Wednesday, 3 August 2016



ਚੱਲ ਕੱਲ ਸਵੇਰ ਲਈ- ਡਾ ਅਮਰਜੀਤ ਟਾਂਡਾ

dr-amarjit-tanda-australia.jpgਚੱਲ ਕੱਲ ਸਵੇਰ ਲਈ
ਨਵਾਂ ਹੋਰ ਸੂਰਜ ਲੱਭੀਏ ਕਿਤਿਓਂ
ਅੱਜ ਵਾਲਾ ਤਾਂ ਜਗ 2 ਕੇ
ਸਮੁੰਦਰ ਚ ਕਿਤੇ ਡੁੱਬ ਕੇ ਮਰ ਚੱਲਿਆ ਹੈ
ਜੇ ਆਪਾਂ
ਕੱਲਦੀ ਸਵੇਰ ਜਗਾਉਣ ਲਈ
ਹੋਰ ਸੂਰਜ ਨਾ ਭਾਲਿਆ
ਤਾਂ ਕਾਲੀ ਰਾਤ ਨੇ ਨਹੀਂ ਮਰਨਾ-
ਹਨ੍ਹੇਰਿਆਂ ਨੇ ਨਹੀਂ ਰੁੱਖਾਂ ਤੋਂ ਡਰਨਾ-
ਸੁਕਰ ਕਰ ਇਹ ਲੱਪ ਕੁ ਤਾਰੇ
ਆਪਣੇ ਘਰ ਦਾ ਬੂਹਾ ਰੁਸ਼ਨਾਈ ਰੱਖਦੇ ਨੇ
ਚੰਦ ਖੜ੍ਹਾ ਰਹਿੰਦਾ ਹੈ ਸਰ੍ਹਾਣੇ ਸਾਰੀ 2 ਰਾਤ-
ਇਹ ਸੂਰਜ ਹੀ ਹੁੰਦੇ ਨੇ
ਜੋ ਬਾਰੀਆਂ ਵਿਚ ਦੀ ਅੰਦਰ ਆਉਂਦੇ ਨੇ
ਘਰ ਸੰਸਾਰ ਲਿਸ਼ਕਾਉਂਦੇ ਨੇ
ਲੱਭਦੀਆਂ ਨੇ ਗੁਆਚੀਆਂ ਮੂਰਤਾਂ ਮਾਂ ਦੀਆਂ
ਲਿੱਪੀਆਂ ਹੋਈਆਂ ਦੀਵਾਰਾਂ
ਤੇ ਚੁੱਲਾ ਚੌਂਕਾ ਓਸ ਸੂਰਜੀ ਰਿਸ਼ਮ ਚੋਂ-
ਮਾਂ ਵਰਗੀ ਲੋਅ ਜਦ ਨਵ੍ਹਾਉਂਦੀ ਤਾਂ ਸੁਰਗ ਦਿਸਦਾ ਹੁੰਦਾ ਸੀ
ਟੁੱਕ ਬਖ਼ਸ਼ਦੀ ਤਾਂ ਰੱਬ ਮਿਲਦਾ-
ਝੱਗਾ ਪਜ਼ਾਮਾਂ ਪਹਿਨਾਉਂਦੀ ਤਾਂ
ਦੁਨੀਆਂ ਕੱਜਦੀ ਕੋਈ ਦੇਵੀ ਦੇਵਤਾ ਬਣ ਕੇ
ਓਹੀ ਰਿਸ਼ਮ ਜਦੋਂ ਵਾਲਾਂ ਨੂੰ ਗੁੰਦਦੀ
ਨਵਾਂ ਚੰਦ ਜੂੜੇ ਚ ਟੁੰਗਦੀ
ਤਾਂ ਅਸੀਂ ਅੰਬਰੀਂ ਉਡਾਰੀਆਂ ਮਾਰਦੇ
ਬਹੁਤ ਕਰਾਮਾਤੀ ਹੁੰਦੇ ਨੇ ਸੂਰਜ
ਡਾਲੀਆਂ ਤੇ ਇਹੀ ਟਿਕਾਉਂਦੇ ਨੇ ਮਹਿਕਾਂ ਲੱਦੇ ਫੁੱਲ
ਹਵਾਵਾਂ ਨੂੰ ਇਹੀ ਵੰਡਦੇ ਨੇ ਸੁਰਾਂ ਤੇ ਰਾਗ
ਨਾਨਕ ਗੋਬਿੰਦ ਬੁੱਧ
ਸਾਰੇ ਸੂਰਜ ਹੀ ਤਾਂ ਸਨ ਇਸ ਧਰਤੀ ਦੇ
ਹੁਣ ਫਿਰ ਪੈ ਗਈ ਹੈ ਲੋੜ
ਨਵੇਂ ਸਵੇਰਿਆਂ ਨੂੰ
ਨਵੇਂ ਸੂਰਜਾਂ ਦੀ-
ਲੱਭ ਜਾਣੇ ਦੇਖੀਂ
ਜਦ ਆਪਾਂ ਰਜ਼ਾਈਆਂ ਵਰਗੇ
ਬੱਦਲ ਏਧਰ ਓਧਰ ਕਰ ਕੇ ਫ਼ੋਲੇ
ਜੰਗਲਾਂ ਉੱਚੇ ਟਿੱਬਿਆਂ ਤੇ
ਹੁੰਦੇ ਨੇ ਕਿਤੇ ਜਪ ਤਪ ਕਰਦੇ
ਇਹੋ ਜੇਹੇ ਨਾਥ-
ਜੋ ਅਨਆਇ ਨੂੰ ਵੰਗਾਰਦੇ
ਜ਼ੁਲਮ ਨਾਲ ਦੋ ਹੱਥ ਕਰਦੇ
ਗੁਲਾਮੀ ਦੀਆਂ ਬੇੜੀਆਂ ਖੋਰਦੇ
ਇਹ ਸਾਰੇ ਸੂਰਜ ਹੀ ਤਾਂ ਹੁੰਦੇ ਨੇ-
ਸੀਸ ਭੇਟ ਕਰਨ
ਤਵੀਆਂ ਦੇਗਾਂ ਨੂੰ ਠਾਰਨ
ਨੀਹਾਂ ਚ ਆਪਣੇ ਸੀਨੇ ਸਜਾਉਣ ਵਾਲਿਆਂ ਨੂੰ
ਹੋਰ ਕੀ ਕਹੋਗੇ?
ਬਾਪੂ ਮੇਰੇ ਘਰ ਦੀ ਛੱਤ ਤੇ ਜਗਦਾ ਸੀ
ਤੇ ਮਾਂ ਸਦਾ ਵਿਹੜੇ ਦਲਾਨ ਤੇ ਰਸੋਈ ਚ ਲੋਅ ਬਣੀ ਰਹੀ
ਇੰਜ਼ ਹਰੇਕ ਪਿੰਡ ਸ਼ਹਿਰ ਚ
ਇੱਕ ਦੋ ਸੂਰਜ ਹੁੰਦੇ ਨੇ
ਜਿਹਨਾਂ ਦੀ ਰੌਸ਼ਨੀ ਰਾਹਾਂ ਗਲੀਆਂ ਚ ਵਿਛਦੀ ਹੈ-
ਚੱਲ ਫਿਰ ਸੂਰਜ ਲੱਭੀਏ ਜਾਂ ਬਣੀਏ
ਮਾਂ ਵਰਗੀ ਲੋਅ ਬਣ ਨੀ ਕਣੀਏ
ਬਾਬਰ ਮੂਹਰੇ ਸੀਨੇ ਤਣੀਏ
ਅੰਬਰ ਸੁੰਨ੍ਹੇ ਨੇ ਸੂਰਜ ਜਣੀਏ

No comments:

Post a Comment