Wednesday, 3 August 2016

ਇਹ ਅਸਮਾਨ - ਡਾ ਅਮਰਜੀਤ ਟਾਂਡਾ
ਇਹ ਅਸਮਾਨ
ਉਹ ਹੈ ਮੇਰਾ
ਜਿੱਥੇ ਮੇਰੀ ਮਾਂ ਨੇ ਪਹਿਲਾ ਚੰਦ ਵਿਖਾਇਆ ਸੀ-

ਦਾਦੀ ਨੇ ਪੋਤੜਿਆਂ ਦੀ ਉਮਰੇ
ਸੁਣਾਈ ਸੀ ਪਹਿਲੀ ਲੋਰੀ-

ਅੱਜਕਲ ਦੋਸਤ ਫ਼ੋਟੋਆਂ
ਘੱਲਦੇ ਨੇ ਖਿੱਚ 2 ਕੇ ਮੇਰੇ ਖਾਬਾਂ ਦੀਆਂ
ਡੁੱਲ੍ਹੇ ਸਿਤਾਰਿਆਂ ਦੀਆਂ-
ਇਥੇ ਹੀ ਨਾਨਕ ਨੇ ਮੈਨੂੰ ਦਿਤੀ ਸੀ-
ਫੱਟੀ ਲਿਖਣ ਲਈ ਤੇ ਮੈਂ ਪਹਿਲਾ ਊੜਾ ਪਾਇਆ ਸੀ-
ਕੱਢੇ ਸਨ
ਔਖੇ 2 ਦੁਨੀਆਂ ਦੇ ਸਵਾਲ-
ਨਵ੍ਹਾਏ ਸਨ ਆਪਣੇ ਮੈਲੈ ਕੁਚੈਲੇ ਅਕਸ ਸੱਧਰਾਂ ਦੇ-
ਏਹੀ ਰਾਹ ਨੇ ਜਿੱਥੇ
ਮੈਂ ਆਪਣੇ ਸਾਰੇ
ਸੁਪਨੇ ਮਾਂਜ ਧੋ ਕੇ
ਅੰਗੀਠੀ ਤੇ ਨਹੀਂ ਚੰਦ ਕੋਲ ਸਜਾਏ ਸਨ-
ਪਿੱਠੂ ਕੈਮ ਢਾਉਂਦਾ ਬਣਾਉਂਦਾ
ਤੇ ਬੰਟੇ ਸਿੰਨ੍ਹ 2 ਨਿਸ਼ਾਨੇ ਲਾ 2 ਜਿੱਤਦਾ ਸਾਂ
ਕਦੇ ਅਕੜੇ ਤੇ ਟਾਹਲੀ ਦੀਆਂ ਹਾਕੀਆਂ
ਚੁਣ 2 ਲਿਆਉਂਦੇ ਸਾਂ ਲੱਭ ਕੇ-
ਪਾਟੇ ਸੁਪਨਿਆਂ ਦੀਆਂ ਲੀਰਾਂ ਦੀ ਖੁੱਦੋ ਬਣਾ ਕੇ
ਚਾਵਾਂ ਦੇ ਧਾਗਿਆਂ ਨਾਲ ਪਿੜੀਆਂ ਪਾਉਂਦੇ
ਤੇ ਖੇਡਦੇ ਨਾ ਰੱਜਦੇ-
ਓਹੀ ਥੜਾ ਦਰ ਹੈ
ਜਿੱਥੇ ਬੈਠ ਕੇ
ਰਾਤ ਦਿਨੇ ਮੈਂ ਸਾਰੀ ਦੁਨੀਆਂ ਤੱਕਦਾ
ਕਦੇ ਮੱਕੀ ਦਾ ਟੁੱਕ ਖਾਂਦਾ, ਮਿੱਠੇ ਗੰਨੇ ਚੂਪਦਾ
ਤੇ ਚੰਨ ਦੀਆਂ ਗਰਾਹੀਆਂ ਭਰਦਾ
ਸਾਰੇ ਅੰਬਰ ਦੇ ਤਾਰੇ ਮੁੱਠਾਂ ਚ ਫ਼ੜ੍ਹ 2
ਉਡਾਉਂਦਾ ਤੇ ਆਪ ਨਾਲ ਉੱਡਦਾ ਹੁੰਦਾ ਸੀ-
ਮੇਰੀਆਂ ਗਾਵਾਂ ਮੱਝਾਂ
ਮੇਰੇ ਛੰਨੇ ਅੰਮ੍ਰਿਤ ਨਾਲ ਭਰਦੀਆਂ
ਚਾਟੀਆਂ ਨੂੰ ਰਾਗ ਮਿਲਦੇ
ਠੂਠੀਆਂ ਤੇ ਮਰਤਬਾਨਾਂ ਵਿਚ ਉੱਸਰੇ
ਘਿਓ ਦੇ ਅੰਬਰਾਂ ਚੋਂ ਪਿੰਡ ਚ ਦੀਵੇ ਜਗਦੇ ਸਨ-
ਮੇਰੀ ਧਰਤ ਜ਼ਹਾਨ ਦੀ ਪਿਆਸ
ਲੱਸੀ ਨਾਲ- ਬੁਝਾ ਦਿੰਂਦੀ ਸੀ
ਭਿਖਾਰੀ ਅਸੀਸਾਂ ਦੀਆਂ ਗੰਢਾਂ ਖੋਲ੍ਹਦੇ ਸਨ ਦਰਾਂ ਤੇ-
ਲੋਹੜ੍ਹੀਆਂ ਅੜ੍ਹ 2 ਲੈਂਦੀਆਂ ਸਨ
ਕੰਜ਼ਕਾਂ ਕੁਆਰੀਆਂ ਰੁੱਤਾਂ
ਹਰ ਸਾਲ ਨਾਨਕ ਆਉਂਦਾ
ਕਿਰਤ ਦਾ ਰਾਹ ਦੱਸਦਾ
ਸ਼ਬਦ ਸਜਾਉਂਦਾ
ਤੇ ਰੁੱਖੀਆਂ ਸੁੱਖੀਆਂ ਮੰਨੀਆਂ
ਸਾਡੇ ਛਾਬੇ ਚ ਰੱਖ ਜਾਂਦਾ-
ਤੇ ਅਸੀਂ ਚਾਵਾਂ ਨਾਲ ਖਾਂਦੇ ਨੱਚਦੇ ਹੁੰਦੇ ਸਾਂ-
ਲੰਘਦੇ ਵੜ੍ਹਦੇ ਵਕਤ
ਸੁੱਖ ਸਾਰ ਵੰਡਦੇ
ਆਪਣੀਆਂ ਕਥਾ ਕਹਾਣੀਆਂ ਦੱਸਦੇ-
ਮਾਂ ਤੇ ਬਾਪੂ ਦੀਆਂ ਸੁਣਦੇ
ਓਦੋਂ ਸਾਰਾ ਪਿੰਡ ਦਾ ਅੰਬਰ
ਸੁਖੀ ਵਸਦਾ ਲੱਗਦਾ ਸੀ-
ਪਿੱਪਲਾਂ ਬੋਹੜਾਂ ਨੂੰ ਵੀ ਮੇਰੇ ਜਾਣ ਤੇ
ਚਾਅ ਚੜ੍ਹ ਜਾਂਦਾ ਹੁੰਦਾ ਸੀ -
ਮੇਰੇ ਲਾਏ ਸਾਰੇ ਬੂਟਿਆਂ ਨੂੰ
ਫੁੱਲ ਨਿਕਲ ਆਉਂਦੇ ਸਨ-
ਬਨ੍ਹੇਰਿਆਂ ਤੇ ਕਾਂ ਆ ਬੈਠਦੇ ਸਨ-
ਚਿੜ੍ਹੀਆਂ ਨਾਲ ਭਰ ਜਾਂਦਾ ਸੀ ਵਿਹੜਾ
ਏਦਾਂ ਲੱਗਦਾ ਹੁੰਦਾ ਸੀ ਕਿ ਸਾਰਾ ਜ਼ਹਾਨ ਹੀ ਸੁਖੀ ਹੋ ਗਿਆ ਹੈ-
ਕੰਧ ਕੋਲ ਜਿੰਨੀਆਂ ਮਹਿਫ਼ਿਲਾਂ ਲੱਗਦੀਆਂ ਸਨ
ਸਾਰੀਆਂ ਪਰਦੇਸਾਂ ਨੂੰ Aੁੱਡ ਗਈਆਂ
ਜਾਂ ਬੁੱਢੀਆਂ ਹੋ-ਟੁਰ ਗਈਆਂ ਕਬਰਾਂ ਨੂੰ-
ਪਿੰਡ ਚ ਤੇ ਲਾਗਲੇ ਪਿੰਡਾਂ ਚ
ਦਿਨ ਰਾਤ ਸਪੀਕਰ ਵੱਜਦੇ
ਸਰ੍ਹੋਂ, ਮੱਕੀਆਂ ਗਾਉਂਦੀਆਂ
ਕਮਾਦ ਨੱਚਦੇ-
ਤਾਜ਼ੇ ਗੁੜ੍ਹ ਦੀ ਮਹਿਕ ਅਰਸ਼ਾਂ ਤੱਕ ਜਾਂਦੀ
ਇਥੇ ਹੀ ਮੇਰਾ ਸਾਰਾ ਬਚਪਨ
ਅਜੇ ਵੀ ਹੱਸਦਾ ਖੇਡਦਾ ਹੈ--
ਰਾਤਾਂ, ਪਰਭਾਤਾਂ ਵਿਚ
ਮੁਲਾਕਾਤਾਂ ਤੇ ਕਈ ਬਾਤਾਂ ਵਿਚ-
ਮੇਰੀਆਂ ਬੰਸਰੀ ਵਾਲੀਆਂ ਰਾਤਾਂ ਵਿਚ
ਫ਼ੋਟੋ-ਅੱਜ ਹੀ ਮੇਰੇ ਘਰਦੀਆਂ
ਫ਼ੋਟੋ-ਪਿਆਰੇ ਦੋਸਤ Nazar Singh Brar(ਸਕੱਤਰ ਕਿਸਾਨ ਤੇ ਲੇਬਰ ਵਿੰਗ 'ਆਪ'ਜਲੰਧਰ ਜੋਨ) ਨੇ ਘੱਲੀਆਂ ਸਨ

No comments:

Post a Comment