ਮੇਰੇ ਮਮ ਨੇ ਇਤਿਹਾਸ ਵਿੱਚ ਐਮ ਏ ਸੈਕੰਡ ਡਿਵੀਜ਼ਨ ਵਿੱਚ ਪਾਸ ਕੀਤਾ ਤੇ ਬੀ ਏ ਵਿੱਚ ਵੀ
ਉਨ੍ਹਾਂ ਦੀ ਸੈਕੰਡ ਡਿਵੀਜ਼ਨ ਸੀ ,ਤੇ ਉਨ੍ਹਾਂ ਨੂੰ ਪੜ੍ਹਣ ਦਾ ਬਹੁਤ ਸ਼ੌਕ ਰਹਿਆ । ਮੈਂ
ਸਾਰੀ ਉਮਰ ਉਨ੍ਹਾਂ ਨੂੰ ਪੜ੍ਹਦਿਆਂ ਹੀ ਦੇਖਿਆ ਹੈ ; ਬਹੁਤ ਵਾਰ ਪਿੰਡੋਂ ਮੇਰੀਆਂ
ਚਾਚੀਆਂ ਜਾਂ ਭੂਆ ਉਨ੍ਹਾਂ ਨੂੰ ਮਿਲਣ ਆਉਂਦੀਆਂ ਤਾਂ ਮਮੀ ਉਵੇਂ ਹੀ ਹੱਥਲਾ ਅਖਬਾਰ
ਪੜ੍ਹਦੇ ਰਹਿੰਦੇ ਤੇ ਉਨ੍ਹਾਂ ਨੂੰ ਹੂੰ ਹਾਂ ਕਰਦੇ ਰਹਿੰਦੇ ; ਅਸੀਂ ਕਈ ਵਾਰ ਮਮੀ ਨੂੰ
ਗੁੱਸੇ ਵੀ ਹੁੰਦੇ ਕਿ ਮਮੀ ਚਾਚੀਆਂ ਕੀ ਆਖਣਗੀਆਂ ਪਰ ਮਮੀ ਆਪਣਾ ਜਿਉਣ ਦਾ ਉਹੀ ਸਟਾਈਲ
ਰੱਖਦੇ ਤੇ ਮੇਰੀਆਂ ਚਾਚੀਆਂ ਤੇ ਭੂਆ ਮਮੀ ਦਾ ਕਦੀ ਬੁਰਾ ਨਾ ਮਨਾਉਂਦੀਆਂ ਬਲਕਿ ਉਹ
ਉਨ੍ਹਾਂ ਦੀ ਪੂਰੀ ਕਦਰ ਕਰਦੀਆਂ ਸਨ, ਬੇਸ਼ਕ ਉਹ ਉਨ੍ਹਾਂ ਸਾਰਿਆਂ ਨਾਲੋਂ ਉਮਰ ਵਿੱਚ
ਛੋਟੇ ਸਨ ਪਰ ਰਿਸ਼ਤੇ ਵਿੱਚ ਵੱਡੇ ਸਨ ।
ਤੇ
ਮੇਰੇ ਮਮ ਨੂੰ ਭਾਵੇਂ ਤਿੰਨੇ ਬੋਲੀਆਂ ਆਉਂਦੀਆਂ ਨੇ ਬਿਲਕੁਲ fluent ਪਰ ਮਮੀ ਨੂੰ
ਪੰਜਾਬੀ ਤੋਂ ਬਿਨਾ ਹੋਰ ਕੋਈ ਜ਼ੁਬਾਨ ਬੋਲਣੀ ਬਹੁਤ ਔਖੀ ਲੱਗਦੀ ਹੈ , ਜਦ ਮੈਂ ਕੋਈ 6-7
ਸਾਲ ਦੀ ਸੀ ਤਾਂ ਮਮੀ ਐਫ ਏ ਦੀ ਤਿਆਰੀ ਕਰ ਰਹੇ ਸਨ ਤੇ ਕੁਝ ਹਫਤਿਆਂ ਲਈ ਸਾਨੂੰ ਨਾਲ ਲੈ
ਕੇ ਡੈਡੀ ਕੋਲ ਉੜੀਸਾ ਆਏ ਹੋਏ ਸਨ , ਉਨ੍ਹਾਂ ਦੀ ਹਿੰਦੀ ਕੁਝ ਕਮਜ਼ੋਰ ਸੀ ਖਾਸ ਕਰ ਕੇ
spellings ਪਖੋਂ , ਉਸ ਇਲਾਕੇ ਵਿਚੋਂ ਜਿਥੇ ਡੈਡੀ ਦੀ ਪੋਸਟਿੰਗ ਸੀ, ਡੈਡੀ ਨੇ ਬੜੀ
ਕੋਸ਼ਿਸ਼ ਕੀਤੀ ਕਿ ਉਨ੍ਹਾਂ ਲਈ ਕੋਈ ਹਿੰਦੀ ਦਾ ਪੰਡਿਤ ਜਾਂ tutor ਮਿਲ ਜਾਵੇ ਪਰ ਕੋਈ
ਨਾ ਮਿਲਿਆ- - ਮਮੀ ਨੇ ਕੀ ਕੀਤਾ ਕਿ ਮੈਂਨੂੰ ਹਿੰਦੀ ਪੜ੍ਹਨੀ ਸਿਖਾ ਦਿੱਤੀ ਤੇ ਫਿਰ ਮਮੀ
ਮੇਰੇ ਕੋਲੋਂ ਹੀ ਕਦੀ ਕਦੀ ਔਖੇ ਔਖੇ ਸ਼ਬਦਾਂ ਦੀ dictation ਲੈਂਦੇ ; ਤੇ ਮੈਂਨੂੰ ਅਜੇ
ਤੱਕ ਹੈਰਾਨੀ ਹੈ ਆਪਣੇ ਆਪ ਤੇ ਕਿ ਬਿਨਾ ਕਿਸੇ ਲਫਜ਼ ਦਾ ਮਤਲਬ ਸਮਝਿਆ ਮੈਂ ਹਿੰਦੀ ਪੜ੍ਹ
ਲੈਂਦੀ - ਇਸ ਹਿੰਦੀ ਵਗੈਰਹ ਤੋਂ ਉਨ੍ਹਾਂ ਨੂੰ ਇੰਨੀ ਔਖ ਹੋਈ ਸੀ, ਕਿ ਮਮੀ ਨੂੰ ਇਹ ਸੀ
ਕਿ ਉਨ੍ਹਾਂ ਦੇ ਬਚਿੱਆਂ ਨੂੰ ਕੋਈ ਇਸ ਤਰ੍ਹਾਂ ਦੀ ਤਕਲੀਫ਼ ਨਾ ਆਏ ਤਾਂ ਉਨ੍ਹਾਂ ਮੈਂਨੂੰ
ਛੇਵੀਂ ਵਿੱਚ ਸੰਸਕ੍ਰਿਤ ਰਖਵਾ ਦਿੱਤੀ ਪਰ ਬਦਕਿਸਮਤੀ ਨਾਲ ਮੈਂਨੂੰ ਇਹੋ ਜਿਹੀ ਭੈੜੀ ਟੀਚਰ
ਮਿਲੀ ਸੰਸਕ੍ਰਿਤ ਦੀ ਕਿ ਸੱਤਵੀਂ ਵਿੱਚ ਮੈਂਨੂੰ ਇਹ ਛੱਡਣੀ ਪਈ।
ਇੱਥੇ
ਮਮੀ ਸਾਰੇ ਪੰਜਾਬੀ ਦੇ , ਅੰਗਰੇਜ਼ੀ ਦਾ ਲੋਕਲ ਅਖਬਾਰ , Newsweek , ਤੇ Times
ਮੈਗਜ਼ੀਨ ਪੜ੍ਹਦੇ ਹਨ ਤੇ ਇਸ ਤੋਂ ਬਿਨਾ ਕੋਈ ਨਾ ਕੋਈ ਕਿਤਾਬ ਪੜ੍ਹਦੇ ਰਹਿੰਦੇ ਹਨ - ਇੱਕ
ਵਾਰ ਮਮੀ ਦੇ ਹੱਥ ਵਿੱਚ ਇਥੋਂ ਦਾ ਅੰਗਰੇਜ਼ੀ ਦਾ Argus ਅਖਬਾਰ ਤੇ Leo Tolstoy ਦੀ
ਕਿਤਾਬ Anna Karenina ਫੜ੍ਹੀ ਹੋਈ ਤੇ ਕੋਈ ਉਨ੍ਹਾਂ ਦੇ ਦਰਵਾਜ਼ੇ ਤੇ ਆ ਗਿਆ ਤੇ ਮਮੀ
ਉਨ੍ਹਾਂ ਨੂੰ ਕਹਿਣ , " ਨੋ ਇੰਗਲਿਸ਼ " ਉਸ ਭਾਈ ਨੇ ਉਨ੍ਹਾਂ ਦੇ ਹੱਥ ਵਿੱਚ ਉਹ ਕਿਤਾਬ ਤੇ
ਅਖਬਾਰ ਦੇਖ ਕੇ ਪਤਾ ਨਹੀ ਕੀ ਅੰਦਾਜ਼ਾ ਲਾਇਆ ਹੋਵੇਗਾ ਉਹ ਹੈਰਾਨੀ ਵਿੱਚ ਮੁਸਕਰਾਂਦਿਆਂ
ਅੱਗੇ ਲੰਘ ਗਿਆ ਪਰ ਹੁਣ ਕੁਝ ਸਾਲਾਂ ਤੋਂ ਮਮੀ ਲੋੜ ਪੈਣ ਤੇ ਅੰਗ੍ਰੇਜ਼ੀ ਜ਼ਰੂਰ ਬੋਲਣ ਦੀ
ਕੋਸ਼ਿਸ਼ ਕਰਦੇ ਹਨ ਤੇ ਜੇ ਮੈਂ ਨਾਲ ਹੋਵਾਂ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕਦੀ ਹਾਂ
ਉਨ੍ਹਾਂ ਦੇ ਅੰਗ੍ਰੇਜ਼ੀ ਬੋਲਣ ਤੇ !
ਜਦ
ਉਹ ਸ਼ਨਿਚਰ ਵਾਰ ਜਾਂ ਐਤਵਾਰ ਨੂੰ ਸਾਡੇ ਘਰ ਆਉਂਦੇ ਨੇ ਤਾਂ ਉਹ ਆਪਣੇ ਨਾਲ ਇੱਕ ਅੱਧੀ
ਕਿਤਾਬ , 4-5 ਅਖਬਾਰ , ਤੇ ਕੁਝ ਨਾ ਕੁਝ ਬੁਣਨ ਵਾਲੀ ਚੀਜ਼ ਨਾਲ ਲੈ ਕੇ ਆਉਂਦੇ ਹਨ -
ਛੁੱਟੀ ਵਾਲੇ ਦਿਨ ਅਸੀਂ ਸਾਰਾ ਦਿਨ ਲਿਵਿੰਗ ਰੂਮ ਵਿੱਚ ਕੱਟਦੇ ਹਾਂ ਤੇ ਮੈਂ ਕਦੀ ਕਦੀ
ਭੂੰਝੇ ਰੱਗ ਤੇ ਲੰਮੀਆਂ ਤਾਣ ਲੈਂਦੀ ਹਾਂ , ਕੁੰਮੂ ਬਹੁਤੀ ਵਾਰ ਮੇਰੇ ਘੁਰਾੜਿਆਂ ਤੇ
ਖਿਝੇਗੀ ਕਿ ਮੈਂ ਜੇ ਸੌਣਾ ਹੈ ਤੇ ਆਪਣੇ ਕਮਰੇ ਵਿੱਚ ਚਲੀ ਜਾਵਾਂ ਪਰ ਮੇਰਾ ਇੰਝ ਦਿਨ
ਵੇਲੇ ਲਿਵਿੰਗ ਰੂਮ ਦੀ ਰੌਣਕ ਛੱਡ ਇੱਕਲਿਆਂ ਆਪਣੇ ਕਮਰੇ ਵਿੱਚ ਜਾਣ ਨੂੰ ਦਿਲ ਨਹੀਂ
ਕਰਦਾ।
ਜਦ
ਉਨ੍ਹਾਂ ਨੂੰ ਕੋਈ ਚੀਜ਼ ਅਖਬਾਰ ਵਿੱਚ ਚੰਗੀ ਲੱਗਦੀ ਹੈ ਤਾਂ ਫਿਰ ਉਹ ਆਖਣਗੇ , " ਗੁੱਲੂ !
ਇਹ ਤੇਰੇ ਪੜ੍ਹਣ ਵਾਲਾ ਹੈ , ਇਹ ਜ਼ਰੂਰ ਪੜ੍ਹ ! " ਤੇ ਜੱਦ ਤੱਕ ਮੈਂ ਉਹ ਪੜ੍ਹ ਨਹੀਂ
ਲੈਂਦੀ ਤਾਂ ਬਾਰ ਬਾਰ ਚੇਤੇ ਕਰਾਉਂਦੇ ਰਹਿਣਗੇ ਤੇ ਜੇ ਮੈਂ ਨਾ ਪੜ੍ਹਾਂ ਤਾਂ ਜ਼ਰੂਰ
ਗੁੱਸੇ ਵਿੱਚ ਆਖਣਗੇ , " ਜੇ ਤੂੰ ਕੁਝ ਦੂਜਿਆਂ ਦਾ ਚੰਗਾ ਲਿਖਿਆ ਹੋਇਆ ਨਹੀਂ ਪੜ੍ਹੇਗੀਂ
ਤਾਂ ਕੀ ਖਾਕ ਲਿਖੇਂਗੀ !" ਤੇ ਜਦ ਇੱਕ ਦਿਨ ਮੈਂ ਥੱਲੇ ਨਿੱਕੀ ਜਿਹੀ ਕੰਬਲੀ ਲੈ ਸੌਂ ਗਈ
ਤਾਂ ਉਨ੍ਹਾਂ ਮੈਂਨੂੰ ਜਗਾਉਂਦਿਆਂ ਆਖਿਆ , " ਆਹ ! ਦੋ ਕਵਿਤਾਵਾਂ ਨੇ ਪਾਕਿਸਤਾਨੀ
ਲਿਖਾਰੀ ਦੀਆਂ !" ਤੇ ਉਨ੍ਹਾਂ ਮੇਰੇ ਹੱਥ ਵਿੱਚ ਅਖਬਾਰ ਫੜ੍ਹਾ ਦਿੱਤਾ, ਦੇਖਿਆ ਤਾਂ ਅਫਜ਼ਲ
ਸਾਹਿਰ ਦੀਆਂ ਦੋ ਕਵਿਤਾਵਾਂ ਸਨ ।
ਮੈਂ ਤਸਵੀਰ ਤੇ
ਕਵਿਤਾਵਾਂ ਦੇਖ ਕਿਹਾ, " ਮਮੀ ਮੈਂ ਉਸ ਨੂੰ ਜਾਣਦੀ ਹਾਂ , ਜਦ ਪਾਕਿਸਤਾਨ ਗਈ ਸੀ ਤਾਂ
ਉਸ ਨੂੰ ਮਿਲੀ ਵੀ ਸੀ ! ਬਲਕਿ ਮਮੀ, ਮੈਨੂੰ ਉਸ ਨੇ ਉਸੇ ਦਿਨ ਪਾਕਿਸਤਾਨ ਦੇ ਇੱਕ ਮਸ਼ਹੂਰ
ਗਾਇਕ ਅਸਰਾਰ ਨੂੰ ਵੀ ਮਿਲਾਇਆ ਸੀ । " ਮਮੀ ਨੂੰ ਮੈਂ ਦੱਸਿਆ ਕਿ ਅਫਜ਼ਲ ਨੂੰ ਗੁਰਮੁਖੀ
ਵੀ ਆਉਂਦੀ ਹੈ ਤੇ ਜਦ ਉਸ ਨੇ ਮੈਂਨੂੰ ਆਪਣੀ ਕਿਤਾਬ ' ਨਾਲ ਸੱਜਣ ਦੇ ਰਹੀਏ ' ਦਿੱਤੀ ਸੀ
ਤਾਂ ਉਸ ਨੇ ਕਿਤਾਬ ਤੇ ਗੁਰਮੁਖੀ ਵਿੱਚ ਲਿਖ ਕੇ ਹੀ ਮੈਂਨੂੰ ਕਿਤਾਬ ਦਿੱਤੀ ਸੀ - ਉਹ ਲਫਜ਼
ਮੇਰੇ ਦਿਲ ਵਿੱਚ ਹਮੇਸ਼ਾ ਲਈ ਖੁੱਭ ਗਏ ਸਨ : " ਸੋਹਣੀ ਤੇ ਮਨ ਮੇਲੀ ਸਾਹ ਜਿਹੀ ਪਿਆਰੀ
ਸਹੇਲੀ ਗੁਲਸ਼ਨ ਦਿਆਲ ਲਈ -ਸਾਰੀਆਂ ਮੁਹਬੱਤਾਂ ਨਾਲ - ਪ੍ਰੀਤ ਨਿਸ਼ਾਨੀ , ਅਫਜ਼ਲ ਸਾਹਿਰ !"
"
ਅੱਛਾ, ਮੈਂ ਤੈਨੂੰ ਤਾਂ ਕਿਹਾ ਸੀ ਪੜ੍ਹਣ ਲਈ ਕਿ ਦੇਖ ਕੋਈ ਵੀ ਲਫਜ਼ ਔਖਾ ਜਾਂ ਉਰਦੂ ਦਾ
ਨਹੀਂ , ਪੜ੍ਹਦੀ ਤਾਂ ਮੈਂ ਹੋਰ ਵੀ ਹੁੰਦੀ ਹਾਂ ਪਾਕਿਸਤਾਨੀ ਕਵੀਆਂ ਦੀਆਂ ਕਵਿਤਾਵਾਂ ਪਰ
ਉਨ੍ਹਾਂ ਵਿੱਚ ਕੋਈ ਨਾ ਕੋਈ ਉਰਦੂ ਦਾ ਲਫਜ਼ ਜ਼ਰੂਰ ਹੁੰਦਾ ਹੈ !" ਤੇ ਮਮੀ ਉਡੀਕਣ ਲੱਗੇ
ਕਿ ਮੈਂ ਉਹ ਕਵਿਤਾਵਾਂ ਜ਼ਰੂਰ ਪੜ੍ਹਾਂ !
ਮਮੀ
ਨੂੰ ਮੈਂ ਦਸਿਆ ਕਿ ਕਿਵੇਂ ਅਫਜ਼ਲ ਸਾਹਿਰ ਮੇਰੀ ਰੇਡੀਓ ਲਈ ਇੰਟਰਵਿਊ ਲੈਣਾ ਚਾਹੁੰਦਾ ਸੀ
ਪਰ ਮੈਂ ਵਕਤ ਹੀ ਨਹੀਂ ਕੱਢ ਸਕੀ ( thanks to Syed Asif ) - ਅਫਜ਼ਲ ਸਾਹਿਰ ਨੂੰ
ਨਾਰਾਜ਼ਗੀ ਵੀ ਸੀ ਕਿ ਮੈਂ ਪਾਕਿਸਤਾਨ ਆਈ ਵੀ ਤੇ ਲਾਹੌਰ ਵਰਗੇ ਸ਼ਹਿਰ ਨੂੰ ਛੱਡ ਕੇ ਪਿੰਡਾਂ
ਵਿੱਚ ਘੁੰਮਦੀ ਰਹੀ ਸੀ ਤੇ ਇਸ ਗੱਲ ਦਾ ਸੱਚ ਮੁੱਚ ਮੈਂਨੂੰ ਹੁਣ ਤੱਕ ਪਛਤਾਵਾ
ਹੈ....ਪਰ ਹੁਣ ਜਦ ਮੈਂ ਪਾਕਿਸਤਾਨ ਗਈ ਤਾਂ ਸੋਚਿਆ ਹੋਇਆ ਹੈ ਕਿ ਅਫਜ਼ਲ ਸਾਹਿਰ ਲਈ
ਖੁਲ੍ਹਾ ਸਮਾਂ ਲੈ ਕੇ ਜਾਣਾ ਹੈ। ..
ਤਾਂ ਦਿਲ ਕਰ ਆਇਆ ਕਿ ਅੱਜ ਤੁਹਾਡੇ ਨਾਲ ਮਮੀ ਦੀ ਇਹ ਇਹ ਗੱਲ ਸਾਂਝੀ ਕਰਣ ਨੂੰ----
ਮਮੀ, ਮੇਰੇ ਵਰਿਆਮ ਸੰਧੂ ਜੀ ਦੀਆਂ ਲਿਖਤਾਂ ਵੀ ਬਹੁਤ ਸ਼ੌਕ ਨਾਲ ਪੜ੍ਹਦੇ ਹਨ - ਪਿੱਛੇ
ਜਿਹੇ ਉਨ੍ਹਾਂ ਕੁਝ ਪੜ੍ਹਿਆ ਤਾਂ ਉਨ੍ਹਾਂ ਉਸ ਵਿੱਚ ਇੱਕ ਲਫਜ਼ ਪੜ੍ਹ ਲਿਆ , "
ਪ੍ਰਸਥਿਤੀਆਂ " ਤੇ ਸ਼ਾਇਦ ਕੁਝ ਹੋਰ ਇੱਕ ਦੋ ਲਫਜ਼ ਵੀ ਸਨ -ਮੇਰੇ ਮਮੀ ਨੂੰ ਇਹ ਲਫਜ਼ ਹਜ਼ਮ
ਨਹੀਂ ਹੋਏ । ਮਮੀ ਸਮਝਦੇ ਹਨ ਕਿ ਸੰਧੂ ਜੀ ਨੇ ਹਮੇਸ਼ਾ ਸਿੱਧੀ ਸਾਦੀ ਬੋਲੀ ਵਿੱਚ ਪਿੰਡਾਂ
ਦੀਆਂ ਕਹਾਣੀਆਂ ਲਿਖੀਆਂ ਹਨ ਤੇ ਹੁਣ ਕੁਝ ਔਖੇ ਲਫਜ਼ ਦੇਖ ਕੇ ਉਨ੍ਹਾਂ ਨੂੰ ਮਹਿਸੂਸ ਹੋਇਆ
ਜਿਵੇਂ ਉਨ੍ਹਾਂ ਨਾਲ ਕੋਈ ਧੋਖਾ ਹੋ ਗਿਆ ਹੋਵੇ। ਜਦ ਮੈਂ ਇੰਡੀਆ ਜਾਣ ਲੱਗੀ ਦਿਸੰਬਰ ਵਿੱਚ
ਤਾਂ ਮੈਂ ਕਿਹਾ , " ਮਮੀ ! ਵਰਿਆਮ ਸੰਧੂ ਜੀ ਇੰਡੀਆ ਗਏ ਹੋਏ ਨੇ ਤਾਂ ਮੈਂ ਉਨ੍ਹਾਂ ਨੂੰ
ਮਿਲ ਕੇ ਆਵਾਂਗੀ ਤਾਂ ਇੱਕ ਦੰਮ ਕਹਿੰਦੇ - ਉਨ੍ਹਾਂ ਨੂੰ ਕਹੀਂ ਕਿ ਉਹ ' ਪ੍ਰਸਥਿਤੀਆਂ '
ਵਰਗੇ ਲਫਜ਼ ਬਿਲਕੁਲ ਨਾ ਵਰਤਣ। ਤੇ ਮੈਂ ਕਿਹਾ , " ਅੱਛਾ" ....ਪਰ ਮੈਂ ਮਮੀ ਦਾ
ਉਲਾਂਭਾ ਉਨ੍ਹਾਂ ਨੂੰ ਦੇ ਨਹੀਂ ਸਕੀ ਕਿਓਂਕਿ ਜਦ ਮੈਂ ਇੰਡੀਆ ਪੁੱਜੀ ਉਦੋਂ ਨੂੰ ਉਹ
ਵਾਪਿਸ Canada ਆ ਚੁੱਕੇ ਸਨ.....ਮਮੀ ਮੇਰੇ ਪਸੰਦ ਕਰਦੇ ਹਨ ਸਾਦੀ ਪੰਜਾਬੀ, ਪੰਜਾਬੀ ਜੋ
ਅਸੀਂ ਰੋਜ਼ ਦੀ ਜ਼ਿੰਦਗੀ ਵਿੱਚ ਬੋਲਦੇ ਹਾਂ, ਜੋ ਹਰ ਕਿਸੇ ਨੂੰ ਸਮਝ ਆ ਜਾਵੇ ; ਉਹ ਸੋਚਦੇ
ਹਨ ਕਿ ਹੁਣ ਪਿੰਡਾ ਵਿੱਚ ਬਹੁਤੇ ਲੋਕ ਪੜ੍ਹ ਹੀ ਲੈਂਦੇ ਹਨ , ਪਰ ਉਹ ਇੰਨੇ ਪੜ੍ਹੇ ਲਿਖੇ
ਨਹੀਂ ਹੁੰਦੇ ਕਿ ਔਖੇ ਔਖੇ ਲਫਜ਼ ਸਮਝ ਲੈਣ ! ਉਹ ਸੋਚਦੇ ਹਨ ਕਿ ਜੇ ਉਰਦੂ ਵਿੱਚ ਖ਼ਾਮ ਖ਼ਾਹ
ਫ਼ਾਰਸੀ ਜਾਂ ਅਰਬੀ ਲਫਜ਼ ਵਾੜੀ ਜਾਓ ਤੇ ਹਿੰਦੀ ਵਿੱਚ ਔਖੇ ਭਾਰੇ ਭਰਕਮ ਸੰਸਕ੍ਰਿਤ ਦੇ ਲਫਜ਼
ਤਾਂ ਉਹ ਸਮਝਦੇ ਹਨ ਕਿ ਉਸ ਲਿਖਤ ਦਾ ਬਹੁਤਾ ਕੁਝ ਇੱਕ ਆਮ ਪਾਠਕ ਦੇ ਸਿਰ ਦੇ ਉੱਪਰ ਦੀ
ਲੰਘ ਜਾਂਦਾ ਹੈ। ਬੋਲੀ ਭਾਵੇਂ ਕੋਈ ਵੀ ਹੋਵੇ ਪਰ ਅਸੀਂ ਜੋ ਰੋਜ਼ ਬੋਲਦੇ ਹਾਂ ਆਮ ਲੋਕ
ਜ਼ਿੰਦਗੀ ਵਿੱਚ , ..ਉਸੇ ਬੋਲੀ ਵਿੱਚ ਹੀ ਲਿਖਣਾ ਚਾਹੀਦਾ ਹੈ।
ਪੇਸ਼ ਹੈ ਅਫਜ਼ਲ ਸਹਿਰ ਦੀ ਕਵਿਤਾ ਜਿਸ ਕਰ ਕੇ ਮੈਂ ਇੰਝ ਇੰਨੀਆਂ ਗੱਲਾਂ ਕੀਤੀਆਂ :
ਸੁਫਨੇ ਰਹਿ ਗਏ ਕੋਰੇ !
ਸੱਜਣ ! ਸਾਡੇ ਸੁਫਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ
ਜਿਓਂ ਕੰਧਾਂ ਵਿੱਚ ਮਘੋਰੇ
ਸੱਜਣ ! ਸਾਡੇ ਸੁਫਨੇ ਰਹਿ ਗਏ ਕੋਰੇ
ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰ ਦਾ
ਸਾਨੂੰ ਧੜਕੂ ਅੱਠੇ ਪਹਿਰ ਦਾ
ਇਕ ਪਾਸਾ ਮਰਿਆ ਸ਼ਹਿਰ ਦਾ
ਵਿੱਚ ਭੁੱਖਾ ਫਨੀਅਰ ਲਹਿਰਦਾ
ਮਾਵਾਂ ਨੇ ਖੀਸੇ ਫੋਲ੍ਹ ਕੇ
ਪੁੱਤ ਸਫਰਾਂ ਤੇ ਟੋਰੇ
ਅਸੀਂ ਸਈਆਂ ਨੈਣਾਂ ਵਾਲਿਆਂ
ਸਾਨੂੰ ਜੋਇਆ ਅੰਨਹੇ ਹਾਲੀਆਂ
ਮਨ ਖੋਭੇ ਸੱਧਰਾਂ ਗਾਲੀਆਂ
ਸਾਡਾ ਜੀਵਨ ਵਿੱਚ ਕੁਠਾਲੀਆਂ
ਖਸਮਾਂ ਦੀਆਂ ਅੱਗਾਂ ਬਾਲੀਆਂ
ਦਿਲ ਗੁਨ੍ਹੇ ਵਿਚ ਕਨਾਲੀਆਂ
ਇਸ ਔਂਤਰ ਜਾਣੇ ਸਮੇਂ ਨੇ
ਸਾਹ ਬਰਫਾਂ ਵਾਂਗੂ ਖੋਰੇ
ਸਾਡੇ ਸੁਫਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ
ਜਿਓਂ ਕੰਧਾਂ ਵਿਚ ਮਘੋਰੇ
ਸਾਡੇ ਸੁਫਨੇ ਰਹਿ ਗਏ ਕੋਰੇ
ਨੋਟ :
ਮੈਂ ਇਹ ਲੇਖ ਲਿਖ ਕੇ ਡਰਦਿਆਂ ਡਰਦਿਆਂ ਵਰਿਆਮ ਸੰਧੂ ਜੀ ਨੂੰ ਪੜ੍ਹਣ ਲਈ ਭੇਜ ਦਿੱਤਾ ,
ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ ਜਦ ਉਨ੍ਹਾਂ ਤੁਰੰਤ ਜੁਆਬ ਦਿੱਤਾ ਤੇ ਕਿਹਾ ਕੇ
ਮੈਂ ਉਨ੍ਹਾਂ ਵੱਲੋਂ ਹੱਥ ਜੋੜ ਕੇ ਮਮੀ ਤੋਂ ਮੁਆਫ਼ੀ ਮੰਗ ਲਵਾਂ - ਤੇ ਆਖਿਆ ਕਿ ਉਹ ਦੋ
ਦਿਨਾਂ ਲਈ ਫਰੀਮੋੰਟ ਆ ਰਹੇ ਹਨ ਤੇ ਮੈਂ ਉਨ੍ਹਾਂ ਨੂੰ ਜ਼ਰੂਰ ਮਿਲਾਂ - ਮਿਲਣ ਗਈ ਤਾਂ
ਕਹਿੰਦੇ, "ਮੈਂ ਇਸ ਲਈ ਮਿਲਣਾ ਸੀ ਕਿ ਤੂੰ ਇਹ ਨਾ ਸਮਝੇ ਕਿ ਮੈਂ ਗੁੱਸਾ ਕੀਤਾ ਹੈ ।"
ਮੈਂਨੂੰ ਸੱਚ ਮੁੱਚ ਹੀ ਉਨ੍ਹਾਂ ਤੇ ਬਹੁਤ ਮਾਣ ਹੈ ।
No comments:
Post a Comment