Monday 22 August 2016

ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ-ਡਾ ਅਮਰਜੀਤ ਟਾਂਡਾ
ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ
ਅਸੀਂ ਕਿੰਨਾ ਰਾਤ ਦਿਨ
ਤੜਫ਼ਦੇ ਰਹਿੰਦੇ ਹਾਂ
ਤੇਰੀ ਸੁੱਖ ਸਾਂਦ ਖਾਤਿਰ -
ਤੇਰੇ ਪਿੰਡੇ ਤੇ ਜਦੋਂ ਵੀ
ਕਹਿਰ ਦਾ ਮੌਸਮ ਆਉਂਦਾ ਹੈ
ਕਰਬਲਾ ਆ ਢਹਿੰਦੀ ਹੈ
ਨੀਂਦ ਤਿੜਕ ਜਾਂਦੀ ਹੈ ਸਾਡੀਆਂ ਰਾਤਾਂ ਦੀ-
ਖਾਲੀ ਪੇਟ ਨੂੰ ਵੀ
ਭੁੱਖ ਨਹੀਂ ਲੱਗਦੀ-
ਪਿਆਸੇ ਵੀ ਹੋਈਏ
ਪਾਣੀ ਵੱਲ ਦੇਖਣ ਨੂੰ ਅੱਖਾਂ ਨਹੀਂ ਜਾਂਦੀਆਂ-
ਕੀ ਕਰਾਂ ਮੈਂ ਇਲਾਜ਼
ਜਾਂ ਕਿੱਥੇ ਸੁੱਖ ਸੁੱਖਾਂ
ਕਿ ਤੇਰੇ ਅੰਗਾਂ ਦੇ ਸੁਪਨੇ
ਰੁੱਖਾਂ ਨਾਲ ਲਟਕ 2 ਨਾ ਬੁਝਣ -
ਸੜਕਾਂ ਬੱਸ ਕਰ ਦੇਣ
ਮੇਰੇ ਅੰਗੀਂ ਸਾਕੀਂ ਤੁਰੇ ਫਿਰਦੇ ਘਰ ਨਾ ਉਜ੍ਹਾੜਨ
ਬੁੱਢੇ ਵਕਤਾਂ ਤੇ ਬੱਚਿਆਂ
ਦੀਆਂ ਡੰਗੋਰੀਆਂ ਤੇ ਖਿਡੌਣੇ ਨਾ ਮਸਲਣ
ਜਦ ਵੀ ਤੇਰੇ ਵੱਲ ਦੇਖਦਾਂ ਹਾਂ
ਕਦੇ ਵੀ ਠੰਢੀ ਵਾ ਨਹੀਂ ਆਉਂਦੀ-
ਹਾਉਕਿਆਂ ਦੇ ਵਰੋਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ
ਕਦੇ ਨਹੀਂ ਹਰਿਆਵਲ ਦੇਖੀ
ਤੇਰੇ ਰੁੱਖਾਂ ਤੇ
ਫ਼ਸਲਾਂ ਦੇ ਖਿੜ੍ਹੇ ਫੁੱਲਾਂ ਉੱਤੇ
ਤਿੱਤਲੀਆਂ ਭੌਰੇ
ਕਦ ਆਉਣਗੇ ਹੱਸ 2 ਕੇ-
ਕਦੋਂ ਖੇਤ ਵੀ ਪਾਉਣਗੇ ਭੰਗੜੇ ਚਾਵਾਂ ਨਾਲ
ਕਦੋ ਬੇਰੁਜ਼ਗਾਰ ਭਰੇ ਚੌਕਾਂ ਨੂੰ
ਟੁੱਕ ਮਿਲੇਗਾ ਦੋ ਡੰਗ ਦਾ-
ਕਦ ਕਿਰਤ ਦੇ ਬੱਚੇ ਸੌਣਗੇ ਪੇਟ ਭਰ ਕੇ-
ਕਦ ਰਿਕਸ਼ੇਵਾਲਾ ਘਰ ਨੂੰ
ਕੋਈ ਖਿਲੌਣਾਂ ਲੈ ਕੇ ਜਾਵੇਗਾ ਖੁਸ਼ੀ ਦਾ
ਕਿਹੜਾ ਦਿਨ ਆਸਾ ਦੀ ਵਾਰ
ਖੇੜਿਆਂ ਨਾਲ ਗਾਏਗਾ-
ਕਦੋਂ ਰਹਿਰਾਸ 'ਚੋਂ ਮਰਨਗੇ ਤੌਖ਼ਲੇ
ਕਦੋਂ ਖਿੜ੍ਹਣਗੀਆਂ ਦੁਪਹਿਰਾਂ
ਪੂਰੇ ਜੌਬਨ 'ਚ ਆ ਕੇ
ਕਦੋਂ ਸੂਰਜ ਉਦੈ ਹੋਵੇਗਾ
ਰਿਸ਼ਮਾਂ ਦੇ ਚੌਰ ਦੀ ਸੰਪੂਰਨ ਲਿਸ਼ਕ ਲੈ ਕੇ-
ਮੰਦਿਰ ਮਸਜਿਦਾਂ ਗੁਰੂ ਦੁਵਾਰੇ
ਰਾਮ ਅੱਲ੍ਹਾ ਰੱਬ ਨੂੰ
ਕਦ ਲੱਭ ਕੇ ਲਿਆਉਣਗੇ ਆਪਣੇ 2 ਘਰ
ਬੇਲੀਆ ਜਦ ਦੀ ਰਾਜਨੀਤੀ
ਇਹਨਾਂ ਪੌੜ੍ਹੀਆਂ ਤੇ ਚੜ੍ਹੀ ਹੈ-
ਨੇਤਾਵਾਂ ਨੇ ਕੋਈ ਵੀ ਰੱਬ
ਅਰਾਮ ਨਾਲ ਸੌਣ ਨਹੀਂ ਦਿਤਾ
ਪੱਥਰਾਂ ਦੀ ਪਿਆਸ ਬੁਝਾ ਰਹੇ ਹਨ
ਦੁੱਧ ਬੁੱਧ ਭਰੇ ਡੋਲ
ਪਿਆਸੀਆਂ ਭੁੱਖੀਆਂ ਰੂਹਾਂ
ਖਾਲੀ ਕੌਲੀਆਂ ਲੈ
ਬਾਹਰ ਖੜ੍ਹੀਆਂ ਤਰਸ ਰਹੀਆਂ ਹਨ
ਮੰਤਰੀ ਦੇ ਆਉਣ ਤੇ
ਰੱਬ ਨੂੰ ਉੱਠ ਕੇ ਸਿਰ ਨਿਵਾਉਣਾ ਪੈਂਦਾ ਹੈ-
ਪੱਬ ਉੱਠ 2 ਸਿਰੋਪੇ ਪਾਉਂਦੇ ਹਨ-
ਖ਼ਿਤਾਬ ਮੱਲੋਮੱਲੀ ਬਨ੍ਹੇਰਿਆਂ ਤੋਂ ਡਿੱਗਦੇ ਹਨ-
ਹੱਕ ਮੰਗਦੇ ਰਾਹ ਚੁੱਪ ਕਰਵਾ ਦਿਤੇ ਜਾਂਦੇ ਹਨ-
ਜੈੱਡ ਸਕਿਓਰਟੀਆਂ ਡਰਦੀਆਂ
ਕੁਚਲਦੀਆਂ ਲੰਘਦੀਆਂ ਹਨ
ਸੜਕਾਂ 'ਤੇ ਟੁੱਕ ਲਈ ਉੱਲਰੇ ਹੱਥਾਂ ਨੂੰ-
ਯਾਰੋ ਪਤਾ ਨਹੀਂ ਅਸੀਂ ਸਾਰੇ
ਆਪਣੇ ਘਰ ਦੇਸ਼ ਚ ਆ ਕੇ ਵੀ
ਕਿਉਂ ਅਸੁਰੱਖਿਅਤ ਹੋ ਜਾਂਦੇ ਹਾਂ ਤੁਹਾਡੇ ਵਾਂਗ-
ਉੱਤਰਦਿਆਂ ਨੂੰ ਹੀ-
ਬੇਹੂਦਾ ਬਦਸ਼ਕਲ ਸਵਾਲਾਂ ਚ ਉਲਝਾ ਲੈਂਦਾ ਹੈ ਏਅਰਪੋਰਟ -
ਸਾਡੇ ਆਪਣੇ ਹੀ ਬੀਜੇ ਰੁੱਖ
ਸਾਡੇ ਪਛਾਣ ਪੱਤਰ ਮੰਗਦੇ ਹਨ-
ਜਨਮ ਭੋਂ ਦਾ ਨਾਂ ਪੁੱਛਦੇ ਹਨ
ਕਦੋਂ ਤੇ ਕਿਉਂ ਗਏ ਸੀ-
ਹੁਣ ਕੀ ਕਰਨ ਆਏ ਹੋ?
ਸੜਕਾਂ ਰੋਕ 2 ਪੁੱਛਦੀਆਂ ਹਨ-
ਕੌਣ ਹੋ, ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ-
ਤੇ ਕਿੰਨੇ ਦਿਨ ਰਹੋਗੇ-
ਦੋਸਤੋ ਆਪਣੇ ਪਿੰਡ ਆਉਂਦਿਆਂ ਨੂੰ
ਕਦੇ ਕੋਈ ਰਾਹ ਪਿੰਡ ਦਾ ਨਾਂ ਨਹੀਂ ਪੁੱਛਦਾ ਹੁੰਦਾ
ਬਚਪਨ ਜਿਹਨਾਂ ਘਨ੍ਹੇੜੀ ਤੇ ਖਿਡਾਇਆ ਹੋਵੇ
ਉਹ ਘਰ ਕਦੇ ਬੇਪਛਾਣ ਨਹੀਂ ਕਰਦੇ ਹੁੰਦੇ
ਆਪਣੇ ਹੱਥੀਂ ਸਜਾਏ ਬੂਹੇ
ਪਛਾਣਦੇ ਨਹੀਂ ਹੁੰਦੇ ਬਾਹਰ ਖੜ੍ਹਿਆਂ ਨੂੰ-
ਸਗੋਂ ਗਲਵੱਕੜੀਆਂ ਚ ਲੈਂਦੇ ਹੁੰਦੇ ਨੇ ਘੁੱਟ 2 ਕੇ-
ਹੱਥ ਚੁੰਮਦੇ ਹੁੰਦੇ ਨੇ ਵਾਰ 2-
ਪੰਜਾਬ ਦੇਖੀਂ ਐਤਕੀਂ ਫਿਰ ਏਦਾਂ ਨਾ ਕਰੀਂ
ਮੈਂ ਦਿੱਲੀ ਦੀਆਂ ਸੜਕਾਂ ਤਾਂ ਟੱਪ ਆਵਾਂਗਾ-
ਪਰ ਤੂੰ ਬੂਹੇ ਖੋਲ੍ਹ ਕੇ ਰੱਖੀਂ
ਬਹੁਤ ਦਿੱਲ ਕਰਦਾ ਹੈ ਤੈਨੂੰ ਸਾਹਾਂ 'ਚ ਵਸਾਉਣ ਨੂੰ
ਤੇਰੇ ਨਾਲ ਹੱਸਣ ਗਾਉਣ ਨੂੰ-
ਦਰਾਂ 'ਤੇ ਦੋ ਖੁਸ਼ੀ ਦੇ ਹੰਝੂ ਪਾਉਣ ਨੂੰ


ਦੋ ਨੇ ਮੇਰੀਆਂ-ਡਾ ਅਮਰਜੀਤ ਟਾਂਡਾ
(ਰੱਖੜੀ ਤੇ ਯਾਦ ਕਰਦਿਆਂ ਸੱਜੇ ਪਾਸੇ ਭੈਣ ਜੀ-ਤੇ ਖੱਬੇ ਪਾਸੇ ਮੇਰੀ ਗੁਆਚ ਗਈ ਛਾਂ ਤੇ ਮਾਂ)
ਦੋ ਨੇ ਮੇਰੀਆਂ
ਅੰਬਰੀ ਛਾਵਾਂ ਮੇਰੇ ਤੋਂ ਵੱਢੀਆਂ
ਦੂਰ ਰਹਿੰਦੀਆਂ ਨੇ-
ਆਪਣੇ 2 ਪ੍ਰੀਵਾਰਾਂ ਚ -
ਪਰ ਛਾਂ ਅਜੇ ਵੀ ਮੇਰੇ
ਘਰ ਦੀ ਛੱਤ ਤੇ ਕਰਦੀਆਂ ਨੇ
ਕਦੇ ਅਸੀਸਾਂ ਨਾਲ
ਤੇ ਕਦੇ ਉਡੀਕਾਂ ਨਾਲ-
ਉਹੀ ਸਨ ਜੋ ਕਦੇ
ਚਪੇੜਾਂ ਮਾਰ ਕੇ
ਬਾਅਦ ਚ ਚੂਰੀ ਕੁੱਟ 2 ਖਵਾਉਂਦੀਆਂ ਸਨ-
ਠੰਢੇ ਕਰ 2 ਦਿੰਦੀਆਂ ਸਨ
ਦੁੱਧ ਦੇ ਭਰੇ ਗਲਾਸ
ਘਿਓ ਨਾਲ ਤਰਦੇ ਸਾਗ ਦੇ ਛੰਨੇ
ਤੇ ਦਾਲਾਂ ਤੜਕ ਸਵਾਦਲੀਆਂ-
ਅਸੀਂ ਲੜ੍ਹਦੇ ਤਾਂ
ਅਰਸ਼ ਰੋ ਪੈਂਦਾ -
ਇੱਕ ਦੂਸਰੇ ਨੂੰ ਨਾ ਦਿਸਦੇ-
ਦੁਨੀਆਂ ਚ ਹਨੇਰ ਛਾ ਜਾਂਦਾ ਸੀ-
ਰੋਂਦੇ ਦੇ ਕੇਸ ਵਾਹ
ਜੂੜਾ ਕਰ ਦਿੰਦੀਆਂ
ਕੱਪੜੇ ਧੋ ਬਸਤੇ ਬੰਨ੍ਹ
ਤੋਰਦੀਆਂ ਸਕੂਲ ਨੂੰ-
ਲੋਅ ਘਰ ਲੈ ਕੇ ਆਉਣ ਨੂੰ ਕਹਿੰਦੀਆਂ
ਰਾਹ ਤੱਕਦੀਆਂ ਨਿੱਕੇ ਵੀਰ ਦਾ-
ਸਿਰ ਤੇ ਜਹਾਨ ਵਰਗੇ ਹੱਥ ਰੱਖ
ਭੁੱਖ ਮਿਟਾ ਦਿੰਦੀਆਂ-
ਅੱਜ ਸਵੇਰੇ ਸੁਪਨੇ ਚ ਉਠਾਈ ਜਾਣ-
ਅਮਰਜੀਤ ਰੱਖੜੀ ਆ ਅੱਜ-
ਚੱਲ ਮੂੰਹ ਹੱਥ ਧੋ ਨਹਾ
ਅਸੀਂ ਰੱਖੜੀ ਬੰਨਣ ਆਈਆਂ ਵੀਰ ਦੇ-
ਮੈਂ ਆਪਣੇ ਗੁੱਟ ਵੱਲ ਦੇਖਦਾ ਹਾਂ-
ਅੱਜ ਫਿਰ ਗੁੱਟ ਤੇ ਚੰਨ ਤੇ ਸਿਤਾਰੇ ਬੰਨ੍ਹ
ਖਬਰੇ ਕਦ ਉੱਡ ਗਈਆਂ-
ਅੰਬਰ ਦਾ ਥਾਲ ਭਰਿਆ
ਮਠਿਆਈ ਨਾਲ ਤੇ ਰੰਗ ਬਿਰੰਗੇ ਧਾਗਿਆਂ ਨਾਲ -
ਛੱਡ ਗਈਆਂ ਮੇਰੇ ਸਿਰ੍ਹਾਣੇ-
ਉੱਡਦੀਆਂ 2 ਮੇਰੀ ਮਾਂ ਦੀਆਂ
ਬਖ਼ਸ਼ੀਆਂ ਪਰੀਆਂ
ਲੰਮੀ ਉਮਰ ਦੀਆਂ ਦੁਆਵਾਂ
ਮੇਜ਼ ਤੇ ਰੱਖ ਫਿਰ ਆਪਣੇ ਸ਼ਹਿਰੀਂ ਉੱਡ ਗਈਆਂ-
ਪੈਸੇ ਮੇਰੇ ਹੱਥਾਂ 'ਚ ਰਹਿ ਗਏ ਫ਼ੜ੍ਹੇ-
ਹੁਣ ਓਥੇ ਉਹਨਾਂ ਦੇ ਘਰੀਂ ਜਾ ਕੇ ਦੇ ਕੇ ਆਵਾਂਗਾ-
ਤੇ ਬਚਪਨ ਵਾਂਗ ਲੜਾਂਗਾ ਪਲ ਭਰ ਲਈ-
ਭੈਣ ਵਰਗੀ ਅਜੇ ਕੋਈ ਅਸੀਸ ਨਹੀਂ ਬਣੀ
ਏਸ ਤੋਂ ਵੱਡੀ ਉਡੀਕ ਨਹੀ ਹੁੰਦੀ -
ਨਾ ਹੀ ਏਨੇ ਚਾਵਾਂ ਨਾਲ ਕਦੇ ਕੋਈ ਵਿਹੜਾ ਭਰਿਆ ਹੈ
ਆਪਣੇ ਨਾਲ ਜਾਏ ਚੰਨਾਂ ਕੋਲ ਬੈਠ ਕੇ -
ਸੋਚਦਾ ਹਾਂ-
ਇਹ ਕਲਾਈ ਜਿਹੜੀ ਕਦੇ 2 ਭੁੱਲ ਜਾਂਦੀ ਹੈ
ਕੋਲ ਪਈਆਂ ਅਸੀਸਾਂ ਵੱਲ ਵੀ ਦੇਖਿਆ ਕਰੇ-
ਭੈਣਾਂ ਦੇ ਚਾਅ ਕੁਝ ਤਾਂ ਮੱਥੇ ਤੇ ਧਰੇ-
ਪਵਿੱਤਰ ਸੰਦੇਸ਼
ਭਰਾ ਭੈਣ ਦੇ ਵਿਚਕਾਰ ਧਾਗਿਆਂ ਦਾ
ਪੱਕੇ ਰਿਸ਼ਤੇ ਦਾ ਨਾਂ-
ਰੱਖੜੀ ਭੈਣ-ਭਰਾ ਦਾ ਪਿਆਰ ਬੰਧਨ
ਰਿੱਸ਼ਤਾ, ਸੱਚਮੁਚ ਬੜਾ ਮਿੱਠਾ
ਉਮਰਾਂ ਦਾ ਪਿਆਰ ਜ਼ਾਮਨ ਰੱਖਿਆ ਪ੍ਰਣ
ਧੀਆਂ, ਭੈਣਾਂ , ਕੁੜੀਆਂ, ਚਿੜੀਆਂ, ਮੁਟਿਆਰਾਂ
ਦੇ ਹੱਥੋਂਂ ਸਜਿਆ ਰੰਗ ਬਿਰੰਗੇ ਧਾਗਿਆਂ ਦਾ ਸੰਸਾਰ
ਭੈਣਾਂ ਹੱਥੋਂ ਗੁੱਟਾਂ ਤੇ ਸਜਾਏ ਜਾਂਦੇ ਸੂਰਜ
ਭੈਣ ਦਾ ਗੁੰਦਿਆਂ ਪਿਆਰ ਮਲ੍ਹਾਰ ਚਾਅ
ਭੈਣ ਦਾ ਮਾਣ ਤਾਣ-ਅੰਮੀ ਦਾ ਸੁੱਖ
ਵੀਰ ਵੱਲੋਂ ਭੈਣ ਨੂੰ ਪੈਸਿਆਂ ਦਾ ਸਾਹ
ਤੇ ਹੌਸਲੇ ਦਾ ਵਾਅਦਾ-
ਵੀਰ ਦਾ ਹੱਸਦਾ ਖੇੜਾ--
ਅੱਜ ਕੌਣ ਬੰਨ੍ਹੇਗਾ -ਰੱਖੜੀ
ਪੰਜਾਬ ਦੇ ਮੰਜੇ ਤੇ ਟੀਕੇ ਮੰਗਦੀ ਬਾਂਹ ਨੂੰ-
ਵਿਲਕਦੇ ਗੁੱਟਾਂ ਨੂੰ-
ਰੱਖੜੀ ਦਾ ਤਿਉਹਾਰ ਤਾਂ ਬਹੁਤ ਪੁਰਾਣਾ ਹੈ-
ਸੋਚਦਾ ਹਾਂ ਕਿ
ਫਿਰ ਰੱਖੜੀ ਬਨ੍ਹਵਾਉਣ ਵਾਲੇ ਵੀਰਾਂ ਦੀਆਂ ਭੈਣਾਂ
ਗਜ਼ਨੀ ਦੇ ਬਾਜਾਰਾਂ ਵਿਚ ਟਕੇ ਟਕੇ 'ਤੇ ਕਿਉਂ ਵਿਕਦੀਆਂ ਰਹੀਆਂ?
ਭਾਰਤ ਦੇ ਹਮਲੇ ਸਮੇਂ ਅਬਦਾਲੀ ਦੀਆਂ ਫੌਜ਼ਾਂ
20,000 ਬੱਚੇ-ਬੱਚੀਆਂ ਨੂੰ
ਲੁੱਟ ਕੇ ਕਾਬਲ ਲੈ ਗਿਆ ਸੀ-
ਕਿੱਥੇ ਸਨ ਉਹ ਗੁੱਟ ਰੱਖੜੀ ਵਾਲੇ?
ਓਦੋਂ ਵੀ
ਨਾਨਕ ਗੋਬਿੰਦ ਦੇ ਹੀ ਗੁੱਟ ਸਨ
ਕੜ੍ਹਿਆਂ ਤੇਗਾਂ ਵਾਲੇ-
ਇੱਜ਼ਤਾਂ ਦੇ ਰੱਖਵਾਲੇ
ਇਸ ਮਿੱਟੀ ਨੇ ਪਾਲੇ-

ਅਜੇ ਕੱਲ ਮਿਲਿਆ-ਡਾ.ਅਮਰਜੀਤ ਟਾਂਡਾ
ਅਜੇ ਕੱਲ ਮਿਲਿਆ
ਮੰਜੇ ਤੇ ਪਿਆ-ਅਗਲੇ ਨਾਵਲ ਬਾਰੇ
ਸੋਚ ਰਿਹਾ ਸੀ- ਖਬਰੇ
ਇੱਕ ਸੂਰਜ -ਗੱਲਾਂ ਕਰਦਾ-
ਉਹ ਦਿਨੇ ਤਾਰਿਆਂ ਵਰਗੇ ਸ਼ਬਦ ਲੱਭ ਲੈਂਦਾ-
ਕਹਿੰਦੇ ਕਿਤੇ ਚਲਾ ਗਿਆ ਹੈ-
ਕਹਿੰਦਾ ਸੀ ਅਗਲਾ ਨਾਵਲ ਚੰਦ ਕੋਲ ਬਹਿ ਕੇ ਲਿਖਾਂਗਾ
ਨਵੀਨ ਕਹਾਣੀ ਲੱਭਣ ਗਿਆ ਹੋਣਾ-
ਨਵੇਂ ਨਾਵਲ ਲਈ-
ਏਦਾਂ ਦੇ ਹਰਫ਼ਾਂ ਦੇ
ਕਦੇ ਚੂਲ੍ਹੇ ਨਹੀਂ ਟੁੱਟਦੇ ਹੁੰਦੇ -
ਸਾਰਾ ਅੰਬਰ ਪੰਜਾਬੀ ਦਾ ਸਜਾ ਗਿਆ-
ਸਾਰੀ ਧਰਤ ਤੇ ਓਹਦੀਆਂ ਕਹਾਣੀਆਂ-
ਫੁੱਲ ਬੂਟਿਆਂ ਤੇ ਓਹਦਾ ਨਾਂ-
ਏਦਾਂ ਦੇ ਯੁੱਗਾਂ ਦਾ ਕਦੇ ਅੰਤ ਨਹੀਂ ਹੁੰਦਾ-
ਇਹੋ ਜੇਹੇ ਧਰੂ ਕਦੇ ਛਿਪਦੇ ਨਹੀਂ ਦੇਖੇ-
ਏਦਾਂ ਦੇ ਦੀਵਿਆਂ ਦਾ
ਤੇਲ ਵੀ ਕਦੇ ਖ਼ਤਮ ਨਹੀਂ ਹੁੰਦਾ-
ਤਾਏ ਬਿਸ਼ਨੇ ਕੋਲ ਹੋਣਾ ਕਿਤੇ ਬੈਠਾ-
ਚਾਨਣੀਆਂ ਰਾਤਾਂ ਚ ਹੁੰਦੇ ਨੇ ਇਹੋ ਜੇਹੇ ਚੰਨ ਚਮਕਦੇ
ਅੰਨ੍ਹੇ ਘੋੜੇ ਦਾ ਦਾਨ ਮੰਗਦਾ 2
ਕੁਵੇਲਾ ਕਰ ਗਿਆ ਹੋਣਾ-
ਏਥੇ ਹੀ ਕਿਤੇ ਹੈ
ਆ ਜਾਣਾ ਓਹਨੇ ਪਹੁ ਫ਼ੁਟਾਲੇ ਤੋਂ ਪਹਿਲਾਂ
ਜੈਤੋ ਦਾ ਸਰਾ੍ਹਣਾ ਚੱਕਿਆ ਤਾਂ
ਹੇਠ ਗਿਆਨਪੀਠ ਪਿਆ ਸੀ
ਤੇ ਨਾਲ ਹੀ ਅਣਗਿਣਤ ਐਵਾਰਡਾਂ ਦਾ ਟੋਕਰਾ
ਖਬਰੇ ਕਿੱਥੇ ਤੁਰ ਗਿਆ ਹੈ-
ਅਸੀਂ ਘਰ ਉਡੀਕ ਰਹੇ ਹਾਂ-
ਵਿਸ਼ਵ ਪੰਜਾਬੀ ਸਾਹਿਤ ਪੀਠ ਐਵਾਰਡ ਲੈ ਕੇ ਹੱਥਾਂ ਚ-
ਇਹੋ ਜੇਹੇ ਦੋਸਤਾਂ ਦਾ ਵੀ ਬੰਦਾ ਕੀ
ਇਤਬਾਰ ਕਰੇ
ਜੋ ਬੂਹਿਆਂ ਤੋਂ
ਆਪਣੀਆਂ ਨੇਮ ਪਲੇਟਾਂ ਵੀ ਪੱਟ ਕੇ ਲੈ ਜਾਣ-
ਤੇ ਜਾਣ ਲੱਗੇ ਕੋਈ ਸਿਰਨਾਵਾਂ ਵੀ ਨਾ ਦੇਣ-
Inline image 1

Wednesday 3 August 2016

ਇਹ ਅਸਮਾਨ - ਡਾ ਅਮਰਜੀਤ ਟਾਂਡਾ
ਇਹ ਅਸਮਾਨ
ਉਹ ਹੈ ਮੇਰਾ
ਜਿੱਥੇ ਮੇਰੀ ਮਾਂ ਨੇ ਪਹਿਲਾ ਚੰਦ ਵਿਖਾਇਆ ਸੀ-

ਦਾਦੀ ਨੇ ਪੋਤੜਿਆਂ ਦੀ ਉਮਰੇ
ਸੁਣਾਈ ਸੀ ਪਹਿਲੀ ਲੋਰੀ-

ਅੱਜਕਲ ਦੋਸਤ ਫ਼ੋਟੋਆਂ
ਘੱਲਦੇ ਨੇ ਖਿੱਚ 2 ਕੇ ਮੇਰੇ ਖਾਬਾਂ ਦੀਆਂ
ਡੁੱਲ੍ਹੇ ਸਿਤਾਰਿਆਂ ਦੀਆਂ-
ਇਥੇ ਹੀ ਨਾਨਕ ਨੇ ਮੈਨੂੰ ਦਿਤੀ ਸੀ-
ਫੱਟੀ ਲਿਖਣ ਲਈ ਤੇ ਮੈਂ ਪਹਿਲਾ ਊੜਾ ਪਾਇਆ ਸੀ-
ਕੱਢੇ ਸਨ
ਔਖੇ 2 ਦੁਨੀਆਂ ਦੇ ਸਵਾਲ-
ਨਵ੍ਹਾਏ ਸਨ ਆਪਣੇ ਮੈਲੈ ਕੁਚੈਲੇ ਅਕਸ ਸੱਧਰਾਂ ਦੇ-
ਏਹੀ ਰਾਹ ਨੇ ਜਿੱਥੇ
ਮੈਂ ਆਪਣੇ ਸਾਰੇ
ਸੁਪਨੇ ਮਾਂਜ ਧੋ ਕੇ
ਅੰਗੀਠੀ ਤੇ ਨਹੀਂ ਚੰਦ ਕੋਲ ਸਜਾਏ ਸਨ-
ਪਿੱਠੂ ਕੈਮ ਢਾਉਂਦਾ ਬਣਾਉਂਦਾ
ਤੇ ਬੰਟੇ ਸਿੰਨ੍ਹ 2 ਨਿਸ਼ਾਨੇ ਲਾ 2 ਜਿੱਤਦਾ ਸਾਂ
ਕਦੇ ਅਕੜੇ ਤੇ ਟਾਹਲੀ ਦੀਆਂ ਹਾਕੀਆਂ
ਚੁਣ 2 ਲਿਆਉਂਦੇ ਸਾਂ ਲੱਭ ਕੇ-
ਪਾਟੇ ਸੁਪਨਿਆਂ ਦੀਆਂ ਲੀਰਾਂ ਦੀ ਖੁੱਦੋ ਬਣਾ ਕੇ
ਚਾਵਾਂ ਦੇ ਧਾਗਿਆਂ ਨਾਲ ਪਿੜੀਆਂ ਪਾਉਂਦੇ
ਤੇ ਖੇਡਦੇ ਨਾ ਰੱਜਦੇ-
ਓਹੀ ਥੜਾ ਦਰ ਹੈ
ਜਿੱਥੇ ਬੈਠ ਕੇ
ਰਾਤ ਦਿਨੇ ਮੈਂ ਸਾਰੀ ਦੁਨੀਆਂ ਤੱਕਦਾ
ਕਦੇ ਮੱਕੀ ਦਾ ਟੁੱਕ ਖਾਂਦਾ, ਮਿੱਠੇ ਗੰਨੇ ਚੂਪਦਾ
ਤੇ ਚੰਨ ਦੀਆਂ ਗਰਾਹੀਆਂ ਭਰਦਾ
ਸਾਰੇ ਅੰਬਰ ਦੇ ਤਾਰੇ ਮੁੱਠਾਂ ਚ ਫ਼ੜ੍ਹ 2
ਉਡਾਉਂਦਾ ਤੇ ਆਪ ਨਾਲ ਉੱਡਦਾ ਹੁੰਦਾ ਸੀ-
ਮੇਰੀਆਂ ਗਾਵਾਂ ਮੱਝਾਂ
ਮੇਰੇ ਛੰਨੇ ਅੰਮ੍ਰਿਤ ਨਾਲ ਭਰਦੀਆਂ
ਚਾਟੀਆਂ ਨੂੰ ਰਾਗ ਮਿਲਦੇ
ਠੂਠੀਆਂ ਤੇ ਮਰਤਬਾਨਾਂ ਵਿਚ ਉੱਸਰੇ
ਘਿਓ ਦੇ ਅੰਬਰਾਂ ਚੋਂ ਪਿੰਡ ਚ ਦੀਵੇ ਜਗਦੇ ਸਨ-
ਮੇਰੀ ਧਰਤ ਜ਼ਹਾਨ ਦੀ ਪਿਆਸ
ਲੱਸੀ ਨਾਲ- ਬੁਝਾ ਦਿੰਂਦੀ ਸੀ
ਭਿਖਾਰੀ ਅਸੀਸਾਂ ਦੀਆਂ ਗੰਢਾਂ ਖੋਲ੍ਹਦੇ ਸਨ ਦਰਾਂ ਤੇ-
ਲੋਹੜ੍ਹੀਆਂ ਅੜ੍ਹ 2 ਲੈਂਦੀਆਂ ਸਨ
ਕੰਜ਼ਕਾਂ ਕੁਆਰੀਆਂ ਰੁੱਤਾਂ
ਹਰ ਸਾਲ ਨਾਨਕ ਆਉਂਦਾ
ਕਿਰਤ ਦਾ ਰਾਹ ਦੱਸਦਾ
ਸ਼ਬਦ ਸਜਾਉਂਦਾ
ਤੇ ਰੁੱਖੀਆਂ ਸੁੱਖੀਆਂ ਮੰਨੀਆਂ
ਸਾਡੇ ਛਾਬੇ ਚ ਰੱਖ ਜਾਂਦਾ-
ਤੇ ਅਸੀਂ ਚਾਵਾਂ ਨਾਲ ਖਾਂਦੇ ਨੱਚਦੇ ਹੁੰਦੇ ਸਾਂ-
ਲੰਘਦੇ ਵੜ੍ਹਦੇ ਵਕਤ
ਸੁੱਖ ਸਾਰ ਵੰਡਦੇ
ਆਪਣੀਆਂ ਕਥਾ ਕਹਾਣੀਆਂ ਦੱਸਦੇ-
ਮਾਂ ਤੇ ਬਾਪੂ ਦੀਆਂ ਸੁਣਦੇ
ਓਦੋਂ ਸਾਰਾ ਪਿੰਡ ਦਾ ਅੰਬਰ
ਸੁਖੀ ਵਸਦਾ ਲੱਗਦਾ ਸੀ-
ਪਿੱਪਲਾਂ ਬੋਹੜਾਂ ਨੂੰ ਵੀ ਮੇਰੇ ਜਾਣ ਤੇ
ਚਾਅ ਚੜ੍ਹ ਜਾਂਦਾ ਹੁੰਦਾ ਸੀ -
ਮੇਰੇ ਲਾਏ ਸਾਰੇ ਬੂਟਿਆਂ ਨੂੰ
ਫੁੱਲ ਨਿਕਲ ਆਉਂਦੇ ਸਨ-
ਬਨ੍ਹੇਰਿਆਂ ਤੇ ਕਾਂ ਆ ਬੈਠਦੇ ਸਨ-
ਚਿੜ੍ਹੀਆਂ ਨਾਲ ਭਰ ਜਾਂਦਾ ਸੀ ਵਿਹੜਾ
ਏਦਾਂ ਲੱਗਦਾ ਹੁੰਦਾ ਸੀ ਕਿ ਸਾਰਾ ਜ਼ਹਾਨ ਹੀ ਸੁਖੀ ਹੋ ਗਿਆ ਹੈ-
ਕੰਧ ਕੋਲ ਜਿੰਨੀਆਂ ਮਹਿਫ਼ਿਲਾਂ ਲੱਗਦੀਆਂ ਸਨ
ਸਾਰੀਆਂ ਪਰਦੇਸਾਂ ਨੂੰ Aੁੱਡ ਗਈਆਂ
ਜਾਂ ਬੁੱਢੀਆਂ ਹੋ-ਟੁਰ ਗਈਆਂ ਕਬਰਾਂ ਨੂੰ-
ਪਿੰਡ ਚ ਤੇ ਲਾਗਲੇ ਪਿੰਡਾਂ ਚ
ਦਿਨ ਰਾਤ ਸਪੀਕਰ ਵੱਜਦੇ
ਸਰ੍ਹੋਂ, ਮੱਕੀਆਂ ਗਾਉਂਦੀਆਂ
ਕਮਾਦ ਨੱਚਦੇ-
ਤਾਜ਼ੇ ਗੁੜ੍ਹ ਦੀ ਮਹਿਕ ਅਰਸ਼ਾਂ ਤੱਕ ਜਾਂਦੀ
ਇਥੇ ਹੀ ਮੇਰਾ ਸਾਰਾ ਬਚਪਨ
ਅਜੇ ਵੀ ਹੱਸਦਾ ਖੇਡਦਾ ਹੈ--
ਰਾਤਾਂ, ਪਰਭਾਤਾਂ ਵਿਚ
ਮੁਲਾਕਾਤਾਂ ਤੇ ਕਈ ਬਾਤਾਂ ਵਿਚ-
ਮੇਰੀਆਂ ਬੰਸਰੀ ਵਾਲੀਆਂ ਰਾਤਾਂ ਵਿਚ
ਫ਼ੋਟੋ-ਅੱਜ ਹੀ ਮੇਰੇ ਘਰਦੀਆਂ
ਫ਼ੋਟੋ-ਪਿਆਰੇ ਦੋਸਤ Nazar Singh Brar(ਸਕੱਤਰ ਕਿਸਾਨ ਤੇ ਲੇਬਰ ਵਿੰਗ 'ਆਪ'ਜਲੰਧਰ ਜੋਨ) ਨੇ ਘੱਲੀਆਂ ਸਨ


ਚੱਲ ਕੱਲ ਸਵੇਰ ਲਈ- ਡਾ ਅਮਰਜੀਤ ਟਾਂਡਾ

dr-amarjit-tanda-australia.jpgਚੱਲ ਕੱਲ ਸਵੇਰ ਲਈ
ਨਵਾਂ ਹੋਰ ਸੂਰਜ ਲੱਭੀਏ ਕਿਤਿਓਂ
ਅੱਜ ਵਾਲਾ ਤਾਂ ਜਗ 2 ਕੇ
ਸਮੁੰਦਰ ਚ ਕਿਤੇ ਡੁੱਬ ਕੇ ਮਰ ਚੱਲਿਆ ਹੈ
ਜੇ ਆਪਾਂ
ਕੱਲਦੀ ਸਵੇਰ ਜਗਾਉਣ ਲਈ
ਹੋਰ ਸੂਰਜ ਨਾ ਭਾਲਿਆ
ਤਾਂ ਕਾਲੀ ਰਾਤ ਨੇ ਨਹੀਂ ਮਰਨਾ-
ਹਨ੍ਹੇਰਿਆਂ ਨੇ ਨਹੀਂ ਰੁੱਖਾਂ ਤੋਂ ਡਰਨਾ-
ਸੁਕਰ ਕਰ ਇਹ ਲੱਪ ਕੁ ਤਾਰੇ
ਆਪਣੇ ਘਰ ਦਾ ਬੂਹਾ ਰੁਸ਼ਨਾਈ ਰੱਖਦੇ ਨੇ
ਚੰਦ ਖੜ੍ਹਾ ਰਹਿੰਦਾ ਹੈ ਸਰ੍ਹਾਣੇ ਸਾਰੀ 2 ਰਾਤ-
ਇਹ ਸੂਰਜ ਹੀ ਹੁੰਦੇ ਨੇ
ਜੋ ਬਾਰੀਆਂ ਵਿਚ ਦੀ ਅੰਦਰ ਆਉਂਦੇ ਨੇ
ਘਰ ਸੰਸਾਰ ਲਿਸ਼ਕਾਉਂਦੇ ਨੇ
ਲੱਭਦੀਆਂ ਨੇ ਗੁਆਚੀਆਂ ਮੂਰਤਾਂ ਮਾਂ ਦੀਆਂ
ਲਿੱਪੀਆਂ ਹੋਈਆਂ ਦੀਵਾਰਾਂ
ਤੇ ਚੁੱਲਾ ਚੌਂਕਾ ਓਸ ਸੂਰਜੀ ਰਿਸ਼ਮ ਚੋਂ-
ਮਾਂ ਵਰਗੀ ਲੋਅ ਜਦ ਨਵ੍ਹਾਉਂਦੀ ਤਾਂ ਸੁਰਗ ਦਿਸਦਾ ਹੁੰਦਾ ਸੀ
ਟੁੱਕ ਬਖ਼ਸ਼ਦੀ ਤਾਂ ਰੱਬ ਮਿਲਦਾ-
ਝੱਗਾ ਪਜ਼ਾਮਾਂ ਪਹਿਨਾਉਂਦੀ ਤਾਂ
ਦੁਨੀਆਂ ਕੱਜਦੀ ਕੋਈ ਦੇਵੀ ਦੇਵਤਾ ਬਣ ਕੇ
ਓਹੀ ਰਿਸ਼ਮ ਜਦੋਂ ਵਾਲਾਂ ਨੂੰ ਗੁੰਦਦੀ
ਨਵਾਂ ਚੰਦ ਜੂੜੇ ਚ ਟੁੰਗਦੀ
ਤਾਂ ਅਸੀਂ ਅੰਬਰੀਂ ਉਡਾਰੀਆਂ ਮਾਰਦੇ
ਬਹੁਤ ਕਰਾਮਾਤੀ ਹੁੰਦੇ ਨੇ ਸੂਰਜ
ਡਾਲੀਆਂ ਤੇ ਇਹੀ ਟਿਕਾਉਂਦੇ ਨੇ ਮਹਿਕਾਂ ਲੱਦੇ ਫੁੱਲ
ਹਵਾਵਾਂ ਨੂੰ ਇਹੀ ਵੰਡਦੇ ਨੇ ਸੁਰਾਂ ਤੇ ਰਾਗ
ਨਾਨਕ ਗੋਬਿੰਦ ਬੁੱਧ
ਸਾਰੇ ਸੂਰਜ ਹੀ ਤਾਂ ਸਨ ਇਸ ਧਰਤੀ ਦੇ
ਹੁਣ ਫਿਰ ਪੈ ਗਈ ਹੈ ਲੋੜ
ਨਵੇਂ ਸਵੇਰਿਆਂ ਨੂੰ
ਨਵੇਂ ਸੂਰਜਾਂ ਦੀ-
ਲੱਭ ਜਾਣੇ ਦੇਖੀਂ
ਜਦ ਆਪਾਂ ਰਜ਼ਾਈਆਂ ਵਰਗੇ
ਬੱਦਲ ਏਧਰ ਓਧਰ ਕਰ ਕੇ ਫ਼ੋਲੇ
ਜੰਗਲਾਂ ਉੱਚੇ ਟਿੱਬਿਆਂ ਤੇ
ਹੁੰਦੇ ਨੇ ਕਿਤੇ ਜਪ ਤਪ ਕਰਦੇ
ਇਹੋ ਜੇਹੇ ਨਾਥ-
ਜੋ ਅਨਆਇ ਨੂੰ ਵੰਗਾਰਦੇ
ਜ਼ੁਲਮ ਨਾਲ ਦੋ ਹੱਥ ਕਰਦੇ
ਗੁਲਾਮੀ ਦੀਆਂ ਬੇੜੀਆਂ ਖੋਰਦੇ
ਇਹ ਸਾਰੇ ਸੂਰਜ ਹੀ ਤਾਂ ਹੁੰਦੇ ਨੇ-
ਸੀਸ ਭੇਟ ਕਰਨ
ਤਵੀਆਂ ਦੇਗਾਂ ਨੂੰ ਠਾਰਨ
ਨੀਹਾਂ ਚ ਆਪਣੇ ਸੀਨੇ ਸਜਾਉਣ ਵਾਲਿਆਂ ਨੂੰ
ਹੋਰ ਕੀ ਕਹੋਗੇ?
ਬਾਪੂ ਮੇਰੇ ਘਰ ਦੀ ਛੱਤ ਤੇ ਜਗਦਾ ਸੀ
ਤੇ ਮਾਂ ਸਦਾ ਵਿਹੜੇ ਦਲਾਨ ਤੇ ਰਸੋਈ ਚ ਲੋਅ ਬਣੀ ਰਹੀ
ਇੰਜ਼ ਹਰੇਕ ਪਿੰਡ ਸ਼ਹਿਰ ਚ
ਇੱਕ ਦੋ ਸੂਰਜ ਹੁੰਦੇ ਨੇ
ਜਿਹਨਾਂ ਦੀ ਰੌਸ਼ਨੀ ਰਾਹਾਂ ਗਲੀਆਂ ਚ ਵਿਛਦੀ ਹੈ-
ਚੱਲ ਫਿਰ ਸੂਰਜ ਲੱਭੀਏ ਜਾਂ ਬਣੀਏ
ਮਾਂ ਵਰਗੀ ਲੋਅ ਬਣ ਨੀ ਕਣੀਏ
ਬਾਬਰ ਮੂਹਰੇ ਸੀਨੇ ਤਣੀਏ
ਅੰਬਰ ਸੁੰਨ੍ਹੇ ਨੇ ਸੂਰਜ ਜਣੀਏ

Wednesday 22 June 2016



ਸੈਲਫ਼ਾਂ ਤੇ ਪਈਆਂ ਕਿਤਾਬਾਂ

- ਡਾ. ਅਮਰਜੀਤ ਟਾਂਡਾ
 

ਸੈਲਫ਼ਾਂ ਤੇ ਪਈਆਂ ਕਿਤਾਬਾਂ
ਚਿਰਾਂ ਤੋਂ ਝਾਕ ਰਹੀਆਂ ਹਨ-
ਕਦੇ ਮੇਰੇ ਵੱਲ
ਤੇ ਕਦੇ ਓਹਦੇ ਵੱਲ--
ਸ਼ੀਸ਼ਿਆਂ ਚ ਪਈਆਂ ਕਿਤਾਬਾਂ
'ਕੱਲੀਆਂ ਵੀ ਕੀ ਕਰਨ-
ਜਿਹਨਾਂ ਨੂੰ ਮੈਂ ਕਦੇ ਹੱਥਾਂ ਚ ਰੱਖ 2
ਪੜ੍ਹਦਾ ਸਾਂ ਚੁੰਮਦਾ ਸਾਂ-ਸਵੇਰ ਸ਼ਾਮ-
ਬਿੱਟ 2 ਝਾਕ ਰਹੀਆਂ ਹਨ-
ਅਲਮਾਰੀ ਵਿਚ-
ਕਿਸੇ ਨੇ ਹੁਣ
ਕਦੇ ਘੱਟਾ ਵੀ ਨਹੀਂ ਸਾਫ਼ ਕੀਤਾ ਆ ਕੇ
ਵਿਹਲ ਹੀ ਨਹੀਂ ਦੁਨੀਆਂ ਨੂੰ ਲੈਪਟੌਪ ਤੋਂ-
ਨਜ਼ਰ ਜੇ ਹੈ ਤਾਂ ਕਰਸਰ ਤੇ
ਕਾਲੀਆਂ ਪਲਕਾਂ ਤੇ ਨਹੀਂ ਹੈ
ਜਾਂ ਬਾਰੀਆਂ ਚੋਂ ਜਨਮਦੇ
ਰੰਗੀਨ ਗੁਮਨਾਮ ਉਦਾਸ ਜਾਂ
ਅਹਿਸਾਸੀ ਚਿੱਤਰਾਂ 'ਤੇ-
ਚਾਹ ਰੋਟੀ ਵੇਲੇ
ਹੁਣ ਪੋਟੇ ਲੱਭਦੇ ਹਨ -ਆਈਪੈਡ
ਹਰਫ਼ਾਂ ਤੋਂ ਹੋ ਗਈਆਂ ਹਨ ਦੂਰੀਆਂ-
ਕਿਤਾਬਾਂ ਦੇ ਸਫ਼ੇ ਕੋਈ ਨਹੀਂ ਛੁੰਹਦਾ,ਪਰਤਦਾ
ਕੀ ਕਰਾਂਗਾ ਨਵੀਂ ਕਿਤਾਬ
ਛਪਵਾ ਕੇ -
ਕਵਰ ਤੇ ਆਪਣਾ ਨਾਂ ਲਿਖਵਾ ਕੇ-
ਕਿਸੇ ਨੇ ਨਹੀਂ ਪੜ੍ਹਨੀ ਮੇਰੀ ਕਿਤਾਬ-
ਪਈ ਰਹੇਗੀ ਕਿਸੇ ਦੀ ਸੈæਲਫ ਤੇ
ਬੰਦ ਸਦੀਆਂ ਤੀਕ-ਮੇਰੀ ਭੇਟ ਕੀਤੀ ਕਿਤਾਬ
ਕਿੰਨਾ ਕੁਝ ਦਿਤਾ ਸੀ-
ਮੇਰੀ ਪਾਠ ਪੁਸਤਕ, ਕਵਿਤਾ,
ਤੇ ਕਹਾਣੀਆਂ ਵਾਲੀ ਕਿਤਾਬ ਨੇ-
ਲੋਕ ਸਾਰੇ ਕਿਤਾਬਾਂ 'ਚ ਹੀ ਜਨਮੇਂ
ਵੱਡੇ 2 ਅਹੁਦਿਆਂ ਤੇ ਬੈਠੇ-
ਇਹ ਸਾਰਾ ਕਿਤਾਬਾਂ ਨੇ ਹੀ ਦਿਤਾ -
ਕਿਤਾਬਾਂ ਉਦਾਸ ਤੱਕ ਰਹੀਆਂ ਹਨ ਹੁਣ
ਸੈਲਫ਼ਾਂ ਤੋਂ-
ਉਡੀਕ ਰਹੀਆਂ ਹਨ ਕਿਸੇ ਆਪਣੇ ਨੂੰ-
ਕਿ ਕੋਈ ਆਵੇ
ਤੇ ਓਹਦੇ ਸਫ਼ਿਆਂ ਨੂੰ ਅੰਗਾਂ ਵਾਂਗ ਛੋਹੇ,
ਵਰਕਾ 2 ਥੱਲੇ-ਹੋਟਾਂ ਤੋਂ ਆਏ ਪੋਟਿਆਂ ਨਾਲ-
ਕਿਤਾਬਾਂ ਜਿਹੜੀਆਂ ਲੈਣ ਦੇਣ ਵੇਲੇ
ਵਿਚੋਲੀਆਂ ਬਣਦੀਆਂ ਸਨ-
ਪਿਆਰ ਰਿਸ਼ਤੇ ਬਣਾਉਂਦੀਆਂ ਸਨ-
ਬੇਵੱਸ, ਬੇਚੈਨ ਪਈਆਂ ਹਨ-
ਹੁਣ ਕਿੱਥੇ ਰੱਖਿਆ ਕਰਾਂਗੇ
ਕਿਸੇ ਆਪਣੇ ਦੇ ਦਿਤੇ
ਪਿਆਰੇ ਹੱਥਾਂ ਨਾਲ ਸੂਹੇ ਗੁਲਾਬ-
ਜੋ ਮੁੱਦਤਾਂ ਤੀਕ ਸਾਂਭੇ ਰਹਿੰਦੇ ਸਨ-
ਖੇਲਦੇ ਸਨ ਕਦੇ 2 ਉਂਗਲੀਆਂ 'ਚ-
ਕਿਤਾਬਾਂ ਨੇ ਯਾਦਾਂ ਦਿਤੀਆਂ
ਉਦਾਸ ਮਨਾਂ ਤੋਂ ਉਦਰੇਵੇਂ ਪੂੰਝੇ-
ਹੁਣ ਹਨੇਰਿਆਂ 'ਚ 'ਕੱਲੀਆਂ ਤੁਰਦੀਆਂ ਹਨ-
ਜਿਹਨਾਂ ਨੂੰ ਕਦੇ ਸੌਂ ਜਾਂਦੇ ਸਾਂ
ਹਿੱਕ ਨਾਲ ਲਾ ਕੇ
ਕਦੇ ਸਰਾ੍ਹਣੇ ਰੱਖ ਕੇ -
ਪੱਟਾਂ ਤੇ ਹੁਣ ਲੈਪਟੌਪ ਹੈ-
ਹੱਥਾਂ 'ਚ ਸਮਾਰਟ ਫ਼ੋਨ ਜਾਂ ਆਈਪੈਡ-
ਕਿਤਾਬਾਂ ਗੁਆਚ ਗਈਆਂ ਹਨ-
ਪਿਆਰ ਰਿਸ਼ਤੇ ਗੁੰਮ ਹੋ ਗਏ ਹਨ- ਕਿਤੇ
ਲੈਪਟੌਪ ਤੇ ਪਲਾਂ ਦੇ ਈਮੇਲ
ਵਟਸਅੱਪ ਤੇ ਸਕਿੰਟਾਂ ਦਾ ਮਿਲਣ-
ਕਿਤਾਬਾਂ ਵਰਗੀ ਨਹੀਂ ਹੈ ਮੁਲਾਕਾਤ
ਹਰਫ਼ 2 ਨਹੀਂ ਹੈ ਬਰਸਾਤ
ਫੁੱਲਾਂ ਲਈ ਨਹੀਂ ਹੈ ਹਵਾਲਾਤ
ਓਹਦੇ ਵਰਗੀ ਨਹੀਂ ਹੈ ਪਰਭਾਤ

Friday 3 June 2016

ਗੁਰ ਦੇ ਘਰ ਵਿਚ ਕਾਹਦਾ ਡਰ!
ਸੂਰਜ , ਤਾਰਾ
ਆਪਣਾ ਘਰ
ਇਸਤੋਂ ਸੋਹਣਾ ਅੰਬਰਸਰ
ਅੰਬਰਸਰ ਸਿਫ਼ਤੀ ਦਾ ਘਰ
ਅੰਬਰਸਰ ਵਿਚ ਗੁਰ ਦਾ ਘਰ
ਗੁਰ ਦੇ ਘਰ ਵਿਚ ਕਾਹਦਾ ਡਰ!
ਬਚਪਨ ਵਿਚ ਜਦ ਗੁਰ-ਘਰ ਜਾਣਾ
ਅੰਮ੍ਰਿਤ-ਬਾਣੀ ਮਨ ਵਿਚ ਘੁਲਣੀ
ਸਵਾਦ ਸਵਾਦ ਹੋ ਜਾਣਾ
ਅਚਨਚੇਤ ਨਜ਼ਰਾਂ ਨੇ ਉਠਣਾ
ਪਰਿਕਰਮਾ ਵਿਚ ਲਿਖਿਆ ਪੜ੍ਹਨਾ
"ਜੇਬ ਕਤਰਿਆਂ 'ਤੇ ਗੱਠੜੀ ਚੋਰਾਂ ਤੋਂ ਬਚੋ ਜੀ।"
ਸਹਿਮ ਕੇ ਇਕ ਦਮ
ਬਾਪੂ ਦੀ ਉਂਗਲ ਫੜ ਲੈਣੀ
ਆਸੇ ਪਾਸੇ ਡਰ ਕੇ ਤੱਕਣਾ
ਹਰ ਇਕ ਬੰਦਾ ਲੱਗਣਾ ਜੇਬ-ਤਰਾਸ਼
ਗਠੜੀ ਚੋਰ
"ਬਾਪੂ ਛੇਤੀ ਚੱਲੀਏ ਏਥੋਂ"
ਬਾਪੂ ਹੱਸਣਾ
ਨਾਲੇ ਦੱਸਣਾ
"ਗਠੜੀ ਚੋਰ ਵੀ ਏਥੇ ਬੇਸ਼ੱਕ
ਨਾਲੇ ਜੇਬ-ਤਰਾਸ਼
ਐਪਰ ਬਾਬਾ ਨਜ਼ਰ ਵੀ ਦੇਂਦਾ
ਜਿਹੜੀ 'ਠੱਗ' ਤੇ 'ਸੱਜਣ' ਵਿਚਲਾ
ਫਰਕ ਪਛਾਣੇ
ਆਪਾਂ ਅੰਨ੍ਹਿਆਂ ਏਥੋਂ
ਆਪਣੀ ਨਜ਼ਰ ਗਵਾਚੀ ਲੈਣੀ
ਤੂੰ ਨਾ ਡਰ
ਹਰਿਮੰਦਰ ਵਿਚ ਕਰ ਹਰਿ ਹਰਿ।"
ਮੰਨ ਲਈ ਬਾਪੂ ਦੀ ਗੱਲ
ਕੱਢਣਾ ਚਾਹਿਆ ਮਨ 'ਚੋਂ ਡਰ
ਲੱਭਦੇ ਰਹਿਣਾ ਨਜ਼ਰ ਗਵਾਚੀ
ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ
ਜੇਬ-ਤਰਾਸ਼
ਕੇਵਲ ਓਹ ਨਾ
ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ
ਵਿਚ ਡਿਓੜ੍ਹੀ
ਸਰਾਂ ਰਾਮਦਾਸ ਗੁਰ
ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ
ਖੜੇ ਡਿਓੜ੍ਹੀ ਦਰਸ਼ਨੀ
ਨਾਨਕ ਤੇ ਮਰਦਾਨਾ ਹੱਸਦੇ
ਦੂਰ ਖਲੋ ਕੇ ਬਾਣੀ ਸੁਣਦੇ
ਨਾਲੇ ਆਪਣਾ ਬਾਣਾ ਤੱਕਦੇ
ਬਰਛੇ ਵਾਲਾ ਸਿੰਘ ਵੇਖ ਕੇ
ਇਕ ਦੂਜੇ ਨੂੰ
ਲੱੱਗਦਾ ਏ ਕੁਝ ਪੁੱਛਦੇ-ਦੱਸਦੇ
ਚਾਰ-ਚੁਫ਼ੇਰੇ
ਸੁਰ ਤੇ ਸ਼ਬਦ ਦੀ ਅੰਮ੍ਰਿਤ ਵਰਸ਼ਾ
ਰੋਮ ਰੋਮ ਵਿਚ ਘੁਲਦਾ ਰਸ
ਸੰਗਤ ਸੁਣਦੀ ਗੁਰ ਦਾ ਜਸ
ਫਿਰ ਦਿਨ ਆਏ ਐਸੇ, ਏਥੇ
ਲਿਸ਼ਕਣ ਲੱਗ ਪਈਆਂ ਤਲਵਾਰਾਂ
ਬੋਲਣ ਲੱਗ ਪਏ ਹਥਿਆਰ
ਅੰਦਰਵਾਰ ਤੇ ਬਾਹਰਵਾਰ
ਗੂੰਜਣ ਲੱਗ ਪਈ ਲਲਕਾਰ
ਵਧਣ ਲੱਗਾ ਖੜਕਾਰ
ਅੱਖਾਂ ਵਿਚ ਵੱਜੀ ਲਿਸ਼ਕਾਰ
ਧੁੰਦਲੀ ਹੋ ਗਈ ਨਜ਼ਰ
ਤੇ ਹੁਣ
ਪਤਾ ਨਾ ਚੱਲੇ
ਕਿਹੜੀ ਤਰਫ਼ ਉਲਾਰ
ਏਧਰਲੇ ਸਿੰਘ?
ਓਧਰਲੀ ਸਰਕਾਰ?
ਸਹਿਮ ਗਿਆ ਮੈਂ ਸਹਿ-ਪਰਿਵਾਰ
ਹੁਣ ਜਦ ਜਾਂਦਾ ਅੰਬਰਸਰ
ਆਉਂਦਾ ਡਰ
ਲੈ ਕੇ ਮੁੜਦਾ ਮਨ 'ਤੇ ਭਾਰ
ਇੱਕ ਦਿਨ ਉਠਿਆ ਜ਼ਹਿਰੀ ਧੂੰਆਂ
ਦੋ-ਪਾਸੀਂ ਹੋਈ ਗੜ ਗੜ
ਅਪਣੇ ਹੀ ਜਦ
ਆਪਣਿਆਂ 'ਤੇ ਆਏ ਚੜ੍ਹ
ਅੰਬਰਸਰ ਵਿਚ ਨਾਵ੍ਹਣ ਆਇਆ
ਬਾਪੂ ਡੁੱਬਿਆ
ਹੋਰ ਪਤਾ ਨਹੀਂ ਕਿੰਨੇ ਸੁਪਨੇ
ਲਹੂ ਦੇ ਸਾਗਰ ਡੁੱਬੇ
ਤੱਤੀ ਲੋਹ ਦੇ ਹੇਠਾਂ
ਪਿਆ ਬਾਰੂਦ ਬਲੇ
ਨਰਕ-ਕੁੰਡ ਵਿਚ
ਧੂ ਧੂ ਕੁੱਲ੍ਹ ਪੰਜਾਬ ਜਲੇ
ਕਿਸੇ ਦਾ ਵਿਹੜਾ
ਛਮ ਛਮ ਅੱਥਰੂ ਰੋਂਦਾ
ਕਿਸੇ ਦਾ ਖੇੜਾ
ਖਿੜ ਖਿੜ ਕਰ ਕੇ ਹੱਸਦਾ
ਗੁੰਮ ਗਿਆ
ਪਤਾ ਨਹੀਂ ਕਿਧਰੇ
ਸਭ ਦਾ ਸਾਂਝਾ
ਘਟ-ਘਟ ਵੱਸਦਾ
ਹਰ ਦਰ ਘਰ 'ਤੇ ਛਾਏ
ਕਾਲ ਦੇ ਪ੍ਰਛਾਵੇਂ
ਜੜ੍ਹ ਤੋਂ ਸੁੱਕਣ ਲੱਗੇ
ਰੁੱਖੜੇ ਘਣਛਾਵੇਂ
ਜਾਗਦਿਆਂ ਤੇ ਸੁੱਤਿਆਂ
ਸਾਹਵੇਂ ਮੌਤ ਖੜੀ
ਚਾਰੇ ਪਾਸੇ ਧੂੰਆਂ-ਧੂਆਂ
ਗਹਿਰ ਚੜ੍ਹੀ
ਉਸ ਧੂੰਏ ਵਿਚ ਨਜ਼ਰ ਗਵਾਚੀ
ਰੋਮ ਰੋਮ ਵਿਚ ਬਹਿ ਗਿਆ ਡਰ
ਉਸ ਦਿਨ ਤੋਂ ਮੈਂ
ਲੱਭਦਾ ਫਿਰਦਾਂ
ਕਿੱਥੇ ਹੈ ਮੇਰੇ ਗੁਰ ਦਾ ਘਰ?
ਅਜੇ ਵੀ ਏਥੇ ਅਕਸਰ ਹੀ ਤਲਵਾਰਾਂ ਲਿਸ਼ਕਣ
ਪੱਗਾਂ ਲੱਥਣ
ਵੇਖ ਕੇ ਸਭ ਕੁਝ
ਬਾਣੀ ਸੁਣਦੇ
ਮਾਸੂਮਾਂ ਦੇ ਬੁੱਲ੍ਹਾਂ 'ਤੇ ਮੁਸਕਾਨਾਂ ਸਿਸਕਣ
ਅਜੇ ਵੀ ਏਥੇ
ਖੜੇ ਡਿਓੜ੍ਹੀ ਦਰਸ਼ਨੀ
ਨਾਨਕ ਤੇ ਮਰਦਾਨਾ ਹੱਸਦੇ
ਦੂਰ ਖਲੋ ਕੇ ਬਾਣੀ ਸੁਣਦੇ
ਨਾਲੇ ਆਪਣਾ ਬਾਣਾ ਤੱਕਦੇ
ਬਰਛੇ ਵਾਲਾ ਸਿੰਘ ਵੇਖ ਕੇ
ਇਕ ਦੂਜੇ ਨੂੰ
ਲੱੱਗਦਾ ਏ ਕੁਝ ਪੁੱਛਦੇ-ਦੱਸਦੇ
ਹੁਣ ਵੀ ਜਦ ਅੰਬਰਸਰ ਜਾਵਾਂ
ਮਨ ਸਮਝਾਵਾਂ
ਅੰਬਰਸਰ ਸਿਫ਼ਤੀ ਦਾ ਘਰ
ਅੰਬਰਸਰ ਵਿਚ
ਗੁਰ ਦਾ ਘਰ
ਗੁਰ ਦੇ ਘਰ ਵਿਚ ਕਾਹਦਾ ਡਰ!
-ਵਰਿਆਮ ਸਿੰਘ ਸੰਧੂ
-0-

ਇਹ ਤਸਵੀਰਾਂ- ਡਾ. ਅਮਰਜੀਤ ਟਾਂਡਾ
ਇਹ ਤਸਵੀਰਾਂ
ਬਹੁਤ ਕੁਝ ਬੋਲਦੀਆਂ ਹਨ
ਓਹਦੀ ਤਸਵੀਰ 
ਜੋ ਮੇਰੇ ਕੋਲ ਹੈ-
ਕੋਈ ਵੀ ਤਸਵੀਰ ਨਹੀਂ ਬਣੀ ਹੈ
ਓਸ ਵਰਗੀ-
ਕੱਲ ਜਦੋਂ
ਘਰ ਅਲਮਾਰੀ ਫ਼ੋਲੀ
ਪੁਰਾਣੇ ਸਾਂਭੇ ਪੈਨ ਪੈਨਸਿਲਾਂ ਤਾਲੇ ਚਾਬੀਆਂ ਮਿਲੀਆਂ
ਪਰ ਓਹਨਾਂ ਚ ਇੱਕ ਮਿਲੀ
ਤਸਵੀਰ ਓਹਦੀ ਸਾਂਭੀ ਕਿਤਾਬ ਚ-
ਸੱਭ ਕੁਝ ਫ਼ਜ਼ੂਲ ਬੇਅਰਥ ਸੀ
ਇੱਕ ਤੇਰੀ ਤਸਵੀਰ ਬਿਨ-
ਤੂੰ ਜਰਾ ਮੇਰੇ ਵੱਲ ਮੂੰਹ ਤਾਂ ਕਰ
ਦੱਸ ਕੀ ਜਾਂਦਾ ਹੈ ਤੇਰਾ-
ਉਹ ਦਿਨ ਹਵਾ ਨੇ
ਨਹੀਂ ਆਉਣਾ ਮੁੜਕੇ
ਨਾ ਹੀ ਉਹ ਆਏਗੀ ਵਾਪਿਸ
ਕਿਸੇ ਘਰ ਨੂੰ ਸਜਾਉਂਦੀ
ਤੇ ਪਹਿਲੀ ਮੁਹੱਬਤ ਦੇ ਗੀਤ ਗੁਣਗਣਾਉਂਦੀ-
ਸੁਪਨਿਆਂ ਦੀ ਹੀ ਰਹਿ ਗਈ ਹੈ
ਇੱਕ ਰਾਤ ਬਾਕੀ
ਰੇਤ ਤੇ ਚੰਦ ਬਣਾ ਕੇ ਵੀ ਕੀ ਕਰਾਂਗਾ-
ਰੰਗੀਨ ਤਸਵੀਰਾਂ ਵਰਗੇ
ਨਹੀਂ ਪਰਤਣਗੇ ਦਿਨ ਕਦੇ
ਕੱਲ ਸੁਪਨੇ ਚ ਹੀ ਇੱਕ ਹੋਈ ਮੁਲਾਕਾਤ
ਕੰਬ ਰਹੇ ਸਨ
ਬੁੱਲ੍ਹ ਸਾਡੇ ਦੋਵਾਂ ਦੇ-
ਜੀਅ ਭਰ ਕੇ ਵੀ ਨਾ ਦੇਖਿਆ
ਇੱਕ ਦੂਸਰੇ ਨੂੰ-ਨਾ ਕੋਈ ਗੱਲ ਕੀਤੀ
ਏਡੀ ਲੰਬੀ ਸੀ ਮੁਲਾਕਾਤ-
ਓਸ ਦਿਨ ਬਾਅਦ
ਫਿਰ ਵੀ ਮਿਲਦੇ ਤਾਂ ਹਾਂ-
ਪਰ ਕੰਬਦੇ ਬੁੱਲ੍ਹ-ਗੱਲ ਕੀ ਕਰਨ-
ਜੇਬਾਂ ਚ ਤਸਵੀਰਾਂ ਸਨ ਇੱਕ ਦੂਜੇ ਦੀਆਂ-
ਖ਼ਾਬ ਮਰਨ ਨਾਲ ਹੀ ਜਲ ਗਈਆਂ
ਮੈਂ ਤਸਵੀਰ ਬਣਾਉਂਦਾ ਹਾਂ ਚੰਨ ਦੀ
ਤੇਰੀ ਬਣ ਜਾਂਦੀ ਹੈ ਤਸਵੀਰ ਹਰ ਵਾਰ-
ਰੰਗਾਂ ਨੂੰ ਵੀ ਸ਼ਾਇਦ ਇਸ਼ਕ ਹੋ ਗਿਆ ਹੈ
ਤੇਰੇ ਸ਼ਹਿਰ ਦਾ-
ਤਸਵੀਰਾਂ ਦੇ ਨਕਸ਼ ਲੈ ਕੇ
ਹੁਣ ਘੁੰਮ ਰਹੇ ਹਾਂ-
ਹੋ ਸਕਦਾ ਹੈ ਕਿਸੇ ਮੋੜ ਤੇ
ਮਿਲ ਪਈਏ-
ਲੋਕਾਂ ਨੇ ਹਰ ਮਿਲਣ ਤੇ
ਪਤਾ ਨਹੀਂ ਕਿਉਂ ਲਿਖ ਦਿਤੀ ਹੈ ਜੁਦਾਈ ਤੇ ਵਿਯੋਗ-
ਅੱਜ ਤੇਰੀ ਤਸਵੀਰ
ਮਨ 'ਚ ਉੱਤਰੀ
ਰਾਤ ਸੀ- ਫਿਰ ਜੁਆਨ ਹੋ ਗਈ
ਦਿੱਲ ਕਰਦਾ ਹੈ -ਛੱਤ ਤੇ ਚੱਲੀਏ-
ਤੂੰ ਚੰਦ ਤਾਰੇ ਦੇਖੀਂ
ਮੈਂ ਤੈਨੂੰ ਤੱਕਾਂਗਾ-
ਇਹ ਸ਼ਰਾਬ ਤਾਂ ਲੋਕ ਉਂਜ਼ ਹੀ ਪੀਂਦੇ ਨੇ
ਅਸੀਂ ਤਾਂ ਪੀਂਦੇ ਹਾਂ
ਤੇਰੇ ਮਸਤ ਨੈਣਾਂ ਦਾ ਖੁਮਾਰ
ਜਦੋਂ ਕਦੇ ਤਸਵੀਰ ਦੇਖਦਾਂ ਤੇਰੀ
ਲੋਕ ਜਿਊਣਾ ਪੁੱਛਦੇ ਹਨ-
ਮੈਨੂੰ ਤੇਰੀ ਨਿੱਕੀ ਜੇਹੀ
ਮੁਸਕਰਾਹਟ ਯਾਦ ਆ ਜਾਂਦੀ ਹੈ
ਦਿੱਲ ਟੋਹਦਾਂ ਹਾਂ ਤਾਂ
ਲਗਦਾ ਹੈ ਧੜਕਣ ਹੈ ਉਸ ਵਿਚ ਅਜੇ-
ਤੇਰੀ ਪੇਟਿੰਗ ਬਣਾ ਕੇ
ਰਾਤ ਅੰਬਰ ਤੇ ਲਟਕਾਈ
ਲੋਕਾਂ ਨੂੰ ਚੰਦ ਬੇਦਾਗ ਨਜ਼ਰ ਆਇਆ-ਕੱਲ
ਤੂੰ ਸ਼ੀਸ਼ਾ ਨਾ ਦੇਖਿਆ ਕਰ
ਕਿਤੇ ਨਜ਼ਰ ਨਾ ਲੱਗ ਜਾਵੇ
ਦੁਨੀਆਂ 'ਤੇ ਇਸ਼ਕ ਨੂੰ-

Monday 16 May 2016

ਸੁਖਚੈਨ ਦੀਆਂ ਦੋ ਕਵਿਤਾਵਾਂ

ਪੱਛਮਾਂ ਵਿੱਚ ਘਿਰਿਆ ਸੂਰਜ

ਬਹੁਤ ਪੱਛਮਾਂ ਵਿੱਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।
ਅਨੇਕਾਂ ਦੀਵੇ
ਹਵਾ ਦੇ ਛੋਟੇ-ਛੋਟੇ ਬੁੱਲਿਆਂ ਨਾਲ ਬੁਝ ਗਏ
ਹਜ਼ਾਰਾਂ ਰਿਸ਼ਮਾਂ ਦੀਆਂ ਜ਼ੁਲਫ਼ਾਂ
ਰਾਤਾਂ ਦੇ ਵਿੱਚ ਰਾਤ ਹੋ ਗਈਆਂ
ਨ੍ਹੇਰਾ ਉਨ੍ਹਾਂ ’ਤੇ ਹੱਸਦਾ ਰਿਹਾ।
ਜਦੋਂ ਪੈਰਾਂ ’ਚੋਂ ਵਾਟ ਮੁੱਕ ਗਈ
ਬਹੁਤ ਸਾਰੇ ਯਾਤਰੂ ਅੱਧਵਾਟੇ ਰੁਕ ਗਏ
ਜਦੋਂ ਆਪਣੇ ਵਿੱਚ ਅਗਨੀ ਨਾ ਰਹੀ
ਕਈ ਸੂਰਜ ਪੂਰਬ ’ਚ ਹੀ ਡੁੱਬ ਗਏ।
ਮੈਂ ਰੋਸ਼ਨੀਆਂ ਦੇ ਝੁੰਡ ’ਚ ਜਗਦੀ ਬੱਤੀ ਨਹੀਂ
ਮੈਂ ਤਾਂ ਹਨੇਰੇ ਦੀ ਬੁੱਕਲ ’ਚ ਦਹਿਕਦੀ ਅੱਗ ਹਾਂ
ਜੋ ਛੇਤੀ ਕੀਤੇ ਬੁਝਦੀ ਨਹੀਂ।
ਆਪਣੇ ਅੰਦਰ ਹਜ਼ਾਰਾਂ ਜਵਾਲਾਮੁਖੀ ਸਾਂਭੀ
ਅੱਖਾਂ ’ਚ ਅਨੇਕਾਂ ਅਣ-ਤੈਅ ਕੀਤੇ ਰਸਤੇ ਲਈ
ਹਜ਼ਾਰਾਂ ਪੱਛਮਾਂ ’ਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।

ਸੈਹਰ ਲਈ ਇੱਕ ਕਵਿਤਾ

ਲੰਮੀ ਕਾਲੀ ਬੋਲੀ ਸੁੰਨ-ਸਰਾਂ ਰਾਤ ਖ਼ਤਮ ਹੋਈ ਹੈ
ਸਾਡੇ ਘਰ ਸੁਗੰਧੀਆਂ ਭਰੀ ਪਹੁ ਫੁੱਟੀ ਹੈ
ਇਸ ਨਵੀਂ ਸਵੇਰ ਦਾ ਨਾਂ ਹੈ ਸੈਹਰ।
ਇਸ ਸੈਹਰ ਦੀ ਆਵਾਜ਼ ਵਿੱਚ
ਚਿੜੀਆਂ ਚੂਕਣ ਪੰਛੀ ਗਾਵਣ
ਬਾ ਬਾ ਕਰਕੇ ਬਾਬੇ ਨਾਲ ਗੱਲਾਂ ਕਰਦੀ
ਦਾ ਦਾ ਕਰਕੇ ਦਾਦੀ ਨੂੰ ਬੁਲਾਏ
ਮਾਂ ਮਾਂ ਕਰਕੇ ਅੰਮੀ ਵੱਲ ਦੇਖੇ
ਪਾ ਪਾ ਕਰਕੇ ਪਾਪਾ ਵੱਲ ਜਾਵੇ
ਚਾ ਚਾ ਕਰਕੇ ਚਾਚਿਆਂ ਵੱਲ ਦੇਖੇ
ਨਾ ਨਾ ਕਰਕੇ ਨਾਨੇ-ਨਾਨੀ ਦੀ ਕੁੱਛੜ ਚੜ੍ਹਦੀ
ਸੈਹਰ ਘਰ ਦਾ ਕੁਲ ਸਰਮਾਇਆ।
ਗਾਲ੍ਹੜ ਗਾਲ੍ਹੜ ਮੈਂ ਉਸ ਨੂੰ ਬੁਲਾਵਾਂ
ਕੁਤਕੁਤਾੜੀਆਂ ਕੱਢ ਕੇ ਉਸ ਨੂੰ ਹਸਾਵਾਂ
ਖਿੜ-ਖਿੜ ਹੱਸਦੀ ਮੈਨੂੰ ਗਾਲ੍ਹੜ ਦਾਦਾ ਆਖੇ
ਹੱਸਦੀ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਹਨ
ਇੰਜ ਮੈਨੂੰ ਜਾਪੇ।
ਮੈਂ ਸੋਚਾਂ ਅੱਜ ਇਹ ਮੇਰੇ ਕੋਲ ਹੈ
ਵੱਡੀ ਹੋ ਕੇ ਕੱਲ੍ਹ ਨੂੰ ਇਸ ਨੇ ਸਹੁਰੇ ਘਰ ਜਾਣਾ ਹੈ
ਡਰਦਾ ਹਾਂ ਇਸ ਨਾਲ ਕੀ ਹੋਵੇਗਾ?
ਫਿਰ ਸੋਚਦਾ ਹਾਂ
ਗਿਆਨ ਦੀ ਸ਼ਕਤੀ ਨਾਲ ਇਸ ਦਾ ਮਨ ਮਜ਼ਬੂਤ ਕਰਾਂਗਾ
ਮਜ਼ਬੂਤ ਇਸਪਾਤ ਵਰਗੇ ਮਨ ਵਾਲੀ ਸੈਹਰ ਨੂੰ ਘਰੋਂ ਵਿਦਾ ਕਰਾਂਗਾ।
ਸੁਣੋ ਭਾਈ ਮੇਰੇ ਦੇਸ਼ ਦੇ ਕੁੜੀ ਮਾਰੋ
ਕੁੜੀਆਂ ਹੁੰਦੀਆਂ ਘਰ ਦੇ ਵਿਹੜੇ ਦਾ ਬਾਗ਼
ਇਸ ਬਾਗ਼ ਵਿੱਚ ਭਾਂਤ-ਭਾਂਤ ਦੇ ਫੁੱਲ ਖਿੜਦੇ ਹਨ
ਜ਼ਿੰਦਗੀ ਦੇ ਸੁੰਨੇ ਬੀਆਬਾਨ ਵਿੱਚ
ਮਾਵਾਂ ਧੀਆਂ ਭੈਣਾਂ ਦੀਆਂ ਗੱਲਾਂ ਦੇ ਦੀਵੇ ਜਗਦੇ ਹਨ।
ਆਓ ਧੀਆਂ ਭੈਣਾਂ ਦਾ ਮਨ
ਵਿੱਦਿਆ ਦੇ ਦੀਵਿਆਂ ਨਾਲ ਰੁਸ਼ਨਾਈਏ
ਵਿੱਦਿਆ ਘਰਾਂ ਵਿੱਚ ਪੜ੍ਹਨੇ ਪਾਈਏ
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’
ਗਿਆਨ ਦੇ ਦੀਵੇ
ਉਨ੍ਹਾਂ ਦੇ ਮਨਾਂ ਵਿੱਚ ਜਗਾਈਏ
ਅਗਿਆਨਤਾ ਦਾ ਹਨੇਰਾ
ਧਰਤ ਤੋਂ ਦੂਰ ਭਜਾਈਏ।
ਬੀਬੀਆਂ ਮਨੁੱਖਤਾ ਦੀ ਹੋਣੀ ਹਨ
ਦੁੱਖ ਨਾਲ ਤੜਪ ਰਹੇ ਮਨ ’ਤੇ
ਸੁਖ ਦੀ ਠੰਢੀ ਪੱਟੀ ਹਨ
ਬੀਬੀਆਂ ਸਾਡਾ, ਭੂਤ, ਵਰਤਮਾਨ, ਭਵਿੱਖ
ਆਓ ਇਨ੍ਹਾਂ ਦੀ ਇੱਜ਼ਤ ਕਰੀਏ
ਆਓ ਆਪਣੇ ਆਪ ਨੂੰ ਮਜ਼ਬੂਤ ਬਣਾਈਏ
ਆਓ ਘਰਾਂ ਵਿੱਚ ਸੁਖ ਦੇ ਬੂਟੇ ਲਾਈਏ।
ਮੋਬਾਈਲ: 95010-16407

ਨਾਗ਼ਮਣੀ

ਨਾਗ਼ਮਣੀhttp://www.ajitjalandhar.com/



ਓਦੋਂ ਇਹ ਨਹੀ ਸੀ ਪਤਾ-- ਡਾ. ਅਮਰਜੀਤ ਟਾਂਡਾ
ਜੇ ਇਹ ਪਤਾ ਹੁੰਦਾ
ਕਿ ਮਾਂ ਵੀ ਗੁਆਚਣ ਵਾਲੀ ਚੀਜ ਹੈ
ਤਾਂ ਮੈਂ ਨੀਲੇ ਬੱਦਲਾਂ ਚ ਕਿਤੇ ਸੰਭਾਲ ਲੈਂਦਾ-
ਕਿਸੇ ਅਸਮਾਨ ਤੇ ਡਾਹ ਦਿੰਦਾ-
ਓਹਦਾ ਸੋਨ ਰੰਗਾ ਮੰਜ਼ਾ
ਸੁਪਨਿਆਂ ਦੇ ਹੀਰਿਆਂ ਨਾਲ ਮੜ੍ਹ ਕੇ
ਓਹਦੀਆਂ ਨਸੀਹਤਾਂ ਨੂੰ ਕਿਸੇ
ਸੋਹਣੇ ਜੇਹੇ ਸੁਨਹਿਰੀ ਫ਼ਰੇਮ ਚ ਜੜ੍ਹਾ ਲੈਂਦਾ
ਸਾਂਭ ਲੈਂਦਾ ਓਹਦੇ ਗੀਤਾਂ
ਤੇ ਲੋਰੀਆਂ ਨੂੰ-ਕਿਸੇ ਮਹਿਫ਼ੂਜ਼ ਸੰਦੂਕ ਚ
ਲੁਕੋ ਲੈਂਦਾ ਕਿਤੇ ਓਹਦੇ ਚਰਖ਼ੇ ਦੀ ਘੂਕਰ ਨੂੰ
ਮਧਾਣੀ ਦੇ ਗੀਤਾਂ ਨੂੰ
ਝਾੜੂ ਦੀਆਂ ਨਜ਼ਮਾਂ ਨੂੰ
ਛੱਜ ਦੇ ਹੁਲਾਰਿਆਂ ਨੂੰ
ਧੋ ਹੋ ਰਹੇ ਕੱਪੜਿਆਂ ਸੰਗ ਵੱਜਦੇ ਸਾਜ਼ ਨੂੰ
ਗਰੀ ਦੇ ਤੇਲ ਨਾਲ ਲਿਖੇ ਮੇਰੇ ਵਾਲਾਂ ਤੇ
ਪੋਟਿਆਂ ਦੀ ਛੁਹ ਨਾਲ ਆ ਰਹੀ ਨੀਂਦਰ ਨੂੰ-
ਕੰਘੀ ਨਾਲ ਸੋਹਣੇ ਸਿੰਗਾਰੇ
ਜੂੜੇ ਦੀ ਕਲਾ ਤੇ ਨਕਸ਼ਾਂ ਨੂੰ-
ਰੋਜ਼ ਆਟਾ ਗੁੰਨ੍ਹਦੀ ਰਸਮ ਨੂੰ
ਮੱਕੀ ਦੀ ਤਰਾਸ਼ਦੀ ਗੋਲ ਰੋਟੀ ਦੀ ਚਿੱਤਰਕਲਾ ਨੂੰ
ਤਵੇ ਤੇ ਸੇਕਦੀ ਚਾਵਾਂ ਨੂੰ -
ਪਾਥੀਆਂ ਪੱਥਦੀ,ਚਿਣਦੀ, ਸਾਜਦੀ ਸੰਸਾਰ ਨੂੰ
ਅੱਗ ਲਾਟਾਂ ਚੋਂ ਸਿੰਗਾਰਦੀ
ਭੁੱਖ ਦੇ ਲੱਗੇ ਦੁੱਖਾਂ ਨੂੰ
ਕੰਧਾਂ ਲਿੱਪ 2 ਸਾਂਭਦੀ
ਨਿੱਤ ਤਿੜਕਦੀ ਦੁਨੀਆਂ ਨੂੰ
ਤਾਰਾਂ ਤੇ ਧੋ 2 ਖਿਲਾਰਦੀ
ਨੰਗੀ ਹੋ ਰਹੀ ਇਨਸਾਨੀਅਤ ਲਈ ਰੰਗ ਬਿਰੰਗੇ ਕੱਜਣ
ਓਦੋਂ ਇਹ ਨਹੀ ਸੀ ਪਤਾ
ਕਿ ਇਸ ਛੱਤ ਨੇ ਦੁਨੀਆਂ ਦਾ ਅਰਸ਼ ਬਣਨਾ ਹੈ-
ਕਿਸੇ ਚੰਦ ਤੇ ਜਾ ਚਰਖ਼ਾ ਡ੍ਹਾਉਣਾ ਹੈ-
ਤਾਰਿਆਂ 'ਚ ਜਾ ਸਿਮਟਣਾ ਹੈ
ਹਵਾਵਾਂ 'ਚ ਰੁਮਕਣਾ ਹੈ-
ਓਦੋਂ ਇਹ ਨਹੀ ਸੀ ਪਤਾ-
your Profile Photoਜ਼ਿੰਦਗੀ ਨੇ - ਡਾ. ਅਮਰਜੀਤ ਟਾਂਡਾ
ਜ਼ਿੰਦਗੀ ਨੇ ਸਾਡੇ ਤੋਂ
ਕੀ ਲੈ ਲੈਣਾ ਸੀ-ਫ਼ੱਕਰਾਂ ਤੋਂ
ਇੱਕ ਮੈਲੀ ਜੇਹੀ ਚਾਦਰ ਸੀ
ਓਹੀ ਲੈ ਕੇ ਟੁਰ ਗਈ
ਬੁੱਕ ਭਰੇ ਸਨ ਫੁੱਲਾਂ ਦੇ
ਹਵਾਵਾਂ ਨੂੰ ਮਹਿਕਾਂ ਚੰਗੀਆਂ ਲੱਗੀਆਂ
ਉਹ ਸੁਗੰਧੀਆਂ ਲੈ ਉੱਡ ਗਈ
ਕਈ ਸੁਪਨੇ ਸਨ
ਰਾਤ ਦੀਆਂ ਜ਼ੇਬਾਂ ਚ ਪਏ
ਉਹ ਵੀ ਮੈਂ ਦੇ ਦਿਤੇ
ਜ਼ਿੰਦਗੀ ਨੂੰ ਕਿਹਾ ਹੋਰ ਮੰਗ ਕੀ ਮੰਗਦੀਂ ਏਂ-
ਕਹਿੰਦੀ ਮੇਰੇ ਨਾਲ ਚੱਲ
ਨਦੀ ਕਿਨਾਰੇ ਖੇਡਾਂਗੇ
ਲਹਿਰਾਂ ਤੇ ਕੋਈ ਗੀਤ ਲਿਖਾਂਗੇ ਮੁਹੱਬਤ ਰੰਗਾ
ਗਾਵਾਂਗੇ ਪਾਣੀਆਂ ਦੇ ਸੰਗ
ਬੇਹੋਸ਼ ਕਰਾਂਗੇ ਬਦਨ ਦੀ ਮਹਿਕ ਨਾਲ ਦਰਿਆਵਾਂ ਨੂੰ
ਤਾਰਿਆਂ ਨੂੰ ਜੜ੍ਹਾਂਗੇ ਕਾਲੀ ਰਾਤ ਦੇ ਜੂੜੇ ਚ
ਜ਼ੁਲਫ਼ਾਂ ਨੂੰ ਛੰਡ ਠਾਰ ਭੰਨਾਂਗੇ
ਤਪਦੀ ਧਰਤ ਦੀ-
ਬੁਝਾਵਾਂਗੇ ਤਪਦੇ ਜ਼ੰਗਲ
ਨਗਨ ਫਿਰ ਰਹੀ ਇਨਸਾਨੀਅਤ
ਕੱਜਾਂਗੇ ਪੱਤਿਆਂ ਨਾਲ-
ਹਨ੍ਹੇਰੇ ਪੂੰਝਣ ਲਈ ਸੂਰਜ ਨੂੰ ਸੱਦਾਂਗੇ
ਹਵਾਵਾਂ ਨੂੰ ਕਹਾਂਗੇ ਕਿ ਬਲਦੇ ਮੇਰੇ ਚਿਰਾਗ ਨਾ ਬੁਝਾਵੇ
ਸਿਤਾਰਿਆਂ ਨੂੰ ਰਹਿਣ ਦੇਵੇ ਟਿਮਕਦੇ
ਵਿਹੜਿਆਂ ਦੀਆਂ ਰੌਣਕਾਂ ਫਿਰ ਟੋਲਾਂਗੇ
ਗੁਆਚੇ ਯਾਰਾਂ ਨੂੰ ਲੱਭਾਂਗੇ
ਪੀਂਘਾਂ ਪਾਵਾਂਗੇ ਫਿਰ
ਸੁੰਨ੍ਹੇ ਖੜ੍ਹੇ ਪਿੱਪਲਾਂ ਬੋਹੜਾਂ ਦੀਆਂ ਬਾਹਾਂ 'ਤੇ
ਪਿੰਡ ਨੂੰ ਜਾਣ ਲੱਗੇ
ਲਿਜਾਵਾਂਗੇ ਭੁੱਲੇ ਵਿਸਰੇ ਗੀਤਾਂ ਦੀਆਂ ਤਰਜ਼ਾਂ
ਗਿੱਧੇ ਦੀਆਂ ਧਮਾਲਾਂ ਤੇ ਭੰਗੜੇ ਦੀਆਂ ਨਵੀਨ ਚਾਲਾਂ-
ਜ਼ਿੰਦਗੀ ਚੱਲ ਪਹਿਲਾਂ ਏਨਾ ਕੁਝ ਸਜਾਈਏ
ਅਰਸ਼ ਦੀ ਕੰਧ 'ਤੇ
ਰਾਤ ਮੈਨੂੰ ਚੰਦ ਨੇ ਜਗਾ ਕੇ ਕਿਹਾ ਸੀ-
ਜੇ ਪਿੰਡ ਨੂੰ ਆਉਣਾ ਹੋਇਆ -
ਤਾਂ ਪਿੰਡ 'ਚ ਓਹੀ ਸੱਥ ਦੀ ਕਹਾਣੀ ਲਿਖ ਕੇ ਜਾਵੀਂ
ਬੰਦ ਪਏ ਬੂਹਿਆਂ ਤੋਂ ਜ਼ੰਗਾਲੇ ਤਾਲੇ ਭੰਨ ਕੇ ਜਾਵੀਂ
ਨੀਲੀ ਗੁਲਮੋਹਰ ਲਿਆਵੀਂ ਇਕ
ਸੁੰਨ੍ਹਿਆਂ ਦਰਾਂ ਤੇ ਰੱਖ ਕੇ ਜਾਵੀਂ
ਹਰ ਸ਼ਾਮ ਦਾ ਗੀਤ
ਤੇ ਸਵੇਰ ਦਾ ਸੂਰਜ-
ਮੈਨੂੰ ਹੋਰ ਨਹੀਂ ਕੁਝ ਚਾਹੀਦਾ ਪੁੱਤ
ਜ਼ਿੰਦਗੀ ਬੋਲੀ-

Thursday 17 March 2016

ਨੀਂਹ ਦੀਆਂ ਇੱਟਾਂ
- ਵਰਿਆਮ ਸਿੰਘ ਸੰਧੂ

ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ-ਚੀਰੇ ਵਾਂਗ ਕੱਟਿਆ ਹੋਇਆ ਸੀ। ਚੌਕ ਦੇ ਵਿਚਕਾਰੋਂ ਬਾਜ਼ਾਰ ਦਾ ਇੱਕ ਹਿੱਸਾ ਤਾਂ ਸਿੱਧਾ ਲਹਿੰਦੇ ਵੱਲ ਨਿਕਲ ਜਾਂਦਾ ਸੀ। ਚੌਕ ਵਿਚੋਂ ਹੀ ਇੱਕ ਛੋਟੀ ਗਲੀ ਪਿੰਡ ਦੀ ਦੱਖਣ ਦੀ ਬਾਹੀ ਵੱਲ ਨਿਕਲਦੀ ਸੀ, ਜਿਸ ਵਿੱਚ ਬਾਜ਼ਾਰ ਵਿਚਲੇ ਦੁਕਾਨਦਾਰਾਂ ਦੇ ਹੀ ਘਰ ਸਨ। ਪਹਾੜ ਦੀ ਬਾਹੀ ਬਾਜ਼ਾਰ ਦੀ ਦੂਜੀ ਸ਼ਾਖ਼ਾ ਨਿਕਲਦੀ ਸੀ ਜਿਹੜੀ ਫਰਲਾਂਗ ਕੁ ਲੰਮੇ ਬਾਜ਼ਾਰ ਦੇ ਖ਼ਤਮ ਹੋਣ ‘ਤੇ ਵੱਡੀ ਗਲੀ ਦੀ ਸ਼ਕਲ ਵਿੱਚ ਤਬਦੀਲ ਹੋ ਜਾਂਦੀ ਸੀ। ਇਹ ਗਲੀ ਥੋੜ੍ਹੇ ਵਿੰਗ-ਵਲੇਵੇਂ ਖਾ ਕੇ ਸਾਡੀ ਪੱਤੀ ਚੰਦੂ ਕੀ ਵਿਚੋਂ ਅਤੇ ਸਾਡੇ ਅੰਦਰਲੇ ਘਰ ਕੋਲੋਂ ਲੰਘਦੀ ਹੋਈ ਪਿੰਡ ਦੇ ਪਹਾੜ ਵਾਲੇ ਪਾਸੇ ਪਿੰਡੋਂ ਬਾਹਰ ਵੱਲ ਨਿਕਲ ਜਾਂਦੀ ਸੀ। ਪਿੰਡ ਦੇ ਬਾਜ਼ਾਰ ਦੇ ਅੱਧ ਵਿਚਕਾਰਲੇ ਇਸ ਚੌਕ ਵਿੱਚ ਲਹਿੰਦੀ ਅਤੇ ਪਹਾੜ ਦੀ ਬਾਹੀ ਨਿਕਲਦੇ ਬਾਜ਼ਾਰਾਂ ਦੀ ਨੁੱਕਰ ਵਿੱਚ ਹੀ ਸੀ ਸਾਡੀ ਹਵੇਲੀ। ਚੌਕ ਤੋਂ ਅੱਗੇ ਲਹਿੰਦੇ ਵੱਲ ਨੂੰ ਨਿਕਲਦੇ ਬਾਜ਼ਾਰ ਵਿੱਚ ਸਾਡੇ ਘਰ ਦੀਆਂ ਚਾਰ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਇਹਨਾਂ ਵਿਚੋਂ ਪਹਿਲੀ ਕੋਠੜੀ ਨੂੰ ਬੈਠਕ ਵਜੋਂ ਵਰਤਿਆ ਜਾਂਦਾ ਸੀ। ਅਗਲੀ ਕੋਠੜੀ ਗਰਮੀਆਂ ਨੂੰ ਤੂੜੀ ਪਾਉਣ ਅਤੇ ਸਿਆਲ ਵਿੱਚ ਡੰਗਰਾਂ ਨੂੰ ਅੰਦਰ ਬੰਨ੍ਹਣ ਦੇ ਕੰਮ ਆਉਂਦੀ ਸੀ। ਵਸੋਂ ਵਾਲਾ ਹਿੱਸਾ ਹੋਣ ਕਰਕੇ ਤੀਜੀ ਕੋਠੜੀ ਦਾ ਬਾਜ਼ਾਰ ਵੱਲ ਖੁੱਲ੍ਹਦਾ ਦਰਵਾਜ਼ਾ ਅਕਸਰ ਬੰਦ ਹੀ ਰਹਿੰਦਾ ਸੀ ਜਦ ਕਿ ਚੌਥੀ ਕੋਠੜੀ ਦਾ ਦਰਵਾਜ਼ਾ ਲਾਹ ਕੇ ਓਥੇ ਬਾਜ਼ਾਰ ਵੱਲ ਕੰਧ ਕਰ ਦਿੱਤੀ ਹੋਈ ਸੀ।
ਵਸੋਂ ਵਾਲੀਆਂ ਪਿਛਲੀਆਂ ਦੋਵਾਂ ਕੋਠੜੀਆਂ ਦੇ ਪਿਛਵਾੜੇ ਬਾਜ਼ਾਰੋਂ ਪਾਰ ਇਲਾਕੇ ਦੇ ਕਹਿੰਦੇ ਕਹਾਉਂਦੇ ਰਹੇ ਸੇਠ ਝੰਡੂ ਸ਼ਾਹ ਦੀ ਤਿੰਨ ਮੰਜ਼ਲੇ ਚੁਬਾਰਿਆਂ ਵਾਲੀ ਵੱਡੀ ਇਮਾਰਤ ਸੀ। ਉਹ ਮੇਰੇ ਪਿਤਾ ਦੇ ਪੜਨਾਨੇ ਕਿਸ਼ਨ ਸਿੰਘ ਦਾ ਸਮਕਾਲੀ ਸੀ ਅਤੇ ਦੇਸ਼-ਵੰਡ ਤੋਂ ਕਈ ਸਾਲ ਪਹਿਲਾਂ ਚੜ੍ਹਾਈ ਕਰ ਚੁੱਕਾ ਸੀ। ਹੁਣ ਇਸ ਭੁੱਲ-ਭੁਲੱਈਆਂ ਵਾਲੇ ਵੱਡੇ ਮਕਾਨ ਵਿੱਚ ਉਸਦੇ ਇਸ ਸਮੇਂ ਬਜ਼ੁਰਗ ਹੋ ਚੁੱਕੇ ਪੁੱਤਰ ਦੀਵਾਨ ਸ਼ਾਹ ਦੇ ਬਾਲ-ਬੱਚੜਦਾਰ ਪੰਜ ਪੁੱਤਰਾਂ ਦੀ ਰਿਹਾਇਸ਼ ਸੀ। ਇਹਨਾਂ ਦੇ ਨਾਂ ਸਨ: ਗੁਰਲਾਲ ਚੰਦ, ਗੋਪਾਲ ਚੰਦ, ਗੁਰਦਿਆਲ ਚੰਦ, ਗੁਰੂਦਾਸ ਅਤੇ ਰਾਮਦਾਸ। ਦੀਵਾਨ ਚੰਦ ਤੇ ਉਸਦੀ ਪਤਨੀ ਵੀ ਅਜੇ ਹਰੀ-ਕਾਇਮ ਸਨ। ਉਸ ਵੱਡੇ ਮਕਾਨ ਦੇ ਹੇਠਾਂ ਕਿਰਾਏ ਦੀਆਂ ਦੋ ਦੁਕਾਨਾਂ ਵਿੱਚ ਮਿਸਤਰੀ ਰਾਮ ਸਿੰਘ ਅਤੇ ਮਿਹਰ ਸਿੰਘ ਹੁਰੀਂ ਲੱਕੜੀ ਦਾ ਕਾਰੋਬਾਰ ਕਰਦੇ ਸਨ। ਸੰਦੂਕ, ਪਲੰਘ ਅਤੇ ਚਰਖ਼ੇ ਬਨਾਉਣ ਵਿੱਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਸੀ। ਮਿਹਰ ਸਿੰਘ ਸਾਈਕਲ ਕਿਰਾਏ ‘ਤੇ ਦੇਣ ਅਤੇ ਮੁਰੰਮਤ ਦਾ ਕੰਮ ਵੀ ਨਾਲ ਨਾਲ ਕਰੀ ਜਾਂਦਾ ਸੀ। ਦੀਵਾਨ ਸ਼ਾਹ ਦਾ ਤੀਜੇ ਥਾਂ ਛੋਟਾ ਮੁੰਡਾ ਗੁਰਦਿਆਲ ਚੰਦ ਆਪਣੇ ਵੱਡੇ ਮਕਾਨ ਹੇਠਲੀ ਤੀਜੀ ਦੁਕਾਨ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹ ਭਿੰਨ ਭਿੰਨ ਤਰ੍ਹਾਂ ਦੇ ਅਰਕ ਅਤੇ ਸ਼ਰਬਤ ਤਿਆਰ ਕਰਨ ਦਾ ਮਾਹਿਰ ਵੀ ਸੀ। ਹਫ਼ਤੇ ਦਸੀਂ ਦਿਨੀਂ ਅਰਕ ਕਸ਼ੀਦ ਕਰਨ ਲਈ ਉਸ ਵੱਲੋਂ ਚੜ੍ਹਾਈ ਭੱਠੀ ਵਿਚੋਂ ਮਹਿਕ ਭਿਜਿਆ ਧੂੰਆਂ ਉੱਠਦਾ ਰਹਿੰਦਾ। ਇਹ ਬਾਜ਼ਾਰ ਅੱਗੋਂ ਨਿੱਕਾ ਜਿਹਾ ਮੋੜ ਮੁੜ ਕੇ ਘਾਟੀ ਉੱਤਰ ਕੇ ਰਾਮਗੜ੍ਹੀਏ ਸਿੰਘਾਂ ਦੇ ਬਾਜ਼ਾਰ ਵਿੱਚ ਵਟ ਜਾਂਦਾ ਸੀ। ਦੂਰ ਤੱਕ ਇਸ ਬਾਜ਼ਾਰ ਦੇ ਦੋਹੀਂ ਪਾਸੀਂ ਲੱਕੜੀ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਦੁਕਾਨਾਂ ਸਨ। ਆਟਾ ਪੀਹਣ ਵਾਲੀਆਂ ਮਸ਼ੀਨਾਂ, ਲੱਕੜਾਂ ਚੀਰਦੇ ਆਰੇ। ਸੁਰ ਸਿੰਘ ਦੇ ਬਣੇ ਪਲੰਘ, ਸੰਦੂਕ, ਗੱਡੇ ਅਤੇ ਚਰਖ਼ੇ ਆਦਿ ਲੋਕ ਵੀਹ ਵੀਹ ਕੋਹਾਂ ਤੋਂ ਖ਼ਰੀਦਣ ਆਉਂਦੇ।
ਚੌਕ ਤੋਂ ਪਹਾੜ ਦੀ ਬਾਹੀ ਵੱਲ ਨਿਕਲਦੇ ਬਾਜ਼ਾਰ ਵਿੱਚ ਨੁੱਕਰ ਉੱਤੇ ਲਾਭ ਚੰਦ ਬਜਾਜੀ ਵਾਲੇ ਦੀ ਅਤੇ ਉਸਤੋਂ ਅੱਗੇ ਉਸਦੇ ਛੋਟੇ ਭਰਾ ਵੇਦ ਪ੍ਰਕਾਸ਼ ਦੀ ਕਰਿਆਨੇ ਦੀ ਦੁਕਾਨ ਸੀ ਅਤੇ ਅੱਗੇ ਸੀ ਸਾਡੀ ਗਾਡੀ ਦਰਵਾਜ਼ੇ ਵਾਲੀ ਵੱਡੀ ਡਿਓੜ੍ਹੀ ਜਿਹੜੀ ਪਹਾੜ ਵੱਲ ਪਾਸੇ ਜਾਂਦੇ ਮੇਨ ਬਾਜ਼ਾਰ ਵਿੱਚ ਖੁੱਲ੍ਹਦੀ ਸੀ। ਡਿਓੜ੍ਹੀ ਦੇ ਐਨ ਸਾਹਮਣੇ ਪਾਸੇ, ਪੰਦਰਾਂ-ਵੀਹ ਫੁੱਟ ਦਾ ਬਾਜ਼ਾਰ ਛੱਡ ਕੇ ਦੋ ਚੁਬਾਰਿਆਂ ਵਾਲੀ ਦੋ-ਮੰਜ਼ਿਲਾ ਇਮਾਰਤ ਸੀ। ਇਹ ਇਮਾਰਤ ਵੀ ਝੰਡੂ-ਸ਼ਾਹ-ਦੀਵਾਨ ਸ਼ਾਹ ਹੁਰਾਂ ਦੀ ਸੀ ਪਰ ਦਿਨਾਂ ਦੇ ਫੇਰ ਕਰਕੇ ਦੀਵਾਨ ਸ਼ਾਹ ਹੁਰਾਂ ਨੂੰ ਇਹ ਲਾਭ ਚੰਦ ਅਤੇ ਵੇਦ ਪ੍ਰਕਾਸ਼ ਦੇ ਪਿਤਾ ਜੈ ਰਾਮ ਕੋਲ ਗਹਿਣੇ ਕਰਨੀ ਪਈ ਸੀ; ਜਿੱਥੇ ਮੇਰੀ ਮੁਢਲੀ ਸੰਭਾਲ ਵੇਲੇ ਪਿੰਡ ਦਾ ਪਟਵਾਰੀ ਰਿਹਾ ਕਰਦਾ ਸੀ। ਫਿਰ ਕੁੱਝ ਸਾਲ ਓਥੇ ਕਰਮ ਚੰਦ ਮੋਚੀ ਵੀ ਰਹਿੰਦਾ ਰਿਹਾ। ਪਿੱਛੋਂ ਦੀਵਾਨ ਸ਼ਾਹ ਹੁਰਾਂ ਇਹ ਇਮਾਰਤ ਛੁਡਵਾ ਲਈ ਸੀ। ਇਸ ਇਮਾਰਤ ਦੇ ਪਿਛਲੇ ਦੋ ਕਮਰਿਆਂ ਅੱਗੇ ਓਡਾ ਹੀ ਲੰਮਾਂ ਚੌੜਾ ਬਰਾਂਡਾ ਸੀ। ਇਹਨਾਂ ਦੋਵਾਂ ਚੁਬਾਰਿਆਂ ਦੇ ਹੇਠਾਂ ਦੋ ਦੁਕਾਨਾਂ ਸਨ। ਸਾਡੀ ਡਿਓੜ੍ਹੀ ਨੂੰ ਐਨ ਸਾਹਮਣੇ ਦੀਵਾਨ ਸ਼ਾਹ ਦੇ ਸਭ ਤੋਂ ਵੱਡੇ ਲੜਕੇ ਗੁਰਲਾਲ ਸ਼ਾਹ ਦੀ ਮੁਨਿਆਰੀ ਦੀ ਦੁਕਾਨ ਸੀ, ਜਿਸਨੂੰ ਕੁੱਝ ਸਾਲਾਂ ਬਾਅਦ ਉਸਨੇ ਹਲਵਾਈ ਦੀ ਦੁਕਾਨ ਵਿੱਚ ਬਦਲ ਲਿਆ। ਦੂਜੀ ਦੁਕਾਨ ਵਿੱਚ ਗੋਪਾਲ ਚੰਦ ਦੇ ਮੁੰਡੇ ਕਰਿਆਨੇ ਦੀ ਦੁਕਾਨ ਕਰਨ ਲੱਗੇ ਸਨ। ਉੱਪਲਰੇ ਚੁਬਾਰਿਆਂ ਵਿੱਚੋਂ ਇੱਕ ਵਿੱਚ ਗੁਰਲਾਲ ਸ਼ਾਹ ਦਾ ਪਰਿਵਾਰ ਅਤੇ ਦੂਜੇ ਵਿੱਚ ਉਸਦੇ ਛੋਟੇ ਭਰਾ ਗੋਪਾਲ ਦਾਸ ਦਾ ਪਰਿਵਾਰ ਆ ਵੱਸਿਆ ਸੀ। ਸਾਡੀ ਡਿਓੜ੍ਹੀ ਦੇ ਖੱਬੇ ਹੱਥ ਬਾਜ਼ਾਰ ਵਿੱਚ ਡਾਕਟਰ ਕਰਮ ਚੰਦ ਦੀ ਦੁਕਾਨ ਸੀ। ਸਾਡੇ ਘਰ ਦੇ ਲਹਿੰਦੇ ਪਾਸੇ ਵਾਲੇ ਮੁਸਲਮਾਨੀ ਘਰਾਂ ਵਿੱਚ ਪਾਕਿਸਤਾਨੋਂ ਆਏ ਹਿੰਦੂ-ਸਿੱਖ ਵੱਸ ਗਏ ਸਨ। ਸਾਡੇ ਘਰ ਦੇ ਪਿਛਵਾੜੇ ਰਾਮ ਚੰਦ ਅਤੇ ਬੁੱਢਾ ਸਿੰਘ ਪੈਂਚ ਆ ਵੱਸਿਆ ਸੀ। ਖੱਬੇ ਹੱਥ ਡਾਕਟਰ ਕਰਮ ਚੰਦ ਦੀ ਦੁਕਾਨ ਦੇ ਪਿਛਲਾ ਘਰ ਠਾਕਰ ਸਿੰਘ ਝਟਕਈ ਨੇ ਮੱਲ ਲਿਆ ਸੀ।
ਮੇਰੇ ਪਿਓ ਦੇ ਮਾਮੇ ਮਾਮੀ ਦਾ ਜਾਂ ਹੁਣ ਇਹ ਕਹਿ ਲਈਏ ਕਿ ਸਾਡਾ ਭਾਈਚਾਰਾ ਤਾਂ ਦੂਰ ਚੰਦੂ ਕੀ ਪੱਤੀ ਵਿੱਚ ਸੀ। ਅਸੀਂ ਓਧਰ ਵੀ ਦੁੱਖ-ਸੁੱਖ ਦੇ ਵੇਲੇ, ਕੰਮ-ਧੰਦੇ ਲਈ ਆਉਂਦੇ ਜਾਂਦੇ ਰਹਿੰਦੇ, ਪਰ ਅਕਸਰ ਸਾਡਾ ਰੋਜ਼ਾਨਾ ਮੇਲ-ਜੋਲ ਆਪਣੇ ਆਂਢ-ਗੁਆਂਢ ਨਾਲ ਹੀ ਸੀ। ਇਹਨਾਂ ਵਿੱਚ ਭਾਵੇਂ ਬਹੁਤੇ ਬਾਹਮਣ-ਖੱਤਰੀ ਹੀ ਸਨ ਪਰ ਸਾਡੇ ਘਰ ਦੇ ਨਾਲ ਨਾਲ ਮੋਚੀ, ਝਟਕਈ, ਸੁਨਿਆਰ, ਲੋਹਾਰ, ਤਰਖ਼ਾਣ, ਪੈਂਚ (ਮਹਿਰੇ) ਆਦਿ ਵੀ ਵੱਸਦੇ ਸਨ। ਮੇਰੇ ਪਿਓ ਤੋਂ ਉਮਰ ਵਿੱਚ ਛੋਟੇ ਸਾਰੇ ਆਂਢੀ-ਗੁਆਂਢੀ ਮੇਰੇ ‘ਚਾਚੇ’ ਸਨ ਅਤੇ ਵੱਡੇ ਮੇਰੇ ‘ਤਾਏ’। ਉਹਨਾਂ ਦੇ ਬੱਚਿਆਂ ਨਾਲ ਹੀ ਮੇਰੀ ਦੋਸਤੀ ਸੀ, ਭਾਵੇਂ ਕਿ ਸਾਡੇ ਭਾਈਚਾਰੇ ਦੇ ਜੱਟਾਂ ਦੇ ਮੁੰਡੇ ਵੀ ਮੇਰੇ ਦੋਸਤ ਸਨ। ਨਾ ਮੈਨੂੰ ਡਾਕਟਰ ਕਰਮ ਚੰਦ ਦਾ ਮੁੰਡਾ ਗੁਲਜ਼ਾਰੀ ਲਾਲ ਓਪਰਾ ਲੱਗਦਾ ਸੀ, ਨਾ ਹੀ ਬੁੱਢਾ ਸਿੰਘ ਮਹਿਰੇ ਦਾ ਮੁੰਡਾ ਤਾਰੀ ਅਤੇ ਨਾ ਹੀ ਪ੍ਰੀਤਮ ਸੁੰਹ ਸੁਨਿਆਰੇ ਦਾ ਮੁੰਡਾ ਮੁੱਖਾ। ਠਾਕਰ ਸਿੰਘ ਝਟਕਈ ਦਾ ਸਾਲਾ ਅਰਜਨ ਵੀ ਮੇਰਾ ਬੇਲੀ ਸੀ ਅਤੇ ਹਰਨਾਮ ਦਰਜ਼ੀ ਦਾ ਮੁੰਡਾ ਪਿਆਰਾ ਵੀ। ਜ਼ਾਤ-ਪਾਤ ਮੰਨਣ ਵਾਲੀ ਕੱਟੜ ਹਉਮੈਂ ਮੇਰੇ ਵਿੱਚ ਬਚਪਨ ਤੋਂ ਹੀ ਨਹੀਂ ਸੀ। ਅਸੀਂ ਸਭ ਯਾਰ-ਬੇਲੀ ਸਾਂ। ਮੇਰੇ ਵਿੱਚ ਜਾਤ-ਪਾਤੀ ਖੁੱਲ੍ਹ-ਦਿਲੀ ਅਤੇ ਸਹਿਣਸ਼ੀਲਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਮੈਂ ਅਜਿਹੇ ਸਰਬ-ਸਾਂਝੇ ਮਾਹੌਲ ਵਿੱਚ ਪਲਿਆ। ਅਸੀਂ ਵਿਆਹਾਂ-ਸ਼ਾਦੀਆਂ, ਖ਼ੁਸ਼ੀ-ਗ਼ਮੀ ਵਿੱਚ ਇੱਕ ਦੂਜੇ ਦੇ ਘਰ ਸਕਿਆਂ ਵਾਂਗ ਹੀ ਆਉਂਦੇ-ਜਾਂਦੇ। ਇੱਕ ਦੂਜੇ ਦੇ ਘਰ ਖੇਡਦੇ। ਇੱਕ ਦੂਜੇ ਦੇ ਘਰੋਂ ਹੀ ਖਾ-ਪੀ ਲੈਂਦੇ। ਕੋਈ ਵਿਤਕਰਾ ਨਹੀਂ ਸੀ। ਵੱਡਿਆਂ ਦੇ ਸਮੇਂ ਤੋਂ ਲੈ ਕੇ ਭਾਈਚਾਰਿਆਂ ਦਾ ਇਹ ਪਿਆਰ ਬਣਿਆ ਹੋਇਆ ਸੀ।
ਇੰਜ ਸਾਡੇ ਘਰ ਦਾ ਡਿਓੜ੍ਹੀ ਵੱਲ ਦਾ ਮੁੱਖ ਦਰਵਾਜ਼ਾ ਜਿੱਥੇ ਪਹਾੜ ਦੀ ਬਾਹੀ ਵਾਲੇ ਬਾਜ਼ਾਰ ਵਿੱਚ ਖੁੱਲ੍ਹਦਾ ਸੀ ਓਥੇ ਲਹਿੰਦੇ ਵੱਲ ਦੇ ਬਾਜ਼ਾਰ ਵਿੱਚ ਸਾਡੀਆਂ ਦੋ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਕਈ ਲੋਕ ਤਾਂ ਕਦੀ ਕਦੀ ਰਸ਼ਕ ਨਾਲ ਇਹ ਵੀ ਆਖਦੇ ਕਿ ਕਿਆ ਜੱਟਾਂ ਨੇ ਪਿੰਡ ਦੀ ਧੁੰਨੀ ਸਮਝੇ ਜਾਣ ਵਾਲੇ ਅਤੇ ਨਿਰੋਲ ਹਿੰਦੂ ਆਬਾਦੀ ਵਾਲੇ ਕੇਂਦਰੀ ਹਿੱਸੇ ਉੱਤੇ ਕਬਜ਼ਾ ਆਣ ਜਮਾਇਆ ਹੈ! ਕਬਜ਼ਾ ਤਾਂ ਇਹ ਪਤਾ ਨਹੀਂ ਕਦੋਂ ਕੁ ਦਾ ਸੀ! ਪਰ ਪੀੜ੍ਹੀਆਂ ਤੋਂ ਕਦੀ ਸਾਡੇ ਪਰਿਵਾਰ ਦੇ ਵਡੇਰਿਆਂ ਦੀ ਆਪਣੇ ਆਸੇ ਪਾਸੇ ਰਹਿੰਦੇ ਲੋਕਾਂ ਨਾਲ ਕਹੀ-ਸੁਣੀ ਨਹੀਂ ਸੀ ਹੋਈ। ਸਾਰੇ ਆਪਸ ਵਿੱਚ ਬੜੀ ਸਦ-ਭਾਵਨਾ ਨਾਲ ਰਹਿੰਦੇ ਸਨ। ਜਦੋਂ ਅਜੇ ਇਹ ਥਾਂ ਸਿਰਫ਼ ਹਵੇਲੀ ਵਜੋਂ ਹੀ ਵਰਤੋਂ ਵਿੱਚ ਆਉਂਦੀ ਸੀ ਅਤੇ ਸਾਡਾ ਪਰਿਵਾਰ ਅੰਦਰਲੇ ਘਰੋਂ ਆ ਕੇ ਏਥੇ ਰਹਿਣ ਨਹੀਂ ਸੀ ਲੱਗਾ, ਉਦੋਂ ਤਾਂ ਇਸ ਖੁੱਲ੍ਹੀ ਹਵੇਲੀ ਵਿੱਚ ਪਿੰਡ ਦੇ ਹਿੰਦੂ ਭਾਈਚਾਰੇ ਵੱਲੋਂ ਰਾਮ-ਲੀਲਾ ਵੀ ਖੇਡੀ ਜਾਂਦੀ, ਜਿਸ ਵਿੱਚ ਸਿੱਖ ਮੁੰਡੇ ਵੀ ਪਾਰਟ ਕਰਦੇ। ਵੇਖਦੇ ਤਾਂ ਇਸਨੂੰ ਹਿੰਦੂ-ਸਿੱਖ ਸਾਰੇ ਹੀ ਰਲ-ਮਿਲ ਕੇ ਸਨ।
ਡਿਓੜ੍ਹੀ ਵਿੱਚ ਬਾਬੇ ਕਿਸ਼ਨ ਸਿੰਘ ਵੇਲੇ ਦੀਆਂ ਰੌਣਕਾਂ ਹੁਣ ਵੀ ਲੱਗਦੀਆਂ ਸਨ। ਮੇਰੀ ਸੰਭਾਲ ਵਿੱਚ ਵੀ ਤਿੰਨ-ਚਾਰ ਵੱਡੇ ਪਾਵਿਆਂ ਵਾਲੇ ਪਲੰਘ ਡਿਓੜ੍ਹੀ ਵਿੱਚ ਡੱਠੇ ਰਹਿੰਦੇ; ਜਿੱਥੇ ਪੰਜ-ਸੱਤ ਬੰਦੇ ਬੈਠੇ ਹੁੰਦੇ। ਜੱਗ-ਜਹਾਨ ਦੀਆਂ ਗੱਲਾਂ ਕਰਦੇ। ਡਿਓੜ੍ਹੀ ਦਾ ਵੱਡਾ ਦਰਵਾਜ਼ਾ ਸਾਰੀ ਦਿਹਾੜੀ ਖੁੱਲ੍ਹਾ ਰਹਿੰਦਾ। ਬਾਹਰਲੇ ਪਿੰਡਾਂ ਤੋਂ ਸੌਦਾ-ਸੂਤ ਲੈਣ ਆਉਣ ਵਾਲੇ ਬੰਦੇ ਆਪਣੀਆਂ ਘੋੜੀਆਂ ਨੂੰ ਸਾਡੀ ਹਵੇਲੀ ਵਿੱਚ ਬੰਨ੍ਹਦੇ। ਪਾਣੀ-ਧਾਣੀ ਪੀਂਦੇ। ਕੰਮ-ਧੰਦਾ ਕਰਨ ਤੋਂ ਬਾਅਦ ਬੈਠੀ ਸੰਗਤ ਦਾ ਸਾਥ ਵੀ ਮਾਣਦੇ। ਆਪਣੇ ਪਿੰਡਾਂ ਦੀਆਂ ਖ਼ਬਰਾਂ ਸੁਣਾਉਂਦੇ, ਏਥੋਂ ਦੀਆਂ ਸੁਣਦੇ। ਪੜ੍ਹਿਆ-ਲਿਖਿਆ ਕੋਈ ਜਣਾ ਅਖ਼ਬਾਰ ਪੜ੍ਹ ਕੇ ਖ਼ਬਰਾਂ ਸੁਣਾਉਂਦਾ। ਮੇਰੇ ਪਿਓ ਦਾ ਹਾਣੀ ਸੂਰਜਜੀਤ ਸਿੰਘ ਸੰਧੂ, ਜੋ ਪਿੱਛੋਂ ਕਨੇਡਾ ਜਾ ਵੱਸਿਆ, ਆਪਣੀ ‘ਪ੍ਰੀਤ-ਲੜੀ’ ਵੀ ਸਾਡੀ ਡਿਓੜ੍ਹੀ ਵਿੱਚ ਲੈ ਕੇ ਆ ਜਾਂਦਾ ਅਤੇ ਇਸ ਵਿਚੋਂ ਕੰਮ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ। ਪਿਛੋਂ ਇਹ ‘ਪ੍ਰੀਤ-ਲੜੀ’ ਮੇਰਾ ਪਿਓ ਪੜ੍ਹਦਾ। ਮੈਨੂੰ ਹੁਣ ਵੀ ਯਾਦ ਹੈ ਜਦੋਂ ਮੈਂ ਅੱਠ-ਨੌਂ ਕੁ ਸਾਲ ਦਾ ਸਾਂ ਤਾਂ ਮੇਰੀ ਮਾਂ ਮੇਰੇ ਵਾਲਾਂ ਵਿੱਚ ਘਿਓ ਝੱਸ ਰਹੀ ਸੀ ਤੇ ਮੈਂ ਮੂੰਹ ਅੱਗੇ ਆਏ ਵਾਲਾਂ ਨੂੰ ਪਾਸੇ ਕਰਕੇ ‘ਪ੍ਰੀਤ-ਲੜੀ’ ਵਿੱਚ ਗੁਰਬਖ਼ਸ਼ ਸਿੰਘ ਦਾ ਪ੍ਰਸ਼ਨ-ਉੱਤਰ ਵਾਲਾ ਕਾਲਮ ‘ਮੇਰੇ ਝਰੋਖੇ ‘ਚੋਂ’ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਪਚਵੰਜਾ ਵਿੱਚ ਆਏ ਵੱਡੇ ਮੀਹਾਂ ਤੇ ਹੜ੍ਹਾਂ ਕਰਕੇ ਪਿੰਡ ਵਿੱਚ ਬੜੇ ਮਕਾਨ ਢਹਿ ਗਏ। ਡਿਓੜ੍ਹੀ ਦੇ ਖੱਬੇ ਹੱਥ ਵਾਲੀ ਦੁਕਾਨ ਵੀ ਢਹਿ ਗਈ ਤੇ ਨਾਲ ਹੀ ਉਸ ਦੁਕਾਨ ਅਤੇ ਡਿਓੜ੍ਹੀ ਵਿਚਕਾਰਲੀ ਸਾਂਝੀ ਕੰਧ ਵੀ। ਡਿਓੜ੍ਹੀ ਦੀ ਛੱਤ ਦਾ ਇਸ ਪਾਸੇ ਵਾਲਾ ਹਿੱਸਾ ਵੀ ਨੁਕਸਾਨਿਆਂ ਗਿਆ। ਨਾ ਉਹ ਦੁਕਾਨ ਕਿਸੇ ਬਣਾਈ ਤੇ ਨਾ ਹੀ ਵਿਚਕਾਰਲੀ ਕੰਧ। ਸਿੱਟੇ ਵਜੋਂ ਹੌਲੀ ਹੌਲੀ ਹਵੇਲੀ ਦੀ ਛੱਤ ਡਿੱਗਦੀ ਵੇਖ ਅਸੀਂ ਆਪ ਹੀ ਢਾਹ ਦਿੱਤੀ। ਵਿਚਕਾਰਲੀ ਕੱਚੀ ਕੰਧ ਦਸ ਕੁ ਫੁੱਟ ਉੱਚੀ ਕਰਕੇ ਓਹਲਾ ਕਰ ਲਿਆ। ਉਂਜ ਕੁੱਝ ਸਾਲ ਪਿੱਛੋਂ ਅਸੀਂ ਡਿਓੜ੍ਹੀ ਦੇ ਬਾਹਰਲੇ ਤੀਹ ਕੁ ਫੁੱਟ ਲੰਮੇ ਪੱਕੇ ਮੱਥੇ ਵਿਚੋਂ ਇੱਕ ਪਾਸੇ ਬਾਰਾਂ ਕੁ ਫੁੱਟ ਦਾ ਦਰਵਾਜ਼ਾ ਬਣਾ ਕੇ ਤੇ ਘਰ ਲਈ ਰਾਹ ਛੱਡ ਕੇ ਬਾਕੀ ਹਿੱਸੇ ਵਿੱਚ ਲੰਮੀ ਪੱਕੀ ਬੈਠਕ ਪਾ ਲਈ ਸੀ। ਪਰ ਮੈਂ ਜਿਹੜੀ ਗੱਲ ਸੁਨਾਉਣ ਲੱਗਾ ਹਾਂ ਉਹ ਉਦੋਂ ਦੀ ਹੈ ਜਦੋਂ ਡਿਓੜ੍ਹੀ ਢਹਿ ਚੁੱਕੀ ਸੀ ਅਤੇ ਇਹ ਥਾਂ ਅਜੇ ਖਾਲੀ ਹੀ ਪਿਆ ਸੀ। ਅਸੀਂ ਏਥੇ ਆਪਣੇ ਡੰਗਰ ਬੰਨ੍ਹਦੇ ਸਾਂ। ਡਿਓੜ੍ਹੀ ਦੇ ਖੱਬੇ ਹੱਥ ਦੁਕਾਨ ਵਾਲਾ ਥਾਂ ਜਿਹੜਾ ਖੋਲਾ ਹੋ ਚੁਕਿਆ ਸੀ, ਉਹ ਥਾਂ ਡਾਕਟਰ ਕਰਮ ਚੰਦ ਨੇ ਮੁੱਲ ਲੈ ਲਿਆ ਸੀ ਅਤੇ ਉਹ ਏਥੇ ਆਪਣੀ ਨਵੀਂ ਪੱਕੀ ਦੁਕਾਨ ਬਨਾਉਣੀ ਚਾਹੁੰਦਾ ਸੀ। ਪਹਿਲਾਂ ਉਹ ਤਿੰਨ ਕੁ ਦੁਕਾਨਾਂ ਦੂਰ ਇੱਕ ਕੱਚੀ ਦੁਕਾਨ ਵਿੱਚ ਆਪਣਾ ਕਲਿਨਕ ਚਲਾਉਂਦਾ ਸੀ।
ਕਰਮ ਚੰਦ ਨੂੰ ਨਵੀਂ ਬਣਾਈ ਜਾਣ ਵਾਲੀ ਦੁਕਾਨ ਦੇ ਹਿਸਾਬ ਨਾਲ ਮੁੱਲ ਲਿਆ ਗਿਆ ਥਾਂ ਥੋੜ੍ਹਾ ਲੱਗਦਾ ਸੀ। ਕਰਮ ਚੰਦ ਦੀ ਹਸਰਤ ਸੀ ਕਿ ਦੁਕਾਨ ਥੋੜ੍ਹੀ ਹੋਰ ਖੁੱਲ੍ਹੀ ਹੋ ਜਾਂਦੀ! ਪਰ ਹੁੰਦੀ ਕਿਵੇਂ? ਜਦੋਂ ਨੀਹਾਂ ਪੁੱਟਣ ਲਈ ਵਿਚਕਾਰਲੀ ਸਾਂਝੀ ਕੰਧ ਢਾਹ ਦਿੱਤੀ ਗਈ ਤਾਂ ਕਰਮ ਚੰਦ ਨੇ ਨਾਲ ਰਲਦੇ ਸਾਡੀ ਡਿਓੜ੍ਹੀ ਵਾਲੇ ਖਾਲੀ ਥਾਂ ਵੱਲ ਵੇਖ ਕੇ ਕੋਲ ਖਲੋਤੇ ਮੇਰੇ ਪਿਓ ਨੂੰ ਵਿਗੋਚੇ ਦੇ ਭਾਵ ਨਾਲ ਕਿਹਾ, “ਦੀਦਾਰ, ਮੈਨੂੰ ਪਤੈ ਕਿ ਚਾਚੇ (ਹਕੀਕਤ ਸਿੰਘ) ਨੇ ਮੰਨਣਾ ਨਹੀਂ ਪਰ ਜੇ ਤੁਸੀਂ ਆਪਣੇ ਥਾਂ ਵਿਚੋਂ ਆਪਣੇ ਪਾਸਿਓਂ ਦੁਕਾਨ ਦੀ ਸੇਧ ਵਿੱਚ ਗਜ਼ ਭਰ ਲੀਰ ਦੀ ਲੀਰ ਮੈਨੂੰ ਛੱਡ ਦਿਓ ਤਾਂ ਕਿਆ ਕਹਿਣੇ! ਤੁਹਾਡੇ ਕੋਲ ਬਥੇਰਾ ਥਾਂ ਪਿਆ ਹੈ। ਪੈਸੇ ਜਿੰਨੇ ਆਖੋ ਓਨੇ ਦੇਣ ਨੂੰ ਤਿਆਰ ਹਾਂ।” ਪਰ ਉਹਦੀ ਹਿੰਮਤ ਨਹੀਂ ਸੀ ਪੈਂਦੀ ਕਿ ਬਾਪੂ ਹਕੀਕਤ ਸਿੰਘ ਨੂੰ ਆਖੇ ਕਿ ਏਨੀ ਕੁ ਥਾਂ ਉਸਨੂੰ ਮੁੱਲ ਦੇ ਦਵੇ।
‘ਥਾਂ ਭਾਵੇਂ ਬਥੇਰਾ ਪਿਆ ਸੀ!’ ਪਰ ਹਵੇਲੀ ਨਾਲ ਤਾਂ ਹਕੀਕਤ ਸਿੰਘ ਦੇ ਖ਼ਾਨਦਾਨ ਦੇ ਸੰਸਕਾਰ ਜੁੜੇ ਹੋਏ ਸਨ। ਉਹ ਆਪ ਹੀ ਦੱਸਦਾ ਹੁੰਦਾ ਸੀ। ਦੀਵਾਨ ਸ਼ਾਹ ਦੇ ਪਿਓ ਤੇ ਗੁਰਲਾਲ ਸ਼ਾਹ ਦੇ ਦਾਦੇ ਝੰਡੂ ਸ਼ਾਹ ਨੇ, ਜਿਹਦੀ ਸ਼ਾਹੂਕਾਰੀ ਇਲਾਕੇ ਵਿੱਚ ਚੱਲਦੀ ਸੀ ਅਤੇ ਜਿਹਦੇ ਬਣਾਏ ਮਕਾਨ ਹਵੇਲੀ ਦੇ ਦੋਵੇਂ ਪਾਸੇ ਅਸਮਾਨ ਨੂੰ ਛੂੰਹਦੇ ਸਨ, ਕਿਸ਼ਨ ਸੁੰਹ ਨੂੰ ਆਖਿਆ ਸੀ, “ਸਰਦਾਰ ਕਿਸ਼ਨ ਸਿਅ੍ਹਾਂ! ਚਾਦਰ ਵਿਛਾ ਕੇ ਜਿੰਨੇ ਪੈਸੇ ਪਾਏ ਜਾ ਸਕਦੇ ਈ, ਪਾ ਲੈ ਪਰ ਇਹ ਹਵੇਲੀ ਮੈਨੂੰ ਦੇ ਦੇਹ, ਮੇਰੇ ਨਾਲ ਲੱਗਦੀ ਹੈ।”
“ਸ਼ਾਹ ਉਂਜ ਇਹ ਹਵੇਲੀ ਤੇਰੀ ਹੀ ਐ। ਆਪਣਾ ਕੁੱਝ ਵੀ ਵੰਡਿਆ ਨਹੀਂ। ਜਿਵੇਂ ਚਾਹੇ ਵਰਤ। ਪਰ ਮੁੱਲ ਲੈਣ ਦੀ ਗੱਲ ਮੁੜ ਕੇ ਨਾ ਮੈਨੂੰ ਆਖੀਂ। ਮੈਂ ਤਾਂ ਤੈਨੂੰ ਕਦੇ ਨਹੀਂ ਆਖਿਆ ਕਿ ਤੇਰੇ ਮਕਾਨ ਮੇਰੇ ਨਾਲ ਲੱਗਦੇ ਨੇ! ਏਦਾਂ ਹਵਸ ਵਧਾਈ ਚੰਗੀ ਨਹੀਂ ਹੁੰਦੀ ਝੰਡੂ ਸ਼ਾਹ! ਆਪਾਂ ਭਰਾ-ਭਰਾ ਗੁਆਂਢ ਵਿੱਚ ਭਰਾਵਾਂ ਵਾਂਗ ਰਹੀਏ। ਕਿਸੇ ਨੂੰ ਢਾਹੁਣ ਜਾਂ ਉਸ ਤੋਂ ਖੋਹਣ ਬਾਰੇ ਨਾ ਸੋਚੀਏ।” ਕਿਸ਼ਨ ਸਿੰਘ ਨੇ ਉਸਨੂੰ ਕੌੜ ਨਾਲ ਆਖਿਆ ਸੀ। ਪਿੱਛੋਂ ਤੋਂ ਚੱਲੀ ਆਉਂਦੀ ਇਹ ਗੱਲ ਸਭ ਨੂੰ ਹੀ ਪਤਾ ਸੀ।
ਹੁਣ ਕਰਮ ਚੰਦ ਉਸ ਹਵੇਲੀ ਵਿੱਚੋਂ ਕੁੱਝ ਥਾਂ ‘ਮੁੱਲ’ ਲੈਣਾ ਚਾਹੁੰਦਾ ਸੀ। ਉਸਨੂੰ ਵੀ ਪਤਾ ਸੀ ਕਿ ਹਕੀਕਤ ਸਿੰਘ ਉਸਨੂੰ ਇਹ ਥਾਂ ਕਦੋਂ ਮੁੱਲ ਦੇਣ ਲੱਗਾ ਹੈ! ਜਦੋਂ ਉਸਨੇ ਆਪਣੀ ਇਹ ਹਸਰਤ ਮੇਰੇ ਪਿਓ ਨਾਲ ਸਾਂਝੀ ਕੀਤੀ ਤਾਂ ਮੇਰੇ ਪਿਓ ਨੇ ਮੁਸਕਰਾ ਕੇ ਕਿਹਾ, “ਪੈਸਿਆਂ ਦੀ ਗੱਲ ਤਾਂ, ਡਾਕਟਰ ਜੀ, ਤੁਸੀਂ ਛੱਡੋ। ਉਂਜ ਆਪਾਂ ਐਂ ਕਰਦੇ ਆਂ…ਮਾਮੇ ਨੂੰ ਕਿਤੇ ਵਾਂਢੇ ਘਲਾ ਦੇਨੇਂ ਆਂ। ਪਿੱਛੋਂ ਆਪਾਂ ਨੀਂਹ ਰਖਾ ਕੇ ਕੰਧ ਚੁਕ ਦਿਆਂਗੇ। ਮਾਮਾ ਜਦੋਂ ਨੂੰ ਆਊ ਉਦੋਂ ਵੇਖੀ ਜਾਊ……।”
ਕਰਮ ਚੰਦ ਝਿਜਕਦਾ ਅਤੇ ਡਰਦਾ ਵੀ ਸੀ। ਉਸਨੂੰ ਪਤਾ ਸੀ ਕਿ ਵਿਗੜ ਜਾਣ ਤੇ ਹਕੀਕਤ ਸਿੰਘ ਤਲਵਾਰ ਵੀ ਕੱਢ ਸਕਦਾ ਸੀ। ਪਰ ਮੇਰੇ ਪਿਤਾ ਨੇ ਬਾਪੂ ਨੂੰ ਕਿਤੇ ਕਿਸੇ ਕੰਮ ਵਾਂਢੇ ਜਾਣਾ ਮਨਾ ਹੀ ਲਿਆ। ਉਹਨਾਂ ਨੂੰ ਆਸ ਸੀ ਕਿ ਅੱਜ ਸ਼ਾਮ ਦਾ ਗਿਆ ਉਹ ਪੰਦਰਾਂ ਵੀਹਾਂ ਕੋਹਾਂ ਤੋਂ ਕੱਲ੍ਹ ਸ਼ਾਮ ਤੱਕ ਤੋਂ ਪਹਿਲਾਂ ਤਾਂ ਮੁੜਨ ਹੀ ਨਹੀਂ ਲੱਗਾ। ਚਾਹਵੇ ਤਾਂ ਦੋ ਤਿੰਨ ਦਿਨ ਲਾ ਆਵੇ। ਸਵੇਰੇ ਨੀਂਹ ਰੱਖੀ ਜਾਣੀ ਸੀ। ਰਾਜ ਮਿਸਤਰੀ ਅਜੇ ਸੰਦ-ਵਲੇਵੇਂ ਸੂਤ ਹੀ ਕਰਦੇ ਫ਼ਿਰਦੇ ਸਨ ਤੇ ਕਰਮ ਚੰਦ ਅਤੇ ਮੇਰਾ ਪਿਤਾ ਥਾਂ ਦਾ ਜਾਇਜ਼ਾ ਹੀ ਲੈਂਦੇ ਫ਼ਿਰਦੇ ਸਨ ਕਿ ਬਾਪੂ ਹਕੀਕਤ ਸਿੰਘ ਮੌਕੇ ‘ਤੇ ਹੀ ਪੁੱਜ ਗਿਆ। ਕੀਤਾ ਤਾਂ ਅਜੇ ਭਾਵੇਂ ਕੁੱਝ ਨਹੀਂ ਸੀ ਪਰ ਦੋਹਾਂ ਨੂੰ ਜਾਪਿਆ ਜਿਵੇਂ ਚੋਰ ਸੰਨ੍ਹ ਉੱਤੋਂ ਫੜ੍ਹਿਆ ਗਿਆ ਹੋਵੇ। ਉਹਨਾਂ ਦੀ ਬਣਾਈ ਸਕੀਮ ਉੱਤੇ ਪਾਣੀ ਫ਼ਿਰ ਗਿਆ ਸੀ।
“ਸੁਣ ਓਏ ਦੀਦਾਰ! ਤੇ ਕਰਮ ਚੰਦਾ ਤੂੰ ਵੀ ਸੁਣ! ਮੇਰੇ ਨਾਲ ਹੇਰਾ ਫ਼ੇਰੀ ਮਾਰਦੇ ਸਾਓ!”
ਸੁਣ ਕੇ ਦੋਹਾਂ ਦੇ ਚਿਹਰੇ ਉੱਤੇ ਤਰੇਲੀ ਆ ਗਈ। ਉਹਨਾਂ ਸਹਿਮੀਆਂ ਨਜ਼ਰਾਂ ਨਾਲ ਬਾਪੂ ਦੇ ਚਿਹਰੇ ਵੱਲ ਵੇਖਿਆ। ਮੈਂ ਇਸ ਮੌਕੇ ਦਾ ਚਸ਼ਮਦੀਦ ਗਵਾਹ ਹਾਂ। ਪਰ ਬਾਪੂ ਤਾਂ ਮੁਸਕੜੀਏ ਹੱਸ ਰਿਹਾ ਸੀ, “ਦਾਈਆਂ ਤੋਂ ਪੇਟ ਨਹੀਂ ਲੁਕੇ ਰਹਿੰਦੇ। ਜਿਹੜੀ ਤੁਹਾਡੇ ਢਿੱਡ ‘ਚ ਐ, ਉਹ ਮੇਰਿਆਂ ਨਹੁੰਆਂ ‘ਚ ਐ। ਐਧਰ ਆ ਓ ਮਿਸਤਰੀ” ਉਹਨੇ ਰਾਜ ਮਿਸਤਰੀ ਨੂੰ ਆਵਾਜ਼ ਮਾਰੀ, “ਆਹ ਲੈ…ਐਥੇ ਕੰਧ ਕੀਤਿਆਂ ਇਹਦੀ ਦੁਕਾਨ ਠੀਕ ਬਣ ਜੂ……।”
ਉਹਨੇ ਜ਼ਮੀਨ ‘ਤੇ ਪੈਰ ਰੱਖਿਆ। ਇਹ ਕਰਮ ਚੰਦ ਤੇ ਮੇਰੇ ਪਿਓ ਵੱਲੋਂ ਪਹਿਲਾਂ ਮਿਥੇ ਹੋਏ ਥਾਂ ਤੋਂ ਵੀ ਡੇਢ ਫੁੱਟ ਅੰਦਰ ਨੂੰ ਸੀ।
“ਬਾਪੂ ਜੀ! ਸਰਦਾਰ ਜੀ, ਵਾਧੂ” ਮਿਸਤਰੀ ਕਾਂਡੀ ਫੜੀ ਅਹੁਲ ਕੇ ਉਸ ਵੱਲ ਵਧਿਆ। ਮੇਰਾ ਪਿਤਾ ਅਤੇ ਕਰਮ ਚੰਦ ਅਜੇ ਵੀ ਬੁੱਤ ਬਣੇ ਖੜੋਤੇ ਸਨ।
“ਲਿਆ ਫ਼ਿਰ ਮਾਰ ਬੰਦੇ ਨੂੰ ਵਾਜ ਅਤੇ ਵਾਹਗੁਰੂ ਆਖ ਕੇ ਨੀਂਹ ਪੁੱਟੋ……।”
ਕਰਮ ਚੰਦ ਦੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ।
ਇਹ ਸਦ-ਭਾਵ ਕੇਵਲ ਇੱਕ ਪਾਸੜ ਨਹੀਂ ਸੀ। ਦੋਹਾਂ ਪਾਸਿਆਂ ਤੋਂ ਅਜੇਹੀ ਮੁਹੱਬਤ ਦਾ ਪ੍ਰਗਟਾ ਅਕਸਰ ਹੀ ਹੁੰਦਾ ਰਹਿੰਦਾ। ਅਜਿਹੇ ਸਦ-ਭਾਵੀ ਮਾਹੌਲ ਵਿੱਚ ਪਲਣ ਦਾ ਅਸਰ ਵੀ ਜ਼ਰੂਰ ਮੇਰੀ ਮਾਨਸਿਕ ਬਣਤਰ ਉੱਤੇ ਪਿਆ ਹੋਵੇਗਾ।
ਬਾਪੂ ਹਕੀਕਤ ਸਿੰਘ ਦੇ ਵੇਲੇ ਦੀਆਂ ਹੀ ਕਈ ਗੱਲਾਂ ਮੈਨੂੰ ਯਾਦ ਹਨ। ਉਹ ਬਹੁਤ ਮਜ਼ਾਕੀਆ ਇਨਸਾਨ ਸੀ। ਐਵੇਂ ਹੀ ਅਗਲੇ ਨਾਲ ਛੇੜ-ਛਾੜ ਕਰਦੇ ਰਹਿਣਾ। ਸਾਡੇ ਆਂਢ-ਗੁਆਂਢ ਦੀਆਂ ਬਜ਼ੁਰਗ ਔਰਤਾਂ ਨਾਲ ਉਹ ਬੁੱਢੇ-ਵਾਰੇ ਵੀ ਦਿਓਰਾਂ ਵਾਂਗ ਮਜ਼ਾਕ ਕਰਦਾ। ਨਥੂ ਰਾਮ ਦੀ ਮਾਂ ਪਾਰਵਤੀ ਨੂੰ ਉਹ ਅਕਸਰ ਸ਼ਰਾਰਤ ਨਾਲ ਆਖਦਾ, “ਸ਼ਾਹਣੀ! ਰਾਤੀਂ ਮੈਨੂੰ ਸ਼ਾਹ ਮਿਲਿਆ ਸੀ ਸੁਫ਼ਨੇ ‘ਚ।” ਉਹਦਾ ਭਾਵ ਉਹਦੇ ਮਰ ਚੁੱਕੇ ਪਤੀ ਤੋਂ ਹੁੰਦਾ, “ਉਹ ਮੈਨੂੰ ਆਖਦਾ ਸੀ ਕਿ ਮੇਰਾ ਸ਼ਾਹਣੀ ਬਿਨਾਂ ਜੀਅ ਨਹੀਂ ਲੱਗਦਾ। ਉਹਨੂੰ ਘਲਾ ਮੇਰੇ ਕੋਲ” ਉਹ ਮੁਸਕੜੀਆਂ ‘ਚ ਹੱਸਦਾ।
“ਵੇ ਫ਼ਿੱਟੇ ਮੂੰਹ ਤੇਰਾ! ਹੁਣ ਬੁੱਢੇ ਵਾਰੇ ਤਾਂ ਕੁੱਝ ਸ਼ਰਮ ਕਰ। ਮੈਂ ਕਿਓਂ ਮਰਾਂ! ਪਹਿਲਾਂ ਤੂੰ ਮਰ; ਤੇਰੇ ਪਿੱਛੇ ਪਿੱਛੇ ਮੈਂ ਆਊਂਗੀ” ਅੱਧਾ ਗੁੱਸੇ ਅਤੇ ਅੱਧੇ ਲਾਡ ਨਾਲ ਉਹ ਉਸਨੂੰ ਝਿੜਕਦੀ। ਉਹਦਾ ਪੁੱਤ ਵੀ ਇਹ ਮਸ਼ਕਰੀ ਸੁਣ ਕੇ ਹੱਸਦਾ ਰਹਿੰਦਾ, “ਚਾਚਾ! ਸਾਰੀ ਉਮਰ ਬੱਸ ਮੁੰਡੇ ਦਾ ਮੁੰਡਾ ਹੀ ਰਿਹਾ……”
ਮੈਨੂੰ ਯਾਦ ਹੈ ਡਾਕਟਰ ਕਰਮ ਚੰਦ ਦੀ ਦੁਕਾਨ ਤੇ ਜਦੋਂ ਕਦੀ ਮਰੀਜ਼ ਨਾ ਹੋਣਾ ਜਾਂ ਵਿਹਲ ਹੋਣੀ ਤਾਂ ਉਹਨੇ ਸਾਡੇ ਘਰ ਆ ਵੜਨਾ। ਰਸੋਈ ਕੋਲ ਜਾਂ ਚੌੰਤਰੇ ਕੋਲ ਆ ਕੇ ਆਵਾਜ਼ ਦੇਣੀ, “ਓ ਨਾਮ੍ਹ ਕੌਰੇ! ਜੋਗਿੰਦਰ ਕੌਰੇ! ਕੀ ਧਰਿਆ ਜੇ……”
ਮੇਰੀ ਮਾਂ ਜਾਂ ਦਾਦੀ ਨੇ ਦੱਸਣਾ।
“ਕੋਈ ਰੋਟੀ ਵੀ ਪਈ ਜੇ ਸਵੇਰ ਦੀ…”
“ਸਵੇਰ ਦੀ ਕਿਓਂ ਜੀ…ਸੁੱਖੀ ਸਾਂਦੀ ਹੁਣੇ ਸੱਜਰੀ ਲਾਹ ਦਿੰਦੀ ਆਂ……” ਮੇਰੀ ਦਾਦੀ ਜਾਂ ਮਾਂ ਨੇ ਆਖਣਾ।
“ਨਹੀਂ ਨਹੀਂ, ਰੋਟੀਆਂ ਕਰ ਦੋ ਉਰ੍ਹਾਂ ਮੇਰੇ ਵੱਲ ਅਤੇ ਉੱਤੇ ਹੀ ਸਲੂਣਾ ਪਾ ਦੇਹ।”
ਉਹਨੇ ਹੱਥ ਉੱਤੇ ਰੋਟੀ ਰੱਖ ਕੇ, ਬੁਰਕੀ ਤੋੜ ਤੋੜ ਕੇ ਖਾਈ ਜਾਣੀ ਤੇ ਘਰਦਿਆਂ ਜੀਆਂ ਨਾਲ ਏਧਰ ਓਧਰ ਦੀਆਂ ਮਾਰਦੇ ਰਹਿਣਾ।
“ਲਿਆ ਓਏ ਪਾਣੀ ਦਾ ਗਲਾਸ ਦੁਕਾਨ ਤੇ ਮਰੀਜ਼ ਨਾ ਆ ਗਿਆ ਹੋਵੇ ਕੋਈ” ਕਦੀ ਕਦੀ ਉਹਨੇ ਮੈਨੂੰ ਆਖਣਾ।
ਸਾਡੇ ਘਰ ਉਹਦਾ ਇੰਜ ਅਪਣੱਤ ਨਾਲ ਆ ਜਾਣਾ ਅਤੇ ਆਪਣੇ ਘਰ ਵਾਂਗ ਹੀ ਰੋਟੀ ਮੰਗ ਕੇ ਖਾ ਲੈਣਾ ਅੱਜ ਵੀ ਜਦੋਂ ਮੈਨੂੰ ਯਾਦ ਆਉਂਦਾ ਹੈ ਤਾਂ ਸਾਂਝੇ ਭਾਈਚਾਰੇ ਦੀ ਰੇਸ਼ਮੀ ਸਾਂਝ ਵਾਲੇ ਆਪਸੀ ਮੁਹੱਬਤੀ ਅਹਿਸਾਸ ਨਾਲ ਮੇਰਾ ਆਪਾ ਸਰਸ਼ਾਰ ਹੋ ਜਾਂਦਾ ਹੈ।