Tuesday 27 May 2014

ਤ੍ਰਿਸ਼ਨਾ
ਕਰਤਾਰ ਸਿੰਘ ਦੁੱਗਲਕਰਤਾਰ ਸਿੰਘ ਦੁੱਗਲ ਦੀ 'ਤ੍ਰਿਸ਼ਨਾ' ਨਾਂ ਦੀ ਕਹਾਣੀ ਵਿੱਚ ਅੱਜ ਦੇ ਬਹੁ-ਚਰਚਿਤ ਮੁੱਦੇ 'ਭਰੂਣ-ਹੱਤਿਆ' ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਨਾਲ ਅਜੋਕੇ ਅਤਿ-ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਅਤੇ ਵਸਤੂ-ਹੋਂਦ ਦਾ ਬਿਰਤਾਂਤ ਸਿਰਜਿਆ ਗਿਆ ਹੈ।

ਤ੍ਰਿਸ਼ਨਾ
      ਕਰਤਾਰ ਸਿੰਘ ਦੁੱਗਲ
        (1917)
   ਕਿਸੇ ਸਮੇਂ ਸਾਹਿਤਕਾਰਾਂ ਦੇ ਜਨਮ ਲਈ ਜ਼ਰਖ਼ੇਜ਼ ਸਮਝੇ ਜਾਣ ਵਾਲੇ ਪੋਠੋਹਾਰ ਦੇ ਇਲਾਕੇ ਦੇ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਵਿੱਚ ਸਰਦਾਰ ਜੀਵਨ ਸਿੰਘ ਦੁੱਗਲ ਦੇ ਘਰ ਕਰਤਾਰ ਸਿੰਘ ਦੁੱਗਲ ਦਾ ਜਨਮ ਹੋਇਆ। ਐਮ ਏ ਅੰਗਰੇਜ਼ੀ ਦੀ ਵਿਦਿਆ ਹਾਸਲ ਕਰਕੇ ਉਸਨੇ ਛੇਤੀ ਹੀ ਆਲ ਇੰਡੀਆ ਰੇਡੀਓ ਦੇ ਅਧਿਕਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1942 ਤੋਂ 1966 ਤੱਕ ਉਹ ਲਗਾਤਾਰ ਰੇਡੀਓ ਨਾਲ ਜੁੜਿਆ ਰਿਹਾ ਅਤੇ ਬਤੌਰ ਡਾਇਰੈਕਟਰ ਆਕਾਸ਼ਵਾਣੀ ਸੇਵਾ-ਮੁਕਤ ਹੋਇਆ। ਰੇਡੀਓ ਦੀ ਸੇਵਾ ਨਿਭਾਉਣ ਤੋਂ ਇਲਾਵਾ ਉਸਨੇ ਰਾਸ਼ਟਰੀ ਪੱਧਰ ਦੇ ਹੋਰ ਵੀ ਕਈ ਅਦਾਰਿਆਂ ਵਿਚ ਸਮੇਂ ਸਮੇਂ ਜ਼ਿੰਮੇਵਾਰੀ ਵਾਲੇ ਅਹੁਦਿਆਂ 'ਤੇ ਕੰਮ ਕੀਤਾ। ਉਹ ਨੈਸ਼ਨਲ ਬੁੱਕ ਟਰੱਸਟ ਦਾ ਸਕੱਤਰ (1966-73), ਸਲਾਹਕਾਰ ਸੂਚਨਾ ਤੇ ਪ੍ਰਸਾਰਨ ਮੰਤਰਾਲਾ (1973-76) ਅਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ। ਦੁੱਗਲ ਬਹੁ-ਵਿਧਾਈ ਲੇਖਕ ਹੈ ਅਤੇ ਕਵਿਤਾ, ਕਹਾਣੀ, ਨਾਟਕ ਅਤੇ ਵਾਰਤਕ ਲੇਖਣ ਦੇ ਖੇਤਰ ਵਿੱਚ ਉਸਦੀਆਂ ਅਹਿਮ ਪ੍ਰਾਪਤੀਆਂ ਹਨ। ਪਰ ਪੰਜਾਬੀ ਕਹਾਣੀਕਾਰ ਵਜੋਂ ਉਸਦੀ ਇੱਕ ਵਿੱਲਖਣ ਪਛਾਣ ਹੈ। ਉਸਨੂੰ ਆਧੁਨਿਕ ਨਿੱਕੀ ਕਹਾਣੀ ਦੇ ਨਕਸ਼ ਸਵਾਰਨ ਵਾਲੇ ਪਹਿਲੇ ਮੋਢੀ ਕਥਾਕਾਰਾਂ ਵਿਚ ਸਨਮਾਨਯੋਗ ਸਥਾਨ ਹਾਸਲ ਹੈ।
   ਕਰਤਾਰ ਸਿੰਘ ਦੁੱਗਲ ਆਪਣੇ ਪਹਿਲੇ ਕਹਾਣੀ-ਸੰਗ੍ਰਹਿ 'ਸਵੇਰ-ਸਾਰ' ਨਾਲ ਹੀ ਸਥਾਪਤ ਕਥਾਕਾਰ ਬਣ ਗਿਆ ਸੀ। ਪੰਜਾਬੀ ਕਹਾਣੀ ਵਿਚ ਮਨੋਵਿਗਿਆਨ ਅੰਤਰ-ਦ੍ਰਿਸ਼ਟੀ ਦਾ ਸਮਾਵੇਸ਼ ਕਰਨਾ ਉਸਦੀ ਵੱਡੀ ਪ੍ਰਾਪਤੀ ਸਮਝੀ ਜਾਂਦੀ ਹੈ। ਉਸਦੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਮਨੁੱਖੀ ਮਨ ਦੀਆਂ ਅੰਦਰਲੀਆਂ ਹਨੇਰੀਆਂ ਪਰਤਾਂ ਨੂੰ ਬਾਰੀਕੀ ਨਾਲ ਵੇਖਿਆ ਜਾਣ ਲੱਗਾ। ਉਸਨੇ ਡੂੰਘੀ ਮਨੋਵਿਗਿਆਨਕ ਸੂਝ ਨਾਲ ਮਨੁੱਖੀ ਵਿਹਾਰ ਪਿੱਛੇ ਕਾਰਜਸ਼ੀਲ ਪ੍ਰੇਰਕਾਂ ਨੂੰ ਸਮਝਿਆ/ਸਮਝਾਇਆ। ਭਾਵੇਂ ਕਰਤਾਰ ਸਿੰਘ ਦੁੱਗਲ ਸ਼ੁਰੂ ਸ਼ੁਰੂ ਵਿੱਚ 'ਕਲਾ ਕਲਾ ਲਈ' ਦੇ ਸਿੱਧਾਂਤ ਦਾ ਪੈਰੋਕਾਰ ਸੀ, ਪਰ ਛੇਤੀ ਹੀ ਉਸਦੀਆਂ ਕਹਾਣੀਆਂ ਵਿੱਚ 'ਕਲਾ ਸਮਾਜ ਲਈ' ਦੇ ਸਿੱਧਾਂਤ ਦਾ ਸਮਾਵੇਸ਼ ਵੀ ਹੋ ਗਿਆ ਅਤੇ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਬਦਲ ਰਹੇ ਭਾਰਤ ਦੀ ਤਕਦੀਰ ਨੂੰ ਵੀ ਪ੍ਰਗਤੀਵਾਦੀ ਉਤਸ਼ਾਹ ਨਾਲ ਚਿਤਰਿਆ। ਗੁਣ ਅਤੇ ਗਿਣਤੀ ਵਿੱਚ ਉਹ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖਣ ਵਾਲਾ ਲੇਖਕ ਗਿਣਿਆ ਜਾਂਦਾ ਹੈ। ਪੋਠੋਹਾਰੀ ਭਾਸ਼ਾਈ ਰੰਗ ਵਿਚ ਰੰਗੀ ਹੋਈ ਅਤੇ ਨਿੱਕੇ ਨਿੱਕੇ ਦੁਹਰਾਉਪੂਰਨ ਵਾਕਾਂ ਅਤੇ ਵਾਕੰਸ਼ਾਂ ਦੀ ਸਰੋਦੀ ਜੜਤ ਵਾਲੀ ਉਸਦੀ ਵਿਲੱਖਣ ਲਿਖਣ- ਸ਼ੈਲੀ ਉਸਦਾ ਵਿਸ਼ੇਸ਼ ਪਛਾਣ-ਚਿੰਨ੍ਹ ਹੈ।
    ਉਮਰ ਦੇ ਇਸ ਪੜਾਅ ਉੱਤੇ ਵੀ ਉਹ ਕਹਾਣੀਆਂ ਲਿਖੀ ਜਾ ਰਿਹਾ ਹੈ। ਉਸਦੀ ਕਹਾਣੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ: ਸਵੇਰ ਸਾਰ- 1941, ਪਿੱਪਲ ਪੱਤੀਆਂ- 1942, ਕੁੜੀ ਕਹਾਣੀ ਕਰਦੀ ਗਈ-1943, ਡੰਗਰ-1944, ਕੱਚਾ ਦੁੱਧ-1945, ਅੱਗ ਖਾਣ ਵਾਲੇ- 1948, ਨਵਾਂ ਘਰ-1950, ਨਵਾਂ ਆਦਮੀ-1951, ਲੜਾਈ ਨਹੀਂ-1952, ਫੁੱਲ ਤੋੜਨਾ ਮਨ੍ਹਾਂ ਹੈ-1953, ਕਰਾਮਾਤ-1957, ਗੌਰਜ-1958, ਪਾਰੇ ਮੈਰੇ-1960, ਇੱਕ ਛਿੱਟ ਚਾਨਣ ਦੀ-1960, ਸਭੈ ਸਾਂਝੀਵਾਲ ਸਦਾਇਣ- 1966, ਮਾਜ੍ਹਾ ਨਹੀਂ ਮੋਇਆ-1971, ਸੁਨਾਰ ਬੰਗਲਾ-1976, ਢੋਇਆ ਹੋਇਆ ਬੂਹਾ-1978, ਇਕਰਾਰਾਂ ਵਾਲੀ ਰਾਤ-1979, ਤਿਰਕਾਲਾਂ ਵੇਲੇ-1983, ਹੰਸਾ ਆਦਮੀ-1986, ਪੈਣਗੇ ਵੈਣ ਡੂੰਘੇ-1993, ਭਾਬੀ ਜਾਨ-1995, ਮੌਤ ਇੱਕ ਗੁੰਚੇ ਦੀ-1995, ਮਿੱਟੀ ਮੁਸਲਮਾਨ ਕੀ-1999æ ਉਸਦੇ ਕਹਾਣੀ ਸੰਗ੍ਰਿਹ 'ਇੱਕ ਛਿੱਟ ਚਾਨਣ ਦੀ' ਨੂੰ 1965 ਵਿੱਚ ਸਾਹਿਤ-ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 
   
   ਕਹਾਣੀ ਬਾਰੇ:
   'ਤ੍ਰਿਸ਼ਨਾ' ਨਾਂ ਦੀ ਕਹਾਣੀ ਵਿੱਚ ਅੱਜ ਦੇ ਬਹੁ-ਚਰਚਿਤ ਮੁੱਦੇ 'ਭਰੂਣ-ਹੱਤਿਆ' ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਨਾਲ ਅਜੋਕੇ ਅਤਿ-ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਅਤੇ ਵਸਤੂ-ਹੋਂਦ ਦਾ ਬਿਰਤਾਂਤ ਸਿਰਜਿਆ ਗਿਆ ਹੈ। ਆਖਣ-ਵੇਖਣ ਨੂੰ ਅਸੀਂ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰ ਗਏ ਹਾਂ। ਔਰਤ ਦੀ ਤਰੱਕੀ ਅਤੇ ਆਜ਼ਾਦੀ ਦੀ ਮੁਹਾਰਨੀ ਵੀ ਰਟੀ ਜਾ ਰਹੇ ਹਾਂ। ਇਸ ਵਿੱਚ ਅੰਸ਼ਿਕ ਸਚਾਈ ਵੀ ਹੈ। ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਵਰ ਨੂੰ ਪ੍ਰਾਪਤ ਸਕਣ ਦੀ ਉਸਨੇ ਆਜ਼ਾਦੀ ਵੀ ਹਾਸਲ ਕਰ ਲਈ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ। ਉਸਦਾ ਪ੍ਰੇਮੀ-ਪਤੀ ਪਰਤੂਲ ਹੀ ਅਸਲੀ 'ਮੈਜਿਸਟ੍ਰੇਟ' ਹੈ ਜੋ ਰਜਨੀ ਦੀ ਮਾਂ ਬਣਨ ਦੀ 'ਫ਼ਰਿਆਦ' ਨੂੰ ਸੁਣਨ ਤੋਂ ਇਨਕਾਰੀ ਹੈ ਅਤੇ ਕੇਵਲ 'ਨਰ-ਬੱਚੇ' ਦੀ ਪਰਬਲ ਚਾਹਤ ਅਧੀਨ ਆਪਣੀ ਹੋਣ ਵਾਲੀ ਬੱਚੀ ਨੂੰ ਕੁੱਖ ਵਿੱਚ ਕਤਲ ਕੀਤੇ ਜਾਣ ਦਾ 'ਫ਼ੈਸਲਾ' ਸੁਣਾਉਂਦਾ ਹੈ। ਮੁਹੱਬਤ ਦੇ ਜਜ਼ਬੇ ਵਿੱਚ ਭਿੱਜੇ ਹੋਏ ਔਰਤ ਮਰਦ ਵਿੱਚ ਭਾਵੇਂ ਬਰਾਬਰੀ ਅਤੇ ਇੱਕ ਦੂਜੇ ਦੀ ਇੱਛਾ ਦਾ ਸਤਿਕਾਰ ਕਰਨ ਦੀ ਭਾਵਨਾ ਦੇ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਪਰ ਇੱਥੇ ਇਹ ਵੇਖਿਆ ਗਿਆ ਹੈ ਕਿ ਮਰਦ ਔਰਤ ਦੀ ਮੁਹੱਬਤ ਨੂੰ ਵੀ ਆਪਣੇ ਹਿਤਾਂ ਲਈ ਵਰਤ ਜਾਂਦਾ ਹੈ। 'ਭਾਵੁਕ-ਸ਼ੋਸ਼ਣ' ਦਾ ਸ਼ਿਕਾਰ ਰਜਨੀ ਪਰਤੂਲ ਦੀ ਮੁਹੱਬਤ ਦੇ ਹੁੰਗਾਰੇ ਵਜੋਂ ਹੀ ਆਪਣੇ ਘਰ ਪੈਦਾ ਹੋਣ ਵਾਲੀ ਬੱਚੀ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਗਰਭਪਾਤ ਰਾਹੀਂ ਖ਼ਤਮ ਕਰ ਲੈਂਦੀ ਹੈ ਅਤੇ ਜ਼ਿੰਦਗੀ ਭਰ ਲਈ ਬਾਂਝ ਹੋ ਜਾਂਦੀ ਹੈ। ਗਰਭਪਾਤ ਦਾ ਇਹ ਗੁਨਾਹ ਅਤੇ ਅਣਜੰਮੀ ਬੱਚੀ ਲਈ ਅੰਦਰੇ ਪਿਆ ਰਹਿ ਗਿਆ ਮਮਤਾ ਦਾ ਅਤ੍ਰਿਪਤ ਜਜ਼ਬਾ ਉਸਦੇ ਲਈ ਉਮਰ ਭਰ ਲਈ ਸੰਤਾਪ, ਪੀੜਾ ਅਤੇ ਪਛਤਾਵੇ ਦਾ ਕਾਰਨ ਬਣ ਜਾਂਦਾ ਹੈ। ਉਹ ਨਾ ਚਾਹੁੰਦਿਆਂ ਹੋਇਆਂ ਵੀ 'ਪਤੀ ਦੀ ਖ਼ੁਸ਼ੀ ਲਈ' ਇਹ ਗੁਨਾਹ ਕਰ ਬੈਠਦੀ ਹੈ।
   'ਮਰਦ' ਪਰਤੂਲ ਰਜਨੀ ਦਾ ਪ੍ਰੇਮੀ-ਪਤੀ ਹੋਣ ਦੇ ਬਾਵਜੂਦ ਉਸ ਅੰਦਰਲੇ ਜ਼ਖ਼ਮੀ ਜਜ਼ਬਿਆਂ ਦੇ ਉਮੜਦੇ ਤੂਫ਼ਾਨ ਨੂੰ ਸਮਝਣ ਤੋਂ ਅਸਮਰਥ ਹੈ। ਗਰਭਪਾਤ ਕਰਵਾ ਕੇ ਆਈ ਪਤਨੀ ਦੀ ਜ਼ਖ਼ਮੀ ਮਾਨਸਿਕਤਾ ਨੂੰ ਸਮਝਣ ਤੋਂ ਅਸਮਰੱਥ ਅਤੇ ਉਸਨੂੰ ਧੀਰਜ ਦੇਣ ਦੀ ਲੋੜ ਨੂੰ ਅਸਲੋਂ ਅਣਗੌਲਿਆਂ ਕਰਕੇ ਕਲੱਬ ਚਲੇ ਜਾਣ ਵਾਲਾ ਪਰਤੂਲ ਪਥਰਾਏ ਜਜ਼ਬਿਆਂ ਵਾਲਾ ਵਿਅਕਤੀ ਲੱਗਦਾ ਹੈ। ਰਜਨੀ ਲਈ ਆਪਣੀ ਹੋਣ ਵਾਲੀ ਧੀ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਆਉਣਾ ਜਿੱਥੇ ਉਸਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਇਕ ਘਟਨਾ ਹੈ ਓਥੇ ਪਰਤੂਲ ਵਾਸਤੇ ਇਹ ਬਿਲਕੁਲ ਇੱਕ ਸਾਧਾਰਨ ਗੱਲ ਲੱਗਦੀ ਨਜ਼ਰ ਆਉਂਦੀ ਹੈ। ਦੁੱਗਲ ਨੇ ਇੱਕ 'ਮਰਦ' ਲੇਖਕ ਹੋਣ ਦੇ ਬਾਵਜੂਦ ਔਰਤ ਮਨ ਦੀ ਸੰਵੇਦਨਾ ਨੂੰ ਬੜੀ ਬਾਰੀਕੀ ਨਾਲ ਸਮਝਿਆ ਅਤੇ ਪੇਸ਼ ਕੀਤਾ ਹੈ।
   ਕਰਤਾਰ ਸਿੰਘ ਦੁੱਗਲ ਇੱਕ ਮਨੋਵਿਗਿਆਨੀ ਵਾਂਗ ਮਨੁੱਖੀ ਮਨ ਦੀਆਂ ਪੇਚੀਦਗੀਆਂ ਨੂੰ ਸਮਝਦਾ ਹੈ। ਰਜਨੀ ਦਾ ਉਮਰ ਭਰ ਲਈ ਬਾਂਝ ਹੋਣਾ ਭਾਵੇਂ ਦੋਵਾਂ ਜੀਆਂ ਨੂੰ ਆਪਣੇ ਪਾਪ ਦੀ ਮਿਲਣ ਵਾਲੀ ਰੱਬੀ-ਸਜ਼ਾ ਜਿਹਾ ਲੱਗਦਾ ਹੈ ਪਰ ਲੇਖਕ ਕੇਵਲ ਇਸ ਗੱਲ ਉੱਤੇ ਫੋਕਸ ਕਰਨ ਦੀ ਬਜਾਇ ਰਜਨੀ ਦੇ ਮਨੋਯਥਾਰਥ ਨੂੰ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੈ ਅਤੇ ਇਸ ਪਰਕਾਰ ਕਹਾਣੀ ਨੂੰ ਰੁਮਾਂਟਿਕ ਅਤੇ ਆਦਰਸ਼ਕ ਰੰਗ ਵਿੱਚ ਰੰਗਣ ਤੋਂ ਬਚ ਜਾਂਦਾ ਹੈ। ਉਸਦੀ ਯਥਾਰਥਵਾਦੀ ਦ੍ਰਿਸ਼ਟੀ ਰਜਨੀ ਅੰਦਰ ਪਸਰੇ ਮਮਤਾ ਦੇ ਅਤ੍ਰਿਪਤ ਖ਼ਿਲਾਅ ਨੂੰ ਪਛਾਣਦੀ ਹੈ। ਇਸ ਖ਼ਿਲਾਅ ਨੂੰ ਭਰਨ ਲਈ ਉਹ ਸਕੂਲ ਵਿੱਚ ਦਾਖ਼ਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ 'ਅਣਜੰਮੀ ਧੀ' 'ਤ੍ਰਿਸ਼ਨਾ' ਦੇ ਨਾਂ 'ਤੇ ਰੱਖਦੀ ਹੈ; ਉਹਨਾਂ ਨੂੰ 'ਤ੍ਰਿਸ਼ਨਾ' ਪੁਕਾਰ  ਕੇ ਮਾਨਸਿਕ ਸਕੂਨ ਅਨੁਭਵ ਕਰਦੀ ਹੈ। ਇਸਤਰ੍ਹਾਂ ਆਪਣੀ 'ਗਵਾਚੀ ਧੀ' ਦੇ ਚਿਹਰੇ ਨੂੰ ਸਕੂਲ ਦੀਆਂ ਕੁੜੀਆਂ ਵਿਚੋਂ ਲੱਭਣ ਦਾ ਉਸਦਾ ਯਤਨ ਭਾਵੇਂ 'ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਹੁਣ ਦਾ' ਤਾਂ ਤਰਲਾ ਜਿਹਾ ਹੀ ਜਾਪਦਾ ਹੈ ਪਰ ਅਤ੍ਰਿਪਤ ਰਹਿ ਗਏ ਆਪਣੀ ਮਮਤਾ ਦੇ ਤੀਬਰ ਜਜ਼ਬੇ ਦੀ ਤ੍ਰਿਪਤੀ ਲਈ ਉਸਦਾ ਇਹ ਯਤਨ ਭਾਵ-ਵਿਰੇਚਨ ਦਾ ਕਾਰਜ ਕਰਦਾ ਹੈ ਅਤੇ ਉਸਦੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਵੀ ਹੁੰਦਾ ਹੈ।
   ਵਿਅੰਗ ਦੀ ਤੇਜ਼ ਧਾਰ ਨਾਲ ਸਮਾਜ ਦੀਆਂ ਗ਼ਲਤ ਕੀਮਤਾਂ ਨੂੰ ਨਿਸ਼ਾਨਾ ਬਨਾਉਣ ਦਾ ਹੁਨਰ ਕਰਤਾਰ ਸਿੰਘ ਦੁੱਗਲ ਬਾਖ਼ੂਬੀ ਜਾਣਦਾ ਹੈ। ਪਰਤੂਲ ਦਾ 'ਮੈਜਿਸਟ੍ਰੇਟ' ਹੋਣਾ ਅਤੇ 'ਉਸਨੂੰ 'ਇਨਸਾਫ਼ ਦਾ ਰਖ਼ਵਾਲਾ' ਆਖਣਾ ਅਜਿਹਾ ਵਿਅੰਗ ਹੈ ਜੋ ਕੇਵਲ ਰਜਨੀ ਦੀ ਪੀੜਾ ਨੂੰ ਹੀ ਜ਼ਬਾਨ ਨਹੀਂ ਦਿੰਦਾ (ਜਿਸਦੀਆਂ 'ਫ਼ਰਿਆਦਾਂ' ਇਸ 'ਮੈਜਿਸਟ੍ਰੇਟ' ਨੇ ਅਣਸੁਣੀਆਂ ਕਰਕੇ ਉਸਦੀ ਧੀ ਨੂੰ ਉਸਦੀ ਕੁੱਖ ਵਿੱਚ ਕਤਲ ਕਰਵਾ ਦੇਣ ਦਾ 'ਹੁਕਮ' ਸੁਣਾਇਆ ਹੈ) ਸਗੋਂ ਪਰਤੂਲ ਨੂੰ ਔਰਤ ਦੀਆਂ 'ਫ਼ਰਿਆਦਾਂ' ਨੂੰ ਅਣਗੌਲੇ ਕਰਨ ਵਾਲੇ ਸਮੁੱਚੀ ਮਰਦ ਜਾਤ ਦੇ ਪ੍ਰਤੀਨਿਧ ਵਜੋਂ ਪੇਸ਼ ਕਰਦਾ ਹੈ। ਇਸਤਰ੍ਹਾਂ ਹੀ ਰਜਨੀ ਦੇ ਪੇਟ ਵਿੱਚ ਪਲਦੇ ਭਰੂਣ ਨੂੰ ਗਰਭਪਾਤ ਕਰਦੇ ਸਮੇਂ ਕੂੜੇ ਅਤੇ ਗੁੱਦੜ ਵਾਂਗ 'ਵੈਕਯੂਮ' ਕਰ ਲੈਣ ਦਾ ਚਿਹਨ ਔਰਤ ਦੀ ਕੂੜਾ-ਕਰਕਟ ਅਤੇ ਗੁੱਦੜ ਵਾਲੀ ਵਿਅੰਗ-ਹੋਂਦ ਦਾ ਸੂਚਕ ਬਣ ਜਾਂਦਾ ਹੈ। ਇਹ ਦੁਖਾਂਤਕ-ਵਿਅੰਗ ਔਰਤ ਦੀ 'ਗੁੱਦੜ-ਹੋਂਦ' ਦੀ ਥਾਂ ਉਸਦੀ ਮਾਨਵੀ ਹੋਂਦ ਨੂੰ ਤਸਲੀਮ ਕਰਨ ਦੀ ਦੁਹਾਈ ਹੈ।
   ਕਹਾਣੀ ਦਾ ਨਾਂ 'ਤ੍ਰਿਸ਼ਨਾ' ਵੀ ਅਤ੍ਰਿਪਤੀ ਅਤੇ ਮਮਤਾ ਦੀ ਅਣਬੁਝੀ ਪਿਆਸ ਦਾ ਹੀ ਸੂਚਕ ਹੈ।
-ਵਰਿਆਮ ਸਿੰਘ ਸੰਧੂ
   
   000   000   000   000   000
   
"ਇਸ ਤੋਂ ਪੇਸ਼ਤਰ ਕਿ ਜੋ ਕੁੱਝ ਕਰਨਾ ਹੈ ਮੈਂ ਸ਼ੁਰੂ ਕਰਾਂ, ਤੁਸੀਂ ਜੇ ਕੁੱਝ ਪੁੱਛਣਾ ਹੋਏ, ਕੋਈ ਸੁਆਲ?" ਲੇਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ।
 "ਕੋਈ ਨਹੀਂ।" ਰਜਨੀ ਨੇ ਗੱਚੋ-ਗੱਚ ਆਵਾਜ਼ ਵਿੱਚ ਕਿਹਾ, "ਪਰ ਜੋ ਕੁੱਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ।"
ਓਪ੍ਰੇਸ਼ਨ ਥੀਏਟਰ ਵਿੱਚ ਕੁੱਝ ਚਿਰ ਲਈ ਖ਼ਾਮੋਸ਼ੀ ਛਾ ਗਈ।
 "ਤੁਹਾਨੂੰ ਲਗਦਾ ਹੈ ਇਹ ਜੋ ਕੁੱਝ ਕਰਨ ਦਾ ਫੈਸਲਾ ਹੋਇਆ ਹੈ, ਤੁਸੀਂ ਉਸ ਲਈ ਤਿਆਰ ਨਹੀਂ?" ਝੱਟ ਕੁ ਬਾਅਦ ਲੇਡੀ ਡਾਕਟਰ ਨੇ ਸਵਾਲ ਕੀਤਾ।
 "ਨਹੀਂ, ਮੈਂ ਤਿਆਰ ਹਾਂ। ਮੰੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ- ਮੈਂ ਇਸ ਨੂੰ ਪਿਆਰ ਕਰਦੀ ਹਾਂ। ਬੇਟੀ ਹੈ ਤਾਂ ਕੀ?"
ਲੇਡੀ ਡਾਕਟਰ ਫੇਰ ਖ਼ਾਮੋਸ਼ ਹੋ ਗਈ। ਜਿਵੇਂ ਜੱਕੋ-ਤੱਕ ਵਿੱਚ ਹੋਵੇ।
 "ਸ਼ੁਰੂ ਕਰੋ।" ਰਜਨੀ ਦੀਆਂ ਪਲਕਾਂ ਵਿੱਚ ਹੁਣ ਅੱਥਰੂ ਡਲ੍ਹਕ ਰਹੇ ਸਨ, "ਡਾਕਟਰ, ਸ਼ੁਰੂ ਕਰੋ। ਮੈਂ ਤਿਆਰ ਹਾਂ, ਮੈਂ।"
ਕੁਝ ਚਿਰ ਲਈ ਫ਼ਿਰ ਖ਼ਾਮੋਸ਼ੀ।
 "ਇਸ ਨੂੰ ਸਪੈਕੂਲਮ ਕਹਿੰਦੇ ਨੇ, ਮੈਂ ਇਹ ਚੜ੍ਹਾਵਾਂਗੀ।" ਹੁਣ ਡਾਕਟਰ ਬੋਲੀ। "ਤੁਸੀਂ ਵੇਖਣਾ ਚਾਹੋਗੇ?"
 "ਨਹੀਂ।" ਰਜਨੀ ਨੇ ਸਿਰ ਹਿਲਾਇਆ।
 "ਕੋਈ ਸੁਆਲ?"
 "ਪੀੜ ਬਹੁਤ ਹੋਵੇਗੀ?" ਰਜਨੀ ਨੇ ਪੁੱਛਿਆ।
 "ਨਹੀਂ ਦਰਦ ਨਹੀਂ ਹੋਵੇਗਾ, ਬਸ ਕੁੱਝ ਕੁ ਤਨਾਅ ਜਿਹਾ ਮਹਿਸੂਸ ਹੋਵੇਗਾ", ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ। ਜਦੋਂ ਉਸ ਇਹਦੀ ਬਾਂਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਯਖ਼ ਠੰਢੇ ਹੋਣ। ਉਹਦੇ ਡਾਕਟਰੀ ਛੜਾਂ ਵਰਗੇ ਠੰਢੇ।
 "ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ……" ਲੇਡੀ ਡਾਕਟਰ ਬੋਲ ਰਹੀ ਸੀ।
ਰਜਨੀ ਬੇਹਿਸ ਲੇਟੀ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਫ਼ਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ।
ਪਰਤੂਲ ਨਾਲ ਉਹਦਾ ਪਰਨਾਇਆ ਜਾਣਾ! ਕਿਤਨੀ ਬਦਮਗਜ਼ੀ ਹੋਈ ਸੀ। ਪਰ ਆਖ਼ਰ ਉਸ ਆਪਣੀ ਗੱਲ ਮਨਾ ਲਈ ਸੀ। ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ। ਫੇਰ ਉਹਨਾਂ ਦੇ ਫੇਰੇ ਹੋਏ! ਹਾਏ ਕਿਤਨੇ ਚਾਵਾਂ ਨਾਲ ਉਸ ਵਿਆਹ ਕੀਤਾ ਸੀ! ਉਹਨਾਂ ਦੀ ਸੁਹਾਗਰਾਤ! ਹਨੀਮੂਨ! ਪਰਤੂਲ ਦੀ ਪੋਸਟਿੰਗ। ਉਨ੍ਹਾਂ ਦਾ ਨਿਵੇਕਲਾ ਘਰ। ਉਹਦਾ ਮਾਂ ਬਣਨ ਦਾ ਫੈਸਲਾ। ਉਹਦੀ ਗੋਦ ਦਾ ਭਰਿਆ ਜਾਣਾ…
 "…ਬਸ ਹੁਣ ਪੰਜ ਮਿੰਟ ਲੱਗਣਗੇ। ਪੀੜ ਬਿਲਕੁਲ ਨਹੀਂ ਹੋਵੇਗੀ……" ਲੇਡੀ ਡਾਕਟਰ ਬੋਲ ਰਹੀ ਸੀ।
ਕਿਤਨੀ ਖੁਸ਼ ਸੀ ਰਜਨੀ। ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ। ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰੱਟ ਲਾਏ ਹੋਏ ਸੀ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ, ਇਤਨੀ ਵੱਡੀ ਕੋਠੀ ਜਿਵੇਂ ਉਸਨੂੰ ਖਾਣ ਨੂੰ ਪੈਂਦੀ ਹੋਵੇ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ। ਉਹਦਾ ਮਨ ਪਰਚਿਆ ਰਹੇਗਾ।
 "……ਤੁਹਾਡੇ ਸਿਰਫ਼ ਅੱਠ ਹਫ਼ਤੇ ਹੋਏ ਨੇ। ਕੋਈ ਖ਼ਤਰੇ ਦੀ ਗੱਲ ਨਹੀਂ। ਜੇ ਇੱਕ ਦੋ ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਸਕਦੀ ਸੀ……" ਲੇਡੀ ਡਾਕਟਰ ਮਰੀਜ਼ ਦਾ ਧਰਵਾਸ ਬੰਨ੍ਹਾ ਰਹੀ ਸੀ।
ਸਕਰੀਨਿੰਗ, ਸਕਰੀਨਿੰਗ, ਸਕਰੀਨਿੰਗ, ਉਠਦੇ ਬੈਠਦੇ ਸਕਰੀਨਿੰਗ। ਪਰਤੂਲ ਦੀ ਮੁਹੱਬਤ, ਉਹ ਹਾਰ ਕੇ ਰਾਜ਼ੀ ਹੋ ਗਈ ਸੀ। ਕੀ ਫ਼ਰਕ ਪੈਣਾ ਸੀ? ਉਹ ਖ਼ਬਰੇ, ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ। ਦੀਵਾਨਾ!
 "……ਅੰਡਾ ਬੱਚਾਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ।" ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਏ ਸੀ, "ਅਸੀਂ ਉਸ ਨੂੰ ਵੈਕਯੂਮ ਕਰ ਲਵਾਂਗੇ। ਵੈਕਯੂਮ ਤੁਹਾਨੂੰ ਪਤਾ ਹੀ ਹੈ ਨਾ? ਬਸ ਜਿਵੇਂ ਕਾਲੀਨ ਤੋਂ ਤੁਸੀਂ ਗੁੱਦੜ ਨੂੰ ਵੈਕੂਯਮ ਕਰ ਲੈਂਦੇ ਹੋ। ਮੈਂ ਵਲਾਇਤ ਵਿੱਚ ਵੇਖਿਆ ਹੈ, ਉੱਥੇ ਸੜਕਾਂ ਦੀ ਧੂੜ, ਸੜਕਾਂ ਦੇ ਕੌਹਥਰ ਨੂੰ ਵੀ ਵੈਕਯੂਮ ਕਰਦੇ ਨੇ…
ਬੇਟੀ ਸੀ। ਬੇਟੀ ਸੀ ਤਾਂ ਕੀ? ਪਰ ਪਰਤੂਲ ਦਾ ਮੂੰਹ ਕਿਉਂ ਲਹਿ ਗਿਆ ਸੀ ਇਹ ਸੁਣ ਕੇ? ਪੀਲਾ-ਭੂਕ ਚਿਹਰਾ। ਉਹ ਤਾਂ ਬੇਟੀ ਲਈ ਉਡੀਕ ਰਹੀ ਸੀ। ਬੇਟੀ ਹੋਵੇਗੀ, ਆਪਣੇ ਵੀਰੇ ਨੂੰ ਖਿਡਾਇਆ ਕਰੇਗੀ। ਉਹਦੀਆਂ ਘੋੜੀਆਂ ਗਾਣ ਵਾਲੀ ਭੈਣ…
ਵੀਰਾ ਹੌਲੀ ਹੌਲੀ ਆ
ਤੇਰੇ ਘੋੜਿਆਂ ਨੂੰ ਘਾਹ।
 "ਕੋਈ ਤਕਲੀਫ਼ ਤਾਂ ਨਹੀਂ?" ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨਭੂਤੀ ਵਜੋਂ ਪੁੱਛਿਆ।
ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ। ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ। ਪਰਤੂਲ ਬੇਟੀ ਲਈ ਤਿਆਰ ਨਹੀਂ ਸੀ। ਉਸ ਨੂੰ ਤਾਂ ਬੇਟਾ ਚਾਹੀਦਾ ਸੀ। ਬੇਟਾ ਕੀ ਤੇ ਬੇਟੀ ਕੀ? ਉਨ੍ਹਾਂ ਦੇ ਬੱਚਾ ਆ ਰਿਹਾ ਸੀ, ਉਹ ਡੈਡੀ ਮੰਮੀ ਬਣਨ ਵਾਲੇ ਸਨ!
 "ਜੇ ਕੋਈ ਤਕਲੀਫ਼ ਹੋਵੇ ਤਾਂ ਮੈਨੂੰ ਦੱਸਣਾ।" ਲੇਡੀ ਡਾਕਟਰ ਬੋਲ ਰਹੀ ਸੀ। "ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ, ਕਦੀ ਕੋਈ ਵਿਗਾੜ ਨਹੀਂ ਪਿਆ। ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ।"
ਪਰ ਪਰਤੂਲ ਦੀ ਜ਼ਿੱਦ। ਘਰ ਅੱਠੇ ਪਹਿਰ ਗੋਦਗਮਾਹ ਪਿਆ ਰਹਿੰਦਾ, "ਮੀਆਂ, ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ, ਤੂੰ ਇੱਕ ਵਰ੍ਹਾ ਉਡੀਕ ਕਰ ਲੈ।" ਰਜਨੀ ਉਹਨੂੰ ਸਮਝਾਂਦੀ। "ਜੇ ਫੇਰ ਬੇਟੀ ਆ ਗਈ?" ਪਰਤੂਲ ਲਾਲ-ਪੀਲਾ ਹੋਇਆ ਅੱਗੋਂ ਕਹਿੰਦਾ। ਰਜਨੀ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਸਿਵਾਏ ਅੱਥਰੂਆਂ ਦੇ। ਸਿਵਾਏ ਹੱਥ ਜੋੜਨ ਦੇ। "ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ।" ਉਹ ਮੁੜ-ਮੁੜ ਪਰਤੂਲ ਨੂੰ ਕਹਿੰਦੀ। ਪਰ ਉਹ ਕੰਨ ਨਹੀਂ ਧਰ ਰਿਹਾ ਸੀ।
 "ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਏ। ਮੈਂ ਇਸਨੂੰ ਅੰਤਾਂ ਦਾ ਪਿਆਰ ਕਰਦੀ ਹਾਂ। ਮੇਰੀ ਲਾਡਲੀ ਬੱਚੀ। ਮੇਰੀ ਜਾਨ ਦਾ ਟੁਕੜਾ!"
 "ਹੁਣ ਤਾਂ…"
ਲੇਡੀ ਡਾਕਟਰ ਕੁੱਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵਹਿਣ ਵਿੱਚ ਵਹਿ ਗਈ। ਹਰ ਵੇਲੇ ਖ਼ਫ਼ਾ-ਖਫ਼ਾ। ਹਰ ਵੇਲੇ ਉਹਦਾ ਨੱਕ ਚੜ੍ਹਿਆ ਹੋਇਆ। ਆਖ਼ਰ ਉਹ ਬਿਨਾਂ ਰਜਨੀ ਦੀ ਰਜ਼ਾਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ। ਪਰਤੂਲ ਦੀ ਜ਼ਿੱਦ। ਰਜਨੀ ਨੂੰ ਹਾਰ ਕੇ ਹਥਿਆਰ ਸੁੱਟਣੇ ਪਏ।
 "…ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਝ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ, ਤਾਂ ਇਸਦਾ ਕੋਈ ਡਰ ਨਹੀਂ ਹੈ।" ਲੇਡੀ ਡਾਕਟਰ ਮਰੀਜ਼ ਨੂੰ ਨਿਸਚਿੰਤ ਕਰ ਰਹੀ ਸੀ। "ਗਰਭ ਤੋਂ ਛੁਟਕਾਰਾ ਪਾਣ ਲਈ ਇਹ ਸਭ ਤੋਂ ਸੇਫ ਤਰੀਕਾ ਹੈ…"
ਰਜਨੀ ਸੁਣ ਥੋੜ੍ਹਾ ਰਹੀ ਸੀ। ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ। ਉਹਦੀਆਂ ਅੱਖਾਂ ਭਿੜ ਗਈਆਂ। ਚੱਕਰ-ਚੱਕਰ। ਹਨੇਰਾ-ਹਨੇਰਾ। ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ। ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ; ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ। ਫੇਰ ਵਕੀਲਾਂ ਦੀ ਬਹਿਸ। ਤੇ ਨੌਜਵਾਨ ਮੈਜਿਸਟ੍ਰੇਟ ਦਾ ਫ਼ੈਸਲਾ। ਇਨਸਾਫ਼ ਦਾ ਰਖਵਾਲਾ।
ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਅਪੜਿਆ। ਰਜਨੀ ਵੈਲਫੇਅਰ ਸੈਂਟਰ ਤੋਂ ਵਿਹਲੀ ਹੋ ਕੇ ਆ ਚੁੱਕੀ ਸੀ। ਸ਼ਾਂਤ, ਅਡੋਲ। ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਂਹ ਵਿੱਚ ਵਲ੍ਹੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ।
 "ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦਸ ਦਿੱਤਾ ਸੀ।" ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ।
ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ।
ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ।
 "ਅੱਜ ਨਹੀਂ ਪਰਤੂਲ।" ਰਜਨੀ ਨੇ ਕਿਹਾ।
 "ਤੂੰ ਥੱਕ ਗਈ ਜਾਪਦੀ ਏਂ। ਕੋਈ ਗੱਲ ਨਹੀਂ। ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਹੈ।"
 "ਮੈਂ ਠੀਕ ਹਾਂ, ਪਰਤੂਲ ਮੇਰੀ ਜਾਨ। ਤੂੰ ਕਲੱਬ ਅੱਜ ਇਕੱਲਾ ਹੀ ਹੋ ਆ।"
ਰਜਨੀ ਕਲੱਬ ਨਹੀਂ ਗਈ। ਸਾਰੀ ਸ਼ਾਮ ਰੁਆਂਸੀ-ਰੁਆਂਸੀ ਲਾਅਨ ਵਿੱਚ ਬੈਠੀ ਅਕਾਸ਼ ਵੱਲ ਵੇਖਣ ਲੱਗਦੀ। ਉਸ ਨੂੰ ਲੱਗਦਾ ਜਿਵੇਂ ਕੋਈ ਨਗ਼ਮਾ ਹਵਾ ਵਿੱਚ ਤਰ ਰਿਹਾ ਹੋਵੇ। ਭਿੰਨੀ-ਭਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜਿਓਂ, ਕਦੀ ਖੱਬਿਓਂ ਆ ਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ। ਝਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ।
ਬੈਠੀ-ਬੈਠੀ ਰਜਨੀ ਖ਼ਬਰੇ ਥੱਕ ਗਈ ਸੀ। ਉਹ ਅੰਦਰ ਕਮਰੇ ਵਿੱਚ ਪਲੰਘ 'ਤੇ ਜਾ ਪਈ। ਸਾਹਮਣੇ ਕੰਧ 'ਤੇ ਲੱਗੇ ਕਲੰਡਰ ਵਿੱਚ ਗੁਲਾਬੀ-ਗੁਲਾਬੀ ਗੱਲ੍ਹਾਂ, ਖਿੜ-ਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਝਨਾਂ ਅੱਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ। ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਘਸੂੱਟੀ ਕਰਕੇ ਆ ਰਿਹਾ ਹੋਵੇ। ਰਜਨੀ ਫੁੱਟ-ਫੁੱਟ ਰੋਈ। ਕੁਰਲਾ-ਕੁਰਲਾ ਉੱਠੀ। ਮੇਰੀ ਬੱਚੀ! ਮੇਰੀ ਤ੍ਰਿਸ਼ਨਾਂ! ਮੁੜ-ਮੁੜ ਪੁਕਾਰਦੀ ਤੇ ਛੱਤ ਵੱਲ ਵੇਖਦੀ। ਫਰਿਆਦਾਂ ਕਰਦੀ। ਮੁੜ-ਮੁੜ ਕਹਿੰਦੀ, ਮੇਰੀ ਬੇਟੀ ਤੂੰ ਮੈਨੂੰ ਮੁਆਫ਼ ਕਰ ਦੇ। ਮੇਰੀ ਲਾਡਲੀ, ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ। ਮੈਨੂੰ ਮਨਜ਼ੂਰ ਹੈ। ਬਸ ਇੱਕ ਵਾਰ ਤੂੰ ਮੈਨੂੰ 'ਅੰਮੀ' ਕਹਿ ਕੇ ਪੁਕਾਰ। ਤੂੰ ਮੈਨੂੰ ਮਾਫ਼ ਕਰ ਦੇ। ਕਦੀ ਆਪਣੀ ਚੁੰਨੀ ਨੂੰ ਵਲਿੱਅਸ ਦਿੰਦੀ, ਕਦੀ ਪਲੰਘ ਦੀ ਚਾਦਰ ਨੂੰ ਮਚਕੋੜਦੀ, ਰਜਨੀ ਕਿਤਨਾ ਚਿਰ ਕੁਰਲਾਂਦੀ ਰਹੀ। ਕਿਤਨਾ ਚਿਰ ਹਾੜ੍ਹੇ ਕੱਢਦੀ ਰਹੀ।
ਰਜਨੀ ਇੰਝ ਬੇਹਾਲ ਹੋ ਰਹੀ ਸੀ ਕਿ ਉਹਨੂੰ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ। ਕਲੱਬ ਤੋਂ ਪਰਤ ਆਇਆ ਸੀ। ਉਹ ਤਾਵਲੀ-ਤਾਵਲੀ ਗ਼ੁਸਲਖਾਨੇ ਵਿੱਚ ਚਲੀ ਗਈ। ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ।
ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਜਾ ਖਲੋਤੀ।
ਗੋਲ ਕਮਰੇ ਵਿੱਚ ਜਦੋਂ ਆਈ, ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ, "ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ, ਡਾਰਲਿੰਗ?"
ਫਿਰ ਆਪ-ਹੀ-ਆਪ ਕਹਿਣ ਲੱਗਾ, "ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ।" ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ।
ਇੰਝ ਜਾਪਦਾ ਹੈ ਰਜਨੀ-ਪਰਤੂਲ ਦੰਪਤੀ ਨੂੰ ਕੁਦਰਤ ਨੇ ਮਾਫ਼ ਨਹੀਂ ਕੀਤਾ। ਇੱਕ ਵਰ੍ਹਾ, ਦੋ ਵਰ੍ਹੇ, ਤਿੰਨ ਵਰ੍ਹੇ, ਚਾਰ ਵਰ੍ਹੇ, ਪੰਜ ਵਰ੍ਹੇ ਉਹ ਉਡੀਕ-ਉਡੀਕ ਥੱਕ ਲੱਥੇ, ਰਜਨੀ ਫੇਰ ਮਾਂ ਨਹੀਂ ਬਣ ਸਕੀ।
ਨਾਂ ਰਜਨੀ ਮੁੜ ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ। ਠੀਕ ਉਸ ਦਿਨ ਜਦੋਂ ਉਸ ਨੇ ਆਪਣੀ ਸਫ਼ਾਈ ਕਰਵਾਈ ਸੀ, ਰਜਨੀ ਹਰ ਵਰ੍ਹੇ ਪੂਜਾ ਪਾਠ ਕਰਾਉਂਦੀ। ਗ਼ਰੀਬ ਬੱਚਿਆਂ ਵਿੱਚ ਮਠਿਆਈ, ਫਲ, ਕੱਪੜੇ ਵੰਡਦੀ। ਸਾਰਾ ਦਿਨ ਰੁਆਂਸੀ-ਰੁਆਂਸੀ, ਉਹਦੀਆਂ ਪਲਕਾਂ ਭਿੱਜ-ਭਿੱਜ ਜਾਂਦੀਆਂ।
ਇੰਝ ਵਿਹਲੀ ਬੈਠੀ-ਬੈਠੀ, ਢੇਰ ਸਾਰੀ ਪੜ੍ਹੀ, ਜ਼ਿਲ੍ਹੇ ਦੇ ਇਤਨੇ ਵੱਡੇ ਅਫ਼ਸਰ ਦੀ ਤ੍ਰੀਮਤ, ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ। ਬੱਚਿਆਂ ਨੂੰ ਪੜ੍ਹਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ। ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜ੍ਹੀ ਸੀ। ਇੱਕ ਅੱਧ ਵਰ੍ਹਾ ਤੇ ਰਜਨੀ ਨੂੰ ਸਕੂਲ ਦੀ ਮੁੱਖ-ਅਧਿਆਪਕਾ ਬਣਾ ਦਿੱਤਾ ਗਿਆ।
ਹੁਣ ਪੜ੍ਹਾਉਣ ਦੇ ਨਾਲ-ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਕਾਰਪੋਰੇਸ਼ਨ ਨਾਲ, ਸਰਕਾਰ ਨਾਲ ਚਿੱਠੀ ਪੱਤਰੀ, ਟੀਚਰਾਂ ਦਾ ਸਹਿਯੋਗ, ਬੱਚਿਆਂ ਦੀਆਂ ਲੋੜਾਂ। ਸਕੂਲ ਦੇ ਦਾਖ਼ਲੇ……
ਬੱਚੀਆਂ ਨੂੰ ਦਾਖ਼ਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ। ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖ਼ਲ ਕਰਾਉਣ ਆਏ। ਬੱਚੀ ਜਿਵੇਂ ਹੱਥ ਲਾਇਆਂ ਮੈਲੀ ਹੋਵੇ, ਤੇ ਉਹਦਾ ਨਾਂ ਐਵੇਂ ਹੀ ਕੁੱਝ ਸੀ।
 "ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਏ? ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚਲੇਗਾ।" ਹਸੂੰ-ਹਸੂੰ ਚਿਹਰਾ, ਰਜਨੀ ਨੇ ਬੱਚੀ ਵੱਲ ਵੇਖਦੇ ਹੋਏ ਉਸਦੇ ਮਾਪਿਆਂ ਨੂੰ ਕਿਹਾ।
ਮਾਪੇ ਮੁੱਖ-ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ। ਇੱਕ ਦੂਜੇ ਵੱਲ ਵੇਖਣ ਲੱਗੇ। ਉਹਨਾਂ ਨੂੰ ਕੋਈ ਨਾਂ ਜਿਵੇਂ ਨਾਂ ਸੁੱਝ ਰਿਹਾ ਹੋਵੇ।
ਫੇਰ ਬੱਚੀ ਦੀ ਮਾਂ ਇੱਕਦਮ ਬੋਲੀ, "ਤੁਹਾਡੀ ਬੱਚੀ ਦਾ ਕੀ ਨਾਂ ਏ?"
 "ਤ੍ਰਿਸ਼ਨਾਂ! ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾਂ ਏ।" ਅਤਿਅੰਤ ਪਿਆਰ ਵਿੱਚ ਰਜਨੀ ਅੱਭੜਵਾਹੇ ਬੋਲੀ।
 "ਤਾਂ ਫ਼ਿਰ ਇਹਦਾ ਨਾਂ ਵੀ ਤ੍ਰਿਸ਼ਨਾਂ ਹੀ ਦਰਜ ਕਰ ਦਿਓ।" ਬੱਚੀ ਦੇ ਪਿਤਾ ਨੇ ਕਿਹਾ।
ਤੇ ਇੰਜ ਖੁਸ਼-ਖੁਸ਼ ਹੱਸਦੇ-ਹਸਾਂਦੇ ਉਸ ਬੱਚੀ ਦਾ ਦਾਖ਼ਲਾ ਹੋ ਗਿਆ।
ਮੁੱਖ-ਅਧਿਆਪਕਾ ਰਜਨੀ ਦੀ ਆਦਤ, ਦਾਖ਼ਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾਂ ਜਚਦਾ, ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਉਂਦੀ, "ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚੱਲੇਗਾ।"
ਤੇ ਅਕਸਰ ਮਾਪੇ ਸਤਿਕਾਰ ਵਜੋਂ ਮੁਖ-ਅਧਿਆਪਕਾ ਨੂੰ ਕਹਿੰਦੇ, "ਜੋ ਨਾਂ ਤੁਹਾਨੂੰ ਚੰਗਾ ਲਗਦਾ ਹੈ ਉਹੀ ਰੱਖ ਦਿਓ।"
ਰਜਨੀ ਨੂੰ ਤਾਂ 'ਤ੍ਰਿਸ਼ਨਾ' ਨਾਂ ਚੰਗਾ ਲਗਦਾ ਸੀ। ਤੇ ਨਵੀਂ ਦਾਖ਼ਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ' ਰੱਖ ਦਿੱਤਾ ਜਾਂਦਾ।
ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ 'ਤ੍ਰਿਸ਼ਨਾ' ਦਰਜ ਹੋ ਗਿਆ। ਰਜਨੀ ਦੀਆਂ ਬੇਟੀਆਂ! ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤੇ ਉਹਦਾ ਵਾਤਸਲਯ ਡੁੱਲ੍ਹ-ਡੁੱਲ੍ਹ ਪੈਂਦਾ। ਉਹਦੇ ਮੂੰਹ ਵਿੱਚ ਮਾਖਿਉਂ ਵਰਗਾ ਸੁਆਦ ਘੁਲ-ਘੁਲ ਜਾਂਦਾ।
ਹਰ ਕਲਾਸ ਵਿੱਚ ਇੱਕ ਤੋਂ ਵਧੀਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾਂ ਸੀ। ਚੌਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ। ਰਜਨੀ ਮੈਡਮ ਦੀਆਂ ਬੇਟੀਆਂ!
-0-

No comments:

Post a Comment