Thursday, 15 May 2014

ਕਾਮਾਗਾਟਾਮਾਰੂ ਦੁਖਾਂਤ ਸਬੰਧੀ ਜਾਰੀ ਹੋਈ ਡਾਕ ਟਿਕਟ

ਕੈਨੇਡਾ ਨੇ ਕੀਤਾ ਆਪਣੀ ਗ਼ਲਤੀ ਦਾ ਸੁਧਾਰ

ਅੱਜ ਤੋਂ 100 ਸਾਲ ਪਹਿਲਾਂ ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾਮਾਰੂ ਦੁਖਾਂਤ ਵਾਪਰਿਆ ਸੀ | ਇਹ ਵਰ੍ਹਾ ਕੈਨੇਡੀਅਨ ਇਤਿਹਾਸ ਦੀ ਨਸਲੀ ਅਤੇ ਨਫ਼ਰਤ ਭਰੀ ਘਟਨਾ ਦਾ ਸ਼ਤਾਬਦੀ ਵਰ੍ਹਾ ਹੈ | 23 ਮਈ, 1914 ਨੂੰ ਵੈਨਕੂਵਰ ਦੀ ਬੰਦਰਗਾਹ 'ਤੇ 376 ਮੁਸਾਫ਼ਿਰਾਂ ਵਾਲੇ ਸਮੰੁਦਰੀ ਜਹਾਜ਼ ਕਾਮਾਗਾਟਾਮਾਰੂ ਨੂੰ ਨਾ ਸਿਰਫ਼ ਗ਼ੈਰ-ਕਾਨੂੰਨੀ ਅਤੇ ਅਣਮਨੁੱਖੀ ਢੰਗ ਨਾਲ ਰੋਕਿਆ ਹੀ ਗਿਆ, ਬਲਕਿ 2 ਮਹੀਨਿਆਂ ਤੱਕ ਮੁਸਾਫ਼ਿਰਾਂ ਨੂੰ ਜਹਾਜ਼ ਅੰਦਰ ਹੀ ਨਜ਼ਰਬੰਦ ਕਰਕੇ ਧੱਕੇਸ਼ਾਹੀ ਕਰਦਿਆਂ ਵਾਪਸ ਭਾਰਤ ਮੋੜ ਦਿੱਤਾ ਗਿਆ |
100 ਸਾਲ ਪਹਿਲਾਂ ਕੈਨੇਡਾ ਜਿਥੇ ਬਰਤਾਨੀਆ ਦੀ ਇਕ ਬਸਤੀ ਸੀ, ਉਥੇ ਭਾਰਤ 'ਚ ਵੀ ਬਿ੍ਟਿਸ਼ ਸਾਮਰਾਜ ਸਥਾਪਤ ਸੀ | 28 ਸਤੰਬਰ, 1914 ਨੂੰ ਜਹਾਜ਼ ਦੇ ਬਜਬਜਘਾਟ ਬੰਦਰਗਾਹ 'ਤੇ ਪੁੱਜਣ ਉਤੇ ਉਦੋਂ ਮੁੜ ਕਹਿਰ ਵਾਪਰਿਆ ਜਦੋਂ ਅੰਗਰੇਜ਼ ਸਰਕਾਰ ਦੇ ਸਿਪਾਹੀਆਂ ਨੇ 19 ਮੁਸਾਫ਼ਿਰਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ, ਬਹੁਤ ਸਾਰੇ ਜ਼ਖ਼ਮੀ ਕਰ ਦਿੱਤੇ ਗਏ ਅਤੇ ਕਈਆਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹਾਂ 'ਚ ਡੱਕ ਦਿੱਤਾ ਗਿਆ | ਕੈਨੇਡਾ ਦੀ ਧਰਤੀ 'ਤੇ ਸੁਖਾਵੀਂ ਜ਼ਿੰਦਗੀ ਦਾ ਸੁਪਨਾ ਲੈ ਕੇ ਆਏ ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਦੇ ਘਰਬਾਰ ਤਬਾਹ ਹੋ ਗਏ, ਜਾਨੀ ਤੇ ਮਾਲੀ ਨੁਕਸਾਨ ਹੋਇਆ | ਸਿਤਮਜ਼ਰੀਫ਼ੀ ਇਹ ਸੀ ਕਿ ਉਸ ਵੇਲੇ ਦੀ ਕੈਨੇਡਾ ਦੀ ਰੰਗ-ਨਸਲ ਵਾਲੀ ਸਰਕਾਰ, ਸਾਮਰਾਜ ਪੱਖੀ ਮੀਡੀਆ ਅਤੇ ਆਮ ਕਰਕੇ ਕੈਨੇਡਾ ਦੇ ਲੋਕ ਵੀ, ਇਨ੍ਹਾਂ ਮੁਸਾਫ਼ਿਰਾਂ ਖਿਲਾਫ਼ ਇਕੱਠੇ ਸਨ | ਕੈਨੇਡਾ ਨੂੰ ਉਹ ਗੋਰਿਆਂ ਦੀ ਧਰਤੀ ਮੰਨਦੇ ਸਨ ਤੇ ਭਾਰਤੀਆਂ ਸਮੇਤ ਏਸ਼ਿਆਈ ਮੂਲ ਦੇ ਆਵਾਸੀਆਂ ਨੂੰ ਇਥੇ ਪੱਕੇ ਵਸਨੀਕ ਬਣਾਉਣ ਦੇ ਸਖ਼ਤ ਵਿਰੁੱਧ ਸਨ | ਇਤਿਹਾਸ ਗਵਾਹ ਹੈ ਕਿ ਕਾਮਾਗਾਟਾਮਾਰੂ ਦੇ ਮੁਸਾਫ਼ਿਰਾਂ ਨਾਲ ਜਾਨਵਰਾਂ ਨਾਲੋਂ ਵੀ ਮਾੜਾ ਸਲੂਕ ਹੋਇਆ ਅਤੇ ਕੈਨੇਡਾ ਦੀ ਧਰਤੀ 'ਤੇ ਉਨ੍ਹਾਂ ਨੂੰ ਕਦਮ ਵੀ ਰੱਖਣ ਨਾ ਦਿੱਤਾ ਗਿਆ |
ਅੱਜ ਕੈਨੇਡਾ 2014 ਦੇ ਵਰ੍ਹੇ 'ਚ ਦਾਖਲ ਹੋ ਚੁੱਕਾ ਹੈ | ਕੈਨੇਡਾ 'ਚ ਦੁਨੀਆ ਦੇ ਹਰ ਮੁਲਕ ਤੋਂ ਵੱਖ-ਵੱਖ ਰੰਗਾਂ ਅਤੇ ਨਸਲਾਂ ਦੇ ਲੋਕ ਰਹਿ ਰਹੇ ਹਨ | ਹੁਣ ਕੈਨੇਡਾ ਆਵਾਸੀਆਂ ਦੇ ਦੇਸ਼ ਕਰਕੇ ਜਾਣਿਆ ਜਾਂਦਾ ਹੈ | ਕੈਨੇਡਾ ਨੂੰ ਮਨੁੱਖੀ 'ਅਧਿਕਾਰਾਂ ਦਾ ਚੈਂਪੀਅਨ' ਵੀ ਕਿਹਾ ਜਾਂਦਾ ਹੈ | ਅੱਜ ਦਾ ਕੈਨੇਡਾ 100 ਸਾਲ ਪਹਿਲਾਂ ਵਾਪਰੇ ਕਾਮਾਗਾਟਾਮਾਰੂ ਦੁਖਾਂਤ ਲਈ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ | ਇਕ ਸਮਾਂ ਉਹ ਸੀ, ਜਦੋਂ ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ 'ਚ ਭਾਰਤੀਆਂ ਕੋਲੋਂ ਵੋਟ ਦਾ ਹੱਕ ਖੋਹਿਆ ਗਿਆ ਅਤੇ ਕਾਮਾਗਾਟਾਮਾਰੂ ਨੂੰ ਜਬਰੀ ਵਾਪਸ ਮੋੜਨ ਵਰਗੇ ਨਫ਼ਰਤ ਭਰੇ ਫੈਸਲੇ ਲਏ ਗਏ | ਅੱਜ ਹਾਲਾਤ ਬਦਲ ਚੁੱਕੇ ਹਨ | ਵਿਕਟੋਰੀਆ ਦੀ ਉਸੇ ਅਸੈਂਬਲੀ 'ਚ ਕਾਮਾਗਾਟਾਮਾਰੂ ਘਟਨਾ ਲਈ ਸਰਕਾਰ ਵੱਲੋਂ ਮੁਆਫ਼ੀਨਾਮਾ ਜਾਰੀ ਕੀਤਾ ਗਿਆ | ਕਿੱਥੇ ਪੰਜਾਬੀਆਂ ਨੂੰ 21 ਮਈ, 1914 ਨੂੰ ਵਿਕਟੋਰੀਆ ਬੰਦਰਗਾਹ 'ਤੇ ਉਤਰਨ ਨਹੀਂ ਸੀ ਦਿੱਤਾ ਗਿਆ, ਕਿਥੇ ਉਸੇ ਵਿਧਾਨ ਸਭਾ ਭਾਵ ਬਿ੍ਟਿਸ਼ ਕੋਲੰਬੀਆ 'ਚ ਇਕੋ ਵੇਲੇ 8 ਪੰਜਾਬੀ ਨੁਮਾਇੰਦੇ ਲੋਕ ਪ੍ਰਤੀਨਿਧ ਬਣ ਕੇ ਬੈਠੇ ਹਨ | ਸੰਨ 1908 ਵਿਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਿਲ ਫਿ੍ਡ ਲੌਰੀਅਰ ਨੇ ਪ੍ਰਵਾਸੀ ਲੋਕਾਂ ਨੂੰ ਕੈਨੇਡਾ 'ਚ ਦਾਖਲ ਹੋਣ ਤੋਂ ਰੋਕਣ ਲਈ ਕਾਲਾ ਕਾਨੂੰਨ ਪਾਸ ਕੀਤਾ, ਜਦਕਿ ਸੰਨ 2008 ਵਿਚ ਮੌਜੂਦਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਸਰੀ 'ਚ ਗ਼ਦਰੀ ਬਾਬਿਆਂ ਦੇ ਮੇਲੇ 'ਚ ਪੁੱਜ ਕੇ ਕਾਮਾਗਾਟਾਮਾਰੂ ਦੁਖਾਂਤ ਲਈ ਮੁਆਫ਼ੀ ਮੰਗੀ, ਭਾਵੇਂ ਕਿ ਕੈਨੇਡਾ ਦੀ ਪਾਰਲੀਮੈਂਟ ਵਿਚ ਵੀ ਮੁਆਫ਼ੀ ਮੰਗੇ ਜਾਣ ਦੀ ਮੰਗ ਅਜੇ ਜਾਰੀ ਹੈ |
ਡਾਕ ਟਿਕਟ
6 ਮਈ, 1914 ਨੂੰ ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੀ ਰਾਜਧਾਨੀ ਓਟਾਵਾ 'ਚ ਪਾਰਲੀਮੈਂਟ ਹਿੱਲ 'ਤੇ ਕਾਮਾਗਾਟਾਮਾਰੂ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਡਾਕ ਟਿਕਟ ਜਾਰੀ ਕੀਤੀ ਗਈ | ਪ੍ਰਧਾਨ ਮੰਤਰੀ ਹਾਰਪਰ ਤੋਂ ਇਲਾਵਾ ਬਹੁਸੱਭਿਆਚਾਰਕ ਮਾਮਲਿਆਂ, ਰੁਜ਼ਗਾਰ ਤੇ ਵਿਕਾਸ ਮਾਮਲਿਆਂ ਦੇ ਮੰਤਰੀ ਜੇਸਨ ਕੈਨੀ, ਪੰਜਾਬੀ ਮੰਤਰੀਆਂ 'ਚੋਂ ਟਿਮ ਉਪਲ, ਬਲਜੀਤ ਸਿੰਘ ਗੋਸਲ, ਸੰਸਦ ਮੈਂਬਰਾਂ 'ਚੋਂ ਨਰਿੰਦਰ ਕੌਰ, ਨੀਨਾ ਗਰੇਵਾਲ, ਦੀਪਕ ਉਬਰਾਏ, ਪਰਮ ਗਿੱਲ, ਦਵਿੰਦਰ ਸ਼ੋਰੀ ਤੇ ਸਾਬਕਾ ਸੰਸਦ ਮੈਂਬਰ ਗੁਰਮੰਤ ਸਿੰਘ ਗਰੇਵਾਲ ਵੀ ਸ਼ਾਮਿਲ ਸਨ | ਜਿਨ੍ਹਾਂ ਮੇਲਾ ਗ਼ਦਰੀ ਬਾਬਿਆਂ ਦੇ ਮੰਚ ਤੋਂ 1997 ਤੋਂ ਹੀ ਪਟੀਸ਼ਨਾਂ ਰਾਹੀਂ ਕਾਮਾਗਾਟਾਮਾਰੂ ਦੀ ਮੁਆਫ਼ੀ ਲਈ ਮੰਗ ਉਠਾਈ ਸੀ | ਚਾਹੇ ਕੈਨੇਡਾ ਪੋਸਟ ਵੱਲੋਂ ਨਾਗਰਿਕਾਂ ਦੀ ਪਹੁੰਚ 'ਤੇ ਕਿਸੇ ਵੀ ਸਨਮਾਨਯੋਗ ਸ਼ਖ਼ਸੀਅਤ ਜਾਂ ਘਟਨਾ ਬਾਰੇ ਡਾਕ ਟਿਕਟ ਜਾਰੀ ਹੁੰਦੀ ਰਹਿੰਦੀ ਹੈ, ਪੰ੍ਰਤੂ ਕਾਮਾਗਾਟਾਮਾਰੂ ਘਟਨਾ ਦੀ ਸ਼ਤਾਬਦੀ (1914-2014) ਸਬੰਧੀ ਕੀਤਾ ਇਹ ਉਪਰਾਲਾ ਖ਼ਾਸ ਅਹਿਮੀਅਤ ਰੱਖਦਾ ਹੈ | ਇਸ ਕੌਮਾਂਤਰੀ ਡਾਕ ਟਿਕਟ ਦਾ ਡਿਜ਼ਾਇਨ ਪੈਪਰਿਕਾ ਦੇ ਲੂਈ ਗੈਗਨਨ ਵੱਲੋਂ ਤਿਆਰ ਕੀਤਾ ਗਿਆ ਹੈ | ਆਕਾਰ ਪੱਖੋਂ 31__1MP__38 ਮਿਲੀਮੀਟਰ ਦੀ ਇਸ ਟਿਕਟ ਨੂੰ 5 ਰੰਗਾਂ ਦੀ ਲਿਥੋਗ੍ਰਾਫ਼ੀ ਵਰਤਦਿਆਂ ਕੈਨੇਡਾ ਪੋਸਟ ਵੱਲੋਂ ਕੈਨੇਡੀਅਨ ਬੈਂਕ ਨੋਟ ਤੋਂ ਛਪਵਾਇਆ ਗਿਆ ਹੈ | ਡਾਕ ਟਿਕਟ 'ਤੇ ਮਾਰਕ ਸਮਰਜ਼ ਦੀ ਲਿਖਤ ਹੈ ਅਤੇ ਅੰਗਰੇਜ਼ੀ ਅਤੇ ਫਰੈਂਚ ਆਦਿ ਕੈਨੇਡੀਅਨ ਸਰਕਾਰੀ ਭਾਸ਼ਾਵਾਂ ਤੋਂ ਇਲਾਵਾ ਪਹਿਲੀ ਵਾਰ ਪੰਜਾਬੀ ਵਿਚ ਵੀ ਡਾਕ ਟਿਕਟ 'ਤੇ ਲਿਖਤ ਛਪੀ ਹੈ | ਟਿਕਟ ਉਪਰ ਬਾਬਾ ਗੁਰਦਿੱਤ ਸਿੰਘ ਸਮੇਤ ਕਈ ਮੁਸਾਫ਼ਿਰ ਕਾਮਾਗਾਟਾਮਾਰੂ ਜਹਾਜ਼ 'ਤੇ ਖੜ੍ਹੇ ਕੈਨੇਡਾ ਦੀ ਸਮਕਾਲੀ ਸਰਕਾਰ, ਮੀਡੀਆ ਅਤੇ ਲੋਕਾਂ ਤੋਂ ਇਨਸਾਫ਼ ਦੀ ਉਡੀਕ ਕਰਦੇ ਤੱਕਦੇ ਹੋਏ ਦਿਖਾਈ ਦੇ ਰਹੇ ਹਨ | ਕੈਨੇਡਾ ਪੋਸਟ ਵੱਲੋਂ ਇਸ ਟਿਕਟ ਦੀ ਕੀਮਤ ਢਾਈ ਡਾਲਰ ਰੱਖੀ ਗਈ ਹੈ, ਤਾਂ ਕਿ ਕੈਨੇਡਾ ਬੈਠੇ ਆਵਾਸੀ ਭਾਰਤੀ ਇਸ ਟਿਕਟ ਰਾਹੀਂ ਚਿੱਠੀ-ਪੱਤਰ ਦੇਸ਼ ਨੂੰ ਭੇਜ ਸਕਣ |
ਕਾਮਾਗਾਟਾਮਾਰੂ ਦੁਖਾਂਤ
ਕਾਮਾਗਾਟਾਮਾਰੂ ਕਾਂਡ ਮਹਿਜ਼ ਘਟਨਾ ਨਹੀਂ ਸੀ, ਸਗੋਂ 20ਵੀਂ ਸਦੀ ਦੇ ਮਹਾਨ ਗ਼ਦਰੀ ਯੋਧਿਆਂ ਵੱਲੋਂ ਵਿਦੇਸ਼ਾਂ ਦੀ ਧਰਤੀ ਤੋਂ ਇਕ ਪਾਸੇ ਗ਼ੈਰ-ਮਨੁੱਖੀ ਤੇ ਨਸਲੀ ਨੀਤੀਆਂ ਨੂੰ ਚੁਣੌਤੀ ਸੀ, ਦੂਜੇ ਪਾਸੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਸੀ | ਬਾਬਾ ਗੁਰਦਿੱਤ ਸਿੰਘ ਵਰਗੇ ਮੁਲਾਇਆ ਦੇ ਵਪਾਰੀ ਨੂੰ ਅਜਿਹਾ ਜਹਾਜ਼ ਕਿਰਾਏ 'ਤੇ ਲੈ ਕੇ ਕੈਨੇਡਾ ਲਿਆਉਣ ਲਈ ਭਾਈ ਤਖ਼ਤ ਸਿੰਘ ਫਿਰੋਜ਼ਪੁਰ ਰਾਹੀਂ ਪ੍ਰੇਰਿਤ ਕਰਨ ਵਾਲੇ ਵੀ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੋਢੀ ਗ੍ਰੰਥੀ ਸ਼ਹੀਦ ਭਾਈ ਬਲਵੰਤ ਸਿੰਘ ਖੁਰਦਪੁਰ ਅਤੇ ਉਨ੍ਹਾਂ ਦੇ ਸਾਥੀ ਹੀ ਸਨ |
ਇਨ੍ਹਾਂ ਗੁਰੂ ਨਾਨਕ ਸਟੀਮ ਸ਼ਿੱਪ ਕੰਪਨੀ ਸਥਾਪਤ ਕਰਕੇ, ਜਰਮਨ ਦੇ ਏਜੰਟ ਯੂਨੇ ਰਾਹੀਂ ਜਾਪਾਨੀ ਜਹਾਜ਼ ਹਾਂਗਕਾਂਗ ਦੇ 11 ਹਜ਼ਾਰ ਡਾਲਰ ਪ੍ਰਤੀ ਮਹੀਨਾ ਦੇ ਹਿਸਾਬ ਨਾਲ 6 ਮਹੀਨੇ ਲਈ ਕਿਰਾਏ 'ਤੇ ਲਿਆ ਸੀ | ਸੰਨ 1890 ਵਿਚ ਜਰਮਨ ਦੀ ਕੰਪਨੀ ਵੱਲੋਂ ਗਲੇਸਗੋ 'ਚ 392.2 ਫੁੱਟ ਲੰਬਾਈ ਵਾਲੇ ਉਕਤ ਜਹਾਜ਼ ਦਾ ਮੁਢਲਾ ਨਾਂਅ 'ਸਿਸੀਲੀਆ' ਸੀ, ਜੋ ਪਹਿਲਾਂ ਹੈਮਬਰਗ ਅਤੇ ਅਮਰੀਕਨ ਲਾਈਨ ਕੋਲ ਰਹਿਣ ਮਗਰੋਂ 1914 ਵਿਚ ਜਾਪਾਨ ਦੀ ਕੰਪਨੀ ਵੱਲੋਂ ਖਰੀਦਣ 'ਤੇ 'ਕਾਮਾਗਾਟਾਮਾਰੂ' ਬਣਿਆ | ਬਾਬਾ ਗੁਰਦਿੱਤ ਸਿੰਘ ਵੱਲੋਂ ਇਹ ਜਹਾਜ਼ ਕਿਰਾਏ 'ਤੇ ਲੈਣ ਮਗਰੋਂ ਇਸ ਦਾ ਨਾਂਅ 'ਗੁਰੂ ਨਾਨਕ ਜਹਾਜ਼' ਰੱਖਿਆ ਗਿਆ, ਜੋ 4 ਅਪ੍ਰੈਲ, 1914 ਨੂੰ ਹਾਂਗਕਾਂਗ ਤੋਂ 165 ਮੁਸਾਫ਼ਿਰ ਲੈ ਕੇ ਰਵਾਨਾ ਹੋ ਕੇ, ਰਸਤੇ 'ਚੋਂ ਸ਼ੰਘਾਈ ਤੋਂ 111, ਮੋਜੀ ਤੋਂ 86 ਅਤੇ ਯੋਕੋਹਾਮਾ ਤੋਂ 14 ਮੁਸਾਫ਼ਿਰਾਂ ਸਮੇਤ ਕੈਨੇਡਾ ਲਈ ਰਸਤਾ ਤੈਅ ਕਰਦਾ ਹੋਇਆ ਵੈਨਕੂਵਰ ਪੁੱਜਿਆ | ਉਸ ਵੇਲੇ ਦੇ ਅੰਗਰੇਜ਼ੀ ਅਖ਼ਬਾਰਾਂ ਵੈਨਕੂਵਰ ਪ੍ਰੋਵਿੰਸ, ਵੈਨਕੂਵਰ ਸਨ ਅਤੇ ਹੋਰਨਾਂ ਵੱਲੋਂ ਮੁਸਾਫ਼ਿਰਾਂ ਨੂੰ 'ਹਿੰਦੂ ਹਮਲਾਵਰ' ਲਿਖ ਕੇ ਕੀਤੀਆਂ ਟਿੱਪਣੀਆਂ ਵੀ, ਕੈਨੇਡਾ ਸਰਕਾਰ, ਵਿਲੀਅਮ ਹਾਪਕਿਨਸਨ, ਮੈਲਕਮ ਰੀਡ ਅਤੇ ਹੋਰਨਾਂ ਵਾਂਗ ਮੰਦਭਾਗਾ ਵਰਤਾਰਾ ਸਨ | ਇਹ ਸੱਚ ਹੈ ਕਿ ਕਾਮਾਗਾਟਾਮਾਰੂ ਜਹਾਜ਼ ਨੂੰ ਵਾਪਸ ਮੋੜਨ ਨਾਲ ਅਤੇ ਕਲਕੱਤੇ ਬਜਬਜਘਾਟ 'ਤੇ 119 ਮੁਸਾਫਿਰਾਂ ਨੂੰ ਸ਼ਹੀਦ ਕੀਤੇ ਜਾਣ ਨਾਲ ਮੁਸਾਫ਼ਿਰਾਂ ਅੰਦਰ ਆਜ਼ਾਦੀ ਦੀ ਲਾਟ ਬਲ ਉਠੀ ਅਤੇ ਉਨ੍ਹਾਂ ਗ਼ਦਰ ਲਹਿਰ ਦੇ ਝੰਡੇ ਹੇਠ ਅੰਗਰੇਜ਼ ਸਰਕਾਰ ਖਿਲਾਫ਼ ਹਥਿਆਰਬੰਦ ਸੰਘਰਸ਼ ਛੇੜ ਦਿੱਤਾ | ਜੇਕਰ ਇਸ ਨੂੰ ਆਜ਼ਾਦੀ ਦੇ ਇਤਿਹਾਸ ਦੀ ਅਹਿਮ ਲੜਾਈ ਕਿਹਾ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ |
ਕੈਨੇਡਾ 100 ਸਾਲ ਪਹਿਲਾਂ ਹੋਏ ਕਾਮਾਗਾਟਾਮਾਰੂ ਦੁਖਾਂਤ ਲਈ ਅੱਜ ਵੀ ਸ਼ਰਮਸਾਰ ਮਹਿਸੂਸ ਕਰ ਰਿਹਾ ਹੈ | ਇਤਿਹਾਸਕ ਗ਼ਲਤੀਆਂ ਦਾ ਸੁਧਾਰ ਭਵਿੱਖ 'ਚ ਅਜਿਹਾ ਕੁਝ ਨਾ ਵਾਪਰਨ ਨੂੰ ਯਕੀਨੀ ਬਣਾਉਂਦਾ ਹੈ |
ਕੈਨੇਡਾ ਆ ਰਹੇ ਆਵਾਸੀਆਂ ਨੂੰ ਬਰਾਬਰ ਦਾ ਸਨਮਾਨ ਮਿਲਣ, ਲੋਕ ਪੱਖੀ ਨੀਤੀਆਂ ਸਥਾਪਤ ਕਰਨ, ਹਰੇਕ ਖਿੱਤੇ 'ਚੋਂ ਆਉਣ ਵਾਲਿਆਂ ਨਾਲ ਇਕੋ ਜਿਹਾ ਵਿਹਾਰ ਕਰਨ ਅਤੇ ਬਹੁਸੱਭਿਆਚਾਰ ਨੂੰ ਮਜ਼ਬੂਤ ਕਰਨ ਵਰਗੇ ਕਦਮ ਕਾਮਾਗਾਟਾਮਾਰੂ ਦੁਖਾਂਤ ਦੀ ਗ਼ਲਤੀ ਦਾ ਸੁਧਾਰ ਹਨ | ਭਾਰਤ ਵਿਚ ਵੀ ਕਾਮਾਗਾਟਾਮਾਰੂ ਦੁਖਾਂਤ ਦਾ ਇਹ ਸ਼ਤਾਬਦੀ ਵਰ੍ਹਾ ਮਨਾਇਆ ਜਾਣਾ ਚਾਹੀਦਾ ਹੈ | ਇਸ ਸਬੰਧੀ ਭਾਰਤ ਸਰਕਾਰ ਨੂੰ ਡਾਕ ਟਿਕਟ ਜਾਰੀ ਕਰਨੀ ਚਾਹੀਦੀ ਹੈ ਅਤੇ ਖਾਸ ਕਰਕੇ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਕੇ ਇਸ ਦੁਖਾਂਤ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਣੀ ਚਾਹੀਦੀ ਹੈ | ਬੁੱਧੀਜੀਵੀਆਂ ਅਤੇ ਯੂਨੀਵਰਸਿਟੀਆਂ ਵੱਲੋਂ ਸੈਮੀਨਾਰ ਹੋਣੇ ਚਾਹੀਦੇ ਹਨ |

No comments:

Post a Comment