਲ ਉਹ ਸਭ ਫੇਰ ਜੀਵਿਤ ਹੋ ਗਏ
ਟੁੱਟ ਗਏ ਇਕਰਾਰ ਸਨ ਜੋ ਫੇਰ ਸਾਬਿਤ ਹੋ ਗਏ
ਸਤਿਗੁਰੂ ਦੇ ਪਿਆਰ ਨੂੰ ਉਹ ਫੇਰ ਅਰਪਿਤ ਹੋ ਗਏ

ਫਿਰ ਜਗੀ ਜੋਤੀ ਅਲਾਹੀ ਨੂਰ ਦਿਸਿਆ ਚਾਰ ਸੂ

ਉਹਨੀਂ ਪੈਰੀਂ ਮੁੜ ਗਏ ਉਹ ਅਪਣੇ ਅਸਲੀ ਘਰ ਗਏ
ਜ਼ੁਲਮ ਸੰਗ ਟਕਰਾ ਕੇ ਉਹ ਹੱਕ ਸੱਚ ਦੀ ਸ਼ਾਹਦੀ ਭਰ ਗਏ
ਧਰਤ ਮਾਂ ਦੀ ਗੋਦ ਅੰਦਰ ਸੀਸ ਅਪਣੇ ਧਰ ਗਏ
ਪਿਆਰ ਦੇ ਬੱਦਲ ਸੀ ਉਹ ਤਪਦੇ ਥਲਾਂ ਦੇ ਵਰ੍ਹ ਗਏ

ਸਿਰਫ਼ ਬਾਕੀ ਰਹਿ ਗਏ ਅੱਖਾਂ ਦੇ ਵਿੱਚ ਕੁੱਝ ਅੱਥਰੂ

ਰਹਿ ਗਏ ਕੁੱਝ ਅੱਥਰੂ ਆਖ਼ਰ ਨੂੰ ਉਹ ਵੀ ਰੋੜ੍ਹਨੇ
ਸਾਂਭ ਰੱਖੇ ਨੇ ਕਿ ਬੇਦਾਵੇ ਦੇ ਅੱਖਰ ਖੋਰਨੇ
ਸਾਂਭ ਰੱਖੇ ਨੇ ਇਨ੍ਹਾਂ ਦੇ ਕੁੱਝ ਕੁ ਮਕਸਦ ਹੋਰ ਨੇ
ਸਾਂਭ ਰੱਖੇ ਨੇ ਕਿ ਧੋਣੇ ਅੱਖੀਆਂ ਦੇ ਕੋਰ ਨੇ

ਕਰ ਕੇ ਪਾਵਨ ਅੱਖੀਆਂ ਤੱਕਣਾ ਗੁਰਾਂ ਨੂੰ ਰੂਬਰੂ

ਬੋਲੇ ਸਤਿਗੁਰ ਗੋਦ ਲੈ ਕੇ ਇੱਕ ਸਿਸਕਦੇ ਲਾਲ ਨੂੰ
ਖੋਰਨੇ ਸੀ ਜਿਹੜੇ ਅੱਖਰ ਅੱਥਰੂਆਂ ਦੇ ਨਾਲ ਤੂੰ
ਪਹਿਲਾਂ ਹੀ ਉਹ ਖੋਰ ਦਿੱਤੇ ਅਪਣੀ ਰੱਤ ਦੇ ਨਾਲ ਤੂੰ
ਸਾਂਭ ਰੱਖ ਨੈਣਾਂ ਚ ਅਪਣੇ ਪਿਆਰ ਦੀ ਇਸ ਝਾਲ ਨੂੰ

ਨਮ ਨਜ਼ਰ ਥੀਂ ਦੇਖ ਇਹ ਮੁਕਤੀ ਦਾ ਮੰਜ਼ਰ ਚਾਰ ਸੂ
-0-
ਬੇਦਾਵਾ -2

ਹਰ ਵਾਰੀ ਲੋਕੋ ਬੇਦਾਵੇ
ਕਾਗਜ਼ ਤੇ ਨਹੀਂ ਲਿਖੇ ਜਾਂਦੇ
ਨਾ ਖ਼ੌਫ਼ ਤੇ ਦੁਖ ਸੰਗ ਸੁਲਗਦਿਆਂ
ਬੋਲਾਂ ਦੇ ਨਾਲ ਕਹੇ ਜਾਂਦੇ

ਉਹ ਲੋਕ ਤਾਂ ਸੱਚੇ ਸਨ ਜਿਹੜੇ
ਲਿਖ ਕੇ ਬੇਦਾਵਾ ਦੇ ਗਏ ਸਨ
ਤੇ ਫਿਰ ਸਿਆਹੀ ਦੇ ਹਰਫ਼ਾਂ ਨੂੰ
ਰੱਤ ਅਪਣੀ ਦੇ ਸੰਗ ਧੋ ਗਏ ਸਨ

ਅਸੀਂ ਛੱਡ ਦੁਖੀਆਂ ਨੂੰ ਸਿਸਕਦਿਆਂ
ਨਿੱਤ ਅਪਣੇ ਅਪਣੇ ਘਰ ਜਾਈਏ
ਇਹ ਵੀ ਤਾਂ ਇਕ ਬੇਦਾਵਾ ਹੈ
ਜੋ ਪੈਰਾਂ ਦੇ ਸੰਗ ਲਿਖ ਜਾਈਏ

ਹਰ ਪੈੜ ਹੀ ਅੱਖਰ ਹੋਈ ਹੈ
ਹਰ ਰਸਤਾ ਵਰਕਾ ਹੋਇਆ ਹੈ
ਲਗਦਾ ਹੈ ਸਾਰੀ ਧਰਤੀ ਤੇ
ਬੇਦਾਵਾ ਲਿਖਿਆ ਹੋਇਆ ਹੈ

ਅਸੀਂ ਕਿੰਜ ਸੁਰਖ਼ਰੂ ਹੋਵਾਂਗੇ
ਅਸੀਂ ਕਦ ਮੁਕਤੇ ਅਖਵਾਂਵਾਂਗੇ
ਜਾਂ ਪੈਰਾਂ ਦੇ ਸੰਗ ਧਰਤੀ ਤੇ
ਬੇਦਾਵਾ ਲਿਖਦੇ ਲਿਖਦੇ ਹੀ
ਇਸ ਧਰਤੀ ਤੋਂ ਤੁਰ ਜਾਵਾਂਗੇ

ਤੇ ਨਜ਼ਰੀਂ ਏਨੀ ਗਰਦ ਪਈ
ਕਿ ਪੜ੍ਹੇ ਨ ਜਾਂਦੇ ਠੀਕ ਜਿਹੇ
ਕਿਸੇ ਅੱਖ ਚੋ ਅੱਥਰੂ ਕਿਰਿਆ ਤਾਂ
ਕੋਈ ਅੱਖਰ ਪਰਗਟ ਹੋਇਆ ਹੈ

ਜਿੱਥੇ ਨੀਚਾਂ ਦੀ ਸੰਭਾਲ ਨਹੀਂ
ਓਥੇ ਤੇਰੀ ਨਦਰ ਕਿਵੇਂ ਹੋਵੇ
ਤੇਰੀ ਰਚਨਾ ਸੰਗ ਜਿਹਨੂੰ ਪਿਆਰ ਨਹੀਂ
ਉਹਨੂੰ ਤੇਰੀ ਕਦਰ ਕਿਵੇਂ ਹੋਵੇ
ਉਹ ਧਰਤੀ ਬਹੁਤ ਸਰਾਪੀ ਹੈ
ਜਿੱਥੇ ਦੁਖੀਆ ਡਿਗਿਆ ਹੋਇਆ ਹੈ

ਅਣਸਿੰਜੇ ਰੁੱਖ ਦੇ ਪੱਤਿਆਂ ਤੇ
ਅੱਖਰ ਨੇ ਬਹੁਤ ਬਰੀਕ ਜਿਹੇ
ਪੱਤਿਆਂ ਤੇ ਏਨੀ ਗਰਦ ਪਈ
ਕਿ ਪੜ੍ਹੇ ਨਾ ਜਾਂਦੇ ਠੀਕ ਜਿਹੇ
ਕਿਸੇ ਅੱਖ ਚੋਂ ਹੰਝੂ ਕਿਰਿਆ ਤਾਂ
ਕੋਈ ਅੱਖਰ ਪਰਗਟ ਹੋਇਆ ਹੈ
ਕਿਤੇ ਨਫ਼ਰਤ ਬੀਜੀ ਹੋਈ ਹੈ
ਕਿਤੇ ਮਾਤਮ ਉਗਿਆ ਹੋਇਆ ਹੈ
ਰੁੱਖ ਪਾਣੀ ਪੌਣ ਹਰਾਨ ਬੜੇ
ਇਹ ਬੰਦਿਆਂ ਨੂੰ ਕੀ ਹੋਇਆ ਹੈ

ਇਹ ਅੰਬਰ ਤੇ ਜੋ ਤਾਰੇ ਹਨ
ਇਉਂ ਲਗਦਾ ਜਿਉਂ ਅੰਗਿਆਰੇ ਹਨ
ਇਹ ਚੰਨ ਜਿਉਂ ਅਰਸ਼ ਦੀ ਹਿੱਕ ਅੰਦਰ
ਕੁਝ ਟੁੱਟ ਕੇ ਖੁੱਭਿਆ ਹੋਇਆ ਹੈ

ਰੁੱਖ ਪਾਣੀ ਪੌਣ ਹਰਾਨ ਬੜੇ
ਇਹ ਬੰਦਿਆਂ ਨੂੰ ਕਿਆ ਹੋਇਆ ਹੈ

Monday 11 August 2014


ਕੰਡੇ ਦਾ ਜ਼ਖ਼ਮ -ਅਜਮੇਰ ਸਿੱਧੂ

suhisaver
ਬਲਵਿੰਦਰ ਜੱਜ ਦੇ ਆਪਣੇ ਪਿੰਡ ਸ਼ਾਹਪੁਰ ਤੋਂ ਫ਼ੋਨ ਸੀ। ਭਤੀਜੇ ਦਾ ਨੰਬਰ ਦੇਖ ਕੇ ਥੋੜ੍ਹੀ ਘਬਰਾਹਟ ਵੀ ਹੋਈ ਸੀ। ਉਂਝ ਟਾਈਮ ਤਾਂ ਬਹੁਤਾ ਨਹੀਂ ਸੀ ਹੋਇਆ। ਕੈਲੇਫੋਰਨੀਆਂ ਤਾਂ ਚੌਵੀ ਘੰਟੇ ਜਾਗਦਾ ਹੈ ਪਰ ਉਹਦੇ ਲਈ ਤਾਂ ਰਾਤ ਪੈ ਚੁੱਕੀ ਸੀ। ਉਹ ਸਵੇਰੇ ਪੰਜ ਵਜੇ ਉੱਠਦੇ ਹਨ। ਆਪ ਤਿਆਰ ਹੁੰਦੇ ਹਨ। ਬੇਟੀ ਰਿਚਾ ਤੇ ਪੋਤਿਆਂ ਨੂੰ ਵੀ ਤਿਆਰ ਕਰਨਾ ਪੈਂਦਾ ਹੈ। ਉਹ ਆਪ ਤਾਂ ਸੱਤ ਵਜੇ ਘਰ ਤੋਂ ਕੰਮ ਲਈ ਤੁਰ ਪੈਂਦਾ ਹੈ। ਅੱਠ ਵਜੇ ਆਪਣੀ ‘ਸਿਗਰਟ ਸ਼ੌਪ’ ਖੋਲ੍ਹ ਲੈਂਦਾ ਹੈ। ਰਾਤ ਅੱਠ ਵਜੇ ਸ਼ੌਪ ਬੰਦ ਕਰਨੀ ਹੁੰਦੀ ਹੈ। ਨੌਂ ਵਜੇ ਘਰ ਪੁੱਜ ਕੇ ਹਿਸਾਬ-ਕਿਤਾਬ ਕਰਦਿਆਂ, ਖਾਣਾ ਖਾਂਦਿਆਂ ਤੇ ਟੈਲੀਵਿਜ਼ਨ ਦੇਖਦਿਆਂ ਸਾਢੇ ਗਿਆਰਾਂ ਬਾਰਾਂ ਵੱਜ ਹੀ ਜਾਂਦੇ ਹਨ। ਅਜੇ ਉਹਨੂੰ ਸੁੱਤੇ ਨੂੰ ਘੰਟਾ ਕੁ ਹੀ ਹੋਇਆ ਸੀ। ਫ਼ੋਨ ਦੀ ਬੈੱਲ ਖੜਕ ਪਈ ਸੀ। ਉਸਦੀ ਪਤਨੀ ਨੇ ਵੀ ਅੱਖਾਂ ਖੋਲ੍ਹ ਲਈਆਂ ਸਨ।

‘‘ਸੁੱਖੀ ਦਾ ਸੀ। ... ਹਾਂ, ਸੁੱਖ ਖ਼ੈਰ ਹੀ ਹੈ।’’ ਉਹ ਆਪਣੀ ਪਤਨੀ ਨਵਦੀਪ ਦੇ ਅੱਧ ਨੀਂਦ ਵਿਚ ਪੁੱਛੇ ਕਿੰਨੇ ਸਾਰੇ ਸਵਾਲਾਂ ਦੇ ਜਵਾਬ ਦੋ ਸਤਰਾਂ ਵਿਚ ਦੇ ਕੇ ਚੁੱਪ ਕਰ ਗਿਆ ਹੈ।
ਉਹਨੇ ਨਵਦੀਪ ਨੂੰ ਸੌਣ ਲਈ ਕਿਹਾ ਹੈ ਪਰ ਉਹਦੀ ਆਪਣੀ ਨੀਂਦ ਉੱਡ-ਪੁੱਡ ਗਈ ਹੈ। ਪਤਨੀ ਦੇ ਘੁਰਾੜੇ ਦੁਬਾਰਾ ਵੱਜਣ ਲੱਗ ਪਏ ਹਨ। ਉਹਦੀਆਂ ਅੱਖਾਂ ਛੱਤ ਵੱਲ ਲੱਗ ਗਈਆਂ ਹਨ। ਥੋੜ੍ਹੇ ਦਿਨ ਪਹਿਲਾਂ ਰੇਸ਼ਮਾ ਦੀ ਖ਼ਬਰ ਉਹਨੂੰ ਵਲੂੰਧਰ ਕੇ ਰੱਖ ਗਈ ਸੀ। ਉਹ ਤੇ ਕਿੰਨਾ ਜ਼ੁਲਮ ਢਾਹਿਆ ਸੀ ਜਰਵਾਣਿਆਂ ਨੇ। ਉਹਦੇ ਮੁੰਹੋਂ ਸਫੈਦਪੋਸ਼ ਕਿਆਂ ਨੂੰ ਕਿਲੋ ਦੀ ਗਾਲ੍ਹ ਨਿਕਲੀ ਹੈ। ਉਹਨੂੰ ਉਹ ਦਿਨ ਵੀ ਯਾਦ ਆਏ, ਜਦੋਂ ਉਹ ਲੁਕ ਲੁਕ ਕੇ ਦਿਨ ਕੱਟਦੇ ਸਨ। ਉਹਦੇ ਭਤੀਜੇ ਸੁੱਖੀ ਕੋਲ ਮੁਸ਼ਤਾਕ ਦੀ ਖ਼ਬਰ ਤਾਂ ਸੀ ਪਰ ਪੂਰੀ ਡੀਟੇਲ ਨਹੀਂ ਸੀ।

ਉਹ ਤਾਂ ਖ਼ਬਰ ਸੁਣਦੇ ਸਾਰ ਹੀ ਅਪਸੈੱਟ ਹੋ ਗਿਆ। ਹੁਣ ਉਹ ਬੈੱਡ ’ਤੇ ਪਿਆ ਪਾਸਾ ਵੀ ਨਹੀਂ ਸੀ ਲੈ ਰਿਹਾ। ਖ਼ੌਰੇ ਨਵਦੀਪ ਜਾਗ ਹੀ ਨਾ ਪਵੇ? ਉਨ੍ਹਾਂ ਸਵੇਰੇ ਡਿਉਟੀ ਵੀ ਕਰਨੀ ਹੈ। ਨਾਲੇ ਉਹ ਕਿਹੜਾ ਮੁਸ਼ਤਾਕ ਜਾਂ ਰੇਸ਼ਮਾ ਨੂੰ ਜਾਣਦੀ ਨਹੀਂ। ਉਹ ਜਦੋਂ ਵੀ ਇੰਡੀਆ ਗੇੜਾ ਮਾਰਦੇ, ਮੁਸ਼ਤਾਕ ਨੂੰ ਘਰ ਸੱਦ ਲੈਂਦੇ। ਘਰ ਦੇ ਕੰਮਾਂ ਕਾਰਾਂ ਦੀ ਸਾਰੀ ਜ਼ੁੰਮੇਵਾਰੀ ਉਹਨੂੰ ਸੰਭਾਲ ਦਿੰਦੇ। ਰੇਸ਼ਮਾ ਤੇ ਉਹਦੀ ਮਾਂ ਰਸੋਈ ਦਾ ਕੰਮ ਕਰਦੀਆਂ, ਕੱਪੜੇ ਲੀੜੇ ਧੋਣ ਤੇ ਪ੍ਰੈੱਸ ਕਰਨ ਤੋਂ ਲੈ ਕੇ ਸਭ ਛੋਟੇ ਵੱਡੇ ਕੰਮ ਕਰਦੀਆਂ। ਉਹ ਸੋਚ ਰਿਹਾ, ਇਸ ਵੇਲੇ ਉਸ ਪਰਿਵਾਰ ’ਤੇ ਕੀ ਬੀਤ ਰਹੀ ਹੋਵੇਗੀ?
ਪਿਛਲੇ ਸਾਲ ਸਿਆਲਾਂ ਵਿਚ ਉਹ ਸੁੱਖੀ ਦਾ ਵਿਆਹ ਕਰਨ ਗਏ ਸੀ। ਛੇ ਵੀਕ ਪੰਜਾਬ ਰਹੇ ਸਨ। ਉਹਨਾਂ ਦਿਨਾਂ ਵਿਚ ਵੀ ਇਕ ਘਟਨਾ ਵਾਪਰ ਗਈ ਸੀ। ਉਹਨਾਂ ਦੇ ਪਿੰਡ ਮਜ਼੍ਹਬੀਆਂ, ਤੇਲੀਆਂ ਤੇ ਬਾਜ਼ੀਗਰਾਂ ਦੇ ਘਰ ਇਕੱਠੇ ਹੀ ਹਨ। ਉਹਨਾਂ ਘਰਾਂ ਵਿਚ ਹੀ ਬਾਜ਼ੀ ਪਾਉਣ ਵਾਲੇ ਦੌਲੇ ਦੇ ਮੁੰਡੇ ਦੀ ਕਰਿਆਨੇ ਦੀ ਦੁਕਾਨ ਹੈ। ਸਫ਼ੈਦਪੋਸ਼ ਸਰਦਾਰ ਦੇ ਦੋਨੋਂ ਪੜਪੋਤੇ ਤੇ ਉਹਨਾਂ ਦੇ ਸਾਥੀ ਰਾਤ ਨੂੰ ਹਵੇਲੀ ਵਿਚ ਸ਼ਰਾਬ ਦੀ ਮਹਿਫ਼ਿਲ ਜਮਾ ਕੇ ਬੈਠੇ ਸਨ। ਉਹਨਾਂ ਨੇ ਜਾਂ ਤਾਂ ਸਿਗਰਟਾਂ ਲੈਣੀਆਂ ਹੋਣੀਆਂ ਜਾਂ ਕੋਈ ਭੁਜੀਆ ਵਗੈਰਾ। ਉਹ ਰਾਤ ਦੇ ਬਾਰਾਂ-ਇਕ ਵਜੇ ਆ ਕੇ ਆਵਾਜ਼ਾਂ ਮਾਰਨ ਲੱਗ ਪਏ। ਸ਼ਾਇਦ ਦੌਲੇ ਦਾ ਮੁੰਡਾ ਘਰ ਨਹੀਂ ਸੀ। ਨੂੰਹ ਨੇ ਸ਼ੌਪ ਖੋਲ੍ਹੀ ਨਾ। ਉਹ ਗਾਲ੍ਹਾਂ ਕੱਢਣ ਲੱਗ ਪਏ। ਦੁਕਾਨ ਦੇ ਬਾਹਰ ਬੈਂਚ ਪਏ ਸਨ। ਉਹ ਭੰਨ ਸੁੱਟੇ। ਦਰਵਾਜ਼ੇ ਉੱਤੇ ਲੋਹੇ ਦਾ ਟੀਨ ਸੀ। ਉਸ ਉੱਤੇ ਨੇਮ ਬੋਰਡ ਲੱਗਾ ਹੋਇਆ ਸੀ। ਉਹ ਚੁੱਕ ਕੇ ਗਲੀ ਵਿਚ ਮਾਰੇ। ਦੁਕਾਨ ਦੇ ਦਰਵਾਜ਼ੇ ਉੱਤੇ ਲੱਤਾਂ ਮਾਰਨ ਲੱਗ ਪਏ। ਉਹਨੀਂ ਪੂਰਾ ਖਰੂਦ ਪਾਇਆ ਸੀ। ਕੋਈ ਕੁਸਕ ਨਹੀਂ ਰਿਹਾ ਸੀ। ਸਭ ਦੀਆਂ ਜੀਭਾਂ ਨੂੰ ਤਾਲੇ ਲੱਗ ਗਏ ਸਨ। ਜਦੋਂ ਦੌਲੇ ਤੇ ਉਹਦੀ ਨੂੰਹ ਦੀਆਂ ਚੀਕਾਂ ਉੱਚੀਆਂ ਹੋਈਆਂ ਤਾਂ ਮੁਸ਼ਤਾਕ ਨੇ ਕੋਠੇ ਚੜ੍ਹ ਕੇ ਲਲਕਾਰਾ ਮਾਰ ਦਿੱਤਾ ਸੀ।
‘‘ਕਿਹੜਾ ਆ ਓਏ? ... ਜਾਣ ਨਾ ਭੱਜ ਕੇ। ਅਸੀਂ ਆ ਰਲੇ।’’
ਮੁਸ਼ਤਾਕ ਦੇ ਮਗਰ ਹੀ ਪੰਜ-ਸੱਤ ਹੋਰ ਆਵਾਜ਼ਾਂ ਉੱਠ ਪਈਆਂ ਸਨ। ਉਹਨੀਂ ਆਪਣੇ ਆਪ ਨੂੰ ਘਿਰਦੇ ਦੇਖਿਆ ਤਾਂ ਉਹ ਪੱਤਰੇ ਵਾਚ ਗਏ। ਨਵਦੀਪ ਤੇ ਬਲਵਿੰਦਰ ਜੱਜ ਨੂੰ ਰਾਤ ਵਾਲੀ ਘਟਨਾ ਦਾ ਸਵੇਰੇ ਉੱਠ ਕੇ ਹੀ ਪਤਾ ਲੱਗਾ ਸੀ। ਉਹ ਉਨ੍ਹਾਂ ਦੇ ਮੁਹੱਲੇ ਜਾ ਕੇ ਵੀ ਆਏ ਸਨ। ਬਲਵਿੰਦਰ ਜੱਜ ਨੇ ਉਹਨੂੰ ਸ਼ਾਬਾਸ਼ੇ ਦਿੱਤੀ ਸੀ।
ਜੱਜ ਦੀਆਂ ਅੱਖਾਂ ਪਰਦਿਆਂ ਵੱਲ ਤਾੜੇ ਲੱਗੀਆਂ ਹੋਈਆਂ ਸਨ। ਹੁਣ ਉਹ ਪਰਦਿਆਂ ਤੋਂ ਅੱਖਾਂ ਘੁੰਮਾ ਕੇ ਲਿਵਿੰਗ ਰੂਮ ਦੀ ਕੰਧ ’ਤੇ ਲੈ ਗਿਆ ਹੈ। ਜਿਥੇ ਮਿੰਨ੍ਹੀ-ਮਿੰਨ੍ਹੀ ਰੌਸ਼ਨੀ ਵਿਚ ਪਾਸ਼ ਦੀਆਂ ਅੱਖਾਂ ਚਮਕ ਪਈਆਂਹਨ। ਕੰਧ ’ਤੇ ਤਸਵੀਰ ਤਾਂ ਕ੍ਰਾਂਤੀਕਾਰੀ ਸ਼ਾਇਰ ਪਾਸ਼ ਦੀ ਹੈ ਪਰ ਉਹਨੂੰ ਝਾਉਲਾ ਪੈ ਰਿਹਾ ਜਿਵੇਂ ਪਾਸ਼ ਦੇ ਨਾਲ ਵਾਲੀ ਜਗ੍ਹਾ ’ਤੇ ਮੁਸ਼ਤਾਕ ਢਾਂਗੀ ਚੁੱਕੀ ਪਸ਼ੂਆਂ ਨਾਲ ਜਾ ਰਿਹਾ ਹੈ। ਪਾਸ਼ ਉਸ ਦੀ ਪਿੱਠ ਉੱਤੇ ਕਵਿਤਾ ‘ਕੰਡੇ ਦਾ ਜ਼ਖ਼ਮ’ ਲਿਖ ਰਿਹਾ ਹੈ। ਉਹ ਲਾਈਨਾਂ ਤਾਂ ਉਹਦੇ ਅੰਦਰ ਉੱਕਰੀਆਂ ਹੋਈਆਂ ਹਨ ਪਰ ਉਹਨੂੰ ਇਵੇਂ ਲੱਗ ਰਿਹਾ ਜਿਵੇਂ ਕੰਧ ’ਤੇ ਲਿਖੀਆਂ ਹੋਣ-
ਉਹ ਬਹੁਤ ਦੇਰ ਤੱਕ ਜੀਂਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ,

ਧਰਤੀ ਬਹੁਤ ਵੱਡੀ ਸੀ
ਤੇ ਉਸ ਦਾ ਪਿੰਡ ਬਹੁਤ ਛੋਟਾ
ਉਹ ਸਾਰੀ ਉਮਰ ਇਕੋ ਛੰਨ ਵਿਚ ਸੌਂਦਾ ਰਿਹਾ
ਉਹ ਸਾਰੀ ਉਮਰ ਇਕੋ ਖੇਤ ਵਿਚ ਹੱਗਦਾ ਰਿਹਾ
ਅਤੇ ਚਾਹੁੰਦਾ ਰਿਹਾ
ਕਿ ਉਸ ਦਾ ਨਾਮ ਰਹਿ ਸਕੇ।
ਮੁਸ਼ਤਾਕ ਕਦੇ ਉਹਦੇ ਪਿੰਡ ਦਾ ਵਾਗੀ ਹੁੰਦਾ ਸੀ। ਉਹ ਪਿੰਡ ਦਾ ਮਾਲ ਡੰਗਰ ਚਾਰਦਾ ਰਿਹਾ। ਹੁਣ ਤੇ ਬੁੱਢਾ ਹੋ ਗਿਆ ਸੀ। ਸੱਤਰਵਿਆਂ ਦਾ ਉਹ ਭਰ ਜੁਆਨ ਵਾਗੀ ਉਹਦੇ ਮੋਹਰੇ ਘੰਮੀ ਜਾਂਦਾ ਹੈ। ਉਨ੍ਹਾਂ ਦਾ ਪਿੰਡ ਕੋਈ ਬਹੁਤ ਵੱਡਾ ਨਹੀਂ ਸੀ। ਤਿੰਨ ਕੁ ਸੌ ਦੇ ਨੇੜੇ ਤੇੜੇ ਘਰ ਹੋਣਗੇ। ਪੰਜ-ਸੱਤ ਜ਼ਿੰਮੀਂਦਾਰਾਂ ਦੇ ਘਰ ਤਾਂ ਵਾਹਵਾ ਖੁਸ਼ਹਾਲ ਸਨ। ਸਫ਼ੈਦਪੋਸ਼। ਸਰਦਾਰ ਲਛਮਣ ਸਿੰਘ ਕੋਲ ਜ਼ਮੀਨ ਦੀ ਸਭ ਤੋਂ ਵੱਡੀ ਢੇਰੀ ਸੀ। ਉਹ ਅੰਗਰੇਜ਼ ਹਕੂਮਤ ਵੇਲੇ ਸਰਕਾਰ ਦਾ ਖੈਰ ਖਵਾਹ ਰਿਹਾ ਸੀ। ਉਸ ਨੂੰ ਇਵਜ਼ ਵਿਚ ਸਰਕਾਰ ਵਲੋਂ ਮੁਹੱਬੇ ਮਿਲੇ ਹੋਏ ਸਨ। ਉਹਨਾਂ ਦੇ ਆਪਣੇ ਕਾਮੇ ਸਨ। ਬਾਕੀ ਪਿੰਡ ਦੇ ਲੋਕ ਮਾਤ੍ਹੜ ਹੀ ਸਨ। ਉਂਝ ਪਿੰਡ ਦੀ ਬਹੁਤੀ ਆਬਾਦੀ ਕੰਬੋਆਂ ਦੀ ਸੀ। ਬਾਕੀ ਜਿੰਨੇ ਕੰਬੋਅ ਤੇ ਜੱਟ ਸਨ, ਡੇਢ ਜਾਂ ਦੋ ਖੇਤਾਂ ਦੇ ਮਾਲਕ ਸਨ। ਇਹ ਕੋਈ ਡੇਢ ਕੁ ਸੌ ਘਰ ਹੋਏਗਾ।
ਇਨ੍ਹਾਂ ਵਿੱਚੋਂ ਅੱਧੇ ਘਰਾਂ ਦੀਆਂ ਕੱਟੀਆਂ, ਕੱਟੇ, ਮੱਝਾਂ, ਝੋਟੇ, ਗਾਵਾਂ, ਵੱਛੇ, ਬਲਦ ਤੇ ਬੱਕਰੀਆਂ ਆਦਿ ਚਾਰਨ ਮੁਸ਼ਤਾਕ ਲੈ ਜਾਂਦਾ। ਉਹਦੇ ਨਾਲ ਦਾਤ ਤੇ ਮਸ਼ਕ ਚੁੱਕੀ ਉਹਦਾ ਭਤੀਜਾ ਤੁਰਿਆ ਹੁੰਦਾ। ਉਹਦਾ ਭਰਾ ਨਜੀਰਾ ਤੇ ਨਜੀਰੇ ਦਾ ਵੱਡਾ ਮੁੰਡਾ ਬਾਕੀ ਅੱਧੇ-ਘਰਾਂ ਦੇ ਡੰਗਰ ਚਾਰਨ ਲਈ ਲੈ ਕੇ ਜਾਂਦੇ। ਮੁਸ਼ਤਾਕ ਦਾ ਇਕ ਅਸੂਲ ਸੀ ਉਹ ਕਿਸੇ ਦੇ ਘਰ ਤੋਂ ਨਾ ਡੰਗਰ ਲੈਣ ਜਾਂਦਾ ਸੀ ਤੇ ਨਾ ਛੱਡਣ। ਉਹ ਪਿੰਡ ਦੇ ਸ਼ਾਮਲਾਟ ਵਿਚ ਪੁੱਜ ਜਾਂਦਾ। ਲੋਕ ਉਥੇ ਹੀ ਉਹਨੂੰ ਪਸ਼ੂ ਸੰਭਾਲ ਕੇ ਜਾਂਦੇ। ਜੇਕਰ ਕਿਸੇ ਦਾ ਮਾਲ ਵੱਛਾ ਰਹਿ ਜਾਣਾ, ਉਨ੍ਹਾਂ ਆਪ ਮਗਰ ਜਾਣਾ ਤੇ ਨਾਲ ਰਲਾ ਕੇ ਆਉਣੇ।
ਉਨ੍ਹਾਂ ਸਮਿਆਂ ਵਿਚ ਸਾਲ ਦੀ ਇਕ ਫ਼ਸਲ ਹੁੰਦੀ ਸੀ। ਉਹ ਵੀ ਸਾਉਣੀ ਦੀ ਫ਼ਸਲ ਜੋ ਮੀਂਹ ਦੇ ਸਹਾਰੇ ਪਲਦੀ ਸੀ। ਬਾਕੀ ਸਾਰਾ ਸਾਲ ਖੁਸ਼ਕੀ, ਵੀਰਾਨੀ ਪਈ ਰਹਿੰਦੀ। ਗਰੀਬੀ ਬਹੁਤ ਹੁੰਦੀ ਸੀ। ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਟਿੱਬੇ ਹੁੰਦੇ ਸਨ। ਰੇਤ ਮੱਤ ਮਾਰੀ ਰੱਖਦੀ। ਮੁਸ਼ਤਾਕ ਨੇ ਸਾਰੇ ਪਸ਼ੂ ਪਿੰਡ ਤੋਂ ਬਾਹਰਲੀ ਢਾਬ ’ਤੇ ਚਰਨ ਲਾ ਦੇਣੇ। ਪਸ਼ੂਆਂ ਦੀਆਂ ਅਡਿੰਗਣੀਆਂ ਉਸ ਦਾ ਦਿਨ ਭਰ ਜੀਅ ਲਾਈ ਰੱਖਦੀਆਂ। ਕੁਝ ਪਸ਼ੂਆਂ ਦੇ ਤਾਂ ਉਹਨੇ ਨਾਂ ਵੀ ਧਰੇ ਹੋਏ ਸਨ। ਬਲਵਿੰਦਰ ਹੁਰਾਂ ਦੀ ਪੰਜ ਕਲਿਆਣੀ ਦਾ ਨਾਂ ਉਹਨੇ ਬਿੱਲੋ ਰੱਖਿਆ ਹੋਇਆ ਸੀ। ਉਹ ਨਾਂ ਲੈ ਕੇ ਜਦੋਂ ਪਸ਼ੂ ਨੂੰ ਦਬਕਾ ਮਾਰਦਾ, ਮਜ਼ਾਲ ਸੀ ਪਸ਼ੂ ਹਿੱਲ ਵੀ ਜਾਂਦਾ।
ਜਦੋਂ ਸੂਰਜ ਆਪਣੀ ਲਾਲੀ ਨਾਲ ਪਿੰਡ ਦੇ ਰੇਤਲੇ ਟਿੱਬਿਆਂ ਨੂੰ ਲਾਲ ਕਰ ਦਿੰਦਾ, ਮੁਸ਼ਤਾਕ ਵੀ ਉਦੋਂ ਈ ਪਸ਼ੂਆਂ ਨੂੰ ਪਿੰਡ ਵੱਲ ਲੈ ਤੁਰਦਾ। ਪਸ਼ੂ ਨਿੱਤ ਦੇ ਵਾਂਗ ਜੁਗਾਲੀ ਕਰਦੇ ਸ਼ਾਮਲਾਟ ਪੁੱਜ ਜਾਂਦੇ। ਉਥੇ ਆਪਣੇ ਮਾਲਕਾਂ ਨੂੰ ਦੇਖ ਕੇ ਅੜਿੰਗਣ ਲੱਗ ਪੈਂਦੇ। ਉਹ ਹੱਕਦੇ ਉਨ੍ਹਾਂ ਨੂੰ ਖੁਰਲੀਆਂ ਤੱਕ ਲੈ ਜਾਂਦੇ। ਸੰਗਲ ਪਾ ਕੇ ਬੰਨ੍ਹ ਲੈਂਦੇ।
ਦਬੰਗ ਅੱਖਾਂ ਵਾਲੇ ਸ਼ਾਇਰ ਨਾਲ ਮੁੜ ਬਲਵਿੰਦਰ ਨੇ ਅੱਖਾਂ ਮਿਲਾਈਆਂ ਹਨ। ਮੁਸ਼ਤਾਕ ਤੇ ਉਹਦਾ ਭਤੀਜਾ ਲੋਕਾਂ ਦੇ ਘਰਾਂ ਵਿਚ ਰੋਟੀ ਲੈਣ ਤੁਰੇ ਹੋਏ ਹਨ। ਬਲਵਿੰਦਰ ਨੂੰ ਲੱਗਾ ਜਿਵੇਂ ਪਾਸ਼ ਫੋਟੋ ਵਿੱਚੋਂ ਨਿਕਲ ਕੇ ਆਪਣੀ ਸਤਰਾਂ ਦੀਆਂ ਕਵਿਤਾਵਾਂ ਗੁਣਗੁਣਾਉਣ ਲੱਗ ਪਿਆ ਹੈ।
ਉਸ ਉਮਰ ਭਰ ਬੱਸ ਤਿੰਨ ਹੀ ਆਵਾਜ਼ਾਂ ਸੁਣੀਆਂ
ਇਕ ਕੁਕੜ ਦੀ ਬਾਂਗ ਸੀ
ਇਕ ਡੰਗਰਾਂ ਦੇ ਘਰਕਣ ਦੀ ਆਵਾਜ਼
ਤੇ ਇਕ ਆਪਣੇ ਹੀ ਬੁੱਟਾਂ ਵਿਚ ਰੋਟੀ ਪੁਚਾਕਣ ਦੀ
ਟਿੱਬਿਆਂ ਦੇ ਰੇਸ਼ਮੀ ਚਾਨਣ ਵਿਚ
ਸੂਰਜ ਦੇ ਅਸਤਣ ਦੀ ਆਵਾਜ਼ ਉਸ ਨੇ ਕਦੇ ਨਹੀਂ ਸੁਣੀ
ਬਹਾਰ ਵਿਚ ਫੁੱਲਾਂ ਦੇ ਚਟਖਣ ਦੀ ਆਵਾਜ਼ ਉਸ ਨੇ ਕਦੀ ਨਹੀਂ ਸੁਣੀ
ਤਾਰਿਆਂ ਨੇ ਕਦੇ ਵੀ ਉਸ ਦੇ ਲਈ ਕੋਈ ਗੀਤ ਨਹੀਂ ਗਾਇਆ।
ਮੁਸ਼ਤਾਕ ਦੀ ਖ਼ਬਰ ਤੇ ਉਸ ਬਾਰੇ ਕਵਿਤਾ ਯਾਦ ਕਰਕੇ ਸ਼ਾਇਰ ਬਲਵਿੰਦਰ ਜੱਜ ਦੇ ਅੰਦਰੋਂ ਕੁਝ ਟੁੱਟਿਆ ਹੈ। ਉਹਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ ਹਨ। ਮੁਸ਼ਤਾਕ ਦੇ ਪੁਰਖਿਆਂ ਦਾ ਪਿੰਡ ਵਿਚ ਕਦੇ ਤੇਲ ਕੱਢਣ ਦਾ ਕੋਹਲੂ ਹੁੰਦਾ ਸੀ। ਇਲਾਕੇ ਵਿਚ ਉਸ ਦੀ ਮਸ਼ਹੂਰੀ ਬੜੀ ਸੀ। ਇਸ ਕੋਹਲੂ ਦੀ ਚੜ੍ਹਤ ਨਾ ਬਲਵਿੰਦਰ ਨੇ ਦੇਖੀ ਤੇ ਨਾ ਹੀ ਮੁਸ਼ਤਾਕ ਹੁਰੀਂ। ਬਲਵਿੰਦਰ ਦਾ ਬਾਪ ਦਸਦਾ ਹੁੰਦਾ ਸੀ-‘ਜਿਥੇ ਹੁਣ ਸਰਕਾਰੀ ਸਕੂਲ ਦੀ ਇਮਾਰਤ ਹੈ। ਇਹਦੇ ਲਾਗੇ ਦਿਨ ਰਾਤ ਕੋਹਲੂ ਚਲਦਾ ਹੁੰਦਾ ਸੀ। ਜਦੋਂ ਦੇਸ਼ ਦਾ ਬਟਵਾਰਾ ਹੋਇਆ, ਇਹ ਪਰਿਵਾਰ ਵੀ ਲੁੱਟਿਆ ਪੁੱਟਿਆ ਗਿਆ। ਉਂਝ ਮੁੜ ਕੇ ਕੋਹਲੂ ਚਾਲੂ ਤਾਂ ਕਰ ਲਿਆ ਸੀ ਪਰ ਉਹਨਾਂ ਦੇ ਪੈਰ ਨਾ ਲੱਗੇ। ਮਾੜੀ ਮੋਟੀ ਰੋਟੀ ਖਾਣ ਜੋਗੇ ਹੋ ਗਏ ਸਨ। ਫਿਰ ਸ਼ਹਿਰਾਂ ਵਿਚ ਵੱਡੇ ਵੱਡੇ ਕੋਹਲੂ ਲੱਗ ਗਏ। ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਤੇਲ ਤੇ ਬਨਾਉਟੀ ਘਿਓ ਆਉਣ ਲੱਗੇ। ਮਾਰਕੀਟ ਦਾ ਸਸਤਾ ਤੇਲ ਪਿੰਡਾਂ ਵੱਲ ਨੂੰ ਰੁਖ ਕਰ ਗਿਆ। ਮੁਸ਼ਤਾਕ ਦੇ ਬਜ਼ੁਰਗਾਂ ਤੋਂ ਮਹਿੰਗਾ ਤੇ ਸ਼ੁੱਧ ਤੇਲ ਕੌਣ ਖਰੀਦਦਾ? ਇਹਨਾਂ ਦੇ ਕੋਹਲੂ ਤੋਂ ਮੱਖੀਆਂ ਉੱਡਣ ਲੱਗੀਆਂ। ਮੁਸ਼ਤਾਕ ਤੇ ਨਜ਼ੀਰਾ ਉਦੋਂ ਦਸ ਬਾਰਾਂ ਸਾਲਾਂ ਦੇ ਹੋਣਗੇ, ਜਦੋਂ ਇਨ੍ਹਾਂ ਦਾ ਬਾਪ ਚਲ ਵਸਿਆ। ਇਹ ਉਦੋਂ ਦੇ ਹੀ ਲੋਕਾਂ ਦੇ ਪਸ਼ੂ ਚਾਰਨ ਲੱਗੇ ਹੋਏ ਹਨ।
ਬਲਵਿੰਦਰ ਨੇ ਅੱਖਾਂ ਪੂੰਝੀਆਂ ਹਨ। ਉਹਨੂੰ ਹੁਣ ਵੀ ਉਹ ਵੱਗ ਲਈ ਤੁਰਿਆ ਜਾਂਦਾ ਦਿਖਦਾ। ਲੰਮੀ ਢਾਂਗੀ ਮੋਢੇ ’ਤੇ ਝੂਲਦੀ ਪਈ ਹੈ। ਉਹਦੇ ਪਿੱਛੇ ਧੂੜ ਉੱਡ ਰਹੀ ਹੈ। ਉਹਦੇ ਕਾਲੇ ਰੰਗ ’ਤੇ ਪਈ ਮਿੱਟੀ ਵੀ ਉਹਨੂੰ ਬੇ-ਪਛਾਣ ਨਾ ਕਰਦੀ। ਉਹਨੂੰ ਉਹਦਾ ਹਦਵਾਣੇ ਵਰਗਾ ਸਿਰ ਅਜੇ ਵੀ ਦੂਰੋਂ ਚਮਕਾਂ ਮਾਰਦਾ ਦਿਸ ਰਿਹਾ ਹੈ। ਜਿੱਦਣ ਉਹ ਸਿਰ ’ਤੇ ਪਰਨਾ ਬੰਨ੍ਹ ਲੈਂਦਾ। ਪਰਨੇ ਦੇ ਲੜ ਢਿੱਲੇ ਹੁੰਦੇ। ਉਸ ਵਿਚੋਂ ਵਾਲਾਂ ਦੀਆਂ ਜਟੂਰੀਆਂ ਬਾਹਰ ਨੂੰ ਝਾਕ ਰਹੀਆਂ ਹੁੰਦੀਆਂ। ਉਹਨੂੰ ਉਹਦੀ ਅਣਵਾਹੀ ਦਾੜ੍ਹੀ ਦੀ ਝਲਕ ਅਜੇ ਵੀ ਸਾਫ਼ ਦਿਖ ਰਹੀ ਹੈ।
ਪਾਸ਼ ਪਿੰਡ ਆਉਂਦਾ। ਉਹਦੇ ਨਾਲ ਗੱਲੀਂ ਜੁੱਟ ਜਾਂਦਾ। ਜਿਵੇਂ ਚਿੱਤਰਕਾਰ ਕਿਸੇ ਆਜੜੀ ਨੂੰ ਕੋਲ ਬਿਠਾ ਕੇ ਪੇਂਟਿੰਗ ਬਣਾਉਂਦਾ ਹੈ। ਉਹ ਉਵੇਂ ਉਹਦੇ ਢਿੱਡ ਵਿਚ ਜਾ ਵੜਦਾ। ਉਹ ਵੀ ਰੰਗਾਂ ਵਾਂਗ ਸ਼ਬਦਾਂ ਨਾਲ ਘੁਲ ਮਿਲ ਜਾਂਦਾ। ਉਹੀ ਸ਼ਬਦ ਹੁਣ ਬਲਵਿੰਦਰ ਦੇ ਬੁੱਲ੍ਹਾਂ ’ਤੇ ਆਏ ਹਨ।
ਉਮਰ ਭਰ ਉਹ ਤਿੰਨ ਹੀ ਰੰਗਾਂ ਤੋਂ ਬੱਸ ਵਾਕਿਫ਼ ਰਿਹਾ
ਇਕ ਰੰਗ ਭੌਇੰ ਦਾ ਸੀ
ਜਿਦ੍ਹਾ ਕਦੇ ਵੀ ਉਹਨੂੰ ਨਾਂ ਨਹੀਂ ਆਇਆ।
ਇਕ ਰੰਗ ਅਸਮਾਨ ਦਾ ਸੀ
ਜਿਦ੍ਹੇ ਬਹੁਤ ਸਾਰੇ ਨਾਂ ਸਨ
ਪਰ ਕੋਈ ਵੀ ਉਹਦੀ ਜੀਭ ’ਤੇ ਚੜ੍ਹਦਾ ਨਹੀਂ ਸੀ।
ਇਕ ਰੰਗ ਉਹਦੀ ਤੀਵੀਂ ਦੀਆਂ ਗਲ੍ਹਾਂ ਦਾ ਸੀ
ਜਿਸ ਦਾ ਕਦੇ ਵੀ ਸੰਗਦਿਆਂ ਉਸ ਨਾਂ ਨਹੀਂ ਲਿਆ।
ਬਲਵਿੰਦਰ ਨੂੰ ਮੁਸ਼ਤਾਕ ਰੋਟੀਆਂ ਖਾ ਰਿਹਾ ਦਿਖ ਰਿਹਾ ਹੈ। ਉਹ ਮੇਥਿਆਂ ਵਾਲੀਆਂ ਮੱਕੀ ਦੀਆਂ ਪੰਦਰਾਂ-ਵੀਹ ਰੋਟੀਆਂ ਖਾ ਕੇ ਹੀ ਲੱਸੀ ਪੀਂਦਾ ਸੀ। ਫ਼ਿਰ ਉਹ ਡਕਾਰ ਮਾਰਦਾ ਤੇ ਤੁਰ ਪੈਂਦਾ। ਪਹਿਲਾਂ ਪਹਿਲ ਬਲਵਿੰਦਰ ਨੇ ਪਾਸ਼ ਨੂੰ ਉਹਦੇ ਖਾਣ ਪੀਣ ਬਾਰੇ ਦੱਸਿਆ ਸੀ ਤਾਂ ਉਹਨੇ ਯਕੀਨ ਨਹੀਂ ਸੀ ਕੀਤਾ। ਉਹ ਜਿਨ੍ਹਾਂ ਸੱਤਰ-ਪਝੱਤਰ ਘਰਾਂ ਦਾ ਮਾਲ ਚਾਰਦੇ ਸੀ, ਉਨ੍ਹਾਂ ਘਰਾਂ ਵਿਚ ਹੀ ਖਾਂਦੇ ਪੀਂਦੇ ਸੀ। ਹਰ ਘਰ ਨੇ ਉਹਨੂੰ ਇਕ ਦਿਨ ਰੋਟੀ, ਚਾਹ-ਪਾਣੀ ਤੇ ਬੀੜੀਆਂ ਦਾ ਬੰਡਲ ਦੇਣੇ ਹੁੰਦੇ ਸਨ। ਸੱਤਰ-ਪਝੱਤਰ ਦਿਨਾਂ ਬਾਅਦ ਅਗਲੇ ਘਰ ਦੀ ਵਾਰੀ ਆਉਂਦੀ ਸੀ। ਜਿਸ ਦਿਨ ਜਿਸ ਘਰ ਦੀ ਵਾਰੀ ਹੁੰਦੀ, ਉਸ ਘਰ ਦੀਆਂ ਬੁੜ੍ਹੀਆਂ-ਕੁੜੀਆਂ ਸਵੇਰ ਤੋਂ ਈ ਮੰਨੇ ਥੱਪਣ ਲੱਗ ਪੈਂਦੀਆਂ।
‘‘ਚਾਚਾ, ਬੀਬੀ ਰੱਜਵੀਂ ਚਾਹ ਵੀ ਦਿੰਦੀ ਆ ਕਿ ਨ੍ਹੀਂ?’’ ਪਾਸ਼ ਨੇ ਇਕ ਵਾਰ ਉਹਨੂੰ ਛੇੜਿਆ ਸੀ।
ਉਹ ਉਨ੍ਹਾਂ ਤੋਂ ਉਮਰ ਵਿਚ ਮਸਾਂ ਪੰਜ-ਸੱਤ ਸਾਲ ਵੱਡਾ ਹੋਏਗਾ ਪਰ ਪਿੰਡ ਵਿਚੋਂ ਲੱਗਦੇ ਰਿਸ਼ਤੇ ਵਿੱਚੋਂ ਉਹ ਬਲਵਿੰਦਰ ਹੁਰਾਂ ਦਾ ਚਾਚਾ ਹੀ ਲੱਗਦਾ ਸੀ। ਪਿੰਡ ਦਾ ਵੱਡਾ ਕੀ ਤੇ ਛੋਟਾ ਕੀ ਸਭ ਉਹਨੂੰ ਮੁਸ਼ਤਾਕਾ ਹੀ ਸੱਦਦੇ। ਸਿਰਫ਼ ਬਲਵਿੰਦਰ ਦੇ ਪਾਸ਼ ਚਾਚਾ ਸੱਦਦੇ ਸਨ।
‘‘ਐਵੇਂ ਡੇਢ ਕੁ ਕੱਪ ਮਿਲਦਾ। ਰੱਜਵੀਂ ਨਹੀਂ ਮਿਲਦੀ।’’ ਉਹਨੇ ਸਿਕਰੀ ਭਰੇ ਕਾਲੇ ਬੁੱਲ੍ਹਾਂ ਉੱਤੇ ਰੱਤੀ ਜੀਭ ਫੇਰ ਕੇ ਕਿਹਾ ਸੀ।
ਬੀਬੀ ਨੇ ਉਹਨਾਂ ਨੂੰ ਉਹਦਾ ਕੱਪ ਦੇਖਣ ਨੂੰ ਕਿਹਾ। ਉਹਦੇ ਕੋਲ ਫ਼ੌਜੀਆਂ ਵਾਲਾ ਦੋ ਲਿਟਰ ਦਾ ਮੱਘ ਸੀ। ਠੋਕ-ਠੋਕ ਕੇ ਉਹਦਾ ਹੇਠਲਾ ਹਿੱਸਾ ਬਾਹਰ ਨੂੰ ਕੱਢਿਆ ਹੋਇਆ ਸੀ। ਉਹ ਕੱਪ ਦੇਖ ਕੇ ਹੱਸ ਪਏ।
ਇਕ ਦਿਨ ਉਹ ਗੰਨੇ ਪੀੜ ਰਹੇ ਸੀ। ਅਜੇ ਗੁੜ ਦੀ ਇਕ ਪੱਤ ਹੀ ਕੱਢੀ ਸੀ। ਕਮਾਦ ਵੱਲ ਗਿਆ ਝੁਕਾਵਾ ਆ ਕੇ ਕਹਿਣ ਲੱਗਾ।
‘‘ਕਿਸੇ ਨੇ ਕੱਲ੍ਹ ਦੀਆਂ ਦੋ ਗੰਨਿਆਂ ਦੀਆਂ ਭਰੀਆਂ ਚੂਪ ਕੇ ਛਿਲਕਿਆਂ ਦੇ ਢੇਰ ਲਾਏ ਹੋਏ ਨੇ।’’
ਉਹ ਅਜੇ ਕਿਆਫ਼ੇ ਹੀ ਲਾ ਰਹੇ ਸਨ। ਟਿੱਬੇ ਵਲੋਂ ਆਵਾਜ਼ ਆਉਣ ਲੱਗ ਪਈ, ‘‘... ਤੇਰੇ ਟਿੱਲੇ ਤੋਂ ਕੋਈ ਸੂਰਤ ਦੀਂਹਦੀ ਏ ਹੀਰ ਦੀ, ਓ ਲੈ ਦੇਖ ਗੋਰਖਾ ਉੱਡਦੀ ਏ ਫੁਲਕਾਰੀ।’ ਮੁਸ਼ਤਾਕ ਮਾਣਕ ਸਟਾਈਲ ਕੰਨ ’ਤੇ ਹੱਥ ਰੱਖ ਕੇ ਉੱਚੀ ਹੇਕ ਵਿਚ ਗਾਉਂਦਾ ਹੋਇਆ ਪਸ਼ੂਆਂ ਨੂੰ ਹੱਕੀ ਲਈ ਆ ਰਿਹਾ ਸੀ। ਪਾਸ਼ ਨੇ ਇਸ਼ਾਰਾ ਕਰਕੇ ਸੱਦ ਲਿਆ। ਰਸ ਪੀਣ ਲਈ ਸੁਲ੍ਹਾ ਮਾਰੀ। ਉਹਨੀਂ ਦਾਤ ਤੇ ਢਾਂਗੀ ਪਾਸੇ ਰੱਖੇ ਤੇ ਰਸ ਪੀਣ ਲੱਗ ਪਏ। ਭਤੀਜੇ ਨੇ ਤਾਂ ਦੋ ਡੱਬਿਆਂ ਤੋਂ ਬਾਅਦ ਹੱਥ ਖੜ੍ਹੇ ਕਰ ਦਿੱਤੇ। ਮੁਸ਼ਤਾਕ ਚੀਂਡ ਲਾ ਕੇ ਸੱਤ-ਅੱਠ ਡੱਬੇ ਪੀ ਗਿਆ। ਉਹ ਮੁਸਕਰਾ ਪਏ ਸਨ।
‘‘ਬੱਸ... ਹੋਰ ਕਿਤੇ ਰੱਜਣਾ ਆ, ਮੱਲਾ? ’’ ਉਹਨਾਂ ਨੂੰ ਮੁਸਕਰਾਉਂਦਿਆਂ ਦੇਖ ਕੇ ਦਾਤ ਤੇ ਢਾਂਗੀ ਚੁੱਕ ਕੇ ਡੰਗਰਾਂ ਨੂੰ ‘ਡਿਅਰ ਡਿਅਰ’ ਕਰਦਾ ਤੁਰ ਪਿਆ ਸੀ।
ਜਿੱਦਣ ਵੀ ਬਲਵਿੰਦਰ ਦੇ ਘਰ ਪਾਸ਼ ਆਉਂਦਾ, ਉਹ ਉਹਨੂੰ ਸੱਦ ਲੈਂਦੇ। ਉਹਦੇ ਕੋਲੋਂ ਪੂਰਨ ਭਗਤ ਜਾਂ ਜ਼ਿੰਦਗੀ ਬਿਲਾਸ ਦੇ ਕਿੱਸੇ ਸੁਣਦੇ। ਕਿੱਸਿਆਂ ਤੋਂ ਬਿਨਾਂ ਉਹਨੂੰ ਦੋ ਹੀ ਗੱਲਾਂ ਆਉਂਦੀਆਂ। ਜਾਂ ਤਾਂ ਉਹ ਮਾਲ ਦੀਆਂ ਗੱਲਾਂ ਕਰਦਾ ਜਾਂ ਫ਼ਿਰ ਸ਼ਰਤ ਲਾ ਕੇ ਖਾਣ ਪੀਣ ਦੀਆਂ। ਬਲਵਿੰਦਰ ਨੂੰ ਉਸ ਦੀਆਂ ਸ਼ਿਆਹ ਕਾਲੀਆਂ ਅੱਖਾਂ ਹੁਣ ਵੀ ਹਨੇਰੇ ਵਿਚ ਚਮਕਦੀਆਂ ਦਿਖ ਰਹੀਆਂ ਹਨ। ਇਨ੍ਹਾਂ ਅੱਖਾਂ ਵਿੱਚੋਂ ਹੀ ਉਤਰਦੀਆਂ ਪਾਸ਼ ਦੀ ਕਵਿਤਾ ਦੀਆਂ ਅਗਲੀਆਂ ਸੱਤਰਾਂ ਬਲਵਿੰਦਰ ਨੂੰ ਦਿਖ ਰਹੀਆਂ ਹਨ।
ਮੂਲੀਆਂ ਉਹ ਜ਼ਿੱਦ ਕੇ ਖਾ ਸਕਦਾ ਸੀ
ਵਧ ਕੇ ਛੱਲੀਆਂ ਚੱਬਣ ਦੀ ਉਸ ਨੇ ਕਈ ਵਾਰ ਜਿੱਤੀ ਸ਼ਰਤ
ਪਰ ਆਪ ਉਹ ਬਿਨ ਸ਼ਰਤ ਹੀ ਖਾਧਾ ਗਿਆ,
ਉਸ ਦੇ ਪੱਕੇ ਹੋਏ ਖ਼ਰਬੂਜ਼ਿਆਂ ਵਰਗੇ ਉਮਰ ਦੇ ਸਾਲ
ਬਿਨਾਂ ਹੀ ਚੀਰਿਆਂ ਨਿਗਲੇ ਗਏ
ਤੇ ਕੱਚੇ ਦੁੱਧ ਵਰਗੀ ਓਸ ਦੀ ਸੀਰਤ
ਬੜੇ ਸੁਆਦ ਨਾਲ ਪੀਤੀ ਗਈ।
ਉਹਨੂੰ ਕਦੇ ਵੀ ਨਾ ਪਤਾ ਲੱਗ ਸਕਿਆ
ਉਹ ਕਿੰਨਾ ਸਿਹਤਅਫ਼ਜ਼ਾ ਸੀ।
ਜੱਜ ਆਪਣੇ ਸ਼ਾਇਰ ਯਾਰ ਪਾਸ਼ ’ਤੇ ਬਲਿਹਾਰੇ ਗਿਆ ਹੈ। ਇਹ ਦੋ ਹਜ਼ਾਰ ਤੇਰਾਂ ਦਾ ਵਰ੍ਹਾ ਹੈ। ਉਹਨੇ ਚਾਲੀ ਸਾਲ ਪਹਿਲਾਂ ‘ਮੁਸ਼ਤਾਕਾਂ’ ਬਾਰੇ ਭਵਿੱਖਬਾਣੀ ਕਰ ਦਿੱਤੀ ਸੀ! ਉਹ ਸੋਚ ਰਿਹਾ-ਕੀ ਉਹਨੂੰ ਇਸ ਹੋਣੀ ਦਾ ਇਲਮ ਸੀ? ਜਿਵੇਂ ਪਾਸ਼ ਨੇ ਲਿਖਿਆ, ਉਵੇਂ ਮੁਸ਼ਤਾਕ ਨਾਲ ਹੋਇਆ। ਸ਼ਾਇਰ ਬਲਵਿੰਦਰ ਜੱਜ ਚੁੱਪ ਕਰ ਗਿਆ ਹੈ। ਪ੍ਰੋਫ਼ੈਸਰ ਬਲਵਿੰਦਰ ਜੱਜ ਦੇ ਅੰਦਰਲਾ ਆਲੋਚਕ ਜਾਗ ਪਿਆ ਹੈ। ਉਹ ‘ਕੰਡੇ ਦਾ ਜ਼ਖ਼ਮ’ ਕਵਿਤਾ ਦਾ ਤਬਸਰਾ ਕਰਨ ਲੱਗ ਪਿਆ ਹੈ।
...‘ਮੈਂ ਐਨੀ ਜੈਨੂਅਨ ਪੋਇਟਰੀ ਜੀਵਨ ਵਿਚ ਕਦੇ ਨਹੀਂ ਪੜ੍ਹੀ। ਜਿਸ ਵਿਚ ਜੀਵਨ ਦੀਆਂ ਆਮ ਘਟਨਾਵਾਂ ਹਨ। ਹਰ ਪਾਪੂਲਰ ਕਵਿਤਾ ਕਿਸੇ ਵਾਦ ਨਾਲ ਜੁੜ ਕੇ ਹੀ ਮਸ਼ਹੂਰੀ ਖੱਟਦੀ ਹੈ। ਜਿਵੇਂ ਧਰਮ, ਜਾਤ, ਰੋਮਾਂਸ, ਸਮਾਜਵਾਦ, ਸਾਮਰਾਜਵਾਦ, ਜੰਗ... ਜਾਂ ਕਿਸੇ ਹੋਰ ਵਾਦ ਕਾਰਨ ਚਰਚਿਤ ਹੰੁਦੀਆਂ ਹਨ। ਇਹ ਪਹਿਲੀ ਕਵਿਤਾ ਹੈ, ਜਿਹੜੀ ਜੀਵਨ ਦੇ ਆਮ ਸਧਾਰਨ ਮੁੱਲਾਂ ਨੂੰ ਬਿਨਾਂ ਕਿਸੇ ਵਾਦ ਤੋਂ ਇਤਿਹਾਸਕ ਅਰਥ ਦਿੰਦੀ ਹੈ।’’
‘‘ਗੋਲਡਨ ਰੇਸ਼ੋ ਕੀ ਹੁੰਦੀ ਹੈ? ’’ ਉਹਨੇ ਆਪਣੇ ਆਪ ਨੂੰ ਸਵਾਲ ਕੀਤਾ ਹੈ। ਉਹ ਇਸ ਸਵਾਲ ਦੇ ਜਵਾਬ ਵਿਚ ਉਲਝ ਗਿਆ ਹੈ। ਉਹਨੂੰ ਯਾਦ ਆਇਆ।
‘‘ਵਿਦਵਾਨਾਂ ਨੇ ਗੋਲਡਨ ਰੇਸ਼ੋ ਲੱਭੀ ਹੈ। ਜਿਵੇਂ ਦੋ ਕੰਨਾਂ ਵਿਚਕਾਰ ਨੱਕ, ਦੋ ਮੋਢਿਆਂ ਵਿਚਾਲੇ ਧੁਨੀ, ਦੋ ਸਤੰਭਾਂ ਵਿਚਾਲੇ ਜਨਨ ਸ਼ਕਤੀ ਤੇ ਦੋ ਅੰਗੂਠਿਆਂ ਵਿਚਾਲੇ ਅੰਗੂਠੇ... ਕਿਸ ਪੋਰਿਸ਼ਨ ਵਿਚ ਤੁਹਾਡੀਆਂ ਉਂਗਲਾਂ ਹਨ? ... ਕੰਨ ਹਨ? ਬਿੳੂਟੀ ਕੰਨਟੈਂਟ ਵਾਲੇ ਨੋਟ ਕਰਦੇ ਹਨ। ਇਹ ਵੀ ਏਹੋ ਜਿਹੀ ਕਵਿਤਾ ਹੈ। ਇਸ ਕਵਿਤਾ ਵਿਚ ਜੀਵਨ ਦੇ ਬੇਸਿਕ ਭਾਵ ਕਵੀ ਨੇ ਪੇਸ਼ ਕੀਤੇ ਹਨ। ਕਵੀ ਕਿਸੇ ਆਮ ਬੰਦੇ ਦੇ ਬੇਸਿਕ ਮੂਡ ਨੂੰ ਕਿਵੇਂ ਪੇਸ਼ ਕਰ ਰਿਹਾ ਹੈ। ਹੈ ਨਾ ਕਮਾਲ ਦੀ ਗੱਲ? ਇਸ ਕਵਿਤਾ ਦਾ ਨਾਇਕ ਮੇਰੇ ਪਿੰਡ ਵਾਲਾ... ਮੁਸ਼ਤਾਕ ਕਿਥੇ ਹੈ? ਉਹ ਤੇ ਮੈਨੂੰ ਸਾਹਮਣੇ ਕੰਧ ’ਤੇ ਖੜ੍ਹਾ ਪਾਸ਼ ਨਾਲ ਦਿਖ ਰਿਹਾ ਹੈ।’’
ਬਲਵਿੰਦਰ ਜੱਜ ਦੇ ਪਿੰਡ ਸ਼ਾਇਰਾਂ ਦੀ ਮਹਿਫ਼ਿਲ ਜੁੜ ਜਾਂਦੀ। ਮੁਸ਼ਤਾਕ ਉਹਨਾਂ ਦੀ ਸ਼ਾਇਰੀ ਸੁਣਨ ਬੈਠ ਜਾਂਦਾ। ਸ਼ਾਇਰ ਕਵਿਤਾਵਾਂ ਵਿਚ ਇਨਕਲਾਬ ਲਿਆ ਦਿੰਦੇ। ਮੁਸ਼ਤਾਕ ਵਰਗੇ ਗਰੀਬਾਂ ਨੂੰ ਰਾਜ ਭਾਗ ਸੰਭਾਲ ਦਿੰਦੇ। ਉਹ ਖੁਸ਼ੀ ਵਿਚ ਫੁੱਲਿਆ ਨਾ ਸਮਾਉਂਦਾ। ਉਹ ਦੌਰ ਸ਼ਹਾਦਤਾਂ ਤੇ ਕੁਰਬਾਨੀਆਂ ਦਾ ਸੀ। ਦੇਸ਼ ਵਿਚ ਇਨਕਲਾਬ ਕਰਨ ਦਾ ਟੀਚਾ ਮਿਥ ਲਿਆ ਗਿਆ ਸੀ। ਕ੍ਰਾਂਤੀਕਾਰੀ ਆਗੂ ਜੰਗਜੂਆਂ ਦੀ ਭਾਲ ਵਿਚ ਪਿੰਡ ਪਿੰਡ ਹੋਕਾ ਦਿੰਦੇ ਫਿਰਦੇ ਸਨ। ਉਹ ਸ਼ਾਹਪੁਰ ਵੀ ਦੋ-ਚਾਰ ਵਾਰ ਫੇਰਾ ਮਾਰ ਗਏ ਸਨ। ਮੀਟਿੰਗ ਵਿਚ ਪੰਜ-ਸੱਤ ਬੰਦੇ ਹਾਜ਼ਰ ਹੁੰਦੇ। ਇਨਕਲਾਬਪਸੰਦ ਆਪਣਾ ਭਾਸ਼ਣ ਸ਼ੁਰੂ ਕਰਦੇ।
‘‘ਅਸੀਂ ਅਜੋਕਾ ਗਲਿਆ ਸੜਿਆ ਰਾਜ ਪ੍ਰਬੰਧ ਬਦਲਣਾ ਚਾਹੁੰਦੇ ਹਾਂ। ਅਸੀਂ ਅਮਰੀਕਾ ਕੀ ਹਰ ਤਰ੍ਹਾਂ ਦੇ ਸਾਮਰਾਜ ਦੇ ਵਿਰੁੱਧ ਹਾਂ। ਭਗਤ ਸਰਾਭੇ ਤੇ ੳੂਧਮ ਦੀ ਸੋਚ ਵਾਲਾ ਰਾਜ ਪ੍ਰਬੰਧ ਕਾਇਮ ਕਰਨਾ ਚਾਹੁੰਦੇ ਹਾਂ, ਜਿਥੇ ਮਜ਼ਦੂਰ ਦੀ, ਕਿਰਤੀ ਦੀ ਤੇ ਕਮਾੳੂ ਲੋਕਾਂ ਦੀ ਸਰਦਾਰੀ ਹੋਏਗੀ। ਮੁਲਕ ’ਚੋਂ ਫ਼ੈਲੀਆਂ ਜਾਤ-ਪਾਤ ਵਰਗੀਆਂ ਤੇ ਹੋਰ ਅਨੇਕਾਂ ਅਲਾਮਤਾਂ ਨੂੰ ਜੜੋ੍ਹਂ ਪੁੱਟ ਕੇ ਵਗਾਹ ਮਾਰਿਆ ਜਾਏਗਾ। ਅਜਿਹਾ ਪ੍ਰੋਗਰਾਮ ਸਿਰਫ਼ ਸਾਡੀ ਇਨਕਲਾਬੀ ਪਾਰਟੀ ਕੋਲ ਹੀ ਹੈ।’’
ਬੰਦੇ ਭਾਸ਼ਣ ਸੁਣਦੇ ਤੇ ਤੁਰ ਜਾਂਦੇ। ਉਹ ਬੰਦੇ ਕਾਇਮ ਕਰਨ ਵਿਚ ਸਫ਼ਲ ਨਹੀਂ ਹੋਏ ਸਨ। ਪਾਸ਼ ਹੱਕਾ-ਬੱਕਾ ਰਹਿ ਜਾਂਦਾ। ਉਹ ਬਲਵਿੰਦਰ ਨੂੰ ਮਿਹਣਾ ਮਾਰਦਾ। ਬਲਵਿੰਦਰ ਕੀ ਕਰ ਸਕਦਾ ਸੀ? ਸਿਰ ਦੇਣ ਦੇ ਦੌਰ ਵਿਚ ਕੋਈ-ਕੋਈ ਖੜ੍ਹਦਾ ਹੈ। ਇਕ ਵਾਰ ਉਹ ਮੀਟਿੰਗ ਪਿੱਛੋਂ ਮੁਸ਼ਤਾਕ ਨੂੰ ਸਮਝਾਉਣ ਲੱਗੇ।
‘‘ਇਹ ਲੋਕ ਗਰੀਬ ਗੁਰਬੇ ਨੂੰ ਰਾਜ ਭਾਗ ਦੇ ਭਾਗੀਦਾਰ ਬਣਾਉਣਾ ਚਾਹੁੰਦੇ ਆ। ਜੇ ਜੱਸ ਖੱਟ ਹੁੰਦਾ, ਖੱਟ ਲੈ ਮੁਸ਼ਤਾਕ ਚਾਚਾ ਸਿਆਂ।
‘‘ਮੈਨੂੰ ਕੀ ਮਿਲੇਗਾ? ਮੈਂ ਤਾਂ ਤੁਹਾਡੇ ਰਾਜ ਵਿਚ ਵੀ ਤੁਹਾਡੇ ਵਗ ਹੀ ਚਾਰਾਂਗਾ? ’’ ਮੁਸ਼ਤਾਕ ਨੇ ਉਹਨਾਂ ਦੇ ਮੂੰਹ ’ਤੇ ਹੀ ਕਹਿ ਦਿੱਤਾ ਸੀ।
‘‘ਚਾਚਾ ਸਿਆਂ, ਰਾਜ ਤਾਂ ਆਪਣਾ ਗਰੀਬਾਂ ਦਾ ਆਉਣਾ। ਨੌਕਰੀਆਂ, ਜ਼ਮੀਨ ਜਾਇਦਾਦ ਵਿਚ ਸਭ ਬਰਾਬਰ ਦੇ ਹਿੱਸੇਦਾਰ ਹੋਣਗੇ। ਸਭ ਨੂੰ ਘਰ ਮਿਲੇਗਾ... ਰੁਜ਼ਗਾਰ ਮਿਲੇਗਾ। ਤੈਨੂੰ ਇਕ ਹੋਰ ਗੱਲ ਦੱਸਾਂ? ਆਹ ਸਫ਼ੈਦਪੋਸ਼ ਕਿਆਂ ਦੇ ਇਨ੍ਹਾਂ ਯੋਧਿਆਂ ਕਰਕੇ ਗਰੀਬਾਂ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦੇ ਸਗੋਂ ਲੁਕ-ਲੁਕ ਕੇ ਦਿਨ ਕੱਟਦੇ ਨੇ। ਨਹੀਂ ਤਾਂ ਹੁਣ ਨੂੰ ਆਪਾਂ ਨੂੰ ਕੱਚਿਆਂ ਨੂੰ ਚੱਬ ਜਾਂਦੇ।’’ ਬਲਵਿੰਦਰ ਨੇ ਉਸ ਸਮੇਂ ਦਾ ਸੱਚ ਬਿਆਨ ਕੀਤਾ ਸੀ।
‘‘ਅੱਛਾ, ਫਿਰ ਠੀਕ ਆ। ਮੈਨੂੰ ਤੁਹਾਡੇ ਲੀਡਰਾਂ ਦੀਆਂ ਬਹੁਤੀਆਂ ਗੱਲਾਂ ਦੀ ਸਮਝ ਨਹੀਂ ਲਗਦੀ।... ਜਿੱਦਣ ਕੋਈ ਕੰਮ ਕਰਾਉਣਾ ਹੋਇਆ, ਦੱਸ ਦਿਓ।’’ ਉਹ ਢਾਂਗੀ ਤੇ ਦਾਤ ਚੁੱਕ ਕੇ ਹਨੇਰੇ ਵਿਚ ਆਲੋਪ ਹੋ ਗਿਆ ਸੀ।
ਉਹ ਸ਼ਾਹਪੁਰ ਤੋਂ ਕੋਈ ਬੰਦਾ ਨਾ ਤੋਰ ਸਕੇ। ਫਿਰ ਦੇਸ਼ ਵਿਚ ਐਮਰਜੈਂਸੀ ਲੱਗ ਗਈ। ਇਹ ਪੰਜ-ਛੇ ਸਾਲ ਉਥਲ-ਪੁੱਥਲ ਵਾਲੇ ਸਨ। ਪਾਸ਼, ਬਲਵਿੰਦਰ ਜੱਜ ਤੇ ਹੋਰ ਕਈ ਸ਼ਾਇਰ ਇਸ ਲਪੇਟ ਵਿਚ ਆਏ ਸਨ। ਤਸ਼ੱਦਦ ਸਹਿਆ ਸੀ। ਜੇਲ੍ਹ ਵੀ ਜਾਣਾ ਪਿਆ ਸੀ। ਐਮਰਜੈਂਸੀ ਟੁੱਟਣ ਤੋਂ ਬਾਅਦ ਉਹਨਾਂ ਦੀ ਰਿਹਾਈ ਹੋਈ ਸੀ। ਜੇਲ੍ਹ ਤੋਂ ਆ ਕੇ ਬਲਵਿੰਦਰ ਆਪਣੀ ਉਚੇਰੀ ਪੜ੍ਹਾਈ ਵਿਚ ਜੁੱਟ ਗਿਆ ਸੀ। ਉਸ ਦਾ ਇਨਕਲਾਬ ਦਾ ਸੁਪਨਾ ਬਿਖਰ ਗਿਆ ਸੀ।
‘‘ਮੁੰਡਿਓ, ਮੇਰੇ ਰਾਜ ਭਾਗ ਦਾ... ਮੇਰੇ ਘਰ ਦਾ ਕੀ ਬਣਿਆ? ’’ ਮੂੰਹ ਚੋਂ ਧੂੰਆਂ ਕੱਢਦਿਆਂ ਮੁਸ਼ਤਾਕ ਬੀੜੀ ਬੁਝਾ ਕੇ ਬੋਲਿਆ ਸੀ।
‘‘ਚਾਚਾ, ਮੈਨੂੰ ਨੌਕਰੀ ਮਿਲ ਜਾਣੀ ਆ। ਤੇਰੀ ਪੈਸੇ ਧੇਲੇ ਦੀ ਮਦਦ ਕਰਾਂਗਾ। ਸ਼ਰਮਿੰਦਾ ਹੋਏ ਬਲਵਿੰਦਰ ਨੇ ਪਤਾ ਨਹੀਂ ਉਹਨੂੰ ਹੌਂਸਲਾ ਦਿੱਤਾ ਸੀ ਜਾਂ ਆਪਣੇ ਆਪ ਨੂੰ।
ਐਮਰਜੈਂਸੀ ਟੁੱਟਣ ਤੋਂ ਤਿੰਨ ਸਾਲ ਬਾਅਦ ਬਲਵਿੰਦਰ ਜੱਜ ਨੂੰ ਇਕ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਦੀ ਕੱਚੀ ਨੌਕਰੀ ਮਿਲ ਗਈ ਸੀ। ਉਸਨੂੰ ਪਹਿਲੀ ਤਨਖਾਹ ਮਿਲੀ ਤਾਂ ਪਾਸ਼ ਆ ਧਮਕਿਆ ਸੀ। ਉਹਦੇ ਨਾਲ ਸ਼ਾਇਰ ਅਮਿਤੋਜ ਵੀ ਸੀ। ਪਾਸ਼ ਕਹਿੰਦਾ ਚਲੋ ਜਸ਼ਨ ਮਨਾਈਏ। ਉਹ ਤਿੰਨੋਂ ਪਿੰਡ ਤੋਂ ਨਕੋਦਰ ਆ ਗਏ। ਉਥੋਂ ਸਰਹਿੰਦ ਪੁੱਜ ਗਏ। ਉਥੇ ਇਕ ‘ਡਰੀਮ ਹੋਟਲ’ ਸੀ। ਉਹ ਅਮੀਰਜ਼ਾਦਿਆਂ ਲਈ ਬਣਿਆ ਸੀ। ਇਨ੍ਹਾਂ ਸ਼ਾਇਰਾਂ ਨੇ ਕਦੇ ਉਥੇ ਬਹਿ ਕੇ ਦਾਰੂ ਪੀਣ ਦਾ ਸੁਪਨਾ ਲਿਆ ਸੀ।
ਤੇ ਸ਼ਾਇਰ ਉਹ ਸੁਪਨਾ ਹੀ ਪੂਰਾ ਕਰ ਰਹੇ ਸਨ। ਉਥੇ ਹੋਟਲ ਵਿਚ ਬੈਠੇ ਬੀਅਰ ਵਿਚ ਗੁਲਾਬ ਜਾਮਨਾਂ ਡੋਬ-ਡੋਬ ਕੇ ਖਾਣ ਦਾ ਆਨੰਦ ਮਾਣ ਰਹੇ ਸਨ। ਤਨਖਾਹ ਤਾਂ ਸਿਰਫ਼ ਅੱਠ ਨੌ ਰੁਪਏ ਮਿਲੇ ਸੀ। ਕੁਝ ਘੰਟਿਆਂ ਵਿਚ ਹੀ ਅੱਧੀ ਤਨਖਾਹ ਹੋਟਲ ‘ਹਜ਼ਮ’ ਕਰ ਗਿਆ ਸੀ। ਸ਼ਹਿਜ਼ਾਦਿਆਂ ਦੇ ਹੋਟਲ ਵਿਚ ਗੱਲਾਂ ਕਵਿਤਾ ਦੀਆਂ, ਇਨਕਲਾਬੀ ਲਹਿਰ ਨੂੰ ਲੱਗੀ ਸੱਟ ਬੈਕ ਦੀਆਂ ਹੁੰਦੀਆਂ ਹੁੰਦੀਆਂ ‘ਮੁਸ਼ਤਾਕਾਂ’ ਦੀਆਂ ਹੋਣ ਲੱਗ ਪਈਆਂ ਸਨ। ਬਲਵਿੰਦਰ ਨੂੰ ਮੁਸ਼ਤਾਕ ਦਾ ਮੋਟੇ ਨਕਸ਼ਾਂ ਵਾਲਾ ਪਥਿਆ-ਪਥਿਆ ਚਿਹਰਾ ਗੰਭੀਰ ਦਿਖਿਆ ਸੀ। ਉਸਨੇ ਉਸੇ ਵੇਲੇ ਉਹਦੇ ਲਈ ਸੌ ਦਾ ਨੋਟ ਵੱਖਰਾ ਕਰ ਲਿਆ ਸੀ। ਉਹ ਸ਼ਾਮ ਨੂੰ ਘਰ ਪੁੱਜੇ ਸਨ। ਉਸ ਦਿਨ ਮੁਸ਼ਤਾਕ ਲਈ ਰੋਟੀ ਦੀ ਵਾਰੀ ਵੀ ਉਹਨਾਂ ਦੇ ਘਰ ਦੀ ਹੀ ਸੀ।
ਪਾਸ਼ ਨੇ ਬਲਵਿੰਦਰ ਕੋਲੋਂ ਸੌ ਦਾ ਨੋਟ ਫੜਿਆ ਸੀ... ਤੇ ਮੁਸ਼ਤਾਕ ਦੀ ਮੁੱਠੀ ਵਿਚ ਥਮਾ ਦਿੱਤਾ ਸੀ। ਉਹਨੇ ਸੌ ਦੇ ਨੋਟ ਨੂੰ ਖੋਲ੍ਹ ਲਿਆ। ਧਿਆਨ ਨਾਲ ਦੇਖਣ ਲੱਗ ਪਿਆ। ਪਹਿਲਾਂ ਇਕ ਪਾਸਾ ਦੇਖਿਆ ਤੇ ਫਿਰ ਦੂਜਾ।
‘‘ਮੁੰਡਿਓ, ਆਹ ਫੋਟੋ ਕਿਹਦੀ ਆ ਨੋਟ ’ਤੇ? ਮੇਰੀ ਜਾਂ ਤੁਹਾਡੀ ਤਾਂ ਲਗਦੀ ਨਹੀਂ!’’ ਨੋਟ ਨੂੰ ਪਲਟਾਅ-ਪਲਟਾਅ ਕੇ ਵੇਖਦਿਆਂ ਉਹਦੀ ਮਸ਼ਕਰੀ ਹੱਸ ਰਹੇ ਕਰੇੜੇ ਦੰਦਾਂ ਵਿੱਚੋਂ ਬਾਹਰ ਆ ਰਹੀ ਸੀ।
ਉਹ ਚੁੱਪ ਸਨ। ਅਮਿਤੋਜ ਕਹਿਣ ਲੱਗਾ ਇਸ ਬੰਦੇ ਨੇ ਜ਼ਿੰਦਗੀ ’ਚ ਪਹਿਲੀ ਵਾਰ ਸੌ ਦਾ ਨੋਟ ਦੇਖਿਆ ਹੋਏਗਾ? ਮੁਸ਼ਤਾਕ ਨੇ ਨੋਟ ਤੋਂ ਧਿਆਨ ਹਟਾਇਆ। ਕਦੇ ਪਾਸ਼ ਵੱਲ ਤੇ ਕਦੇ ਬਲਵਿੰਦਰ ਵੱਲ ਟਿਕਟਿਕੀ ਲਾ ਕੇ ਦੇਖਣ ਲੱਗ ਪਿਆ ਕਰੇ। ਉਹ ਬੋਲੇ ਨਾ। ਫਿਰ ਉਹਨੇ ਨੋਟ ਮੱਥੇ ਨੂੰ ਲਾਇਆ। ਪਰਨੇ ਦੇ ਲੜ ਬੰਨ੍ਹ ਲਿਆ। ... ਤੇ ਬਾਹਰ ਨਿਕਲ ਗਿਆ।
ਮਹੀਨੇ ਕੁ ਬਾਅਦ ਉਹ ਬਲਵਿੰਦਰ ਨੂੰ ਕਾਲਜ ਤੋਂ ਆਉਂਦੇ ਨੂੰ ਮਿਲ ਪਿਆ। ਉਹਨੇ ਧੌੜੀ ਦੀ ਜੁੱਤੀ ਪਾਈ ਹੋਈ ਸੀ। ਬਲਵਿੰਦਰ ਨੇ ਨੋਟ ਨੂੰ ਖਰਚਣ ਬਾਰੇ ਪੁੱਛਿਆ। ਉਹਨੇ ਜੁੱਤੀ ਵਿੱਚੋਂ ਪਹਿਲਾਂ ਪੈਰ ਕੱਢਿਆ ਤੇ ਫਿਰ ਇਕ ਲੀਰ। ਉਸ ਲੀਰ ਵਿਚ ਸੌ ਦਾ ਨੋਟ ਸੀ।
‘‘ਬੁੱਲੇ ਲੁੱਟ ਪਿਆਰੇ।’’ ਬਲਵਿੰਦਰ ਨੇ ਉਸ ਨੂੰ ਇਨਾ ਹੀ ਕਿਹਾ ਸੀ।
ਉਹ ਅਗਲੀ ਵਾਰ ਚਾਰ-ਪੰਜ ਮਹੀਨੇ ਬਾਅਦ ਖੂਹ ’ਤੇ ਮਿਲਿਆ ਸੀ। ਖਰਬੂਜ਼ਿਆਂ ਦੇ ਢੇਰ ਵਿੱਚੋਂ ਕਿੰਨੇ ਸਾਰੇ ਖਰਬੂਜ਼ੇ ਪਾਸ਼ ਨਾਲ ਸ਼ਰਤ ਲਾ ਕੇ ਖਾ ਗਿਆ ਸੀ। ਸ਼ਰਤ ਤਾਂ ਉਹਨੇ ਦਸ ਰੁਪਏ ਦੀ ਜਿੱਤੀ ਸੀ। ਪਾਸ਼ ਨੇ ਦਸ ਦਾ ਨੋਟ ਦੇਣ ਵੇਲੇ ਸੌ ਦੇ ਨੋਟ ਬਾਰੇ ਪੁੱਛ ਲਿਆ ਸੀ। ਉਸ ਨੇ ਉਸੇ ਵੇਲੇ ਆਪਣੇ ਪਜ਼ਾਮੇ ਦਾ ਨਾਲਾ ਖੋਲ੍ਹਿਆ। ਨੇਫੇ ਵਿਚ ਲੁਕਾਇਆ ਮੋਮਜਾਮੇ ਵਿਚਲਾ ਨੋਟ ਕੱਢ ਕੇ ਪਾਸ਼ ਦੇ ਹੱਥ ’ਤੇ ਰੱਖ ਦਿੱਤਾ। ਉਹ ਨੋਟ ਚੋਰੀ ਹੋਣ ਦੇ ਡਰੋਂ ਘਰ ਨਹੀਂ ਸੀ ਰੱਖਦਾ। ਪਾਸ਼ ਹੱਸ ਕੇ ਬੋਲਿਆ।
‘‘ਮੁਸ਼ਤਾਕ ਚਾਚਾ, ਇਸ ਨੋਟ ਦਾ ਕੀ ਕਰੇਂਗਾ? ’’
‘‘ਆਪਣੀ ਭਤੀਜੀ ਸੀਬੋ ਦੇ ਵਿਆਹ ’ਤੇ ਦਾਜ ਬਣਾ ਦੇ ਦੳੂਂਗਾ।’’ ਵੱਡੇ ਭਰਾ ਨਜੀਰੇ ਦੀ ਧੀ ਦੇ ਵਿਆਹ ਦੀ ਉਹਨੂੰ ਉਦੋਂ ਹੀ ਚਿੰਤਾ ਸੀ।
ਪਾਸ਼ ਨੇ ਦੋਨੋਂ ਨੋਟ ਉਹਦੇ ਹੱਥ ’ਤੇ ਰੱਖ ਦਿੱਤੇ। ਉਹਨੇ ਇਕ ਹੱਥ ਵਿਚ ਨੋਟ ਫੜੇ ਹੋਏ ਸਨ। ਦੂਜੇ ਹੱਥ ਦੀਆਂ ਉਂਗਲਾਂ ਨਾਲ ਧਰਤੀ ’ਤੇ ਲਕੀਰਾਂ ਵਾਹ ਰਿਹਾ ਸੀ। ਉਹ ਕੀ ਲਿਖ ਰਿਹਾ ਸੀ ਜਾਂ ਵਾਹ ਰਿਹਾ ਸੀ? ਸ਼ਾਇਦ ਉਹਨੂੰ ਵੀ ਪਤਾ ਨਹੀਂ ਸੀ।
‘‘ਮੈਂ ਆਪਣਾ ਵਿਆਹ ਨਾ ਕਰਵਾ ਲਵਾਂ? ਨਾਲੇ ਨਜੀਰੇ ਦੀ ਵਹੁਟੀ ਨੂੰ ਅਕਲ ਆ ਜੂ। ਹਰ ਵੇਲੇ ਅਵਾ ਤਵਾ ਬੋਲਦੀ ਰਹਿੰਦੀ ਏ, ਆਖ਼ਿਰ ਮੇਰੇ ਕੋਲ ਸੌ ਦਾ ਨੋਟ ਏ।’’

ਪਾਸ਼ ਦਾ ਹਾਉਕਾ ਨਿਕਲ ਗਿਆ ਸੀ। ਮੁਸ਼ਤਾਕ ਨੋਟ ਮੋਮਜਾਮੇ ਵਿਚ ਲਪੇਟਦਾ ਉੱਠ ਕੇ ਤੁਰ ਪਿਆ ਸੀ। ਪਾਸ਼ ਦੀਆਂ ਅੱਖਾਂ ਵਿੱਚੋਂ ਤਿਪ ਤਿਪ ਕਰਕੇ ਅੱਥਰੂ ਡਿੱਗਣ ਲੱਗ ਪਏ ਸਨ। ਉਹ ਗਰੀਬੀ ਬਾਰੇ ਸੋਚਦਾ ਹਾਲੋਂ ਬੇਹਾਲ ਹੋ ਗਿਆ ਸੀ। ਫਿਰ ਉਹਨੇ ਆਪ ਹੀ ਇਨ੍ਹਾਂ ਸੋਚਾਂ ਵਿੱਚੋਂ ਨਿਕਲਣ ਦਾ ਫ਼ੈਸਲਾ ਕਰ ਲਿਆ।
‘‘ਬਲਵਿੰਦਰ ਸਿਆਂ, ਆਪਾਂ ਐਵੇਂ ਫਰੈਂਡਲਿਕ ਐਂਗਲ ਦੀ ਕਿਤਾਬ ‘ਟੱਬਰ, ਨਿੱਜੀ ਜਾਇਦਾਦ ਤੇ ਸਿਆਸਤ’ ਪੜ੍ਹਦੇ ਰਹੇ। ਬੰਦੇ ਦਾ ਸੁੱਖ, ਚੈਨ, ਆਪਣਾਪਣ, ਜੀਵਨ... ਰਿਸ਼ਤਿਆਂ ਬਾਰੇ ਸਮਝ ਕਿਵੇਂ ਬਦਲਦੀ ਹੈ। ਪੈਸਾ, ਨਿੱਜੀ ਜਾਇਦਾਦ ਬੰਦੇ ਦੀ ਮਾਨਸਿਕਤਾ ਨੂੰ ਕਿਵੇਂ ਬਦਲ ਦਿੰਦਾ ਹੈ। ਯਾਰ, ਇਹ ਤਾਂ ਮੁਸ਼ਤਾਕ ਸਿਖਾ ਗਿਆ।’’ ਉਹਨੇ ਖੁਰਬੂਜ਼ੇ ਤੋੜਦੇ ਬਲਵਿੰਦਰ ਨੂੰ ਕੋਲ ਬੁਲਾ ਕੇ ਦੱਸਿਆ ਸੀ।
ਬਲਵਿੰਦਰ ਉਸ ਦਿਨ ਲਿਖਾਰੀ ਸਭਾ ਜਗਤਪੁਰ ਦੇ ਸਾਲਾਨਾ ਕਵੀ ਦਰਬਾਰ ’ਤੇ ਗਿਆ ਹੋਇਆ ਸੀ। ਉਸ ਦਿਨ ਚਾਹ ਰੋਟੀ ਦੀ ਵਾਰੀ ਰੰਗੜਾਂ ਦੇ ਘਰ ਦੀ ਸੀ। ਮੁਸ਼ਤਾਕ ਨੇ ਉਨ੍ਹਾਂ ਦੇ ਘਰੋਂ ਚਾਹ ਪਾਣੀ ਪੀ ਲਿਆ ਸੀ ਤੇ ਰੋਟੀ ਛਕ ਲਈ ਸੀ। ਜਿਹੜਾ ਉਹਨੀਂ ਉਹਨੂੰ ਬੀੜੀਆਂ ਦਾ ਬੰਡਲ ਦਿੱਤਾ ਸੀ, ਉਹ ਕਿਤੇ ਰੋਹੀ ਬੀਆਬਾਨ ਵਿਚ ਡਿੱਗ ਪਿਆ। ਬੀੜੀ ਤੋਂ ਬਗੈਰ ਉਹ ਰਹਿ ਨਹੀਂ ਸਕਦਾ ਸੀ। ਉਹ ਡੰਗਰਾਂ ਨੂੰ ਭਤੀਜੇ ਕੋਲ ਛੱਡ ਕੇ ਪਿੰਡ ਵੱਲ ਨੂੰ ਤੁਰ ਪਿਆ। ਉਹ ਮੰਗਣ ਜਾਂ ਉਧਾਰ ਲੈਣ ਨੂੰ ਹੱਤਕ ਸਮਝਦਾ ਸੀ। ਉਹ ਲਾਲੇ ਮੁਕੰਦੇ ਦੀ ਹੱਟੀ ’ਤੇ ਗਿਆ। ਨੇਫ਼ੇ ਵਿਚੋਂ ਸੌ ਦਾ ਨੋਟ ਕੱਢ ਕੇ ਬੀੜੀਆਂ ਲਈ ਲਾਲੇ ਨੂੰ ਦਿੱਤਾ। ਨੋਟ ਬੁਦਿਆ ਪਿਆ ਸੀ। ‘‘ਮੁਸ਼ਤਾਕਿਆ, ਇਹ ਨ੍ਹੀਂ ਚਲਣਾ ਓਏ। ਨੋਟ ਨਕਲੀ ਆ।’’
ਉਹ ਉਸੇ ਵੇਲੇ ਬਲਵਿੰਦਰ ਦੇ ਘਰ ਪੁੱਜਾ ਸੀ। ਉਹਦੀ ਬੀਬੀ ਦੇ ਹੱਥ ’ਤੇ ਸੌ ਦਾ ਨੋਟ ਰੱਖ ਕੇ ਬੋਲਿਆ।
‘‘ਬਲਵਿੰਦਰ ਦੇ ਦੋਸਤ ਪ੍ਰਕਾਸ਼ੇ ਨੇ ਮੇਨਾ ਧੋਖਾ ਕੀਤਾ। ਆਹ ਨਕਲੀ ਨੋਟ ਦੇ ਕੇ।’’ ਮੁਸ਼ਤਾਕ ਤੇ ਬੀਬੀ ਪਾਸ਼ ਨੂੰ ਪ੍ਰਕਾਸ਼ ਸੱਦਦੇ ਸਨ।
ਬੀਬੀ ਨੇ ਉਹ ਨੋਟ ਟੁੱਟੀ ਹੋਈ ਕੇਤਲੀ ਵਿਚ ਰੱਖ ਦਿੱਤਾ। ਉਹਨੂੰ ਬੀੜੀਆਂ ਲਈ ਪੱਚੀ ਪੈਸੇ ਦੇ ਦਿੱਤੇ। ਬਲਵਿੰਦਰ ਤੀਜੇ ਦਿਨ ਘਰ ਮੁੜਿਆ ਸੀ। ਉਹਦੇ ਨਾਲ ਪਾਸ਼ ਵੀ ਸੀ। ਬੀਬੀ ਨੇ ਉਨ੍ਹਾਂ ਨੂੰ ਸਾਰੀ ਵਿਥਿਆ ਸੁਣਾਈ, ਉਹਨਾਂ ਦੇ ਕੰਨ ਖਿੱਚਦੀ ਬੋਲੀ,
‘‘ਇਹਨੂੰ ਵਿਚਾਰੇ ਸਾਈਂ ਲੋਕ ਨੂੰ ਕਾਹਨੂੰ ਤੰਗ ਕਰਦੇ ਓ, ਨਕਲੀ ਨੋਟ ਦੇ ਕੇ।’’
ਉਹ ਅਗਲੇ ਦਿਨ ਡਾਕਖਾਨੇ ਗਏ ਸਨ। ਉਹ ਨੋਟ ਬਦਲਾਅ ਕੇ ਲਿਆਂਦਾ ਸੀ ਤੇ ਬੀਬੀ ਸਾਹਮਣੇ ਉਹਨੂੰ ਉਹ ਤੇ ਇਕ ਹੋਰ ਸੌ ਦਾ ਨੋਟ ਦਿੱਤਾ ਸੀ।
‘‘ਇਹ ਨੋਟ ਲਾਲੇ ਮੁਕੰਦੇ ਨੂੰ ਦੇ ਦਿਓ। ਜਦੋਂ ਮੈਂ ਆਪਣੀ ਭਤੀਜੀ ਦਾ ਵਿਆਹ ਕਰਾਂ। ਉਹ ਸੌਦਾ ਦੇ ਦੇਵੇ।’’ ਉਹ ਲਾਲੇ ਦੀ ਹੱਟੀ ਵੱਲ ਨੂੰ ਤੁਰ ਪਿਆ ਸੀ।
‘‘ਭਾਈ ਬਲਵਿੰਦਰ ਸਿਆਂ, ਇਹ ਹੈ ਰਿਸ਼ਤਾ ਨਾਤਾ ਪ੍ਰਬੰਧ। ਇਥੋਂ ਉਸਰਦੀ ਆ ਸਾਕਾਦਾਰੀ।’’ ਪਾਸ਼ ਫੇਰ ਫਰੈਂਡਲਿਕ ਐਂਗਲਜ਼ ਦੇ ਸਮਾਨਾਂਤਰ ਆਪਣੀ ਫਿਲਾਸਫ਼ੀ ਘੋਟਣ ਲੱਗ ਪਿਆ ਸੀ।
ਬਲਵਿੰਦਰ ਜੱਜ ਨੂੰ ਪਾਸ਼ ਦੀ ਕਵਿਤਾ ਦੀਆਂ ਸਤਰਾਂ ਯਾਦ ਆਈਆਂ ਹਨ।
ਅਤੇ ਇਹ ਲਾਲਸਾ ਕਿ ਉਸਦਾ ਨਾਮ ਰਹਿ ਸਕੇ
ਡੂੰਮਣੇ ਦੀ ਮੱਖੀ ਵਾਂਗ
ਉਹਦੇ ਪਿੱਛੇ ਰਹੀ ਲੱਗੀ।
ਉਹ ਆਪੇ ਆਪਣਾ ਬੁੱਤ ਬਣ ਗਿਆ
ਪਰ ਉਸ ਦਾ ਬੁੱਤ ਕਦੇ ਵੀ ਜਸ਼ਨ ਨਾ ਬਣਿਆ।
ਬਲਵਿੰਦਰ ਨੂੰ ਹੁਣ ਆਪਣਾ ਆਪ ਯਾਦ ਆ ਗਿਆ ਹੈ। ਉਦੋਂ ਪੰਜਾਬ ਨੂੰ ਚੌਰਾਸੀ ਦੇ ਗੇੜ ਵਿਚ ਪਾ ਦਿੱਤਾ ਗਿਆ ਸੀ। ਬਲਿੳੂ ਸਟਾਰ ਓਪਰੇਸ਼ਨ ਨੇ ਪੰਜਾਬੀਆਂ ਨੂੰ ਵੱਡੇ ਜ਼ਖ਼ਮ ਦਿੱਤੇ ਸਨ। ਜਿਸ ਦਿਨ ਗੁਰੂ ਘਰ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਹੋਇਆ, ਉਹ ਉਸ ਤੋਂ ਦੋ ਦਿਨ ਪਹਿਲਾਂ ਅਮਰੀਕਾ ਦੀ ਧਰਤੀ ’ਤੇ ਪੁੱਜ ਗਿਆ ਸੀ। ਫਿਰ ਪੰਜਾਬ ਵਲੋਂ ਵੈਣਾਂ ਦੀਆਂ ਖ਼ਬਰਾਂ ਆਉਣ ਲੱਗੀਆਂ। ਉਹ ਸ਼ਾਇਰ ਬਲਵਿੰਦਰ ਜੱਜ ਬਣ ਵੈਣਾਂ ਦੀ ਭਾਸ਼ਾ ਨੂੰ ਕਵਿਤਾ ਦਾ ਰੂਪ ਦਿੰਦਾ।
ਉਨ੍ਹਾਂ ਦਿਨਾਂ ਵਿਚ ਹੀ ਪਾਸ਼ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਬਲਵਿੰਦਰ ਨੂੰ ਯਾਦ ਆਇਆ ਉਹ ਉਨ੍ਹਾਂ ਦਿਨਾਂ ਵਿਚ ਪਾਸ਼ ਦੇ ਪਿੰਡ ਤਲਵੰਡੀ ਸਲੇਮ ਗਿਆ ਸੀ। ਆਪਣੇ ਮਹਿਬੂਬ ਉਸਤਾਦ ਸ਼ਾਇਰ ਨੂੰ ਸ਼ਰਧਾਂਜਲੀ ਭੇਂਟ ਕਰਨ। ਸ਼ਾਹਪੁਰ ਵਿਚ ਵੀ ਕੀਰਨੇ ਪੈ ਰਹੇ ਸਨ। ਸਭ ਤੋਂ ਵੱਧ ਅੱਥਰੂ ਮੁਸ਼ਤਾਕ ਦੀਆਂ ਅੱਖਾਂ ਵਿਚ ਸਨ। ਉਸ ਦਿਨ ਉਹਨੂੰ ਮੁਸ਼ਤਾਕ ’ਤੇ ਲਿਖੀ ਕਵਿਤਾ ‘ਕੰਡੇ ਦਾ ਜ਼ਖ਼ਮ’ ਬਹੁਤ ਵੱਡੀ ਲੱਗੀ ਸੀ।
‘‘ਬਦਕਿਸਮਤੀ ਏ ਪਾਸ਼ ਤੂੰ ਸਾਡੇ ਪੰਜਾਬੀਆਂ ਵਿਚ ਜੰਮਿਆ। ਜੇ ਤੂੰ ਕਿਸੇ ਐਫਰੋ ਜਾਂ ਯੂਰਪੀਅਨ ਸਮਾਜ ਵਿਚ ਪੈਦਾ ਹੁੰਦਾ ਤਾਂ ਇਸੇ ਇਕ ਕਵਿਤਾ ਲਈ ਤੈਨੂੰ ਨੌਬਲ ਪ੍ਰਾਈਜ਼ ਮਿਲ ਜਾਣਾ ਸੀ।’’ ਉਹਨੇ ਮੱਥੇ ’ਤੇ ਹੱਥ ਮਾਰਿਆ ਸੀ।
ਫਿਰ ਉਹ ਕੈਲੇਫੋਰਨੀਆਂ ਪੁੱਜਾ ਸੀ। ਸਾਰੇ ਸ਼ਾਇਰ ਇਕੱਠੇ ਹੋਏ ਸਨ। ਹੱਥਾਂ ਵਿਚ ਮੋਮਬੱਤੀਆਂ ਲੈ ਕੇ ਕੈਂਡਲ ਮਾਰਚ ਕੀਤਾ ਸੀ। ਉਹ ਪਾਸ਼ ਦੀਆਂ ਕਵਿਤਾਵਾਂ ਗਾਉਂਦੇ ਅੱਗੇ ਵਧ ਰਹੇ ਸਨ। ਇਨ੍ਹਾਂ ਸਾਲਾਂ ਵਿਚ ਪੰਜਾਬ ਨਾਲ, ਇਤਿਹਾਸ ਨਾਲ ਬਹੁਤ ਕੁਝ ਵਾਪਰ ਗਿਆ। ਮੁਸ਼ਤਾਕ ਤਾਂ ਬਲਵਿੰਦਰ ਨੂੰ ਭੁੱਲ ਹੀ ਗਿਆ ਸੀ। ਉਵੇਂ ਜਿਵੇਂ ਕੇਂਦਰ ਵਲੋਂ ਪੰਜਾਬ ਦੇ ‘ਮੁਸ਼ਤਾਕਾਂ’ ਨੂੰ ਭੁਲਾ ਦੇਣ ਦੀ ਸਾਜ਼ਿਸ਼ ਘੜੀ ਗਈ ਹੋਵੇ। ਸਭ ਪੰਜਾਬ ਵਿਚ ਹੋ ਰਹੀ ਮਾਰਧਾੜ ਵਿਚ ਉਲਝਾ ਦਿੱਤੇ ਗਏ ਸਨ।
ਪੰਦਰਾਂ ਸਾਲਾਂ ਬਾਅਦ ਉਹਨੂੰ ਪਿੰਡ ਚੇਤੇ ਆਇਆ ਸੀ ਤੇ ਮੁਸ਼ਤਾਕ ਵੀ। ਪਾਸ਼ ਦੀ ਸ਼ਹਾਦਤ ਵੇਲੇ ਗੇੜਾ ਵੱਜਿਆ ਸੀ। ਉਹ ਦੋ ਦਿਨ ਲਈ ਪੰਜਾਬ ਗਿਆ ਸੀ। ਇਕ ਦਿਨ ਤਲਵੰਡੀ ਸਲੇਮ ਤੇ ਦੂਜੇ ਦਿਨ ਪਿੰਡ ਸ਼ਾਹਪੁਰ। ਉਹਨੇ ਉਸ ਗੇੜੇ ਨੂੰ ਪੰਜਾਬ ਜਾਣਾ ਨਹੀਂ ਸੀ ਮੰਨਿਆ। ਪੰਦਰਾਂ ਸਾਲਾਂ ਬਾਅਦ ਵਾਲਾ ਗੇੜਾ ਹੀ ਉਹਦਾ ਪਹਿਲਾ ਅਸਲ ਗੇੜਾ ਸੀ। ਉਹ ਤੇ ਬੱਚੇ ਚਾਅ ਨਾਲ ਪਿੰਡ ਪੁੱਜੇ ਸਨ। ਪਰ ਪਿੰਡ ਘੱਟ ਰਹੇ ਸਨ। ਉਨ੍ਹਾਂ ਕੋਲ ਚਾਰ ਵੀਕ ਸਨ। ਰਿਸ਼ਤੇਦਾਰਾਂ ਤੇ ਸਾਹਿਤਕਾਰਾਂ ਨੂੰ ਮਿਲਦਿਆਂ ਝੱਟ ਬੀਤ ਗਏ ਸਨ। ਮੁਸ਼ਤਾਕ ਨਾਲ ਖੁੱਲ੍ਹੀਆਂ ਗੱਲਾਂ ਨਾ ਹੋ ਸਕੀਆਂ। ਆਉਣ ਵੇਲੇ ਹਜ਼ਾਰ-ਹਜ਼ਾਰ ਦੇ ਦੋ ਨੋਟ ਉਹਦੇ ਹੱਥ ’ਤੇ ਰੱਖੇ ਸਨ ਤੇ ਅਗਲੇ ਸਾਲ ਮੁੜ ਮਿਲਣ ਦਾ ਵਾਅਦਾ ਕੀਤਾ ਸੀ।
ਉਹ ਦੋ ਸਾਲ ਬਾਅਦ ਦੁਬਾਰਾ ਪਿੰਡ ਗਿਆ ਸੀ। ਪਹਿਲਾ ਵੀਕ ਉਹ ਪਿੰਡ ਹੀ ਰਿਹਾ ਸੀ। ਨਵਦੀਪ ਨੇ ਅਖੰਡ ਪਾਠ ਰਖਵਾਉਣਾ ਸੀ। ਉਹ ਦੂਜੇ ਦਿਨ ਮੁਸ਼ਤਾਕ ਦੇ ਘਰ ਪੁੱਜਾ ਸੀ। ਹੁਣ ਉਹ ਪਿੰਡ ਦਾ ਮਾਲ ਡੰਗਰ ਨਹੀਂ ਚਾਰਦੇ ਸਨ। ਚਰਾਂਦਾਂ ਖਤਮ ਹੋ ਗਈਆਂ ਸਨ। ਲੋਕਾਂ ਨੇ ਪਸ਼ੂ ਰੱਖਣੇ ਹੀ ਬੰਦ ਕਰ ਦਿੱਤੇ ਸਨ। ਬਲਦ ਤਾਂ ਗਾਇਬ ਹੀ ਹੋ ਗਏ ਸਨ। ਖੇਤੀ ਟ੍ਰੈਕਟਰਾਂ ਨਾਲ ਹੋਣ ਲੱਗੀ ਸੀ। ਦੁੱਧ ਲਈ ਇਕ ਜਾਂ ਦੋ ਮੱਝਾਂ ਹੁੰਦੀਆਂ। ਬਿਹਾਰੀ ਨੌਕਰ ਹੀ ਪੱਠਿਆਂ ਦਾ ਪ੍ਰਬੰਧ ਕਰਦੇ। ਖੇਤੀ ਵਾਲੇ ਟਾਵੇਂ ਪਰਿਵਾਰਾਂ ਨੂੰ ਛੱਡ ਕੇ ਸਭ ਨੌਕਰਾਂ ’ਤੇ ਨਿਰਭਰ ਸਨ। ਨਜੀਰੇ ਕੋਲ ਆਪਣੀਆਂ ਭੇਡਾਂ ਤੇ ਬੱਕਰੀਆਂ ਸਨ। ਉਸਨੇ ਇਹ ਬਲਵਿੰਦਰ ਦੀ ਮਦਦ ਨਾਲ ਖਰੀਦੀਆਂ ਸਨ। ਉਹਨੇ ਆਪਣੀ ਧੀ ਸੀਬੋ ਤੇ ਦੋਨੋਂ ਮੁੰਡੇ ਵਿਆਹ ਲਏ ਸਨ। ਅਗਾਂਹ ਉਨ੍ਹਾਂ ਦੇ ਬੱਚੇ ਵੀ ਜੁਆਨ ਹੋ ਗਏ ਸਨ। ਦੋਨੋਂ ਮੁੰਡੇ ਸ਼ਹਿਰ ਦੁਕਾਨਾਂ ’ਤੇ ਕੰਮ ਲੱਗੇ ਹੋਏ ਸਨ। ਮੁਸ਼ਤਾਕ ਦਿਹਾੜੀ ਦੱਪਾ ਕਰਦਾ ਸੀ।
ਉਹ ਬਲਵਿੰਦਰ ਨੂੰ ਘਰ ਆਏ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਸੀ। ਪਰ ਉਹਨੂੰ ਘੋਨਾ ਮੋਨਾ ਹੋਇਆ ਦੇਖ, ਅੰਗਰੇਜ਼ਾਂ ਵਰਗੀ ਦਾੜ੍ਹੀ ਤੇ ਕੱਪੜੇ ਦੇਖ ਕੇ ਉਸ ਤੋਂ ਰਹਿ ਨਾ ਹੋਇਆ।
‘‘ਹਾਂ, ਬਈ ਪ੍ਰੋਫ਼ੈਸਰਾ। ਤੁਸੀਂ ਜਿਹੜੇ ’ਮਰੀਕਾਂ ਨੂੰ ਗਾਲ੍ਹਾਂ ਕੱਢਦੇ ਹੁੰਦੇ ਸੀ। ਹੁਣ ਉਥੇ ਈ ਦਿਲ ਲਾ ਲਿਆ। ਲਗਦੈ ਤੁਹਾਡੇ ਸੂਤ ਬਹਿ ਗਿਆ। ਇਥੇ ਮਾਤ੍ਹੜਾਂ ਦਾ ਕੀ ਬਣੂੰਗਾ? ’’
ਬਲਵਿੰਦਰ ਖਸਿਆਨੀ ਜਿਹੀ ਹਾਸੀ ਹੱਸਿਆ ਸੀ। ਉਹਦੇ ਸਵਾਲਾਂ ਦਾ ਜਵਾਬ ਉਹਦੇ ਕੋਲ ਨਹੀਂ ਸੀ। ਉਹਨੇ ਆਲੇ ਦੁਆਲੇ ਦੇਖਿਆ। ਮੁਸ਼ਤਾਕ ਦਾ ਉਹੀ ਘਰ ਸੀ ਜੋ ਸਤਾਰਾਂ ਸਾਲ ਪਹਿਲਾਂ ਛੱਡ ਕੇ ਗਿਆ ਸੀ। ਉਹੀ ਦੌਣ ਵਾਲੇ ਮੰਜੇ ਸਨ। ਅਮਰੀਕਾ ਜਾਣ ਵੇਲੇ ਆਪਣੇ ਹੱਥੀਂ ਨਲਕਾ ਲਗਵਾ ਕੇ ਦੇ ਕੇ ਗਿਆ ਸੀ। ... ਫਿਰ ਉਹਨੂੰ ਆਪਣਾ ਘਰ ਯਾਦ ਆਇਆ। ਉਦੋਂ ਉਨ੍ਹਾਂ ਦੇ ਦੋ ਕਮਰੇ ਸਨ ਤੇ ਮੋਹਰੇ ਬਰਾਂਡਾ। ਉਪਰ ਇਕ ਕਮਰੇ ਦਾ ਚੁਬਾਰਾ ਸੀ। ਹੁਣ ਦੋ ਕਨਾਲਾਂ ਵਿਚ ਅਮਰੀਕਾ ਵਾਲੇ ਨਕਸ਼ੇ ਤਹਿਤ ਕੋਠੀ ਬਣਾਈ ਹੋਈ ਹੈ। ਨਲਕੇ ਦੀ ਜਗ੍ਹਾ ਸਬਮਰਸੀਬਲ ਮੋਟਰ ਨੇ ਲੈ ਲਈ ਹੈ। ਸਾਇਕਲਾਂ ਦੀ ਜਗ੍ਹਾ ਲਗਜ਼ਰੀ ਗੱਡੀਆਂ ਆ ਗਈਆਂ ਹਨ। ਘਰ ਵਿਚ ਪਏ ਵੱਡੀਆਂ ਵੱਡੀਆਂ ਸਕਰੀਰਾਂ ਵਾਲੇ ਟੈਲੀਵੀਜ਼ਨ, ਕੈਮਰੇ, ਮੋਬਾਇਲ ਤੇ ਲੈਪਟਾਪ ਨਜ਼ਰ ਆ ਰਹੇ ਹਨ। ਨਜੀਰੇ ਦੀ ਪੋਤੀ ਰੇਸ਼ਮਾ ਪਿੱਤਲ ਵਾਲੇ ਗਿਲਾਸਾਂ ਵਿਚ ਚਾਹ ਲੈ ਕੇ ਆਈ ਸੀ। ਭਾਂਡਿਆਂ ਦੇ ਖੜਾਕ ਨੇ ਉਹਦਾ ਧਿਆਨ ਤੋੜਿਆ ਸੀ। ਉਹਨੇ ਚਾਹ ਦਾ ਗਿਲਾਸ ਚੁੱਕਿਆ ਸੀ।
‘‘ਚਾਚਾ, ਕਿੱਦਾਂ? ਮੈਂ ਪਿਛਲੀ ਵਾਰ ਦੋ ਹਜ਼ਾਰ ਰੁਪਈਆ ਦੇ ਗਿਆ ਸੀ। ਉਹ ਖਰਚ ਲਏ? ਫਿਰ ਤੈਨੂੰ ਹੋਰ ਵੀ ਦੇਣੇ ਆ।’’ ਬਲਵਿੰਦਰ ਨੇ ਉਹਦੇ ਸਵਾਲ ਤੋਂ ਧਿਆਨ ਲਾਂਭੇ ਕਰਨ ਲਈ ਖਰਚ ਵਾਲੀ ਗੱਲ ਕੀਤੀ ਸੀ। ਨਾਲ ਚਾਹ ਦਾ ਘੁੱਟ ਭਰਿਆ ਸੀ।
ਮੁਸ਼ਤਾਕ ਨੇ ਪਜਾਮੇ ਦੇ ਨੇਫੇ ਵਿੱਚੋਂ ਹਜ਼ਾਰ-ਹਜ਼ਾਰ ਦੇ ਦੋ ਨੋਟ ਕੱਢੇ ਸਨ। ਉਨ੍ਹਾਂ ਦੁਆਲੇ ਲਪੇਟਿਆ ਮੋਮਜਾਮਾ ਤਾਂ ਫਟ ਗਿਆ ਸੀ। ਪਰ ਨੋਟ ਅਜੇ ਸਾਬਤ ਸਨ। ਉਨ੍ਹਾਂ ਦੀ ਹਾਲਤ ਉਸ ਸੌ ਦੇ ਨੋਟ ਵਰਗੀ ਬਣ ਗਈ ਸੀ, ਜਿਹੜਾ ਲਾਲੇ ਮੁਕੰਦੇ ਨੇ ਲੈਣ ਤੋਂ ਨਾਂਹ ਕਰ ਦਿੱਤੀ ਸੀ। ਉਸਨੇ ਹੁਣ ਨੋਟ ਸਿੱਧੇ ਕੀਤੇ ਸਨ।
‘‘ਮੁੰਡਿਆ, ਇਹ ਰੇਸ਼ਮਾ ਦੇ ਵਿਆਹ ’ਤੇ ਕੰਮ ਆਉਣਗੇ।’’ ਉਹਨੇ ਦਰ ਵੱਲ ਮੂੰਹ ਕਰਕੇ ਬੈਠੀ ਰੇਸ਼ਮਾ ਵੱਲ ਇਸ਼ਾਰਾ ਕੀਤਾ ਸੀ।
ਜਦੋਂ ਉਹ ਘਰੋਂ ਤੁਰਿਆ ਸੀ। ਟੈਲੀਵੀਜ਼ਨ ’ਤੇ ਖ਼ਬਰਾਂ ਚਲ ਰਹੀਆਂ ਸਨ। ‘ਅੱਜ ਸੰਨ ਦੋ ਹਜ਼ਾਰ ਇਕ ਵਿਚ ਭਾਰਤ ਦੀ ਵਿਕਾਸ ਦਰ... ਪ੍ਰਤੀਸ਼ਤ ਤੱਕ ਪੁੱਜੀ।...

ਪ੍ਰਤੀਸ਼ਤ ਵਾਧਾ ਹੋਇਆ। ਚੁਰੰਜਾ ਸਾਲਾਂ ਵਿਚ ਦੇਸ਼ ਤਰੱਕੀ ਦੇ ਰਾਹ ’ਤੇ।’’ ਬਲਵਿੰਦਰ ਦਾ ਸਿਰ ਚਕਰਾਉਣ ਲੱਗ ਪਿਆ ਸੀ। ਉਹ ਸਿੱਥਾ ਪੈ ਗਿਆ ਸੀ। ਉਹ ਮਨੋ ਮਨੀ ਆਪਣੇ ਆਪ ਨੂੰ ਤੇ ਆਪਣੀ ਲਹਿਰ ਨੂੰ ਵੀ ਕੋਸਣ ਲੱਗ ਪਿਆ ਸੀ। ਉਸ ਤੋਂ ਉਥੇ ਹੋਰ ਬੈਠਿਆ ਨਹੀਂ ਸੀ ਗਿਆ। ਗਰੀਬੀ... ਭੁੱਖਮਰੀ ਦੇ ਕੰਡੇ ਨੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਜ਼ਖ਼ਮ ਦਿੱਤੇ ਹੋਏ ਹਨ। ਉਸ ਹਾਉਕਾ ਲਿਆ ਸੀ। ਉਹ ਅਖੰਡ ਪਾਠ ਦੇ ਕੰਮ ਲਈ ਸੱਦਾ ਦੇ ਕੇ ਘਰ ਨੂੰ ਤੁਰ ਪਿਆ ਸੀ।
 

ਮੁਸ਼ਤਾਕ, ਰੇਸ਼ਮਾ ਤੇ ਉਹਦੀ ਮਾਂ ਕਿਵੇਂ ਕੰਮ ਲਈ ਨੱਠੇ ਭੱਜੇ ਫਿਰਦੇ ਰਹੇ, ਉਹ ਬਲਵਿੰਦਰ ਨੂੰ ਹੁਣ ਵੀ ਉਵੇਂ ਦਿਖਾਈ ਦੇ ਰਹੇ ਹਨ। ਭੋਗ ਵਾਲੇ ਦਿਨ ਤਾਂ ਮੁਸ਼ਤਾਕ ਦਾ ਸਾਰਾ ਟੱਬਰ ਕੰਮ ਵੀ ਕਰ ਰਿਹਾ ਸੀ ਤੇ ਪ੍ਰਬੰਧ ਵੀ ਦੇਖ ਰਿਹਾ ਸੀ। ਬਲਵਿੰਦਰ ਹੁਰਾਂ ਦੇ ਗੁਆਂਢੀ ਕੇਹਰ ਸਿੰਘ ਥਾਂਦੀ ਨੇ ਉਹਨਾਂ ਨੂੰ ਮਸ਼ਕਰੀ ਕੀਤੀ ਸੀ।
‘‘ਆਹ ਬਈ ਅਮਰੀਕਨਾਂ ਨੇ ਤਾਂ ਆਪਣੇ ਘਰ ਦੇ ਮੋਹਤਵਾਰ ਤੇਲੀ ਬਣਾ ਲਏ।’’
ਸਾਰੇ ਜੀਆਂ ਦੀ ਤੋਰ ਢਿੱਲੀ ਪੈ ਗਈ ਸੀ। ਇਹ ਕੰਡਾ ਵੀ ਬਹੁਤ ਮਾਰ ਕਰਦਾ। ਬਲਵਿੰਦਰ ਨੂੰ ਹਿੰਦੁਸਤਾਨ ਦੀ ਪੌਣੀ ਆਬਾਦੀ ਇਸ ਕੰਡੇ ਨਾਲ ਜ਼ਖ਼ਮੀ ਹੋਈ ਦਿਸੀ। ‘‘ਕੀ ਛੋਟੀ ਜਾਤ ਦਾ ਹੋਣਾ ਕੋਈ ਛੋਟਾ ਗੁਨਾਹ ਹੈ? ਉਹਨੇ ਆਪਣੇ ਆਪ ਨੂੰ ਹੀ ਸਵਾਲ ਕੀਤਾ ਹੈ। ‘‘ਇਸ ਦੇਸ਼ ਵਿਚ ਸ਼ਾਇਦ ਇਹ ਸਭ ਤੋਂ ਵੱਡਾ ਗੁਨਾਹ ਹੈ।’ ਉਸ ਗੁੱਸੇ ਵਿਚ ਮੁੱਠੀ ਮੀਟੀ ਹੈ। ਇਹ ਕੇਹਰ ਸੁੰਹ ਦਾ ਟੱਬਰ ਘੱਟ ਜ਼ਮੀਨ ਵਾਲਾ ਹੈ ਪਰ ਬੋਲ ਬਾਣੀ ਵਿਚ ਆਪਣੇ ਆਪ ਨੂੰ ਮਨੂ ਦੀ ਕੁਲ ਚੋਂ ਸਮਝਦਾ। ਪਹਿਲਾਂ ਇਹ ਬਲਵਿੰਦਰ ਹੁਰਾਂ ਨੂੰ ਕਿਹੜਾ ਬਖਸ਼ਦੇ ਹੁੰਦੇ ਸੀ। ਬਲਵਿੰਦਰ ਤੇ ਕੇਹਰ ਸੁੰਹ ਦੇ ਟੱਬਰ ਇਕ ਦੂਜੇ ਦੇ ਆਵਤ ’ਤੇ ਚਲੇ ਜਾਂਦੇ ਹੁੰਦੇ ਸਨ। ਬਲਵਿੰਦਰ ਹੁਰੀਂ ਘਰੋਂ ਲੇਟ ਤੁਰਨਾ। ਉਹਨੀਂ ਕਹਿਣਾ-
‘‘ਚਾਹੇ ਖੂਹ ਚੋਂ ਝੋਟਾ ਕੱਢ ਲਿਆ ਚਾਹੇ ਕੰਬੋਅ ਘਰ ਚੋਂ ਕੱਢ ਲਏ।’’
ਬਲਵਿੰਦਰ ਨੂੰ ਜ਼ੋਰ ਨਾਲ ਝਟਕਾ ਲੱਗਾ ਹੈ। ਉਹ ਆਪ ਵੀ ਸੰਭਲਿਆ ਹੈ ਤੇ ਉਦੋਂ ਮੁਸ਼ਤਾਕ ਹੁਰਾਂ ਨੂੰ ਵੀ ਸੰਭਾਲ ਲਿਆ ਸੀ। ਖਾਸਕਰ ਨਵੀਂ ਪੀੜ੍ਹੀ ਨੂੰ ਪੁੱਤ ਬੱਚਾ ਕਰਕੇ ਪੁਚਕਾਰ ਲਿਆ ਸੀ। ਉਹ ਫੇਰ ਕੰਮ ਲੱਗ ਗਏ ਸਨ।
ਜਦੋਂ ਉਹ ਪਿਛਲੇ ਸਾਲ ਸੁੱਖੀ ਦਾ ਵਿਆਹ ਕਰਨ ਗਏ। ਮੁਸ਼ਤਾਕ ਖੁਸ਼ ਬੜਾ ਸੀ। ਜਿਸ ਦਿਨ ਉਸਨੇ ਲਲਕਾਰੇ ਮਾਰ ਕੇ ਮੁੰਡੀਰ ਭਜਾਈ। ਸਾਰੇ ਉਹਦੀ ਬਹਾਦਰੀ ਨੂੰ ਵਡਿਆ ਰਹੇ ਸਨ। ਨਵਦੀਪ ਉਹਨੂੰ ਐਵਾਰਡ ਵਜੋਂ ਲੰਬਾ ਕੋਟ ਦੇ ਕੇ ਆਈ ਸੀ। ਸਫ਼ੈਦਪੋਸ਼ ਦੇ ਪੜਪੋਤੇ ਤੇ ਉਨ੍ਹਾਂ ਦੇ ਨਾਲ ਦੇ ਮੁਸ਼ਤਾਕ ’ਤੇ ਕਚੀਚੀਆਂ ਵੱਟ ਰਹੇ ਸਨ। ਸਫ਼ੈਦਪੋਸ਼ ਕਿਆਂ ਨੇ ਬਹੁਤੇ ਮੁਰੱਬੇ ਤਾਂ ਨਸ਼ਿਆਂ ਵਿਚ ਫਸ ਕੇ ਬਿਲੇ ਲਾ ਦਿੱਤੇ ਸਨ। ਉਹਨਾਂ ਕੋਲ ਜ਼ਮੀਨ ਦੇ ਤੀਹ ਕੁ ਕਿੱਲੇ ਰਹਿ ਗਏ ਸਨ ਪਰ ਅਜੇ ਉਹਨਾਂ ਆਪਣੀ ਜਗੀਰੂ ਹੈਂਕੜ ਨਹੀਂ ਸੀ ਛੱਡੀ। ਬਲਵਿੰਦਰ ਨੂੰ ਅੱਚੋਆਵੀ ਲੱਗੀ ਹੋਈ ਹੈ। ਮੁਸ਼ਤਾਕ ਨਾਲ ਇਹ ਕਿਵੇਂ ਸਾਰਾ ਕੁਝ ਵਾਪਰ ਗਿਆ? ਉਹ ਇਹ ਸੋਚ ਕੇ ਮੁਸ਼ਤਾਕ ਵਰਗੇ ਬੰਦਿਆਂ ਲਈ ਤਾਂ ਹਿੰਦੁਸਤਾਨ ਵਿਚ ਕੰਡਿਆਂ ਦੀ ਸੇਜ ਹੀ ਵਿਛੀ ਹੋਈ ਹੈ ਤੇ ਸਾਰੀ ਦੇਹ ਜ਼ਖ਼ਮਾਂ ਨਾਲ ਭਰੀ ਹੋਈ ਹੈ, ਲਿਵਿੰਗ ਰੂਮ ਵਿਚ ਆ ਗਿਆ ਹੈ।
ਜੱਜ ਦਾ ਇਹ ਬਰੈਂਟਵੁੱਡ ਵਾਲਾ ਘਰ ਬਹੁਤ ਸੁੰਦਰ ਹੈ। ਉਥੇ ਘਰਾਂ ਵਿਚ ਕਲਾਸਕ ਪੋਰਟਰੇਟ ਲਗਾਉਣ ਦਾ ਰਿਵਾਜ ਹੈ। ਲਿਵਿੰਗ ਰੂਮ ਵਿਚ ‘ਬੁੱਢਾ ਤੇ ਸਮੁੰਦਰ’ ਨਾਵਲ ਦੀ ਪੇਂਟਿੰਗ ਲੱਗੀ ਹੋਈ ਹੈ। ਇਹ ਕਲਾ ਦਾ ਸਿਖ਼ਰ ਛੂਹ ਰਹੀ ਹੈ। ਸਮੁੰਦਰ ਵਿਚ ਤੁਫ਼ਾਨ ਆਇਆ ਹੋਇਆ ਹੈ। ਬੁੱਢਾ ਉਹਦਾ ਸਾਹਮਣਾ ਕਰ ਰਿਹਾ ਹੈ। ਜੱਜ ਨੇ ਉਸ ਪੋਰਟਰੇਟ ’ਤੇ ਨਜ਼ਰ ਗੱਡੀ ਹੋਈ ਹੈ। ਉਸ ਬੁੱਢੇ ਦੀ ਜਗ੍ਹਾ ਮੁਸ਼ਤਾਕ ਨੇ ਲੈ ਲਈ ਹੈ।
ਥੋੜ੍ਹੇ ਦਿਨ ਪਹਿਲਾਂ ਬਲਵਿੰਦਰ ਨੂੰ ਫੋਨ ਰਾਹੀਂ ਖ਼ਬਰ ਪੁੱਜੀ ਸੀ। ਉਸ ਘਟਨਾ ਦੇ ਸ਼ਬਦ ਉਹਦੇ ਜ਼ਿਹਨ ਵਿਚ ਬਣਨ ਲੱਗ ਪਏ ਹਨ।
ਉਸ ਦਿਨ ਦੀਵਾਲੀ ਸੀ। ਨਜੀਰੇ ਨੇ ਬੱਕਰਾ ਵੱਢਿਆ ਹੋਇਆ ਸੀ। ਸਵੇਰ ਦਾ ਮੀਟ ਵੇਚ ਰਿਹਾ ਸੀ। ਸ਼ਾਮ ਨੂੰ ਸਫ਼ੈਦਪੋਸ਼ ਦਾ ਪੜਪੋਤਾ ਤੇ ਉਹਦਾ ਮਿੱਤਰ ਵੀ ਮੀਟ ਲੈਣ ਆਏ ਸਨ। ਉਹ ਤੱਕ ਕੇ ਆਏ ਸਨ। ਉਨ੍ਹਾਂ ਪੰਜ ਕਿਲੋ ਮੀਟ ਪੁਆ ਲਿਆ ਪਰ ਪੈਸੇ ਦੇਣ ਵੇਲੇ ਖਹਿਬੜ ਪਏ। ਜਦੋਂ ਨਜ਼ੀਰੇ ਨੇ ਪੈਸਿਆਂ ਲਈ ਜ਼ੋਰ ਪਾਇਆ। ਉਨ੍ਹਾਂ ਨਜੀਰੇ ਦੇ ਥੱਪੜ ਜੜ ਦਿੱਤਾ। ਤੇੜ ਪਾਇਆ ਕੁੜਤਾ ਲੀਰਾਂ-ਲੀਰਾਂ ਕਰ ਦਿੱਤਾ। ਰੌਲਾ ਰੱਪਾ ਸੁਣ ਕੇ ਮੁਸ਼ਤਾਕ ਵੀ ਭੱਜਿਆ ਆਇਆ ਸੀ। ਉਹਦੇ ਹੱਥ ਵਿਚ ਦਾਤ ਸੀ। ਉਸਨੇ ਨਾ ਅੱਗਾ ਵੇਖਿਆ ਤੇ ਨਾ ਪਿੱਛਾ। ਦਾਤ ਵਰ੍ਹਾਉਣਾ ਸ਼ੁਰੂ ਕਰ ਦਿੱਤਾ। ..

. ਮੁੰਡੇ ਫਿਰ ਭੱਜ ਗਏ ਸਨ। ਮੁਸ਼ਤਾਕ ਦੇ ਹੱਥ ਉਨ੍ਹਾਂ ਦਾ ਮੋਟਰ ਸਾਇਕਲ ਆ ਗਿਆ ਸੀ। ਦਾਤ ਮੋਟਰ ਸਾਇਕਲ ’ਤੇ ਵਰ੍ਹਿਆ ਸੀ। ਟਾਇਰ ਟਿੳੂਬ ਵੱਢ ਸੁੱਟੇ ਸਨ। ਮੋਟਰ ਸਾਇਕਲ ਦਾ ਕਚਰਾ ਕਚਰਾ ਕਰ ਦਿੱਤਾ ਸੀ। ਉਹ ਘਰ ਨੂੰ ਜਾ ਰਿਹਾ ਸੀ। ਉਹਦੇ ਪੈਰਾਂ ਨਾਲ ਉੱਡ ਰਹੀ ਧੂੜ ਨਾਲ ਅਸਮਾਨ ਘਸਮੈਲਾ ਹੋ ਗਿਆ ਸੀ।
ਮੁੰਡਿਆਂ ਨੂੰ ਨਮੋਸ਼ੀ ਮਾਰ ਗਈ ਸੀ। ਉਹ ਵਿਦਿਆਰਥੀ ਸਨ। ਕਾਲਜ ਕੀ ਮੂੰਹ ਦਿਖਾਉਂਦੇ। ਉਥੋਂ ਡਰ ਕੇ ਭੱਜਣਾ ਤੇ ਮੋਟਰ ਸਾਇਕਲ ਦਾ ਕਚਰਾ ਕਚਰਾ ਹੋਣਾ, ਉਨ੍ਹਾਂ ਨੂੰ ਚਿੜਾ ਰਹੇ ਸਨ। ਜਦੋਂ ਉਹ ਮੁਸ਼ਤਾਕ ਦੇ ਮੋਹਰੇ-ਮੋਹਰੇ ਭੱਜੇ, ਉਥੇ ਮਲੱਖ ਥੋੜ੍ਹੀ ਸੀ? ਜਨਤਾ ਤਾੜੀਆਂ ਮਾਰ ਦੇ ਹੱਸੀ ਸੀ। ਉਨ੍ਹਾਂ ਬਦਲਾ ਲੈਣ ਲਈ ਸਕੀਮ ਘੜੀ। ਨਜੀਰੇ ਦੀ ਪੋਤੀ ਰੇਸ਼ਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਗਿਆਰ੍ਹਵੀਂ ਦੀ ਵਿਦਿਆਰਥਣ ਸੀ। ਅੱਜ ਕੱਲ੍ਹ ਦੇਸ਼ ਵਿਚ ਬਲਾਤਕਾਰ ਦਾ ਕੰਡਾ ਚੋਭਿਆ ਜਾਂਦਾ ਹੈ। ਰੇਸ਼ਮਾ ਨਾਲ ਵੀ ਖੇਹ ਖਰਾਬੀ ਕੀਤੀ ਗਈ ਸੀ। ਪੰਜ ਜਣਿਆਂ ਨੇ ਉਹਨੂੰ ਇਹ ਜ਼ਖ਼ਮ ਦਿੱਤਾ ਸੀ।... ਪਰ ਕੁੜੀ ਚੁੱਪ ਕਰ ਗਈ ਸੀ। ਉਹਨੂੰ ਆਪਣੇ ਘਰ ਦੇ ਹਲਾਤਾਂ ਦਾ ਪਤਾ ਸੀ। ਉਹਨੇ ਉੱਘ ਸੁੱਘ ਨਾ ਨਿਕਲਣ ਦਿੱਤੀ।
ਉਨ੍ਹਾਂ ਮੁੰਡਿਆਂ ਨੇ ਰੇਸ਼ਮਾ ਨਾਲ ਕੀਤੇ ਕੁਕਰਮ ਦੀ ਮੋਬਾਇਲ ਨਾਲ ਮੂਵੀ ਬਣਾਈ ਹੋਈ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਉਹ ਇੰਟਰਨੈੱਟ ’ਤੇ ਪਾ ਦਿੱਤੀ। ਉਸ ਦੇ ਵੀਡਿਓ ਕਲਿੱਪ ਬਣ ਗਏ। ਮੋਬਾਇਲਾਂ ਵਿਚ ਉਹ ਕਲਿੱਪ ਘੁੰਮਣ ਲੱਗੇ।
‘‘ਭਾਈਆ, ਕਲਯੁੱਗ ਆ ਗਿਆ। ਹੁਣ ਗਰੀਬਾਂ ਦੀਆਂ ਧੀਆਂ ਧਿਆਣੀਆਂ ਦੀ ਕੋਈ ਇੱਜ਼ਤ ਨਹੀਂ ਰਹਿ ਗਈ।’’ ਦੌਲੇ ਦੀ ਨੂੰਹ ਨੇ ਮੋਬਾਇਲ ਵਾਲੇ ਕਲਿੱਪ ਆਪਣੇ ਸਹੁਰੇ ਨੂੰ ਦਿਖਾਉਂਦਿਆਂ ਕਿਹਾ ਸੀ।
ਇਨ੍ਹਾਂ ਕਲਿੱਪਾਂ ਬਾਰੇ ਦੌਲੇ ਨੇ ਨਾ ਚਾਹੁੰਦਿਆਂ ਹੋਇਆਂ ਵੀ ਮੁਸ਼ਤਾਕ ਨੂੰ ਦੱਸ ਦਿੱਤਾ ਸੀ। ਉਸ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ ਸੀ। ਉਹ ਦਾਤ ਚੁੱਕ ਕੇ ਮੁੰਡਿਆਂ ਦੀ ਭਾਲ ਵਿਚ ਤੁਰ ਪਿਆ ਸੀ।
... ਤੇ ਅੱਜ ਸੁੱਖੀ ਨੇ ਬਲਵਿੰਦਰ ਨੂੰ ਉਹਦੀ ਖ਼ਬਰ ਸੁਣਾ ਦਿੱਤੀ ਹੈ। ਉਹਨੂੰ ਉਸ ਖ਼ਬਰ ’ਤੇ ਯਕੀਨ ਨਹੀਂ ਆ ਰਿਹਾ। ਉਹਨੂੰ ਖ਼ਿਆਲ ਆਇਆ ਪਰਸੋਂ ਰਾਤ ਦੀ ਘਟਨਾ ਵਾਪਰੀ ਹੋਈ ਹੈ। ਅਖ਼ਬਾਰ ਵਿਚ ਅੱਜ ਖ਼ਬਰ ਵੀ ਤਾਂ ਆਈ ਹੋਏਗੀ? ਉਹਨੇ ਇੰਟਰਨੈੱਟ ਓਪਨ ਕਰ ਕੇ ਅਖ਼ਬਾਰ ਦਾ ਮੁੱਖ ਪੰਨਾ ਫਰੋਲਿਆ ਹੈ। ਉਹ ਅਗਲੇ ਪੰਨੇ ’ਤੇ ਜਾਂਦਾ ਹੈ। ... ਕਿੰਨੇ ਪੰਨੇ ਫਰੋਲ ਮਾਰੇ ਹਨ। ਖ਼ਬਰ ਕਿਤੇ ਰੜਕ ਨਹੀਂ ਰਹੀ। ਫੇਰ ਉਹਨੇ ਆਪਣੇ ਜ਼ਿਲ੍ਹੇ ਵਾਲਾ ਲੋਕਲ ਪੰਨਾ ਦੇਖਿਆ ਹੈ। ਹੇਠਾਂ ਜਿਹੇ ਇਕ ਕਾਲਮ ਦੀ ਛੋਟੀ ਜਿਹੀ ਖ਼ਬਰ ਨਜ਼ਰੀਂ ਪਈ ਹੈ।
-ਮੁਸ਼ਤਾਕ (65 ਸਾਲ) ਵਾਸੀ ਸ਼ਾਹਪੁਰ ਸੜਕ ਹਾਦਸੇ ਵਿਚ ਹਲਾਕ ਹੋ ਗਿਆ ਹੈ। ਕੱਲ੍ਹ ਸ਼ਾਮੀਂ ਘੁਸਮੁਸੇ ਜਿਹੇ ਵਿਚ ਉਹ ਸਾਇਕਲ ’ਤੇ ਪਿੰਡ ਨੂੰ ਜਾ ਰਿਹਾ ਸੀ। ਕਿਸੇ ਵਹੀਕਲ ਦੀ ਫੇਟ ਨਾਲ ਉਸ ਦੇ ਮਾਰੇ ਜਾਣ ਦੀ ਖ਼ਬਰ ਹੈ। ਵਹੀਕਲ ਵਾਲੇ ਹਨੇਰੇ ਵਿਚ ਭੱਜਣ ਵਿਚ ਸਫ਼ਲ ਹੋ ਗਏ ਹਨ। ਪੁਲੀਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
ਬਲਵਿੰਦਰ ਨੂੰ ਐਕਸੀਡੈਂਟ ਦੀ ਖ਼ਬਰ ਝੂਠੀ ਲੱਗੀ ਹੈ। ਉਹ ਸੋਚਣ ਲੱਗਿਆ-‘‘ਮੁਸ਼ਤਾਕ ਮਰਨ ਵਾਲਾ ਬੰਦਾ ਨਹੀਂ ਸੀ। ਉਹਨੂੰ ਜ਼ਰੂਰ ਸਫ਼ੈਦਪੋਸ਼ਾਂ ਨੇ ਮਰਵਾਇਆ ਹੋੳੂ। ਉਹ ਐਰਾ-ਗੈਰਾ ਨਹੀਂ ਸੀ। ਖਾੜਕੂ ਬੰਦਾ ਸੀ। ਆਖ਼ਰ ਉਹ ਪਾਸ਼ ਦੀ ਕਵਿਤਾ ਦਾ ਪਾਤਰ ਸੀ।... ਉਹ ਅਣਹੋਇਆ ਸੀ? ... ਨ੍ਹੀਂ ਉਹਨੇ ਤਾਂ ਸਫ਼ੈਦਪੋਸ਼ਾਂ ਦੇ ਆਹੂ ਲਾਹੁਣੇ ਸਨ ਪਰ...।’
ਉਸ ਦੀਆਂ ਅੱਖਾਂ ਵਿਚ ਅੱਥਰੂਆਂ ਦਾ ਹੜ੍ਹ ਆ ਗਿਆ ਹੈ। ਉਹਦੀ ਆਵਾਜ਼ ਨਹੀਂ ਨਿਕਲ ਰਹੀ। ਘੰਡੀ ਵੱਜਣ ਲੱਗ ਪਈ ਹੈ। ਉਸਨੇ ਟਿਸ਼ੂ ਪੇਪਰ ਚੁੱਕੇ ਹਨ। ਨੱਕ ਸਾਫ਼ ਕੀਤਾ ਹੈ। ਅੱਖਾਂ... ਗਲ੍ਹਾਂ ’ਤੇ ਵੀ ਟਿਸ਼ੂ ਪੇਪਰ ਫੇਰਿਆ ਹੈ। ਉਹ ਪਾਸ਼ ਦੀ ਤਸਵੀਰ ਦੇ ਸਾਹਮਣੇ ਖੜ੍ਹ ਗਿਆ ਹੈ। ਉਹਨੂੰ ਲੱਗ ਰਿਹਾ ਜਿਵੇਂ ਪਾਸ਼ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਡਿੱਗ ਰਹੇ ਹੋਣ ਪਰ ਇਹ ਤਾਂ ਉਹਦੇ ਆਪਣੇ ਹੀ ਅੱਥਰੂ ਹਨ। ਜਿਉਂ ਹੀ ਉਹਦੇ ਇਹ ਹੰਝੂ ਕਾਰਪੈਟ ’ਤੇ ਡਿੱਗਦੇ ਹਨ, ਅੱਥਰਾਂ ਦਾ ਰੂਪ ਲਈ ਜਾ ਰਹੇ ਹਨ। ਕਵਿਤਾ ਬਣੀ ਜਾ ਰਹੀ ਹੈ।
ਉਸ ਦੇ ਘਰ ਤੋਂ ਖੂਹ ਤੱਕ ਰਾਹ
ਅਜੇ ਵੀ ਜੀੳੂਂਦਾ ਹੈ
ਪਰ ਅਣਗਿਣਤ ਪੈੜਾਂ ਦੇ ਹੇਠਾਂ ਦੱਬੀ ਗਈ
ਉਹਦੀ ਪੈੜ ਵਿਚ
ਹਾਲੇ ਵੀ ਇਕ ਕੰਡੇ ਦਾ ਜ਼ਖ਼ਮ ਹੱਸਦਾ ਹੈ।
ਸੰਪਰਕ:  +91 94630 63990

Thursday 7 August 2014

DrAmarjit Tandaਚੇਤਿਆਂ 'ਚ ਰਹਿ ਗਿਆ -ਅਮਰਜੀਤ ਟਾਂਡਾ

ਚੇਤਿਆਂ 'ਚ ਰਹਿ ਗਿਆ ਉਹ
ਤੇਰਾ ਉਹ ਜੁਆਬ ਲੱਭਣਾਂ
ਇੱਕ ਦਿਨ ਤੇਰੇ ਸ਼ਹਿਰ ਹੀ
ਤੇਰਾ ਉਹ ਸ਼ਬਾਬ ਲੱਭਣਾਂ

ਕਿੱਥੇ 2 ਪਈਆਂ ਨੇ ਯਾਦਾਂ
ਕਿੱਥੇ 2 ਗੀਤ ਨੇ ਪਏ
ਕਿੱਥੇ ਨੇ ਖ਼ਤ ਪਿਆਰ ਦੇ
ਕਿਤਾਬਾਂ 'ਚੋਂ ਗੁਲਾਬ ਲੱਭਣਾਂ

ਦਰਾਂ੍ਹ ਤੇ ਉਡੀਕਾਂ ਖੜ੍ਹੀਆਂ
ਬਨੇਰਿਆਂ ਤੋਂ ਸਾਹ ਚੁਗਣੇ
ਕਿੰਨਾ ਕੁ ਖੁਮਾਰ ਬਚਿਆ
ਹੋਟੀਂ ਲਾ ਸ਼ਰਾਬ ਲੱਭਣਾਂ

ਦੇਖਣੇ ਬਹਾਨੇ ਫਿਰਦੇ
ਛੱਤ ਤੇ ਸੁਕਾਉਂਦੇ ਵਾਲਾਂ ਨੂੰ
ਲੜ੍ਹ ਨੂੰ ਲਪੇਟਦਾ ਚੀਚੀ ਤੇ
ਅੰਬਰੀਂ ਜਨਾਬ ਲੱਭਣਾਂ

ਮਹਿੰਦੀ ਵਾਲੇ ਹੱਥੀਂ ਲਾਲੀਆਂ
ਗੁੱਟਾਂ ਤੇ ਕਲੋਲ ਵੰਗਾਂ ਦੇ
ਸਫ਼ੇ ਉੱਤੇ ਹੰਝੂ ਟੋਲਣੇ
ਉਹ ਵਰਕਾ ਕਿਤਾਬ ਲੱਭਣਾਂ

Photo: ਚੇਤਿਆਂ 'ਚ ਰਹਿ ਗਿਆ -ਅਮਰਜੀਤ ਟਾਂਡਾ

ਚੇਤਿਆਂ 'ਚ ਰਹਿ ਗਿਆ ਉਹ
ਤੇਰਾ ਉਹ ਜੁਆਬ ਲੱਭਣਾਂ
ਇੱਕ ਦਿਨ ਤੇਰੇ ਸ਼ਹਿਰ ਹੀ
ਤੇਰਾ ਉਹ ਸ਼ਬਾਬ ਲੱਭਣਾਂ

ਕਿੱਥੇ 2 ਪਈਆਂ ਨੇ ਯਾਦਾਂ
ਕਿੱਥੇ 2 ਗੀਤ ਨੇ ਪਏ
ਕਿੱਥੇ ਨੇ ਖ਼ਤ ਪਿਆਰ ਦੇ
ਕਿਤਾਬਾਂ 'ਚੋਂ ਗੁਲਾਬ ਲੱਭਣਾਂ

ਦਰਾਂ੍ਹ ਤੇ ਉਡੀਕਾਂ ਖੜ੍ਹੀਆਂ
ਬਨੇਰਿਆਂ ਤੋਂ ਸਾਹ ਚੁਗਣੇ
ਕਿੰਨਾ ਕੁ ਖੁਮਾਰ ਬਚਿਆ
ਹੋਟੀਂ ਲਾ ਸ਼ਰਾਬ ਲੱਭਣਾਂ

ਦੇਖਣੇ ਬਹਾਨੇ ਫਿਰਦੇ
ਛੱਤ ਤੇ ਸੁਕਾਉਂਦੇ ਵਾਲਾਂ ਨੂੰ
ਲੜ੍ਹ ਨੂੰ ਲਪੇਟਦਾ ਚੀਚੀ ਤੇ
ਅੰਬਰੀਂ ਜਨਾਬ ਲੱਭਣਾਂ

ਮਹਿੰਦੀ ਵਾਲੇ ਹੱਥੀਂ ਲਾਲੀਆਂ
ਗੁੱਟਾਂ ਤੇ ਕਲੋਲ ਵੰਗਾਂ ਦੇ
ਸਫ਼ੇ ਉੱਤੇ ਹੰਝੂ ਟੋਲਣੇ
ਉਹ ਵਰਕਾ ਕਿਤਾਬ ਲੱਭਣਾਂ

My Paintings/ Sketches/Portraits/Pencil Drawings--Bhumika Chawla
ਝੋਲੀ ਵਿੱਚ ਡਿੱਗੇ ਬੇਰ
- ਵਰਿਆਮ ਸਿੰਘ ਸੰਧੂ
 
Online Punjabi Magazine Seeratਇਨਾਮ-ਸਨਮਾਨ ਭਲਾ ਕਿਸਨੂੰ ਚੰਗੇ ਨਹੀਂ ਲੱਗਦੇ! ਜੇ ਬੇਗ਼ਰਜ਼ ਹੋ ਕੇ ਆਪਣੇ ਰਾਹੇ ਤੁਰੇ ਜਾਂਦਿਆਂ ਮਿਲ ਵੀ ਜਾਣ ਤਾਂ ਕਿਹੜੀ ਬੁਰੀ ਗੱਲ ਹੈ! ਮੈਂ ਇਨਾਮਾਂ-ਸਨਮਾਨਾਂ ਦੀ ਅਸਲੋਂ ਹੀ ਪ੍ਰਵਾਹ ਨਾ ਕਰਨ ਵਾਲਾ ਏਨਾ ਤਿਆਗੀ ਹੋਣ ਦਾ ਦਾਅਵਾ ਵੀ ਨਹੀਂ ਕਰਦਾ। ਪਰ ਇਹਨਾਂ ਵੱਲ ਕਦੀ ਲਲਚਾਈਆਂ ਨਜ਼ਰਾਂ ਨਾਲ ਵੇਖਿਆ ਵੀ ਨਹੀਂ। ਮੇਰੇ ਲਈ ਸਭ ਤੋਂ ਵੱਡਾ ਇਨਾਮ ਤਾਂ ਮੇਰੀ ਰਚਨਾ ਵੱਲੋਂ ਪਾਠਕਾਂ ਦਾ ਪ੍ਰਵਾਨਿਆਂ ਜਾਣਾ ਹੈ, ਉਹਨਾਂ ਦੇ ਪਸੰਦ ਆ ਜਾਣਾ ਹੈ। ਮੇਰੀ ਰਚਨਾ ਬਾਰੇ ਪਾਠਕਾਂ-ਆਲੋਚਕਾਂ ਵੱਲੋਂ ਸੁਹਿਰਦ ਭਾਵ ਨਾਲ ਬੋਲੇ ਜਾਂ ਲਿਖੇ ਪਰਸੰਸਾ ਦੇ ਬੋਲ ਹੀ ਮੇਰੇ ਲਈ ਸਭ ਤੋਂ ਉੱਚਾ ਤੇ ਸੁੱਚਾ ਸਨਮਾਨ ਰਹੇ ਹਨ। ਵੱਡੇ ਤੋਂ ਵੱਡੇ ਇਨਾਮ ਮਿਲ ਜਾਣ ਦੇ ਬਾਵਜੂਦ ਮੈਨੂੰ ਪਰਸੰਸਾ ਦੀ ਉਹ ਪਹਿਲੀ ਥਰਥਰਾਹਟ ਨਹੀਂ ਭੁੱਲੀ ਜਦੋਂ ਅਠਵੀਂ-ਨੌਵੀਂ ਵਿੱਚ ਪੜ੍ਹਦਿਆਂ, ਅਖ਼ਬਾਰ ਸੁਣਨ ਲਈ ਜੁੜੇ ਲੋਕਾਂ ਦੀ ਭੀੜ ਵਿਚ, ਮੇਰੇ ਪਿੰਡ ਦੇ ਬਜ਼ੁਰਗ ਨੇ ਅਖ਼ਬਾਰ ਵਿੱਚ ਪਹਿਲੀ ਵਾਰ ਛਪਿਆ ਮੇਰਾ ਕਾਵਿ-ਟੋਟਾ ਪੜ੍ਹ ਕੇ ਮੈਨੂੰ ਜੱਫੀ ਵਿੱਚ ਲੈ ਕੇ ਜ਼ਮੀਨ ਤੋਂ ਉੱਚਾ ਚੁੱਕ ਲਿਆ ਸੀ ਤੇ ਫਿਰ ਮੈਨੂੰ ਗਲ਼ ਨਾਲ ਲਾ ਕੇ ਕਿਹਾ ਸੀ, “ਪੁੱਤਰਾ! ਤਕੜਾ ਹੋ ਕੇ ਪਿੰਡ ਦਾ ਨਾਂ ਕੱਢ ਦਈਂ!” ਮੈਨੂੰ ਇਹ ਵੀ ਨਹੀਂ ਭੁੱਲਿਆ ਜਦੋਂ ਡਾਕਟਰ ਖ਼ੁਸ਼ੀ ਰਾਮ ਦੀ ਦੁਕਾਨ ਅੱਗੇ ਸਾਹਮਣਿਓਂ ਤੁਰੇ ਆਉਂਦੇ ਮੇਰੇ ਪਿੰਡ ਦੇ ਸਰਪੰਚ ਨੇ ਰੋਕ ਕੇ ਕਿਹਾ ਸੀ, “ਬੱਚੂ! ਕੱਲ੍ਹ ਅਖ਼ਬਾਰ ਵਿੱਚ ਛਪੀ ਤੇਰੀ ਕਹਾਣੀ ਉੱਤੇ ਆਪਣੇ ਨਾਂ ਨਾਲ ਤੂੰ ਇਸ ਵਾਰੀ ਆਪਣੇ ਪਿੰਡ ਦਾ ਨਾਂ ਨਹੀਂ ਲਿਖਿਆ। ਇੰਜ ਨਾ ਕਰਿਆ ਕਰ। ਆਪਣੇ ਨਾਂ ਨਾਲ ਆਪਣੇ ਪਿੰਡ ਦਾ ਨਾਂ ਜ਼ਰੂਰ ਲਿਖਿਆ ਕਰ। ਇਸਤਰ੍ਹਾਂ ਪਿੰਡ ਦਾ ਵੱਜ ਬਣਦੈ।”
ਉਦੋਂ ਅਜੇ ਮੈਂ ਕਿਸ਼ੋਰ ਅਵਸਥਾ ਦੇ ਵਿਹੜੇ ਵਿੱਚ ਮਸਾਂ ਪੈਰ ਹੀ ਧਰਿਆ ਸੀ ਪਰ ਮੇਰੇ ਪਿਓ ਤੋਂ ਵੀ ਵੱਡੀ ਉਮਰ ਦੇ ਪਿੰਡ ਦੇ ਸਿਆਣੇ ਬਜ਼ੁਰਗ ਸਮਝਦੇ ਸਨ ਕਿ ਲੇਖਕ ਬਣ ਕੇ ਮੈਂ ‘ਆਪਣੇ ਪਿੰਡ ਦਾ ਨਾਂ ਉੱਚਾ ਚੁੱਕਣ ਵਿੱਚ ਹਿੱਸਾ ਪਾ ਰਿਹਾਂ।’
ਕੀ ਇਸਤੋਂ ਵੱਡਾ ਸਨਮਾਨ ਕੋਈ ਹੋ ਸਕਦਾ ਹੈ!
ਕੀ ਉਹ ਛੋਟਾ ਸਨਮਾਨ ਸੀ ਜਦੋਂ ਮੈਨੂੰ ਲੋੜੀਂਦੀ ਅਕਾਦਮਿਕ ਯੋਗਤਾ ਦੇ ਹੁੰਦਿਆਂ ਲੰਮਾਂ ਸਮਾਂ ਕਾਲਜ ਵਿੱਚ ਨੌਕਰੀ ਨਹੀਂ ਸੀ ਮਿਲੀ ਤੇ ਇੱਕ ਇੰਟਰਵੀਊ ਤੇ ਆਏ ਪੰਦਰਾਂ-ਵੀਹ ਉਮੀਦਵਾਰਾਂ ਦਾ ਟੋਲਾ ਮੈਨੂੰ ਮਿਲ ਕੇ ਆਖਣ ਲੱਗਾ ਸੀ, “ਤੁਸੀਂ ਆਖੋ ਤਾਂ ਅਸੀਂ ਸਾਰੇ ਜਣੇ ਸੀਲੈਕਸ਼ਨ ਕਮੇਟੀ ਕੋਲ ਜਾ ਕੇ ਇਹ ਆਖਣ ਲਈ ਤਿਆਰ ਹਾਂ ਕਿ ਜੇ ਉਹ ਤੁਹਾਨੂੰ ਨੌਕਰੀ ‘ਤੇ ਰੱਖਣ ਦਾ ਵਚਨ ਦੇਵੇ ਤਾਂ ਅਸੀਂ ਇਸ ਅਸਾਮੀ ਲਈ ਉਮੀਦਵਾਰ ਵਜੋਂ ਆਪਣਾ ਨਾਂ ਵਾਪਸ ਲੈ ਲਵਾਂਗੇ ਤੇ ਇੰਟਰਵੀਊ ਲਈ ਪੇਸ਼ ਨਹੀਂ ਹੋਵਾਂਗੇ!”
ਮੇਰਾ ਅੰਦਰ ਤਾਂ ਉਦੋਂ ਵੀ ਹੁਲਾਰਿਆ ਜਾਂਦਾ ਸੀ ਜਦੋਂ ਹਰੇਕ ਸਾਲ ਐਮ ਏ ਵਿੱਚ ਦਾਖ਼ਲ ਹੋਏ ਦੋ-ਚਾਰ ਵਿਦਿਆਰਥੀ-ਵਿਦਿਆਰਥਣਾਂ ਇਹ ਕਹਿੰਦੇ ਸਨ ਕਿ ਉਹ ਇਸ ਕਾਲਜ ਵਿੱਚ ਸਿਰਫ਼ ਇਸ ਲਈ ਦਾਖ਼ਲ ਹੋਏ ਸਨ ਕਿਉਂਕਿ ਏਥੇ ‘ਵਰਿਆਮ ਸਿੰਘ ਸੰਧੂ’ ਪੜ੍ਹਾਉਂਦਾ ਹੈ! ਲੇਖਕ ਤੇ ਅਧਿਆਪਕ ਵਜੋਂ ਕਦਰਦਾਨੀ ਦਾ ਅਜਿਹਾ ਅਹਿਸਾਸ ਭਲਾ ਕਿਸਨੂੰ ਨਾ ਝਕਝੋਰ ਜਾਵੇ!
ਪਾਠਕਾਂ-ਆਲੋਚਕਾਂ ਵੱਲੋਂ ਮੈਨੂੰ ਕਦੀ ਵੀ ਪਰਸੰਸਾ ਦਾ ਘਾਟਾ ਨਹੀਂ ਰਿਹਾ। ਮੇਰੇ ਪਹਿਲੇ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ ਦੀਆਂ ਕੁੱਝ ਕਹਾਣੀਆਂ ਵਿੱਚ ਕਲਾ ਨਾਲੋਂ ਸੁਨੇਹੇ ਦੇ ਭਾਰੀ ਹੋਣ ਬਾਰੇ ਮੈਂ ਵੀ ਸਹਿਮਤ ਹਾਂ ਪਰ ਉਹਨਾਂ ਦਿਨਾਂ ਵਿੱਚ ਸ਼ਾਇਦ ਅਜਿਹਾ ਸੁਨੇਹਾ ਹੀ ਵਧੇਰੇ ਮੁੱਲ ਰੱਖਦਾ ਸੀ। ਇਸ ਲਈ ਮੇਰੇ ਪਹਿਲੇ ਕਹਾਣੀ-ਸੰਗ੍ਰਹਿ ਦਾ ਚਰਚਾ ਵੀ ਲੋੜੋਂ ਵੱਧ ਹੋ ਗਿਆ ਸੀ। ਦੂਜਾ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਛਪਦਿਆਂ ਹੀ ਇਸਦੀ ਚਰਚਾ ਹੋਣ ਲੱਗੀ ਤੇ ਇਸਨੂੰ ਪੰਜਾਬੀ ਕਹਾਣੀ ਵਿੱਚ ਨਵੀਨ ਪ੍ਰਵਿਰਤੀ ਵਾਲਾ ਪ੍ਰਤੀਨਿਧ ਕਹਾਣੀ-ਸੰਗ੍ਰਹਿ ਆਖਿਆ ਜਾਣ ਲੱਗਾ। ਛਪਦੇ ਸਾਰ 1979 ਵਿੱਚ ਇਸਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਇਨਾਮ ਪਿਛਲੀ ਦਿਲਚਸਪ ਵਾਰਤਾ ਵੀ ਸੁਣ ਲਵੋ।
ਮੇਰੇ ਪਿੰਡ ਦਾ ਇੱਕ ਨੌਜਵਾਨ ਉਹਨੀ ਦਿਨੀ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਐਮ ਏ ਕਰ ਰਿਹਾ ਸੀ। ਇੱਕ ਦਿਨ ਉਹ ਮੇਰੇ ਕੋਲ ਆਇਆ ਤੇ ਕਹਿਣ ਲੱਗਾ; ਉਸਨੂੰ ਪੰਜਾਬੀ ਵਿਭਾਗ ਦੇ ਮੁਖੀ ਡਾ ਦੀਵਾਨ ਸਿੰਘ ਨੇ ਕਿਹਾ ਹੈ ਕਿ ਮੈਂ ਉਸਨੂੰ ‘ਅੰਗ-ਸੰਗ’ ਦੀਆਂ ਤਿੰਨ ਕਾਪੀਆਂ ਦੇ ਦਿਆਂ ਤਾਕਿ ਮੇਰੀ ਪੁਸਤਕ ਨੂੰ ‘ਭਾਈ ਵੀਰ ਸਿੰਘ ਗਲਪ ਪੁਰਸਕਾਰ’ ਲਈ ਵਿਚਾਰਿਆ ਜਾ ਸਕੇ!
ਅਜਿਹੇ ਇਨਾਮੀ-ਮੁਕਾਬਲਿਆਂ ਵਿੱਚ ਇਨਾਮ ਲੈਣ ਲਈ ਆਪ ਪੁਸਤਕਾਂ ਭੇਜਣਾ ਮੈਨੂੰ ਹਮੇਸ਼ਾ ਹੀ ਹੇਠੀ ਵਾਲੀ ਗੱਲ ਲੱਗਦੀ ਰਹੀ ਹੈ। ਮੈਂ ਕਿਸੇ ਸਾਹਿਤਕ-ਮੁਕਾਬਲੇ ਵਿੱਚ ਜਿੱਤਣ-ਹਾਰਨ ਲਈ ਤਾਂ ਲਿਖਦਾ ਹੀ ਨਹੀਂ। ਜੇ ਕੋਈ ਸੰਸਥਾ ਇਨਾਮ ਦੇਣਾ ਚਾਹੁੰਦੀ ਹੈ ਤਾਂ ਇਹ ਉਸਦਾ ਫ਼ਰਜ਼ ਹੈ ਕਿ ਲੋੜੀਂਦੀਆਂ ਕਿਤਾਬਾਂ ਆਪ ਮੁਹੱਈਆ ਕਰੇ/ਕਰਵਾਏ ਜਾਂ ਉਹਨਾਂ ਵੱਲੋਂ ਨਿਯਤ ਕੀਤੇ ‘ਪੈਨਲ-ਮੈਂਬਰਾਂ’ ਦਾ ਫ਼ਰਜ਼ ਬਣਦਾ ਹੈ ਕਿ ਉਹਨਾਂ ਨੇ ਖ਼ੁਦ ਇਨਾਮ ਦੇ ਦਾਇਰੇ ਵਿੱਚ ਆਉਣ ਵਾਲੀਆਂ ਪੁਸਤਕਾਂ ਪੜ੍ਹੀਆਂ ਹੋਣ!
ਨੌਜਵਾਨ ਨੂੰ ਪੁਸਤਕਾਂ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਮੈਂ ਆਖਿਆ ਕਿ ਪੁਸਤਕਾਂ ਨਾ ਭੇਜਣ ਬਾਰੇ ਮੇਰੀ ਰਾਇ ਉਹ ਡਾਕਟਰ ਦੀਵਾਨ ਸਿੰਘ ਤੱਕ ਪਹੁੰਚਾ ਦੇਵੇ। ਉਸੇ ਸ਼ਾਮ ਉਹ ਵਾਪਸ ਸੁਨੇਹਾ ਲੈ ਕੇ ਆ ਗਿਆ, “ਭਾ ਜੀ ਇਹ ਅੰਦਰਲੀ ਗੱਲ ਹੈ। ਡਾਕਟਰ ਸਾਹਿਬ ਨੇ ਤਾਂ ਕਿਹਾ ਸੀ ਕਿ ਤੁਹਾਨੂੰ ਨਾ ਦੱਸਾਂ; ਉਹ ਤੁਹਾਨੂੰ ਇਨਾਮ ਦੇਣ ਦਾ ਫ਼ੈਸਲਾ ਕਰੀ ਬੈਠੇ ਹਨ। ਸਿਰਫ਼ ਨਿਯਮ ਮੁਤਾਬਕ ਤੁਹਾਡੀਆਂ ਕਿਤਾਬਾਂ ਤੁਹਾਡੇ ਵੱਲੋਂ ਪਹੁੰਚਣੀਆਂ ਜ਼ਰੂਰੀ ਹਨ। ਜੇ ਤੁਸੀਂ ਕਿਤਾਬਾਂ ਨਹੀਂ ਦੇਣੀਆਂ ਤਾਂ ਮੈਂ ਆਪ ਹੀ ਕਿਤਾਬਾਂ ਖ਼ਰੀਦ ਕੇ ਤੁਹਾਡੇ ਵੱਲੋਂ ਦੇ ਦੇਣੀਆਂ ਨੇ। ਫੇਰ ਨਾ ਆਖਿਓ।”
ਉਸਨੇ ਇੱਕ ਫਾਰਮ ਵੀ ਮੈਨੂੰ ਫੜਾਇਆ। ਹੁਣ ਯਾਦ ਤਾਂ ਨਹੀਂ ਪਰ ਸ਼ਾਇਦ ਕਿਤਾਬਾਂ ਨਾਲ ਇਹ ਫ਼ਾਰਮ ਵੀ ਭਰ ਕੇ ਦੇਣਾ ਜ਼ਰੂਰੀ ਸੀ। ਇਸ ਉੱਤੇ ਇਨਾਮ ਪ੍ਰਾਪਤ ਕਰਨ ਵਾਲੇ ਲੇਖਕ ਦੀਆਂ ਲੋੜੀਂਦੀਆਂ ਯੋਗਤਾਵਾਂ ਦਾ ਵੇਰਵਾ ਦਿੱਤਾ ਹੋਇਆ ਸੀ। ਉਸ ਵੇਰਵੇ ਅਨੁਸਾਰ ਇਹ ਇਨਾਮ ਇੱਕ ਨਿਸਚਿਤ ਉਮਰ ਤੋਂ ਵੱਡੀ ਉਮਰ ਦੇ ਲੇਖਕ ਨੂੰ ਨਹੀਂ ਸੀ ਦਿੱਤਾ ਜਾ ਸਕਦਾ। ਉਸ ਤਰੀਕ ਤੱਕ, ਉਸ ਉਮਰ ਤੋਂ ਕੁੱਝ ਦਿਨ ਪਾਰ ਕਰ ਚੁੱਕਾ ਹੋਣ ਕਰਕੇ ਮੈਂ ਤਾਂ ਇਸ ਇਨਾਮ ਦਾ ਹੱਕਦਾਰ ਹੀ ਨਹੀਂ ਸਾਂ। ਨੌਜਵਾਨ ਨੂੰ ਕਿਹਾ ਕਿ ਉਹ ਡਾਕਟਰ ਸਾਹਿਬ ਨੂੰ ਦੱਸ ਦੇਵੇ ਕਿ ਉਮਰ ਦੀ ਨਿਸਚਿਤ ਹੱਦ ਪਾਰ ਕਰ ਚੁੱਕਾ ਹੋਣ ਕਰਕੇ ਮੈਂ ਤਾਂ ਇਨਾਮ ਦਾ ਅਧਿਕਾਰੀ ਹੀ ਨਹੀਂ
“ਨਹੀਂ ਤੇ ਨਾ ਸਹੀ, ਤੁਸੀਂ ਕਿਤਾਬਾਂ ਦਿਓ ਮੈਨੂੰ। ਜੋ ਹੋਊ ਵੇਖੀ ਜਾਊ।”
ਮੈਨੂੰ ਖ਼ਾਮੋਸ਼ ਵੇਖ ਕੇ ਨੌਜਵਾਨ ਨੇ ਉੱਠਦਿਆਂ ਮਿੱਠੀ ਧਮਕੀ ਦਿੱਤੀ, “ਚੰਗਾ ਨਹੀਂ ਦੇਣੀਆਂ ਤੇ ਨਾ ਸਹੀ, ਮੈਂ ਆਪੇ ਮੁੱਲ ਲੈ ਕੇ ਦੇ ਦਿਆਂਗਾ ਤੇ ਫ਼ਾਰਮ ਤੇ ਤੁਹਾਡੇ ਦਸਖ਼ਤ ਕਿਹੜਾ ਮੈਥੋਂ ਹੋਣਗੇ ਨਹੀਂ।”
ਉਸ ਵੱਲੋਂ ਵਿਖਾਏ ਮੋਹ ਤੇ ਦੀਵਾਨ ਸਿੰਘ ਵੱਲੋਂ ਘਰੋਂ ਆਪ ਕਿਤਾਬਾਂ ਮੰਗਵਾਉਣ ਦੇ ਮਾਣ ਨੂੰ ਮੁੱਖ ਰੱਖਦਿਆਂ ਮੈਂ ਉਸਨੂੰ ਕਿਤਾਬਾਂ ਤਾਂ ਫੜਾ ਦਿੱਤੀਆਂ ਪਰ ਉਮਰ ਦੀ ਹੱਦ ਟੱਪ ਜਾਣ ਕਰ ਕੇ ਇਹ ਇਨਾਮ ਮਿਲ ਜਾਣ ਦੀ ਕੋਈ ਆਸ ਹੀ ਨਹੀਂ ਸੀ। ਪਰ ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਕੁੱਝ ਦਿਨਾਂ ਬਾਅਦ ਮੈਨੂੰ ਇਨਾਮ ਦਿੱਤੇ ਜਾਣ ਦਾ ਐਲਾਨ ਹੋ ਗਿਆ। ਇਨਾਮ ਦੀ ਰਾਸ਼ੀ ਤਾਂ ਭਾਵੇਂ ਪੰਜ ਸੌ ਰੁਪਏ ਹੀ ਸੀ ਪਰ ਇਕਤਰ੍ਹਾਂ ਘਰ ਬੈਠੇ ਨੂੰ ਆਪ ਸੱਦ ਕੇ ਇਨਾਮ ਦੇਣ ਵਾਲੀ ਇਸ ਗੱਲ ਨੇ ਮੇਰੀ ਲਿਖਤ ਵਿੱਚ ਮੇਰਾ ਭਰੋਸਾ ਤੇ ਮਾਣ ਵਧਾਇਆ।
ਇਸ ਇਨਾਮ ਦੇ ਮਿਲਣ ਨਾਲ ਸਾਹਿਤ-ਸਭਾਵਾਂ ਤੇ ਹੋਰ ਸਾਹਿਤਕ ਅਦਾਰਿਆਂ ਵੱਲੋਂ ਵੀ ਮੈਨੂੰ ਸਨਮਾਨਿਆਂ ਜਾਣ ਲੱਗਾ। ‘ਲੋਕ-ਲਿਖਾਰੀ-ਸਭਾ ਛੇਹਰਟਾ’ ਨੇ ਮੇਰੇ ਬਾਰੇ ਇੱਕ ਸੁਵੀਨਾਰ ਛਾਪ ਕੇ ਮੇਰਾ ਸਨਮਾਨ ਕੀਤਾ। ਓਸੇ ਹੀ ਸਾਲ ‘ਸਾਹਿਤ ਸਭਾ ਪਲਾਹੀ’ ਵਾਲਿਆਂ ਨੇ ਨਵੇਂ ਕਹਾਣੀਕਾਰਾਂ ਨੂੰ ਪੰਜ ਪੰਜ ਸੌ ਰੁਪਏ ਤੇ ਮੁਮੈਂਟੋ ਦੇ ਕੇ ਸਨਮਾਨਿਤ ਕੀਤਾ। ਸਨਮਾਨ ਦੇਣ ਵਾਲਿਆਂ ਵਿੱਚ ਸੋਹਨ ਸਿੰਘ ਜੋਸ਼ ਤੇ ਸਾਧੂ ਸਿੰਘ ਹਮਦਰਦ ਸ਼ਾਮਲ ਸਨ। ਮੇਰੇ ਤੋਂ ਇਲਾਵਾ ਇਨਾਮ ਪ੍ਰਾਪਤ ਕਰਨ ਵਾਲੇ ਕਹਾਣੀਕਾਰ ਸਨ: ਕਿਰਪਾਲ ਕਜ਼ਾਕ, ਸੁਖਵੰਤ ਕੌਰ ਮਾਨ ਤੇ ਪ੍ਰੇਮ ਗੋਰਖੀ। ਉਹਨੀਂ ਦਿਨੀਂ ਇਹ ਸਾਰੇ ਕਹਾਣੀਕਾਰ ਨਵੀਂ ਪੰਜਾਬੀ ਕਹਾਣੀ ਦੇ ਬੜੇ ਚਰਚਿਤ ਨਾਂ ਸਨ। ‘ਹੀਰਾ ਸਿੰਘ ਦਰਦ’ ਦੇ ਨਾਂ ‘ਤੇ ਦਿੱਤੇ ਇਹ ਇਨਾਮ ਸੱਚ-ਮੁੱਚ ਨਵੀਂ ਪੰਜਾਬੀ ਕਹਾਣੀ ਦੇ ਹਸਤਾਖ਼ਰਾਂ ਦੀ ਸੁਹਿਰਦ ਪਛਾਣ ਸੀ।
ਅਗਲੇਰੇ ਸਾਲ 1981 ਵਿੱਚ ‘ਅੰਗ-ਸੰਗ’ ਨੂੰ ਪੰਜਾਬ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲ ਗਿਆ। ਮੇਰੇ ਨਾਲ ਕਵਿਤਾ ਵਿੱਚ ਸੁਰਜੀਤ ਪਾਤਰ ਨੂੰ ਤੇ ਨਾਟਕ ਵਿੱਚ ਅਜਮੇਰ ਔਲਖ ਨੂੰ ਇਹ ਪੁਰਸਕਾਰ ਮਿਲੇ। ਲੋਕ-ਧਾਰਾ ਵਿੱਚ ਉਸਦੀ ਵਿਲੱਖਣ ਦੇਣ ਬਦਲੇ ਵਣਜਾਰਾ ਬੇਦੀ ਨੂੰ ਵੀ ਸਨਮਾਨ ਦਿੱਤਾ ਗਿਆ। ਮੈਨੂੰ ਛੱਡ ਕੇ ਦੂਜੇ ਲੇਖਕਾਂ ਦੀ ਚੋਣ ਤੇ ਪ੍ਰਾਪਤੀਆਂ ਨਿਰ-ਵਿਵਾਦਤ ਸਨ। ਇਹਨਾਂ ਇਨਾਮ-ਯਾਫ਼ਤਾ ਲੇਖਕਾਂ ਦਾ ਹਿੱਸਾ ਬਣ ਕੇ ਮੈਨੂੰ ਲੱਗਾ ਕਿ ਮੈਂ ਨਿਸਚੈ ਹੀ ਕੁੱਝ ਠੀਕ ਹੀ ਕਰ ਰਿਹਾ ਹੋਵਾਂਗਾ! ਇਸ ਇਨਾਮ ਬਾਰੇ ਸੰਤ ਸਿੰਘ ਸੇਖੋਂ ਹੁਰਾਂ ਵੱਲੋਂ ਲਿਖੀ ਵਿਧੀ-ਵਤ ਚਿੱਠੀ ਮਿਲਣ ਤੋਂ ਪਹਿਲਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਇਸ ਨਾਂ ਦੀ ਕੋਈ ਸਾਹਿਤਕ-ਸੰਸਥਾ ਕਾਰਜਸ਼ੀਲ ਵੀ ਹੈ ਤੇ ਉਹ ਇਨਾਮ ਵੀ ਦਿੰਦੀ ਹੈ!
1980 ਤੋਂ ਲੈ ਕੇ ਅਗਲੇ ਪੰਦਰਾਂ-ਵੀਹ ਸਾਲ ਮੇਰੀ ਕਹਾਣੀ ਦੀ ਚੜ੍ਹਤ ਦੇ ਦਿਨ ਸਨ। ਹਰ ਪਾਸੇ ਕਹਾਣੀ ਬਾਰੇ ਹੋਣ ਵਾਲੇ ਸੈਮੀਨਾਰਾਂ/ ਗੋਸ਼ਟੀਆਂ ਵਿੱਚ ਪੰਜਾਬੀ ਕਹਾਣੀ ਦੇ ਸਭ ਤੋਂ ਵੱਡੇ ਨਾਵਾਂ ਵਿੱਚ ਕੇਵਲ ਦੋ ਹੀ ਨਾਂ ਲਏ ਜਾ ਰਹੇ ਸਨ: ‘ਪ੍ਰੇਮ ਪ੍ਰਕਾਸ਼ ਤੇ ਵਰਿਆਮ ਸਿੰਘ ਸੰਧੂ।’ ਫਿਲਮੀ ਹੀਰੋਆਂ ਦੇ ‘ਨੰਬਰ ਵੰਨ’ ਹੋਣ ਵਾਂਗ ਕਦੀ ਪ੍ਰੇਮ ਦਾ ਨਾਂ ਪਹਿਲਾਂ ਹੁੰਦਾ ਕਦੀ ਵਰਿਆਮ ਸਿੰਘ ਸੰਧੂ ਦਾ। ਸਾਹਿਤ ਦੇ ਵੱਡੇ ਆਲੋਚਕਾਂ ਤੋਂ ਲੈ ਕੇ ਨਵੇਂ ਆਲੋਚਕਾਂ ਤੱਕ ਉਹਨਾਂ ਬਾਰੇ ਲੇਖ ਲਿਖ ਰਹੇ ਤੇ ਚਰਚਾ ਕਰ ਰਹੇ ਸਨ। ਆਪੋ ਆਪਣੇ ਰਚਨਾ-ਵਸਤੂ ਤੇ ਪੇਸ਼ਕਾਰੀ ਦੀ ਨਵੀਨਤਾ ਪੱਖੋਂ ਇਹਨਾਂ ਨੂੰ ਉਸ ਸਮੇਂ ਲਿਖੀ ਜਾ ਰਹੀ ਕਹਾਣੀ ਦੇ ‘ਮਾਡਲਾਂ’ ਵਜੋਂ ਪੇਸ਼ ਕੀਤਾ ਜਾ ਰਿਹਾ ਸੀ।
ਇਸਦੀ ਸ਼ੁਰੂਆਤ ਤਾਂ ਉਦੋਂ ਹੀ ਹੋ ਗਈ ਸੀ ਜਦੋਂ ਇੱਕ ਸੈਮੀਨਾਰ ਵਿੱਚ ‘ਪੰਜਾਬੀ ਕਹਾਣੀ ਦੀਆਂ ਨਵੀਨ ਪ੍ਰਵਿਰਤੀਆਂ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਜੋਗਿੰਦਰ ਸਿੰਘ ਰਾਹੀ ਨੇ ਨਵੀਂ ਪੰਜਾਬੀ ਕਹਾਣੀ ਦੇ ਪ੍ਰਤੀਨਿਧ ਲੇਖਕਾਂ ਵਜੋਂ ਇਹਨਾਂ ਦੋਵਾਂ ਕਹਾਣੀਕਾਰਾਂ ਦਾ ਜ਼ਿਕਰ ਹੀ ਕੀਤਾ ਸੀ। ਮੇਰੇ ਸਮਕਾਲੀਆਂ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗਦੀ। ਉਹਨਾਂ ਦਾ ਇਤਰਾਜ਼ ਜਾਇਜ਼ ਸੀ ਕਿ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਕੇਵਲ ਦੋ ਨਾਵਾਂ ਦੇ ਓਹਲੇ ਕਿਉਂ ਲੁਕਾਇਆ ਜਾ ਰਿਹਾ ਹੈ! ਪਰ ਕੁੱਝ ਵਰ੍ਹਿਆਂ ਬਾਅਦ ਭੂਸ਼ਨ ਦੀ ਕਾਵਿ-ਟਿੱਪਣੀ, ‘ਸਾਡਾ ਅੱਧਾ ਆਕਾਸ਼ ਵਰਿਆਮ ਸੰਧੂ, ਬਾਕੀ ਅੱਧਾ ਪ੍ਰੇਮ ਪ੍ਰਕਾਸ਼ ਸਾਡਾ’ ਨੇ ਤਾਂ ਸਮਕਾਲੀ ਕਹਾਣੀਕਾਰਾਂ ਨੂੰ ਹੋਰ ਵੀ ਨਰਾਜ਼ ਕਰ ਦਿੱਤਾ। ਭੂਸ਼ਨ ਦੀ ਟਿੱਪਣੀ ਤਾਂ ਕਿਸੇ ਹੋਰ ਪ੍ਰਸੰਗ ਵਿੱਚ ਇਹ ਵਿਅੰਗ ਕਰਦੀ ਸੀ ਕਿ ‘ਪੰਜਾਬੀ ਕਹਾਣੀ ਵਿੱਚ ਸਿਰਫ਼ ਦੋ ਹੀ ਨਾਵਾਂ ਦਾ ਚਰਚਾ ਕਿਉਂ?’ ਪਰ ਕਹਾਣੀਕਾਰਾਂ ਨੇ ਇਸਨੂੰ ਵੀ ਸਾਡੇ ਹੱਕ ਵਿੱਚ ਲਿਖੀ ਹੀ ਸਮਝਿਆ! ਤੇ ਉਹ ਬੜਾ ਚਿਰ ਦੁਖੀ ਹੋ ਕੇ ਇਸ ਕਾਵਿ-ਟਿੱਪਣੀ ਬਾਰੇ ਵਿਅੰਗ ਕਰਦੇ ਰਹੇ। ਗੋਸ਼ਟੀਆਂ/ ਸੈਮੀਨਾਰਾਂ ਵਿੱਚ ਕੇਵਲ ਦੋ ਨਾਵਾਂ ਦੀ ਹੀ ਚਰਚਾ ਤੋਂ ਤੰਗ ਆ ਕੇ ਹਰੇਕ ਗੋਸ਼ਟੀ ਸ਼ੁਰੂ ਹੋਣ ਸਮੇ ਇਹ ਫ਼ੈਸਲਾ ਵੀ ਲਿਆ ਜਾਣ ਲੱਗਾ ਕਿ ਇਸ ਚਰਚਾ ਵਿੱਚ ਇਹਨਾਂ ਦੋਵਾਂ ਲੇਖਕਾਂ ਦਾ ਜ਼ਿਕਰ ਨਾ ਕਰ ਕੇ ਬਾਕੀ ਪੰਜਾਬੀ ਕਹਾਣੀਕਾਰਾਂ ਦੀ ਗੱਲ ਹੀ ਕੀਤੀ ਜਾਣੀ ਚਾਹੀਦੀ ਹੈ! ਪਰ ਕਹਾਣੀ-ਚਰਚਾ ਨੂੰ ਇਹ ‘ਭੂਤ’ ਐਸਾ ਚੰਬੜਿਆ ਸੀ ਕਿ ਗੱਲ ਫਿਰ ਮੁੜ-ਘਿੜ ਕੇ ਇਹਨਾਂ ਦੋਵਾਂ ਲੇਖਕਾਂ ਤੇ ਆ ਜਾਂਦੀ!
ਮੇਰੀ ਹਰੇਕ ਛਪਣ ਵਾਲੀ ਕਹਾਣੀ ‘ਤੇ ਮਹੀਨਿਆਂ ਬੱਧੀ ਚਰਚਾ ਚੱਲਦੀ ਰਹਿੰਦੀ। ਕਹਾਣੀ ਦੇ ਕਿਸੇ ਨੁਕਤੇ ਬਾਰੇ ਜੇ ਕਿਸੇ ਪਾਠਕ ਵੱਲੋਂ ਵਿਰੋਧ ਦੀ ਸੁਰ ਉੱਚੀ ਉੱਠਦੀ ਤਾਂ ਉਸਦਾ ਤਸੱਲੀ-ਬਖ਼ਸ਼ ਜਵਾਬ ਦੇਣ ਲਈ ਹੋਰ ਅਨੇਕਾਂ ਪਾਠਕ-ਲੇਖਕ ਤਿਆਰ ਬੈਠੇ ਹੁੰਦੇ। ਏਨੀ ਚਰਚਾ ਤਾਂ ਕਿਸੇ ਦੇ ਪੂਰੇ ਕਹਾਣੀ-ਸੰਗ੍ਰਹਿ ਦੀ ਨਹੀਂ ਸੀ ਹੁੰਦੀ! ਵੱਖ ਵੱਖ ਯੂਨੀਵਰਸਿਟੀਆਂ ਵੱਲੋਂ ਮੇਰੇ ਕਹਾਣੀ-ਸੰਗ੍ਰਹਿ ਐੱਮ ਏ ਦੇ ਪਾਠ-ਕ੍ਰਮ ਵਿੱਚ ਪੜ੍ਹਾਏ ਜਾਣ ਲੱਗੇ ਸਨ। ਇਹਨਾਂ ਸਾਲਾਂ ਵਿੱਚ ਮੇਰੇ ‘ਥੋੜ੍ਹੇ ਨੂੰ ਬਹੁਤਾ ਜਾਣ ਕੇ’ ਮਿਲਣ ਵਾਲੇ ਬੇਹੱਦ ਆਦਰ-ਸਨਮਾਨ ਨੇ ਮੇਰੀ ਰੂਹ ਰਜਾ ਦਿੱਤੀ ਸੀ। ਮੈਨੂੰ ਕਿਸੇ ਵਾਧੂ ਦੇ ਇਨਾਮ-ਸਨਮਾਨ ਵੱਲ ਝਾਕਣ ਦੀ ਲੋੜ ਹੀ ਨਹੀਂ ਸੀ ਰਹਿ ਗਈ।
ਫਿਰ ਵੀ ਇਨਾਮਾਂ-ਸਨਮਾਨਾਂ ਨਾਲ ਜੁੜੇ ਕੁੱਝ ਦਿਲਚਸਪ ਅਨੁਭਵ ਸਾਂਝੇ ਕਰਨੇ ਕੁਥਾਂ ਨਹੀਂ ਹੋਣਗੇ!
1988 ਵਿੱਚ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵੱਲੋਂ ‘ਕੁਲਵੰਤ ਸਿੰਘ ਵਿਰਕ ਪੁਰਸਕਾਰ’ ਦਿੱਤੇ ਜਾਣ ਦਾ ਐਲਾਨ ਹੋਇਆ। ਇਸ ਮਕਸਦ ਲਈ ਕਹਾਣੀਕਾਰਾਂ ਨੂੰ ਪਿਛਲੇ ਤਿੰਨ ਸਾਲਾਂ ਵਿੱਚ ਛਪੇ ਆਪਣੇ ਕਹਾਣੀ-ਸੰਗ੍ਰਹਿ ਭੇਜਣ ਦਾ ਸੱਦਾ ਦਿੱਤਾ ਗਿਆ। ਕੁਲਵੰਤ ਸਿੰਘ ਵਿਰਕ ਦੀ ਪਤਨੀ ਹਰਬੰਸ ਕੌਰ ਅਤੇ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਦੀ ਸਰਪ੍ਰਸਤੀ ਵਿੱਚ ਬਣੀ ‘ਵਿਰਕ ਯਾਦਗ਼ਾਰ ਕਮੇਟੀ’ ਵਿੱਚ ਹਰਬੰਸ ਕੌਰ ਵਿਰਕ ਤੋਂ ਇਲਾਵਾ ਜਲੰਧਰ ਰਹਿੰਦੇ ਉਸਦੇ ਧੀ-ਜੁਆਈ ਵੀ ਕਮੇਟੀ ਦੇ ਮੈਂਬਰ ਸਨ। ਪੰਜਾਬੀ ਵਿਭਾਗ ਦੇ ਮੁਖੀ ਨਿਰੰਜਨ ਸਿੰਘ ਢੇਸੀ ਤੋਂ ਇਲਾਵਾ ਵਿਭਾਗ ਦੇ ਦੋ ਹੋਰ ਸੀਨੀਅਰ ਮੈਂਬਰ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਸਨ। ਕਮੇਟੀ ਦੀ ਗੁਪਤ ਮੀਟਿੰਗ ਵਿੱਚ ਇਨਾਮ ਦਾ ਫ਼ੈਸਲਾ ਕਰਨ ਲਈ ਦੂਜੇ ਸ਼ਹਿਰਾਂ ਵਿੱਚ ਰਹਿੰਦੇ ਪੰਜਾਬੀ ਸਾਹਿਤ ਦੇ ਮੰਨੇ-ਦੰਨੇ ਤਿੰਨ ਮੈਂਬਰਾਂ ਦਾ ਪੈਨਲ ਨਿਯਤ ਕੀਤਾ ਗਿਆ। ਨਿਸਚਿਤ ਮਿਤੀ ਤੱਕ ਕਹਾਣੀਕਾਰਾਂ ਦੀਆਂ ਕਿਤਾਬਾਂ ਮਿਲਣ ‘ਤੇ ਕਮੇਟੀ ਦੇ ਮੈਂਬਰਾਂ ਨੇ ਉਹਨਾਂ ਤਿੰਨਾਂ ਪੈਨਲ-ਮੈਂਬਰਾਂ ਕੋਲ ਖ਼ੁਦ ਜਾ ਕੇ ਕਿਤਾਬਾਂ ਪੁੱਜਦੀਆਂ ਕਰਨੀਆਂ ਸਨ।
ਕਹਿੰਦੇ-ਕਹਾਉਂਦੇ ਕਹਾਣੀਕਾਰ ਇਸ ਮੁਕਾਬਲੇ ਲਈ ਆਪਣੀਆਂ ਕਿਤਾਬਾਂ ਭੇਜ ਰਹੇ ਸਨ। ਜਲੰਧਰ ਦੇ ਇੱਕ ਚਰਚਿਤ ਕਹਾਣੀਕਾਰ ਨੇ ਤਾਂ ਕਿਸੇ ਦੇ ਹੱਥ ਕਿਤਾਬਾਂ ਭੇਜਦਿਆਂ ਭਰੋਸੇ ਨਾਲ ਇਹ ਵੀ ਆਖ ਭੇਜਿਆ ਸੀ, “ਮੈਂ ਕਿਸ ਦਿਨ ਇਨਾਮ ਲੈਣ ਆਵਾਂ!”
ਮੈਂ ਵੀ ਇਸ ਵਿਭਾਗ ਦਾ ਹਿੱਸਾ ਸਾਂ। ਜਦੋਂ ਪ੍ਰੋਫ਼ੈਸਰ ਢੇਸੀ ਨੇ ਪਿਛਲੇ ਸਾਲ ਛਪੇ ਮੇਰੇ ਕਹਾਣੀ-ਸੰਗ੍ਰਹਿ ‘ਭੱਜੀਆਂ ਬਾਹੀਂ’ ਦੀਆਂ ਕਾਪੀਆਂ ਇਨਾਮ ਲਈ ਜਮ੍ਹਾਂ ਕਰਾਉਣ ਲਈ ਕਿਹਾ ਤਾਂ ਮੈਂ ਹੱਸਦਿਆਂ ਹੋਇਆਂ ਇਹ ਕਹਿ ਕੇ ਟਾਲਾ ਵੱਟਿਆ, “ਜੇ ਕਿਤੇ ਖ਼ੁਦਾ-ਨ-ਖ਼ਾਸਤਾ ਇਹ ਇਨਾਮ ਮੈਨੂੰ ਹੀ ਮਿਲ ਗਿਆ ਤਾਂ ਲੋਕ ਆਖਣਗੇ ਕਿ ਕਾਲਜ ਵਾਲਿਆਂ ਨੇ ਆਪਣੇ ਬੰਦੇ ਨੂੰ ਹੀ ਇਨਾਮ ਦੇ ਦਿੱਤਾ ਹੈ! ਮੈਂ ਆਪਣੇ ਕਾਲਜ ਨੂੰ ਉਲਾਹਮੇਂ ਦਾ ਪਾਤਰ ਨਹੀਂ ਬਨਾਉਣਾ ਚਾਹੁੰਦਾ!” ਪਰ ਅਸਲ ਗੱਲ ਤਾਂ ਇਹ ਸੀ ਕਿ ਮੈਂ ਕਿਸੇ ਸਾਹਿਤਕ-ਮੁਕਾਬਲੇ ਵਿੱਚ ਕਿਤਾਬਾਂ ਭੇਜਣਾ ਪਸੰਦ ਹੀ ਨਹੀਂ ਸਾਂ ਕਰਦਾ। ਕਈਆਂ ਦੇ ਪ੍ਰੇਰਨਾ ਦੇਣ ‘ਤੇ ਵੀ ਮੈਂ ਭਾਸ਼ਾ ਵਿਭਾਗ ਵੱਲੋਂ ਪੁਸਤਕਾਂ ਉੱਤੇ ਹਰ ਸਾਲ ਮਿਲਣ ਵਾਲੇ ਇਨਾਮਾਂ ਲਈ ਆਪਣੀ ਕੋਈ ਪੁਸਤਕ ਕਦੀ ਨਹੀਂ ਸੀ ਭੇਜੀ। (ਅਗਲੇ ਸਾਲਾਂ ਵਿੱਚ ਜਦੋਂ ਮੈਨੂੰ ‘ਵਿਰਕ ਕਮੇਟੀ’ ਦਾ ਮੈਂਬਰ ਲੈ ਲਿਆ ਗਿਆ ਤਾਂ ਮੈਂ ਲੇਖਕਾਂ ਕੋਲੋਂ ਕਿਤਾਬਾਂ ਮੰਗਵਾਉਣ ਦੀ ਇਹ ਰਵਾਇਤ ਜ਼ੋਰ ਦੇ ਕੇ ਬੰਦ ਕਰਵਾ ਦਿੱਤੀ। ਪਿਛਲੇ ਸਾਲਾਂ ਵਿੱਚ ਛਪੇ ਵੱਧ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੀ ਇੱਕ ਲਿਸਟ ਤਿਆਰ ਕਰ ਕੇ ਪੈਨਲ ਮੈਂਬਰਾਂ ਨੂੰ ਭੇਜਦੇ ਹੋਏ ਬੇਨਤੀ ਕੀਤੀ ਜਾਂਦੀ ਕਿ ਜੇ ਉਹਨਾਂ ਮੁਤਾਬਕ ਕੋਈ ਮਹੱਤਵ ਪੂਰਨ ਸੰਗ੍ਰਹਿ ਲਿਸਟ ‘ਚੋਂ ਬਾਹਰ ਰਹਿ ਗਿਆ ਹੈ ਤਾਂ ਉਹ ਉਸਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕਰਕੇ ਇਨਾਮ ਲਈ ਕਿਸੇ ਵੀ ਲੇਖਕ ਦਾ ਨਾਂ ਤਜਵੀਜ਼ ਕਰ ਸਕਦੇ ਹਨ। ਅਗਲੇ ਸਾਲਾਂ ਵਿੱਚ ਗੁਰਬਚਨ ਸਿੰਘ ਭੁੱਲਰ, ਮੋਹਨ ਭੰਡਾਰੀ, ਗੁਰਦੇਵ ਸਿੰਘ ਰੁਪਾਣਾ ਤੇ ਸੰਤੋਖ ਸਿੰਘ ਧੀਰ ਨੂੰ ਇਹ ਪੁਰਸਕਾਰ ਦਿੱਤੇ ਗਏ।)
ਕਿਤਾਬਾਂ ਪਹੁੰਚਣ ਦੀ ਡੈੱਡ-ਲਾਈਨ ਦਾ ਸ਼ਾਇਦ ਆਖ਼ਰੀ ਦਿਨ ਸੀ ਕਿ ਕਿਸੇ ਕੰਮ ਮੈਂ ਤੇ ਪ੍ਰੋਫ਼ੈਸਰ ਢੇਸੀ ਪ੍ਰਿੰਸੀਪਲ ਰਾਜਾ ਹਰਨਰਿੰਦਰ ਸਿੰਘ ਦੇ ਦਫ਼ਤਰੋਂ ਉਸਨੂੰ ਮਿਲ ਕੇ ਬਾਹਰ ਨਿਕਲ ਹੀ ਗਏ ਸਾਂ ਕਿ ਉਸਨੇ ਪਿੱਛੋਂ ਆਵਾਜ਼ ਦੇ ਕੇ ਸਾਨੂੰ ਰੋਕ ਲਿਆ ਤੇ ਢੇਸੀ ਨੂੰ ਪੁੱਛਣ ਲੱਗਾ, “ਸੰਧੂ ਸਾਹਿਬ ਨੇ ਇਨਾਮ ਲਈ ਆਪਣੀਆਂ ਕਿਤਾਬਾਂ ਦੇ ਦਿੱਤੀਆਂ ਹਨ ਕਿ ਨਹੀ?” ਪ੍ਰੋ ਢੇਸੀ ਨੇ ‘ਨਾਂਹ’ ਵਿੱਚ ਸਿਰ ਹਿਲਾਉਂਦਿਆਂ ਮੇਰੀ ਰਾਇ ਦੁਹਰਾ ਦਿੱਤੀ। ਇਹ ਵੀ ਕਿਹਾ ਕਿ ਮੇਰੇ ਆਖੇ ਤਾਂ ਇਹ ਮੰਨਦਾ ਨਹੀਂ ਤੁਸੀਂ ਆਖ ਵੇਖੋ! ਪ੍ਰਿੰਸੀਪਲ ਨੇ ਸਮਝਾਇਆ, “ਇਨਾਮ ਕਾਲਜ ਨੇ ਤਾਂ ਦੇਣਾ ਹੀ ਨਹੀਂ। ਇਹ ਤਾਂ ਪੈਨਲ ਮੈਂਬਰਾਂ ਨੇ ਦੇਣਾ ਹੈ ਤੇ ਉਸ ਪੈਨਲ ਵਿੱਚ ਕਾਲਜ ਦਾ ਤਾਂ ਕੋਈ ਮੈਂਬਰ ਹੀ ਨਹੀਂ ਹੋਣਾ। ਕਾਲਜ ਨੇ ਤਾਂ ਕੇਵਲ ਇਨਾਮ-ਸਮਾਗ਼ਮ ਦਾ ਪ੍ਰਬੰਧ ਕਰਨਾ ਹੈ ਤੇ ਜਾਂ ਉਤਲੀ-ਪੁਤਲੀ ਕਾਰਵਾਈ ਕਰਨੀ ਹੈ। ਉਂਜ ਵੀ ਸਾਰਾ ਕੁੱਝ ਵਿਰਕ ਪਰਿਵਾਰ ਦੀ ਸਹਿਮਤੀ ਤੇ ਨਿਗਰਾਨੀ ਵਿੱਚ ਹੋਣਾ ਹੈ, ਇਸ ਲਈ ਕਿਸੇ ਸ਼ੱਕ ਦੀ ਗੁੰਜਾਇਸ਼ ਰਹਿ ਹੀ ਨਹੀਂ ਜਾਣੀ! ਤੁਸੀਂ ਹਰ ਹਾਲਤ ਵਿੱਚ ਕਿਤਾਬਾਂ ਜਮ੍ਹਾਂ ਕਰਵਾਓ; ਅੱਜ ਹੀ।”
ਪ੍ਰਿੰਸੀਪਲ ਨੇ ਇਕਤਰ੍ਹਾਂ ਹੁਕਮ ਹੀ ਦੇ ਦਿੱਤਾ ਸੀ। ਆਪਸੀ ਸਨੇਹ-ਵੱਸ ਢੇਸੀ ਮੇਰੀ ਕਿਤਾਬ ਜ਼ਰੂਰ ਹੀ ‘ਮੁਕਾਬਲੇ’ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਉਸਨੇ ਓਥੇ ਹੀ ਮੇਰੇ ਕੋਲੋਂ ‘ਹਾਂ’ ਕਰਵਾਉਣੀ ਠੀਕ ਸਮਝੀ। ਪਿੱਛੋਂ ਕੀ ਪਤਾ ਮੈਂ ਫੇਰ ਇਨਕਾਰ ਕਰ ਦਿਆਂ। ਮੇਰੇ ਕੋਲ ‘ਹਾਂ’ ਕਰਨ ਤੋਂ ਬਿਨਾਂ ਕੋਈ ਚਾਰਾ ਹੀ ਨਹੀਂ ਸੀ।
ਕਿਤਾਬਾਂ ਪੈਨਲ-ਮੈਂਬਰਾਂ ਕੋਲ ਪਹੁੰਚਾਈਆਂ ਗਈਆਂ। ਪੈਨਲ ਦੀਆਂ ਸਾਰੀਆਂ ਰੀਪੋਰਟਾਂ ਆਉਣ ‘ਤੇ ਕਮੇਟੀ ਦੀ ਗੁਪਤ ਮੀਟਿੰਗ ਵਿੱਚ ਇਹ ਖੋਲ੍ਹੀਆਂ ਗਈਆਂ। ਪੈਨਲ ਮੈਂਬਰਾਂ ਨੂੰ ਇਨਾਮ ਦੀਆਂ ਹੱਕਦਾਰ ਤਿੰਨ ਪੁਸਤਕਾਂ ਦੇ ਨਾਂ ਕ੍ਰਮਵਾਰ ਲਿਖਣ ਲਈ ਕਿਹਾ ਗਿਆ ਸੀ। ਪਹਿਲੇ, ਦੂਜੇ ਤੇ ਤੀਜੇ ਥਾਂ ‘ਤੇ ਲਿਖੀਆਂ ਪੁਸਤਕਾਂ ਨੂੰ ਕ੍ਰਮ-ਅਨੁਸਾਰ ਨੰਬਰ ਦਿੱਤੇ ਜਾਣੇ ਸਨ ਤੇ ਸਭ ਤੋਂ ਵੱਧ ਨੰਬਰ ਪ੍ਰਾਪਤ ਕਰਨ ਵਾਲੀ ਪੁਸਤਕ ਇਨਾਮ ਦੀ ਅਧਿਕਾਰੀ ਹੋਣੀ ਸੀ। ਦਿਲਚਸਪ ਗੱਲ ਇਹ ਹੋਈ ਕਿ ਤਿੰਨਾਂ ਪੈਨਲ-ਮੈਂਬਰਾਂ ਨੇ ਹੀ ਪਹਿਲੇ ਨੰਬਰ ‘ਤੇ ਮੇਰੀ ਪੁਸਤਕ ‘ਭੱਜੀਆਂ ਬਾਹੀਂ’ ਦਾ ਨਾਂ ਲਿਖਿਆ। ਹਾਂ, ਇੱਕ ਪੈਨਲ ਮੈਂਬਰ ਗੁਲਜ਼ਾਰ ਸਿੰਘ ਸੰਧੂ ਨੇ ਆਪਣੀ ਰੀਪੋਰਟ ਵਿੱਚ ਇਹ ਟਿੱਪਣੀ ਵੀ ਕੀਤੀ, ‘ਭਾਵੇਂ ਪਹਿਲੇ ਨੰਬਰ ‘ਤੇ ਵਰਿਆਮ ਸਿੰਘ ਸੰਧੂ ਦਾ ਹੀ ਨਾਂ ਹੈ ਪਰ ਮੇਰੇ ਖ਼ਿਆਲ ਵਿੱਚ ਦੂਜੇ ਨੰਬਰ ‘ਤੇ ਲਿਖੇ ਨਾਂ ਪ੍ਰੇਮ ਪ੍ਰਕਾਸ਼ ਨੂੰ ਸੀਨੀਆਰਟੀ ਦੇ ਆਧਾਰ ‘ਤੇ ਵੀ ਇਹ ਇਨਾਮ ਦਿਤਾ ਜਾ ਸਕਦਾ ਹੈ।’ ਪਰ ਦੂਜੇ ਦੋ ਮੈਂਬਰਾਂ ਦੀ ਪਹਿਲੀ ਚੋਣ ਮੇਰਾ ਕਹਾਣੀ-ਸੰਗ੍ਰਹਿ ਹੋਣ ਕਰਕੇ ਇਹ ਇਨਾਮ ਮੈਨੂੰ ਦਿੱਤੇ ਜਾਣ ਦਾ ਫ਼ੈਸਲਾ ਹੋ ਗਿਆ।
ਲਾਇਲਪੁਰ ਖ਼ਾਲਸਾ ਕਾਲਜ ਦੇ ਓਪਨ ਏਅਰ ਥੀਏਟਰ ਵਿੱਚ ਬੜਾ ਭਰਵਾਂ ਸਮਾਗ਼ਮ ਹੋਇਆ। ਇਕਵੰਜਾ ਸੌ ਰੁਪਏ, ਲੋਈ ਤੇ ਮੋਮੈਂਟੋ ਵਾਲਾ ਇਹ ਇਨਾਮ ਦੂਰ ਦੂਰ ਤੋਂ ਆਏ ਪ੍ਰਸਿੱਧ ਲੇਖਕਾਂ/ਆਲੋਚਕਾਂ ਦੀ ਹਾਜ਼ਰੀ ਵਿੱਚ ਦਿੱਤਾ ਗਿਆ। ਵੱਖ ਵੱਖ ਵਿਦਵਾਨਾਂ ਵੱਲੋਂ ਮੇਰੀ ਕਹਾਣੀ ‘ਤੇ ਬੜੀ ਖੁੱਲ੍ਹ ਕੇ ਚਰਚਾ ਹੋਈ ਤੇ ਇਸ ਇਨਾਮ ਦਾ ਅਸਲੀ ਹੱਕਦਾਰ ਹੋਣ ਦਾ ਮਾਣ ਦਿੱਤਾ ਗਿਆ। ਭਾਵੇਂ ਕੁੱਝ ਹਲਕਿਆਂ ਵਿੱਚ ਇਹ ਘੁਸਰ-ਮੁਸਰ ਵੀ ਸੁਣਨ ਨੂੰ ਮਿਲੀ, ਜਿਸਦਾ ਪਹਿਲਾਂ ਹੀ ਅੰਦੇਸ਼ਾ ਸੀ, ਕਿ ਕਾਲਜ ਨੇ ‘ਆਪਣੇ ਹੀ ਬੰਦੇ ਨੂੰ’ ਇਨਾਮ ਦੇ ਲਿਆ ਹੈ!
ਇਸ ਸਨਮਾਨ ਸਮਾਗ਼ਮ ਵਿੱਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਜਨਰਲ ਸਕੱਤਰ ਤੇ ਪ੍ਰਸਿੱਧ ਆਲੋਚਕ ਡਾ ਪ੍ਰਮਿੰਦਰ ਸਿੰਘ ਨੇ ਸਟੇਜ ਉੱਤੋਂ ਮੇਰੀ ਕਹਾਣੀ ਦੀ ਪਰਸੰਸਾ ਕਰਦਿਆਂ ਐਲਾਨ ਕੀਤਾ, “ਅਸੀਂ ਤਾਂ ਇਸ ਵਾਰ ਹੀ ਵਰਿਆਮ ਨੂੰ ਆਪਣੀ ਅਕਾਦਮੀ ਵੱਲੋਂ ਸਨਮਾਨਿਤ ਕਰਨਾ ਸੀ ਪਰ ਕੁੱਝ ਜ਼ਰੂਰੀ ਕਾਰਨਾਂ ਕਰ ਕੇ ਇਹ ਇਨਾਮ ਅਗਲੇ ਸਾਲ ਤੱਕ ਮੁਲਤਵੀ ਕੀਤਾ ਗਿਆ ਹੈ। ਅਗਲੇ ਸਾਲ ਵਰਿਆਮ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਇਨਾਮ ਮਿਲਣਾ ਤੈਅ ਹੀ ਹੈ।
ਉਸਦੇ ਇਸ ਐਲਾਨ ਪਿੱਛੇ ਵੀ ਇੱਕ ਕਹਾਣੀ ਸੀ।
ਹੁਣੇ ਜਿਹੇ ਹੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ‘ਧਾਲੀਵਾਲ ਪੁਰਸਕਾਰ’ ਦੇਣੇ ਸ਼ੁਰੂ ਕੀਤੇ ਗਏ ਸਨ। ਹਰ ਸਾਲ ਇਹ ਇਨਾਮ ਵੱਖ-ਵੱਖ ਵਿਧਾਵਾਂ ਵਿੱਚ ਲਿਖਣ ਵਾਲੇ ਛੇ ਲੇਖਕਾਂ ਨੂੰ ਦਿੱਤੇ ਜਾਇਆ ਕਰਨੇ ਸਨ। ਇਨਾਮ ਤਾਂ ਸਦਾ ‘ਪੁਰਾਣੇ ਤੇ ਵੱਡੇ (ਉਮਰ-ਦਰਾਜ਼) ਸਾਹਿਤਕਾਰਾਂ’ ਤੋਂ ਹੀ ਦੇਣੇ ਸ਼ੁਰੂ ਕੀਤੇ ਜਾਣੇ ਸਨ ਤੇ ਉਹਨਾਂ ਦੀਆਂ ਤਾਂ ਕਈ ਸਾਲਾਂ ਤੱਕ ਇਨਾਮ ਲੈਣ ਵਾਸਤੇ ਲੰਮੀਆਂ ਲਾਈਨਾਂ ਲੱਗੀਆਂ ਹੋਈਆ ਸਨ। ਨਵੀਆਂ ਪ੍ਰਤਿਭਾਵਾਂ ਨੂੰ ਇਨਾਮਾਂ ਵਿੱਚ ਨੁਮਾਇੰਦਗੀ ਮਿਲਦੀ ਰਹੇ, ਇਸ ਲਈ ਅਕਾਦਮੀ ਵੱਲੋਂ ਨਿਰਣਾ ਕੀਤਾ ਗਿਆ ਕਿ ਹਰ ਸਾਲ ਪੁਰਾਣੇ ਵੱਡੇ ਪੰਜ ਲੇਖਕਾਂ ਦੇ ਨਾਲ ਆਪਣੀ ਲਿਖਣ-ਵਿਧਾ ਵਿੱਚ ਨਵੀਆਂ ਪੈੜਾਂ ਪਾਉਣ ਵਾਲੇ ਇੱਕ ਨਵੇਂ ਪ੍ਰਤੀਨਿਧ ਲੇਖਕ ਨੂੰ ਵੀ ਇਨਾਮ ਦਿੱਤਾ ਜਾਇਆ ਕਰੇਗਾ।
ਪਹਿਲੇ ਸਾਲ ਪੰਜ ਪੁਰਾਣੇ ਵੱਡੇ ਲੇਖਕਾਂ ਨਾਲ ਇਨਾਮ ਲੈਣ ਵਾਲਾ ਪਹਿਲਾ ਨਵਾਂ ਪ੍ਰਤੀਨਿਧ ਲੇਖਕ ਸੁਰਜੀਤ ਪਾਤਰ ਸੀ। ਅਗਲੇ ਸਾਲ ਨਵੇਂ ਲੇਖਕ ਵਜੋਂ ਇਨਾਮ ਦਿੱਤੇ ਜਾਣ ਦਾ ਫ਼ੈਸਲਾ ਮੇਰੇ ਹੱਕ ਵਿੱਚ ਹੋਇਆ। ਡਾ ਪ੍ਰਮਿੰਦਰ ਸਿੰਘ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਮੇਰੇ ਨਜ਼ਦੀਕੀ ਮਿੱਤਰ ਡਾਕਟਰ ਸਾਧੂ ਸਿੰਘ ਕੋਲੋਂ ਮੇਰਾ ਘਰ ਦਾ ਪਤਾ ਮਾਲੂਮ ਕਰਨ ਗਿਆ ਤਾਕਿ ਮੈਨੂੰ ਡਾਕ ਰਾਹੀਂ ਚਿੱਠੀ ਪਾ ਕੇ ਇਨਾਮ ਦਿੱਤੇ ਜਾਣ ਦੀ ਵਿਧੀਵਤ ਢੰਗ ਨਾਲ ਸੂਚਨਾ ਪਹੁੰਚਾ ਦਿੱਤੀ ਜਾਵੇ। ਚਿੱਠੀ ਵਾਲਾ ਲਿਫ਼ਾਫ਼ਾ ਉਹ ਹੱਥ ਵਿੱਚ ਫੜ੍ਹੀ ਫਿਰਦਾ ਸੀ। ਉਸਨੇ ਇਹ ‘ਖ਼ੁਸ਼ਖ਼ਬਰੀ’ ਸਾਧੂ ਸਿੰਘ ਨਾਲ ਸਾਂਝੀ ਕੀਤੀ ਤੇ ਇਸਨੂੰ ਓਥੇ ਖਲੋਤੇ ਹੋਰ ਬੰਦਿਆਂ ਨੇ ਵੀ ਸੁਣਿਆਂ। ਅਗਲੇ ਦਿਨ ਹੀ ਸਾਧੂ ਸਿੰਘ ਨੇ ‘ਵਧਾਈ’ ਦਿੰਦਿਆਂ ਇਹ ਖ਼ਬਰ ਮੇਰੇ ਨਾਲ ਵੀ ਸਾਂਝੀ ਕਰ ਲਈ ਤੇ ਕੁੱਝ ਦਿਨਾਂ ਵਿੱਚ ਹੀ ਮੈਨੂੰ ਪ੍ਰਮਿੰਦਰ ਸਿੰਘ ਦੀ ਚਿੱਠੀ ਮਿਲ ਜਾਣ ਬਾਰੇ ਸੂਚਨਾ ਵੀ ਦਿੱਤੀ।
ਪ੍ਰਮਿੰਦਰ ਸਿੰਘ ਦੀ ਤਾਂ ਮੈਨੂੰ ਕੋਈ ਚਿੱਠੀ ਮਿਲੀ ਹੀ ਨਾ ਪਰ ਕੁੱਝ ਦਿਨਾਂ ਵਿੱਚ ‘ਧਾਲੀਵਾਲ ਪੁਰਸਕਾਰ’ ਮਿਲਣ ਵਾਲੇ ਲੇਖਕਾਂ ਦੀ ਅਖ਼ਬਾਰ ਵਿੱਚ ਖ਼ਬਰ ਛਪ ਗਈ। ਉਸ ਵਿੱਚ ਮੇਰਾ ਨਾਂ ਤਾਂ ਕਿਤੇ ਵੀ ਨਹੀਂ ਸੀ। ਮੈਂ ਕਿਸੇ ਨੂੰ ਕੀ ਪੁੱਛਣਾ ਸੀ! ਸਮਝਿਆ ਸਾਧੂ ਸਿੰਘ ਨੂੰ ਹੀ ਕੋਈ ਮੁਗ਼ਾਲਤਾ ਲੱਗਾ ਹੋਵੇਗਾ! ਪਰ ਨਹੀਂ ਸਾਧੂ ਸਿੰਘ ਦੀ ਗੱਲ ਸੱਚੀ ਸੀ। ‘ਵਿਰਕ ਪੁਰਸਕਾਰ’ ਮੌਕੇ ਸਾਧੂ ਸਿੰਘ ਦੇ ਸਾਹਮਣੇ ਹੀ ਪ੍ਰਮਿੰਦਰ ਸਿੰਘ ਨੇ ਦੱਸਿਆ, “ਫ਼ੈਸਲਾ ਤਾਂ ਵਰਿਆਮ ਦੇ ਹੱਕ ਵਿੱਚ ਹੀ ਹੋਇਆ ਸੀ ਪਰ ਇਸਨੂੰ ਚਿੱਠੀ ਪੋਸਟ ਕਰਨ ਦੇ ਸਮੇਂ ਐਨ ਮੌਕੇ ‘ਤੇ ਪਤਾ ਲੱਗਾ ਕਿ ਡਾਕਟਰ ਹਰਭਜਨ ਸਿੰਘ ਦਿੱਲੀ ਵਾਲਿਆਂ ਦੀ ਤਬੀਅਤ ਠੀਕ ਨਹੀਂ। ਇਸ ਵਾਰੀ ਵਰਿਆਮ ਦੀ ਥਾਂ ਇਹ ਇਨਾਮ ਉਹਨਾਂ ਨੂੰ ਦੇ ਦਿੱਤਾ ਜਾਵੇ। ਪੈਸੇ ਉਹਨਾਂ ਦੇ ਕਿਸੇ ਕੰਮ ਆ ਜਾਣਗੇ। ਵਰਿਆਮ ਨੂੰ ਅਗਲੇ ਸਾਲ ਇਨਾਮ ਦੇ ਦਿੱਤਾ ਜਾਵੇਗਾ।”
ਜਦੋਂ ਸਟੇਜ ਉੱਤੇ ਡਾਕਟਰ ਪ੍ਰਮਿੰਦਰ ਸਿੰਘ ਮੈਨੂੰ ਅਗਲੇ ਸਾਲ ‘ਧਾਲੀਵਾਲ ਪੁਰਸਕਾਰ’ ਦੇਣ ਦਾ ਐਲਾਨ ਕਰ ਰਿਹਾ ਸੀ ਤਾਂ ਇਸਦੇ ਪਿਛੋਕੜ ਵਿੱਚ ਉਪ੍ਰੋਕਤ ਵੇਰਵਾ ਪਿਆ ਸੀ।
ਪਰ ਅਗਲੇ ਸਾਲ ਵੀ ਮੈਨੂੰ ਇਹ ਇਨਾਮ ਨਾ ਮਿਲਿਆ। ਸ਼ਾਇਦ ਉਹਨਾਂ ਨੇ ਨਵੇਂ ਪ੍ਰਤੀਨਿਧ ਲੇਖਕਾਂ ਨੂੰ ਇਨਾਮ ਦੇਣ ਦਾ ਫ਼ੈਸਲਾ ਹੀ ਬਦਲ ਲਿਆ ਸੀ! ਤੇ ਫਿਰ ਇਹ ਇਨਾਮ ਮੇਰੇ ਹੱਥੋਂ ਐਸਾ ਤਿਲਕਿਆ ਕਿ ਪੂਰੇ ਬਾਰਾਂ ਸਾਲ ਬਾਅਦ ਇਸਦਾ ਗੁਣਾ ਮੇਰੇ ‘ਤੇ ਪਿਆ। ਪਰ ਮੈਨੂੰ ਇਸਦਾ ਕਦੀ ਵੀ ਅਫ਼ਸੋਸ ਨਹੀਂ ਹੋਇਆ। ਕਿਉਂਕਿ ਮੇਰਾ ਸਦਾ ਇਹ ਵਿਸ਼ਵਾਸ ਰਿਹਾ ਹੈ ਕਿ ਕੋਈ ਵੀ ਲੇਖਕ ਕਿਸੇ ਇਨਾਮ-ਸਨਮਾਨ ਦੇ ਪਹਿਲਾਂ ਜਾਂ ਪਿੱਛੋਂ ਮਿਲਣ; ਮਿਲਣ ਜਾਂ ਨਾ ਮਿਲਣ ਨਾਲ ਵੱਡਾ-ਛੋਟਾ ਨਹੀਂ ਹੁੰਦਾ। ਵੱਡਾ-ਛੋਟਾ ਤਾਂ ਉਸਨੇ ਆਪਣੀ ਲਿਖਤ ਨਾਲ ਹੋਣਾ ਹੈ। ਜੇ ਤੁਹਾਡੀ ਲਿਖ਼ਤ ਪਾਠਕਾਂ ਦੇ ਦਿਲਾਂ ਨੂੰ ਨਹੀਂ ਛੂੰਹਦੀ ਤੇ ਉਹ ਤੁਹਾਨੂੰ ਪਰਸੰਸਾ-ਭਿੱਜਾ ਹੁੰਗਾਰਾ ਨਹੀਂ ਦਿੰਦੇ ਤਾਂ ਜਿੰਨਾਂ ਮਰਜ਼ੀ ਵੱਡਾ ਇਨਾਮ-ਸਨਮਾਨ ‘ਪ੍ਰਾਪਤ’ ਕਰ ਲਵੋ, ਤੁਸੀਂ ਪਾਠਕਾਂ ਦੀ ਰੂਹ ਦਾ ਹਿੱਸਾ ਨਹੀਂ ਬਣ ਸਕਦੇ ਤੇ ਨਾ ਹੀ ਤੁਹਾਡੀ ਆਪਣੀ ਰੂਹ ਨੂੰ ਰੱਜ ਆ ਸਕਦਾ ਹੈ। ਬਾਰਾਂ ਸਾਲ ਪਹਿਲਾਂ ਇਹ ਪੁਰਸਕਾਰ ਮਿਲ ਜਾਣ ‘ਤੇ ਮੈਂ ਕੋਈ ਬਹੁਤਾ ਵੱਡਾ ਲੇਖਕ ਨਹੀਂ ਸੀ ਬਣ ਜਾਣਾ ਤੇ ਨਾ ਮਿਲਣ ਨਾਲ ਮੈਂ ਛੋਟਾ ਨਹੀਂ ਸਾਂ ਹੋ ਗਿਆ। ਮੈਂ ਤਾਂ ਓਡਾ-ਕੇਡਾ ਹੀ ਸਾਂ ਤੇ ਹਾਂ ਜਿੱਡੀ ਕੁ ਮੇਰੀ ਰਚਨਾ ਸੀ!
ਭਾਸ਼ਾ ਵਿਭਾਗ ਦੇ ਇਨਾਮ ਬਾਰੇ ਵੀ ਇਸ ਨਾਲ ਹੀ ਕੁੱਝ ਰਲਦੀ ਮਿਲਦੀ ਗੱਲ ਹੋਈ। ਭਾਸ਼ਾ ਵਿਭਾਗ ਦੇ ਇਨਾਮਾਂ ਬਾਰੇ ਜਾਣਦੇ ਹੀ ਹਾਂ ਕਿ ਇਸਦੇ ਚੋਣ-ਬੋਰਡ ਦੇ ਮੈਂਬਰਾਂ ਵਿਚੋਂ ਜਿਹੜਾ ‘ਆਪਣੇ ਬੰਦੇ’ ਦੇ ਹੱਕ ਵਿੱਚ ਜ਼ੋਰ ਪੁਆ ਜਾਵੇ ਉਸਨੂੰ ਇਨਾਮ ਮਿਲ ਜਾਂਦਾ ਹੈ। ਇਸ ਬੋਰਡ ਦੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਪਿਛੋਂ ਕਿਸੇ ਨਾ ਕਿਸੇ ਰਾਹੀਂ ਅੰਦਰ ਹੋਈਆਂ ਗੱਲਾਂ ਬਾਹਰ ਆ ਹੀ ਜਾਂਦੀਆਂ ਹਨ। ਇੱਕ ਸਾਲ ‘ਸ਼੍ਰੋਮਣੀ ਪੰਜਾਬੀ ਸਾਹਿਤਕਾਰ’ ਲਈ ਮੇਰਾ ਨਾਂ ਪੇਸ਼ ਹੋਇਆ। ਬਾਅਦ ਵਿੱਚ ਕਿਸੇ ਨੇ ਦੱਸਿਆ; ਮੇਰੇ ਨਾਂ ‘ਤੇ ਲਗਭਗ ਸਰਬ-ਸੰਮਤੀ ਹੋ ਗਈ ਸੀ ਕਿ ਅਚਨਚੇਤ ਮੇਰਾ ਹੀ ਬਹੁਤ ਨਜ਼ਦੀਕੀ ਮਿੱਤਰ ਹਰਭਜਨ ਹਲਵਾਰਵੀ ਉੱਠ ਕੇ ਖੜਾ ਹੋ ਗਿਆ, “ਵਰਿਆਮ ਦਾ ਨਾਂ ਤਾਂ ਇਸ ਇਨਾਮ ਲਈ ਬੜਾ ਢੁਕਵਾਂ ਹੈ ਪਰ ਮੈਂ ਕੁੱਝ ਹੋਰ ਤਰ੍ਹਾਂ ਵੀ ਸੋਚਦਾ ਹਾਂ। ਵਰਿਆਮ ਨੇ ਤਾਂ ਅਜੇ ਬਹੁਤ ਇਨਾਮ ਲੈਣੇ ਹਨ, ਇਸਤੋਂ ਵੀ ਵੱਡੇ ਇਨਾਮ! ਤੇ ਉਸ ਕੋਲ ਇਹ ਇਨਾਮ ਲੈਣ ਲਈ ਬੜੀ ਉਮਰ ਪਈ ਹੈ ਪਰ ---ਸਿੰਘ ਬੜੇ ਹੀ ਸਾਲਾਂ ਤੋਂ ਆਪਣੀ ਪੁੱਛ-ਗਿੱਛ ਨਾ ਹੋਣ ਕਰਕੇ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦਾ ਹੈ। ਇਸ ਵਾਰੀ ਜੇ ਆਪਾਂ ਇਹ ਇਨਾਮ ਉਸਨੂੰ ਦੇ ਦਈਏ! ਵਰਿਆਮ ਨੂੰ ਅਗਲੇ ਸਾਲ ਦੇ ਦਿਆਂਗੇ।”
ਬੋਰਡ ਦੇ ਦੂਜੇ ਮੈਂਬਰਾਂ ਦੇ ਹਿਸਾਬ ਨਾਲ ਤੇ ਮੇਰੀ ਆਪਣੀ ਸੋਚ ਅਨੁਸਾਰ ਵੀ ਉਸ ਬੋਰਡ ਵਿੱਚ ਮੇਰੀ ਵਕਾਲਤ ਕਰਨ ਵਾਲਾ ਸਭ ਤੋਂ ਵੱਡਾ ਹਮਾਇਤੀ ਤਾਂ ਹਲਵਾਰਵੀ ਹੀ ਹੋ ਸਕਦਾ ਸੀ! ਜੇ ਉਹ ਮੇਰੀ ਥਾਂ ਕਿਸੇ ਹੋਰ ਨੂੰ ਇਨਾਮ ਦੇ ਕੇ ਖ਼ੁਸ਼ ਸੀ ਤਾਂ ਦੂਜਿਆਂ ਨੂੰ ਕੀ ਇਤਰਾਜ਼ ਹੋ ਸਕਦਾ ਸੀ! ਤੇ ਇਨਾਮ ਉਸ ‘ਅਣਗੌਲੇ’ ਲੇਖਕ ਨੂੰ ਮਿਲ ਗਿਆ। ਅਗਲੇ ਸਾਲ ਕਿਹੜਾ ਰਾਜਾ ਤੇ ਕਿਹੜੀ ਪਰਜਾ! ਮੈਨੂੰ ਇਨਾਮ ਕਿਸ ਨੇ ਦੇਣਾ ਸੀ! ਖਿਸਕਦਾ ਖਿਸਕਦਾ ਇਹ ਇਨਾਮ ਮੈਨੂੰ 2003 ਵਿੱਚ ਮਿਲਿਆ।
ਮੈਨੂੰ ਕਿਸੇ ਵੀ ਇਨਾਮ-ਸਨਮਾਨ ਦੇ ‘ਦੇਰ’ ਨਾਲ ਮਿਲਣ ਦਾ ਕਦੀ ਵੀ ਦੁੱਖ ਨਹੀਂ ਹੋਇਆ। ਇਹ ਕਹਿ ਕੇ ਕਿਸੇ ਬਨਾਉਟੀ ਨਿਮਰਤਾ ਦਾ ਵਿਖਾਲਾ ਨਹੀਂ ਕਰ ਰਿਹਾ। ਮਿਲ ਗਏ ਇਨਾਮਾਂ ਬਾਰੇ ਤਾਂ ਸਗੋਂ ਇਹ ਵੀ ਸੋਚਦਾਂ ਕਿ ਜਦੋਂ ਵੀ ਇਹ ਇਨਾਮ ਮਿਲੇ, ਜੇ ਭਲਾ ਇਹ ਉਦੋਂ ਵੀ ਨਾ ਮਿਲਦੇ ਤਾਂ! ਹੱਥੋਂ ਛੁੱਟ ਕੇ ਕਈ ਸਾਲਾਂ ਤੱਕ ਅੱਗੇ ਨੂੰ ਰਿੜ੍ਹ ਜਾਣ ਵਾਲੇ ਇਨਾਮਾਂ ਦੀ ਵਾਰਤਾ ਹੁਣੇ ਸੁਣਾ ਕੇ ਹਟਿਆਂ। ਇਹ ਵੀ ਸ਼ੁਕਰ ਹੈ ਕਿ ਰਿੜ੍ਹਦੇ ਰਿੜ੍ਹਦੇ ਕਈ ਸਾਲਾਂ ਬਾਦ ਹੱਥ ਵਿੱਚ ਤਾਂ ਆ ਗਏ। ਕਈਆਂ ਚੰਗੇ-ਭਲੇ ਮਾਣਯੋਗ ਵੱਡੇ ਲੇਖਕਾਂ ਦੇ ਹੱਥੋਂ ਡਿੱਗੇ ਇਨਾਮ ਰਿੜ੍ਹ ਕੇ ਅਜਿਹੀ ਡੂੰਘੀ ਖੱਡ ਵਿੱਚ ਜਾ ਡਿੱਗੇ ਕਿ ਲੋਕ ਉਹਨਾਂ ਦੀ ਉਮਰ ਦੇ ਆਖ਼ਰੀ ਸਾਹਵਾਂ ਤੱਕ ਵੇਖਦੇ ਰਹੇ ਕਿ ਉਹਨਾਂ ਨੂੰ ਹੁਣ ਵੀ ਇਨਾਮ ਮਿਲਿਆ, ਹੁਣ ਵੀ ਮਿਲਿਆ! ਲੋਕਾਂ ਦੀ ਉਡੀਕ ਨਾ ਮੁੱਕੀ ਪਰ ਲੇਖਕਾਂ ਦੇ ਸਾਹ ਮੁੱਕ ਗਏ। ਇਨਾਮ-ਵਿਹੂਣੇ ਤੁਰ ਗਏ ਇਨਾਮ ਦੇ ਹੱਕਦਾਰ ਲੇਖਕ ਫਿਰ ਵੀ ਵੱਡੇ ਲੇਖਕ ਹੀ ਰਹੇ ਜਦ ਕਿ ਇਨਾਮ ਦੇਣ ਵਾਲਿਆਂ ਅਦਾਰਿਆਂ ਦੇ ਕੱਦ ਉਹਨਾਂ ਅੱਗੇ ਛੋਟੇ ਹੋ ਗਏ! ਇਨਾਮਾਂ-ਸਨਮਾਨਾਂ ਦਾ ਮਿਲਣਾ ਕਿਸੇ ਲੇਖਕ ਨੂੰ ‘ਉੱਤਮ’ ਜਾਂ ਨਾ ਮਿਲਣਾ ‘ਘੱਟ ਉੱਤਮ’ ਨਹੀਂ ਬਣਾ ਸਕਦਾ।
ਇਹ ਠੀਕ ਹੈ ਕਿ ਇਨਾਮ ਮਿਲਣ ਨਾਲ ਲੇਖਕ ਦੀ ਥੋੜ੍ਹੀ ਬਹੁਤ ਮਾਲੀ ਮਦਦ ਹੋ ਜਾਂਦੀ ਹੈ, ਚਾਰ ਕੁ ਦਿਨ ਅਖ਼ਬਾਰਾਂ ਵਿੱਚ ਚਰਚਾ ਜਿਹੀ ਹੋ ਜਾਂਦੀ ਹੈ। ਥੋੜ੍ਹਾ ਕੁ ਹੁਲਾਰਾ ਦੇ ਕੇ ਪੀਂਘ ਆਪਣੇ ਆਪ ਹੇਠਾਂ ਆਉਣੀ ਸ਼ੁਰੂ ਹੋ ਜਾਂਦੀ ਹੈ। ਲੇਖਕ ਫਿਰ ਧਰਤੀ ‘ਤੇ ਆ ਜਾਂਦਾ ਹੈ। ਸੁਨਹਿਰੀ ਝਾਲ ਛੇਤੀ ਹੀ ਝੜ ਜਾਂਦੀ ਹੈ। ਕੁੱਝ ਸਾਲਾਂ ਬਾਅਦ ਲੋਕ ਇਹ ਭੁੱਲ ਭੁਲਾ ਵੀ ਜਾਂਦੇ ਹਨ ਕਿ ਇਸਨੂੰ ਕਿਹੜਾ ਇਨਾਮ ਮਿਲਿਆ ਸੀ ਜਾਂ ਨਹੀਂ ਵੀ ਸੀ ਮਿਲਿਆ। ਉਹਨਾਂ ਨੂੰ ਤਾਂ ਯਾਦ ਰਹਿਣ ਵਾਲੀ ਹੈ ਉਸਦੀ ਰਚਨਾ ਦੀ ਤਾਕਤ। ਤਾਕਤ-ਵਿਹੁਰੀਂ ਰਚਨਾ ਵਾਲਾ ਲੇਖਕ ਆਪਣੇ ਸਿਰ ‘ਤੇ ਜਿੰਨੇ ਚਾਹੇ ਮੁਕਟ ਸਜਾਈ ਫਿਰੇ; ਸੁਹਿਰਦ ਪਾਠਕ ਨੂੰ ਉਸਦਾ ਇਹ ਬਣਾਓ-ਸ਼ਿੰਗਾਰ ਕਿਸੇ ਜੋਕਰ ਦੀ ਸ਼ਿੰਗਾਰੀ ਹੋਈ ਟੋਪੀ ਤੋਂ ਵੱਧ ਨਹੀਂ ਲੱਗਦਾ।
ਇਨਾਮ-ਸਨਮਾਨ ਉਹੋ ਹੀ ਚੰਗੇ ਜਿਹੜੇ ਪੱਕੇ ਬੇਰਾਂ ਵਾਂਗ ਝੜ ਕੇ ਆਪਣੇ ਆਪ ਤੁਹਾਡੀ ਝੋਲੀ ਵਿੱਚ ਡਿਗ ਪੈਣ। ਤੁਹਾਨੂੰ ਆਪ ਬੇਰੀ ਉੱਤੇ ਚੜ੍ਹ ਕੇ, ਕੰਡੇ ਮਰਵਾ ਕੇ, ਡੰਡੇ ਮਾਰ ਕੇ, ਲਹੂ-ਲੁਹਾਨ ਹੋ ਕੇ ਉਹਨਾਂ ਨੂੰ ਕੱਚਿਆਂ-ਪਿਲਿਆਂ ਨੂੰ ਤੋੜਨਾ-ਭਰੂਹਣਾ ਨਾ ਪਵੇ! ਮੇਰਾ ਮੰਨਣਾਂ ਹੈ ਕਿ ਮੈਨੂੰ ਜਿਹੜੇ ਵੀ ਇਨਾਮ-ਸਨਮਾਨ ਜਦੋਂ ਵੀ ਮਿਲੇ ਉਹੋ ਹੀ ਉਹਨਾਂ ਦੇ ‘ਪੱਕਣ’ ਦੀ ਸਹੀ ਰੁੱਤ ਸੀ। ਇਹ ਵੀ ਸੰਤੁਸ਼ਟੀ ਹੈ ਕਿ ਕਦੀ ਮੂੰਹ ‘ਚ ਪਾਣੀ ਭਰ ਕੇ ਇਹਨਾਂ ‘ਬੇਰਾਂ’ ਵੱਲ ਵੇਖਿਆ ਤੱਕ ਨਹੀਂ। ਪੱਕ ਕੇ ਆਪਣੇ ਆਪ ਹੀ ਇਹ ਮੇਰੀ ਝੋਲੀ ਵਿੱਚ ਡਿੱਗਦੇ ਰਹੇ ਹਨ।
ਆਪਣੇ ਬੇਟੇ ਸੁਪਨਦੀਪ ਦੀ ਸ਼ਾਦੀ ਕਰਨ ਅਸੀਂ ਦੋਵੇਂ ਜੀਅ ਕਨੇਡਾ ਗਏ ਹੋਏ ਸਾਂ ਕਿ ਮੇਰੇ ਮਿੱਤਰ ਰਘਬੀਰ ਸਿੰਘ ਸਿਰਜਣਾ ਨੇ ਚੰਡੀਗੜ੍ਹੋਂ ਫ਼ੋਨ ‘ਤੇ ਦੱਸਿਆ ਕਿ ਆਪਣੀ ਝੋਲੀ ਵਿੱਚ ਝਾਤੀ ਮਾਰ ਕੇ ਵੇਖਾਂ! ਸਾਹਿਤ ਅਕਾਦਮੀ ਦਾ ਪੁਰਸਕਾਰ ਮੇਰੀ ਝੋਲੀ ਵਿੱਚ ਖਿੜਖਿੜਾ ਰਿਹਾ ਸੀ।।
ਮਹੀਨੇ ਬਾਅਦ ਘਰ ਪਰਤੇ ਤਾਂ ਮੇਰੀਆਂ ਧੀਆਂ ਨੇ ਮੇਰੇ ਪਿਆਰਿਆਂ ਦੇ ਆਏ ਵਧਾਈ ਸੰਦੇਸ਼ਾਂ ਵਾਲੇ ਫ਼ੋਨਾਂ ਦੀ ਸੂਚੀ ਅਤੇ ਚਿੱਠੀਆਂ ਦਾ ਥੱਬਾ ਮੈਨੂੰ ਫੜਾਇਆ। ਉਹਨਾਂ ਨੇ ਇਨਾਮ ਮਿਲਣ ‘ਤੇ ਮੇਰੇ ਬਾਰੇ ਛਪੀਆਂ ਖ਼ਬਰਾਂ ਵਾਲੇ ਅਖ਼ਬਾਰ ਵੀ ਸਾਂਭ ਕੇ ਰੱਖੇ ਹੋਏ ਸਨ। ਸਭ ਤੋਂ ਵੱਧ ਤਸੱਲੀ ਮੈਨੂੰ ਅੰਗਰੇਜ਼ੀ ਟ੍ਰਿਬਿਊਨ ਵਿੱਚ ਛਪੇ ਤੇ ਨਿਰਮਲ ਸੰਧੂ ਦੇ ਲਿਖੇ ਨਿੱਕੇ ਜਿਹੇ ਆਰਟੀਕਲ ਨੇ ਦਿੱਤੀ। ਉਸਨੇ ਮੇਰੀ ਆਤਮਾਂ ਨੂੰ ਪਛਾਣ ਕੇ ਇਹ ਲੇਖ ਲਿਖਿਆ ਸੀ। ਆਪਣੇ ਬਾਰੇ ਜਿਹੜੇ ਦਾਅਵੇ ਕਰਕੇ ਆਪ ਹੀ ਮੀਆਂ-ਮਿੱਠੂ ਬਣਦਾ ਰਿਹਾਂ, ਨਿਰਮਲ ਸੰਧੂ ਨੇ ਉਸਦੀ ਸਹੀ ਗਵਾਹੀ ਪਾਈ ਸੀ। ਆਪਣੇ ਕਿਰਦਾਰ ਦੇ ਗਵਾਹ ਵਜੋਂ ਹੀ ਇਸ ਆਰਟੀਕਲ ਨੂੰ ਪਾਠਕਾਂ ਦੀ ਨਜ਼ਰ ਗੋਚਰੇ ਕਰਨਾ ਚਾਹੁੰਦਾ ਹਾਂ। ਇਸ ਦਾ ਸਿਰਲੇਖ ਸੀ, ‘ਇਕ ਇਨਾਮ; ਜਿਸਦੀ ਬੜੇ ਚਿਰ ਤੋਂ ਉਡੀਕ ਸੀ!’

‘ਇਹ ਖ਼ਬਰ ਸੁਣ ਕੇ ਬਹੁਤ ਹੈਰਾਨੀ ਹੋਈ ਕਿ ਵਰਿਆਮ ਸਿੰਘ ਸੰਧੂ ਨੂੰ ਸਾਹਿਤ ਅਕਦਾਮੀ ਇਨਾਮ ਮਿਲ ਗਿਆ ਹੈ। ਹੈਰਾਨੀ ਇਸ ਲਈ ਨਹੀਂ ਹੋਈ ਕਿ ਉਹ ਇਸ ਦੇ ਲਾਇਕ ਨਹੀਂ, ਬਲਕਿ ਇਹ ਇਨਾਮ ਉਸਨੂੰ ਬਹੁਤ ਚਿਰ ਪਹਿਲਾਂ ਹੀ ਮਿਲ ਗਿਆ ਹੋਣਾ ਚਾਹੀਦਾ ਸੀ। ਪਰ ਹਾਲਾਤ ਇਸਦੇ ਭਾਰੀ ਖ਼ਿਲਾਫ਼ ਸਨ।
ਇਸਦਾ ਪਹਿਲਾ ਕਾਰਨ ਤਾਂ ਉਸਦਾ ਆਪਣਾ ਸੁਭਾਅ ਹੈ। ਬਹੁਤ ਸ਼ਰਮੀਲੇ ਤੇ ਅਣਖੀਲੇ ਸੁਭਾਅ ਦਾ ਹੋਣ ਕਰਕੇ ਉਹ ਇਸ ਇਨਾਮ ਨੂੰ ਪਾਉਣ ਦੀ ਕੋਸ਼ਿਸ਼ ਕਰ ਹੀ ਨਹੀਂ ਸਕਦਾ। ਅੱਜ ਕੱਲ ਇਨਾਮ ‘ਮਿਲਦੇ’ ਨਹੀਂ, ਸਗੋਂ ‘ਪ੍ਰਾਪਤ’ ਕੀਤੇ ਜਾਂਦੇ ਹਨ। ਵਰਿਆਮ ਤਾਂ ਇਸ ਤਰ੍ਹਾਂ ਦਾ ਬੰਦਾ ਹੈ ਕਿ ਜੇ ਉਸਨੂੰ ਇਨਾਮ ਲੈਣ ਬਾਰੇ ਪੁੱਛਿਆ ਜਾਵੇ ਤਾਂ ਉਹ ਆਪ ਲੈਣ ਦੀ ਬਜਾਏ ਕਿਸੇ ਦੋਸਤ ਨੂੰ ਦਿਵਾ ਦੇਣਾ ਠੀਕ ਸਮਝੇਗਾ।
ਦੂਜੀ ਗੱਲ ਕਿ ਉਹ ਪੈਦਾਇਸ਼ੀ ਜੱਟ ਹੈ ਅਤੇ ਉਹ ਵੀ ਮਾਝੇ ਦਾ; ਜਿੱਥੇ ਕਲਮ ਦੀ ਤਾਕਤ ਨਾਲੋਂ ਸਰੀਰਕ ਤਾਕਤ ਜ਼ਿਆਦਾ ਮਾਇਨੇ ਰੱਖਦੀ ਰਹੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਪੱਟੀ ਦਾ ਪਿੰਡ ਸੁਰ ਸਿੰਘ; ਜਿੱਥੇ ਵਰਿਆਮ ਪੜ੍ਹਿਆ-ਲਿਖਿਆ, ਪਲ ਕੇ ਵੱਡਾ ਹੋਇਆ, ਅਧਿਆਪਕ ਬਣਿਆ; ‘ਗਦਰੀ ਬਾਬਿਆਂ ਦੀ ਧਰਤੀ’ ਵਜੋਂ ਜਾਣਿਆ ਜਾਂਦਾ ਹੈ। ਅੱਤਵਾਦ ਦੇ ਦਿਨਾਂ ਦੌਰਾਨ ਇਹ ਪਿੰਡ ਹਮੇਸ਼ਾਂ ਸੁਰਖ਼ੀਆਂ ਵਿੱਚ ਰਿਹਾ। ਪਹਿਲਵਾਨ ਕਰਤਾਰ ਸਿੰਘ ਇਸੇ ਪਿੰਡ ਨਾਲ ਸੰਬੰਧ ਰੱਖਦਾ ਹੈ। ਸਿਰਫ਼ ਇਹ ਪਿੰਡ ਹੀ ਨਹੀਂ ਸਗੋਂ ਸਾਰਾ ਇਲਾਕਾ ਹੀ ਸਿਰਜਣਾਤਮਕ ਲੇਖਕਾਂ ਤੋਂ ਵਿਹੂਣਾ ਰਿਹਾ ਹੈ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਅਤੇ ਨਾਵਲਕਾਰ ਨਾਨਕ ਸਿੰਘ ਜ਼ਰੂਰ ਅੰਮ੍ਰਿਤਸਰ ਸ਼ਹਿਰ ਦੇ ਕੋਲ ਅਤੇ ਵਿੱਚ ਰਹੇ। ਵਰਿਆਮ ਉੱਤੇ ਥੋੜ੍ਹਾ ਜਿਹਾ ਉਹਨਾਂ ਦਾ ਪ੍ਰਭਾਵ ਹੋ ਸਕਦਾ ਹੈ। ਪਰ ਇਹੋ ਜਿਹੇ ਮਾਹੌਲ ਵਿੱਚ ਪਲਿਆ ਵਰਿਆਮ ਲੇਖਕ ਕਿਵੇਂ ਬਣ ਗਿਆ, ਇਹ ਵੀ ਹੈਰਾਨੀ ਵਾਲੀ ਗੱਲ ਹੈ!
ਪਿਛਲੀਆਂ ਗੱਲਾਂ ਨੂੰ ਚੇਤੇ ਕਰਦਿਆਂ ਵਰਿਆਮ ਦਾ ਕਹਿਣਾ ਹੈ, “ਮੈਨੂੰ ਲੱਗਦਾ ਹੈ ਕਹਾਣੀ ਦਾ ਬੀਜ ਮੇਰੇ ਅੰਦਰ ਉਦੋਂ ਫੁੱਟਿਆ, ਜਦੋਂ ਮੈਂ ਛੋਟਾ ਹੁੰਦਾ ਅੱਧੀ ਰਾਤ ਤੱਕ ਆਪਣੀ ਦਾਦੀ ਦੀ ਗੋਦੀ ਵਿੱਚ ਬੈਠਾ ਕਹਾਣੀਆਂ ਸੁਣਦਾ ਰਹਿੰਦਾ ਸਾਂ ਤੇ ਫਿਰ ਤੜਕੇ ਸਵੇਰੇ ਦਾਦੇ ਨਾਲ ਗੁਰਦੁਆਰੇ ਜਾ ਕੇ ਭਾਈ ਕੋਲੋਂ ਬੜੇ ਧਿਆਨ ਨਾਲ ਕਥਾ ਸੁਣਿਆਂ ਕਰਦਾ ਸਾਂ।”
ਜਦੋਂ ਮੈਂ ਵਰਿਆਮ ਸਿੰਘ ਸੰਧੂ ਦਾ ਕਹਾਣੀ-ਸੰਗ੍ਰਹਿ ‘ਲੋਹੇ ਦੇ ਹੱਥ’ (1971) ਪੜ੍ਹਿਆ, ਉਸ ਵੇਲੇ ਮੈਂ ਕਾਲਜ ਵਿੱਚ ਸਾਂ। ਸਮਾਜਕ ਬੇ-ਇਨਸਾਫ਼ੀ ਤੇ ਤੰਗੀਆਂ-ਤਕਲੀਫ਼ਾ ਬਾਰੇ ਲਿਖੀਆਂ ਇਹ ਕਹਾਣੀਆਂ ਕਿਸੇ ਦੇ ਵੀ ਜਵਾਨ ਖ਼ੂਨ ਨੂੰ ਸਥਾਪਤੀ ਵਿਰੁੱਧ ਗਰਮਾ ਸਕਦੀਆਂ ਸਨ। ਇਹ ਸਭ ਨਕਸਲੀ ਅੰਦੋਲਨ ਦੀ ਦੇਣ ਸੀ। ਵਰਿਆਮ ਨੂੰ ਇਸ ਲਈ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਸੀ ਕਿ ਉਸਨੂੰ ਕੁੱਝ ਨਕਸਲੀ ਮੁੰਡੇ ਮਿਲਣ ਆਉਂਦੇ ਸਨ। ਪਿੰਡ ਦੇ ਕੁੱਝ ਵਡੇਰੇ ਪੁਲਿਸ ਸਟੇਸ਼ਨ ਜਾ ਕੇ ਉਸਨੂੰ ਛੁਡਵਾ ਕੇ ਲਿਆਏ ਸਨ।
ਫ਼ਿਰ ਕ੍ਰਮਵਾਰ ਵਰਿਆਮ ਦੀ ਦੂਜੀ ਕਿਤਾਬ ‘ਅੰਗ-ਸੰਗ’ (1979), ਤੀਜੀ ਕਿਤਾਬ ‘ਭੱਜੀਆਂ ਬਾਹੀਂ’ (1987) ਅਤੇ ਚੌਥੀ ‘ਚੌਥੀ ਕੂਟ’ (1998) ਪ੍ਰਕਾਸ਼ਿਤ ਹੋਈਆਂ। ਇਹਨਾਂ ਕਿਤਾਬਾਂ ਵਿੱਚ ਵਰਿਆਮ ਦੀ ਸੋਚ ਅਤੇ ਸੁਲਝੀ ਹੋਈ ਕਹਾਣੀ-ਸ਼ਿਲਪ ਪੇਸ਼ ਹੁੰਦੀ ਹੈ। ਉਹਦੀਆਂ ਕਹਾਣੀਆਂ ਆਮ ਤੌਰ ‘ਤੇ ਲੰਮੀਆਂ ਹੁੰਦੀਆਂ ਹਨ, ਪਰ ਆਪਣੀ ਗ੍ਰਿਫ਼ਤ ਤੋਂ ਬੰਦੇ ਨੂੰ ਬਾਹਰ ਨਹੀਂ ਨਿਕਲਣ ਦਿੰਦੀਆਂ। ਉਸਦੇ ਪਾਤਰ, ਜੋ ਪੇਂਡੂ ਮੱਧ ਵਰਗੀ ਪਰਿਵਾਰਾਂ ਵਿੱਚੋਂ ਲਏ ਗਏ ਹੁੰਦੇ ਹਨ, ਹਰ ਕਹਾਣੀ ਵਿੱਚ ਆਪਣੀ ਵੱਖਰੀ ਛਾਪ ਛੱਡ ਜਾਂਦੇ ਹਨ। ਉਹ ਵੀ ਲੇਖਕ ਵਾਂਗ ਬੇਹਤਰ ਜ਼ਿੰਦਗੀ ਲਈ ਲਗਾਤਾਰ ਸੰਘਰਸ਼ ਕਰਦੇ ਹਨ।
ਭਾਵੇਂ ਪੰਜਾਬ ਵਿੱਚ ਪੀਐੱਚ ਡੀ ਦੀ ਡਿਗਰੀ ਪ੍ਰਾਪਤ ਹੋਰ ਕਈ ਲੋਕ ਯੂਨੀਵਰਸਿਟੀਆਂ ਵਿੱਚ ਉੱਚੇ ਅਹੁਦੇ ਹਾਸਲ ਕਰੀ ਬੈਠੇ ਹਨ ਪਰ ਸਿਰਜਣਾਤਮਕ ਲੇਖਕਾਂ ਨੂੰ ਯੂਨੀਵਰਸਿਟੀਆਂ ਵੱਲੋਂ ਸਦਾ ਅੱਖੋਂ ਓਹਲੇ ਹੀ ਕੀਤਾ ਜਾਂਦਾ ਰਿਹਾ ਹੈ ਅਤੇ ਮਾਇਕ ਪੱਖੋਂ ਵੀ ਉਹਨਾਂ ਦੇ ਹੱਥ ਤੰਗ ਰਹਿੰਦੇ ਹਨ। ਵਰਿਆਮ ਸ਼ਾਇਦ ਸੁਰ ਸਿੰਘ ਦੇ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਿਆਂ ਆਪਣੀਆਂ ਅਕਾਦਮਿਕ ਤੇ ਸਿਰਜਣਾਤਮਕ ਪ੍ਰਾਪਤੀਆਂ ਉੱਤੇ ਝੂਰਦਾ ਰਹਿ ਜਾਂਦਾ ਜੇ ਉਸਦੇ ਦੋਸਤ ਅਤੇ ਸ਼ੁਭ-ਚਿੰਤਕ, ਖ਼ਾਸ ਤੌਰ ਹਰਭਜਨ ਹਲਵਾਰਵੀ ਵਰਗੇ, ਉਸਨੂੰ ਸਕੂਲ-ਅਧਿਆਪਕੀ ਛੱਡਕੇ ਜਲੰਧਰ ਸ਼ਹਿਰ ਦੇ ਲਾਇਲਪੁਰ ਖ਼ਾਲਸਾ ਕਾਲਜ ਵਿੱਚ ਆਉਣ ਲਈ ਪ੍ਰੇਰਿਤ ਨਾ ਕਰਦੇ।
ਆਮ ਤੌਰ ‘ਤੇ ਪੰਜਾਬੀ ਦੀ ਵਕਾਲਤ ਕਰਨ ਵਾਲੇ ਪੰਜਾਬੀ ਲੇਖਕ, ਜੇ ਉਹਨਾਂ ਬਾਰੇ ਅੰਗਰੇਜ਼ੀ ਵਿੱਚ ਲਿਖਿਆ ਜਾਵੇ, ਤਾਂ ਕੁੱਝ ਜ਼ਿਆਦਾ ਹੀ ਉਤਸ਼ਾਹ ਵਿੱਚ ਆ ਜਾਂਦੇ ਹਨ। ਆਮ ਤੌਰ ‘ਤੇ ਤੁਸੀਂ ਕਿਸੇ ਲੇਖਕ ਨੂੰ ਅੰਗਰੇਜ਼ੀ ਵਿੱਚ ਛਾਪਣ ਲਈ ਇੰਟਰਵਿਊ ਦੇਣ ਵਾਸਤੇ ਆਖ ਕੇ ਵੇਖੋ ਸਹੀ, ਉਹ ਓਸੇ ਵੇਲੇ ਤੁਹਾਡੇ ਘਰ ਆਪਣੀਆਂ ਕਿਤਾਬਾਂ ਅਤੇ ਤਸਵੀਰਾਂ ਦੇ ਢੇਰ ਚੁੱਕੀ ਆਣ ਹਾਜ਼ਰ ਹੋਵੇਗਾ। ਮੈਂ ‘ਟ੍ਰਿਬਿਊਨ’ ਵਿੱਚ ‘ਪੰਜਾਬੀ ਸਾਹਿਤ ਦੀ ਖਿੜਕੀ’ ਨਾਮ ਦੇ ਕਾਲਮ ਲਈ ਵਰਿਆਮ ਨੂੰ ਮਿਲਣ ਅਤੇ ਆਪਣੀ ਤਸਵੀਰ ਲਿਆਉਣ ਦੀ ਬੇਨਤੀ ਕੀਤੀ। ਉਸਨੇ ਮੇਰੀ ਚਿੱਠੀ ਦੇ ਜਵਾਬ ਵਿੱਚ ਨਾ ਤਾਂ ਮੈਨੂੰ ਮਿਲਣ ਦਾ ਕੋਈ ਜ਼ਿਕਰ ਕੀਤਾ ਤੇ ਨਾ ਹੀ ਆਪਣੀ ਤਸਵੀਰ ਭੇਜੀ। ਉਸਦੇ ਪੱਤਰ ਵਿੱਚ ਸਾਡੇ ਦੋਹਾਂ ਦੇ ਸਾਂਝੇ ਰਿਸ਼ਤੇਦਾਰਾਂ ਦੇ ਜ਼ਿਕਰ ਤੋਂ ਸਿਵਾ ਹੋਰ ਕੋਈ ਜਾਣਕਾਰੀ ਨਹੀਂ ਸੀ। ਮੈਨੂੰ ਉਸਦੀਆਂ ਕਿਤਾਬਾਂ ਖ਼ੁਦ ਖ਼ਰੀਦ ਕੇ ਆਪਣੇ ਆਪ ਉਸ ਬਾਰੇ ਕਾਲਮ ਲਿਖਣਾ ਪਿਆ ਅਤੇ ਕਾਲਮ ਬਿਨਾਂ ਉਸਦੀ ਤਸਵੀਰ ਦੇ ਪ੍ਰਕਾਸ਼ਿਤ ਹੋਇਆ। ਵਰਿਆਮ ਤੋਂ ਇਲਾਵਾ ਸਿਰਫ਼ ਇੱਕ ਹੋਰ ਲੇਖਕ ਨੇ ਮੈਨੂੰ ਇੰਟਰਵਿਊ ਦੇਣ ਤੋਂ ਇਨਕਾਰ ਕੀਤਾ ਸੀ- ਉਹ ਸੀ, ਪਾਸ਼! (ਉਹ ਵੀ ਸੰਧੂ ਸੀ- ਅਵਤਾਰ ਸਿੰਘ ਸੰਧੂ) ਉਹ ਮੈਨੂੰ ਮਿਲਣ ਲਈ ਰਾਜ਼ੀ ਹੋ ਗਿਆ ਸੀ, ਪਰ ਬਾਵਜੂਦ ਇਸ ਦੇ ਕਿ ਉਹ ਮੇਰੇ ਕੋਲ ਆਉਂਦਾ, ਉਹ ਐਨ ਵੇਲੇ ‘ਤੇ ਮੈਨੂੰ ਛੱਡ ਕੇ ਆਪਣੇ ਦੋਸਤ ਸ਼ਮਸ਼ੇਰ ਸਿੰਘ ਸੰਧੂ ਨਾਲ ਰੋਜ਼ ਗਾਰਡਨ ਚਲਾ ਗਿਆ।
ਹੁਣ ਮੈਨੂੰ ਸਮਝ ਆਉਂਦੀ ਹੈ ਕਿ ਅੰਗਰੇਜ਼ੀ ਅਖ਼ਬਾਰਾਂ ਦੇ ਉਹਨਾਂ ਪੱਤਰਕਾਰਾਂ ਨੇ- ਜਿਹੜੇ ਹਰ ਵੇਲੇ ਕਿਸੇ ਪੌਪ ਗਾਇਕ ਜਾਂ ਕਿਸੇ ਮਾਡਲ ਬਾਰੇ ਲਿਖ ਕੇ ਸਫ਼ਿਆਂ ਦੇ ਸਫ਼ੇ ਕਾਲੇ ਕਰਨ ਲਈ ਤਿਆਰ ਰਹਿੰਦੇ ਨੇ- ਵਰਿਆਮ ਬਾਰੇ ਕੁੱਝ ਕਿਓਂ ਨਹੀਂ ਲਿਖਿਆ! ਇੱਕ ਤਰ੍ਹਾਂ ਨਾਲ ਇਹ ਉਸ ਲਈ ਚੰਗਾ ਹੀ ਹੈ, ਕਿਉਂਕਿ ਜੇ ਉਹ ਚੰਡੀਗੜ੍ਹ ਆਇਆ ਹੁੰਦਾ, ਤਾਂ ਉਸਨੂੰ ਹਰ ਵੇਲੇ ਬੱਬਲ-ਗਮ ਚਬਾਉਂਦੇ ਰਹਿਣ ਵਾਲੇ ਛੋਕਰੇ ਜਿਹੇ ਪੱਤਰਕਾਰਾਂ ਤੋਂ ਇਹ ਸੁਣ ਕੇ ਕਿ ‘ਅੰਕਲ ਤੁਸੀਂ ਕੀ ਲਿਖਦੇ ਹੋ?’ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ।
ਵਰਿਆਮ ਸਿੰਘ ਸੰਧੂ ਨੂੰ ਸਾਹਿਤ ਅਕਾਦਮੀ ਦੇ ਇਨਾਮ ਲਈ ਚੁਣ ਕੇ ਅਕਾਦਮੀ ਨੇ ‘ਪੱਖਪਾਤ’ ਦੀ ਥਾਂ ((ਜੋ ਕਿ ਆਮ ਜਿਹੀ ਗੱਲ ਹੈ) ‘ਪ੍ਰਤਿਭਾ’ ਨੂੰ ਸਿਰ ਝੁਕਾਇਆ ਹੈ (ਜੋ ਕਿ ਘੱਟ-ਵੱਧ ਹੀ ਨਜ਼ਰ ਆਉਂਦਾ ਹੈ)। ਸ਼ਾਇਦ ਅਕਾਦਮੀ ਕੋਲ ਉਸਨੂੰ ਇਨਾਮ ਦੇਣ ਤੋਂ ਸਿਵਾ ਹੋਰ ਕੋਈ ਚਾਰਾ ਨਹੀਂ ਸੀ। ਪਰ ਵਰਿਆਮ ਨਾਲੋਂ ਇਸ ਇਨਾਮ ਦਾ ਵੱਧ ਹੱਕਦਾਰ ਕੌਣ ਹੈ? ਉਸਨੂੰ ਇਨਾਮ ਦੇ ਕੇ ਅਕਾਦਮੀ ਨੇ ਆਪਣੇ ਡਿੱਗਦੇ ਹੋਏ ਮਿਆਰ ਨੂੰ ਹੀ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।’

Tuesday 22 July 2014


ਮੈਂ ਪਿਆਸ ਵੇ-ਡਾ.ਅਮਰਜੀਤ ਟਾਂਡਾ
DrAmarjit Tanda
ਮੈਂ ਪਿਆਸ ਵੇ
ਤੇਰੀ ਪਹਿਲੀ ਭੁੱਖ
ਖਿੜ੍ਹੀ ਦੁਪਹਿਰ ਭਰ ਜੌਬਨ
ਬਹਾਰ ਚੜ੍ਹੀ ਕੋਈ ਰੁੱਤ

ਨਦੀ ਜੇਹੀ ਮੈਂ
ਮੇਰੇ ਨੀਰ ਚ ਲਹਿਰਾਂ
ਜਿਹਦੇ ਅੰਗੀਂ
ਵਿਛੋੜਾ ਤੇ ਦੁੱਖ਼

ਨਾ ਮੇਰੀ ਛਾਤੀ
ਸੁਪਨੇ ਪੂਰੇ
ਨਾ ਲਿਖਿਆ
ਕਿਤੇ ਸੁੱਖ

ਆ ਬੁਝਾ ਲੈ
ਭੁੱਖ ਚਿਰੋਕੀ
ਕਹੇ ਦਰੀਂ ਖੜ੍ਹੀ
ਇਕ ਚੁੱਪ

ਜਲ ਥਲ ਮੇਰੇ
ਅਜੇ ਨਿਰਮਲੇ
ਭਾਂਵੇਂ ਡੀਕ ਲੈ
ਤੇ ਜਾਂਂ ਭਰ ਲੈ ਘੁੱਟ
 

Photo: ਮੈਂ ਪਿਆਸ ਵੇ-ਡਾ.ਅਮਰਜੀਤ ਟਾਂਡਾ

ਮੈਂ ਪਿਆਸ ਵੇ
ਤੇਰੀ ਪਹਿਲੀ ਭੁੱਖ
ਖਿੜ੍ਹੀ ਦੁਪਹਿਰ ਭਰ ਜੌਬਨ
ਬਹਾਰ ਚੜ੍ਹੀ ਕੋਈ ਰੁੱਤ

ਨਦੀ ਜੇਹੀ ਮੈਂ
ਮੇਰੇ ਨੀਰ ਚ ਲਹਿਰਾਂ
ਜਿਹਦੇ ਅੰਗੀਂ
ਵਿਛੋੜਾ ਤੇ ਦੁੱਖ਼

ਨਾ ਮੇਰੀ ਛਾਤੀ
ਸੁਪਨੇ ਪੂਰੇ
ਨਾ ਲਿਖਿਆ
ਕਿਤੇ ਸੁੱਖ

ਆ ਬੁਝਾ ਲੈ
ਭੁੱਖ ਚਿਰੋਕੀ
ਕਹੇ ਦਰੀਂ ਖੜ੍ਹੀ
ਇਕ ਚੁੱਪ

ਜਲ ਥਲ ਮੇਰੇ
ਅਜੇ ਨਿਰਮਲੇ
ਭਾਂਵੇਂ ਡੀਕ ਲੈ
ਤੇ ਜਾਂਂ ਭਰ ਲੈ ਘੁੱਟ

Wednesday 16 July 2014

ਦੇਸ ਵਾਪਸੀ
Online Punjabi Magazine Seerat- ਨਵਤੇਜ ਸਿੰਘ
 
ਲਾਂਚ ਵਿੱਚ ਤੀਜੇ ਦਰਜੇ ਦੇ ਮੁਸਾਫ਼ਰਾਂ ਵਾਲੀ ਥਾਂ ਨੱਕੋ-ਨੱਕ ਭਰੀ ਹੋਈ ਸੀ। ਉੱਤੇ ਪਹਿਲੇ ਦਰਜੇ ਦੀ ਖੁੱਲ੍ਹ ਵਿੱਚੋਂ ਦੋ ਅੰਗਰੇਜ਼ ਫ਼ੌਜੀ ਅਫ਼ਸਰ ਏਸ ਕੁਰਬਲ-ਕੁਰਬਲ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ:
‘‘ਇਹ ਪੀਨਾਂਗ ਤੋਂ ਇੰਡੀਆ ਲਈ ਜਹਾਜ਼ ਫੜਨ ਜਾ ਰਹੇ ਨੇ।‘‘
‘‘ਮੈਨੂੰ ਹੈਰਾਨੀ ਹੁੰਦੀ ਏ, ਓਥੇ ਇਹ ਅਜਕਲ ਕਾਹਨੂੰ ਜਾ ਰਹੇ ਨੇ-ਓਥੇ ਆਪਸ ਵਿੱਚ ਇੱਕ ਦੂਜੇ ਦਾ ਗਲਾ ਹੀ ਕੱਟਣਗੇ।‘‘ ਤੇ ਹਾਸੇ ਵਿੱਚ ਅੱਗੋਂ ਗੱਲਾਂ ਗੁਆਚ ਗਈਆਂ ਸਨ। ਥੱਲੇ ਤੀਜੇ ਦਰਜੇ ਦੇ ਮੁਸਾਫ਼ਰਾਂ ਵਿੱਚੋਂ ਸੰਤ ਸਿੰਘ ਨੇ ਪੱਛਮ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਏਸ ਬੰਨੇ ਆ ਆਪਣਾ ਦੇਸ, ਰਤਾ ਕੁ ਪਹਾੜ ਵਲ।‘‘
ਪੀਨਾਂਗ ਉੱਤਰ ਕੇ ਮਤਾਬ ਦੀਨ ਸੋਚਣ ਲੱਗਾ ਕਿ ਉਹ ਇਥੇ ਕਿਥੇ ਰਹੇਗਾ? ਭਾਵੇਂ ਸਮਾਨ ਤਾਂ ਇੱਕ ਟਰੰਕੜੀ ਤੇ ਦਰੀ ਤੋਂ ਵੱਧ ਉਹਦੇ ਕੋਲ ਕੋਈ ਨਹੀਂ ਸੀ, ਪਰ ਫੇਰ ਵੀ ਰਾਤ ਨੂੰ ਸਿਰ ਲੁਕਾਣ ਲਈ ਏਸ ਪ੍ਰਦੇਸੀ ਸ਼ਹਿਰ ਵਿੱਚ ਕੋਈ ਥਾਂ ਤਾਂ ਚਾਹੀਦੀ ਸੀ ਤੇ ਮਲਾਇਆ ਵਿੱਚ ਮੀਂਹ-ਕਣੀ ਦਾ ਵੀ ਕਿਹੜਾ ਇਤਬਾਰ ਸੀ, ਛਰਾਟੇ ਮਾਰ ਕੇ ਮੀਂਹ ਵਰ੍ਹਣ ਲੱਗ ਪੈਂਦਾ ਸੀ।
ਸੰਤ ਸਿੰਘ ਇਕ ਚੀਨੀ ਦੇ ਰਿਕਸ਼ੇ ਉੱਤੇ ਆਪਣਾ ਸਮਾਨ ਟਿਕਵਾ ਚੁਕਿਆ ਸੀ, ਤੇ ਆਪਣੀ ਵਹੁਟੀ ਨੂੰ ਤੁਰਨ ਲਈ ਆਖ ਕੇ ਧੀ ਨੂੰ ਕੁਛੜ ਲੈ ਰਿਹਾ ਸੀ। ਸੰਤ ਸਿੰਘ ਤੇ ਮਤਾਬ ਦੀਨ ਗੱਡੀ ਤੇ ਲਾਂਚ ਵਿੱਚ ਹੀ ਜਾਣੂ ਹੋਏ ਸਨ। ਸਬੱਬ ਨਾਲ ਪਿੱਛੇ ਦੇਸ ਵਿੱਚ ਦੋਹਾਂ ਦਾ ਇੱਕੋ ਜ਼ਿਲ੍ਹਾ ਨਿਕਲ ਆਇਆ ਸੀ, ਤੇ ਦੋਹਾਂ ਦੇ ਪਿੰਡ ਦੋ ਕੋਹਾਂ ਦੀ ਵਿਥ ਉਤੇ ਈ ਸਨ।
ਸੰਤ ਸਿੰਘ ਨੇ ਚੱਲਣ ਲੱਗਿਆਂ ਮਤਾਬ ਦੀਨ ਨੂੰ ਕਿਹਾ, ‘‘ਚੰਗਾ ਭਰਾਵਾ, ਜੇ ਅੰਨ-ਜਲ ਹੋਇਆ ਤਾਂ ਦੋਹਾਂ ਨੂੰ ਇਕੋ ਜਹਾਜ਼ ਦੀ ਟਿਕਟ ਮਿਲ ਜਾਊ, ਤੇ ਕੱਠਿਆਂ ਈ ਸਮੁੰਦਰ ਦੀ ਮੰਜ਼ਲ ਕੱਟ ਕੇ ਪਿੰਡ ਪੁੱਜਾਂਗੇ। ਤੇ ਤੂੰ ਇਥੇ ਪੀਨਾਂਗ ਕਿਥੇ ਰਹੇਂਗਾ?‘‘
‘‘ਮੈਂ ਤੇ ਇਥੇ ਬਿਲਕੁਲ ਪ੍ਰਦੇਸੀ ਆਂ-ਕੋਈ ਭਾਈ ਬੰਦ ਵੀ ਨਹੀਂ, ਤੇ ਨਾ ਹੀ ਕਿਸੇ ਸਰਾਂ ਦਾ ਪਤਾ ਆ। ਪਰ ਏਡਾ ਚਿਰ ਕਿਥੇ ਰੁਕਣਾ ਪੈਣਾ? ਪਰਸੋਂ ਚੌਥੇ ਤਾਂ ਜਹਾਜ਼ ਜਾਣਾ। ਕਿਤੇ ਕਿਸੇ ਦੁਕਾਨ ਦੇ ਵਰਾਂਡੇ ਵਿੱਚ ਰਾਤ ਟਪਾ ਲਊਂ।
‘‘ਲੈ ਤੇ ਤੂੰ ਪਹਿਲਾਂ ਕਾਹਨੂੰ ਨਾ ਦੱਸਿਆ! ਅਸੀਂ ਗੁਰਦੁਆਰੇ ਰਹਿਣਾ ਏਂ। ਓਥੇ ਮੁਸਾਫ਼ਰਾਂ ਲਈ ਬੜਾ ਸੁਹਣਾ ਥਾਂ ਆ। ਸਗੋਂ ਤੂੰ ਵੀ ਓਥੇ ਹੀ ਚਲਿਆ ਚਲ।‘‘
ਮਤਾਬ ਦੀਨ ਨੇ ਰਤਾ ਝਕਦਿਆਂ ਝਕਦਿਆਂ ਕਿਹਾ, ‘‘ਭਰਾਵਾ, ਤੈਨੂੰ ਕੋਈ ਔਖ ਨਾ ਹਊ?‘‘
‘‘ਲੈ ਗੁਰੂ ਦਾ ਘਰ ਆ, ਮੈਨੂੰ ਔਖ ਕਾਹਦਾ!‘‘ ਤੇ ਸੰਤ ਸਿੰਘ ਨੇ ਉਹਦਾ ਟਰੰਕ ਤੇ ਬਿਸਤਰਾ ਵੀ ਆਪਣੇ ਰਿਕਸ਼ੇ ਉੱਤੇ ਈ ਰਖਵਾ ਲਿਆ।
ਗੁਰਦਵਾਰੇ ਪੁੱਜ ਕੇ ਇਕੋ ਕੋਠੜੀ ਵਿੱਚ ਦੋਹਾਂ ਨੇ ਸਾਮਾਨ ਟਿਕਾ ਲਿਆ। ਵਿਹੜੇ ਵਿੱਚ ਇੱਕ ਦੇਸੀ ਬੋਹੜ ਲੱਗਿਆ ਹੋਇਆ ਸੀ। ਦੋਵੇਂ ਉਹਦੇ ਹੇਠਾਂ ਬਣੇ ਥੜ੍ਹੇ ਉੱਤੇ ਬਹਿ ਗਏ। ਕਿੰਨੇ ਮੁਸਾਫ਼ਰ ਓਥੇ ਠਹਿਰੇ ਹੋਏ ਸਨ। ਨੇੜੇ ਹੀ ਉਨ੍ਹਾਂ ਦੇ ਬੱਚੇ ਗੁੱਲੀ ਡੰਡਾ ਖੇਡ ਰਹੇ ਸਨ, ਇਕ ਪਾਸੇ ਕੁਝ ਗੱਭਰੂ ਹੀਰ ਗਾ ਰਹੇ ਸਨ। ਹੀਰ, ਗੁੱਲੀ ਡੰਡਾ, ਤੇ ਦੇਸ ਤੋਂ ਲਿਆ ਕੇ ਬੀਜੇ ਬੋਹੜ ਵਿੱਚ ਮਤਾਬ ਦੀਨ ਨੂੰ ਜਾਪ ਰਿਹਾ ਸੀ ਕਿ ਉਹ ਆਪਣੇ ਪਿੰਡ ਪੁੱਜ ਗਿਆ ਹੈ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਸਾਰੇ ਗੁਰਦੁਆਰੇ ਵਿੱਚ ਅਨੋਖੀ ਚਹਿਲ ਪਹਿਲ ਸ਼ੁਰੂ ਹੋ ਗਈ। ਪਤਾ ਲੱਗਿਆ ਸੀ ਕਿ ਦੇਸ ਨੂੰ ਜਾਣ ਵਾਲਾ ਰਜੂਲਾ ਜਹਾਜ਼ ਚਾਰ ਦਿਨਾਂ ਨੂੰ ਪੀਨਾਂਗ ਲੱਗੇਗਾ। ਇਥੇ ਠਹਿਰੇ ਹੋਏ ਮੁਸਾਫ਼ਰ ਤਾਂ ਜਹਾਜ਼ ਦੀ ਆਸ ਤੇ ਹੀ ਜੀਉਂਦੇ ਸਨ। ਕਈ ਆਪਣੇ ਕੰਮ ਸਮੇਟ ਕੇ, ਜੋ ਪੈਸੇ ਜਮ੍ਹਾਂ ਹੋਏ ਲੈ ਕੇ, ਇਥੇ ਦੋ ਦੋ ਮਹੀਨਿਆਂ ਤੋਂ ਜਹਾਜ਼ ਉਡੀਕ ਰਹੇ ਸਨ। ਕਦੇ ਕਦੇ ਇਹ ਆਸ ਬਿਲਕੁਲ ਖੁਸਣ ਲੱਗ ਪੈਂਦੀ ਸੀ ਤੇ ਕਈ ਟੱਬਰ-ਟੀਰ ਵਾਲੇ, ਜਿਨ੍ਹਾਂ ਦੀ ਸੰਕੋਚ ਨਾਲ ਜੋੜੀ ਰਕਮ ਏਥੇ ਏਨੀ ਦੇਰ ਵਿਹਲੇ ਬੈਠਿਆਂ ਮੁਕਣ ਲੱਗ ਪੈਂਦੀ ਸੀ, ਨਿਰਾਸ ਹੋ ਕੇ, ਦੇਸ ਦਾ ਮੂੰਹ ਤੱਕਣ ਦੀ ਸੱਧਰ ਲਈ, ਮੁੜ ਕੇ ਏਸੇ ਪ੍ਰਦੇਸ ਵਿੱਚ ਹੀ ਉਹਨੀਂ ਥਾਵੀਂ ਚਲੇ ਜਾਂਦੇ ਸਨ, ਜਿਥੋਂ ਉਹ ਅੱਗੇ ਹੱਡ-ਭੰਨ ਮਿਹਨਤ ਕਰਦੇ ਆਏ ਸਨ। ਮਲਾਇਆ ਦੇ ਜੰਗਲਾਂ ਵਿੱਚ ਗੱਡੀਆਂ ਉੱਤੇ ਰਬੜ ਢੋਣ ਜਾਂ ਟੀਨ ਦੇ ਖੱਡੇ ਪੁੱਟਣ ਜਾਂ ਕਿਸੇ ਧਨੀ ਦੀ ਦੁਕਾਨ ਉੱਤੇ ਪਹਿਰਾ ਦੇਣ। ਪਰ ਅੱਜ ਸਭਨਾਂ ਦੇ ਮੂੰਹ ਆਸ ਨਾਲ ਚਮਕ ਰਹੇ ਸਨ। ਜਹਾਜ਼ਾਂ ਦੀ ਕੰਪਨੀ ਦਾ ਏਜੰਟ ਸਵੇਰੇ ਮੋਟਰ ਵਿੱਚ ਆਇਆ ਸੀ, ਤੇ ਸਾਰਿਆਂ ਦੇ ਨਾਂ ਲਿਖ ਕੇ ਲੈ ਗਿਆ ਸੀ।
ਦੋ ਚਾਰ ਦਿਨ ਹਰ ਇੱਕ ਨੂੰ ਪੱਕੀ ਆਸ ਰਹੀ। ਕੁਝ ਬਜ਼ਾਰੋਂ ਜਹਾਜ਼ ਵਿੱਚ ਖਾਣ ਲਈ ਚੀਜ਼ਾਂ ਲੈ ਆਏ। ਬਹੁਤਿਆਂ ਨੇ ਆਪਣਾ ਆਪਣਾ ਸਮਾਨ ਬੰਨ੍ਹ ਲਿਆ। ਜ਼ਨਾਨੀਆਂ ਨੇ ਇੱਕ ਦੂਜੀ ਨਾਲ ਰਾਹ ਵਿੱਚ ਰੋਟੀ ਇੱਕਠੀ ਪਕਾਣ ਦੀਆਂ ਸਾਈਆਂ ਵੀ ਲਾਈਆਂ। ਮਤਾਬ ਦੀਨ ਤੇ ਸੰਤ ਸਿੰਘ ਨੇ ਵੀ ਇੱਕ ਚੁੱਲ੍ਹਾ ਖਰੀਦਿਆ ਤੇ ਰਲ ਕੇ ਰਸਦ ਪਾ ਲਈ।
ਪਰ ਜਦੋਂ ਰਜੂਲਾ ਜਹਾਜ਼ ਪੀਨਾਂਗੋਂ ਤੁਰਿਆ ਤਾਂ ਗੁਰਦੁਆਰੇ ਵਿੱਚ ਠਹਿਰੇ ਮੁਸਾਫ਼ਰਾਂ ਵਿੱਚੋਂ ਸਿਰਫ਼ ਤਿੰਨ ਹੀ ਏਸ ਵਿੱਚ ਚੜ੍ਹ ਸਕੇ। ਇਹ ਤਿੰਨੇ ਸਿਆਮ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ, ਤੇ ਥੋੜ੍ਹੇ ਦਿਨ੍ਹਾਂ ਤੋਂ ਹੀ ਗੁਰਦੁਆਰੇ ਆਏ ਸਨ। ਇਨ੍ਹਾਂ ਤੀਣੇ ਮੁੱਲੋਂ ਬਲੈਕ ਟਿਕਟਾਂ ਖਰੀਦੀਆਂ ਸਨ।
ਸਾਰੇ ਗੁਰਦੁਆਰੇ ਵਿੱਚ ਉਦਾਸੀ ਜਿਹੀ ਛਾ ਗਈ। ਅੱਜ ਬੱਚੇ ਬੋਹੜ ਥੱਲੇ ਗੁੱਲੀ ਡੰਡਾ ਨਾ ਖੇਡੇ ਤੇ ਗੱਭਰੂਆਂ ਨੇ ਹੀਰ ਵੀ ਨਾ ਗੰਵੀਂ। ਸਿਰਫ਼ ਥੜ੍ਹੇ ਉੱਤੇ ਬੈਠੇ ਲੋਕਾਂ ਵਿੱਚ ਇੱਕ ਬਿਰਧ ਗੱਲਾਂ ਕਰਦਾ ਰਿਹਾ, ‘‘ਭਾਈ, ਸਾਨੂੰ ਟਿਕਟ ਕਾਹਨੂੰ ਮਿਲਣੀ ਆਂ? ਟਿਕਟ ਤਾਂ ਉਹਨਾਂ ਮਲੂਕ ਮਲੂਕ ਸਰਦਾਰਾਂ ਨੂੰ ਮਿਲਣੀ ਆ, ਜਿਹੜੇ ਸਾਰਾ ਦਿਨ ਗੁਰਦੁਆਰੇ ਦੀ ਕੋਠੜੀ ਵਿੱਚ ਪਏ ਰਹਿੰਦੇ ਆ, ਜਿੱਦਾਂ ਉਨ੍ਹਾਂ ਦੇ ਢਿੱਡ ‘ਚ ਮਲ੍ਹਪ ਹੋਣ, ਤੇ ਪਿੱਛੋਂ ਤੀਣੇ ਪੈਸੇ ਤਾਰ ਦਿੰਦੇ ਆ। ਅਸੀਂ ਤਾਂ ਦੋ ਮਹੀਨਿਆਂ ਤੋਂ ਇਹੀ ਲੀਲ੍ਹਾ ਵੇਖਦੇ ਆਏ ਆਂ।‘‘ ਮਤਾਬ ਦੀਨ ਤੇ ਸੰਤ ਸਿੰਘ ਰੋਜ਼ ਸਵੇਰੇ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਪਾੜਦੇ ਤੇ ਨਲਕੇ ਤੋਂ ਪਾਣੀ ਭਰ ਕੇ ਲਿਆਂਦੇ। ਜਦੋਂ ਰੋਟੀਆਂ ਪਕਾਣ ਦੀ ਸੇਵਾ ਲਈ ਲਾਂਗਰੀ ਨੇ ਹੋਰਨਾਂ ਨੂੰ ਬੁਲਾਣਾ ਹੁੰਦਾ, ਤਾਂ ਵੀ ਕਦੇ ਮਤਾਬ ਤੇ ਕਦੇ ਸੰਤ ਸਿੰਘ ਹੋਰਨਾਂ ਨੂੰ ਬੁਲਾਣ ਜਾਂਦੇ। ਮਤਾਬ ਆਪ ਸਿਰ ਉੱਤੇ ਨਿਤ ਰੁਮਾਲ ਬੰਨ੍ਹੀ ਰੱਖਦਾ ਤੇ ਹੋਰ ਕਿਸੇ ਨੂੰ ਨੰਗੇ ਸਿਰ ਲੰਗਰ ਵਿੱਚ ਨਾ ਜਾਣ ਦੇਂਦਾ। ਲੰਗਰ ਵਰਤਾਉਣ ਵੇਲੇ ਵੀ ਦੋਵੇਂ ਸੇਵਾ ਕਰਦੇ ਤੇ ਆਪੀਂ ਅਖੀਰ ਤੇ ਖਾਂਦੇ।
ਬਚ ਗਈ ਇੱਕ ਅੱਧ ਰੋਟੀ ਸ਼ਾਮੀਂ ਮਤਾਬ ਭੋਰ ਭੋਰ ਕੇ ਕਬੂਤਰਾਂ ਨੂੰ ਪਾ ਦੇਂਦਾ। ਗੁਰਦੁਆਰੇ ਦੇ ਵਿਹੜੇ ਵਿੱਚ ਬੜੇ ਕਬੂਤਰ ਇਕੱਠੇ ਹੋ ਜਾਂਦੇ। ਇੱਕ ਦਿਨ ਕਬੂਤਰਾਂ ਨੂੰ ਭੋਰ ਚੋਰ ਪਾਂਦਿਆਂ ਉਹਨੇ ਸੁਣਿਆ, ਇਕ ਮਾਈ ਗੁਰਦੁਆਰੇ ਦੇ ਭਾਈ ਨੂੰ ਉਹਦੇ ਬਾਰੇ ਆਖ ਰਹੀ ਸੀ, ‘‘ਇਹ ਮੌਲਵੀ ਕਿੱਡਾ ਚੰਗਾ ਏ।‘‘
ਭਾਈ ਨੇ ਅੱਗੋਂ ਕਿਹਾ, ‘‘ਅੱਲਾਹ ਲੋਕ ਏ।‘‘
ਮਹੀਨਾ ਇੰਜ ਇਥੇ ਬੈਠਿਆਂ ਮਤਾਬ ਤੇ ਸੰਤ ਸਿੰਘ ਨੂੰ ਹੋ ਗਿਆ ਸੀ। ਨਵੇਂ ਆਉਣ ਵਾਲੇ ਜਹਾਜ਼ ਦੀ ਕੋਈ ਉਘ ਸੁਘ ਨਹੀਂ ਸੀ। ਦੋਵੇਂ ਸੰਤ ਸਿੰਘ ਦੇ ਟੱਬਰ ਸਣੇ ਰੋਟੀ ਤਾਂ ਲੰਗਰੋਂ ਖਾ ਲੈਂਦੇ ਸਨ ਪਰ ਸੁੱਕਾ ਅੰਨ ਮੂੰਹ ਨੂੰ ਆਣ ਆਣ ਕਰਦਾ ਸੀ; ਸੋ ਘੁੱਟ ਦੁੱਧ ਤੇ ਚੂੰਢੀ ਚੀਨੀ ਲੈ ਕੇ ਕਦੇ ਚਾਹ ਬਣਾ ਲੈਂਦੇ, ਕਦੇ ਟੁਕੜਾ ਟੁਕੜਾ ਡਬਲ ਰੋਟੀ ਖਾ ਲੈਂਦੇ, ਕਦੇ ਥੋੜ੍ਹੀ ਜਿੰਨੀ ਮਠਿਆਈ ਨਾਲ ਬਾਲੜੀ ਨੂੰ ਪਰਚਾ ਲੈਂਦੇ। ਕੁਝ ਪੈਸੇ ਅੱਗੇ ਜਹਾਜ਼ ਲਈ ਰਸਦ ਖਰੀਦਣ ‘ਤੇ ਲੱਗ ਗਏ ਸਨ। ਇਸ ਤਰ੍ਹਾਂ ਦੋਹਾਂ ਨੇ ਜਿਹੜੀ ਭਾੜੇ ਲਈ ਰਕਮ ਬੰਨ੍ਹ ਕੇ ਰਖੀ, ਉਹ ਵੀ ਮੁੱਕਣ ਲੱਗ ਪਈ।
ਬੜਾ ਫ਼ਿਕਰ ਲੱਗ ਗਿਆ, ਜੇ ਪੈਸੇ ਥੁੜ ਗਏ ਤਾਂ ਦੇਸ ਦਾ ਮੂੰਹ ਵੇਖਣ ਦੀ ਥਾਂ ਕਿਧਰੇ ਮੁੜ ਮਤਾਬ ਦੀਨ ਨੂੰ ਟੀਨ ਦੇ ਖੱਡੇ ਪੁੱਟਣ ਤੇ ਸੰਤ ਸਿੰਘ ਨੂੰ ਗੋਰੇ ਦੇ ਗੁਦਾਮ ਤੇ ਪਹਿਰਾ ਦੇਣ ਨਾ ਜਾਣਾ ਪਏ? ਮੁੜ ਪਿਛਾਂਹ ਪਰਤਣ ਤੇ ਕਿੰਨੇ ਪੈਸੇ ਹੋਰ ਫ਼ਜੂਲ ਖਰਚ ਹੋ ਜਾਣਗੇ, ਤੇ ਪਤਾ ਨਹੀਂ ਗੋਰੇ ਨੇ ਉਹਦੀ ਥਾਂ ਕੋਈ ਰੱਖ ਲਿਆ ਹੋਵੇ ਤੇ ਟੀਨ ਦੇ ਖੱਡੇ ਉੱਤੇ ਵੀ ਮਜ਼ਦੂਰ ਬਹੁਤੇ ਆ ਗਏ ਹੋਣ!
ਸੰਤ ਸਿੰਘ ਨਾਲੋਂ ਮਤਾਬ ਵਧੇਰੇ ਚਿੰਤਾ ਵਿੱਚ ਸੀ। ਸਵੇਰੇ ਹੀ ਉਹਦੇ ਭਰਾ ਦਾ ਖ਼ਤ ਉਹਨੂੰ ਮਿਲਿਆ ਸੀ ਕਿ ਉਹ ਚਿੱਠੀ ਵੇਖਦਿਆਂ ਸਾਰ ਦੇਸ ਆ ਜਾਏ, ਉਨ੍ਹਾਂ ਦੀ ਬੁੱਢੀ ਮਾਈ ਉਹਦਾ ਰਾਹ ਤੱਕਦੀ ਮਰ ਗਈ ਹੈ। ਅਚਨਚੇਤ ਮਤਾਬ ਦੀਨ ਨੂੰ ਖਿ਼ਆਲ ਆਇਆ, ਵੱਡੇ ਭਰਾ ਨਾਲੋਂ ਮਾਈ ਉਹਨੂੰ ਛੋਟੇ ਹੁੰਦਿਆਂ ਤੋਂ ਵੱਧ ਪਿਆਰ ਕਰਦੀ ਹੁੰਦੀ ਸੀ। ਜਦੋਂ ਉਹ ਇਸ ਟਾਪੂ ਉੱਤੇ ਆਉਣ ਲਈ ਘਰੋਂ ਤੁਰਿਆ ਸੀ, ਓਦੋਂ ਹੀ ਮਾਈ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਸੀ। ਸਾਰੇ ਸਰੀਰ ਵਿੱਚ ਪੀੜਾਂ ਛਿੜੀਆਂ ਰਹਿੰਦੀਆਂ ਸਨ। ਅੱਖਾਂ ਦੀ ਜੋਤ ਤਕਰੀਬਨ ਮੁੱਕ ਚੁੱਕੀ ਸੀ ਤੇ ਵਿਛੜਨ ਵੇਲੇ ਜਿਵੇਂ ਮਾਈ ਦੇ ਸਰੀਰ ਦਾ ਕਾਂਬਾ ਉਹਦੇ ਸਰੀਰ ਵਿੱਚ ਛਿੜ ਪਿਆ ਸੀ, ਅੰਨ੍ਹੀਆਂ ਗਿੱਲੀਆਂ ਅੱਖਾਂ ਦੀ ਗਿੱਲ ਜਿਵੇਂ ਉਹਦੀਆਂ ਗੱਲ੍ਹਾਂ ਤੇ ਆ ਗਈ ਸੀ। ਇਹ ਸਭ ਏਨੇ ਸਾਲਾਂ ਬਾਅਦ ਵੀ ਉਹਨੂੰ ਓਵੇਂ ਦਾ ਓਵੇਂ ਮਹਿਸੂਸ ਹੋ ਰਿਹਾ ਸੀ ਤੇ ਅੱਜ ਫੇਰ ਉਹਨੇ ਕੰਨ ਮਾਈ ਦੇ ਬੋੜੇ ਬੋਲ ਸੁਣ ਰਹੇ ਸਨ, ‘‘ਮੇਰੀਆਂ ਆਂਦਰਾਂ ਦਾ ਟੋਟਾ ਲਹਿ ਕੇ ਸਮੁੰਦਰਾਂ ਦੇ ਪਾਰ ਜਾ ਰਿਹਾ!‘‘
ਪਰ ਮਤਾਬ ਨੂੰ ਓਦੋਂ ਆਉਣਾ ਹੀ ਪਿਆ ਸੀ, ਸਮੁੰਦਰ ਚੀਰ ਕੇ, ਭਾਵੇਂ ਉਹ ਆਉਣਾ ਨਹੀਂ ਸੀ ਚਾਹੁੰਦਾ। ਉਨ੍ਹਾਂ ਦੇ ਘਰ ਦਾ ਝੱਟ ਨਹੀਂ ਸੀ ਟੱਪਦਾ ਪਿਆ, ਕੁਝ ਤੇ ਉਹ ਪਹਿਲਾਂ ਈ ਮਰੇੜੇ ਸਨ, ਪਿਓ ਵੇਲੇ ਈ ਕੁਝ ਜ਼ਮੀਨ ਗਹਿਣੇ ਪੈ ਗਈ ਸੀ, ਤੇ ਜਿਸ ਰਹਿੰਦੀ ਖੂੰਹਦੀ ਦਾ ਆਸਰਾ ਸੀ, ਉਹਨੂੰ ਦਰਿਆ ਨੇ ਵਰਾਨ ਕਰ ਦਿੱਤਾ ਸੀ। ਵੱਡੇ ਭਰਾ ਨੂੰ ਮਤਾਬ ਨੇ ਮਲਾਇਆ ਜਾਣੋਂ ਇਹ ਕਹਿ ਕੇ ਰੋਕ ਦਿੱਤਾ:
‘‘ਤੇਰਾ ਪਿਛੇ ਕੋਈ ਨਹੀਂ। ਆਂਹਦੇ ਆ ਮਲਾਇਆ ਦੀ ਧਰਤੀ ਬੜੀ ਨਿਰਦਈ ਆ, ਘਟ ਈ ਕੋਈ ਪਰਤਦਾ। ਮੈਂ ਚਲਾ ਜਾਵਾਂ, ਮੇਰੀਆਂ ਤੇ ਪਿੱਛੇ ਕਿੰਨੀਆਂ ਈ ਤੰਦਾਂ, ਵਹੁਟੀ ਆ, ਧੀ ਆ। ਗਹਿਣੇ ਪਈ ਜ਼ਮੀਨ ਛੁਡਾਉਣ ਜੋਗੀ ਰਕਮ ਕਮਾਂਦਿਆਂ ਸਾਰ ਹੀ ਪਰਤ ਆਊਂ।‘‘
ਜਦੋਂ ਉਹ ਮਲਾਇਆ ਪੁਜਿਆ ਸੀ, ਤਾਂ ਉਹਦਾ ਖਿਆਲ ਸੀ ਕਿ ਘੁੱਟੋ-ਵੱਟੀ ਰਹਿ ਕੇ ਤੇ ਲਹੂ ਪਾਣੀ ਇਕ ਕਰ ਕੇ ਅੱਠ ਨੌਂ ਮਹੀਨਿਆਂ ਵਿੱਚ ਉਹ ਏਨੀ ਕੁ ਰਕਮ ਪਿਛਾਂਹ ਘੱਲ ਲਏਗਾ। ਪਰ ਇੱਥੇ ਪੁਜਦਿਆਂ ਹੀ ਠੂਹ ਠਾਹ ਸ਼ੁਰੂ ਹੋ ਗਈ, ਤੇ ਜਪਾਨੀਆਂ ਨੇ ਦਿਨਾਂ ਵਿੱਚ ਹੀ ਸਾਰੇ ਮਲਾਇਆ ਦਾ ਰਾਜ ਸੰਭਾਲ ਲਿਆ। ਭੰਬੱਤ੍ਰਿਆ ਮਤਾਬ ਦੀਨ ਬੜੇ ਦਿਨ ਠੂਹ ਠਾਹ ਵਿੱਚ ਆਪਣਾ ਸਿਰ ਲੁਕਾਂਦਾ ਰਿਹਾ, ਪਰ ਅਖੀਰ ਇੱਕ ਦਿਨ ਇੱਕ ਜਪਾਨੀ ਸਿਪਾਹੀ ਨੇ ‘ਖੁਰੇ ਖੁਰੇ‘ ਕਰ ਕੇ ਉਹਨੂੰ ਫੜ ਲਿਆ ਤੇ ਕਿਤੇ ਰੇਲ ਦੀ ਪਟੜੀ ਬਣਾਨ ‘ਤੇ ਵਗਾਰੀ ਲਾ ਦਿੱਤਾ।
ਰੱਬ ਰੱਬ ਕਰਕੇ ਜਪਾਨੀਆਂ ਦਾ ਕਾਲਾ ਨਰਕ ਲੰਘਿਆ ਤੇ ਮਤਾਬ ਦੀਨ ਤਿੰਨ ਡਾਲੇ ਦਿਹਾੜੀ ਤੇ ਟੀਨ ਦੇ ਖੱਡੇ ਪੁਟਣ ਤੇ ਹੋ ਗਿਆ। ਸ਼ਾਮੀਂ ਉਹ ਇੱਕ ਮਾਲ ਡੰਗਰ ਵਾਲੇ ਲਈ ਪੱਠੇ ਵਢ ਦੇਂਦਾ, ਤੇ ਇਹਦੇ ਬਦਲੇ ਉਹਨੂੰ ਕੁਝ ਦੁਧ ਮਿਲ ਜਾਂਦਾ। ਦੁੱਧ ਬੜਾ ਮਹਿੰਗਾ ਸੀ, ਸੋ ਮਤਾਬ ਇਹ ਵੇਚ ਕੇ ਵੀ ਕੁਝ ਪੈਸੇ ਕਮਾ ਲੈਂਦਾ। ਜਪਾਨੀਆਂ ਦੇ ਵੇਲੇ ਤੇ ਉਹਦੇ ਪਿਛੋਂ ਦੀ ਹਡਭੰਨਵੀਂ ਮਿਹਨਤ ਨੇ ਉਹਨੂੰ ਪੰਜਾਂ ਵਰ੍ਹਿਆਂ ਵਿਚ ਹੀ ਬੁੱਢਿਆਂ ਕਰ ਦਿੱਤਾ ਸੀ। ਉਹਦੀਆਂ ਗੱਲ੍ਹਾਂ ਵਿਚ ਟੋਏ ਪੈ ਗਏ ਸਨ, ਤੇ ਅੱਖਾਂ ਥੱਲੇ ਕਾਲੀਆਂ ਝੁਰੜੀਆਂ ਆ ਗਈਆਂ ਸਨ। ਪਹਿਲਾਂ ਤਾਂ ਜਾਪਦਾ ਸੀ ਨਿਰੀ ਪੇਟ-ਚਟਾਈ ਹੀ ਹੁੰਦੀ ਜਾਏਗੀ, ਪਰ ਅਖੀਰ ਉਹਨੇ ਕਰਜ਼ਾ ਲਾਹ ਹੀ ਲਿਆ।
ਸੰਤ ਸਿੰਘ ਨੂੰ ਬੜੇ ਮਾਣ ਨਾਲ ਉਹਨੇ ਦੱਸਿਆ ਸੀ, ‘‘ਰੱਬ ਨੇ ਭਲਾ ਕੀਤਾ, ਮੈਂ ਗਹਿਣੇ ਪਈ ਜ਼ਮੀਨ ਛੁਡਾ ਲਈ ਆ ਤੇ ਸੁਣਿਆਂ ਵਰਾਨ ਜ਼ਮੀਨ ਵੀ ਹੁਣ ਵਾਹਵਾ ਹੋ ਗਈ ਆ-ਦਰਿਆ ਹਟ ਗਿਆ ਆ। ਜਾ ਕੇ ਦੋ ਦੇਗਾਂ ਚੌਲਾਂ ਦੀਆਂ ਬਰਾਦਰੀ ਨੂੰ ਖੁਆ ਦਊਂ..... ਕਹਿੰਦੇ ਆ ਦੇਸ ਚੌਲਾਂ ਨੂੰ ਅੱਗ ਲੱਗੀ ਹੋਈ ਆ, ਪਰ ਇਹ ਸੱਧਰ ਜ਼ਰੂਰ ਲਾਹੁਣੀ ਆ।‘‘
ਮਤਾਬ ਹੁਣ ਕਿਸੇ ਤਰ੍ਹਾਂ ਵੀ ਦੇਸ਼ ਅਪੜਨਾ ਚਾਂਹਦਾ ਸੀ, ਸਮੁੰਦਰ ਚੀਰ ਕੇ, ਪਰ ਉਹਨੂੰ ਇਥੇ ਰਕੁਣਾ ਪੈ ਰਿਹਾ ਸੀ, ਕਿਉਂਕਿ ਉਹ ਤੀਣੇ ਮੁੱਲੋਂ ਟਿਕਟ ਨਹੀਂ ਸੀ ਖਰੀਦ ਸਕਦਾ। ਉਹਦੀ ਆਸ ਹੁਣ ਖੁਸਦੀ ਜਾਂਦੀ ਸੀ। ਦੋ ਦੇਗ਼ਾਂ ਚੌਲਾਂ ਲਈ ਪੈਸੇ ਤਾਂ ਇਕ ਬੰਨੇ, ਜਹਾਜ਼ ਤੇ ਗੱਡੀ ਦੇ ਭਾੜੇ ਦੀ ਰਕਮ ਵੀ ਖੁਰਨ ਲੱਗ ਪਈ ਸੀ।
ਇਕ ਦਿਨ ਸੰਤ ਸਿੰਘ ਬਜ਼ਾਰੋਂ ਜੇਬ ਕਟਾ ਆਇਆ, ਵੀਹ ਕੁ ਡਾਲੇ ਇੰਜ ਮੁੱਕ ਗਏ। ਦੋਹਾਂ ਨੂੰ ਜਾਪਿਆ ਜਿਵੇਂ ਉਨ੍ਹਾਂ ਦਾ ਲੱਕ ਟੁੱਟ ਗਿਆ ਹੋਵੇ।
ਦੋਹਾਂ ਨੇ ਰਿਕਸ਼ਾ ਗੱਡੀਆਂ ਕਿਰਾਏ ਤੇ ਲੈ ਕੇ ਵਾਹਣੀਆਂ ਸ਼ੁਰੂ ਕਰ ਦਿੱਤੀਆਂ। ਪੰਜ ਪੰਜ ਡਾਲੇ ਕਿਰਾਏ ਦੇ ਰੋਜ਼ ਦੇਣੇ ਪੈਂਦੇ ਸਨ। ਜੋ ਬਚ ਜਾਂਦਾ, ਉਹ ਦੋਵੇਂ ਜੋੜ ਕੇ ਰੱਖ ਲੈਂਦੇ। ਦੋਹਾਂ ਲਈ ਇਹ ਕੰਮ ਨਵਾਂ ਸੀ, ਤੇ ਨਾਲੇ ਲੰਗਰੋਂ ਸੁੱਕਾ ਅੰਨ ਖਾ ਕੇ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਸੀ। ਪਰ ਏਸ ਤੌਖ਼ਲੇ ਵਿਚ ਕਿ ਕਿਤੇ ਠੀਕ ਭਾਅ ਤੇ ਮਿਲਦੀ ਟਿਕਟ ਖ਼ਰੀਦਣ ਜੋਗੇ ਪੈਸੇ ਵੀ ਉਨ੍ਹਾਂ ਕੋਲ ਨਾ ਬਚਣ, ਉਨ੍ਹਾਂ ਕੁਝ ਵੀ ਆਪਣੇ ਖਾਣ ਪੀਣ ‘ਤੇ ਨਾ ਖਰਚਿਆ।
ਜਦੋਂ ਰਿਕਸ਼ਾ ਖੜ੍ਹੀ ਕਰ ਕੇ ਉਹ ਕਿਧਰੇ ਆਪਣਾ ਮੁੜ੍ਹਕਾ ਪੂੰਝ ਰਹੇ ਹੁੰਦੇ ਤੇ ਕੋਲੋਂ ਕੋਈ ਖਾਣ ਵਾਲੀ ਚੀਜ਼ ਵੇਚਦਾ ਲੰਘਦਾ ਤਾਂ ਉਹ ਤਕਦੇ ਰਹਿੰਦੇ, ਭੁੱਖ ਉਨ੍ਹਾਂ ਦੀਆਂ ਆਂਦਰਾਂ ਵਲੂੰਧਰਦੀ ਤੇ ਉਹ ਤਕਦੇ ਰਹਿੰਦੇ।
ਕਦੇ ਸੰਤ ਸਿੰਘ ਕਹਿੰਦਾ, ‘‘ਦੇਸ ਦੇ ਆਟੇ ਦੀ ਕੀ ਰੀਸ ਆ! ਨਿਰੀ ਰੋਟੀ ਈ ਨਹੀਂ ਮਾਣ। ਏਨੇ ਸਾਲਾਂ ਤੋਂ ਨਰੋਈ ਘੋਨੀ ਕਣਕ ਸੁਪਨੇ ਵਿਚ ਵੀ ਨਹੀਂ ਚਖੀ-ਇਹ ਅਸਟਰੇਲੀਆ ਦੀ ਖੇਹ ਈ ਖਾਂਦੇ ਰਹੇ ਆਂ।‘‘
ਕਦੇ ਕੋਲੋਂ ਅਮਰੀਕਾ ਤੋਂ ਆਏ ਮਾਲਟਿਆਂ ਨਾਲ ਲੱਦੀਆਂ ਰੇੜ੍ਹੀਆਂ ਲੰਘਦੀਆਂ। ਮਤਾਬ ਆਖਦਾ, ‘‘ਦੇਸ ਦੇ ਅੰਬਾਂ ਵਰਗਾ ਸਾਰੇ ਜਹਾਨ ਤੇ ਕੋਈ ਮੇਵਾ ਨਹੀਂ।‘‘
ਕੁਝ ਪਲਾਂ ਲਈ ਰਿਕਸ਼ਾ ਅਲੋਪ ਹੋ ਜਾਂਦੀ। ਉਹ ਅੰਬਾਂ ਦੇ ਬਾਗ ਵਿਚ ਸਨ-ਕੋਇਲਾਂ ਕੂਕ ਰਹੀਆਂ ਹਨ, ਚੁੱਲ੍ਹੇ ਕੋਲ ਬੈਠਿਆਂ ਨੂੰ ਮਾਂ ਘੋਨੀ ਕਣਕ ਦੀ ਰੋਟੀ ਵਿਚ ਚੋਂਘੇ ਪਾ ਕੇ ਦੇ ਰਹੀ ਸੀ...
‘‘ਰਿਕਸ਼ਾ...ਹੇ ਰਿਕਸ਼ਾ, ਦੋ ਸਵਾਰੀਆਂ, ਸਮਾਨ ਵੀ ਹੈ।‘‘
ਤੇ ਰਿਕਸ਼ਾ ਫੇਰ ਉਲਰ ਪੈਂਦੀ; ਮੋਟਰਾਂ, ਟਰਾਮਾਂ, ਬੱਸਾਂ ਦੀ ਭੀੜ ਚੀਰਦੇ ਉਹ ਦਗੜ ਦਗੜ ਕਰਨ ਲੱਗ ਪੈਂਦੇ।
ਦੇਸ ਤੋਂ ਆਏ ਜਹਾਜ਼ ਵਿਚੋਂ ਸਵਾਰੀਆਂ ਉਤਰ ਰਹੀਆਂ ਸਨ। ਦੋ ਆਦਮੀਆਂ ਤੇ ਇਕ ਬੱਚੇ ਨੂੰ ਆਪਣੀ ਰਿਕਸ਼ਾ ਵਿਚ ਮਤਾਬ ਨੇ ਬਹਾਇਆ। ਮਤਾਬ ਨੇ ਸੁਣਿਆ, ਸੁਹਣਾ ਜਿਹਾ ਬੱਚਾ ਆਖ ਰਿਹਾ ਸੀ:
‘‘ਬਾਪੂ, ਇਥੇ ਮੁਸਲਮਾਨ ਤਾਂ ਨਹੀਂ ਹੋਣੇ! ਉਨ੍ਹਾਂ ਮੇਰੇ ਵਰਗੇ ਬੱਚਿਆਂ ਨੂੰ ਵੀ ਨਹੀਂ ਛੱਡਿਆ!‘‘ ਤੇ ਬੱਚਾ ਅਚਾਨਕ ਰੋਣ ਲੱਗ ਪਿਆ ਸੀ।
ਸੰਤ ਸਿੰਘ ਦੀ ਰਿਕਸ਼ਾ ਵਿਚ ਬਹਿਣੋਂ ਜਹਾਜ਼ੋਂ ਉਤਰੀਆਂ ਦੋ ਮੁਸਲਮਾਨ ਸਵਾਰੀਆਂ ਨੇ ਨਾਂਹ ਕਰ ਦਿੱਤੀ। ਉਹ ਹਾਲੀਂ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਹਨੇ ਉਨ੍ਹਾਂ ਵਿਚੋਂ ਇਕ ਨੂੰ ਗੱਲ ਕਰਦਿਆਂ ਸੁਣਿਆ, ‘‘ਸਿੱਖ ਜਾਂ ਹਿੰਦੂ ਨੂੰ ਪੈਸੇ ਖਟਾਣਾ ਹਰਾਮ ਏ-ਇਨ੍ਹਾਂ ਕਲਕੱਤੇ ਵਿਚ ਸਾਡੇ ਹਜ਼ਾਰਾਂ ਭਰਾ ਮਾਰੇ ਨੇ।‘‘ ਤੇ ਉਹ ਦੋਵੇਂ ਇਕ ਚੀਨੇ ਦੀ ਰਿਕਸ਼ੇ ਉਤੇ ਬਹਿ ਗਏ ਸਨ।
ਰਾਤ ਨੂੰ ਸੰਤ ਸਿੰਘ ਤੇ ਮਤਾਬ ਦਿਨੇ ਸੁਣੀਆਂ ਆਪਸ ਵਿਚ ਕਰ ਰਹੇ ਸਨ ਕਿ ਏਨੇ ਨੂੰ ਕੋਲੋਂ ਦੋ ਸਿੱਖ ਲੰਘੇ। ਇਹ ਅੱਜ ਹੀ ਜਹਾਜ਼ ਤੋਂ ਉਤਰ ਕੇ ਗੁਰਦੁਆਰੇ ਆਏ ਸਨ। ਇਨ੍ਹਾਂ ਸੰਤ ਸਿੰਘ ਨੂੰ ਆਪਣੇ ਕੋਲ ਬੁਲਾਇਆ, ਤੇ ਉਹਦੇ ਨਾਲ ਗੱਲਾਂ ਕਰਦੇ ਰਹੇ। ਸੰਤ ਸਿੰਘ ਜਦੋਂ ਫੇਰ ਮਤਾਬ ਕੋਲ ਆਇਆ ਤਾਂ ਉਹਦਾ ਮੂੰਹ ਬੜਾ ਉਤਰਿਆ ਹੋਇਆ ਸੀ।
ਮਤਾਬ ਨੇ ਪੁਛਿਆ, ‘‘ਕੀ ਆਖਦੇ ਸੀ ਉਹ?‘‘
‘‘ਨਹੀਂ, ਕੁਝ ਨਹੀਂ ਐਵੇਂ...।‘‘
‘‘ਕੋਈ ਸੁਰ ਪਤਾ ਦੱਸੇਂ ਵੀ?‘‘
ਸੰਤ ਸਿੰਘ ਨੇ ਮਤਾਬ ਦਾ ਹੱਥ ਘੱਟ ਕੇ ਫੜ ਲਿਆ ਤੇ ਉਹਦੀਆਂ ਅੱਖਾਂ ਵਿਚ ਨਜ਼ਰਾਂ ਗੱਡ ਕੇ ਕਿਹਾ, ‘‘ਕਹਿੰਦੇ ਸੀ ਤੂੰ ਮੁਸਲਮਾਨ ਆਂ!‘‘
ਮਤਾਬ ਨੇ ਹੈਰਾਨ ਹੋ ਕੇ ਕਿਹਾ, ‘‘ਤੇ ਫੇਰ ਕੀ? ਇਹ ਕੋਈ ਨਵੀਂ ਗੱਲ ਆ!‘‘
‘‘ਕਹਿੰਦੇ ਸੀ, ਮੁਸਲਮਾਨ ਸੱਪ ਆ ਸੱਪ! ਲੱਖ ਦੁੱਧ ਪਿਆਓ, ਡੰਗ ਈ ਮਾਰੂ!‘‘
ਮਤਾਬ ਪੱਥਰ ਵਾਂਗ ਅਡੋਲ ਹੋਇਆ ਮੂੰਹ ਨੀਵਾਂ ਪਾਈ ਬੈਠਾ ਰਿਹਾ।
ਸੰਤ ਸਿੰਘ ਉਹਦੇ ਹੋਰ ਨੇੜੇ ਢੁਕ ਗਿਆ, ‘‘ਕਮਲਿਆ! ਇਹ ਉਨ੍ਹਾਂ ਦੀਆਂ ਗੱਲਾਂ ਸਨ, ਤੂੰ ਪੁੱਛੀਆਂ ਤੇ ਮੈਂ ਦੱਸੀਆਂ। ਮੇਰੇ ਮਨ ਤਾਂ ਇਹ ਉਕਾ ਨਹੀਂ ਲੱਗਦੀਆਂ। ਇਹ ਐਵੇਂ ਹਲਕ ਕੁੱਦਿਆ ਲੋਕਾਂ ਨੂੰ, ਫਿਟਣੀਆਂ ਦੇ ਫੇਟ ਤਾਂ ਗੋਰੇ ਆ ਗੋਰੇ।‘‘
ਅਛੋਪਲੇ ਹੀ ਸੰਤ ਸਿੰਘ ਦੀ ਧੀ ਬਚਨੋ ਮਤਾਬ ਦੀ ਝੋਲੀ ਵਿਚ ਆਣ ਬੈਠੀ, ‘‘ਚਾਚਾ ਅਜ ਕਬੂਤਰਾਂ ਨੂੰ ਟੁੱਕਰ ਨਹੀਂ ਪਾਣਾ? -ਵਿਚਾਰੇ ਕਦ ਦੇ ਉਡੀਕਦੇ ਆ।‘‘
ਮਤਾਬ ਨੇ ਬਚਨੋ ਨੂੰ ਘੁਟ ਕੇ ਗਲੇ ਨਾਲ ਲਾ ਲਿਆ।
‘‘ਚਾਚਾ, ਤੂੰ ਰੋਂਦਾ ਪਿਆ ਏਂ, ਤੇਰੀਆਂ ਅੱਖਾਂ ਗਿੱਲੀਆਂ ਨੇ!‘‘
‘‘ਕਬੂਤਰੀਏ-ਮੈਂ ਕਾਹਨੂੰ ਰੋਣਾਂ‘‘, ਆਖ ਮਤਾਬ ਨੇ ਉਹਨੂੰ ਹੋਰ ਘੁਟ ਲਿਆ। ਬਚਨੋ ਨੇ ਆਪਣੀਆਂ ਬਾਲੜੀਆਂ ਬਾਹਵਾਂ ਉਹਦੇ ਗਲ ਦੁਆਲੇ ਵਲ ਲਈਆਂ।
ਸੰਤ ਸਿੰਘ ਦੀ ਤਕਣੀ ਵਿਚ ਇਕ ਮੋਹ ਭਰਿਆ ਨਿੱਘ ਘੁਲਿਆ ਹੋਇਆ ਸੀ।
ਅਖੀਰ ਪੂਰੇ ਦੋ ਮਹੀਨਿਆਂ ਮਗਰੋਂ ਮਤਾਬ ਤੇ ਸੰਤ ਸਿੰਘ ਦੇ ਟੱਬਰ ਨੂੰ ਜਹਾਜ਼ ਦੀਆਂ ਟਿਕਟਾਂ ਮਿਲ ਗਈਆਂ। ਐਤਕੀਂ ਗੁਰਦੁਆਰੇ ਵਿਚ ਠਹਿਰਿਆਂ ਸਭਨਾਂ ਨੂੰ ਹੀ ਟਿਕਟਾਂ ਮਿਲ ਗਈਆਂ ਸਨ। ਪਰਸੋਂ ਨੂੰ ਜਹਾਜ਼ ਤੁਰ ਰਿਹਾ ਸੀ।
ਦੋਵੇਂ ਰਿਕਸ਼ਾ ਮੋੜ ਕੇ, ਜਿੰਨੇ ਪੈਸੇ ਉਨ੍ਹਾਂ ਅੱਜ ਤੱਕ ਜੋੜੇ ਸਨ ਗਿਣਨ ਲਗੇ। ਹਿਸਾਬ ਲਾ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ, ਕਿਉਂਕਿ ਲੋੜੀਂਦੇ ਖ਼ਰਚ ਤੋਂ ਵਧ ਵੀ ਉਨ੍ਹਾਂ ਕੋਲ ਕੁਝ ਬਚਦਾ ਸੀ। ਬਚਨੋ ਨੂੰ ਲੈ ਕੇ ਦੋਵੇਂ ਬਾਜ਼ਾਰ ਚਲੇ ਗਏ। ਸੰਤ ਸਿੰਘ ਨੇ ਬਚਨੋ ਲਈ ਬੜੀ ਸੁਹਣੀ ਰਬੜ ਦੀ ਜੁੱਤੀ ਖਰੀਦੀ, ਤੇ ਆਪਣੀ ਵਹੁਟੀ ਦੀ ਸੁੱਥਣ ਲਈ ਇਕ ਚੀਨੀ ਰੇਸ਼ਮ ਦਾ ਟੋਟਾ। ਮਤਾਬ ਨੇ ਵੀ ਆਪਣੀ ਵਹੁਟੀ ਲਈ ਅਜਿਹਾ ਈ ਟੋਟਾ ਖਰੀਦ ਲਿਆ। ਆਪਣੀ ਧੀ ਤਾਜੋ ਲਈ-ਉਹਨੇ ਬਚਨੋ ਦੇ ਮਾਪ ਦੀ ਰਬੜ ਦੀ ਜੁਤੀ ਖ਼ਰੀਦ ਲਈ, ਦੋਵੇਂ ਹਾਣ ਦੀਆਂ ਸਨ।
ਸਮੁੰਦਰ ਅੱਜ ਕਲ ਬੜਾ ਤੁਫ਼ਾਨੀ ਹੋਇਆ ਹੋਇਆ ਸੀ। ਜਹਾਜ਼ ਵਿਚ ਡੈੱਕ ਦੇ ਮੁਸਾਫ਼ਰ ਤਾਂ ਬਹੁਤ ਹੀ ਤਕਲੀਫ਼ ਵਿਚ ਸਨ। ਜਹਾਜ਼ ਨੇ ਦੂਜੇ ਦਿਨ ਤੋਂ ਹੀ ਬੜਾ ਡੋਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿਚ ਏਡੀ-ਏਡੀ ਛਲ ਉਠਦੀ ਕਿ ਜਹਾਜ਼ ਤੋਂ ਆਰ ਪਾਰ ਲੰਘ ਜਾਂਦੀ।
ਤੀਜੇ ਦਿਨ ਬਚਨੋ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸੰਤ ਸਿੰਘ ਤੇ ਉਹਦੀ ਵਹੁਟੀ ਦਾ ਜੀਅ ਦੂਜੇ ਦਿਨ ਤੋਂ ਹੀ ਬਹੁਤ ਕੱਚਾ ਹੋਣ ਲੱਗ ਪਿਆ ਸੀ। ਸਿਰਫ਼ ਮਤਾਬ ਨੇ ਈ ਸੁਰਤ ਸੰਭਾਲੀ ਰੱਖੀ ਸੀ ਤੇ ਉਹੀ ਬਚਨੋ ਨੂੰ ਕੁਛੜ ਲਈ ਬੈਠਾ ਰਹਿੰਦਾ, ਛੱਲਾਂ ਦੀ ਮਾਰ ਤੋਂ ਬਚਾਂਦਾ ਤੇ ਜਦੋਂ ਉਹ ਉਲਟੀ ਕਰਦੀ ਤਾਂ ਉਹਨੂੰ ਕੁਰਲੀ ਕਰਾ ਕੇ ਉਹਦਾ ਮੂੰਹ ਧੋਂਦਾ।
ਕੁਛੜ ਵਿਚ ਬੇਸੁਰਤ ਲੇਟੀ ਬਚਨੋ ਉਹਨੂੰ ਕਈ ਵਾਰ ਤਾਜੋ ਜਾਪਣ ਲੱਗ ਪੈਂਦੀ। ‘ਕਬੂਤਰੀ‘ ਉਹ ਆਪਣੀ ਨਿੱਕੀ ਜਿਹੀ ਤਾਜੋ ਨੂੰ ਲਾਡ ਨਾਲ ਕਹਿੰਦਾ ਹੁੰਦਾ ਸੀ, ਤੇ ਹੁਣ ਤੇ ਉਹ ਵੀ ਸੁਖ ਨਾਲ ਬਚਨੋ ਜਿਡੀ ਹੋ ਗਈ ਹੋਵੇਗੀ। ਜਦੋਂ ਉਹ ਦੇਸੋਂ ਆਇਆ ਸੀ, ਉਦੋਂ ਦੀ ਤੇ ਉਹਨੂੰ ਕੋਈ ਸੰਭਾਲ ਨਹੀਂ ਹੋਣ ਲੱਗੀ! ਹੁਣ ਜਦੋਂ ਉਹ ਉਹਦੇ ਨਿੱਕੇ ਗੋਰੇ ਪੈਰਾਂ ਵਿਚ-ਉਹਦਾ ਰੰਗ ਆਪਣੀ ਮਾਂ ਤੇ ਸੀ-ਰਬੜ ਦੀਆਂ ਜੁਤੀਆਂ ਪੁਆਏਗਾ, ਤਾਂ ਉਹ ਮਾਣ ਨਾਲ ਸਾਰੇ ਪਿੰਡ ਦੇ ਨਿਆਣਿਆਂ ਨੂੰ ਤਕਾਂਦੀ ਫਿਰੇਗੀ। ਪਰ ਉਹ ਉਹਨੂੰ ਦੱਸੇਗੀ, ‘‘ਤਾਜੀਏ, ਤੇਰਾ ਅੱਬਾ ਈ!‘‘ ਤੇ ਉਹਦੀ ਮਾਂ ਚੀਨੀ ਰੇਸ਼ਮ ਦੀ ਸੁੱਥਣ ਪਾ ਕੇ ਕਿੰਨੀ ਖੁਸ਼ ਹੋਏਗੀ! ਕਿਡੀ ਕੂਲੀ ਸੁੱਥਣ! ਜਦੋਂ ਉਹ ਆਇਆ ਸੀ ਤਾਂ ਉਹਨੇ ਅੱਥਰੂਆਂ ਵਿਚੋਂ ਤਕਦਿਆਂ ਉਹਨੂੰ ਕਿਹਾ ਸੀ, ‘‘ਵੇਖਣਾ ਕਿਤੇ ਓਥੋਂ ਦੇ ਹੀ ਨਾ ਹੋ ਜਾਣਾ। ਤੁਹਾਨੂੰ ਮੇਰੀ ਕਸਮ, ਤਾਜੋ ਦੀ ਕਸਮ।‘‘ ਤੇ ਹੁਣ ਉਹ ਉਹਦੇ ਕੋਲ ਜਾ ਰਿਹਾ ਸੀ ਤੇ ਉਹ ਉਹਦੀ ਕਸਮ ਤੇ ਪੱਕਾ ਰਿਹਾ ਸੀ। ਉਹ ਤੇ ਪਹਿਲੀਆਂ ਵਾਂਗ ਹਾਲੀ ਮੁਟਿਆਰ ਈ ਹੋਏਗੀ, ਉਹਦੀਆਂ ਅੱਖਾਂ ਵਿਚ ਸੁਰਮਾ ਓਨਾ ਹੀ ਕਾਲਾ ਹੋਏਗਾ, ਤੇ ਪਿੰਡਾ ਓਨਾ ਈ ਗੋਰਾ! ਅਚੇਤ ਹੀ ਉਹਨੇ ਆਪਣੇ ਝੁਰੜੇ ਮੂੰਹ ਤੇ ਉਂਗਲਾਂ ਫੇਰੀਆਂ , ਅਣਮੁੰਨੀ ਦਾੜ੍ਹੀ ਰੜਕੀ, ਅੱਖਾਂ ਥੱਲੇ ਕਾਲਖ਼ ਦੀਆਂ ਛਾੲ੍ਹੀਆਂ ਕੁਝ ਗਰਮ ਜਿਹੀਆਂ ਹੋ ਗਈਆਂ ਜਾਪੀਆਂ...
ਇਕ ਬੜੀ ਵੱਡੀ ਛੱਲ ਸਮੁੰਦਰ ਵਿਚੋਂ ਉਠ ਕੇ ਸਾਰੇ ਡੈੱਕ ਵਿਚ ਖਿੱਲਰ ਗਈ ਸੀ।
ਤੂਫ਼ਾਨਾਂ ਕਰ ਕੇ ਜਹਾਜ਼ ਦੋ ਦਿਨ ਪਛੜ ਕੇ ਕਲਕੱਤੇ ਲਗਿਆ। ਇਥੇ ਫ਼ਸਾਦਾਂ ਦਾ ਜ਼ੋਰ ਸੀ। ਸੰਤ ਸਿੰਘ, ਉਹਦਾ ਟੱਬਰ, ਤੇ ਮਤਾਬ ਰਾਤ ਨੂੰ ਈ ਗੱਡੀ ਚੜ੍ਹ ਗਏ।
ਗੱਡੀ ਵਿਚ ਵੀ ਸਫ਼ਰ ਜਹਾਜ਼ ਜਿੰਨਾ ਹੀ ਔਖਾ ਸੀ, ਪੰਧ ਵੀ ਓਨਾ ਈ ਸੀ, ਪਰ ਹੁਣ ਉਨ੍ਹਾਂ ਨੂੰ ਕੋਈ ਏਡਾ ਤੌਖ਼ਲਾ ਨਹੀਂ ਸੀ-ਉਹ ਆਪਣੇ ਦੇਸ ਦੀ ਧਰਤੀ ਤੇ ਜੁ ਸਨ। ਰਾਹ ਵਿਚ ਉਨ੍ਹਾਂ ਕੁਝ ਅੰਬ ਖ਼ਰੀਦੇ। ਕੁਝ ਉਨ੍ਹਾਂ ਖਾ ਲਏ ਤੇ ਕੁਝ ਆਪੋ ਆਪਣੀ ਘਰੀਂ ਸੁਗਾਤ ਵਜੋਂ ਲਿਜਾਣ ਲਈ ਬੰਨ੍ਹ ਲਏ।
ਬਚਨੋ ਮਲਾਇਆ ਵਿਚ ਹੀ ਜੰਮੀ ਸੀ, ਤੇ ਪਹਿਲੀ ਵਾਰ ਦੇਸ ਆਈ ਸੀ। ਉਹਨੇ ਅੱਜ ਅੰਬ ਪਹਿਲੀ ਵਾਰ ਚੱਖਿਆ ਸੀ, ਉਹਨੂੰ ਇਹ ਬੜਾ ਹੀ ਸੁਆਦ ਲਗਿਆ। ਉਹਨੇ ਮਤਾਬ ਨੂੰ ਕਿਹਾ, ‘‘ਚਾਚਾ, ਸਾਡਾ ਦੇਸ ਬੜਾ ਈ ਚੰਗਾ ਏ, ਓਨਾ ਈਓਂ ਚੰਗਾ ਜਿੰਨਾ ਤੂੰ ਕਹਿੰਦਾ ਸੀ।‘‘
ਮਤਾਬ ਨੇ ਉਹਨੂੰ ਚੁੰਮ ਲਿਆ। ਉਹਦੇ ਮੂੰਹ ਵਿਚੋਂ ਅੰਬ ਦੀ ਵਾਸ਼ਨਾ ਆ ਰਹੀ ਸੀ। ਮਤਾਬ ਨੂੰ ਇਹ ਸੋਚ ਕੇ ਅਜੀਬ ਸੁਖ ਹੋਇਆ ਕਿ ਤਾਜੋ ਨੂੰ ਵੀ ਇਹ ਏਨਾ ਈ ਚੰਗਾ ਲਗੇਗਾ, ਤੇ ਉਹਦੀ ਮਾਂ ਨੂੰ ਵੀ, ਤੇ ਉਨ੍ਹਾਂ ਦੇ ਮੂੰਹਾਂ ਵਿਚੋਂ ਵੀ ਇੰਜ ਦੀ ਵਾਸ਼ਨਾ ਆਏਗੀ....
ਅਖ਼ੀਰ ਗੱਡੀ ਏØਡਾ ਪੰਧ ਚੀਰ ਕੇ ਓਸ ਸਟੇਸ਼ਨ ‘ਤੇ ਪੁਜ ਗਈ ਜਿਥੇ ਮਤਾਬ ਤੇ ਸੰਤ ਸਿੰਘ ਦੇ ਉਤਰਨਾ ਸੀ। ਸਟੇਸ਼ਨ ਤੇ ਅਜੀਬ ਘੁਟੀ ਘੁਟੀ ਫ਼ਿਜ਼ਾ ਸੀ। ਸਿੱਖ ਤੇ ਹਿੰਦੂ ਸਵਾਰੀਆਂ ਦੀਆਂ ਟੋਲੀਆਂ ਵੱਖ ਬੈਠੀਆਂ ਹੋਈਆਂ ਸਨ, ਮੁਸਲਮਾਨ ਸਵਾਰੀਆਂ ਦੀਆਂ ਵੱਖ। ਬੜੇ ਪੁਲਸੀਏ ਇਧਰ ਉਧਰ ਫਿਰ ਰਹੇ ਸਨ। ਮਤਾਬ ਤੇ ਸੰਤ ਸਿੰਘ ਨੇ ਅੱਗੇ ਕਦੇ ਸਟੇਸ਼ਨ ਤੇ ਏਨੀ ਪੁਲਿਸ ਨਹੀਂ ਸੀ ਵੇਖੀ, ਤੇ ਉਨ੍ਹਾਂ ਤਕਿਆ ਕਿ ਭੀਖ ਮੰਗਦੇ ਫ਼ਕੀਰ ਮੰਗਣ ਤੋਂ ਪਹਿਲਾਂ ਟੀਰੀ ਅੱਖ ਨਾਲ ਜਾਂਚ ਲੈਂਦੇ ਸਨ ਕਿ ਕਿਤੇ ਉਹ ਗ਼ੈਰ-ਮਜ਼ਹਬ ਵਾਲੇ ਕੋਲੋਂ ਤਾਂ ਨਹੀਂ ਸਨ ਮੰਗ ਰਹੇ।
ਸਟੇਸ਼ਨੋਂ ਬਾਹਰ ਨਿਕਲ ਕੇ ਸੰਤ ਸਿੰਘ ਨੇ ਇਕ ਟਾਂਗੇ ਵਾਲੇ ਨੂੰ ਬੁਲਾਇਆ। ਇਕ ਸਿੱਖ ਟਾਂਗੇ ਵਾਲਾ ਆ ਗਿਆ।
‘‘ਭਾਈ, ਮੋਟਰਾਂ ਦੇ ਅੱਡੇ ਤੇ ਚਲਣਾਂ। ਤਿੰਨ ਸਵਾਰੀਆਂ ਤੇ ਇਕ ਬਾਲ ਊ। ਕੀ ਲਵੇਂਗਾ?‘‘
ਟਾਂਗੇ ਵਾਲੇ ਨੇ ਮਤਾਬ ਵਲ ਇਸ਼ਾਰਾ ਕਰ ਕੇ ਪੁਛਿਆ, ‘‘ਇਹ ਮੁਸਲਮਾਨ ਆ?‘‘
‘‘ਹਾਂ‘‘, ਹੈਰਾਨ ਸੰਤ ਸਿੰਘ ਨੇ ਹੁੰਗਾਰਾ ਭਰਿਆ।
‘‘ਇਹਨੂੰ ਇਸ ਟਾਂਗੇ ਵਿਚ ਨਾ ਬਿਠਾਓ। ਜਿਧਰੋਂ ਮੈਂ ਜਾਣਾ ਏਂ, ਉਧਰੋਂ ਇਹਦੇ ਲਈ ਚੰਗਾ ਨਹੀਂ। ਤੁਸੀਂ ਜੰਮ ਜੰਮ ਚਲੋ।‘‘
ਏਨੇ ਨੂੰ ਇਕ ਮੁਸਲਮਾਨ ਟਾਂਗੇ ਵਾਲਾ ਵੀ ਮਤਾਬ ਦੀਨ ਕੋਲ ਆ ਗਿਆ:
‘‘ਮੋਟਰਾਂ ਦੇ ਅੱਡੇ ਜਾਣਾ ਜੇ? ਤੁਸੀਂ ਮੇਰੇ ਨਾਲ ਬਹਿ ਜਾਓ। ਸਰਦਾਰ ਦੇ ਟਾਂਗੇ ਨੇ ਜਿਧਰੋਂ ਲੰਘਣਾ ਏ, ਓਧਰ ਬਹੁਤੇ ਹਿੰਦੂ ਰਹਿੰਦੇ ਨੇ। ਮੈਂ ਮੁਸਲਮਾਨ ਮਹੱਲੇ ਵਿਚੋਂ ਲੰਘਾ ਲਜਾਊਂ। ਭਾਵੇਂ ਇੰਝ ਵਲਾ ਤਾਂ ਪਊ-ਪਰ ਬਚਾਅ ਏਸੇ ਵਿਚ ਈ ਆ।‘‘
ਮਜਬੂਰੀਂ ਦੋਵੇਂ ਵੱਖ ਵੱਖ ਟਾਂਗਿਆਂ ਵਿਚ ਬਹਿ ਗਏ।
ਬਚਨੋ ਆਪਣੇ ਟਾਂਗੇ ਵਿਚ ਰੋਣ ਲੱਗ ਪਈ, ‘‘ਚਾਚਾ, ਤੂੰ ਕਿਥੇ ਚਲਿਐਂ? ਤੂੰ ਤੇ ਕਹਿੰਦਾ ਸੀ, ਤੂੰ ਮੈਨੂੰ ਤਾਜੋ ਕੋਲ ਲੈ ਚਲੇਂਗਾ ਤੇ ਤਾਜੋ ਤੇ ਮੈਂ ਪੱਕੀਆਂ ਸਹੇਲੀਆਂ ਬਣ ਜਾਵਾਂਗੀਆਂ।‘‘
ਸਿੱਖ ਟਾਂਗੇ ਵਾਲੇ ਨੇ ਘੋੜੇ ਨੂੰ ਚਾਬਕ ਮਾਰੀ। ਟਾਂਗਾ ਤੁਰ ਪਿਆ। ਬਚਨੋ ਹਾਲੀ ਵੀ ਮਤਾਬ ਚਾਚੇ ਨੂੰ ਬੁਲਾ ਰਹੀ ਸੀ।
ਭਾਵੇਂ ਮਤਾਬ ਦੇ ਟਾਂਗੇ ਨੂੰ ਵਲਾ ਪਾ ਕੇ ਵੀ ਆਉਣਾ ਪਿਆ ਸੀ। ਪਰ ਉਹ ਸੰਤ ਸਿੰਘ ਦੇ ਟਾਂਗੇ ਨਾਲੋਂ ਪਹਿਲਾਂ ਅੱਡੇ ‘ਤੇ ਪੁਜ ਗਿਆ ਤੇ ਲਾਰੀ ਵਿਚ ਉਨ੍ਹਾਂ ਦੀ ਥਾਂ ਰਖਵਾ ਕੇ ਇਧਰ ਉਧਰ ਫਿਰਨ ਲਗ ਪਿਆ। ਸਾਹਮਣੇ ਹੀ ਇਕ ਆਟੇ ਦਾਣੇ ਦੀ ਦੁਕਾਨ ਸੀ। ਮਤਾਬ ਨੇ ਸੋਚਿਆ ਦੋ ਦੇਗ਼ਾਂ ਚੌਲਾਂ ਦੀਆਂ ਜੁ ਖੁਆਣੀਆਂ ਨੇ, ਭਾ ਹੀ ਪੁਛ ਲਵਾਂ। ਪਰ ਦੁਕਾਨਦਾਰ ਨੇ ਉਹਦੇ ਨਾਲ ਗਲ ਵੀ ਨਾ ਕੀਤੀ, ਸਿਰਫ਼ ਸਿਰ ਹਿਲਾ ਕੇ ਦੱਸ ਦਿੱਤਾ ਕਿ ਚੌਲ ਹੈ ਨਹੀਂ।
ਮਤਾਬ ਫੇਰ ਲਾਰੀ ਵਿਚ ਆ ਬੈਠਾ। ਹੁਣ ਤਾਜੋ ਤੇ ਉਹਦੀ ਮਾਂ ਸਮੁੰਦਰਾਂ ਦੀ ਵਿਥ ਤੇ ਨਹੀਂ ਸਨ। ਉਹਦਾ ਕਰਜ਼ਾ ਲਹਿ ਚੁਕਿਆ ਸੀ। ਹੁਣ ਪਿੰਡ ਵਿਚ ਉਹ ਅੱਗੇ ਨਾਲੋਂ ਬਹੁਤ ਸੁਖੀ ਹੋਣਗੇ। ਦਰਿਆ ਵੀ ਉਨ੍ਹਾਂ ਦੀ ਜ਼ਮੀਨ ਤੋਂ ਲਥ ਗਿਆ ਸੀ, ਜ਼ਮੀਨ ਵਾਹਵਾ ਹੋ ਗਈ ਹੋਊ, ਤੇ ਨਾਲੇ ਲੋਕੀ ਆਖਦੇ ਸਨ ਹੁਣ ਆਜ਼ਾਦੀ ਮਿਲਣ ਵਾਲੀ ਆ, ਫ਼ਰੰਗੀਆਂ ਮਹੀਨੇ ਡੂਢ ਨੂੰ ਤੁਰ ਜਾਣਾਂ.......
ਕਾਫ਼ੀ ਦੇਰ ਹੋ ਗਈ ਸੀ, ਪਰ ਸੰਤ ਸਿੰਘ ਦਾ ਟਾਂਗਾ ਹਾਲੀ ਵੀ ਕਿਧਰੇ ਦਿਖਾਈ ਨਹੀਂ ਸੀ ਦੇ ਰਿਹਾ। ਲਾਰੀ ਵਾਲੇ ਨੇ ਦੱਸਿਆ ਕਿ ਉਹਨੇ ਘੰਟੇ ਨੂੰ ਚਲਣਾ ਹੈ। ਮਤਾਬ ਨੇ ਸੋਚਿਆ, ਕਾਫ਼ੀ ਵਕਤ ਹੈ, ਰਤਾ ਅਗੇਰੇ ਹੋ ਕੇ ਵਡੀ ਸੜਕ ਤਕ ਵੇਖ ਆਵਾਂ।
ਅਗਲੀ ਸੜਕ ਤੇ ਜਾ ਕੇ ਦੂਰ ਮੋੜ ਕੋਲੋਂ ਉਹਨੂੰ ਪਹਿਲਾਂ ਇਕ ਜ਼ੋਰ ਦੇ ਧਮਾਕੇ ਦੀ ਵਾਜ ਆਈ। ਫੇਰ ਓਥੇ ਉਹਨੂੰ ਇਕ ਟਾਂਗਾ ਡਿਗਿਆ ਪਿਆ ਦਿਸਿਆ। ਸੜਕ ਖਾਲੀ ਸੀ। ਉਹ ਓਧਰ ਨੂੰ ਤੇਜ਼-ਤੇਜ਼ ਤੁਰ ਪਿਆ। ਉਹਦਾ ਦਿਲ ਡਰ ਨਾਲ ਜੰਮ ਗਿਆ ਸੀ।
ਕੋਲ ਪੁਜ ਕੇ ਉਹਨੇ ਤਕਿਆ, ਸੰਤ ਸਿੰਘ ਤੇ ਉਹਦੀ ਵਹੁਟੀ ਦੀਆਂ ਲਾਸ਼ਾਂ ਭੈੜੀ ਤਰ੍ਹਾਂ ਕੱਟੀਆਂ ਵਢੀਆਂ ਪਈਆਂ ਸਨ। ਸੰਤ ਸਿੰਘ ਦੀਆਂ ਲੱਤਾਂ ਕੁਝ ਵਿਥ ‘ਤੇ ਜਾ ਡਿਗੀਆਂ ਸਨ। ਬਚਨੋ ਦੀ ਮਾਂ ਦੀ ਛਾਤੀ ਵਿਚ ਇਕ ਲੋਹੇ ਦਾ ਟੁਕੜਾ ਵਜਿਆ ਹੋਇਆ ਸੀ, ਲਹੂ ਦੀ ਛਪੜੀ ਉਹਦੇ ਦੁਆਲੇ ਲਗੀ ਹੋਈ ਸੀ, ਤੇ ਉਹਦੀਆਂ ਬਾਹਵਾਂ ਇਕ ਪਾਸੇ ਨੂੰ ਟੱਡੀਆਂ ਹੋਈਆਂ ਸਨ। ਏਸ ਪਾਸੇ ਕੁਝ ਦੂਰ ਬਚਨੋ ਬੇਸੁਧ ਪਈ ਸੀ। ਉਹਦੀਆਂ ਬਾਹਵਾਂ ਤੇ ਮੱਥੇ ਤੋਂ ਲਹੂ ਸਿੰਮ ਰਿਹਾ ਸੀ। ਮਤਾਬ ਨੇ ਝਟ ਪਟ ਡਡਿਆ ਕੇ ਬਚਨੋ ਨੂੰ ਚੁਕ ਲਿਆ, ਉਹਦਾ ਪਿੰਡਾ ਹਾਲੀ ਨਿਘਾ ਸੀ ਤੇ ਉਹਨੂੰ ਸਾਹ ਆ ਰਿਹਾ ਸੀ।
ਮਤਾਬ ਬੇਹੋਸ਼ ਬਚਨੋ ਨੂੰ ਲੈ ਕੇ ਤੇਜ਼ੀ ਨਾਲ ਅੱਡੇ ਵਲ ਤੁਰ ਪਿਆ। ਮਾਂ ਪਿਓ ਮਹਿੱਟਰ ਬਚਨੋ ਉਤੇ ਮਤਾਬ ਦੇ ਅੱਥਰੂ ਫਰਨ ਫਰਨ ਡੁੱਲ੍ਹ ਰਹੇ ਸਨ। ਇਹ ਪਹਿਲੀ ਵਾਰੀ ਆਪਣੇ ਦੇਸ ਆਈ ਸੀ, ਮਤਾਬ ਨੇ ਸੋਚਿਆ, ਤੇ ਕਿਵੇਂ ਸੰਤ ਸਿੰਘ ਤੇ ਉਹ ਦੇਸ ਆਉਣ ਦੀ ਤਾਂਘ ਵਿਚ ਇਕੱਠੇ ਰਿਕਸ਼ਾ ਚਲਾਂਦੇ ਰਹੇ ਸਨ, ਕਿਵੇਂ ਸੰਤ ਸਿੰਘ ਦੇਸ ਦੀ ਘੋਨੀ ਕਣਕ ਦੀ ਰੋਟੀ ਲਈ ਸਹਿਕਦਾ ਹੁੰਦਾ ਸੀ! ਬਚਨੋ ਦੀ ਮਾਂ ਨੇ ਹਾਲੀ ਉਹ ਰੇਸ਼ਮੀ ਸੁੱਥਣ ਸੁਆਣੀ ਸੀ! ਕਿਵੇਂ ਚਿਰਾਂ ਵਿਛੁੰਨੇ ਦੇਸ਼ ਦੀ ਹਰ ਸ਼ੈ ਬੜੇ ਚਾਅ ਨਾਲ ਉਹ ਆਪਣੀਆਂ ਅੱਖਾਂ ਵਿਚ ਰਚਾ ਲੈਣਾ ਚਾਹੁੰਦੇ ਸਨ! ਹੁਣੇ ਈ ਉਹ ਦੋਵੇਂ ਜਿਉਂਦੇ ਸਨ, ਜ਼ਿੰਦਗੀ ਦੀਆਂ ਨਿੱਕੀਆਂ ਵੱਡੀਆਂ ਆਸਾਂ ਨਾਲ ਧੜਕਦੇ, ਤੇ ਹੁਣ ਸਿਰਫ਼ ਬਚਨੋ ਏਸ ਸਭ ਕਾਸੇ ਦੀ ਕਬਰ ਤੇ ਇਕੋ ਇਕ ਜ਼ਿੰਦਗੀ ਦੀ ਚਿਣਗ ਬਾਕੀ ਰਹਿ ਗਈ ਸੀ,... ਉਹ ਇਹਨੂੰ ਕਦੇ ਬੁਝਣ ਨਹੀਂ ਦਏਗਾ, ਕਦੇ ਵੀ ਨਹੀਂ....
‘‘ਬਚਨੋ, ਮੈਂ ਮਤਾਬ, ਤੈਨੂੰ ਪਾਲੂੰ। ਆਪਣੀ ਤਾਜੋ ਵਾਂਗ। ਤੁਸੀਂ ਪੱਕੀਆਂ ਸਹੇਲੀਆਂ ਨਹੀਂ, ਭੈਣਾਂ ਬਣੋਗੀਆਂ,‘‘ ਮਤਾਬ ਉੱਚੀ ਉੱਚੀ ਬੇਹੋਸ਼ ਬਚਨੋ ਨੂੰ ਸੁਣਾ ਰਿਹਾ ਸੀ।
ਸ਼ੈਦ ਬਚਨੋ ਨੇ ਸੁਣ ਲਿਆ, ਉਹਨੇ ਅੱਖਾਂ ਫਰਕੀਆਂ, ‘‘ਚਾਚਾ....ਤੂੰ....‘‘
ਅਚਾਨਕ ਪਿਛੋਂ ਮਤਾਬ ਦੇ ਕਿਸੇ ਛੁਰਾ ਖੋਭ ਦਿੱਤਾ। ਬੇਸੁਰਤ ਬਚਨੋ ਉਹਦੀਆਂ ਬਾਹਵਾਂ ਵਿਚੋਂ ਡਿਗ ਪਈ।
‘‘ਏਸ ਛੋਟੇ ਸੱਪ ਨੂੰ ਵੀ ਝਟਕਾ ਛਡੋ,‘‘ ਮਤਾਬ ਦੇ ਮਰਦੇ ਕੰਨਾਂ ਨੇ ਸੁਣਿਆ-ਤੇ ਫੇਰ ਇਕ ਬਾਲੜੀ ਚੀਕ।
ਮਤਾਬ ਨੇ ਅੰਤਾਂ ਦੀ ਪੀੜ ਜਰ ਕੇ ਵੀ ਬਚਨੋ ਵਲ ਆਪਣੀਆਂ ਬਹਾਵਾਂ ਵਧਾਣ ਦਾ ਜਤਨ ਕੀਤਾ, ਪਰ ਇਹ ਉਹਦੀ ਵਿਤੋਂ ਵਧ ਸੀ, ‘‘ਬਚਨੋ....ਤਾਜੋ....‘‘ ਤੇ ਉਹਦੀਆਂ ਬਾਹਵਾਂ ਓਸ ਪਾਸੇ ਵੱਲ ਨੂੰ ਡਿਗ ਪਈਆਂ।
ਕਰਫ਼ਿਊ ਦਾ ਸਾਇਰਨ ਚੀਕ ਰਿਹਾ ਸੀ, ਉਸ ਪਿੰਡ ਦੇ ਕੁੱਤਆਂ ਦੇ ਰੋਣ ਵਾਂਗ ਜਿਦ੍ਹੇ ਉਤੇ ਮੌਤ ਆਣ ਵਾਲੀ ਹੋਵੇ। ਸੜਕ ਉਤੇ ਗੋਰਾ ਫ਼ੌਜ ਦੇ ਸਿਵਾ ਕੋਈ ਨਹੀਂ ਸੀ।