Saturday 31 May 2014



 ਕਹਾਣੀਆਂ ਦੇ ‘ਪਲਟ-ਵਾਰ’
Online Punjabi Magazine Seerat- ਵਰਿਆਮ ਸਿੰਘ ਸੰਧੂ

  ‘ਆਪਣਾ ਆਪਣਾ ਹਿੱਸਾ’ ਕਹਾਣੀ ਨਾਲ ਜੁੜੀਆਂ ਦੋ ਨਿੱਕੀਆਂ ਨਿੱਕੀਆਂ ਘਟਨਾਵਾਂ ਪੜ੍ਹਨ ਤੋਂ ਪਹਿਲਾਂ ਕਹਾਣੀ ਦਾ ਥੋੜ੍ਹਾ ਜਿਹਾ ਵੇਰਵਾ ਤਾਜ਼ਾ ਕਰ ਲਈਏ।
ਇਹ ਅਜਿਹੇ ਕਿਰਸਾਣੀ ਪਰਿਵਾਰ ਦੀ ਕਹਾਣੀ ਹੈ ਜਿਸ ਵਿੱਚ ਦੋ ਵੱਡੇ ਭਰਾਵਾਂ ਵਿਚੋਂ ਇੱਕ ਤਾਂ ਪੜ੍ਹ-ਲਿਖ ਕੇ ਓਵਰਸੀਅਰ ਬਣ ਗਿਆ ਹੈ ਤੇ ਸ਼ਹਿਰ ਵਿੱਚ ਕੋਠੀ ਪਾ ਕੇ ਰਹਿ ਰਿਹਾ ਹੈ; ਉਸਤੋਂ ਛੋਟਾ ਸਮਗਲਰ ਹੈ ਤੇ ਨੇੜਲੇ ਦੇ ਕਸਬੇ ਦੇ ਰੌਣਕੀਲੇ ਚੌਕ ਵਿੱਚ ਮੌਜ ਨਾਲ ਜੀਵਨ ਗੁਜ਼ਾਰ ਰਿਹਾ ਹੈ। ਪਰਿਵਾਰ ਦੀ ਜ਼ਮੀਨ ‘ਤੇ ਸਭ ਤੋਂ ਛੋਟਾ ਧਰਮਾ ਉਰਫ਼ ਘੁੱਦੂ ਖੇਤੀ ਕਰਕੇ ਬੜੀ ਤੰਗਦਸਤੀ ਵਿੱਚ ਜੀਵਨ ਗੁਜ਼ਾਰ ਰਿਹਾ ਹੈ। ਭਰਾਵਾਂ ਦੀ ਵਿਆਹੀ-ਵਰ੍ਹੀ ਭੈਣ ਵੀ ਵੱਡੇ ਅਮੀਰ ਭਰਾਵਾਂ ਦਾ ਜ਼ਿਆਦਾ ਹੇਜ ਕਰਦੀ ਹੈ। ਘੁੱਦੂ ਨੂੰ ਲੱਗਦਾ ਹੈ, ਵੱਡੇ ਭਰਾ ਪਹਿਲਾਂ ਹੀ ਜ਼ਮੀਨ ਵਿਚੋਂ ਕਦੀ ਸਾਲ ਲਈ ਖਾਣ ਵਾਸਤੇ ਕਣਕ ਲਿਜਾ ਕੇ ਤੇ ਕਦੀ ਕਿਸੇ ਹੋਰ ਬਹਾਨੇ ਲਗਭਗ ਆਪਣਾ ਹਿੱਸਾ ਵੰਡਾ ਲੈਂਦੇ ਹਨ ਪਰ ਉਸ ਉੱਤੇ ‘ਮੁਫ਼ਤ ਵਿੱਚ ਪੈਲੀ ਵਾਹੁਣ ਦਾ ਅਹਿਸਾਨ’ ਵੀ ਕਰਦੇ ਰਹਿੰਦੇ ਹਨ। ਹੁਣ ਤਾਂ ਵਿਚਕਾਰਲਾ ਭਰਾ ਆਪਣੀ ਜ਼ਮੀਨ ਉਸ ਕੋਲੋਂ ਛੁਡਵਾ ਕੇ ਉਸ ਵਿੱਚ ਸਫ਼ੈਦੇ ਲਵਾਉਣ ਦੀ ਸਕੀਮ ਬਣਾ ਰਿਹਾ ਹੈ। ਗੁਜ਼ਾਰਾ ਤਾਂ ਅੱਗੇ ਹੀ ਮੁਸ਼ਕਿਲ ਹੈ, ਜੇ ਹੁਣ ਭਰਾਵਾਂ ਨੇ ਵੀ ਜ਼ਮੀਨ ਛੁਡਵਾ ਲਈ ਤਾਂ ਕੀ ਬਣੇਗਾ? ਇਹਨਾਂ ਦਿਨਾਂ ਵਿੱਚ ਹੀ ਘੁੱਦੂ ਦੀ ਹਮਾਇਤ ਕਰਨ ਵਾਲੀ ਮਾਂ ਚੱਲ ਵੱਸਦੀ ਹੈ। ਵੱਡੇ ਭਰਾ ਤੇ ਭੈਣ ‘ਰਲ-ਮਿਲ’ ਕੇ ‘ਮਾਂ ਦਾ ‘ਕੱਠ ਗੱਜ-ਵਜਾ ਕੇ ਕਰਨ’ ਲਈ ਘੁੱਦੂ ਤੇ ਉਸਦੇ ਬਜ਼ੁਰਗ ਪਿਤਾ ਨਾਲ ਮਸ਼ਵਰਾ ਕਰਨ ਆਉਂਦੇ ਹਨ। ਘੁੱਦੂ ਤਾਂ ਭੈਣ ਭਰਾਵਾਂ ‘ਤੇ ਪਹਿਲਾਂ ਹੀ ਭਰਿਆ ਬੈਠਾ ਹੈ। ਜਦੋਂ ਮਾਂ ਦੇ ਫੁੱਲ ਗੰਗਾ ਵਿੱਚ ਪਾ ਕੇ ਆਉਣ ਦਾ ਜ਼ਿਕਰ ਛਿੜਦਾ ਹੈ ਤਾਂ ਉਸਦਾ ਧੁਖਦਾ ਅੰਦਰ ਮੱਚ ਪੈਂਦਾ ਹੈ ਤੇ ਉਹ ਗੁੱਸੇ ਵਿੱਚ ਉੱਬਲਦਾ ਕਹਿੰਦਾ ਹੈ, “ਵੇਖੋ ਜੀ! ਤੁਹਾਡੇ ਤੋਂ ਗੁੱਝੀ ਛਿਪੀ ਗੱਲ ਨ੍ਹੀਂ। ਆਪਾਂ ਆਂ ਮਰੇੜੇ। ਆਪਣੇ ਤੋਂ ਤਾਂ ਅਜੇ ਨ੍ਹੀਂ ਜੇ ਇਹ ਗੰਗਾ ਗੁੰਗਾ ਪੁੱਗਦੀਆਂ। ਜੇ ਬਹੁਤੀ ਗੱਲ ਐ ਤਾਂ ਬੁਢੜੀ ਦੇ ਫੁੱਲ ਤੁਸੀਂ ਗੰਗਾ ਪਾ ਆਓ। ਤੇ ਐਹ ਬੁਢੜਾ ਬੈਠਾ ਤੁਹਾਡੇ ਸਾਹਮਣੇ ਜਿਊਂਦਾ ਜਾਗਦਾ। ਇਹਦੇ ਮੈਂ ਕੱਲਾ ਈ ਗੰਗਾ ਪਾ ਆਊਂ। ਸੱਚੀ ਗੱਲ ਆ ਜੀ। ਅਜੇ ਆਪਣੀ ਪੁੱਜਤ ਨ੍ਹੀਂ। ਤੇ ਜੇ ਇਹ ਸੌਦਾ ਵੀ ਨ੍ਹੀਂ ਮਨਜ਼ੂਰ ਤਾਂ ਸਰਦਾਰ ਜੀ, ਔਹ ਕਿੱਲੀ ‘ਤੇ ਮੇਰੇ ਤਿੱਜੇ ਹਿੱਸੇ ਦੇ ਫੁੱਲ ਲਿਆ ਕੇ ਟੰਗ ਦਿਓ; ਜਦੋਂ ਮੇਰੀ ਪਹੁੰਚ ਪਈ ਮੈਂ ਆਪੇ ਪਾ ਆਊਂ।”
ਕਈ ਸਾਲ ਆਪਣੇ ਛੋਟੇ ਭਰਾ ਨੂੰ ਜ਼ਮੀਨ ਛੱਡੀ ਰੱਖਣ ਤੋਂ ਬਾਅਦ ਜਦੋਂ ਮੈਂ ਜਲੰਧਰ ਚਲਾ ਗਿਆ ਤਾਂ ਜ਼ਮੀਨ ਸੁਰਿੰਦਰ ਕੋਲੋਂ ਛੁਡਾ ਕੇ ਹਿੱਸੇ-ਠੇਕੇ ‘ਤੇ ਦੇਣੀ ਸ਼ੁਰੂ ਕਰ ਦਿੱਤੀ। ਉਸ ਵਿਚੋਂ ਕੁੱਝ ਜ਼ਮੀਨ ਸੁਰਿੰਦਰ ਵੀ ਵਾਹੁੰਦਾ ਸੀ ਤੇ ਇਸ ਵਿਚੋਂ ਵੀ ਮੈਨੂੰ ਉਸ ਨਾਲ ਰਿਆੲਤ ਕਰ ਕੇ ਆਪ ਘਾਟਾ ਸਹਿਣਾ ਪੈਂਦਾ ਸੀ। ਪਹਿਲਾਂ ਤਾਂ ਆਮ ਰੇਟ ਨਾਲੋਂ ਠੇਕਾ ਘੱਟ ਕਰਨਾ; ਫੇਰ ਉਸ ਵਿਚੋਂ ਵੀ ਅੱਧ-ਪਚੱਧਾ ਹੀ ਮਿਲਣਾ। ਬਾਕੀ ‘ਉਧਾਰ’ ਹੋ ਜਾਣਾ ਜਿਹੜਾ ਕਦੀ ਵੀ ਨਹੀਂ ਸੀ ਤਰਨਾ ਹੁੰਦਾ। ਇੱਕ ਦੋ ਵਾਰ ਤਾਂ ਮੈਂ ਆਪਣੇ ਘਰਦਿਆਂ ਤੋਂ ਸੱਚਿਆਂ ਹੋਣ ਵਾਸਤੇ ਆਪਣੇ ਕੋਲੋਂ ਪੈਸੇ ‘ਕੱਢ’ ਕੇ ਉਸਨੂੰ ਦੇ ਆਉਣੇ ਤੇ ਆਖਣਾ ਕਿ ਉਹ ਜਾ ਕੇ ਆਪਣੀ ਭਾਬੀ (ਮੇਰੀ ਪਤਨੀ ਰਜਵੰਤ) ਨੂੰ ਆਖੇ ਕਿ ਪਿਛਲੇ ਪੈਸਿਆਂ ‘ਚੋਂ ਏਨੇ ਕੁ ਪੈਸੇ ਰੱਖ ਲਵੇ ਤੇ ਬਾਕੀ ਛੋਟਾ ਭਰਾ ਜਾਣ ਕੇ ਛੱਡ ਦੇਵੇ। ਤੇ ਫਿਰ ਇਸਤਰ੍ਹਾਂ ਹੀ ਹੁੰਦਾ। ਪਿਛਲੇ ਪੈਸੇ ‘ਤੇ ਲੀਕ ਵੱਜ ਜਾਣੀ ਤੇ ਨਵਾਂ ‘ਹਿਸਾਬ-ਕਿਤਾਬ’ ਸ਼ੁਰੂ ਹੋ ਜਾਣਾ! ਇਸ ਸਭ ਕੁੱਝ ਦੇ ਬਾਵਜੂਦ ਸੁਰਿੰਦਰ ਦੇ ਅੰਦਰ ਵੱਟ ਸੀ ਕਿ ਮੈਂ ਉਸ ਕੋਲੋਂ ਜ਼ਮੀਨ ਕਿਉਂ ਛੁਡਵਾ ਲਈ! ਛੁਡਵਾਈ ਮੈਂ ਇਸ ਕਰਕੇ ਸੀ ਕਿ ਮੇਰੇ ‘ਪੱਲੇ ਕੁੱਝ ਨਹੀਂ ਸੀ ਪੈਂਦਾ।’ ਸੁਰਿੰਦਰ ਆਨੇ ਬਹਾਨੇ ਪੈਲੀ ਠੇਕੇ ਉੱਤੇ ਲੈਣ ਵਾਲਿਆਂ ਨਾਲ ਪੰਗਾ ਲਈ ਰੱਖਦਾ। ਉਸਦੇ ਮਨ ਵਿੱਚ ਸ਼ਾਇਦ ਇਹ ਵੀ ਹੋਵੇ ਕਿ ਇਹ ਲੋਕ ਏਸੇ ਕਲੇਸ਼ ਤੋਂ ਜ਼ਮੀਨ ਠੇਕੇ ‘ਤੇ ਲੈਣੀ ਬੰਦ ਕਰ ਦੇਣਗੇ ਤੇ ਉਸਨੂੰ ਫਿਰ ਤੋਂ ਜ਼ਮੀਨ ਵਾਹੁਣ ਦਾ ਮੌਕਾ ਮਿਲ ਜਾਵੇਗਾ!
ਇੱਕ ਦਿਨ ਉਹ ਠੇਕੇ ਵਾਲੇ ਜੱਟਾਂ ਨਾਲ ਕਿਸੇ ਗੱਲੋਂ ਝਗੜ ਪਿਆ। ਉਹਨਾਂ ਦਾ ਮੁੰਡਾ ਕਹਿੰਦਾ, “ਵੇਖ ਲੈ ਤੂੰ ਵਾਧਾ ਕਰਦੈਂ। ਅਸੀਂ ਭਾ ਜੀ ਨੂੰ ਦੱਸਾਂਗੇ।”
ਉਸਨੇ ਅੱਗੋਂ ‘ਭਾ ਜੀ’ (ਮੈਨੂੰ) ਨੂੰ ਵੀ ਵੱਡੀ ਸਾਰੀ ਗਾਲ੍ਹ ਕੱਢੀ ਤੇ ਕਿਹਾ, “ਉਸਨੂੰ ਵੀ ਵੇਖ ਲਊਂਗਾ।”
ਠੇਕੇ ਵਾਲਿਆਂ ਦਾ ਮੁੰਡਾ ਮੇਰੇ ਕੋਲ ਜਲੰਧਰ ਆਇਆ ਤੇ ਸਾਰੀ ਗੱਲ ਦੱਸੀ। ਮੈਨੂੰ ਵੀ ਬੜਾ ਗੁੱਸਾ ਆਇਆ। ਜੇ ਮੇਰਾ ਭਰਾ ਹੀ ਸ਼ਰੀਕਾਂ ਅੱਗੇ ਮੈਨੂੰ ਗਾਲ੍ਹਾਂ ਕੱਢੇਗਾ ਤਾਂ ਪਿੰਡ ਵਿੱਚ ਸਾਲਾਂ ਦੀ ਬਣੀ-ਬਣਾਈ ਮੇਰੀ ਇੱਜ਼ਤ ਤੇ ਹੋਂਦ ਤਾਂ ਮਿੱਟੀ ਹੋ ਜਾਊ! ਮੈਂ ਓਸੇ ਦਿਨ ਪਿੰਡ ਗਿਆ। ਖੇਤਾਂ ਵਿੱਚ ਸਿਰਫ਼ ਮੇਰੀ ਛੋਟੀ ਭਰਜਾਈ ਬੀਰ੍ਹੋ ਹੀ ਘਰ ਵਿੱਚ ਸੀ। ਬੀਬੀ ਤੇ ਸੁਰਿੰਦਰ ਕਿਤੇ ਵਾਂਢੇ ਗਏ ਹੋਏ ਸਨ। ਮੈਂ ਬੀਰ੍ਹੋ ਨਾਲ ਸੁਰਿੰਦਰ ਵੱਲੋਂ ਕੱਢੀ ਗਾਲ੍ਹ ਦੀ ਤਿੱਖੀ ਨਰਾਜ਼ਗੀ ਪਰਗਟ ਕੀਤੀ। ਸੁਰਿੰਦਰ ਹੁੰਦਾ ਤਾਂ ਪਤਾ ਨਹੀਂ ਸਾਡਾ ਕਿਹੋ ਜਿਹਾ ਵਾਰਤਾਲਾਪ ਹੁੰਦਾ। ਹੁਣ ਬੀਰ੍ਹੋ ਨੂੰ ਮੈਂ ਕੀ ਆਖੀ ਜਾਂਦਾ! ਮੇਰੇ ਬੋਲਾਂ ਵਿੱਚ ਖਿਝ ਤੇ ਗੁੱਸਾ ਰਲਿਆ ਹੋਇਆ ਸੀ, “ਜਿੰਨਾਂ ਨ੍ਹਾਤੀ, ਓਨਾ ਪੁੰਨ। ਤੂੰ ਹੁਣ ਆਪਣੇ ਘਰਵਾਲੇ ਨੂੰ ਦੱਸ ਦਈਂ ਕਿ ਜਿਹੜੀ ਮੇਰੀ ਚਾਰ ਕਿੱਲੇ ਜ਼ਮੀਨ ਤੁਸੀਂ ਵਾਹੁੰਦੇ ਜੇ; ਅਗਲੀ ਵਾਰ ਉਹਦੇ ਵੱਲ ਮੂੰਹ ਨਹੀਂ ਕਰਨਾ। ਦੂਜਾ; ਹਫ਼ਤੇ ਦੇ ਵਿੱਚ ਵਿੱਚ ਮੇਰੇ ਬਕਾਇਆ ਪੈਸਿਆਂ ਦਾ ਪ੍ਰਬੰਧ ਕਰ ਦਿਓ। ਨਾਲੇ ਤੁਹਾਨੂੰ ਜ਼ਮੀਨ ਖਵਾਵਾਂ ਤੇ ਨਾਲੇ ਗਾਲ੍ਹਾਂ ਖਾਵਾਂ!”
ਜ਼ਮੀਨ ਛੱਡਣ ਤੇ ਪੈਸੇ ਮੰਗਣ ਦੀ ਗੱਲ ਸੁਣ ਕੇ ਬੀਰ੍ਹੋ ਚੁੱਪ ਕਰ ਗਈ। ਮੈਂ ਉਹਦੇ ਚਿਹਰੇ ਵੱਲ ਵੇਖਿਆ। ਉਹਦੀਆਂ ਅੱਖਾਂ ਵਿੱਚ ਪਾਣੀ ਤੈਰ ਆਇਆ ਸੀ। ਕਹਿੰਦੀ, “ਭਾ ਜੀ, ਕਹਾਣੀਆਂ ਤਾਂ ‘ਆਪਣਾ ਆਪਣਾ ਹਿੱਸਾ’ ਵਰਗੀਆਂ ਲਿਖਦੇ ਹੋ ਤੇ ਮਾੜੇ ਭਰਾ ਨੂੰ ਕਹਿੰਦੇ ਓ ਜ਼ਮੀਨ ਨਹੀਂ ਦੇਣੀ ਵਾਹੁਣ ਵਾਸਤੇ?”
ਮੇਰੇ ਤਾਂ ਜਿਵੇਂ ਕਲੇਜੇ ਵਿੱਚ ਤੀਰ ਵੱਜਾ ਹੋਵੇ! ਮੇਰੀ ਕਹਾਣੀ ਨੇ ਮੇਰੇ ਉੱਤੇ ਹੀ ਪਲਟ-ਵਾਰ ਕੀਤਾ ਸੀ। ਮੇਰਾ ਅੰਦਰ ਹਲੂਣਿਆਂ ਗਿਆ। ਮੈਂ ਪਿਘਲੇ ਮਨ ਨਾਲ ਉਸਦੇ ਸਿਰ ‘ਤੇ ਹੱਥ ਰੱਖਿਆ। ਠੰਢੀ ਤੇ ਬੁਝੀ ਆਵਾਜ਼ ਵਿੱਚ ਕਿਹਾ, “ਉਹਨੂੰ ਆਖੀਂ ਵੱਡੇ ਭਰਾ ਨੂੰ ਗਾਲ੍ਹਾਂ ਦੇਣ ਨਾਲ ਉਹਦੀ ਸੋਭਾ ਨਹੀਂ ਬਣਨੀ। ਲੋਕ ਦੋਵਾਂ ਦਾ ਹੀ ਮਖ਼ੌਲ ਉਡਾਉਣਗੇ।”
ਏਨੀ ਆਖ ਕੇ ਮੈਂ ਵਾਪਸ ਜਲੰਧਰ ਜਾਣ ਲਈ ਮੁੜ ਪਿਆ। ਜ਼ਮੀਨ ਛੁਡਾਉਣ ਤੇ ਪੈਸੇ ਲੈਣ ਵਾਲਾ ਦਬਕਾ ਖੁਰ ਕੇ ਪਾਣੀ ਹੋ ਗਿਆ। ਸਾਡੀ ਖਲੋਤਿਆਂ ਖਲੋਤਿਆਂ ਹੀ ਮਸਾਂ ਪੰਜ ਕੁ ਮਿੰਟ ਗੱਲ ਹੋਈ ਹੋਵੇਗੀ। ਪੰਜਾਂ ਮਿੰਟਾਂ ਦੇ ਛੋਟੇ ਜਿਹੇ ਵਕਫ਼ੇ ਵਿੱਚ ਮੇਰੇ ਮੱਚਦੇ ਅੰਦਰ ਨੂੰ ਮੇਰੀ ਹੀ ਕਹਾਣੀ ਦਾ ਘੜਾ ਮੇਰੇ ਉੱਤੇ ਡੋਹਲ ਕੇ ਬੀਰ੍ਹੋ ਨੇ ਠੰਢਿਆਂ ਕਰ ਦਿੱਤਾ ਸੀ!

ਸਾਡੀ ਮਾਂ ਵੀ ਮੇਰੇ ਛੋਟੇ ਭਰਾ ਸੁਰਿੰਦਰ ਕੋਲ ਪਿੰਡ ਹੀ ਰਹਿੰਦੀ ਸੀ। ਬੀਬੀ ਨੂੰ ਦਿਲ ਦੀ ਤਕਲੀਫ ਹੋਈ ਤਾਂ ਉਸਨੂੰ ਬੀੜ ਬਾਬਾ ਬੁੱਢਾ ਸਾਹਿਬ ਦੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਸੁਰਿੰਦਰ ਨੇ ਮੈਨੂੰ ਜਲੰਧਰ ਫ਼ੋਨ ਕਰ ਦਿੱਤਾ। ਮੈਂ ਤੁਰਤ ਹਸਪਤਾਲ ਪਹੁੰਚਿਆ। ਬੀਬੀ ਠੀਕ-ਠਾਕ ਲੱਗੀ। ਡਿਊਟੀ ਦੇ ਰਹੇ ਡਾਕਟਰ ਨਾਲ ਉਸਦੀ ਹਾਲਤ ਬਾਰੇ ਗੱਲ ਕੀਤੀ ਤੇ ਪੁੱਛਿਆ ਕਿ ਜੇ ਖ਼ਤਰੇ ਦੀ ਗੱਲ ਹੈ ਤਾਂ ਅਸੀਂ ਬੀਬੀ ਨੂੰ ਉਸਦੀ ਆਗਿਆ ਨਾਲ ਵਧੇਰੇ ਸੁਵਿਧਾਵਾਂ ਵਾਲੇ ਕਿਸੇ ਚੰਗੇ ਹਸਪਤਾਲ ਵਿੱਚ ਅੰਮ੍ਰਿਤਸਰ ਲੈ ਜਾਈਏ; ਤਾਂ ਉਹ ਕਹਿੰਦਾ, “ਮੈਂ ਬਤੌਰ ਲੇਖਕ ਤੁਹਾਨੂੰ ਜਾਣਦਾ ਹਾਂ ਤੇ ਮੇਰੀ ਰਾਇ ਅਨੁਸਾਰ ਹੁਣ ਬੀਬੀ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ।”
ਮੈਂ ਸਾਰੀ ਦਿਹਾੜੀ ਬੀਬੀ ਕੋਲ ਰਿਹਾ। ਉਹ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ। ਕਈ ਗਿਲੇ-ਸ਼ਿਕਵੇ ਵੀ ਸਾਂਝੇ ਕੀਤੇ। ਸ਼ਾਮ ਨੂੰ ਪੁੱਛਿਆ, “ਬੀਬੀ ਮੈਂ ਡਾਕਟਰ ਨਾਲ ਗੱਲ ਕੀਤੀ ਹੈ। ਉਹ ਕਹਿੰਦਾ ਹੈ ਕਿ ਸਾਡੀ ਬੀਬੀ ਨੂੰ ਕੋਈ ਖ਼ਤਰਾ ਨਹੀਂ। ਜੇ ਤੂੰ ਆਖੇਂ ਤਾਂ ਮੈਂ ਰਾਤ ਨੂੰ ਜਲੰਧਰ ਚਲਿਆ ਜਾਵਾਂ। ਰਜਵੰਤ ਤੇ ਬੱਚਿਆਂ ਦਾ ਫ਼ਿਕਰ ਦੂਰ ਹੋ ਜੂ। ਸਵੇਰੇ ਵੇਲੇ ਸਿਰ ਮੈਂ ਤੇ ਰਜਵੰਤ ਦੋਵੇਂ ਪਹੁੰਚ ਜਾਵਾਂਗੇ। ਸਾਡੇ ਵਿਚੋ, ਜਿੰਨੇ ਦਿਨ ਲੋੜ ਹੋਈ, ਇੱਕ ਜਣਾ ਪੱਕਾ ਤੇਰੇ ਕੋਲ ਠਹਿਰ ਜਾਊ।”
ਬੀਬੀ ਨੇ ਖ਼ੁਸ਼ੀ ਖ਼ੁਸ਼ੀ ਹਾਮੀ ਭਰੀ। ਮੈਂ ਗਲਵੱਕੜੀ ਲਈ ਝੁਕਿਆ ਤਾਂ ਉਸਨੇ ਬਾਹਵਾਂ ਚੁੱਕ ਕੇ ਮੈਨੂੰ ਛਾਤੀ ਨਾਲ ਘੁੱਟ ਲਿਆ। ਬੀਬੀ ਦੇ ਇਲਾਜ ਲਈ ਘਰੋਂ ਲਿਆਂਦੇ ਪੈਸੇ ਉਸਦੇ ਕੋਲ ਰਾਤ ਰਹਿਣ ਲਈ ਆਈ ਭੈਣ ਸੁਰਜੀਤੋ ਦੀ ਮੁੱਠੀ ਵਿੱਚ ਦੇ ਕੇ ਮੈਂ ਜਲੰਧਰ ਨੂੰ ਤੁਰ ਪਿਆ। ਅਜੇ ਜਲੰਧਰ ਪੁੱਜੇ ਨੂੰ ਘੰਟਾ ਕੁ ਹੋਇਆ ਹੋਊ ਕਿ ਫ਼ੋਨ ਆ ਗਿਆ। ਬੀਬੀ ਪੂਰੀ ਹੋ ਗਈ ਸੀ!
ਬੀਬੀ ਦਾ ਸਸਕਾਰ ਕਰਨ ਤੋਂ ਬਾਅਦ ਘਰ ਵਿੱਚ ਅਫ਼ਸੋਸ ਲਈ ਆਈਆਂ ਮਕਾਣਾਂ ਲਈ ਰੋਟੀ-ਪਾਣੀ ਸਮੇਤ ਹੋਣ ਵਾਲੇ ਹੋਰ ਸਾਰੇ ਖ਼ਰਚੇ ਮੈਂ ਸੰਭਾਲ ਲਏ। ਪਾਠ ਰੱਖਣ ਤੇ ‘ਅੰਤਿਮ ਅਰਦਾਸ’ ਵਾਲਾ ਦਿਨ ਮਿਥਣ ਦੀ ਗੱਲ ਚੱਲੀ ਤਾਂ ਇਹ ਵੀ ਫ਼ੈਸਲਾ ਕਰਨਾ ਸੀ ਕਿ ਭੋਗ-ਸਮਾਗਮ ਕਿੱਥੇ ਰੱਖਿਆ ਜਾਵੇ। ਸੁਰਿੰਦਰ ਇਸ ਗੱਲ ‘ਤੇ ਜ਼ੋਰ ਦੇ ਰਿਹਾ ਸੀ ਕਿ ਭੋਗ ਬਹਿਕ ਉੱਤੇ ਹੀ ਪਾਇਆ ਜਾਵੇ। ਭਾਵੇਂ ਅਜੇ ਚਾਰ ਚੁਫ਼ੇਰੇ ਪੱਕੇ ਹੋਏ ਝੋਨੇ ਦੇ ਖੇਤ ਖਲੋਤੇ ਸਨ ਪਰ ਉਹ ਕਹਿੰਦਾ ਸੀ ਕਿ ਓਸ ਦਿਨ ਤੱਕ ਝੋਨੇ ਵੱਢੇ ਜਾਣਗੇ। ਬਹਿਕ ਨੇੜਲੀ ਪੈਲੀ ਲੋਕਾਂ ਦੇ ਬੈਠਣ ਲਈ ਵਿਹਲੀ ਕਰ ਲਈ ਜਾਵੇਗੀ। ਮੈਨੂੰ ਲੱਗਦਾ ਸੀ ਕਿ ਖੇਤਾਂ ਵਿਚਲਾ ਥਾਂ ਭੋਗ-ਸਮਾਗਮ ਲਈ ਕਿਸੇ ਤਰ੍ਹਾਂ ਵੀ ਢੁਕਵਾਂ ਨਹੀਂ। ਛੋਟੀਆਂ ਕੱਚੀਆਂ ਪਹੀਆਂ ਵਿਚੋਂ ਲੋਕਾਂ ਤੇ ਰਿਸ਼ਤੇਦਾਰਾਂ ਦਾ ਗੱਡੀਆਂ ਜਾਂ ਟਰਾਲੀਆਂ ਉੱਪਰ ਏਥੇ ਪਹੁੰਚਣਾ ਵੀ ਮੁਸ਼ਕਿਲ ਸੀ ਤੇ ਉਹਨਾਂ ਦੇ ਵਾਹਣਾਂ ਦੀ ਪਾਰਕਿੰਗ ਕਰਨਾ ਤਾਂ ਹੋਰ ਵੀ ਔਖਾ।
“ਕਿੰਨੇ ਕੁ ਲੋਕ ਆ ਜਾਣਗੇ ਕਿਤੇ?” ਸੁਰਿੰਦਰ ਆਉਣ ਵਾਲੇ ਰਿਸ਼ਤੇਦਾਰਾਂ ਦੀ ਸੰਭਵ ਗਿਣਤੀ ਕਰਨ ਲੱਗਾ। ਪਰ ਬੀਬੀ ਦੀ ਅੰਤਿਮ ਅਰਦਾਸ ਮੌਕੇ ਤਾਂ ਪੰਜਾਬ ਵਿਚੋਂ ਮੇਰੇ ਸਾਹਿਤਕ-ਸਭਿਆਰਚਾਰਕ ਮਿੱਤਰ-ਘੇਰੇ ਦੇ ਬਹੁਤ ਸਾਰੇ ਲੋਕਾਂ ਦੇ ਆਉਣ ਦੀ ਸੰਭਾਵਨਾ ਸੀ। ਉਹਨਾਂ ਲਈ ਤਾਂ ਖੇਤਾਂ ਵਿਚਲੀ ਇਹ ਥਾਂ ਲੱਭਣੀ ਉਂਜ ਹੀ ਮੁਸ਼ਕਿਲ ਸੀ। ਇਸ ਬਾਰੇ ਮੈਂ ਖ਼ਾਮੋਸ਼ ਹੀ ਰਿਹਾ ਕਿਉਂਕਿ ਸੁਰਿੰਦਰ ਲਈ ਤਾਂ ਇਹ ਲੋਕ ਕਿਸੇ ਗਿਣਤੀ ਵਿੱਚ ਹੀ ਨਹੀਂ ਸਨ। ਮੈਂ ਸਭ ਤੋਂ ਛੋਟੇ ਭਣਵੱਈਏ ਕਰਨੈਲ ਨਾਲ ਗੱਲ ਕੀਤੀ। ਉਹ ਮੇਰੇ ਨਾਲ ਸਹਿਮਤ ਸੀ। ਸੁਰਿੰਦਰ ਉਸਦੇ ਆਖੇ ਲੱਗਦਾ ਸੀ। ਉਸਨੂੰ ਸਮਝਾਇਆ ਗਿਆ ਕਿ ਮੇਨ ਸੜਕ ਉੱਤੇ ਬਣੇ ਮੈਰਿਜ ਪੈਲਿਸ ਵਿੱਚ ਭੋਗ-ਸਮਾਗਮ ਰੱਖਿਆ ਜਾਣਾ ਚਾਹੀਦਾ ਹੈ। ਓਥੇ ਪਾਰਕਿੰਗ ਲਈ ਵੀ ਵਾਧੂ ਸਹੂਲਤ ਹੋਵੇਗੀ ਤੇ ਆਉਣ ਵਾਲਿਆਂ ਨੂੰ ਥਾਂ ਲੱਭਣਾ ਵੀ ਸੌਖਾ ਰਹੇਗਾ। ਸੁਰਿੰਦਰ ਬੱਧੇ-ਰੁੱਧੇ ਮਨ ਨਾਲ ਸਾਡੇ ਨਾਲ ਮੈਰਿਜ ਪੈਲਿਸ ਦੀ ਬੁਕਿੰਗ ਕਰਨ ਲਈ ਤੁਰ ਪਿਆ।
ਪੈਲਿਸ ਵਿੱਚ ਪਹੁੰਚ ਕੇ ਜਦੋਂ ਪੈਲਿਸ ਵਾਲਿਆਂ ਨੇ ਕਿਹਾ ਕਿ ਚਾਹ-ਪਾਣੀ ਤੇ ਰੋਟੀ-ਪਾਣੀ ਲਈ ਲੋੜਂੀਦੇ ਬਰਤਨਾਂ ਤੇ ਕਰੌਕਰੀ ਦੇ ਸਮਾਨ ਦਾ ਹਿਸਾਬ ਲਾਉਣ ਲਈ ਉਹਨਾਂ ਨੂੰ ਆਉਣ ਵਾਲੇ ਮਹਿਮਾਨਾਂ ਦੀ ਗਿਣਤੀ ਦੱਸ ਦਿੱਤੀ ਜਾਵੇ। ਮੈਂ ਮਹਿਮਾਨਾਂ ਦੇ ਆਉਣ ‘ਤੇ ਉਹਨਾਂ ਨੂੰ ਆਉਂਦਿਆਂ ਹੀ ਦੇਣ ਵਾਲੇ ਚਾਹ-ਪਾਣੀ ਅਤੇ ਮਠਿਆਈ ਦਾ ਵੇਰਵਾ ਦੱਸਣ ਲੱਗਾ। ਪਿੱਛੋਂ ਖਾਣੇ ਨਾਲ ਦਾਲਾਂ ਸਬਜ਼ੀਆਂ ਤੇ ਸਵੀਟ ਡਿਸ਼ ਵਗੈਰਾ ਦਾ ਮੀਨੂ ਬਣਨ ਲੱਗਾ ਤਾਂ ਸੁਰਿੰਦਰ ਅੜ ਗਿਆ। ਕਹਿਣ ਲੱਗਾ, “ਸਿਰਫ ਦਾਲ-ਰੋਟੀ ਚੱਲੂ। ਹੋਰ ਕੁੱਝ ਨਹੀਂ।”
ਮੈਂ ਉਸਦੇ ਅੰਦਰ ਦਾ ‘ਭੈਅ’ ਸਮਝਦਾ ਸਾਂ। ‘ਆਪਣਾ ਆਪਣਾ ਹਿੱਸਾ’ ਕਹਾਣੀ ਵਿਚਲਾ ਮਾਂ ਦੇ ‘ਕੱਠ ਕਰਨ ਵਾਲਾ ਬਿਰਤਾਂਤ ਮੈਨੂੰ ਭੁੱਲਿਆ ਨਹੀਂ ਸੀ।। ਸੁਰਿੰਦਰ ਵੱਲੋਂ ਗਾਲ੍ਹ ਕੱਢਣ ਵੇਲੇ ਬੀਰ੍ਹੋ ਨਾਲ ਹੋਇਆ ਵਾਰਤਾਲਾਪ ਮੈਨੂੰ ਚੂੰਢੀਆਂ ਵੱਢ ਰਿਹਾ ਸੀ। ਇਸ ਲਈ ਮੈਂ ਕਰਨੈਲ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਕਿ ਬੀਬੀ ਦੇ ਚਲਾਣੇ ਤੋਂ ਬਾਅਦ ਉਸਦੇ ਭੋਗ ਤੱਕ ਹੋਣ ਵਾਲਾ ਸਾਰੇ ਦਾ ਸਾਰਾ ਖ਼ਰਚਾ ਮੈਂ ਖ਼ੁਦ ਹੀ ਕਰਾਂਗਾ। ਸੁਰਿੰਦਰ ਨੂੰ ਇਸ ਵਿਚੋਂ ਪਾਈ ਵੀ ਨਹੀਂ ਦੇਣੀ ਪਵੇਗੀ। ਪਰ ਸੁਰਿੰਦਰ ਤਾਂ ਹੋਣ ਵਾਲੇ ਖ਼ਰਚੇ ਵਿਚੋਂ ‘ਆਪਣਾ ਹਿੱਸਾ’ ਦੇਣ ਬਾਰੇ ਫ਼ਿਕਰ-ਮੰਦ ਸੀ। ਜਿੰਨੇ ਬੰਦਿਆਂ ਦੀ ਗਿਣਤੀ ਮੈਂ ਕਰਾ ਰਿਹਾ ਸਾਂ ਤੇ ਜਿੰਨੀਆਂ ਖਾਣੇ ਦੀਆਂ ਆਈਟਮਾਂ ਲਿਖਾ ਰਿਹਾ ਸਾਂ, ਇਹ ਉਸਨੂੰ ਹਰਗ਼ਿਜ਼ ਪ੍ਰਵਾਨ ਨਹੀਂ ਸਨ।
ਕਰਨੈਲ ਸਾਰੀ ਗੱਲ ਸਮਝਦਿਆਂ ਕਹਿੰਦਾ, “ਛਿੰਦਿਆ! ਤੂੰ ਖ਼ਰਚੇ ਤੋਂ ਡਰਦਾ ਏਂ?” ਅਜੇ ਉਸਨੇ ਮੇਰੇ ਵੱਲੋਂ ਸਾਰਾ ਖ਼ਰਚਾ ਚੁੱਕਣ ਦੀ ਗੱਲ ਕੀਤੀ ਹੀ ਨਹੀਂ ਸੀ ਕਿ ਸੁਰਿੰਦਰ ਬੋਲ ਪਿਆ, “ਖ਼ਰਚੇ ਤੋਂ ਡਰਾਂ ਨਾ? ਏਨਾ ਖ਼ਰਚਾ ਕੌਣ ਚੁੱਕੂ? ਮੈਨੂੰ ਇਹ ‘ਸੌਦਾ’ ਨਹੀਂ ਮਨਜ਼ੂਰ। ਖ਼ਰਚੇ ਦਾ ਏਨਾ ਹਿੱਸਾ ਮੈਂ ਨਹੀਂ ਦੇ ਸਕਦਾ?”
ਕਰਨੈਲ ਨੇ ਉਸਨੂੰ ਸਮਝਾਇਆ, “ਫ਼ਿਕਰ ਨਾ ਕਰ। ਤੈਨੂੰ ਕੁੱਝ ਨਹੀਂ ਦੇਣਾ ਪੈਣਾ। ਭਾ ਜੀ ਕਰਨਗੇ ਸਾਰਾ ਖ਼ਰਚਾ।”
“ਸਭ ਆਖਣ ਦੀਆਂ ਗੱਲਾਂ ਨੇ। ਮਗਰੋਂ--”
ਇਸਤੋਂ ਪਹਿਲਾਂ ਕਿ ਉਹ ਹੋਰ ਕੁੱਝ ਕਹਿੰਦਾ ਤੇ ਉਹਦੇ ਅੰਦਰਲਾ ਸੇਕ ‘ਆਪਣਾ ਆਪਣਾ ਹਿੱਸਾ’ ਕਹਾਣੀ ਦੇ ਸਿਖ਼ਰ ਤੱਕ ਜਾ ਛੂੰਹਦਾ; ਉਸਨੂੰ ਟੋਕਦਿਆਂ ਮੈਂ ਉਸਦੀ ਬਾਂਹ ਘੁੱਟ ਲਈ, “ਮੇਰੇ ਵੀਰ! ਤੈਨੂੰ ਇੱਕ ਪੈਸਾ ਨਹੀਂ ਦੇਣਾ ਪਊ। ਤੂੰ ਅਸਲੋਂ ਬੇਫ਼ਿਕਰ ਰਹੋ।”
ਉਹ ਸ਼ਾਂਤ ਹੋ ਗਿਆ। ਮੇਰੀ ਆਪਣੀ ਕਹਾਣੀ ਨੇ ਪਿਛਲੇ ਕਈ ਸਾਲਾਂ ਤੋਂ ਮੈਨੂੰ ਕਹਾਣੀ ਵਿਚਲੇ ਵੱਡੇ ਭਰਾਵਾਂ ਵਰਗਾ ਬਣਨ ਤੋਂ ਬਚਾ ਲਿਆ ਸੀ ਤੇ ਅੱਜ ਸੁਰਿੰਦਰ ਵੀ ਘੁੱਦੂ ਵਾਲੀ ਹੱਦ ਤੱਕ ਪਹੁੰਚਣੋਂ ਪਹਿਲਾਂ ਹੀ ਵਾਪਸ ਪਰਤ ਆਇਆ ਸੀ।

1979 ਦੇ ਕਿਸੇ ਦਿਨ ਦੀ ਢਲੀ ਦੁਪਹਿਰ ਦਾ ਵਕਤ ਸੀ। ਮੈਂ ਆਪਣੇ ਪਿੰਡ ਵਾਲੇ ਘਰ ਦੇ ਵਿਹੜੇ ਵਿੱਚ ਬੈਠਾ ਕੁੱਝ ਪੜ੍ਹ ਰਿਹਾ ਸਾਂ। ਬਾਹਰਲੇ ਬੂਹੇ ਅੱਗੇ ਕਿਸੇ ਦੇ ਲਲਕਾਰਾ ਮਾਰਨ ਦੀ ਆਵਾਜ਼ ਆਈ। ਇਹੋ ਜਿਹੇ ਕੌਤਕ ਬਜ਼ਾਰ ਵਿੱਚ ਰੋਜ਼ ਹੀ ਹੁੰਦੇ ਰਹਿੰਦੇ ਸਨ। ਮੈਂ ਗੌਲ਼ਿਆ ਨਾ। ਦੂਜੇ ਲਲਕਾਰੇ ਦੀ ਆਵਾਜ਼ ਘਰ ਤੋਂ ਥੋੜੀ ਵਿੱਥ ਕਰ ਗਈ। ਪਰ ਦੋ-ਤਿੰਨ ਮਿੰਟ ਬਾਅਦ ਜਦੋਂ ਫਿਰ ਮੇਰੇ ਦਰਵਾਜ਼ੇ ਸਾਹਮਣੇ ਸ਼ਰਾਬੀ ਨੇ ਲਲਕਾਰਾ ਮਾਰਿਆ ਤਾਂ ਸਾਹਮਣੀ ਦੁਕਾਨ ਵਾਲਾ ਤਾਇਆ ਗੁਰਲਾਲ ਚੰਦ ਉਸਨੂੰ ਕਹਿੰਦਾ, “ਭਲਿਆਮਾਣਸਾ! ਅਗਲਾ ਚੁੱਪ-ਚਾਪ ਆਪਣੇ ਘਰ ‘ਚ ਬੈਠਾ ਏ। ਜਦੋਂ ਉਹ ਅੱਗੋਂ ਨ੍ਹੀਂ ਬੋਲਦਾ। ਤੂੰ ਕਿਉਂ ਐਵੇਂ ਆਪਣੇ ਮੂੰਹ ਦਾ ਸਵਾਦ ਖ਼ਰਾਬ ਕਰਨ ਡਿਹਾਂ। ਜਾਹ ਆਪਣੇ ਘਰ ਨੂੰ। ਕੋਈ ਗਾਹਕ ਆਉਣ ਦੇ।”
“ਨਹੀਂ, ਉਹਨੂੰ ਆਖੋ, ਇੱਕ ਵਾਰ ਬਾਹਰ ਤਾਂ ਨਿਕਲੇ।”
ਮੇਰੇ ਕੰਨ ਖੜੇ ਹੋ ਗਏ। ਕਿਤੇ ਕੋਈ ਮੈਨੂੰ ਹੀ ਤਾਂ ਨਹੀਂ ਸੀ ਵੰਗਾਰ ਰਿਹਾ। ਪਰ ਮੇਰੀ ਨਾ ਕਿਸੇ ਨਾਲ ਦੁਸ਼ਮਣੀ ਨਾ ਵੱਟ-ਵਿਰੋਧ! ਫੇਰ ਵੀ ਮੈਂ ਜੁਗਿਆਸਾ ਵੱਸ ਘਰੋਂ ਬਾਹਰ ਨਿਕਲ ਆਇਆ। ਦੋ ਕੁ ਦੁਕਾਨਾਂ ਛੱਡ ਕੇ ਮੇਰੇ ਘਰ ਵੱਲ ਮੂੰਹ ਕੀਤੀ ਸ਼ਰਾਬੀ ਹੋਇਆ ਮੇਰੀ ਕਹਾਣੀ ‘ਨਾਇਕ’ ਦਾ ਮੁੱਖ ਪਾਤਰ ‘ਗੁਰਬਚਨ ਸਿੰਘ ਹਸਰਤ’ (ਇਹ ਉਸਦਾ ਕਹਾਣੀ ਵਿਚਲਾ ਨਾਂ ਹੈ) ਖਲੋਤਾ ਸੀ। ਮੈਨੂੰ ਗੱਲ ਕੁੱਝ ਕੁਝ ਸਮਝ ਆਉਣੀ ਸ਼ੁਰੂ ਹੋ ਗਈ।
ਹਸਰਤ ਮੇਰੇ ਤੋਂ ਦਸ ਪੰਦਰਾਂ ਸਾਲ ਵੱਡਾ ਸੀ। ਚੜ੍ਹਦੀ ਜਵਾਨੀ ਵੇਲੇ ਉਹਦਾ ਗੋਰਾ ਰੰਗ ਭਖ਼ਦੀ ਭਾਹ ਮਾਰਦਾ। ਉਹ ਹਰ ਵੇਲੇ ਹੱਸਦਾ ਤੇ ਖਿੜਿਆ-ਪੁੜਿਆ ਰਹਿੰਦਾ। ਉਸ ਵਿੱਚ ਵੱਖਰਾ ਤੇ ਵਧੀਆ ਦਿਸਣ ਦਾ ਚਾਅ ਸੀ। ਉਹ ਉਰਦੂ ਅਖ਼ਬਾਰਾਂ ਲਈ ਗ਼ਜ਼ਲਾਂ ਤੇ ਅਫ਼ਸਾਨੇ ਲਿਖਦਾ। ਰੂਸੀ ਆਗੂ ਬੁਲਗਾਨਿਨ ਭਾਰਤ ਆਇਆ ਤਾਂ ਉਸਨੇ ਉਹਦੇ ਵਰਗੀ ਦਾੜ੍ਹੀ ਬਣਾ ਲਈ। ਜ਼ਾਹਿਰ ਸੀ ਕਿ ਉਸ ਉੱਤੇ ਅਗਾਂਹਵਧੂ ਲਹਿਰ ਦਾ ਪ੍ਰਭਾਵ ਸੀ। ਫੇਰ ਉਹ ਅਚਨਚੇਤ ਗ਼ਾਇਬ ਹੋ ਗਿਆ। ਪਤਾ ਲੱਗਾ ਕਿ ਉਹ ਆਪਣੇ ਹਿੱਸੇ ਦੀ ਜ਼ਮੀਨ ਵਿਚੋਂ ਕੁੱਝ ਜ਼ਮੀਨ ਗਹਿਣੇ ਪਾ ਕੇ ਬੰਬਈ ਐਕਟਰ ਬਣਨ ਚਲਾ ਗਿਆ ਸੀ। ਤਿੰਨ ਚਾਰ ਸਾਲ ਬਾਅਦ ਉਹ ਪਿੰਡ ਆਇਆ ਤਾਂ ਪਿੰਡ ਦੇ ਨੌਜਵਾਨ ਉਸਨੂੰ ਬੰਬਈ ਵਿੱਚ ਪ੍ਰਾਪਤ ਕੀਤੇ ਅਨੁਭਵ ਬਾਰੇ ਸਵਾਲ ਕਰਦੇ। ਉਹ ਉਹਨਾਂ ਨਾਲ ਐਕਟਰ-ਐਕਟਰੈਸਾਂ ਦੇ ਕਿੱਸੇ ਬੜੇ ਚਸਕੇ ਲੈ ਲੈ ਬਿਆਨ ਕਰਦਾ। ਉਦੋਂ ਛੇਵੀਂ ਸਤਵੀਂ ਵਿੱਚ ਪੜ੍ਹਦਾ ਹੋਵਾਂਗਾ। ਉਸਦੇ ਦਵਾਲੇ ਜੁੜੇ ਰਹਿਣ ਵਾਲੀ ਮੁੰਡਿਆਂ ਦੀ ਭੀੜ ਵਿੱਚ ਮੈਂ ਵੀ ਪਿੱਛੇ ਜਿਹੇ ਹੋ ਕੇ ਬੈਠਾ ਰਹਿੰਦਾ। ਬੰਬਈ ਤੋਂ ਉਹ ਸ਼ਰਾਬ ਅਤੇ ਸਿਗਰਟ ਦੀ ਆਦਤ ਨਾਲ ਲੈ ਆਇਆ। ਉਸਨੇ ਇੱਕ ਪ੍ਰੋਜੈਕਟਰ ਵੀ ਖ਼ਰੀਦ ਲਿਆਂਦਾ ਤੇ ਰਾਤ ਨੂੰ ਸ਼ਰਾਬੀ ਹੋਕੇ ਪਿੰਡ ਦੀਆਂ ਗਲੀਆਂ ਵਿੱਚ ਮੁੰਡ੍ਹੀਰ ਨੂੰ ਇਕੱਠਿਆ ਕਰਕੇ ਉਹ ਫ਼ਿਲਮ ਵਿਖਾਉਂਦਾ ਜਿਸ ਵਿੱਚ ਉਸਨੇ ਮਾਮੂਲੀ ਜਿਹਾ ਰੋਲ ਕੀਤਾ ਸੀ ਤੇ ਇੱਕ ਖੋਤੇ ਦੀ ਪਿੱਠ ‘ਤੇ ਪਿਛਲੇ ਪਾਸੇ ਮੂੰਹ ਕਰੀ ਉਸਦੀ ਪੂਛ ਫੜ੍ਹ ਕੇ ਬੈਠਾ ਸੀ।
ਬੀਤਦੇ ਸਮੇਂ ਨਾਲ ਉਸਦੇ ਸੁਭਾਅ ਅਤੇ ਰੰਗ ਢੰਗ ਵਿੱਚ ਬੜੀਆਂ ਤਬਦੀਲੀਆਂ ਵਾਪਰਦੀਆਂ ਰਹੀਆਂ। ਫ਼ਿਲਮੀ ‘ਨਾਇਕ’ ਨਾ ਬਣ ਸਕਣ ਦੀ ਪੀੜ ਨੇ ਉਹਨੂੰ ਤੋੜ ਦਿੱਤਾ ਸੀ। ਉਹ ਕਦੀ ਸਫ਼ਾ-ਚੱਟ ਹੋ ਜਾਂਦਾ, ਕਦੇ ਲੰਮਾਂ ਚੋਲਾ ਪਾ ਕੇ ਨਿਹੰਗ ਸਿੰਘ ਸੱਜ ਜਾਂਦਾ ਤੇ ਹੱਥ ਵਿੱਚ ਲੰਮਾਂ ਬਰਛਾ ਫੜ੍ਹਿਆ ਹੁੰਦਾ। ਕਦੀ ਸ਼ਰਾਬੀ ਹੋਇਆ ਗਲੀਆਂ ਵਿੱਚ ਫਿਰਦਾ ਰਹਿੰਦਾ। ਕਦੀ ਦੁੱਧ ਚਿੱਟੇ ਸਾਫ਼ ਕੱਪੜੇ ਪਾ ਕੇ ਡੂੰਘੇ ਅਧਿਆਤਮਕ ਅਨੁਭਵ ਦੀਆਂ ਗੱਲਾਂ ਕਰਨ ਲੱਗ ਜਾਂਦਾ। ਆਪਣੇ ਆਪ ਨੂੰ ‘ਸ਼ੰਕਰ ਭਗਵਾਨ’ ਆਖਦਾ। ਉਸਦੀ ਭਾਸ਼ਾ ਉਰਦੂ ਹਿੰਦੀ ਦਾ ਮਿਲਗੋਭਾ ਬਣ ਜਾਂਦੀ। ਅਧਿਆਤਮਕ ਅਨੁਭਵ ਦੀਆਂ ਬਾਤਾਂ ਉਹ ਜਲੰਧਰ ਦੇ ਪ੍ਰਸਿੱਧ ਉਰਦੂ ਅਖ਼ਬਾਰ ਲਈ ਵੀ ਲਿਖਦਾ। ਉਸਦਾ ਲਿਖਿਆ ਪੜ੍ਹ ਕੇ ਕਦੀ ਕਦੀ ਕੋਈ ਪਾਠਕ ਪਿੰਡ ਆ ਕੇ ਉਸਦਾ ਪਤਾ ਪੁੱਛਦਾ ਤਾਂ ਲੋਕ ਹੱਸ ਪੈਂਦੇ।
ਅਸਲ ਵਿੱਚ ਉਸਦੀ ਮਹੱਤਵਪੂਰਨ ਬਣਨ ਦੀ ਤਾਂਘ ਤਿੜਕ ਗਈ ਸੀ।
ਇਹਨਾਂ ਦਿਨਾਂ ਵਿੱਚ ਹੀ ਇੱਕ ਵਾਰ ਪਿੰਡ ਦੇ ਬਾਜ਼ਾਰ ਵਿੱਚ ਲੋੜੋਂ ਵੱਧ ਨਸ਼ੱਈ ਹੋਇਆ ਹਸਰਤ ਮਿਲ ਪਿਆ। ਉਹਦੇ ਹੱਥ ਵਿੱਚ ਝੋਲਾ ਸੀ, ਜਿਸ ਵਿੱਚ ਉਸਨੇ ਇੱਕ ਫ਼ਾਈਲ ਰੱਖੀ ਹੋਈ ਸੀ। ਉਸ ਫ਼ਾਈਲ ਵਿੱਚ ਉਹਦਾ ਹੁਣ ਤੱਕ ਲਿਖੇ ਧਾਰਮਿਕ ਲੇਖਾਂ, ਕਵਿਤਾਵਾਂ, ਕਹਾਣੀਆਂ ਦਾ ਸੰਗ੍ਰਿਹ ਸੀ। ਉਸ ਨੇ ਮੈਨੂੰ ਵੇਖਿਆ ਅਤੇ ਬਦੋਬਦੀ ਮੇਰੀ ਬਾਂਹ ਫੜ ਲਈ। ਉਹ ਸ਼ਰਾਬੀ ਹੋਇਆ ਝੂਲ ਰਿਹਾ ਸੀ। ਪਿੰਡ ਦੇ ਲੋਕਾਂ ਲਈ ਇਹ ਬੜੀ ਜਾਣੀ-ਪਛਾਣੀ ਝਾਕੀ ਸੀ। ਕੋਈ ਹੱਸ ਕੇ, ਕੋਈ ਘੂਰ ਕੇ ਕੋਲੋਂ ਦੀ ਲੰਘ ਰਿਹਾ ਸੀ। ਹਸਰਤ ਨੇ ਮੇਰੇ ਵੱਲ ਹੱਥ ਕਰਦਿਆਂ ਕਿਹਾ, “ਸ਼ੇਕ ਹੈਂਡ”
ਮੈਂ ਉਸ ਨਾਲ ਹੱਥ ਮਿਲਾਇਆ। ਉਸ ਮੇਰੇ ਨਾਲ ਖੱਬਾ ਹੱਥ ਮਿਲਾਉਂਦਿਆਂ ਕਿਹਾ, “ਭਗਵਾਨ ਕੀ ਜਿਸ ਪਰ ਨਜ਼ਰੇ-ਇਨਾਇਤ ਹੋ…ਉਸ ਕੇ ਸਾਥ ਹੀ ਬਾਇਆਂ ਹਾਥ ਮਿਲਾਤੇ ਹੈਂ……ਜਾਓ …ਤੁਮ੍ਹਾਰੇ ਤੀਨ ਲੋਕ ਸੰਵਰ ਗਏ……”
ਫ਼ਿਰ ਉਸਨੇ ਕੰਬਦੇ ਹੋਏ ਹੱਥਾਂ ਨਾਲ ਫ਼ਾਈਲ ਖੋਲ੍ਹੀ ਅਤੇ ਮੇਰੇ ਸਾਹਮਣੇ ਫ਼ੈਲਾ ਦਿੱਤੀ, “ਦੇਖੋ, ਦੋਸਤ ਯੇਹ ਸਬ ਲੋਗ ਗਧੇ ਹੈਂ………ਯੇ ਸ਼ੰਕਰ ਕੋ ਨਹੀਂ ਸਮਝਤੇ ਕਿ ਸ਼ੰਕਰ ਕਿਆ ਹੈ! ਸ਼ੰਕਰ ਕਿਤਨਾ ਬੜਾ ਰਾਈਟਰ ਹੈ……ਕਿਤਨਾ ਬੜਾ ਫ਼ਿਲਾਸਫ਼ਰ ਹੈ……ਕਿਤਨਾ ਬੜਾ ਮਾਰਕਸਿਸਟ ਹੈ! ਕਿਤਨਾ ਬੜਾ ਆਰਟਿਸਸਟ ਹੈ! ਯੇਹ ਤੋ ਮੁਝੇ ਬਹੁਤ ਬੜਾ ਉੱਲੂ ਕਾ ਪੱਠਾ ਸਮਝਤੇ ਹੈਂ……ਮੁਝੇ ਥਾਨੇਦਾਰਨੀ ਕਾ ਨਾਲਾਇਕ ਬੱਚਾ ਸਮਝਤੇ ਹੈਂ……” ਉਹ ਦੰਦ ਭਚੀੜ ਕੇ ਹੱਸਣ ਲੱਗਾ:
“ਇਸੀ ਲੀਏ ਭਗਵਾਨ ਅਬ ਜ਼ਿੰਦਾ ਨਹੀਂ ਰਹੇਗਾ। ਦੋਸਤ… ਭਗਵਾਨ ਅਬ ਜਲਦੀ ਹੀ ਮਰ ਜਾਏਗਾ। ਯੇਹ ਲੋਗ ਅਭੀ ਸਮਝ ਹੀ ਨਹੀਂ ਪਾਏਂਗੇ ਕਿ ਸ਼ੰਕਰ ਕਿਆ ਹੈ ਕਿ ਸ਼ੰਕਰ ਮਰ ਜਾਏਗਾ” …ਤੇ ਫ਼ਿਰ ਉਹ ਜਿਵੇਂ ਡਾਢਾ ਹੀ ਨਿਰਾਸ਼ ਹੋ ਗਿਆ ਹੋਵੇ, “ਸ਼ੰਕਰ ਤੋ ਮਰ ਜਾਏਗਾ…ਲੇਕਿਨ ਸ਼ੰਕਰ ਕੀ ਤਾਰੀਖ਼ ਕੌਨ ਲਿਖੇਗਾ? ਕੌਨ ਮੇਰੇ ਮਰਨੇ ਕੇ ਬਾਦ ਜਾਨੇਗਾ ਕਿ ਸ਼ੰਕਰ ਕਿਤਨਾ ਮਹਾਨ ਥਾ? ਕੌਨ ਲਿਖੇਗਾ ਮੇਰੀ ਤਾਰੀਖ਼?” ਫ਼ਿਰ ਉਹ ਮੈਨੂੰ ਸੰਬੋਧਿਤ ਹੋਇਆ, “ਯਾਰ ਤੁਮ ਲਿਖਨਾ…ਕੋਈ ਨਹੀਂ ਜਾਨ ਸਕਤਾ ਸਾਲਾ ਕਿ ਹਸਰਤ ਕੇ ਮਨ ਮੇਂ ਕਿਤਨੀ ਹਸਰਤੇਂ ਥੀ…ਸਿਰਫ਼ ਤੁਮ ਜਾਨਤੇ ਹੋ……ਅਕੇਲੇ ਤੁਮ……ਤੁਮ ਲਿਖਨਾ ਮੇਰੀ ਤਾਰੀਖ਼ ਮੇਰੇ ਯਾਰ…ਬੋਲੋ; ਲਿਖੋਗੇ ਨਾ? ਬੋਲੋ ਵੀ……”
ਮੇਰੇ ਕੋਲ ‘ਹਾਂ’ ਕਰਨ ਤੋਂ ਬਿਨਾਂ ਕੋਈ ਚਾਰਾ ਵੀ ਨਹੀਂ ਸੀ। ਉਸਨੇ ਆਪਣੀ ਫ਼ਾਈਲ ਮੈਨੂੰ ਫੜਾ ਦਿੱਤੀ ਤਾਂ ਕਿ ਮੈਂ ਉਹਦੀਆਂ ਲਿਖ਼ਤਾਂ ਵਿੱਚੋਂ ਉਹਦੀ ਸ਼ਖ਼ਸੀਅਤ ਬਾਰੇ ‘ਠੋਸ’ ਰਾਇ ਬਣਾ ਸਕਾਂ। ਏਨੇ ਚਿਰ ਵਿੱਚ ਹੀ ਉਹਦਾ ਗੱਭਰੂ ਮੁੰਡਾ ਕੈੜੀਆਂ ਅੱਖਾਂ ਨਾਲ ਵੇਖਦਾ ਸਾਡੇ ਕੋਲੋਂ ਦੀ ਲੰਘ ਗਿਆ।
ਮੈਨੂੰ ਉਸਦੀ ਸ਼ਖ਼ਸੀਅਤ ਦੇ ਵਿਭਿੰਨ ਰੰਗ ਦਿਸਣੇ ਸ਼ੁਰੂ ਹੋਏ। ਉਸ ਵਿੱਚ ਕਿਸੇ ਕਹਾਣੀ ਦਾ ਪਾਤਰ ਬਣਨ ਦਾ ਚੰਗਾ ਮਸਾਲਾ ਸੀ। ਕਹਾਣੀ ਵਿੱਚ ਮੈਂ ਜਿਹੜਾ ਵੱਖਰਾ ਪਾਤਰ ਸਿਰਜਿਆ ਉਸ ਵਿੱਚ ਅੱਧ-ਪਚੱਧਾ ਹਸਰਤ ਦਾ ਅਸਲੀ ਪ੍ਰਛਾਵਾਂ ਸੀ। ਬਾਕੀ ਮੇਰੀ ਕਲਪਨਾ ਦਾ ਹਿੱਸਾ ਸੀ। ਮੈਂ ਉਹਦੇ ਸੁਪਨਿਆਂ ਤੇ ਉਸਦੀ ‘ਨਾਇਕ’ ਬਣਨ ਦੀ ਭਾਵਨਾ ਨੂੰ ਆਜ਼ਾਦੀ ਤੋਂ ਪਿੱਛੋਂ ਕਮਿਊਨਿਸਟ ਲਹਿਰ ਨਾਲ ਜੁੜੇ ਸੁਪਨਿਆਂ ਦੇ ਪ੍ਰਸੰਗ ਵਿੱਚ ਉਭਾਰਨ ਦੀ ਕੋਸ਼ਿਸ਼ ਕੀਤੀ। ਉਸਨੂੰ ਪਾਰਟੀ ਦੀਆਂ ਸਟੇਜਾਂ ‘ਤੇ ਕਲਾਕਾਰ ਵਜੋਂ ਕੰਮ ਕਰਦਾ ਵਿਖਾਇਆ। ਪਾਰਟੀਆਂ ਦੇ ਟੁਟਣ ਅਤੇ ਧੜੇਬੰਦੀ ਬਣਨ ਨਾਲ ਆਮ ਕਾਡਰ ਉੱਤੇ ਪੈਣ ਵਾਲੇ ਮਨਫ਼ੀ ਅਸਰ ਨਾਲ ਪੈਦਾ ਹੁੰਦੇ ਵਿਸ਼ਾਦ ਨੂੰ ਉਸ ਨਾਲ ਜੋੜਿਆ। ਉਸ ਕਿਰਦਾਰ ਨੂੰ ਫ਼ਿਲਮੀ ਜਦੋ-ਜਹਿਦ ਦੀ ਅਸਫ਼ਲਤਾ ਤੋਂ ਬਾਅਦ ਖੇਤੀ-ਬਾੜੀ ਵਿੱਚ ਛੋਟੇ ਕਿਰਸਾਣ ਦੀ ਨਿੱਤ ਡਿੱਗਦੀ ਹਾਲਤ ਨਾਲ ਵੀ ਜੋੜਿਆ। ਉਸਦੇ ਅਸਲੀ ਰੂਪ ਤੇ ਵਿਖੰਡਤ ਹੋਏ ਨਾਇਕਤਵ ਦੀਆਂ ਝਾਕੀਆਂ ਵੀ ਵਿਖਾਈਆਂ।
ਕਹਾਣੀ ‘ਸਿਰਜਣਾ’ ਵਿੱਚ ਛਪੀ ਸੀ ਤਾਂ ਹਸਰਤ ਨੂੰ ਪਤਾ ਨਹੀਂ ਇਸਦੀ ਸੂਹ ਕਿਥੋਂ ਮਿਲ ਗਈ। ਉਸਨੇ ਕਹਾਣੀ ਪੜ੍ਹ ਲਈ ਸੀ ਤੇ ਇਸ ਵੇਲੇ ਮੇਰੇ ਘਰ ਦੇ ਸਾਹਮਣੇ ਸ਼ਰਾਬ ਵਿੱਚ ਧੁੱਤ ਖਲੋਤਾ ਸੀ। ਮੈਨੂੰ ਬਾਹਰ ਆਇਆ ਵੇਖ ਕੇ ਉਸਨੇ ਫਿਰ ਲਲਕਾਰਾ ਮਾਰਿਆ, “ਇਹਨੂੰ ਪੁੱਛੋ, ਇਹ ਕਹਾਣੀ ਵਿੱਚ ਮੈਨੂੰ ਸ਼ਰਾਬੀ ਬਣਾ ਕੇ ਪੇਸ਼ ਕਰਦਾ ਹੈ। ਇਹਦਾ ਪਿਉ ਕਿਹੜਾ ਘੱਟ ਸੀ। ਉਹ ਨਹੀਂ ਸੀ ਸ਼ਰਾਬੀ? ਇਹਨੂੰ ਆਪਣੇ ਪਿਉ ਦਾ ਸ਼ਰਾਬ ਪੀਣਾ ਨਹੀਂ ਦਿਸਿਆ, ਮੇਰਾ ਸ਼ਰਾਬੀ ਹੋਣਾ ਦਿਸ ਪਿਐ?”
ਵਗਦੇ ਬਾਜ਼ਾਰ ਵਿਚੋਂ ਆਉਂਦੇ-ਜਾਂਦੇ ਦਸ-ਬਾਰਾਂ ਬੰਦੇ ਤਮਾਸ਼ਾ ਵੇਖਣ ਲਈ ਸਾਡੇ ਨੇੜੇ ਆ ਖਲੋਤੇ। ਮੈਂ ਤਾਂ ਪੂਰੀ ਈਮਾਨਦਾਰੀ ਨਾਲ ਉਸ ਕਿਰਦਾਰ ਦੇ ਸੁਪਨਿਆਂ ਦੇ ਟੁੱਟਣ-ਤਿੜਕਣ ਦੀ ਹਕੀਕਤ ਨੂੰ ਕਹਾਣੀ ਵਿੱਚ ਪੇਸ਼ ਕਰਦਿਆਂ ਉਸਦੀ ‘ਤਾਰੀਖ਼’ ਲਿਖ ਦਿੱਤੀ ਸੀ ਪਰ ਇਹ ‘ਤਾਰੀਖ਼’ ਹਸਰਤ ਨੂੰ ਪਸੰਦ ਨਹੀਂ ਸੀ ਆਈ। ਉਸਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਕਹਾਣੀ ਵਾਲਾ ‘ਹਸਰਤ’ ਉਹ ਨਹੀਂ, ਕੋਈ ਹੋਰ ਸੀ। ਮੇਰੇ ਮਨ ਦੀ ਕਲਪਨਾ। ਹੁਣ ਉਹ ਸੱਤ ਸਾਲ ਪਹਿਲਾਂ ਮਰ ਗਏ ਮੇਰੇ ਪਿਉ ਦਾ ਮੁਰਦਾ ਪੁੱਟ ਰਿਹਾ ਸੀ। ਪਰ ਮੈਨੂੰ ਉਸ ‘ਤੇ ਗੁੱਸਾ ਨਹੀਂ ਆਇਆ। ਉਸਦੇ ਕੋਲ ਹੋ ਕੇ ਹਾਸੇ ਨਾਲ ਆਖਿਆ, “ਹਸਰਤ ਸਾਹਿਬ ਤੁਸੀਂ ਜ਼ਰੂਰ ਸਾਰਿਆਂ ਦੇ ਸਾਹਮਣੇ ਮੇਰੇ ਪਿਉ ਦੇ ਸ਼ਰਾਬੀ ਹੋਣ ਦਾ ‘ਭੇਤ’ ਖੋਲ੍ਹਣਾ ਸੀ! ਇਹਨਾਂ ਪਿੰਡ ਦੇ ਲੋਕਾਂ ਤੋਂ ਕਿਹੜੀ ਕੋਈ ਹਕੀਕਤ ਲੁਕੀ ਹੋਈ ਹੈ! ਇਹ ਮੇਰੇ ਪਿਓ ਬਾਰੇ ਵੀ ਜਾਣਦੇ ਨੇ, ਤੁਹਾਡੇ ਬਾਰੇ ਵੀ ਕੋਈ ਗੱਲ ਇਹਨਾਂ ਤੋਂ ਲੁਕੀ ਹੋਈ ਨਹੀਂ ਤੇ ਮੇਰੇ ਬਾਰੇ ਵੀ ਕੋਈ ਭੁਲੇਖਾ ਨਹੀਂ।”
“ਨਾ, ਨਾ ਤੇਰਾ ਪਿਓ ਕੋਈ ਦੁੱਧ-ਧੋਤਾ ਸੀ! ਉਹ ਨਹੀਂ ਸੀ ਸ਼ਰਾਬੀ? ਤੂੰ ਮੈਨੂੰ ਨਿਰ੍ਹਾ ਸ਼ਰਾਬੜ ਬਣਾ ਧਰਿਆ ਹੈ!”
ਮੈਂ ਉਸਦਾ ਹੱਥ ਫੜ੍ਹ ਕੇ ੳੇੁਸਦੀ ‘ਲੇਖਕੀ-ਪ੍ਰਤਿਭਾ’ ਨੂੰ ਮੁਖ਼ਾਤਬ ਹੋਇਆ, “ਹਸਰਤ ਸਾਹਿਬ! ਇਹ ‘ਤਾਰੀਖ਼’ ਮੈਂ ਤੁਹਾਡੇ ਕਹਿਣ ‘ਤੇ ਹੀ ਲਿਖੀ ਹੈ। ਲਿਟਰੇਚਰ ਵਿੱਚ ਲਿਖੀ ‘ਤਾਰੀਖ਼’ ਨਾ ਕਿਸੇ ਨੂੰ ਖ਼ੁਸ਼ ਕਰਨ ਲਈ ਲਿਖੀ ਜਾਂਦੀ ਹੈ ਤੇ ਨਾ ਨਾਰਾਜ਼ ਕਰਨ ਲਈ। ਇਹ ਤਾਂ ਬਾਬੇ ਨਾਨਕ ਵਾਂਗ ‘ਸੱਚ ਦੀ ਬੇਲਾ ਵੇਲੇ ਸੱਚ ਸੁਨਾਉਣ ਵਾਲੀ’ ਤਾਰੀਖ਼ ਹੁੰਦੀ ਹੈ।”
ਉਸਨੇ ਗੁੱਸੇ ਵਿੱਚ ਮੇਰੇ ਕੋਲੋਂ ਹੱਥ ਛੁਡਾ ਲਿਆ ਤੇ ‘ਫੇਰ ਕਦੀ ਮਿਲਣ’ ਦੀ ਧਮਕੀ ਦੇ ਕੇ ਪਰੇ ਨੂੰ ਤੁਰ ਪਿਆ। ਮੈਂ ਪਿੱਛੋਂ ਆਵਾਜ਼ ਦਿੱਤੀ, “ਹਸਰਤ ਸਾਹਿਬ! ਸੱਚ ਬੋਲਣ ਲੱਗਿਆਂ ਮੈਂ ਪਿਉ ਦਾ ਵੀ ਲਿਹਾਜ ਨਹੀਂ ਕੀਤਾ। ਜੇ ਜਾਨਣਾ ਹੋਵੇ ਤਾਂ ਮੇਰੀ ‘ਅੰਗ-ਸੰਗ’ ਕਹਾਣੀ ਪੜ੍ਹ ਲੈਣੀ।”
ਇਸ ਘਟਨਾ ਤੋਂ ਬਾਅਦ ਉਸਦਾ ਬੋਲ-ਚਾਲ ਮੇਰੇ ਨਾਲੋਂ ਬਿਲਕੁਲ ਹੀ ਬੰਦ ਹੋ ਗਿਆ। ਮੇਰੇ ਸਾਥੀ ਅਧਿਆਪਕਾਂ ਕੋਲ ਮੇਰੇ ਖ਼ਿਲਾਫ਼ ਬੋਲਦਾ ਤੇ ਕਹਿੰਦਾ, “ਮੇਰਾ ਵੀ ਊਠ ਵਾਲਾ ਗੁੱਸਾ ਹੈ। ਕਦੀ ਨਾ ਕਦੀ ਬਦਲਾ ਲਊਂਗਾ ਜ਼ਰੂਰ!” ਉਸਦੇ ਅੰਦਰੋਂ ਗੁੱਸਾ ਮਰਿਆ ਨਹੀਂ ਸੀ। ਜਦੋਂ ਵੀ ਕਿਤੇ ਰਾਹ-ਖਹਿੜੇ ਮੇਰੇ ਕੋਲੋਂ ਗੁਜ਼ਰਦਾ ਤਾਂ ਉਹਦੇ ਮੱਥੇ ‘ਤੇ ਤਿਊੜੀ ਤੇ ਅੱਖਾਂ ਵਿੱਚ ਘੂਰੀ ਹੁੰਦੀ। ਮੈਨੂੰ ਉਸਦੇ ਗੁੱਸੇ ਦੀ ਕੋਈ ਪਰਵਾਹ ਨਹੀਂ ਸੀ ਪਰ ਜਦੋਂ ਚਾਰ-ਪੰਜ ਸਾਲ ਬਾਅਦ ਉਸਦਾ ਮੁੰਡਾ ਭਗੌੜਾ ਹੋ ਕੇ ‘ਖਾੜਕੂਆਂ’ ਨਾਲ ਜਾ ਰਲਿਆ ਤਾਂ ਮੇਰੇ ਮਨ ‘ਚੋਂ ਕਦੀ ਕਦੀ ਭੈਅ ਦੀ ਇੱਕ ਲੀਕ ਜਿਹੀ ਗ਼ੁਜ਼ਰਨ ਲੱਗੀ। ਕਿਤੇ ਉਹ ਮੇਰੇ ਖ਼ਿਲਾਫ਼ ਇਕੱਠਾ ਹੋਇਆ ਗੁੱਸਾ ਆਪਣੇ ਮੁੰਡੇ ਰਾਹੀਂ ਹੀ ਨਾ ਕੱਢਦਾ ਹੋਵੇ!
ਉਹਨਾਂ ਦਿਨਾਂ ਵਿੱਚ ਹੀ ਕਿਧਰੇ ਨ੍ਹਾਤਾ-ਧੋਤਾ ਤੇ ਬਣਿਆਂ-ਸੰਵਰਿਆ ਹਸਰਤ ਮੈਨੂੰ ਰਾਹ ਵਿੱਚ ਮਿਲ ਪਿਆ। ਉਹ ਦੂਰੋਂ ਹੱਸਦਾ ਆਉਂਦਾ ਸੀ। ਕੋਲ ਆ ਕੇ ਹੱਥ ਮਿਲਾ ਕੇ ਕਹਿੰਦਾ, “ਤੁਹਾਡੇ ਜੇ ਬੀ ਟੀ ਦੇ ਜਮਾਤੀ ਹਰਭਜਨ ਸਿੰਘ ਦੇ ਲੜਕੇ ਨਾਲ ਤੇਰੀ ਭਤੀਜੀ ਦੀ ਮੰਗਣੀ ਹੋਈ ਹੈ। ਅਸੀਂ ਸ਼ਗਨ ਲਾਉਣ ਗਏ ਤਾਂ ਸਾਡਾ ਕੁੜਮ ਕਹਿੰਦਾ ਕਿ ਤੁਹਾਡੇ ਪਿੰਡ ਦਾ ਵਰਿਆਮ ਸੁੰਹ ਮੇਰਾ ਜਮਾਤੀ ਏ। ਮੈਂ ਕਿਹਾ, ‘ਲੈ ਉਹ ਤਾਂ ਆਪਣਾ ਛੋਟਾ ਵੀਰ ਐ। ਬੜਾ ਸੁਲਝਿਆ ਬੰਦਾ ਤੇ ਬੜੇ ਨਾਂ ਵਾਲਾ ਲੇਖਕ ਏ।”
ਮੈਂ ਸੱਚ ਕਹਿੰਦਾ ਹਾਂ ਉਸਦੇ ਏਨਾ ਆਖਣ ‘ਤੇ ਮੇਰੇ ਮਨ ਤੋਂ ਮਣਾਂ-ਮੂੰਹੀ ਬੋਝ ਲੱਥ ਗਿਆ। ਇਸ ਬੋਝ ਵਿੱਚ ਉਹਦੇ ਖਾੜਕੂ ਮੁੰਡੇ ਦੇ ਭੈਅ ਦਾ ਭਾਰ ਵੀ ਘੱਟ ਨਹੀਂ ਸੀ।

ਕਹਾਣੀ ‘ਨੌਂ ਬਾਰਾਂ ਦਸ’ ਛਪੀ ਤਾਂ ‘ਸਿਰਜਣਾ’ ਦੇ ਅਗਲੇ ਅੰਕ ਵਿੱਚ ਜਿੱਥੇ ਬਹੁਤ ਸਾਰੀਆਂ ਪ੍ਰਸੰਸਾਤਮਕ ਟਿੱਪਣੀਆਂ ਛਪੀਆਂ ਓਥੇ ਚੰਡੀਗੜ੍ਹ ਦੇ ਦਲਿਤ ਜਾਤੀ ਨਾਲ ਸੰਬੰਧ ਰੱਖਣ ਵਾਲੇ ਇੱਕ ਲੇਖਕ ਨੇ ਇਸਨੂੰ ‘ਜੱਟ ਲੇਖਕ’ ਵੱਲੋਂ ਬੜੀ ਘਟੀਆ ਤੇ ਦਲਿਤ ਵਿਰੋਧੀ ਕਹਾਣੀ ਐਲਾਨਦਿਆਂ ‘ਕਹਾਣੀਕਾਰ ਦੇ ਬਹੁਤ ਹੀ ਹੇਠਾਂ ਡਿਗ ਜਾਣ’ ਨਾਲ ਜੋੜਿਆ। ਅਗਲੇ ਅੰਕਾਂ ਵਿੱਚ ਉਸਦੀ ਅਜਿਹੀ ਰਾਇ ਨੂੰ ਬਹੁਤ ਸਾਰੇ ਪਾਠਕਾਂ ਤੇ ਲੇਖਕਾਂ ਨੇ ਦਲੀਲਾਂ ਦੇ ਕੇ ਰੱਦ ਕਰ ਦਿੱਤਾ। ਉਸੇ ਲੇਖਕ ਨੇ ਆਪਣੀ ਨੇੜਲੀ ਜਾਣ-ਪਛਾਣ ਵਾਲੀ ਲੇਖਿਕਾ ਦੇ ਨਾਂ ਤੇ ਕਿਸੇ ਅਖ਼ਬਾਰ ਦੇ ਐਤਵਾਰੀ ਮੈਗ਼ਜ਼ੀਨ ਵਿੱਚ ਆਰਟੀਕਲ ਲਿਖ/ਲਿਖਵਾ ਕੇ ਤੇ ਪਹਿਲੀਆਂ ਦਲੀਲਾਂ ਦੇ ਕੇ ਇੱਕ ਵਾਰ ਫਿਰ ਤੋਂ ਮੈਨੂੰ ‘ਗਾਲ੍ਹਾਂ’ ਕੱਢੀਆਂ। ਪਰ ਉਹਨਾਂ ਦਾ ਕਿਸੇ ਵੀ ਹੁੰਗਾਰਾ ਨਾ ਭਰਿਆ ਜਦ ਕਿ ਕਹਾਣੀ ਦੀ ਥਾਂ ਥਾਂ ‘ਤੇ ਚਰਚਾ ਹੋਣ ਲੱਗੀ; ਇਸ ‘ਤੇ ਆਰਟੀਕਲ ਲਿਖੇ ਜਾਣ ਲੱਗੇ।
ਦਲਿਤਾਂ-ਪੀੜਾ ਨੂੰ ਬਿਆਨ ਕਰਨ ਵਾਲੀ ਪ੍ਰਮਾਣਿਕ ਕਹਾਣੀ ਵਜੋਂ ਸਥਾਪਤ ਹੋ ਜਾਣ ਉਪਰੰਤ ਪੰਜਾਬੀ ਯੂਨੀਵਰਸਿਟੀ ਦੇ ਡਰਾਮਾ ਤੇ ਥੀਏਟਰ ਵਿਭਾਗ ਦੇ ਅਧਿਆਪਕਾਂ/ਵਿਦਿਆਰਥੀਆਂ ਨੇ ਛੇ ਮਹੀਨੇ ਦੀ ਲਗਾਤਾਰ ਜਦੋ-ਜਹਿਦ ਤੋਂ ਪਿੱਛੋਂ ਕਹਾਣੀ ਦੀ ਸਕਰਿਪਟ ਤਿਆਰ ਕੀਤੀ ਤੇ ਨਾਟਕ ਖੇਡਣ ਦੀਆਂ ਤਿਆਰੀਆਂ ਆਰੰਭ ਦਿੱਤੀਆਂ। ਜਿਸ ਦਿਨ ਨਵਨਿੰਦਰਾ ਬਹਿਲ ਦੀ ਨਿਰਦੇਸ਼ਨਾ ਅਧੀਨ ਇਹ ਨਾਟਕ ਡੀਪਾਰਟਮੈਂਟ ਵਿੱਚ ਖੇਡਿਆ ਗਿਆ, ਮੈਂ ਵਿਭਾਗ ਦੇ ਸੱਦੇ ਉੱਤੇ ਦਰਸ਼ਕਾਂ ਵਿੱਚ ਬੈਠਾ ਸਾਂ। ਨਾਟਕੀ-ਕੱਥ ਵਿਚਲੀ ਜਾਨ ਤੇ ਕਲਾਕਾਰਾਂ ਦੀ ਕਲਾ ਦੇ ਕਮਾਲ ਨੇ ਅਜਿਹਾ ਜਾਦੂ ਧੂੜਿਆ ਕਿ ਦਰਸ਼ਕ ਸੁੰਨ ਹੋਏ ਬੈਠੇ ਰਹੇ। ਨਾਟਕ ਦੇ ਮੁੱਖ ਪਾਤਰ ਦੀ ਨਾਟਕੀ-ਤ੍ਰਾਸਦੀ ਨੇ ਲੋਕਾਂ ਦੀਆਂ ਅੱਖਾਂ ਸਿੱਲ੍ਹੀਆਂ ਕਰ ਦਿੱਤੀਆਂ। ਦਰਸ਼ਕਾਂ ਦੀ ਮੰਗ ‘ਤੇ ਅਗਲੇ ਦਿਨਾਂ ਵਿੱਚ ਇਸ ਨਾਟਕ ਦੇ ਹੋਰ ਸ਼ੋਅ ਵੀ ਕਰਨੇ ਪਏ।
ਕੁਝ ਚਿਰ ਬਾਅਦ ‘ਪੰਜਾਬੀ ਭਾਸ਼ਾ ਅਕਾਦਮੀ’ ਤੇ ‘ਪੰਜਾਬ ਅਕੈਡਮੀ ਆਫ਼ ਸੋਸ਼ਲ ਸਾਇੰਸਜ਼, ਲਿਟਰੇਚਰ ਐਂਡ ਕਲਚਰ’ ਦੀ ਜਲੰਧਰ ਵਿੱਚ ਹੋਈ ਸਾਲਾਨਾ ਕਾਨਫ਼ਰੰਸ ਮੌਕੇ ਰਾਤ ਨੂੰ ਇਹੋ ਨਾਟਕ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕਰਵਾਇਆ ਗਿਆ। ਦਲਿਤ ਜਾਤੀ ਦੇ ਦੁਖਾਂਤ ਦੀ ਨਾਟਕੀ ਝਾਕੀ ਨੇ ਇਥੇ ਵੀ ਸਾਹ-ਰੋਕਣੀ ਚੁੱਪ ਵਿੱਚ ਬੈਠੇ ਦਰਸ਼ਕਾਂ ਨੂੰ ਕੀਲ ਲਿਆ। ਇਸ ਪੇਸ਼ਕਾਰੀ ਤੋਂ ਪ੍ਰਭਾਵਿਤ ਹੋ ਕੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਸ ਨਾਟਕ ਨੂੰ ‘ਗਦਰੀ ਬਾਬਿਆਂ ਦੇ ਮੇਲੇ’ ‘ਤੇ ਹੋਣ ਵਾਲੇ ਵਿਸ਼ਾਲ ਨਾਟਕੀ-ਸਮਾਰੋਹ ਵਿੱਚ ਪੇਸ਼ ਕਰਨ ਦਾ ਨਿਰਣਾ ਕਰ ਲਿਆ।
ਮੇਲੇ ਵਾਲੀ ਰਾਤ ਪ੍ਰਬੰਧਕਾਂ ਨੇ ਨਾਟਕ ਦੇ ਮਹੱਤਵ ਨੂੰ ਸਮਝਦਿਆਂ ਸਭ ਤੋਂ ਸਿਖ਼ਰਲੇ ਸਮੇਂ ਉੱਤੇ ਇਸ ਨਾਟਕ ਦੇ ਕਲਾਕਾਰਾਂ ਨੂੰ ਨਾਟਕੀ-ਮੰਚਨ ਦਾ ਸੱਦਾ ਦਿੱਤਾ। ਨਾਟਕ ਅਜੇ ਮਸਾਂ ਅੱਧਾ ਕੁ ਹੀ ਚੱਲਿਆ ਸੀ ਕਿ ਸੀਨ ਬਦਲਣ ਦੇ ਛੋਟੇ ਜਿਹੇ ਵਕਫ਼ੇ ਵਿਚਲੀ ਖ਼ਾਮੋਸ਼ੀ ਦੌਰਾਨ ਪੰਡਾਲ ਦੇ ਬਾਹਰ ਹਨੇਰੇ ਦੀ ਆੜ ਵਿੱਚ ਖੜੋਤੇ ਤਿੰਨ ਕੁ ਜਣਿਆਂ ਨੇ ਉੱਚੀ ਅਵਾਜ਼ ਵਿੱਚ ਰੌਲਾ ਪਾਇਆ, “ਬੰਦ ਕਰੋ ਨਾਟਕ ਨੂੰ, ਇਸ ਨਾਟਕ ਵਿੱਚ ਜੱਟ ਲੇਖਕ ਨੇ ਦਲਿਤਾਂ ਦਾ ਮਜ਼ਾਕ ਉਡਾਇਆ ਹੈ।” ਮੈਂ ਵੀ ਦਰਸ਼ਕਾਂ ਵਿੱਚ ਹੀ ਬੈਠਾ ਸਾਂ। ਏਸੇ ਵੇਲੇ ਦਰਸ਼ਕਾਂ ਦੇ ਐਨ ਵਿਚਕਾਰ ਇਕੱਠੇ ਬੈਠੇ ਤਿੰਨ ਕੁ ਜਣਿਆਂ ਨੇ ਬਾਹਵਾਂ ਉੱਚੀਆਂ ਕਰ ਕੇ ਆਖਿਆ, “ਬੰਦ ਕਰੋ ਨਾਟਕ, ਬੰਦ ਕਰੋ।” ਸਾਰੇ ਦਰਸ਼ਕ ਪਿੱਛਾ ਭੌਂ ਕੇ ਵੇਖਣ ਲੱਗੇ। ਪ੍ਰਬੰਧਕਾਂ ਨੇ ਇਸ ਸ਼ੋਰ ਨੂੰ ਸੁਣ ਕੇ ਤੁਰਤ ਆਪਣੇ ਵਲੰਟੀਅਰ ਭੀੜ ਤੋਂ ਬਾਹਰ ਰੌਲਾ ਪਾਉਣ ਵਾਲੇ ਹਨੇਰੇ ‘ਚ ਖਲੋਤੇ ਬੰਦਿਆਂ ਦਾ ਪਤਾ ਕਰਨ ਲਈ ਭੇਜੇ। ਵਾਲੰਟੀਅਰਾਂ ਨੂੰ ਆਉਂਦਿਆਂ ਵੇਖ ਉਹ ਬੰਦੇ ਹਨੇਰੇ ਵਿੱਚ ਖਿਸਕ ਗਏ ਪਰ ਪਤਾ ਲੱਗ ਗਿਆ ਕਿ ਉਹ ਜਲੰਧਰ ਦੇ ਤਿੰਨ ਕੁ ਦਲਿਤ ਪੰਜਾਬੀ ਲੇਖਕ ਸਨ, ਜੋ ਨਾਟਕ ਦਾ ਬਾਈਕਾਟ ਕਰਨ ਲਈ ਪਹਿਲਾਂ ਹੀ ਯੋਜਨਾਬੰਦੀ ਕਰ ਕੇ ਆਏ ਸਨ। ਉਹਨਾਂ ਨੇ ਦਰਸ਼ਕਾਂ ਵਿੱਚ ਵੀ ਦੋ ਕੁ ਥਾਵਾਂ ਉੱਤੇ ਤਿੰਨ-ਤਿੰਨ ਚਾਰ-ਚਾਰ ਬੰਦੇ ਬਿਠਾਏ ਹੋਏ ਹਨ। ਸਥਿਤੀ ਨੂੰ ਸੰਭਾਲਣ ਲਈ ਸਟੇਜ ਸਕੱਤਰ ਸਟੇਜ ‘ਤੇ ਆ ਗਿਆ। ਸ਼ੋਰ ਜਿਹਾ ਸੁਣ ਕੇ ਕਲਾਕਾਰਾਂ ਨੇ ਨਾਟਕ ਖੇਡਣਾ ਬੰਦ ਕਰ ਦਿੱਤਾ ਸੀ। ਏਨੇ ਚਿਰ ਵਿੱਚ ਮੈਂ ਵੀ ਸਟੇਜ ਉੱਤੇ ਪਹੁੰਚ ਗਿਆ।
ਸਟੇਜ ਸਕੱਤਰ ਕਹਿ ਰਿਹਾ ਸੀ, “ਸਾਥੀਓ! ਸਾਨੂੰ ਪਤਾ ਲੱਗ ਗਿਆ ਹੈ ਕਿ ਇਹ ਕਿਨ੍ਹਾਂ ਬੰਦਿਆਂ ਦੀ ਜਾਣ-ਬੁੱਝ ਕੇ ਕੀਤੀ ਸ਼ਰਾਰਤ ਹੈ, ਤੁਸੀਂ ਆਰਾਮ ਨਾਲ ਬੈਠੇ ਰਹੋ।” ਮੈਨੂੰ ਸਟੇਜ ਉੱਤੇ ਕੁੱਝ ਪਲ ਬੋਲਣ ਲਈ ਆਖਿਆ ਗਿਆ। ਮੈਂ ਕਹਾਣੀ ਵਿਚਲੇ ਦਲਿਤ ਪਾਤਰ ਦੇ ਸੁਪਨਿਆਂ ਅਤੇ ਉਸਦੀ ਹਕੀਕੀ ਸਥਿਤੀ ਦੇ ਪਾੜੇ ਨਾਲ ਪਾਤਰ ਦੀ ਖੰਡਿਤ ਹੋ ਗਈ ਹੋਂਦ ਦੇ ਦੁਖਾਂਤ ਨੂੰ ਬਿਆਨ ਕਰਦਿਆਂ ਇਸ ਨੂੰ ਦਲਿਤਾਂ ਦੇ ਦਰਦ ਦੀ ਸੰਵੇਦਨਸ਼ੀਲ ਦਾਸਤਾਨ ਆਖ ਕੇ ਇਸਦਾ ਹੁੰਗਾਰਾ ਭਰਨ ਲਈ ਬੇਨਤੀ ਕੀਤੀ ਅਤੇ ਦਰਸ਼ਕਾਂ ਨੂੰ ਪੁੱਛਿਆ ਕਿ ਕੀ ਉਹ ਨਾਟਕ ਵੇਖਣਾ ਚਾਹੁੰਦੇ ਹਨ, ਤਾਂ ਸਭ ਨੇ ਬਾਹਵਾਂ ਖੜੀਆਂ ਕਰ ਕੇ ਨਾਟਕ ਵੇਖਣ ਦੀ ਹਾਮੀ ਭਰੀ।
ਪ੍ਰਬੰਧਕਾਂ ਨੇ ਨਾਟਕ ਨੂੰ ਫ਼ਿਰ ਤੋਂ ਸ਼ੁਰੂ ਕਰਨ ਲਈ ਕਲਾਕਾਰਾਂ ਨੂੰ ਆਖਿਆ ਤਾਂ ਨਾਟਕ ਦੀ ਨਿਰਦੇਸ਼ਕਾ ਨਵਨਿੰਦਰਾ ਬਹਿਲ ਵਿੱਚ ਕਲਾਕਾਰ ਦਾ ਸਵੈਮਾਨ ਅੰਗੜਾਈ ਲੈ ਕੇ ਉੱਠ ਖਲੋਤਾ। ਉਸਨੇ ਅਜਿਹੀੇ ਸਥਿਤੀ ਵਿੱਚ ਨਾਟਕ ਖੇਡਣ ਤੋਂ ਇਨਕਾਰ ਕਰਦਿਆਂ ਕਲਾਕਾਰਾਂ ਨਾਲ ਕੀਤੀ ਗਈ ਵਧੀਕੀ ਲਈ ਆਪਣਾ ਰੰਜ ਦਰਸ਼ਕਾਂ ਨਾਲ ਸਾਂਝਾ ਕੀਤਾ ਅਤੇ ਸਾਫ਼ ਤੌਰ ‘ਤੇ ਐਲਾਨ ਕੀਤਾ ਕਿ ਉਹ ਨਾਟਕ ਤਦ ਹੀ ਖੇਡਣਗੇ ਜੇ ਦਰਸ਼ਕ ਸੱਚ-ਮੁੱਚ ਉਹਨਾਂ ਦਾ ਨਾਟਕ ਵੇਖਣ ਦੀ ਇੱਛਾ ਰੱਖਦੇ ਹੋਣ। ਫ਼ਿਰ ਉਸਨੇ ਵੰਗਾਰ ਕੇ ਆਖਿਆ, “ਜਿਹੜਾ ਇਸ ਨਾਟਕ ਨੂੰ ਨਹੀਂ ਵੇਖਣਾ ਚਾਹੁੰਦਾ, ਉਹ ਆਪਣਾ ਹੱਥ ਖੜਾ ਕਰੇ ਅਤੇ ਦਰਸ਼ਕਾਂ ਵਿੱਚੋਂ ਉੱਠ ਕੇ ਬਾਹਰ ਚਲਿਆ ਜਾਵੇ।” ਉਸਨੇ ਇਹ ਕਥਨ ਦੋ
  ਤਾ ਕਿ ਸਨਦ ਰਹੇ-ਅੰਮ੍ਰਿਤਾ ਪ੍ਰੀਤਮ
- ਸਾਧੂ ਸਿੰਘ
  Online Punjabi Magazine Seerat

ਅੰਮ੍ਰਿਤਾ ਪ੍ਰੀਤਮ ਹਿੰਦ-ਪਾਕ ਮਹਾਂਦੀਪ ਤੇ ਦੁਨੀਆਂ ਭਰ ਦੇ ਸਭ ਖਿੱਤਿਆਂ ਵਿੱਚ ਵਸਦੇ ਪੰਜਾਬੀ ਲੋਕਾਂ ਵਿਚਕਾਰ ਆਪਣੀ ਬੋਲੀ ਦੀ ਸਭ ਤੋਂ ਵੱਧ ਪ੍ਰਸਿੱਧੀ-ਪ੍ਰਾਪਤ ਸਾਹਿਤਕ ਸ਼ਖ਼ਸੀਅਤ ਹੋਣ ਦੇ ਨਾਲ ਹੀ ਹਿੰਦੀ ਅਤੇ ਹੋਰ ਭਾਰਤੀ ਭਾਸ਼ਾਵਾਂ ਤੋਂ ਬਿਨਾਂ ਅੰਗ੍ਰੇਜ਼ੀ, ਫ਼੍ਰਾਂਸੀਸੀ, ਰੂਸੀ ਅਤੇ ਪੂਰਬੀ ਯੂਰਪ ਦੇ ਕੁੱਝ ਦੇਸ਼ਾਂ ਦੀਆਂ ਬੋਲੀਆਂ ਵਿੱਚ ਸਭ ਤੋਂ ਵੱਧ ਅਨੁਵਾਦਿਤ ਹੋਣ ਕਾਰਨ, ਦੁਨੀਆਂ ਭਰ ਵਿੱਚ ਪੰਜਾਬੀ ਲੇਖਕਾਂ ਵਿੱਚੋਂ ਸਭ ਤੋਂ ਵੱਧ ਨੁਮਾਇਆਂ ਨਾਂ ਸੀ। ਆਨਰੇਰੀ ਡਿਗਰੀਆਂ, ਸਨਮਾਨ ਅਤੇ ਅਹੁਦੇ ਮੁਰਾਤਬੇ ਜਿਸ ਕਦਰ ਅੰਮ੍ਰਿਤਾ ਪ੍ਰੀਤਮ ਦੀ ਝੋਲੀ ਪੈਂਦੇ ਰਹੇ ਸਨ, ਉਸਦੀ ਮਿਸਾਲ ਵੀ ਸਹਿਜੇ ਕੀਤੇ ਹੋਰ ਨਹੀਂ ਮਿਲਦੀ।
ਹੌਜ਼ ਖ਼ਾਸ ਵਿੱਚ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਰਿਹਾਇਸ਼ ਜਿਸ ਭਾਂਤ ਦੁਨੀਆਂ ਭਰ ਦੇ ਸ਼ਾਇਰਾਂ, ਅਦੀਬਾਂ, ਮੁਸੱਨਫ਼ਾਂ, ਦਾਨਿਸ਼ਵਰਾਂ, ਪੱਤਰਕਾਰਾਂ, ਵਿਦਵਾਨਾਂ ਅਤੇ ਉਹਨਾਂ ਦੇ ਸੁਹਿਰਦ ਪਾਠਕਾਂ ਦੀ ਜ਼ਿਆਰਤਗਾਹ ਅਤੇ ਜ਼ੇਹਨੀ ਜਜ਼ਬਾਤੀ ਪਨਾਹ ਬਣੀ ਰਹੀ ਹੈ, ਉਹ ਵੀ ਕਿਸੇ ਵਿਰਲੇ ਟਾਂਵੇਂ ਥਾਂ-ਮੁਕਾਮ ਦਾ ਹੀ ਨਸੀਬ ਹੁੰਦਾ ਹੈ।
ਅੰਮ੍ਰਿਤਾ ਪ੍ਰੀਤਮ ਨਾਮ ਦੇ ਇਸ ਮੁਅੱਜਜ਼ੇ ਦੇ ਵਾਪਰਨ ਦਾ ਮੁੱਖ ਰਾਜ਼ ਇਸ ਤੱਥ ਵਿੱਚ ਵਿਦਮਾਨ ਹੈ ਕਿ ਆਪਣੇ ਹੋਰ ਸਮਕਾਲੀਆਂ ਅਤੇ ਸਹਿਕਰਮੀਆਂ ਦੇ ਟਾਕਰੇ ਤੇ ਉਸਨੇ ਆਪਣੇ ਲਿਖਣ ਅਤੇ ਜੀਣ ਵਿਚਕਾਰ ਦੀ ਵਿੱਥ ਨੂੰ ਮੇਟਣ ਦਾ ਆਪਣੀ ਸਮਰੱਥਾ ਅਨੁਸਾਰ ਬੜਾ ਹੀ ਸੁਹਿਰਦ ਯਤਨ ਕੀਤਾ ਹੈ।
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਿਸ਼ੋਰ ਅਵਸਥਾ ਵਿੱਚ ਹੀ ਮੁਹੱਬਤ ਨਾਲ ਭਰੀ ਪੂਰੀ ਜ਼ਿੰਦਗੀ ਦਾ ਸੁਪਨਾ ਲਿਆ ਅਤੇ ਆਪਣੀ ਸ਼ਾਇਰੀ ਦੁਆਰਾ ਉਸ ਸੁਪਨੇ ਦੇ ਤਲਿੱਸਮ ਨੂੰ ਸ਼ਬਦਬੱਧ ਕੀਤਾ ਅਤੇ ਉਸ ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਸਾਕਾਰ ਕਰਨ ਲਈ ਭਾਈਚਾਰਕ, ਸਮਾਜਕ ਅਤੇ ਆਰਥਿਕ ਪਿੜ ਵਿੱਚ, ਕੋਈ ਜੋਖ਼ਮ ਐਸਾ ਨਹੀਂ, ਜਿਸਨੂੰ ਸੌਂਹੇਂ ਹੋ ਕੇ ਪੂਰੀ ਦਲੇਰੀ ਨਾਲ ਉਠਾਉਣ ਵਿੱਚ ਆਪਣੇ ਵੱਲੋਂ ਕੋਈ ਕਸਰ ਛੱਡੀ ਹੋਵੇ।
ਮਨ, ਬਚਨ ਅਤੇ ਕਰਮ ਵਿੱਚ ਤਾਲ ਮੇਲ ਬਿਠਾਉਣ ਦੀ ਜੁਅਰੱਤ ਕਰਨੀ ਹੀ ਇਨਸਾਨ ਹੋਣ ਦੀ ਅਜ਼ਮਤ ਨੂੰ ਛੂਹ ਲੈਣਾ ਹੁੰਦਾ ਹੈ। ਅੰਮ੍ਰਿਤਾ ਹੋਰਾਂ ਨੇ ਏਸ ਇਨਸਾਨੀ ਬੁਲੰਦੀ ਨੂੰ ਔਰਤ ਦੇ ਜਾਮੇ ਵਿੱਚ ਹਾਸਿਲ ਕੀਤਾ ਹੈ, ਇਸ ਵਿੱਚ ਉਹਨਾਂ ਦੀ ਹਿੰਮਤ ਦੀ ਹੋਰ ਵੀ ਦਾਦ ਦਿੱਤੀ ਜਾਣੀ ਬਣਦੀ ਹੈ। ਕਹਿਣ ਦੀ ਲੋੜ ਨਹੀਂ ਕਿ ਇਸ ਅਵਸਥਾ ਨੂੰ ਪਹੁੰਚਦਾ ਤਾਂ ਆਦਮੀ ਵੀ ਕੋਈ ਵਿਰਲਾ ਟਾਵਾਂ ਹੀ ਹੈ, ਪਰ ਸਾਡਾ ਪੰਜਾਬੀ ਸਮਾਜ ਮਰਦਾਵੀਂ ਹਿੰਡ, ਦਕਿਆਨੂਸੀ ਰਵਈਏ, ਦੰਭਯੁਕਿਤ ਸਦਾਚਾਰਕ ਕਦਰਾਂ-ਕੀਮਤਾਂ ਵਿੱਚ ਰੋਗੀ ਹੱਦ ਤੱਕ ਗ੍ਰਸਿਆ ਹੋਇਆ ਹੋਣ ਕਾਰਨ, ਔਰਤ ਲਈ ਆਪਣੇ ਇਰਦ ਗਿਰਦ ਵਾਹੀਆਂ ਲਛਮਣ ਰੇਖਾਵਾਂ ਨੂੰ ਉਲੰਘਣਾ ਅਤੇ ਰਵਾਇਤੀ ਰਹੁ-ਰੀਤਾਂ ਦੇ ਜਕੜਬੰਦ ਨੂੰ ਤੋੜ ਕੇ ਆਪਣੀ ਸੁਤੰਤਰ ਸੋਚ ਦੀ ਰੌਸ਼ਨੀ ਵਿੱਚ ਨਵਾਂ ਰਾਹ ਉਲੀਕ ਸਕਣਾ ਹੋਰ ਵੀ ਮੁਸ਼ਕਲ ਹੁੰਦਾ ਹੈ।
ਸਾਡੇ ਵਿੱਚੋਂ ਬਹੁਤਿਆਂ ਦੀ ਆਪਣੀ ਕੋਈ ਸੋਚ ਨਹੀਂ ਹੁੰਦੀ। ਸਾਡੋ ਕੋਲ ਸਿਰਫ਼ ਦਿਮਾਗ਼ ਨਾਂ ਦਾ ਭਾਂਡਾ ਹੀ ਹੁੰਦਾ ਹੈ। ਇਸ ਵਿੱਚ ਪਈ ਸਾਰੀ ਵੱਥ ਸਾਡੇ ਪੁਰਖਿਆਂ ਦੀ ਹੀ ਹੁੰਦੀ ਹੈ। ਸਾਡੇ ਜੰਮਣ, ਜੀਣ, ਵਿਆਹ ਅਤੇ ਮਰਨੇ-ਪਰਨੇ ਨੂੰ ਪਰੰਪਰਾ-ਪ੍ਰਵਾਣਿਤ ਰਹੁ-ਰੀਤਾਂ ਹੀ ਨਿਰਣਿਤ ਕਰਦੀਆਂ ਹਨ। ਇਹ ਰਹੁ-ਰੀਤਾਂ ਅਤੇ ਕਦਰਾਂ-ਕੀਮਤਾਂ ਸਮੇਂ ਦੇ ਬੀਤਣ ਨਾਲ ਬੁੱਸ ਕੇ ਕਸਿਆਈਆਂ ਜਾਂਦੀਆਂ ਹਨ। ਸਿੱਟੇ ਵਜੋਂ ਅਸੀਂ ਬੱਧੀ-ਰੁੱਧੀ ਅਤੇ ਕਸਿਆਈ ਹੋਈ ਜ਼ਿੰਦਗੀ ਜੀਣ ਲਈ ਹੀ ਸਰਾਪੇ ਜਾਂਦੇ ਹਾਂ।
ਗੱਲ ਇਹ ਨਹੀਂ ਕਿ ਸਾਡੇ ਪੁਰਖਿਆਂ ਦੇ ਸਭ ਵਿਚਾਰ ਅਤੇ ਵਿਰਾਸਤ ਵਿੱਚ ਮਿਲੇ ਬੋਲ ਐਵੇਂ ਸੁੱਟ ਪਾਉਣ ਵਾਲੇ ਹੋਣ। ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਦਰਯੋਗ ਵਡਾਰੂਆਂ ਦੇ ਮੁੱਲਵਾਨ ਬੋਲਾਂ ਨੂੰ ਆਪਣੇ ਪ੍ਰਾਣਾਂ ਵਿੱਚ ਵਸਾ ਕੇ, ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਅਮਲ ਵਿੱਚ ਵਿਆਹੁਣ ਦਾ ਕੋਈ ਉੱਦਮ ਤਰੱਦਦ ਨਹੀਂ ਕਰਦੇ। ਤੋਤੇਵੱਤ ਰਟੇ ਬੋਲਾਂ ਨੂੰ ਹੀ ਆਪਣੀ ਕਮਾਈ ਸਮਝਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਕਿੰਨੀ ਕੁ ਸੁਹਿਰਦਤਾ, ਗਹਿਰਾਈ ਜਾਂ ਸੱਚਾਈ ਹੋ ਸਕਦੀ ਹੈ, ਇਸਦਾ ਅਨੁਮਾਨ ਤੁਸੀਂ ਆਪੇ ਲਾ ਸਕਦੇ ਹੋ।
ਬੜੀ ਘੱਟ ਗਿਣਤੀ ਵਿੱਚ ਹੀ ਸਹੀ, ਕੁੱਝ ਇਨਸਾਨ ਅਜਿਹੇ ਵੀ ਹੁੰਦੇ ਹਨ, ਜੋ ਆਪਣੀ ਨਜ਼ਰ, ਨਜ਼ਰੀਏ ਅਤੇ ਬੁੱਧ-ਵਿਵੇਕ ਅਨੁਸਾਰ ਆਪਣੀ ਵਿਰਾਸਤ ਨੂੰ ਤੋਲ ਪਰਖ ਕੇ, ਨਵੇਂ ਸਿਰਿਓਂ ਆਪਣੇ ਵੇਲਿਆਂ ਦੀ ਲੋੜ ਅਨੁਸਾਰ ਕਤਰ-ਵਿਓਂਤ ਕੇ ਮੁੜ-ਸਿਰਜਦੇ ਹਨ ਅਤੇ ਉਸਨੂੰ ਆਪਣੇ ਅਮਲਾਂ ਵਿੱਚ ਸਾਕਾਰ ਕਰਨ ਲਈ ਯਤਨਸ਼ੀਲ ਹੁੰਦੇ ਹਨ। ਅਜਿਹੇ ਹੀ ਲੋਕਾਂ ਨੂੰ ਉਧਾਰੀ-ਓਪਰੀ ਸਿਆਣਪ, ਸਾਊਪੁਣੇ ਅਤੇ ਸਦਾਚਾਰ ਵਾਲੇ ਲੋਕ ਕੁਰਾਹੀਏ, ਕੁਰਹਿਤੀਏ ਅਤੇ ਦੁਰਾਚਾਰੀ ਆਦਿ ਆਖ ਕੇ ਆਪਣੀ ਕੂੜੀ ਹਉਮੈਂ ਅਤੇ ਹੈਂਕੜ ਨੂੰ ਪੱਠੇ ਪਾਉਂਦੇ ਹੋਏ ਆਪਣੇ ਉੱਤਮ ਅਤੇ ਸੱਚੇ ਸੁੱਚੇ ਧਰਮੀ ਹੋਣ ਦਾ ਭਰਮ ਪਾਲਦੇ ਰਹਿੰਦੇ ਹਨ।
ਸ਼ਾਇਦ ਆਪਣੇ ਧੁਰ ਅੰਦਰ ਉਹਨਾਂ ਨੂੰ ਆਪਣੀ ਪਰੰਪਰਾ ਦੇ ਪੈਂਖੜ ਵਿੱਚ ਬੱਧੀ-ਰੁੱਧੀ ਨੀਰਸ ਜ਼ਿੰਦਗੀ ਦਾ ਦੁੱਖ ਵੀ ਹੋਵੇ। ਜਾਂ ਫਿਰ ਉਹ ਅਜੇਹੀ ਰਹਿਤਲ ਨੂੰ ਅੰਦਰ-ਖਾਤੇ ਲੁਕ ਛਿਪ ਕੇ ਤੋੜਨ ਦੇ ਗੁਨਾਹੀ ਹੋਣ ਦੇ ਅਹਿਸਾਸ ਤੇ ਆਪਣੀ ਦਮਿਤ ਜਾਂ ਦੁਖੰਡ ਰਹਿਤਲ ਕਾਰਨ ਅਸਾਵੀਂ ਅਤੇ ਦੰਭੀ ਮਾਨਸਿਕਤਾ ਦੇ ਸ਼ਿਕਾਰ ਹੋਣ ਜਾਂ ਸਵੈ-ਅਵਿਲੰਬੀ ਮੁਕਤ-ਚਿੱਤ ਵਾਲੇ ਲੋਕਾਂ ਦੀ ਜ਼ਿੰਦਗੀ ਦੀ ਆਭਾ ਅਤੇ ਉਮਾਹ ਵਿਰੁੱਧ ਆਪਣੀ ‘ਅੱਛਾਈ’ ਦੇ ਓਢਣ ਹੇਠ ਈਰਖਾ ਵੱਸ ਹੀ ਬੋਲ-ਕੁਬੋਲ ਉਗਲੱਛ ਰਹੇ ਹੋਣ।
ਉਪਰੋਕਤ ਵਿੱਚੋਂ ਸੱਚਾਈ ਭਾਵੇਂ ਕੋਈ ਵੀ ਹੋਵੇ, ਅੰਮ੍ਰਿਤਾ ਪ੍ਰੀਤਮ ਨੂੰ ਆਪਣੇ ਜੀਊਂਦੇ ਜੀ ਅਤੇ ਆਪਣੀ ਮ੍ਰਿਤੂ ਉਪਰੰਤ ਅਜਿਹੇ ਭੱਦਰਪੁਰਸ਼ਾਂ ਦੇ ਨਜ਼ਲੇ ਦਾ ਸ਼ਿਕਾਰ ਹੋਣਾ ਹੀ ਪੈਂਦਾ ਰਿਹਾ ਹੈ।
ਸੱਚਮੁੱਚ ਹੀ ਅੰਮ੍ਰਿਤਾ ਜੀ ਦੇ ਸਿਵੇ ਦੀ ਰਾਖ ਹਾਲੇ ਠੰਡੀ ਵੀ ਨਹੀਂ ਸੀ ਹੋਈ, ਉਹਨਾਂ ਦੀ ਸ਼ਖ਼ਸੀਅਤ ਅਤੇ ਸ਼ਖ਼ਸੀ ਤਰਜ਼-ਏ-ਜ਼ਿੰਦਗੀ ਵਿਰੁੱਧ ਉਹਨਾਂ ਦੇ ਦੋਖੀਆਂ ਵਿਰੋਧੀਆਂ ਹੀ ਨਹੀਂ, ਸਗੋਂ ਉਹਨਾਂ ਦੇ ਸਾਬਕਾ ਪ੍ਰਸ਼ੰਸਕਾਂ, ਕਿਰਪਾ-ਪਾਤਰਾਂ ਅਤੇ ਕਦਰਦਾਨਾਂ ਵੱਲੋਂ ਨਿੰਦਾ-ਨਿਖੇਧੀ ਦੀ ਬੁਛਾੜ ਸ਼਼ੁਰੂ ਹੋ ਗਈ ਸੀ। ਇਹ ਬੁਛਾੜ ਕੁੱਝ ਸੂਰਤਾਂ ਵਿੱਚ ਬੜੀ ਜ਼ਾਹਿਰਾ ਅਤੇ ਕੁੱਝ ਸੂਰਤਾਂ ਵਿੱਚ ਬੜੀ ਨੀਵੀਂ ਸੁਰ ਵਾਲੀ ਅਤੇ ਗੁੱਝੀ ਮਾਰ ਵਰਗੀ ਸੀ। ਪਰ ਹੈਰਾਨੀ ਵਾਲੀ ਗੱਲ ਹੈ ਕਿ ਇਹਨਾਂ ਭਾਂਤ ਸੁਭਾਂਤੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਦਾ ਕੇਂਦਰੀ ਮਕਸਦ ਅੰਮ੍ਰਿਤਾ ਪ੍ਰੀਤਮ ਜੀ ਦੀ ਸ਼ਖ਼ਸੀਅਤ ਨੂੰ ਛੁਟਿਆਉਣਾ ਹੀ ਹੈ।
ਆਪਣੇ ਵੱਲੋਂ ਅੰਮ੍ਰਿਤਾ ਜੀ ਦੀ ਵਿਰਾਸਤ ਅਤੇ ਅਜ਼ਮਤ ਨੂੰ ਸਲਾਮ ਕਰਨ ਲਈ 20 ਨਵੰਬਰ, 2005 ਦੇ ‘ਨਵਾਂ ਜ਼ਮਾਨਾ’ ਦੇ ਮੁੱਖ ਪੰਨੇ ਤੇ ‘ਅਲਵਿਦਾ ਸਖੀ, ਅਲਵਿਦਾ’ ਦੇ ਸਿਰਲੇਖ ਹੇਠ ਅੰਮ੍ਰਿਤਾ ਜੀ ਦੇ ਅਤਿਅੰਤ ਨਿਟਕਵਰਤੀ ਅਤੇ ਕਦਰਦਾਨ ਹੋਣ ਦਾ ਬੁਲੰਦ ਆਵਾਜ਼ ਵਿੱਚ ਦਾਅਵਾ ਕਰਨ ਵਾਲੇ, ਖੁਦ ਨਾਮੀ-ਗ੍ਰਾਮੀ ਗਲਪਕਾਰ ਦਲੀਪ ਕੌਰ ਟਿਵਾਣਾ ਜੀ ਲਿਖਦੇ ਹਨ:
“ਕਦੇ ਕਦੇ ਕੋਈ ਪੁੱਛਦਾ ਅੰਮ੍ਰਿਤਾ ਦੀ ਜੀਵਨ ਸ਼ੈਲੀ ਤੁਹਾਡੇ ਨਾਲੋਂ ਬਿਲਕੁਲ ਉਲਟ ਹੈ। ਫ਼ੇਰ ਤੁਹਾਨੂੰ ਕਿਉਂ ਚੰਗੀ ਲੱਗਦੀ ਹੈ? ਮੈਂ ਦੱਸਦੀ ਅੰਮ੍ਰਿਤਾ ਮੇਰੇ ਲਈ ਸਿਰਫ਼ ਇੱਕ ਔਰਤ ਨਹੀਂ। ਔਰਤ ਅੰਮ੍ਰਿਤਾ ਵਿੱਚ ਜੋ ਊਣਤਾਈਆਂ ਨੇ, ਉਹ ਉਸਦੀ ਹੋਂਦ ਨਾਲ ਖ਼ਤਮ ਹੋ ਜਾਣਗੀਆਂ ਅਤੇ ਅੰਮ੍ਰਿਤਾ ਅੰਦਰ ਜੋ ਰਚਨਾਤਮਕ ਹੈ, ਜੋ ਬੀਜ ਤੋਂ ਬ੍ਰਿਛ ਬਣਾ ਸਕਣ ਦੀ ਸਮਰੱਥਾ ਹੈ, ਉਸਨੂੰ ਸਮਾਂ ਨਸ਼ਟ ਨਹੀਂ ਕਰ ਸਕੇਗਾ।”
ਜ਼ਾਹਿਰ ਹੈ ਕਿ ਟਿਵਾਣਾ ਜੀ ਨੂੰ ਅੰਮ੍ਰਿਤਾ ਹੋਰੀਂ ਇੱਕ ਪ੍ਰਤਿਭਾਵਾਨ ਰਚਨਾਕਾਰ ਦੇ ਤੌਰ ਤੇ ਪਸੰਦ ਹਨ, ਆਪਣੇ ਨਾਲੋਂ ਕੇਵਲ ਵੱਖਰੀ ਨਹੀਂ, ਸਗੋਂ ਉਲਟੀ, ਊਣਤਾਈਆਂ ਨਾਲ ਭਰਪੂਰ ਜੀਵਨ-ਸ਼ੈਲੀ ਵਾਲੀ ਔਰਤ ਦੇ ਤੌਰ ਤੇ ਨਹੀਂ।
ਚੋਣ ਅਤੇ ਪਸੰਦ ਤਾਂ ਹਰ ਇੱਕ ਦੀ ਆਪੋ ਆਪਣੀ ਹੀ ਹੁੰਦੀ ਹੈ। ਉਂਝ ਇਸ ਸਿਲਸਲੇ ਵਿੱਚ ਮੇਰੀ ਨਿੱਜੀ ਰਾਇ ਸਿਰਫ਼ ਏਨੀ ਹੈ ਕਿ ਜੇ ਅੰਮ੍ਰਿਤਾ ਹੋਰੀਂ ਇੱਕ ਲੇਖਕ ਦੇ ਤੌਰ ‘ਤੇ ਹੀ ਚੰਗੇ ਸਨ ਤਾਂ ਉਹਨਾਂ ਨੂੰ ਸਖੀ, ਸਹੇਲੀ ਜਾਂ ਦੋਸਤ ਬਣਾਉਣ ਜਾਂ ਕਹਿਣ ਵਿੱਚ ਕੋਈ ਤੁਕ ਜਾਂ ਸੁਹਿਰਦਤਾ ਨਜ਼ਰ ਨਹੀਂ ਆਉਂਦੀ। ਕੇਵਲ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਨ ਸਲਾਹੁਣ ਤੀਕ ਸੀਮਿਤ ਰਿਹਾ ਜਾ ਸਕਦਾ ਸੀ।
ਮੈਨੂੰ ਇਸ ‘ਸੰਬੰਧ’ ਵਿੱਚ ਬੁਨਿਆਦੀ ਅਤੇ ਬੜੀ ਗਹਿਰੀ ਗੜਬੜ ਪ੍ਰਤੀਤ ਹੁੰਦੀ ਹੈ।
ਇਸ ਬੁਨਿਆਦੀ ਮਹੱਤਤਾ ਵਾਲੇ ਨੁਕਤੇ ਬਾਰੇ ਡੂੰਘੀ ਅਤੇ ਵਿਸਤ੍ਰਿਤ ਚਰਚਾ ਤਦੋਂ ਹੀ ਹੋ ਸਕਦੀ ਹੈ, ਜੇ ਟਿਵਾਣਾ ਹੋਰੀਂ ਆਪਣੀ ਦੋਸ਼-ਮੁਕਤ ਅਤੇ ਅੰਮ੍ਰਿਤਾ ਜੀ ਦੀ ਦੋਸ਼-ਯੁਕਤ ਜੀਵਨ ਸ਼ੈਲੀ ਦੇ ਤੁਲਨਾਤਮਕ ਵੇਰਵੇ ਪੇਸ਼ ਕਰ ਸਕਣ। ਪਰ ਇਹ ਜੋਖ਼ਮ ਭਰਿਆ ਰਾਹ ਅਖ਼ਤਿਆਰ ਕਰਨਾ ਸ਼ਾਇਦ ਟਿਵਾਣਾ ਹੋਰਾਂ ਨੂੰ ਗਵਾਰਾ ਨਾ ਹੋਵੇ। ਸੋ ਅਸੀਂ ਵੀ ਫ਼ਿਲਹਾਲ ਇਸ ਮਸਲੇ ਦੇ ਵੇਰਵਿਆਂ ਵਿੱਚ ਨਾ ਜਾਂਦੇ ਹੋਏ ਇਸ ਤੱਥ ਵੱਲ ਕੇਵਲ ਸੰਕੇਤ ਕਰਕੇ ਹੀ ਸੰਤੋਖ ਕਰਦੇ ਹਾਂ।
ਸਭਨਾਂ ਲੋਕਾਂ ਦੀ ਸ਼ੈਲੀ ਟਿਵਾਣਾ ਹੋਰਾਂ ਵਰਗੀ ਹੀ ਸੂਖਮ ਅਤੇ ਸੰਕੇਤਕ ਨਹੀਂ ਹੁੰਦੀ। ਕੁੱਝ ਲੋਕਾਂ ਨੇ ਅੰਮ੍ਰਿਤਾ ਹੋਰਾਂ ਦੀਆਂ ‘ਊਣਤਾਈਆਂ’ ਨੂੰ ਬੜੀ ਬੇਬਾਕੀ ਨਾਲ ਹੀ ਨਹੀਂ, ਸਗੋਂ ਅਤਿਕਥਨੀ ਦੀ ਜਾਅਲੀ ਜ਼ਹਿਰੀਲੀ ਪੁੱਠ ਚਾੜ੍ਹ ਕੇ ਬੜੀ ਬੇਸ਼ਰਮੀ ਨਾਲ ਨਿੰਦਿਆ ਨੌਲਿਆ ਹੈ। ਇਸ ਸਿਲਸਲੇ ਵਿੱਚ ਇੱਕ ਧਰਮ ਅਸਥਾਨ ਦੇ ਭਾਈ ਜੀ ਅੰਮ੍ਰਿਤਾ ਜੀ ਨੁੰ ਰੋਜ਼ ਇੱਕ ਬੋਤਲ ਵਿਸਕੀ ਦੀ ਪੀਣ ਵਾਲੇ ਆਖਣ ਤੀਕ ਗਏ ਸਨ, ਜਿਵੇਂ ਉਹ ਅੰਮ੍ਰਿਤਾ ਦੇ ਹਮ-ਪਿਆਲਾ ਜਾਂ ਵਿਸਕੀ-ਵਿਕ੍ਰੇਤਾ ਰਹੇ ਹੋਣ।
ਇਸ ਬਾਰੇ ਸਿਰਫ਼ ਏਨਾ ਹੀ ਆਖਣਾ ਬਣਦਾ ਹੈ ਕਿ ਅੰਮ੍ਰਿਤਾ ਹੋਰਾਂ ਆਪਣੇ ਖਾਣ-ਪੀਣ, ਜਿਸ ਵਿੱਚ ਸ਼ਰਾਬ ਅਤੇ ਸਿਗਰਟ-ਨੋਸ਼ੀ ਵੀ ਸ਼ਾਮਿਲ ਹੈ, ਨੂੰ ਬਿਨਾਂ ਕਿਸੇ ਡਰ ਸੰਕੋਚ ਦੇ ਆਪਣੀ ਰਹਿਤ-ਬਹਿਤ ਅਤੇ ਲਿਖ਼ਤਾਂ ਵਿੱਚ ਬੜੀ ਵਾਰ ਜੱਗ-ਜ਼ਾਹਿਰ ਕੀਤਾ ਹੈ। ਸਮਝਣ ਵਾਲੀ ਗੱਲ ਸਿਰਫ਼ ਏਨੀ ਹੈ ਕਿ ਖਾਣ ਪੀਣ ਦਾ ਸੰਬੰਧ ਸਾਡੇ ਸਰੀਰਕ ਸਵਸਥ ਨਾਲ ਹੈ, ਸਾਡੇ ਜ਼ਿਹਨੀ, ਜਜ਼ਬਾਤੀ, ਸਦਾਚਾਰਕ ਅਤੇ ਧਾਰਮਿਕ ਤੌਰ ਤੇ ਚੰਗੇ ਬੁਰੇ ਹੋਣ ਨਾਲ ਨਹੀਂ ਹੈ।
ਅੰਮ੍ਰਿਤਾ ਜੀ ਬਾਰੇ ਜਿਹੜੀਆਂ ਗੱਲਾਂ ਕੁੱਝ ਸਿਆਣੇ ਸੰਕੋਚੀ ਲੋਕਾਂ ਨੇ ਇਸ਼ਾਰਤਨ ਹੀ ਕਹੀਆਂ ਹਨ, ਉੱਥੇ ਕੁੱਝ ਬੜਬੋਲੇ ਲੋਕਾਂ ਨੇ ਉਹਨਾਂ ਦਾ ਖੁੱਲ੍ਹੇਆਮ ਜ਼ਿਕਰ ਵੀ ਕੀਤਾ ਹੈ।
ਜਲੰਧਰ ਦੇ ਇੱਕ ਪ੍ਰਮੁੱਖ ਕਾਲਜ ਵਿੱਚ ਅੰਮ੍ਰਿਤਾ ਹੋਰਾਂ ਦੀ ਯਾਦ ਵਿੱਚ ਹੋਏ ਇੱਕ ਸ਼ਰਧਾਂਜਲੀ ਸਮਾਗਮ ਵਿੱਚ ਕੁੱਝ ਦਾਨਿਸ਼ਵਰਾਂ ਨੇ ਇਹ ਆਖਿਆ ਸੀ ਕਿ ਅੰਮ੍ਰਿਤਾ ਦੀ ਰਹਿਤਲ ਵਿੱਚ ਅਜਿਹਾ ਕਿਹੜਾ ਗੁਣ ਸੀ, ਜਿਸ ਕਰਕੇ ਉਹ ਨਵੀਂ ਪੀੜ੍ਹੀ ਲਈ ਕੋਈ ਅਨੁਕਰਣ-ਯੋਗ ਨਮੂਨਾ ਬਣ ਸਕੇ।
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਦਫ਼ਤਰ ਵਿੱਚ ਅੰਮ੍ਰਿਤਾ ਪ੍ਰੀਤਮ ਹੋਰਾਂ ਦੀ ਅੰਤਿਮ ਅਵਸਥਾ ਵਿੱਚ ਪੂਰੀ ਤਨਦੇਹੀ ਨਾਲ ਅੱਠ ਦਸ ਦਿਨ ਤੀਮਾਰਦਾਰੀ ਕਰ ਕੇ ਆਈ ਉਹਨਾਂ ਦੀ ਅਜ਼ੀਜ਼ਾ ਜਸਵੀਰ ਵੱਲੋਂ ਅੰਮ੍ਰਿਤਾ ਹੋਰਾਂ ਦੀ ਸੰਤਾਨ ਦੀ ਉਹਨਾਂ ਦੀ ਸੇਵਾ-ਸੰਭਾਲ ਵੱਲ ਅਪਣਾਈ ਬੇਰੁਖ਼ੀ ਦਾ ਦੱਬਵਾਂ ਜਿਹਾ ਜ਼ਿਕਰ ਕਰਨ ਤੇ ਸਾਡੇ ਇੱਕ ਨਾਮਵਰ ਪੰਜਾਬੀ ਸਦਾਚਾਰ ਦਾ ਪਰਚਮ ਬੁਲੰਦ ਰੱਖਣ ਦਾ ਦਮ ਭਰਨ ਵਾਲੇ ਸ਼ਾਇਰ ਨੇ ਤਿਲਮਿਲਾ ਕੇ ਕਿਹਾ ਸੀ, ਕੀ ਕਰਨ ਅੰਮ੍ਰਿਤਾ ਦੇ ਬੱਚੇ? ਉਹਨਾਂ ਦੇ ਮਨ ਵਿੱਚ ਆਪਣੀ ਮਾਂ ਦੇ ਇੱਕ ਓਪਰੇ ਮਰਦ ਨਾਲ ਰਹਿਣ ਕਾਰਨ ਹਿਰਖ ਵੀ ਤਾਂ ਹੋ ਕਸਦਾ ਹੈ।
ਕੌਣ ਓਪਰਾ ਮਰਦ? ਇਮਰੋਜ਼! !
ਜਿਸਦੀ ਬੇਪਨਾਹ ਮੁਹੱਬਤ ਅਤੇ ਪ੍ਰਸਤਿਸ਼ ਨੂੰ ਸਮਰਪਿਤ ਅੰਮ੍ਰਿਤਾ ਨੇ ਅਨੇਕਾਂ ਨਜ਼ਮਾਂ ਲਿਖੀਆਂ। ਆਪਣੀ ਅੰਤਿਮ ਨਜ਼ਮ ਵਿੱਚ ਵੀ ‘ਮੈਂ ਤੈਨੂੰ ਫ਼ੇਰ ਮਿਲਾਂਗੀ’ ਦੀ ਇੱਛਾ ਅਤੇ ਨਿਸ਼ਠਾ ਦਾ ਇਜ਼ਹਾਰ ਕੀਤਾ। ਇਮਰੋਜ਼ ਜੋ ਮੁਹੱਬਤ ਦਾ ਮੁਜੱਸਮਾ ਹੈ। ਅੰਮ੍ਰਿਤਾ ਜੀ ਦੀ ਲੰਮੀ ਬੀਮਾਰੀ ਦੇ ਦੌਰਾਨ ਜੋ ਅਪਲਕ ਸੇਵਾ-ਸੰਭਾਲ ਇਮਰੋਜ਼ ਅਤੇ ਉਹਨਾਂ ਦੀ ਨੂੰਹ ਅਲਕਾ ਨੇ ਕੀਤੀ ਹੈ, ਉਸਦੀ ਸਿਫ਼ਤ-ਸਲਾਹ ਮੇਰੇ ਵੱਸੋਂ ਬਾਹਿਰ ਦੀ ਗੱਲ ਹੈ।
ਪਰ ਜਿਨ੍ਹਾਂ ਲੋਕਾਂ ਕੋਲ ਔਰਤ ਮਰਦ ਲਈ ਆਪਣੇ ਅਤੇ ਬੇਗਾਨੇ ਹੋਣ ਦੇ ਫ਼ੈਸਲੇ ਲਈ ਚਹੁੰ-ਲਾਵਾਂ ਦੀਆਂ ਘੁੰਮੇਟਣੀਆਂ ਤੋਂ ਬਿਨਾਂ ਹੋਰ ਕੋਈ ਮਾਪਦੰਡ ਹੀ ਨਹੀਂ, ਉਹਨਾਂ ਬਾਰੇ ਕੋਈ ਕੀ ਆਖੇ?
ਅੰਮ੍ਰਿਤਾ ਵਰਗੀ ਜ਼ਹੀਨ ਅਤੇ ਬੁਲੰਦ ਔਰਤ ਲਈ ਕੌਣ ਆਪਣਾ ਹੈ ਅਤੇ ਕੌਣ ਪਰਾਇਆ, ਇਸਦਾ ਫ਼ੈਸਲਾ ਅਸੀਂ ਆਪਣੇ ਹੱਥ ਲੈਣ ਵਾਲੇ ਭਲਾ ਕੌਣ ਹੁੰਦੇ ਹਾਂ?
ਜੇ ਇਮਰੋਜ਼ ਅੰਮ੍ਰਿਤਾ ਲਈ ਓਪਰਾ ਮਰਦ ਸੀ ਤਾਂ ਫ਼ੇਰ ਉਸਦਾ ਆਪਣਾ ਕੌਣ ਸੀ? ਲਾਵਾਂ ਦੇ ਤੱਕੜੀ ਬਰਦਾਰ ਨਿਸ਼ਚੇ ਹੀ ਇਹ ਕਹਿਣਗੇ ਕਿ ਉਹਨਾਂ ਦਾ ਪਤੀ ਸਰਦਾਰ ਪ੍ਰੀਤਮ ਸਿੰਘ ਕਵਾਤਰਾ।
‘ਨਵਾਂ ਜ਼ਮਾਨਾ’ ਦੇ ਉਪਰੋਕਤ ਅੰਕ ਵਿੱਚ ਹੀ ਉਰਮਿਲਾ ਆਨੰਦ ਜੀ ਲਿਖਦੇ ਹਨ, “ਪ੍ਰੀਤਮ ਸਿੰਘ ਕਵਾਤਰਾ ਜੀ ਇੱਕ ਬੜੇ ਭਲੇਮਾਣਸ ਪਤੀ ਸਨ। ਉਹ ਕਦੇ ਵੀ ਅੰਮ੍ਰਿਤਾ ਜੀ ਦੀਆਂ ਉਡਾਰੀਆਂ ਜਾਂ ਖੁੱਲ੍ਹਾਂ ਤੇ ਰੋਕ ਨਹੀਂ ਸਨ ਲਾਉਂਦੇ। ਪਰ ਕਿੱਥੇ ਇੱਕ ਵਪਾਰੀ ਪਤੀ ਅਤੇ ਕਿੱਥੇ ਅੰਮ੍ਰਿਤਾ ਜੀ ਖੁੱਲ੍ਹੀਆਂ ਹਵਾਵਾਂ ਵਿੱਚ ਰਹਿਣ ਵਾਲੇ ਉੱਡਣੇ ਪੰਛੀ……ਮੈਨੂੰ ਅੰਮ੍ਰਿਤਾ ਜੀ ਨਾਲ ਕੋਈ ਗਿਲਾ ਨਹੀਂ ਕਿ ਇੱਕ ਚੰਗੇ ਇਨਸਾਨ ਪ੍ਰੀਤਮ ਕਵਾਤਰਾ ਜੀ ਨੂੰ ਉਹਨਾਂ ਆਪਣੇ ਘਰੋਂ ਕਿਉਂ ਤੁਰ ਜਾਣ ਦਿੱਤਾ। ਪਰ ਇਹ ਵੀ ਸੱਚ ਨਹੀਂ ਕਿ ਅੰਮ੍ਰਿਤਾ ਜੀ ਦਾ ਉਨ੍ਹਾਂ ਨਾਲ ਤਲਾਕ ਹੋਇਆ ਸੀ।”
ਉਰਮਿਲਾ ਜੀ ਦੇ ਇਸ ਲੇਖ ਤੋਂ ਉਹਨਾਂ ਦੀ ਅੰਮ੍ਰਿਤਾ ਨਾਲ ਉਣਸ ਅਪਣੱਤ ਅਤੇ ਉਹਨਾਂ ਦੇ ਭਲੇਮਾਣਸ ਪਤੀ ਨਾਲ ਹਮਦਰਦੀ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ। ਉੱਪਰੋਂ ਕਹਿਣ ਨੂੰ ਭਾਵੇਂ ਉਰਮਿਲਾ ਜੀ ਨੂੰ ਅੰਮ੍ਰਿਤਾ ਨਾਲ ਕੋਈ ਗਿਲਾ ਨਹੀਂ, ਪਰ ਅੰਦਰੋਂ ਲੁਕਵਾਂ ਜਿਹਾ ਸ਼ਿਕਵਾ ਜ਼ਰੂਰ ਹੈ ਕਿ ਉਹ ਏਨੇ ਸ਼ਰੀਫ਼ ਪਤੀ ਕੋਲੋਂ ਅੱਡਰੇ ਅਲਹਿਦਾ ਹੋ ਕੇ ਬਿਨਾਂ ਤਲਾਕ ਤੋਂ ਦੂਜੇ ਆਦਮੀ ਨਾਲ ਕਿਉਂ ਰਹੇ?
ਮੈਨੂੰ ਜ਼ਾਤੀ ਤੌਰ ‘ਤੇ ਸਰਦਾਰ ਪ੍ਰੀਤਮ ਸਿੰਘ ਹੋਰਾਂ ਨੂੰ ਮਿਲਣ ਦਾ ਕੋਈ ਮੌਕਾ ਨਹੀਂ ਮਿਲਿਆ। ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਰਹੇ ਹਨ, ਲੱਗਪੱਗ ਸਭੇ ਹੀ ਉਹਨਾਂ ਦੀ ਸ਼ਰਾਫ਼ਤ ਦਾ ਦਮ ਭਰਦੇ ਹਨ। ਜੇ ਦੋਂਹ ਬੰਦਿਆਂ ਵਿਸ਼ੇਸ਼ ਕਰ ਕੇ ਪਤੀ ਪਤਨੀ ਦੀ ਜ਼ਿਹਨੀ ਬਣਤਰ, ਪਸੰਦਾਂ-ਨਾਪਸੰਦਾਂ, ਜ਼ਿੰਦਗੀ ਦੀਆਂ ਹੋਰ ਬੁਨਿਆਦੀ ਕਦਰਾਂ-ਕੀਮਤਾਂ, ਆਦਰਸ਼ਾਂ ਅਤੇ ਅਕੀਦਿਆਂ ਵਿਚਕਾਰ ਵੱਡਾ ਪਾੜਾ ਹੋਵੇ ਤਾਂ ਕੀ ਕੇਵਲ ਸ਼ਰਾਫ਼ਤ ਹੀ ਉਹਨਾਂ ਦਰਮਿਆਨ ਪਾਇਦਾਰ, ਸਜਿੰਦ, ਚਾਅ ਮਲ੍ਹਾਰਾਂ ਨਾਲ ਧੜਕਦੀ ਸਾਂਝ ਦਾ ਆਧਾਰ ਬਣ ਸਕਦੀ ਹੈ?
ਅੰਮ੍ਰਿਤਾ ਅਤੇ ਇਮਰੋਜ਼ ਜੀ ਦੱਸਿਆ ਕਰਦੇ ਸਨ ਕਿ ਆਪਣੀ ਵਿਆਹੁਤਾ ਜ਼ਿੰਦਗੀ ਦੌਰਾਨ ਪ੍ਰੀਤਮ ਸਿੰਘ ਅੰਮ੍ਰਿਤਾ ਹੋਰਾਂ ਨੂੰ ਘਰ ਦੇ ਖਰਚ ਲਈ ਰੋਜ਼ ਪੰਜ ਰੁਪਏ ਦਿਆ ਕਰਦੇ ਸਨ ਅਤੇ ਕਦੇ ਕਦੇ ਇਹ ਗਿਣੇ ਮਿੱਥੇ ਪੰਜ ਰੁਪਏ ਦੇਣੇ ਵੀ ‘ਭੁੱਲ’ ਜਾਂਦੇ ਸਨ ਅਤੇ ਅੰਮ੍ਰਿਤਾ ਹੋਰਾਂ ਨੂੰ ਉਹਨਾਂ ਤੋਂ ਘਰੋਂ ਤੁਰ ਰਿਹਾਂ ਤੋਂ ਪਿੱਛੋਂ ਵਾਜ ਮਾਰ ਕੇ ਆਪ ਮੰਗ ਕੇ ਲੈਣੇ ਪੈਂਦੇ ਹੁੰਦੇ ਸਨ। ਰੋਜ਼ ਪੰਜ ਰੁਪਿਆਂ ਦੀ ਝਾਕ ਰੱਖਣ ਅਤੇ ਕਈ ਵਾਰ ਮੰਗ ਕੇ ਇਸ ਨਿਗੂਣੀ ਜਿਹੀ ਰਕਮ ਲੈਣ ਦੀ ਸ਼ਰਮਸਾਰੀ ਅੰਮ੍ਰਿਤਾ ਹੋਰਾਂ ਲਈ ਬਹੁਤ ਬੋਝਲ ਹੁੰਦੀ ਸੀ। ਇਸ ਲਈ ਉਹ ਮਗਰਲੀ ਸਾਰੀ ਉਮਰ ਆਪਣੀ ਰੋਟੀ ਆਪ ਕਮਾਉਣ ਉੱਪਰ ਜ਼ੋਰ ਦਿੰਦੇ ਰਹੇ ਹਨ।
ਜ਼ੇਹਨੀ-ਜਿਸਮਾਨੀ ਤਾਲਮੇਲ ਦੀ ਅਣਹੋਂਦ ਦੀ ਸੂਰਤ ਵਿੱਚ, ਇਹ ਠੀਕ ਹੈ ਕਿ ਸੰਬੰਧਿਤ ਦੋਨਾਂ ਹੀ ਧਿਰਾਂ ਨੇ, ਬਿਨਾਂ ਕਿਸੇ ਅਦਾਲਤੀ ਕਾਰਵਾਈ ਜਾਂ ਪੰਚਾਇਤੀ, ਭਾਈਚਾਰਕ ਦਖ਼ਲ-ਅੰਦਾਜ਼ੀ ਤੇ ਲੈਣ-ਦੇਣ ਦੀ ਸ਼ਰਤ ਦੇ, ਪਰਸਪਰ ਭਲਮਣਸਊ ਨਾਲ ਹੀ ਇੱਕ ਦੂਜੇ ਤੋਂ ਅੱਡਰੇ ਅਲਹਿਦਾ ਰਹਿਣ ਦਾ ਫ਼ੈਸਲਾ ਕਰ ਲਿਆ ਸੀ। ਇਸ ਸਿਲਸਿਲੇ ਵਿੱਚ ਦੋਹਾਂ ਧਿਰਾਂ ਦੀ ਈਮਾਨਦਾਰੀ, ਸ਼ਰਾਫ਼ਤ ਅਤੇ ਸਿਆਣਪ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਥੋੜ੍ਹੀ ਹੈ।
ਪਰ ਇਹ ਆਖਣਾ ਕਿ ਉਹਨਾਂ ਦਾ ਤਲਾਕ ਹੋਇਆ ਹੀ ਨਹੀਂ ਸੀ, ਸੱਚ ਨਹੀਂ।
ਬੀਤੀ ਸਦੀ ਦੇ ਸੱਤਰਵਿਆਂ ਦੇ ਅਖ਼ੀਰ ਜਾਂ ਅੱਸੀਵਿਆਂ ਦੇ ਸ਼ੁਰੂ ਵਿੱਚ ਅੰਮ੍ਰਿਤਾ ਜੀ ਦੇ ਘਰ ਸਵਿਟਜ਼ਰਲੈਂਡੋਂ ਪਰਤੇ ਦੇਵ ਨੇ ਆਪਣੇ ਤਲਾਕ ਦੀ ਗੱਲ ਤੋਰੀ ਸੀ। ਮੇਰੀ ਰਾਇ ਸੀ ਕਿ ਸ਼ਰੀਫ਼ ਆਦਮੀ, ਤੂੰ ਏਡੀ ਦੂਰ ਇਕੱਲਾ ਰਹਿ ਰਿਹਾ ਹੈਂ। ਆਪਸ ਵਿੱਚ ਤੁਹਾਡਾ ਕੋਈ ਮੇਲ-ਮਿਲਾਪ, ਦਖ਼ਲ-ਅੰਦਾਜ਼ੀ ਜਾਂ ਲਾਗਾ ਦੇਗਾ ਨਹੀਂ, ਇਹ ਸਥਿਤੀ ਤਲਾਕ ਵਾਲੀ ਹੀ ਤਾਂ ਹੈ। ਇਸ ਲਈ ਅਦਾਲਤੀ ਪ੍ਰਮਾਣ-ਪੱਤਰ ਲੈਣ ਦੀ ਕੀ ਜ਼ਰੂਰਤ ਸੀ?
ਅੰਮ੍ਰਿਤਾ ਹੋਰੀਂ ਮੇਰੀ ਇਸ ਰਾਇ ਨਾਲ ਬਿਲਕੁਲ ਸਹਿਮਤ ਨਹੀਂ ਸਨ। ਉਹਨਾਂ ਰਤਾ ਜਜ਼ਬਾਤੀ ਸੁਰ ਵਿੱਚ ਕਿਹਾ ਸੀ ਕਿ, “ਨਹੀਂ, ਅਦਾਲਤੀ ਤਲਾਕ ਦੀ ਲੋੜ ਹੈ।” ਮੇਰੀਆਂ ਨਜ਼ਰਾਂ ਵਿਚਲੀ ਸੁਆਲੀਆ ਹੈਰਾਨੀ ਦੀ ਤਸਲੱੀ ਲਈ ਉਹਨਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਸੀ ਕਿ “ਤਲਾਕ ਤੋਂ ਪਹਿਲਾਂ ਨਵਰਾਜ ਦੇ ਪਾਪਾ ਇੱਥੇ ਜਾਂ ਕਿਧਰੇ ਹੋਰ ਮਿਲ ਪੈਂਦੇ ਸਨ ਤਾਂ ਮੈਂ ਆਮ ਵਾਂਗ ਸਹਿਜ ਨਹੀਂ ਸੀ ਰਹਿੰਦੀ ਅਤੇ ਜਾਂ ਫ਼ਿਰ ਪਾਸਪੋਰਟ ਆਦਿ ਦੀ ਦਰਖ਼ਾਸਤ ਦੇਣ ਜਾਂ ਹੋਰ ਕੋਈ ਸਰਕਾਰੀ ਪੱਤਰ ਭਰਨ ਵੇਲੇ ਪਤੀ ਦੇ ਨਾਮ ਵਾਲਾ ਖ਼ਾਨਾ ਭਰਨਾ ਪੈਂਦਾ ਸੀ, ਤਾਂ ਮੈਨੂੰ ਅਤੇ ਇਮਰੋਜ਼ ਨੂੰ ਇਹ ਗੱਲ ਬੜੀ ਅਟਪਟੀ ਜਿਹੀ ਲੱਗਦੀ ਸੀ। ਤਲਾਕ ਤੋਂ ਬਾਅਦ ਜਦ ਕਦੀ ਹੁਣ ਉਹ ਘਰ ਆਉਂਦੇ ਹਨ ਤਾਂ ਮੈਨੂੰ ਪਹਿਲੋਂ ਵਰਗੀ ਅਚੇਤ ਜਿਹੀ ਘਬਰਾਹਟ ਨਹੀਂ ਹੁੰਦੀ।” ਉਸ ਵੇਲੇ ਅੰਮ੍ਰਿਤਾ ਹੋਰੀਂ ਆਪਣੇ ਤਲਾਕ ਦੀ ਵਚਿੱਤਰ ਕਥਾ ਸੁਣਾਈ ਸੀ।
ਅਲਹਿਦਾ ਹੋਣ ਤੋਂ ਕਾਫ਼ੀ ਵਰ੍ਹੇ ਬਾਅਦ ਤੀਕ ਅੰਮ੍ਰਿਤਾ ਅਤੇ ਪ੍ਰੀਤਮ ਸਿੰਘ ਹੋਰਾਂ ਦੌਰਾਨ ਤਲਾਕ ਲਈ ਕਿਸੇ ਅਦਾਲਤੀ ਕਾਰਵਾਈ ਕਰਨ ਕਰਾਉਣ ਦਾ ਕੋਈ ਜ਼ਿਕਰ ਨਹੀਂ ਸੀ ਛਿੜਿਆ। ਪਰ ਇੱਕ ਵੇਲੇ ਪ੍ਰੀਤਮ ਸਿੰਘ ਹੋਰਾਂ ਲਈ ਤਲਾਕ ਜ਼ਰੂਰੀ ਹੋ ਗਿਆ ਸੀ ਅਤੇ ਇਸਦੀ ਮੰਗ ਉਹਨਾਂ ਵੱਲੋਂ ਹੀ ਕੀਤੀ ਗਈ ਸੀ।
ਸਥਿਤੀ ਦਾ ਵਿਅੰਗ ਵੇਖੋ ਕਿ ਤਲਾਕ ਉਹਨਾਂ ਦੀ ਜ਼ੇਹਨੀ ਜਜ਼ਬਾਤੀ ਨਹੀਂ, ਸਗੋਂ ਪਦਾਰਥਕ ਲੋੜ ਆਣ ਬਣਿਆ ਸੀ। ਗੱਲ ਇਓਂ ਹੋਈ ਸੀ ਕਿ ਪ੍ਰੀਤਮ ਸਿੰਘ ਹੋਰੀਂ ਡੀ: ਡੀ: ਏ ਦੀ ਕਿਸੇ ਮਨਜ਼ੂਰਸ਼ੁਦਾ ਕਾਲੋਨੀ ਵਿੱਚ ਰਿਹਾਇਸ਼ੀ ਪਲਾਟ ਖਰੀਦਣਾ ਸੀ। ਲੋੜੀਦੀ ਕਾਗ਼ਜ਼ੀ ਖ਼ਾਨਾਪੂਰਤੀ ਤੋਂ ਬਾਅਦ ਹਰ ਬਿਨੈਕਾਰ ਲਈ ਇਹ ਹਲਫ਼ਨਾਮਾ ਭਰਨਾ ਵੀ ਜ਼ਰੂਰੀ ਸੀ ਕਿ ਉਸ ਜਾਂ ਉਸਦੇ ਪਤੀ/ਪਤਨੀ ਦੇ ਨਾਮ ਡੀ: ਡੀ: ਏ ਦੀ ਅਜੇਹੀ ਕਾਲੋਨੀ ਵਿੱਚ ਹੋਰ ਕੋਈ ਥਾਂ ਨਹੀਂ। ਪਰ ਅੰਮ੍ਰਿਤਾ ਹੋਰਾਂ ਦੇ ਨਾਂ ਤਾਂ ਪਹਿਲਾਂ ਹੀ ਕੇ-25 ਹੌਜ਼ ਖ਼ਾਸ ਵਾਲਾ ਪਲਾਟ ਹੈ ਸੀ। ਅਤੇ ਅੰਮ੍ਰਿਤਾ ਜੀ ਉਸ ਸਮੇਂ ਪ੍ਰੀਤਮ ਸਿੰਘ ਜੀ ਹੋਰਾਂ ਦੀ ਕਾਨੂੰਨੀ ਤੌਰ ‘ਤੇ ਵਿਆਹੁਤਾ ਪਤਨੀ ਸਨ। ਸੋ, ਪ੍ਰੀਤਮ ਸਿੰਘ ਹੋਰਾਂ ਸਾਹਮਣੇ ਦੁਬਿਧਾ ਇਹ ਸੀ ਕਿ ਪਤਨੀ ਛੱਡਣ ਕਿ ਪਲਾਟ? ਸੋ ਇਸ ਤਰ੍ਹਾਂ ਪਲਾਟ ਖ਼ਰੀਦਣ ਲਈ ਪ੍ਰੀਤਮ ਸਿੰਘ ਹੋਰਾਂ ਲਈ ਅੰਮ੍ਰਿਤਾ ਹੋਰਾਂ ਤੋਂ ਤਲਾਕ ਲੈਣਾ ਜ਼ਰੂਰੀ ਹੋ ਗਿਆ ਸੀ। ਤੇ ਅੰਮ੍ਰਿਤਾ ਹੋਰਾਂ ਰਤਾ ਮੁਸਕਰਾਉਂਦਿਆਂ ਇਹ ਗੱਲ ਦੱਸੀ ਸੀ ਕਿ ਪਰਸਪਰ ਸੰਮਤੀ ਦੇ ਆਧਾਰ ਤੇ ਮੰਗੇ ਤਲਾਕ ਦੀ ਅਦਾਲਤੀ ਕਾਰਵਾਈ ਹਾਲੇ ਮੁਕੰਮਲ ਨਹੀਂ ਸੀ ਹੋਈ ਕਿ ਸੰਬੰਧਿਤ ਪਲਾਟ ਦੀ ਕੀਮਤ ਵਿੱਚ ਏਨਾ ਵਾਧਾ ਹੋ ਗਿਆ ਕਿ ਪ੍ਰੀਤਮ ਸਿੰਘ ਹੋਰਾਂ ਦੀ ਪਲਾਟ-ਪ੍ਰਾਪਤੀ ਦੀ ਰੀਝ ਵਿੱਚ ਹੋਈ ਕਮੀ ਦੇ ਅਨੁਰੂਪ ਹੀ ਤਲਾਕ ਵਿੱਚ ਮੱਧਮ ਪੈ ਰਹੀ ਦਿਲਚਸਪੀ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ। ਤੇ ਵਧੀ ਹੋਈ ਕੀਮਤ ਅੰਮ੍ਰਿਤਾ ਜੀ ਹੋਰੀਂ ਆਪਣੇ ਕੋਲੋਂ ਤਾਰ ਕੇ ਆਪਣੇ ਲਈ ਤਲਾਕ ਤੇ ਪ੍ਰੀਤਮ ਸਿੰਘ ਹੋਰਾਂ ਲਈ ਪਲਾਟ ਦਾ ਸੌਦਾ ਪੱਕਾ ਕੀਤਾ ਸੀ।
ਤੇ ਸ਼ਾਇਦ ਤੁਹਾਡੇ ਵਿੱਚੋਂ ਬਹੁਤਿਆਂ ਦੀ ਇਸ ਸੂਚਨਾ ਨਾਲ ਕੋਈ ਤਸੱਲੀ ਹੋਵੇ ਕਿ ਪ੍ਰੀਤਮ ਸਿੰਘ ਹੋਰੀ ਬਹੁਤ ਵਰ੍ਹੇ ਇੱਕ ਹੋਰ ਔਰਤ ਦੇ ਨਾਲ ਰਹੇ ਵੀ। ਵਿਆਹੇ ਜਾਂ ਅਵਿਵਾਹਿਤ ਇਹ ਜਾਨਣ ਵਿੱਚ ਮੇਰੀ ਕੋਈ ਦਿਲਚਸਪੀ ਨਹੀਂ।
ਤੇ ਬਾਅਦ ਵਿੱਚ ਪ੍ਰੀਤਮ ਸਿੰਘ ਹੋਰਾਂ ਲਈ ਇਹ ਸਾਥ ਵੀ ਸੁਹੰਢਣਾ ਨਹੀਂ ਸੀ ਸਾਬਤ ਹੋਇਆ। ਆਪਣੀ ਅਖ਼ੀਰੀ ਬੀਮਾਰੀ ਵੇਲੇ ਉਹ ਫ਼ੇਰ ਇਕੱਲੇ ਰਹਿ ਗਏ ਸਨ ਅਤੇ ਅੰਮ੍ਰਿਤਾ ਹੋਰਾਂ ਜੀ ਦੀ ਸਲਾਹ ਨਾਲ ਉਹਨਾਂ ਦਾ ਬੇਟਾ ਉਹਨਾਂ ਨੂੰ ਆਪਣੇ ਕੋਲ ਲੈ ਆਇਆ ਸੀ ਅਤੇ ਉਹਨਾਂ ਦੀ ਅੰਤਮ ਵਿਦਾਇਗੀ ਵੀ ਅੰਮ੍ਰਿਤਾ ਜੀ ਦੇ ਘਰੋਂ ਹੀ ਹੋਈ ਸੀ।
ਕਾਰਨ ਭਾਵੇਂ ਕੋਈ ਵੀ ਹੋਵੇ, ਫ਼ਿਰ ਵੀ ਇਸ ਗੱਲ ਤੋਂ ਇਨਾਕਰ ਨਹੀਂ ਕੀਤਾ ਜਾ ਸਕਦਾ ਕਿ ਘਰ ਦੀ ਟੁੱਟ-ਭੱਜ ਦੇ ਅਮਲ ਵਿੱਚ ਸ਼ਾਮਿਲ ਸਭਨਾਂ ਧਿਰਾਂ ਨੂੰ ਗਹਿਰੇ ਦੁੱਖ ਵਿੱਚੀਂ ਗੁਜ਼ਰਨਾ ਪੈਂਦਾ ਹੈ। ਕੁਦਰਤੀ ਹੈ ਅੰਮ੍ਰਿਤਾ ਹੋਰਾਂ ਦੇ ਬੱਚੇ ਵੀ ਇਸ ਸਦਮੇ ਦੇ ਸ਼ਿਕਾਰ ਹੋਏ ਹੋਣਗੇ। ਪਰ ਅੰਮ੍ਰਿਤਾ ਜਿਸ ਕਦਰ ਜੀਵਨ-ਭਰ ਆਪਣੇ ਬੱਚਿਆਂ ਅਤੇ ਇਸ ਤੋਂ ਅਗਾਂਹ ਤੀਜੀ ਪੀੜ੍ਹੀ ਦੀ ਸੰਤਾਨ ਤੱਕ ਦੀ, ਜਿਸ ਮਜ਼ਬੂਤੀ ਨਾਲ ਧਿਰ ਬਣੀ ਹੈ, ਉਸਦੀ ਮਿਸਾਲ ਨਿਰੋਲ ਕਲਮ ਦੀ ਕਾਰ ਕਰਨ ਵਾਲੇ ਪੰਜਾਬੀ ਲੇਖਕ-ਜਗਤ ਵਿੱਚੋਂ ਲੱਭਣੀ ਮੁਸ਼ਕਿਲ ਹੈ। ਇਸ ਅੱਤ ਕਠਿਨ ਕਾਰਜ ਵਿੱਚ ਦੂਜੀਆਂ ਧਿਰਾਂ ਵੱਲੋਂ ਬਹੁਤ ਸਾਰੀਆਂ ਮਾਨਸਿਕ ਦੁਸ਼ਵਾਰੀਆਂ ਦੇ ਬਾਵਜੂਦ, ਜਿਵੇਂ ਇਮਰੋਜ਼ ਅੰਮ੍ਰਿਤਾ ਦੇ ਨਾਲ ਚੱਟਾਨ ਬਣ ਕੇ ਖਲੋਤਾ ਰਿਹਾ ਹੈ, ਉਹ ਵੀ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਕਿ ਇਮਰੋਜ਼ ਨੇ ਅੰਮ੍ਰਿਤਾ ਹੋਰਾਂ ਦੀ ਸੰਤਾਨ ਦੇ ਭਲੇ ਹਿੱਤ ਹੀ ਆਪਣੇ ਆਪ ਨੂੰ ਆਪਣੀ ਬਿੰਦੀ-ਸੰਤਾਨ ਦੇ ਵਰਦਾਨ ਤੋਂ ਵਿਰਵਿਆਂ ਰੱਖਣ ਦੇ ਸੋਚੇ-ਸਮਝੇ ਫ਼ੈਸਲੇ ਤੇ ਪੂਰੀ ਮੁਸਤੈਦੀ ਨਾਲ ਅਡੋਲ ਰਹਿ ਕੇ ਪਹਿਰਾ ਦਿੱਤਾ ਹੈ।
ਇਮਰੋਜ਼ ਕੇਵਲ ਅੰਮ੍ਰਿਤਾ ਦੀ ਬਿੰਦੀ ਸੰਤਾਨ ਹੀ ਨਹੀਂ, ਸਗੋਂ ਉਹਦੇ ਦੁਆਰ ਤੇ ਜਜ਼ਬਾਤੀ ਸਮਾਜੀ ਓਟ ਆਸਰਾ ਲੱਭਣ ਆਈਆਂ ਕਈ ਨਾਦੀ-ਸੰਤਾਨਾਂ ਦਾ ਬਾਪ ਬਣ ਕੇ ਕੰਨਿਆਦਾਨ ਕਰਨ ਦਾ ਕਰਤੱਵ ਵੀ ਨਿਭਾਉਂਦਾ ਰਿਹਾ ਹੈ।
ਇਹ ਸਭ ਕੁੱਝ ਇਮਰੋਜ਼ ਦੀ ਕਿਸੇ ਗਿਣਤੀ ਮਿਣਤੀ ਵਿੱਚ ਨਹੀਂ ਅਤੇ ਨਾ ਹੀ ਸਾਨੂੰ ਇਹਨਾਂ ਗੱਲਾਂ ਨੂੰ ਚਿਤਾਰਨ ਦੀ ਕੋਈ ਉਚੇਚੀ ਲੋੜ ਮਹਿਸੂਸ ਹੋ ਰਹੀ ਹੈ, ਪਰ ਅੰਮ੍ਰਿਤਾ ਦੀ ਰਹਿਤਲ ਨੂੰ ਕਾਸਰ ਅਤੇ ਇਮਰੋਜ਼ ਨੂੰ ਓਪਰੇ ਬੇਗਾਨੇ ਮਰਦਾਂ ਦੇ ਜ਼ੁਮਰੇ ਵਿੱਚ ਰੱਖਣ ਵਾਲਿਆਂ ‘ਜਤ-ਸਤ-ਵਾਦੀਆਂ’ ਨੂੰ ਕੁੱਝ ਨਾ ਕੁੱਝ ਕਹਿਣਾ ਸੁਣਨਾ ਤੇ ਬਣਦਾ ਹੀ ਹੈ।
ਇਹ ਸਭ ਕੁੱਝ ਕਹਿਣ-ਸੁਣਨ ਦੀ ਲੋੜ ਦਾ ਆਧਾਰ ਕੇਵਲ ਇਹ ਹੀ ਹੈ ਕਿ ਸਾਡੇ ਮੂੰਹ-ਜ਼ਬਾਨੀ ਬੜਬੋਲੇ ਦਾਅਵਿਆਂ ਦੇ ਬਾਵਜੂਦ ਸਾਡੀ ਸੋਚ ਔਰਤ ਨੂੰ ਹਾਲੇ ਵੀ ਬੇ-ਸਿਰ-ਪੈਰ ਵਜੂਦ ਸਮਝਣ ਤੱਕ ਹੀ ਸੀਮਿਤ ਹੈ। ਹਾਲੇ ਵੀ ਅਮਲ ਵਿੱਚ ਸਾਡੀ ਬਹੁਤਿਆਂ ਦੀ ਸੋਚ ਏਥੇ ਹੀ ਖੜ੍ਹੀ ਹੈ ਕਿ ਕੁੜੀਆਂ ਚਹੁੰ ਕਹਾਰਾਂ ਦੇ ਕੰਧਿਆਂ ਤੇ ਧਰੀ ਡੋਲੀ ਵਿੱਚ ਚੜ੍ਹ ਕੇ ਸਹੁਰਿਆਂ ਦੇ ਦਰ-ਘਰ ਅੱਪੜਨ ਤੇ ਚਹੁੰ ਕਾਨ੍ਹੀਆਂ ਦੇ ਕੰਧੀਂ ਚਾੜ੍ਹ ਕੇ ਉਹਨਾਂ ਦੀ ਲਾਸ਼ ਹੀ ਸਹੁਰਿਆਂ ਦੇ ਘਰੋਂ ਨਿਕਲੇ।
ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਤੇ ਸ਼ਾਇਰੀ ਔਰਤ ਨੂੰ ਬੇ-ਸਿਰ-ਪੈਰ ਵਜੂਦ ਸਮਝਣ ਵਾਲੇ ਲੋਕਾਂ ਨੂੰ ਚੁਣੌਤੀ ਹੈ। ਇਸ ਸਾਦਾ ਜੇਹੇ ਨੁਕਤੇ ਦੀ ਵਜ਼ਾਹਤ ਲਈ ਅੰਮ੍ਰਿਤਾ ਪ੍ਰੀਤਮ ਦੀਆਂ ਲੱਗਪੱਗ ਅੱਧੀ ਸਦੀ ਜਾਂ ਇਸ ਤੋਂ ਵੀ ਵੱਧ ਸਮਾਂ ਪਹਿਲਾਂ ਲਿਖੀਆਂ ਉਹਨਾਂ ਤਿੰਨ ਨਜ਼ਮਾਂ ਦਾ ਜ਼ਿਕਰ ਕਰਨਾ ਚਾਹਾਂਗਾ, ਜੋ ਪੰਜਾਹ ਵਰ੍ਹੇ ਪਹਿਲਾਂ ਆਪਣੇ ਕੋਰਸ ਦੀਆਂ ਕਿਤਾਬਾਂ ਵਿੱਚ ਪੜ੍ਹੀਆਂ ਸਨ। ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਦੁਆਰਾ ਸੰਪਾਦਿਤ ਕਵਿਤਾ ਦੀ ਪਾਠ-ਪੁਸਤਕ ‘ਲਹਿਰਾਂ’ ਵਿੱਚ ਸ਼ਾਮਿਲ ਇਹ ਕਵਿਤਾਵਾਂ ਸਨ, “ਗਊਸ਼ਾਲਾ, ਰਾਖੇ ਅਤੇ ਅੰਨਦਾਤਾ”।
‘ਗਊਸ਼ਾਲਾ’ ਵਿੱਚ ਅੰਮ੍ਰਿਤਾ ਹੋਰੀਂ ਸਾਡਾ ਧਿਆਨ ਇਸ ਦੁਖਦਾਈ ਤੱਥ ਵੱਲ ਦੁਆਇਆ ਹੈ ਕਿ ਸਾਡੇ ਪਿੱਤਰੀ-ਪ੍ਰਧਾਨ, ਗ੍ਰਾਮੀਣ ਜ਼ਰਾਇਤੀ ਸਮਾਜ ਵਾਲੀਆਂ ਹੀ ਕਦਰਾਂ-ਕੀਮਤਾਂ ਨਾਲ ਗ੍ਰਹਿਣੇ ਗ੍ਰਸੇ ਸਮਾਜ ਵਿੱਚ ਔਰਤ ਦੀ ਸਥਿਤੀ ਵੀ ਗਊਸ਼ਾਲਾ ਵਿੱਚ ਬੱਝੀਆਂ ਗਾਵਾਂ ਵਾਲੀ ਹੀ ਹੈ, ਜਿਨ੍ਹਾਂ ਦਾ ਰੱਸਾ ਜਦ ਚਾਹੋ ਅਤੇ ਜਿਹਨੂੰ ਚਾਹੋ, ਉਹਦੇ ਬਿਨਾਂ ਉਜ਼ਰ-ਰੋਸ ਦੇ ਫੜਾ ਦਿੱਤਾ ਜਾਂਦਾ ਅਤੇ ਦੋਹਾਂ ਦੀ ਸਾਰਥਿਕਤਾ ਵੀ ਦੁੱਧੀਂ-ਪੁੱਤੀਂ ਨ੍ਹਾਉਣ ਨਲ੍ਹਾਉਣ ਦੇ ਕਰਤੱਵ ਤੀਕ ਹੀ ਸੀਮਿਤ ਕਰ ਦਿੱਤੀ ਜਾਂਦੀ ਹੈ।”
‘ਰਾਖੇ’ ਸਾਡੇ ਉਸ ਸਮਾਜੀ ਵਾਤਾਵਰਣ ਦੀ ਲਖਾਇਕ ਹੈ, ਜਿਸ ਵਿੱਚ ਅਸੀਂ ਗੁਆਂਢੀਆਂ ਦੇ ਧੀਆਂ ਪੁੱਤਾਂ ਦਾ ਲੋੜੋਂ ਵੱਧ ਫ਼ਿਕਰ ਕਰਦੇ ਹਾਂ ਅਤੇ ਉਹਨਾਂ ਦੀ ਨਿੱਕੀ ਤੋਂ ਨਿਕੱੀ ਹਰਕਤ ਅਤੇ ਮੇਲ-ਮਿਲਾਪ ਤੇ ਪੂਰੀ ਨਜ਼ਰ ਰੱਖਦੇ ਹਾਂ ਅਤੇ ਉਹਨਾਂ ਨੂੰ ਰਵਾਇਤੀ ਵਿਆਹ ਦੇ ਧਿੰਗੋਜ਼ੋਰੀ ਦੇ ਰਿਸ਼ਤੇ ਤੋਂ ਬਿਨਾਂ ਆਪਸੀ ਸੰਪਰਕ ਜਾਂ ਚੋਣ ਦੀ ਹੋਰ ਕੋਈ ਖੁੱਲ੍ਹ ਨਹੀਂ ਦਿੰਦੇ। ਸੰਬੰਧਿਤ ਧਿਰਾਂ ਦੀ ਮਰਜ਼ੀ ਤੋਂ ਬਿਨਾਂ ਹੋਰਨਾਂ ਵਡਾਰੂਆਂ ਵਿਚੋਲਿਆਂ ਰਾਹੀਂ ਹੋਏ ਵਿਆਹ ਨੂੰ ਅੰਮ੍ਰਿਤਾ ਹੋਰੀਂ ਦੋ ਜੁਆਨੀਆਂ ਨੂੰ ਇੱਕ ਦੂਜੇ ਦੇ ਗਲ ਪੁਆ ਕੇ ‘ਮੱਲੋ ਮੱਲੀ ਦਾ ਇਸ਼ਕ’ ਲਭਾਉਣ ਵਾਲੀ ਗੱਲ ਆਖਦੇ ਹਨ। ਕਹਿਣ ਦੀ ਲੋੜ ਨਹੀਂ, ਜਿਸ ਵਿੱਚ ਕਿਸੇ ਵੀ ਕਿਸਮ ਦੀ ‘ਮੱਲੋ ਮੱਲੀ’ ਦਾ ਦਖ਼ਲ ਹੋਵੇ, ਉਹ ਹੋਰ ਕੁੱਝ ਵੀ ਪਿਆ ਹੋਵੇ, ਇਸ਼ਕ ਕਤਈ ਨਹੀਂ ਹੁੰਦਾ।
‘ਅੰਨਦਾਤਾ’ ਪਰੰਪਰਕ ਵਿਆਹ-ਪ੍ਰਬੰਧ ਵਿੱਚ ਪਤੀ ਹੈ, ਜੋ ਆਪਣੀ ਪਤਨੀ ਨੂੰ ਰੋਟੀ ਕੱਪੜੇ ਜਿਹੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰ ਕੇ ਇੱਕ ਜਿਣਸ ਵਾਂਗ ਕਿਸੇ ਵੀ ਤਰ੍ਹਾਂ ਵਰਤਣ ਦਾ ਸਮਾਜਕ, ਕਾਨੂੰਨੀ ਅਤੇ ਅਖੌਤੀ ਸਦਾਚਾਰ ਅਨੁਸਾਰ ਹੱਕਦਾਰ ਹੋ ਜਾਂਦਾ। ਇਸ ਨਜ਼ਮ ਵਿੱਚ ਕੁੱਝ ਇਸ ਤਰ੍ਹਾਂ ਦੇ ਕਥਨ ਹਨ:
ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਹੈ ਤੇਰਾ ਅੰਨ,
ਤੂੰ ਇੱਕ ਲਾਵੇ ਤੋਂ ਵੱਧ ਕੁੱਝ ਨਹੀਂ,
ਜਿੰਨਾ ਚਾਹੇਂ ਉੱਬਲ ਲੈ,
ਮੈਂ ਇੱਕ ਬੁਰਕੀ ਤੋਂ ਵੱਧ ਕੁੱਝ ਨਹੀਂ,
ਜਿਵੇਂ ਚਾਹੇਂ ਨਿਗਲ ਲੈ
ਪਿਆਰ!
ਹਾਂ ਇਹ ਤੇਰੇ ਕੰਮ ਦੀ ਸ਼ੈਅ ਨਹੀਂ।
ਅੰਮ੍ਰਿਤਾ ਹੋਰਾਂ ਦੀ ਅਗਲੇਰੀ ਸ਼ਾਇਰੀ ਅਤੇ ਜ਼ਿੰਦਗੀ ਮੋਢਿਆਂ ਤੇ ਜਗਦੇ ਮਘਦੇ ਸਿਰ ਅਤੇ ਗੋਡਿਆਂ ਦੇ ਹੇਠ ਆਪਣਾ ਭਾਰ ਆਪ ਚੁੱਕ ਕੇ ਸੁਤੰਤਰਤਾ ਨਾਲ ਤੁਰ ਫ਼ਿਰ ਸਕਣ ਵਾਲੇ ਪੈਰਾਂ ਦੀ ਦਾਸਤਾਨ ਹੈ।
ਅੰਮ੍ਰਿਤਾ ਪ੍ਰੀਤਮ ਹੋਰਾਂ ਵੱਲੋਂ ਰਵਾਇਤੀ ਵਿਆਹ ਪ੍ਰਬੰਧ ਵਿਰੁੱਧ ਵਿਦ੍ਰੋਹ ਆਪਣੇ ਆਪ ਨੂੰ ਪਿਆਰ-ਵਿਹੂਣੇ ਮਰਦ ਦੀ ਸੇਵਾ ਵਿੱਚ ਇੱਕ ਭੋਗੀ ਜਾਣ ਵਾਲੀ ਵਸਤੂ ਵਜੋਂ ਪਰੋਸੇ ਜਾਣ ਤੋਂ ਇਨਾਕਰ ਹੈ।
ਜੇਹੜੇ ਲੋਕਾਂ ਨੂੰ ਇਸ ਜ਼ਹਿਮਤ-ਜ਼ਲਾਲਤ ਵਾਲੀ ਜ਼ਿੰਦਗੀ ਨੂੰ ਖੈਰਬਾਦ ਕਹਿ ਕੇ ਇੱਕ ਨਵੀਂ ਸ਼ੁਰੂਆਤ ਦੀ ਜੁਰਅੱਤ ਕਰਨ ਦਾ ਕਰਮ ਸਦਾਚਾਰ ਵਿਰੋਧੀ ਜਾਪਦਾ ਹੈ, ਉਹਨਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਫ਼ੇਰਨ ਦੀ ਜ਼ਰੂਰਤ ਹੈ।
ਦਰਅਸਲ ਪੰਜਾਬੀ ਭਾਈਚਾਰਾ ਪ੍ਰੇਮ-ਪਿਆਰ ਦੇ ਸੰਬੰਧ ਵਿੱਚ ਮਹਾਂ-ਦੰਭੀ ਲੋਕਾਂ ਦਾ ਭਾਈਚਾਰਾ ਹੈ। ਅਸੀਂ ਹੀਰ, ਸਾਹਿਬਾਂ, ਸੋਹਣੀ ਦੀ ਗਾਥਾ ਦਾ ਗਾਇਨ ਕਰਦੇ ਨਹੀਂ ਥੱਕਦੇ। ਪਰ ਸਾਡਾ ਇਹ ਕੀਰਤੀ-ਗਾਇਨ ਕੇਵਲ ਜ਼ੁਬਾਨੀ ਜਮ੍ਹਾਂ ਖ਼ਰਚ ਹੀ ਹੈ।
ਸਾਡੀਆਂ ਪ੍ਰੇਮ-ਕਹਾਣੀਆਂ ਦੀਆਂ ਇਹ ਵਿਆਹੁਤਾ ਜਾਂ ਵਿਾਅਹ ਦੀ ਦੰਦੀ ‘ਤੇ ਖੜ੍ਹੀਆਂ ਇਹਨਾਂ ਨਾਰਾਂ ਦੀ ਸਾਡੇ ਅਮਲੀ ਸਮਾਜੀ ਜੀਵਨ ਵਿੱਚ ਕੀ ਹੈਸੀਅਤ ਹੈ? ਮਹਿਜ਼ ੳੱਧਲੀਆਂ ਹੋਈਆਂ ਔਰਤਾਂ!
ਸਾਡੇ ਇੱਕ ਬਜ਼ੁਰਗ ਸ: ਕਰਮ ਸਿੰਘ ਹਿਸਟੋਰੀਅਨ ਨੇ ਪੰਜਾਬੀ ਕਿੱਸਿਆਂ ਨੂੰ ਵਿਗੜੇ ਹੋਏ ਮੁੰਡੇ ਕੁੜੀਆਂ ਦੀਆਂ ਪ੍ਰੇਮ-ਕਹਾਣੀਆਂ ਕਹਿ ਕੇ ਰੱਦ ਕੀਤਾ ਸੀ। ਸ: ਕਰਮ ਸਿੰਘ ਹਿਸਟੋਰੀਅਨ ਹੋਰਾਂ ਨਾਲ ਅਸਹਿਮਤ ਹੋਇਆ ਜਾ ਸਕਦਾ ਹੈ। ਪਰ ਉਹਨਾਂ ਨੂੰ ਦੰਭੀ ਕਤਈ ਨਹੀਂ ਕਿਹਾ ਜਦ ਸਕਦਾ।
ਪਰ ਕਰਮ ਸਿੰਘ ਹੋਰਾਂ ਦੇ ਵਰਤਮਾਨ ਵਾਰਿਸ ਆਪਣੀਆਂ ਪ੍ਰੇਮ-ਨਾਇਕਾਵਾਂ ਅਤੇ ਗੀਤਾਂ ਤੇ ਝੂੰਮਣ ਜੋਗੇ ਹੀ ਹਨ ਅਤੇ ਜੇ ਆਪਣੇ ਘਰ-ਪਰਿਵਾਰ ਵਿੱਚ ਕਿਸੇ ਧੀ-ਭੈਣ ਦੇ ਪ੍ਰੇਮ ਦੀ ਭਿਣਕ ਵੀ ਪੈ ਜਾਵੇ ਤਾਂ ਉਸਨੂੰ ਹੋੜਨ ਹਟਕਣ ਲਈ ਹਰ ਕਿਸਮ ਦੇ ਹੋਛੇ ਹਰਬਿਆਂ ਤੇ ਉੱਤਰ ਆਉਂਦੇ ਹਨ।
ਅੰਮ੍ਰਿਤਾ ਪ੍ਰੀਤਮ ਪਹਿਲੀਆਂ ਦੇ ਟਾਕਰੇ ਤੇ ਆਪਣੀ ਹੀ ਵਚਿੱਤਰ, ਅਨੂਪਮ ਅਤੇ ਸੰਪੂਰਨ ਪ੍ਰੇਮ-ਕਹਾਣੀ ਦੀ ਨੂਤਨ ਨਾਇਕਾ ਹੈ। ਉਹਨੇ ਕਿਸੇ ਸਾਹਿਬਾਂ ਵਾਂਗ ਆਪਣੇ ਮਿਰਜ਼ੇ ਦੇ ਤੀਰ ਨਹੀਂ ਤੋੜੇ। ਹੀਰ ਵਾਂਗ ਆਪਣੇ ਰਾਂਝੇ ਦੀ ਸਮਾਜਕ ਪਰਵਾਨਗੀ ਅੱਗੇ ਸਿਰ ਝੁਕਾ ਕੇ ਉਹਨੂੰ ਆਪਣੇ ਪਿੰਡੋਂ ਜੰਜ ਲਿਆਉਣ ਲਈ ਨਹੀਂ ਟੋਰਿਆ। ਅੰਮ੍ਰਿਤਾ ਪ੍ਰੀਤਮ ਨੇ ਮੌਤ ਨਹੀਂ, ਸ਼ਾਨਾਂਮੱਤੀ ਸਵੈਮਾਨੀ ਜ਼ਿੰਦਗੀ ਦਾ ਰਾਹ ਚੁਣਿਆ ਤੇ ਉਹ ਆਪਣੇ ਸਮਕਾਲੀਆਂ ਅਤੇ ਪਰਵਰਤੀ ਨਰ-ਨਾਰੀਆਂ ਲਈ ਇੱਕ ਚਾਨਣ ਮੁਨਾਰਾ ਬਣੀ ਖੜ੍ਹੀ ਹੈ।
ਇਹ ਸਭ ਕੁੱਝ ਸਹਿਜ ਜਾਂ ਸੁਭਾਵਕ ਤੌਰ ਤੇ ਨਹੀਂ, ਸਗੋਂ ਬੜੇ ਦੁਰਗਮ ਰਾਹਾਂ ਵਿੱਚੀਂ ਗੁਜ਼ਰਨ ਤੋਂ ਬਾਅਦ ਹੀ ਵਾਪਰਿਆ ਸੀ।
ਅੰਮ੍ਰਿਤਾ ਨਾਲ ਆਪਣੀ ਦੋਸਤੀ ਬਾਰੇ ਇਮਰੋਜ਼ ਬੜੀ ਨਿਮਰਤਾ ਨਾਲ ਕਿਹਾ ਕਰਦੇ ਹਨ: ਇੱਕ ਤਜਰਬਾ ਕੀਤਾ ਸੀ ਅਤੇ ਬੱਸ ਕਾਮਯਾਬ ਹੋ ਗਿਆ। ਹਰ ਰਿਸ਼ਤਾ ਆਪਣੇ ਸ਼ੁਰੂਆਤੀ ਦੌਰ ਵਿੱਚ ਇੱਕ ਤਜਰਬਾ ਹੀ ਹੋਇਆ ਕਰਦਾ ਹੈ। ਇਸ ਤਜਰਬੇ ਨੂੰ ਪਾਇ-ਤਕਮੀਲ ਤੱਕ ਪਹੁੰਚਾਉਣ ਲਈ ਅੰਮ੍ਰਿਤਾ ਇਮਰੋਜ਼ ਹੋਰਾਂ ਨੂੰ ਸਮਾਜੀ ਆਰਥਿਕ ਔਕੜਾਂ ਤੋਂ ਬਿਨਾਂ ਜਿਹਨਾਂ ਜ਼ੇਹਨੀ-ਜਜ਼ਬਾਤੀ ਕਸ਼ਕਮਸ਼ਾਂ ਵਿਚੀਂ ਗੁਜ਼ਰਨਾ ਪਿਆ ਹੈ, ਉਹਨਾਂ ਦਾ ਵੇਰਵਾ ਅੰਮ੍ਰਿਤਾ ਹੋਰਾਂ ਦੀਆਂ ਸਵੈ-ਜੀਵਨੀ ਪਰਕ ਲਿਖ਼ਤਾਂ ਵਿੱਚ ਦਰਜ ਹੈ।
ਇਸ ਰਿਸ਼ਤੇ ਦੀ ਰਚਨਾ ਤੱਕ ਅੰਮ੍ਰਿਤਾ ਜੀ, ਜਿਨ੍ਹਾਂ ਦੋਸਤੀਆਂ ਦੇ ਅਨੁਭਵ ਵਿੱਚੀਂ ਗੁਜ਼ਰੇ ਸਨ, ਉਹ ਆਪੋ ਆਪਣੀ ਥਾਂ ਮਹੱਤਵਪੂਰਨ ਹਨ। ਪਰ ਅੰਮ੍ਰਿਤਾ ਹੋਰਾਂ ਦੀ ਜ਼ਿੰਦਗੀ ਵਿੱਚ ਹੋਏ ਵਾਪਰਿਆਂ ਦੇ ਨਾਲੋ ਨਾਲ ਅਣਹੋਏ ਰਿਸ਼ਤਿਆਂ ਦਾ ਵੀ ਬਹੁਤ ਬੜਬੋਲਾ ਦਖ਼ਲ ਰਿਹਾ ਹੈ। ਇੱਥੇ ਅਸੀਂ ਉਹਨਾਂ ਵਿੱਚੋਂ ਕੇਵਲ ਇੱਕ, ਅੰਮ੍ਰਿਤਾ ਹੋਰਾਂ ਨਾਲ ਆਪਣੇ ਵੇਲਿਆਂ ਦੇ ਸ਼ਿਰੋਮਣੀ ਕਵੀ ਮੋਹਨ ਸਿੰਘ ਦੁਆਰਾ ਕਲਪਿਤ ਪ੍ਰੇਮ-ਕਹਾਣੀ ਬਾਰੇ ਹੀ ਗੱਲ ਕਰਨੀ ਚਾਹਾਂਗੇ।
ਇਸ ਬਾਰੇ ਉਰਮਿਲਾ ਜੀ ਆਪਣੇ ਵਿਚਾਰ ਅਧੀਨ ਲੇਖ ਵਿੱਚ ਲਿਖਦੇ ਹਨ, “ਮੋਹਨ ਸਿੰਘ ਮਾਹਿਰ ਹੋਰਾਂ ਪ੍ਰੀਤ ਨਗਰ ਦੀ ਛੋਟੀ ਫ਼ੇਰੀ ਦੀ ਨਿੱਕੀ ਜੇਹੀ ਮੁਲਾਕਾਤ ਨੁੰ ਆਪਣੀ ਅਤੇ ਅੰਮ੍ਰਿਤਾ ਜੀ ਦੀ ਪ੍ਰੀਤ ਕਹਾਣੀ ਵਿੱਚ ਬਦਲਣਾ ਚਾਹਿਆ, ਆਪਣੇ ਘਰ ਅੰਮ੍ਰਿਤਾ ਜੀ ਦੀ ਤਸਵੀਰ ਟੰਗ ਟੰਗ ਆਪਣੀਆਂ ਇਸ਼ਕ ਦੀਆਂ ਕਹਾਣੀਆਂ ਪਾਈਆਂ।”
ਇਹ ਤਸਵੀਰ ਮੋਹਨ ਸਿੰਘ ਹੋਰਾਂ ਦੇ ਘਰ ਸਜੀ, ਮੈਂ ਵੀ ਦੇਖੀ ਹੈ। ਇਸ ਤਸਵੀਰ ਦੀ ਪ੍ਰਾਪਤੀ ਦੇ ਚਸ਼ਮਦੀਦ ਗਵਾਹ ਉਰਮਿਲਾ ਦੇ ਵੱਡੇ ਵੀਰ ਸੁਰਗਵਾਸੀ ਸ: ਨਵਤੇਜ ਸਿੰਘ ਤੇ ਨਾਵਲਕਾਰ ਸੁਰਿੰਦਰ ਸਿੰਘ ਨਰੂਲਾ ਹੋਰੀਂ ਸਨ।
ਨਵਤੇਜ ਸਿੰਘ ਹੋਰੀਂ ਦੱਸਦੇ ਹੁੰਦੇ ਸਨ ਕਿ ਮੋਹਨ ਸਿੰਘ ਹੋਰੀਂ ਇਹ ਤਸਵੀਰ ਲਾਹੌਰ ਦੇ ਇੱਕ ਸਟੂਡੀਓ ਵਾਲੇ ਤੋਂ ਲੈ ਕੇ ਆਪਣੇ ਘਰ ਲਾਈ ਸੀ ਅਤੇ ਹਰ ਆਉਣ ਜਾਣ ਵਾਲੇ ਨੂੰ ਮੋਹਨ ਸਿੰਘ ਹੋਰੀਂ ਇਹ ਦੱਸਿਆ ਕਰਦੇ ਸਨ ਕਿ ਇਹ ਖੁਦ ਅੰਮ੍ਰਿਤਾ ਨੇ ਉਹਨਾਂ ਨੂੰ ਭੇਂਟ ਕੀਤੀ ਸੀ।
ਨਵਤੇਜ ਹੋਰੀਂ ਅਗਾਂਹ ਦੱਸਿਆ ਕਰਦੇ ਸਨ ਕਿ ਮੋਹਨ ਸਿੰਘ ਹੋਰਾਂ ਇਸ ਸਿਆਹ-ਸਫ਼ੈਦ ਤਸਵੀਰ ਵਿੱਚ, ਕੁੱਝ ਸਮਾਂ ਬਾਅਦ ਰੰਗ ਭਰਵਾਏ ਸਨ। ਮਗਰੋਂ ਇਸ ਰੰਗਦਾਰ ਤਸਵੀਰ ਬਾਰੇ ਨਵਤੇਜ ਅਤੇ ਨਰੂਲਾ ਜੀ ਨੂੰ ਵੀ ਇਹ ਕਹਿਣ ਲੱਗ ਪਏ ਸਨ ਕਿ ਇਹ ਤਸਵੀਰ ਅੰਮ੍ਰਿਤਾ ਜੀ ਵੱਲੋਂ ਭੇਟਾ ਕੀਤੀ ਗਈ ਹੈ।
ਇਹ ਤਾਂ ਹੋਈ ਅੰਮ੍ਰਿਤਾ ਜੀ ਦੀ ਮਹਿਜ਼ ਤਸਵੀਰ ਦੀ ਗੱਲ। ਪਰ ਨਰੂਲਾ ਜੀ ਤਾਂ ਅੰਮ੍ਰਿਤਾ ਜੀ ਹੋਰਾਂ ਦੀ ਗਰੁੱਪ ਫ਼ੋਟੋ ਵਿੱਚ ਦਿੱਸਣ ਲਈ ਇਸ ਤੋਂ ਵੀ ਵੱਡਾ ਕ੍ਰਿਸ਼ਮਾ ਕਰ ਗਏ ਸਨ। ਮੇਰੇ ਦੋਸਤ ਸੁਰਜੀਤ ਪਾਤਰ ਅਤੇ ਅਮਰਜੀਤ ਗਵਾਹ ਹਨ ਕਿ ਇੱਕ ਵਾਰ ਨਰੂਲਾ ਜੀ ਇੱਕ ਤਸਵੀਰ ਲਿਆਏ ਸਨ, ਜਿਸ ਵਿੱਚ ਅੰਮ੍ਰਿਤਾ ਜੀ ਮਾਈਕ ਸਾਹਮਣੇ ਖਲੋ ਕੇ ਕਵਿਤਾ ਪੜ੍ਹ ਰਹੇ ਹਨ। ਬੈਠੈ ਹੋਏ ਹੋਰ ਸੱਜਣਾਂ ਵਿੱਚ ਸੁਰਿੰਦਰ ਸਿੰਘ ਨਰੂਲਾ ਜੀ ਦੇ ‘ਸਿਰ ਵਾਲਾ’ ਇੱਕ ਹੋਰ ਪ੍ਰਾਣੀ ਵੀ ਸੁਭਾਇਮਾਨ ਹੈ, ਜੋ ਨਰੂਲਾ ਜੀ ਅਨੁਸਾਰ ਉਹ ਖੁਦ ਹਨ ਅਤੇ ਉਹਨਾਂ ਨੇ ਵੀ ਅੰਮ੍ਰਿਤਾ ਹੋਰਾਂ ਨਾਲ ਇਸ ਮੁਸ਼ਾਇਰੇ ਵਿੱਚ ਕਵਿਤਾ ਪੜ੍ਹੀ ਸੀ। ਪਰ ਨਰੂਲਾ ਜੀ ਦੇ ਸਿਰ ਵਾਲੀ ਤਸਵੀਰ ਵਿੱਚ ਜ਼ਾਹਿਰਾ ਤੌਰ ‘ਤੇ ਇੱਕ ਗੱਲ ਬੜੀ ਅਟਪਟੀ ਹੈ, ਉਹਨਾਂ ਦਾ ਸਿਰ ਤਸਵੀਰ ਵਿੱਚ ਧੜ ਦੀ ਅਨੁਪਾਤ ਵਿੱਚ ਬੇਢੱਬੀ ਹੱਦ ਤੀਕ ਵੱਡਾ ਹੈ। ਰਤਾ ਕੁ ਧਿਆਨ ਨਾਲ ਵੇਖਣ ਤੋਂ ਬਾਅਦ ਪਤਾ ਲੱਗਾ ਕਿ ਇਹ ਸੀਸ ਤਸਵੀਰ ਵਿਚਲੇ ਕਿਸੇ ਹੋਰ ਦੇ ਧੜ ਨਾਲੋਂ ਕੱਟੇ ਹੋਏ ਸਿਰ ਦੀ ਥਾਂ ਜੋੜਿਆ ਗਿਆ ਹੈ। ਇਹ ਜੋੜ ਬੜੇ ਧਿਆਨ ਨਾਲ ਲਾਇਆ ਗਿਆ ਹੋਣ ਦੇ ਬਾਵਜੂਦ ਉਂਗਲੀ ਫ਼ੇਰਨ ਤੇ ਰੜਕਦਾ ਹੈ।
ਜਦੋਂ ਦੂਜੇ ਦਿਨ ਅਸੀਂ ਨਰੂਲਾ ਜੀ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਤਾਂ ਉਹ ਤਸਵੀਰ ਤਾਂ ਵਾਪਸ ਲੈ ਗਏ ਪਰ ਅਗਲੇ ਦਿਨ ਓਸੇ ਤਸਵੀਰ ਦਾ ਨੈਗੇਟਿਵ ਬਣਵਾ ਕੇ ਉਹਦਾ ਇੱਕ ਹੋਰ ਉਤਾਰਾ ਸਾਨੂੰ ਭੇਂਟ ਕਰ ਗਏ, ਜਿਸ ਵਿਚਲਾ ਸਿਰ ਦਾ ਜੋੜ ਤਾਂ ਉਂਗਲੀ ਦੀ ਛੋਹ ਨੂੰ ਰੜਕਣੋਂ ਹਟ ਗਿਆ ਸੀ, ਪਰ ਉਸ ਦਾ ਧੜ ਦੇ ਟਾਕਰੇ ਤੇ ਆਕਾਰ ਹਾਲੇ ਵੀ ਬੇਮੇਚਾ ਲਗਦਾ ਹੈ।
ਸੋ, ਦੋਸਤੋ ਜ਼ਾਹਿਰ ਹੈ ਕਿ ਅੰਮ੍ਰਿਤਾ ਜੀ ਦੇ ਕ੍ਰਿਜ਼ਮੇ ਨੇ ਸਾਡੇ ਬਜ਼ੁਰਗਾਂ ਕੋਲੋਂ ਬੜੇ ਬੜੇ ਕ੍ਰਿਸ਼ਮੇ ਕਰਵਾਏ ਹਨ।
ਅੰਮ੍ਰਿਤਾ-ਮੋਹਨ ਸਿੰਘ ਹੋਰਾਂ ਦੀ ਕਪੋਲ ਕਲਪਿਤ ਕਹਾਣੀ ਏਨੀ ਵਿਸ਼ਾਲ ਪੱਧਰ ਤੇ ਪ੍ਰਚਾਰੀ ਗਈ ਸੀ ਕਿ ਮੈਂ ਵੀ ਇਸ ਨੂੰ ਸੱਚ ਮੰਨਣ ਵਾਲਿਆਂ ਵਿੱਚੋਂ ਹੀ ਹੋਇਆ ਕਰਦਾ ਸਾਂ।
ਇੱਕ ਮੁਲਾਕਾਤ ਦੌਰਾਨ ਜਦੋਂ ਹਾਸੇ ਹਾਸੇ ਦੌਰਾਨ ਹੀ ਇਸ ਗੱਲ ਦਾ ਜ਼ਿਕਰ ਹੋਇਆ ਤਾਂ ਅੰਮ੍ਰਿਤਾ ਪ੍ਰੀਤਮ ਇੱਕ ਦਮ ਗੰਭੀਰ ਹੋ ਕੇ ਕਹਿਣ ਲੱਗੇ, “ਸਾਧੂ ਸਿੰਘ ਜੀ, ਮੋਹਨ ਸਿੰਘ ਸਿਰਫ਼ ਮੇਰੇ ਡਰਾਇੰਗ ਰੂਮ ਦਾ ਗੈਸਟ ਸੀ। ਜਿੱਥੇ ਬੈਠ ਕੇ ਅੱਜ ਤੁਸੀਂ ਅਤੇ ਦੇਵ ਗੱਲਾਂ ਕਰਦੇ ਰਹੇ ਹੋ, ਉਸ ਥਾਂ ਤੱਕ ਮੋਹਨ ਸਿੰਘ ਦੀ ਰਸਾਈ ਨਹੀਂ ਸੀ।”
ਪਰ ਮੇਰੀ ਹਾਲੇ ਵੀ ਤਸਲੱੀ ਨਹੀਂ ਸੀ ਹੋ ਰਹੀ। ਮੈਂ ਉਹਨਾਂ ਨੂੰ ਨਿੱਜੀ ਅਨੁਭਵ ਦੇ ਆਧਾਰ ਤੇ ਇਹ ਗੱਲ ਕਹੀ ਕਿ ਮੁਹੱਬਤ ਇੱਕ ਪਾਸੜ ਵੀ ਤਾਂ ਹੋ ਸਕਦੀ ਹੈ ਅਤੇ ਅਜੇਹੀ ਮੁਹੱਬਤ ਵੀ ਕਿਸੇ ਧੁਰ ਅੰਦਰਲੀਆਂ ਡੂੰਘਾਣਾਂ ਤੱਕ ਭਾਵਿਤ ਅਤੇ ਪ੍ਰਭਾਵਤਿ ਕਰ ਸਕਦੀ ਹੈ। ਸਾਡੇ ਅਤੇ ਸਾਡੇ ਤੋਂ ਪਹਿਲੇ ਵੇਲਿਆਂ ਵਿੱਚ ਪਰਸਪਰ ਸੰਪਰਕ ਦੇ ਮੌਕੇ ਤਾਂ ਨਾ ਹੋਣ ਦੇ ਬਰੋਬਰ ਹੀ ਹੁੰਦੇ ਸਨ। ਬਹੁਤ ਕੁੱਝ ਅਮਲ ਦੀ ਥਾਂ ਚਿੱਤ ਵਿੱਚ ਹੀ ਵਾਪਰਦਾ ਹੁੰਦਾ ਸੀ। ਇਹ ਸੁਣ ਕੇ ਅੰਮ੍ਰਿਤਾ ਜੀ ਨੇ ਕਿਹਾ ਸੀ, “ਤੁਸੀਂ ਜਿਸ ਅਜ਼ੀਮ ਅਹਿਸਾਸ ਦੀ ਗੱਲ ਕਰਦੇ ਹੋ, ਜੇ ਮੋਹਨ ਸਿੰਘ ਦੇ ਮਨ ਵਿੱਚ ਮੇਰੇ ਲਈ ਉਹ ਹੁੰਦਾ ਤਾਂ ਇੱਕ ਔਰਤ ਦੇ ਤੌਰ ਤੇ ਮੈਨੂੰ ਉਸ ਤੇ ਫਖ਼ਰ ਹੁੰਦਾ। ਪਰ ਇਸ ਸੂਰਤ ਵਿੱਚ ਮੋਹਨ ਸਿੰਘ ਮੇਰੇ ਬਾਰੇ ਉਸ ਕਿਸਮ ਦੀਆਂ ਹਲਕੀਆਂ ਗੱਲਾਂ ਨਹੀਂ ਸੀ ਕਰ ਸਕਦੇ, ਜੇਹੋ ਜਿਹੀਆਂ ਉਹ ਕਰਦੇ ਰਹਿੰਦੇ ਸੀ।”
ਏਸ ਤੋਂ ਬਾਅਦ ਘੱਟੋ ਘੱਟ ਮੇਰੇ ਲਈ ਤਾਂ ਹੋਰ ਕਿਸੇ ਪੁੱਛ-ਗਿੱਛ ਦੀ ਹਿਮਾਕਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ ਰਹਿ ਗਈ।
ਜਦੋਂ ਅੰਮ੍ਰਿਤਾ ਜੀ ਹੋਰੀਂ ‘ਰਸੀਦੀ ਟਿਕਟ’ ਵਿੱਚ ਇਸ ਗੱਲ ਦਾ ਸਾਰਾ ਹੀਜ ਪਿਆਜ਼ ਖੋਲ੍ਹ ਦਿੱਤਾ ਸੀ ਤਾਂ ਮੋਹਨ ਸਿੰਘ ਹੋਰਾਂ ਅੰਮ੍ਰਿਤਾ ਹੋਰਾਂ ਨੂੰ ਇਹ ਕਿਹਾ ਸੀ, “ਇੱਕ ਭਰਮ ਜਿਹਾ ਬਣਿਆ ਹੋਇਆ ਸੀ, ਕਾਹਨੂੰ ਤੋੜਨਾ ਸੀ, ਬਣਿਆ ਰਹਿਣ ਦਿੰਦੇ।”
ਇਸ ਤੋਂ ਕੁੱਝ ਚਿਰ ਬਾਅਦ ਮੋਹਨ ਸਿੰਘ ਹੋਰਾਂ ਇੱਕ ਨਜ਼ਮ ਲਿਖੀ ਸੀ, ਜਿਸ ਦੇ ਸ਼ੁਰੂਆਤੀ ਬੋਲ ਕੁੱਝ ਇਸ ਤਰ੍ਹਾਂ ਦੇ ਸਨ:
“ਅੱਧੀ ਬੀਤ ਗਈ ਏ ਵਾਅਦਿਆਂ ਤੇ ਲਾਰਿਆਂ ਦੇ ਨਾਲ।”
“ਬਾਕੀ ਕੱਟ ਲਾਂ ਗੇ ਯਾਦਾਂ ਦੇ ਸਹਾਰਿਆਂ ਦੇ ਨਾਲ।”
ਮੈਂ ਸੋਚਦਾ ਹਾਂ ਜੇ ਪਹਿਲੀ ਅੱਧੀ ਵਿੱਚ ਵੀ ਵਾਅਦੇ ਅਤੇ ਲਾਰੇ ਹੀ ਸਨ ਤਾਂ ਪ੍ਰੋਫ਼ੈੱਸਰ ਸਾਹਿਬ ਹੋਰਾਂ ਆਪਣੀ ਪਿਛਾੜ ਨੂੰ ਕਾਹਦੀਆਂ ਯਾਦਾਂ ਦੇ ਠੁੰਮ੍ਹਣੇ ਦਿੱਤੇ ਹੋਣਗੇ?
ਇਸ ਨਜ਼ਮ ਵਿੱਚ ਉਹਨਾਂ ਇਸ ਗੱਲ ਦਾ ਵੀ ਪਛਤਾਵਾ ਕੀਤਾ ਸੀ ਕਿ ਜੇ ‘ਕੱਚੀ ਕੁੱਲੀ ਸੰਗ ਪ੍ਰੀਤ’ ਪਾਉਂਦੇ ਤਾਂ ਸ਼ਾਇਦ ਉਹਨਾਂ ਨੂੰ ਮੁਹੱਬਤ ਦੇ ਕੁੱਝ ਠੋਸ ਅਨੁਭਵ ਵੀ ਹੰਢਾਉਣ ਨੂੰ ਮਿਲ ਸਕਦੇ, ਪਰ ਉਹ ਤਾਂ ‘ਮੱਥਾ ਭੰਨ ਬੈਠੇ’ ਸਨ, ‘ਦਿੱਲੀ ਦੇ ਮੁਨਾਰਿਆਂ ਦੇ ਨਾਲ।’ ਤੇ ਬਾਅਦ ਵਿੱਚ ਪਤਾ ਨਹੀਂ ਆਪਣੀ ਕਿਹੜੀ ਦੁਖਦੀ ਰਗ ਨੂੰ ਸ਼ਾਂਤ ਕਰਨ ਲਈ, ਆਪਣੀ ਪਤਨੀ ਦੇ ਸੁਝਾਓ ਤੇ ਉਨ੍ਹਾਂ ਨੇ ‘ਮੁਨਾਰਿਆਂ’ ਨੂੰ ‘ਚੁਬਾਰਿਆਂ’ ਕਰ ਦਿੱਤਾ ਸੀ।
ਕੁਝ ਇਸ ਪ੍ਰਥਾਇ ਹੀ ਸੁਰਗਵਾਸੀ ਡਾ: ਵਿਸ਼ਵਨਾਥ ਤਿਵਾੜੀ ਨੇ ਆਪਣੇ ਕੋਲ ਕੁੱਝ ‘ਪ੍ਰਮਾਣਾਂ’ ਦੀ ਗੱਲ ਕੀਤੀ ਸੀ, ਜਿਨ੍ਹਾਂ ਬਾਰੇ ਅੰਮ੍ਰਿਤਾ ਜੀ ਨੇ ‘ਨਾਗਮਣੀ’ ਵਿੱਚ ‘ਕਬਰਾਂ ਦੀ ਗਵਾਹੀ’ ਦੇ ਸਿਰਲੇਖ ਹੇਠ ਮੰਗ ਕੀਤੀ ਸੀ ਕਿ ਤਿਵਾੜੀ ਜੀ ਉਹਨਾਂ ਦੇ ਜੀਊਂਦੇ ਜੀਅ ਛਾਪਣ ਦੀ ਜੁਰਅੱਤ ਕਰਨ। ਮੋਇਆਂ ਦੇ ਮਗਰੋਂ ਉਹਨਾਂ ਦੇ ਸੱਚ ਜਾਂ ਝੂਠ ਹੋਣ ਦੀ ਗਵਾਹੀ ਕਬਰਾਂ ਤਾਂ ਦੇ ਨਹੀਂ ਸਕਣਗੀਆਂ। ਤਿਵਾੜੀ ਜੀ ਕੋਲ ਇਸ ਚੁਣੌਤੀ ਦਾ ਕੋਈ ਜਵਾਬ ਨਹੀਂ ਸੀ।
ਅੰਮ੍ਰਿਤਾ ਹੋਰਾਂ ਦੇ ਜੀਊਂਦੇ ਜੀਅ ਉਹਨਾਂ ਦੇ ਵਿਅਕਤੀਤਵ ਬਾਰੇ, ਉਹਨਾਂ ਦੀ ਰਹਿਤਲ ਕਾਰਨ ਹੀ ਨਹੀਂ, ਸਗੋਂ ਉਹਨਾਂ ਦੀ ਰਚਨਾ ਦੇ ਆਧਾਰ ਤੇ ਵੀ ਫ਼ਤਵੇਬਾਜ਼ੀ ਹੁੰਦੀ ਰਹੀ ਹੈ।
ਮਿਸਾਲ ਦੇ ਤੌਰ ‘ਤੇ ਗੁਰੁ ਨਾਨਕ ਦੇਵ ਜੀ ਦੇ ਪੰਜ ਸੌਵੇਂ ਜਨਮ-ਪੁਰਬ ਦੇ ਅਵਸਰ ਤੇ ਉਹਨਾਂ ਦੀ ਨਜ਼ਮ ‘ਨੌਂ ਸੁਪਨੇ’ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਨਜ਼ਮ ਵਿੱਚ ਅੰਮ੍ਰਿਤਾ ਹੋਰੀਂ, ਆਪਣੀ ਕੁੱਖ ਵਿੱਚ ਬਾਲ ਦੇ ਨਿੰਮਣ ਦੀ ਘੜੀ ਤੋਂ ਲੈ ਕੇ ਉਸ ਦੇ ਜੰਮਣ ਤੀਕ, ਮਾਤਾ ਤ੍ਰਿਪਤਾ ਦੀ ਨਿਰੋਲ ਮਾਤਰੀ ਦ੍ਰਿਸ਼ਟੀ ਤੋਂ ਮਨੋਦਸ਼ਾ ਨੂੰ ਚਿਤ੍ਰਣ ਦੀ ਕੋਸ਼ਿਸ਼ ਕੀਤੀ ਸੀ। ਇਸ ਨਜ਼ਮ ਵਿਰੁੱਧ ਕੁੱਝ ਧਾਰਮਿਕ ਹਲਕਿਆਂ ਵੱਲੋਂ ਤਾਂ ਵਾਅ-ਵੇਲਾ ਮੱਚਿਆ ਹੀ ਸੀ ਪਰ ਦੁੱਖ ਦੀ ਗੱਲ ਇਹ ਹੈ ਕਿ ਸਾਡੇ ਮਾਣਯੋਗ ਸਾਹਿਤ ਸਮਾਲੋਚਕ ਪ੍ਰੋਫ਼ੈਸਰ ਕਿਰਪਾਲ ਸਿੰਘ ‘ਕਸੇਲ’ ਹੋਰੀਂ ਅੰਮ੍ਰਿਤਾ ਨੂੰ ‘ਕਾਮ ਦੀ ਕੀੜੀ’ ਆਖਣ ਦੀ ਹੱਦ ਤੱਕ ਚਲੇ ਗਏ ਸਨ। ਇਹੋ ਜਿਹੀ ਆਲੋਚਨਾ ਦੇ ਪਿੱਛੇ ਕਿਹੋ ਜਿਹੀ ਮਾਨਸਿਕਤਾ ਹੋ ਸਕਦੀ ਹੈ, ਇਸ ਬਾਰੇ ਕਿਸੇ ਟਿੱਪਣੀ ਦੀ ਜ਼ਰੂਰਤ ਨਹੀਂ।
ਕਿਸੇ ਸਾਹਿਤ ਰਚਨਾ ਦੇ ਗੁਣ-ਦੋਸ਼ਾਂ ਬਾਰੇ ਆਲੋਚਕਾਂ ਦੀਆਂ ਵੱਖੋ-ਵੱਖਰੀਆਂ ਦ੍ਰਿਸ਼ਟੀਆਂ ਅਤੇ ਦ੍ਰਿਸ਼ਟੀਕੋਣਾਂ ਦੇ ਆਧਾਰ ਤੇ ਅੱਡੋ-ਅੱਡਰੀਆਂ ਰਾਵਾਂ ਹੋ ਸਕਦੀਆਂ ਹਨ। ਪਰੰਤੂ ਸਾਹਿਤ ਦੀ ਸਿਆਸਤ ਦੇ ਮੋਹਰੇ ਬਣ ਕੇ ਗ਼ੈਰ-ਜ਼ਿੰਮੇਵਾਰ ਗੱਲਾਂ ਕਰਨੀਆਂ ਕਤਈ ਸ਼ੋਭਾ ਨਹੀਂ ਦਿੰਦੀਆਂ। ਸੱਤਰਵਿਆਂ ਵਿੱਚ ਆਲੋਚਕਾਂ ਦੇ ‘ਦਿੱਲੀ ਸਕੂਲ’ ਦੇ ਮੋਹਰੀ ਡਾ: ਹਰਿਭਜਨ ਸਿੰਘ ਅਤੇ ਉਹਨਾਂ ਦੇ ਪੈਰੋਕਾਰਾਂ ਵੱਲੋਂ ਅਜੇਹੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। 1974 ਵਿੱਚ ਲੁਧਿਆਣੇ ਵਿੱਚ ਗੋਸ਼ਟੀ ਅਤੇ ਉਸ ਤੋਂ ਬਾਅਦ ਸ਼ਾਮ ਵੇਲੇ ਦੀ ਬੈਠਕ ਵਿੱਚ ਅੰਮ੍ਰਿਤਾ ਜੀ ਵਿਰੁੱਧ ਹੋਏ ਅਨਾਚਾਰ ਅਤੇ ਉਸ ਸਭ ਕੁੱਝ ਦੀ ਹਰਨਾਮ ਦੇ ਨਾਮ ਹੇਠ ਛਪੀ ਰਿਪੋਰਟ ਵਿੱਚ, ਜੋ ਗੱਲਾਂ ਇਹਨਾਂ ਸੱਜਣਾਂ ਨੇ ਆਪ ਕਹੀਆਂ ਸਨ, ਮੇਰੇ ਨਾਮ ਨਾਲ ਜੋੜ ਕੇ ਛਾਪ ਦਿੱਤੀਆਂ ਗਈਆਂ ਸਨ। ਇਸ ਕੁਕਰਮ ਵਿਰੁੱਧ ਆਪਣਾ ਰੋਸ ਜ਼ਾਹਿਰ ਕਰਨ ਲਈ ਮੈਂ ਇੱਕ ਤਰਦੀਦੀ ਖ਼ਤ ‘ਇਕੱਤੀ ਫ਼ਰਵਰੀ’ ਵਾਲਿਆਂ ਨੂੰ ਲਿਖਿਆ ਸੀ। ਇਸ ਖ਼ਤ ਦਾ ਉਤਾਰਾ ਮੈਂ, ਅੰਮ੍ਰਿਤਾ ਜੀ ਹੋਰਾਂ ਨੂੰ ਲਿਖੀ ਚਿੱਠੀ ਦੇ ਨਾਲ ਵੀ ਨੱਥੀ ਕਰ ਦਿੱਤਾ ਸੀ। ਦੋਨੋਂ ਖ਼ਤ ਇਸ ਪ੍ਰਕਾਰ ਸਨ:
ਸਤਿਕਾਰਯੋਗ ਅੰ੍ਰਿਮਤਾ ਜੀ,
‘ਇਕੱਤੀ ਫ਼ਰਵਰੀ’ ਦੇ ਮਾਰਚ, 74 ਅੰਕ ਵਿੱਚ ‘ਲੁਧਿਆਣੇ ਦੀ ਗੋਸ਼ਟੀ ਅਤੇ ਅਗੋਸ਼ਟੀ’ ਦੇ ਸਿਰਲੇਖ ਹੇਠ ਲਿਖੀ ਹਰਨਾਮ ਦੀ ਰਿੋਪਰਤਾਜ ਅਨੇਕਾਂ ਗਲਤ-ਬਿਆਨੀਆਂ ਨਾਲ ਭਰੀ ਪਈ ਹੈ। ਜੇ ਗੱਲ ਕੇਵਲ ਮੇਰੇ ਪਰਚੇ ਨੂੰ ਹੀ ਨਿੰਦਣ ਪੜਚੋਲਣ ਤੱਕ ਸੀਮਿਤ ਹੁੰਦੀ ਅਤੇ ਮੇਰੀ ਜ਼ਾਤ ਨੂੰ ਇਸ ਵਿੱਚ ਮੱਲੋਜ਼ੋਰੀ ਨਾ ਧੂਹਿਆ ਗਿਆ ਹੁੰਦਾ ਤਾਂ ਮੈਨੂੰ ਇਸ ਨਾਲ ਕੋਈ ਸਰੋਕਾਰ ਨਹੀਂ ਸੀ ਹੋਣਾ। ਮੈਨੂੰ ਹੋਰ ਬੰਦਿਆਂ ਨੂੰ ਮੁਖ਼ਾਤਬ ਕਰਵਾ ਕੇ ਹਰਨਾਮ ਨੇ ਮੇਰੇ ਮੂੰਹ ਵਿੱਚ ਇਹ ਸ਼ਬਦ ਪਾਏ ਹਨ: “ਹਜ਼ੂਰ ਤੁਸੀਂ ਤਾਂ ਅੰਮ੍ਰਿਤਾ ਪਰੀਤਮ ਦੇ ਯੁਗ ਵਿੱਚ ਪੈਦਾ ਹੋਏ ਹੋ, ਅਸੀਂ ਤੁਹਾਨੂੰ ਜਾਣਦੇ ਹਾਂ, ਸ਼ਰਮਿੰਦਾ ਹੋਵੋ।”
ਜੇ ਇਹ ਕੂੜ ਹਰਨਾਮ ਦੇ ਕੇਵਲ ਮੂੰਹ ਦੀ ਹੀ ਹਵਾੜ ਰਹਿੰਦਾ ਤਾਂ ਹੋਰ ਗੱਲ ਸੀ ਪਰ ਕਿਉਂਕਿ ਇਸ ਨੂੰ ਛਾਪ ਕੇ ਵੰਡਿਆ ਗਿਆ ਹੈ, ਇਸ ਲਈ ਅਸਲੀਅਤ ਦਾ ਬਿਆਨ ਕਰਨਾ ਜ਼ਰੂਰੀ ਹੋ ਗਿਆ ਹੈ।
ਉਸ ਦਿਨ ਪਾਤਰ ਦੇ ਕਮਰੇ ਵਿੱਚ ਜੁੜੀ ਮਹਿਫ਼ਿਲ ਵਿੱਚ ਇਸ ਮਨੋਰਥ ਨਾਲ ਸ਼ਾਮਿਲ ਹੋਇਆ ਸਾਂ ਕਿ ਕੁੱਝ ਸੱਜਣਾਂ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਅਤੇ ਡਾ: ਹਰਿਭਜਨ ਸਿੰਘ ਹੋਰਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਿਹੜੇ ਬਹਿਸ ਗੋਚਰੇ ਨੁਕਤੇ ਉਠਾਏ ਸਨ, ਉਹਨਾਂ ਦਾ ਗ਼ੈਰ ਰਸਮੀ ਬੈਠਕ ਵਿੱਚ ਨਿਤਾਰਾ-ਨਿਪਟਾਰਾ ਕੀਤਾ ਜਾ ਸਕੇ। ਪਰ ਓਥੇ ਵਾਤਾਵਰਣ ਹੀ ਕੁੱਝ ਹੋਰ ਸੀ। ਗੱਲ ਤੁਹਾਡੇ, ਇੱਕ ਹੋਰ ਸਮਕਾਲੀ ਲੇਖਕਾ ਅਤੇ ਇੱਕ ਆਲੋਚਕ ਵਿਰੁੱਧ ਊਜਾਂ ਅਤੇ ਭੰਡੀ ਪ੍ਰਚਾਰ ਤੋਂ ਅਗਾਂਹ ਤੁਰਦੀ ਹੀ ਨਹੀਂ ਸੀ। ਡਾਂ: ਹਰਿਭਜਨ ਸਿੰਘ ਬੜੀ ਚਤੁਰਾਈ ਨਾਲ ਇਸ ਚੁੰਝ-ਚਰਚਾ ਦੇ ਸੰਚਾਲਕ ਹੋਣ ਦਾ ਰੋਲ ਨਿਭਾ ਰਿਹਾ ਸੀ। ਕੁੱਝ ਲੋਕ -ਚਲੋ ‘ਵਾਜ ਤੇ ਲੱਗੇ ਬਟੇਰਿਆਂ ਦੀ ਕੀ ਗੱਲ ਕਰਨੀ ਹੈ। ਮੈਨੂੰ ਡਾਕਟਰ ਸਾਹਿਬ ਦਾ ਰੋਲ ਚੰਗਾ ਨਹੀਂ ਸੀ ਲੱਗਿਆ। ਮੈਂ ਉਹਨਾਂ ਨੂੰ ਮੁਖ਼ਾਤਬ ਹੋ ਕੇ ਆਖਿਆ ਸੀ: ਹਜ਼ੂਰ, ਤੁਸੀਂ ਤਾਂ ਅੰਮ੍ਰਿਤਾ ਪ੍ਰੀਤਮ ਦੇ ਯੁਗ ਵਿੱਚ ਜੀਊਣ ਨੂੰ ਹੀ ਆਪਣਾ ਸੁਭਾਗ ਕਹਿ ਚੁੱਕੇ ਹੋ ਅਤੇ ਨਾਗਮਣੀ ਦੇ ਕਿਸੇ ਅੰਕ ਵਿੱਚ ਕਠਮੰਡੂ ਦੀ ਯਾਤਰਾ ਦਾ ਜ਼ਿਕਰ ਕਰਦਿਆਂ ਪਤਾ ਨਹੀਂ ਕਿਹੜੇ ਕਿਹੜੇ ਸ਼ਬਦਾਂ ਵਿੱਚ ਆਪਣਾ ਖਿਰਾਜੇ-ਅਕੀਦਤ ਪੇਸ਼ ਕਰ ਚੁੱਕੇ ਹੋ, ਅਤੇ ਹੁਣ ਇਸ ਅਚਾਨਕ ਕਲਾਬਾਜ਼ੀ ਦਾ ਕੀ ਅਰਥ ਸਮਝੀਏ?
ਪਲ ਦੀ ਪਲ ਲਈ ਡਾਕਟਰ ਸਾਹਿਬ ਦੀ ਜ਼ਬਾਨ ਥਥਲਾ ਗਈ ਸੀ। ਮਗਰੋਂ ਉਹਨਾਂ ਕੁੱਝ ਇਹੋ ਜਿਹਾ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਉਹਨਾਂ ਨੇ ਨਾਗਮਣੀ ਵਾਲਾ ਲੇਖ ਆਪ ਨਾ ਲਿਖਿਆ ਹੋਵੇ ਜਾਂ ਉਸ ਵਿੱਚ ਛਪਣ ਤੋਂ ਪਹਿਲਾਂ ਤੁਸੀਂ ਆਪ ਹੀ ਕਾਫ਼ੀ ਸਾਰੀ ਤਬਦੀਲੀ ਕਰ ਕਰਵਾ ਲਈ ਹੋਵੇ। ਮੇਰੀ ਇਸ ਜਵਾਬ ਨਾਲ ਤਸੱਲੀ ਨਹੀਂ ਸੀ ਹੋਈ। “ਤੁਸੀਂ ਕਿਸੇ ਗੱਲ ਦੀ ਤਰਦੀਦ ਕਿਉਂ ਨਾ ਕੀਤੀ?” ਮੇਰਾ ਦੂਜਾ ਸਵਾਲ ਸੀ, ਜਿਸਦਾ ਡਾਕਟਰ ਸਾਹਿਬ ਕੋਲ ਕੋਈ ਜਵਾਬ ਨਹੀਂ ਸੀ।
ਮੇਰੇ ਵੱਲੋਂ ਕਹੇ ਸ਼ਬਦਾਂ ਅਤੇ ਹਰਨਾਮ ਦੁਆਰਾ ਮੇਰੇ ਮੂੰਹ ਵਿੱਚ ਪਾਏ ਗਏ ਸ਼ਬਦਾਂ ਦੀ ਟੋਨ ਅਤੇ ਅਰਥਾਂ ਵਿਚਕਾਰ ਕਿੰਨਾ ਫ਼ਰਕ ਹੈ, ਇਸ ਗੱਲ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਕਿਸੇ ਲੇਖਕ ਬਾਰੇ ਪਹਿਲੀ ਬਣੀ ਰਾਏ ਬਦਲਣੀ ਪੈ ਜਾਏ- ਇਸ ਗੱਲ ਦੀ ਸਮਝ ਆ ਸਕਦੀ ਹੈ। ਪਰ ਰਾਇ-ਬਦਲੀ ਦਾ ਆਧਾਰ ਈਮਾਨਦਾਰੀ ਦੀ ਥਾਂ ਕੋਈ ਹੋਰ ਹੋਵੇ- ਤਾਂ ਉਸ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਅਵਸਰਵਾਦ ਬੇਸ਼ੱਕ ਨੀਤੀਵਾਨਾਂ ਦਾ ਹੋਵੇ ਭਾਵੇਂ ਸਾਹਿਤਕਾਰਾਂ ਦਾ- ਇਸ ਦਾ ਖੰਡਨ ਜ਼ਰੂਰ ਹੋਣਾ ਚਾਹੀਦਾ ਹੈ। ਮੈਨੂੰ ਇਸ ਗੱਲ ਦੀ ਜ਼ਿਹਨੀ ਤਸਕੀਨ ਹੈ ਕਿ ਮੈਂ ਇਹ ਖੰਡਨ ਸਭਨਾਂ ਦੇ ਸਾਹਮਣੇ ਕੀਤਾ ਸੀ। ਕੁੱਝ ਹੋਰ ਗੱਲਾਂ ਵੀ ਸੁਣਾਉਣੀਆਂ ਪਈਆਂ ਸਨ, ਪਰ ਉਹਨਾਂ ਦਾ ਜ਼ਿਕਰ ਇੱਥੇ ਜ਼ਰੂਰੀ ਨਹੀਂ।
ਸਮੁੱਚੇ ਮਾਹੌਲ ਤੋਂ ਏਨੀ ਕੋਫ਼ਤ ਮਹਿਸੂਸ ਹੋ ਰਹੀ ਸੀ ਕਿ ਮੈਂ ਬਾਹਰ ਆ ਗਿਆ ਸਾਂ। ਦੇਵ ਮੇਰੇ ਨਾਲੋਂ ਵੀ ਵੱਧ ਸਤਿਆ ਬੈਠਾ ਸੀ। ਉਹ ਵੀ ਮਗਰੇ ਆ ਗਿਆ। ਦੇਵ ਨੇ ਤਾਂ ਮੈਨੂੰ ਪੈਰੀਂ ਜੁੱਤੀ ਵੀ ਨਹੀਂ ਸੀ ਪਾਉੇਣ ਦਿੱਤੀ। ਅਸੀਂ ਦੋਨੋਂ ਨੰਗੇ ਪੈਰੀਂ ਹੀ ਬਿਨਾਂ ਦੱਸੇ ਓਥੋਂ ਉੱਠ ਕੇ ਆ ਗਏ ਸਾਂ। ਜੁੱਤੀਆਂ ਸਵੇਰੇ ਆਣ ਕੇ ਲਈਆਂ ਸਨ।
‘ਇਕੱਤੀ ਫ਼ਰਵਰੀ’ ਵਾਲਿਆਂ ਨੇ ਮੇਰੇ ਸ਼ਬਦਾਂ ਨੂੰ ਤੋੜ-ਮਰੋੜ ਕੇ ਉਹਨਾਂ ਵਿੱਚ ਆਪਣੇ ਅਨਰਥ ਭਰੇ ਹਨ- ਇਸ ਗੱਲ ਦਾ ਮੈਨੂੰ ਗਹਿਰਾ ਦੁੱਖ ਹੈ। ਇਸ ਬਾਰੇ ਉਹਨਾਂ ਲੋਕਾਂ ਨੂੰ ਵੀ ਹੁਣੇ ਇੱਕ ਖ਼ਤ ਲਿਖਾਂਗਾ। ਉਸਦੀ ਨਕਲ ਇਸ ਖ਼ਤ ਨੂੰ ਬੰਦ ਕਰਨ ਤੋਂ ਪਹਿਲਾਂ ਨੱਥੀ ਕਰ ਦਿਆਂਗਾ।
ਸਤਿਕਾਰ ਸਹਿਤ
ਆਪਦਾ ਵਿਸ਼ਵਾਸ ਪਾਤਰ,
(ਸਾਧੂ ਸਿੰਘ)
ਲੁਧਿਆਣਾ
ਅਪਰੈਲ 15, 1974
ਪਿਆਰੇ ਨੂਰ, ਹਰਨਾਮ,
ਸਲਾਮ,
ਮੈਨੂੰ ਇਹ ਮੰਨਣ ਵਿੱਚ ਕੋਈ ਆਪੱਤੀ ਨਹੀਂ ਹੈ ਕਿ ਸਿਰਜਣਾ ਅਤੇ ਸਮਾਲੋਚਨਾ ਬਾਰੇ ਤੁਹਾਡੇ ਮਿਆਰ ਮੇਰੇ ਨਾਲੋਂ ਵੱਖਰੇ ਹੈਨ ਹੀ, ਉੱਤਮ ਵੀ ਹੋ ਸਕਦੇ ਹਨ। ਕਦੀ ਵੀ ਮਿਲ ਬੈਠਣ ਦਾ ਮੌਕਾ ਮਿਲਿਆ ਅਤੇ ਗੰਭੀਰ ਗੱਲਬਾਤ ਦਾ ਮਾਹੌਲ ਬਣ ਸਕਿਆ, ਤਾਂ ਦਿਲ ਦੀਆਂ ਗੱਲਾਂ ਜ਼ਰੂਰ ਸੁਣਾਂ-ਆਖਾਂਗਾ। ਨਿਰੀ ਫ਼ਤਵੇਬਾਜ਼ੀ ਸਾਹਮਣੇ ਹੀ ਸਿਰ ਝੁਕਾ ਸਕਣਾ ਮੇਰੇ ਵੱਸ ਦੀ ਗੱਲ ਨਹੀਂ।
ਪਰ ਤੁਸੀਂ ਦਿੱਲੀ ਯੂਨੀਵਰਸਿਟੀ ਵਾਲੇ ਦੋਸਤੋ, ਦਾਅਵੇ ਤਾਂ ‘ਸ਼ੁੱਧ ਸਾਹਿਤ’ ਅਤੇ ‘ਦੋਸਤੀ ਤੋਂ ਦੋਸਤੀ ਦੀ ਤਲਾਸ਼’ ਦੇ ਕਰਦੇ ਹੋ, ਪਰ ਹੋ ਤੁਸੀਂ ਅਸਲ ਵਿੱਚ ਸਾਹਿਤਕ ਨੀਤੀਵਾਨ ਹੀ। ਆਪਣੀ ਦਿੱਲੀ ਦੇ ਸਾਹਿਤਕ ਜਗਤ ਵਿੱਚ ਤਾਕਤਾਂ ਦੇ ਮੌਜੂਦਾ ਤੋਲ ਬਾਬਤ ਸਮਝ ਅਨੁਸਾਰ, ਤੁਸੀਂ ਆਪਣੀ ਆਲੋਚਨਾਤਮਕ ਰਣ-ਨੀਤੀ ਦਾ ਮੁੱਖ ਧਾਰਾ ਅੰਨ੍ਹੇ-ਅੰਮ੍ਰਿਤਾ ਵਿਰੋਧ ਨੂੰ ਬਣਾਇਆ ਹੋਇਆ ਹੈ। ਤੁਹਾਡੀ ਸਮਝ ਤੁਹਾਨੁੰ ਮੁਬਾਰਕ।
ਪਰ ਮਿੱਤਰੋ! ਜਿਹੜੇ ਲੋਕ ਤੁਹਾਡੇ ਇਸ ਨਾਟਕ ਵਿੱਚ ਸ਼ਰੀਕ ਹੋ ਕੇ ਤੁਹਾਡੀ ਡੁਗਡੁਗੀ ਤੇ ਨੱਚਣਾ ਨਹੀਂ ਚਾਹੁੰਦੇ, ਉਹਨਾਂ ਦੀ ਮੱਲੋਜ਼ੋਰੀ ਕਿਉਂ ਧੂਹ-ਖਿੱਚ ਕਰ ਰਹੇ ਹੋ? ਤੁਹਾਡੀ ਯਾਦ-ਸ਼ਕਤੀ ਏਨੀ ਮੱਧਮ ਬਿਲਕੁਲ ਨਹੀਂ ਹੋਣੀ ਕਿ ਲੁਧਿਆਣਾ ਦੀ ‘ਕਮਰਾ ਗੋਸ਼ਟੀ’ ਵਿੱਚ ਅੰਮ੍ਰਿਤਾ ਵਿਰੁੱਧ ਭੰਡੀ ਪ੍ਰਚਾਰ ਦੇ ਸੂਤਰਧਾਰ ਬਣੀ ਬੈਠੇ ਡਾਕਟਰ ਹਰਿਭਜਨ ਸਿੰਘ ਹੋਰਾਂ ਨੂੰ ਮੈਂ ਇਹ ਆਖਿਆ ਸੀ: ਡਾਕਟਰ ਸਾਹਿਬ ਤੁਸੀਂ ਤਾਂ ਅੰਮ੍ਰਿਤਾ ਦੇ ਯੁਗ ਵਿੱਚ ਜੀਊਣ ਨੂੰ ਆਪਣਾ ਸੁਭਾਗ ਆਖ ਚੁੱਕੇ ਹੋ ਅਤੇ ਕਠਮੰਡੂ ਦੀ ਯਾਤਰਾ ਦਾ ਜ਼ਿਕਰ ਕਰ ਕੇ ਅੰਮ੍ਰਿਤਾ ਨੂੰ ਪਤਾ ਨਹੀਂ ਕਿਹੜੇ ਸ਼ਬਦਾਂ ਵਿੱਚ ਆਪਣਾ ਖ਼ਿਰਾਜ਼-ਏ-ਅਕੀਦਤ ਪੇਸ਼ ਕਰ ਚੁੱਕੇ ਹੋ ਅਤੇ ਹੁਣ ਅਚਾਨਕ ਹੀ ਉਲਟ ਕਲਾਬਾਜ਼ੀ ਮਾਰ ਰਹੇ ਹੋ? ਇਹਦੀ ਥਾਂ ਹਰਨਾਮ ਹੋਰਾਂ ਲਿਖਿਆ ਹੈ (ਸਾਧੂ: ਤੁਸੀਂ ਤਾਂ ਅੰਮ੍ਰਿਤਾ ਦੇ ਜੁਗ ਵਿੱਚ ਪੈਦਾ ਹੋਏ ਹੋ। ਅਸੀਂ ਤੁਹਾਨੁੰ ਜਾਣਦੇ ਹਾਂ, ਸ਼ਰਮਿੰਦਾ ਹੋਵੋ।) ਜਿਵੇਂ ਮੈਂ ਅੰਮ੍ਰਿਤਾ ਦੇ ਸਮਕਾਲੀ ਹੋਣ ਦੀ ਸਥਿਤੀ ਨੂੰ ਹੀ ਸ਼ਰਮਸਾਰੀ ਦੀ ਗੱਲ ਸਮਝਦਾ ਹੋਵਾਂ। ਕਿਆ ਜਵਾਬ ਹੈ ਤੁਹਾਡੀ ਪੇਸ਼ਕਾਰੀ ਦਾ। ਅਗਲੀਆਂ ਗੱਲਾਂ ਨੂੰ ਦੁਹਰਾਉਣ ਦੀ ਲੋੜ ਇਸ ਕਰ ਕੇ ਨਹੀਂ ਮਹਿਸੂਸ ਹੋ ਰਹੀ ਕਿਉਂਕਿ ਤੁਹਾਨੂੰ ਚੇਤੇ ਤਾਂ ਸਾਰੀਆਂ ਹੀ ਗੱਲਾਂ ਹੈਨ। ਆਪਣੀ ਸੋਚੀ ਸਮਝੀ ਨੀਤੀ ਅਨੁਸਾਰ ਜਾਣ-ਬੁੱਝ ਕੇ ਹੀ ਘੋਗਲਕੰਨੇ ਬਣੇ ਬੈਠੇ ਹੋ।
ਸ਼ਾਇਰ ਅਤੇ ਸਮਾਲੋਚਕ ਹਰਿਭਜਨ ਸਿੰਘ ਦਾ ਮੈਂ ਮੁੱਢੋਂ ਹੀ ਕਦਰਦਾਨ ਰਿਹਾ ਹਾਂ। ਪਰ ਮਿੱਤਰੋ! ਕਿਸੇ ਸਾਹਿਤਕਾਰ ਦੀ ਕਦਰਦਾਨੀ ਲਈ ਉਹਦੀਆਂ ਰਖੇਲਾਂ ਬਣਨਾ ਜ਼ਰੂਰੀ ਨਹੀਂ ਹੁੰਦਾ।
ਨੂਰ-ਸਾਹਿਬ, ਜੇ ਹਰਨਾਮ ਨੇ ਤੁਹਾਨੂੰ ਉਸ ਵਾਰਤਾਲਾਪ ਦੀ ਰਿਪੋਰਟ ਲਿਖ ਭੇਜੀ ਹੁੰਦੀ ਜਿਸ ਵਿੱਚ ਤੁਸੀਂ ਜ਼ਾਤੀ ਤੌਰ ‘ਤੇ ਸ਼ਾਮਿਲ ਨਾ ਹੁੰਦੇ ਤਾਂ ਉਸ ਵਿਚਲੇ ਝੂਠ ਬਾਬਤ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਸੀ ਹੋਣੀ। ਪਰ ਤੁਸੀਂ ਸਭ ਕੁੱਝ ਜਾਣਦੇ ਹੋਏ ਵੀ ਹਰਨਾਮ ਵੱਲੋਂ ਗਲਤ ਤੌਰ ‘ਤੇ ਮੇਰੇ ਮੱਥੇ ਮੜ੍ਹੇ ਸ਼ਬਦਾਂ ਨੂੰ ਜਿਓਂ ਦੀ ਤਿਓਂ ਛਾਪ ਗਏ ਹੋ, ਇਸ ਲਈ ਮੇਰਾ ਤੁਹਾਡੇ ਪੁਰ ਗਿਲਾ ਹੈ।
ਹਰਿਭਜਨ ਸਿੰਘ ਦੇ ਸਮਕਾਲੀ, ਕਦਰਦਾਨ ਅਤੇ ਦੋਸਤ ਬਣੋ। ਉਹਨੂੰ ਮੱਠਧਾਰੀ ਬਣਾ ਕੇ ਆਪ ਮਜੌਰ ਬਣ ਜਾਣ ਨਾਲ ਤੁਹਾਡਾ ਕਿਸੇ ਦਾ ਵੀ ਕੁੱਝ ਨਹੀਂ ਸੌਰਨਾ……ਜਾਂ ਸਹੀ ਅਰਥਾਂ ਵਿੱਚ ਬੁਲੰਦ ਹੋਵੋ, ਨਹੀਂ ਤਾਂ ਇਹ ਦਾਅਵਾ ਛੱਡੋ ਕਿ “ਮੇਰੀ ਤਲਾਸ਼ ਦੋਸਤੀ ਤੇ ਦੋਸਤੀ ਤੱਕ ਦਾ ਸਫ਼ਰ ਹੀ ਨਹੀਂ, ਮੱਥੇ ਵਿੱਚ ਜਗਦੀ ਜੋਤ, ਆਪਣੀ ਨੀਝ ਨਾਲ ਤੁਰਦੇ ਹੋਏ ਮਨੁੱਖ ਦੀ ਤਲਾਸ਼ ਹੈ।”
ਤੁਹਾਡਾ ਆਪਣਾ,
ਸਾਧੂ ਸਿੰਘ
ਲਧਿਆਣਾ
ਅਪਰੈਲ 15, 1974
‘ਇਕੱਤੀ ਫ਼ਰਵਰੀ’ ਵਾਲੇ ਸਾਹਿਬਾਨ ਨੇ ਨਾ ਮੇਰੀ ਚਿੱਠੀ ਛਾਪੀ ਸੀ ਅਤੇ ਨਾ ਹੀ ਉਹਦਾ ਕੋਈ ਜਵਾਬ ਦਿੱਤਾ ਸੀ। ਹਾਂ! ਅੰਮ੍ਰਿਤਾ ਹੋਰੀਂ ਜ਼ਰੂਰ ਮੁੜਦੀ ਡਾਕੇ ਜਵਾਬ ਦਿੱਤਾ ਸੀ:
18-4-74
ਪਿਆਰੇ ਸਾਧੂ ਸਿੰਘ ਜੀ,
ਤੁਹਾਡੀਆਂ ਦੋਹਵੇਂ ਚਿੱਠੀਆਂ ਪੜ੍ਹੀਆਂ ਹਨ, ਮੈਂ ਉਦਾਸ ਜ਼ਰੂਰ ਹਾਂ, ਪਰ ਹੈਰਾਨ ਨਹੀਂ। ਜਾਣਦੀ ਹਾਂ-- ਅੱਜ ਕੱਲ ਡਾਕਟਰ ਹਰਿਭਜਨ ਸਿੰਘ ਇਸੇ ਕੰਮ ਤੇ ਲੱਗੇ ਹੋਏ ਹਨ, ਕਈ ਤਰ੍ਹਾਂ ਨਾਲ। ਜਿੱਥੇ ਅਤੇ ਜਦੋਂ ਵੀ ਉਹਨਾਂ ਦਾ ਵਾਹ ਲੱਗਦਾ ਹੈ- ਕਦੇ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਵਿੱਚ ਉਹਨਾਂ ਦੇ ਵਰਕੇ ਬਦਲਵਾਂਦੇ ਹਨ, ਕਦੇ ਲੋਕਾਂ ਕੋਲੋਂ ਲਿਖਵਾਂਦੇ ਛਪਵਾਂਦੇ ਹਨ। ਮੇਰੀ ਹੋਂਦ ਕਿਸੇ ਤਰ੍ਹਾਂ ਵੀ ਉਹਨਾਂ ਕੋਲੋਂ ਬਰਦਾਸ਼ਤ ਨਹੀਂ ਹੋ ਰਹੀ। ਉਦਾਸ ਮੈਂ ਆਪਣੀ ਖ਼ਾਤਰ ਨਹੀਂ, ਉਹਨਾਂ ਦੀ ਖ਼ਾਤਰ ਹਾਂ- ਕਿ ਇੱਕ ਚੰਗੇ ਸ਼ਾਇਰ ਦਾ ਇਹ ਕੀ ਹਸ਼ਰ ਹੋ ਰਿਹਾ ਹੈ!
ਸ਼ੁਭ ਚਿੰਤਕ: ਅੰਮ੍ਰਿਤਾ ਪ੍ਰੀਤਮ

ਮੰਦ-ਭਾਵਨਾਵਾਂ ਅਤੇ ਸੁਆਰਥ ਉੱਪਰ ਆਧਾਰਿਤ ਇਹਨਾਂ ਵਿਦਵਾਨਾਂ ਦੀ ‘ਦੋਸਤੀ’ ਦਾ ਇਹ ਹਸ਼ਰ ਹੋਇਆ ਸੀ ਕਿ ਆਪਣੇ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਇਸ ਮਹਾਂਰਥੀ ਦੇ ਸੇਵਾ-ਮੁਕਤ ਹੋਣ ਵੇਲੇ ਇਹਨਾਂ ਦੇ ਹੋਰ ਸਹਿਯੋਗੀਆਂ ਨੇ ਉਹਨੂੰ ਰਸਮੀ ਵਿਦਾਇਗੀ ਪਾਰਟੀ ਵੀ ਨਹੀਂ ਸੀ ਦਿੱਤੀ।
ਸਾਡੇ ਦਿਮਾਗ਼ਾਂ ਵਿੱਚ ਤਾਂ ਡਾ: ਹਰਿਭਜਨ ਸਿੰਘ ਹੋਰੀਂ ਵੀ ਵਸੇ ਰਹਿਣਗੇ। ਪਰੰਤੂ ਅੰਮ੍ਰਿਤਾ ਦਾ ਵਸੇਬਾ ਦਿਮਾਗ਼ਾਂ ਦੇ ਨਾਲੋ ਨਾਲ ਅਸਾਂ ਪੰਜਾਬੀਆਂ ਨਹੀਂ, ਸਗੋਂ ਹੋਰ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਵੀ ਬਰਕਰਾਰ ਰਹੇਗਾ।
ਇੱਕ ਨਿੱਕੀ ਜੇਹੀ ਘਟਨਾ ਦੇ ਬ੍ਰਿਤਾਂਤ ਨਾਲ ਆਪਣੀ ਗੱਲ ਖ਼ਤਮ ਕਰਦਾ ਹੈ। 1986 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ਸਿਰਜਣਾਤਮਕ ਸਾਹਿਤ ਦੇ ਅਨੁਵਾਦ ਦੀ ਇੱਕ ਵਰਕਸ਼ਾਪ ਵਿੱਚ ਸ਼ਮੂਲੀਅਤ ਦੌਰਾਨ ਪੰਜਾਬੀ ਵਿੱਚ ਹੋਰਨਾਂ ਭਾਸ਼ਾਵਾਂ ਵਿੱਚ ਹੋਏ ਅਨੁਵਾਦ ਬਾਰੇ ਇੱਕ ਪੇਪਰ ਲਿਖਣ ਦਾ ਕੰਮ ਮੇਰੇ ਜ਼ਿੰਮੇ ਲੱਗਾ ਸੀ। ਹੋਰ ਸਾਥੀਆਂ ਨਾਲ ਹੋਈ ਸਰਸਰੀ ਜਿਹੀ ਗੱਲਬਾਤ ਵਿੱਚ ਅੰਮ੍ਰਿਤਾ ਹੋਰਾਂ ਦੀ ਲਾਇਬ੍ਰੇਰੀ ਵਿੱਚ ਜਾਣ ਦਾ ਜ਼ਿਕਰ ਆਇਆ ਸੀ।
“ਤੂੰ ਅੰਮ੍ਰਿਤਾ ਹੋਰਾਂ ਨੂੰ ਜਾਣਦੈਂ?”
ਆਂਧਰਾ ਪ੍ਰਦੇਸ਼ ਤੋਂ ਆਈ ਪ੍ਰੋਫ਼ੈਸਰ ਸੁਜਾਤਾ ਵਿਸਮਾਦ ਦੀ ਸੂਰਤ ਬਣੀ ਪੁੱਛ ਰਹੀ ਸੀ।
“ਆਹੋ” ਮੈਂ ਸੁਭਾਵਕ ਹੀ ਕਿਹਾ ਸੀ।
ਸੁਜਾਤਾ ਕਹਿੰਦੀ ਸੀ ਕਿ ਇਸ ਵਰਕਸ਼ਾਪ ਦਾ ਤਾਂ ਐਵੇਂ ਬਾਹਨਾ ਹੀ ਸੀ। ਅਸਲ ਵਿੱਚ ਦਿੱਲੀ ਆਉਣ ਵੇਲੇ ਉਹ ਦੋ ਮਨੋਰਥ ਮਿਥ ਕੇ ਆਈ ਸੀ। ਇੱਕ ਕੁਤਬਮੀਨਾਰ ਨੂੰ ਦੇਖਣ ਅਤੇ ਦੂਜਾ ਅੰਮ੍ਰਿਤਾ ਨੂੰ।
-ਤੂੰ ਮੈਨੂੰ ਅੰਮ੍ਰਿਤਾ ਨੂੰ ਮਿਲਾ ਸਕਦੈਂ?
-ਚਲੇ ਚੱਲਾਂਗੇ ਕਦੇ।
-ਕਦੇ ਨਹੀਂ ਹੁਣੇ।
ਸੁਜਾਤਾ ਇਸ ਕਾਰਜ ਵਿੱਚ ਢਿੱਲ ਕਰਨ ਦੇ ਰੌਂ ਵਿੱਚ ਨਹੀਂ ਸੀ।
“ਚੰਗਾ ਮੈਂ ਹੁਣੇ ਕੱਪੜੇ ਬਦਲ ਕੇ ਆਉਨਾਂ।”
ਸਵੇਰ ਦੀ ਚਾਹ ਕੁਰਤੇ ਪਜਾਮੇ ਵਿੱਚ ਹੀ ਪੀਣ ਆ ਗਿਆ ਸਾਂ।
“ਕੱਪੜੇ ਬਦਲਣ ਦੀ ਕੋਈ ਲੋੜ ਨਹੀਂ, ਤੂੰ ਕੁਰਤੇ ਪਜਾਮੇ ਵਿੱਚ ਹੀ ਬੜਾ ਸੋਹਣਾ ਲੱਗਦੈਂ। ਸੁਜਾਤਾ ਦਾ ਫ਼ੈਸਲਾ ਸੀ।” ਸੁਜਾਤਾ ਦਾ ਫ਼ੈਸਲਾ ਸੀ।
“ਕੁਝ ਪੈਸੇ ਤਾਂ ਲੈ ਆਉਣ ਦਿਓ ਉੱਪਰੋਂ ਕਮਰੇ ‘ਚੋਂ।”
“ਨਹੀਂ, ਪੈਸੇ ਮੇਰੇ ਪਰਸ ‘ਚ ਬਥੇਰੇ ਨੇ।”
ਸੁਜਾਤਾ ਦੀ ਚਾਹਤ ਦਾ ਸੰਖੇਪ ਜਿਹਾ ਜ਼ਿਕਰ ਕਰਕੇ ਮੈਂ ਉਹਨਾਂ ਨੂੰ ਅੰਮ੍ਰਿਤਾ ਹੋਰਾਂ ਦੇ ਹਵਾਲੇ ਕਰ ਕੇ ਆਪ ਇਮਰੋਜ਼ ਜੀ ਦੇ ਸਟੂਡੀਓ ਵਿੱਚ ਚਲਾ ਗਿਆ ਸਾਂ। ਵਾਪਸੀ ਵੇਲੇ ਸੁਜਾਤਾ ਇੰਜ ਤਸੱਲੀ ਭਰੇ ਉਮਾਹ ਵਿੱਚ ਸੀ ਜਿਵੇਂ ‘ਮਾਊਂਟ ਐਵਰੈਸਟ’ ਨੂੰ ਸਰ ਕਰ ਕੇ ਆਈ ਹੋਵੇ।
ਫ਼ਰਵਰੀ 4/ 2006

Thursday 29 May 2014


 
 ਗੱਲਾਂ ‘ਚੋਂ ਗੱਲ
- ਬਲਵਿੰਦਰ ਗਰੇਵਾਲ
Online Punjabi Magazine Seerat"ਆਹ ਕੰਸ ਤੇ ਪਏ ਡੋਲੂ ਵਾਲਾ ਈ ਦੁੱਧ ਪਾਉਣੈ..."
ਰਸੋਈ ਤੋਂ ਬਾਹਰ ਖੜ੍ਹੀ ਮੇਰੀ ਪਤਨੀ ਵੱਲ ਮੂੰਹ ਕਰਕੇ, ਰਸੋਈ ਚੋਂ ਲੋੜੋਂ ਵੱਧ ਉੱਚੀ ਬੋਲਦੀ,ਇੰਗਲੈਂਡੋਂ ਆਈ ਮੇਰੀ ਵੱਡੀ ਬੇਟੀ,ਕਮਲ ਦੀ ਕੰਬਦੀ ਜਿਹੀ ਆਵਾਜ਼ ਸੁਣਕੇ ਮੇਰੇ ਹੌਲ ਪਿਆ।ਜੇ ਇਹੀ ਗੱਲ ਇਹਨੇ ਆਪਣੀ ਚਾਚੀ ਨੂੰ ਜਾਂ ਮੇਰੀ ਵਿਚਕਾਰਲੀ ਭੈਣ ਨੂੰ ਪੁੱਛਣੀ ਹੁੰਦੀ ਤਾਂ ਇਹਦੀ ਆਵਾਜ਼ ‘ਚ ਅੰਤਾਂ ਦੀ ਮਿਠਾਸ ਹੋਣੀ ਸੀ।ਸਹਿਜ ਭਾਅ ਇਹਨੇ ਪੁੱਛਣਾ ਸੀ-
"ਮੰਮੀ!ਆਹ ਕੰਸ ਤੇ ਪਏ ਡੋਲੂ ਵਾਲਾ ਈ ਦੁੱਧ ਪਾਉਣੈ ਨਾ!"
ਮੈਨੂੰ ਪਤਾ ਹੈ ਕਿ ਇਹ ਗੱਲ ਇਹ ਵੀ ਨਹੀਂ ਜਾਣਦੀ ਕਿ ਸੁਚੇਤ ਤੌਰ ਤੇ ਜਿਹੜੀ ਗੱਲ ਇਹਨੇ ਆਪਣੇ ਆਪ ਨਾਲ ਨਜਿੱਠ ਲਈ ਹੈ ਤੇ ਸਾਨੂੰ ਮੁਆਫ ਕਰ ਦਿੱਤਾ ਹੈ, ਉਸ ਸਬੰਧ ‘ਚ ਇਹਦੇ ਧੁਰ ਅੰਦਰ ਬੈਠੀ ਸਾਡੀ ਧੀ ਨੇ ਇਹਦਾ ਕੋਈ ਤਰਕ ਸਵੀਕਾਰ ਨਹੀਂ ਕੀਤਾ।ਇਹ ਅਜੇ ਵੀ, ਕਦੇ ਇਕ ਵਾਰ ਵੀ,ਸੰਬੋਧਨ ਕਰਨ ਵੇਲੇ ਮੈਨੂੰ ‘ਡੈਡੀ‘ ਤੇ ਆਪਣੀ ਮਾਂ ਨੂੰ ‘ਮੰਮੀ‘ ਨਹੀਂ ਕਹਿ ਪਾਉਂਦੀ।ਸ਼ਾਇਦ ਇਸ ਰਿਸ਼ਤੇ ‘ਚ ਵਰਤਣ ਵੇਲੇ ਸਾਡੇ ਨਾਲ ਸਹਿਜ ਵੀ ਨਾ ਰਹਿ ਪਾਉਂਦੀ ਹੋਵੇ। ਪਰ ਇਕ ਦਮ ਭਾਵੁਕ ਹੋ ਕੇ ਡੁੱਲ੍ਹ ਪੈਣ ਤੋਂ ਪਹਿਲਾਂ ਈ ਮੇਰੀ ਸੁਰਤ ਕਈ ਵਰ੍ਹੇ ਪਿੱਛੇ ਪਰਤ ਗਈ।ਭਾਵੇਂ ‘ਇਕ ਵਾਰ ਦੀ ਗੱਲ‘ ਹੈ ਜਿੰਨੀ ਪਿੱਛੇ ਤਾਂ ਨਹੀਂ ਫਿਰ ਵੀ ‘ਇਕ ਦਿਨ ਕੀ ਹੋਇਆ…‘ ਤਾਂ ਕਿਹਾ ਹੀ ਜਾ ਸਕਦਾ ਹੈ…ਉਹਨਾ ਦਿਨਾ ਦੀ ਗੱਲ ਹੈ ਜਦੋਂ ਮੇਰੀ ਛੋਟੀ ਬੇਟੀ ਜਗਦੀਪ ਦਾ ਜਨਮ ਹੋਇਆ ਤਾਂ ਮੇਰਾ ਮਨ ਡੋਲਿਆ ਸਮਝ ਕੇ ਕਹਾਣੀਕਾਰ ਗੁਰਪਾਲ ਸਿੰਘ ਲਿੱਟ ਦੀ ਜੀਵਨ ਸਾਥਣ ਗੁਰਪਾਲ ਕੌਰ ਨੇ ਕਿਹਾ ਸੀ:
"ਐਵੇਂ ਨਾ ਡੋਲ ਜੀਂ ਵੇ ਮੁੰਡਿਆ!ਇਹ ਕੁੜੀ ਅਸੀਂ ਲੈ ਲੈਣੀ ਐ"
ਉਸ ਦਿਨ ਲਿੱਟ ਹੋਰਾਂ ਦੇ ਘਰ ਗੁਰਬਚਨ ਸਿੰਘ ਭੁੱਲਰ ਤੇ ਰਾਮ ਸਰੂਪ ਅਣਖੀ ਠਹਿਰੇ ਹੋਏ ਸਨ।ਵੱਡੇ ਬੰਦਿਆਂ ਦੀ ‘ਹਜ਼ੂਰੀ‘ ‘ਚ ਹੋਣ ਦੇ ਅਹਿਸਾਸ ਨਾਲ ਭਰਿਆ ਮੈਂ ਟਹਿਲੂਏ ਵਜੋਂ ਉਹਨਾ ਦੀ ਟਹਿਲ ਸੇਵਾ ਦਾ ਆਨੰਦ ਮਾਣ ਰਿਹਾ ਸਾਂ-
"ਪੱਗ ਲਾਹੇ ਤੋਂ ਤਾਂ ਤੂੰ ਜਮ੍ਹਾਂ ਈ ਕਲਾਸੀਕਲ ਬਾਹਮਣ ਨਿਕਲ ਆਇਆ ਅਣਖੀ!" ਪੱਗ ਲਾਹ ਕੇ ਆਪਣੇ ਬੱਗੇ ਸਿਰ ਤੇ ਹੱਥ ਫੇਰਦੇ ਅਣਖੀ ਸਾਹਬ ਨੇ ਭੁੱਲਰ ਹੋਰਾਂ ਦੀ ਟਿੱਚਰ ਦਾ ਜਵਾਬ ਦੇਣ ਦੀ ਥਾਂ ਮੈਨੂੰ ਸਵਾਲ ਕੀਤਾ-
"ਕਿੰਨੇ ਬੱਚੇ ਨੇ ਤੇਰੇ"
"ਹੁਣ ਤਾਂ ਇਕੋ ਕੁੜੀ ਰਹਿ ਗਈ।ਵੱਡੀ ਪਹਿਲਾਂ ਈ ਆਪਣੀ ਭੂਆ ਕੋਲ ਰਹਿੰਦੀ ਐ…ਛੋਟੀ ਥੋਡੇ ਸਾਹਮਣੇ ਮੈਡਮ ਨੇ ਸਾਂਭ ਲਈ"
"ਜਾਣੀ ਡਿਸਟਰੀਬਿਊਟ ਕੀਤੇ ਹੋਏ ਨੇ", ਅਣਖੀ ਸਾਹਿਬ ਨੇ ਆਪਣੇ ਕਿਸੇ ਮਿੱਤਰ ਦੀ ਅਜਿਹੀ ਹੀ ਗੱਲ ਵੀ ਸੁਣਾਈ ਸੀ।
ਭੁੱਲਰ ਹੋਰੀਂ ਘੱਟ ਤੇ ਮੈਂ ਉਹਨਾ ਦੀ ਗੱਲ ਤੇ ਵੱਧ ਹਸਿਆ ਸਾਂ…
ਓਹ ਹੀ ਹਾਸਾ ਹੁਣ ਹੌਲ ਬਣਕੇ ਪ੍ਰਗਟ ਹੋਇਆ ਸੀ।ਹੌਲ ਇਸ ਗੱਲ ਦਾ ਕਿ ਬੰਬਾਂ,ਬੰਦੂਕਾਂ ਜਾਂ ਸਮਾਜੀ, ਘਰੇਲੂ ਹਿੰਸਾ ਦੀ ਉਚਾਈ ਤੇ ਪਹੁੰਚੇ ਹੋਇਆਂ ਨੇ ਅਸੀਂ ਕਿੰਨੀਂ ਕਿਸਮ ਦੀ ਹਿੰਸਾ ਨੂੰ ਹੀ ਸੰਕਲਪ ਦੇ ਦਾਇਰੇ ‘ਚੋਂ ਬਾਹਰ ਕੱਢ ਮਾਰਿਆ ਹੈ ਜਿਵੇਂ ਬਹਤਾ ਮਿੱਠਾ ਪੀਣ ਵਾਲੇ ਨੂੰ ਸਾਧਾਰਨ ਮਿੱਠੀ ਚੀਜ਼ ਫਿੱਕੀ ਲੱਗਣ ਲੱਗ ਜਾਂਦੀ ਹੈ ਜਾਂ ਐਮ.ਡੀ.ਐਚ ਮਸਾਲਿਆਂ ਨੂੰ ਹੀ ਭਾਰਤ ਦਾ ਇਕੋ ਇਕ ਸਵਾਦ ਸਮਝਣ ਲੱਗ ਪਈ ਸਾਡੀ ਰਸਨਾ ਚੀਜ਼ਾਂ ਦੇ ਅਸਲ ਸੁਆਦ ਨੂੰ ਭੁੱਲ ਹੀ ਗਈ ਹੈ।ਇਹ ਗੱਲ ਤਾਂ ਸ਼ਾਇਦ ਵੱਧ ਸੂਖਮ ਹੋਵੇ, ਅਸੀਂ ਤਾਂ ਆਪਣੇ ਬੱਚਿਆਂ ਨਾਲ ਕਈ ਵਾਰ ਅਜਿਹਾ ਵਰਤ ਜਾਂਦੇ ਹਾਂ ਕਿ, ਜਿਵੇਂ ਜਸਵਿੰਦਰ ਕਹਿੰਦਾ ਹੈ:
ਜਦੋਂ ਤੱਕ ਹੋਸ਼ ਆਉਂਦੀ ਕੁੱਝ ਨਹੀਂ ਬਚਦਾ ਸੰਭਾਲਣ ਨੂੰ
ਪਤਾ ਮੁੱਠੀ ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ
ਮੈਨੂੰ ਮੇਰੇ ਮਿੱਤਰ ਡਾ. ਸੁਰਜੀਤ ਦੀ ਦੱਸੀ ਇਕ ਗੱਲ ਯਾਦ ਆਈ।ਉਹਨਾ ਦੇ ਬੇਟਾ ਹੋਇਆ।ਨਾਂ ਰੱਖਣ ਲੱਗੇ ਮਾਂ-ਬਾਪ ਦੀ ਥਾਂ ਸੁਰਜੀਤ ਅਤੇ ਜਗਦੀਸ਼ ਦੇ ਅੰਦਰਲੇ ਵਿਦਵਾਨਾਂ ਦੀ ਸਿਆਣਪ ਨੇ ਜ਼ੋਰ ਮਾਰਿਆ।ਜਾਤਾਂ,ਗੋਤਾਂ,ਧਰਮਾਂ,ਇਲਾਕਿਆਂ ਦੀਆਂ ਵਲਗਣਾ ਤੋੜ ਕੇ , ਨਿਰੋਲ ਮਾਨਵੀ ਗੂੰਜ ਉਪਜਾਉਣ ਵਾਲਾ ਨਾਂ ਰੱਖਿਆ ‘ਆਮੀਨ‘।ਨਾ ਸਿੰਘ ਨਾ ਰਾਮ ਨਾ ਮੁਹੰਮਦ ਨਾ ਹੀ ਕਿਸੇ ਹੋਰ ਧਰਮ ਨਾਲ ਮਿਲਦਾ ਸਰਨੇਮ।ਬੱਸ ਆਮੀਨ।ਆਮੀਨ ਜਾਣੀ ਪ੍ਰਮਾਤਮਾ ਦਾ ਫਾਰਸੀ ਨਾਂ।ਆਮੀਨ ਜਾਣੀ ਜੋ ਇੱਛਾ ਕੀਤੀ ਸੀ ਓਹੀ ਪ੍ਰਾਪਤ ਹੋਣ ਦੀ ਸ਼ੁਭ ਇੱਛਾ! ਆਮੀਨ ਥੋੜ੍ਹਾ ਵੱਡਾ ਹੋਇਆ ਤਾਂ ਛੋਟਾ ਨਾਂ ਮਿਲਿਆ ‘ਅਮੂ‘।‘ਅਮੂ‘ ਨੇ ਬੜੀ ਦੇਰ ਓਹਲਾ ਬਣਾਈ ਰੱਖਿਆ।ਕਦੇ ਕਦਾਈਂ ਕਿਸੇ ਨੇ ਪੂਰਾ ਨਾਂ ਲਿਖਿਆ ਪੜ੍ਹਨਾ ਤਾਂ ਕਹਿਣਾ ‘ਇਹ ਤਾਂ ਮੁਸਲਮਾਨੀ ਨਾਂ ਏ‘।ਵੱਡਿਆਂ ਦੇ ਭਾਅ ਦੀ ‘ਹੂੰ‘ ‘ਹਾਂ‘ ਜਾਂ ਵਿਦਵਤਾ ਭਰਪੂਰ ਵਿਆਖਿਆ ਨਾਲ ਗੱਲ ਮੁੱਕ ਜਾਣੀ।ਅਮੂ ਅੱਠਵੀਂ ‘ਚ ਹੋਇਆ ਤਾਂ ਭਰਨ ਲਈ ਉਹਨੂੰ ਪ੍ਰੀਖਿਆ ਫਾਰਮ ਦਿੱਤਾ ਗਿਆ-
"ਅਮੂ! ਏਨੀ ਦੇਰ ਫਾਰਮ ਭਰਨ ਨੂੰ", ਗਹਿਰੀ ਸੋਚ ‘ਚ ਡੁੱਬੇ ਅਮੂ ਨੂੰ ਮੈਡਮ ਨੇ ਦੂਜੀ ਵਾਰ ਪੁੱਛਿਆ-
"ਬੱਸ ਭਰ ਰਿਹਾਂ ਮੈ‘ਮ", ਬਿਨਾ ਹਿੱਲੇ ਅਮੂ ਨੇ ਜਵਾਬ ਦਿੱਤਾ।ਮੈਡਮ ਨੇੜੇ ਆਈ।ਅਮੂ ਦੇ ਸਾਹਮਣੇ ਖੁਸ਼ਖਤ ਲਿਖਾਈ ‘ਚ ਭਰੇ ਫਾਰਮ ਵੱਲ ਦੇਖਿਆ-
"ਤੈਨੂੰ ਆਪਣਾ ਨਾਂ ਨੀ ਪਤਾ…ਕਾਲਮ ਖਾਲੀ ਛੱਡਿਐ?" ਐਨੇ ਹੁਸ਼ਿਆਰ ਅਮੂ ਦੀ ਐਨੀ ਵੱਡੀ ਅਣਗਹਿਲੀ ਤੇ ਮੈਡਮ ਨੂੰ ਸੱਚੀਂ ਖਿਝ ਆਈ-
"ਇਹੀ ਸੋਚ ਰਿਹਾਂ ਮੈ‘ਮ ", ਅਮੂ ਦੇ ਗੰਭੀਰ ਹੋ ਕੇ ਦਿੱਤੇ ਜਵਾਬ ਤੇ ਮੈਡਮ ਹੈਰਾਨ ਹੋ ਗਈ।
ਅਸੀਂ ਜਿਹੜੇ ਬੱਸ ਹੈਰਾਨ ਹੋਣਾ ਹੀ ਜਾਣਦੇ ਹਾਂ, ਇਹ ਕਦੇ ਨਹੀਂ ਜਾਣ ਸਕਦੇ ਕਿ ਗਭਰੀਟ ਉਮਰ ਦੀ ਮੁਢਲੀ ਦਹਿਲੀਜ਼ ਤੇ ਖੜ੍ਹਾ ਇਹ ਬੱਚਾ ਕਿਸ ਸਮੱਸਿਆ ਨਾਲ ਦੋ ਚਾਰ ਹੋ ਰਿਹਾ ਸੀ।ਉਹ ਜਾਣਦਾ ਸੀ ਕਿ ਅੱਜ,ਹੁਣ ਉਹ ਘੜੀ ਸੀ ਜਿਸ ਨੇ ਉਹਦੇ ਨਾਂ ਨੂੰ ਆਖਰੀ ਵਾਰ ਤਸਦੀਕ ਕਰ ਦੇਣਾ ਸੀ।ਉਹਦੀ ਪਹਿਚਾਣ ਨਾਲ ਜੁੜੀ ਹਰ ਵਸਤੂ ਹਰ ਸਰਟੀਫਿਕੇਟ ਤੇ ਛਪ ਜਾਣਾ ਸੀ।ਇਹ ਹੀ ਉਹ ਘੜੀ ਸੀ ਜਿਹੜੀ ਆਪਣੇ ਨਾਂ ਤੇ ਉੱਠੇ ਸਵਾਲਾਂ ਤੋਂ ਉਹਦਾ ਖਹਿੜਾ ਛੁਡਾ ਸਕਦੀ ਸੀ।ਸਵਾਲ ਜਿਹੜੇ ਕਈ ਵਾਰ ਦਿਲ ਦੁਖਾ ਦੇਣ ਦੀ ਹੱਦ ਤੱਕ ਚੁਭਵੇਂ ਹੁੰਦੇ ਸਨ।ਉਹ ਫਾਰਮ ‘ਚ ਆਪਣਾ ਫੇਸ ਬੁੱਕ ਤੇ ਪ੍ਰਚਾਰਿਆ ਨਾਂ ‘ਅਮਿਤੋਜ‘ ਫਾਰਮ ਤੇ ਲਿਖ ਸਕਦਾ ਸੀ।ਇਮਤੋਜ ਨਾਲ ਸਿੰਘ ਵੀ ਲਿਖ ਸਕਦਾ ਸੀ।ਇਹੀ ਤਾਂ ਉਹ ਪਿਛਲੇ ਅੱਧੇ ਘੰਟੇ ਤੋਂ ਸੋਚ ਰਿਹਾ ਸੀ।ਹੁਣ ਤੱਕ ਉਹ ਆਪਣਾ ਨਾਂ ਰੱਖਣ ਪਿੱਛੇ ਲੁਕੇ ਸੰਕਲਪ ਦੀ ਰਾਖੀ ਕਰਦਾ ਆਇਆ ਸੀ…ਕਦੇ ਇਸ ਰਾਖੀ ਤੋਂ ਪਾਸਾ ਵੀ ਵੱਟਦਾ ਆਇਆ ਸੀ।ਨਾਂ ਦੇ ਆਸਰੇ ਧਰਮ ਦੀ ਮਲੱਕੀ ਸਪੇਸ ਨਾਲ ਲੜਨ ਦਾ ਸੁਪਨਾ ਲੈਣ ਵਾਲੇ ਵਿਦਵਾਨ ਮਾਪੇ ਕਦੇ ਨਾ ਜਾਣ ਸਕੇ ਕਿ ਬੱਚੇ ਨੂੰ ਕਿੰਨੀ ਵਾਰ ਉਹਨਾ ਦਾ ਰੱਖਿਆ ਨਾਂ ‘ਭੁਗਤਣਾ‘ ਪਿਆ ਸੀ।
ਅਮੂ ਉਸ ‘ਭੁਗਤੇ‘ ਹੋਏ ਨਾਲ ਹੀ ਜੂਝ ਰਿਹਾ ਸੀ।ਸਭ ਸਮਝਦਾ ਵੀ ਸੀ।ਭਰੀ ਜਮਾਤ ਵਿਚ ਇਕੱਲੇ ਰਹਿ ਗਏ ਅਮੂ ਨੇ ਡੂੰਘਾ ਸਾਹ ਭਰਿਆ ਤੇ ਪੈਨ ਚੁੱਕ ਲਿਆ ,ਜਿਵੇਂ ਕੋਈ ਇਕ ਹੀ ਐਕਸ਼ਨ ਵਿਚ ਢਾਲ ‘ਤੇ ਵਾਰ ਰੋਕਣ ਲਈ ਗੋਡਣੀ ਵੀ ਲਾਵੇ ਤੇ ਵਾਰ ਕਰਨ ਲਈ ਉੱਠ ਵੀ ਖੜ੍ਹਾ ਹੋਵੇ-
"ਆਮੀਨ" ਉਹਦੀ ਰੂਹ ਕਲਮ ‘ਚ ਉੱਤਰੀ।ਬਾਪ ਦੇ ਵਿਚਾਰ ਨੂੰ ਕਵਚ ਵਾਂਗ ਰੂਹ ਦੁਆਲੇ ਲਪੇਟ ਉਹ ਫਾਰਮ ਲੈ ਕੇ ਖੜ੍ਹਾ ਹੋ ਗਿਆ।
ਫੈਸਲੇ ਦੀ ਉਸ ਘੜੀ ‘ਚ ਛੁਪੀ ਪੀੜ ਤੇ ਹਿੰਸਾ ਨੂੰ ਕਾਸ਼ ਅਸੀਂ ਸਮਝ ਸਕਦੇ…ਸਮਝ ਸਕਦੇ ਕਿ ਮੰਮੀ ਜਾਂ ਡੈਡੀ,ਜਿਹਦੀ ਅਸੀਂ ਮੰਗ ਕਰਦੇ ਹਾਂ, ਇਹ ਸ਼ਬਦ ਮੇਰੀ ਬੇਟੀ ਦੀ ਰੂਹ ‘ਚ ਕਦੇ ਪੁੰਗਰੇ ਹੀ ਨਹੀਂ,ਬਸ ‘ਛੱਡੇ ਜਾਣ‘ ਦੀ ਇਕ ਪੀੜ ਉਪਜਦੀ ਹੈ।ਅਪਰਾਧ ਦਾ ਬੋਧ ਤਾਂ ਕੋਈ ਸਾਡੇ ਅੰਦਰ ਵੀ ਹੋਣਾ ਈ ਐ ਨਾ ਜਿਹੜਾ ਜਦੋਂ ਵੀ ਉਹ ਬਿਨਾ ਸੰਬੋਧਨ ਸਾਨੂੰ ਸੰਬਧਿਤ ਹੁੰਦੀ ਹੈ, ਅਸੀਂ ਸਮਝ ਜਾਂਦੇ ਹਾਂ…
ਜਦ ਨੂੰ ਕਮਲ, ਚਾਹ ਬਣਾ ਕੇ ਲੈ ਕੇ ਆਈ ਤਾਂ ਮੈਂ ਅਮਰੀਕਾ ਦੇ ਉਸ ਮੁੰਡੇ ਦੀਆਂ ਉਦਾਸ ਅੱਖਾਂ ‘ਚ ਦੇਖ ਰਿਹਾਂ ਸਾਂ ਜਿਹੜੀਆਂ ਵੀਹ ਬੱਚਿਆਂ ,ਛੇ ਅਧਿਆਪਕਾਵਾਂ ਦੀਆਂ ਲਾਸ਼ਾਂ ਦੇਖ ਕੇ ਵੀ ਹੋਰ ਵੱਧ ਦੁਖੀ ਨਹੀਂ ਸੀ ਹੋ ਸਕੀਆਂ।ਟੀ.ਵੀ ਅਤੇ ਅਖਬਾਰ ਵਿਚ, ਭਰੇ ਮਨ ਅਤੇ ਰੋਂਦੀਆਂ ਅੱਖਾਂ ਪੂੰਝਦੇ,ਦੁਨੀਆਂ ਦੇ ਸਭ ਤੋਂ ਤਾਕਤਵਰ ਬੰਦੇ,ਅਮਰੀਕਾ ਦੇ ਰਾਸ਼ਟਰਪਤੀ, ਅਬਾਮਾ ਦਾ ਬਿਆਨ ਮੇਰੇ ਯਾਦ ਆ ਰਿਹਾ ਸੀ-
"ਅਸੀਂ ਆਪਣੇ ਬੱਚਿਆਂ ਨੂੰ ਨਹੀਂ ਬਚਾ ਸਕੇ"
ਉਦੋਂ ਸ਼ਾਇਦ ਮੈਂ ਵੀ ਅਬਾਮਾ ਦੀ ਸੰਵੇਦਨਸ਼ੀਲਤਾ ਦਾ ਕਾਇਲ ਹੋਇਆ ਹੋਵਾਂ।ਪਰ ਹੁਣ…ਉਹ ਸਾਰੀਆਂ ਲਾਸ਼ਾਂ ਵੀਹ ਵਰ੍ਹਿਆਂ ਦੇ ਉਸ ਇਕੋ ਮੁੰਡੇ ਦੀ ਲਾਸ਼ ਵਿਚ ਸਮਾ ਗਈਆਂ ਸਨ ਜਿਹਨੇ ਦੋਹਾਂ ਹੱਥਾਂ ‘ਚ ਮਾਰੂ ਹਥਿਆਰ ਫੜੇ ਹੋਏ ਸਨ, ਬੁਲਿਟ ਪਰੂਫ ਜੈਕਿਟ ਪਹਿਨੀ ਹੋਈ ਸੀ ਤੇ ਜਿਹਨੇ ‘ਅੰਨ੍ਹੇਵਾਹ‘ ਗੋਲ਼ੀ ਚਲਾਉਣ ਤੋਂ ਬਾਅਦ ਆਪਣੇ ਸਿਰ ਵਿਚ ਗੋਲੀ ਮਾਰ ਲਈ ਸੀ…
ਦੁਖੀ ਕਰਨ ਵਾਲੀ ਗੱਲ ਇਹ ਹੈ ਕਿ ਜਦੋਂ ਅਬਾਮਾ ‘ਆਪਣੇ ਬੱਚੇ‘ ਕਹਿੰਦਾ ਹੈ ਤਾਂ ਉਸ ਇੱਕੀਵੇਂ ਨੂੰ ਵਿਚ ਸ਼ਾਮਿਲ ਨਹੀਂ ਕਰਦਾ।ਉਹ ਕਿਸਦਾ ਬੱਚਾ ਹੈ? ਕੀਹਨੇ ਉਹਨੂੰ ਅੰਨ੍ਹੇਵਾਹ ਗੋਲੀਆਂ ਚਲਾਉਣ ਜਿੰਨਾ ‘ਅੰਨ੍ਹਾਂ‘ ਕਰ ਦਿੱਤਾ ਹੈ?ਕੌਣ ਹੈ ਜਿਹਨੇ ਆਪਣੀ ਮਾਂ ਤੇ ਗੋਲ਼ੀ ਚਲਾਉਣ ਵੇਲੇ ਉਹਦਾ ਕੰਬਦਾ ਹੱਥ ਸਿੱਧਾ ਰੱਖਿਆ ਹੈ?9/11 ਤੋਂ ਬਾਅਦ ਅੰਦਰੂਨੀ ਤੇ ਬਾਹਰੀ ਸੁਰੱਖਿਆ ਦੇ ਕਿਲੇ ‘ਚ ਬੈਠੇ ਅਮਰੀਕਾ ਦੇ ਬੱਚਿਆਂ ਦੀਆਂ ਸਿਰਾਂ ‘ਚ ਇਹ ਬਾਰੂਦ ਕਿਥੋਂ ਆ ਗਿਆ ਹੈ?
ਬੜੇ ਸਵਾਲ ਉੱਠਦੇ ਹਨ ਮਨ ‘ਚ।ਸਾਹਮਣੇ ਕਮਲ ਚਾਹ ਲਈਂ ਖੜ੍ਹੀ ਮੁਸਕਰਾ ਰਹੀ ਹੈ।ਮੈਂ ਵੀ ਮੁਸਕਰਾਉਣਾ ਚਾਹੁੰਦਾ ਹਾਂ ਪਰ ਮੁਸਕਰਾ ਨਹੀਂ ਸਕਦਾ ਕਿਉਂਕਿ ਮੈਨੂੰ ਉਸਦੀ ਮੁਸਕਰਾਹਟ ‘ਚੋਂ ਉਸ ਮੁੰਡੇ ਦੀ ‘ਬੁਲਿਟ ਪਰੂਫ‘ ਜੈਕਿਟ ਦਿਸਦੀ ਹੈ…
40ਵੀਂ ਬਰਸੀ ਤੇ
ਸਿ਼ਵ ਤੇ ਮੈਂ
Online Punjabi Magazine Seerat- ਬਲਬੀਰ ਮੋਮੀ
 


ਜਨਮ: 23 ਜੁਲਾਈ, 1936, ਨੂੰ ਪਿਤਾ ਪੰਡਤ ਕਿਸ਼ਨ ਗੋਪਾਲ ਦੇ ਘਰ ਬੜਾ ਪਿੰਡ ਲੋਹਟੀਆਂ, ਤਹਿਸੀਲ ਸ਼ਕਰਗੜ੍ਹ, ਜ਼ਿਲਾ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ।
ਬੜਾ ਪਿੰਡ ਜਿ਼ਲਾ ਸਿਆਲਕੋਟ (ਪਾਕਿਸਤਾਨ) ਵਿਚ ਸਿ਼ਵ ਕੁਮਾਰ ਦਾ ਘਰ ਜਿਥੇ ਉਹ ਜੰਮਿਆ
ਵਿਆਹ: ਅਰੁਣਾ ਨਾਲ 5 ਫਰਵਰੀ, 1967 ਨੂੰ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ। ਦੋ ਬੱਚੇ, ਲੜਕਾ ਮਿਹਰਬਾਨ ਤੇ ਬੇਟੀ ਪੂਜਾ
ਮੌਤ: 6 ਮਈ, 1973, ਸਹੁਰੇ ਪਿੰਡ ਕਿਰ ਮੰਗਿਆਲ, ਤਹਿਸੀਲ ਪਠਾਨਕੋਟ, ਜ਼ਿਲਾ ਗੁਰਦਾਸਪੁਰ
ਸਿ਼ਵ ਦੀ ਲੋਕ ਪ੍ਰਿਅਤਾ ਵਾਰਸ ਸ਼ਾਹ ਤੋਂ ਬਾਅਦ ਦੂਜੇ ਨੰਬਰ ਤੇ ਗਿਣੀ ਜਾਂਦੀ ਹੈ।

ਉਹ 11 ਸਾਲ ਦਾ ਸੀ ਜਦ 1947 ਵਿਚ ਪਾਕਿਸਤਾਨ ਬਣਿਆ ਤੇ ਉਹ ਆਪਣੇ ਮਾਪਿਆਂ ਨਾਲ ਆਪਣਾ ਜੱਦੀ ਪਿੰਡ ਲੋਹਟੀਆਂ, ਜ਼ਿਲਾ ਸਿਆਲਕੋਟ ਛਡ ਕੇ ਬਟਾਲੇ ਆ ਗਿਆ। 1953 ਵਿਚ ਮੈਟਰਿਕ ਪਾਸ ਕਰਨ ਉਪਰੰਤ ਸਿ਼ਵ ਕੁਝ ਚਿਰ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਤੇ ਫਿਰ ਐਸ. ਐਨ. ਕਾਲਜ ਕਾਦੀਆਂ ਅਗਲੇਰੀ ਪੜ੍ਹਾਈ ਲਈ ਦਾਖਲ ਹੋਇਆ ਪਰ ਪੜ੍ਹਾਈ ਪੂਰੀ ਨਾ ਕੀਤੀ। ਕਿਓਂਕਿ ਉਹਦਾ ਪਿਤਾ ਮਾਲ ਮਹਿਕਮੇ ਵਿਚ ਨਾਇਬ ਤਹਿਸੀਲਦਾਰ ਸੀ, ਉਸ ਨੇ ਸਿ਼ਵ ਨੂੰ ਪਟਵਾਰੀ ਦੀ ਨੌਕਰੀ ਤੇ ਲਗਵਾ ਦਿਤਾ। ਉਹਨੂੰ ਜ਼ਮੀਨਾਂ ਦੀਆਂ ਗਰਦੌਰੀਆਂ ਤੇ ਇੰਤਕਾਲ ਕਰਨ, ਸ਼ਜਰੇ ਬਨਾਉਣ, ਖਸਰੇ ਨੰਬਰ ਦੇਣ, ਸੋਕੇ ਤੇ ਹੜ ਮਾਰੇ ਇਲਾਕਿਆਂ ਦਾ ਹਿਸਾਬ ਰੱਖਣ, ਜ਼ਮੀਨ ਮਾਲਕਾਂ ਤੇ ਹਲ ਵਾਹਕ ਮੁਜ਼ਾਰਿਆਂ ਦੇ ਝਗੜੇ ਨਿਪਟਾਉਣ, ਜ਼ਮੀਨ ਮਾਲਕੀ ਦੀਆਂ ਨਕਲਾਂ ਦੇਣ ਤੇ ਜ਼ਰਬਾਂ ਤਕਸੀਮਾਂ ਕਰਨ ਦਾ ਕੰਮ ਰਾਸ ਨਾ ਆਇਆ। ਉਹਦੇ ਧੁਰ ਅੰਦਰ ਰਚੇ ਸ਼ਾਇਰ ਮਨ ਨੇ ਇਹ ਨੌਕਰੀ ਛਡਵਾ ਦਿਤੀ ਪਰ ਪੇਂਡੂ ਜੀਵਨ, ਪੰਜਾਬ ਦੇ ਸਭਿਆਚਾਰ ਅਤੇ ਨਜ਼ਾਰਿਆਂ ਦੇ ਸੈਂਕੜੇ ਸ਼ਬਦ ਪਟਵਾਰੀ ਦੀ ਨੌਕਰੀ ਕਰਦਿਆਂ ਤਜਰਬੇ ਵਜੋਂ ਉਹਦੇ ਜ਼ਿਹਨ ਦੇ ਆਰ ਪਾਰ ਖੁਭ ਗਏ। ਇਸ ਅਮੀਰ ਸ਼ਬਦਾਵਲੀ ਨੂੰ ਉਸ ਅਜਿਹੇ ਕਲਾਤਮਕ ਢੰਗ ਨਾਲ ਆਪਣੇ ਬ੍ਰਿਹੋਂ ਭਰਪੂਰ ਗੀਤਾਂ ਵਿਚ ਪਰੋਇਆ ਕਿ ਇਹਨਾਂ ਗੀਤਾਂ ਦੇ ਅਰਥਾਂ ਵਿਚੋਂ ਲੋਕ ਆਪਣੀਆਂ ਪੀੜਾਂ ਹਰਨ ਲਗੇ ਜਿਵੇਂ:-

“ਯਾਦਾਂ ਦਾ ਕਰ ਲੋਗੜ ਕੋਸਾ ਦਿਲ ਨੂੰ ਕਰਾਂ ਟਕੋਰਾਂ ਮੈਂ
ਪਈ ਬ੍ਰਿਹੋਂ ਦੀ ਸੋਜ ਕਲੇਜੇ ਮੋਇਆਂ ਬਾਝ ਨਾ ਜਾਣੀ ਨੀ
ਰਾਤਾਂ ਨੂੰ ਸੁਪਨੇ ਵਿਚ ਆਉਣ ਵਾਲੀ ਮੀਨਾ ਸਿ਼ਵ ਦੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ ਜੋ ਉਸ ਨੂੰ ਬੈਜਨਾਥ ਦੇ ਮੇਲੇ ਤੇ ਮਿਲੀ ਸੀ। ਮੀਨਾ ਕੱਚੀ ਨਹੀਂ ਸੀ ਪਰ ਜ਼ਿੰਦਗੀ ਕੱਚੀ ਨਿਕਲੀ ਤੇ ਉਹ ਮਿਆਦੀ ਬੁਖਾਰ ਨਾਲ ਮਰ ਗਈ। ਅਲਬੇਲੇ ਤੇ ਆਸ਼ਕ ਸੁਭਾਅ ਦੇ ਮਾਲਕ, ਸਿ਼ਵ ਨੂੰ ਚੜ੍ਹਦੀ ਜਵਾਨੀ ਵਿਚ ਪਿਆਰ ਚੋਂ ਮਿਲੀ ਨਿਰਾਸਤਾ ਤੇ ਦੁਖ ਨਾਲ ਉਹਦੇ ਅੰਦਰੋਂ ਬਿਰਹਾ ਦੇ ਗੀਤ ਲਾਵੇ ਵਾਂਗ ਫੁਟ ਉਠੇ ਜਿਵੇਂ:-

ਤੇਰੀ ਯਾਦ ਅਸਾਨੂੰ ਮਣਸ ਕੇ ਕੁਝ ਸੂਲਾਂ ਕਰ ਗਈ ਦਾਨ ਵੇ
ਅਜ ਫੁੱਲਾਂ ਦੇ ਘਰ ਮਹਿਕ ਦੀ ਆਈ ਦੂਰੋਂ ਚੱਲ ਮਕਾਣ ਵੇ
ਸਾਡੇ ਵਿਹੜੇ ਪੱਤਰ ਅੰਬ ਦੇ ਗਏ ਟੰਗ ਮਰਾਸੀ ਆਣ ਵੇ
ਕਾਗਜ਼ ਦੇ ਤੋਤੇ ਲਾ ਗਏ ਮੇਰੀ ਅਰਥੀ ਨੂੰ ਤਰਖਾਣ ਵੇ
ਤੇਰੇ ਮੋਹ ਦੇ ਲਾਲ ਗੁਲਾਬ ਦੀ ਆਏ ਮੰਜਰੀ ਡੋਰ ਚੁਰਾਣ ਵੇ
ਸਾਡੇ ਸੁੱਤੇ ਮਾਲੀ ਆਸ ਦੇ ਅਜ ਕੋਰੀ ਚਾਦਰ ਤਾਣ ਵੇ
ਮੇਰੇ ਦਿਲ ਦੇ ਮਾਨਸਰੋਵਰਾਂ ਵਿਚ ਬੈਠੇ ਹੰਸ ਪਰਾਣ ਵੇ
ਤੇਰਾ ਬਿਰਹਾ ਲਾ ਲਾ ਤੌੜੀਆਂ ਆਏ ਮੁੜ ਮੁੜ ਆਣ ਉਡਾਣ ਵੇ

ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ ਆਓ ਮੈਨੂੰ ਦਿਓ ਦਿਲਾਸਾ ਨੀ
ਪੀ ਚਲਿਆ ਨੀ ਮੈਨੂੰ ਘੁਟ ਘੁਟ ਕਰ ਕੇ ਗ਼ਮ ਦਾ ਮਿਰਗ ਪਿਆਸਾ ਨੀ
ਡੋਲ੍ਹ ਇਤਰ ਮੇਰੀਂ ਜ਼ੁਲਫੀਂ ਮੈਨੂੰ ਲੈ ਚਲੋ ਕਬਰਾਂ ਵੱਲੇ ਨੀ
ਖਵਰੇ ਭੂਤ ਭੁਤਾਣੇ ਹੀ ਬਣ ਚੰਬੜ ਜਾਵਣ ਹਾਣੀ ਨੀਂ

ਸਿ਼ਵ ਮੀਨਾ ਦੇ ਸੋਗ ਵਿਚ ਫੂਹੜੀ ਪਾ ਬੈਠਾ ਰਹਿੰਦਾ ਤੇ ਉਹਦੀਆਂ ਯਾਦਾਂ ਮੁਕਾਣੇ ਔਣੋ ਨਾ ਹਟਦੀਆਂ, ਤਾਂ ਉਸ ਲਿਖਿਆ:

ਜਿੰਦੂ ਦੇ ਬਾਗੀਂ ਦਰਦਾਂ ਦਾ ਬੂਟੜਾ ਗੀਤਾਂ ਦਾ ਮਿਰਗ ਚਰੇ
ਹਿਜਰਾਂ ਦੀ ਵਾਉ ਵਗੇ ਅਧਰੈਣੀ ਕੋਈ ਕੋਈ ਪੱਤ ਕਿਰੇ

ਸਿ਼ਵ ਛੇਤੀ ਹੀ ਪੰਜਾਬ ਦਾ ਹਰਮਨ ਪਿਆਰਾ ਸ਼ਾਇਰ ਬਣ ਗਿਆ। ਕੁੜੀਆਂ ਓਸ ਦੇ ਗੀਤ ਆਪਣੀਆਂ ਕਾਪੀਆਂ ਵਿਚ ਉਤਾਰ ਲੈਂਦੀਆਂ ਤੇ ਕਈ ਸੂਈਆਂ ਮਾਰ ਪੋਟੇ ਚੋਂ ਖੂੰਨ ਕਢ ਆਪਣਾ ਨਾਂ ਕਾਗਜ਼ ਤੇ ਲਿਖ ਕੇ ਉਹਨੂੰ ਦੇ ਦੇਂਦੀਆਂ। ਇਹ ਉਹ ਸਮਾਂ ਸੀ ਜਦ ਓਸਦੀ ਦੂਜੀ ਮਹਿਬੂਬਾ ਜੋ ਪੰਜਾਬੀ ਦੇ ਪ੍ਰਸਿਧ ਲੇਖਕ ਮਿਸਟਰ ਸਿੰਘ ਦੀ ਕੁੜੀ ਵੀ ਉਹਨੂੰ ਛਡ ਕੇ ਬਦੇਸ਼ ਚਲੀ ਗਈ ਤੇ ਉਸ ਦੀ ਜੁਦਾਈ ਦੀ ਤੜਪ ਵਿਚ ਸਿ਼ਵ ਨੇ ਮਸ਼ਹੂਰ ਗੀਤ ‘ਸਿ਼ਕਰਾ‘ ਲਿਖਿਆ:-

ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ
ਇਕ ਉਹਦੇ ਰੂਪ ਦੀ ਧੁਪ ਤਿਖੇਰੀ ਦੂਜਾ ਮਹਿਕਾਂ ਦਾ ਤਿਰਹਾਇਆ
ਤੀਜਾ ਉਹਦਾ ਰੰਗ ਗੁਲਾਬੀ ਕਿਸੇ ਗੋਰੀ ਮਾਂ ਦਾ ਜਾਇਆ
ਇਕ ਉਡਾਰੀ ਓਸ ਐਸੀ ਮਾਰੀ ਉਹ ਮੁੜ ਵਤਨੀ ਨਾ ਆਇਆ
ਇਸ਼ਕੇ ਦਾ ਇਕ ਪਲੰਘ ਨਵਾਰੀ ਅਸਾਂ ਚਾਨਣੀਆਂ ਵਿਚ ਡਾਹਿਆ
ਤਨ ਦੀ ਚਾਦਰ ਹੋ ਗਈ ਮੈਲੀ ਉਸ ਪੈਰ ਜਾਂ ਪਲੰਘੇ ਪਾਇਆ
ਚੂਰੀ ਕੁੱਟਾਂ ਤੇ ਉਹ ਖਾਂਦਾ ਨਾਹੀਂ ਉਹਨੂੰ ਦਿਲ ਦਾ ਮਾਸ ਖਵਾਇਆ
ਮਾਏ ਨੀ ਮਾਏ ਮੈਂ ਇਕ ਸਿ਼ਕਰਾ ਯਾਰ ਬਣਾਇਆ
ਨੀ ਮੈਂ ਵਾਰੀ ਜਾਂ------

ਅਤੇ ਇਸ ਤਰ੍ਹਾਂ ਦੇ ਹੋਰ ਗੀਤ:
ਇਹ ਕਿਸ ਦੀ ਅਜ ਯਾਦ ਹੈ ਆਈ
ਚੰਨ ਦਾ ਲੌਂਗ ਬੁਰਜੀਆਂ ਵਾਲਾ, ਪਾ ਕੇ ਨੱਕ ਵਿਚ ਰਾਤ ਹੈ ਆਈ
ਪੁਤਰ ਪਲੇਠੀ ਦਾ ਮੇਰਾ ਬਿਰਹਾ, ਫਿਰੇ ਚਾਨਣੀ ਕੁੱਛੜ ਚਾਈ

ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ
ਸਾਡੇ ਮੁਖ ਦਾ ਮੈਲਾ ਚਾਨਣ, ਕਿਸ ਚੁੰਮਣਾ ਕਿਸ ਪੀਣਾ
ਸੱਜਣ ਜੀ, ਅਸਾਂ ਕਿਸ ਖਾਤਰ ਹੁਣ ਜੀਣਾ

ਜੇ ਕਿਸਮਤ ਮਿਰਚਾਂ ਦੇ ਪੱਤਰ ਪੀਠ ਤਲੀ ਤੇ ਲਾਏ ਵੇ
ਕਰਮਾਂ ਦੀ ਮਹਿੰਦੀ ਦਾ ਸਜਨਾ ਰੰਗ ਕਿਵੇਂ ਦੱਸ ਚੜ੍ਹਦਾ ਵੇ

ਲੋਕਣ ਪੂਜਣ ਰੱਬ ਮੈਂ ਪੂਜਾਂ ਤੇਰਾ ਬਿਰਹੜਾ
ਸਾਨੂੰ ਸੌ ਮਕਿਆਂ ਦਾ ਹੱਜ ਵੇ ਤੇਰਾ ਬਿਰਹੜਾ

1965 ਵਿਚ ਉਸ ਨੇ ਲੂਣਾ ਲਿਖੀ ਜਿਸ ਵਿਚ ਉਸ ਨੇ ਇਸ ਸੰਕਲਪ ਨੂੰ ਅਸਵੀਕਾਰ ਕੀਤਾ ਕਿ ਲੂਣਾ ਗਲਤ ਸੀ।

ਲੂਣਾ ਹੋਵੇ ਤਾਂ ਅਪਰਾਧਨ
ਜੇਕਰ ਅੰਦਰੋਂ ਹੋਏ ਸੁਹਾਗਣ
ਪਿਤਾ ਜੇ ਧੀ ਦਾ ਰੂਪ ਹੰਢਾਵੇ
ਲੋਕਾ ਵੇ ਤੈਨੂੰ ਸ਼ਰਮ ਨਾ ਆਵੇ
ਮੈਂ ਪੂਰਨ ਦੀ ਮਾਂ
ਪੂਰਨ ਦੇ ਹਾਣ ਦੀ

1967 ਵਿਚ ਸਿ਼ਵ ਨੂੰ ਲੂਣਾ ਲਿਖਣ ਤੇ ਭਾਰਤ ਸਾਹਿਤ ਅਕਾਡਮੀ ਦਾ ਪੰਜ ਹਜ਼ਾਰ ਦਾ ਇਨਾਮ ਮਿਲਿਆ। ਇਹ ਪ੍ਰਤਿਸ਼ਠਾਵਾਨ ਇਨਾਮ ਹਾਸਲ ਕਰਨ ਵਾਲਾ ਸਿ਼ਵ ਸਭ ਤੋਂ ਛੋਟੀ ਉਮਰ ਦਾ ਲੇਖਕ ਸੀ। ਆਪਣੇ ਟਿੱਚਰੀ ਸੁਭਾਅ ਕਾਰਨ ਟਿਪਣੀ ਕਰਦਿਆਂ ਉਸ ਇਕ ਮਹਿਫਲ ਵਿਚ ਕਹਿ ਦਿਤਾ ਕਿ ਪੰਜ ਹਜ਼ਾਰ ਦਾ ਇਨਾਮ ਲੈਣ ਲਈ ਮੇਰਾ ਸੱਤ ਹਜ਼ਾਰ ਉਤੇ ਲੱਗ ਗਏ ਹਨ।

5 ਫਰਵਰੀ, 1967 ਨੂੰ ਅਰੁਣਾ ਨਾਲ ਸਿ਼ਵ ਦਾ ਵਿਆਹ ਪਠਾਨਕੋਟ ਦੇ ਗੁਲਮੋਹਰ ਹੋਟਲ ਵਿਚ ਹੋਇਆ। ਓਸ ਦੇ ਦੋ ਬੱਚੇ ਹਨ ਮਿਹਰਬਾਨ ਤੇ ਪੂਜਾ। ਉਸਦੀ ਮੌਤ ਤੋਂ ਬਾਅਦ ਬੱਚੇ ਤੇ ਉਹਦੀ ਪਤਨੀ ਅਰੁਨਾ ਪੰਜਾਬੀ ਯੂਨੀਵਰਸਿਟੀ ਪਟਿਆਲੇ ਰਹੇ ਤੇ ਪੜ੍ਹੇ। ਅਰੁਨਾ ਯੂਨੀਵਰਸਿਟੀ ਦੀ ਲਾਇਬਰੇਰੀ ਵਿਚ ਨੌਕਰੀ ਕਰਦੀ ਸੀ ਜਿਥੋਂ ਹੁਣ ਸੇਵਾ ਮੁਕਤ ਹੋ ਚੁਕੀ ਹੈ। ਪੂਜਾ ਅਮਰੀਕਾ ਵਿਚ ਹੈ। ਮਿਹਰਬਾਨ ਲੈਕਚਰਰ ਲੱਗਾ ਹੋਇਆ ਹੈ। ਅਕਸਰ ਕਈ ਲੋਕ ਮੈਨੂੰ ਪੁਛਦੇ ਹਨ ਕਿ ਕੀ ਸਿ਼ਵ ਵਿਆਹਿਆ ਹੋਇਆ ਸੀ? ਮੈਨੂੰ ਉਹਨਾਂ ਦੀ ਅਗਿਆਣਤਾ ਤੇ ਹਾਸਾ ਆਉਂਦਾ ਹੈ। ਸ਼ਿਵ ਦੇ ਦੋਹਾਂ ਬੱਚਿਆਂ ਚੋਂ ਕੋਈ ਵੀ ਲੇਖਕ ਤਾਂ ਨਹੀਂ ਬਣਿਆ ਜੋ ਜ਼ਰੂਰੀ ਵੀ ਨਹੀਂ ਪਰ ਅਰੁਨਾ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਸ ਨੂੰ ਪੰਜਾਬੀ ਦੇ ਮਹਾਨ ਸ਼ਾਇਰ ਸਿ਼ਵ ਕੁਮਾਰ ਬਟਾਲਵੀ ਦੀ ਪਤਨੀ ਹੋਣ ਦਾ ਮਾਣ ਹਾਸਲ ਹੋਇਆ। ਇਕ ਸ਼ਾਇਰ ਨਾਲ ਉਸ ਨੇ ਆਪਣੀ ਜਵਾਨੀ ਦੇ ਦਿਨ ਕਿਸ ਤਰ੍ਹਾਂ ਬਿਤਾਏ ਤੇ ਉਸਦੀ ਮੌਤ ਤੋਂ ਬਾਅਦ ਜੀਵਨ ਕਿਵੇਂ ਬੀਤਿਆ? ਇਸ ਵਿਸ਼ੇ ਤੇ ਬਹੁਤ ਵਡੀ ਖੋਜ ਹੋ ਸਕਦੀ ਹੈ ਅਤੇ ਇਕ ਨਹੀਂ, ਕਈ ਫਿਲਮਾਂ ਬਣ ਸਕਦੀਆਂ ਹਨ। ਪਤਾ ਨਹੀਂ ਕਿਸੇ ਨੇ ਹੌਸਲਾ ਕਿਉਂ ਨਹੀਂ ਕੀਤਾ। “ਖੇਡਣ ਦੇ ਦਿਨ ਚਾਰ” ਫਿਲਮ ਦਾ ਹੀਰੋ ਮਨੋਹਰ ਦੀਪਕ ਕਦੇ ਕਦੇ ਸਿ਼ਵ ਦੇ ਜੀਵਨ ਬਾਰੇ ਫਿਲਮ ਬਨਾਉਣ ਦੀ ਗੱਲ ਕਰਿਆ ਕਰਦਾ ਸੀ ਜੋ ਪੂਰੀ ਨਾ ਹੋਈ।

ਕਾਲਜੇ ਨੂੰ ਧੂ ਪਾਉਣ ਵਾਲੇ ਬਿਰਹਾ ਦੇ ਗੀਤ ਲਿਖਣ ਕੇ ਸੁਰੀਲੀ ਤੇ ਸੋਗਮਈ ਆਵਾਜ਼ ਵਿਚ ਕੰਨ ਤੇ ਹਥ ਰਖ ਕੇ ਗਾਉਣ ਵਾਲਾ ਸ਼ਿਵ ਕੁਮਾਰ 6 ਮਈ, 1973 ਨੂੰ ਆਪਣੇ ਸਹੁਰੇ ਪਿੰਡ ਕਿਰ ਮੰਗਿਆਲ, ਤਹਿਸੀਲ ਪਠਾਨਕੋਟ ਵਿਖੇ ਸਾਥੋਂ ਸਦਾ ਲਈ ਵਿਛੜ ਗਿਆ ਸੀ। ਜ਼ਿਆਦਾ ਸ਼ਰਾਬ ਪੀਣ ਕਰ ਕੇ ਉਹ ਲਿਵਰ ਆਦਿ ਕਈ ਬੀਮਾਰੀਆਂ ਤੋਂ ਪੀੜਤ ਸੀ ਅਤੇ ਯਾਦਦਾਸ਼ਤ ਵੀ ਕਾਫੀ ਕਮਜ਼ੋਰ ਹੋ ਗਈ ਸੀ। ਅੰਤਲੇ ਦਿਨਾਂ ਵਿਚ ਲਿਖੀਆਂ ਕਵਿਤਾਵਾਂ ਵੀ ਮਨ ਦੀ ਵਧ ਰਹੀ ਉਪਰਾਮਤਾ ਵਾਲੀਆਂ ਸਨ। ਉਸ ਦੇ ਗੀਤ ਕਈ ਸਿੰਗਰਜ਼ ਜਿਵੇਂ ਜਗਜੀਤ ਸਿੰਘ ਚਿਤਰਾ ਸਿੰਘ, ਦੀਦਾਰ ਸਿੰਘ ਪਰਦੇਸੀ, ਸੁਰਿੰਦਰ ਕੌਰ, ਜਗਜੀਤ ਜ਼ੀਰਵੀ, ਮਹਿੰਦਰ ਕਪੂਰ, ਹੰਸ ਰਾਜ ਹੰਸ ਤੇ ਹੋਰ ਕਈਆਂ ਨੇ ਗਾਏ ਹਨ। ਪੰਜਾਬ ਯੂਨੀਵਰਸਿਟੀ ਦਾ ਅੰਗਰੇਜ਼ੀ ਦਾ ਪ੍ਰੋਫੈਸਰ ਓ. ਪੀ. ਸ਼ਰਮਾ ਉਸਨੂੰ ਪੰਜਾਬੀ ਦਾ ਕੀਟਸ ਅਤੇ ਸ਼ੈਲੇ ਕਹਿੰਦਾ ਹੁੰਦਾ ਸੀ।

40 ਸਾਲਾਂ ਦੇ ਏਨੇ ਲੰਮੇ ਸਮੇਂ ਬਾਅਦ ਵੀ ਬਿਰਹਾ ਦੇ ਕਵੀ ਸ਼ਿਵ ਕੁਮਾਰ ਨੂੰ ਲੋਕਾਂ ਨੇ ਨਹੀਂ ਭੁਲਾਇਆ। ਪੰਜਾਬ ਤੇ ਪੰਜਾਬੋਂ ਬਾਹਰ ਦੁਨੀਆ ਵਿਚ ਜਿੱਥੇ ਜਿੱਥੇ ਪੰਜਾਬੀ ਜਾ ਵੱਸੇ ਹਨ, ਉਹਨਾਂ ਨੇ ਸ਼ਿਵ ਕੁਮਾਰ ਦੇ ਗੀਤਾਂ ਨੂੰ ਸੁਣਿਆ, ਮਾਣਿਆ, ਮਹਿਸੂਸਿਆ ਅਤੇ ਆਪਣੀਆਂ ਪੀੜਾਂ ਦਾ ਕਥਾਰਸਜ਼ ਕੀਤਾ ਹੈ। ਸ਼ਿਵ ਬਿਰਹਾ ਦੀ ਕਾਵਿ-ਪੀੜਾ ਦੇ ਸੰਕਲਪ ਵਿਚ ਸੁਲਤਾਨਾਂ ਦਾ ਸੁਲਤਾਨ ਸੀ। ਉਸ ਜਿਹਾ ਦਰਦ ਉਸ ਤੋਂ ਪਹਿਲਾਂ ਤੇ ਪਿੱਛੋਂ ਕੋਈ ਵੀ ਸ਼ਾਇਰ ਅਜ ਤਕ ਆਪਣੀਆਂ ਰਚਨਾਵਾਂ ਵਿਚ ਪੇਸ਼ ਨਹੀਂ ਕਰ ਸਕਿਆ ਅਤੇ ਸ਼ਾਇਦ ਕਦੀ ਕੋਈ ਹੋਰ ਕਰ ਵੀ ਨਾ ਸਕੇ। ਉਸ ਨੇ ਆਪਣੀਆਂ ਕਵਿਤਾਵਾਂ ਤੇ ਗੀਤਾਂ ਵਿਚ ਜਿੱਥੇ ਮਨ ਦੀ ਵੇਦਨਾ, ਪੀੜਾਂ ਤੇ ਹੂਕਾਂ ਨੂੰ ਸਾਰੇ ਹੱਦਾਂ ਬੰਨੇ ਤੋੜ ਕੇ ਸਿਖਰ ਤੋਂ ਸਿਖਰ ਤੀਕ ਪੁਚਾਇਆ, ਉਸ ਦੇ ਨਾਲ ਨਾਲ ਉਸ ਆਪਣੇ ਜੀਵਨ ਵਿਚ ਵੀ ਪੀੜਾਂ ਹੰਢਾਈਆਂ। ਉਸ ਆਪਣੀਆਂ ਰਚਨਾਵਾਂ ਵਿਚ ਅਕਸਰ ਮੌਤ, ਕਫ਼ਨ, ਗ਼ਮ, ਕਬਰਾਂ, ਯਾਦਾਂ, ਪੀੜਾਂ, ਫਰਿਆਦਾਂ, ਕਲੇਜਾ, ਹਿਜਰ, ਹੰਝੂ, ਮੋਏ ਮਿੱਤਰ, ਅਰਥੀ, ਤਤੀਰੀ, ਰੜਕ, ਭੂਤ ਆਦਿ ਸ਼ਬਦਾਂ ਦਾ ਖੁਲ੍ਹ ਕੇ ਵਰਨਣ ਕੀਤਾ। ਇਹ ਸ਼ਬਦ ਉਸ ਦੀ ਡੂੰਘੀ ਮਾਨਸਿਕ ਅਸੰਤੁਸ਼ਟਤਾ, ਬੇਆਰਾਮੀ, ਬੇਚੈਨੀ ਤੇ ਮੌਤ ਨਾਲ ਸਾਂਝ ਦਾ ਰਿਸ਼ਤਾ ਦਰਸਾਉਂਦੇ ਹਨ ਜਿਵੇਂ:

ਡੋਲ੍ਹ ਇਤਰ ਮੇਰੀ ਜ਼ੁਲਫੀਂ ਮੈਨੂੰ ਲੈ ਚੱਲੋ ਕਬਰਾਂ ਵੱਲੇ ਨੀ
ਖਵਰੇ ਭੂਤ ਭੁਤਾਣੇ ਹੀ ਬਣ ਚੰਬੜ ਜਾਵਣ ਸਾਡੇ ਹਾਣੀ ਨੀ

ਕਈ ਵਾਰ ਅਤਿ ਗ਼ਮਗੀਨ ਅਵਸਥਾ ਵਿਚ ਉਹ ਖ਼ੁਦ ਵੀ ਪੀੜ ਦਾ ਮੁਜੱਸਮਾ ਲਗਦਾ ਸੀ ਤੇ ਉਸ ਕੋਲ ਆਪਣੇ ਖੂਬਸੂਰਤ ਚਿਹਰੇ ਨੂੰ ਗ਼ਮਗੀਨ ਬਣਾਉਣ ਦੀ ਕਲਾ ਵੀ ਸੀ। ਉਹਦਾ ਇਹ ਵੀ ਕਹਿਣਾ ਸੀ ਕਿ ਇਕ ਨਿਰੰਤਰ ਪੀੜ ਮੇਰੇ ਧੁਰ ਅੰਦਰ ਵੱਸੀ ਹੋਈ ਹੈ। ਜਿਸ ਦਾ ਕੋਈ ਇਲਾਜ ਨਹੀਂ ਹੈ ਤੇ ਨਾ ਹੀ ਉਸ ਪੀੜ ਨੂੰ ਫੜ੍ਹਿਆ ਜਾ ਸਕਦਾ ਹੈ। ਵਕਤੀ ਤੌਰ ‘ਤੇ ਉਸ ਪੀੜ ਤੋਂ ਛੁਟਕਾਰਾ ਪਾਉਣ ਲਈ ਮੈਂ ਸ਼ਰਾਬ ਪੀਂਦਾ ਹਾਂ ਤੇ ਸ਼ਰਾਬ ਦੇ ਨਸ਼ੇ ਵਿਚ ਉਸ ਨੂੰ ਅਣਡਿੱਠ ਕਰਨਾ ਚਾਹੁੰਦਾ ਹਾਂ ਪਰ ਕਾਮਯਾਬੀ ਨਹੀਂ ਹੁੰਦੀ। ਸ਼ਰਾਬ ਨੇ ਮੇਰੇ ਸਾਰੇ ਜਿਸਮਾਨੀ ਤੇ ਦਿਮਾਗ਼ੀ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ। ਮੌਤ ਸਭ ਪਾਸਿਆਂ ਤੋਂ ਮੇਰੇ ਕਰੀਬ ਖੜ੍ਹੀ ਹੈ, ਪੀਣ ਨਾਲ ਵੀ, ਨਾ ਪੀਣ ਨਾਲ ਵੀ।

ਮੈਨੂੰ 1962 ਤੋਂ 1973 ਤੀਕ ਸਿ਼ਵ ਨਾਲ ਨਾਲ ਟੁਰਨ ਤੇ ਵਿਚਰਣ ਦਾ ਮੌਕਾ ਮਿਲਿਆ। ਸੰਨ 1970 ਤੀਕ ਦਾ ਸਮਾਂ ਤਾਂ ਅਜਿਹਾ ਸੀ ਕਿ ਉਹ ਕਾਮਯਾਬੀ ਦੀਆਂ ਪੌੜੀਆਂ ਚੜ੍ਹ ਰਿਹਾ ਸੀ ਤੇ ਜੇ ਮਿੱਟੀ ਨੂੰ ਵੀ ਹੱਥ ਲਾਉਂਦਾ ਸੀ ਤਾਂ ਉਹ ਸੋਨਾ ਬਣ ਜਾਂਦੀ ਸੀ। ਸਾਡੀਆਂ ਮੁਲਾਕਾਤਾਂ ਵਧੇਰੇ ਕਰ ਕੇ ਅੰਮ੍ਰਿਤਸਰ ਸੁਰਗਵਾਸੀ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦੇ ਘਰ, ਜੋ ਉਸਦੀਆਂ ਕਵਿਤਾਵਾਂ ਦਾ ਬਹੁਤ ਵੱਡਾ ਉਪਾਸ਼ਕ ਸੀ, ਹੋਇਆ ਕਰਦੀਆਂ ਸਨ। ਆਪਣੀ ਸਟੇਟ ਬੈਂਕ ਆਫ ਪਟਿਆਲਾ ਦੀ ਨੌਕਰੀ ਦੇ ਸਬੰਧ ਵਿਚ ਚੰਡੀਗੜ੍ਹ ਆਉਣ ਤੋਂ ਪਹਿਲਾਂ ਅੰਮ੍ਰਿਤਸਰ ਉਹਦੀਆਂ ਹਰ ਪ੍ਰਕਾਰ ਦੀਆਂ ਗਤੀਵਿਧੀਆਂ ਦਾ ਘਰ ਸੀ ਜਿਵੇਂ ਸਾਹਿਤਕ, ਰੋਮਾਂਟਿਕ ਤੇ ਸ਼ਰਾਬ ਨੋਸ਼ੀ ਆਦਿ। ਗਰੈਂਡ ਹੋਟਲ, ਲਾਰੰਸ ਰੋਡ ਤੇ ਮਾਲ ਰੋਡ ਤੇ ਰਿਟਜ਼ ਹੋਟਲ ਉਹਦੇ ਸ਼ਰਾਬ ਪੀਣ ਵਾਲੇ ਕੁਝ ਅੱਡਿਆਂ ਵਿਚੋਂ ਇਕ ਸਨ। ਇਥੋਂ ਕਈ ਵਾਰ ਉਹ ਗਈ ਰਾਤ ਨੂੰ ਸ਼ਰਾਬੀ ਹਾਲਤ ਵਿਚ ਬੱਸ ਫੜ੍ਹ ਕੇ ਬਟਾਲੇ ਚਲਾ ਜਾਂਦਾ ਸੀ। ਅਮੀਰਾਂ ਦੇ ਇਸ ਇਲਾਕੇ ਵਿਚ ਉਸ ਨੂੰ ਸ਼ਰਾਬ ਪੀਣ ਪਿਲਾਣ ਵਾਲਿਆਂ ਦੀ ਕੋਈ ਕਮੀ ਨਹੀਂ ਸੀ। ਇਥੇ ਹੀ ਕੁਝ ਸਾਲ ਪਹਿਲਾਂ ਬਲਰਾਜ ਸਾਹਨੀ ਤੇ ਫ਼ਿਲਮੀ ਟੋਲਿਆਂ ਦੇ ਕਈ ਕਲਾਕਾਰ ਉਹਦੀ ਸੁਹਬਤ ਤੇ ਸ਼ਰਾਬਨੋਸ਼ੀ ਦਾ ਆਨੰਦ ਮਾਣਦੇ ਤੇ ਸਾਹਿਤਕ ਮਹਿਫਲਾਂ ਜੁੜਦੀਆਂ ਅਤੇ ਗੁਰਸ਼ਰਨ ਸਿੰਘ ਦੇ ਅਗਾਂਹ ਵਧੂ ਡਰਾਮਿਆਂ ਵਿਚ ਕੰਮ ਕਰਨ ਵਾਲੀ ਅਦਾਕਾਰਾ ਦਲਜੀਤ ਉਹਨੂੰ ਆਪਣੀਆਂ ਅੱਖਾਂ ਵਿਚ ਬਿਠਾ ਕੇ ਝਿੰਮਣਾਂ ਦੀ ਝੱਲ ਮਾਰਦੀ।

1962 ਤੋਂ 1973 ਦੀ ਗਿਆਰਾਂ ਸਾਲਾਂ ਦੀ ਦੋਸਤੀ ਦੇ ਦੌਰਾਨ ਮੈਂ ਸ਼ਿਵ ਕੁਮਾਰ ਨੂੰ ਜ਼ਾਤੀ ਤੌਰ ਤੇ ਬਹੁਤ ਘੱਟ ਕਵਿਤਾ ਲਿਖਦਿਆਂ ਤੇ ਗਾਉਂਦਿਆਂ ਵੇਖਿਆ ਸੀ। ਮੈਂ ਉਹਦੀਆਂ ਕਵਿਤਾਵਾਂ ਰਸਾਲਿਆਂ ਵਿਚ ਪੜ੍ਹੀਆਂ ਸਨ ਜਾਂ ਕਿਤਾਬਾਂ ਵਿਚ। ਜਿੰਨੀਆਂ ਵੀ ਮਹਿਫਲਾਂ ਇਨ੍ਹਾਂ ਸਾਲਾਂ ਵਿਚ ਉਸ ਨਾਲ ਜੁੜੀਆਂ, ਉਨ੍ਹਾਂ ਵਿਚ ਲੇਖਕਾਂ ਦੀ ਨਿੰਦਿਆ ਚੁਗਲੀ, ਕੁੜੀਆਂ ਦੀ ਪਿਆਰ ਤੜਫ, ਰੜ੍ਹੇ ਹੋਏ ਗੋਟ ਮੀਟ, ਚਾਂਪਾਂ, ਤਲੀ ਹੋਈ ਮੱਛੀ, ਪੋਰਕ ਦੇ ਲੋਹ ਤੇ ਤਲੇ ਹੋਏ ਟਿੱਕੇ, ਮੁਰਗੇ, ਤਿੱਤਰ, ਬਟੇਰੇ, ਮਾਂਹ ਦੀ ਤੜਕੀ ਹੋਈ ਦਾਲ, ਹਰੀ ਮਿਰਚ, ਹਰਾ ਪਿਆਜ਼, ਤਾਜ਼ਾ ਅਧਰਕ ਦੀਆਂ ਫਾਂਕਾਂ, ਸ਼ਰਾਬ ਦੇ ਪੈੱਗਜ਼ ਤੇ ਪੈਸੇ ਬਣਾਉਣ ਦੇ ਢੰਗਾਂ ਬਾਰੇ ਗੱਲਾਂ ਚਲਦੀਆਂ ਰਹਿੰਦੀਆਂ। ਪੈਸੇ ਬਣਾਉਣ ਦੇ ਢੰਗਾਂ ਦਾ ਉਹ ਗੁਰੂ ਸੀ। ਉਹਨੂੰ ਪੈਸਾ ਬਣਾਉਣਾ ਵੀ ਆਉਂਦਾ ਸੀ ਤੇ ਉਜਾੜਨਾ ਵੀ। ਨਾ ਹੋਣ ‘ਤੇ ਉਹ ਜਿਸ ਅੱਗੇ ਵੀ ਸਵਾਲ ਪਾਂਦਾ ਸੀ, ਉਹਨੂੰ ਕੋਈ ਨਾਂਹ ਨਹੀਂ ਸੀ ਕਰਦਾ। ਜਿਨ੍ਹਾਂ ਕਦੇ ਆਪਣੇ ਸਿਰ ਵਿਚੋਂ ਜੂੰ ਵੀ ਨਾ ਕੱਢ ਕੇ ਦਿੱਤੀ ਹੋਵੇ, ਉਹ ਇਹੋ ਜਿਹੇ ਕੰਜੂਸ ਲੇਖਕਾਂ ਦੀਆਂ ਪਤਨੀਆਂ ਤੋਂ ਵੀ ਮਰਨ ਵਾਲਾ ਮੂੰਹ ਬਣਾ ਕੇ ਪੈਸੇ ਕਢਵਾ ਲੈਂਦਾ ਸੀ। ਉਹ ਸਿੱਧਾ ਵਾਰ ਹੀ ਕਰਦਾ ਸੀ। “ਭਰਜਾਈ, ਦਈਂ ਅਹਿ ਵੀਹ ਕੁ ਰੁਪਏ, ਮੈਂ ਬੋਤਲ ਲੈਣੀ ਆ।”
“ਵੇ ਬਹੁਤੀ ਨਾ ਪੀਆ ਕਰ ਰੁੜ੍ਹ ਜਾਣਿਆ, ਮਰ ਜੇਂਗਾ ਪੀ ਪੀ ਕੇ। ਅਹਿ ਲੈ ਦਸ ਤੇ ਅੱਧਾ ਲੈ ਕੇ ਪੀ ਲਵੀਂ।” ਉਹਨੂੰ ਪਤਾ ਹੁੰਦਾ ਸੀ ਕਿ ਇਥੋਂ ਦਸ ਤੋਂ ਵੱਧ ਮਿਲਣੇ ਹੀ ਨਹੀਂ ਤੇ ਇਸੇ ਲਈ ਉਥੋਂ ਉਹ ਮੰਗਦਾ ਈ ਵੀਹ ਹੁੰਦਾ ਸੀ।

ਸ਼ਿਵ ਕੁਮਾਰ ਦੀ ਦੋਸਤੀ ਦਾ ਘੇਰਾ ਬਹੁਤ ਵੱਡਾ ਸੀ। ਵਜ਼ੀਰਾਂ, ਅਮੀਰਾਂ, ਆਈ. ਏ. ਐੱਸ., ਆਈ. ਪੀ. ਐਸ. ਅਫਸਰਾਂ ਤੋਂ ਲੈ ਕੇ ਦਫਤਰਾਂ ਦੇ ਚਪੜਾਸੀ ਤੇ ਰਿਕਸ਼ਿਆਂ ਟਾਂਗਿਆਂ ਵਾਲੇ ਉਹਦੇ ਯਾਰ ਸਨ। ਜਦੋਂ ਉਹਦੀ ਜੇਬ ਵਿਚ ਪੈਸੇ ਹੁੰਦੇ ਸਨ ਤਾਂ ਉਹ ਨਹੁੰ ਲੁਹਾਈ ਜਾਂ ਚੱਪਲ ਪਾਲਸ਼ ਕਰਾਈ ਦੇ ਉਨ੍ਹਾਂ ਸਮਿਆਂ ਵਿਚ ਦਸ ਰੁਪਏ ਦਿੰਦਾ ਸੀ। ਧੋਬੀਆਂ, ਮੋਚੀਆਂ, ਜੁਲਾਹਿਆਂ, ਪੇਂਜਿਆਂ ਲਲਾਰੀਆਂ, ਹਲਵਾਈਆਂ, ਨਾਈਆਂ, ਚੂੜੀਗਰਾਂ, ਮਾਲਸ਼ੀਆਂ, ਸੁਨਿਆਰਿਆਂ, ਲੁਹਾਰਾਂ, ਤਰਖਾਣਾਂ, ਬਾਜ਼ੀਗਰਾਂ, ਜੋਗੀਆਂ, ਮਾਂਦਰੀਆਂ, ਵੈਦਾਂ, ਹਕੀਮਾਂ, ਟਿੰਡਾਂ ਵਾਲੇ ਖੂਹ, ਢੋਲ ਝਵੱਕਲੀ, ਕੁੱਤਾ ਤੇ ਗਾਧੀਆਂ ਆਦਿ ਨੂੰ ਉਹ ਪੰਜਾਬ ਦੇ ਵਿਰਸੇ ਅਤੇ ਸਭਿਆਚਾਰ ਦਾ ਇਕ ਵੱਡਾ ਹਿੱਸਾ ਸਮਝਦਾ। ਜਦੋਂ ਉਹ ਮਰਨ ਦੀਆਂ ਗੱਲਾਂ ਆਮ ਕਰਦਾ ਤਾਂ ਅਸੀਂ ਉਹਦੇ ਦੋਸਤ ਉਹਨੂੰ ਮਖੌਲ ਕਰਦੇ ਕਿ ਸ਼ਿਵ ਤੂੰ ਮਰਨਾ ਮੁਰਨਾ ਕੋਈ ਨਹੀਂ, ਸਿਰਫ ਪੀੜਾਂ ਤੇ ਮੌਤ ਦੇ ਡਰਾਮੇ ਨੂੰ ਕੈਸ਼ ਕਰਵਾ ਰਿਹਾ ਹੈਂ। ਮੌਤ ਦੇ ਡਰਾਵੇ ਦੇ ਕੇ ਤੂੰ ਮਹਿਬੂਬ ਕੁੜੀਆਂ ਅਤੇ ਜਾਨ ਵਾਰਨ ਵਾਲੇ ਦੋਸਤਾਂ ਨੂੰ ਬਲੈਕਮੇਲ ਕਰ ਰਿਹਾ ਹੈਂ। ਇਹੋ ਜਿਹੀਆਂ ਟਿੱਚਰਾਂ ਸੁਣ ਕੇ ਉਹ ਕਦੀ ਕਦੀ ਬੜਾ ਗੰਭੀਰ ਹੋ ਜਾਂਦਾ ਤੇ ਸਿਗਰਟ ਲਾ ਕੇ ਧੂੰਆਂ ਛੱਡਣਾ ਸ਼ੁਰੂ ਕਰ ਦਿੰਦਾ ਜਾਂ ਗੱਲ ਨੂੰ ਹਾਸੇ ਵਿਚ ਪਾ ਕੇ ਲਤੀਫੇਬਾਜ਼ੀ ‘ਤੇ ਉਤਰ ਆਉਂਦਾ। ਹਰ ਤਰ੍ਹਾਂ ਦੇ ਲਤੀਫਿਆਂ ਦਾ ਉਹ ਗੁਰੂ ਸੀ। ਪੇਸ਼ ਹਨ ਸ਼ਿਵ ਕੁਮਾਰ ਦੀ ਜ਼ਿੰਦਗੀ ਦੇ ਕੁਝ ਅਜਿਹੇ ਪੱਖ ਜੋ ਇਸ ਮਹਾਨ ਸ਼ਾਇਰ ਬਾਰੇ ਜਾਣਕਾਰੀ ਵਿਚ ਹੋਰ ਵਾਧਾ ਕਰਨਗੇ। ਚੇਤੇ ਰਹੇ ਕਿ ਹੁਣ ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿਚ ਵੀ ਅਦਾਰਾ “ਸੱਚ ਸੰਗ” ਸਿ਼ਵ ਕੁਮਾਰ ਬਟਾਲਵੀ ਦੀ ਬਰਸੀ ਬੜੀ ਧੂਮ ਧਾਮ ਮਨਾਈ ਜਾਂਦੀ ਹੈ ਅਤੇ ਸਿ਼ਵ ਦਾ ਸਾਰਾ ਕਲਾਮ ਓਥੇ ਸ਼ਾਹਮੁਖੀ ਵਿਚ ਛਪ ਚੁਕਾ ਹੈ। ਪਾਕਿਸਤਾਨ ਦੇ ਨੌਜਵਾਨ ਕੁੜੀਆਂ ਮੁੰਡੇ ਉਹਦੇ ਰੰਗ ਵਰਗੀ ਕਵਿਤਾ ਲਿਖਣ ਲਗ ਪਏ ਹਨ।

1.
ਇਕ ਵਾਰ ਉਹਦੇ ਦੋਸਤ ਜਿਨ੍ਹਾਂ ਵਿਚ ਮਨਮੋਹਨ ਸਿੰਘ ਆਈ. ਏ. ਐੱਸ. ਵੀ ਸ਼ਾਮਿਲ ਸੀ, ਉਹਨੂੰ 16 ਸੈਕਟਰ ਚੰਡੀਗੜ੍ਹ ਦੇ ਹਸਪਤਾਲ ਦਾਖ਼ਲ ਕਰਵਾ ਆਏ ਜਿੱਥੇ ਉਹਦੀ ਸ਼ਰਾਬ ਦਾ ਇਲਾਜ ਚਲਦਾ ਸੀ। ਮੈਂ ਇਕ ਸ਼ਾਮ ਮਿਲਣ ਗਿਆ ਤਾਂ ਕਹਿਣ ਲੱਗਾ, ਜਾ ਸਤਾਰਾਂ ਸੈਕਟਰ ‘ਚੋਂ ਵਿਸਕੀ ਦਾ ਪਊਆ ਫੜ ਲਿਆ। ਮੈਂ ਇਨਕਾਰ ਕਰਦਿਆਂ ਕਿਹਾ ਕਿ ਜੇ ਡਾਕਟਰ ਜਾਂ ਨਰਸਾਂ ਨੂੰ ਪਤਾ ਲਗ ਗਿਆ ਤਾਂ ਫੇਰ ਕੀ ਬਣੂੰ। ਮੈਨੂੰ ਕਹਿਣ ਲੱਗਾ ਕਿ ਤੂੰ ਯਾਰ ਹੋ ਕੇ ਡਰਦਾ ਹੈਂ। ਮੈਂ ਕਿਹਾ ਕਿ ਡਰਨ ਵਾਲੀ ਗੱਲ ਨਹੀਂ, ਗੱਲ ਤੇਰੀ ਸਿਹਤ ਤੇ ਹਸਪਤਾਲ ਦੇ ਨੇਮਾਂ ਦੀ ਹੈ। ਫਿਰ ਕਹਿਣ ਲੱਗਾ ਕਿ ਮੇਰੇ ਮੰਜੇ ਹੇਠਾਂ ਝਾਤੀ ਮਾਰ। ਜਦ ਮੈਂ ਝਾਤੀ ਮਾਰੀ ਤਾਂ ਉਥੇ ਵਿਸਕੀ ਦੇ ਕਈ ਖ਼ਾਲੀ ਪਊਏ ਪਏ ਹੋਏ ਸਨ।

2.
ਉਸ ਨੂੰ ਆਪਣੇ ਬਾਰੇ ਕੋਈ ਭੁਲੇਖਾ ਨਹੀਂ ਸੀ ਕਿ ਉਹ ਪੰਜਾਬੀ ਦਾ ਚੋਟੀ ਦਾ ਸ਼ਾਇਰ ਹੈ। ਕਵੀ ਦਰਬਾਰਾਂ ਆਦਿ ‘ਤੇ ਉਹ ਦੂਜੇ ਕਵੀਆਂ ਨੂੰ ਟਿੱਚਰਾਂ ਕਰਿਆ ਕਰਦਾ ਸੀ। ਮੋਹਨ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਦੀ ਉਹ ਕਦਰ ਕਰਦਾ ਸੀ ਪਰ ਦਿੱਲੀ ਵਾਲੇ ਡਾ. ਹਰਿਭਜਨ ਸਿੰਘ ਨੂੰ ਆਪਣੀ ਦਾੜ੍ਹੀ ਓਹਲੇ ਲੁਕਣ ਵਾਲਾ ਫਰਾਡ ਕਹਿੰਦਾ ਸੀ। ਪਿਛੋਂ ਉਹ ਗਾਰਗੀ ਤੇ ਅੰਮ੍ਰਿਤਾ ਦੇ ਵੀ ਉਲਟ ਬੋਲਣ ਲਗ ਪਿਆ ਸੀ ਤੇ ਅੰਤਲੇ ਦਿਨਾਂ ਵਿਚ ਤਾਂ ਸਾਰੇ ਪੰਜਾਬੀ ਲੇਖਕਾਂ ਨੂੰ ਗਾਲ੍ਹਾਂ ਕੱਢਦਾ ਤੇ ਕੁੱਤੇ ਕਹਿੰਦਾ ਸੀ। ਆਪਣੇ ਅੰਦਰ ਦੀ ਜਵਾਲਾ ਉਸ ‘ਕੁੱਤੇ‘ ‘ਕੰਧਾਂ’ ਆਦਿ ਨਜ਼ਮਾਂ ਆਪਣੇ ਵਿਰੁੱਧ ਬੋਲਣ ਵਾਲਿਆਂ ਨੂੰ ਤਾਅਨਾ ਮਾਰਨ ਤੇ ਭੜਾਸ ਕੱਢਣ ਲਈ ਲਿਖੀਆਂ ਸਨ। ਉਹ ਇੰਗਲੈਂਡ ਵਾਲਿਆਂ ਨੂੰ ਗਾਲ੍ਹਾਂ ਕੱਢਦਾ ਸੀ ਜਿਨ੍ਹਾਂ ਉਸ ਨੂੰ ਬੁਲਾ ਕੇ ਪੌਂਡ ਘੱਟ ਦਿੱਤੇ ਸਨ ਤੇ ਸਕਾਚ ਵਿਚ ਜ਼ਿਆਦਾ ਨੁਹਾਇਆ ਸੀ ਜੋ ਉਹਦੇ ਜਲਦੀ ਮਰਨ ਦੇ ਕਾਰਨਾਂ ਵਿਚ ਹੋਰ ਮਦਦਗਾਰ ਸਿੱਧ ਹੋਈ। ਅੰਤਲੇ ਦਿਨਾਂ ਵਿਚ ਇਸ ਤਰ੍ਹਾਂ ਹੋ ਜਾਣਾ ਉਹਦੀ ਡਿਗ ਰਹੀ ਸਿਹਤ ਕਰ ਕੇ ਵੀ ਸੀ।

3.
ਸ਼ਿਵ ਨੂੰ ਸਾਹਿਤ ਅਧਿਅਨ ਦਾ ਕਾਫ਼ੀ ਸ਼ੌਕ ਸੀ ਤੇ ਪੁਰਾਤਨ ਕਾਵਿ ਦਾ ਉਸ ਨੂੰ ਡੂੰਘਾ ਗਿਆਨ ਸੀ। ਸ਼ਰਤ ਚੰਦਰ ਚੈਟਰਜੀ ਦਾ ਨਾਵਲ ‘ਦੇਵਦਾਸ‘ ਉਹਨੂੰ ਬਹੁਤ ਪਸੰਦ ਸੀ ਤੇ ਫ਼ਿਲਮ ‘ਦੇਵਦਾਸ‘ ਵਿਚ ਦਲੀਪ ਕੁਮਾਰ ਦੀ ਐਕਟਿੰਗ ਨੂੰ ਦੇਵਦਾਸ ਦੇ ਅੰਦਰਲੇ ਦਰਦ ਦੀ ਸਹੀ ਪ੍ਰਤੀਨਿਧਤਾ ਮੰਨਦਾ ਸੀ। ਉਹ ਦੇਵਦਾਸ ਦੇ ਆਖਰੀ ਸਫਰ ਬਾਰੇ ਜਦੋਂ ਉਹ ਇਕ ਉਜਾੜ ਬੀਆਬਾਨ ਰੇਲਵੇ ਸਟੇਸ਼ਨ ਤੇ ਰੇਲ ਗੱਡੀ ‘ਚੋਂ ਉਤਰ ਕੇ ਬੈਲ ਗੱਡੀ ਰਾਹੀਂ ਬੀਮਾਰੀ ਦੀ ਹਾਲਤ ਵਿਚ ਆਪਣੀ ਬਚਪਨ ਦੀ ਸਹੇਲੀ ਪਾਰੋ ਦੇ ਸਹੁਰੇ ਪਿੰਡ ਪਹੁੰਚਣਾ ਚਾਹੁੰਦਾ ਹੈ, ਦੀ ਮਾਨਸਿਕ ਸਥਿਤੀ ਬਾਰੇ ਇਕ ਮਹਾਂ-ਕਾਵਿ ਲਿਖਣਾ ਚਾਹੁੰਦਾ ਸੀ ਅਤੇ ਇਕ ਐਸੀ ਸੁੰਦਰੀ ਬਾਰੇ ਵੀ ਲੰਮੀ ਕਵਿਤਾ ਲਿਖਣੀ ਚਾਹੁੰਦਾ ਸੀ ਜਿਸ ਦਾ ਭਰ ਜਵਾਨੀ ਵਿਚ ਵਿਆਹ ਨਾ ਹੋ ਸਕਿਆ ਤੇ ਆਪਣੇ ਜਜ਼ਬਿਆਂ ਦੀ ਅੱਗ ਸੇਕਦੀ ਸੇਕਦੀ ਉਹ ਬੁਢਾਪੇ ਦੀ ਠੰਢ ਵੱਲ ਵਧ ਰਹੀ ਸੀ।

4.
ਬਹੁਤ ਘੱਟ ਲੋਕੀਂ ਜਾਣਦੇ ਹਨ ਕਿ ਸ਼ਿਵ ਕੁਮਾਰ ਨੂੰ ਸ਼ਿਕਾਰ ਖੇਡਣ ਦਾ ਵੀ ਬਹੁਤ ਸ਼ੌਕ ਸੀ ਤੇ ਉਹ ਹਰ ਤਰ੍ਹਾਂ ਦੇ ਸ਼ਿਕਾਰ ਦਾ ਸ਼ੌਕੀਨ ਸੀ। ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਬੋਲਦੇ ਤਿੱਤਰਾਂ ਦੀਆਂ ਆਵਾਜ਼ਾਂ ਉਹਨੂੰ ਮਸਤੀ ਵਿਚ ਲਿਆਉਂਦੀਆਂ ਸਨ। ਤਿੱਤਰ, ਬਟੇਰੇ, ਖਰਗੋਸ਼ ਜਾਂ ਤਿਲੀਅਰ ਤਾਂ ਘੱਟ ਹੀ ਹੱਥ ਆਉਂਦੇ ਪਰ ਸ਼ਾਮੀਂ ਕਿਸੇ ਸ਼ਿਕਾਰੀ ਨੂੰ ਕਾਰਤੂਸ ਵੇਚ ਕੇ ਦਾਰੂ ਦਾ ਪ੍ਰਬੰਧ ਕਰਨ ਵਿਚ ਆਸਾਨੀ ਹੋ ਜਾਂਦੀ ਸੀ। ਉਸ ਖ਼ੁਦ ਵੀ ਰਿਵਾਲਵਰ ਦਾ ਲਾਇਸੈਂਸ ਬਣਵਾਇਆ ਹੋਇਆ ਸੀ ਪਰ ਮੌਤ ਤੀਕ ਰਿਵਾਲਵਰ ਖਰੀਦਣ ਦੀਆਂ ਸਲਾਹਾਂ ਹੀ ਕਰਦਾ ਰਿਹਾ।

5.
ਦਸੰਬਰ 1971 ਦੀ ਇਕ ਸ਼ਾਮ ਨੂੰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਕੁਝ ਮੁੰਡੇ ਉਹਨੂੰ ਲੱਭਦੇ ਲੱਭਦੇ ਮੇਰੇ ਘਰ ਆ ਗਏ। ਮੈਂ ਤੇ ਸ਼ਿਵ ਸ਼ਾਮ ਦੀ ਦਾਰੂ ਦੇ ਫਿਕਰ ਵਿਚ ਉਦਾਸ ਬੈਠੇ ਉਬਾਸੀਆਂ ਲੈ ਰਹੇ ਸਾਂ। ਉਹ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਹੋ ਰਹੇ ਕਵੀ ਦਰਬਾਰ ਲਈ ਉਹਨੂੰ ਕਹਿਣ ਆਏ ਸਨ। ਸ਼ਿਵ ਨੇ ਕਿਹਾ ਤੁਹਾਨੂੰ ਮੇਰੀ ਫੀਸ ਦਾ ਪਤਾ ਹੈ? ਮੁੰਡੇ ਕਹਿਣ ਲੱਗੇ ਤਿੰਨ ਸੌ। ਤਿੰਨ ਸੌ ਤਾਂ ਸਾਹਿਤ ਅਕਾਦਮੀ ਦਾ ਐਵਾਰਡ ਲੈਣ ਤੋਂ ਪਹਿਲਾਂ ਲਿਆ ਕਰਦਾ ਸਾਂ। ਹੁਣ ਮੇਰੀ ਫੀਸ ਪੰਜ ਸੌ ਹੈ। ਚਾਰ ਸੌ ‘ਤੇ ਸੌਦਾ ਹੋ ਗਿਆ। ਟੈਕਸੀ ਤੇ ਵਿਸਕੀ ਦੇ ਪੈਸੇ ਵੱਖਰੇ। ਤਿੰਨ ਸੌ ਅਡਵਾਂਸ ਦੇ ਕੇ ਉਹ ਮੁੰਡੇ ਲੁਧਿਆਣੇ ਨੂੰ ਟੁਰ ਗਏ ਤੇ ਅਸੀਂ ਠੇਕੇ ਨੂੰ। ਜਿੰਨਾ ਚਿਰ ਪੈਸੇ ਖਤਮ ਨਾ ਹੋਏ, ਸਿ਼ਵ ਘਰ ਨਾ ਮੁੜਿਆ।

6.
ਗਰਮੀਆਂ ਦੀ ਇਕ ਤਪਦੀ ਤੇ ਲੂਸਦੀ ਦੋਪਹਿਰ ਨੂੰ ਸਿ਼ਵ ਅਮ੍ਰਿਤਸਰ ਸੁਰਗਵਾਸੀ ਕਹਾਣੀਕਾਰ ਜਗਜੀਤ ਸਿੰਘ ਆਹੂਜਾ ਦੇ ਘਰ ਆਇਆ। ਠੰਢਾ ਪਾਣੀ ਨਾ ਮਿਲਣ ਤੇ ਕਹਿਣ ਲੱਗਾ, ‘‘ਐਡਾ ਵਡਾ ਠੇਕੇਦਾਰ ਬਣਿਆ ਫਿਰਦਾ ਏਂ, ਕੋਈ ਫਰਿਜ ਵੀ ਨਹੀਂ ਰਖਿਆ ਤੂੰ?‘‘
‘‘ਤੂੰ ਰਖਿਆ ਏ?” ਅਗੋਂ ਆਹੂਜੇ ਨੇ ਪੁਛਿਆ
‘‘ਹੋਰ ਨਹੀਂ ਰਖਿਆ, ਬਟਾਲੇ ਆ ਕੇ ਵੇਖ ਲਵੀਂ‘‘
ਬਟਾਲੇ ਗਿਆਂ ਕੋਕਾ ਕੋਲਾ ਵਾਲੀ ਬਰਫ ਦੀ ਪੇਟੀ ਨੂੰ ਚਿੱਟਾ ਰੰਗ ਰੋਗਣ ਹੋਇਆ ਵੇਖ ਆਹੂਜਾ ਕਹਿਣ ਲਗਾ, ‘‘ਤੇਰੇ ਫਰਿਜ ਦੀਆਂ ਤਾਰਾਂ ਕਿਥੇ ਨੇ?‘‘
‘‘ਇਹ ਤਾਰਾਂ ਨਾਲ ਨਹੀਂ ਪਿਆਰੇ, ਬਰਫ ਨਾਲ ਚਲਦਾ ਏ‘‘। ਸਿ਼ਵ ਦਾ ਜਵਾਬ ਸੀ।

7.
ਸ਼ਿਵ ਨੂੰ ਅਤੇ ਉਸ ਨਾਲ ਬਤਾਏ ਦਿਨਾਂ ਨੂੰ ਭੁੱਲਣਾ ਬਹੁਤ ਮੁਸ਼ਕਿਲ ਹੈ। ਕਈ ਘੱਟ ਜਾਣਕਾਰੀ ਰਖਣ ਵਾਲੇ ਲੋਕ ਅਕਸਰ ਪੁਛਦੇ ਹਨ ਕਿ ਕੀ ਸਿ਼ਵ ਦਾ ਵਿਆਹ ਹੋਇਆ ਸੀ। ਕੁਝ ਸਾਲ ਪਹਿਲਾਂ ਸਿ਼ਵ ਦੀ ਪਤਨੀ ਅਰੁਣਾ ਟਰਾਂਟੋ ਦੇ ਪ੍ਰਸਿਧ ਟੀ ਵੀ ਹੋਸਟ ਇਕਬਾਲ ਮਾਹਲ ਅਤੇ ਕੁਲਦੀਪ ਦੀਪਕ ਆਦਿ ਨੂੰ ਮਿਲਣ ਕੈਨੇਡਾ ਆਈ ਮੇਰੀ ਲੜਕੀ ਦੇ ਫਾਰਮ ਤੇ ਵੀ ਮਿਲਣ ਆਈ ਸੀ। ਉਹ ਪਿਛੇ ਜਹੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੋਂ ਰੀਟਾਇਰ ਹੋਈ ਹੈ। ਸਿ਼ਵ ਦੀ ਲੜਕੀ ਅਜ ਕੱਲ ਨਿਊਯਾਰਕ ਰਹਿੰਦੀ ਹੈ ਤੇ ਲੜਕਾ ਲੈਕਚਰਰ ਲੱਗਾ ਹੋਇਆ ਹੈ। ਪਰਵਾਰ ਪੂਰੀ ਤਰ੍ਹਾਂ ਸੈਟਲ ਹੈ ਪਰ ਲਿਖਣ ਵੱਲ ਅਜੇ ਤਕ ਕੋਈ ਨਹੀਂ ਗਿਆ।

8.
ਇਕ ਵਾਰ ਸਿ਼ਵ ਕੁਮਾਰ ਬਟਾਲਵੀ ਵਾਘਾ ਬਾਰਡਰ ਤੇ ਆਪਣੇ ਪਾਸਪੋਰਟ ਤੇ ਪਾਕਿਸਤਾਨ ਦੇ ਲਗੇ ਵੀਜੇ਼ ਦੇ ਬਗੈਰ ਪਾਕਿਸਤਾਨ ਅੰਦਰ ਦਾਖਲ ਹੋਣ ਲਈ ਚਲਾ ਗਿਆ। ਜਦ ਅਧਿਕਾਰੀਆਂ ਨੇ ਕਿਹਾ ਕਿ ਤੇਰੇ ਕੋਲ ਤਾਂ ਪਾਕਿਸਤਾਨ ਦਾ ਵੀਜ਼ਾ ਹੀ ਨਹੀਂ ਹੈ ਤਾਂ ਅਗੋਂ ਕਹਿਣ ਲੱਗਾ, ਮੈਂ ਦੋਹਾਂ ਪੰਜਾਬਾਂ ਦੀ ਪੰਜਾਬੀ ਬੋਲੀ ਦਾ ਮੰਨਿਆ ਹੋਇਆ ਸ਼ਾਇਰ ਹਾਂ ਅਤੇ ਮੈਨੂੰ ਆਪਣੀ ਬੋਲੀ ਵਾਲੇ ਪੰਜਾਬ ਅੰਦਰ ਦਾਖਲ ਹੋਣ ਲਈ ਵੀਜ਼ੇ ਦੀ ਕੋਈ ਲੋੜ ਨਹੀਂ ਹੈ। ਬਾਰਡਰ ਅਧਿਕਾਰੀਆਂ ਨੇ ਉਸ ਨੂੰ ਵੀਜ਼ਾ ਨਾ ਲੱਗਾ ਹੋਣ ਤੇ ਪਿਛੇ ਮੋੜ ਦਿਤਾ। ਬਾਰਡਰਜ਼ ਤੇ ਲੱਗੇ ਅਧਿਕਾਰੀ ਕੀ ਜਾਣਦੇ ਸਨ ਕਿ ਦੋਹਾਂ ਧਰਤੀਆਂ ਦੇ ਲੋਕਾਂ ਦੀ ਸਾਂਝੀ ਬੋਲੀ ਪੰਜਾਬੀ ਨੂੰ ਪਿਛੇ ਮੋੜ ਕੇ ਅਤੇ ਆਪਣੇ ਦਰ ਭੇੜ ਕੇ ਉਹਨਾਂ ਨੇ ਕਿਡੀ ਵਡੀ ਇਤਿਹਾਸਕ ਅਤੇ ਅਦਬੀ ਭੁੱਲ ਕੀਤੀ ਸੀ।

ਸਿ਼ਵ ਨਾਲ ਨਿੱਜੀ ਨੇੜਤਾ ਕਰ ਕੇ ਏਨੀਆਂ ਕੁ ਯਾਦਾਂ ਜੁੜੀਆਂ ਹੋਈਆਂ ਹਨ ਕਿ ਉਹਨਾਂ ਸਭ ਨੂੰ ਲਿਖਣਾ ਮੁਸ਼ਕਲ ਹੈ। ਸਿ਼ਵ ਨੂੰ ਯਾਦ ਰਖਣਾ ਸਭ ਪੰਜਾਬੀਆਂ ਦਾ ਫਰਜ਼ ਬਣਦਾ ਹੈ। 1966 ਵਿਚ ਉਸ ਨੇ ਮੇਰੀ 18 ਕਹਾਣੀਆਂ ਦੀ ਕਿਤਾਬ “ਜੇ ਮੈਂ ਮਰ ਜਾਵਾਂ” ਸੰਪਾਦ ਕੀਤੀ ਸੀ ਤੇ ਜਲੰਧਰ ਦੀ ਨਿਊ ਬੁਕ ਕੰਪਨੀ ਨੇ ਇਸ ਨੂੰ ਬਹੁਤ ਖੂਬਸੂਰਤ ਜਿਲਦ ਵਿਚ ਛਾਪਿਆ ਸੀ। ਜਦੋਂ ਉਹਦੀ ਯਾਦ ਆਉਂਦੀ ਹੈ ਤਾਂ ਆਪ ਮੁਹਾਰੇ ਮੂੰਹ ਵਿਚੋਂ ਉਸਦੀ ਕਵਿਤਾ ਦੇ ਸ਼ਬਦ ਕਿਰ ਪੈਂਦੇ ਹਨ:-

ਰੋਜ਼ ਜਦ ਆਥਣ ਦਾ ਤਾਰਾ ਅੰਬਰਾਂ ਤੇ ਚੜ੍ਹੇਗਾ
ਕੋਈ ਯਾਦ ਤੈਨੂੰ ਕਰੇਗਾ
ਪਰਦੇਸ ਵਸਣ ਵਾਲਿਆ-----
ਲਖ ਭਾਵੇਂ ਛੁੰਗ ਕੇ
ਚੱਲਾਂ ਮੈਂ ਲਹਿੰਗਾ ਸਬਰ ਦਾ
ਯਾਦ ਤੇਰੀ ਦੇ ਕਰੀਰਾਂ
ਨਾਲ ਹੀ ਜਾ ਅੜੇਗਾ
ਪਰਦੇਸ ਵੱਸਣ ਵਾਲਿਆ-----

ਦੋ ਤੇਰੀਆਂ ਦੋ ਮੇਰੀਆਂ.......... ਵਿਅੰਗ / 

ਓਦਰੋਂ ਗਾਂਜਰਾਂ ਨਾ ਮੁੱਕਣ, ਏਧਰੋਂ ਮੂੰਹ ਤੇ ਲਾਲੀ ਨਾ ਆਵੇ -

ਅਮਰਜੀਤ ਟਾਂਡਾ (ਡਾ.)


-ਅਮਲੀਆ ਹਾਅ ਕੀ ਓਏ ਬੀਅ ਬੀਜੀਂ ਬੈਠਾਂ- ਕਦੇ ਮੰਜਾ ਪੀੜ੍ਹੀ ਵੀ ਸਾਫ ਕਰ ਕੇ ਵਛਾ ਲਿਆ ਕਰ, ਦੇਖ ਤਾਂ ਸਈ ਕਿੱਦਾਂ ਖੱਟ ਖਲਾਰੀ ਆ ਜਿਮੇਂ ਕਿਸੇ ਰੰਨ ਨੇ ਆ ਕੇ ਸਾਂਬਣਾਂ ਹੋਵੇ-ਕਦੇ ਲੱਕੜਾਂ ਕਦੇ ਪਾਥੀਆਂ ਖਲਾਰੀ ਰੱਖਦਾਂ ਤੇ ਕਦੇ ਆਪਣਾ ਆਪ-ਲੈ ਫੜ ਕੀ ਯਾਦ ਕਰੈਂਗਾ-ਗਜ਼ਰੇਲਾ ਖਾ ----ਕਿੱਥੇ ਆ ਜੀ ? -ਹੈਸ ਡੱਬੇ ਚ ਆ ਹੋਰ ਜੇਬ ਚ ਪਾਇਆ ਆ ਮੇਰੇ-ਪਤੰਦਰਾ ਨੱਕ ਬੀ ਨਈ ਕੰਮ ਕਰਦਾ--ਆ ਤਾਂ ਜੀ ਕਮਾਲ ਹੀ ਕਰ ਦਿਤੀ ਹੈ ਤੁਸੀਂ-ਤੁਸੀਂ ਜੀਓ ਤੁਹਾਡੇ ਬੱਚੇ ਜੀਣ-ਬੜੀ ਸੇਬਾ ਕਰਦੇ ਨੇ ਉਹ ਤੁਹਾਡੀ ਜੀ--ਪਹਿਲਾਂ ਗਜ਼ਰੇਲਾ ਖਾ ਲੈ, ਫੇਰ ਦੇਮੀਂ ਸੀਸਾਂ--ਕਿਉਂ ਜੀ ਫੇਰ ਕਿਉਂ--ਫੇਰ ਤੈਂ ਹੱਸਣਾਂ ਕਿ ਇਹ ਕੀ ਗੱਲ ਹੋਈ--ਚਲੋ ਦੱਸੋ, ਫਿਰ ਹੋਇਆ ਕੀ ਜੀ –-ਹੋਣਾਂ ਕੀਆ ਯਾਰ-ਦਿਲ ਚ ਸੀ ਕਿ ਕਾਲੇ ਦਾ ਚਾਚਾ ਰੋਜ ਹੀ ਤਾਜਾ ਜੂਸ ਪੀਂਦਾ ਤਾਂਹੀ ਲਾਲ ਹੋਇਆ ਫਿਰਦਾ, ਇਹੀ ਸੋਚ ਕੇ ਮੈਂ ਵੀ ਗਾਜ਼ਰਾਂ ਦੀ ਬੋਰੀ ਲੈ ਆਇਆ-ਤੇ ਕਿੰਨੋਆਂ ਦਾ ਡੱਬਾ--ਤੇ ਇਹ ਫਿਰ ਕਿਹੜੀ ਹੱਸਣ ਵਾਲੀ ਗੱਲ ਹੋਈ ਜੀ!-ਓਏ ਗੱਲ ਤਾਂ ਸੁਣ-ਕੰਜਰਾ 20 ਕਿੱਲੋ ਗਾਂਜਰਾਂ –ਪਹਿਲਾਂ ਤਾਂ ਬੜੇ ਔਖੇ ਹੋ ਕੇ ਲਿਆਂਦੀਆਂ ਤੇ ਫਿਰ ਕੋਈ ਨੇੜੇ ਨਾ ਆਵੇ - ਨਾ ਹੀ ਕੋਈ ਛਿੱਲਣ ਧੋਣ ਲਈ ਤੇ ਨਾ ਜੂਸ ਕੱਡਣ ਲਈ -5 ਕੁ ਦਿਨਾਂ ਬਾਦ ਜਦ ਕਿਸੇ ਨੇ ਹੱਥ ਨਾ ਲਾਇਆ ਤਾਂ ਉਹ ਤਾਂ ਬੁੜੀ ਦੇ ਮੂੰਹ ਬਰਗੀਆਂ ਹੋਣ ਲੱਗ ਪਈਆਂ-ਜਾਣੀ ਕਿ ਸੁੱਕਣ ਲੱਗੀਆਂ, ਤੇ ਝੁਰੜੀਆਂ ਜੇਈਆਂ ਨਾਲ ਭਰਨ ਲੱਗ ਪਈਆਂ, ਨੇੜੇ ਪਏ ਕਿੰਨੋ ਵੀ ਸਾਲੇ ਚਿੱਟੇ ਜੇਹੇ ਹੋਈ ਜਾਣ-ਪਤਾ ਨਾ ਲੱਗੇ ਕਿ ਕਿਹਨੂੰ ਪਹਿਲਾਂ ਸਬਕ ਸਖਾਵਾਂ-ਆਖਰ ਗਾਂਜਰਾਂ ਦੀ ਵਾਰੀ ਆ ਗਈ-ਜੂਸ ਕੱਢ 2 ਮੈਂ ਭਾਡੇ ਭਰ ਦਿਤੇ ਪਰ ਕੋਈ ਪੀਣ ਨੂੰ ਨੇੜੇ ਨਾ ਆਵੇ- ਅਖੇ ਹੈਥੈ ਪਿਆ ਰਹਿਣ ਦਿਓ ਜੇ ਕਿਸੇ ਨੂੰ ਲੋੜ ਹੋਊ ਪੀ ਲਊਗਾ ਤੁਸੀਂ ਜਰੂਰ ਧੱਕੇ ਨਾਲ ਪਿਆਉਣਾ ਹੈ-ਪਹਿਲਾਂ ਤਾਂ ਆਪ ਜੂਸ ਪੀ 2 ਆਫਰ ਗਏ , ਗੱਲ ਕੀ ਜਦੋਂ ਰਸੋਈ ਚ ਜਾਵਾਂ ਜੂਸ ਓਨੇ ਦਾ ਹੀ ਓਨਾ-ਕਿਸੇ ਹੱਥ ਨਾ ਲਾਇਆ, ਓਦਰੋਂ ਗਾਂਜਰਾਂ ਨਾ ਮੁੱਕਣ , ਏਧਰੋਂ ਮੂੰਹ ਤੇ ਲਾਲੀ ਨਾ ਆਵੇ, ਦੂਸਰਿਆਂ ਲਈ ਚਿਹਰੇ ਤੇ ਖੁਸੀ ਨੱਚੇ ਕਿ ਇਹ ਕਿਉਂ ਨਈ ਪੀਂਦੇ- ਘਰ ਚ ਜੂਸ ਨਾਲ ਇੱਕ ਹੋਰ ਪੁਆੜਾ ਖੜਾ ਕਰ ਲਿਆ -ਸੋਚਿਆ ਕਿ ਹੁਣ ਕੀਤਾ ਕੀ ਜਾਵੇ-ਗੱਲ ਕੀ ਘਰਵਾਲੀ ਨੇ ਫਾਹਾ ਨਬੇੜਨ ਲਈ ਗਜ਼ਰੇਲਾ ਬਣਾ ਦਿਤਾ ਕਈ ਕਿੱਲੋ ਗਾਂਜਰਾਂ ਦਾ- ਫਿਰ ਕੋਈ ਗਜ਼ਰੇਲਾ ਨਾ ਖਾਵੇ ਕੌਲੀ 2 ਖਾ ਕੇ ਕਹਿਣ ਰੱਜ ਗਏ-–ਅਖੇ ਦਿੱਲ ਨਈ ਕਰਦਾ-ਭਰ ਜੇਆ ਗਿਆ ਹੈ-ਸਾਮ ਨੂੰ ਘਰਵਾਲੀ ਨੇ ਖੜੀ 2 ਨੇ ਗਾਂਜਰਾਂ ਦੀ ਸਬਜੀ ਬਣਾ ਧਰੀ, ਇੱਕ ਵੇਲੇ ਖਾ ਕੇ ਫਿਰ ਕੋਈ ਸਬਜੀ ਦੇ ਨੇੜੇ ਨਾ ਖਾਵੇ, ਘਰ ਚ ਜੂਸ ਗਜ਼ਰੇਲਾ ਤੇ ਸਬਜੀ ਨੇ ਇੱਕ ਹੋਰ ਪੁਆੜੇ ਤੇ ਪੁਆੜ ਖੜਾ ਕਰ ਲਿਆ-ਥਾਂ 2 ਗਾਂਜਰਾਂ ਦੀ ਹੀ ਭਰਮਾਰ ਦਿਸੇ-ਸੁਪਨੇ ਚ ਵੀ ਗਾਜਰਾਂ, ਮੁਕੇ ਕੁਝ ਵੀ ਨਾ-ਨਆਣੇ ਕਹਿਣ -ਅਖੇ ਫੇਰ ਗਾਂਜਰਾਂ। ਘਰਵਾਲੀ ਨੇ ਸਮਝਿਆ ਕਿ ਸੈਦ ਰੈਤਾ ਖਾ ਲੈਣਗੇ-ਓਹਨੇ ਗਾਂਜਰਾਂ ਵਾਲਾ ਰੈਤਾ ਬਣਾ ਦਿਤਾ– ਤੇ ਮਗਰ 2 ਚੁਕੀ ਫਿਰੇ-ਨਆਣੇ ਛੱਡ 2 ਦੌੜਨ ਲੱਗੇ, ਫਿਰ ਓਹਵੀ ਕੋਈ ਨਾ ਖਾਵੇ- ਜੇ ਖਾਲੀ ਹੱਥ ਵੀ ਬੱਚਿਆਂ ਵੱਲ ਜਾਈਏ ਤਾਂ ਉਹ ਦੌੜ ਪੈਣ ਕਿ ਕੋਈ ਗਾਜਰ ਦੀ ਚੀਜ ਲਿਆ ਰਹੇ ਹਨ, ਸੋਚਿਆ ਬਈ ਮਹਿੰਗੀਆਂ ਗਾਂਜਰਾਂ (4-5 ਡਾਲਰ ਦੀਆਂ 20 ਕਿੱਲੋ) ਖਰਾਬ ਹੋਈ ਜਾਂਦੀਆਂ ਨੇ ਤਾਂ ਕੋਈ ਹੋਰ ਢੰਗ ਸੋਚੀਏ, ਮੈਡਮ ਨੇ ਅਚਾਰ ਪਾ ਦਿਤਾ-ਗੱਲ ਕੀ ਨਿਆਣੇ ਰਸੋਈ ਚੋਂ ਹੀ ਬਾਹਰ ਆ ਗਏ- ਕਹਿੰਦੇ ਪਹਿਲਾਂ ਇਹ ਗਾਂਜਰਾਂ ਦਾ ਬਿਉਪਾਰ ਬੰਦ ਕਰੋ ਫੇਰ ਘਰ ਬੜਾਂਗੇ--ਬਥੇਰੀਆਂ ਮਿੰਤਾਂ ਤਰਲੇ ਕੀਤੇ ਕਿ ਬੱਚਿਓ ਡਾਕਦਾਰ ਕਹਿੰਦਾ ਸੀ ਕਿ ਗਾਂਜਰਾਂ ਅੱਖਾਂ ਲਈ ਚੰਗੀਆਂ ਹੁੰਦੀਆਂ ਨੇ, ਲੱਤਾਂ ਲਈ ਚੰਗੀਆਂ ਹੁੰਦੀਆਂ ਨੇ-ਬੱਖੀਆਂ ਲਈ ਚੰਗੀਆਂ ਹੁੰਦੀਆਂ ਨੇ-ਗੋਡਿਆਂ ਤੇ ਬੰਨ੍ਹ ਲੈਣ ਨਾਲ ਗੋਡੇ ਨਈ ਦੁਖਦੇ-ਪਰ ਖਾਵੇ ਕਿਹੜਾ-ਅਖੇ ਰੋਟੀ ਨਾਲ ਸਬਜੀ ਵੀ ਗਾਜਰ ਦੀ, ਨਾਲ ਅਚਾਰ ਗਾਜਰ ਦਾ, ਨਾਲ ਰੈਤਾ ਗਾਜਰ ਦਾ,ਪੀਣ ਲਈ ਜੂਸ ਗਾਜਰ ਦਾ, ਤੇ ਪਿੱਛੋਂ ਮਿੱਠੀ ਚੀਜ ਫੇਰ ਗਜਰੇਲਾ-ਮਾਰੇ ਗਏ ਬਈ--ਆਏ ਗਏ ਨੂੰ ਬੀ ਜੂਸ ਗਾਂਜਰਾਂ ਦਾ, ਤੇ ਬਾਦ ਚ ਗਜ਼ਰੇਲਾ ਮੱਲੋ ਮੱਲੀ–-ਕਹਿੰਦੇ ਤਾਂ ਹੋਣੇ ਆ ਬਈ ਬੜੀ ਸੇਵਾ ਕਰਦੇ ਨੇ--ਤੇ ਹੋਰ ਕੀ-ਪਰ ਜਦੋਂ ਚਲੇ ਜਾਣ ਤਾਂ ਬਾਦ ਚ ਸ਼ੁਕਰ ਕਰੀਏ ਕਿ ਮਸਾਂ ਅਜੇ 2-3 ਕਿੱਲੋ ਹੀ ਗਾਂਜਰਾਂ ਮੁੱਕੀਆਂ ਹਨ-ਬਥੇਰਾ ਹੋਰ ਜੂਸ ਪੁੱਛ 2 ਪਾਈਏ ਪਰ ਸਾਰੇ ਹੀ ਹੱਥ ਖੜੇ ਕਰ ਜਾਣ-ਨਿਆਣੇ ਕੈਣ ਕਿ ਜੇ ਮੁੜ ਕੇ ਗਾਂਜਰਾਂ, ਗਜ਼ਰੇਲੇ ਦਾ ਬਿਜਨਸ ਸੁਰੂ ਕੀਤਾ ਤਾਂ ਅਸੀਂ ਓਨੇ ਦਿਨ ਘਰ ਨਈ ਜੇ ਰੋਟੀ ਖਾਣੀ-ਆਂਡ ਗੁਆਂਢ 2-2 ਕਿੱਲੋ ਦਿਤੀਆਂ –ਗਰੇਜਾਂ ਨੇ ਸਮਝਿਆ ਬਈ ਚੰਗੇ ਗੁਆਂਡੀ ਨੇ-ਪਰ ਵਿੱਚੋਂ ਸੁਕਰ ਕਰਾਂ ਕਿ ਬਾਹਰ ਸੁੱਟਣ ਨਾਲੋਂ ਤਾਂ ਕਿਸੇ ਨੂੰ ਦੇ ਦਿਓ ਤਾਂ ਚੰਗਾ ਹੈ-ਕਿਸੇ ਦੀ ਤਾਂ ਨਜਰ ਵਧੂ, ਲੱਤਾਂ ਸਿੱਦੀਆਂ ਹੋਣਗੀਆਂ-ਉਹ ਸਾਰੇ ਥੈਂਕੂ 2 ਕਰਨੋ ਨਾ ਹਟਣ- ਮੈਂ ਪੁੱਛਾਂ ਕਿ ਹੋਰ ਲਿਆਵਾਂ, ਨਈ ਉਹ ਕੈਣ ਬਾਕੀ ਤੁਸੀਂ ਵਰਤ ਲਓ-ਦਿਲੋਂ ਕਹਾਂ ਕਿ ਅਸੀਂ ਤਾਂ ਅੱਕੇ ਪਏ ਆਂ, ਹੁਣ ਗਆਂਡੀਆਂ ਦੀ ਵਾਰੀ ਆ-ਪਰ ਗਾਂਜਰਾਂ ਫੇਰ ਅਜੇ ਪਈਆਂ ਸਨ-ਫੇਰ ਜੂਸ ਕੱਢ 2 ਕਸਰਾਂ ਕੱਡੀਆਂ-ਪਰ ਘਰ ਦੇ ਸਾਰੇ ਪੀਣ ਜਾਂ ਖਾਣ ਤਾਂਹੀ ਮੁਕਦੀਆਂ- -ਫੇਰ ਕਿਮੇਂ ਮਕਾਈਆਂ ਜੀ ਗਾਂਜਰਾਂ --ਮਕੌਣੀਆਂ ਕਿਮੇ ਸੀਗੀਆਂ –ਜਦੋਂ ਵੀ ਸੈਰ ਕਰਕੇ ਘਰ ਵੜਦੇ-ਜੂਸ ਹੀ ਜੂਸ ਚਲਦਾ ਸੀ-ਬਾਦ ਚ ਓਹੀ ਬਹੁਤੀ ਸਾਰੀ ਸਬਜੀ ਤੇ ਰੋਟੀ ਤੇ ਕੱਟ-ਗੱਲ ਕੀ ਨਜ਼ਰ ਤਾਂ ਇੱਕ ਵਾਰ ਤੇਜ ਕਰਤੀ ਗਾਜਰਾਂ ਨੇ ਸਾਰੇ ਮੁਹੱਲੇ ਦੀ, ਨਾਲ ਅਚਾਰ ਬੀ ਗਾਂਜਰਾਂ ਦਾ, ਤੇ ਪਿੱਛੋ ਰੈਤਾ ਵੀ, ਨਾ ਘਰ ਵਾਲੀ ਭੁੱਲੇ ਕਿ ਇਹ ਕੀਹਨੇ ਖਤਮ ਕਰਨਾ ਹੈ-ਫੇਰ ਕੁਝ ਕੁ ਗਾਜਰਾਂ ਦਾ ਮੁਰੱਬਾ ਪਾ ਦਿਤਾ-ਸੋਚਿਆ ਇਹ ਨਈ ਕਿਤੇ ਜਾਂਦਾ, ਓਦਰ ਅਚਾਰ ਨੂੰ ਉੱਲੀ ਲੱਗ ਗਈ, ਸਬਜੀ ਬੀ ਘੱਟ ਨਾ ਹੋਬੇ-ਖਰਾਬ ਹੋਈ ਖਾਧੀ ਫੇਰ ਸੁੱਟੀ, ਜੂਸ ਵਾਲਾ ਜੱਗ ਕੱਲੇ ਕੋਲੋਂ ਠਾਅ ਨੂੰ ਨਾ ਜਾਵੇ-ਪਿਆ 2 ਕਸ ਗਿਆ, ਘਰ ਦੋਸਤ ਆਉਣੋ ਹਟ ਗਏ, ਗਵਾਂਡੀ ਬੋਲਣ ਨਾ, ਘੜੀ ਪਿੱਛੋਂ ਦੂਰ ਦੀਆਂ ਚੀਜਾਂ ਦੇਖਾਂ ਕਿ ਨੇੜੇ ਆਉਂਦੀਆਂ ਕਿ ਨਈ, ਉਹ ਬੀ ਨਾ ਫਰਕ ਪਿਆ-ਫੇਰ ਕੁਝ ਕੁ ਪਿੰਨੀਆਂ ਚ ਗਾਜਰਾਂ ਸੁਟੀਆਂ, ਬਈ ਹੁਣ ਹੀ ਕੋਈ ਗਲਤੀ ਨਾਲ ਖਾ ਲਊ-ਨਿਆਣਿਆਂ ਨੇ ਬਿਚ ਗਾਂਜਰਾਂ ਦੇਖ ਕੇ ਉਹ ਵੀ ਛੱਡ ਦਿਤੀਆਂ-ਕਹਿੰਦੇ- ਪਾਪਾ ਘਰ ਚ ਪਹਿਲਾਂ ਗਾਜ਼ਰ ਬਿਜਨਸ਼ ਬੰਦ ਕਰੋ-

Tuesday 27 May 2014



Top of Form
ਸੁਰਜੀਤ ਪਾਤਰ ਦੀ ਕਵਿਤਾ ਵਿਚ ਲੋਕਧਾਰਾ ਦੀ ਪੁਨਰ-ਸਿਰਜਣਾ
Displaying Dr. Satinder Kaur.JPG
ਡਾ. ਸਤਿੰਦਰ ਕੌਰ
ਸੁਰਜੀਤ ਪਾਤਰ ਸਮਕਾਲੀ ਪੰਜਾਬੀ ਕਵਿਤਾ ਵਿਚ ਇਕ ਵਿਸ਼ੇਸ਼ ਨਾਮ ਹੈ। ਆਲੋਚਕਾਂ ਨੇ ਸੁਰਜੀਤ ਪਾਤਰ ਦੀ ਕਵਿਤਾ ਉੱਪਰ ਵਿਚਾਰ ਕਰਦਿਆਂ ਹੋਇਆਂ ਇਹ ਗੱਲ ਵਿਸ਼ੇਸ਼ ਤੌਰ 'ਤੇ ਨੋਟ ਕੀਤੀ ਹੈ ਕਿ ਉਸ ਦਾ ਉਦੈ ਉਦੋਂ ਹੁੰਦਾ ਹੈ ਜਦੋਂ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦਾ ਦੌਰ ਸਮਾਪਤ ਹੋ ਚੁੱਕਾ ਸੀ ਅਤੇ ਆਧੁਨਿਕਤਾਵਾਦੀ ਪ੍ਰਯੋਗਸ਼ੀਲਤਾ ਦੀਆਂ ਸੀਮਾਵਾਂ ਪ੍ਰਗਟ ਹੋ ਰਹੀਆਂ ਸਨ। ਇਸੇ ਤਰ੍ਹਾਂ ਹੀ ਜੁਝਾਰਵਾਦੀ ਕਵਿਤਾ ਦੇ ਸਮੇਂ ਵੀ ਵਿਚਾਰਧਾਰਕ ਸੰਕਟ ਉਭਰ ਕੇ ਸਾਹਮਣੇ ਆ ਚੁੱਕਾ ਸੀ। ਇਸ ਸਮੇਂ ਦੌਰਾਨ ਇਕ ਪਾਸੇ ਪਾਸ਼ ਵਰਗੀ ਕਵਿਤਾ ਲਿਖਣ ਦਾ ਯਤਨ ਕੀਤਾ ਜਾ ਰਿਹਾ ਸੀ ਉੱਥੇ ਦੂਸਰੇ ਪਾਸੇ ਹਰਭਜਨ ਹਲਵਾਰਵੀ, ਅਮਰਜੀਤ ਚੰਦਨ, ਜਗਤਾਰ ਅਤੇ ਹਰਭਜਨ ਸਿੰਘ ਹੁੰਦਲ ਆਪਣੀ ਵੱਖਰੀ ਹੋਂਦ ਸਥਾਪਤ ਕਰਦੇ ਹਨ। ਡਾ. ਸੁਤਿੰਦਰ ਸਿੰਘ ਨੂਰ ਦਾ ਕਥਨ ਹੈ ਕਿ, ੌਪਾਤਰ ਉਸ ਵਿਚਾਰਧਾਰਾ ਦਾ ਨਿਰੀਖਣ ਕਰ ਰਿਹਾ ਸੀ। ਉਹ ਨਾ ਹੀ ਕਾਰਜਸ਼ੀਲ ਸੀ ਤੇ ਨਾ ਹੀ ਅਭੇਦ ਹੋਇਆ। ਸਗੋਂ ਉਸ ਵਿਚਾਰਧਾਰਾ ਦੇ ਸੰਬੰਧ ਵਿਚ ਵਧੇਰੇ ਕਾਵਿ ਯੋਗਤਾ ਦੇ ਮਸਲਿਆਂ ਨਾਲ ਜੂਝ ਰਿਹਾ ਸੀ।"1 ਇਸੇ ਵਿਚਾਰ ਨੂੰ ਡਾ. ਜਸਵਿੰਦਰ ਸਿੰਘ ਨੇ ਵੱਖਰੇ ਸ਼ਬਦਾਂ ਰਾਹੀਂ ਪ੍ਰਸਤੁਤ ਕਰਦਿਆਂ ਲਿਖਿਆ ਹੈ ਕਿ, ੌਪਾਤਰ ਆਧੁਨਿਕ ਪੰਜਾਬੀ ਸਾਹਿਤ ਵਿਚ ਜਿਸ ਦੌਰ ਵਿਚ ਸ਼ਾਇਰੀ ਰਚਣ ਵੱਲ ਸਰਗਰਮ ਹੁੰਦਾ ਹੈ, ਉਹ ਪ੍ਰਗਤੀਵਾਦੀ ਕਾਵਿ ਦੀ ਚੜ੍ਹਤ ਦਾ ਸਮਾਂ ਨਹੀਂ ਸੀ। ਪ੍ਰਗਤੀਵਾਦੀ ਕਾਵਿ ਚੇਤਨਾ ਅੱਗੇ ਇਕ ਪਾਸਿਉਂ ਨਕਸਲਬਾੜੀ ਲਹਿਰ ਵੱਲੋਂ ਗਰਮ ਮਾਰਕਸਵਾਦੀ ਵਿਚਾਰਧਾਰਕ ਵੰਗਾਰ ਸੀ ਦੂਜੇ ਪਾਸਿਉਂ ਉਭਰ ਰਹੀ ਨਵੀਂ ਪੜ੍ਹੀ ਲਿਖੀ ਮੱਧ ਸ਼੍ਰੇਣੀ ਵੱਲੋਂ ਪ੍ਰਯੋਗਸ਼ੀਲ ਧਾਰਾ ਨੇ ਸਿੱਕੇਬੰਦ ਵਾਦਾਂ, ਅੰਤਰਪੱਖੀ ਵਿਚਾਰਧਾਰਾਵਾਂ ਅਤੇ ਅਖੌਤੀ ਸਮੂਹਕਤਾ ਦੀਆਂ ਬਹੁਤ ਸਾਰੀਆਂ ਅਰੋਪਿਤ ਧਾਰਨਾਵਾਂ ਨੂੰ ਆਧੁਨਿਕ ਯੁੱਗ ਸੰਵੇਦਨਾ ਅਨੁਕੂਲ ਨਵੀਆਂ ਵੰਗਾਰਾ ਪੇਸ਼ ਕੀਤੀਆਂ ਸਨ।"2 ਅਗਾਂਹ ਜਾ ਕੇ ਡਾ. ਜਸਵਿੰਦਰ ਸਿੰਘ ਨੇ ਪਾਤਰ ਦੇ ਸਿਰਜਣਾਤਮਕ ਸਮੇਂ ਨੂੰ ਸੰਖੇਪ ਵਿਚ ਇਉਂ ਪੇਸ਼ ਕੀਤਾ ਹੈ, ੌਪਾਤਰ ਕਾਵਿ ਦੀ ਸਿਰਜਣ ਭੂਮੀ ਅਜਿਹਾ ਵਾਦਾਂ ਪ੍ਰਤਿਵਾਦਾਂ ਵਿਚ ਘਿਰਿਆ ਰਾਜਸੀ ਸਭਿਆਚਾਰਕ ਸਥਲ ਸੀ ਜਿਸ ਨੇ ਹਰੇਕ ਸੁਚੇਤ ਸੰਵੇਦਨਾਵੀ ਸਿਰਜਣਸ਼ੀਲ ਮਨ ਅੱਗੇ ਖੌਫ਼ਨਾਕ ਪੁੱਠੇ-ਸਿੱਧੇ ਪ੍ਰਸ਼ਨ ਲਟਕਾ ਰੱਖੇ ਸਨ।"3
ਪਾਤਰ ਆਪਣੇ ਸਮੇਂ ਦੀਆਂ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਵਾਦ ਰਚਾਉਂਦਾ ਹੈ। ਇਸ ਵਿਚੋਂ ਹੀ ਉਸ ਦੇ ਪ੍ਰਗਤੀਵਾਦੀ ਵਿਚਾਰ ਸਾਹਮਣੇ ਆਉਂਦੇ ਹਨ। ਪੰਜਾਬ ਸੰਕਟ ਸਮੇਂ ਉਸ ਦੀ ਸ਼ਾਇਰੀ ਵੱਖਰੇ ਤਰ੍ਹਾਂ ਦਾ ਸੰਵਾਦ ਸਿਰਜਦੀ ਹੈ। ਡਾ. ਸੁਤਿੰਦਰ ਸਿੰਘ ਨੂਰ ਅਨੁਸਾਰ, ੌਪਾਤਰ ਉਸ ਸ਼ਾਇਰੀ ਅਤੇ ਦ੍ਰਿਸ਼ਟੀ ਦੇ ਨਾਲ ਸੀ ਜਿਸ ਵਿਚ ਇਕੋ ਸਮੇਂ ਭਵਿੱਖਮੁਖੀ ਵਿਸ਼ਲੇਸ਼ਣ ਵੀ ਸੀ, ਵਿਚਾਰਧਾਰਕ ਚੇਤਨਾ ਵੀ ਸੀ ਤੇ ਕਾਵਿ ਨਾਲ ਪ੍ਰਤੀਬੱਧਤਾ ਵੀ ਸੀ।"4 ਪਾਤਰ ਦੀ ਦ੍ਰਿਸ਼ਟੀ ਦੀ ਦ੍ਰਿਸ਼ਟੀ ਭਾਵੇਂ ਆਰੰਭ ਤੋਂ ਹੀ ਪ੍ਰਗਤੀਵਾਦੀ ਰਹੀ ਹੈ ਪਰੰਤੂ ਫਿਰ ਵੀ ਇਸ ਨੂੰ ਪ੍ਰਗਟਾਉਣ ਲਈ ਉਸ ਨੇ ਨਵੇਂ ਕਾਵਿ ਮੁਹਾਵਰੇ ਦੀ ਸਿਰਜਣਾ ਕੀਤੀ। ਅਸੀਂ ਡਾ. ਲਾਭ ਸਿੰਘ ਖੀਵਾ ਦੇ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹੋ ਸਕਦੇ ਕਿ, ਪਾਤਰ ਨੇ 'ਲਘੂ-ਮਾਨਵ ਦੀ ਥਾਂ ਇਤਿਹਾਸਕ ਨਾਇਕ ਦੇ ਸੰਕਲਪ ਦੀ ਮੁੜ ਉਸਾਰੀ'5 ਕੀਤੀ। ਇਸ ਦੀ ਬਜਾਇ ਡਾ. ਜਸਵਿੰਦਰ ਸਿੰਘ ਦਾ ਕਥਨ ਵਧੇਰੇ ਮਹੱਤਵਪੂਰਨ ਹੈ ਕਿ, ੌਪਾਤਰ ਦਾ ਨਾਇਕ ਅਜਿਹਾ ਕਾਵਿ ਨਾਇਕ ਹੈ ਜੋ ਕ੍ਰਾਂਤੀ ਦਾ ਪ੍ਰਸੰਸਕ ਹੈ, ਕ੍ਰਾਂਤੀ ਦੇ ਸੁਪਨੇ ਦਾ ਹਾਮੀ ਹੈ, ਕ੍ਰਾਂਤੀਕਾਰੀ ਨਾਇਕ ਦੀ ਸੂਰਮਗਤੀ ਕੁਰਬਾਨੀ ਨੂੰ ਨਤਮਸਤਕ ਹੈ। ਪਰ ਉਹ ਆਪਣਾ ਕਾਵਿ-ਨਾਇਕੀ ਚਰਿੱਤਰ ਇਕ ਨੌਜਵਾਨ ਸ਼ਾਇਰ ਦੇ, ਇਕ ਕ੍ਰਾਂਤੀਮੁਖੀ ਸ਼ਾਇਰ ਦੇ ਸੁਰਮਾਈ ਬੋਲਾਂ ਵਿਚ ਸੰਕਲਪਿਤ ਕਰਦਾ ਹੈ।"6
ਆਲੋਚਕਾਂ ਨੇ ਪਾਤਰ ਦੇ ਸਮਕਾਲੀ ਕਾਵਿ-ਧਾਰਾ ਦੇ ਪਿਛੋਕੜ ਤੋਂ ਇਲਾਵਾ ਉਸ ਦੇ ਨਿੱਜੀ ਤੇ ਸਮਾਜਿਕ ਕਾਰਣਾਂ ਨੂੰ ਵੀ ਰੇਖਾਂਕਿਤ ਕੀਤਾ ਹੈ, ਜਿਵੇਂ ੌਪਾਤਰ-ਪਾਸ਼ ਦੀ ਸ਼ਾਇਰੀ ਉਸਦੇ ਗਰੀਬੜੇ ਪਰਿਵਾਰਕ ਪਿਛੋਕੜ, ਪੇਂਡੂ ਜਾਤੀਗਤ ਸਮੂਹਕ ਅਵਚੇਤਨ, ਮੋਹਧੋਰੀ ਵਿਅਕਤੀਗਤ ਮਨੋਬਣਤਰ ਦੇ ਪਰਾਣਵੰਤ ਪ੍ਰੇਰਕਾਂ ਸਦਕਾ ਇਸ ਦੌਰ ਦੀ ਅਧਿਕ ਮਕਬੂਲ ਸ਼ਾਇਰੀ ਤੋਂ ਇਕ ਸੁਲਝੀ ਵਿੱਥ 'ਤੇ ਖੜਨ ਦਾ ਦਲੇਰਾਨਾ ਜ਼ੋਖ਼ਮ ਉਠਾਉਂਦੀ ਹੈ।"7 ਅਮਰਜੀਤ ਗਰੇਵਾਲ ਦਾ ਇਹ ਕਥਨ ਵੀ ਵਧੇਰੇ ਵਿਸ਼ਵਾਸਯੋਗ ਨਹੀਂ ਕਿ ਪਾਤਰ ਦੀਆਂ ਕੁਝ ਕਵਿਤਾਵਾਂ ਪ੍ਰਗਤੀਵਾਦੀ ਹਲਕਿਆਂ ਵਿਚ ਵਧੇਰੇ ਸਰਾਹੀਆਂ ਗਈਆਂ ਹਨ। ਉਸ ਅਨੁਸਾਰ ੌਹੌਲੀ-ਹੌਲੀ ਇਹ ਸਿਧਾਂਤ (ਪ੍ਰਗਤੀਵਾਦੀ) ਪੰਜਾਬੀ ਕਵਿਤਾ ਦੇ ਪਾਠਕਾਂ ਦੀ ਆਮ ਸੂਝ ਬੂਝ ਦਾ ਹਿੱਸਾ ਵੀ ਬਣ ਗਿਆ। ਇਹੋ ਕਾਰਣ ਹੈ ਕਿ ਸੁਰਜੀਤ ਪਾਤਰ ਦੀਆਂ ਉਪਰੋਕਤ ਕਵਿਤਾਵਾਂ ਨੂੰ ਆਲੋਚਕਾਂ ਅਤੇ ਸੂਝਵਾਨ ਪਾਠਕਾਂ ਵੱਲੋਂ ਅਤੀ ਉੱਤਮ ਕਵਿਤਾਵਾਂ ਦਾ ਰੁਤਬਾ ਪ੍ਰਾਪਤ ਹੋਇਆ।8
ਡਾ. ਗੁਰਚਰਨ ਸਿੰਘ ਔਲਖ ਅਨੁਸਾਰ ਪਾਤਰ ਦੀ ਕਵਿਤਾ ਇਤਿਹਾਸਕ ਚੇਤੰਨਤਾ ਮੁਖੀ ਹੈ। ਉਸ ਦੇ ਆਪਣੇ ਕਥਨ ਅਨੁਸਾਰ, ੌਇਤਿਹਾਸਕ ਚੇਤੰਨਤਾ ਮੁਖੀ ਕਵਿਤਾ ' ਪ੍ਰਮੁੱਖ ਨਾਮ ਸੁਰਜੀਤ ਪਾਤਰ ਦਾ ਹੈ। ਉਸ ਦੀ ਕਵਿਤਾ ਆਪਣੀ ਪ੍ਰਗੀਤਤਕਤਾ ਤੇ ਆਧੁਨਿਕਤਾ ਦੀ ਪੇਸ਼ਕਾਰੀ ਵਿਚ ਬੇਜੋੜ ਹੈ।"9 ਪਾਤਰ ਇਤਿਹਾਸ ਦੇ ਇਕ ਦੌਰ ਨਾਲ ਹੀ ਬੱਝ ਕੇ ਨਹੀਂ ਰਹਿ ਜਾਂਦਾ ਸਗੋਂ ਉਹ ਜ਼ਿੰਦਗੀ ਦੇ ਅਸੀਮ ਪਾਸਾਰਾਂ ਵੱਲ ਵੱਧਦਾ ਨਜ਼ਰ ਆਉਂਦਾ ਹੈ।ਗੁਣਵੰਤ ਕੌਰ ਸਿੱਧੂ ਅਨੁਸਾਰ, ੌਇਤਿਹਾਸ ਦੇ ਇਕ ਸੀਮਿਤ ਟੁਕੜੇ ਨੂੰ ਜ਼ਿੰਦਗੀ ਦੇ ਅਸੀਮ ਪਸਾਰ ਵਿਚ ਬਦਲ ਸਕਣਾ ਹੀ ਇਕ ਪ੍ਰਮਾਣਿਕ ਕਵੀ ਦੀ ਪਹਿਚਾਣ ਹੈ ਅਤੇ ਇਹ ਪਹਿਚਾਣ ਪਾਤਰ ਦੇ ਹਿੱਸੇ ਆਈ ਹੈ।"10 ਅਗਾਂਹ ਜਾ ਕੇ ਗੁਣਵੰਤ ਕੌਰ ਸਿੱਧੂ ਨੇ ਪਾਤਰ ਦੀ ਕਵਿਤਾ ਨੂੰ ਸਮਕਾਲੀਨ ਯਥਾਰਥ ਦੇ 'ਕਲਾਤਮਿਕ', ਸੂਖ਼ਮ ਅਤੇ ਅਭਿਵਿਅਕਤੀ ਮੂਲਕ ਚਿਤਰਣ' ਮੰਨਿਆ ਹੈ। ਉਸ ਅਨੁਸਾਰ ਪਾਤਰ ਦੀ ਕਵਿਤਾ ਵਿਚ ਅਸਤਿਤਵਹੀਣਤਾ ਦਾ ਬੋਧ ਹੈ ਅਤੇ ਮਾਨਸਿਕ ਵਿਸੰਗਤੀਆਂ ਦਾ ਪ੍ਰਗਟਾ ਵੀ। ਪਾਤਰ ਸਮਕਾਲੀ ਮਨੁੱਖ ਦੀਆਂ ਅਤ੍ਰਿਪਤ ਲੋੜਾਂ ਤੇ ਰੀਝਾਂ ਤੋਂ ਪ੍ਰਭਾਵਿਤ ਖੋਖਲੀ ਮਾਨਸਿਕਤਾ ਨੂੰ ਵਿਅੰਗ ਦਾ ਸ਼ਿਕਾਰ ਬਣਾਉਂਦਾ ਹੈ।11
ਪਾਤਰ ਆਧੁਨਿਕ ਯਥਾਰਥ ਨੂੰ ਪ੍ਰਗਟਾਉਣ ਲਈ ਨਵੇਂ ਬਿੰਬ, ਪ੍ਰਤੀਕ ਸਿਰਜਣ ਦੇ ਨਾਲ-ਨਾਲ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਵੀ ਨਵੇਂ ਅਰਥ ਦਿੰਦਾ ਹੈ ਅਤੇ ਇਉਂ ਸਮਕਾਲੀ ਯਥਾਰਥ ਦੀਆਂ ਵਿਸੰਗਤੀਆਂ ਨੂੰ ਸਾਹਮਣੇ ਲਿਆਉਂਦਾ ਹੈ। ਡਾ. ਰਾਜਿੰਦਰ ਪਾਲ ਸਿੰਘ ਨੇ ਇਨ੍ਹਾਂ ਵਿਚਾਰਾਂ ਨੂੰ ਸੂਤਰਬੱਧ ਕਰਦਿਆਂ ਹੋਇਆਂ ਲਿਖਿਆ ਹੈ ਕਿ, ੌਆਧੁਨਿਕ ਯਥਾਰਥ ਗ੍ਰਹਿਣ ਕਰਕੇ ਮੁੜ ਪ੍ਰਗਟਾਉਣ ਲਈ ਸੁਰਜੀਤ ਪਾਤਰ ਨਿਰੇ ਨਵੇਂ ਬਿੰਬ/ਪ੍ਰਤੀਕਾਂ ਦੀ ਓਟ ਹੀ ਨਹੀਂ ਲੈਂਦਾ ਸਗੋਂ ਉਹ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਨਵੇਂ ਅਰਥਾਂ ਵਿਚ ਪੇਸ਼ ਕਰਦਾ ਹੈ। ਸਮਕਾਲੀ ਯਥਾਰਥ ਦੀ ਕਰੂਰਤਾ ਦੇ ਸਾਹਮਣੇ ਖੜਾ ਕਰਦਾ ਹੈ। ਇਤਿਹਾਸ ਵਿਚ ਰੂੜ੍ਹ ਹੋ ਚੁੱਕੀਆਂ ਰੂੜ੍ਹੀਆਂ ਤੋਂ ਨਵੇਂ ਅਰਥ ਲੈਣ ਦੀ, ਇਸ ਦਹਾਕੇ ਦੀ ਸਮੂਹ ਸੰਬੋਧਨ ਬਿਰਤੀ ਵਾਂਗ ਹੀ ਇਕ ਪ੍ਰਵਿਰਤੀ ਹੈ। ਸੁਰਜੀਤ ਪਾਤਰ ਨੇ ਇਤਿਹਾਸ-ਮਿਥਿਹਾਸ ਵਿਚੋਂ ਪ੍ਰਾਪਤ ਰੂੜ੍ਹੀਆਂ ਨੂੰ ਆਧੁਨਿਕ ਯਥਾਰਥ ਬੋਧ ਨੂੰ ਪ੍ਰਪੱਕ ਕਰਨ ਹਿੱਤ ਵਰਤੋਂ ਵਿਚ ਲਿਆਂਦਾ ਹੈ।"12
ਇਤਿਹਾਸਕ ਅਤੇ ਮਿਥਿਹਾਸਕ ਵੇਰਵਿਆਂ ਤੋਂ ਇਲਾਵਾ ਪਾਤਰ ਦੀਆਂ ਕਵਿਤਾਵਾਂ ਵਿਚ ਲੋਕਧਾਰਾ ਦਾ ਸੰਘਣਾ ਤਾਣਾ-ਬਾਣਾ ਨਜ਼ਰ ਆਉਂਦਾ ਹੈ। ਜਿਸ ਦਾ ਅਹਿਸਾਸ ਸਾਨੂੰ ਡਾ. ਹਰਿਭਜਨ ਸਿੰਘ ਨੇ 'ਹੁਣ ਘਰਾਂ ਨੂੰ ਪਰਤਣਾ' ਦੇ ਵਿਸ਼ਲੇਸ਼ਣ ਰਾਹੀਂ ਕਰਵਾਇਆ ਹੈ। ਇਸ ਕਵਿਤਾ ਦਾ ਆਲੋਚਨਾਤਮਕ ਅਧਿਐਨ ਕਰਦਿਆਂ ਡਾ. ਹਰਿਭਜਨ ਸਿੰਘ ਨੇ ਜਿੱਥੇ ਇਕ ਪਾਸੇ ਇਸ ਦੇ ਲੋਕਧਾਰਾਈ ਵੇਰਵਿਆਂ ਨੂੰ ਚਰਚਾ ਦਾ ਵਿਸ਼ਾ ਬਣਾਇਆ ਹੈ ਉੱਥੇ ਨਾਲ ਹੀ ਇਸ ਕਵਿਤਾ ਨੂੰ ਪਰੰਪਰਾ ਤੋਂ ਪਾਰ ਜਾਣ ਵਾਲੀ ਕਵਿਤਾ ਦੇ ਰੂਪ ਵਿਚ ਵੀ ਪ੍ਰਵਾਨ ਕਰਦਾ ਹੈ। ਉਸ ਦੇ ਆਪਣੇ ਕਥਨ ਅਨੁਸਾਰ, ੌਇਸ ਕਵਿਤਾ ਵਿਚ ਲੋਕਵੇਦ ਦੇ ਬੜੇ ਵੇਰਵੇ ਹਨ। ਮੱਥੇ ਉੱਪਰ ਮੌਤ, ਸਾਧੂ ਦਾ ਸਰਾਪ, ਸ਼ਰੀਕਣ ਚੰਦਰੀ, ਟੂਣੇ ਟਾਮਣ, ਪ੍ਰੇਤ, ਸਿਰ ਪਲੋਸਣਾ, ਅਸੀਸਾਂ, ਸਿਵੇ ਤੇ ਮਾਸ ਰਿੰਨ੍ਹਦੀ ਰੰਨ, ਸਿਵੇ ਸੇਕਣਾ, ਮੜ੍ਹੀ ਤੇ ਦੀਵਾ, ਇਹ ਸਾਰੇ ਲੋਕ-ਵਿਸ਼ਵਾਸ ਦੇ ਵੇਰਵੇ ਹਨ। ਫੇਰ ਵੀ ਇਸ ਕਵਿਤਾ ਦਾ ਰੁਖ ਲੋਕਵੇਦ ਦੇ ਐਨ ਪ੍ਰਤੀਕੂਲ ਹੈ। ਲੋਕਵੇਦ ਪਰੰਪਰਾ ਨਾਲ ਜੋੜਦਾ ਹੈ। ਇਹ ਪਰੰਪਰਾ ਤੋਂ ਪਾਰ ਜਾਣ ਵਾਲੀ, ਪਾਰਗਾਮੀ ਸੁਭਾ ਦੀ ਕਵਿਤਾ ਹੈ ਜੋ ਜਾਣਦੀ ਹੈ ਕਿ ਪ੍ਰਮਾਣਿਕ ਮਨੁੱਖ ਲਈ ਪਰੰਪਰਾ ਨਾਲ ਜੁੜੇ ਰਹਿਣਾ ਸੰਭਵ ਨਹੀਂ ਹੈ।"13 ਅਸਲ ਵਿਚ ਪਰੰਪਰਾ ਪਾਤਰ ਦੇ ਅਵਚੇਤਨ ਮਨ ਦਾ ਹਿੱਸਾ ਹੈ ਪਰ ਉਹ ਇਸ ਪਰੰਪਰਾ ਨੂੰ ਸਮਕਾਲੀ ਅਰਥ ਸੁਚੇਤ ਰੂਪ ਵਿਚ ਦਿੰਦਾ ਹੈ। ਉਸ ਦੀ ਕਵਿਤਾ ਵਿਚ ਪਰੰਪਰਾ ਦੇ ਉਭਰਦੇ ਚਿਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਡਾ. ਗੁਰਚਰਨ ਸਿੰਘ ਔਲਖ ਲਿਖਦਾ ਹੈ, ੌਉਸ ਦੇ ਦਲਾਨ ਵਿਚ ਦਵਾਖੀ ਤੇ ਜੱਗਦਾ ਦੀਵਾ, ਮਾਂ ਦਾ ਚਿਹਰਾ, ਪਿੰਡ ਦੀ ਸ਼ਾਮ ਵਿਚ ਘੁਲੀਆਂ ਅਲਗੋਜ਼ਿਆਂ, ਇਕਤਾਰਿਆਂ, ਰਾਸਾਂ, ਢੱਡ-ਸਾਰੰਗੀ ਤੇ ਰਹਿਰਾਸ ਦੀਆਂ ਆਵਾਜ਼ਾਂ ਅੱਜ ਵੀ ਸੁਣਾਈ ਦਿੰਦੀਆਂ ਹਨ। ਉਸ ਦੀ ਕਵਿਤਾ ਵਿਚ ਕਈ ਵਾਰ ਰਹਿਰਾਸ, ਅਲਗੋਜ਼ੇ, ਮਾਂ, ਪਿੰਡ, ਦੀਵਾ ਦੇ ਚਿਹਨ ਉਭਰਦੇ ਹਨ। ਕਹਿਣ ਦਾ ਭਾਵ ਹੈ ਕਿ ਉਸ ਦੇ ਬਚਪਨ ਦੇ ਦਿਨ ਤੇ ਉਨ੍ਹਾਂ ਦੀਆਂ ਯਾਦਾਂ ਪਾਤਰ ਦੇ ਕਾਵਿ ਵਿਚ ਅਚੇਤ ਰੂਪ ਵਿਚ ਸਮਾਏ ਹੋਏ ਹਨ।"14
ਪਾਤਰ ਨੇ ਬੌਧਿਕ ਡੂੰਘਿਆਈ ਵਾਲੀ ਕਵਿਤਾ ਦੀ ਰਚਨਾ ਕੀਤੀ। ਪ੍ਰਗੀਤਆਤਮਿਕ ਗੀਤਾਂ ਦੀ ਸਿਰਜਣਾ ਕੀਤੀ। ਕੁਝ ਇਕ ਨਾਟਕਾਂ ਦੇ ਪੰਜਾਬੀ ਰੂਪਾਂਤਰ ਪੇਸ਼ ਕੀਤੇ ਅਤੇ   ਇਵੇਂ ਹੀ ਕੁਝ ਇਕ ਟੈਲੀਵਿਜ਼ਨ ਉੱਪਰ ਪ੍ਰਸਾਰਿਤ ਹੁੰਦੇ ਸੀਰੀਅਲਾਂ ਦੀਆਂ ਸਕਰਿਪਟਾਂ ਵੀ ਲਿਖੀਆਂ। 'ਉਸ ਦੇ ਪ੍ਰੋਗਰਾਮਾਂ ਵਿਚ ਸੂਰਜ ਦਾ ਸਿਰਨਾਵਾਂ, ਸੂਖ਼ਮ ਜਿਨ੍ਹਾਂ ਦੇ ਪੱਲੇ ਅਨੇਕਾਂ ਟੀ.ਵੀ. ਫ਼ਿਲਮਾਂ ਦੇ ਆਲੇਖ, ਲੋਕ ਤਰੰਗ ਆਦਿ ਸਥਾਈ ਮਹੱਤਤਾ ਵਾਲੇ ਹਨ।' ਇਨ੍ਹਾਂ ਸਾਰੇ ਸਾਹਿਤਕ ਅਤੇ ਕਲਾ ਰੂਪਾਂ ਉੱਪਰ ਉਸ ਦੀ ਵੱਖਰੀ ਸ਼ਖ਼ਸੀਅਤ ਦੀ ਛਾਪ ਦਿਖਾਈ ਦਿੰਦੀ ਹੈ। ਸਭ ਤੋਂ ਵਧੇਰੇ ਮਾਣ ਉਸ ਨੂੰ ਆਪਣੀਆਂ ਗ਼ਜ਼ਲਾਂ ਕਾਰਣ ਪ੍ਰਾਪਤ ਹੋਇਆ। ਪਾਤਰ ਦੀਆਂ ਛਪੇ ਹੋਏ ਰੂਪ ਵਿਚ ਸਭ ਤੋਂ ਪਹਿਲਾਂ ਖੁੱਲ੍ਹੀਆਂ ਕਵਿਤਾਵਾਂ ਪਾਠਕਾਂ ਸਾਹਮਣੇ ਆਉਂਦੀਆਂ ਹਨ। ਡਾ. ਰਾਜਿੰਦਰ ਪਾਲ ਸਿੰਘ ਅਨੁਸਾਰ ਇਨ੍ਹਾਂ ਕਵਿਤਾਵਾਂ ਵਿਚੋਂ ਪਾਤਰ ਦਾ ਪ੍ਰਤੀਬੱਧ ਰੂਪ ਸਾਹਮਣੇ ਆਉਂਦਾ ਹੈ ਅਤੇ ਉਸ ਦਾ ਸੰਬੋਧਨ ਸਮੂਹਿਕ ਹੈ। ਡਾ. ਰਾਜਿੰਦਰ ਪਾਲ ਸਿੰਘ ਨੇ 'ਬੁੱਢੀ ਜਾਦੂਗਰਨੀ ਆਖਦੀ ਹੈ' ਕਵਿਤਾ ਵਿਚ ਬੁੱਢੀ ਜਾਦੂਗਰਨੀ ਨੂੰ ਬੁਰਜੂਆ ਸਿਆਸਤ ਦਾ ਪ੍ਰਤੀਕ ਮੰਨਿਆ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, ੌਬੁੱਢੀ ਜਾਦੂਗਰਨੀ ਆਖਦੀ ਹੈ, ਨਜ਼ਮ ਵਿਚ ਪਾਤਰ ਨੇ ਰਾਜਸੀ ਯਥਾਰਥ ਦੀ ਅਤਿ ਕਰੂਰਤਾ ਨੂੰ ਪਾਠਕਾਂ ਦੇ ਸਾਹਵੇਂ ਅਭਿਵਿਅਕਤ ਕੀਤਾ ਹੈ। ਨਜ਼ਮ ਦੀ 'ਬੁੱਢੀ ਜਾਦੂਗਰਨੀ' ਨੂੰ ਇਕ ਵਿਸ਼ੇਸ਼ ਰਾਜਸੀ ਚਿਹਰਾ ਵੀ ਮੰਨਿਆ ਜਾ ਸਕਦਾ ਹੈ। ਪਰ ਅਜਿਹਾ ਕਰਨਾ ਨਜ਼ਮ ਦੀ ਅਰਥ ਵਿਸਥਾਰ ਕਰਨ ਦੀ ਸੀਮਾ ਤੇ ਰੋਕ ਲਾਉਣ ਦੇ ਬਰਾਬਰ ਹੈ। ਅਸੀਂ ਬੁੱਢੀ ਜਾਦੂਗਰਨੀ ਨੂੰ ਬੁਰਜੂਆ ਸਿਆਸਤ ਦਾ ਪ੍ਰਤੀਕ ਮੰਨਾਂਗੇਸਿਆਸਤ ਵਿਚ ਜਿਹੜਾ ਵੀ ਸਥਾਪਤੀ ਵਿਰੁੱਧ ਆਵਾਜ਼ ਉਠਾਉਂਦਾ ਹੈ, ਉਸੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਹਿਲਾ ਦਬਾਉਣ ਲਈ 'ਬੁਰਕੀ' ਸੁੱਟੀ ਜਾਂਦੀ ਹੈ, ਜੇ 'ਬੁਰਕੀ' ਨਾਲ ਆਵਾਜ਼ ਨਾ ਦਬੇ ਤਾਂ ਖੰਜਰ ਖੋਭਿਆ ਜਾਂਦਾ ਹੈ।"15
ਪਾਤਰ ਦੀ ਸ਼ਾਇਰੀ ਵਿਚ ਗ਼ਜ਼ਲ ਦਾ ਪ੍ਰਮੁੱਖ ਥਾਂ ਹੈ। ਡਾ. ਕਰਮਜੀਤ ਸਿੰਘ ਪਾਤਰ ਦੀਆਂ ਗ਼ਜ਼ਲਾਂ ਵਿਚ ਯੁੱਗ ਚੇਤਨਾ ਅਤੇ ਤ੍ਰਾਸਦੀ ਦੇ ਬੋਧ ਦੀ ਗੱਲ ਕਰਦਾ ਹੈ ਤੇ ਨਾਲ ਹੀ ਉਸ ਦੀ ਗ਼ਜ਼ਲ ਨੂੰ ਆਸ਼ਾਵਾਦ ਨਾਲ ਜੋੜਦਾ ਹੈ। ਉਸ ਦੇ ਆਪਣੇ ਕਥਨ ਅਨੁਸਾਰ, ੌਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਵਿਚ ਯੁੱਗ ਦੀ ਚੇਤਨਾ ਨੂੰ ਮਨੁੱਖ ਵਿਚ ਮੌਤ ਤੇ ਸਹਿਮ ਦੇ ਤ੍ਰਾਸ ਦੇ ਨਾਟਕੀ ਮਹਾਂ ਦ੍ਰਿਸ਼ ਦੇ ਰੂਪ ਵਿਚ ਸੰਕਲਪਿਤ ਕੀਤਾ ਹੈ। ਇਹ ਮਹਾਂ ਦ੍ਰਿਸ਼ ਜੋ ਉਪਰੋਂ ਆਧੁਨਿਕ ਮਨ ਵਿਚ ਵਿਆਪ ਰਹੀ ਨਿਰੰਤਰ ਤ੍ਰਾਸਦੀ ਦਾ ਬੋਧ ਕਰਾਉਂਦਾ ਹੈ ਤਾਂ ਅੰਦਰੋਂ ਅੰਦਰ ਅਚੇਤ ਹੀ ਜ਼ਿੰਦਗੀ ਦੀ ਅਮੁਕ ਗਤੀ ਵਿਚੋਂ ਉਦੈ ਹੋਣ ਵਾਲੀ ਆਸ ਨਾਲ ਵੀ ਜੁੜਿਆ ਹੋਇਆ ਹੈ।"16 ਗੁਣਵੰਤ ਕੌਰ ਸਿੱਧੂ ਪਾਤਰ ਦੀ ਕਵਿਤਾ ਦੇ ਸੰਗੀਤਾਤਮਕ ਪੱਖ ਉੱਪਰ ਵਿਚਾਰ ਕਰਦਿਆਂ ਉਸ ਰਾਹੀਂ ਪੇਸ਼ ਆਧੁਨਿਕ ਮਨੁੱਖ ਦੀ ਵੇਦਨਾ ਅਤੇ ਭਟਕਣ ਨੂੰ ਵਿਅੰਗਮਈ ਲਹਿਜੇ ਵਿਚ ਪੇਸ਼ ਹੁੰਦਿਆਂ ਵੇਖਦੀ ਹੈ ਅਤੇ ਉਸ ਅਨੁਸਾਰ ਇਸੇ ਕਰਕੇ ਹੀ ਪਾਤਰ 'ਇਤਿਹਾਸ ਵਿਚ ਇਕ ਪ੍ਰਮਾਣਿਕ ਹਸਤਾਖਰ ਵਜੋਂ' ਸਥਾਪਿਤ ਹੁੰਦਾ ਹੈ।17
ਸੁਰਜੀਤ ਪਾਤਰ ਲਿਖਦਾ ਹੈ ਕਿ ਸੰਗੀਤ ਨਾਲ ਰੁਚੀ ਹੋਣ ਕਾਰਣ ਉਹ ਲਗਾਤਾਰ ਗ਼ਜ਼ਲ ਕਾਵਿ ਨਾਲ ਜੁੜਿਆ ਰਿਹਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, ੌਬੌਧਿਕ ਤੌਰ 'ਤੇ ਇਸ ਕਾਵਿ-ਰੂਪ ਦੀ ਪ੍ਰੋੜ੍ਹਤਾ ਨਾ ਕਰਦਾ ਹੋਇਆ ਵੀ ਮੈਂ ਗ਼ਜ਼ਲਾਂ ਲਿਖਦਾ ਰਿਹਾ ਹਾਂ।...ਸੰਗੀਤ ਨਾਲ ਮੇਰੀ ਮੁਹੱਬਤ ਨੇ ਮੈਨੂੰ ਗ਼ਜ਼ਲ ਨਾਲ ਜੋੜੀ ਰੱਖਿਆ ਤੇ ਇਹ ਗ਼ਜ਼ਲਾਂ ਮੈਂ ਆਪਣੀ ਸਮੁੱਚੀ ਕਾਵਿ-ਸਾਧਨਾ ਦੌਰਾਨ ਰਸ-ਰਸ ਕੇ ਲਿਖੀਆਂ ਹਨ।"18 ਆਲੋਚਕਾਂ ਨੇ ਇਹ ਵੀ ਰੇਖਾਂਕਿਤ ਕੀਤਾ ਹੈ ਕਿ ਪਾਤਰ ਗ਼ਜ਼ਲ ਦੇ ਰੂਪਾਕਾਰ ਬਾਰੇ ਵਧੇਰੇ ਕੱਟੜ ਨਹੀਂ ਹੈ। ਸੰਗੀਤਕ ਲੈਅ ਅਨੁਸਾਰ ਉਹ ਕੁਝ ਖੁੱਲ੍ਹਾਂ ਵੀ ਲੈ ਲੈਂਦਾ ਹੈ। ਪਾਤਰ ਦੀ ਗ਼ਜ਼ਲ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿਚ ਭਾਵਨਾਵਾਂ ਦੀ ਤੀਬਰਤਾ ਹੈ ਅਤੇ ਸੋਜ਼ ਹੈ। ਉਸ ਦੀਆਂ ਗ਼ਜ਼ਲਾਂ ਵਿਚ ਮੁਹੱਬਤ, ਸਮਕਾਲੀ ਰਾਜਸੀ ਸਥਿਤੀ ਅਤੇ ਆਤੰਕਵਾਦ ਦੀ ਵਸਤੂ ਨੂੰ ਵਿਅੰਗ ਦੀ ਸਾਣ ਤੇ ਚਾੜ੍ਹਿਆ ਹੈ। ਪਾਤਰ ਦਾ ਮਨੋਰਥ ਮਾਨਵਵਾਦੀ ਸੱਚ ਦੀ ਪਛਾਣ ਕਰਨਾ ਹੈ। ਕੇਵਲ ਸੁਹਜ ਸਿਰਜਣਾ ਉਸ ਦਾ ਅੰਤਿਮ ਨਿਸ਼ਾਨਾ ਨਹੀਂ। ਉਸ ਦੀਆਂ ਗ਼ਜ਼ਲਾਂ ਵਿਚੋਂ 'ਕੋਈ ਡਾਲੀਆ 'ਚੋਂ ਲੰਘਿਆ ਹਵਾ ਬਣ ਕੇ', 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ', 'ਬਿਰਖ ਅਰਜ਼ ਕਰੇ ਆਦਿ ਗ਼ਜ਼ਲਾਂ ਪੰਜਾਬੀ ਮਾਨਸਿਕਤਾ ਦਾ ਹਿੱਸਾ ਬਣ ਗਈਆਂ ਹਨ। ਪਾਸ਼ ਦੇ ਸ਼ਬਦਾਂ ਵਿਚ ਕਹਿਣਾ ਹੋਵੇ ਤਾਂ ਪਾਤਰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈ। ਭਾਵੇਂ ਵਿਚਾਰਧਾਰਕ ਪੱਧਰ 'ਤੇ ਉਹ ਵੱਖਰਾ ਵੀ ਹੈ। ਪਾਸ਼ ਪਾਤਰ ਨੂੰ ਸੰਬੋਧਿਤ ਹੁੰਦਾ ਹੋਇਆ ਲਿਖਦਾ ਹੈ, ੌਨਿਰਸੰਦੇਹ ਤੂੰ ਸਾਡੇ ਸਮਿਆਂ ਦਾ ਬਹੁਤ ਵੱਡਾ ਕਵੀ ਹੈ। ਇਹ ਤੇਰੀ ਸੁਕਤੀ ਹੀ ਹੈ, ਜੋ ਮੇਰੇ ਵਰਗੇ ਤੈਥੋਂ ਅਲੱਗ ਵਿਚਾਰਧਾਰਾ ਵਾਲੇ ਬੰਦੇ ਨੂੰ ਵੀ ਇਹ ਕਹਿਣ ਤੇ ਮਜਬੂਰ ਕਰਦੀ ਹੈ। ਹਾਂ, ਅਸੀਂ ਲੋਕ ਬਹੁਤ ਅਲੱਗ (ਤੇ ਸ਼ਾਇਦ ਵਿਪਰੀਤ ਵੀ) ਵਿਚਾਰਧਾਰਾ ਦੇ ਹਾਂ - ਅਹਿਸਾਸ ਦੀ ਧਾਰਾ ਵਿਚ, ਤੇਰਾ ਕੱਦ ਬਹੁਤ ਉੱਚਾ ਹੈ ਸਭ ਤੋਂ ਉੱਚਾ। ਤੇਰੀਆਂ ਕਵਿਤਾਵਾਂ ਸਾਡੀ ਪੀੜ੍ਹੀ ਦਾ ਮਾਣ ਹਨ।"19
           ਪਾਤਰ ਦੇ ਸਮੇਂ ਲਿਖੀ ਜਾ ਰਹੀ ਜੁਝਾਰਵਾਦੀ ਕਵਿਤਾ ਸਿੱਧੀ ਮਾਰਕਸਵਾਦੀ ਵਿਚਾਰਧਾਰਾ ਨਾਲ ਜੁੜੀ ਹੋਈ ਸੀ ਪਰੰਤੂ ਲਹਿਰ ਦੇ ਮੱਠੇ ਪੈਣ ਨਾਲ ਵਿਚਾਰਧਾਰਾ ਉੱਪਰ ਵਿਰੋਧੀ ਹਮਲੇ ਤੇਜ਼ ਹੁੰਦੇ ਹਨ ਜਿਨ੍ਹਾਂ ਦਾ ਪ੍ਰਤੀ ਉੱਤਰ ਵੱਖ-ਵੱਖ ਕਵੀਆਂ ਨੇ ਆਪਣੇ-ਆਪਣੇ ਢੰਗ ਨਾਲ ਦਿੱਤਾ ਹੈ। ਕੁਝ ਇਕ ਨੇ ਆਪਣੀ ਵੱਖਰੀ ਸਮਾਨਾਂਤਰ ਕਾਵਿ ਧਾਰਾ ਨੂੰ ਅਪਣਾਇਆ। ਸੰਤ ਰਾਮ ਉਦਾਸੀ ਦੇ ਗੀਤਾਂ ਵਿਚ ਇਹ ਗੱਲ ਸਪੱਸ਼ਟ ਤੌਰ 'ਤੇ ਦੇਖੀ ਜਾ ਸਕਦੀ ਹੈ। ਇੱਥੇ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਸੰਤ ਰਾਮ ਉਦਾਸੀ ਸਿੱਧਾ ਲੋਕਾਂ ਨੂੰ ਸੰਬੋਧਿਤ ਹੁੰਦਾ ਹੈ। ਇਨ੍ਹਾਂ ਲੋਕਾਂ ਨੂੰ ਸੰਬੋਧਿਤ ਹੋਣ ਲਈ ਗੀਤ ਸਿੱਧਾ ਸਾਧਨ ਹੈ। ਉਦਾਸੀ ਦੇ ਗੀਤਾਂ ਵਿਚ ਦਲਿਤ ਲੋਕਾਂ ਦਾ ਚਿਤਰਿਆ ਕਰੁਣਾਮਈ ਜੀਵਨ ਅਤੇ ਸੱਤਾਧਾਰੀਆ ਦਾ ਸਿੱਧਾ ਵਿਰੋਧ ਵੀ ਆਮ ਲੋਕਾਈ ਨੂੰ ਪ੍ਰਭਾਵਿਤ ਕਰਦਾ ਹੈ। ਹਰਿਭਜਨ ਸਿੰਘ ਨੇ ਸੁਚੇਤ ਪੱਧਰ 'ਤੇ ਸੁਹਜਮਈ ਪ੍ਰਗੀਤ ਨਾਲ ਨਾਤਾ ਜੋੜਿਆ ਅਤੇ ਜਸਵੰਤ ਸਿੰਘ ਨੇਕੀ ਨੇ ਰਹੱਸਮਈ ਪ੍ਰਗੀਤ ਨਾਲ। ਸ਼ਿਵ ਕੁਮਾਰ ਦੀ ਕਵਿਤਾ ਵਿਚ ਭਾਵੇਂ ਪ੍ਰਗਤੀਵਾਦੀ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ ਪਰੰਤੂ ਉਸ ਦਾ ਵਧੇਰੇ ਕਾਵਿ ਲੋਕਧਾਰਾਈ ਸ਼ੈਲੀ ਵਾਲਾ ਹੈ। ਅਮਰਜੀਤ ਗਰੇਵਾਲ ਇਹ ਮੰਨ ਕੇ ਤੁਰਦਾ ਹੈ ਕਿ ਜਦੋਂ ਜੁਝਾਰਵਾਦੀ ਕਵਿਤਾ ਵੱਲੋਂ ਚਲਾਈ ਲਹਿਰ ਦੁਆਰਾ ਦਰਸਾਏ ਗਏ ਖੂਬਸੂਰਤ ਭਵਿੱਖ ਦਾ ਚਿਰਾਗ਼ ਬਲਦਾ ਨਾ ਰਿਹਾ ਤਾਂ ਪੈਦਾ ਹੋਏ ਅਨੇਕਾਂ ਪ੍ਰਸ਼ਨਾਂ ਤੇ ਚਿੰਨ੍ਹਾਂ ਦਾ ਜਵਾਬ ਦੇਣ ਲਈ ਪਾਤਰ ਦੀ ਕਵਿਤਾ ਸਾਹਮਣੇ ਆਉਂਦੀ ਹੈ। ਜੋ ਮਾਨਵ ਦੀਆਂ 'ਤਮਾਮ ਅਤ੍ਰਿਪਤੀਆਂ ਨੂੰ ਤ੍ਰਿਪਤ ਕਰ ਸਕੇ ਬਸ ਕਿਸੇ ਅਜਿਹੇ ਚਿਰਾਗ਼ ਲਈ ਉਸ ਦੀ ਭਟਕਣ ਹੀ ਇਸ ਉਦਾਸੀ, ਬੇਵਸੀ ਅਤੇ ਵਿਯੋਗ ਦੀ ਸਿਰਜਣਾ ਕਰਦੀ ਰਹਿੰਦੀ ਹੈ। ਡਾ. ਕਰਮਜੀਤ ਸਿੰਘ ਪਾਤਰ ਨੂੰ ਕਿਸੇ ਇਕ ਦ੍ਰਿਸ਼ਟੀ ਨਾਲ ਬੱਝਾ ਹੋਇਆ ਨਹੀਂ ਮੰਨਦਾ ਪਰੰਤੂ ਇਹ ਵਿਚਾਰ ਆਪਣੇ ਆਪ ਵਿਚ ਅਣਯਥਾਰਥਕ ਹੈ ਕਿਉਂਕਿ ਸੁਰਜੀਤ ਪਾਤਰ ਭਾਵੇਂ ਸਿੱਧੇ ਤੌਰ 'ਤੇ ਨਾਅਰੇਬਾਜ਼ੀ ਨਾ ਕਰੇ ਪਰੰਤੂ ਉਸ ਦੀ ਕਵਿਤਾ ਦੇ ਪਿਛੋਕੜ ਵਿਚ ਪ੍ਰਗਤੀਵਾਦ ਦੀ ਧਾਰਾ ਹਮੇਸ਼ਾ ਨਾਲੋਂ-ਨਾਲ ਚੱਲਦੀ ਹੈ। ਹਾਂ, ਡਾ. ਕਰਮਜੀਤ ਸਿੰਘ ਦਾ ਇਹ ਕਥਨ ਸਹੀ ਹੈ ਕਿ ਪਾਤਰ ਦੀ ਕਵਿਤਾ ਵਿਚ ਅਨੁਭਵ ਦੀ ਪ੍ਰਮਾਣਿਕਤਾ ਉੱਪਰ ਕਿਸੇ ਤਰ੍ਹਾਂ ਦਾ ਕੋਈ ਸੰਦੇਹ ਨਹੀਂ। ਡਾ. ਕਰਮਜੀਤ ਸਿੰਘ ਦੇ ਆਪਣੇ ਸ਼ਬਦਾਂ ਵਿਚ, ੌਸੁਰਜੀਤ ਪਾਤਰ ਬਾਰੇ ਵੱਡੇ ਸੰਤੋਖ ਦੀ ਗੱਲ ਇਹ ਹੈ ਕਿ ਉਸ ਨੇ ਯਥਾਰਥ ਬਾਰੇ ਆਪਣੀ ਦ੍ਰਿਸ਼ਟੀ ਅਤੇ ਪਹੁੰਚ ਨੂੰ ਕਿਸੇ ਇਕ ਜਾਂ ਦੂਜੀ ਕਾਵਿ ਧਾਰਾ ਦੇ ਰਚਨਾਤਮਕ ਜਾਂ ਵਿਚਾਰਧਾਰਾਈ ਸੰਜਮ ਦੀਆਂ ਬੰਦਿਸ਼ਾਂ ਤੋਂ ਬੜੀ ਦ੍ਰਿੜਤਾ ਨਾਲ ਸੁਤੰਤਰ ਰੱਖਿਆ ਹੈ। ਉਸ ਦੀ ਇਹ ਸੁਤੰਤਰਤਾ ਹੀ ਯਥਾਰਥ ਬਾਰੇ ਉਸ ਦੇ ਅਨੁਭਵ ਦੀ ਪ੍ਰਮਾਣਿਕਤਾ ਦੀ ਜ਼ਾਮਨ ਬਣੀ ਹੈ।"20 ਉਪਰੋਕਤ ਕਥਨ ਨਾਲੋਂ ਡਾ. ਕੁਲਦੀਪ ਕੌਰ ਦਾ ਕਥਨ ਸੱਚ ਦੇ ਵਧੇਰੇ ਨੇੜੇ ਹੈ। ਜਿਸ ਅਨੁਸਾਰ ਪਾਤਰ ਭੌਤਿਕਵਾਦੀ ਦ੍ਰਿਸ਼ਟੀ ਤੋਂ ਦੇਖੇ ਗਏ ਯਥਾਰਥ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ। ਉਸ ਦਾ ਕਥਨ ਹੈ, ੌਸੁਰਜੀਤ ਪਾਤਰ ਮੂਲ ਤੌਰ 'ਤੇ ਪ੍ਰਗਤੀਵਾਦੀ ਵਿਚਾਰਧਾਰਾ ਦਾ ਧਾਰਨੀ ਹੈ। ਉਸ ਦੀ ਕਵਿਤਾ ਆਪਣੇ ਸਮੇਂ ਦੇ ਵਿਚਾਰਧਾਰਕ ਪਰਿਵਰਤਨਾਂ ਦੀ ਸਾਖੀ ਭਰਦੀ ਹੈ। ਮਾਰਕਸਵਾਦੀ ਵਿਚਾਰਧਾਰਾ ਤੋਂ ਪੈਦਾ ਹੋਈ ਪ੍ਰਗਤੀ-ਚੇਤਨਾ ਦਾ ਸੁਰ ਉਸ ਦੇ ਪਹਿਲੇ ਹੀ ਕਾਵਿ-ਸੰਗ੍ਰਹਿ 'ਹਵਾ ਵਿਚ ਲਿਖੇ ਹਰਫ਼' ਤੋਂ ਪਛਾਣਿਆ ਜਾ ਸਕਦਾ ਹੈ। ਪਾਤਰ ਯੁੱਗ ਦੇ ਨਕਸ਼ਾਂ ਨੂੰ ਦਵੰਦਾਤਮਕ ਭੌਤਿਕਵਾਦੀ ਦ੍ਰਿਸ਼ਟੀ ਤੋਂ ਨਿਹਾਰਦਾ ਹੈ ਪਰ ਉਹ ਇਸ ਦੇ ਸੀਮਿਤ ਦਾਇਰੇ ਵਿਚ ਵਿਚਾਰਧਾਰਾ ਅੰਦਰ ਆਉਣ ਵਾਲੀਆਂ ਤਬਦੀਲੀਆਂ ਨੂੰ ਕਵਿਤਾ ਵਿਚ ਕਲਾਤਮਕ ਅੰਦਾਜ਼ ਨਾਲ ਪੇਸ਼ ਕਰਦਾ ਹੈ।"21
           ਗੁਣਵੰਤ ਕੌਰ ਸਿੱਧੂ ਵੀ ਇਸੇ ਸੁਰ ਵਿਚ ਬੋਲਦੀ ਹੈ ਜਦੋਂ ਉਹ ਕਹਿੰਦੀ ਹੈ ਪਾਤਰ ਨਵੀਂ ਪ੍ਰਗਤੀਵਾਦੀ ਵਿਚਾਰਧਾਰਾ ਦਾ ਧਾਰਣੀ ਹੈ। ਉਸ ਦੀ ਕਵਿਤਾ ਆਪਣੇ ਸਮੇਂ ਦੇ ਵਿਚਾਰਧਾਰਕ ਪਰਿਵਰਤਨਾਂ ਦੀ ਸਾਖੀ ਭਰਦੀ ਹੈ। ਪਰੰਤੂ ਪਾਤਰ ਹੋਰਨਾਂ ਕਵੀਆਂ ਵਾਂਗ ਵਿਚਾਰਧਾਰਾ ਨੂੰ ਅਗਰਭੂਮੀ 'ਤੇ ਨਹੀਂ ਲਿਆਉਂਦਾ, ਪਹਿਲ ਉਹ ਕਾਵਿਕ-ਸੁਹਜ ਨੂੰ ਹੀ ਦਿੰਦਾ ਹੈ। ਵਿਚਾਰਧਾਰਾ ਉਸ ਦੀ ਕਵਿਤਾ ਵਿਚ ਪਿੱਠ ਭੂਮੀ 'ਤੇ ਹੀ ਮੌਜੂਦ ਰਹਿੰਦੀ ਹੈ।"22 ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪਾਤਰ ਸਮਾਜ ਵਿਚ ਆਰਥਿਕ ਅਤੇ ਸਮਾਜਿਕ ਅਸਮਾਨਤਾ ਦਾ ਅਸਲੀ ਕਾਰਣ ਪੂੰਜੀਵਾਦੀ ਵਿਵਸਥਾ ਅਤੇ ਇਸ ਦੀਆਂ ਦਮਨਕਾਰੀ ਨੀਤੀਆਂ ਨੂੰ ਮੰਨਦਾ ਹੈ। ਇਨ੍ਹਾਂ ਸਰੋਕਾਰਾਂ ਨੂੰ ਹੀ ਪਾਤਰ ਨਾਟਕੀ ਅੰਦਾਜ਼ ਵਿਚ ਸੁਹਜਮਈ ਢੰਗ ਨਾਲ ਪੇਸ਼ ਕਰਦਾ ਹੈ।
           ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਹੀ ਪਾਤਰ ਦੀ ਕਵਿਤਾ ਵਿਚ ਹਰ ਤਰ੍ਹਾਂ ਦੇ ਸਰੋਕਾਰ ਨਵੇਂ ਰੂਪ ਵਿਚ ਸਾਡੇ ਸਾਹਮਣੇ ਆਉਂਦੇ ਹਨ। ਡਾ. ਸਰਬਜੀਤ ਸਿੰਘ ਅਨੁਸਾਰ ਪਾਤਰ ਲੋਕ ਪੱਖੀ ਕਵੀ ਹੈ ਜੋ ਲੋਕਾਂ ਨੂੰ ਨਿਰੰਤਰ ਸੰਘਰਸ਼ ਕਰਨ ਲਈ ਉਭਾਰਦਾ ਆਇਆ ਹੈ। ਆਲੋਚਕ ਅਨੁਸਾਰ ਉਸ ਦੀ ਵਿਧੀ ਲੋਕਧਾਰਾਈ ਹੈ ਜੋ ਡਾ. ਸਰਬਜੀਤ ਸਿੰਘ ਦੇ ਕਹਿਣ ਅਨੁਸਾਰ, ੌਲੋਕ ਮਾਨਸਿਕਤਾ ਵਿਚ ਟਿਕੇ ਵਿਸ਼ਵਾਸਾਂ ਦੀ ਬੁਨਿਆਦ ਉੱਪਰ ਉਸਰਦੀ ਹੈ ਇਸ ਕਰਕੇ ਉਹ ਯਥਾਰਥ-ਸਥਿਤੀ ਸਿਰਜਣ 'ਚ ਮਾਹਰ ਕਵੀ ਹੈ। ਲੋਕ ਧਾਰਕ ਵਿਸ਼ਵਾਸ, ਲੋਕਧਾਰਾਈ ਵੇਰਵੇ ਉਸ ਦੀ ਕਾਵਿ ਸੰਰਚਨਾ, ਕਾਵਿ ਵਿਧੀ ਅਤੇ ਕਾਵਿ ਵਿਹਾਰ ਨੂੰ ਸਮਝਣ ਲਈ ਬਹੁਤ ਅਹਿਮ ਥਾਂ ਰੱਖਦੇ ਹਨ।"23 ਡਾ. ਸਰਬਜੀਤ ਸਿੰਘ ਅਨੁਸਾਰ ਪਾਤਰ ਦੀ ਮਾਨਵਵਾਦੀ ਸਰੋਕਾਰਾਂ ਨਾਲ ਸੁਹਿਰਦਤਾ ਵਿਚਾਰਧਾਰਕ ਦ੍ਰਿਸ਼ਟੀ ਤੋਂ ਹੈ। ਉਸ ਵਿਚ ਪ੍ਰਗਤੀਵਾਦੀ ਵਿਚਾਰਧਾਰਾ ਜਾਂ ਦਾਰਸ਼ਨਿਕਤਾ ਦਾ ਪ੍ਰਭਾਵ ਤਾਂ ਹੈ ਪਰੰਤੂ ਉਹ ਸਿੱਧਾ ਕਿਸੇ ਲਹਿਰ ਨਾਲ ਜੁੜਿਆ ਨਜ਼ਰ ਨਹੀਂ ਆਉਂਦਾ। ਪਾਤਰ ਗਤੀਸ਼ੀਲ ਯਥਾਰਥ ਦੇ ਵਿਰੋਧਾਭਾਸਾਂ ਨੂੰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਹੀ ਸਮਝਦਾ ਤੇ ਚਿਤਰਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, ੌਸੁਰਜੀਤ ਪਾਤਰ ਦੀ ਕਵਿਤਾ ਅੰਦਰ ਮਾਨਵਵਾਦੀ ਸਰੋਕਾਰਾਂ ਪ੍ਰਤੀ ਸੁਹਿਰਦਤਾ ਹਮੇਸ਼ਾ ਵਿਚਾਰਧਾਰਕ ਅਰਥਾਂ ਵਾਲੀ ਰਹੀ ਹੈ। ਉਸ ਵਿਚ ਪ੍ਰਗਤੀਵਾਦੀ ਦਾਰਸ਼ਨਿਕਤਾ ਦਾ ਪ੍ਰਭਾਵ ਹੈ ਪਰੰਤੂ ਉਹ ਲਹਿਰਗਤ ਕਵਿਤਾ ਵਾਲਾ ਨਹੀਂ ਹੈ। ਜੁਝਾਰੂ ਲਹਿਰ ਦਾ ਉਸ ਉੱਪਰ ਪ੍ਰਭਾਵ ਹੈ, ਇਸ ਲਹਿਰ ਪ੍ਰਤੀ ਉਹ ਸਦਭਾਵਨਾ ਵੀ ਰੱਖਦਾ ਹੈ ਪਰੰਤੂ ਉਹ ਆਪਣੀ ਵੱਖਰੀ ਨੁਹਾਰ ਸਿਰਜਣ ਪ੍ਰਤੀ ਚੇਤੰਨ ਹੈ। ਇਸ ਚੇਤੰਨਤਾ ਵਿਚ ਉਸ ਦਾ ਪ੍ਰਮੁੱਖ ਮਸਲਾ ਰਚਨਾ ਦ੍ਰਿਸ਼ਟੀ ਦਾ ਬਣਦਾ ਹੈ। ਸਮਾਜਿਕ ਯਥਾਰਥ ਦੀ ਗਤੀਸ਼ੀਲਤਾ, ਤਣਾਓ ਅਤੇ ਅੰਦਰਲੇ ਵਿਰੋਧਾਭਾਸ ਨੂੰ ਪ੍ਰਗਤੀਸ਼ੀਲ ਚਿੰਤਨ ਦ੍ਰਿਸ਼ਟੀ ਰਾਹੀਂ ਸਮਝਦਾ ਹੋਇਆ ਉਸ ਪ੍ਰਤੀ ਇਕ-ਤਰਫ਼ੀ ਬਿਆਨਬਾਜ਼ੀ ਨਹੀਂ ਕਰਦਾ ਸਗੋਂ ਉਸ ਦੇ ਸਮਾਜਿਕ ਸਾਰ ਨੂੰ ਉਸਾਰਨ ਲਈ ਤੱਤਪਰ ਹੈ।"24 ਡਾ. ਕਰਮਜੀਤ ਸਿੰਘ ਜਦੋਂ ਪਾਤਰ ਦੀ ਦ੍ਰਿਸ਼ਟੀ ਨੂੰ, 'ਆਧੁਨਿਕ ਜੀਵਨ ਦੇ ਤਣਾਉਸ਼ੀਲ ਰਿਸ਼ਤਿਆਂ ਦੇ ਮਨੋਸਮਾਜਿਕ ਅਤੇ ਇਤਿਹਾਸਕ ਵਿਵੇਕ ਦੇ ਆਰ ਪਾਰ ਝਾਕ ਸਕਣ ਵਾਲੀ' ਮੰਨਦੀ ਹੈ ਤਾਂ ਅਸਲ ਵਿਚ ਉਸ ਦੀ 'ਵਿੰਨਵੀ ਅਤੇ ਪਾਰਦਰਸ਼ੀ ਦ੍ਰਿਸ਼ਟੀ' ਅਸਲ ਵਿਚ ਪ੍ਰਗਤੀਵਾਦੀ ਦ੍ਰਿਸ਼ਟੀ ਹੀ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।25
ਗੁਣਵੰਤ ਕੌਰ ਸਿੱਧੂ ਨੇ ਪਾਤਰ ਦੀ ਕਵਿਤਾ ਵਿਚਲੇ ਸਰੋਕਾਰਾਂ ਦੀ ਲੰਮੀ ਚਰਚਾ ਕੀਤੀ ਹੈ। ਜਿਸ ਵਿਚ ਆਧੁਨਿਕ ਅਤੇ ਪੁਰਾਣੀਆਂ ਕਦਰਾਂ-ਕੀਮਤਾਂ ਦਾ ਦਵੰਦ, ਨਿਰਾਸ਼ਾਵਾਦ ਤੋਂ ਨਿਕਲਦਾ ਆਸ਼ਾਵਾਦ, ਔਰਤ-ਮਰਦ ਦੇ ਸੰਬੰਧ ਦੇ ਨਾਲ-ਨਾਲ ਸਰਮਾਏਦਾਰੀ ਦਾ ਗ਼ੈਰ-ਮਨੁੱਖੀ ਵਤੀਰਾ ਵੀ ਉਸ ਦੀ ਕਵਿਤਾ ਦੇ ਸਰੋਕਾਰ ਬਣੇ ਹਨ। ਉਸ ਦੇ ਆਪਣੇ ਕਹਿਣ ਅਨੁਸਾਰ, ਆਧੁਨਿਕ ਮਨੁੱਖ ਦੀਆਂ ਪੁਰਾਣੀਆਂ ਕਦਰਾਂ ਤੋਂ ਟੁੱਟ ਕੇ ਨਵੀਆਂ ਕਦਰਾਂ-ਕੀਮਤਾਂ ਗ੍ਰਹਿਣ ਕਰਨ ਦੀਆਂ ਉਸ ਦੀਆਂ ਮਜ਼ਬੂਰੀਆਂ,ਬੇਵਸੀਆਂ, ਮਾਨਸਿਕ ਖਿਚੋਤਾਣਾਂ ਅਤੇ ਹੋਰ ਅਨੇਕਾਂ ਗੁੰਝਲਾਂ ਇਸ ਕਾਵਿ ਸੰਗ੍ਰਹਿ ਦੇ ਵਿਸ਼ੇ ਬਣੀਆਂ। ਇਸ ਕਾਵਿ-ਸੰਗ੍ਰਹਿ ਵਿਚ ਪਾਤਰ ਦੀ ਸੁਰ ਨਿਰਾਸ਼ਾਵਾਦੀ ਹੈ ਪਰ ਕਈ ਥਾਵਾਂ ਤੇ ਉਸ ਨੇ ਹਾਲਾਤ ਨਾਲ ਜੂਝਣ ਦੀ ਪ੍ਰੇਰਣਾ ਵੀ ਦਿੱਤੀ ਹੈ। ਪਿਆਰ ਅਤੇ ਕਾਮ ਦੇ ਵਿਸ਼ੇ ਵੀ ਪੇਸ਼ ਕੀਤੇ ਹਨ। ਇਸਤਰੀ ਮਰਦ ਦੇ ਸੰਬੰਧਾਂ ਨੂੰ ਵੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਪਾਤਰ ਨੇ ਆਪਣੀ ਪਹਿਲੀ ਰਚਨਾ ਵਿਚ ਆਧੁਨਿਕ ਮਨੁੱਖ ਦੀ ਅਲਪਤਾ, ਬੇਵਸੀ, ਸਰਮਾਏਦਾਰੀ ਦਾ ਗ਼ੈਰ ਮਨੁੱਖੀ ਵਤੀਰਾ, ਮੁਖੌਟਾਧਾਰੀ ਰਾਜਨੀਤੀ ਰਿਸ਼ਤਿਆਂ ਦੀ ਟੁੱਟ-ਭੱਜ ਕਾਰਣ ਆਈ ਉਪਰਾਮਤਾ, ਨਿਰਾਸ਼ਾ, ਨਫ਼ਰਤ ਨੂੰ ਉਲੀਕਿਆ ਹੈ।"26 ਡਾ. ਗੁਰਚਰਨ ਸਿੰਘ ਔਲਖ ਅਨੁਸਾਰ ਪਾਤਰ ਨੈਤਿਕ, ਧਾਰਮਿਕ ਅਤੇ ਰਾਜਨੀਤਿਕ ਦੰਭਾਂ ਦਾ ਪਰਦਾਫਾਸ਼ ਕਰਦਾ ਹੈ।27
'ਹਵਾ ਵਿਚ ਲਿਖੇ ਹਰਫ਼' ਦੀ ਸੰਪਾਦਕੀ ਵਿਚ ਡਾ. ਸਾਧੂ ਸਿੰਘ ਪਾਤਰ ਦੇ ਸਰੋਕਾਰਾਂ ਨੂੰ ਸਮਕਾਲੀ ਵੀ ਮੰਨਦਾ ਹੈ ਅਤੇ ਸਰਬਕਾਲੀ ਵੀ। ਉਸ ਦੇ ਆਪਣੇ ਸ਼ਬਦਾਂ ਵਿਚ, ੌਸੁਰਜੀਤ ਪਾਤਰ ਨੇ ਸਮਕਾਲੀ ਸਮੱਸਿਆਵਾਂ ਬਾਰੇ ਕਵਿਤਾਵਾਂ ਲਿਖੀਆਂ ਹਨ ਅਤੇ ਸਰਬਕਾਲੀ ਮਸਲਿਆਂ ਬਾਰੇ ਵੀ। ਮਸਲੇ ਦੀ ਵਸਤੂਗਤ ਦੇ ਕਾਲਗਤ ਨੌਈਅਤ ਭਾਵੇਂ ਕੋਈ ਵੀ ਹੋਵੇ, ਪਾਤਰ ਉਸ ਦੇ ਸਮੁੱਚੇ ਪਹਿਲੂਆਂ, ਪਰਤਾਂ ਤੇ ਪਾਸਾਰਾਂ ਦੇ ਜਟਿਲ ਅੰਤਰ-ਵਿਰੋਧਾਂ ਨੂੰ ਬਿਜਲਈ ਗਤੀ ਨਾਲ ਘੁੰਮ ਕੇ ਆਪਣੀ ਚੇਤਨਾ ਦੇ ਚੱਕ ਤੇ ਚਾੜ੍ਹ ਕੇ ਉਸ ਦੀ ਸਮੁੱਚਤਾ ਨੂੰ ਆਪਣੇ ਕਾਰਗਰ ਕਾਵਿਕ-ਮੰਤਕ ਤੇ ਬੰਧੇਜ ਨਾਲ ਇਕ ਸੰਤੁਲਨ ਪ੍ਰਦਾਨ ਕਰਦਾ ਹੈ।"28 ਡਾ. ਕੁਲਦੀਪ ਕੌਰ ਅਤੇ ਡਾ. ਬਲਜਿੰਦਰਪਾਲ ਨੇ ਵੀ ਉਪਰੋਕਤ ਸਰੋਕਾਰਾਂ ਬਾਰੇ ਚਰਚਾ ਕੀਤੀ ਹੈ।
ਕਈ ਵਾਰ ਆਲੋਚਕ ਆਪਣੀ ਇਕੋ ਆਲੋਚਨਾ ਪੁਸਤਕ ਵਿਚ ਵਿਰੋਧੀ ਵਿਚਾਰ ਪੇਸ਼ ਕਰ ਜਾਂਦੇ ਹਨ। ਗੁਣਵੰਤ ਕੌਰ ਸਿੱਧੂ ਨੇ ਉੱਪਰ ਪ੍ਰਗਤੀਵਾਦੀ ਦ੍ਰਿਸ਼ਟੀ ਤੋਂ ਮਾਨਵੀ ਸਰੋਕਾਰਾਂ ਦੀ ਗੱਲ ਕੀਤੀ ਹੈ ਪਰੰਤੂ ਅਗਾਂਹ ਜਾ ਕੇ ਉਹ ਪਾਤਰ ਨੂੰ ਆਧੁਨਿਕਤਾਵਾਦੀ ਅਸਤਿਤਵਵਾਦੀ ਦ੍ਰਿਸ਼ਟੀ ਨਾਲ ਜੁੜਿਆ ਦਰਸਾਉਣ ਦਾ ਯਤਨ ਕਰਦੀ ਹੈ। ਉਹ ਲਿਖਦੀ ਹੈ, ੌਵਿਚਾਰਧਾਰਕ ਚੌਖਟਿਆਂ ਤੋਂ ਟੁੱਟ ਕੇ ਸੁਰਜੀਤ ਪਾਤਰ ਆਧੁਨਿਕਤਾਵਾਦੀ ਪੰਜਾਬੀ ਕਵਿਤਾ ਦੀ ਅਸਤਿਤਵਵਾਦੀ ਦ੍ਰਿਸ਼ਟੀ ਧਾਰਣ ਕਰਦਾ ਹੋਇਆ ਲਘੂ-ਮਾਨਵ ਦੀ ਵਿਆਪਕ ਸੰਕਟ-ਚੇਤਨਾ ਨਾਲ ਸਾਂਝ ਪਾਉਂਦਾ ਹੈ।"29
ਪ੍ਰਿੰਸੀਪਲ ਅਮਰਜੀਤ ਸਿੰਘ ਪਰਾਗ ਨੇ 'ਬਿਰਖ ਅਰਜ ਕਰੇ' ਕਾਵਿ ਸੰਗ੍ਰਹਿ ਦੀ ਕਵਿਤਾ ਨੂੰ ਪੰਜਾਬ ਸੰਕਟ ਨਾਲ ਜੋੜ ਕੇ ਦੇਖਿਆ ਹੈ। ਇਸ ਕਾਵਿ ਸੰਗ੍ਰਹਿ ਵਿਚ ਧੁਖਦਾ ਜੰਗਲ, ਨਜ਼ਰ, ਇਕ ਦਰਿਆ, ਜ਼ਹਿਰ ਪਹਿਰ ਵਿਚ, ਪਸ਼ੂ ਗੀਤ, ਹੁਣ ਸ਼ਿਵ ਕੁਮਾਰ ਦੀ ਬਾਰੀ ਹੈ, ਇਕ ਪਾਵਨ ਪੁਸਤਕ ਸੜਦੀ ਹੈ, ਪੱਛੋਂ ਤੇ ਪੁਰਵਾਈਆ ਅਤੇ ਅੰਤਮ ਅਧਿਆਇ ਆਦਿ ਕਵਿਤਾਵਾਂ ਪੰਜਾਬ ਸੰਕਟ ਦੀਆਂ ਖ਼ੂਨੀ ਘਟਨਾਵਾਂ ਅਤੇ ਪਾਤਰਾਂ ਨਾਲ ਜੁੜੀਆਂ ਹੋਈਆਂ ਹਨ। ਇੱਥੇ ਇਕ ਗੱਲ ਕਹਿ ਦੇਣੀ ਜ਼ਰੂਰੀ ਹੈ ਕਿ ਇਨ੍ਹਾਂ ਕਵਿਤਾਵਾਂ ਵਿਚ ਕਈ ਵਾਰ ਪਾਤਰ ਵਿਚਾਰਧਾਰਕ ਤੌਰ 'ਤੇ ਸਪੱਸ਼ਟ ਦਿਖਾਈ ਨਹੀਂ ਦਿੰਦਾ। ਪੰਜਾਬ ਨੂੰ ਜੰਗਲ ਕਹਿਣਾ ਜਾਂ ਇਸ ਦੀ ਨਜ਼ਰ ਉਤਾਰਨ ਦਾ ਤਰਲਾ ਕਰਨਾ ਸਪੱਸ਼ਟ ਵਿਚਾਰਧਾਰਾ ਵਿਚੋਂ ਉਭਰੇ ਬਿੰਬ ਨਹੀਂ ਹਨ। ਪਰੰਤੂ ੌਪਸ਼ੂ ਕਥਾ ਵਿਚਲੇ ਲੇਲੇ ਤੇ ਬਘਿਆੜ ਗੱਡੀ ਦੇ ਕਿਹੜੇ ਸਟੇਸ਼ਨ ਤੇ ਪਹੁੰਚ ਕੇ ਰੂਪ ਵਟਾ ਲੈਂਦੇ ਹਨ, ਉਸ ਦੀ ਨਿਸ਼ਾਨਦੇਹੀ ਵੀ ਸਪੱਸ਼ਟ ਹੀ ਹੈ। ਇਸ ਕੋਣ ਤੋਂ ਦੇਖੀਏ ਤਾਂ ਬਿਰਖ ਅਰਜ਼ ਕਰੇ ਨੂੰ ਹਿੰਦ-ਪੰਜਾਬ ਦੀ ਦੂਜੀ ਜੰਗਨਾਮੇ ਵਾਗੂੰ ਵੀ ਪੜ੍ਹਿਆ ਜਾ ਸਕਦਾ ਹੈ।"30
ਪਾਤਰ ਯਥਾਰਥ ਵਿਚਲੇ ਦਵੰਦਾਂ ਨੂੰ ਵਿਰੋਧੀ ਬਿੰਬਾਂ ਜਾਂ ਵਿਰੋਧੀ ਜੁੱਟਾਂ ਵਿਚ ਪੇਸ਼ ਕਰਦਾ ਹੈ, ੌਉਸ ਦੇ ਵਿਰੋਧ ਬਿੰਬ ਯਥਾਰਥ ਦੀਆਂ ਪਰਸਪਰ ਵਿਰੋਧੀ ਸਥਿਤੀਆਂ ਦੇ ਜੁੱਟ ਹੀ ਨਹੀਂ। ਇਤਿਹਾਸ ਦੀ ਦਵੰਦਾਤਮਕ ਗਤੀ ਨੂੰ ਜੁਬੰਸ਼ ਦੇਣ ਵਾਲੇ ਪੂਰਕ ਵੇਰਵੇ ਵੀ ਹਨ। ਪਾਤਰ ਦੀ ਕਾਵਿ ਦ੍ਰਿਸ਼ਟੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਯਥਾਰਥ ਨੂੰ ਅਖੰਡ ਮਹਾਂ ਦ੍ਰਿਸ਼ ਦੇ ਰੂਪ ਵਿਚ ਧਿਆਉਂਦਾ ਹੋਇਆ ਪਹਿਲਾਂ ਇਸ ਦੇ ਵਿਰੋਧਾਂ ਨੂੰ ਉਘਾੜਦਾ ਤੇ ਭਿੜਾਉਂਦਾ ਹੈ ਤੇ ਫਿਰ ਇਨ੍ਹਾਂ ਨੂੰ ਅਡੋਲ ਹੀ ਪੂਰਕ ਰਿਸ਼ਤਿਆਂ ਵਿਚ  ਸਮੇਟਦਾ ਹੋਇਆ ਇਨ੍ਹਾਂ ਦੀ ਅਖੰਡਤਾ ਦਾ ਪ੍ਰਮਾਣ ਸਿਰਜ ਦੇਂਦਾ ਹੈ।"31
ਸੁਰਜੀਤ ਪਾਤਰ ਦੇ ਆਪਣੇ ਕਹਿਣ ਅਨੁਸਾਰ ਉਸ ਦੇ ਤਿੰਨਾਂ ਕਾਵਿ ਸੰਗ੍ਰਹਿਆਂ ਦੇ ਨਾਵਾਂ ਵਿਚ ਇਕ ਸਾਂਝ ਹੈ ਪ੍ਰਕਿਰਤੀ ਦੀ ਅਤੇ ਦੂਜੀ ਸੰਸਕ੍ਰਿਤੀ ਦੀ। ਪ੍ਰਕਿਰਤੀ ਹੈ ਹਵਾ, ਹਨੇਰਾ ਅਤੇ ਬਿਰਖ; ਸੰਸਕ੍ਰਿਤੀ ਹੈ ਹਰਫ, ਵਰਣ, ਅਰਜ਼। ਆਲੋਚਕ ਇਨ੍ਹਾਂ ਦੋਨਾਂ ਦਾ ਹੀ ਵਿਸਤਾਰ ਆਪਣੀ ਆਲੋਚਨਾ ਵਿਚ ਕਰ ਰਹੇ ਹੁੰਦੇ ਹਨ ਜਦੋਂ ਉਹ ਸੁਰਜੀਤ ਪਾਤਰ ਦੀ ਇਕ ਪਾਸੇ ਪ੍ਰਕਿਰਤੀ ਸਿਰਜਣ ਦੀ ਸਿਫਤ ਕਰ ਰਹੇ ਹੁੰਦੇ ਹਨ ਅਤੇ ਦੂਜੇ ਪਾਸੇ ਉਸ ਦੇ ਸਭਿਆਚਾਰਕ ਅਤੇ ਲੋਕਧਾਰਾਈ ਪੱਖਾਂ ਉੱਪਰ ਵਿਸਤ੍ਰਿਤ ਚਰਚਾ ਕਰ ਰਹੇ ਹੁੰਦੇ ਹਨ। ਇੱਥੇ ਡਾ. ਜਸਵਿੰਦਰ ਸਿੰਘ ਦਾ ਕਥਨ ਦੇਣਾ ਵਧੇਰੇ ਉਚਿਤ ਪ੍ਰਤੀਤ ਹੁੰਦਾ ਹੈ। ਉਹ ਲਿਖਦਾ ਹੈ, ੌਪਾਤਰ ਦੇ ਕਾਵਿ ਸੰਸਾਰ ਦਾ ਕੇਂਦਰੀ ਸਰੋਕਾਰ ਉਸ ਦੇ ਸਜੀਵ ਦ੍ਰਿਸ਼, ਨਵੇਂ ਅਤੇ ਤਾਜ਼ੇ ਬਿੰਬ ਸਿਰਜਣ ਵਿਚ ਹੈ। ਪੰਜਾਬੀ ਸਭਿਆਚਾਰਕ ਬਣਤਰ ਦਾ ਉਸ ਨੂੰ ਏਨਾ ਡੂੰਘਾ ਤੇ ਪੀਡਾ ਅਨੁਭਵ ਹੈ ਕਿ ਉਹ ਬਿਲਕੁਲ ਨਵੀਂ ਤੇ ਪੇਚੀਦਾ ਆਧੁਨਿਕ ਸੰਵੇਦਨਾ ਨੂੰ ਸੰਚਾਰਨ ਲਈ ਪੰਜਾਬੀ ਲੋਕਧਾਰਾ ਵਿਚੋਂ ਅਜਿਹੇ ਨਵੇਂ ਨਕੋਰ, ਤਾਜ਼ਾ ਅਤੇ ਮੌਲਿਕ ਬਿੰਬ ਸਿਰਜਣ ਦੇ ਸਮਰੱਥ ਹੈ, ਜੋ ਉਸ ਦੀ ਕਾਵਿਕ ਸੰਚਾਰ ਸਮਰੱਥਾ ਨੂੰ ਨਾ ਸਿਰਫ਼ ਪ੍ਰਭਾਵਸ਼ਾਲੀ
ਬਣਾਉਂਦੇ ਹਨ ਸਗੋਂ ਪੰਜਾਬੀ ਕਵਿਤਾ ਸਰ ਕਰ ਜਾਂਦੇ ਹਨ।"32
ਉਪਰੋਕਤ ਵਿਚਾਰਾਂ ਦੀ ਰੌਸ਼ਨੀ ਵਿਚ ਅਸੀਂ ਪਾਤਰ ਦੀ ਕਵਿਤਾ ਵਿਚਲੀ ਲੋਕਧਾਰਾਈ ਸਮੱਗਰੀ ਦੇ ਰੂਪਾਂਤਰਣ ਦਾ ਵਿਸਤ੍ਰਿਤ ਅਧਿਐਨ ਕਰਨਾ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਸੁਰਜੀਤ ਪਾਤਰ ਦੀ ਕਵਿਤਾ ਵਿਚ ਮਿਥਿਹਾਸ ਰੂਪਾਂਤਰਣ ਉੱਪਰ ਆਪਣਾ ਧਿਆਨ ਕੇਂਦਰਿਤ ਕਰਾਂਗੇ। ਉੱਪਰ ਕੀਤੀ ਵਿਚਾਰ ਤੋਂ ਇਹ ਸਪੱਸ਼ਟ ਹੈ ਕਿ ਪਾਤਰ ਸਮੂਹਿਕ ਅਵਚੇਤਨ ਨਾਲ ਜੁੜਿਆ ਹੋਇਆ ਹੈ ਅਤੇ ਉਸ ਅਵਚੇਤਨ ਵਿਚ ਪਈ ਮਿਥਿਹਾਸਕ ਸਮੱਗਰੀ ਨੂੰ ਸਮਕਾਲੀ ਅਰਥਾਂ ਵਿਚ ਗ੍ਰਹਿਣ ਕਰਦਾ ਹੈ। ਉਸ ਵੱਲੋਂ ਦਿੱਤੇ ਗਏ ਅਰਥ ਇੰਨੇ ਸਿਰਜਣਾਤਮਕ ਹਨ ਕਿ ਉਹ ਬਾਵਾ ਬਲਵੰਤ ਤੋਂ ਬਾਅਦ ਇਕ ਅਜਿਹਾ ਆਧੁਨਿਕ ਕਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਮਿੱਥਾਂ ਦੀ ਪੁਨਰ ਸਿਰਜਣਾ ਰਾਹੀਂ ਬੜੇ ਗੰਭੀਰ ਤੇ ਡੂੰਘੇ ਅਰਥਾਂ ਦਾ ਸੰਚਾਰ ਕਰਦਾ ਹੈ। ਕਈ ਵਾਰ ਆਲੋਚਕ ਆਪ ਮਿਥਿਹਾਸਕ ਡੂੰਘਾਈ ਤੱਕ ਜਾਣ ਦੇ ਸਮਰੱਥ ਨਹੀਂ ਹੁੰਦੇ ਇਸ ਲਈ ਉਹ ਪਾਤਰ ਦੀ ਕਵਿਤਾ ਨੂੰ ਸਮਝਣੋ ਵੀ ਅਸਮਰੱਥ ਰਹਿੰਦੇ ਹਨ। ਗੁਣਵੰਤ ਕੌਰ ਸਿੱਧੂ ਲਿਖਦੀ ਹੈ, ੌਸੁਰਜੀਤ ਪਾਤਰ ਦੀ ਕਵਿਤਾ ਇਕ ਸਮਰੱਥ ਸਿਰਜਣਾ ਦਾ ਦਰਜਾ ਹਾਸਿਲ ਕਰਦੀ ਹੈ। ਉਹ ਲੋਕਧਾਰਾਈ ਸਮੱਗਰੀ ਤੋਂ ਪ੍ਰੇਰਿਤ ਨਹੀਂ ਹੁੰਦਾ ਬਲਕਿ ਵਾਕਾਂ ਤੇ ਸ਼ਬਦਾਂ ਦੇ ਜੋੜ ਵਿਚੋਂ ਨਵੇਂ ਅਰਥ ਸਿਰਜਦਾ ਹੈ। ਉਹ ਇਕ ਪਾਰਦਰਸ਼ੀ ਸ਼ਬਦਾਵਲੀ ਸਿਰਜਦਾ ਹੈ। ਜੋ ਅਸਲੀ ਅਰਥਾਂ ਨੂੰ ਪਾਠਕ ਦੇ ਅੰਦਰ ਉਜਾਗਰ ਕਰਦੀ ਹੈ।"33 ਪਾਤਰ ਦੀ ਕਵਿਤਾ ਕੇਵਲ ਵਾਕਾਂ ਤੇ ਸ਼ਬਦਾਂ ਦਾ ਜੋੜ ਨਹੀਂ ਸਗੋਂ ਉਸ ਵਿਚ ਸਭ ਤੋਂ ਪਹਿਲਾ ਮਿਥਿਹਾਸ ਅਤੇ ਦੰਤ-ਕਥਾਵਾਂ ਆਦਿ ਦਾ ਵਿਸ਼ਲੇਸ਼ਣ ਹੈ ਅਤੇ ਇਸ ਵਿਸ਼ਲੇਸ਼ਣ ਉਪਰੰਤ ਉਹ ਸਮਕਾਲੀ ਸਮਾਜ ਵਿਚੋਂ ਪ੍ਰਾਪਤ ਅਨੁਭਵ ਨੂੰ ਮਿਥਕ ਅਨੁਭਵ ਨਾਲ ਜੋੜਦਾ ਹੈ ਅਤੇ ਇਉਂ ਇਕ ਗਹਿਰ ਗੰਭੀਰ ਸਿਰਜਣਾ ਸਾਡੇ ਸਾਹਮਣੇ ਆਉਂਦੀ ਹੈ।
ਸੁਰਜੀਤ ਪਾਤਰ ਮਿੱਥਾਂ ਵਿਚੋਂ ਅਨੁਕੂਲ ਅਰਥ ਹੀ ਨਹੀਂ ਕੱਢਦਾ ਕਈ ਵਾਰ ਤਾਂ ਉਹ ਲੋਕਧਾਰਾ ਦੇ ਪ੍ਰਤੀਕੂਲ ਅਰਥ ਵੀ ਹੁੰਦੇ ਹਨ। ਜਿਵੇਂ ਡਾ. ਹਰਿਭਜਨ ਸਿੰਘ ਨੇ ਸਪੱਸ਼ਟ ਕੀਤਾ ਹੈ। 'ਹੁਣ ਘਰਾਂ ਨੂੰ ਪਰਤਣਾ' ਨਾਮੀ ਕਵਿਤਾ ਬਾਰੇ ਚਰਚਾ ਕਰਦਾ ਹੋਇਆ ਉਹ ਲਿਖਦਾ ਹੈ, ੌਇਸ ਕਵਿਤਾ ਵਿਚ ਲੋਕ-ਯਾਨਿਕ ਜਾਂ ਲੋਕ-ਵੇਦ ਦੇ ਕਈ ਵੇਰਵੇ ਹਨ     ਜਿਵੇਂ ਮੱਥੇ ਉੱਪਰ ਮੌਤ, ਸਾਧੂ ਦਾ ਸਰਾਪ, ਸ਼ਰੀਕਣ ਚੰਦਰੀ, ਟੂਣੇ ਟਾਮਣ, ਸਿਰ ਪਲੋਸਣਾ, ਅਸੀਸਾਂ ਆਦਿ। ਇਸ ਦੇ ਬਾਵਜੂਦ ਇਸ ਕਵਿਤਾ ਦਾ ਰੁਖ ਲੋਕ-ਵੇਦ ਦੇ ਪ੍ਰਤੀਕੂਲ ਹੈ। ਇਸ ਕਵਿਤਾ ਦਾ ਪ੍ਰੇਰਨਾ ਸ੍ਰੋਤ ਕੋਈ (?) ਜੁਝਾਰੂ ਹੈ ਪਰ ਇਸ ਕਵਿਤਾ ਦੀ ਪ੍ਰਸੰਗਤਾ ਵਰਤਮਾਨ ਇਤਿਹਾਸ ਦੇ ਸੀਮਿਤ ਘੇਰੇ ਤੋਂ ਵਡੇਰੀ ਹੈ। ਇਤਿਹਾਸ ਦੇ ਸੀਮਿਤ ਟੁਕੜੇ ਨੂੰ ਜ਼ਿੰਦਗੀ ਦੇ ਅਸੀਮ ਪਾਸਾਰ ਵਿਚ ਬਦਲ ਸਕਣ ਵਿਚ ਹੀ ਪ੍ਰਮਾਣਿਕ ਕਵੀ ਦੀ ਪਛਾਣ ਹੈ।"34
ਸੁਰਜੀਤ ਪਾਤਰ ਵਧੇਰੇ ਮਿੱਥਾਂ ਭਾਰਤੀ ਇਤਿਹਾਸ ਵਿਚੋਂ ਲੈਂਦਾ ਹੈ ਪਰੰਤੂ ਉਹ ਸਾਮੀ ਸਭਿਆਚਾਰ ਵਿਚੋਂ ਵੀ ਕੁਝ ਮਿੱਥਾਂ ਦੀ ਵਰਤੋਂ ਕਰ ਲੈਂਦਾ ਹੈ, ਜਿਵੇਂ 'ਕੁਨ'ਸਾਮੀ ਮਿਥਿਹਾਸ ਅਨੁਸਾਰ ਰੱਬ ਨੇ 'ਕੁਨ' ਸ਼ਬਦ ਦੀ ਵਰਤੋਂ ਕੀਤੀ ਜਿਸ ਦਾ ਅਰਥ ਹੈ 'ਹੋ ਜਾ' ਅਤੇ ਇਉਂ ਸਮੁੱਚੀ ਕਾਇਨਾਤ ਸਿਰਜੀ ਗਈ। ਸੁਰਜੀਤ ਪਾਤਰ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਉਹ ਮਿਥਿਹਾਸਕ ਹਵਾਲਿਆਂ ਨੂੰ ਬੜੇ ਜਟਿਲ ਪ੍ਰਬੰਧ ਵਿਚ ਬੰਨਦਾ ਹੈ ਜਿਸ ਕਾਰਣ ਡੂੰਘੇ ਅਰਥ ਪ੍ਰਾਪਤ ਹੁੰਦੇ ਹਨ। ਇੱਥੇ ਇਹ ਪੰਗਤੀਆਂ ਦੇਖੀਆਂ ਜਾ ਸਕਦੀਆਂ ਹਨ :
ਉਹ ਤੇਰੀ ਨਾਂਹ ਸੀ ਜਿਵੇਂ ਕੋਈ ਕੁਨ ਤੋਂ ਉਲਟ
ਹਜ਼ਾਰ ਚੰਦ ਬੁਝੇ ਉਸ ਇਕ ਹੀ ਪਹਿਰ ਅੰਦਰ।35
ਇੱਥੇ ਪ੍ਰੇਮਿਕਾ ਦੀ ਨਾਂਹ ਪ੍ਰੇਮੀ ਨੂੰ ਇਉਂ ਲਗਦੀ ਹੈ ਜਿਵੇਂ ਕੁਨ ਸ਼ਬਦ ਤੋਂ ਉਲਟ ਸ਼ਬਦ ਬੋਲਿਆ ਗਿਆ ਹੋਵੇ। ਜੇ ਕੁਨ ਦਾ ਅਰਥ ਹੈ ਹੋ ਜਾ ਤਾਂ ਸਾਰੀ ਕਾਇਨਾਤ ਹੋ ਜਾਂਦੀ ਹੈ ਤਾਂ ਇਸ ਤੋਂ ਉਲਟ ਸ਼ਬਦ ਕਹਿਣ ਨਾਲ ਸਾਰੀ ਕਾਇਨਾਤ ਢਹਿ ਢੇਰੀ ਹੋ ਜਾਵੇਗੀ। ਇਉਂ ਪ੍ਰੇਮਿਕਾ ਦੀ ਨਾਂਹ ਪ੍ਰੇਮੀ ਲਈ ਸਮੁੱਚੀ ਕਾਇਨਾਤ ਦਾ ਨਸ਼ਟ ਹੋਣਾ ਹੈ। ਇਸੇ ਸੰਦਰਭ ਵਿਚ ਦੂਸਰੀ ਪੰਗਤੀ ਸਪੱਸ਼ਟ ਹੋ ਜਾਂਦੀ ਹੈ ਕਿ ਪ੍ਰੇਮ ਤੋਂ ਇਨਕਾਰ ਨੇ ਪ੍ਰੇਮੀ ਦੇ ਜੀਵਨ ਵਿਚ ਉੱਨਾ ਹਨੇਰਾ ਭਰ ਦਿੱਤਾ ਜਿੰਨਾ ਹਜ਼ਾਰ ਚੰਦ ਬੁਝਣ ਤੇ ਹੋ ਸਕਦਾ ਹੈ। ਇਨ੍ਹਾਂ ਪੰਗਤੀਆਂ ਦੇ ਇੰਨੇ ਗੂੜ੍ਹੇ ਅਰਥ ਮਿਥਿਹਾਸਕ ਹਵਾਲਿਆਂ ਦੀ ਸੋਝੀ ਕਾਰਣ ਹੀ ਪੈਦਾ ਹੋਏ ਹਨ।
ਸੁਰਜੀਤ ਪਾਤਰ ਨੇ ਮਨਸੂਰ ਦੀ ਦੰਤ ਕਥਾ ਨੂੰ ਵਾਰ-ਵਾਰ ਵਰਤਿਆ ਹੈ। ਸ਼ਾਇਦ ਉੱਨੀ ਵਾਰੀ ਹੀ ਜਿੰਨੀ ਵਾਰੀ ਪੂਰਨ ਭਗਤ ਦੀ ਦੰਤ-ਕਥਾ ਨੂੰ ਨਵਾਂ ਰੂਪ ਦਿੱਤਾ ਹੈ। ਹੇਠ ਲਿਖੀਆਂ ਸਤਰਾਂ ਵਿਚ ਮਨਸੂਰ ਦੀ ਦੰਤ-ਕਥਾ ਅਨੇਕਾਂ ਸੰਦਰਭਾਂ ਵਿਚ ਵਿਦਮਾਨ ਦਿਖਾਈ ਦਿੰਦੀ ਹੈ।
(1) ਦਰਦ ਨੇ ਮੈਨੂੰ ਕਿਹਾ : ਮੈਂ ਅੰਧਕਾਰ
ਮੈਂ ਤੇਰੇ ਸੀਨੇ 'ਚ ਛੁਪਿਆ ਨੂਰ ਹਾਂ
ਮੇਰੇ ਸੀਨੇ ਵਿਚ ਹੀ ਹੈ ਸੂਲੀ ਮੇਰੀ
ਮੈਂ ਵੀ ਆਪਣੀ ਕਿਸਮ ਦਾ ਮਨਸੂਰ ਹਾਂ।36
(2) ਕਦੀ ਤੇਗ਼ ਦੇ ਘਾਟ ਉਤਾਰਿਆ ਏ
ਕਦੀ ਸੂਲ਼ੀ ਉਪਰ ਚਾੜ੍ਹਿਆ ਏ
ਕਦੀ ਖ਼ੰਜਰ ਸੀਨੇ ਮਾਰਿਆ ਏ
ਮੈਨੂੰ ਸੌ ਸੌ ਵਾਰੀ ਮਾਰੇ ਨੂੰ
ਫਿਰ ਟੋਲ ਰਹੇ ਨੇ ਹਤਿਆਰੇ।37
(3) ਸੱਚ ਦੀ ਸੂਲੀ ਤੋਂ ਡਰਦਾ
ਵਕਤ ਸਿਰ ਮਰਦਾ ਨਾ ਜੋ
ਉਸ ਨੂੰ ਸੂਲਾਂ ਨਾਲ ਵਿੰਨ੍ਹ ਵਿੰਨ੍ਹ
ਮਾਰਦੀ ਹੈ ਜ਼ਿੰਦਗੀ
ਆਪਣਾ ਹੀ ਦਿਲ ਜਿਵੇਂ ਹੈ
ਵਿਸ਼ ਦਾ ਪਿਆਲਾ ਹੋ ਗਿਆ
ਕਿਸ ਤਰ੍ਹਾਂ ਦੀ ਮੌਤ ਹੈ
ਕੈਸੀ ਹੈ ਇਹ ਸੁਕਰਾਤਗੀ?38
(4) ਉਹਦੇ ਅੰਦਰ ਸੀ ਖ਼ੁਦਾ ਕਹਿੰਦਾ ਸੀ ਜੋ ਮੈ ਹਾਂ ਖ਼ੁਦਾ
      ਉਹ ਤਾਂ ਫੜਿਆ ਨਾ ਗਿਆ ਚਾੜ੍ਹਤਾ ਸੂਲੀ ਮਨਸੂਰ।39
(5) ਉਹ ਸੂਲੀ ਚੜ੍ਹਾ ਕੇ ਉਨੂੰ ਪੁੱਛਦੇ ਨੇ
      ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਉਂ ਹੈ।40
ਸੁਰਜੀਤ ਪਾਤਰ ਨੇ ਅਜੋਕੇ ਮਨੁੱਖ ਨੂੰ ਜਾਂ ਫਿਰ ਚਾਨਣ ਨੂੰ ਆਪਣੀ ਤਰ੍ਹਾਂ ਦਾ ਹੀ ਮਨਸੂਰ ਬਿਆਨ ਕੀਤਾ ਹੈ। ਮਨਸੂਰ ਅਸਲ ਵਿਚ ਸੂਫ਼ੀ ਫ਼ਕੀਰ ਸੀ ਜਿਸ ਨੇ ਅਨਹਲ ਹੱਕ ਨਾਅਰਾ ਲਾਇਆ ਜਿਸ ਦਾ ਅਰਥ ਸੀ ਮੈਂ ਹੀ ਰੱਬ ਹਾਂ ਜਾਂ ਸੱਚ ਹਾਂ। ਕੱਟੜ ਪੰਥੀਆਂ ਅਨੁਸਾਰ ਅਜਿਹਾ ਕਹਿਣਾ ਕੁਫਰ ਹੈ ਕਿਉਂਕਿ ਅੱਲ੍ਹਾ ਅਤੇ ਉਸ ਦੇ ਰਸੂਲ ਮੁਹੰਮਦ ਤੋਂ ਬਾਅਦ ਉਨ੍ਹਾਂ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਉਨ੍ਹਾਂ ਨੇ ਸੱਚ ਕਹਿਣ ਦੇ ਜ਼ੁਰਮ ਵਿਚ ਮਨਸੂਰ ਨੂੰ ਸੂਲੀ ਚੜ੍ਹਾ ਦਿੱਤਾ। ਵਿਸ਼ਵ ਭਰ ਦੇ ਸਾਹਿਤਕਾਰਾਂ ਨੇ ਮਨਸੂਰ ਨੂੰ ਇਕ ਦੰਤ-ਕਥਾ ਬਣਾ ਦਿੱਤਾ ਜਿਸ ਦੇ ਸੈਂਕੜੇ ਸੰਦਰਭਾਂ ਵਿਚ ਸੈਂਕੜੇ ਹੀ ਅਰਥ ਹਨ। ਮਨਸੂਰ ਮਨੁੱਖ ਦੇ ਅੰਦਰ ਦੀ ਇਕ ਐਸੀ ਸੱਚਾਈ ਹੈ ਜਿਸ ਨੂੰ ਕਦੇ ਵੀ ਮਾਰਿਆ ਨਹੀਂ ਜਾ ਸਕਦਾ। ਇਕ ਥਾਂ ਸੁਰਜੀਤ ਪਾਤਰ ਅਜਿਹੇ ਮਨੁੱਖ ਦਾ ਜ਼ਿਕਰ ਕਰਦਾ ਹੈ ਜੋ ਜੇਕਰ ਸੱਚ ਦੀ ਸੂਲੀ 'ਤੇ ਚੜ੍ਹਨ ਤੋਂ ਡਰਦਾ ਹੈ ਤਾਂ ਜ਼ਿੰਦਗੀ ਉਸ ਨੂੰ ਮਾਨਸਿਕ ਪੀੜਾ ਦੇ ਕੇ ਸਤਾਉਂਦੀ ਹੈ। ਅਜਿਹੇ ਮਨੁੱਖ ਦਾ ਮਾਨਸਿਕ ਸੰਤੁਲਨ ਨਹੀਂ ਬਣਿਆ ਰਹਿ ਸਕਦਾ। ਅਸਲ ਵਿਚ ਉਹ ਨਾ ਤਾਂ ਸੁਕਰਾਤ ਬਣ ਸਕਦਾ ਹੈ ਅਤੇ ਨਾ ਹੀ ਮਨਸੂਰ। ਇਕ ਥਾਂ ਸੁਰਜੀਤ ਪਾਤਰ ਦੁਨੀਆਂ ਨੂੰ ਸੰਬੋਧਿਤ ਹੈ ਕਿ ਦੁਨੀਆਂ ਤੋਂ ਮਨਸੂਰ ਦੇ ਅੰਦਰ ਦਾ ਖ਼ੁਦਾ ਤਾਂ ਸੂਲੀ ਚਾੜ੍ਹ ਨਾ ਹੋਇਆ ਪਰ ਉਸ ਦੇ ਸਰੀਰ ਨੂੰ ਸਮਾਪਤ ਕਰ ਦਿੱਤਾ ਗਿਆ। ਅਸਲ ਵਿਚ ਦੁਨੀਆਂ ਮਨਸੂਰ ਨੂੰ ਆਪਣੇ ਤੋਂ ਉੱਚਾ ਦੇਖਣਾ ਨਹੀਂ ਚਾਹੁੰਦੀ। ਇਸੇ ਲਈ ਉਸ ਨੂੰ ਆਪਣੇ ਬਰਾਬਰ ਦਾ ਕਰਨ ਉੱਪਰ ਤੁਲੀ ਹੋਈ ਹੈ।
ਸੁਰਜੀਤ ਪਾਤਰ ਨੇ ਕ੍ਰਿਸ਼ਨ ਦੀ ਮਿੱਥ ਨੂੰ ਕਈ ਸੰਦਰਭਾਂ ਵਿਚ ਵਰਤਿਆ ਹੈ। 'ਅੰਤਰ ਸੰਵਾਦ' ਕਵਿਤਾ ਵਿਚ ਕਵੀ ਕ੍ਰਿਸ਼ਨ ਦਾ ਰੂਪ ਹੈ। ਉਹ ਕਵੀ ਜੋ ਅਧਖੜ ਉਮਰ ਵਿਚ ਹੈ ਅਤੇ ਜਿਸ ਦੇ ਅੱਧੇ ਵਾਲ ਸਫ਼ੇਦ ਹੋ ਚੁੱਕੇ ਹਨ। ਉਸ ਦੇ ਮਨ ਵਿਚ ਇਕ ਪਾਸੇ ਆਪਣੀ ਪ੍ਰੇਮਿਕਾ ਹੈ ਤੇ ਦੂਸਰੇ ਪਾਸੇ ਉਸ ਦੀ ਪਤਨੀ ਕਵੀ ਦਾ ਮਨ ਪਤਨੀ ਤੇ ਪ੍ਰੇਮਿਕਾ ਦੇ ਸੰਵਾਦ ਸਿਰਜ ਰਿਹਾ ਹੈ। ਇਹ ਉਹੋ ਜਿਹੇ ਹੀ ਸੰਵਾਦ ਹੋ ਸਕਦੇ ਹਨ ਜੋ ਕ੍ਰਿਸ਼ਨ ਦੇ ਮਨ ਵਿਚ ਉਪਜ ਸਕਦੇ ਹਨ। ਰੁਕਮਣੀ ਉਸ ਦੀ ਪਤਨੀ ਹੈ ਅਤੇ ਰਾਧਾ ਪ੍ਰੇਮਿਕਾ। ਮਿਥਿਹਾਸ ਅਜਿਹੀ ਮਾਨਸਿਕ ਉਲਝਣ ਵਿਚ ਨਹੀਂ ਪੈਂਦਾ ਪਰੰਤੂ ਅਜੋਕਾ ਕਵੀ ਅਜਿਹੀਆਂ ਸਥਿਤੀਆਂ ਨੂੰ ਨਵੇਂ ਅਰਥ ਪ੍ਰਦਾਨ ਕਰਦਾ ਹੈ। ਰਾਧਾ ਤੇ ਰੁਕਮਣੀ ਨੇ ਭਾਵੇਂ ਆਪਸ ਵਿਚ ਕਦੇ ਸੰਵਾਦ ਨਹੀਂ ਸੀ ਕੀਤਾ ਪਰੰਤੂ ਕਵੀ ਕਲਪਨਾ ਦੇ ਸਹਾਰੇ ਇਨ੍ਹਾਂ ਦੀ ਸਿਰਜਣਾ ਕਰਦਾ ਹੋਇਆ ਸਮਕਾਲੀ ਯਥਾਰਥ ਨਾਲ ਜਾ ਜੁੜਦਾ ਹੈ। ਅੰਮ੍ਰਿਤਾ ਪ੍ਰੀਤਮ ਇਸ ਕਵਿਤਾ ਬਾਰੇ ਲਿਖਦੀ ਹੈ, ੌਹਕੀਕਤਾਂ ਜਦੋਂ ਸਿਰਨਾਵੇਂ ਬਦਲਦੀਆਂ ਹਨ ਤਾਂ ਵਕਤ ਦੇ ਸ਼ਾਇਰ ਨੂੰ ਬੜੇ ਲੰਬੇ ਫਾਸਲੇ ਤੈਅ ਕਰਨੇ ਪੈਂਦੇ ਹਨ। ਪਾਤਰ ਨੇ ਵੀ ਉਹ ਫੈਸਲੇ ਤੈਅ ਕੀਤੇ ਹਨ। ਕ੍ਰਿਸ਼ਨ ਚੇਤਨਾ ਵਿਚ ਉਭਰਕੇ ਵੀ, ਉਹਨੇ ਜਿਸ 'ਅੱਜ' ਨੂੰ ਵੇਖਿਆ ਹੈ, ਉੱਥੇ ਰਾਧਾ ਨਾਰਾਜ਼ ਹੈ, ਰੁਕਮਣੀ ਉਦਾਸ ਤੇ ਕ੍ਰਿਸ਼ਨ ਪ੍ਰੇਸ਼ਾਨ।"41 ਕਵਿਤਾ ਦੀਆਂ ਇਹ ਪੰਗਤੀਆਂ ਉਪਰੋਕਤ ਭਾਵਾਂ ਨੂੰ ਹੋਰ ਸਪੱਸ਼ਟ ਕਰਦੀਆਂ ਹਨ।
 
ਰਾਧਾ ਨਾਰਾਜ਼ ਹੈ
 
ਰੁਕਮਣੀ ਉਦਾਸ
 
ਤੇ ਕ੍ਰਿਸ਼ਨ ਪਰੇਸ਼ਾਨ
 
ਕ੍ਰਿਸ਼ਨ ਜੋ ਸੋਲਾਂ ਕਲਾਂ ਸੰਪੂਰਨ ਅਵਤਾਰ ਨਹੀਂ
 
ਅਧਖੜ ਉਮਰ ਦਾ ਕਵੀ ਹੈ
 
ਜਿਸ ਦਿਆਂ ਵਾਲਾ ਵਿਚ ਧੁੱਪਾਂ ਅਤੇ ਛਾਵਾਂ ਦੀ ਬਹਿਸ ਚੱਲ ਰਹੀ ਹੈ
 
ਬੁੱਲ੍ਹਾਂ 'ਤੇ ਬੰਸਰੀ ਨਹੀਂ
 
ਬੇਜਾਨ ਜਿਹੀ ਖ਼ਾਮੋਸ਼ੀ ਹੈ
 
ਤੇ ਸੀਨੇ ਵਿਚ ਰਾਧਾ ਅਤੇ ਰੁਕਮਣੀ ਦੇ ਸੰਵਾਦ
 
ਜੋ ਉਨ੍ਹਾਂ ਨੇ ਬੋਲੇ ਨਹੀਂ।42
'ਨਵੇਂ ਦੇਵਤੇ' (ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ) ਕਵਿਤਾ ਵਿਚ ਸੁਰਜੀਤ ਪਾਤਰ ਨੇ ਇਕੋ ਸਮੇਂ ਸਰਸਵਤੀ, ਸ਼ਿਵ ਪਾਰਬਤੀ, ਉਸ਼ਾ, ਵਿਸ਼ਨੂੰ ਅਤੇ ਉਮਾ ਦੀ ਮਿੱਥ ਨੂੰ ਵਰਤਿਆ ਹੈ ਤੇ ਇਹ ਇਕ ਪੈਰ੍ਹਾ ਕਵਿਤਾ ਵਿਚ ਦੋ ਬਾਰ ਆਉਂਦਾ ਹੈ।
 
ਮੋਰ-ਪੰਖਾਂ 'ਤੇ ਬੈਠੀ ਸੁਰਸਤੀ ਨਹੀਂ
 
ਗੰਗਾ-ਲਹਿਰੀ ਜਟਾ-ਜੂਟ ਸ਼ਿਵ ਜੀ ਨਹੀਂ
 
ਸ਼ਿਵ ਦੇ ਨੰਦੀ 'ਤੇ ਅਸਵਾਰ ਪਾਰੋ ਨਹੀਂ
 
ਸੱਤਾ ਗਊਆਂ ਨੂੰ ਹੱਕਦੀ ਉਸ਼ਾ ਵੀ ਨਹੀਂ
 
ਕਿਸੇ ਕੁੱਖ ਵਿਚੋਂ ਉਗਦਾ ਕੰਵਲ ਵੀ ਨਹੀਂ
 
ਤੇ ਕੰਵਲ 'ਤੇ ਸੁਸ਼ੋਭਿਤ ਉਮਾ ਵੀ ਨਹੀਂ।43
ਇਨ੍ਹਾਂ ਦੇਵਤਿਆਂ ਦੇ ਕਵਿਤਾ ਵਿਚ ਦੋ ਬਾਰ ਆਉਣ 'ਤੇ ਵੀ ਸੁਰਜੀਤ ਪਾਤਰ ਇਨ੍ਹਾਂ ਨੂੰ ਅਜੋਕੇ ਮਨੁੱਖਾਂ ਦੇ 'ਹਮਹਾਲ' ਨਹੀਂ ਮੰਨਦਾ। ਕਿਉਂਕਿ ਅਜੋਕਾ ਮਨੁੱਖ ਅਜਿਹੀਆਂ ਸਥਿਤੀਆਂ ਵਿਚ ਘਿਰਿਆ ਹੋਇਆ ਹੈ ਜਿੱਥੇ ਇਕ ਹਾਰਿਆ ਹੋਇਆ ਬੰਦਾ ਆਪਣਾ ਗੁੱਸਾ, ਆਪਣੇ ਅਧੀਨ ਕਿਸੇ ਹੋਰ 'ਤੇ ਕੱਢਦਾ ਹੈ। ਕਿਸੇ ਉੱਚੇ ਕਲਾਕਾਰ ਦੀ ਬੇਅਦਬੀ ਹੁੰਦੀ ਹੈ ਜਾਂ ਵੱਡੇ ਨਾਇਕ ਦੀ ਬੇਇੱਜ਼ਤੀ। ਅਜਿਹਾ ਹੋਣ ਨਾਲ ਇਨ੍ਹਾਂ ਨਾਇਕਾਂ ਦੇ ਹਉਮੈ ਨੂੰ ਠੇਸ ਲੱਗਦੀ ਹੈ। ਅਜੋਕੇ ਮਨੁੱਖ ਲਈ ਅਜਿਹੇ ਦੇਵਤਿਆਂ ਦੀ ਲੋੜ ਹੋ ਸਕਦੀ ਹੈ। ਸਰਸਵਤੀ ਮੋਰ ਦੀ ਸਵਾਰੀ ਕਰਕੇ ਕਿਤੇ ਵੀ ਜਾ ਸਕਦੀ ਹੈ। ਜਟਾਧਾਰੀ ਸ਼ਿਵ ਆਪਣੇ ਭਗਤਾਂ ਦਾ ਕਲਿਆਣ ਕਰਦਾ ਹੈ। ਪਾਰਬਤੀ ਆਪਣੇ ਆਪ ਵਿਚ ਮਸਤ ਹੈ। ਉਸ਼ਾ ਜਿਸ ਬਾਰੇ ਮਿੱਥ ਹੈ ਕਿ ਉਹ ਸੱਤਾਂ ਗਾਵਾ ਦੇ ਰੱਥ ਉੱਪਰ ਅਸਵਾਰ ਹੈ ਵੀ ਅਜੋਕੇ ਮਨ ਦੀ ਤਰਜਮਾਨੀ ਨਹੀਂ ਕਰਦੀ। ਇਸੇ ਤਰ੍ਹਾਂ ਹੀ ਵਿਸ਼ਨੂੰ ਦੀ ਨਾਭੀ ਵਿਚੋਂ ਉੱਗਦਾ ਕੰਵਲ ਅਜੋਕੇ ਮਨੁੱਖ ਦੀ ਮਾਨਸਿਕਤਾ ਨੂੰ ਨਹੀਂ ਸਮਝ ਸਕਦਾ ਅਤੇ ਨਾ ਹੀ ਕੰਵਲ ਉੱਪਰ ਸ਼ੁਸੋਭਿਤ ਉਮਾ ਹੀ ਅਜਿਹਾ ਕੁਝ ਕਰ ਸਕਦੀ ਹੈ। ਇੱਥੇ ਦੋ ਹੋਰ ਛੋਟੇ ਵੇਰਵੇ ਧਿਆਨ ਖਿੱਚਦੇ ਹਨ। ਇਹ ਹਨ - ਪਹਿਲਾ ਸਰਸਵਤੀ ਮੋਰ ਦੇ ਖੰਭਾਂ ਉੱਪਰ ਨਹੀਂ ਬੈਠਦੀ ਸਗੋਂ ਮੋਰ ਦੀ ਸਵਾਰੀ ਕਰਦੀ ਹੈ। ਕੰਵਲ ਵਿਸ਼ਨੂੰ ਦੀ ਕੁੱਖ 'ਚੋਂ ਨਹੀਂ ਸਗੋਂ ਧੁੰਨੀ ਵਿਚੋਂ ਪੈਦਾ ਹੁੰਦਾ ਹੈ। ਦੂਸਰੇ ਵੇਰਵੇ ਅਨੁਸਾਰ ਪਾਰਬਤੀ ਨੂੰ ਪਾਰੋ ਕਿਹਾ ਗਿਆ ਹੈ। ਇਹ ਸੰਬੋਧਨ ਬਾਵਾ ਬਲਵੰਤ ਦੀ ਕਵਿਤਾ 'ਫੇਰ ਪਾਰੋ ਨੇ ਕਿਹਾ' ਵਿਚੋਂ ਲਿਆ ਗਿਆ ਹੈ।
ਪੁਰਾਤਨ ਮਿਥਿਹਾਸ ਵਿਚ ਇਹ ਵੇਰਵਾ ਬਾਰ-ਬਾਰ ਆਉਂਦਾ ਹੈ ਕਿ ਰਿਸ਼ੀਆਂ ਮੁਨੀਆਂ ਨੂੰ ਇੰਦਰ ਦਾ ਰਾਜ ਪ੍ਰਾਪਤ ਕਰਨ ਤੋਂ ਰੋਕਣ ਲਈ ਉਨ੍ਹਾਂ ਕੋਲ ਅਪਸਰਾਵਾਂ ਭੇਜੀਆਂ ਜਾਂਦੀਆਂ ਰਹੀਆਂ ਹਨ। ਜੇ ਅਪਸਰਾ ਰਿਸ਼ੀ ਦੀ ਸਮਾਧੀ ਤੋੜਨ ਵਿਚ ਕਾਮਯਾਬ ਰਹਿੰਦੀ ਹੈ ਤਾਂ ਰਿਸ਼ੀ ਆਪਣੇ ਨਿਸ਼ਾਨੇ ਤੋਂ ਖੁੰਝ ਜਾਂਦਾ ਹੈ ਪਰੰਤੂ ਸੁਰਜੀਤ ਪਾਤਰ ਦਾ ਰਿਸ਼ੀ ਦੁਨੀਆਂ ਤੋਂ ਦੂਰ ਜਾ ਕੇ ਔਰਤ ਲਈ ਤਰਸਦਾ ਹੋਇਆ ਮਾਨਸਿਕ ਉਲਾਰਾਂ ਦਾ ਸ਼ਿਕਾਰ ਹੁੰਦਾ ਹੈ। ਇਸ ਲਈ ਜਦੋਂ ਉਸ ਪਾਸ ਕੋਈ ਅਪਸਰਾ ਜਾਂਦੀ ਹੈ ਤਾਂ ਉਹ ਰਿਸ਼ੀ ਦੀਆਂ ਤ੍ਰਿਸ਼ਣਾਵਾਂ ਅਤੇ ਭੁੱਖਾਂ ਦਾ ਸ਼ਿਕਾਰ ਹੋ ਜਾਂਦੀ ਹੈ। ਪੰਜ ਸਤਰਾਂ ਦੀ ਛੋਟੀ ਜਿਹੀ ਕਵਿਤਾ ਵਿਸ਼ਾਲ ਅਰਥ ਗ੍ਰਹਿਣ ਕਰ ਲੈਂਦੀ ਹੈ।
 
ਇਕ ਨਦੀ ਆਈ
 
ਰਿਸ਼ੀ ਦੇ ਕੋਲ
 
ਮੰਗਣ ਨੂੰ ਦਿਸ਼ਾ
 
ਉਸ ਨਦੀ ਨੂੰ ਰਿਸ਼ੀ ਦੇ
 
ਤਰਸੇਵਿਆਂ ਨੇ ਪੀ ਲਿਆ।44
ਗੁਣਵੰਤ ਕੌਰ ਸਿੱਧੂ ਨੇ ਇਸ ਕਵਿਤਾ ਵਿਚ ਲੋਕ ਕਥਾ ਦੇ ਮਾਡਲ ਨੂੰ ਪ੍ਰਸਤੁਤ ਹੁੰਦਿਆਂ  ਵੇਖਿਆ ਹੈ। ਉਸ ਦੇ ਕਥਨ ਅਨੁਸਾਰ, ੌਸੁਰਜੀਤ ਪਾਤਰ ਨੇ ਲੋਕਧਾਰਾ ਦੀ ਸਮੱਗਰੀ ਦੇ ਨਾਲ-ਨਾਲ ਲੋਕ ਕਾਵਿ ਅਤੇ ਲੋਕਧਾਰਾਈ ਕਥਾ ਮਾਡਲਾਂ ਨੂੰ ਬੜੀ ਖ਼ੂਬਸੂਰਤੀ ਨਾਲ ਆਪਣੇ ਸਿਰਜਣ-ਪ੍ਰਵਾਹ ਵਿਚ ਸ਼ਾਮਿਲ ਕੀਤਾ ਹੈ। ਸਿਰਜਣ ਪ੍ਰਕਿਰਿਆ ਦੇ ਮਾਧਿਅਮ ਰਾਹੀਂ ਪਾਤਰ ਆਪਣੇ 'ਅਵਚੇਤਨ' ਦਾ ਗੁਬਾਰ ਕੱਢ ਲੈਂਦਾ ਹੈ ਪਰ ਇਹ ਅਨੁਭਵ, ਮਨੋਸੰਤਾਪ, ਮਨੋਗੁੰਝਲਾਂ ਅਤੇ ਅਤ੍ਰਿਪਤੀਆਂ ਬਹੁਤ ਆਨੰਦਦਾਇਕ ਰੂਪ ਵਿਚ ਪ੍ਰਗਟ ਹੁੰਦੇ ਹਨ। ਆਪਣੇ ਅਨੁਭਵ, ਬੁੱਧੀ, ਕਲਪਣਾ ਸ਼ਕਤੀ, ਪ੍ਰਤੀਕ ਵਿਧਾਨ ਆਦਿ ਦੀ ਅਨੋਖੀ ਸੂਝ ਨਾਲ ਪਾਤਰ ਜਦੋਂ ਕਵਿਤਾ ਰਚਦਾ ਹੈ ਤਾਂ ਉਸ ਦੀ ਕਵਿਤਾ ਸਿਜਦਾ ਮੰਗਦੀ ਹੈ।"45
ਵਿਸ਼ਵ ਪੱਧਰ 'ਤੇ ਸੋਵੀਅਤ ਯੂਨੀਅਨ ਦਾ ਟੁੱਟਣਾ ਵੀਹਵੀਂ ਸਦੀ ਦੀ ਇਕ ਬਹੁਤ ਵੱਡੀ ਘਟਨਾ ਸੀ। ਜਿਸ ਦਾ ਪੂੰਜੀਪਤੀਆਂ ਨੇ ਖੂਬ ਜਸ਼ਨ ਮਨਾਇਆ। ਉਨ੍ਹਾਂ ਦੇ ਵਿਚਾਰਧਾਰਕਾਂ ਨੇ ਇਤਿਹਾਸ ਦਾ ਅੰਤ ਹੋਣ ਦੇ ਐਲਾਨ ਵੀ ਕਰ ਦਿੱਤੇ। ਸੁਰਜੀਤ ਪਾਤਰ ਇਸ ਸਾਰੀ ਸਥਿਤੀ ਨੂੰ ਤਿੱਖੇ ਵਿਅੰਗ ਦਾ ਸ਼ਿਕਾਰ ਬਣਾਉਂਦਾ ਹੈ। ਕਵਿਤਾ ਦੀਆਂ ਪਹਿਲੀਆਂ ਪੰਗਤੀਆਂ ਹੀ ਇਸ ਵਿਅੰਗ ਦੀ ਤਿੱਖੀ ਮਾਰ ਮਹਿਸੂਸ ਕਰਵਾ ਦਿੰਦੀਆਂ ਹਨ।
 
ਕਿਥੇ ਹੈਂ ਇਤਿਹਾਸ ਤੂੰ
 
ਉਹ ਕਹਿੰਦੇ ਤੂੰ ਮਰ ਗਿਆਂ
 
ਆਤਮ ਹੱਤਿਆ ਕਰ ਗਿਆਂ
 
ਰੂਸ ਡਿਗਣ ਤੋਂ ਡਰ ਗਿਆਂ।46
ਕਵਿਤਾ ਵਿਚ ਅਗਾਂਹ ਜਾ ਕੇ ਕਿਹਾ ਗਿਆ ਹੈ :
 
ਕਿਸ ਵਾਹਨ ਤੇ ਆ ਰਿਹੈਂ
 
ਕੱਛੂ ਤੇ ਜਾਂ ਗਰੜ ਤੇ
 
ਜਾਂ ਕਿ ਪੈਦਲ ਆ ਰਿਹਾਂ
 
ਕੰਡਾ ਚੁਭ ਲੰਗੜਾ ਰਿਹਾਂ।47
ਇੱਥੇ ਦੇਵਤਿਆਂ ਦੇ ਦੋ ਵਾਹਨਾਂ ਦਾ ਜ਼ਿਕਰ ਕੀਤਾ ਗਿਆ ਹੈ - ਕੱਛੂਕੰਮਾ ਅਤੇ ਗਰੜ। ਇੱਥੇ ਇਹ ਕਹਿ ਦੇਣਾ ਕੁਥਾਂ ਨਹੀਂ ਹੋਵੇਗਾ ਕਿ ਕੱਛੂ ਕਿਸੇ ਵੀ ਦੇਵਤਾ ਦਾ ਵਾਹਨ ਨਹੀਂ। ਮਿੱਥ ਅਨੁਸਾਰ ਧੌਲਾ ਬਲਦ ਕੱਛੂਕੰਮੇ ਉੱਪਰ ਖੜਾ ਹੈ ਜਾਂ ਫਿਰ ਵਿਸ਼ਨੂੰ ਦਾ ਇਕ ਅਵਤਾਰ ਕੱਛੂ ਹੈ। ਅਸੁਰਾ ਨੂੰ ਹਰਾਉਣ ਲਈ ਵਿਸ਼ਨੂੰ ਕੱਛੂ ਦਾ ਅਵਤਾਰ ਧਾਰਣ ਕਰਦਾ ਹੈ, ਇਸ ਲਈ ਉਸ ਨੂੰ ਕੱਛ ਅਵਤਾਰ ਕਿਹਾ ਗਿਆ ਹੈ। ਇੱਥੇ ਸਪੱਸ਼ਟ ਹੈ ਪਾਤਰ ਮਿੱਥ ਦੀ ਗਲਤ ਵਰਤੋਂ ਕਰ ਰਿਹਾ ਹੈ।
ਭਾਰਤੀ ਮਿਥਿਹਾਸ ਵਿਚ ਸਰਵਣ ਇਕ ਅਜਿਹਾ ਪਾਤਰ ਹੈ ਜੋ ਮਾਂ-ਬਾਪ ਦੀ ਸੇਵਾ ਲਈ ਤਤਪਰ ਰਹਿੰਦਾ ਹੈ। ਉਹ ਮਾਂ-ਬਾਪ ਦੀ ਇੱਛਾ ਪੂਰੀ ਕਰਨ ਲਈ ਉਨ੍ਹਾਂ ਨੂੰ ਵਹਿੰਗੀ ਵਿਚ ਪਾ ਕੇ ਸਾਰੇ ਤੀਰਥ ਕਰਵਾਉਂਦਾ ਹੈ। ਸੁਰਜੀਤ ਪਾਤਰ ਇਸ ਮਿੱਥ ਨੂੰ ਲੈ ਕੇ ਭਾਰਤੀ ਸਮਾਜ ਦੀ ਯਥਾਰਥਕ ਸਥਿਤੀ ਨੂੰ ਬਿਆਨ ਕਰਦਾ ਹੈ। ਇੱਥੇ ਰਾਜ ਕਰਦੇ ਸੱਤਾਧਾਰੀ ਅੰਨ੍ਹੇ ਹੋਏ ਪਏ ਹਨ। ਭਵਿੱਖ ਦਿਖਾਈ ਨਹੀਂ ਦਿੰਦਾ। ਸੰਪੂਰਨ ਕਥਾ ਨੂੰ ਨਵੇਂ ਅਰਥ ਦਿੰਦਾ ਹੋਇਆ ਸੁਰਜੀਤ ਪਾਤਰ ਲਿਖਦਾ ਹੈ ਕਿ ਮਿੱਥ ਵਿਚ ਰਾਜਾ ਦਸ਼ਰਥ ਸਰਵਣ ਦੇ ਮਾਂ-ਬਾਪ ਨੂੰ ਅਣਜਾਣੇ ਵਿਚ ਮਾਰ ਕੇ ਵੀ ਉਨ੍ਹਾਂ ਤੋਂ ਆਪਣੀ ਭੁੱਲ ਬਖ਼ਸਾਉਂਦਾ ਹੈ ਅਤੇ ਉਨ੍ਹਾਂ ਦਾ ਸਰਾਪ ਭੋਗਦਾ ਹੈ ਪਰੰਤੂ ਅਜੋਕੇ ਸਮੇਂ ਵਿਚ ਅਜਿਹਾ ਕੁਝ ਵੀ ਸੰਭਵ ਨਹੀਂ। ਧਾਰਮਿਕ ਤੀਰਥਾਂ ਦੀ ਥਾਂ 'ਤੇ ਸੁਰਜੀਤ ਪਾਤਰ ਜਿਹੜੇ ਤੀਰਥ ਦੱਸਦਾ ਹੈ ਉਹ ਬਾਲਾਂ ਦੀ ਮੁਸਕਾਨ, ਦੋ ਹਾਣੀਆਂ ਦਾ ਮਿਲਣਾ ਅਤੇ ਮਿਹਨਤ ਨੂੰ ਮਾਣ ਮਿਲਣਾ। ਜੋ ਅਜੋਕੇ ਸਮੇਂ ਵਿਚ ਸੰਭਵ ਨਹੀਂ।
 
ਅਹਿ ਲੈ ਚੁੱਕ ਲੈ ਸਰਵਣਾ ਵੇ,
 
ਚੁੱਕ ਲੈ ਚੰਨ ਸੂਰਜ ਦੀ ਵਹਿੰਗੀ।
 
ਚੰਨ ਤੇ ਸੂਰਜ ਅੰਧਲੇ ਹੋ ਗਏ
 
ਗੰਗਾ ਦੇ ਜਲ ਗੰਧਲੇ ਹੋ ਗਏ
 - - - - - - - - - -
 
ਹੁਣ ਜੋ ਰਾਜੇ ਤੀਰ ਚਲਾਉਣਾ
 
ਸ਼ਿਸ਼ਤ ਲਗਾ ਤੇਰੇ ਵੱਲ ਆਉਣਾ
 
ਭੁੱਲ ਬਖ਼ਸਾਉਣ ਕਿਸੇ ਨਾ ਆਉਣਾ
 - - - - - - - - - -
 
ਬਾਲਾਂ ਦੀ ਮੁਸਕਾਣ ਦਿਖਾ ਦੇ
 
ਹਾਣ ਨੂੰ ਮਿਲਦਾ ਹਾਣ ਦਿਖਾ ਦੇ
 
ਮਿਹਰ ਮੁਸ਼ੱਕਤ ਮਾਣ ਦਿਖਾ ਦੇ
 
ਇਹ ਨੇ ਅੱਜ ਦੇ ਤੀਰਥ ਜੱਗ ਦੇ,
 
ਦੀਦ ਇਨ੍ਹਾਂ ਦੀ ਮਹਿੰਗੀ।48
ਮਿੱਥਾਂ ਅਤੇ ਦੰਤ-ਕਥਾਵਾਂ ਦੇ ਸਿਧਾਂਤਕ ਪੱਖਾਂ ਉੱਪਰ ਕਿਉਂਕਿ ਅਸੀਂ ਆਪਣੇ ਖੋਜ-ਪ੍ਰਬੰਧ ਦੇ ਤੀਜੇ ਅਧਿਆਇ ਵਿਚ ਵਿਸਤ੍ਰਿਤ ਚਰਚਾ ਕੀਤੀ ਹੈ। ਇੱਥੇ ਅਸੀਂ ਸਿੱਧੇ ਹੀ ਮਿੱਥਾਂ ਤੋਂ ਬਾਅਦ ਸੁਰਜੀਤ ਪਾਤਰ ਦੀ ਕਵਿਤਾ ਵਿਚ ਦੰਤ-ਕਥਾਵਾਂ ਦੀ ਪੇਸ਼ਕਾਰੀ ਉੱਪਰ ਵਿਚਾਰ ਕਰ ਰਹੇ ਹਾਂ। ਸਭ ਤੋਂ ਪਹਿਲਾਂ ਧਿਆਨ ਪੂਰਨ ਦੀ ਦੰਤ-ਕਥਾ ਉੱਪਰ ਜਾਂਦਾ ਹੈ ਜਿਸ ਦਾ ਜ਼ਿਕਰ ਸੁਰਜੀਤ ਪਾਤਰ ਨੇ ਬਹੁਤ ਸਾਰੀਆਂ ਕਵਿਤਾਵਾਂ ਵਿਚ ਕੀਤਾ ਹੈ। 'ਸੁੰਦਰਾਂ' ਨਾਂ ਦੀ ਕਵਿਤਾ ਵਿਚ ਉਸ ਨੇ ਸੁੰਦਰਾਂ ਨੂੰ ਆਧੁਨਿਕ ਕਵਿੱਤਰੀ ਜਾਂ ਸਾਹਿਤ ਸਿਰਜਕ ਦੇ ਤੌਰ 'ਤੇ ਚਿਤਵਿਆ ਹੈ। ਦੰਤ-ਕਥਾ ਵਿਚ ਸੁੰਦਰਾਂ ਜੋਗੀ ਪੂਰਨ ਭਗਤ ਵੱਲ ਆਕਰਸ਼ਿਤ ਹੁੰਦੀ ਹੈ ਪਰੰਤੂ ਪੂਰਨ ਉਸ ਤੋਂ ਪੱਲਾ ਛੁਡਾ ਕੇ ਮੁੜ ਜੋਗੀ ਪਾਸ ਚਲਾ ਜਾਂਦਾ ਹੈ। ਇਹ ਸਦਮਾ ਨਾ ਸਹਾਰਦੀ ਹੋਈ ਉਹ ਮਹੱਲ ਤੋਂ ਗਿਰ ਕੇ ਆਪਣੀ ਜਾਨ ਦੇ ਦਿੰਦੀ ਹੈ ਪਰੰਤੂ ਸੁਰਜੀਤ ਪਾਤਰ ਦੀ ਕਵਿੱਤਰੀ ਸੁੰਦਰਾਂ ਆਪਣੇ ਦੁੱਖ ਨੂੰ ਕਾਗ਼ਜ਼ਾਂ ਉੱਪਰ ਬਿਖੇਰ ਕੇ ਆਪਣੀ ਮਨੋਵੇਦਨਾ ਨੂੰ ਹਲਕਾ ਕਰੇਗੀ, ਮਰੇਗੀ ਨਹੀਂ। ਦੋਨੋਂ ਸੁੰਦਰਾਂ ਇਕ ਦੂਜੇ ਤੋਂ ਬਿਲਕੁਲ ਵੱਖਰੀਆਂ ਵਿਖਾਈ ਦਿੰਦੀਆਂ ਹਨ। ਸੁਰਜੀਤ ਪਾਤਰ ਲਿਖਦਾ ਹੈ :
 
ਇਸ ਵਾਰ
 
ਪੂਰਨ ਦੇ ਜਾਣ ਤੇ
 
ਆਪਣੀ ਇਕੱਲਤਾ ਦੀ ਅਟਾਰੀ ਤੋਂ
 
ਡਿਗ ਕੇ
 
ਸੁੰਦਰਾਂ
 
ਚਿੱਟੇ ਸਫ਼ਿਆਂ ਤੇ
 
ਕਾਲੇ ਮੋਤੀਆਂ ਵਾਂਗ
 
ਬਿਖ਼ਰ ਜਾਵੇਗੀ
 
ਸ਼ੁਕਰ ਹੈ
 
ਇਸ ਵਾਰ
 
ਸੁੰਦਰਾਂ ਮਰੇਗੀ ਨਹੀਂ।49
'ਕਿਸ ਕਿਸ ਦਿਸ਼ਾ ਤੋਂ' ਕਵਿਤਾ ਵਿਚ ਲੂਣਾ, ਸੁੰਦਰਾਂ ਅਤੇ ਇੱਛਰਾਂ ਕਵੀ ਲਈ ਅਗਨੀ, ਨਦੀ ਅਤੇ ਧਰਤੀ ਦਾ ਰੂਪ ਹਨ ਜੋ ਜੋਗੀ ਨੂੰ ਇਕ ਪੂਰਨ ਮਨੁੱਖ ਬਣਾਉਂਦੀਆਂ ਹਨ। ਅਸਿੱਧੇ ਢੰਗ ਨਾਲ ਸ਼ਾਇਦ ਕਵੀ ਇਹ ਕਹਿਣਾ ਚਾਹ ਰਿਹਾ ਹੈ ਕਿ ਪੂਰਨ ਇਸ ਕਰਕੇ ਜੋਗੀ ਨਹੀਂ ਬਣ ਸਕਿਆ ਕਿਉਂਕਿ ਉਹ ਲੂਣਾ ਅਤੇ ਸੁੰਦਰਾਂ ਤੋਂ ਦੂਰ ਚਲਾ ਗਿਆ ਸੀ ਅਤੇ ਇੱਛਰਾਂ ਨੂੰ ਵੀ ਵਰ ਦੇ ਕੇ ਵਾਪਿਸ ਚਲਾ ਜਾਂਦਾ ਹੈ। ਸਤਰਾਂ ਹਨ :
 
ਲੂਣਾ ਅਗਨ, ਸੁੰਦਰਾਂ ਨਦੀ ਤੇ ਧਰਤ ਇੱਛਰਾਂ
 
ਜੋਗੀ ਨੂੰ ਵਾਰ ਵਾਰ ਨੇ ਪੂਰਨ ਬਣਾਉਂਦੀਆਂ।50
'ਇਹ ਨੇ ਸਾਜ਼...' ਗ਼ਜ਼ਲ ਵਿਚ ਪੂਰਨ ਇਕ ਆਮ ਮਨੁੱਖ ਦਾ ਰੂਪ ਧਾਰਣ ਕਰਦਾ ਹੈ। ਜਿਸ ਦੀ ਕਿਤੇ ਜੋਗੀ (ਨੂਰ, ਪੂਰਨ) ਨੂੰ, ਕਿਤੇ ਲੂਣਾ (ਨਾਰ) ਅਤੇ ਬਾਦਸ਼ਾਹ (ਸਲਵਾਨ) ਨੂੰ ਉਸ ਦੇ ਵੱਖਰੇ ਵੱਖਰੇ ਕਾਰਜਾਂ ਲਈ ਜ਼ਰੂਰਤ ਹੈ। ਜੋਗੀ ਆਪਣਾ ਚੇਲਾ ਭਾਲਦਾ ਹੈ। ਇਸਤਰੀ ਉਸ ਵਿਚੋਂ ਕਾਮ ਤ੍ਰਿਪਤੀ ਲੱਭਦੀ ਹੈ ਅਤੇ ਸਲਵਾਨ ਉਸ ਨੂੰ ਸਦਾਚਾਰ ਤੋਂ ਗਿਰਿਆ ਹੋਣ ਕਾਰਣ ਮਾਰਨਾ ਚਾਹੁੰਦਾ ਹੈ। ਅਸਲ ਵਿਚ ਇਨ੍ਹਾਂ ਪੰਗਤੀਆਂ ਵਿਚ ਬੜਾ ਤਿੱਖਾ ਵਿਅੰਗ ਹੈ ਕਿ ਸਾਡੇ ਸਮਾਜ ਵਿਚ ਆਮ ਬੰਦਾ ਅਨੇਕਾਂ ਘੇਰਿਆਂ ਵਿਚ ਫਸਿਆ ਹੋਇਆ ਹੈ। ਇਨ੍ਹਾਂ ਸਤਰਾਂ ਦੇ ਸੰਦਰਭ ਵਿਚ ਹੀ ਡਾ. ਜੋਗਿੰਦਰ ਸਿੰਘ ਕੈਰੋਂ ਲਿਖਦਾ ਹੈ, ੌਲੋਕ ਵਿਸ਼ਵਾਸਾਂ ਦੇ ਨਾਲ-ਨਾਲ ਸੁਰਜੀਤ ਪਾਤਰ ਨੇ ਜਿਹੜੀਆਂ ਦੰਦ-ਕਥਾਵਾਂ ਦੇ ਪਾਤਰਾਂ ਜਾਂ ਘਟਨਾਵਾਂ ਨੂੰ ਵਰਤਿਆ ਹੈ ਉਨ੍ਹਾਂ ਵਿਚ ਜ਼ਿਆਦਾ ਪੂਰਨ ਭਗਤ, ਮਿਰਜ਼ਾ ਸਾਹਿਬਾਂ ਹਨ। ਭਾਵੇਂ ਕਿਧਰੇ-ਕਿਧਰੇ ਗੁਰੂ ਸਾਹਿਬਾਂ ਦੇ ਇਤਿਹਾਸਕ ਹਵਾਲਿਆਂ ਦਾ ਜ਼ਿਕਰ ਵੀ ਹੈ ਅਤੇ ਭਾਰਤ ਵਿਚਲੀਆਂ ਮਿੱਥਾਂ ਦੇ ਸੰਕੇਤ ਵੀ ਹਨ।"51
'
ਆਦਿਕਾ' ਕਵਿਤਾ ਵਿਚ ਪਿੰਡ ਦੀ ਪਗਡੰਡੀ ਅਨੇਕਾਂ ਪਾਸੇ ਜਾਂਦੀ ਹੈ। ਪਿੰਡ ਤੋਂ ਪੁਸਤਕ ਦੀਆਂ ਘਟਨਾਵਾਂ ਤੱਕ, ਮਾਂ ਦੀਆਂ ਅੱਖਾਂ ਤੋਂ ਪਰਦੇਸ ਤੱਕ, ਤੇ ਇਸੇ ਤਰ੍ਹਾਂ ਇਹ ਪਗਡੰਡੀ ਅੰਨ੍ਹੀ ਹੋਈ ਮਾਂ ਇੱਛਰਾਂ ਦੇ ਕੰਬਦੇ ਹੋਏ ਹੱਥਾਂ ਤੋਂ ਪੂਰਨ ਦੇ ਚਿਹਰੇ ਤੱਕ ਪਹੁੰਚਦੀ ਹੈ। ਇਸ ਤਰ੍ਹਾਂ ਇੱਛਰਾਂ ਆਧੁਨਿਕ ਸਮਿਆਂ ਦੀ ਬੇਵੱਸ ਮਾਂ ਦਾ ਰੂਪ ਧਾਰਨ ਕਰ ਲੈਂਦੀ ਹੈ:
 
ਇਹ ਪਗਡੰਡੀ ਹੈ
 
ਅੰਨ੍ਹੀ ਇੱਛਰਾਂ ਦੇ ਕੰਬਦੇ ਹੱਥਾਂ ਤੋਂ
 
ਪੂਰਨ ਦੇ ਚਿਹਰੇ ਤੱਕ।52
'
ਕੰਧ ਦੀ ਜੀਭ' ਕਵਿਤਾ ਵਿਚ ਸੁਰਜੀਤ ਪਾਤਰ ਦੀਆਂ ਪੰਗਤੀਆਂ ਹਨ :
 
ਪਰ ਮੈਂ ਬੇਕਿਰਕ ਜਲਾਦਾਂ ਦੇ ਮਨ ਅੰਦਰ
 
ਉਸ ਮੋਹ ਸਦਕਾ
 
ਜੋ ਕਤਲ ਤੋਂ ਪਿੱਛੋਂ ਜਾਗੇ
 
ਜਿਵੇਂ ਕਿਵੇਂ ਅੱਜ ਤੀਕ ਵੀ ਸਾਸ ਵਰੋਲ ਰਿਹਾ ਹਾਂ।53
ਇਨ੍ਹਾਂ ਪੰਗਤੀਆਂ ਦੇ ਸੰਦਰਭ ਵਿਚ ਡਾ. ਰਾਜਿੰਦਰ ਪਾਲ ਸਿੰਘ ਨੇ ਸੁਰਜੀਤ ਪਾਤਰ ਵੱਲੋਂ ਪੂਰਨ ਭਗਤ ਦੀ ਦੰਤ-ਕਥਾ ਦੇ ਰੂਪਾਂਤਰਣ ਬਾਰੇ ਲਿਖਦਿਆਂ ਦੱਸਿਆ ਹੈ ਕਿ, ੌਉਪਰ ਲਿਖਤ ਕਾਵਿ-ਟੋਟੇ ਵਿਚ ਸਾਡੇ ਪ੍ਰਾਚੀਨ ਮਿਥਿਹਾਸ ਵਿਚ ਪੂਰਨ ਭਗਤ ਨੂੰ ਜਲਾਦਾਂ ਵੱਲੋਂ ਛੱਡ ਦੇਣ ਦੀ ਮਿੱਥ ਨੂੰ ਮੁੜ ਸਿਰਜਿਤ ਕੀਤਾ ਗਿਆ ਹੈ। ਪਰ ਇਸ  ਨੂੰ ਮੁੜ ਸਿਰਜਿਤ ਕਰਨ ਵੇਲੇ ਮਿੱਥ ਨੂੰ ਆਧੁਨਿਕਤਾ ਦੀ ਹਾਣੀ ਬਣਾਉਣ ਲਈ ਥੋੜ੍ਹਾ ਉਲਟਾ ਦਿੱਤਾ ਹੈ। 'ਮਰਨ ਤੋਂ ਬਾਅਦ' ਜਲਾਦਾਂ ਦੇ ਮਨ ਵਿਚ ਮੋਹ ਉਪਜਿਆ/ਉਪਜਾਇਆ ਹੈ। 'ਕਤਲ ਹੋ ਜਾਣ ਪਿਛੋਂ' ਵੀ 'ਅਜੇ ਤੱਕ ਸਾਸ ਵਿਰੋਲਣਾ' ਕੋਈ ਪਰਾਭੌਤਿਕੀ ਗੱਲ ਨਹੀਂ ਹੈ, ਸਗੋਂ ਪਾਤਰ ਦੀ ਸਮਕਾਲੀ ਯਥਾਰਥ ਨੂੰ ਮਿਥਿਹਾਸ ਦੀ ਅੱਖ ਰਾਹੀਂ ਮੁੜ ਫੜ ਕੇ ਅਭਿਵਿਅਕਤ ਕਰਨ ਦੀ ਕਾਵਿਕ ਜੁਗਤ ਹੈ।"54
ਪੂਰਨ ਭਗਤ ਤੋਂ ਬਾਅਦ ਸੁਰਜੀਤ ਪਾਤਰ ਨੇ ਮਿਰਜ਼ੇ ਦੀ ਦੰਤ-ਕਥਾ ਨੂੰ ਕਈ ਸੰਦਰਭਾਂ ਵਿਚ ਨਵੇਂ ਅਰਥ ਦਿੱਤੇ ਹਨ। ਅੱਜ ਦਾ ਮਿਰਜ਼ਾ ਇਕ ਸੁਚੇਤ ਮਨੁੱਖ ਦੇ ਤੌਰ 'ਤੇ ਵੀ ਸਾਹਮਣੇ ਆਉਂਦਾ ਹੈ। ਉਹ ਇਸ ਗੱਲੋਂ ਸਮਝਦਾਰ ਹੈ ਕਿ ਉਸ ਨੂੰ ਮਾਰਨ ਵਾਲੇ ਤੀਰਾਂ ਦਾ ਪ੍ਰਭਾਵ ਕਿਤੇ ਹੋਰ ਪੈਂਦਾ ਹੈ ਇਸ ਲਈ ਉਹ ਸਾਹਿਬਾਂ ਨੂੰ ਆਪਣੀ ਕਹਿਣ ਦਾ ਹੀਆ ਨਹੀਂ ਕਰਦਾ। ਜਿਵੇਂ :
 
ਮੇਰੇ ਲਈ ਜੋ ਤੀਰ ਬਣੇ ਸਨ ਹੋਰ ਕਲੇਜੇ ਲੱਗੇ
ਕਿੰਝ ਸਾਹਿਬਾਂ ਨੂੰ ਆਪਣੀ ਆਖਾਂ ਕਿਉਂ ਮਿਰਜ਼ਾ ਸਦਵਾਵਾ।55
'
ਚੌਕ ਸ਼ਹੀਦਾਂ 'ਚ ਉਸ ਦਾ ਆਖਰੀ ਭਾਸ਼ਨ' ਨਾਂ ਦੀ ਕਵਿਤਾ ਵਿਚ ਉਹ ਆਧੁਨਿਕ ਚੌਕਾਂ ਅਤੇ ਪੁਰਾਤਨ ਚੁਰਸਤਿਆਂ ਵਿਚ ਅੰਤਰ ਕਰਦਾ ਹੈ। ਇਸੇ ਸੰਦਰਭ ਵਿਚ ਇਕ ਥਾਂ ਉਹ ਮਿਰਜ਼ਾ ਸਾਹਿਬਾਂ ਦੀ ਦੰਤ-ਕਥਾ ਨੂੰ ਇਤਿਹਾਸਕ ਸੰਦਰਭ ਨਾਲ ਜੋੜ ਕੇ ਵੇਖਦਾ ਹੈ। ਉਹ ਲਿਖਦਾ ਹੈ :
 
ਹੁਣ ਤਾਂ ਪਤਾ ਹੈ ਕਿ ਜੰਡ 'ਤੇ ਤਰਕਸ਼
 
ਸਾਹਿਬਾਂ ਨੇ ਨਹੀਂ, ਸਮਿਆਂ ਨੇ ਟੰਗਿਆ ਸੀ।56
ਡਾ. ਰਾਜਿੰਦਰ ਪਾਲ ਸਿੰਘ ਨੇ ਇਨ੍ਹਾਂ ਪੰਗਤੀਆਂ ਨੂੰ ਵੀ ਮਿਥਿਹਾਸ ਨਾਲ ਜੋੜ ਕੇ ਦੇਖਿਆ ਹੈ ਪਰੰਤੂ ਲੋਕਧਾਰਾ ਦੇ ਵਿਦਿਆਰਥੀ ਹੋਣ ਨਾਤੇ ਅਸੀਂ ਇਹ ਸਮਝਦੇ ਹਾਂ ਕਿ ਮਿਥਿਹਾਸ ਅਤੇ ਦੰਤ-ਕਥਾਵਾਂ ਨੂੰ ਨਿਖੇੜ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਅਨੇਕ ਤਰ੍ਹਾਂ ਦੇ ਭਰਮ ਪੈਦਾ ਹੋ ਸਕਦੇ ਹਨ। ਗ਼ਜ਼ਲ ਦੇ ਇਕ ਹੋਰ ਸ਼ਿਅਰ ਵਿਚ ਮਿਰਜ਼ਾ ਮੱਧਕਾਲੀ ਹੰਕਾਰੀ ਮਿਰਜ਼ਾ ਨਾ ਰਹਿ ਕੇ ਲਿਖਾਰੀ ਮਿਰਜ਼ਾ ਬਣ ਜਾਂਦਾ ਹੈ। ਆਰਥਿਕ ਲਾਭ ਲਈ ਜਦੋਂ ਪ੍ਰੇਮਿਕਾ ਕਿਸੇ ਹੋਰ ਨਾਲ ਤੁਰ ਜਾਂਦੀ ਹੈ ਤਾਂ ਜਖ਼ਮੀ ਮਿਰਜ਼ਾ ਲੇਖਕ ਦਾ ਰੂਪ ਧਾਰਨ ਕਰ ਲੈਂਦਾ ਹੈ। ਇਸ ਪ੍ਰਕਿਰਿਆ ਨੂੰ ਹੇਠ ਲਿਖੇ ਸ਼ਿਅਰ ਬਿਆਨ ਕਰਦੇ ਹਨ :
 
ਪਹਿਲਾਂ ਜੋ ਵੀ ਦਿਲ ਵਿਚ ਆਇਆ ਗੌਂਦੀ ਸੀ ਸ਼ਹਿਨਾਈ
 
ਫਿਰ ਸ਼ਹਿਨਾਈ ਦੇ ਗਲ ਅੰਦਰ ਫਸ ਗਈ ਇਕ ਅਠਿਆਨੀ
 
ਓਹੀ ਵਿਚ ਕਲੇਜੇ ਲੱਗੀ, ਉਸ ਦੀ ਕਲਮ ਬਣਾਈ
 
ਜਿਹੜੇ ਮਿਰਜ਼ੇ ਜੱਟ ਨੇ ਮਾਰੀ ਵਿਚ ਅਸਮਾਨ ਦੇ ਕਾਨੀ।57
ਸੁਰਜੀਤ ਪਾਤਰ ਨੇ ਰਾਂਝੇ ਦੀ ਦੰਤ-ਕਥਾ ਨੂੰ ਵੀ ਆਪਣੀ ਗ਼ਜ਼ਲ ਦੇ ਸ਼ਿਅਰਾਂ ਵਿਚ ਨਵੇਂ ਅਰਥਾਂ ਵਿਚ ਵਰਤਿਆ ਹੈ। ਪ੍ਰੇਮਿਕਾ ਸਹੁਰਿਆ ਘਰ ਜਾ ਕੇ ਪ੍ਰੇਮੀ ਵੱਲੋਂ ਦਿੱਤੇ ਗਏ ਕਲੀਰੇ ਨੂੰ ਇਸ ਲਈ ਛਣਕਾਉਂਦੀ ਹੈ ਕਿ ਉਸ ਦੀ ਆਵਾਜ਼ ਉਸ ਦੇ ਪ੍ਰੇਮੀ ਰਾਂਝੇ ਤੱਕ   ਪਹੁੰਚੇ। ਆਧੁਨਿਕ ਪ੍ਰੇਮਿਕਾ ਹੀਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਕ ਹੋਰ ਥਾਂ ਸੁਰਜੀਤ ਪਾਤਰ ਅੱਜ ਦੇ ਇਮਾਨਦਾਰ ਤੇ ਨਿਮਰ ਮਨੁੱਖ ਮੂੰਹੋਂ ਇਹ ਅਖਵਾਉਂਦਾ ਹੈ ਕਿ ਜੇ ਉਹ ਪ੍ਰੇਮੀ ਨਾ ਬਣ ਸਕਦਾ ਤਾਂ ਉਸ ਲਈ ਦੋ ਹੀ ਰਾਹ ਬਾਕੀ ਬਚਦੇ ਸਨ ਜਾਂ ਉਹ ਨਾਥ ਬਣ ਜਾਂਦਾ ਜਾਂ ਲੁੱਡਣ ਮਲਾਹ ਭਾਵ ਜਾਂ ਅਜੋਕਾ ਮਨੁੱਖ ਸੰਨਿਆਸੀ ਬਣਨ ਦੇ ਰਾਹ ਪੈਂਦਾ ਹੈ ਜਾਂ ਸਮਾਜਿਕ ਕਾਰਜਾਂ ਵਿਚ ਆਪਣੇ ਆਪ ਨੂੰ ਲਾਉਂਦਾ ਹੈ। ਸੁਰਜੀਤ ਪਾਤਰ ਦਾ ਮਨੁੱਖ ਕੈਦੋਂ ਬਣਨ ਲਈ ਤਿਆਰ ਨਹੀਂ।
(1)
ਉਦਾਸ ਰਾਤ ਹੈ ਚੁਪ ਇਉਂ ਕਿ ਝੰਗ ਤੀਕ ਸੁਣੇ
ਕਲੀਰਾ ਯਾਰ ਦਾ ਅੱਜ ਖੇੜਿਆਂ 'ਚ ਛਣਕਾਇਆ।58
(2)
ਜੇ ਰਾਂਝੇ ਨਾ ਵੀ ਹੁੰਦੇ ਤਾਂ ਵੀ ਨਾ ਬਣਦੇ ਅਸੀਂ ਕੈਦੋਂ
ਅਸੀਂ ਜਾਂ ਨਾਥ ਹੁੰਦੇ ਜਾਂ ਅਸੀਂ ਲੁੱਡਣ ਮਲਾਹ ਬਣਦੇ।59
ਹੀਰ ਰਾਂਝੇ ਦੀ ਦੰਤ-ਕਥਾ ਦੇ ਨਾਲ-ਨਾਲ ਸੁਰਜੀਤ ਪਾਤਰ ਦੀ ਕਵਿਤਾ ਵਿਚ ਸੋਹਣੀ ਮਹੀਂਵਾਲ ਵੀ ਪ੍ਰਤੀਕ ਰੂਪ ਵਿਚ ਆ ਹਾਜ਼ਰ ਹੁੰਦੇ ਹਨ। ਉਸ ਅਨੁਸਾਰ ਸੋਹਣੀ ਮਹੀਂਵਾਲ ਵਰਗੇ ਲੋਕ ਡੁੱਬਦੇ ਨਹੀਂ ਸਗੋਂ ਉਨ੍ਹਾਂ ਦੀ ਪ੍ਰੀਤ ਕਥਾ ਆਉਣ ਵਾਲੇ ਸਮੇਂ ਵੀ ਚਲਦੀ ਰਹਿੰਦੀ ਹੈ। ਜਿਵੇਂ :
ਸੁਣ ਹੇ ਝਨਾਂ ਦੇ ਪਾਣੀ, ਤੂੰ ਡੁੱਬ ਗਏ ਨ ਜਾਣੀਂ
ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ
ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ
ਨਿੱਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ।60
ਇਕ ਅੱਧ ਸ਼ਿਅਰ ਵਿਚ ਸੁਰਜੀਤ ਪਾਤਰ ਨੇ ਜੱਗੇ ਦਾ ਜ਼ਿਕਰ ਵੀ ਕੀਤਾ ਹੈ :
ਰੇਤ ਨੇ ਉਹਦੀ ਰੱਤ ਚੂਸ ਲਈ ਪੌਣਾਂ ਰਾਖ ਖਿਲਾਰੀ
ਹਾਲੇ ਤੀਕ ਖਿਲਾ ਵਿਚ ਗੂੰਜੇ ਜੱਗੇ ਦੀ ਕਿਲਕਾਰੀ।61
ਉਪਰੋਕਤ ਦੰਤ-ਕਥਾਵਾਂ ਤੋਂ ਇਲਾਵਾ ਸੁਰਜੀਤ ਪਾਤਰ ਦੀਆਂ ਕਵਿਤਾਵਾਂ ਵਿਚ ਵਲੀ ਕੰਧਾਰੀ, ਤਾਨਸੈਨ ਤੇ ਬੈਜੂ ਬਾਵਰਾ, ਰਾਮ, ਔਰੰਗਜ਼ੇਬ ਅਤੇ ਰਾਜਾ ਇਡੀਪਸ ਦੀਆਂ ਦੰਤ-ਕਥਾਵਾਂ ਨਵੇਂ ਸਿਰਜਣਾਤਮਕ ਅਰਥ ਉਸਾਰਦੀਆਂ ਹਨ। ਅਜੋਕਾ ਵਿਅਕਤੀ ਗੁਰੂ ਨਾਨਕ ਵਾਂਗ ਅਜੋਕੇ ਵਲੀ ਕੰਧਾਰੀਆਂ ਨੂੰ ਲਲਕਾਰਨ ਦਾ ਜ਼ੇਰਾ ਇਕੱਠਾ ਕਰ ਰਿਹਾ ਹੈ। ਬੈਜੂ ਬਾਵਰਾ ਸੰਗੀਤਕ ਤਰਬਾਂ ਹੱਥੋਂ ਮਾਰ ਖਾਂਦਾ ਹੈ ਅਤੇ ਬਦਲਾ ਲੈਣ ਦਾ ਖ਼ਿਆਲ ਛੱਡ ਦਿੰਦਾ ਹੈ। ਪਾਤਰ ਅਨੁਸਾਰ ਮਾਂ ਕਦੇ ਕੁਸ਼ੱਲਿਆ ਬਣਦੀ ਹੈ ਅਤੇ ਕਦੇ ਇੱਛਰਾਂ। ਅੱਜ ਕੱਲ੍ਹ ਦੇ ਸੁਚੇਤ ਰਾਜਨੀਤਿਕ ਮਨੁੱਖ ਦੀ ਦ੍ਰਿਸ਼ਟੀ ਤੋਂ ਜ਼ਾਲਮ ਔਰੰਗਜ਼ੇਬ ਨਹੀਂ ਬਚ ਸਕਦਾ ਚਾਹੇ ਉਹ ਹਿੰਦੂ ਦੇ ਰੂਪ ਵਿਚ ਆ ਜਾਵੇ ਜਾਂ ਫਿਰ ਪਗੜੀਧਾਰੀ ਬਣ ਕੇ। ਚੁਰਸਤਿਆਂ ਦੀ ਗੱਲ ਕਰਦਿਆਂ ਸੁਰਜੀਤ ਪਾਤਰ ਇਡੀਪਸ ਨਾਲ ਵਾਪਰੀ ਹੋਣੀ ਦੀ ਬਾਤ ਵੀ ਪਾਉਂਦਾ ਹੈ। ਇਹ ਸਾਰੇ ਵਿਚਾਰ ਇਨ੍ਹਾਂ ਪੰਗਤੀਆਂ ਵਿਚੋਂ ਉਜਾਗਰ ਹੁੰਦੇ ਹਨ।
(1)
ਜ਼ਮੀਨੋਂ ਫੁੱਟ ਪਊ ਚਸ਼ਮਾ ਜੇ ਖੁੱਭਿਆ ਤੀਰ ਖਿੱਚਾਂਗਾ
ਗੁਰੂ ਦੇ ਨਾਂ 'ਤੇ ਮੈਂ ਵੀ ਇਕ ਵਲੀ ਦਾ ਨੀਰ ਖਿੱਚਾਂਗਾ।62
(2)
ਤਾਨਸੈਨ ਤੋਂ ਬਾਪ ਦਾ ਬਦਲਾ ਬੈਜੂ ਲੈਣ ਗਿਆ
ਤਾਨ ਸੁਣੀ ਤਾਂ ਕਿਰ ਗਈ ਹੱਥੋਂ ਹੰਝੂ ਬਣ ਕਿਰਪਾਨ
ਕਾਲੀ ਰਾਤ ਵਰਾਨੇ ਟਿੱਲੇ ਏਦਾਂ ਵਰਸੇ ਮੀਂਹ
ਜਿਉਂ ਕੋਈ ਅਧਖੜ ਔਤ ਜਨਾਨੀ ਨ੍ਹਾਵੇ ਵਿਚ ਸ਼ਮਸ਼ਾਨ।63
(3)
ਪਤਾ ਨਹੀਂ ਕੀ ਕੀ ਦੁੱਖੜੇ ਰੋਂਦੀ ਹੈ
ਕਦੀ ਕੁਸ਼ੱਲਿਆ ਕਦੀ ਇੱਛਰਾਂ ਬਣ ਜਾਂਦੀ ਹੈ।64
(4)
ਜਿਸ ਤੇਗ਼ ਦੇ ਘਾਟ ਗੁਰੂ ਉਤਰੇ
ਉਸ ਤੇਗ਼ ਤੋਂ ਖੂਨ ਨਹੀਂ ਸੁੱਕਦਾ
ਦਸਤਾਰ ਸਜਾ ਕੇ ਆ ਜਾਵੇ
ਭਾਵੇਂ ਤਿਲਕ ਲਗਾ ਕੇ ਆ ਜਾਵੇ
ਸਾਥੋਂ ਔਰੰਗਜੇਬ ਨਹੀਂ ਲੁਕਦਾ।65
(5)
ਤੇ ਜਦੋਂ ਈਡੀਪਸ ਨੂੰ ਉਸ ਦੀ ਮਾਂ ਦੇ ਸੰਗ
ਕਿਸੇ ਹੋਣੀ ਦੇ ਭਾਣੇ ਨੇ ਸੁਲਾਇਆ ਸੀ
ਕਿਸੇ ਹਾਕਮ ਦੇ ਠਾਣੇ ਨੇ ਨਹੀਂ
ਉਦੋਂ ਇਕ ਚੌਕ ਚੌਰਸਤਾ ਹੀ ਹੁੰਦਾ ਸੀ।66
ਸੁਰਜੀਤ ਪਾਤਰ ਨੇ ਗੌਤਮ ਬੁੱਧ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ, ਮੁਹੰਮਦ, ਈਸਾ, ਕ੍ਰਿਸ਼ਨ ਆਦਿ ਧਾਰਮਿਕ ਲੋਕ ਨਾਇਕਾਂ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਆਧੁਨਿਕ ਵਿਚਾਰਧਾਰਾ ਨਾਲ ਜੋੜ ਕੇ ਨਵੇਂ ਅਰਥ ਸਿਰਜੇ ਹਨ ਜੋ ਅਜੋਕੇ ਮਾਨਵ ਦੇ ਹਾਣੀ ਹਨ। ਉਸ ਅਨੁਸਾਰ ਜਦੋਂ ਵੀ ਗੌਤਮ ਬੁੱਧ ਵਰਗੇ ਨਾਇਕਾਂ ਨੂੰ ਕਿਸੇ ਤਰ੍ਹਾਂ ਵੀ ਬਾਹਰ ਜਾਣ ਤੋਂ ਵਰਜਿਆ ਨਾ ਜਾ ਸਕਿਆ ਤਾਂ ਉਸ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਿਆ ਗਿਆ ਇਹ ਅੱਜ ਵੀ ਸੱਚ ਹੈ। ਬਾਬਾ ਨਾਨਕ ਲੋਕ ਮਨਾਂ ਉੱਪਰ ਰਾਜ ਕਰਦਾ ਹੈ ਜਦਕਿ ਰਾਜ ਬਾਬਰ ਦਾ ਜਾਂ ਕਿਸੇ ਹੋਰ ਰਾਜੇ ਦਾ ਹੋ ਸਕਦਾ ਹੈ। ਸੱਤਾਧਾਰੀ ਨਾਲੋਂ ਲੋਕ ਨਾਇਕ ਵਧੇਰੇ ਸ਼ਕਤੀਸ਼ਾਲੀ ਹੈ। 'ਘਰਰ ਘਰਰ' ਨਾਂ ਦੀ ਕਵਿਤਾ ਵਿਚ ਸੁਰਜੀਤ ਪਾਤਰ ਨੇ ਇਕ ਮੱਧਵਰਗੀ ਬੁੱਧੀਜੀਵੀ ਦਾ ਚਿਤਰ ਚਿਤਰਿਆ ਹੈ ਜੋ ਬਹੁਤ ਕੁਝ ਜਾਣਦਾ ਹੈ ਪਰੰਤੂ ਉਸ ਦੀ ਆਪਣੀ ਕੋਈ ਮੌਲਿਕਤਾ ਨਹੀਂ। ਉਹ ਸਮਾਜ ਤੇ ਪਰਿਵਾਰ ਦੇ ਕੰਮ ਆਉਣ ਦੀ ਬਜਾਇ ਮਹਾਤਮਾ ਬੁੱਧ, ਗੁਰੂ ਗੋਬਿੰਦ ਸਿੰਘ ਅਤੇ ਕ੍ਰਿਸ਼ਨ ਆਦਿ ਦੀਆਂ ਸਿੱਖਿਆਵਾਂ ਦੇਣ ਲੱਗਦਾ ਹੈ। ਜਿਵੇਂ :
 
ਕਪਲ ਵਸਤੂ ਦੇ ਸ਼ਧੌਧਨ ਦਾ ਧਿਆਨ ਧਰੋ
 
ਮਾਛੀਵਾੜੇ ਵੱਲ ਨਜ਼ਰ ਕਰੋ
 
ਗੀਤਾ ਪੜ੍ਹੀ ਵੀ ਹੈ ਤਾਂ ਵਿਚਾਰੋ ਵੀ...
 
ਕੁਰੂ ਕਰਮਾਣੀ ਸੰਗਮ ਤਿਕਤਵਾ...
 
ਇਕੋ ਜਿਹਾ ਬਹੁਤ ਕੁਝ ਜੋ ਮੇਰੀ ਵੀ ਸਮਝੋਂ ਬਾਹਰ ਸੀ
 
ਕਿਹਾ ਤੇ ਚਲ ਪਿਆ।67
ਕੁਝ ਹੋਰ ਉਦਾਹਰਣਾਂ ਦੇਖੀਆਂ ਜਾ ਸਕਦੀਆਂ ਹਨ :
(1)
ਗੌਤਮੀ ਪੈਰਾਂ ਦੇ ਵਿਚ ਜ਼ੰਜੀਰ ਨਾ ਪਾਈ ਗਈ
ਸਿਰਫ਼ ਨਾਜ਼ੁਕ ਵੇਲ ਉਸਦੇ ਗਲ਼ ਨੂੰ ਲਿਪਟਾਈ ਗਈ।68
(2)
ਰੇਤ 'ਤੇ ਬਾਬਰ ਦਾ ਸੀ, ਰੂਹਾਂ 'ਤੇ ਉਸ ਦਾ ਰਾਜ ਸੀ
ਉਹ ਜੁ ਅਕਸਰ ਆਖਦਾ ਸੀ ਛੇੜ ਮਰਦਾਨੇ ਰਬਾਬ
ਉਹ ਕਿ ਜੋ ਲਫ਼ਜ਼ਾਂ ਦੀ ਖੇਤੀ ਹੀ ਸਦਾ ਕਰਦੇ ਰਹੇ
ਉਨ੍ਹਾਂ ਲਈ ਦੋ ਲਫ਼ਜ਼ ਹੀ ਸਨ ਕੀ ਸੀ ਬਾਬਰ ਕੀ ਰਬਾਬ।69
(3)
ਗੋਬਿੰਦ ਸੀ ਤੇ ਰਸੂਲ ਸੀ, ਈਸਾ ਸੀ, ਬੁੱਧ ਸੀ
ਤਪਦ ਥਲਾਂ 'ਚ ਚਲ ਰਿਹਾ ਸੀ ਕੌਣ ਕੌਣ ਨਾਲ।70
ਸੁਰਜੀਤ ਪਾਤਰ ਨੂੰ ਵਿਰਸੇ ਤੇ ਵਰਤਮਾਨ ਦੇ ਦਵੰਦਾਤਮਕ ਰਿਸ਼ਤਿਆਂ ਦੀ ਸਮਝ ਹੈ। ਕੁਝ ਥਾਵਾਂ ਤੇ ਉਹ ਵਿਰਸੇ ਨੂੰ ਸੰਸਕਾਰਾਂ ਜਾਂ ਸਿਮਰਤੀਆਂ ਦੇ ਰੂਪ ਵਿਚ ਗ੍ਰਹਿਣ ਕਰਦਾ ਹੈ। ਪੁਰਖਿਆਂ ਦੇ ਵਿਚਾਰਾਂ ਦਾ ਅਤੇ ਆਧੁਨਿਕ ਵਿਚਾਰਾਂ ਦੇ ਸੰਘਰਸ਼ ਵਿਚੋਂ ਉਹ ਨਵੇਂ ਅਰਥ ਉਘਾੜਨ ਦਾ ਯਤਨ ਕਰਦਾ ਹੈ। ਇਹ ਗੱਲ ਵਿਚਾਰਾਂ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਟਕਰਾਅ ਭਾਵਨਾਵਾਂ ਦੀ ਪੱਧਰ 'ਤੇ ਵੀ ਜਾਰੀ ਰਹਿੰਦਾ ਹੈ। ਡਾ. ਵਨੀਤਾ ਦੇ ਇਕ ਪ੍ਰਸ਼ਨ ਦੇ ਉੱਤਰ ਵਿਚ ਉਹ ਲਿਖਦਾ ਹੈ, ੌਸੰਸਕਾਰਾਂ ਤੇ ਸਿਮਰਤੀਆਂ ਦੇ ਰੂਪ ਵਿਚ ਪੁਰਖੇ ਅੰਦਰ ਵੱਸਦੇ ਹਨ। ਕਈ ਵਾਰ ਭਾਵੁਕਤਾ ਤੇ ਬੌਧਿਕਤਾ, ਅਤੀਤ ਤੇ ਵਰਤਮਾਨ ਵਿਚਕਾਰ ਸੰਘਰਸ਼ ਹੁੰਦਾ ਹੈ। ਉਦੋਂ ਮੈਨੂੰ ਜਾਪਦਾ ਹੈ ਮੇਰੇ ਪੁਰਖੇ ਮੇਰੇ ਨਾਲ ਸੰਵਾਦ ਕਰ ਰਹੇ, ਮੈਨੂੰ ਵਰਜ ਰਹੇ ਹਨ, ਮੈਨੂੰ ਉਕਸਾ ਰਹੇ ਹਨ। ਕਿਤੇ ਮੈਂ ਪੁਰਖਿਆਂ ਦੀ ਅਦਾਲਤ ਵਿਚ ਹੁੰਦਾ ਹਾਂ। ਕਦੀ ਉਹ ਆਪਣਾ ਵੀ ਦੱਸਦੇ ਹਨ।"71
ਇਸੇ ਤਰ੍ਹਾਂ ਸੁਰਜੀਤ ਪਾਤਰ ਅਜੋਕੇ ਪਰਿਆਵਰਣ ਦੇ ਵਿਨਾਸ਼ ਤੋਂ ਬਚਣ ਲਈ ਜਦੋਂ ਰੁੱਖਾਂ ਦਾ ਪੱਖ ਲੈਂਦਾ ਹੈ ਤਾਂ ਉਹ ਲੋਕਧਾਰਾ ਅਤੇ ਲੋਕ ਵਿਰਸੇ 'ਚੋਂ ਉਦਾਹਰਣਾਂ ਲੈ ਕੇ ਭੂਤਕਾਲ ਤੇ ਵਰਤਮਾਨ ਵਿਚ ਇਕ ਤਰ੍ਹਾਂ ਦਾ ਪੁਲ ਉਸਾਰਨ ਦਾ ਯਤਨ ਕਰਦਾ ਹੈ ਅਤੇ ਨਾਲ ਹੀ ਪੁਰਾਤਨ ਲੋਕ ਵਿਸ਼ਵਾਸਾਂ ਬਾਰੇ ਵੀ ਚਿੰਤਨ ਕਰਦਾ ਹੈ। ਉਹ ਭਾਵੇਂ ਇਨ੍ਹਾਂ ਵਿਸ਼ਵਾਸਾਂ ਨੂੰ ਪ੍ਰਵਾਨ ਨਹੀਂ ਕਰਦਾ ਪਰੰਤੂ ਇਨ੍ਹਾਂ ਵਿਸ਼ਵਾਸਾਂ ਦੇ ਲੋਕ ਜੀਵਨ ਵਿਚ ਮਹੱਤਵ ਨੂੰ ਸਵੀਕਾਰ ਕਰਦਾ ਹੈ। ਮੰਗਲੀਕ ਵਰ ਜਾਂ ਬਧੂ ਇਕ ਦੂਜੇ ਨਾਲ ਹੀ ਵਿਆਹ ਕਰ ਸਕਦੇ ਹਨ। ਜੇ ਕੁੜੀ ਮੰਗਲੀਕ ਤੋਂ ਇਲਾਵਾ ਕਿਸੇ ਹੋਰ ਮੁੰਡੇ ਨਾਲ ਵਿਆਹੀ ਜਾਂਦੀ ਹੈ ਤਾਂ ਉਸ ਦੀ ਮੌਤ ਅਵੱਸ਼ ਮੰਨੀ ਜਾਂਦੀ ਹੈ। ਇਸੇ ਲਈ ਕੁੜੀ ਦਾ ਵਿਆਹ ਕਿਸੇ ਦਰੱਖ਼ਤ ਨਾਲ ਕੀਤਾ ਜਾਂਦਾ ਹੈ। ਲੋਕ ਵਿਸ਼ਵਾਸ ਅਨੁਸਾਰ ਵਿਆਹ ਤੋਂ ਬਾਅਦ ਇਹ ਦਰੱਖ਼ਤ ਸੁੱਕ ਜਾਂਦਾ ਹੈ। ਸੁਰਜੀਤ ਪਾਤਰ ਇਨ੍ਹਾਂ ਵਿਸ਼ਵਾਸਾਂ ਵਿਚ ਦਰੱਖ਼ਤਾਂ ਦੀ ਸਭਿਆਚਾਰਕ ਮਹੱਤਤਾ ਵੇਖਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ, ੌਫ਼ਰੀਦ ਹੋਰਾਂ ਦਾ ਇਹ ਕਹਿਣਾ ੌਦਰਵੇਸ਼ਾਂ ਨੋ ਲੋੜੀਆਂ ਰੁੱਖਾਂ ਦੀ ਜੀਰਾਂਦ" ਇਹ ਸਭ ਇਸ ਗੱਲ ਦੀ ਗਵਾਹੀ ਹਨ। ਇਕ ਪੁਰਾਣੀ ਪੰਜਾਬੀ ਰੀਤ ਹੈ ਕਿ ਜਿਸ ਕੁੜੀ ਦੀ ਜਨਮ-ਕੁੰਡਲੀ ਵਿਚ ਲਿਖਿਆ ਹੋਵੇ ਕਿ ਇਸ ਦੇ ਪਹਿਲੇ ਪਤੀ ਦੀ ਮੌਤ ਹੋ ਜਾਵੇਗੀ, ਉਸ ਕੁੜੀ ਦਾ ਵਿਆਹ ਕਿਸੇ ਪੁਲਿੰਗ ਨਾਮ ਵਾਲੇ ਦਰੱਖ਼ਤ ਨਾਲ ਕਰ ਦਿੱਤਾ ਜਾਂਦਾ ਸੀ। ਤਨੇ ਦੁਆਲੇ ਤੰਦਾਂ ਲਪੇਟ ਕੇ ਤੇ ਉਸ ਦੁਆਲੇ ਫੇਰੇ ਲੈ ਕੇ। ਕਹਿੰਦੇ ਨੇ ਉਹ ਵਿਆਹਿਆ ਦਰੱਖ਼ਤ ਸੁੱਕ ਜਾਂਦਾ ਸੀ ਤਾਂ ਕੁੜੀ ਦਾ ਵਿਆਹ ਕਿਸੇ ਮੁੰਡੇ ਨਾਲ ਕੀਤਾ ਜਾਂਦਾ ਸੀ।"72
ਬੁਰੀ ਨਜ਼ਰ ਤੋਂ ਬਚਾਉਣ ਲਈ ਮਿਰਚਾਂ ਵਾਰਨ ਦੇ ਲੋਕ ਵਿਸ਼ਵਾਸ ਨੂੰ ਸੁਰਜੀਤ ਪਾਤਰ ਨੇ ਪੰਜਾਬ ਦੇ ਸੰਦਰਭ ਵਿਚ ਬੜੀ ਕਲਾਤਮਿਕਤਾ ਨਾਲ ਵਰਤਿਆ ਹੈ। ਉਸ ਦੀਆਂ ਹੇਠ ਲਿਖੀਆਂ ਸਤਰਾਂ ਅਨੇਕਾਂ ਵਾਰ ਦੁਹਰਾਈਆਂ ਜਾਂਦੀਆਂ ਹਨ।
 
ਲੱਗੀ ਨਜ਼ਰ ਪੰਜਾਬ ਨੂੰ,
 
ਏਦ੍ਹੀ ਨਜ਼ਰ ਉਤਾਰੋ।
 
ਲੈ ਕੇ ਮਿਰਚਾਂ ਕੌੜੀਆਂ,
 e
੍ਹੇਦੇ ਸਿਰ ਤੋਂ ਵਾਰੋ।
 - - - - - - -
 - - - - - - -
 
ਅੱਗ ਪਿਤਰਾਂ ਦੀ ਜੀਭ ਹੈ,
 
ਓਦ੍ਹੀ ਭੇਟਾ ਚਾੜ੍ਹੋ।
 
ਉਹ ਪਿਤਰਾਂ ਦਾ ਬੀਜਿਆ,
 
ਬੀਤੇ ਸੰਗ ਸਾੜੋ।73
ਇਨ੍ਹਾਂ ਵਿਸ਼ਵਾਸਾਂ ਤੋਂ ਇਲਾਵਾ ਸੁਰਜੀਤ ਪਾਤਰ ਦੀ ਕਵਿਤਾ ਵਿਚ ਪਿੰਜਰ, ਪ੍ਰੇਤ ਅਤੇ ਕਬਰਾਂ ਦੀ ਪੂਜਾ ਦਾ, ਛਲੇਡੇ ਦਾ, ਵਰ ਤੇ ਸਰਾਪ ਦਾ, ਸ਼ਰੀਕਾਂ ਦੇ ਟੂਣੇ ਕਰਨ ਦੇ ਵਿਸ਼ਵਾਸ ਵੀ ਮਿਲਦੇ ਹਨ। ਭਾਵੇਂ ਉਹ ਕਦੇ ਇਨ੍ਹਾਂ ਵਿਸ਼ਵਾਸਾਂ ਦਾ ਵਿਰੋਧ ਕਰਦਾ ਹੈ ਤੇ ਆਪਣੇ ਲਈ ਬੱਚਿਆਂ ਦੀ ਮੁਸਕਾਨ ਨੂੰ ਹੀ ਪੂਜਾ ਮੰਨਦਾ ਹੈ। ਰਾਜਨੀਤਿਕ ਲੋਕਾਂ ਦੀ ਪੈਂਤੜੇਬਾਜੀ ਨੂੰ ਉਹ ਛਲੇਡੇ ਦੇ ਰੂਪ ਬਦਲਣ ਨਾਲ ਜੋੜਦਾ ਹੈ।
(1)
ਤੂੰ ਪਿੰਜਰ, ਪ੍ਰੇਤ, ਕਬਰਾਂ ਪੂਜਦਾ ਏਂ,
ਮੈਂ ਪੂਜਾਂ ਬੱਚਿਆਂ ਦੀ ਮੁਸਕਣੀ ਨੂੰ।74
(2)
ਹੁਣ ਮਾਸੂਮੀਅਤ ਕੀ ਹੈ?
ਸਾਈਡਪੋਜ਼ ਹੈ ਗੋਲੇ ਕਬੂਤਰ ਦਾ
ਜਾਂ ਬੁੱਤ ਦੀ ਦਸਤਾਵੇਜ਼ੀ ਮੁਸਕਰਾਹਟ ਹੈ
ਸ਼ਹਿਦ ਨੂੰ ਚੋਰ ਲੋਰੀ ਦੇ ਰਹੇ ਨੇ
ਛਲੇਡਾ ਫੁੱਲ ਬਣਿਆ ਹੈ
ਤੇ ਜਾਂ ਲੂੰਬੜ ਨੂੰ ਚੋਣ ਨਿਸ਼ਾਨ ਲੇਲਾ ਮਿਲ ਗਿਆ ਹੈ।75
ਕਵਿਤਾ 'ਹੁਣ ਘਰਾਂ ਨੂੰ ਪਰਤਣਾ' ਵਿਚ ਪੰਜਾਬ ਦੇ ਦੁਖਾਂਤ ਦਾ ਸਾਇਆ ਸਪੱਸ਼ਟ ਦਿਖਾਈ ਦਿੰਦਾ ਹੈ। ਕੋਈ ਵੀ ਵਿਅਕਤੀ ਆਪਣੇ ਘਰ ਇਸ ਲਈ ਨਹੀਂ ਪਰਤ ਸਕਦਾ ਕਿਉਂਕਿ ਮੌਤ ਦਾ ਸਾਇਆ ਹਮੇਸ਼ਾ ਉਸ ਦਾ ਪਿੱਛਾ ਕਰਦਾ ਹੈ। ਡਰ ਦੀ ਮਨੋ ਅਵਸਥਾ ਕਾਰਣ ਮਨੁੱਖ ਉਮਰ ਤੋਂ ਪਹਿਲਾਂ ਹੀ ਬੁੱਢਾ ਹੋ ਜਾਂਦਾ ਹੈ ਜਿਸ ਨੂੰ ਉਸ ਦੀ ਮਾਂ ਵੀ ਸ਼ਾਇਦ ਪਛਾਣ ਨਾ ਸਕੇ। ਮੋਏ ਮਿੱਤਰਾਂ ਦਾ ਸੋਗ ਵੀ ਮਨਾਇਆ ਨਹੀਂ ਜਾ ਸਕਦਾ। ਅਜਿਹੇ ਮਾਹੌਲ ਵਿਚ ਸੁਚੇਤ ਮਨ ਵਿਚ ਜਿਹੜੇ ਭੈੜੇ ਖਿਆਲ ਆਉਂਦੇ ਹਨ ਉਨ੍ਹਾਂ ਵਿਚ ਲੋਕ ਵਿਸ਼ਵਾਸਾਂ ਦਾ ਪਿਛੋਕੜ ਹੈ।
ਆਪਣੀ ਹੀ ਲਾਸ਼ ਢੋਂਦਾ ਆਦਮੀ
ਪਤੀ ਦੇ ਸੱਜਰੇ ਸਿਵੇ 'ਤੇ ਮਾਸ ਰਿੰਨ੍ਹਦੀ ਰੰਨ
ਕੋਈ ਹੈਮਲਿਟ ਦੀ ਮਾਂ
ਸਰਦੀਆਂ ਵਿਚ ਬੰਦਿਆਂ ਦੇ ਸਿਵੇ ਸੇਕਣ ਵਾਲਾ ਹੱਥ।76
ਇਸੇ ਕਵਿਤਾ ਵਿਚ ਸਾਧੂ ਦਾ ਸਰਾਪ, ਟੂਣੇ-ਟਾਮਣ ਅਤੇ ਮੜ੍ਹੀਆਂ ਦੀ ਪੂਜਾ ਆਦਿ ਦੇ ਵੇਰਵੇ ਵੀ ਡੂੰਘੀ ਤਰ੍ਹਾਂ ਵਿਰਸੇ ਨਾਲ ਜੁੜੇ ਹੋਏ ਹਨ।
ਕਿਹੜੇ ਸਾਧੂ ਦੇ ਸਰਾਪ
ਕਿਸ ਸ਼ਰੀਕਣ ਚੰਦਰੀ ਦੇ ਟੂਣੇ ਟਾਮਣ ਨਾਲ ਹੋਇਆ
ਡਰ ਜਾਏਗੀ ਮੇਰੀ ਮਾਂ
- - - - - - - -
- - - - - - - -
ਸ਼ਾਮ ਨੂੰ ਜਦ ਮੜ੍ਹੀ 'ਤੇ ਦੀਵਾ ਬਲੇਗਾ
ਗੁਰਦੁਆਰੇ ਸੰਖ ਵੱਜੇਗਾ
ਉਹ ਬਹੁਤ ਆਵੇਗਾ ਯਾਦ।77
ਬਿਰਧ ਦੀ ਕਬਰ ਉੱਤੇ ਕੰਡਿਆਲੀ ਕਿੱਕਰ ਦਾ ਉੱਗਣਾ ਅਤੇ ਕੁਆਰੀ ਕੁੜੀ ਦੀ ਮੜ੍ਹੀ 'ਤੇ ਅੱਕ ਦੇ ਫੁੱਲ ਦਾ ਖਿੜਨਾ ਵੀ ਸ਼ਾਇਦ ਇਸੇ ਤਰ੍ਹਾਂ ਦੇ ਲੋਕ ਵਿਸ਼ਵਾਸ ਨਾਲ ਜੁੜਿਆ ਹੋਇਆ ਹੈ।
ਬਿਰਧ ਮਰੇ ਤਾਂ ਕਬਰ 'ਤੇ ਉੱਗੇ ਕਿੱਕਰ ਜਾਂ ਕੰਡਿਆਰੀ
ਅੱਗ ਤੇ ਦੁੱਧ ਦੇ ਫੁੱਲ ਖਿੜਦੇ ਨੇ ਜਿਥੇ ਮਰੇ ਕੁਆਰੀ।78
ਸੁਰੀਜਤ ਪਾਤਰ ਦੀ ਕਵਿਤਾ ਵਿਚ ਕੁਝ ਸ਼ਗਨਾਂ ਦਾ ਅਤੇ ਲੋਕ-ਕਾਵਿ ਰੂਪਾਂ ਦਾ ਜ਼ਿਕਰ ਵੀ ਪ੍ਰਾਪਤ ਹੈ। ਬੂਹੇ ਉੱਪਰ ਬੰਧਨ ਵਾਰ ਦਾ ਸੱਜਨਾ ਸ਼ਗਨਾਂ ਦੀ ਨਿਸ਼ਾਨੀ ਹੈ। ਸੁਰਜੀਤ ਪਾਤਰ ਨੇ ਜਨਮ ਤੋਂ ਮੌਤ ਤੱਕ ਦੇ ਸਮੇਂ ਨਾਲ ਜੁੜੇ ਕਾਵਿ ਰੂਪਾਂ ਲੋਰੀਆਂ, ਘੋੜੀਆਂ ਅਤੇ ਸੋਹਲਿਆਂ ਦਾ ਜ਼ਿਕਰ ਕੀਤਾ ਹੈ। ਸੋਹਿਲੇ ਕਾਵਿ ਰੂਪ ਨੂੰ ਸੁਰਜੀਤ ਪਾਤਰ ਨੇ ਮੌਤ ਨਾਲ ਜੋੜਿਆ ਹੈ ਜੋ ਕਿ ਉਚਿਤ ਨਹੀਂ ਕਿਉਂਕਿ ਸੋਹਿਲੇ ਜਨਮ ਸਮੇਂ ਨਾਲ ਸੰਬੰਧਿਤ ਹਨ ਅਤੇ ਅਲਾਹੁਣੀਆਂ ਮੌਤ ਸਮੇਂ ਨਾਲ। ਉਦਾਹਰਣ ਲਈ :
(1)
ਇਕ ਖ਼ਤ ਆਵੇ ਮਾਂ-ਜਾਈ ਦਾ
ਬਾਂਝ ਵਿਯੋਗਣ ਰੁੱਤੇ ਵੀ
ਵੀਰਾ ਪੱਤ ਸ਼ਰੀਂਹ ਦੇ ਬੱਝ ਗਏ
ਮੇਰੇ ਬੂਹੇ ਉੱਤੇ ਵੀ।79
(2)
ਲੋਰੀਆਂ, ਫਿਰ ਘੋੜੀਆਂ, ਫਿਰ ਸੋਹਿਲੇ
ਲੋਕ ਤੋਂ ਪਰਲੋਕ ਤਕ ਲਫ਼ਜ਼ਾਂ ਦਾ ਪੁਲ।80
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੁਰਜੀਤ ਪਾਤਰ ਨੇ ਬੁੱਢੀ ਜਾਦੂਗਰਨੀ ਕਹਿ ਕੇ ਉਸ ਦੀਆਂ ਵਿਸ਼ੇਸ਼ਤਾਵਾਂ ਨੂੰ ਵਿਅੰਗਾਤਮਕ ਢੰਗ ਨਾਲ ਪੇਸ਼ ਕੀਤਾ ਹੈ।
ਸੁਰਜੀਤ ਪਾਤਰ ਦੀ ਕਵਿਤਾ ਵਿਚ ਲੋਕਾਂ ਦੁਆਰਾ ਵਰਤੇ ਜਾਂਦੇ ਹਥਿਆਰਾਂ ਤੇ ਸੰਦਾਂ ਦੀ ਬਹੁਤਾਤ ਹੈ। ਜਿਵੇਂ ਖੰਜਰ, ਤਲਵਾਰ, ਚਾਕੂ, ਆਰਾ, ਕੁਹਾੜਾ, ਰੰਬੀ, ਤੀਰ, ਕਮਾਨ, ਕਟਾਰ ਆਦਿ। ਲੋਕ-ਗਹਿਣਿਆਂ ਅਤੇ ਸ਼ਿੰਗਾਰ ਦੇ ਅਨੇਕਾਂ ਸ਼ਬਦ ਵਰਤੇ ਗਏ ਹਨ, ਜਿਵੇਂ ਝਾਂਜਰਾ, ਕੰਙਣ, ਚੂੜਾ, ਮਹਿੰਦੀ, ਫੁਲਕਾਰੀ, ਕਾਂਟੇ, ਕਜਲਾ, ਪਾਂਜੇਬ, ਦੰਦਾਸਾ, ਸੂਟ, ਨੱਥ, ਟਿੱਕਾ, ਵੰਗਾਂ ਆਦਿ। ਇਸ ਸੰਬੰਧੀ ਕੁਝ ਉਦਾਹਰਣਾਂ ਵੇਖੀਆਂ ਜਾ ਸਕਦੀਆਂ ਹਨ।
(1)
ਨਦੀ ਚੜ੍ਹੀ ਸੀ
ਬਲੀ ਮੰਗਦੀ
ਨੱਥਾਂ ਚੰਦ ਸੁਹਾਗ ਦੇ ਚੂੜੇ।81
(2)
ਬਾਂਹੀ ਚੂੜਾ, ਹੱਥੀਂ ਮਹਿੰਦੀ, ਸਿਰ ਸੂਹੀ ਫੁਲਕਾਰੀ
ਕੰਨੀ ਕਾਂਟੇ, ਨੈਣੀ ਕਜਲਾ, ਕਜਲੇ ਵਿਚ ਲਾਚਾਰੀ।82
ਲੋਕ-ਸਾਜ਼ਾਂ ਵਿਚੋਂ ਵੰਝਲੀ ਜਾਂ ਬਾਸੁਰੀ, ਰਬਾਬ, ਨਗਾਰੇ ਦੀ ਕਈ ਵਾਰ ਵਰਤੋਂ ਕੀਤੀ ਗਈ ਹੈ। ਲੋਕ ਜੀਵਨ ਵਿਚੋਂ ਲਈ ਸਮੱਗਰੀ ਦੀ ਵਰਤੋਂ ਵੀ ਜੀਵਨ ਦੇ ਲੋਕਧਾਰਾਈ ਪਿਛੋਕੜ ਦਾ ਡੂੰਘਾ ਪ੍ਰਭਾਵ ਪਾਉਂਦੀ ਹੈਜਿਵੇਂ ਦੀਵਾ, ਜਿੰਦਾ, ਖੂਹ, ਟਿੰਡਾਂ, ਤਵਾ, ਪਰਾਤ, ਚੁੱਲ੍ਹਾ, ਤੂੜੀ ਦਾ ਕੁੱਪ, ਚਰਖਾ, ਭੱਠੀ, ਅਹਿਰਨ ਆਦਿ। ਲੋਕ ਪਹਿਰਾਵੇ ਵਿਚੋਂ ਪੱਗ ਦਾ ਜ਼ਿਕਰ ਆਇਆ ਹੈ ਜਿਸ ਦਾ ਅਰਥ ਹੈ ਇੱਜ਼ਤ ਜੋ ਪਰੰਪਰਾ ਵਿਚ ਮੌਜੂਦ ਹੈ।
ਡਾ. ਰਾਜਿੰਦਰ ਪਾਲ ਸਿੰਘ ਦਾ ਵਿਚਾਰ ਹੈ ਕਿ ਪਾਤਰ ਪ੍ਰਚਲਿਤ ਮੁਹਾਵਰਿਆਂ ਦੇ ਉਲਟ ਨਵੇਂ ਯੁੱਗ ਅਨੁਕੂਲ ਮੁਹਾਵਰੇ ਸਿਰਜਨ ਲਈ ਪ੍ਰਯਤਨਸ਼ੀਲ ਹੈ। ਉਹ 'ਕੰਧਾਂ ਦੇ ਕੰਨ ਚਾਹੁੰਦੇ ਨੇ, ਅਸੀਂ ਜੀਭ ਜਨ ਆਈਏ' ਕਾਵਿ ਪੰਗਤੀ ਨੂੰ ਹੇਠ ਲਿਖਿਆ ਅਰਥ ਵਿਸਤਾਰ ਦਿੱਤਾ ਗਿਆ ਹੈ।
ਲੋਕ ਮੁਹਾਵਰੇ ਅਨੁਸਾਰ ਕੰਧਾਂ ਦੇ ਵੀ ਕੰਨ ਹੁੰਦੇ ਹਨ। ਇਸ ਦਾ ਸਿੱਧਾ ਅਰਥ ਨਿਕਲਦਾ ਹੈ ਕਿ ਕੰਧਾਂ ਦੇ ਕੰਨ ਹੋਣ ਕਰਕੇ ਪਰਦੇ ਵਾਲੀ ਗੱਲ ਕਰਦਿਆਂ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ। ਪਰ ਸ਼ਾਇਰ ਇੱਥੇ ਇਨ੍ਹਾਂ ਅਰਥਾਂ ਨੂੰ ਵਿਸਥਾਰਦਾ ਹੈ ਕਿ 'ਕੰਧਾਂ ਦੇ ਕੰਨ' ਤਾਂ ਹੁੰਦੇ ਹਨ, ਪਰ ਜੀਭ ਨਹੀਂ ਅਤੇ ਜੇ ਉਹ ਗੱਲ ਉਗਲ ਦੇਣ ਤਾਂ ਸਾਡੇ ਸਾਹਮਣੇ ਅਸਲੀਅਤ ਆ ਜਾਵੇ। ਇਹ ਅਸਲੀਅਤ ਸਾਡੇ ਹੁਣ ਦੇ ਮਾਪਦੰਡਾਂ ਨੂੰ ਪੂਰਨ ਰੂਪ ਵਿਚ ਉਲਟਾ ਪੁਲਟਾ ਦੇਵੇਗੀ ਕਿਉਂ ਜੋ ਅਸੀਂ ਹਾਕਮਾਂ ਦੇ ਨਾਇਕ ਜਾਂ ਨਿਆਂਪਾਲਿਕਾ ਨੂੰ ਵੀ ਆਪਣੇ ਨਾਇਕ ਜਾਂ ਨਿਆਂਪਾਲਿਕ ਮੰਨੀ ਬੈਠੇ ਹਾਂ।"83 ਸੁਰਜੀਤ ਪਾਤਰ ਵੱਲੋਂ ਵਰਤੇ ਗਏ ਕੁਝ ਇਕ ਮੁਹਾਵਰਿਆਂ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਪਾਤਰ ਨੇ ਚੀਸ ਉਠਣੀ, ਕੰਧਾਂ ਨੂੰ ਵੀ ਕੰਨ ਹੋਣਾ, ਖੌਫ ਆਉਣਾ, ਪੱਥਰ ਹੋ ਜਾਣਾ, ਵੈਣ ਪਾਉਣਾ, ਜਾਨ ਮੁੱਠੀ 'ਚ ਆਉਣਾ, ਮੱਥਾ ਟੇਕਣਾ, ਝੱਖੜ ਝੁੱਲਣਾ, ਖ਼ੈਰ ਮੰਗਣਾ, ਲਹੂ ਲੁਹਾਨ ਹੋਣਾ, ਸੁਰਖ਼ਰੂ ਹੋਣਾ, ਕਾਗ ਉਡਾਉਣਾ, ਔਂਸੀਆਂ ਪਾਉਣਾ, ਅੱਖ ਲੱਗਣਾ, ਤਾਬ ਨਾ ਸਹਿਣਾ, ਮੱਛੀ ਵਾਂਗੂੰ ਤੜਪਣਾ, ਪੈਸੇ ਦਾ ਪੁੱਤ ਹੋਣਾ, ਗਲ਼ ਦਾ ਹਾਰ ਹੋਣਾ, ਅੱਖੀਂ ਘੱਟਾ ਪਾਉਣਾ ਆਦਿ ਮੁਹਾਵਰਿਆਂ ਦੀ ਵਰਤੋਂ ਵੀ ਕੀਤੀ ਹੈ।
ਉਪਰੋਕਤ ਸਾਰੀ ਵਿਚਾਰ ਚਰਚਾ ਤੋਂ ਬਾਅਦ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਸੁਰਜੀਤ ਪਾਤਰ ਦੀ ਕਵਿਤਾ ਦਾ ਉਦੈ ਰੁਮਾਂਟਿਕ ਪ੍ਰਗਤੀਵਾਦੀ ਕਵਿਤਾ ਦੇ ਦੌਰ ਦੇ ਸਮਾਪਤ ਹੋਣ ਤੋਂ ਬਾਅਦ ਅਤੇ ਆਧੁਨਿਕਤਾ ਪ੍ਰਯੋਗਸ਼ੀਲਤਾ ਦੀਆਂ ਸੀਮਾਵਾਂ ਦੇ ਆਰੰਭ ਹੋਣ ਨਾਲ ਹੁੰਦਾ ਹੈ। ਪਾਤਰ ਕਾਵਿ ਵਿਚ ਪ੍ਰਗਤੀਵਾਦੀ ਵਿਚਾਰ ਉਸ ਦੇ ਆਪਣੇ ਸਮੇਂ ਦੀਆਂ ਸਮਾਜਿਕ ਸਭਿਆਚਾਰਕ ਅਤੇ ਰਾਜਨੀਤਿਕ ਵਿਚਾਰਧਾਰਾਵਾਂ ਨਾਲ ਸੰਵਾਦ ਵਿਚੋਂ ਉਤਪੰਨ ਹੁੰਦਾ ਹੈ। ਪਾਤਰ ਭਾਵੇਂ ਦ੍ਰਿਸ਼ਟੀਕੋਣ ਪੱਖੋਂ ਪ੍ਰਗਤੀਵਾਦੀ ਵਿਚਾਰਾਂ ਦਾ ਧਾਰਣੀ ਹੈ ਪਰੰਤੂ ਉਹ ਆਪਣਾ ਕਾਵਿ ਪ੍ਰਗਟਾਅ ਨਵੇਂ ਕਾਵਿਕ ਮੁਹਾਵਰੇ ਤੋਂ ਕਰਦਾ ਹੈ। ਉਹ ਸਮਕਾਲੀ ਯਥਾਰਥ ਦੀਆਂ ਵਿਸੰਗਤੀਆਂ ਨੂੰ ਸਾਹਮਣੇ ਲਿਆਉਣ ਲਈ ਨਵੇਂ ਬਿੰਬ, ਪ੍ਰਤੀਕ ਸਿਰਜਣ ਦੇ ਨਾਲ-ਨਾਲ ਇਤਿਹਾਸਕ-ਮਿਥਿਹਾਸਕ ਘਟਨਾਵਾਂ ਨੂੰ ਵੀ ਨਵੇਂ ਅਰਥ ਦਿੰਦਾ ਹੈ।
ਸੁਰਜੀਤ ਪਾਤਰ ਦੀ ਕਵਿਤਾ ਵਿਚ ਇਤਿਹਾਸਕ ਅਤੇ ਮਿਥਿਹਾਸਕ ਵੇਰਵਿਆਂ ਤੋਂ ਇਲਾਵਾ ਲੋਕਧਾਰਾ ਦਾ ਸੰਘਣਾ ਤਾਣਾ-ਬਾਣਾ ਨਜ਼ਰ ਆਉਂਦਾ ਹੈ। ਪਰੰਪਰਾ, ਪਾਤਰ ਦੇ ਅਵਚੇਤਨ ਮਨ ਦਾ ਹਿੱਸਾ ਹੈ ਪਰੰਤੂ ਉਹ ਪਰੰਪਰਾ ਨੂੰ ਸਮਕਾਲੀ ਅਰਥ ਸੁਚੇਤ ਰੂਪ ਵਿਚ ਪ੍ਰਦਾਨ ਕਰਦਾ ਹੈ। 'ਦਵਾਖੀ ਤੇ ਜਗਦਾ ਦੀਵਾ, ਮਾਂ ਦਾ ਚਿਰਾਗ, ਢੱਡ-ਸਾਰੰਗੀ, ਅਲਗੋਜ਼ਿਆਂ, ਇਕਤਾਰਿਆਂ ਤੇ ਰਹਿਰਾਸ ਦੀ ਆਵਾਜ਼' ਉਸ ਨੂੰ ਟੁੰਬਦੀ ਹੈ। ਪਾਤਰ ਨੇ ਬੌਧਿਕ ਡੂੰਘਾਈ ਵਾਲੀ ਕਵਿਤਾ, ਪ੍ਰਗੀਤਾਤਮਕ ਗੀਤਾਂ, ਨਾਟਕਾਂ ਦੇ ਪੰਜਾਬੀ ਰੂਪਾਂਤਰਣ ਅਤੇ ਟੈਲੀਵਿਜ਼ਨ ਉੱਪਰ ਪ੍ਰਸਾਰਿਤ ਹੁੰਦੇ ਸੀਰੀਅਲਾਂ ਦੀਆਂ ਸਕਰਿਪਟਾਂ ਵੀ ਲਿਖੀਆਂ। ਪੰਜਾਬੀ ਸਾਹਿਤ ਵਿਚ ਉਸ ਦੀ ਮਕਬੂਲੀਅਤ ਉਸ ਦੀਆਂ ਗ਼ਜ਼ਲਾਂ ਦੇ ਸਦਕਾ ਹੋਈ। ਪਰ ਉਹ ਪਾਠਕਾਂ ਦੇ ਸਾਹਮਣੇ ਖੁੱਲ੍ਹੀਆਂ ਕਵਿਤਾਵਾਂ ਨਾਲ ਵੀ ਆਉਂਦਾ ਹੈ।
ਪਾਤਰ ਕਾਵਿ ਦੇ ਮੂਲ ਸਰੋਕਾਰਾਂ ਵਿਚ ਰਾਜਸੀ ਯਥਾਰਥ ਦੀ ਅਤਿ ਕਰੂਰਤਾਂ, ਔਰਤ ਮਰਦ ਦੇ ਸੰਬੰਧ, ਯੁੱਗ ਚੇਤਨਾ ਤੇ ਤ੍ਰਾਸਦੀ ਦਾ ਬੋਧ ਅਤੇ ਪੰਜਾਬ ਸੰਕਟ ਸ਼ਾਮਿਲ ਹਨ। ਉਸ ਦੀ ਗ਼ਜ਼ਲ ਦੀ ਵਿਸ਼ੇਸ਼ਤਾ ਇਹ ਹੈ ਕਿ ਉਸ ਵਿਚ ਭਾਵਨਾਵਾਂ ਦੀ ਤੀਬਰਤਾ ਤੇ ਸੋਜ਼ ਹੈ। ਕੇਵਲ ਸੁਹਜ ਸਿਰਜਣਾ ਉਸ ਦਾ ਅੰਤਿਮ ਨਿਸ਼ਾਨਾ ਨਹੀਂ ਹੈ ਬਲਕਿ ਉਸ ਦਾ ਮਨੋਰਥ ਮਾਨਵਵਾਦੀ ਸੱਚ ਦੀ ਪਛਾਣ ਕਰਨਾ ਹੈ। ਕੁਝ ਆਲੋਚਕ ਉਸ ਨੂੰ (ਪਾਤਰ ਨੂੰ) ਕਿਸੇ ਇਕ ਦ੍ਰਿਸ਼ਟੀ ਨਾਲ ਬੱਝਾ ਹੋਇਆ ਨਹੀਂ ਮੰਨਦੇ ਪਰੰਤੂ ਇਨ੍ਹਾਂ ਆਲੋਚਕਾਂ ਦੇ ਇਹ ਵਿਚਾਰ ਅਣਯਥਾਰਥਕ ਹਨ ਕਿਉਂਕਿ ਸੁਰਜੀਤ ਪਾਤਰ ਭਾਵੇਂ ਸਿੱਧੇ ਤੌਰ 'ਤੇ ਨਾਅਰੇਬਾਜ਼ੀ ਨਾ ਕਰੇ ਪਰੰਤੂ ਉਸ ਦੀ ਕਵਿਤਾ ਦੇ ਪਿਛੋਕੜ ਵਿਚ ਪ੍ਰਗਤੀਵਾਦੀ ਧਾਰਾ ਨਾਲੋਂ ਨਾਲ ਚਲਦੀ ਹੈ। ਪਾਤਰ ਭੌਤਿਕਵਾਦੀ ਦ੍ਰਿਸ਼ਟੀ ਤੋਂ ਦੇਖੇ ਗਏ ਯਥਾਰਥ ਨੂੰ ਕਲਾਤਮਿਕਤਾ ਨਾਲ ਪੇਸ਼ ਕਰਦਾ ਹੈ।
ਪਿਆਰ ਦੇ ਵਿਸ਼ਿਆਂ ਦੀ ਪੇਸ਼ਕਾਰੀ ਵੀ ਪਾਤਰ ਕਾਵਿ ਵਿਚ ਹੁੰਦੀ ਹੈ। ਆਲੋਚਕ ਪਾਤਰ ਦੀ ਕਵਿਤਾ ਵਿਚ ਪ੍ਰਕਿਰਤੀ ਅਤੇ ਸੰਸਕ੍ਰਿਤੀ ਦੀ ਸਾਂਝ ਦੇ ਵਿਸਤਾਰ ਨੂੰ ਰੂਪਮਾਨ ਕਰਦੇ ਹਨ। ਲੋਕਧਾਰਾ ਦੀ ਦ੍ਰਿਸ਼ਟੀ ਤੋਂ ਵੇਖੀਏ ਤਾਂ ਪਾਤਰ ਸਮੂਹਿਕ ਅਵਚੇਤਨ ਨਾਲ ਜੁੜਿਆ ਹੋਇਆ ਹੈ ਅਤੇ ਉਸ ਅਵਚੇਤਨ ਵਿਚ ਪਈ ਮਿਥਿਹਾਸਕ ਸਮੱਗਰੀ ਨੂੰ ਸਮਕਾਲੀ ਅਰਥਾਂ ਵਿਚ ਗ੍ਰਹਿਣ ਕਰਦਾ ਹੈ। ਬਾਵਾ ਬਲਵੰਤ ਤੋਂ ਬਾਅਦ ਉਹ ਇਕ ਅਜਿਹਾ ਆਧੁਨਿਕ ਕਵੀ ਦ੍ਰਿਸ਼ਟੀਗੋਚਰ ਹੁੰਦਾ ਹੈ ਜੋ ਮਿੱਥਾਂ ਦੀ ਪੁਨਰ ਸਿਰਜਣਾ ਰਾਹੀਂ ਬੜੇ ਗੰਭੀਰ ਤੇ ਡੂੰਘੇ ਅਰਥਾਂ ਦਾ ਸੰਚਾਰ ਕਰਦਾ ਹੈ। ਉਹ ਸਿਰਫ਼ ਮਿੱਥਾਂ ਦੇ ਅਨੁਕੂਲ ਅਰਥ ਹੀ ਨਹੀਂ ਸਿਰਜਦਾ ਕਈ ਵਾਰ ਤਾਂ ਉਹ ਲੋਕਧਾਰਾ ਦੇ ਪ੍ਰਤੀਕੂਲ ਅਰਥ ਵੀ ਕਰਦਾ ਹੈ। ਪਾਤਰ ਨੇ 'ਕੁਨ', ਕ੍ਰਿਸ਼ਨ, ਸਰਸਵਤੀ, ਸ਼ਿਵ, ਪਾਰਬਤੀ, ਉਸ਼ਾ, ਵਿਸ਼ਨੂੰ ਅਤੇ ਉਮਾ ਦੀਆਂ ਮਿੱਥਾਂ ਨੂੰ ਵਰਤਿਆ ਹੈਉਹ ਇਨ੍ਹਾਂ ਮਿੱਥਾਂ ਨੂੰ ਅਜੋਕੇ ਸੰਦਰਭ ਵਿਚ ਰੱਖ ਕੇ ਕ੍ਰਿਸ਼ਨ ਨੂੰ ਕਵੀ ਦੇ ਅਰਥ ਦਿੰਦਾ ਹੈ। ਰਿਸ਼ੀਆਂ ਦੀ ਤਾੜੀ/ਸਮਾਧੀ ਭੰਗ ਕਰਨ ਹੇਤੂ ਅਪਸਰਾਵਾਂ ਦੁਆਰਾ ਭਰਮਾਏ ਜਾਣ ਦੀ ਮਿੱਥ ਦਾ ਜ਼ਿਕਰ ਵੀ ਕੀਤਾ ਗਿਆ ਹੈ। ਕਈ ਥਾਵਾਂ ਤੇ ਪਾਤਰ ਮਿੱਥ ਦੀ ਗਲਤ ਵਰਤੋਂ ਵੀ ਕਰ ਰਿਹਾ ਹੈ ਜਿਵੇਂ ਦੇਵਤਿਆਂ ਦੇ ਦੋ ਵਾਹਨਾਂ ਦਾ ਜ਼ਿਕਰ ਕੀਤਾ ਗਿਆ ਹੈ- ਕੱਛੂਕੰਮਾ ਤੇ ਗਰੜ। ਗਰੜ ਵਿਸ਼ਨੂੰ ਦੀ ਸਵਾਰੀ ਹੈ ਪਰ ਕੱਛੂ ਕਿਸੇ ਦੇਵਤਾ ਦਾ ਵਾਹਨ ਨਹੀਂ ਹੈ। ਸਰਵਣ ਦੀ ਮਿੱਥ ਨੂੰ ਵੀ ਪਾਤਰ ਨੇ ਵਰਤਿਆ ਹੈ।
ਸੁਰਜੀਤ ਪਾਤਰ ਨੇ ਪੂਰਨ ਭਗਤ, ਮਿਰਜ਼ਾ, ਹੀਰ ਰਾਂਝਾ, ਸੋਹਣੀ, ਮਨਸੂਰ, ਵਲੀ ਕੰਧਾਰੀ, ਤਾਨਸੈਨ ਤੇ ਬੈਜੂ ਬਾਵਰਾ, ਅਹੱਲਿਆ, ਇੱਛਰਾਂ ਅਤੇ ਰਾਜਾ ਇਡੀਪਸ ਦੀਆਂ ਦੰਤ ਕਥਾਵਾਂ ਨੂੰ ਨਵੇਂ ਸੰਦਰਭਾ ਵਿਚ ਚਿਤਰਿਆ ਹੈ। ਦੰਤ ਕਥਾਵਾਂ ਤੋਂ ਇਲਾਵਾ ਪਾਤਰ ਧਾਰਮਿਕ ਲੋਕ ਨਾਇਕਾਂ ਗੌਤਮ ਬੁੱਧ, ਬਾਬਾ ਨਾਨਕ, ਗੁਰੂ ਗੋਬਿੰਦ ਸਿੰਘ, ਮੁਹੰਮਦ, ਈਸਾ, ਕ੍ਰਿਸ਼ਨ ਦੀ ਜ਼ਿੰਦਗੀ ਨੂੰ ਆਧਾਰ ਬਣਾ ਕੇ ਆਧੁਨਿਕ ਵਿਚਾਰਧਾਰਾ ਨਾਲ ਜੋੜ ਕੇ ਨਵੇਂ ਅਰਥ ਸਿਰਜਦਾ ਹੈ।
ਲੋਕ-ਵਿਸ਼ਵਾਸ ਵੀ ਪਾਤਰ ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ ਭਾਵੇਂ ਉਹ ਇਨ੍ਹਾਂ ਵਿਸ਼ਵਾਸਾਂ ਨੂੰ ਪ੍ਰਵਾਨ ਨਹੀਂ ਕਰਦਾ ਪਰ ਇਨ੍ਹਾਂ ਵਿਸ਼ਵਾਸਾਂ ਦੇ ਲੋਕ ਜੀਵਨ ਵਿਚ ਮਹੱਤਵ ਨੂੰ ਅਸਵੀਕਾਰ ਵੀ ਨਹੀਂ ਕਰਦਾ। ਬੁਰੀ ਨਜ਼ਰ ਤੋਂ ਬਚਾਉਣ ਲਈ ਮਿਰਚਾਂ ਵਾਰਨਾ, ਪਿੰਜਰ, ਪ੍ਰੇਤ ਤੇ ਕਬਰਾਂ ਦੀ ਪੂਜਾ, ਸ਼ਰੀਕਾਂ ਦੇ ਟੂਣੇ ਕਰਨ ਦੇ ਵਿਸ਼ਵਾਸ ਪਾਤਰ ਕਾਵਿ ਵਿਚ ਦ੍ਰਿਸ਼ਟੀਗੋਚਰ ਹੁੰਦੇ ਹਨ।
ਪਾਤਰ ਕਾਵਿ ਵਿਚ ਕੁਝ ਸ਼ਗਨਾਂ ਅਤੇ ਲੋਕ ਕਾਵਿ ਰੂਪਾਂ ਦਾ ਜ਼ਿਕਰ ਵੀ ਪ੍ਰਾਪਤ ਹੁੰਦਾ ਹੈ। ਸ਼ਰੀਹਾਂ ਦੇ ਪੱਤੇ ਬੰਨਣਾ ਸ਼ਗਨਾਂ ਦੀ ਨਿਸ਼ਾਨੀ ਹੈ। ਲੋਰੀਆਂ, ਘੋੜੀਆਂ ਲੋਕ ਕਾਵਿ ਰੂਪ ਹਨ। ਪਾਤਰ ਲੋਕ-ਸਾਜ਼ਾਂ, ਲੋਕ-ਸੰਦਾਂ, ਲੋਕ-ਹਥਿਆਰਾਂ, ਲੋਕ-ਪਹਿਰਾਵਿਆਂ, ਲੋਕ-ਗਹਿਣਿਆਂ, ਲੋਕ ਜੀਵਨ ਵਿਚ ਵਰਤੀਂਦੀਆਂ ਵਸਤੂਆਂ ਦਾ ਜ਼ਿਕਰ ਵੀ ਥਾਂ ਪਰ ਥਾਂ ਕਰਦਾ ਹੈ। ਭਾਸ਼ਾ ਦੇ ਸੁਚੱਜੇ ਸੰਚਾਰ ਲਈ ਉਹ ਮੁਹਾਵਰਿਆਂ ਦੀ ਵਰਤੋਂ ਵੀ ਕਰਦਾ ਹੈ।

ਹਵਾਲੇ ਅਤੇ ਟਿੱਪਣੀਆਂ

1. ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-21.
2.
ਉਹੀ, ਪੰਨਾ-33.
3.
ਉਹੀ, ਪੰਨਾ-25.
4.
ਉਹੀ, ਪੰਨਾ-24.
5.
ਉਹੀ, ਪੰਨਾ-108.
6.
ਉਹੀ, ਪੰਨਾ-27.
7.
ਉਹੀ।
8.
ਉਹੀ, ਪੰਨੇ-60-61.
9.
ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ ਸੰਸਾਰ, ਪੰਨਾ-7.
10.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਪੰਨਾ-115.
11.
ਉਹੀ, ਪੰਨਾ-64.
12.
ਰਾਜਿੰਦਰਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-67.
13.
ਸੁਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨੇ-16-17.
14.
ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-7.
15.
ਰਾਜਿੰਦਰਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-65.
16.
ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-9.
17.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ-ਸੰਵੇਦਨਾ, ਪੰਨਾ-63.
18.
ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-29.
19.
ਉਹੀ, ਪੰਨਾ-112.
20.
ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-14.
21.
ਸਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-157.
22.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-67.
23.
ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨੇ-97-98.
24.
ਉਹੀ, ਪੰਨਾ-89.
25.
ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-13.
26.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-69.
27.
ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-58.
28.
ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨਾ-3.
29.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨੇ-69-70.
30.
ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-83.
31.
ਸੁਰਜੀਤ ਪਾਤਰ, ਹਵਾ ਵਿਚ ਲਿਖੇ ਹਰਫ਼, ਪੰਨੇ-9-10.
32.
ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-44.
33.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-92.
34.
ਗੁਰਚਰਨ ਸਿੰਘ ਔਲਖ (ਡਾ.), ਸੁਰਜੀਤ ਪਾਤਰ ਦਾ ਕਾਵਿ-ਸੰਸਾਰ, ਪੰਨਾ-84.
35.
ਸੁਰਜੀਤ ਪਾਤਰ, ਹਵਾ ਵਿੱਚ ਲਿਖੇ ਹਰਫ਼, ਪੰਨਾ-24
36.
ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-34.
37.
ਉਹੀ, ਪੰਨਾ-42.
38.
ਉਹੀ, ਪੰਨਾ-56.
39.
ਉਹੀ, ਸੁਰਜ਼ਮੀਨ, ਪੰਨਾ-45.
40. A
ਹੀ, ਪੰਨਾ-36.
41.
ਸੁਤਿੰਦਰ ਸਿੰਘ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-13.
42.
ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-68.
43.
ਉਹੀ, ਪੰਨਾ-46.
44.
ਉਹੀ, ਪੰਨਾ-59.
45.
ਗੁਣਵੰਤ ਕੌਰ ਸਿੱਧੂ, ਸੁਰਜੀਤ ਪਾਤਰ ਦੀ ਕਾਵਿ ਸੰਵੇਦਨਾ, ਪੰਨਾ-93.
46.
ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-74.
47.
ਉਹੀ, ਪੰਨਾ-74.
48.
ਉਹੀ, ਬਿਰਖ ਅਰਜ਼ ਕਰੇ, ਪੰਨੇ-37-38.
49.
ਉਹੀ, ਲਫ਼ਜ਼ਾਂ ਦੀ ਦਰਗਾਹ, ਪੰਨਾ-45.
50.
ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-108.
51.
ਸੁਤਿੰਦਰ ਸਿੰਘ ਨੂਰ, ਵਨੀਤਾ (ਡਾ.) (ਸੰਪਾ.), ਸੁਰਜੀਤ ਪਾਤਰ ਦੀ ਕਵਿਤਾ ਦਾ ਸੰਵਾਦ, ਪੰਨਾ-79.
52.
ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-9.
53.
ਉਹੀ, ਪੰਨਾ-34.
54.
ਰਾਜਿੰਦਰ ਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-69.
55.
ਸੁਰਜੀਤ ਪਾਤਰ, ਲਫ਼ਜ਼ਾਂ ਦੀ ਦਰਗਾਹ, ਪੰਨਾ-23.
56.
ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-41.
57.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-67.
58.
ਉਹੀ, ਪੰਨਾ-66.
59.
ਸੁਰਜੀਤ ਪਾਤਰ, ਸੁਰਜ਼ਮੀਨ, ਪੰਨਾ-26.
60.
ਉਹੀ, ਪੰਨਾ-40.
61.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
62.
ਉਹੀ, ਪੰਨਾ-28.
63.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨ-37.
64.
ਉਹੀ, ਬਿਰਖ ਅਰਜ਼ ਕਰੇ, ਪੰਨਾ-53.
65.
ਉਹੀ, ਪੰਨਾ-45.
66.
ਉਹੀ, ਹਨੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-40,41.
67.
ਸੁਰਜੀਤ ਪਾਤਰ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-27.
68.
ਉਹੀ, ਪੰਨਾ-129.
69.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-32.
70.
ਉਹੀ, ਪੰਨਾ-22.
71.
ਗੁਰਇਕਬਾਲ ਸਿੰਘ (ਡਾ.) (ਸੰਪਾ.), ਪਾਤਰ ਕਾਵਿ-ਚਿੰਤਨ, ਪੰਨਾ-166.
72.
ਉਹੀ, ਪੰਨਾ-168.
73.
ਸੁਰਜੀਤ ਪਾਤਰ, ਬਿਰਖ ਅਰਜ਼ ਕਰੇ, ਪੰਨਾ-35.
74.
ਉਹੀ, ਪੰਨਾ-56.
75.
ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨੇ-40-41.
76.
ਉਹੀ, ਪੰਨਾ-15.
77.
ਉਹੀ, ਪੰਨੇ-14-15.
78.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
79.
ਉਹੀ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਪੰਨਾ-17.
80.
ਉਹੀ, ਪੰਨਾ-109.
81.
ਉਹੀ, ਲਫ਼ਜ਼ਾਂ ਦੀ ਦਰਗਾਹ, ਪੰਨਾ-64.
82.
ਉਹੀ, ਹਵਾ ਵਿਚ ਲਿਖੇ ਹਰਫ਼, ਪੰਨਾ-38.
83.
ਰਾਜਿੰਦਰ ਪਾਲ ਸਿੰਘ (ਡਾ.), ਆਧੁਨਿਕ ਪੰਜਾਬੀ ਕਵਿਤਾ ਪੁਨਰ ਚਿੰਤਨ, ਪੰਨਾ-69.
Converted from DRChatrikWeb to Unicode
Bottom of Form