Tuesday 22 July 2014

ਮੈਂ ਪਿਆਸ ਵੇ-ਡਾ.ਅਮਰਜੀਤ ਟਾਂਡਾ
DrAmarjit Tanda
ਮੈਂ ਪਿਆਸ ਵੇ
ਤੇਰੀ ਪਹਿਲੀ ਭੁੱਖ
ਖਿੜ੍ਹੀ ਦੁਪਹਿਰ ਭਰ ਜੌਬਨ
ਬਹਾਰ ਚੜ੍ਹੀ ਕੋਈ ਰੁੱਤ

ਨਦੀ ਜੇਹੀ ਮੈਂ
ਮੇਰੇ ਨੀਰ ਚ ਲਹਿਰਾਂ
ਜਿਹਦੇ ਅੰਗੀਂ
ਵਿਛੋੜਾ ਤੇ ਦੁੱਖ਼

ਨਾ ਮੇਰੀ ਛਾਤੀ
ਸੁਪਨੇ ਪੂਰੇ
ਨਾ ਲਿਖਿਆ
ਕਿਤੇ ਸੁੱਖ

ਆ ਬੁਝਾ ਲੈ
ਭੁੱਖ ਚਿਰੋਕੀ
ਕਹੇ ਦਰੀਂ ਖੜ੍ਹੀ
ਇਕ ਚੁੱਪ

ਜਲ ਥਲ ਮੇਰੇ
ਅਜੇ ਨਿਰਮਲੇ
ਭਾਂਵੇਂ ਡੀਕ ਲੈ
ਤੇ ਜਾਂਂ ਭਰ ਲੈ ਘੁੱਟ
 
Photo: ਮੈਂ ਪਿਆਸ ਵੇ-ਡਾ.ਅਮਰਜੀਤ ਟਾਂਡਾ

ਮੈਂ ਪਿਆਸ ਵੇ
ਤੇਰੀ ਪਹਿਲੀ ਭੁੱਖ
ਖਿੜ੍ਹੀ ਦੁਪਹਿਰ ਭਰ ਜੌਬਨ
ਬਹਾਰ ਚੜ੍ਹੀ ਕੋਈ ਰੁੱਤ

ਨਦੀ ਜੇਹੀ ਮੈਂ
ਮੇਰੇ ਨੀਰ ਚ ਲਹਿਰਾਂ
ਜਿਹਦੇ ਅੰਗੀਂ
ਵਿਛੋੜਾ ਤੇ ਦੁੱਖ਼

ਨਾ ਮੇਰੀ ਛਾਤੀ
ਸੁਪਨੇ ਪੂਰੇ
ਨਾ ਲਿਖਿਆ
ਕਿਤੇ ਸੁੱਖ

ਆ ਬੁਝਾ ਲੈ
ਭੁੱਖ ਚਿਰੋਕੀ
ਕਹੇ ਦਰੀਂ ਖੜ੍ਹੀ
ਇਕ ਚੁੱਪ

ਜਲ ਥਲ ਮੇਰੇ
ਅਜੇ ਨਿਰਮਲੇ
ਭਾਂਵੇਂ ਡੀਕ ਲੈ
ਤੇ ਜਾਂਂ ਭਰ ਲੈ ਘੁੱਟ

Wednesday 16 July 2014

ਦੇਸ ਵਾਪਸੀ
Online Punjabi Magazine Seerat- ਨਵਤੇਜ ਸਿੰਘ
 
ਲਾਂਚ ਵਿੱਚ ਤੀਜੇ ਦਰਜੇ ਦੇ ਮੁਸਾਫ਼ਰਾਂ ਵਾਲੀ ਥਾਂ ਨੱਕੋ-ਨੱਕ ਭਰੀ ਹੋਈ ਸੀ। ਉੱਤੇ ਪਹਿਲੇ ਦਰਜੇ ਦੀ ਖੁੱਲ੍ਹ ਵਿੱਚੋਂ ਦੋ ਅੰਗਰੇਜ਼ ਫ਼ੌਜੀ ਅਫ਼ਸਰ ਏਸ ਕੁਰਬਲ-ਕੁਰਬਲ ਥਾਂ ਵੱਲ ਤੱਕਦਿਆਂ ਗੱਲਾਂ ਕਰ ਰਹੇ ਸਨ:
‘‘ਇਹ ਪੀਨਾਂਗ ਤੋਂ ਇੰਡੀਆ ਲਈ ਜਹਾਜ਼ ਫੜਨ ਜਾ ਰਹੇ ਨੇ।‘‘
‘‘ਮੈਨੂੰ ਹੈਰਾਨੀ ਹੁੰਦੀ ਏ, ਓਥੇ ਇਹ ਅਜਕਲ ਕਾਹਨੂੰ ਜਾ ਰਹੇ ਨੇ-ਓਥੇ ਆਪਸ ਵਿੱਚ ਇੱਕ ਦੂਜੇ ਦਾ ਗਲਾ ਹੀ ਕੱਟਣਗੇ।‘‘ ਤੇ ਹਾਸੇ ਵਿੱਚ ਅੱਗੋਂ ਗੱਲਾਂ ਗੁਆਚ ਗਈਆਂ ਸਨ। ਥੱਲੇ ਤੀਜੇ ਦਰਜੇ ਦੇ ਮੁਸਾਫ਼ਰਾਂ ਵਿੱਚੋਂ ਸੰਤ ਸਿੰਘ ਨੇ ਪੱਛਮ ਵੱਲ ਇਸ਼ਾਰਾ ਕਰਦਿਆਂ ਕਿਹਾ, ‘‘ਏਸ ਬੰਨੇ ਆ ਆਪਣਾ ਦੇਸ, ਰਤਾ ਕੁ ਪਹਾੜ ਵਲ।‘‘
ਪੀਨਾਂਗ ਉੱਤਰ ਕੇ ਮਤਾਬ ਦੀਨ ਸੋਚਣ ਲੱਗਾ ਕਿ ਉਹ ਇਥੇ ਕਿਥੇ ਰਹੇਗਾ? ਭਾਵੇਂ ਸਮਾਨ ਤਾਂ ਇੱਕ ਟਰੰਕੜੀ ਤੇ ਦਰੀ ਤੋਂ ਵੱਧ ਉਹਦੇ ਕੋਲ ਕੋਈ ਨਹੀਂ ਸੀ, ਪਰ ਫੇਰ ਵੀ ਰਾਤ ਨੂੰ ਸਿਰ ਲੁਕਾਣ ਲਈ ਏਸ ਪ੍ਰਦੇਸੀ ਸ਼ਹਿਰ ਵਿੱਚ ਕੋਈ ਥਾਂ ਤਾਂ ਚਾਹੀਦੀ ਸੀ ਤੇ ਮਲਾਇਆ ਵਿੱਚ ਮੀਂਹ-ਕਣੀ ਦਾ ਵੀ ਕਿਹੜਾ ਇਤਬਾਰ ਸੀ, ਛਰਾਟੇ ਮਾਰ ਕੇ ਮੀਂਹ ਵਰ੍ਹਣ ਲੱਗ ਪੈਂਦਾ ਸੀ।
ਸੰਤ ਸਿੰਘ ਇਕ ਚੀਨੀ ਦੇ ਰਿਕਸ਼ੇ ਉੱਤੇ ਆਪਣਾ ਸਮਾਨ ਟਿਕਵਾ ਚੁਕਿਆ ਸੀ, ਤੇ ਆਪਣੀ ਵਹੁਟੀ ਨੂੰ ਤੁਰਨ ਲਈ ਆਖ ਕੇ ਧੀ ਨੂੰ ਕੁਛੜ ਲੈ ਰਿਹਾ ਸੀ। ਸੰਤ ਸਿੰਘ ਤੇ ਮਤਾਬ ਦੀਨ ਗੱਡੀ ਤੇ ਲਾਂਚ ਵਿੱਚ ਹੀ ਜਾਣੂ ਹੋਏ ਸਨ। ਸਬੱਬ ਨਾਲ ਪਿੱਛੇ ਦੇਸ ਵਿੱਚ ਦੋਹਾਂ ਦਾ ਇੱਕੋ ਜ਼ਿਲ੍ਹਾ ਨਿਕਲ ਆਇਆ ਸੀ, ਤੇ ਦੋਹਾਂ ਦੇ ਪਿੰਡ ਦੋ ਕੋਹਾਂ ਦੀ ਵਿਥ ਉਤੇ ਈ ਸਨ।
ਸੰਤ ਸਿੰਘ ਨੇ ਚੱਲਣ ਲੱਗਿਆਂ ਮਤਾਬ ਦੀਨ ਨੂੰ ਕਿਹਾ, ‘‘ਚੰਗਾ ਭਰਾਵਾ, ਜੇ ਅੰਨ-ਜਲ ਹੋਇਆ ਤਾਂ ਦੋਹਾਂ ਨੂੰ ਇਕੋ ਜਹਾਜ਼ ਦੀ ਟਿਕਟ ਮਿਲ ਜਾਊ, ਤੇ ਕੱਠਿਆਂ ਈ ਸਮੁੰਦਰ ਦੀ ਮੰਜ਼ਲ ਕੱਟ ਕੇ ਪਿੰਡ ਪੁੱਜਾਂਗੇ। ਤੇ ਤੂੰ ਇਥੇ ਪੀਨਾਂਗ ਕਿਥੇ ਰਹੇਂਗਾ?‘‘
‘‘ਮੈਂ ਤੇ ਇਥੇ ਬਿਲਕੁਲ ਪ੍ਰਦੇਸੀ ਆਂ-ਕੋਈ ਭਾਈ ਬੰਦ ਵੀ ਨਹੀਂ, ਤੇ ਨਾ ਹੀ ਕਿਸੇ ਸਰਾਂ ਦਾ ਪਤਾ ਆ। ਪਰ ਏਡਾ ਚਿਰ ਕਿਥੇ ਰੁਕਣਾ ਪੈਣਾ? ਪਰਸੋਂ ਚੌਥੇ ਤਾਂ ਜਹਾਜ਼ ਜਾਣਾ। ਕਿਤੇ ਕਿਸੇ ਦੁਕਾਨ ਦੇ ਵਰਾਂਡੇ ਵਿੱਚ ਰਾਤ ਟਪਾ ਲਊਂ।
‘‘ਲੈ ਤੇ ਤੂੰ ਪਹਿਲਾਂ ਕਾਹਨੂੰ ਨਾ ਦੱਸਿਆ! ਅਸੀਂ ਗੁਰਦੁਆਰੇ ਰਹਿਣਾ ਏਂ। ਓਥੇ ਮੁਸਾਫ਼ਰਾਂ ਲਈ ਬੜਾ ਸੁਹਣਾ ਥਾਂ ਆ। ਸਗੋਂ ਤੂੰ ਵੀ ਓਥੇ ਹੀ ਚਲਿਆ ਚਲ।‘‘
ਮਤਾਬ ਦੀਨ ਨੇ ਰਤਾ ਝਕਦਿਆਂ ਝਕਦਿਆਂ ਕਿਹਾ, ‘‘ਭਰਾਵਾ, ਤੈਨੂੰ ਕੋਈ ਔਖ ਨਾ ਹਊ?‘‘
‘‘ਲੈ ਗੁਰੂ ਦਾ ਘਰ ਆ, ਮੈਨੂੰ ਔਖ ਕਾਹਦਾ!‘‘ ਤੇ ਸੰਤ ਸਿੰਘ ਨੇ ਉਹਦਾ ਟਰੰਕ ਤੇ ਬਿਸਤਰਾ ਵੀ ਆਪਣੇ ਰਿਕਸ਼ੇ ਉੱਤੇ ਈ ਰਖਵਾ ਲਿਆ।
ਗੁਰਦਵਾਰੇ ਪੁੱਜ ਕੇ ਇਕੋ ਕੋਠੜੀ ਵਿੱਚ ਦੋਹਾਂ ਨੇ ਸਾਮਾਨ ਟਿਕਾ ਲਿਆ। ਵਿਹੜੇ ਵਿੱਚ ਇੱਕ ਦੇਸੀ ਬੋਹੜ ਲੱਗਿਆ ਹੋਇਆ ਸੀ। ਦੋਵੇਂ ਉਹਦੇ ਹੇਠਾਂ ਬਣੇ ਥੜ੍ਹੇ ਉੱਤੇ ਬਹਿ ਗਏ। ਕਿੰਨੇ ਮੁਸਾਫ਼ਰ ਓਥੇ ਠਹਿਰੇ ਹੋਏ ਸਨ। ਨੇੜੇ ਹੀ ਉਨ੍ਹਾਂ ਦੇ ਬੱਚੇ ਗੁੱਲੀ ਡੰਡਾ ਖੇਡ ਰਹੇ ਸਨ, ਇਕ ਪਾਸੇ ਕੁਝ ਗੱਭਰੂ ਹੀਰ ਗਾ ਰਹੇ ਸਨ। ਹੀਰ, ਗੁੱਲੀ ਡੰਡਾ, ਤੇ ਦੇਸ ਤੋਂ ਲਿਆ ਕੇ ਬੀਜੇ ਬੋਹੜ ਵਿੱਚ ਮਤਾਬ ਦੀਨ ਨੂੰ ਜਾਪ ਰਿਹਾ ਸੀ ਕਿ ਉਹ ਆਪਣੇ ਪਿੰਡ ਪੁੱਜ ਗਿਆ ਹੈ। ਜਦੋਂ ਅਗਲਾ ਦਿਨ ਚੜ੍ਹਿਆ ਤਾਂ ਸਾਰੇ ਗੁਰਦੁਆਰੇ ਵਿੱਚ ਅਨੋਖੀ ਚਹਿਲ ਪਹਿਲ ਸ਼ੁਰੂ ਹੋ ਗਈ। ਪਤਾ ਲੱਗਿਆ ਸੀ ਕਿ ਦੇਸ ਨੂੰ ਜਾਣ ਵਾਲਾ ਰਜੂਲਾ ਜਹਾਜ਼ ਚਾਰ ਦਿਨਾਂ ਨੂੰ ਪੀਨਾਂਗ ਲੱਗੇਗਾ। ਇਥੇ ਠਹਿਰੇ ਹੋਏ ਮੁਸਾਫ਼ਰ ਤਾਂ ਜਹਾਜ਼ ਦੀ ਆਸ ਤੇ ਹੀ ਜੀਉਂਦੇ ਸਨ। ਕਈ ਆਪਣੇ ਕੰਮ ਸਮੇਟ ਕੇ, ਜੋ ਪੈਸੇ ਜਮ੍ਹਾਂ ਹੋਏ ਲੈ ਕੇ, ਇਥੇ ਦੋ ਦੋ ਮਹੀਨਿਆਂ ਤੋਂ ਜਹਾਜ਼ ਉਡੀਕ ਰਹੇ ਸਨ। ਕਦੇ ਕਦੇ ਇਹ ਆਸ ਬਿਲਕੁਲ ਖੁਸਣ ਲੱਗ ਪੈਂਦੀ ਸੀ ਤੇ ਕਈ ਟੱਬਰ-ਟੀਰ ਵਾਲੇ, ਜਿਨ੍ਹਾਂ ਦੀ ਸੰਕੋਚ ਨਾਲ ਜੋੜੀ ਰਕਮ ਏਥੇ ਏਨੀ ਦੇਰ ਵਿਹਲੇ ਬੈਠਿਆਂ ਮੁਕਣ ਲੱਗ ਪੈਂਦੀ ਸੀ, ਨਿਰਾਸ ਹੋ ਕੇ, ਦੇਸ ਦਾ ਮੂੰਹ ਤੱਕਣ ਦੀ ਸੱਧਰ ਲਈ, ਮੁੜ ਕੇ ਏਸੇ ਪ੍ਰਦੇਸ ਵਿੱਚ ਹੀ ਉਹਨੀਂ ਥਾਵੀਂ ਚਲੇ ਜਾਂਦੇ ਸਨ, ਜਿਥੋਂ ਉਹ ਅੱਗੇ ਹੱਡ-ਭੰਨ ਮਿਹਨਤ ਕਰਦੇ ਆਏ ਸਨ। ਮਲਾਇਆ ਦੇ ਜੰਗਲਾਂ ਵਿੱਚ ਗੱਡੀਆਂ ਉੱਤੇ ਰਬੜ ਢੋਣ ਜਾਂ ਟੀਨ ਦੇ ਖੱਡੇ ਪੁੱਟਣ ਜਾਂ ਕਿਸੇ ਧਨੀ ਦੀ ਦੁਕਾਨ ਉੱਤੇ ਪਹਿਰਾ ਦੇਣ। ਪਰ ਅੱਜ ਸਭਨਾਂ ਦੇ ਮੂੰਹ ਆਸ ਨਾਲ ਚਮਕ ਰਹੇ ਸਨ। ਜਹਾਜ਼ਾਂ ਦੀ ਕੰਪਨੀ ਦਾ ਏਜੰਟ ਸਵੇਰੇ ਮੋਟਰ ਵਿੱਚ ਆਇਆ ਸੀ, ਤੇ ਸਾਰਿਆਂ ਦੇ ਨਾਂ ਲਿਖ ਕੇ ਲੈ ਗਿਆ ਸੀ।
ਦੋ ਚਾਰ ਦਿਨ ਹਰ ਇੱਕ ਨੂੰ ਪੱਕੀ ਆਸ ਰਹੀ। ਕੁਝ ਬਜ਼ਾਰੋਂ ਜਹਾਜ਼ ਵਿੱਚ ਖਾਣ ਲਈ ਚੀਜ਼ਾਂ ਲੈ ਆਏ। ਬਹੁਤਿਆਂ ਨੇ ਆਪਣਾ ਆਪਣਾ ਸਮਾਨ ਬੰਨ੍ਹ ਲਿਆ। ਜ਼ਨਾਨੀਆਂ ਨੇ ਇੱਕ ਦੂਜੀ ਨਾਲ ਰਾਹ ਵਿੱਚ ਰੋਟੀ ਇੱਕਠੀ ਪਕਾਣ ਦੀਆਂ ਸਾਈਆਂ ਵੀ ਲਾਈਆਂ। ਮਤਾਬ ਦੀਨ ਤੇ ਸੰਤ ਸਿੰਘ ਨੇ ਵੀ ਇੱਕ ਚੁੱਲ੍ਹਾ ਖਰੀਦਿਆ ਤੇ ਰਲ ਕੇ ਰਸਦ ਪਾ ਲਈ।
ਪਰ ਜਦੋਂ ਰਜੂਲਾ ਜਹਾਜ਼ ਪੀਨਾਂਗੋਂ ਤੁਰਿਆ ਤਾਂ ਗੁਰਦੁਆਰੇ ਵਿੱਚ ਠਹਿਰੇ ਮੁਸਾਫ਼ਰਾਂ ਵਿੱਚੋਂ ਸਿਰਫ਼ ਤਿੰਨ ਹੀ ਏਸ ਵਿੱਚ ਚੜ੍ਹ ਸਕੇ। ਇਹ ਤਿੰਨੇ ਸਿਆਮ ਵਿੱਚ ਕੱਪੜੇ ਦਾ ਵਪਾਰ ਕਰਦੇ ਸਨ, ਤੇ ਥੋੜ੍ਹੇ ਦਿਨ੍ਹਾਂ ਤੋਂ ਹੀ ਗੁਰਦੁਆਰੇ ਆਏ ਸਨ। ਇਨ੍ਹਾਂ ਤੀਣੇ ਮੁੱਲੋਂ ਬਲੈਕ ਟਿਕਟਾਂ ਖਰੀਦੀਆਂ ਸਨ।
ਸਾਰੇ ਗੁਰਦੁਆਰੇ ਵਿੱਚ ਉਦਾਸੀ ਜਿਹੀ ਛਾ ਗਈ। ਅੱਜ ਬੱਚੇ ਬੋਹੜ ਥੱਲੇ ਗੁੱਲੀ ਡੰਡਾ ਨਾ ਖੇਡੇ ਤੇ ਗੱਭਰੂਆਂ ਨੇ ਹੀਰ ਵੀ ਨਾ ਗੰਵੀਂ। ਸਿਰਫ਼ ਥੜ੍ਹੇ ਉੱਤੇ ਬੈਠੇ ਲੋਕਾਂ ਵਿੱਚ ਇੱਕ ਬਿਰਧ ਗੱਲਾਂ ਕਰਦਾ ਰਿਹਾ, ‘‘ਭਾਈ, ਸਾਨੂੰ ਟਿਕਟ ਕਾਹਨੂੰ ਮਿਲਣੀ ਆਂ? ਟਿਕਟ ਤਾਂ ਉਹਨਾਂ ਮਲੂਕ ਮਲੂਕ ਸਰਦਾਰਾਂ ਨੂੰ ਮਿਲਣੀ ਆ, ਜਿਹੜੇ ਸਾਰਾ ਦਿਨ ਗੁਰਦੁਆਰੇ ਦੀ ਕੋਠੜੀ ਵਿੱਚ ਪਏ ਰਹਿੰਦੇ ਆ, ਜਿੱਦਾਂ ਉਨ੍ਹਾਂ ਦੇ ਢਿੱਡ ‘ਚ ਮਲ੍ਹਪ ਹੋਣ, ਤੇ ਪਿੱਛੋਂ ਤੀਣੇ ਪੈਸੇ ਤਾਰ ਦਿੰਦੇ ਆ। ਅਸੀਂ ਤਾਂ ਦੋ ਮਹੀਨਿਆਂ ਤੋਂ ਇਹੀ ਲੀਲ੍ਹਾ ਵੇਖਦੇ ਆਏ ਆਂ।‘‘ ਮਤਾਬ ਦੀਨ ਤੇ ਸੰਤ ਸਿੰਘ ਰੋਜ਼ ਸਵੇਰੇ ਗੁਰਦੁਆਰੇ ਦੇ ਲੰਗਰ ਲਈ ਲੱਕੜਾਂ ਪਾੜਦੇ ਤੇ ਨਲਕੇ ਤੋਂ ਪਾਣੀ ਭਰ ਕੇ ਲਿਆਂਦੇ। ਜਦੋਂ ਰੋਟੀਆਂ ਪਕਾਣ ਦੀ ਸੇਵਾ ਲਈ ਲਾਂਗਰੀ ਨੇ ਹੋਰਨਾਂ ਨੂੰ ਬੁਲਾਣਾ ਹੁੰਦਾ, ਤਾਂ ਵੀ ਕਦੇ ਮਤਾਬ ਤੇ ਕਦੇ ਸੰਤ ਸਿੰਘ ਹੋਰਨਾਂ ਨੂੰ ਬੁਲਾਣ ਜਾਂਦੇ। ਮਤਾਬ ਆਪ ਸਿਰ ਉੱਤੇ ਨਿਤ ਰੁਮਾਲ ਬੰਨ੍ਹੀ ਰੱਖਦਾ ਤੇ ਹੋਰ ਕਿਸੇ ਨੂੰ ਨੰਗੇ ਸਿਰ ਲੰਗਰ ਵਿੱਚ ਨਾ ਜਾਣ ਦੇਂਦਾ। ਲੰਗਰ ਵਰਤਾਉਣ ਵੇਲੇ ਵੀ ਦੋਵੇਂ ਸੇਵਾ ਕਰਦੇ ਤੇ ਆਪੀਂ ਅਖੀਰ ਤੇ ਖਾਂਦੇ।
ਬਚ ਗਈ ਇੱਕ ਅੱਧ ਰੋਟੀ ਸ਼ਾਮੀਂ ਮਤਾਬ ਭੋਰ ਭੋਰ ਕੇ ਕਬੂਤਰਾਂ ਨੂੰ ਪਾ ਦੇਂਦਾ। ਗੁਰਦੁਆਰੇ ਦੇ ਵਿਹੜੇ ਵਿੱਚ ਬੜੇ ਕਬੂਤਰ ਇਕੱਠੇ ਹੋ ਜਾਂਦੇ। ਇੱਕ ਦਿਨ ਕਬੂਤਰਾਂ ਨੂੰ ਭੋਰ ਚੋਰ ਪਾਂਦਿਆਂ ਉਹਨੇ ਸੁਣਿਆ, ਇਕ ਮਾਈ ਗੁਰਦੁਆਰੇ ਦੇ ਭਾਈ ਨੂੰ ਉਹਦੇ ਬਾਰੇ ਆਖ ਰਹੀ ਸੀ, ‘‘ਇਹ ਮੌਲਵੀ ਕਿੱਡਾ ਚੰਗਾ ਏ।‘‘
ਭਾਈ ਨੇ ਅੱਗੋਂ ਕਿਹਾ, ‘‘ਅੱਲਾਹ ਲੋਕ ਏ।‘‘
ਮਹੀਨਾ ਇੰਜ ਇਥੇ ਬੈਠਿਆਂ ਮਤਾਬ ਤੇ ਸੰਤ ਸਿੰਘ ਨੂੰ ਹੋ ਗਿਆ ਸੀ। ਨਵੇਂ ਆਉਣ ਵਾਲੇ ਜਹਾਜ਼ ਦੀ ਕੋਈ ਉਘ ਸੁਘ ਨਹੀਂ ਸੀ। ਦੋਵੇਂ ਸੰਤ ਸਿੰਘ ਦੇ ਟੱਬਰ ਸਣੇ ਰੋਟੀ ਤਾਂ ਲੰਗਰੋਂ ਖਾ ਲੈਂਦੇ ਸਨ ਪਰ ਸੁੱਕਾ ਅੰਨ ਮੂੰਹ ਨੂੰ ਆਣ ਆਣ ਕਰਦਾ ਸੀ; ਸੋ ਘੁੱਟ ਦੁੱਧ ਤੇ ਚੂੰਢੀ ਚੀਨੀ ਲੈ ਕੇ ਕਦੇ ਚਾਹ ਬਣਾ ਲੈਂਦੇ, ਕਦੇ ਟੁਕੜਾ ਟੁਕੜਾ ਡਬਲ ਰੋਟੀ ਖਾ ਲੈਂਦੇ, ਕਦੇ ਥੋੜ੍ਹੀ ਜਿੰਨੀ ਮਠਿਆਈ ਨਾਲ ਬਾਲੜੀ ਨੂੰ ਪਰਚਾ ਲੈਂਦੇ। ਕੁਝ ਪੈਸੇ ਅੱਗੇ ਜਹਾਜ਼ ਲਈ ਰਸਦ ਖਰੀਦਣ ‘ਤੇ ਲੱਗ ਗਏ ਸਨ। ਇਸ ਤਰ੍ਹਾਂ ਦੋਹਾਂ ਨੇ ਜਿਹੜੀ ਭਾੜੇ ਲਈ ਰਕਮ ਬੰਨ੍ਹ ਕੇ ਰਖੀ, ਉਹ ਵੀ ਮੁੱਕਣ ਲੱਗ ਪਈ।
ਬੜਾ ਫ਼ਿਕਰ ਲੱਗ ਗਿਆ, ਜੇ ਪੈਸੇ ਥੁੜ ਗਏ ਤਾਂ ਦੇਸ ਦਾ ਮੂੰਹ ਵੇਖਣ ਦੀ ਥਾਂ ਕਿਧਰੇ ਮੁੜ ਮਤਾਬ ਦੀਨ ਨੂੰ ਟੀਨ ਦੇ ਖੱਡੇ ਪੁੱਟਣ ਤੇ ਸੰਤ ਸਿੰਘ ਨੂੰ ਗੋਰੇ ਦੇ ਗੁਦਾਮ ਤੇ ਪਹਿਰਾ ਦੇਣ ਨਾ ਜਾਣਾ ਪਏ? ਮੁੜ ਪਿਛਾਂਹ ਪਰਤਣ ਤੇ ਕਿੰਨੇ ਪੈਸੇ ਹੋਰ ਫ਼ਜੂਲ ਖਰਚ ਹੋ ਜਾਣਗੇ, ਤੇ ਪਤਾ ਨਹੀਂ ਗੋਰੇ ਨੇ ਉਹਦੀ ਥਾਂ ਕੋਈ ਰੱਖ ਲਿਆ ਹੋਵੇ ਤੇ ਟੀਨ ਦੇ ਖੱਡੇ ਉੱਤੇ ਵੀ ਮਜ਼ਦੂਰ ਬਹੁਤੇ ਆ ਗਏ ਹੋਣ!
ਸੰਤ ਸਿੰਘ ਨਾਲੋਂ ਮਤਾਬ ਵਧੇਰੇ ਚਿੰਤਾ ਵਿੱਚ ਸੀ। ਸਵੇਰੇ ਹੀ ਉਹਦੇ ਭਰਾ ਦਾ ਖ਼ਤ ਉਹਨੂੰ ਮਿਲਿਆ ਸੀ ਕਿ ਉਹ ਚਿੱਠੀ ਵੇਖਦਿਆਂ ਸਾਰ ਦੇਸ ਆ ਜਾਏ, ਉਨ੍ਹਾਂ ਦੀ ਬੁੱਢੀ ਮਾਈ ਉਹਦਾ ਰਾਹ ਤੱਕਦੀ ਮਰ ਗਈ ਹੈ। ਅਚਨਚੇਤ ਮਤਾਬ ਦੀਨ ਨੂੰ ਖਿ਼ਆਲ ਆਇਆ, ਵੱਡੇ ਭਰਾ ਨਾਲੋਂ ਮਾਈ ਉਹਨੂੰ ਛੋਟੇ ਹੁੰਦਿਆਂ ਤੋਂ ਵੱਧ ਪਿਆਰ ਕਰਦੀ ਹੁੰਦੀ ਸੀ। ਜਦੋਂ ਉਹ ਇਸ ਟਾਪੂ ਉੱਤੇ ਆਉਣ ਲਈ ਘਰੋਂ ਤੁਰਿਆ ਸੀ, ਓਦੋਂ ਹੀ ਮਾਈ ਦੀ ਹਾਲਤ ਬੜੀ ਮਾੜੀ ਹੋ ਚੁੱਕੀ ਸੀ। ਸਾਰੇ ਸਰੀਰ ਵਿੱਚ ਪੀੜਾਂ ਛਿੜੀਆਂ ਰਹਿੰਦੀਆਂ ਸਨ। ਅੱਖਾਂ ਦੀ ਜੋਤ ਤਕਰੀਬਨ ਮੁੱਕ ਚੁੱਕੀ ਸੀ ਤੇ ਵਿਛੜਨ ਵੇਲੇ ਜਿਵੇਂ ਮਾਈ ਦੇ ਸਰੀਰ ਦਾ ਕਾਂਬਾ ਉਹਦੇ ਸਰੀਰ ਵਿੱਚ ਛਿੜ ਪਿਆ ਸੀ, ਅੰਨ੍ਹੀਆਂ ਗਿੱਲੀਆਂ ਅੱਖਾਂ ਦੀ ਗਿੱਲ ਜਿਵੇਂ ਉਹਦੀਆਂ ਗੱਲ੍ਹਾਂ ਤੇ ਆ ਗਈ ਸੀ। ਇਹ ਸਭ ਏਨੇ ਸਾਲਾਂ ਬਾਅਦ ਵੀ ਉਹਨੂੰ ਓਵੇਂ ਦਾ ਓਵੇਂ ਮਹਿਸੂਸ ਹੋ ਰਿਹਾ ਸੀ ਤੇ ਅੱਜ ਫੇਰ ਉਹਨੇ ਕੰਨ ਮਾਈ ਦੇ ਬੋੜੇ ਬੋਲ ਸੁਣ ਰਹੇ ਸਨ, ‘‘ਮੇਰੀਆਂ ਆਂਦਰਾਂ ਦਾ ਟੋਟਾ ਲਹਿ ਕੇ ਸਮੁੰਦਰਾਂ ਦੇ ਪਾਰ ਜਾ ਰਿਹਾ!‘‘
ਪਰ ਮਤਾਬ ਨੂੰ ਓਦੋਂ ਆਉਣਾ ਹੀ ਪਿਆ ਸੀ, ਸਮੁੰਦਰ ਚੀਰ ਕੇ, ਭਾਵੇਂ ਉਹ ਆਉਣਾ ਨਹੀਂ ਸੀ ਚਾਹੁੰਦਾ। ਉਨ੍ਹਾਂ ਦੇ ਘਰ ਦਾ ਝੱਟ ਨਹੀਂ ਸੀ ਟੱਪਦਾ ਪਿਆ, ਕੁਝ ਤੇ ਉਹ ਪਹਿਲਾਂ ਈ ਮਰੇੜੇ ਸਨ, ਪਿਓ ਵੇਲੇ ਈ ਕੁਝ ਜ਼ਮੀਨ ਗਹਿਣੇ ਪੈ ਗਈ ਸੀ, ਤੇ ਜਿਸ ਰਹਿੰਦੀ ਖੂੰਹਦੀ ਦਾ ਆਸਰਾ ਸੀ, ਉਹਨੂੰ ਦਰਿਆ ਨੇ ਵਰਾਨ ਕਰ ਦਿੱਤਾ ਸੀ। ਵੱਡੇ ਭਰਾ ਨੂੰ ਮਤਾਬ ਨੇ ਮਲਾਇਆ ਜਾਣੋਂ ਇਹ ਕਹਿ ਕੇ ਰੋਕ ਦਿੱਤਾ:
‘‘ਤੇਰਾ ਪਿਛੇ ਕੋਈ ਨਹੀਂ। ਆਂਹਦੇ ਆ ਮਲਾਇਆ ਦੀ ਧਰਤੀ ਬੜੀ ਨਿਰਦਈ ਆ, ਘਟ ਈ ਕੋਈ ਪਰਤਦਾ। ਮੈਂ ਚਲਾ ਜਾਵਾਂ, ਮੇਰੀਆਂ ਤੇ ਪਿੱਛੇ ਕਿੰਨੀਆਂ ਈ ਤੰਦਾਂ, ਵਹੁਟੀ ਆ, ਧੀ ਆ। ਗਹਿਣੇ ਪਈ ਜ਼ਮੀਨ ਛੁਡਾਉਣ ਜੋਗੀ ਰਕਮ ਕਮਾਂਦਿਆਂ ਸਾਰ ਹੀ ਪਰਤ ਆਊਂ।‘‘
ਜਦੋਂ ਉਹ ਮਲਾਇਆ ਪੁਜਿਆ ਸੀ, ਤਾਂ ਉਹਦਾ ਖਿਆਲ ਸੀ ਕਿ ਘੁੱਟੋ-ਵੱਟੀ ਰਹਿ ਕੇ ਤੇ ਲਹੂ ਪਾਣੀ ਇਕ ਕਰ ਕੇ ਅੱਠ ਨੌਂ ਮਹੀਨਿਆਂ ਵਿੱਚ ਉਹ ਏਨੀ ਕੁ ਰਕਮ ਪਿਛਾਂਹ ਘੱਲ ਲਏਗਾ। ਪਰ ਇੱਥੇ ਪੁਜਦਿਆਂ ਹੀ ਠੂਹ ਠਾਹ ਸ਼ੁਰੂ ਹੋ ਗਈ, ਤੇ ਜਪਾਨੀਆਂ ਨੇ ਦਿਨਾਂ ਵਿੱਚ ਹੀ ਸਾਰੇ ਮਲਾਇਆ ਦਾ ਰਾਜ ਸੰਭਾਲ ਲਿਆ। ਭੰਬੱਤ੍ਰਿਆ ਮਤਾਬ ਦੀਨ ਬੜੇ ਦਿਨ ਠੂਹ ਠਾਹ ਵਿੱਚ ਆਪਣਾ ਸਿਰ ਲੁਕਾਂਦਾ ਰਿਹਾ, ਪਰ ਅਖੀਰ ਇੱਕ ਦਿਨ ਇੱਕ ਜਪਾਨੀ ਸਿਪਾਹੀ ਨੇ ‘ਖੁਰੇ ਖੁਰੇ‘ ਕਰ ਕੇ ਉਹਨੂੰ ਫੜ ਲਿਆ ਤੇ ਕਿਤੇ ਰੇਲ ਦੀ ਪਟੜੀ ਬਣਾਨ ‘ਤੇ ਵਗਾਰੀ ਲਾ ਦਿੱਤਾ।
ਰੱਬ ਰੱਬ ਕਰਕੇ ਜਪਾਨੀਆਂ ਦਾ ਕਾਲਾ ਨਰਕ ਲੰਘਿਆ ਤੇ ਮਤਾਬ ਦੀਨ ਤਿੰਨ ਡਾਲੇ ਦਿਹਾੜੀ ਤੇ ਟੀਨ ਦੇ ਖੱਡੇ ਪੁਟਣ ਤੇ ਹੋ ਗਿਆ। ਸ਼ਾਮੀਂ ਉਹ ਇੱਕ ਮਾਲ ਡੰਗਰ ਵਾਲੇ ਲਈ ਪੱਠੇ ਵਢ ਦੇਂਦਾ, ਤੇ ਇਹਦੇ ਬਦਲੇ ਉਹਨੂੰ ਕੁਝ ਦੁਧ ਮਿਲ ਜਾਂਦਾ। ਦੁੱਧ ਬੜਾ ਮਹਿੰਗਾ ਸੀ, ਸੋ ਮਤਾਬ ਇਹ ਵੇਚ ਕੇ ਵੀ ਕੁਝ ਪੈਸੇ ਕਮਾ ਲੈਂਦਾ। ਜਪਾਨੀਆਂ ਦੇ ਵੇਲੇ ਤੇ ਉਹਦੇ ਪਿਛੋਂ ਦੀ ਹਡਭੰਨਵੀਂ ਮਿਹਨਤ ਨੇ ਉਹਨੂੰ ਪੰਜਾਂ ਵਰ੍ਹਿਆਂ ਵਿਚ ਹੀ ਬੁੱਢਿਆਂ ਕਰ ਦਿੱਤਾ ਸੀ। ਉਹਦੀਆਂ ਗੱਲ੍ਹਾਂ ਵਿਚ ਟੋਏ ਪੈ ਗਏ ਸਨ, ਤੇ ਅੱਖਾਂ ਥੱਲੇ ਕਾਲੀਆਂ ਝੁਰੜੀਆਂ ਆ ਗਈਆਂ ਸਨ। ਪਹਿਲਾਂ ਤਾਂ ਜਾਪਦਾ ਸੀ ਨਿਰੀ ਪੇਟ-ਚਟਾਈ ਹੀ ਹੁੰਦੀ ਜਾਏਗੀ, ਪਰ ਅਖੀਰ ਉਹਨੇ ਕਰਜ਼ਾ ਲਾਹ ਹੀ ਲਿਆ।
ਸੰਤ ਸਿੰਘ ਨੂੰ ਬੜੇ ਮਾਣ ਨਾਲ ਉਹਨੇ ਦੱਸਿਆ ਸੀ, ‘‘ਰੱਬ ਨੇ ਭਲਾ ਕੀਤਾ, ਮੈਂ ਗਹਿਣੇ ਪਈ ਜ਼ਮੀਨ ਛੁਡਾ ਲਈ ਆ ਤੇ ਸੁਣਿਆਂ ਵਰਾਨ ਜ਼ਮੀਨ ਵੀ ਹੁਣ ਵਾਹਵਾ ਹੋ ਗਈ ਆ-ਦਰਿਆ ਹਟ ਗਿਆ ਆ। ਜਾ ਕੇ ਦੋ ਦੇਗਾਂ ਚੌਲਾਂ ਦੀਆਂ ਬਰਾਦਰੀ ਨੂੰ ਖੁਆ ਦਊਂ..... ਕਹਿੰਦੇ ਆ ਦੇਸ ਚੌਲਾਂ ਨੂੰ ਅੱਗ ਲੱਗੀ ਹੋਈ ਆ, ਪਰ ਇਹ ਸੱਧਰ ਜ਼ਰੂਰ ਲਾਹੁਣੀ ਆ।‘‘
ਮਤਾਬ ਹੁਣ ਕਿਸੇ ਤਰ੍ਹਾਂ ਵੀ ਦੇਸ਼ ਅਪੜਨਾ ਚਾਂਹਦਾ ਸੀ, ਸਮੁੰਦਰ ਚੀਰ ਕੇ, ਪਰ ਉਹਨੂੰ ਇਥੇ ਰਕੁਣਾ ਪੈ ਰਿਹਾ ਸੀ, ਕਿਉਂਕਿ ਉਹ ਤੀਣੇ ਮੁੱਲੋਂ ਟਿਕਟ ਨਹੀਂ ਸੀ ਖਰੀਦ ਸਕਦਾ। ਉਹਦੀ ਆਸ ਹੁਣ ਖੁਸਦੀ ਜਾਂਦੀ ਸੀ। ਦੋ ਦੇਗ਼ਾਂ ਚੌਲਾਂ ਲਈ ਪੈਸੇ ਤਾਂ ਇਕ ਬੰਨੇ, ਜਹਾਜ਼ ਤੇ ਗੱਡੀ ਦੇ ਭਾੜੇ ਦੀ ਰਕਮ ਵੀ ਖੁਰਨ ਲੱਗ ਪਈ ਸੀ।
ਇਕ ਦਿਨ ਸੰਤ ਸਿੰਘ ਬਜ਼ਾਰੋਂ ਜੇਬ ਕਟਾ ਆਇਆ, ਵੀਹ ਕੁ ਡਾਲੇ ਇੰਜ ਮੁੱਕ ਗਏ। ਦੋਹਾਂ ਨੂੰ ਜਾਪਿਆ ਜਿਵੇਂ ਉਨ੍ਹਾਂ ਦਾ ਲੱਕ ਟੁੱਟ ਗਿਆ ਹੋਵੇ।
ਦੋਹਾਂ ਨੇ ਰਿਕਸ਼ਾ ਗੱਡੀਆਂ ਕਿਰਾਏ ਤੇ ਲੈ ਕੇ ਵਾਹਣੀਆਂ ਸ਼ੁਰੂ ਕਰ ਦਿੱਤੀਆਂ। ਪੰਜ ਪੰਜ ਡਾਲੇ ਕਿਰਾਏ ਦੇ ਰੋਜ਼ ਦੇਣੇ ਪੈਂਦੇ ਸਨ। ਜੋ ਬਚ ਜਾਂਦਾ, ਉਹ ਦੋਵੇਂ ਜੋੜ ਕੇ ਰੱਖ ਲੈਂਦੇ। ਦੋਹਾਂ ਲਈ ਇਹ ਕੰਮ ਨਵਾਂ ਸੀ, ਤੇ ਨਾਲੇ ਲੰਗਰੋਂ ਸੁੱਕਾ ਅੰਨ ਖਾ ਕੇ ਇਹ ਕੰਮ ਹੋਰ ਵੀ ਔਖਾ ਹੋ ਜਾਂਦਾ ਸੀ। ਪਰ ਏਸ ਤੌਖ਼ਲੇ ਵਿਚ ਕਿ ਕਿਤੇ ਠੀਕ ਭਾਅ ਤੇ ਮਿਲਦੀ ਟਿਕਟ ਖ਼ਰੀਦਣ ਜੋਗੇ ਪੈਸੇ ਵੀ ਉਨ੍ਹਾਂ ਕੋਲ ਨਾ ਬਚਣ, ਉਨ੍ਹਾਂ ਕੁਝ ਵੀ ਆਪਣੇ ਖਾਣ ਪੀਣ ‘ਤੇ ਨਾ ਖਰਚਿਆ।
ਜਦੋਂ ਰਿਕਸ਼ਾ ਖੜ੍ਹੀ ਕਰ ਕੇ ਉਹ ਕਿਧਰੇ ਆਪਣਾ ਮੁੜ੍ਹਕਾ ਪੂੰਝ ਰਹੇ ਹੁੰਦੇ ਤੇ ਕੋਲੋਂ ਕੋਈ ਖਾਣ ਵਾਲੀ ਚੀਜ਼ ਵੇਚਦਾ ਲੰਘਦਾ ਤਾਂ ਉਹ ਤਕਦੇ ਰਹਿੰਦੇ, ਭੁੱਖ ਉਨ੍ਹਾਂ ਦੀਆਂ ਆਂਦਰਾਂ ਵਲੂੰਧਰਦੀ ਤੇ ਉਹ ਤਕਦੇ ਰਹਿੰਦੇ।
ਕਦੇ ਸੰਤ ਸਿੰਘ ਕਹਿੰਦਾ, ‘‘ਦੇਸ ਦੇ ਆਟੇ ਦੀ ਕੀ ਰੀਸ ਆ! ਨਿਰੀ ਰੋਟੀ ਈ ਨਹੀਂ ਮਾਣ। ਏਨੇ ਸਾਲਾਂ ਤੋਂ ਨਰੋਈ ਘੋਨੀ ਕਣਕ ਸੁਪਨੇ ਵਿਚ ਵੀ ਨਹੀਂ ਚਖੀ-ਇਹ ਅਸਟਰੇਲੀਆ ਦੀ ਖੇਹ ਈ ਖਾਂਦੇ ਰਹੇ ਆਂ।‘‘
ਕਦੇ ਕੋਲੋਂ ਅਮਰੀਕਾ ਤੋਂ ਆਏ ਮਾਲਟਿਆਂ ਨਾਲ ਲੱਦੀਆਂ ਰੇੜ੍ਹੀਆਂ ਲੰਘਦੀਆਂ। ਮਤਾਬ ਆਖਦਾ, ‘‘ਦੇਸ ਦੇ ਅੰਬਾਂ ਵਰਗਾ ਸਾਰੇ ਜਹਾਨ ਤੇ ਕੋਈ ਮੇਵਾ ਨਹੀਂ।‘‘
ਕੁਝ ਪਲਾਂ ਲਈ ਰਿਕਸ਼ਾ ਅਲੋਪ ਹੋ ਜਾਂਦੀ। ਉਹ ਅੰਬਾਂ ਦੇ ਬਾਗ ਵਿਚ ਸਨ-ਕੋਇਲਾਂ ਕੂਕ ਰਹੀਆਂ ਹਨ, ਚੁੱਲ੍ਹੇ ਕੋਲ ਬੈਠਿਆਂ ਨੂੰ ਮਾਂ ਘੋਨੀ ਕਣਕ ਦੀ ਰੋਟੀ ਵਿਚ ਚੋਂਘੇ ਪਾ ਕੇ ਦੇ ਰਹੀ ਸੀ...
‘‘ਰਿਕਸ਼ਾ...ਹੇ ਰਿਕਸ਼ਾ, ਦੋ ਸਵਾਰੀਆਂ, ਸਮਾਨ ਵੀ ਹੈ।‘‘
ਤੇ ਰਿਕਸ਼ਾ ਫੇਰ ਉਲਰ ਪੈਂਦੀ; ਮੋਟਰਾਂ, ਟਰਾਮਾਂ, ਬੱਸਾਂ ਦੀ ਭੀੜ ਚੀਰਦੇ ਉਹ ਦਗੜ ਦਗੜ ਕਰਨ ਲੱਗ ਪੈਂਦੇ।
ਦੇਸ ਤੋਂ ਆਏ ਜਹਾਜ਼ ਵਿਚੋਂ ਸਵਾਰੀਆਂ ਉਤਰ ਰਹੀਆਂ ਸਨ। ਦੋ ਆਦਮੀਆਂ ਤੇ ਇਕ ਬੱਚੇ ਨੂੰ ਆਪਣੀ ਰਿਕਸ਼ਾ ਵਿਚ ਮਤਾਬ ਨੇ ਬਹਾਇਆ। ਮਤਾਬ ਨੇ ਸੁਣਿਆ, ਸੁਹਣਾ ਜਿਹਾ ਬੱਚਾ ਆਖ ਰਿਹਾ ਸੀ:
‘‘ਬਾਪੂ, ਇਥੇ ਮੁਸਲਮਾਨ ਤਾਂ ਨਹੀਂ ਹੋਣੇ! ਉਨ੍ਹਾਂ ਮੇਰੇ ਵਰਗੇ ਬੱਚਿਆਂ ਨੂੰ ਵੀ ਨਹੀਂ ਛੱਡਿਆ!‘‘ ਤੇ ਬੱਚਾ ਅਚਾਨਕ ਰੋਣ ਲੱਗ ਪਿਆ ਸੀ।
ਸੰਤ ਸਿੰਘ ਦੀ ਰਿਕਸ਼ਾ ਵਿਚ ਬਹਿਣੋਂ ਜਹਾਜ਼ੋਂ ਉਤਰੀਆਂ ਦੋ ਮੁਸਲਮਾਨ ਸਵਾਰੀਆਂ ਨੇ ਨਾਂਹ ਕਰ ਦਿੱਤੀ। ਉਹ ਹਾਲੀਂ ਬਹੁਤੀ ਦੂਰ ਨਹੀਂ ਸੀ ਗਿਆ ਕਿ ਉਹਨੇ ਉਨ੍ਹਾਂ ਵਿਚੋਂ ਇਕ ਨੂੰ ਗੱਲ ਕਰਦਿਆਂ ਸੁਣਿਆ, ‘‘ਸਿੱਖ ਜਾਂ ਹਿੰਦੂ ਨੂੰ ਪੈਸੇ ਖਟਾਣਾ ਹਰਾਮ ਏ-ਇਨ੍ਹਾਂ ਕਲਕੱਤੇ ਵਿਚ ਸਾਡੇ ਹਜ਼ਾਰਾਂ ਭਰਾ ਮਾਰੇ ਨੇ।‘‘ ਤੇ ਉਹ ਦੋਵੇਂ ਇਕ ਚੀਨੇ ਦੀ ਰਿਕਸ਼ੇ ਉਤੇ ਬਹਿ ਗਏ ਸਨ।
ਰਾਤ ਨੂੰ ਸੰਤ ਸਿੰਘ ਤੇ ਮਤਾਬ ਦਿਨੇ ਸੁਣੀਆਂ ਆਪਸ ਵਿਚ ਕਰ ਰਹੇ ਸਨ ਕਿ ਏਨੇ ਨੂੰ ਕੋਲੋਂ ਦੋ ਸਿੱਖ ਲੰਘੇ। ਇਹ ਅੱਜ ਹੀ ਜਹਾਜ਼ ਤੋਂ ਉਤਰ ਕੇ ਗੁਰਦੁਆਰੇ ਆਏ ਸਨ। ਇਨ੍ਹਾਂ ਸੰਤ ਸਿੰਘ ਨੂੰ ਆਪਣੇ ਕੋਲ ਬੁਲਾਇਆ, ਤੇ ਉਹਦੇ ਨਾਲ ਗੱਲਾਂ ਕਰਦੇ ਰਹੇ। ਸੰਤ ਸਿੰਘ ਜਦੋਂ ਫੇਰ ਮਤਾਬ ਕੋਲ ਆਇਆ ਤਾਂ ਉਹਦਾ ਮੂੰਹ ਬੜਾ ਉਤਰਿਆ ਹੋਇਆ ਸੀ।
ਮਤਾਬ ਨੇ ਪੁਛਿਆ, ‘‘ਕੀ ਆਖਦੇ ਸੀ ਉਹ?‘‘
‘‘ਨਹੀਂ, ਕੁਝ ਨਹੀਂ ਐਵੇਂ...।‘‘
‘‘ਕੋਈ ਸੁਰ ਪਤਾ ਦੱਸੇਂ ਵੀ?‘‘
ਸੰਤ ਸਿੰਘ ਨੇ ਮਤਾਬ ਦਾ ਹੱਥ ਘੱਟ ਕੇ ਫੜ ਲਿਆ ਤੇ ਉਹਦੀਆਂ ਅੱਖਾਂ ਵਿਚ ਨਜ਼ਰਾਂ ਗੱਡ ਕੇ ਕਿਹਾ, ‘‘ਕਹਿੰਦੇ ਸੀ ਤੂੰ ਮੁਸਲਮਾਨ ਆਂ!‘‘
ਮਤਾਬ ਨੇ ਹੈਰਾਨ ਹੋ ਕੇ ਕਿਹਾ, ‘‘ਤੇ ਫੇਰ ਕੀ? ਇਹ ਕੋਈ ਨਵੀਂ ਗੱਲ ਆ!‘‘
‘‘ਕਹਿੰਦੇ ਸੀ, ਮੁਸਲਮਾਨ ਸੱਪ ਆ ਸੱਪ! ਲੱਖ ਦੁੱਧ ਪਿਆਓ, ਡੰਗ ਈ ਮਾਰੂ!‘‘
ਮਤਾਬ ਪੱਥਰ ਵਾਂਗ ਅਡੋਲ ਹੋਇਆ ਮੂੰਹ ਨੀਵਾਂ ਪਾਈ ਬੈਠਾ ਰਿਹਾ।
ਸੰਤ ਸਿੰਘ ਉਹਦੇ ਹੋਰ ਨੇੜੇ ਢੁਕ ਗਿਆ, ‘‘ਕਮਲਿਆ! ਇਹ ਉਨ੍ਹਾਂ ਦੀਆਂ ਗੱਲਾਂ ਸਨ, ਤੂੰ ਪੁੱਛੀਆਂ ਤੇ ਮੈਂ ਦੱਸੀਆਂ। ਮੇਰੇ ਮਨ ਤਾਂ ਇਹ ਉਕਾ ਨਹੀਂ ਲੱਗਦੀਆਂ। ਇਹ ਐਵੇਂ ਹਲਕ ਕੁੱਦਿਆ ਲੋਕਾਂ ਨੂੰ, ਫਿਟਣੀਆਂ ਦੇ ਫੇਟ ਤਾਂ ਗੋਰੇ ਆ ਗੋਰੇ।‘‘
ਅਛੋਪਲੇ ਹੀ ਸੰਤ ਸਿੰਘ ਦੀ ਧੀ ਬਚਨੋ ਮਤਾਬ ਦੀ ਝੋਲੀ ਵਿਚ ਆਣ ਬੈਠੀ, ‘‘ਚਾਚਾ ਅਜ ਕਬੂਤਰਾਂ ਨੂੰ ਟੁੱਕਰ ਨਹੀਂ ਪਾਣਾ? -ਵਿਚਾਰੇ ਕਦ ਦੇ ਉਡੀਕਦੇ ਆ।‘‘
ਮਤਾਬ ਨੇ ਬਚਨੋ ਨੂੰ ਘੁਟ ਕੇ ਗਲੇ ਨਾਲ ਲਾ ਲਿਆ।
‘‘ਚਾਚਾ, ਤੂੰ ਰੋਂਦਾ ਪਿਆ ਏਂ, ਤੇਰੀਆਂ ਅੱਖਾਂ ਗਿੱਲੀਆਂ ਨੇ!‘‘
‘‘ਕਬੂਤਰੀਏ-ਮੈਂ ਕਾਹਨੂੰ ਰੋਣਾਂ‘‘, ਆਖ ਮਤਾਬ ਨੇ ਉਹਨੂੰ ਹੋਰ ਘੁਟ ਲਿਆ। ਬਚਨੋ ਨੇ ਆਪਣੀਆਂ ਬਾਲੜੀਆਂ ਬਾਹਵਾਂ ਉਹਦੇ ਗਲ ਦੁਆਲੇ ਵਲ ਲਈਆਂ।
ਸੰਤ ਸਿੰਘ ਦੀ ਤਕਣੀ ਵਿਚ ਇਕ ਮੋਹ ਭਰਿਆ ਨਿੱਘ ਘੁਲਿਆ ਹੋਇਆ ਸੀ।
ਅਖੀਰ ਪੂਰੇ ਦੋ ਮਹੀਨਿਆਂ ਮਗਰੋਂ ਮਤਾਬ ਤੇ ਸੰਤ ਸਿੰਘ ਦੇ ਟੱਬਰ ਨੂੰ ਜਹਾਜ਼ ਦੀਆਂ ਟਿਕਟਾਂ ਮਿਲ ਗਈਆਂ। ਐਤਕੀਂ ਗੁਰਦੁਆਰੇ ਵਿਚ ਠਹਿਰਿਆਂ ਸਭਨਾਂ ਨੂੰ ਹੀ ਟਿਕਟਾਂ ਮਿਲ ਗਈਆਂ ਸਨ। ਪਰਸੋਂ ਨੂੰ ਜਹਾਜ਼ ਤੁਰ ਰਿਹਾ ਸੀ।
ਦੋਵੇਂ ਰਿਕਸ਼ਾ ਮੋੜ ਕੇ, ਜਿੰਨੇ ਪੈਸੇ ਉਨ੍ਹਾਂ ਅੱਜ ਤੱਕ ਜੋੜੇ ਸਨ ਗਿਣਨ ਲਗੇ। ਹਿਸਾਬ ਲਾ ਕੇ ਉਨ੍ਹਾਂ ਨੂੰ ਬੜੀ ਖੁਸ਼ੀ ਹੋਈ, ਕਿਉਂਕਿ ਲੋੜੀਂਦੇ ਖ਼ਰਚ ਤੋਂ ਵਧ ਵੀ ਉਨ੍ਹਾਂ ਕੋਲ ਕੁਝ ਬਚਦਾ ਸੀ। ਬਚਨੋ ਨੂੰ ਲੈ ਕੇ ਦੋਵੇਂ ਬਾਜ਼ਾਰ ਚਲੇ ਗਏ। ਸੰਤ ਸਿੰਘ ਨੇ ਬਚਨੋ ਲਈ ਬੜੀ ਸੁਹਣੀ ਰਬੜ ਦੀ ਜੁੱਤੀ ਖਰੀਦੀ, ਤੇ ਆਪਣੀ ਵਹੁਟੀ ਦੀ ਸੁੱਥਣ ਲਈ ਇਕ ਚੀਨੀ ਰੇਸ਼ਮ ਦਾ ਟੋਟਾ। ਮਤਾਬ ਨੇ ਵੀ ਆਪਣੀ ਵਹੁਟੀ ਲਈ ਅਜਿਹਾ ਈ ਟੋਟਾ ਖਰੀਦ ਲਿਆ। ਆਪਣੀ ਧੀ ਤਾਜੋ ਲਈ-ਉਹਨੇ ਬਚਨੋ ਦੇ ਮਾਪ ਦੀ ਰਬੜ ਦੀ ਜੁਤੀ ਖ਼ਰੀਦ ਲਈ, ਦੋਵੇਂ ਹਾਣ ਦੀਆਂ ਸਨ।
ਸਮੁੰਦਰ ਅੱਜ ਕਲ ਬੜਾ ਤੁਫ਼ਾਨੀ ਹੋਇਆ ਹੋਇਆ ਸੀ। ਜਹਾਜ਼ ਵਿਚ ਡੈੱਕ ਦੇ ਮੁਸਾਫ਼ਰ ਤਾਂ ਬਹੁਤ ਹੀ ਤਕਲੀਫ਼ ਵਿਚ ਸਨ। ਜਹਾਜ਼ ਨੇ ਦੂਜੇ ਦਿਨ ਤੋਂ ਹੀ ਬੜਾ ਡੋਲਣਾ ਸ਼ੁਰੂ ਕਰ ਦਿੱਤਾ। ਸਮੁੰਦਰ ਵਿਚ ਏਡੀ-ਏਡੀ ਛਲ ਉਠਦੀ ਕਿ ਜਹਾਜ਼ ਤੋਂ ਆਰ ਪਾਰ ਲੰਘ ਜਾਂਦੀ।
ਤੀਜੇ ਦਿਨ ਬਚਨੋ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸੰਤ ਸਿੰਘ ਤੇ ਉਹਦੀ ਵਹੁਟੀ ਦਾ ਜੀਅ ਦੂਜੇ ਦਿਨ ਤੋਂ ਹੀ ਬਹੁਤ ਕੱਚਾ ਹੋਣ ਲੱਗ ਪਿਆ ਸੀ। ਸਿਰਫ਼ ਮਤਾਬ ਨੇ ਈ ਸੁਰਤ ਸੰਭਾਲੀ ਰੱਖੀ ਸੀ ਤੇ ਉਹੀ ਬਚਨੋ ਨੂੰ ਕੁਛੜ ਲਈ ਬੈਠਾ ਰਹਿੰਦਾ, ਛੱਲਾਂ ਦੀ ਮਾਰ ਤੋਂ ਬਚਾਂਦਾ ਤੇ ਜਦੋਂ ਉਹ ਉਲਟੀ ਕਰਦੀ ਤਾਂ ਉਹਨੂੰ ਕੁਰਲੀ ਕਰਾ ਕੇ ਉਹਦਾ ਮੂੰਹ ਧੋਂਦਾ।
ਕੁਛੜ ਵਿਚ ਬੇਸੁਰਤ ਲੇਟੀ ਬਚਨੋ ਉਹਨੂੰ ਕਈ ਵਾਰ ਤਾਜੋ ਜਾਪਣ ਲੱਗ ਪੈਂਦੀ। ‘ਕਬੂਤਰੀ‘ ਉਹ ਆਪਣੀ ਨਿੱਕੀ ਜਿਹੀ ਤਾਜੋ ਨੂੰ ਲਾਡ ਨਾਲ ਕਹਿੰਦਾ ਹੁੰਦਾ ਸੀ, ਤੇ ਹੁਣ ਤੇ ਉਹ ਵੀ ਸੁਖ ਨਾਲ ਬਚਨੋ ਜਿਡੀ ਹੋ ਗਈ ਹੋਵੇਗੀ। ਜਦੋਂ ਉਹ ਦੇਸੋਂ ਆਇਆ ਸੀ, ਉਦੋਂ ਦੀ ਤੇ ਉਹਨੂੰ ਕੋਈ ਸੰਭਾਲ ਨਹੀਂ ਹੋਣ ਲੱਗੀ! ਹੁਣ ਜਦੋਂ ਉਹ ਉਹਦੇ ਨਿੱਕੇ ਗੋਰੇ ਪੈਰਾਂ ਵਿਚ-ਉਹਦਾ ਰੰਗ ਆਪਣੀ ਮਾਂ ਤੇ ਸੀ-ਰਬੜ ਦੀਆਂ ਜੁਤੀਆਂ ਪੁਆਏਗਾ, ਤਾਂ ਉਹ ਮਾਣ ਨਾਲ ਸਾਰੇ ਪਿੰਡ ਦੇ ਨਿਆਣਿਆਂ ਨੂੰ ਤਕਾਂਦੀ ਫਿਰੇਗੀ। ਪਰ ਉਹ ਉਹਨੂੰ ਦੱਸੇਗੀ, ‘‘ਤਾਜੀਏ, ਤੇਰਾ ਅੱਬਾ ਈ!‘‘ ਤੇ ਉਹਦੀ ਮਾਂ ਚੀਨੀ ਰੇਸ਼ਮ ਦੀ ਸੁੱਥਣ ਪਾ ਕੇ ਕਿੰਨੀ ਖੁਸ਼ ਹੋਏਗੀ! ਕਿਡੀ ਕੂਲੀ ਸੁੱਥਣ! ਜਦੋਂ ਉਹ ਆਇਆ ਸੀ ਤਾਂ ਉਹਨੇ ਅੱਥਰੂਆਂ ਵਿਚੋਂ ਤਕਦਿਆਂ ਉਹਨੂੰ ਕਿਹਾ ਸੀ, ‘‘ਵੇਖਣਾ ਕਿਤੇ ਓਥੋਂ ਦੇ ਹੀ ਨਾ ਹੋ ਜਾਣਾ। ਤੁਹਾਨੂੰ ਮੇਰੀ ਕਸਮ, ਤਾਜੋ ਦੀ ਕਸਮ।‘‘ ਤੇ ਹੁਣ ਉਹ ਉਹਦੇ ਕੋਲ ਜਾ ਰਿਹਾ ਸੀ ਤੇ ਉਹ ਉਹਦੀ ਕਸਮ ਤੇ ਪੱਕਾ ਰਿਹਾ ਸੀ। ਉਹ ਤੇ ਪਹਿਲੀਆਂ ਵਾਂਗ ਹਾਲੀ ਮੁਟਿਆਰ ਈ ਹੋਏਗੀ, ਉਹਦੀਆਂ ਅੱਖਾਂ ਵਿਚ ਸੁਰਮਾ ਓਨਾ ਹੀ ਕਾਲਾ ਹੋਏਗਾ, ਤੇ ਪਿੰਡਾ ਓਨਾ ਈ ਗੋਰਾ! ਅਚੇਤ ਹੀ ਉਹਨੇ ਆਪਣੇ ਝੁਰੜੇ ਮੂੰਹ ਤੇ ਉਂਗਲਾਂ ਫੇਰੀਆਂ , ਅਣਮੁੰਨੀ ਦਾੜ੍ਹੀ ਰੜਕੀ, ਅੱਖਾਂ ਥੱਲੇ ਕਾਲਖ਼ ਦੀਆਂ ਛਾੲ੍ਹੀਆਂ ਕੁਝ ਗਰਮ ਜਿਹੀਆਂ ਹੋ ਗਈਆਂ ਜਾਪੀਆਂ...
ਇਕ ਬੜੀ ਵੱਡੀ ਛੱਲ ਸਮੁੰਦਰ ਵਿਚੋਂ ਉਠ ਕੇ ਸਾਰੇ ਡੈੱਕ ਵਿਚ ਖਿੱਲਰ ਗਈ ਸੀ।
ਤੂਫ਼ਾਨਾਂ ਕਰ ਕੇ ਜਹਾਜ਼ ਦੋ ਦਿਨ ਪਛੜ ਕੇ ਕਲਕੱਤੇ ਲਗਿਆ। ਇਥੇ ਫ਼ਸਾਦਾਂ ਦਾ ਜ਼ੋਰ ਸੀ। ਸੰਤ ਸਿੰਘ, ਉਹਦਾ ਟੱਬਰ, ਤੇ ਮਤਾਬ ਰਾਤ ਨੂੰ ਈ ਗੱਡੀ ਚੜ੍ਹ ਗਏ।
ਗੱਡੀ ਵਿਚ ਵੀ ਸਫ਼ਰ ਜਹਾਜ਼ ਜਿੰਨਾ ਹੀ ਔਖਾ ਸੀ, ਪੰਧ ਵੀ ਓਨਾ ਈ ਸੀ, ਪਰ ਹੁਣ ਉਨ੍ਹਾਂ ਨੂੰ ਕੋਈ ਏਡਾ ਤੌਖ਼ਲਾ ਨਹੀਂ ਸੀ-ਉਹ ਆਪਣੇ ਦੇਸ ਦੀ ਧਰਤੀ ਤੇ ਜੁ ਸਨ। ਰਾਹ ਵਿਚ ਉਨ੍ਹਾਂ ਕੁਝ ਅੰਬ ਖ਼ਰੀਦੇ। ਕੁਝ ਉਨ੍ਹਾਂ ਖਾ ਲਏ ਤੇ ਕੁਝ ਆਪੋ ਆਪਣੀ ਘਰੀਂ ਸੁਗਾਤ ਵਜੋਂ ਲਿਜਾਣ ਲਈ ਬੰਨ੍ਹ ਲਏ।
ਬਚਨੋ ਮਲਾਇਆ ਵਿਚ ਹੀ ਜੰਮੀ ਸੀ, ਤੇ ਪਹਿਲੀ ਵਾਰ ਦੇਸ ਆਈ ਸੀ। ਉਹਨੇ ਅੱਜ ਅੰਬ ਪਹਿਲੀ ਵਾਰ ਚੱਖਿਆ ਸੀ, ਉਹਨੂੰ ਇਹ ਬੜਾ ਹੀ ਸੁਆਦ ਲਗਿਆ। ਉਹਨੇ ਮਤਾਬ ਨੂੰ ਕਿਹਾ, ‘‘ਚਾਚਾ, ਸਾਡਾ ਦੇਸ ਬੜਾ ਈ ਚੰਗਾ ਏ, ਓਨਾ ਈਓਂ ਚੰਗਾ ਜਿੰਨਾ ਤੂੰ ਕਹਿੰਦਾ ਸੀ।‘‘
ਮਤਾਬ ਨੇ ਉਹਨੂੰ ਚੁੰਮ ਲਿਆ। ਉਹਦੇ ਮੂੰਹ ਵਿਚੋਂ ਅੰਬ ਦੀ ਵਾਸ਼ਨਾ ਆ ਰਹੀ ਸੀ। ਮਤਾਬ ਨੂੰ ਇਹ ਸੋਚ ਕੇ ਅਜੀਬ ਸੁਖ ਹੋਇਆ ਕਿ ਤਾਜੋ ਨੂੰ ਵੀ ਇਹ ਏਨਾ ਈ ਚੰਗਾ ਲਗੇਗਾ, ਤੇ ਉਹਦੀ ਮਾਂ ਨੂੰ ਵੀ, ਤੇ ਉਨ੍ਹਾਂ ਦੇ ਮੂੰਹਾਂ ਵਿਚੋਂ ਵੀ ਇੰਜ ਦੀ ਵਾਸ਼ਨਾ ਆਏਗੀ....
ਅਖ਼ੀਰ ਗੱਡੀ ਏØਡਾ ਪੰਧ ਚੀਰ ਕੇ ਓਸ ਸਟੇਸ਼ਨ ‘ਤੇ ਪੁਜ ਗਈ ਜਿਥੇ ਮਤਾਬ ਤੇ ਸੰਤ ਸਿੰਘ ਦੇ ਉਤਰਨਾ ਸੀ। ਸਟੇਸ਼ਨ ਤੇ ਅਜੀਬ ਘੁਟੀ ਘੁਟੀ ਫ਼ਿਜ਼ਾ ਸੀ। ਸਿੱਖ ਤੇ ਹਿੰਦੂ ਸਵਾਰੀਆਂ ਦੀਆਂ ਟੋਲੀਆਂ ਵੱਖ ਬੈਠੀਆਂ ਹੋਈਆਂ ਸਨ, ਮੁਸਲਮਾਨ ਸਵਾਰੀਆਂ ਦੀਆਂ ਵੱਖ। ਬੜੇ ਪੁਲਸੀਏ ਇਧਰ ਉਧਰ ਫਿਰ ਰਹੇ ਸਨ। ਮਤਾਬ ਤੇ ਸੰਤ ਸਿੰਘ ਨੇ ਅੱਗੇ ਕਦੇ ਸਟੇਸ਼ਨ ਤੇ ਏਨੀ ਪੁਲਿਸ ਨਹੀਂ ਸੀ ਵੇਖੀ, ਤੇ ਉਨ੍ਹਾਂ ਤਕਿਆ ਕਿ ਭੀਖ ਮੰਗਦੇ ਫ਼ਕੀਰ ਮੰਗਣ ਤੋਂ ਪਹਿਲਾਂ ਟੀਰੀ ਅੱਖ ਨਾਲ ਜਾਂਚ ਲੈਂਦੇ ਸਨ ਕਿ ਕਿਤੇ ਉਹ ਗ਼ੈਰ-ਮਜ਼ਹਬ ਵਾਲੇ ਕੋਲੋਂ ਤਾਂ ਨਹੀਂ ਸਨ ਮੰਗ ਰਹੇ।
ਸਟੇਸ਼ਨੋਂ ਬਾਹਰ ਨਿਕਲ ਕੇ ਸੰਤ ਸਿੰਘ ਨੇ ਇਕ ਟਾਂਗੇ ਵਾਲੇ ਨੂੰ ਬੁਲਾਇਆ। ਇਕ ਸਿੱਖ ਟਾਂਗੇ ਵਾਲਾ ਆ ਗਿਆ।
‘‘ਭਾਈ, ਮੋਟਰਾਂ ਦੇ ਅੱਡੇ ਤੇ ਚਲਣਾਂ। ਤਿੰਨ ਸਵਾਰੀਆਂ ਤੇ ਇਕ ਬਾਲ ਊ। ਕੀ ਲਵੇਂਗਾ?‘‘
ਟਾਂਗੇ ਵਾਲੇ ਨੇ ਮਤਾਬ ਵਲ ਇਸ਼ਾਰਾ ਕਰ ਕੇ ਪੁਛਿਆ, ‘‘ਇਹ ਮੁਸਲਮਾਨ ਆ?‘‘
‘‘ਹਾਂ‘‘, ਹੈਰਾਨ ਸੰਤ ਸਿੰਘ ਨੇ ਹੁੰਗਾਰਾ ਭਰਿਆ।
‘‘ਇਹਨੂੰ ਇਸ ਟਾਂਗੇ ਵਿਚ ਨਾ ਬਿਠਾਓ। ਜਿਧਰੋਂ ਮੈਂ ਜਾਣਾ ਏਂ, ਉਧਰੋਂ ਇਹਦੇ ਲਈ ਚੰਗਾ ਨਹੀਂ। ਤੁਸੀਂ ਜੰਮ ਜੰਮ ਚਲੋ।‘‘
ਏਨੇ ਨੂੰ ਇਕ ਮੁਸਲਮਾਨ ਟਾਂਗੇ ਵਾਲਾ ਵੀ ਮਤਾਬ ਦੀਨ ਕੋਲ ਆ ਗਿਆ:
‘‘ਮੋਟਰਾਂ ਦੇ ਅੱਡੇ ਜਾਣਾ ਜੇ? ਤੁਸੀਂ ਮੇਰੇ ਨਾਲ ਬਹਿ ਜਾਓ। ਸਰਦਾਰ ਦੇ ਟਾਂਗੇ ਨੇ ਜਿਧਰੋਂ ਲੰਘਣਾ ਏ, ਓਧਰ ਬਹੁਤੇ ਹਿੰਦੂ ਰਹਿੰਦੇ ਨੇ। ਮੈਂ ਮੁਸਲਮਾਨ ਮਹੱਲੇ ਵਿਚੋਂ ਲੰਘਾ ਲਜਾਊਂ। ਭਾਵੇਂ ਇੰਝ ਵਲਾ ਤਾਂ ਪਊ-ਪਰ ਬਚਾਅ ਏਸੇ ਵਿਚ ਈ ਆ।‘‘
ਮਜਬੂਰੀਂ ਦੋਵੇਂ ਵੱਖ ਵੱਖ ਟਾਂਗਿਆਂ ਵਿਚ ਬਹਿ ਗਏ।
ਬਚਨੋ ਆਪਣੇ ਟਾਂਗੇ ਵਿਚ ਰੋਣ ਲੱਗ ਪਈ, ‘‘ਚਾਚਾ, ਤੂੰ ਕਿਥੇ ਚਲਿਐਂ? ਤੂੰ ਤੇ ਕਹਿੰਦਾ ਸੀ, ਤੂੰ ਮੈਨੂੰ ਤਾਜੋ ਕੋਲ ਲੈ ਚਲੇਂਗਾ ਤੇ ਤਾਜੋ ਤੇ ਮੈਂ ਪੱਕੀਆਂ ਸਹੇਲੀਆਂ ਬਣ ਜਾਵਾਂਗੀਆਂ।‘‘
ਸਿੱਖ ਟਾਂਗੇ ਵਾਲੇ ਨੇ ਘੋੜੇ ਨੂੰ ਚਾਬਕ ਮਾਰੀ। ਟਾਂਗਾ ਤੁਰ ਪਿਆ। ਬਚਨੋ ਹਾਲੀ ਵੀ ਮਤਾਬ ਚਾਚੇ ਨੂੰ ਬੁਲਾ ਰਹੀ ਸੀ।
ਭਾਵੇਂ ਮਤਾਬ ਦੇ ਟਾਂਗੇ ਨੂੰ ਵਲਾ ਪਾ ਕੇ ਵੀ ਆਉਣਾ ਪਿਆ ਸੀ। ਪਰ ਉਹ ਸੰਤ ਸਿੰਘ ਦੇ ਟਾਂਗੇ ਨਾਲੋਂ ਪਹਿਲਾਂ ਅੱਡੇ ‘ਤੇ ਪੁਜ ਗਿਆ ਤੇ ਲਾਰੀ ਵਿਚ ਉਨ੍ਹਾਂ ਦੀ ਥਾਂ ਰਖਵਾ ਕੇ ਇਧਰ ਉਧਰ ਫਿਰਨ ਲਗ ਪਿਆ। ਸਾਹਮਣੇ ਹੀ ਇਕ ਆਟੇ ਦਾਣੇ ਦੀ ਦੁਕਾਨ ਸੀ। ਮਤਾਬ ਨੇ ਸੋਚਿਆ ਦੋ ਦੇਗ਼ਾਂ ਚੌਲਾਂ ਦੀਆਂ ਜੁ ਖੁਆਣੀਆਂ ਨੇ, ਭਾ ਹੀ ਪੁਛ ਲਵਾਂ। ਪਰ ਦੁਕਾਨਦਾਰ ਨੇ ਉਹਦੇ ਨਾਲ ਗਲ ਵੀ ਨਾ ਕੀਤੀ, ਸਿਰਫ਼ ਸਿਰ ਹਿਲਾ ਕੇ ਦੱਸ ਦਿੱਤਾ ਕਿ ਚੌਲ ਹੈ ਨਹੀਂ।
ਮਤਾਬ ਫੇਰ ਲਾਰੀ ਵਿਚ ਆ ਬੈਠਾ। ਹੁਣ ਤਾਜੋ ਤੇ ਉਹਦੀ ਮਾਂ ਸਮੁੰਦਰਾਂ ਦੀ ਵਿਥ ਤੇ ਨਹੀਂ ਸਨ। ਉਹਦਾ ਕਰਜ਼ਾ ਲਹਿ ਚੁਕਿਆ ਸੀ। ਹੁਣ ਪਿੰਡ ਵਿਚ ਉਹ ਅੱਗੇ ਨਾਲੋਂ ਬਹੁਤ ਸੁਖੀ ਹੋਣਗੇ। ਦਰਿਆ ਵੀ ਉਨ੍ਹਾਂ ਦੀ ਜ਼ਮੀਨ ਤੋਂ ਲਥ ਗਿਆ ਸੀ, ਜ਼ਮੀਨ ਵਾਹਵਾ ਹੋ ਗਈ ਹੋਊ, ਤੇ ਨਾਲੇ ਲੋਕੀ ਆਖਦੇ ਸਨ ਹੁਣ ਆਜ਼ਾਦੀ ਮਿਲਣ ਵਾਲੀ ਆ, ਫ਼ਰੰਗੀਆਂ ਮਹੀਨੇ ਡੂਢ ਨੂੰ ਤੁਰ ਜਾਣਾਂ.......
ਕਾਫ਼ੀ ਦੇਰ ਹੋ ਗਈ ਸੀ, ਪਰ ਸੰਤ ਸਿੰਘ ਦਾ ਟਾਂਗਾ ਹਾਲੀ ਵੀ ਕਿਧਰੇ ਦਿਖਾਈ ਨਹੀਂ ਸੀ ਦੇ ਰਿਹਾ। ਲਾਰੀ ਵਾਲੇ ਨੇ ਦੱਸਿਆ ਕਿ ਉਹਨੇ ਘੰਟੇ ਨੂੰ ਚਲਣਾ ਹੈ। ਮਤਾਬ ਨੇ ਸੋਚਿਆ, ਕਾਫ਼ੀ ਵਕਤ ਹੈ, ਰਤਾ ਅਗੇਰੇ ਹੋ ਕੇ ਵਡੀ ਸੜਕ ਤਕ ਵੇਖ ਆਵਾਂ।
ਅਗਲੀ ਸੜਕ ਤੇ ਜਾ ਕੇ ਦੂਰ ਮੋੜ ਕੋਲੋਂ ਉਹਨੂੰ ਪਹਿਲਾਂ ਇਕ ਜ਼ੋਰ ਦੇ ਧਮਾਕੇ ਦੀ ਵਾਜ ਆਈ। ਫੇਰ ਓਥੇ ਉਹਨੂੰ ਇਕ ਟਾਂਗਾ ਡਿਗਿਆ ਪਿਆ ਦਿਸਿਆ। ਸੜਕ ਖਾਲੀ ਸੀ। ਉਹ ਓਧਰ ਨੂੰ ਤੇਜ਼-ਤੇਜ਼ ਤੁਰ ਪਿਆ। ਉਹਦਾ ਦਿਲ ਡਰ ਨਾਲ ਜੰਮ ਗਿਆ ਸੀ।
ਕੋਲ ਪੁਜ ਕੇ ਉਹਨੇ ਤਕਿਆ, ਸੰਤ ਸਿੰਘ ਤੇ ਉਹਦੀ ਵਹੁਟੀ ਦੀਆਂ ਲਾਸ਼ਾਂ ਭੈੜੀ ਤਰ੍ਹਾਂ ਕੱਟੀਆਂ ਵਢੀਆਂ ਪਈਆਂ ਸਨ। ਸੰਤ ਸਿੰਘ ਦੀਆਂ ਲੱਤਾਂ ਕੁਝ ਵਿਥ ‘ਤੇ ਜਾ ਡਿਗੀਆਂ ਸਨ। ਬਚਨੋ ਦੀ ਮਾਂ ਦੀ ਛਾਤੀ ਵਿਚ ਇਕ ਲੋਹੇ ਦਾ ਟੁਕੜਾ ਵਜਿਆ ਹੋਇਆ ਸੀ, ਲਹੂ ਦੀ ਛਪੜੀ ਉਹਦੇ ਦੁਆਲੇ ਲਗੀ ਹੋਈ ਸੀ, ਤੇ ਉਹਦੀਆਂ ਬਾਹਵਾਂ ਇਕ ਪਾਸੇ ਨੂੰ ਟੱਡੀਆਂ ਹੋਈਆਂ ਸਨ। ਏਸ ਪਾਸੇ ਕੁਝ ਦੂਰ ਬਚਨੋ ਬੇਸੁਧ ਪਈ ਸੀ। ਉਹਦੀਆਂ ਬਾਹਵਾਂ ਤੇ ਮੱਥੇ ਤੋਂ ਲਹੂ ਸਿੰਮ ਰਿਹਾ ਸੀ। ਮਤਾਬ ਨੇ ਝਟ ਪਟ ਡਡਿਆ ਕੇ ਬਚਨੋ ਨੂੰ ਚੁਕ ਲਿਆ, ਉਹਦਾ ਪਿੰਡਾ ਹਾਲੀ ਨਿਘਾ ਸੀ ਤੇ ਉਹਨੂੰ ਸਾਹ ਆ ਰਿਹਾ ਸੀ।
ਮਤਾਬ ਬੇਹੋਸ਼ ਬਚਨੋ ਨੂੰ ਲੈ ਕੇ ਤੇਜ਼ੀ ਨਾਲ ਅੱਡੇ ਵਲ ਤੁਰ ਪਿਆ। ਮਾਂ ਪਿਓ ਮਹਿੱਟਰ ਬਚਨੋ ਉਤੇ ਮਤਾਬ ਦੇ ਅੱਥਰੂ ਫਰਨ ਫਰਨ ਡੁੱਲ੍ਹ ਰਹੇ ਸਨ। ਇਹ ਪਹਿਲੀ ਵਾਰੀ ਆਪਣੇ ਦੇਸ ਆਈ ਸੀ, ਮਤਾਬ ਨੇ ਸੋਚਿਆ, ਤੇ ਕਿਵੇਂ ਸੰਤ ਸਿੰਘ ਤੇ ਉਹ ਦੇਸ ਆਉਣ ਦੀ ਤਾਂਘ ਵਿਚ ਇਕੱਠੇ ਰਿਕਸ਼ਾ ਚਲਾਂਦੇ ਰਹੇ ਸਨ, ਕਿਵੇਂ ਸੰਤ ਸਿੰਘ ਦੇਸ ਦੀ ਘੋਨੀ ਕਣਕ ਦੀ ਰੋਟੀ ਲਈ ਸਹਿਕਦਾ ਹੁੰਦਾ ਸੀ! ਬਚਨੋ ਦੀ ਮਾਂ ਨੇ ਹਾਲੀ ਉਹ ਰੇਸ਼ਮੀ ਸੁੱਥਣ ਸੁਆਣੀ ਸੀ! ਕਿਵੇਂ ਚਿਰਾਂ ਵਿਛੁੰਨੇ ਦੇਸ਼ ਦੀ ਹਰ ਸ਼ੈ ਬੜੇ ਚਾਅ ਨਾਲ ਉਹ ਆਪਣੀਆਂ ਅੱਖਾਂ ਵਿਚ ਰਚਾ ਲੈਣਾ ਚਾਹੁੰਦੇ ਸਨ! ਹੁਣੇ ਈ ਉਹ ਦੋਵੇਂ ਜਿਉਂਦੇ ਸਨ, ਜ਼ਿੰਦਗੀ ਦੀਆਂ ਨਿੱਕੀਆਂ ਵੱਡੀਆਂ ਆਸਾਂ ਨਾਲ ਧੜਕਦੇ, ਤੇ ਹੁਣ ਸਿਰਫ਼ ਬਚਨੋ ਏਸ ਸਭ ਕਾਸੇ ਦੀ ਕਬਰ ਤੇ ਇਕੋ ਇਕ ਜ਼ਿੰਦਗੀ ਦੀ ਚਿਣਗ ਬਾਕੀ ਰਹਿ ਗਈ ਸੀ,... ਉਹ ਇਹਨੂੰ ਕਦੇ ਬੁਝਣ ਨਹੀਂ ਦਏਗਾ, ਕਦੇ ਵੀ ਨਹੀਂ....
‘‘ਬਚਨੋ, ਮੈਂ ਮਤਾਬ, ਤੈਨੂੰ ਪਾਲੂੰ। ਆਪਣੀ ਤਾਜੋ ਵਾਂਗ। ਤੁਸੀਂ ਪੱਕੀਆਂ ਸਹੇਲੀਆਂ ਨਹੀਂ, ਭੈਣਾਂ ਬਣੋਗੀਆਂ,‘‘ ਮਤਾਬ ਉੱਚੀ ਉੱਚੀ ਬੇਹੋਸ਼ ਬਚਨੋ ਨੂੰ ਸੁਣਾ ਰਿਹਾ ਸੀ।
ਸ਼ੈਦ ਬਚਨੋ ਨੇ ਸੁਣ ਲਿਆ, ਉਹਨੇ ਅੱਖਾਂ ਫਰਕੀਆਂ, ‘‘ਚਾਚਾ....ਤੂੰ....‘‘
ਅਚਾਨਕ ਪਿਛੋਂ ਮਤਾਬ ਦੇ ਕਿਸੇ ਛੁਰਾ ਖੋਭ ਦਿੱਤਾ। ਬੇਸੁਰਤ ਬਚਨੋ ਉਹਦੀਆਂ ਬਾਹਵਾਂ ਵਿਚੋਂ ਡਿਗ ਪਈ।
‘‘ਏਸ ਛੋਟੇ ਸੱਪ ਨੂੰ ਵੀ ਝਟਕਾ ਛਡੋ,‘‘ ਮਤਾਬ ਦੇ ਮਰਦੇ ਕੰਨਾਂ ਨੇ ਸੁਣਿਆ-ਤੇ ਫੇਰ ਇਕ ਬਾਲੜੀ ਚੀਕ।
ਮਤਾਬ ਨੇ ਅੰਤਾਂ ਦੀ ਪੀੜ ਜਰ ਕੇ ਵੀ ਬਚਨੋ ਵਲ ਆਪਣੀਆਂ ਬਹਾਵਾਂ ਵਧਾਣ ਦਾ ਜਤਨ ਕੀਤਾ, ਪਰ ਇਹ ਉਹਦੀ ਵਿਤੋਂ ਵਧ ਸੀ, ‘‘ਬਚਨੋ....ਤਾਜੋ....‘‘ ਤੇ ਉਹਦੀਆਂ ਬਾਹਵਾਂ ਓਸ ਪਾਸੇ ਵੱਲ ਨੂੰ ਡਿਗ ਪਈਆਂ।
ਕਰਫ਼ਿਊ ਦਾ ਸਾਇਰਨ ਚੀਕ ਰਿਹਾ ਸੀ, ਉਸ ਪਿੰਡ ਦੇ ਕੁੱਤਆਂ ਦੇ ਰੋਣ ਵਾਂਗ ਜਿਦ੍ਹੇ ਉਤੇ ਮੌਤ ਆਣ ਵਾਲੀ ਹੋਵੇ। ਸੜਕ ਉਤੇ ਗੋਰਾ ਫ਼ੌਜ ਦੇ ਸਿਵਾ ਕੋਈ ਨਹੀਂ ਸੀ।

Tuesday 15 July 2014

 DrRanju Singh
 
ਟੀਸ

ਸ਼ਾਮ ਸਿੰਧੂਰੀ ਢਲਦੀ ਜਾਵਾਂ 
ਢਲਦੇ ਢਲਦੇ ਰਾਤ ਬਣ ਜਾਵਾਂ 
ਰਾਤ ਚਾਨਣੀ ਬਣ ਕੇ ਫਿਰ ਮੈਂ 
ਉਸਦੀ ਰੂਹ ਵਿਚ ਉਤਰ ਜਾਵਾਂ 
 
ਅੱਧੇ ਹਿਜਰ ਦੇ,ਅੱਧੇ ਵਸਲ ਦੇ 
ਲੀੜੇ ਪਾ ਕੇ ਲੈ ਲਵਾਂ ਲਾਵਾਂ 
ਸੁੰਝਮ-ਸੁੰਝੀ ਦੇਹ ਦੀ ਚਾਦਰ 
ਯਾਦਾਂ ਦੀਆਂ ਮੈਂ ਪਾਵਾਂ ਬਾਹਵਾਂ 
 
ਠੰਢੀ ਸੀਤ ਪੌਣ ਜਦ ਚੱਲੇ 
ਭਾਂਬੜ ਮੱਚੇ ਯਾਦ-ਚਿਤਾਵਾਂ 
ਅੰਗਾਰ ਪੁਰਾਣੇ ਧੁਖਦੇ-ਬਲਦੇ 
ਸੇਕ-ਮੁਹੱਬਤ ਵਿਚ ਰਿਹਾ ਨਾ ਸਾਹਵਾਂ 
 
ਮੋਏ ਤੇ ਵਿਸਰੇ ਚੇਤੇ ਨੇ ਆਉਂਦੇ 
ਕਿਸ ਜਤਨ ਮੈਂ ਓਹਨਾਂ ਭੁਲਾਵਾਂ 
ਵੀਰਾਨ ਜੰਗਲ ਮੁਹੱਬਤਾਂ ਵਾਲੇ 
ਹਰਾ ਦਰਖਤ ਕੋਈ ਟਾਵਾਂ-ਟਾਵਾਂ 
 
ਰੀਝਾਂ ਦਾ ਇਕ ਕੋਮਲ ਸਾਇਆ 
ਸੰਝ ਹੁੰਦੇ ਗੁੰਮੇ ਵਿਚ ਰਾਹਵਾਂ 
ਰਾਤ-ਚਾਨਣੀ ਬਸ ਨਾਲ ਚੱਲੇ 
ਤੇਰੇ ਪਿਆਰ ਦਾ ਕੱਲਾ ਪਰਛਾਵਾਂ 
 
ਨਾਲ ਪਰਛਾਵੇਂ ਰਾਤ ਗੁਜ਼ਾਰਾਂ 
ਓਦਰੇ ਮਨ ਨੂੰ ਕਿਵੇਂ ਸਮਝਾਵਾਂ 
ਕਿਥੇ ਲੱਭਾਂ,ਤੂੰ ਲੱਭਦਾਂ ਨਾਹੀ 
ਅੰਬਰਾਂ ਦੇ ਸਾਰੇ ਰਾਹ ਮੈਂ ਗਾਹਵਾਂ
                                             -ਡਾ: ਰੰਜੂ ਸਿੰਘ

Monday 7 July 2014

www.seerat.ca
ਫਿ਼ਰ ਉਹੋ ਮਹਿਕ
- ਹਰਨੇਕ ਸਿੰਘ ਘੜੂੰਆਂ

 ਲਾਇਲਪੁਰ ਦੀ ਗਲੀਆਂ ਵਿੱਚ ਕਿਸੇ ਪਗੜੀ ਵਾਲੇ ਸਿੱਖ ਦੀ ਮੌਜੂਦਗੀ ਪੂਰੇ ਮੁਹੱਲੇ ਲਈ ਉਤਸੁਕਤਾ ਦਾ ਕਾਰਨ ਬਣੀ ਹੋਈ ਸੀ। ਇਸ ਤੋਂ ਵੀ ਵਧੇਰੇ ਕਿਸੇ ਮੁਸਲਮਾਨ ਔਰਤ ਦਾ ਬੜੀ ਬੇਸਬਰੀ ਨਾਲ ਦੁਬਾਰਾ ਦੁਬਾਰਾ ਗਲੇ ਲੱਗ ਕੇ ਮਿਲਣਾ, ਪੂਰੇ ਮਹੱਲੇ ਨੂੰ ਅਚੰਬੇ ਵਿੱਚ ਪਾ ਰਿਹਾ ਸੀ। ਇਹ ਔਰਤ ਸੀ ਸਾਡੇ ਪਿੰਡ ਦੀ ਕੁੜੀ ‘ਸੀਬੋ’ ਅਤੇ ਮੇਰੇ ਬਚਪਨ ਦੇ ਦੋਸਤ ‘ਜੁਮੇਂ’ ਦੀ ਭੈਣ।
‘ਜੁਮਾ’ ਉਮਰ ਵਿੱਚ ਮੈਥੋਂ ਵੱਡਾ ਸੀ ਪਰ ਅਸੀਂ ਹਮੇਸ਼ਾਂ ਇਕੱਠੇ ਖੇਡਿਆ ਕਰਦੇ ਅਸਾਂ। ਜੁਮੇ ਦੇ ਅੱਬਾ ਦਾ ਨਾਮ ਸੀ ‘ਛਿੱਤਰ ਪੀਂਜਾ’ ਅਤੇ ਮਾਂ ਦਾ ਨਾਮ ‘ਮੰਗਲੀ’। ਇਹਨਾਂ ਨੇ ਕਈ ਪੁੱਤਰਾਂ ਨੂੰ ਜਨਮ ਦਿੱਤਾ ਜੋ ਛਿਲੇ ਵਿੱਚ ਹੀ ਪੂਰੇ ਹੋ ਗਏ, ਸਿਰਫ਼ ਇਕੱਲਾ ਬਚਿਆ ਜੁਮਾ। ਉੇਸ ਦੀਆਂ ਦੋ ਭੈਣਾਂ ਸੀਬੋ ਅਤੇ ਪੂਰੋ ਸਨ। ਸੀਬੋ ਬਟਵਾਰੇ ਵੇਲੇ ਆਪਣੇ ਸਹੁਰਿਆਂ ਨਾਲ ਪਾਕਿਸਤਾਨ ਲਾਇਲਪੁਰ ਜਾ ਵਸੀ। ਅਤੇ ਪੂਰੋ ਇੱਧਰ ਹੀ ਵਲਸੂਏ ਵਿਆਹੀ ਗਈ। ਛਿੱਤਰ ਪਿੰਡ ਵਿੱਚ ਰੂੰਈਂ ਪਿੰਜਣ ਦਾ ਕੰਮ ਕਰਦਾ ਸੀ। ਕਦੇ ਕਦੇ ਛਿੱਤਰ ਦਾ ਤਾੜਾ ਟਿਕੀ ਹੋਈ ਰਾਤ ਵਿੱਚ ਸੰਗੀਤ ਪੈਦਾ ਕਰ ਦਿੰਦਾ ‘ਧੱਕ -ਧੱਕ ਧਾਂ-ਧਾਂ’। ਰੂੰਈਂ ਦੇ ਫੰਬੇ ਇੱਧਰ-ਉੱਧਰ ਬਰਫ਼ ਬਣ ਕੇ ਉੱਡਦੇ ਰਹਿੰਦੇ।
ਜੁਮੇ ਨੂੰ ਛੋਟੀ ਉਮਰੇ ਅਲਗੋਜ਼ੇ ਵਜਾਉਣ ਦੀ ਉਸ ਦੇ ਰਿਸ਼ਤੇਦਾਰਾਂ ਨੇ ਜਾਚ ਸਿਖਾ ਦਿੱਤੀ। ਉਹ ਬਹੁਤ ਸੋਹਣਾ ਪਤੰਗ ਬਣਾਉਣਾ ਅਤੇ ਉਡਾਉਣਾ ਜਾਣਦਾ ਸੀ। ਬਰੋਟੇ ਦੇ ਪੱਤਿਆਂ ਵਿੱਚ ਸੂਲਾਂ ਪਰੋ ਕੇ ਬੈਲ ਗੱਡੀ ਬਣਾ ਲੇਂਦਾ। ਮੈਨੂੰ ਦੋਹਾਂ ਵਿੱਚੋਂ ਕੁੱਝ ਨਹੀਂ ਸੀ ਆਉਂਦਾ। ਮੈਂ ਉਸ ਨੂੰ ਲੀਡਰ ਮੰਨ ਲਿਆ ਅਤੇ ਅਸੀਂ ਪੱਕੇ ਆੜੀ ਬਣ ਗਏ। ਅਤੇ ਸਾਰਾ ਸਾਰਾ ਦਿਨ ਇਕੱਲੇ ਖੇਡਦੇ ਰਹਿੰਦੇ।
ਅਕਸਰ ਸਾਡੇ ਪਿੰਡ ਵਿਆਹਾਂ ਵਿੱਚ ਰਾਤਾਂ ਨੂੰ ਨਕਲੀਆਂ ਦੇ ਅਖਾੜੇ ਲਗਦੇ। ਅਸੀਂ ਸਾਜ੍ਹਰੇ ਰੋਟੀ-ਪਾਣੀ ਖਾ ਕੇ ਪਹਿਲੀ ਕਤਾਰ ਵਿੱਚ ਬੈਠ ਜਾਂਦੇ। ਜਦੋਂ ਸੋਹਣੇ-ਸੋਹਣੇ ਨਚਾਰ ਤੀਵੀਆਂ ਵਾਲੇ ਕੱਪੜੇ ਪਾ ਕੇ ਅਖਾੜੇ ਵਿੱਚ ਪੈਲਾਂ ਪਾਉਂਦੇ ਉਹ ਸਾਨੂੰ ਬਜ਼ੁਰਗਾਂ ਦੀਆਂ ਕਹਾਣੀਆਂ ਵਾਲੀਆਂ ਇੰਦਰ ਦੇ ਅਖਾੜੇ ਵਿਚਲੀਆਂ ਕੋਹਕਾਫ਼ ਦੀਆਂ ਪਰੀਆਂ ਲੱਗਣ ਲੱਗ ਪੈਂਦੀਆਂ। ਸਾਨੂੰ ਸੱਚ ਮੁੱਚ ਹੀ ਸਮਝ ਨਹੀਂ ਸੀ ਹੁੰਦੀ। ਇਹ ਕੁੜੀਆਂ ਨਹੀਂ ਹਨ। ਕੱਪੜਿਆਂ ਉੱਤੇ ਛਿੜਕੇ ਅਤਰ -ਫਲੇਲ ਪੂਰੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੰਦੇ। ਜਦੋਂ ਉਹ ਹੀਰ ਰਾਂਝੇ ਦਾ ਸਾਂਗ ਕਰਦੇ ਤਾਂ ਸੱਚੀਂ ਮੁੱਚੀਂ ਹੀ ਹੀਰ ਰਾਂਝਾ ਲੱਗਣ ਲੱਗ ਪੈਂਦੇ। ਮਾੜੀ ਦੇ ਮੇਲੇ ‘ਤੇ ਜੁਮੇ ਦੇ ਰਿਸ਼ਤੇਦਾਰ ਤੂੰਬਾ ਅਤੇ ਅਲਗੋਜ਼ਾ ਲੈ ਕੇ ਅਖਾੜਾ ਲਾਉਣ ਆਉਂਦੇ। ਉਹਨਾਂ ਦੀਆਂ ਮਾਵਾ ਲੱਗੀਆਂ ਦੁੱਧ ਚਿੱਟੀਆਂ ਪੱਗਾਂ ਦੇ ਤੁਰਲੇ ਜਦੋਂ ਉਹ ਦੂਹਰੇ ਤੀਹਰੇ ਹੋ ਕੇ ਗਾਉਂਦੇ ਹਵਾ ਵਿੱਚ ਮੋਰਾਂ ਵਾਂਗ ਪੈਲਾਂ ਪਾਉਣ ਲੱਗ ਪੈਂਦੇ। ਅਸੀਂ ਚਾਈਂ ਚਾਈਂ ਉਹਨਾਂ ਦੇ ਨਾਲ ਅਖ਼ਾੜਾ ਵੇਖਣ ਜਾਂਦੇ। ਬਾਕੀ ਮੁੰਡਿਆਂ ਨਾਲੋਂ ਸਾਡੀ ਬੜੀ ਟੌਹਰ ਹੁੰਦੀ ਕਿਉਂਕਿ ਗੌਣ ਵਾਲਿਆਂ ਨਾਲ ਸਾਡੀ ਸਿੱਧੀ ਜਾਣ ਪਛਾਣ ਹੁੰਦੀ ਸੀ। ਜਦੋਂ ਮੁੱਹਲੇ ਵਿੱਚ ਜੰਜਾਂ ਆਉਂਦੀਆਂ ਅਸੀਂ ਦੇਰ ਰਾਤ ਤੀਕ ਇੱਕੋ ਮੰਜੇ ‘ਤੇ ਲੇਟ ਕੇ ਗੀਤ ਸੁਣਦੇ। ਉਹਨਾਂ ਦਿਨਾਂ ਵਿੱਚ ਆਮ ਕਰ ਕੇ ਗੀਤ ਚਲਦੇ ਹੁੰਦੇ ਸਨ, ‘ਮੇਰੀ ਲਗਦੀ ਕਿਸੇ ਨਾ ਦੇਖੀ, ਕਿ ਟੁੱਟਦੀ ਨੂੰ ਜੱਗ ਜਾਣਦਾ’, ‘ਮੈਨੂੰ ਰੱਬ ਦੀ ਸੌਂਹ ਤੇਰੇ ਨਾਲ ਪਿਆਰ ਹੋ ਗਿਆ, ਵੇ ਚੰਨਾ ਸੱਚੀਂ ਮੁੱਚੀਂ’, ‘ਹਵਾ ਮੇਂ ਉੜਤਾ ਜਾਏ, ਮੋਰਾ ਲਾਲ ਦੁਪੱਟਾ ਮਲਮਲ ਕਾ’। ਕਈ ਵੇਰ ਅੰਮ੍ਰਿਤ ਵੇਲੇ ਡੱਫ਼ਲੀ ਲੈ ਕੇ, ‘ਥੇੜੀ’ ਵਾਲੇ ਸਾਧ ਪ੍ਰਭਾਤ ਫ਼ੇਰੀ ‘ਤੇ ਆਉਂਦੇ ਅਤੇ ਦਿਲ ਵਿੱਚ ਧੁੰਮਾਂ ਪਾਉਣ ਵਾਲੀ ਆਵਾਜ਼ ਵਿੱਚ ਗਾਉਂਦੇ, ‘ਤੇਰਾ ਨਾਮੁ ਜਪਣ ਦਾ ਵੇਲਾ, ਬੰਦਿਆ ਤੂੰ ਨਾਮੁ ਜਪ ਲੈ।” “ਤੇਰੇ ਨਾਲ ਨਹੀਂ ਕਿਸੇ ਨੇ ਜਾਣਾ ਬਹਤਿਆ ਕਮਾਈਆਂ ਵਾਲਿਆ।” ਪੂਰੇ ਵਾਤਾਵਰਣ ਵਿੱਚ ਸੰਗੀਤ ਚੰਦਨ ਦੀ ਧੂਫ਼ ਵਾਂਗੂੰ ਘੁਲ ਜਾਂਦਾ। ਦਿਲ ਵਿੱਚ ਅਜੀਬ ਕਿਸਮ ਦੀ ਖੋਹ ਜਿਹੀ ਪੈਣ ਲੱਗ ਪੈਂਦੀ। ਸਾਰੇ ਲੋਕ ਕੋਠਿਆਂ ਤੋਂ ਬਿਸਤਰੇ ਆਪਣੇ ਕੱਛੇ ਮਾਰ ਕੇ ਕੰਮਾਂ-ਕਾਰਾਂ ਲਈ ਨਿਕਲ ਪੈਂਦੇ। ਅਸੀਂ ਵੀ ਬਾਹਰ ਮੁਹੱਲੇ ਦੇ ਦਰਵਾਜ਼ੇ ਵੱਲ ਨਿਕਲ ਪੈਂਦੇ। ਜੁਮਾਂ ਆਪਣੀ ਮਾਂ ਲਈ ਗੋਹੇ ਦੇ ਫ਼ੋਸ ਇਕੱਠੇ ਕਰਦਾ ਜੋ ਘਰ ਵਿੱਚ ਬਾਲਣ ਦਾ ਕੰਮ ਦਿੰਦੇ। ਕਈ ਵੇਰ ਮੈਂ ਵੀ ਨਾਲ ਲੱਗ ਜਾਂਦਾ। ਭਾਵੇਂ ਘਰਦਿਆਂ ਵੱਲੋਂ ਝਿੜਕਾਂ ਹੀ ਖਾਣੀਆਂ ਪੈਂਦੀਆਂ।
ਮੈਨੂੰ ਘਰਦਿਆਂ ਨੇ ਸਕੂਲ ਪੜ੍ਹਨ ਲਾ ਦਿੱਤਾ। ਜੁਮਾਂ ਵਿਚਾਰਾ ਇਕੱਲਾ ਰਹਿ ਗਿਆ। ਛਿੱਤਰ ਨੇ ਉਸ ਦੀ ਉਦਾਸੀ ਭਾਂਪਦਿਆਂ ਇੱਕ ਬੱਕਰੀ ਲੈ ਦਿੱਤੀ ਜੋ ਉਸ ਦਾ ਵਕਤ ਗੁਜ਼ਾਰਨ ਲਈ ਅਤੇ ਘਰ ਵਿੱਚ ਦੁੱਧ ਦਾ ਕੰਮ ਸਾਰਨ ਲਈ ਇੱਕ ਠੀਕ ਯੋਜਨਾ ਸੀ। ਬੱਕਰੀ ਦੇ ਛੋਟੇ ਛੋਟੇ ਮੇਮਣੇ ਸਾਡੇ ਦੋਹਾਂ ਲਈ ਮਨਪ੍ਰਚਾਵੇ ਦਾ ਸਾਧਾਨ ਬਣ ਗਏ। ਅਸੀਂ ਜੁਮੇ ਦੇ ਵਿਹੜੇ ਵਿੱਚ ਇੱਕ ਨਿੰਮ ਲਾ ਦਿੱਤੀ ਜਿਸ ਨੂੰ ਹਰ ਰੋਜ਼ ਪਾਣੀ ਨਾਲ ਸਿੰਜਦੇ। ਮੈਂ ਅੱਧੀ ਛੁੱਟੀ ਵੇਲੇ ਸਭ ਤੋਂ ਪਹਿਲਾਂ ਨਿੰਮ ਨੂੰ ਵੇਖਣ ਜਾਂਦਾ ਕਿ ਨਿੰਮ ਕਿੰਨੀ ਵੱਡੀ ਹੋ ਗਈ ਹੋਵੇਗੀ। ਪਰ ਅਫ਼ਸੋਸ ਨਿੰਮ ਓਨੀ ਹੀ ਰਹਿੰਦੀ ਸੀ।
ਅਚਾਨਕ ਇੱਕ ਦਿਨ ਜੁਮਾਂ ਬਿਮਾਰ ਪੈ ਗਿਆ। ਮੁਹੱਲੇ ਵਿੱਚ ਇਸ ਗੱਲ ਦੀ ਚਰਚਾ ਸੀ ਕਿ ਜੁਮੇ ਨੂੰ ਕੋਈ ਓਪਰੀ ਕਸਰ ਹੋ ਗਈ ਹੈ। ਮੈਨੂੰ ਘਰ ਦਿਆਂ ਵੱਲੋਂ ਸਖ਼ਤ ਹਦਾਇਤ ਸੀ ਕਿ ਜੁਮੇ ਨੂੰ ਮਿਲਣ ਨਹੀਂ ਜਾਣਾ ਨਹੀਂ ਤੇ ਤੈਨੂੰ ਵੀ ਭੂਤ ਚਿੰਬੜ ਜਾਣਗੇ। ਕਿੰਨੇ ਦਿਨ ਮੈਂ ਜੁਮੇ ਨੂੰ ਮਿਲਣ ਨਹੀਂ ਗਿਆ। ਜਮੁੇ ਤੋਂ ਬਿਨਾਂ ਮੈਂ ਬੜ੍ਹਾ ਉਦਾਸ ਰਹਿੰਦਾ। ਇੱਕ ਦਿਨ ਦੁਪਹਿਰ ਵੇਲੇ ਜਦੋਂ ਸਾਰੇ ਘਰ ਦੇ ਸੁੱਤੇ ਪਏ ਸਨ ਮੈਂ ਦੱਬੇ ਪੈਰੀਂ ਜੁਮੇ ਨੂੰ ਮਿਲਣ ਤੁਰ ਪਿਆ। ਮੇਰੇ ਹੱਥ ਵਿੱਚ ਲੋਹੇ ਦਾ ਕੜਾ ਸੀ। ਸੁਣਿਆ ਸੀ ਕਿ ਲੋਹੇ ਦੇ ਨੇੜੇ ਭੂਤ ਨਹੀਂ ਆਉਂਦੇ, ਉਂਜ ਵੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਗਿਆ। ਇਹ ਭੂਤਾਂ ਲਈ ਦੂਸਰਾ ਉਪਾਅ ਸੀ। ਜੁਮਾਂ ਬੜਾ ਲਿੱਸਾ ਹੋਇਆ ਪਿਆ ਸੀ। ਉਸ ਨੇ ਬੜੀ ਮੱਧਮ ਆਵਾਜ਼ ਵਿੱਚ ਕਿਹਾ। ‘ਨੇਕ ਯਾਰ ਤੂੰ ਮੈਨੂੰ ਮਿਲਣ ਨਹੀਂ ਆਇਆ।” ਮੇਰੇ ਕੋਲ ਉਸਦੀ ਗੱਲ ਦਾ ਜਵਾਬ ਨਹੀਂ ਸੀ। ਮੈਂ ਉਸਦਾ ਗੁਨਹਾਗਾਰ ਸਾਂ। ਕਿੰਨੀ ਦੇਰ ਅਸੀਂ ਗੱਲਾਂ ਕਰਦੇ ਰਹੇ। ਤੁਰਨ ਲੱਗਿਆਂ ਉਸ ਨੇ ਇੱਕ ਲੱਕੜ ਦਾ ਗੱਡਾ ਮੈਨੂੰ ਦੇ ਦਿੱਤਾ ਜੋ ਉਸ ਨੇ ਆਪਣੇ ਖੇਡਣ ਲਈ ਬਣਾਇਆ ਸੀ।
ਇੱਕ ਦਿਨ ਸਵੇਰੇ ਸਵੇਰੇ ਛਿੱਤਰ ਦੇ ਘਰੋਂ ਰੋਣ ਦੀ ਆਵਾਜ਼ ਆਈ। ਦਰਵਾਜ਼ੇ ਅੱਗੇ ਤੀਵੀਆਂ ਅਤੇ ਆਦਮੀਆਂ ਦਾ ਜੰਮਘਾਟਾ ਇਕੱਠਾ ਹੋਇਆ ਸੀ। ਇੱਕ ਪਾਸੇ ਨੀਲੇ ਕੱਪੜਿਆਂ ਵਾਲਾ ਆਦਮੀ ਖੜਾ ਸੀ ਜਿਸ ਨੂੰ ਲੋਕ ਮੌਲਵੀ ਜੀ ਕਹਿ ਕੇ ਬੁਲਾ ਰਹੇ ਸਨ। ਮੈਨੂੰ ਜੁਮੇ ਦੀ ਮਾਂ ਮੰਗਲੀ ਨੇ ਘੁੱਟ ਕੇ ਸੀਨੇ ਨਾਲ ਲਾ ਲਿਆ। “ਪੁੱਤ ਮੌਲਵੀ ਸਾਹਬ ਜੁਮੇ ਨੂੰ ਠੀਕ ਕਰ ਕੇ ਆਪਣੇ ਨਾਲ ਲੈ ਜਾਣਗੇ। ਮੈਂ ਪਿੰਡ ਦੇ ਦਰਵਾਜ਼ੇ ਜੁਮੇ ਦਾ ਖੇਡਣ ਵਾਲਾ ਗੱਡਾ ਲੈ ਕੇ ਬੈਠ ਗਿਆ, ਜਦੋਂ ਜੁਮਾ ਇੱਥੋਂ ਲੰਘੇਗਾ, ਤਦ ਉਸਦਾ ਗੱਡਾ ਵਾਪਸ ਕਰ ਦਿਆਂਗਾ। ਸਾਹਮਣੇ ਗਲੀ ਵਿੱਚੋਂ ਇੱਕ ਕਾਫ਼ਲਾ ਨਿਕਲਿਆ ਜਿਸ ਨੇ ਜੁਮੇ ਨੂੰ ਇੱਕ ਮੰਜੀ ਜਿਹੇ ਬਾਂਸਾਂ ਦੇ ਚੌਖਟੇ ‘ਤੇ ਲਟਾਇਆ ਹੋਇਆ ਸੀ। ਉਸ ਨੇ ਦੁੱਧ ਚਿੱਟੀ ਚਾਦਰ ਵਲੇਟੀ ਸੀ। ਮੈਂ ਇੰਤਜ਼ਾਰ ਕਰ ਰਿਹਾ ਸਾਂ। ਜੁਮਾਂ ਮੁੰਹ ਤੋਂ ਕੱਪੜਾ ਉਤਾਰ ਕੇ ਝੱਟ ਲੋਕਾਂ ਵੱਲ ਝਾਕੇਗਾ ਤਾਂ ਝੱਟ ਉਸ ਦਾ ਗੱਡਾ ਵਾਪਸ ਕਰ ਦਿਆਂਗਾ। ਨਾ ਜੁਮੇ ਨੂੰ ਕੱਪੜੇ ਦਾ ਪੱਲਾ ਹਟਾਇਆ ਅਤੇ ਨਾ ਹੀ ਕਾਫ਼ਲਾ ਰੁਕਿਆ। ਹੌਲੀ ਹੌਲੀ ਸਭ ਲੋਕ ਅੱਖਾਂ ਤੋਂ ਓਹਲੇ ਹੋ ਗਏ। ਬੜੀ ਦੇਰ ਬਾਅਦ ਸਮਝ ਆਈ ਕਿ ਜੁਮਾਂ ਓਸ ਚੰਦੇ ਪਿੰਡ ਟੁਰ ਗਿਆ ਜਿੱਥੋਂ ਕਦੇ ਕੋਈ ਵਾਪਸ ਨਹੀਂ ਆਇਆ।
ਕੋਠੇ ਉੱਤੇ ਜਿਸ ਮੰਜੇ ‘ਤੇ ਲੇਟ ਕੇ ਅਸੀਂ ਗੀਤ ਸੁਣਿਆ ਕਰਦੇ ਸਾਂ ਹੁਣ ਉਸ ਮੰਜੇ ‘ਤੇ ਲੇਟ ਕੇ ਮੰਗਲੀ ਬੁੜੀ ਦੇ ਵੈਣ ਸੁਣਾਈ ਦਿੰਦੇ। ਵਿਚਾਰੀ ਬਦਕਿਸਮਤ ਨੂੰ ਨੀਂਦ ਘੱਟ ਹੀ ਆਉਂਦੀ ਸੀ। ਜੇ ਕਿਤੇ ਝੌਂਕਾ ਲੱਗ ਹੀ ਜਾਂਦਾ ਤਾਂ ਥੋੜ੍ਹੀ ਦੇਰ ਬਾਅਦ ਕਲੇਜਾ ਫੜ੍ਹ ਕੇ ਰੋਣਾ ਸ਼ੁਰੂ ਕਰ ਦਿੰਦੀ, “ਤੂੰ ਕਿਹੜੇ ਬਾਗੀਂ ਪਰਚ ਗਿਆ ਵੇ, ਮੇਰਿਆ ਕਲੈਰੀਆ ਮੋਰਾ।”
“ਅੱਜ ਦੇ ਵਿਛੜੇ ਕਿਹੜੇ ਜਨਮਾਂ ‘ਚ ਮਿਲਾਂਗੇ ਵੇ, ਮੇਰਿਆ ਰਾਜਿਆ ਪੁੱਤਰਾ।” “ਬੁੱਢੇ ਮਾਂ ਬਾਪ ਦੀ ਵਹਿੰਗੀ ਕਿਹਦੇ ਸਹਾਰੇ ਛੱਡ ਗਿਆ ਵੇ, ਮੇਰਿਆ ਸਰਵਣਾ ਪੁੱਤਰਾ।” ਮਾਈ ਮੰਗਲੀ ਦੀਆਂ ਹੂਕਾਂ ਸੁਣ ਕੇ ਮੇਰੀ ਅੱਖ ਖੁੱਲ ਜਾਂਦੀ। ਮੇਰਾ ਦਿਲ ਭਰ ਆਉਂਦਾ ਅਤੇ ਮੈਂ ਵੀ ਸਿਸਕੀਆਂ ਲੈਣ ਲੱਗ ਪੈਂਦਾ। ਕਿੰਨੀ ਦੇਰ ਮੈਨੂੰ ਵੱਡੀ ਮਾਮੀ ਸੀਨੇ ਨਾਲ ਲਾ ਕੇ ਚੁੱਪ ਕਰਾਉਂਦੀ ਰਹਿੰਦੀ ਅਤੇ ਕਈ ਵੇਰ ਉਹ ਵੀ ਮੇਰੇ ਨਾਲ ਹੀ ਰੋਣ ਲੱਗ ਪੈਂਦੀ। ਕੁੱਝ ਦੇਰ ਬਾਅਦ ਬਜ਼ੁਰਗ ਛਿੱਤਰ ਸਦਮੇ ਦਾ ਮਾਰਿਆ ਪਾਗਲ ਹੋ ਗਿਆ। ਦੋਨਾਂ ਨੂੰ ਮਾਈ ਮੰਗਲੀ ਦੇ ਪਕੇ ਆਪਣੇ ਪਿੰਡ ਦਾਦੂ ਮਾਜਰੇ ਲੈ ਗਏ।
ਜਦੋਂ ਕਦੇ ਮਾਈ ਮੰਗਲੀ ਦੇ ਹੌਲ ਉੱਠਦਾ ਉਹ ਘੜੂੰਏਂ ਵੱਲ ਦੌੜਦੀ। ਪਹਿਲਾਂ ਆ ਕੇ ਕਿੰਨੀ ਦੇਰ ਜੁਮੇਂ ਦੇ ਹੱਥੀਂ ਲੱਗੀ ਨਿੰਮ ਪਲੋਸਦੀ ਰਹਿੰਦੀ ਅਤੇ ਫਿਰ ਛੁੱਟੀ ਹੋਣ ਦੇ ਇੰਤਜ਼ਾਰ ਵਿੱਚ ਸਕੂਲ ਦੇ ਸਾਹਮਣੇ ਬਰੋਟੇ ਹੇਠ ਬੈਠ ਕੇ ਮੇਰਾ ਇੰਤਜ਼ਾਰ ਕਰਦੀ ਰਹਿੰਦੀ। ਜਦੋਂ ਮੈਂ ਬਾਹਰ ਨਿਕਲਦਾ ਭੱਜ ਕੇ ਗਲਵਕੜੀ ਵਿੱਚ ਲੈ ਲੈਂਦੀ। ਇੰਨੇ ਜ਼ੋਰ ਨਾਲ ਘੁੱਟਦੀ ਕਿ ਮੇਰੀਆਂ ਹੱਡੀਆਂ ਦੇ ਕੜਾਕੇ ਬੋਲ ਜਾਂਦੇ। ਬੜੀਆਂ ਅਸੀਸਾਂ ਦੇਂਦੀ, “ਜਿਊਂਦਾ ਰਹਿ ਪੁੱਤਰਾ, ਕਾਲਜੇ ਠੰਢ ਪੈ ਗਈ, ਕੌੜੀ ਨਿੰਮ ਜਿੰਨੀ ਤੇਰੀ ਉਮਰ ਹੋਵੇ।” ਮਾਈ ਦੇ ਕੱਪੜਿਆਂ ਵਿੱਚੋਂ ਬੜੀ ਅਜੀਬ ਜਿਹੀ ਮਹਿਕ ਆਉਂਦੀ, ਜੋ ਕਦੇ ਪਹਿਲੀ ਬਾਰਸ਼ ਦੀਆਂ ਪਹਿਲੀਆਂ ਕਣੀਆਂ ਪੈਣ ਤੇ ਧਰਤੀ ਵਿੱਚੋਂ ਉੱਠਦੀ ਹੈ, ਜਾਣ ਲੱਗੀ ਮਾਈ ਚੁੰਨੀ ਦੇ ਲੜ ਨਾਲ ਲਪੇਟੇ ਵਿਆਹਾਂ ਦੇ ਸੱਕਰਪਾਰੇ ਅਤੇ ਮਿੱਠੀਆਂ ਪਕੌੜੀਆਂ ਨਾਲ ਮੇਰੀ ਜੇਬ ਭਰ ਜਾਂਦੀ। ਸਮੇਂ ਦਾ ਪਹੀਆ ਤੇਜ਼ੀ ਨਾਲ ਘੁੰਮਦਾ ਗਿਆ। ਸਕੂਲੋਂ ਕਾਲਜ, ਕਾਲਜੋਂ ਰੋਜ਼ੀ-ਰੋਟੀ, ਰੋਜ਼ੀ-ਰੋਟੀ ਤੋਂ ਰਾਜਨੀਤੀ, ਮੈਂਬਰੀਆਂ, ਵਜ਼ੀਰੀਆਂ ਤੀਕ ਦਾ ਸਫ਼ਰ ਤਹਿ ਕਰਦਾ ਚਲਿਆ ਗਿਆ। ਏਸ ਅਰਸੇ ਵਿੱਚ ਵਿਚਾਰੇ ਬਜ਼ੁਰਗ ਦੋਨੋਂ ਮਰ ਮੁੱਕ ਗਏ।
ਏਸੇ ਦੌਰਾਨ ਮੇਰਾ ਪਾਕਿਸਤਾਨ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਕ ਦਿਨ ਮੈਂ ਪਿੰਡ ਗਿਆ ਸਾਂ। ਅਚਾਨਕ ਕੋਠੇ ‘ਤੇ ਚੜ੍ਹ ਗਿਆ। ਮਹਿਦੀ ਹਸਨ ਦੇ ਬੋਲ ਜੋ ਰਸਤੇ ਵਿੱਚ ਸੁਣਦਾ ਆਇਆ ਸਾਂ ਅਜੇ ਵੀ ਮੇਰੇ ਜ਼ਿਹਨ ਵਿੱਚ ਜ਼ਰਬਾਂ ਖਾ ਰਹੇ ਸਨ। “ਅਬ ਕੇ ਹਮ ਵਿਛੜੇ ਤੋ ਸ਼ਾਇਦ ਖਾਬੋਂ ਮੇਂ ਮਿਲੇਂਗੇ।” ਮੈਂ ਸੋਚਾਂ ਵਿੱਚ ਡੁੱਬ ਗਿਆ। ਮੈਨੂੰ ਬਚਪਨ ਦੇ ਵਿਛੜੇ ਦੋਸਤ ਜੁਮੇ ਦੀ ਯਾਦ ਆ ਗਈ। ਸਾਹਮਣੇ ਖੜੀ ਨਿੰਮ ਇੱਕ ਭਾਰੀ ਦਰਖ਼ਤ ਬਣ ਗਈ ਸੀ। ਇਹ ਉਹ ਨਿੰਮ ਸੀ ਜੋ ਕਦੇ ਜੁਮੇ ਨੇ ਤੇ ਮੈਂ ਰਲ ਕੇ ਲਾਈ ਸੀ। ਕਿੰਨੀ ਦੇਰ ਟਿਕਟਿਕੀ ਬੰਨ੍ਹ ਕੇ ਨਿੰਮ ਵੱਲ ਵੇਖਦਾ ਰਿਹਾ। ਹੌਲੀ ਹੌਲੀ ਨਿੰਮ ਵਿੱਚੋਂ ਜੁਮਾਂ ਜ਼ਾਹਰ ਹੁੰਦਾ ਮਹਿਸੂਸ ਹੋਣ ਲੱਗ ਪਿਆ। ਖੱਬੇ ਪਾਸੇ ਜਾਣ ਵਾਲੇ ਟਾਹਣ ਦੋਨੋਂ ਬਾਹਵਾਂ ਹੇਠ ਵਾਲਾ ਹਿੱਸਾ ਜੁਮੇ ਦਾ ਧੜ। ਹੌਲੀ ਹੌਲੀ ਉਹ ਮੇਰੀਆਂ ਸੋਚਾਂ ਵਿੱਚ ਦਾਖ਼ਲ ਹੋ ਕੇ ਜਵਾਬ ਸੁਆਲ ਕਰਨ ਲੱਗ ਪਿਆ। ਜੱਟ ਦੀ ਯਾਰੀ ਤੇ ਬੜੀ ਪੱਕੀ ਹੁੰਦੀ ਏ। ਪਰ ਤੂੰ ਬੜਾ ਕੱਚਾ ਨਿਕਲਿਆ। ਤੂੰ ਤੇ ਪਾਕਿਸਤਾਨ ਜਾ ਕੇ ਮੀਆਂ ਨਵਾਜ਼ ਸ਼ਰੀਫ਼ ਤੋਂ ਲੈ ਕੇ ਕਿੰਨੇ ਗਾਇਕਾਂ ਅਤੇ ਹੋਰ ਨਾਮਵਰ ਬੰਦਿਆਂ ਨੂੰ ਮਿਲ ਸਕਦਾ ਏਂ, ਕਦੇ ਮੇਰੀ ਗਰੀਬੜੀ ਭੈਣ ਨੂੰ ਮਿਲਣ ਦੀ ਜ਼ਰੂਰਤ ਨਹੀਂ ਸਮਝੀ। ਜੁਮਾਂ ਬਿਲਕੁਲ ਸੱਚਾ ਸੀ ਅਤੇ ਮੇਰੇ ਕੋਲ ਸ਼ਰਮਿੰਦਾ ਹੋਣ ਤੋਂ ਸਿਵਾਏ ਕੋਈ ਚਾਰ ਨਹੀਂ ਸੀ। ਮੈਂ ਧਿਆਨ ਵਿੱਚ ਹੱਥ ਵਿੱਚ ਫੱਟੀ ਫੜੀ ਸਕੂਲ ਦਾ ਜੁਆਕ ਬਣ ਗਿਆ ਅਤੇ ਜੁਮੇ ਦੀ ਬੱਕਰੀ ਦੇ ਮੇਮਣਿਆਂ ਨਾਲ ਖੇਡਣ ਲੱਗ ਪਿਆ। ਮੇਰੇ ਜਿਸਮ ਵਿੱਚ ਝੁਣ-ਝੁਣੀ ਜਿਹੀ ਛਿੜੀ। ਮੈਂ ਇੱਕਦਮ ਤ੍ਰਬਕ ਗਿਆ। ਮੈਨੂੰ ਸਹਿਜ ਅਵਸਥਾ ਵਿੱਚ ਆਉਣ ਲਈ ਕਈ ਪਲ ਲੱਗੇ।
ਅਗਲੇ ਦਿਨ ਹੀ ਜੁਮੇ ਦੀ ਛੋਟੀ ਭੈਣ ਪੂਰੋ ਤੋਂ ਪਾਕਿਸਤਾਨ ਵਾਲੀ ਭੈਣ ਸੀਬੋ ਦਾ ਸਿਰਨਾਵਾਂ ਲਿਆ। ਸੀਬੋ ਲਾਇਲਪੁਰ ਸ਼ਹਿਰ ਦੀ ਹਦੂਦ ਵਿੱਚ ਵੱਸੇ ਪਿੰਡ ਸਿੱਧੂਪੁਰ ਵਿੱਚ ਰਹਿੰਦੀ ਹੈ। ਕੁੱਝ ਦਿਨਾਂ ਬਾਅਦ ਜਦੋਂ ਪਾਕਿਸਤਾਨ ਪਹੁੰਚਿਆ ਅਤੇ ਸਭ ਤੋਂ ਪਹਿਲਾਂ ਲਾਇਲਪੁਰ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ ਲਾਹੌਰ ਤੋਂ ਲਾਇਲਪੁਰ ਜਾ ਰਹੇ ਸਾਂ। ਸ਼ੇਖੂਪੁਰਾ ਟੱਪ ਕੇ ਪਤਾ ਚੱਲਿਆ ਕਿ ਅੱਗੇ ਸੜਕ ‘ਤੇ ਜਾਮ ਲੱਗਿਆ ਹੋਇਆ ਹੈ। ਦੂਸਰਾ ਰਸਤਾ ਬਦਲ ਲਿਆ ਜੋ ਸਾਂਗਲਾ ਹਿੱਲ ਵਾਲੇ ਪਾਸਿਓਂ ਲਾਇਲਪੁਰ ਪਹੁੰਚਦਾ ਹੈ। ਪਾਕਿਸਤਾਨ ਵਿੱਚ ਪਹਿਲੀ ਵੇਰ ਏਨਾ ਹਰਾ ਭਰਾ ਇਲਾਕਾ ਦੇਖਣਾ ਨਸੀਬ ਹੋਇਆ। ਅਸੀਂ ਕੁੱਝ ਪਲ ਲਈ ਸਾਂਗਲਾ ਹਿੱਲ ਦੇ ਬਜ਼ਾਰ ਰੁਕੇ। ਲੋਕਾਂ ਨੇ ਮੈਨੂੰ ਇੱਕਦਮ ਘੇਰ ਲਿਆ। ਕੁੱਝ ਲੋਕ ਮੈਨੂੰ ਬਿਨਾਂ ਪੁੱਛਿਆਂ ਹੀ ਸੋਢੇ ਦੀਆਂ ਬੋਤਲਾਂ ਖੋਲ੍ਹ ਕੇ ਅੱਗੇ ਖੜ੍ਹੇ ਹੋ ਗਏ। ਇੱਕ ਗੱਭਰੂ ਮੁੰਡੇ ਤੋਂ ਜੋਸ਼ ਖਰੋਸ਼ ਵਿੱਚ ਮੇਰੇ ਕੱਪੜਿਆਂ ਤੇ ਸੋਢਾ ਡੁੱਲ੍ਹ ਗਿਆ, ਵਿਚਾਰਾ ਸ਼ਰਮਿੰਦਾ ਜਿਹਾ ਹੋ ਕੇ ਬੋਲਿਆ, “ਸਰਦਾਰ ਜੀ, ਕੋਈ ਗੱਲ ਨਹੀਂ। ਸੁਣਿਐ ਸਰਦਾਰ ਦੇ ਤੇ ਕਈ ਵੇਰ ਕੌੜੀ ਸ਼ੈਅ ਵੀ ਕੱਪੜਿਆਂ ਤੇ ਡੁੱਲ੍ਹ ਜਾਂਦੀ ਹੈ।” ਮੇਰੀ ਮੁਸਕਰਾਹਟ ਦੇਖ ਕੇ ਉਸ ਨੁੰ ਤਸੱਲੀ ਹੋਈ ਕਿ ਸਰਦਾਰ ਜੀ ਨੇ ਬੁਰਾ ਨਹੀਂ ਮਨਾਇਆ। ਸਾਂਗਲਾ ਹਿੱਲ ਕਦੇ ਕੱਚੀ ਮਿੱਟੀ ਦੀ ਪਹਾੜੀ ਹੁੰਦੀ ਸੀ ਜੋ ਜ਼ਰੂਰਤ ਮੰਦ ਲੋਕਾਂ ਨੇ ਖੁਰਚ ਖੁਰਚ ਕੇ ਇੱਕ ਛੋਟੀ ਜਿਹੀ ਟਿੱਬੀ ਬਣਾ ਦਿੱਤੀ। ਲਾਇਲਪੁਰ ਪਹੁੰਚ ਕੇ ਕੁੱਝ ਦੇਰ ਅਸੀਂ ਘੰਟਾ ਘਰ ਕੋਲ ਰੁਕੇ। ਇਸ ਨੂੰ ਅੱਠ ਬਾਜ਼ਾਰ ਛੂੰਹਦੇ ਹਨ। ਇਹਨਾਂ ਵਿੱਚ ਬੜੀ ਰੌਣਕ ਲੱਗੀ ਹੋਈ ਸੀ। ਹਰ ਬਜ਼ਾਰ ਨੱਕ ਦੀ ਸੇਧ ਵਿੱਚ ਬਣਿਆ ਹੋਇਆ ਹੈ। ਕਿਸੇ ਵੇਲੇ ਅੰਗਰੇਜ਼ਾਂ ਨੇ ਇਹ ਸ਼ਹਿਰ ਬੜੀ ਤਰਤੀਬ ਨਾਲ ਵਸਾਇਆ ਹੋਇਆ ਸੀ। ਅੱਜ ਵੀ ਇਸ ਸ਼ਹਿਰ ਨੂੰ ਸਿੱਖਾਂ ਦੇ ਵਿਛੋੜੇ ਦਾ ਅਤੇ ਸਿੱਖਾਂ ਨੂੰ ਇਸ ਸ਼ਹਿਰ ਦੇ ਵਿਛੋੜੇ ਦਾ ਉਦਰੇਵਾਂ ਲੱਗਿਆ ਹੋਇਆ ਹੈ। ਸ਼ਹਿਰ ਦੀ ਸੰਘਣੀ ਵਸੋਂ ਲੰਘ ਕੇ ਅਸੀਂ ਸਿੱਧੂਪੁਰ ਪਹੁੰਚ ਗਏ। ਦੱਸੀਆਂ ਨਿਸ਼ਾਨੀਆਂ ਮੁਤਾਬਕ ਅਸੀਂ ‘ਸਾਦਕ ਅਲੀ’ ਦਾ ਘਰ ਪੁੱਛਿਆ। ਝੱਟ ਇੱਕ ਮੁੰਡਾ ਸਾਨੂੰ ਨਾਲ ਲੈ ਕੇ ਤੁਰ ਪਿਆ। ਘਰ ਅੱਗੇ ਖੜ੍ਹ ਕੇ ਉਸ ਨੇ ਆਵਾਜ਼ ਮਾਰੀ, “ਚਾਚੀ ਇੰਡੀਆ ਤੋਂ ਮਹਿਮਾਨ ਆਏ ਹਨ।” ਸੀਬੋ ਨੇ ਦਰਵਾਜ਼ਾ ਖੋਲ੍ਹਿਆ, ਮੈਨੂੰ ਵੇਖ ਕੇ ਇੱਕਦਮ ਹੱਕੀ-ਬੱਕੀ ਰਹਿ ਗਈ। ਕਾਫ਼ੀ ਸਮਾਂ ਮੇਰੇ ਮੂੰਹ ਵੱਲ ਦੇਖਦੀ ਰਹੀ। ਉਹਨੂੰ ਮੂੜ੍ਹਾ. ਪੀੜ੍ਹੀ ਵੀ ਦੇਣੀ ਭੁੱਲ ਗਈ। ਉਸ ਦੇ ਮੂੰਹੋਂ ਨਿਕਲਿਆ, “ਬਾਈ ਤੂੰ ਫਜਲਾ ਐਂ।” ਅਸਲ ਵਿੱਚ ਸਾਡੇ ਪਿੰਡ ਦੇ ਮੁਸਲਮਾਨਾਂ ਦਾ ਪਹਿਰਾਵਾ ਸਿੱਖਾਂ ਨਾਲ ਮਿਲਦਾ ਜੁਲਦਾ ਹੀ ਹੈ। “ਨਹੀਂ ਬੀਬੀ! ਮੈਂ ਤਾਂ ਗਿੱਲਾਂ ਦਾ ਮੁੰਡਾ ਆਂ, ਜੁਮੇਂ ਨਾਲ ਖੇਡਦਾ ਹੁੰਦਾ ਸੀ।” ਇੰਨਾ ਸੁਣ ਕੇ ਉਹ ਮੇਰੇ ਗਲ ਨੂੰ ਚੰਬੜ ਗਈ। “ਉਹ-ਹੋ! ਮੈਂ ਚੰਦਰੀ ਤੇ ਪੀਹੜੀ ਦੇਣੀ ਵੀ ਭੁੱਲ ਗਈ।” ਉਸ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਕੋਈ ਪਿੰਡ ਦਾ ਜੰਮਿਆਂ ਉਸ ਨੂੰ ਮਿਲਣ ਵੀ ਆ ਸਕਦਾ ਹੈ। “ਬਾਈ ਹੋਰ ਪਿੰਡ ਦੀ ਸੁੱਖ ਸਾਂਦ ਸੁਣਾ।” ਹੌਲੀ-ਹੌਲੀ ਉਸ ਨੇ ਮੁਹੱਲੇ ਦੇ ਸਾਰੇ ਘਰਾਂ ਦੀ ਸੁੱਖ ਸਾਂਦ ਪੁੱਛੀ। “ਅੱਛਾ ਬਾਈ ਇਹ ਦੱਸ, ਬਾਬੇ ਜੱਗੇ ਦਾ ਮੇਲਾ ਅਜੇ ਵੀ ਓਸੇ ਤਰ੍ਹਾਂ ਹੀ ਭਰਦੈ?” ਸੀਬੋ ਨੇ ਸੁਭਾਵਕ ਹੀ ਪੁੱਛਿਆ’ “ਹਾਂ ਬੀਬੀ, ਪਹਿਲਾਂ ਨਾਲੋਂ ਵੀ ਵੱਧ।” “ਅੱਛਾ ਇੱਕ ਹੋਰ ਗੱਲ ਦੱਸ, ਜਿਹੜਾ ਚੜ੍ਹਦੀ ਵਾਲੇ ਪਾਸੇ ਸੌਣ ਦੇ ਮਹੀਨੇ ਤੀਆਂ ਭਰਦੀਆਂ ਹੁੰਦੀਆਂ ਸਨ, ਹੁਣ ਵੀ ਭਰਦੀਆਂ ਏਂ,” “ਨਹੀਂ, ਹੁਣ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ।” “ਇੱਥੇ ਵਿਆਹ ਵਿੱਚ ਕੁੜੀਆਂ ਚਿੜੀਆਂ ਨੱਚਦੀਆਂ ਏ, ਪਰ ਮੈਂ ਤਾਂ ਕਈ ਵਾਰ ਕਹਿਨੀਆਂ ਤੁਸੀਂ ਸਾਡੇ ਪਿੰਡ ਆਲੀਆਂ ਤੇਜੋ ਅਤੇ ਅੰਗਰੇਜੋ ਦਾ ਕਿਆ ਮੁਕਾਬਲਾ ਕਰਨੈ। ਇੱਕ ਵਾਰ ਬਾਈ, ਗਿੱਧੇ ‘ਚ ਪੁਲੀਸ ਦੇ ਕੱਪੜੇ ਪਾ ਕੇ ਆਗੀਆਂ ਸਿਪਾਹੀ ਬਣ ਕੇ, ਸਾਰੇ ਗਿੱਧੇ ਆਲੀਆਂ ਨੂੰ ਲੈ ਕੇ ਲਾਲੇ ਦੀ ਦਕਾਨ ‘ਤੇ ਪਹੁੰਚ ਗਈਆਂ। ਜਾ ਜਗਾਇਆ ਬਾਣੀਆਂ, ਉਹ ਲਾਲੇ ਤੂੰ ਗਿੱਧੇ ਵਾਲੀਆਂ ਕੁੜੀਆਂ ਛੇੜਆ ਏਂ? ਬਾਈ ਮੇਰੀ ਗੱਲ ਦਾ ਯਕੀਨ ਜਾਣੀ, ਲਾਲਾ ਥਰ-ਥਰ ਕੰਬੇ, ਦੋਨੋਂ ਹੱਥ ਜੋੜੀ ਖੜ੍ਹਾ, ਲਾਲੇ ਦਾ ਮੂਤ ਨਿਕਲਣ ਵਾਲਾ ਹੋ ਗਿਆ। ਬੜ੍ਹੇ ਦਿਨਾਂ ਬਾਅਦ ਉਹਨੂੰ ਪਤਾ ਚੱਲਿਆ ਕਿ ਉਹ ਸਾਲਿਓ ਉਹ ਤਾਂ ਅੰਗਰੇਜੋ-ਤੇਜੋ ਤੀਆਂ।” ਭਾਵੇਂ ਸੀਬੋ ਨੂੰ ਪਿੰਡ ਛੱਡਿਆਂ ਅੱਧੀ ਸਦੀ ਤੋਂ ਵੱਧ ਹੋ ਗਿਆ ਸੀ ਪਰ ਉਸ ਨੇ ਪਿੰਡ ਦੀ ਬੋਲੀ ਅਜੇ ਤੀਕ ਨਹੀਂ ਸੀ ਛੱਡੀ।
ਫ਼ਿਰ ਕਿੰਨੀ ਦੇਰ ਆਪਣੇ ਘਰ ਦੀਆਂ ਗੱਲਾਂ ਕਰਦੀ ਰਹੀ। ਉਸ ਨੂੰ ਲੋਹੜੇ ਦਾ ਦੁੱਖ ਸੀ ਕਿ ਉਹਨਾਂ ਦੇ ਘਰ ਦਾ ਦੀਵਾ ਬੁਝ ਗਿਆ ਸੀ। ਇੱੰਨੇ ਨੂੰ ਅੱਧਖੜ ਉਮਰ ਦਾ ਇੱਕ ਹੋਰ ਆਦਮੀ ਆ ਗਿਆ। ਉਸ ਨੇ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ, ਮੈਂ ਝੱਟ ਸਮਝ ਗਿਆ ਕਿ ਇਹ ਵੀ ਕੋਈ ਓਧਰੋਂ ਹੀ ਆਇਆ ਲਗਦਾ ਹੈ। ਜਿਸ ਨੇ ਸਲਾਮ ਦੀ ਜਗ੍ਹਾ ਤੇ ਸਤਿ ਸ੍ਰੀ ਅਕਾਲ ਬੁਲਾਈ। ਉਹ ਆਪੇ ਹੀ ਬੋਲ ਪਿਆ, “ਸਰਦਾਰ ਮੈਂ ਘੜੂੰਏਂ ਤੋਂ ਆਂ, ਸਾਡਾ ਘਰ ਮਾਸਟਰ ਜਾਤੀ ਰਾਮ ਦੀ ਗਲੀ ‘ਚ ਹੁੰਦਾ ਤਾ, ਮੇਰਾ ਨਾਮ ਰਹਿਮਤ ਉਲਾ ਏ, ਸਰਦਾਰ ਜੀ ਜੋ ਸੁਆਦ ਮਿੱਸੇ ਰਹਿਣ ਦਾ ਏ, ਕੱਲੇ ਰਹਿਣ ਦਾ ਨੀ। ਮੇਰੇ ਬੜੇ ਬਾਈ ਚੰਨਣ ਨੇ ਐਂਵੇ ਅਗਾੜਾ ਚੱਕ ਲਿਆ, ਸਾਰੇ ਠੰਢ ਢੇਹਰ ਹੋ ਗਈ ਤੀ,” ਅਜੇ ਤੀਕ ਰਹਿਮਤ ਉਲੇ ਨੇ ਘੜੂੰਆਂ ਛੱਡਣ ਦਾ ਹੇਰਵਾ ਵੱਢ -ਵੱਢ ਖਾ ਰਿਹਾ ਸੀ।
“ਇਹ ਬਾਈ ਮੇਰਾ ਕੁੜਮ ਐ ਇੱਧਰ ਆ ਕੇ ਵੀ ਘੜੂੰਏਂ ਆਲਿਆਂ ‘ਚ ਰਿਸ਼ਤੇਦਾਰੀਆਂ ਰੱਖੀਆਂ ਏਂ।” ਸੀਬੋ ਨੇ ਕਹਿ ਕੇ ਪਿੰਡ ਦਾ ਮੋਹ ਜਤਾਇਆ। ਮੈਂ ਜਾਣ ਲਈ ਆਗਿਆ ਮੰਗੀ ਤੇ ਮੁਂੜ ਕੇ ਫ਼ਿਰ ਆਉਣ ਦਾ ਵਾਅਦਾ ਕੀਤਾ। ਘਰ ਦੇ ਸਾਰੇ ਜੀਅ ਮੈਨੂੰ ਕਾਰ ਤੀਕ ਛੱਡਣ ਆਏ। ਤੁਰਨ ਲੱਗਿਆਂ ਹੱਥ ਉੱਚੇ ਕਰ ਕੇ ਸੀਬੋ ਨੇ ਦੁਆ ਮੰਗੀ, “ਅੱਲਾ ਮੇਰੇ ਪਿੰਡ ਘੜੂੰਏਂ ਵਿੱਚ ਸੁੱਖ ਵਰਤਾਈਂ। ਪਿੰਡ ਤੋਂ ਠੰਢੀਆਂ ਹਵਾਵਾਂ ਆਉਣ।” ਫ਼ਿਰ ਮੇਰੇ ਗਲ ਨੂੰ ਚੁੰਬੜ ਗਈ। ਮੈਨੂੰ ਤੂਤ ਦੀ ਛੱਟੀ ਵਾਂਗ ਦੂਹਰਾ ਕਰ ਲਿਆ। ਮੈਂ ਹੱਥ ਜੋੜ ਕੇ ਵਿਦਾਇਗੀ ਲੈਂਦਾ ਗੱਡੀ ਵੱਲ ਤੁਰ ਪਿਆ। ਸੀਬੋ ਨੂੰ ਸਬਰ ਨਹੀਂ ਆਇਆ। ਉਹ ਫ਼ਿਰ ਮੇਰੇ ਗਲੇ ਨੂੰ ਚੁੰਬੜ ਗਈ। ਉਹ ਸਿਸਕੀਆਂ ਲੈਣ ਲੱਗ ਪਈ। ਮੇਰਾ ਵੀ ਗਲ ਭਰ ਆਇਆ। ਕਿੰਨੀ ਦੇਰ ਮੇਰੇ ਗਲ ਲੱਗ ਕੇ ਹੌਕੇ ਲੈਂਦੀ ਰਹੀ। ਮੇਰੇ ਕੋਲੋਂ ਬੋਲਿਆ ਨਹੀਂ ਸੀ ਜਾਂਦਾ। ਫ਼ਿਰ ਹੱਥ ਜੋੜ ਕੇ ਵਿਦਾਇਗੀ ਲਈ। ਕਾਰ ਤੁਰ ਪਈ। ਮੋੜ ਮੁੜਨ ਲੱਗਿਆਂ ਮੈਂ ਬਾਰੀ ਵਿੱਚੋਂ ਪਿੱਛੇ ਝਾਕਿਆ। ਸੀਬੋ ਅਜੇ ਵੀ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ। ਸੀਬੋ ਦੇ ਗਲੇ ਲੱਗਣ ‘ਤੇ ਅੱਜ ਵੀ ਉਹੋ ਮਹਿਕ ਆਈ ਜਿਹੜੀ ਕਦੇ ਮਾਈ ਮੰਗਲੀ ਦੇ ਕੱਪੜਿਆਂ ਵਿੱਚੋਂ ਆਉਂਦੀ ਸੀ। ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਧਰਤੀ ‘ਤੇ ਵਰਸਣ ਵੇਲੇ ਧਰਤੀ ‘ਚੋਂ ਆਉਂਦੀ ਹੈ। ਮੁਹੱਲੇ ਵਿੱਚ ਆਪਣੇ ਘਰਾਂ ਦੀਆਂ ਦੇਹਲੀਆਂ ‘ਤੇ ਖੜ੍ਹੇ ਆਦਮੀ ਤੀਵੀਆਂ ਖ਼ਾਮੋਸ਼ ਨਜ਼ਾਰਾ ਵੇਖਦੇ ਰਹੇ।

(98156-28998)

-0-- ਹਰਨੇਕ ਸਿੰਘ ਘੜੂੰਆਂ

Thursday 3 July 2014

ਬਰਫ਼ ਨਾਲ਼ ਦੂਸਰੀ ਲੜਾਈ
(ਲਿਖੀ ਜਾ ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)
-
Online Punjabi Magazine Seerat ਇਕਬਾਲ ਰਾਮੂਵਾਲੀਆ
 
ਆਰਾ-ਫ਼ੈਕਟਰੀ ਦੇ ਬਾਲਿਆਂ ਤੇ ਸ਼ਤੀਰੀਆਂ ਦੇ ਬੂਰੇ ਨੂੰ ਅਤੇ ਮਸ਼ੀਨਾਂ ਦੀ 'ਚਿਰਰਰਰਰਰ- ਚਿਰਰਰਰਰਰ', 'ਕੜੱਕ-ਕੜੱਕ', ਤੇ 'ਸ਼ੂੰਅੰਅੰਅੰ-ਸ਼ੂੰਅੰਅੰਅੰ' ਨੂੰ ਆਪਣੇ ਸਿਰ 'ਚੋਂ ਪੂਰੀ ਤਰ੍ਹਾਂ ਝਾੜਨ ਲਈ ਕਦੇ ਮੈਂ ਸ਼ੈਕਸਪੀਅਰ ਦਾ 'ਕਿੰਗ ਲੀਅਰ' ਖੋਲ੍ਹ ਕੇ ਵਿਚਾਰੀ ਕੋਰਡੀਲੀਆ ਦੇ ਦੁੱਖੜੇ ਸੁਣਨ ਲੱਗ ਜਾਂਦਾ, ਤੇ ਕਦੇ ਅੱਖਾਂ ਮੀਟ ਕੇ ਆਲਮ ਲੋਹਾਰ ਦੀ ਕਸੈੱਟ 'ਚੋਂ ਚਿਮਟੇ ਦੀ 'ਚੱਟ-ਚੱਟ, ਚੱਟ-ਚੱਟ' ਨੂੰ ਪੁੜਪੁੜੀਆਂ ਉੱਪਰ ਝੱਸਣ ਲਗਦਾ। ਜਾਂ ਫਿਰ ਖਿੜਕੀ ਦੇ ਬਾਹਰ ਜੰਮੀ ਆਈਸ ਦੀ ਪੇਪੜੀ ਰਾਹੀਂ, ਘਰਾਂ ਦੀਆਂ ਛੱਤਾਂ 'ਤੇ ਕਾਬਜ਼ ਹੋਈ ਸਨੋਅ ਨੂੰ ਗਹੁ ਨਾਲ਼ ਦੇਖ-ਦੇਖ ਸੁੰਨ ਹੋਣ ਲਗਦਾ! ਹੈਰਾਨ ਹੁੰਦਾ ਕਿ ਆਈਸ ਦੀ ਇਸ ਚੰਦਰੀ ਪੇਪੜੀ ਨੇ ਬਾਹਰਲੇ ਦੇ ਨਾਲ਼ ਮੇਰੇ ਅੰਦਰਲੇ ਸੰਸਾਰ ਨੂੰ ਵੀ ਚਿੱਬ-ਖੜਿੱਬਾ ਕਰ ਮਾਰਿਐ!
ਅਗਲੇ ਕੁਝ ਕੁ ਦਿਨਾਂ 'ਚ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਸਾਰੀ ਦਿਹਾੜੀ ਦੀ ਵੇਹਲ ਨਾਲ਼ ਮੈਂ ਦਿਨ-ਬਦਿਨ ਅੰਦਰੋਂ ਪਿਚਕਦਾ ਜਾ ਰਿਹਾ ਸਾਂ, ਨੁੱਚੜਦਾ ਜਾ ਰਿਹਾ ਸਾਂ।
ਇੱਕ ਸਵੇਰ, ਮੈਂ ਸੋਫ਼ੇ ਉੱਪਰ ਚੌਂਕੜੀ ਮਾਰ ਕੇ ਚਾਹ ਦੀ ਪਿਆਲੀ ਨੂੰ ਪੁੱਛ ਰਿਹਾ ਸਾਂ: ਆਹ ਰਛਪਾਲ ਦੀ ਲੰਚ ਕਿਟ ਤੇ ਸੇਫ਼ਟੀ-ਬੂਟਾਂ ਨੇ ਅੱਜ ਛੁੱਟੀ ਕਿਉਂ ਕੀਤੀ ਹੋਈ ਐ? ਤਦੇ ਰਛਪਾਲ ਦੇ ਬੈੱਡਰੂਮ ਦਾ ਬੂਹਾ ਮਲਕੜੇ ਜੇਹੇ ਚੀਕਿਆ ਤੇ ਹਲਕੀ ਜਿਹੀ ਪੈੜਚਾਲ ਲਿਵਿੰਗਰੂਮ ਵੱਲ ਨੂੰ ਵਧਣ ਲੱਗੀ।
-ਕੀ ਗੱਲ ਹੋਗੀ, ਰਛਪਾਲ ਸਿਅ੍ਹਾਂ, ਕੰਮ 'ਤੇ ਨੀ ਗਿਆ ਤੂੰ ਅੱਜ?
ਸਿਰ ਨੂੰ ਸੱਜੇ-ਖੱਬੇ ਗੇੜਦਾ ਹੋਇਆ ਉਹ ਕਿਚਨ ਵੱਲ ਨੂੰ ਹੋ ਤੁਰਿਆ।
-ਚਾਹ ਪਈ ਐ ਸਟੋਵ ਉੱਪਰ ਕੇਤਲੀ 'ਚ; ਗਰਮ ਈ ਐ ਹਾਲੇ।
ਕਿਚਨ 'ਚੋਂ ਮੇਰੇ ਵੱਲ ਨੂੰ ਆਉਂਦਿਆਂ, ਚਾਹ ਦੀ ਪਿਆਲੀ ਦੀ ਤਪਸ਼ ਨੂੰ ਪਲ਼ੋਸਦਾ ਹੋਇਆ ਉਹ ਬੋਲਿਆ: ਲੈ ਬਈ ਤਿਆਰ ਹੋ ਜਾ, ਅਕਵਾਲ ਸਿਅ੍ਹਾਂ!
ਮੈਂ ਆਪਣੀਆਂ ਸੁਆਲੀਆ ਨਜ਼ਰਾਂ ਉਸ ਵੱਲ ਘੁੰਮਾਈਆਂ।
-ਚੱਲਣੈ ਅੱਜ!
-ਕਿੱਥੇ ਚੱਲਣੈ?
-ਆਵਦਾ ਪਾਸਪੋਅਟ ਚੁੱਕ ਲਾ; ਤੇ ਨਾਲ਼ੇ ਚੁੱਕ ਲਾ ਸੋਸ਼ਲ ਇਨਸ਼ੋਰੈਂਸ ਕਾਰਡ!

ਹਾਈਵੇਅ ਉੱਪਰ, ਬੁੱਢੀ ਕਿੱਕਰ ਦੀਆਂ ਜੜ੍ਹਾਂ 'ਚ ਇੱਕ-ਦੂਜੇ ਨੂੰ ਫੇਟਾਂ ਮਾਰ ਮਾਰ ਕੇ ਭਜਦੇ ਕੀੜਿਆਂ ਵਾਂਗ, ਇੱਕ-ਦੂਜੀ ਨੂੰ ਪਿਛਾੜਨ ਲਈ ਵਾਹੋ-ਦਾਹ ਦੌੜਦੀਆਂ ਕਾਰਾਂ! ਇਨ੍ਹਾਂ ਕਾਰਾਂ ਤੋਂ ਤ੍ਰਭਕਦੇ-ਬਚਦੇ, ਘੰਟੇ ਕੁ ਬਾਅਦ ਅਸੀਂ ਟਰਾਂਟੋ ਡਾਊਨ ਟਾਊਨ ਦੀ ਇਕ ਸਰਕਾਰੀ ਇਮਾਰਤ ਦੇ ਦਰਵਾਜ਼ੇ 'ਤੇ ਖਲੋਤੇ ਸਾਂ।
ਇਮਾਰਤ ਦੇ ਅੰਦਰ ਵੜਦਿਆਂ ਹੀ, ਸੱਜੇ ਹੱਥ ਮੇਜ਼ ਉੱਪਰ, ਪਿਛਲੇ ਪਾਸੇ ਵੱਲ ਨੂੰ ਰਤਾ ਕੁ ਝੁਕਿਆ ਹੋਇਆ, ਡੇਢ ਕੁ ਗਿੱਠ ਉੱਚਾ ਸਾਈਨਬੋਰਡ ਬੋਲ ਉੱਠਿਆ: ਐਪਲੀਕੇਸ਼ਨ ਫ਼ੋਰਮਸ ਐਥੋਂ ਚੁੱਕੋ!
ਸਾਈਨਬੋਰਡ ਦੇ ਪੈਰਾਂ ਕੋਲ਼ ਅਰਜ਼ੀਆਂ ਦੇ ਥੱਬੇ ਦੇ ਨਾਲ਼ ਹੀ ਲਿਟੇ ਹੋਏ ਅੱਠ-ਦਸ ਪੈੱਨ ਮੇਰੇ ਜ਼ਿਹਨ ਵਿੱਚ ਆਪਣੇ ਪੋਪਲਿਆਂ ਤੋਂ ਮੁਕਤ ਹੋਣ ਲੱਗੇ।
ਅਰਜ਼ੀ-ਫ਼ੋਰਮ 'ਚ ਮੇਰਾ ਨਾਮ-ਪਤਾ, ਸੋਸ਼ਲ-ਇਨਸ਼ੋਰੈਂਸ ਤੇ ਹੋਰ ਅਹਿਮ ਜਾਣਕਾਰੀ ਭਰ ਕੇ ਅਸੀਂ ਰਸੈਪਸ਼ਨਿਸਟ ਬੀਬੀ ਦੀ ਖਿੜਕੀ ਦੇ ਸਾਹਮਣੇ ਜਾ ਖਲੋਤੇ।
-ਮੇ ਆਈ ਹੈਵ ਯੋਅਰ ਪੈਸਪੋਅਟ ਪਲੀਜ਼? ਬੀਬੀ ਬੋਲੀ।
ਗੁਲਾਬੀ ਭਾਅ ਮਾਰਦੀਆਂ ਉਂਗਲ਼ਾ 'ਚ ਫੜੇ ਮੇਰੇ ਪਾਸਪੋਅਟ ਅਤੇ ਫ਼ੋਰਮ 'ਚ ਦਰਜਿਤ ਜਾਣਕਾਰੀ ਦੇ ਮੁਹਾਂਦਰਿਆਂ ਨੂੰ ਇੱਕ-ਦੂਜੇ ਨਾਲ਼ ਬਰੀਕ-ਨਜ਼ਰੇ ਮਿਲਾਅ ਕੇ, ਰਸੈਪਸ਼ਨਿਸਟ ਦੀਆਂ ਹਰੀਆਂ ਨੈਣ-ਗੋਲ਼ੀਆਂ ਦੀ ਮੁਸਕ੍ਰਾਹਟ ਸਾਡੇ ਵੱਲ ਘੁੰਮੀ।
-ਹੂ'ਜ਼ ਇਟ ਫ਼ੋਰ, ਗਾਈਜ਼?
-ਫ਼ੋਰ ਮੀ, ਮੈਂ ਆਪਣਾ ਸਿਰ ਹੇਠਾਂ-ਉੱਤੇ ਹਿਲਾਇਆ।
ਰਸੈਪਸ਼ਨਿਸਟ ਦੀਆਂ ਲਸੂਅ੍ਹੜੀਆ-ਉਂਗਲ਼ਾਂ 'ਮਿੰਟ-ਕੈਮਰੇ' ਵੱਲ ਵਧੀਆਂ ਤੇ ਕੈਮਰੇ 'ਚੋਂ ਕਲਿੱਕ ਦੀ ਆਵਾਜ਼ ਨਿਕਲ਼ਦਿਆਂ ਹੀ ਫ਼ਲੈਸ਼ ਦਾ ਲਿਸ਼ਕਾਰਾ ਮੇਰੀਆਂ ਅੱਖਾਂ 'ਚ ਵੱਜਿਆ।
-ਔਥੇ ਬੈਠ ਜੋ ਬੈਂਚ 'ਤੇ, 'ਕਰਰਰ' ਦੀ ਅਵਾਜ਼ ਨਾਲ਼ ਕੈਮਰੇ ਦੇ ਮੂਹਰਲੇ ਪਾਸਿਓਂ ਇੱਕ ਝੀਥ 'ਚੋਂ ਨਿੱਕਲ਼ ਰਹੀ ਤਸਵੀਰ ਵੱਲ ਤਕਦਿਆਂ, ਹਰੀਆਂ ਅੱਖਾਂ ਬੋਲੀਆਂ। -ਬਸ ‘ਅ ਫ਼ਿਊ’ ਮਿੰਟਾਂ 'ਚ ਈ ਆਵਾਜ਼ ਦੇਵਾਂਗੀ ਤੁਹਾਨੂੰ।

ਲਾਈਸੰਸ-ਦਫ਼ਤਰ 'ਚੋਂ ਬਾਹਰ ਨਿੱਕਲਣ ਸਾਰ ਹੀ, ਭਾਰੇ ਕੋਟ ਦੀ ਜੇਬ 'ਚੋਂ ਕਾਰ ਦੀ ਚਾਬੀ ਕੱਢਦਿਆਂ, ਰਛਪਾਲ ਨੇ ਆਪਣੇ ਗਿੱਟਿਆਂ ਨਾਲ਼ ਖ਼ਰਗੋਸ਼ ਦੀਆਂ ਲੱਤਾਂ ਬੰਨ੍ਹ ਲਈਆਂ। ਕਾਰ ਵੱਲੀਂ ਵਧਦਿਆਂ ਕਹਿਣ ਲੱਗਾ, ਚੱਲ ਬਈ, ਮੱਲਾ, ਹੁਣ 'ਬਾਰਨਜ਼' ਵਾਲ਼ੇ ਬਜ਼ੁਰਗ ਦਾ ਦਰਵਾਜ਼ਾ ਖੜਕਾਈਏ!

ਪੰਦਰਾਂ ਕੁ ਸਟੋਰਾਂ ਦੀ ਲੜੀ ਦੇ ਸਾਹਮਣੇ, ਪਾਰਕਿੰਗ ਏਰੀਏ ਉੱਤੇ ਵਿਛੀ ਬਰਫ਼ ਦੀ ਮੋਟੀ ਤਹਿ ਉੱਪਰ ਪੈੜਾਂ ਛਡਦੇ ਹੋਏ, ਅਸੀਂ 'ਬਾਰਨਜ਼' ਦੇ ਦਫ਼ਤਰ 'ਚ ਖਲੋਤੇ ਸਾਂ।
ਬਜ਼ੁਰਗ ਮੈਨੇਜਰ ਨੇ ਸਿਗਾਰ ਦੇ ਲੰਮੇਂ ਕਸ਼ ਨੂੰ ਫੇਫੜਿਆਂ ਵੱਲ ਨੂੰ ਸੁੜ੍ਹਾਕ ਕੇ, ਆਪਣੀਆਂ ਉਂਗਲ਼ਾਂ ਦੀ ਪਤਲਾਈ ਆਪਣੇ ਡੈਸਕ ਦੇ ਦਰਾਜ਼ ਵੱਲੀਂ ਵਧਾਅ ਦਿੱਤੀ। ਦਰਾਜ਼ 'ਚੋ ਕੱਢੇ ਅਰਜ਼ੀ-ਪੱਤਰ ਨੂੰ ਮੇਰੇ ਵੱਲੀਂ ਵਧਾਉਂਦਿਆਂ, ਉਸਨੇ ਆਪਣੀਆਂ ਐਨਕਾਂ ਦਾ ਰੁਖ਼ ਪਹਿਲਾਂ ਰਛਪਾਲ ਵੱਲੀਂ ਤੇ ਫੇਰ ਮੇਰੇ ਵੱਲੀਂ ਮੋੜਿਆ।
-ਯੋਆ ਬ੍ਰਦਾ... ਖਊਂ-ਖਊਂ... ਐਸਕਿਊਜ਼ ਮੀ, ਖਊਂ-ਖਊਂ... ਯੋਆ ਬ੍ਰਦਾ ਹੈਡ ਠੋਡ ਮੀ ਅ ਲਾਠ... ਖਊਂ-ਖਊਂ... ਅ ਲਾਠ ਅਬਾਊਠ ਯੂ ਓਵਾ ਦ ਫ਼ੋਨ ਯੈਸਠਾਅਡੇ!
ਮੈਨੇਜਰ ਦੀ ਖਊਂ-ਖਊਂ 'ਚੋਂ ਨਿੱਕਲ਼ਦੇ, ਤੰਬਾਖੂ ਦੇ ਵਰੋਲ਼ੇ ਮੇਰੀਆਂ ਅੱਖਾਂ ਤੇ ਪੱਗ ਦੇ ਪੇਚਾਂ ਵਿੱਚ ਘੁਸਪੈਠ ਕਰਨ ਲੱਗੇ।
ਸਿਗਾਰ ਨੂੰ ਐਸ਼ਟਰੇਅ 'ਚ ਟਿਕਾਅ ਕੇ, ਦਮੋਂ-ਉੱਖੜੇ ਫੇਫੜਿਆਂ ਨੂੰ ਰਾਹਤ ਦੇਣ ਦੀ ਆਸ 'ਚ, ਉਹ ਆਪਣੀਆਂ ਪੱਸਲ਼ੀਆਂ ਨੂੰ ਟੋਹਣ ਲੱਗਾ।
-ਏਸ ਜਾਬ 'ਚ... ਖਊਂ ਖਊਂ... ਡੌਲ਼ਿਆਂ ਦੇ 'ਮੱਸਲ'...ਖਊਂ ਖਊਂ... ਆਈ ਮੀਨ ਡੌਲ਼ਿਆਂ ਦੇ ਮੱਸਲ ਨੀ ਚਾਹੀਦੇ, ਜੈਂਟਲਮੈਨ... ਖਊਂ... ਖਊਂ... ਖਊਂ!
ਗੁੱਟ-ਘੜੀ ਦੀ, ਕੜੇ-ਵਾਂਗ-ਮੋਕਲ਼ੀ-ਸਟਰੈਪ ਨੂੰ ਆਪਣੀ ਕਲ਼ਾਈ ਉਦਾਲ਼ੇ ਘੁੰਮਾਉਂਦਿਆਂ, ਉਹਨੇ ਆਪਣਾ ਚਿਹਰਾ ਡੈਸਕ ਉੱਪਰ ਝੁਕਾਇਆ। -ਬੱਸ ਚੁਕੰਨੇ ਰਹਿਣੈਂ, ਖਊਂ... ਖਊਂ... ਤੇ ਨੀਂਦਰ ਨੂੰ... ਖਊਂ... ਖਊਂ...ਖਊਂ... ਖਊਂ...
ਮੇਰਾ ਸਿਰ ਉੱਪਰ-ਨੀਚੇ ਹਿੱਲੀ ਗਿਆ।
-ਵਨ ਥਿੰਗ ਮੋਰ, ਕੰਪਨੀ ਦੇ ਜ਼ਾਬਤੇ ਦੀ ਕਿਤਾਬਚੀ ਮੇਰੇ ਵੱਲ ਵਧਾਉਂਦਿਆਂ ਮੈਨੇਜਰ ਬੋਲਿਆ। -ਯੂ ਨੋ...ਖਊਂ-ਖਊਂ... ਇਸ ਜਾਬ 'ਚ...ਖਊਂ-ਖਊਂ... ਇਸ ਜਾਬ 'ਚ ਚਿਹਰਾ-ਮੋਹਰਾ ਪੂਰੀ ਤਰ੍ਹਾਂ ਸਾਫ਼-ਸੁਥਰਾ ਰੱਖਣਾ ਪੈਣੈ।

ਬਾਰਨਜ਼ ਤੋਂ ਫ਼ਾਰਗ ਹੋ ਕੇ ਰਛਪਾਲ ਨੇ ਸਾਡੀ ਕਾਰ ਨੂੰ ਹਾਈਵੇਅ ਵੱਲੀਂ ਮੋੜ ਲਿਆ।
ਫ਼ਲੈਟ ਦਾ ਦਰਵਾਜ਼ਾ ਖੁਲ੍ਹਿਆ, ਤਾਂ ਮੇਰੇ ਹੱਥ 'ਚ ਫੜੀ ਪਲਾਸਟਕੀ ਬੋਰੀ ਨੇ, ਸੋਫ਼ੇ ਨੂੰ ਬੇਆਰਾਮ ਕਰ ਰਹੀ ਸੁਖਸਾਗਰ ਦੇ ਮੱਥੇ ਉੱਤੇ ਸਵਾਲੀਆ ਤਿਊੜੀਆਂ ਉਭਾਰ ਦਿੱਤੀਆਂ।
ਬੋਰੀ ਨੂੰ ਕਾਫ਼ੀ-ਟੇਬਲ ਉੱਪਰ ਟਿਕਾਅ ਕੇ ਮੈਂ ਸਾਗਰ ਦੇ ਸਾਹਮਣੇ ਵਾਲ਼ੀ ਕੁਰਸੀ ਵੱਲ ਝਾਕਣ ਲੱਗਾ।
-ਕੀ ਐ ਐਸ ਬੋਰੀ 'ਚ?
ਮੇਰਾ ਦਿਲ ਕੀਤਾ ਕਹਿ ਦੇਵਾਂ, ਇਸ ਬੋਰੀ 'ਚ ਆਪਣੀ ਦੋਹਾਂ ਦੀ ਪ੍ਰੋਫ਼ੈਸਰੀ ਬੰਦ ਹੋਗੀ ਆ, ਤੇ ਇਸ ਦੇ ਮੂੰਹ ਨੂੰ ਸੰਗਲ਼ੀ ਨਾਲ਼ ਬੰਨ੍ਹ ਕੇ ਤੂੰ ਹੁਣ ਇਸ ਉੱਤੇ ਜਿੰਦਰਾ ਠੋਕ ਦੇ!
-ਕੀ ਖ਼ਰੀਦ ਕੇ ਲਿਆਏ ਓਂ? ਸਾਗਰ ਬੋਰੀ ਨੂੰ ਟੋਂਹਦਿਆਂ ਪੁੱਛਣ ਲੱਗੀ।
-ਹੁਣੇ ਦਿਸ ਪਊ! ਬੋਰੀ ਦੇ ਮੂੰਹ ਉਦਾਲ਼ੇ ਲਪੇਟੇ ਨਾਲ਼ੇ ਨੂੰ ਹੱਥ ਪਾ ਕੇ, ਬੋਰੀ ਨੂੰ ਮੈਂ ਫ਼ਰਸ਼ 'ਤੇ ਉਤਾਰ ਦਿੱਤਾ! -ਤੂੰ ਪਤੀਲੀ ਨੂੰ ਸਟੋਵ 'ਤੇ ਰੱਖ਼...
ਪਲਾਸਟਕੀ ਬੋਰੀ ਫ਼ਰਸ਼ ਉੱਤੇ ਚੁੱਪ-ਚਾਪ ਘਿਸੜਦੀ ਹੋਈ ਮੇਰੇ ਮਗਰ-ਮਗਰ ਵਾਸ਼ਰੂਮ ਵੱਲ ਨੂੰ ਚੱਲ ਪਈ।
ਵਾਸ਼ਰੂਮ 'ਚ ਵੜ ਕੇ ਦਰਵਾਜ਼ੇ ਦੀ ਚਿਟਕਣੀ ਹਾਲੇ ਮੈਂ ਉੱਪਰਲੇ ਪਾਸੇ ਵੱਲ ਧੱਕੀ ਹੀ ਸੀ ਕਿ ਮੇਰੀ ਕਮੀਜ਼ ਦੇ ਬਟਨ, ਕਾਜਾਂ 'ਚੋਂ ਬਾਹਰ ਨਿੱਕਲਣ ਲੱਗੇ। ਅਗਲੇ ਛਿਣਾਂ 'ਚ ਪੈਂਟ ਦੀ ਜ਼ਿੱਪਰ 'ਸ਼ੁਰਕ' ਕਰ ਕੇ ਹੇਠਾਂ ਵੱਲ ਨੂੰ ਖਿਸਕ ਗਈ। ਇਸ ਤੋਂ ਬਾਅਦ, ਬੋਰੀ ਦੇ ਅੰਦਰ ਗੁੱਛਾ-ਮੁੱਛਾ ਹੋਈਆਂ ਆਈਟਮਾਂ ਬਾਹਰ ਨੂੰ ਛਾਲ਼ਾਂ ਮਾਰ ਕੇ ਬਾਥ-ਟੱਬ ਦੀ ਬੰਨੀ ਉੱਤੇ ਬੈਠਣ ਲੱਗੀਆਂ: ਇਨ੍ਹਾਂ 'ਚੋਂ ਸਫ਼ੈਦ ਕਮੀਜ਼ ਦੇ ਬਟਨ ਖੋਲ੍ਹ ਕੇ ਮੈਂ ਆਪਣੀਆਂ ਵੀਣੀਆਂ ਨੂੰ ਉਸ ਦੀਆਂ ਬਾਹਾਂ 'ਚ ਉਤਾਰ ਦਿੱਤਾ। ਹਲਕੇ ਅਸਮਾਨੀ ਰੰਗ ਦੀ ਨੈਕਟਾਈ ਦੀ ਗੰਢ ਮਾਰ ਕੇ ਮੈਂ ਪੈਂਟ ਅਤੇ ਵਿੰਟਰ ਜੈਕਟ ਦੀਆਂ ਗੂੜ੍ਹੀਆਂ ਅਸਮਾਨੀ ਤਹਿਆਂ ਨੂੰ ਖੋਲ੍ਹਣ ਲੱਗਾ।
ਕੁਝ ਕੁ ਮਿੰਟਾਂ ਬਾਅਦ, ਪਤੀਲੀ 'ਚੋਂ ਉਡਦੇ, ਲੌਂਗਾਂ-ਅਲੈਚੀਆਂ ਦੇ ਸਾਹ ਵਾਸ਼ਰੂਮ ਦੇ ਦਰਵਾਜ਼ੇ ਹੇਠਲੀ ਵਿੱਥ ਰਾਹੀਂ ਵਾਸ਼ਰੂਮ ਵਿੱਚ ਵੀ ਵਗਣ ਲੱਗੇ: ਮੈਂ ਸਮਝ ਗਿਆ ਕਿ ਪਤੀਲੀ 'ਚ ਉੱਬਲ਼ਦੇ ਪਾਣੀ ਵਿੱਚ ਝੰਬੀ ਜਾ ਰਹੀ ਚਾਹ-ਪੱਤੀ, ਦੁੱਧ ਵਾਲ਼ੇ ਲਿਫ਼ਾਫ਼ੇ ਨੂੰ ਅਵਾਜ਼ਾਂ ਮਾਰਨ ਲੱਗ ਪਈ ਹੋਵੇਗੀ।
ਵਾਸ਼ਰੂਮ ਤੋਂ ਰੁਖ਼ਸਤ ਲੈਣ ਤੋਂ ਪਹਿਲਾਂ ਮੈਂ ਸ਼ੀਸ਼ੇ ਵੱਲ ਨਜ਼ਰ ਮਾਰੀ:, ਸ਼ੀਸ਼ੇ 'ਚ ਸਿਮਟੇ ਮੇਰੇ ਅਕਸ ਦੇ ਬੁੱਲ੍ਹ, ਮੇਰੇ ਪਿੰਡੇ ਉਦਾਲ਼ੇ ਲਿਪਟੇ ਗੂੜ੍ਹੇ ਆਸਮਾਨ ਨੂੰ ਦੇਖ ਕੇ, ਪਹਿਲਾਂ ਤਾਂ ਆਪਣੇ ਜੁਬਾੜਿਆਂ ਵੱਲ ਨੂੰ ਫੈਲ ਗਏ, ਤੇ ਫ਼ਿਰ ਆਪਣੀਆਂ ਨੁੱਕਰਾਂ ਨੂੰ ਹੇਠਾਂ ਵੱਲ ਨੂੰ ਢਿਲ਼ਕਾਅ ਕੇ ਇੱਕ-ਟੱਕ ਮੇਰੇ ਵੱਲ ਝਾਕਣ ਲੱਗੇ। ਹੁਣ ਮੇਰਾ ਅਕਸ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗਾ। ਮੈਂ ਤੇ ਅਕਸ ਇੱਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੁਝ ਬੁੜਬੁੜਾਏ ਤੇ ਇੱਕ ਦੂਜੇ ਦੀਆਂ ਅੱਖਾਂ ਵਿਚਲੀ ਖ਼ਾਲੀਅਤ ਨੂੰ ਫਲਰੋਲਣ ਲੱਗੇ।
ਵਾਸ਼ਰੂਮ 'ਚੋਂ ਨਿੱਕਲ਼ ਕੇ ਮੈਂ ਲਿਵਿੰਗਰੂਮ ਵੱਲ ਨੂੰ ਖਿਸਕ ਆਇਆ। ਚਾਹ ਦੀਆਂ ਪਿਆਲੀਆਂ 'ਚ ਚਮਚਾ ਫੇਰ ਰਹੀ ਸੁਖਸਾਗਰ ਨੇ ਆਪਣੀਆਂ ਅੱਖਾਂ ਨੂੰ ਮੇਰੇ ਚਿਹਰੇ ਵੱਲ ਜਿਉਂ ਹੀ ਸੇਧਿਆ, ਉਸ ਦੀਆਂ ਉਂਗਲ਼ਾਂ ਥਾਂਏਂ ਸੁੰਨ ਹੋ ਗਈਆਂ: ਇਹ ਕੀ ਹੁਲੀਆ ਬਣਾ ਲਿਆ, ਤੁਸੀਂ?
ਮੇਰਾ ਸੱਜਾ ਹੱਥ ਮੇਰੇ ਮੱਥੇ ਵੱਲ ਨੂੰ ਉੱਭਰਿਆ ਅਤੇ ਮੇਰੀ ਟੋਪੀ ਨੂੰ ਉਸਦੇ 'ਛੱਜੇ' ਤੋਂ (ਮੱਥੇ ਕੋਲ਼ੋਂ ਅੱਗੇ ਨੂੰ ਵਧੇ ਵਾਈਜ਼ਰ ਤੋਂ) ਪਕੜ ਕੇ ਉੱਪਰ ਵੱਲ ਨੂੰ ਲਹਿਰਾਉਣ ਲੱਗਾ: ਖੱਬੇ ਪੰਜੇ ਨੂੰ ਧੁੰਨੀ ਉੱਤੇ ਟਿਕਾਅ ਕੇ ਮੈਂ ਆਪਣੇ ਪੂਰੇ ਧੜ ਨੂੰ ਸਾਗਰ ਦੇ ਸਾਹਮਣੇ ਝੁਕਾਅ ਦਿੱਤਾ।
- ਆਹ ਕੀ ਬਣਗੇ ਤੁਸੀਂ?
-ਬਣਗੇ ਨੀ, ਬਣਾਤੇ ਕਨੇਡਾ ਨੇ, ਮੈਡਮ ਜੀ!
ਫ਼ਿਰ ਮੈਂ ਆਪਣੀ ਜੈਕਟ ਦੀ ਜੇਬ ਨੂੰ ਚੂੰਢੀ 'ਚ ਜਕੜਿਆ, ਤੇ ਉਸ ਉੱਤੇ ਲੱਗੇ 'ਬਾਰਨਜ਼ ਸਕਿਊਰਿਟੀ' ਲੋਗੋ ਨੂੰ ਸਾਗਰ ਵੱਲ ਨੂੰ ਵਧਾਅ ਦਿੱਤਾ। -ਪ੍ਰੋਫ਼ੈਸਰ ਇਕਬਾਲ ਨੇ ਸੰਭਾਲ਼ਿਆ ਟਰਾਂਟੋ ਦੀ ਚੌਕੀਦਾਰੀ ਦਾ ਚਾਰਜ! ਮੈਂ ਬੁੱਲ੍ਹਾਂ ਦੀ ਟੂਟੀ ਬਣਾ ਕੇ ਐਲਾਨ ਕਰ ਦਿੱਤਾ। -ਹਾ, ਹਾ, ਹਾ, ਹਾ!
ਸਾਗਰ ਦੀਆਂ ਕੂਹਣੀਆਂ ਉਸ ਦੇ ਗੋਡਿਆਂ ਉੱਪਰ ਜਾ ਟਿਕੀਆਂ ਤੇ ਤਲ਼ੀਆਂ ਉਸਦੇ ਚਿਹਰੇ ਵੱਲ ਨੂੰ ਉੁੱਭਰ ਗਈਆਂ! ਪੁੜਪੁੜੀਆਂ ਨੂੰ ਤਲ਼ੀਆਂ ਦੇ ਵਿਚਕਾਰ ਘੁੱਟ ਕੇ, ਉਹ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗੀ: ਪਹਿਲਾਂ ਪੱਖੀ ਝੱਲਣ ਵਾਂਗੂੰ ਧੀਮੀ ਰਫ਼ਤਾਰ ਵਿੱਚ, ਤੇ ਫ਼ਿਰ ਮਦਾਰੀ ਦੀ ਡੁਗਡੁਗੀ ਵਾਂਗ ਤੇਜ਼!

ਅਗਲਾ ਦਿਨ: ਮੈਂ ਤੇ ਰਣਜੀਤ ਰੈਕਸਡੇਲ ਪਲਾਜ਼ੇ 'ਚ!
ਵਿਰਲੇ ਵਿਰਲੇ ਸਟੋਰਾਂ 'ਚ ਟਿਊਬ ਲਾਈਟਾਂ ਦੇ ਅੱਖ-ਮਟੱਕੇ ਵੱਜਣ ਲੱਗੇ, ਤੇ ਮਾਲਕ ਅਤੇ ਕਰਿੰਦੇ ਨਿੱਕਾ-ਮੋਟਾ ਸਮਾਨ ਸਟੋਰਾਂ ਦੇ ਸਾਹਮਣੇ ਰੱਖੇ ਬੈਂਚਾਂ ਉੱਤੇ ਸਜਾਉਣ-ਟਿਕਾਉਣ ਵਿੱਚ ਰੁੱਝਣ ਲੱਗੇ।
'ਖੜੜੜੜ- ਖੜੜੜੜ' ਕਰ ਕੇ, ਦਰਵਾਜ਼ਿਆਂ ਦੇ ਮੱਥਿਆਂ ਉੱਪਰਲੀਆਂ ਸ਼ਾਫ਼ਟਾਂ ਉਦਾਲ਼ੇ ਲਿਪਟ ਰਹੇ ਕਈ ਸਟੋਰਾਂ ਦੇ ਸ਼ਟਰ!
ਅਸੀ ਦੋਹਾਂ ਨੇ, ਕਾਫ਼ੀਸ਼ਾਪ ਦੇ ਸਾਹਮਣੇ, ਸੁੰਨਸਾਨਤਾ 'ਚ ਡੁੱਬੀਆਂ ਕੁਰਸੀਆਂ ਨੂੰ 'ਗੁੱਡ-ਮੋਰਨਿੰਗ' ਜਾ ਆਖੀ।
ਕਾਫ਼ੀ ਦੀ ਭਾਫ਼ 'ਚੋਂ ਆਪਣੇ ਅੰਦਰ ਦੀ ਠਾਰੀ ਨੂੰ ਸੁੜ੍ਹਾਕਦਾ ਹੋਇਆ, ਮੈਂ ਪਰਲੇ ਪਾਸੇ ਹੇਅਰ ਸਲਾਨ ਦੇ ਸ਼ੀਸ਼ਿਆਂ ਤੋਂ ਗਰਦ ਝਾੜ ਰਹੇ ਹਜਾਮ (ਬਾਰਬਰ) ਵੱਲੀਂ ਦੇਖਣ ਲੱਗਾ। ਮੇਰੀ ਨਜ਼ਰ ਓਧਰ ਜਾਂਦਿਆਂ ਹੀ 'ਬਾਰਨਜ਼ ਸਕਿਊਰਿਟੀ' ਵਾਲ਼ਾ 'ਖਊਂ ਖਊਂ' ਕਰਦਾ ਬਜ਼ੁਰਗ, ਕੰਪਨੀ ਦੇ ਜ਼ਾਬਤੇ ਵਾਲ਼ੀ ਕਿਤਾਬਚੀ ਦੇ ਵਰਕਿਆਂ ਨੂੰ ਫ਼ਰੋਲ਼ਦਾ ਹੋਇਆ ਮੇਰੇ ਮੱਥੇ 'ਚ ਆ ਵੜਿਆ। 'ਵੈੱਲ-ਗਰੂਮਡ' ਕਿਤਾਬਚੀ ਨੂੰ ਮੇਰੇ ਸਾਹਮਣੇ ਟਿਕਾਅ ਕੇ ਉਸਨੇ ਆਪਣੇ ਦੋਹਾਂ ਪੰਜਿਆਂ ਦੇ ਪੋਟੇ, ਆਪਣੇ ਜੁਬਾੜਿਆਂ ਉੱਤੇ ਟਿਕਾਅ ਦਿੱਤੇ ਤੇ ਉਹ ਉਨ੍ਹਾਂ ਨੂੰ ਮੁੜ-ਮੁੜ ਹੇਠਾਂ ਵੱਲ ਨੂੰ ਘੜੀਸ ਕੇ ਆਪਣੀ ਠੋਡੀ ਵੱਲ ਨੂੰ ਲਿਜਾਣ ਲੱਗਾ।
-ਇਹ ਤਾਂ ਹੁਣ ਏਸ ਮੁਲਕ 'ਚ ਕਰਨਾ ਈ ਪੈਣੈ, ਮੈਂ ਆਪਣੇ ਆਪ ਨੂੰ ਦੱਸਿਆ।

ਹਜਾਮ ਦੀ ਸਲਾਨ 'ਚੋਂ ਨਿੱਕਲ਼ੇ ਤਾਂ ਰਣਜੀਤ ਦੇ ਬੁੱਲ੍ਹਾਂ ਉੱਪਰ ਸ਼ਰਾਰਤ ਫ਼ਲਣ-ਸੁੰਗੜਨ ਲੱਗੀ। ਆਪਣੀ ਜੇਬ 'ਚੋਂ ਧੁੱਪ-ਐਨਕਾਂ ਨੂੰ ਖਿੱਚ ਕੇ, ਉਹ ਮੇਰੇ ਵੱਲ ਝਾਕਿਆ: ਰੁਕ ਇੱਕ ਮਿੰਟ, ਪ੍ਰੋਫ਼ੈਸਰਾ।
ਫ਼ਿਰ ਆਪਣੀਆਂ ਐਨਕਾਂ ਨੂੰ ਉਸ ਨੇ ਮੇਰੇ ਨੱਕ ਦੀ ਬੰਨ ਉੱਤੇ ਅਸਵਾਰ ਕਰ ਦਿੱਤਾ, ਤੇ ਉਹਨਾਂ ਦੀਆਂ ਡੰਡੀਆਂ ਨੂੰ ਮੇਰੇ ਕੰਨਾਂ ਅਤੇ ਸਿਰ ਦੇ ਵਿਚਕਾਰ ਸਰਕਾਅ ਦਿੱਤਾ।
-ਇਹ ਕੀ ਕਰਦੈਂ, ਰਣਜੀਤ? ਮੈਂ ਆਪਣੇ ਮੱਥੇ ਨੂੰ ਕੱਸਣ ਲੱਗਾ।
-ਬੱਸ ਤੂੰ ਦੇਖੀ ਚੱਲ! ਤੂੰ ਬੋਲਣਾ ਨੀ ਕੁੱਛ ਵੀ ਫ਼ਲੈਟ 'ਚ ਜਾ ਕੇ! ਓ. ਕੇ.?

ਫ਼ਲੈਟ ਦਾ ਦਰਵਾਜ਼ਾ ਖੁਲ੍ਹਿਆ: ਸਾਡੇ ਦੋਹਾਂ ਵੱਲ ਨਜ਼ਰ ਘੁੰਮਾਉਂਦਿਆਂ, 'ਸਾਸਰੀ `ਕਾਲ' ਕਹਿ ਕੇ, ਸਾਗਰ ਸੋਫ਼ੇ ਦੀਆਂ ਗੱਦੀਆਂ ਨੂੰ ਥਾਂ-ਸਿਰ ਕਰਨ ਲੱਗੀ।
-ਇਹ ਇਨਸ਼ੋਰੈਂਸ ਅਜੰਟ ਐ, ਭੈਣ ਜੀ, ਰਣਜੀਤ ਆਪਣੀਆਂ ਤਲ਼ੀਆਂ ਨੂੰ ਇੱਕ-ਦੂਜੀ ਨਾਲ ਘਸਾਉਂਦਾ ਹੋਇਆ, ਆਪਣੇ ਚਿਹਰੇ ਨੂੰ ਮੇਰੇ ਵੱਲ ਨੂੰ ਰਤਾ ਕੁ ਘੁੰਮਾਅ ਕੇ ਬੋਲਿਆ। -ਸ਼ਰਮਾ ਜੀ ਐ ਇਹ ਮੋਗੇ ਤੋਂ! ਪ੍ਰੋਫ਼ੈਸਰ ਦੇ ਫ਼੍ਰਿੰਡ ਐ!
-ਸਾਸਰੀ 'ਕਾਲ ਵੀਰ ਜੀ! ਸਾਗਰ ਨੇ ਆਪਣੀ ਅੱਧ-ਖਿੜੀ ਮੁਸਕ੍ਰਾਹਟ ਮੇਰੇ ਵੱਲ ਨੂੰ ਗੇੜ ਦਿੱਤੀ।
-ਪ੍ਰੋਫ਼ੈਸਰ ਕਿੱਥੇ ਐ, ਭੈਣ ਜੀ? ਰਣਜੀਤ ਆਪਣੇ ਵਾਲ਼ਾਂ 'ਚ ਉਂਗਲ਼ਾਂ ਫੇਰਨ ਲੱਗਾ।
-ਉਹ ਤੁਹਾਡੇ ਨਾਲ਼ ਨੀ ਸੀ ਗਏ ਪਲਾਜ਼ੇ ਨੂੰ?
-ਗਿਆ ਤਾਂ ਸੀ, ਰਣਜੀਤ ਦੀ ਅਵਾਜ਼ ਥਿੜਕੀ। -ਪਰ ਮੈਂ ਤਾਂ ਹੇਅਰ-ਸਲਾਨ 'ਚ ਵੜ ਗਿਆ, ਤੇ ਉਹ ਕਹਿੰਦਾ ਸੀ ਮੈਂ ਫ਼ਲੈਟ ਨੂੰ ਚੱਲਿਆਂ!
-ਓਹ ਫ਼ੇਰ... ਲਾਇਬਰੇਰੀ ਨੂੰ ਤੁਰਗੇ ਹੋਣਗੇ...
ਮੇਰਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਹਿੱਲਣ ਲੱਗਾ।
-ਕੀ ਪੀਓਂਗੇ, ਵੀਰ ਜੀ, ਸਾਗਰ ਦੀਆਂ ਅਖਾਂ ਮੇਰੇ ਵੱਲ ਫਿਰੀਆਂ। -ਚਾਹ ਕਿ ਜੂਸ?
ਮੇਰੇ ਬੁੱਲ੍ਹ ਕਾਬੂ ਤੋਂ ਬਾਹਰ ਹੋਣ ਲੱਗੇ ਪਰ ਮੈਂ ਉਨ੍ਹਾਂ ਨੂੰ ਮੁੱਠੀ ਵਾਂਙਣ ਘੁੱਟ ਲਿਆ।
-ਕੀ ਪੀਣਾ, ਸ਼ਰਮਾ ਜੀ? ਹੁਣ ਰਣਜੀਤ ਨੇ ਆਪਣੀ ਸ਼ਰਾਰਤ ਮੇਰੇ ਵੱਲ ਨੂੰ ਮੋੜੀ।
-ਚਾਹ ਈ ਪੀ ਲੈਨੇ ਆਂ, ਮੈਂ ਗਲ਼ਾ ਸਾਫ਼ ਕਰ ਕੇ ਬੋਲਿਆ।
ਸਾਗਰ ਦੇ ਮੱਥੇ ਦੀ ਚਮੜੀ ਇੱਕ ਦਮ ਇਕੱਠੀ ਹੋ ਗਈ, ਤੇ ਅੱਖਾਂ ਵਿੱਚ ਭਰ ਆਈ ਡੌਰਭੌਰਤਾ ਨੂੰ ਮੇਰੇ ਚਿਹਰੇ ਉੱਪਰ ਸੇਧ ਕੇ ਉਹ ਬੋਲੀ: ਸ਼ਰਮਾ?
ਮੇਰੇ ਹੱਥਾਂ ਨੇ ਕੁੱਪੀ ਦੀ ਸ਼ਕਲ ਅਖ਼ਤਿਆਰ ਕਰ ਕੇ ਮੇਰੇ ਨੱਕ ਅਤੇ ਬੁੱਲ੍ਹਾਂ ਨੂੰ ਗੈਸ-ਮਾਸਕ ਵਾਂਗ ਢਕ ਲਿਆ, ਪਰ ਮੇਰਾ ਘੁੱਟਿਆ ਹੋਇਆ ਹਾਸਾ ਬਾਗ਼ੀ ਹੋ ਕੇ ਮੇਰੀਆਂ ਉਂਗਲ਼ਾਂ ਦੀਆਂ ਵਿਰਲਾਂ ਰਾਹੀਂ ਮੇਰੀ ਝੋਲ਼ੀ 'ਚ ਕਿਰਨ ਲੱਗਾ।
-ਬੇਸ਼ਰਮ! ਸਾਗਰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲਣ-ਸੁੰਗੜਣਲੱਗੇ। -ਇਹ ਕੀ ਕਰ ਲਿਆ? ਹੋਰ ਈ ਬਣਗੇ ਬਾਣੀਏਂ ਜਿਹੇ! ਆਹ ਦਾਹੜੀ-ਮੁੱਛ ਤਾਂ ਰੱਖ ਲੈਂਦੇ!

ਅਗਲਾ ਦਿਨ: ਚਾਲ਼ੀ ਘੰਟਿਆਂ 'ਚ ਰਿੜਕੀ, ਕਾਮਿਆਂ ਦੀ ਰੱਤ 'ਚੋਂ ਨਿੱਤਰੇ ਹੋਏ ਚੈੱਕ ਮਿਲਣ ਦਾ ਦਿਨ!
ਕੰਮ ਤੋਂ ਸਿੱਧਾ ਬੈਂਕ 'ਚ ਆਉਣ ਦਾ ਦਿਨ!
ਤੇ ਸ਼ਾਮ ਵਿੱਚ ਗੁਲਾਬੀ ਸਰੂਰ ਘੋਲ਼ ਕੇ ਮੱਥਿਆਂ 'ਚ ਤਾਰਿਆਂ ਦੇ ਛਿੱਟੇ ਸੁੱਟਣ ਦਾ ਦਿਨ!
ਸਾਡੇ ਫ਼ਲੈਟ 'ਚ ਕਾਫ਼ੀਟੇਬਲ ਉੱਪਰ ਖਲੋਤੀ 'ਕਨੇਡੀਅਨ ਕਲੱਬ' ਉਸ ਸ਼ਾਮ ਵੀ ਸੋਢੇ ਦਾ ਤੇ ਕੱਚ ਦੇ ਗਲਾਸਾਂ ਦਾ ਇੰਤਜ਼ਾਰ ਕਰ ਰਹੀ ਸੀ। ਰਛਪਾਲ ਨੇ ਮੈਨੂੰ ਤੇ ਰਣਜੀਤ ਨੂੰ ਹਦਾਇਤ ਕਰ ਦਿੱਤੀ: ਸਾਰਿਆਂ ਦੇ ਨਹਾਉਣ ਤੋਂ ਪਿਹਲਾਂ ਨੀ ਖੋਲ੍ਹਣਾ ਬੋਤਲ ਦਾ ਡੱਟ!
ਰਛਪਾਲ ਦੀ ਪਤਨੀ, ਰਾਜਿੰਦਰ, ਨੇ ਅਧਰਕ, ਲੱਸਣ, ਤੇ ਪਿਆਜ਼ ਦੇ ਬਾਰੀਕੀ-ਨਾਲ-ਕੱਟੇ ਟੁਕੜੇ ਪਤੀਲੀ 'ਚ ਉਤਾਰ ਦਿੱਤੇ। ਹੁਣ ਉਸ ਨੇ ਬਿਜਲਈ ਸਟੋਵ ਦੀ ਸਵਿੱਚ ਨੂੰ ਘੁੰਮਾਇਆ: ਲੂਣਦਾਨੀ 'ਚੋਂ ਗਰਮ ਮਸਾਲੇ, ਮਿਰਚ ਤੇ ਹਲ਼ਦੀ ਦਾ ਮਿਸ਼ਰਣ ਵਾਰੋ ਵਾਰੀ ਚਮਚੇ ਉੱਪਰ ਸਵਾਰ ਹੋ ਹੋ ਕੇ, ਪਤੀਲੀ 'ਚ ਛਾਲ਼ਾਂ ਮਾਰਨ ਲੱਗਾ। ਤਿੰਨ ਕੁ ਮਿੰਟਾਂ ਵਿੱਚ ਹੀ ਰਸੋਈ 'ਚੋਂ ਉੱਠ ਰਹੀ ਮਿੱਠੀ ਮਿੱਠੀ ਕੁੜੱਤਣ, ਲਿਵਿੰਗਰੂਮ ਵਿਚਲੇ ਸੋਫ਼ੇ ਨੂੰ ਸੁੰਘਦੀ ਹੋਈ ਸਾਡੇ ਬੈੱਡਰੂਮਾਂ ਵੱਲ ਨੂੰ ਵਗ ਤੁਰੀ!
ਅੱਧੇ ਪੌਣੇ ਘੰਟੇ ਮਗਰੋਂ, ਰਛਪਾਲ ਨੇ ਮਸਾਲੇ 'ਚ ਭੁੰਨੀਂ 'ਕੁੱਕੜੂੰ-ਘੜੂੰ' ਨੂੰ ਡੌਂਗੇ 'ਚ ਪਾ ਕੇ ਕਾਫ਼ੀਟੇਬਲ ਉੱਤੇ 'ਪਾਰਕ' ਕਰ ਦਿੱਤਾ।
-ਆਜੋ ਵਈ ਮੱਲੋ! ਰਛਪਾਲ ਦਾ ਹੋਕਾ ਗੂੰਜਿਆ।

'ਕਨੇਡੀਅਨ ਕਲੱਬ' ਦੀ ਬੋਤਲ, ਮਸਾਲੇ ਦੀ ਕੜਵੀ ਮਹਿਕ ਨੂੰ ਸੁੰਘਣ ਲਈ,ਉਤਾਵਲੀ ਹੋਣ ਲੱਗੀ। ਰਣਜੀਤ ਨੇ ਆਪਣੀ ਮੁੱਠੀ ਡੱਟ ਦੇ ਉਦਾਲ਼ੇ ਲਪੇਟ ਦਿੱਤੀ, ਤੇ ਮੈਂ ਬਰਫ਼ ਦੀਆਂ ਚਨੁੱਕਰੀਆਂ ਡਲ਼ੀਆਂ ਨੂੰ ਚਮਚੇ ਉੱਪਰ ਚਾੜ੍ਹ ਕੇ, ਗਲਾਸਾਂ 'ਚ ਉਤਾਰਨ ਲੱਗਾ। ਸੋਢੇ ਦੀ ਬੋਤਲ ਪਹਿਲੇ ਗਲਾਸ ਦੇ ਕੰਢੇ ਉੱਪਰ ਜਿਓਂ ਹੀ ਟੇਢੀ ਹੋਈ, ਗਲਾਸ ਦੇ ਥੱਲੇ ਉੱਪਰ ਆਰਾਮ ਦੀ ਮੁਦਰਾ 'ਚ ਬੈਠਾ ਸਰੂਰ ਝੱਗੋ-ਝੱਗ ਹੋ ਕੇ ਕਿਨਾਰਿਆਂ ਵੱਲ ਨੂੰ ਉੱਠਣ ਲੱਗਾ। 'ਚੀਅਰਜ਼' ਦੇ ਆਵਾਜ਼ੇ ਨਾਲ਼ ਉੱਪਰ ਨੂੰ ਉਠਾਏ ਗਲਾਸਾਂ ਵਿੱਚੋਂ ਪਿਆਕੜਾਂ ਨੇ ਹਾਲੇ ਪਹਿਲਾ ਘੁੱਟ ਭਰਿਆ ਸੀ ਕਿ ਕਿਚਨ ਅੰਦਰ 'ਟਰਨਨਟਰਨਨ' ਵਿਲਕ ਉੱਠੀ!

-ਹੈਲੋਅਅ! ਮੈਂ ਆਪਣੇ ਗਲਾਸ ਨੂੰ ਕਿਚਨ-ਕਾਊਂਟਰ 'ਤੇ ਟਿਕਾਅ ਕੇ ਬੋਲਿਆ।
-????
-ਅੱਜ ਰਾਤੀਂ?
-???
-ਅੱਜ ਰਾਤੀਂ... ਨੌਟ ਪੌਸੀਬਲ਼! ਕੈਨ ਯੂ ਫ਼ਾਈਂਡ ਸਮਵਨ ਐਲਜ਼?
-???
-ਓ. ਕੇ.
-???
-ਓ. ਕੇ., ਜਸਟ ਏ ਮਿੰਟ; ਲੈੱਟ ਮੀ ਫ਼ਾਈਂਡ ਏ ਪੈੱਨ ਐਂਡ ਪੇਪਰ!
ਤੇ ਪੈੱਨ ਦਾ ਪੋਪਲਾ ਖੋਲ੍ਹ ਕੇ ਮੈਂ ਆਪਣਾ ਹੱਥ ਡਾਈਨਿੰਗ ਟੇਬਲ ਉੱਪਰ ਪਏ ਕਾਗਜ਼ ਦੇ ਟੁਕੜਿਆਂ ਵੱਲ ਵਧਾਅ ਦਿੱਤਾ।
ਤਿੰਨ ਕੁ ਮਿੰਟਾਂ ਬਾਅਦ ਫ਼ੋਨ ਦਾ ਰਸੀਵਰ ਜਦੋਂ ਮੈਂ ਕੰਧ ਨਾਲ਼ ਚਿੰਬੜੇ ਉਸ ਦੇ ਬੇਸ ਉੱਤੇ ਟੁੰਗ ਦਿੱਤਾ, ਤਾਂ ਤਿੰਨਾਂ ਪਿਆਕੜਾਂ ਦੇ ਚਿਹਰੇ ਮੇਰੇ ਵੱਲ ਗਿੜ ਗਏ।
-ਕੌਣ ਸੀ? ਤਿੰਨਾਂ ਦੀਆਂ ਅੱਖਾਂ ਪੁੱਛਣ ਲੱਗੀਆਂ।
-ਚਾਹ 'ਚ ਮੱਖੀ! ਮੈਂ ਆਪਣਾ ਸਿਰ ਖੱਬੇ-ਸੱਜੇ ਝਣਖਿਆ।
-ਚਾਹ 'ਚ ਮੱਖੀ?
-ਸਾਲ਼ਾ ਡਿਸਪੈਚਰ ਸੀ 'ਬਾਰਨਜ਼ ਸਕਿਊਰਿਟੀ' ਦਾ...
-ਕੀ ਕਹਿੰਦਾ ਸੀ?
-ਕਹਿੰਦਾ ਅੱਜ ਰਾਤ ਨੂੰ 12 ਵਜੇ ਸ਼ਿਫ਼ਟ ਸ਼ੁਰੂ ਕਰ।
-ਕਿੱਥੇ ਕੁ ਪਹੁੰਚਣੈ?
-ਡਾਊਨ ਟਾਊਨ ਐ! ਸੀ ਐਨ ਟਾਵਰ ਦੇ ਇਲਾਕੇ 'ਚ!
-ਡਾਇਰੈਕਸ਼ਨਾਂ ਲੈ ਲੀਆਂ?
-ਆਹ ਲਿਖਲੀਆਂ ਮੈਂ ਕਾਗਜ਼ 'ਤੇ!
-ਦੂਰ ਐ ਕਾਫ਼ੀ ਐਥੋਂ! ਰਛਪਾਲ 'ਕੁੜ-ਕੁੜ' ਦੀ ਸੰਖੀ ਨੂੰ ਚੁੱਕਦਿਆਂ ਬੋਲਿਆ।

ਕਲਾਕ ਦੇ ਅਲਾਰਮ ਨੇ ਪੂਰੇ ਦਸ ਵਜੇ ਲਮਕਵਾਂ ਡਕਾਰ ਮਾਰਿਆ: 'ਘੁਰਰਰਰਰਰਰ'!
ਸੁਖਸਾਗਰ ਨੇ ਪਤੀਲੀ ਸਟੋਵ ਉੱਪਰ ਰੱਖੀ ਤੇ ਥਰਮੋਸ ਬੋਤਲ ਦਾ ਢੱਕਣ ਖੋਲ੍ਹ ਕੇ ਉਸਨੂੰ ਪਾਣੀ ਵਾਲ਼ੀ ਟੂਟੀ ਹੇਠ ਕਰ ਦਿੱਤਾ।

ਮੋਟੀ ਉੱਨ ਦੀ ਕੈਪ ਨੇ ਮੇਰੇ ਸਿਰ ਨੂੰ ਮੱਥੇ ਤੋਂ ਲੈ ਕੇ ਕੰਨਾਂ ਅਤੇ ਗਿੱਚੀ ਤੀਕਰ ਬੁੱਕਲ਼ 'ਚ ਘੁੱਟ ਲਿਆ, ਤੇ ਗੁਲੂਬੰਦ ਮੇਰੀ ਧੌਣ ਉਦਾਲ਼ੇ ਲਿਪਟ ਕੇ, ਮੋਟੀ ਜੈਕਟ 'ਚ ਉੱਤਰ ਰਹੀਆਂ ਮੇਰੀਆਂ ਕਲ਼ਾਈਆਂ ਨੂੰ ਦੇਖਣ ਲੱਗਾ। ਜੈਕਟ ਦੀ ਜ਼ਿੱਪਰ ਨੂੰ ਜਦੋਂ ਮੈਂ ਆਪਣੀ ਘੰਡੀ ਤੀਕਰ ਖਿੱਚ ਲਿਆ ਤਾਂ ਜੈਕਟ ਦੇ ਕਾਲਰ ਦੀ ਮੋਟਾਈ ਨੇ ਮੇਰੀ ਪੂਰੀ ਧੌਣ ਨੂੰ ਜੱਫੀ 'ਚ ਵਗਲ਼ ਲਿਆ।

ਬੁੱਢੇ ਬਲ਼ਦ ਵਰਗਾ ਐਲਾਵੇਟਰ ਗਰਾਊਂਡ ਫ਼ਲੋਰ ਉੱਤੇ ਝਿਜਕਦਾ ਝਿਜਕਦਾ ਖੁਲ੍ਹਿਆ। ਮੈਂ ਸਾਹਮਣੇ ਵਾਲ਼ੇ ਮੁੱਖ ਦਰਵਾਜ਼ੇ ਰਾਹੀਂ ਬਾਹਰ ਨਜ਼ਰ ਮਾਰੀ: ਮੇਰਾ ਸਿਰ ਕੰਬਣ ਲੱਗਾ।
ਬਾਹਰ ਨਿੱਕਲ਼ਿਆ; ਸਾਹਮਣੇ ਵਾਲ਼ਾ ਲਾਅਨ, ਪਰਲੇ ਪਾਸੇ ਵਾਲ਼ੇ ਘਰਾਂ ਦੀਆਂ ਛੱਤਾਂ, ਤੇ ਦਰਖ਼ਤਾਂ ਦੀਆਂ ਨੰਗ-ਧੜੰਗੀਆਂ ਟਾਹਣੀਆਂ: ਸਭਨਾਂ ਉੱਤੇ ਰੂੰਈਂ ਹੀ ਰੂੰਈਂ—ਸੋਧੇ ਹੋਏ ਸਫ਼ੈਦ ਲੂਣ ਨੂੰ ਪਿੰਜ ਕੇ ਸਿਰਜੀ ਹੋਈ ਦਾਣੇਦਾਰ ਰੂੰਈਂ।
ਮੈਂ ਲਾਬੀ 'ਚੋਂ ਬਾਹਰ ਨਿੱਕਲ਼ਿਆ, ਇਕਸਾਰ ਵਿਛੀ ਹੋਈ ਸਨੋਅ 'ਚ ਨਿੱਕੇ-ਨਿੱਕੇ ਕ੍ਰਿਸਟਲ ਚਮਕਣ ਲੱਗੇ: ਧਰਤੀ ਉੱਪਰ ਵਿਛੇ ਚਿੱਟੇ ਆਕਾਸ਼ 'ਚ ਨਿੱਕੇ ਨਿੱਕੇ ਤਾਰੇ। ਸਨੋਅ ਉੱਪਰ ਸੱਜਾ ਪੈਰ ਧਰਿਆ ਤਾਂ ਗੋਡਿਆਂ ਦੇ ਅੱਧ ਤੀਕ ਚੜ੍ਹਿਆ ਬੂਟ, ਗਿੱਟੇ ਤੋਂ ਉੱਪਰ ਤੀਕ ਲਾ-ਪਤਾ ਹੋ ਗਿਆ। ਦੂਜਾ ਪੈਰ ਸਨੋਅ 'ਚ ਉੱਤਰਿਆ ਤਾਂ ਪਹਿਲਾ ਬੂਟ ਸਨੋਅ ਨੂੰ ਰੇਤੇ ਵਾਂਙੂੰ ਅੱਗੇ ਵੱਲ ਨੂੰ ਉਡਾਅ ਕੇ ਉੱਭਰਿਆ। ਇਸ ਤੋਂ ਬਾਅਦ ਤਾਂ ਇੰਝ ਜਾਪੇ ਜਿਵੇਂ ਮੈਂ ਗਿੱਟਿਆਂ ਤੋਂ ਉੱਪਰ ਤੀਕ ਡੂੰਘੇ ਦੁੱਧ ਦੇ ਮਹੀਨ ਦਾਣਿਆਂ ਨਾਲ਼ ਭਰੀ ਝੀਲ ਵਿੱਚੋਂ ਲੰਘ ਰਿਹਾ ਸਾਂ। ਬੂਟਾਂ ਹੇਠ ਹਾੜੇ ਕੱਢਦੀ ਸੱਜਰੀ ਸਨੋਅ ਦੀ 'ਚਿਰੜ-ਚਿਰੜ' ਮੈਨੂੰ ਬਠਿੰਡੇ ਦੇ ਟਿੱਬਿਆਂ ਵਿੱਚ ਤੁਰਦਿਆਂ, ਖੱਲ ਦੇ ਨਵੇਂ ਮੌਜਿਆਂ ਦੀ 'ਚੀਂ-ਚੀਂ' ਯਾਦ ਕਰਾਉਣ ਲੱਗੀ।
ਸਨੋਅ 'ਚ ਖੁਭਦਾ ਹੋਇਆ ਮੈਂ ਮੇਨ ਸੜਕ ਵੱਲੀਂ ਵਧ ਰਿਹਾ ਸਾਂ ਜਿੱਥੇ ਬੱਸ-ਸ਼ੈਲਟਰ ਦੀ ਸੁੰਨਸਾਨਤਾ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ। ਸੜਕੋਂ ਪਾਰ ਸਟੋਰਾਂ ਦੀ ਲੜੀ ਵੱਲ ਝਾਕਿਆ; ਸਟੋਰਾਂ ਦੇ ਸ਼ਟਰ ਡਿੱਗੇ ਹੋਏ ਤੇ ਉਹਨਾਂ ਦੇ ਸਾਹਮਣੇ ਸੁੰਨਸਾਨ ਪਾਰਕਿੰਗ ਲਾਟ ਉੱਪਰ ਵਿਛਿਆ ਹੋਇਆ ਸੱਜਰਾ ਮੱਖਣ! ਆਲ਼ੇ-ਦੁਆਲ਼ੇ 'ਚ ਭੁੱਕੀ ਹੋਈ ਖ਼ਾਮੋਸ਼ ਕੱਲਰ। ਸ਼ੈਲਟਰ ਦੇ ਸਿਰ ਉੱਪਰ ਚਿੱਟਾ ਕੰਬਲ਼, ਬੈਂਚ ਦੀ ਢੋਅ ਉੱਪਰ ਤੇ ਸੀਟ ਉੱਪਰ ਸਫ਼ੈਦੀ ਹੀ ਸਫ਼ੈਦੀ।
ਹਵਾ ਤਾਂ ਚੌਗਿਰਦੇ 'ਚ ਫ਼ੈਲਰੇ ਸੀਤ-ਹੁੰਮਸ 'ਚ, ਕੁੰਗੜੀ ਹੋਈ ਬੱਕਰੀ ਵਾਂਗ ਖਲੋਤੀ ਸੀ, ਬਿਲਕੁਲ ਅਹਿੱਲ! ਸਨੋਅ ਲਗਾਤਾਰ ਹੇਠਾਂ ਵੱਲ ਉੱਤਰ ਰਹੀ ਸੀ, ਜਿਵੇਂ ਅਕਾਸ਼ 'ਚੋਂ ਕਰੋੜਾਂ ਤਿਤਲੀਆਂ ਆਪਣੇ ਦੁੱਧ-ਰੰਗੇ ਖੰਭਾਂ ਨੂੰ ਕੁਤਰ-ਕੁਤਰ ਕੇ ਝਾੜ ਰਹੀਆਂ ਹੋਵਣ।
ਮੈਂ ਵਾਰ ਵਾਰ ਸੱਜੇ ਪਾਸੇ ਵੱਲ ਝਾਕ ਰਿਹਾ ਸਾਂ ਜਿਧਰੋਂ ਇਸਲਿੰਗਟਨ ਸਟੇਸ਼ਨ ਨੂੰ ਜਾਣ ਵਾਲ਼ੀ ਬੱਸ ਨੇ ਦਰਸ਼ਨ ਦੇਣੇ ਸਨ। ਜਦੋਂ ਨੂੰ ਬੱਸ ਦੀ ਵਿੰਡਸ਼ੀਲਡ ਉੱਪਰ ਵੱਡੇ ਵੱਡੇ ਵਾਈਪਰ, 'ਹਟ-ਪਰ੍ਹੇ; ਹਟ-ਪਰ੍ਹੇ' ਦੇ ਅੰਦਾਜ਼ ਵਿੱਚ ਖੱਬੇ-ਸੱਜੇ ਝੁਕਦੇ-ਘਿਸਰਦੇ ਦਿਸੇ, ਘੜੀ ਦੀ ਮਿੰਟਾਂ ਵਾਲ਼ੀ ਸੂਈ ਗਿਆਰਾਂ ਵਜਾਉਣ ਤੋਂ ਪੰਦਰਾਂ ਕੁ ਕਦਮ ਉਰੇ ਸੀ। ਡਰਾਈਵਰ ਦੇ ਖੱਬੇ ਹੱਥ ਦੇ ਲਾਗੇ ਬਣੇ 'ਗੱਲੇ' ਵਿੱਚ ਬਸ-ਟਿਕਟ ਸੁੱਟ ਕੇ ਮੈਂ ਪਿੱਛੇ ਸੀਟਾਂ ਵੱਲ ਨਜ਼ਰਾਂ ਸੁੱਟੀਆਂ: ਹਰ ਸੀਟ ਉੱਪਰ ਖ਼ਾਲੀਅਤ ਦੇਖ ਕੇ ਮੈਂ ਸੋਚਣ ਲੱਗਾ: ਸ਼ੁੱਕਰਵਾਰ ਦੀ ਰਾਤ; ਕੀਹਨੇ ਨਿੱਕਲਣਾ ਬਾਹਰ ਸਨੋਅ ਦੇ ਇਸ ਤੂਫ਼ਾਨ ਵਿੱਚ! ਅੱਜ ਤਾਂ ਸਾਰਾ ਟਰਾਂਟੋ ਈ ਬੀਅਰ ਦੀਆਂ ਬੋਤਲਾਂ 'ਚ ਡੁੱਬਿਆ ਪਿਆ ਹੋਊ।
-ਥੈਂਕ ਗਾਡ ਇਟ'ਸ ਨਾਟ ਵਿੰਡੀ! ਮੈਂ ਜੈਕਟ ਦੀ ਜ਼ਿੱਪਰ ਨੂੰ ਢਿੱਲੀ ਕਰਦਿਆਂ ਡਰਾਇਵਰ ਵੱਲ ਝੁਕਿਆ।
-ਗਿਆਰਾਂ ਵਜੇ ਤੋਂ ਬਾਅਦ ਪਤੈ ਕੀ ਹੋਣੈ? ਡਰਾਈਵਰ ਆਪਣੇ ਸਿਰ ਨੂੰ ਖੱਬੇ-ਸੱਜੇ ਗੇੜਦਿਆਂ ਬੋਲਿਆ। -ਗੁੱਡਲੱਕ ਟੂ ਯੂ!
ਸੜਕ ਉੱਪਰ ਵਿਛੀ ਸਨੋਅ ਨੂੰ ਸਹਿਜੇ ਸਹਿਜੇ ਦਰੜਦੀ ਹੋਈ ਬੱਸ ਪੰਦਰਾਂ ਕੁ ਵਿਰਲੇ ਵਿਰਲੇ ਬੱਸ ਸਟਾਪਾਂ ਤੋਂ ਇੱਕ ਅੱਧ ਸਵਾਰੀ ਨੂੰ ਚੁਕਦੀ ਹੋਈ ਆਖ਼ਿਰ ਇਸਲਿੰਗਟਨ ਸਬਵੇਅ ਦੇ ਸਾਹਮਣੇ ਆ ਖਲੋਤੀ।
ਹੇਠਾਂ ਵੱਲ ਨੂੰ ਲਹਿੰਦੀਆਂ ਪੌੜੀਆਂ ਉੱਤੇ ਤਿਲਕਣ ਤੋਂ ਬਚਦਾ ਹੋਇਆ ਮੈਂ ਅੰਡਰਗ੍ਰਾਊਂਡ ਟ੍ਰੇਨ ਸਟੇਸ਼ਨ 'ਤੇ ਜਾ ਉੱਤਰਿਆ। ਏਥੇ ਨਾ ਕੋਈ ਜੀਵ ਨਾ ਪਰਿੰਦਾ। ਮੇਰੀ ਪੈੜਚਾਲ ਸਟੇਸ਼ਨ ਦੀ ਸੁੰਨਸਾਨਤਾ 'ਚ ਸਾਹ ਭਰਨ ਲੱਗੀ। ਕੁਝ ਮਿੰਟਾਂ 'ਚ ਡਾਊਨਟਾਊਨ ਵਾਲ਼ੇ ਪਾਸਿਓਂ ਸ਼ੂੰ-ਸ਼ੂੰ ਤੇ ਖਰੜ ਖਰੜ ਹੋਈ: ਟ੍ਰੇਨ ਦੇ ਡੱਬਿਆਂ ਵਿੱਚਲੀਆਂ ਵਿਰਲੀਆਂ-ਟਾਵੀਂਆਂ ਸਵਾਰੀਆਂ ਆਪਣੀਆਂ ਸਨੋਅ ਜੈਕਟਾਂ ਦੇ ਜ਼ਿੱਪਰਾਂ ਨੂੰ ਕੱਸ ਕੇ ਬਾਹਰ ਨਿਕਲਣ ਲੱਗੀਆਂ!
ਬਿਲਕੁਲ ਸੁੰਨੇ ਡੱਬੇ ਦੇ ਅੰਦਰ ਲੰਘਣ ਸਾਰ ਮੇਰੀ ਨਜ਼ਰ ਗੁੱਟ-ਘੜੀ ਉੱਪਰ ਡਿੱਗੀ: ਦੋਵੇਂ ਸੂਈਆਂ ਚਿੰਤਾ ਵਿੱਚ ਡੁੱਬੀਆਂ ਹੋਈਆਂ ਸਨ: ਬਾਰਾਂ ਵੱਜਣ 'ਚ ਪੰਦਰਾਂ ਮਿੰਟ! ਇਸਲਿੰਗਟਨ ਸਟੇਸ਼ਨ ਇਸ ਲਾਈਨ ਉੱਤੇ ਆਖ਼ਰੀ ਸਟੇਸ਼ਨ ਸੀ। ਚਾਰ ਕੁ ਮਿੰਟ ਦਮ ਲੈਣ ਤੋਂ ਬਾਅਦ ਮੈਨੂੰ ਇਕੱਲੇ ਨੂੰ ਝੂਟੇ ਦਿੰਦੀ ਹੋਈ ਟ੍ਰੇਨ ਪਿਛਲੇ ਪਾਸੇ ਡਾਊਨਟਾਊਨ ਵੱਲ ਨੂੰ ਰਿੜ੍ਹਨ ਲੱਗੀ।

ਕਈ ਖ਼ਾਲਮ-ਖ਼ਾਲੀ ਸਟੇਸ਼ਨਾਂ ਤੇ ਰਸਮੀਂ ਠਹਿਰਾਓ ਕਰਨ ਤੋਂ ਬਾਅਦ, ਟ੍ਰੇਨ ਦੀਆਂ ਖਿੜਕੀਆਂ ਰਾਹੀਂ ਇੱਕ ਪਲੈਟਫ਼ੋਰਮ ਦੀਆਂ ਕੰਧਾਂ ਉੱਤੇ 'ਯੰਗ ਸਟਰੀਟ' ਦੇ ਬੋਰਡ ਨਜ਼ਰ ਆਉਣ ਲੱਗੇ! ਮੇਰਾ ਸੱਜਾ ਦਸਤਾਨਾਂ ਵਿੰਟਰ ਜੈਕਟ ਦੇ ਕਫ਼ ਹੇਠ ਕੁੰਗੜੀ ਹੋਈ ਗੁੱਟਘੜੀ ਨੂੰ ਟਟੋਲਣ ਲੱਗਾ: ਬਾਰਾਂ ਵੱਜ ਕੇ ਪੰਦਰਾਂ ਮਿੰਟ!
ਅੰਡਰਗਰਾਊਂਡ ਤੋਂ ਉੱਪਰ ਵੱਲ ਨੂੰ ਜਾਂਦੀਆਂ ਹਾਲੇ ਦਸ ਕੁ ਪੌੜੀਆਂ ਹੀ ਚੜ੍ਹਿਆ ਸਾਂ ਕਿ ਉੱਪਰੋਂ 'ਸ਼ੂੰਅੰਅੰ, ਸ਼ੂੰਅੰਅੰਅੰ' ਦੇ ਲਲਕਾਰੇ ਸੁਣਨ ਲੱਗੇ। ਸਭ ਤੋਂ ਉੱਪਰਲੀ ਪੌੜੀ ਤੇ ਅੱਪੜਿਆ ਤਾਂ ਬਾਹਰ ਫਰਾਟਿਆਂ ਨਾਲ਼ ਉੱਡ ਰਹੀ ਸਨੋਅ ਦੇ ਵਰੋਲ਼ੇ ਮੇਰੀਆਂ ਅੱਖਾਂ ਵੱਲ ਨੂੰ ਝਪਟੇ। ਮੈਂ ਚਾਰ ਕੁ ਪੌੜੀਆਂ ਹੇਠਾਂ ਵੱਲ ਉੱਤਰਿਆ ਤੇ ਲੰਚ-ਕਿਟ ਵਾਲ਼ੇ ਬੈਗ਼ ਨੂੰ ਪੈਰਾਂ ਕੋਲ਼ ਟਿਕਾਅ ਕੇ ਆਪਣੀ ਜੈਕਟ ਦੇ ਹੁੱਡ ਨੂੰ ਆਪਣੇ ਸਿਰ ਵਾਲ਼ੇ ਟੋਪੇ ਉਦਾਲ਼ੇ ਓੜ ਲਿਆ। ਟੋਪੇ ਦੀਆਂ ਡੋਰੀਆਂ ਨੂੰ ਆਪਣੀ ਠੋਡੀ ਹੇਠ ਕੱਸ ਕੇ ਬੰਨ੍ਹਣ ਬਾਅਦ ਮੈਂ ਉੱਪਰ ਸੜਕ ਵੱਲ ਨੂੰ ਵਧਣ ਲੱਗਾ।
-ਮੁੜ ਜਾ ਪਿੱਛੇ! ਮੇਰੇ ਮੱਥੇ 'ਚ ਚਿਤਾਵਨੀ ਗੂੰਜੀ! -ਆਹ ਤੀਹ-ਤੀਹ ਮੰਨਜ਼ਲੇ ਟਾਵਰ ਵੱਖੀ-ਭਾਰ ਕਰ ਦੇਣੇ ਐ ਅੱਜ ਇਸ ਬਿੱਫਰੇ ਹੋਏ ਠੱਕੇ ਨੇ!
ਪਰ ਗਿੱਟਿਆਂ ਤੋਂ ਉੱਪਰ ਤੀਕ ਡੂੰਘੀ ਸਨੋਅ ਹੇਠ ਦੱਬਿਆ-ਹੋਇਆ ਸਾਈਡਵਾਕ ਮੈਨੂੰ ਚੌਰਸਤੇ ਉੱਪਰ ਲੱਗੀਆਂ ਟ੍ਰੈਫ਼ਿਕ ਬੱਤੀਆਂ ਵੱਲ ਖਿੱਚਣ ਲੱਗਾ। ਮੂਹਰਲੇ ਰੁਖੋਂ ਵਗ ਰਿਹਾ ਤੂਫਾਨ ਮੈਨੂੰ ਪਿੱਛੇ ਵੱਲ ਨੂੰ ਧੱਕਣ ਲੱਗਾ।
-ਇਹ ਯੰਗ ਸਟਰੀਟ ਤੇ ਬਲੂਅਰ ਸਟਰੀਟ ਦਾ ਚੌਰਸਤਾ ਈ ਐ, ਮੇਰੇ ਮੱਥੇ ਦਾ ਕਸੇਵਾਂ ਮੈਨੂੰ ਵਿਸ਼ਵਾਸ਼ ਦਵਾਉਣ ਲੱਗਾ।
ਚੁਰਸਤੇ ਦੇ ਕੋਨਿਆਂ ਉੱਤੇ ਖਲੋਤੇ ਖੰਭਿਆਂ ਉੱਤੇ ਜੜੀਆਂ ਫੱਟੀਆਂ ਤੋਂ, ਮੈਂ ਸਟਰੀਟਾਂ ਦੇ ਨਾਮ ਪੜ੍ਹਨ ਦੀ ਕੋਸ਼ਿਸ਼ 'ਚ ਅੱਖਾਂ ਸੰਗੋੜਨ ਲੱਗਾ।
ਪਰ ਕਿਹੜੀ ਸਟਰੀਟ ਯੰਗ ਐ ਤੇ ਕਿਹੜੀ ਬਲੂਅਰ?
ਤੇਜ਼ ਹਵਾਵਾਂ ਦੇ ਅਣਦਿਸਦੇ ਥਪੇੜਿਆਂ ਨਾਲ਼ ਭੰਨੀ ਆਪਣੀ ਨਜ਼ਰ ਨੂੰ ਮੈਂ ਮੱਛੀਆਂ ਫੜਨ ਵਾਲ਼ੀ ਕੁੰਡੀ ਵਾਂਗ ਦੂਰ ਤੀਕ ਸੁੱਟਿਆ: ਸੋਚਿਆ ਸ਼ਾਇਦ ਮੇਰੇ ਵਾਂਙਣ ਲੜਖੜਾਉਂਦਾ ਕੋਈ ਮਨੁੱਖੀ ਚਿਹਰਾ ਨਜ਼ਰੀਂ ਪੈ ਜਾਵੇ। ਪਰ ਸਭ ਪਾਸੇ ਸਨੋਅ ਨੂੰ ਉਡਾਅ ਰਹੇ ਫਰਾਟਿਆਂ ਤੋਂ ਸਿਵਾ ਕੁਝ ਵੀ ਨਹੀਂ ਸੀ। ਹਵਾ ਦੇ ਧੱਫੇ ਟ੍ਰੈਫ਼ਿਕ ਲਾਈਟਾਂ ਨੂੰ ਝੰਜੋੜੇ ਮਾਰ ਮਾਰ ਕੇ ਹੇਠਾਂ ਸੁੱਟਣ ਦਾ ਸਿਰਤੋੜ ਯਤਨ ਕਰ ਰਹੇ ਸਨ। ਮੈਂ ਹਵਾ ਦੇ ਫਰਾਟਿਆਂ ਦੇ ਮੁਹਾਣ ਵੱਲੀਂ ਪਾਸੇ ਮੂੰਹ ਕਰਦਾ ਤਾਂ ਸਨੋਅ ਦੇ ਫੰਭੇ ਮੇਰੀਆਂ 'ਚ ਅੱਖਾਂ ਰੋੜੀਆਂ ਵਾਂਗ ਵਜਦੇ, ਤੇ ਹਵਾ ਮੈਨੂੰ ਪੁਲਸੀਆਂ ਦੀ ਧਾੜ ਵਾਂਗ ਪਿੱਛੇ ਵੱਲ ਨੂੰ ਧਕਦੀ। ਅੱਖਾਂ ਨੂੰ ਬਚਾਉਣ ਲਈ ਆਪਣੇ ਚਿਹਰੇ ਨੂੰ ਕਦੇ ਮੈਂ ਸੱਜੇ ਪਾਸੇ ਨੂੰ ਖਿਚਦਾ ਤੇ ਕਦੇ ਖੱਬੇ ਨੂੰ। ਮੈਂ ਹਵਾ ਦੇ ਮੁਹਾਣ ਵੱਲ ਪਿੱਠ ਕੀਤੀ ਤਾਂ ਹਵਾ ਦੇ ਧੱਕੇ ਮੇਰੇ ਪੈਰ ਕੱਢਣ ਲੱਗੇ।
-ਹੇਠਾਂ ਸਬਵੇਅ 'ਚ ਚਲਾ ਜਾਹ! ਮੇਰਾ ਦੰਦਕੜਾ ਬੁੜਬੁੜਾਇਆ। -ਓਥੇ ਸ਼ਾਇਦ ਕੋਈ ਬੇਘਰਾ ਕਿਸੇ ਖੂੰਜੇ 'ਚ ਕੰਬਲ਼ ਹੇਠ ਗੁੱਛਾ-ਮੁੱਛਾ ਹੋਇਆ ਪਿਆ ਹੋਵੇ। ਉਹਨੂੰ ਪੁੱਛ ਪਈ ਯੰਗ ਸਟਰੀਟ ਉੱਪਰ ਸਾਊਥ ਵੱਲ ਨੂੰ ਜਾਣ ਲਈ ਕਿਹੜੇ ਪਾਸੇ ਮੁੜਾਂ।
ਹੇਠਾਂ ਉੱਤਰਿਆ: ਖਾਲੀ ਖੂੰਜਿਆਂ ਨੂੰ ਨਜ਼ਰਾਂ ਨਾਲ਼ ਸੁੰਘਿਆ। ਮੇਰਾ ਸਿਰ ਖੱਬੇ-ਸੱਜੇ ਡੋਲਣ ਲੱਗਾ। ਫਿਰ ਇੱਕ ਬੂਥ ਦੇ ਸ਼ੀਸ਼ਿਆਂ ਉੱਪਰ ਟੈਲੀਫ਼ੋਨ ਦੀਆਂ ਤਸਵੀਰਾਂ `ਤੇ ਨਜ਼ਰ ਪੈਂਦਿਆਂ ਹੀ ਮੇਰੇ ਦਸਤਾਨੇ ਇੱਕ-ਦੂਜੇ ਨੂੰ ਉਂਗਲ਼ਾਂ ਕੋਲ਼ੋਂ ਪਕੜ ਕੇ, ਬਾਹਰ ਵੱਲ ਨੂੰ ਖਿੱਚਣ ਲੱਗੇ।
ਸੱਜੇ ਹੱਥ ਦੀਆਂ ਉਂਗਲ਼ਾਂ ਦੀ ਠਾਰੀ ਮੇਰੀ ਪੈਂਟ ਦੀ ਜੇਬ ਵਿੱਚ ਉੱਤਰ ਗਈ, ਪਰ ਜੇਬ ਵੀ ਸਟੇਸ਼ਨ ਵਾਂਗ ਖ਼ਾਲੀ। ਉਂਗਲ਼ਾਂ ਨੂੰ ਮੈਂ ਹੋਰ ਡੂੰਘੀਆਂ ਉਤਰਨ ਦੀ ਗੁਜ਼ਾਰਿਸ਼ ਕੀਤੀ। ਉਹ ਜੇਬ ਦੇ ਥੱਲੇ ਵਾਲ਼ੇ ਖੂੰਜੇ 'ਚ ਲਹਿ ਗਈਆਂ ਤੇ ਦਸ ਸੈਂਟ ਦੇ ਸਿੱਕੇ ਨੂੰ ਚਿਮਟੀ ਵਾਂਗ ਪਕੜ ਕੇ ਬਾਹਰ ਆ ਗਈਆਂ। ਫ਼ੋਨ ਉੱਪਰ ਇਕ ਝੀਥ ਦੇ ਲਾਗੇ ਛਪੀਆਂ ਪੰਜੀ, ਦਸੀ, ਤੇ ਕੁਆਟਰ ਦੀਆਂ ਤਸਵੀਰਾਂ ਮੁਸਕ੍ਰਾਈਆਂ।

ਫ਼ੋਨ ਦੀ ਵੱਖੀ ਵਾਲ਼ੀ ਹੁੱਕ ਤੋਂ ਲਾਹੇ ਰਸੀਵਰ ਨੂੰ ਕੰਨ ਨਾਲ਼ ਜੋੜ ਕੇ ਮੈਂ ਅਗਲੇ ਪਾਸਿਓਂ ਕਿਸੇ ਆਵਾਜ਼ ਦੀ ਇੰਤਜ਼ਾਰ ਕਰਨ ਲੱਗਾ: ਬਾਰਨਜ਼ ਸਕਿਊਰਿਟੀ! ਅਗਲੇ ਪਾਸਿਓਂ ਠਰੀ ਹੋਈ ਆਵਾਜ਼ ਆਈ।
-ਦਿਸ ਇਜ਼ ਇੱਕਬਲ ਗਿੱਲ!
-ਯੈੱਸ ਇੱਕਬਲ! ਵ੍ਹੇਅਰ ਅਰ ਯੂ? ਤੂੰ ਤਾਂ ਸਾਢੇ ਬਾਰਾਂ ਵਜਾ'ਤੇ!
- ਯੰਗ ਬਲੂਰ ਇੰਟਰਸੈਕਸ਼ਨ 'ਤੇ ਆਂ ਮੈਂ!
-ਓ. ਕੇ.; ਨਾਓ ਲੈੱਟ ਮੀ ਟੈੱਲ ਯੂ ਕਿ ਬੱਸਾਂ ਬੰਦ ਹੋ ਗੀਐਂ ਸਨੋਅ ਸਟੋਰਮ ਕਾਰਨ।
-ਕੀ ਕਰਾਂ ਫ਼ੇਰ ਮੈਂ? ਬਾਹਰ ਤਾਂ ਝੱਖੜ ਚੱਲ ਰਿਹੈ ਸਨੋਅ ਦਾ! ਫਰਾਟੇ ਮੈਨੂੰ ਸਿੱਧਾ ਨੀ ਹੋਣ ਦੇ ਰਹੇ!
-ਤੈਨੂੰ ਤੁਰ ਕੇ ਜਾਣਾ ਪੈਣੈਂ ਲੋਕੇਸ਼ਨ 'ਤੇ!
-ਤੁਰ ਕੇ?
-ਯੈੱਸ, ਵਾਕ! ਦੂਸਰਾ ਗਾਰਡ ਉਡੀਕੀ ਜਾਂਦੈ... ਉਹਦੀ ਵਾਈਫ਼ ਬੀਮਾਰ ਆ ਤੇ ਉਹਨੇ ਜਲਦੀ ਘਰ ਜਾਣੈ!
-ਪਰ ਮੈਨੂੰ ਸਮਝ ਨੀ ਆਉਂਦੀ ਪਈ ਇੰਟਰਸੈਕਸ਼ਨ ਤੋਂ ਜਾਵਾਂ ਕਿੱਧਰ ਨੂੰ।
-ਕਿੱਥੋਂ ਬੋਲ ਰਿਹੈਂ ਤੂੰ?
-ਯੰਗ-ਬਲੂਅਰ ਸਬਵੇਅ 'ਚੋਂ! ਇੰਟਰਸੈਕਸ਼ਨ 'ਤੇ ਗਿਆ ਸੀ, ਪਰ ਸੜਕਾਂ ਦੇ ਨਾਵਾਂ ਵਾਲ਼ੀਆਂ ਫੱਟੀਆਂ ਉੱਪਰਲੇ ਅੱਖਰ ਨਜ਼ਰ ਨੀ ਆਉਂਦੇ। ਸਨੋਅ ਚਿੰਬੜੀ ਹੋਈ ਐ ਨਾਵਾਂ ਵਾਲ਼ੇ ਅੱਖਰਾਂ 'ਤੇ।
-ਓ. ਕੇ. ਇਹ ਦੱਸ ਪਈ ਜਿੱਥੇ ਤੂੰ ਖਲੋਤਾ ਹੈਂ ਉਥੋਂ ਉੱਪਰ ਨੂੰ ਜਾਂਦੀਆਂ ਪੌੜੀਆਂ ਬਲੂਅਰ ਵੱਲ ਨੂੰ ਜਾਂਦੀਐਂ ਕਿ ਯੰਗ ਵੱਲ ਨੂੰ?
- ਮੈਨੂੰ ਕੀ ਪਤੈ, ਬਡੀ?
-ਆਸੇ ਪਾਸੇ ਦੇਖ, ਇੱਕਬਲ; ਕਿਸੇ ਕੰਧ ਉੱਪਰ ਜ਼ਰੂਰ ਲਿਖਿਆ ਹੋਵੇਗਾ ਕਿ ਇਹ ਪੌੜੀਆਂ ਕਿੱਧਰ ਨੂੰ ਜਾਂਦੀਐਂ।
ਮੇਰਾ ਸਿਰ ਐਧਰ ਓਧਰ ਘੁੰਮਿਆਂ, ਤੇ ਪਰਲੀ ਕੰਧ ਉੱਤੇ ਮੋਟੇ ਅੱਖਰਾਂ 'ਚ ਲਿਖੇ 'ਯੰਗ ਸਟਰੀਟ' ਹੇਠ ਉੱਕਰਿਆ ਤੀਰ, ਪੌੜੀਆਂ ਵਾਲ਼ੇ ਪਾਸੇ ਨੂੰ ਛੁੱਟਣ ਦੀ ਤਿਆਰੀ 'ਚ ਦਿਸਿਆ!
-ਓ. ਕੇ., ਓ. ਕੇ., ਡਿਸਪੈਚਰ; ਇਹੀ ਪੌੜੀਆਂ ਯੰਗ ਸਟਰੀਟ ਵੱਲ ਨੂੰ ਜਾਂਦੀਐਂ!
-ਵੈਰੀ ਗੁਡ! ਹੁਣ ਤੂੰ ਉੱਪਰ ਜਾ ਕੇ ਯੰਗ ਸਾਊਥ ਵੱਲ ਨੂੰ ਜਾਣੈ!
-ਪਰ ਮੈਨੂੰ ਇਹ ਪਤਾ ਕਿਵੇਂ ਲੱਗੂ ਕਿ ਸਾਊਥ ਕਿੱਧਰ ਐ ਤੇ ਨੌਰਥ ਕਿੱਧਰ।
-ਵੈੱਲ਼... ਯੂ'ਅਰ ਰਾਈਟ... ਓ. ਕੇ., ਇਉਂ ਕਰ, ਉੱਪਰ ਇੰਟਰਸੈਕਸ਼ਨ 'ਤੇ ਜਾਹ ਫ਼ੇਰ ਇੱਕ ਵਾਰੀ...
-ਪਰ ਓਥੇ ਤਾਂ ਹਵਾ ਦੇ ਫਰਾਟੇ ਅੱਖਾਂ ਨੀ ਪੱਟਣ ਦਿੰਦੇ! ਐਂ ਲਗਦੈ ਬਈ ਮੇਰੇ ਡੇਲੇ ਈ ਨੀ ਖੁੱਗ ਲੈਣ!
-ਕੋਈ ਗੱਲ ਨੀ... ਤੂੰ ਔਖਾ-ਸੌਖਾ ਓਥੇ ਚੁਰਸਤੇ 'ਤੇ ਪਹੁੰਚ ਜਾ ਤੇ ਕਿਸੇ ਖੰਭੇ ਨਾਲ਼ ਲੱਗ ਕੇ ਖੜ੍ਹ ਜਾ... ਮੈਂ ਕੋਈ ਇੰਤਜਾਮ ਕਰਦਾਂ, ਦਸ ਪੰਦਰਾਂ ਮਿੰਟਾਂ 'ਚ!
-ਟੈਕਸੀ ਕਿਉਂ ਨੀ ਭੇਜ ਦਿੰਦੇ, ਮੇਰਾ ਦੰਦਕੜਾ ਬੋਲਿਆ।
-ਟੈਕਸੀਆਂ ਕਿੱਥੇ ਨਿਕਲ਼ਦੀਐਂ ਗੋਡੇ ਗੋਡੇ ਸਨੋਅ 'ਚ!
ਪੌੜੀਆਂ ਚੜ੍ਹ ਕੇ ਉੱਪਰ ਆਇਆ ਤਾਂ ਸੜਕ ਉੱਤੇ 'ਟਰਾਂਟੋ ਸਟਾਰ' ਵਾਲ਼ਾ ਲੋਹੇ ਦਾ ਬਾਕਸ, ਸਨੋਅ ਨਾਲ਼ ਲਿੱਬੜਦਾ ਹੋਇਆ ਸੜਕ ਉਤੇ ਲੋਟਣੀਆਂ ਖਾਂਦਾ ਦਿਸਿਆ, ਜਿਵੇਂ ਕਿਤੇ ਉਹ ਵਰਕਾ ਵਰਕਾ ਹੋ ਕੇ ਉੱਡ ਰਹੇ ਅਖ਼ਬਾਰਾਂ ਨੂੰ ਫੜਨ ਲਈ ਦੌੜ ਰਿਹਾ ਹੋਵੇ। ਧੱਫੇ ਮਾਰਦੇ ਫਰਾਟੇ ਮੈਨੂੰ ਖ਼ਬਰਦਾਰ ਕਰਨ ਲੱਗੇ: ਮੁੜ ਜਾ ਪਿੱਛੇ; ਨਹੀਂ ਤਾਂ ਉਡਾਅ ਦਿਆਂਗੇ ਔਸ ਬਕਸੇ ਵਾਂਗੂੰ!
ਮੈਂ ਚੁਰਸਤੇ ਵੱਲ ਨੂੰ ਵਧਣ ਲੱਗਾ ਤਾਂ ਮੈਨੂੰ ਪਿੱਛੇ ਵੱਲ ਨੂੰ ਧੱਕ ਰਿਹਾ ਝੱਖੜ ਮੇਰੇ ਮੋਢੇ ਤੋਂ ਲਟਕਦੇ ਲੰਚ-ਕਿਟ ਵਾਲ਼ੇ ਬੈਗ਼ ਨੂੰ ਲੋਟਣੀਆਂ ਖਵਾਉਣ ਲੱਗਾ। ਸਨੋਅ ਦੇ ਫੰਭੇ ਹੁਣ ਕਿਣਕਿਆਂ 'ਚ ਬਦਲ ਗਏ ਸਨ-ਨਿੱਕੇ ਨਿੱਕੇ ਰੈਣਿਆਂ ਵਰਗੇ ਣਿਕਿਆਂ 'ਚ। ਹਵਾ ਦੀ ਰਫ਼ਤਾਰ ਨਾਲ਼ ਮੇਰੇ ਚਿਹਰੇ ਉੱਪਰ ਵਾਰ ਕਰਦੇ ਰੈਣੇਂ ਮੇਰੀਆਂ ਅੱਖਾਂ 'ਚ ਮੋਰੀਆਂ ਕਰਨ 'ਤੇ ਉੱਤਰ ਆਏ। ਮੈਂ ਆਪਣੇ ਪੰਜਿਆਂ ਨੂੰ ਆਪਣੀਆਂ ਅੱਖਾਂ ਉੱਤੇ ਲੱਕੜ ਦੀ ਫੱਟੀ ਵਾਂਗ ਤਾਣ ਕੇ ਹਵਾ ਦੀ ਹਿੱਕ ਵੱਲ ਨੂੰ ਵਧਣ ਲੱਗਾ। ਟ੍ਰੈਫ਼ਿਕ ਲਾਈਟਾਂ ਤੀਕਰ ਅੱਪੜਦਿਆਂ ਮੇਰੇ ਨੱਕ ਦੀ ਕੋਂਪਲ ਸੁੰਨ ਹੋ ਚੁੱਕੀ ਸੀ। ਨੱਕ 'ਚੋਂ ਚੋਂਦਾ ਪਾਣੀ ਮੇਰੇ ਬੁੱਲ੍ਹਾਂ ਉੱਪਰ ਜੰਮਣ ਲੱਗਾ। ਚੌਰਸਤੇ ਦੇ ਕੋਨੇ ਉੱਪਰ ਇਕ ਖੰਭੇ ਲਾਗੇ ਖਲੋਅ ਕੇ, ਆਪਣੇ ਚਿਹਰੇ ਨੂੰ ਕਦੇ ਮੈਂ ਸੱਜੇ ਪਾਸੇ ਵੱਲ ਨੂੰ ਮੋੜਦਾ ਤੇ ਕਦੇ ਖੱਬੇ ਵੱਲ ਨੂੰ ਸ਼ਾਇਦ ਕੋਈ ਟਰੱਕ ਟੈਕਸੀ ਦਿਸ ਪਵੇ। ਹਵਾ ਦੇ ਧੱਫੇ ਮੇਰੇ ਪੈਰਾਂ ਨੂੰ ਉਖਾੜਦੇ ਤੇ ਮੈਂ ਲੜ-ਖੜਾਅ ਕੇ ਆਪਣੀ ਪਿੱਠ ਨੂੰ ਖੰਭੇ ਨਾਲ਼ ਜੋੜ ਲੈਂਦਾ। ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ: ਗੁੱਸੇ 'ਚ ਉੱਬਲ਼ਦੀ ਹਵਾ, ਖੰਭਿਆਂ ਨਾਲ਼ ਬਾਲਟੀਆਂ ਵਾਂਙੂੰ ਲਟਕਦੀਆਂ ਟ੍ਰੈਫ਼ਿਕ ਲਾਈਟਾਂ ਨਾਲ਼ ਧੱਕ-ਮੁਧੱਕਾ, ਹੱਥੋਪਾਈ ਹੋਈ ਜਾ ਰਹੀ ਸੀ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ-ਦਸਤਾਨੇ ਨਾਲ਼ ਜੈਕਟ ਦੇ ਕਫ਼ ਨੂੰ ਪਿੱਛੇ ਹਟਾਅ ਕੇ ਘੜੀ ਵੱਲ ਝਾਕਣ ਦੀ ਹਿੰਮਤ ਵੀ ਹਵਾ ਨੇ ਅਖ਼ਬਾਰਾਂ ਦੇ ਕਾਗਜ਼ਾਂ ਵਾਂਗ ਉਡਾਅ ਲਈ ਸੀ। ਦਸਤਾਨੇ ਨਾਲ਼ ਮੈਂ ਗੱਲ੍ਹਾਂ ਉੱਤੇ ਖੁਰਕ ਕਰਨੀ ਚਾਹੀ: ਪਤਾ ਹੀ ਨਾ ਲੱਗਾ ਕਿ ਦਸਤਾਨਾ ਗੱਲਾਂ ਦੀ ਚਮੜੀ ਉੱਪਰ ਘਸ ਵੀ ਰਿਹਾ ਸੀ ਕਿ ਨਹੀਂ। ਉਧਰ ਹਵਾ ਦਹਾੜੀ ਜਾ ਰਹੀ ਸੀ: ਫਰੱਟ, ਫਰੱਟ; ਸ਼ੂੰ, ਸ਼ੂੰ... ਫਰ, ਫਰ, ਫਰ, ਫਰ! ਮੁੜ ਜਾ ਥੱਲੇ ਸਟੇਸ਼ਨ ਵੱਲ ਨੂੰ ਆਪਣੀ ਪਤ ਲੈ ਕੇ।
ਖੰਭੇ ਨਾਲ਼ ਨੱਕ ਜੋੜ ਕੇ ਮੈਂ ਆਪਣੀ ਪਿੱਠ ਹਵਾ ਦੇ ਹਮਲੇ ਵਾਲੇ ਰੁਖ਼ ਕਰ ਲਈ ਅਤੇ ਆਪਣੀਆਂ ਦੋਵੇਂ ਬਾਹਵਾਂ ਮੈਂ ਖੰਭੇ ਉਦਾਲ਼ੇ ਲਪੇਟ ਲਈਆਂ। ਖੱਬੀ ਬਾਂਹ ਨਾਲ਼ ਲਟਕ ਰਿਹਾ ਲੰਚ-ਕਿਟ ਬੈਗ਼ ਫੜੱਕ ਫੜੱਕ ਖੰਬੇ ਨਾਲ਼ ਟਕਰਾਉਣ ਲੱਗਾ।
ਪਤਾ ਨਹੀਂ ਕਿੰਨੇ ਕੁ ਮਿੰਟ ਅੱਖਾਂ ਮੀਟ ਕੇ ਮੈਂ ਹਵਾ ਦੇ ਕਹਿਰ ਵੱਲ ਪਿੱਠ ਕਰੀ ਖਲੋਤਾ ਰਿਹਾ।
ਫਿਰ ਪੀਂ ਪੀਂ, ਪੀਂ ਪੀਂ ਹੋਈ। ਮੈਂ ਸੋਚਿਆ ਇਹ ਵੀ ਸ਼ਾਇਦ ਝੱਖੜ ਨਾਲ਼ ਸੁੰਨ ਹੋਏ ਮੇਰੇ ਸਿਰ ਦਾ ਵਹਿਮ ਹੀ ਸੀ। ਪੀਂ ਪੀਂ ਪੀਂ ਪੀਂ! ਮੋਢਿਆਂ ਨੂੰ ਕੰਨਾਂ ਵੱਲ ਨੂੰ ਉਭਾਰ ਕੇ ਮੈਂ ਖੰਭੇ ਨੂੰ ਪਾਈ ਜੱਫੀ ਹੋਰ ਕੱਸ ਲਈ। ਫਿਰ ਮੇਰੇ ਮੋਢੇ ਉੱਤੇ ਥਪ ਥਪ ਹੋਈ। ਮੈਂ ਆਪਣੇ ਚਿਹਰੇ ਨੂੰ ਪਿੱਛੇ ਵੱਲ ਘੁੰਮਾਇਆ।
-ਆਰ ਯੂ ਓ. ਕੇ.? ਇਸ ਆਵਾਜ਼ ਦਾ ਤਿੰਨ ਚੁਥਾਈ ਹਿੱਸਾ ਤਾਂ ਮੇਰੇ ਕੰਨਾਂ ਤੀਕ ਅਪੜਨ ਤੋਂ ਪਹਿਲਾਂ ਹਵਾ ਦੇ ਫਰਾਟੇ ਨੇ ਉਡਾ ਲਿਆ। ਮੈਂ ਆਪਣਾ ਸਿਰ ਹੇਠਾਂ-ਉੱਪਰ ਹਿਲਾਇਆ।
ਫਿਰ ਦਸਤਾਨਿਆਂ 'ਚ ਲਿਪਟੀਆਂ ਉਂਗਲ਼ਾਂ ਮੇਰੀ ਵੀਣੀ ਉਦਾਲ਼ੇ ਲਿਪਟ ਗਈਆਂ।
-ਗੋ ਗੈੱਟ ਇਨਟੂ ਦੈਟ ਕਾਰ! ਮੇਰੀ ਕਲਾਈ ਨੂੰ ਘੁੱਟ ਕੇ ਫੜਨ ਵਾਲ਼ਾ ਵਿਅਕਤੀ ਹੁਕਮੀਆਂ ਅੰਦਾਜ਼ 'ਚ ਬੋਲਿਆ।
ਅਗਲੇ ਪਲੀਂ ਮੇਰੀ ਲੜਖੜਾਂਦੀ ਦੇਹੀ, ਚੈਸੀ ਤੀਕਰ ਬਰਫ਼ 'ਚ ਖੱਭੀ ਕਾਰ ਵੱਲੀਂ ਵਧਣ ਲੱਗੀ। ਕਾਰ ਦੇ ਸਿਰ 'ਤੇ ਘੁੰਮ ਰਹੀ ਲਾਲ ਰੌਸ਼ਨੀ ਵਾਲੀ ਗੜਵੀ ਵੱਲ ਦੇਖਦਿਅਆਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹ ਕੋਈ ਸਰਕਾਰੀ ਗੱਡੀ ਹੀ ਸੀ।
ਹੁਕਮੀਂ ਨੇ ਕਾਰ ਦੀ ਪਿਛਲੀ ਸੀਟ ਵਾਲ਼ੇ ਦਰਵਾਜ਼ੇ ਨੂੰ ਰਤਾ ਕੁ ਹੀ ਖੋਲ੍ਹਿਆ ਸੀ ਕਿ ਹਵਾ ਦੇ ਕਹਿਰ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਉਸਦੇ ਕਬਜ਼ੇ ਉਖੇੜ ਸੁੱਟੇ। ਮੈਨੂੰ ਕਾਰ ਦੇ ਅੰਦਰ ਧੱਕ ਕੇ ਹੁਕਮੀਂ ਨੇ ਕਾਰ ਦੇ ਉੱਖੜੇ ਹੋਏ ਦਰਵਾਜ਼ੇ ਨੂੰ ਅੰਦਰ ਵੱਲ ਨੂੰ ਧੱਕ ਦਿੱਤਾ।
-ਕਿੱਥੇ ਜਾਣੈ ਤੂੰ ਐਸ ਬੇਰਹਿਮ ਝੱਖੜ 'ਚ? ਮੂਹਰਲੀ ਸੀਟ 'ਤੇ ਬੈਠ ਕੇ ਹੁਕਮੀਂ ਬੋਲਿਆ।
-ਯੰਗ ਐਂਡ ਫਰੰਟ ਦੇ ਕੋਰਨਰ 'ਤੇ! ਮੇਰੀ ਆਵਾਜ਼ ਕੰਬੀ। ਸੀ. ਐਨ. ਟਾਵਰ ਤੋਂ ਰਤਾ ਕੁ ਅੱਗੇ!
ਡੇਢ-ਡੇਢ ਗਿੱਠ ਡੂੰਘੀ ਬਰਫ਼ ਉੱਪਰ ਲੜਖੜਾਂਦੀ, ਖੱਬੇ ਸੱਜੇ ਡੋਲਦੀ, ਤੇ ਹਵਾ ਦੇ ਫਰਾਟਿਆਂ ਨਾਲ਼ ਖਹਿੰਦੀ ਝੜਪਦੀ ਹੋਈ ਪੁਲਸ ਕਾਰ ਮੇਰੇ ਵੱਲੋਂ ਦੱਸੇ ਅਡਰੈੱਸ ਵੱਲ ਵਧਣ ਲੱਗੀ।
(905-792-7357)

Wednesday 2 July 2014

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਲਈ ਡਾ ਕਰਮਜੀਤ ਸਿੰਘ ਨੂੰ ਸਹਿਯੋਗ ਦਿਓ। ਲੇਖਕ ਦੋਸਤਾਂ ਦਾ ਅਗਾਊਂ ਸ਼ੁਕਰੀਆ-ਡਾ ਕਰਮਜੀਤ ਸਿੰਘ ਜੀ ਦਾ ਸਾਹਿਤਕ ਵੇਰਵਾ ਹਾਜ਼ਰ ਹੈ
-ਸੁਸ਼ੀਲ ਦੁਸਾਂਝ

ਸਾਥੀਉ ਮੈਂ 13 ਜੁਲਾਈ ਨੂੰ ਕੇਂਦਰੀ ਸਾਹਿਤ ਸਭਾ ਦੀ ਹੋ ਰਹੀ ਚੋਣ ਵਿਚ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ। ਮੇਰੇ ਵਿਚਾਰਾਂ ਤੋਂ ਬਹੁਤੇ ਪੰਜਾਬੀ ਲੇਖਕ ਜਾਣੂ ਹਨ। ਮੈਂ ਕੇਂਦਰੀ ਲੇਖਕ ਸਭਾ ਨੂੰ ਸਰਗਰਮ ਰੱਖਣ ਦਾ ਇੱਛੁਕ ਹਾਂ। ਇਸਦੇ ਜੁਝਾਰੂ ਖ਼ਾਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਯਤਨਸ਼ੀਲ ਰਾਹਾਂਗਾ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਭਖਦੇ ਮਸਲਿਆਂ ਪ੍ਰਤਿ ਕੇਂਦਰੀ ਸਭਾ ਨੂੰ ਜਾਗਰੂਕ ਰੱਖਣ ਲਈ ਯਤਨਸ਼ੀਲ ਰਹਾਂਗਾ। ਮੈਂ ਸਾਹਿਤਕਾਰਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਪੂਰਾ ਯਤਨ ਕਰਾਂਗਾ। ਤੁਹਾਡਾ ਆਪਣਾ

ਕਰਮਜੀਤ ਸਿੰਘ (ਡਾ.) ਜੋਤੀ ਨਿਵਾਸ, ਹੁਸ਼ਿਆਰਪੁਰ।

ਸਾਹਿਤਕ ਵੇਰਵਾ

ਅਹੁਦਾ : ਸਾਬਕਾ ਪ੍ਰੋਫੈਸਰ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)
ਹੁਣ ਦਾ ਪਤਾ : ਜੋਤੀ ਨਿਵਾਸ, ਨਿਊ ਹਰੀ ਨਗਰ, ਹੁਸਿਆਰਪੁਰ-੧੪੬੦੦੧ (ਪੰਜਾਬ)
ਪੜ੍ਹਾਈ : ਬੀ. ਏ. ਆਨਰਜ, ਐਮ. ਏ. ਪੀਐਚ. ਡੀ਼
ਖੋਜ ਦਾ ਵਿਸ਼ਾ : ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ, 1980.
ਵਿਸ਼ੇਸ਼ਗਤਾ : ਕਾਵਿ ਸ਼ਾਸਤਰ ਅਤੇ ਲੋਕਧਾਰਾ (ਫੋਕਲੋਰ)
ਨੌਕਰੀ : ਅਡਹਾਕ ਲੈਕਚਰਾਰ, 4 ਸਾਲ (ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ)
ਲੈਕਚਰਾਰ ਤੋਂ ਪ੍ਰੋਫੈਸਰ ਤਕ ੩੦ ਸਾਲ ੩ ਮਹੀਨੇ (ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤ, ਦਸੰਬਰ 7, 1981 ਤੋਂ ੩੧ ਮਾਰਚ, 2012.

ਹੁਣ ਤੱਕ ਲਿਖੀਆਂ ਪੁਸਤਕਾਂ :

1. ਗੁਰੂ ਅਰਜਨ ਬਾਣੀ ਵਿਚ ਸਰੋਦੀ ਅੰਸ਼ (1978)
2. ਦੇਸ ਦੁਆਬਾ (1982)
3. ਧਰਤ ਦੋਆਬੇ ਦੀ (1985)
4. ਬੇਸੁਰਾ ਮੌਸਮ (1985)
5. ਮਿੱਟੀ ਦੀ ਮਹਿਕ (1989)
6. ਕੋਲਾਂ ਕੂਕਦੀਆਂ (1990)
7. ਮੋਰੀਂ ਰੁਣ ਝੁਣ ਲਾਇਆ (1990)
8. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
9. ਰਜਨੀਸ਼ ਬੇਨਕਾਬ (ਪੰਜਾਬੀ, 2001)
10. ਰਜਨੀਸ਼ ਬੇਨਕਾਬ (ਹਿੰਦੀ, 2002)
11. ਲੋਕ ਗੀਤਾਂ ਦੀ ਪੈੜ੍ਹ (2002)
12. ਲੋਕ ਗੀਤਾਂ ਦੇ ਨਾਲ ਨਾਲ (2003)
13. ਕੂੰਜਾਂ ਪਰਦੇਸਣਾਂ (2005)
14. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006) ਸਹਿ ਸੰਪਾਦਨ
15. ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ (2009)
16. ਪੰਜਾਬੀ ਲੋਕਧਾਰਾ ਸਮੀਖਿਆ
17. ਹਰਿਭਜਨ ਸਿੰਘ ਰੈਣੂ ਕਾਵਿ : ਸਰੋਕਾਰ ਅਤੇ ਸਿਧਾਂਤ, 2014 (ਸਹਿ ਸੰਪਾਦਨ)
ਬਚਿੱਆਂ/ਨਵਸਾਖਰਾਂ ਲਈ :
18. ਕਿਸੇ ਨੂੰ ਦੱਸਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)
19. ਪੰਜਾਬੀ ਲੋਕਗੀਤ (ਦੇਵਨਾਗਰੀ,1994)
20. ਬੁਲ੍ਹੇ ਸ਼ਾਹ (2002)
21.. ਕੁਲਫੀ (ਸੁਜਾਨ ਸਿੰਘ 2009)
ਮੇਰੇ ਖੋਜ ਵਿਦਿਆਰਥੀ
ਪੀਐਚ.ਡੀ. : 27 ਵਿਦਿਆਰਥੀ ਹੁਣ ਤਕ ਪੀਐਚ. ਡੀ. ਕਰ ਚੱਕੇ ਹਨ
ਐਮ. ਫਿਲ. : 120 ਐਮ ਫਿਲ ਦੇ ਵਿਦਿਆਰਥੀ ਹੁਣ ਤਕ ਡਿਗਰੀ ਲੈ ਚੱਕਹਨ
ਚੀਫ਼ ਐਡੀਟਰ : ਸਾਹਿਤ ਧਾਰਾ (ਤਿਮਾਹੀ) 10 ਸਾਲ ਤਕ
ਐਡੀਟਰ ਚਿਰਾਗ (ਬੋਰਡ ਵਿਚ) : 1997 ਤੋਂ

ਸਨਮਾਨ :

ਸਾਹਿਤ ਸਭਾ ਦਸੂਹਾ ਵਲੋਂ ਦੋ ਵਾਰ ਮੁਜਰਮ ਦਸੂਹੀ ਐਵਾਰ
ਹਰਿਆਣਾ ਸਾਹਿਤ ਅਕੈਡਮੀ ਵਲੋਂ 2003 ਵਿਚ ਲੋਕ ਗੀਤਾਂ ਦੀ ਪੈੜ ਨੂੰ 10000 ਦਾ ਇਨਾਮ
ਭਾਰਤ ਐਕਸਾਲੈਂਸ ਅਵਾਰਡ ਆਫ ਫਰੈਂਡਸ਼ਿਪਫੋਰਮ ਆਫ ਇੰਡੀਆ, 2009
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ ਹੀ ਭਾਈ ਸੰਤੋਖ ਸਿੰਘ ਅਵਾਰਡ 2012 ਰਵਿੰਦਰ ਰਵੀ ਪੁਰਸਕਾਰ 2013 ਕੇਂਦਰੀ ਪੰਜਾਬੀ ਸਾਹਿਤ ਸਭਾ (ਰਜਿ.)
ਭਗਤ ਕਬੀਰ ਅਵਾਰਡ, ਸਾਹਿਤ ਸਭਾ ਮਿਆਣੀ ਅਤੇ ਹੋਰ ਕਈ ਸਾਹਿਤ ਸਭਾਵਾਂ ਵਲੋਂ ਸਨਮਾਨਿਤ।

ਕੁਝ ਹੋਰ :

ਲਿਟਰੇਸੀ ਵਿਚ 1988 ਤੋਂ 2003 ਤਕ ਲਗਾਤਾਰ ਸਕ੍ਰਿਅ
1988 ਤੋਂ ਜਨਨਾਟਿਆ ਮੰਚ ਅਤੇ ਬਾਲ ਵਿਗਿਆਨ ਸਭਾ ਕੁਰੂਕਸ਼ੇਤਰ ਦਾ ਕਨਵੀਨਰ/ਡਾਇਰੇਕਟਰ

ਹੋਰ ਬਹੁਤ ਕੁਝ ਤੁਸੀਂ ਮੇਰੇ ਬਾਰੇ ਮੇਰੇ ਤੋਂ ਵੀ ਵੱਧ ਜਾਣਦੇ ਹੋ।
Photo: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਲਈ ਡਾ ਕਰਮਜੀਤ ਸਿੰਘ ਨੂੰ ਸਹਿਯੋਗ ਦਿਓ। ਲੇਖਕ ਦੋਸਤਾਂ ਦਾ ਅਗਾਊਂ ਸ਼ੁਕਰੀਆ-ਡਾ ਕਰਮਜੀਤ ਸਿੰਘ ਜੀ ਦਾ ਸਾਹਿਤਕ ਵੇਰਵਾ ਹਾਜ਼ਰ ਹੈ