Monday 22 August 2016

ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ-ਡਾ ਅਮਰਜੀਤ ਟਾਂਡਾ
ਪੰਜਾਬ ਤੈਨੂੰ ਤਾਂ ਯਾਦ ਵੀ ਨਹੀਂ ਹੋਣਾ
ਅਸੀਂ ਕਿੰਨਾ ਰਾਤ ਦਿਨ
ਤੜਫ਼ਦੇ ਰਹਿੰਦੇ ਹਾਂ
ਤੇਰੀ ਸੁੱਖ ਸਾਂਦ ਖਾਤਿਰ -
ਤੇਰੇ ਪਿੰਡੇ ਤੇ ਜਦੋਂ ਵੀ
ਕਹਿਰ ਦਾ ਮੌਸਮ ਆਉਂਦਾ ਹੈ
ਕਰਬਲਾ ਆ ਢਹਿੰਦੀ ਹੈ
ਨੀਂਦ ਤਿੜਕ ਜਾਂਦੀ ਹੈ ਸਾਡੀਆਂ ਰਾਤਾਂ ਦੀ-
ਖਾਲੀ ਪੇਟ ਨੂੰ ਵੀ
ਭੁੱਖ ਨਹੀਂ ਲੱਗਦੀ-
ਪਿਆਸੇ ਵੀ ਹੋਈਏ
ਪਾਣੀ ਵੱਲ ਦੇਖਣ ਨੂੰ ਅੱਖਾਂ ਨਹੀਂ ਜਾਂਦੀਆਂ-
ਕੀ ਕਰਾਂ ਮੈਂ ਇਲਾਜ਼
ਜਾਂ ਕਿੱਥੇ ਸੁੱਖ ਸੁੱਖਾਂ
ਕਿ ਤੇਰੇ ਅੰਗਾਂ ਦੇ ਸੁਪਨੇ
ਰੁੱਖਾਂ ਨਾਲ ਲਟਕ 2 ਨਾ ਬੁਝਣ -
ਸੜਕਾਂ ਬੱਸ ਕਰ ਦੇਣ
ਮੇਰੇ ਅੰਗੀਂ ਸਾਕੀਂ ਤੁਰੇ ਫਿਰਦੇ ਘਰ ਨਾ ਉਜ੍ਹਾੜਨ
ਬੁੱਢੇ ਵਕਤਾਂ ਤੇ ਬੱਚਿਆਂ
ਦੀਆਂ ਡੰਗੋਰੀਆਂ ਤੇ ਖਿਡੌਣੇ ਨਾ ਮਸਲਣ
ਜਦ ਵੀ ਤੇਰੇ ਵੱਲ ਦੇਖਦਾਂ ਹਾਂ
ਕਦੇ ਵੀ ਠੰਢੀ ਵਾ ਨਹੀਂ ਆਉਂਦੀ-
ਹਾਉਕਿਆਂ ਦੇ ਵਰੋਲੇ ਹੀ ਘੁੰਮਦੇ ਨਜ਼ਰ ਆਉਂਦੇ ਹਨ
ਕਦੇ ਨਹੀਂ ਹਰਿਆਵਲ ਦੇਖੀ
ਤੇਰੇ ਰੁੱਖਾਂ ਤੇ
ਫ਼ਸਲਾਂ ਦੇ ਖਿੜ੍ਹੇ ਫੁੱਲਾਂ ਉੱਤੇ
ਤਿੱਤਲੀਆਂ ਭੌਰੇ
ਕਦ ਆਉਣਗੇ ਹੱਸ 2 ਕੇ-
ਕਦੋਂ ਖੇਤ ਵੀ ਪਾਉਣਗੇ ਭੰਗੜੇ ਚਾਵਾਂ ਨਾਲ
ਕਦੋ ਬੇਰੁਜ਼ਗਾਰ ਭਰੇ ਚੌਕਾਂ ਨੂੰ
ਟੁੱਕ ਮਿਲੇਗਾ ਦੋ ਡੰਗ ਦਾ-
ਕਦ ਕਿਰਤ ਦੇ ਬੱਚੇ ਸੌਣਗੇ ਪੇਟ ਭਰ ਕੇ-
ਕਦ ਰਿਕਸ਼ੇਵਾਲਾ ਘਰ ਨੂੰ
ਕੋਈ ਖਿਲੌਣਾਂ ਲੈ ਕੇ ਜਾਵੇਗਾ ਖੁਸ਼ੀ ਦਾ
ਕਿਹੜਾ ਦਿਨ ਆਸਾ ਦੀ ਵਾਰ
ਖੇੜਿਆਂ ਨਾਲ ਗਾਏਗਾ-
ਕਦੋਂ ਰਹਿਰਾਸ 'ਚੋਂ ਮਰਨਗੇ ਤੌਖ਼ਲੇ
ਕਦੋਂ ਖਿੜ੍ਹਣਗੀਆਂ ਦੁਪਹਿਰਾਂ
ਪੂਰੇ ਜੌਬਨ 'ਚ ਆ ਕੇ
ਕਦੋਂ ਸੂਰਜ ਉਦੈ ਹੋਵੇਗਾ
ਰਿਸ਼ਮਾਂ ਦੇ ਚੌਰ ਦੀ ਸੰਪੂਰਨ ਲਿਸ਼ਕ ਲੈ ਕੇ-
ਮੰਦਿਰ ਮਸਜਿਦਾਂ ਗੁਰੂ ਦੁਵਾਰੇ
ਰਾਮ ਅੱਲ੍ਹਾ ਰੱਬ ਨੂੰ
ਕਦ ਲੱਭ ਕੇ ਲਿਆਉਣਗੇ ਆਪਣੇ 2 ਘਰ
ਬੇਲੀਆ ਜਦ ਦੀ ਰਾਜਨੀਤੀ
ਇਹਨਾਂ ਪੌੜ੍ਹੀਆਂ ਤੇ ਚੜ੍ਹੀ ਹੈ-
ਨੇਤਾਵਾਂ ਨੇ ਕੋਈ ਵੀ ਰੱਬ
ਅਰਾਮ ਨਾਲ ਸੌਣ ਨਹੀਂ ਦਿਤਾ
ਪੱਥਰਾਂ ਦੀ ਪਿਆਸ ਬੁਝਾ ਰਹੇ ਹਨ
ਦੁੱਧ ਬੁੱਧ ਭਰੇ ਡੋਲ
ਪਿਆਸੀਆਂ ਭੁੱਖੀਆਂ ਰੂਹਾਂ
ਖਾਲੀ ਕੌਲੀਆਂ ਲੈ
ਬਾਹਰ ਖੜ੍ਹੀਆਂ ਤਰਸ ਰਹੀਆਂ ਹਨ
ਮੰਤਰੀ ਦੇ ਆਉਣ ਤੇ
ਰੱਬ ਨੂੰ ਉੱਠ ਕੇ ਸਿਰ ਨਿਵਾਉਣਾ ਪੈਂਦਾ ਹੈ-
ਪੱਬ ਉੱਠ 2 ਸਿਰੋਪੇ ਪਾਉਂਦੇ ਹਨ-
ਖ਼ਿਤਾਬ ਮੱਲੋਮੱਲੀ ਬਨ੍ਹੇਰਿਆਂ ਤੋਂ ਡਿੱਗਦੇ ਹਨ-
ਹੱਕ ਮੰਗਦੇ ਰਾਹ ਚੁੱਪ ਕਰਵਾ ਦਿਤੇ ਜਾਂਦੇ ਹਨ-
ਜੈੱਡ ਸਕਿਓਰਟੀਆਂ ਡਰਦੀਆਂ
ਕੁਚਲਦੀਆਂ ਲੰਘਦੀਆਂ ਹਨ
ਸੜਕਾਂ 'ਤੇ ਟੁੱਕ ਲਈ ਉੱਲਰੇ ਹੱਥਾਂ ਨੂੰ-
ਯਾਰੋ ਪਤਾ ਨਹੀਂ ਅਸੀਂ ਸਾਰੇ
ਆਪਣੇ ਘਰ ਦੇਸ਼ ਚ ਆ ਕੇ ਵੀ
ਕਿਉਂ ਅਸੁਰੱਖਿਅਤ ਹੋ ਜਾਂਦੇ ਹਾਂ ਤੁਹਾਡੇ ਵਾਂਗ-
ਉੱਤਰਦਿਆਂ ਨੂੰ ਹੀ-
ਬੇਹੂਦਾ ਬਦਸ਼ਕਲ ਸਵਾਲਾਂ ਚ ਉਲਝਾ ਲੈਂਦਾ ਹੈ ਏਅਰਪੋਰਟ -
ਸਾਡੇ ਆਪਣੇ ਹੀ ਬੀਜੇ ਰੁੱਖ
ਸਾਡੇ ਪਛਾਣ ਪੱਤਰ ਮੰਗਦੇ ਹਨ-
ਜਨਮ ਭੋਂ ਦਾ ਨਾਂ ਪੁੱਛਦੇ ਹਨ
ਕਦੋਂ ਤੇ ਕਿਉਂ ਗਏ ਸੀ-
ਹੁਣ ਕੀ ਕਰਨ ਆਏ ਹੋ?
ਸੜਕਾਂ ਰੋਕ 2 ਪੁੱਛਦੀਆਂ ਹਨ-
ਕੌਣ ਹੋ, ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ-
ਤੇ ਕਿੰਨੇ ਦਿਨ ਰਹੋਗੇ-
ਦੋਸਤੋ ਆਪਣੇ ਪਿੰਡ ਆਉਂਦਿਆਂ ਨੂੰ
ਕਦੇ ਕੋਈ ਰਾਹ ਪਿੰਡ ਦਾ ਨਾਂ ਨਹੀਂ ਪੁੱਛਦਾ ਹੁੰਦਾ
ਬਚਪਨ ਜਿਹਨਾਂ ਘਨ੍ਹੇੜੀ ਤੇ ਖਿਡਾਇਆ ਹੋਵੇ
ਉਹ ਘਰ ਕਦੇ ਬੇਪਛਾਣ ਨਹੀਂ ਕਰਦੇ ਹੁੰਦੇ
ਆਪਣੇ ਹੱਥੀਂ ਸਜਾਏ ਬੂਹੇ
ਪਛਾਣਦੇ ਨਹੀਂ ਹੁੰਦੇ ਬਾਹਰ ਖੜ੍ਹਿਆਂ ਨੂੰ-
ਸਗੋਂ ਗਲਵੱਕੜੀਆਂ ਚ ਲੈਂਦੇ ਹੁੰਦੇ ਨੇ ਘੁੱਟ 2 ਕੇ-
ਹੱਥ ਚੁੰਮਦੇ ਹੁੰਦੇ ਨੇ ਵਾਰ 2-
ਪੰਜਾਬ ਦੇਖੀਂ ਐਤਕੀਂ ਫਿਰ ਏਦਾਂ ਨਾ ਕਰੀਂ
ਮੈਂ ਦਿੱਲੀ ਦੀਆਂ ਸੜਕਾਂ ਤਾਂ ਟੱਪ ਆਵਾਂਗਾ-
ਪਰ ਤੂੰ ਬੂਹੇ ਖੋਲ੍ਹ ਕੇ ਰੱਖੀਂ
ਬਹੁਤ ਦਿੱਲ ਕਰਦਾ ਹੈ ਤੈਨੂੰ ਸਾਹਾਂ 'ਚ ਵਸਾਉਣ ਨੂੰ
ਤੇਰੇ ਨਾਲ ਹੱਸਣ ਗਾਉਣ ਨੂੰ-
ਦਰਾਂ 'ਤੇ ਦੋ ਖੁਸ਼ੀ ਦੇ ਹੰਝੂ ਪਾਉਣ ਨੂੰ


ਦੋ ਨੇ ਮੇਰੀਆਂ-ਡਾ ਅਮਰਜੀਤ ਟਾਂਡਾ
(ਰੱਖੜੀ ਤੇ ਯਾਦ ਕਰਦਿਆਂ ਸੱਜੇ ਪਾਸੇ ਭੈਣ ਜੀ-ਤੇ ਖੱਬੇ ਪਾਸੇ ਮੇਰੀ ਗੁਆਚ ਗਈ ਛਾਂ ਤੇ ਮਾਂ)
ਦੋ ਨੇ ਮੇਰੀਆਂ
ਅੰਬਰੀ ਛਾਵਾਂ ਮੇਰੇ ਤੋਂ ਵੱਢੀਆਂ
ਦੂਰ ਰਹਿੰਦੀਆਂ ਨੇ-
ਆਪਣੇ 2 ਪ੍ਰੀਵਾਰਾਂ ਚ -
ਪਰ ਛਾਂ ਅਜੇ ਵੀ ਮੇਰੇ
ਘਰ ਦੀ ਛੱਤ ਤੇ ਕਰਦੀਆਂ ਨੇ
ਕਦੇ ਅਸੀਸਾਂ ਨਾਲ
ਤੇ ਕਦੇ ਉਡੀਕਾਂ ਨਾਲ-
ਉਹੀ ਸਨ ਜੋ ਕਦੇ
ਚਪੇੜਾਂ ਮਾਰ ਕੇ
ਬਾਅਦ ਚ ਚੂਰੀ ਕੁੱਟ 2 ਖਵਾਉਂਦੀਆਂ ਸਨ-
ਠੰਢੇ ਕਰ 2 ਦਿੰਦੀਆਂ ਸਨ
ਦੁੱਧ ਦੇ ਭਰੇ ਗਲਾਸ
ਘਿਓ ਨਾਲ ਤਰਦੇ ਸਾਗ ਦੇ ਛੰਨੇ
ਤੇ ਦਾਲਾਂ ਤੜਕ ਸਵਾਦਲੀਆਂ-
ਅਸੀਂ ਲੜ੍ਹਦੇ ਤਾਂ
ਅਰਸ਼ ਰੋ ਪੈਂਦਾ -
ਇੱਕ ਦੂਸਰੇ ਨੂੰ ਨਾ ਦਿਸਦੇ-
ਦੁਨੀਆਂ ਚ ਹਨੇਰ ਛਾ ਜਾਂਦਾ ਸੀ-
ਰੋਂਦੇ ਦੇ ਕੇਸ ਵਾਹ
ਜੂੜਾ ਕਰ ਦਿੰਦੀਆਂ
ਕੱਪੜੇ ਧੋ ਬਸਤੇ ਬੰਨ੍ਹ
ਤੋਰਦੀਆਂ ਸਕੂਲ ਨੂੰ-
ਲੋਅ ਘਰ ਲੈ ਕੇ ਆਉਣ ਨੂੰ ਕਹਿੰਦੀਆਂ
ਰਾਹ ਤੱਕਦੀਆਂ ਨਿੱਕੇ ਵੀਰ ਦਾ-
ਸਿਰ ਤੇ ਜਹਾਨ ਵਰਗੇ ਹੱਥ ਰੱਖ
ਭੁੱਖ ਮਿਟਾ ਦਿੰਦੀਆਂ-
ਅੱਜ ਸਵੇਰੇ ਸੁਪਨੇ ਚ ਉਠਾਈ ਜਾਣ-
ਅਮਰਜੀਤ ਰੱਖੜੀ ਆ ਅੱਜ-
ਚੱਲ ਮੂੰਹ ਹੱਥ ਧੋ ਨਹਾ
ਅਸੀਂ ਰੱਖੜੀ ਬੰਨਣ ਆਈਆਂ ਵੀਰ ਦੇ-
ਮੈਂ ਆਪਣੇ ਗੁੱਟ ਵੱਲ ਦੇਖਦਾ ਹਾਂ-
ਅੱਜ ਫਿਰ ਗੁੱਟ ਤੇ ਚੰਨ ਤੇ ਸਿਤਾਰੇ ਬੰਨ੍ਹ
ਖਬਰੇ ਕਦ ਉੱਡ ਗਈਆਂ-
ਅੰਬਰ ਦਾ ਥਾਲ ਭਰਿਆ
ਮਠਿਆਈ ਨਾਲ ਤੇ ਰੰਗ ਬਿਰੰਗੇ ਧਾਗਿਆਂ ਨਾਲ -
ਛੱਡ ਗਈਆਂ ਮੇਰੇ ਸਿਰ੍ਹਾਣੇ-
ਉੱਡਦੀਆਂ 2 ਮੇਰੀ ਮਾਂ ਦੀਆਂ
ਬਖ਼ਸ਼ੀਆਂ ਪਰੀਆਂ
ਲੰਮੀ ਉਮਰ ਦੀਆਂ ਦੁਆਵਾਂ
ਮੇਜ਼ ਤੇ ਰੱਖ ਫਿਰ ਆਪਣੇ ਸ਼ਹਿਰੀਂ ਉੱਡ ਗਈਆਂ-
ਪੈਸੇ ਮੇਰੇ ਹੱਥਾਂ 'ਚ ਰਹਿ ਗਏ ਫ਼ੜ੍ਹੇ-
ਹੁਣ ਓਥੇ ਉਹਨਾਂ ਦੇ ਘਰੀਂ ਜਾ ਕੇ ਦੇ ਕੇ ਆਵਾਂਗਾ-
ਤੇ ਬਚਪਨ ਵਾਂਗ ਲੜਾਂਗਾ ਪਲ ਭਰ ਲਈ-
ਭੈਣ ਵਰਗੀ ਅਜੇ ਕੋਈ ਅਸੀਸ ਨਹੀਂ ਬਣੀ
ਏਸ ਤੋਂ ਵੱਡੀ ਉਡੀਕ ਨਹੀ ਹੁੰਦੀ -
ਨਾ ਹੀ ਏਨੇ ਚਾਵਾਂ ਨਾਲ ਕਦੇ ਕੋਈ ਵਿਹੜਾ ਭਰਿਆ ਹੈ
ਆਪਣੇ ਨਾਲ ਜਾਏ ਚੰਨਾਂ ਕੋਲ ਬੈਠ ਕੇ -
ਸੋਚਦਾ ਹਾਂ-
ਇਹ ਕਲਾਈ ਜਿਹੜੀ ਕਦੇ 2 ਭੁੱਲ ਜਾਂਦੀ ਹੈ
ਕੋਲ ਪਈਆਂ ਅਸੀਸਾਂ ਵੱਲ ਵੀ ਦੇਖਿਆ ਕਰੇ-
ਭੈਣਾਂ ਦੇ ਚਾਅ ਕੁਝ ਤਾਂ ਮੱਥੇ ਤੇ ਧਰੇ-
ਪਵਿੱਤਰ ਸੰਦੇਸ਼
ਭਰਾ ਭੈਣ ਦੇ ਵਿਚਕਾਰ ਧਾਗਿਆਂ ਦਾ
ਪੱਕੇ ਰਿਸ਼ਤੇ ਦਾ ਨਾਂ-
ਰੱਖੜੀ ਭੈਣ-ਭਰਾ ਦਾ ਪਿਆਰ ਬੰਧਨ
ਰਿੱਸ਼ਤਾ, ਸੱਚਮੁਚ ਬੜਾ ਮਿੱਠਾ
ਉਮਰਾਂ ਦਾ ਪਿਆਰ ਜ਼ਾਮਨ ਰੱਖਿਆ ਪ੍ਰਣ
ਧੀਆਂ, ਭੈਣਾਂ , ਕੁੜੀਆਂ, ਚਿੜੀਆਂ, ਮੁਟਿਆਰਾਂ
ਦੇ ਹੱਥੋਂਂ ਸਜਿਆ ਰੰਗ ਬਿਰੰਗੇ ਧਾਗਿਆਂ ਦਾ ਸੰਸਾਰ
ਭੈਣਾਂ ਹੱਥੋਂ ਗੁੱਟਾਂ ਤੇ ਸਜਾਏ ਜਾਂਦੇ ਸੂਰਜ
ਭੈਣ ਦਾ ਗੁੰਦਿਆਂ ਪਿਆਰ ਮਲ੍ਹਾਰ ਚਾਅ
ਭੈਣ ਦਾ ਮਾਣ ਤਾਣ-ਅੰਮੀ ਦਾ ਸੁੱਖ
ਵੀਰ ਵੱਲੋਂ ਭੈਣ ਨੂੰ ਪੈਸਿਆਂ ਦਾ ਸਾਹ
ਤੇ ਹੌਸਲੇ ਦਾ ਵਾਅਦਾ-
ਵੀਰ ਦਾ ਹੱਸਦਾ ਖੇੜਾ--
ਅੱਜ ਕੌਣ ਬੰਨ੍ਹੇਗਾ -ਰੱਖੜੀ
ਪੰਜਾਬ ਦੇ ਮੰਜੇ ਤੇ ਟੀਕੇ ਮੰਗਦੀ ਬਾਂਹ ਨੂੰ-
ਵਿਲਕਦੇ ਗੁੱਟਾਂ ਨੂੰ-
ਰੱਖੜੀ ਦਾ ਤਿਉਹਾਰ ਤਾਂ ਬਹੁਤ ਪੁਰਾਣਾ ਹੈ-
ਸੋਚਦਾ ਹਾਂ ਕਿ
ਫਿਰ ਰੱਖੜੀ ਬਨ੍ਹਵਾਉਣ ਵਾਲੇ ਵੀਰਾਂ ਦੀਆਂ ਭੈਣਾਂ
ਗਜ਼ਨੀ ਦੇ ਬਾਜਾਰਾਂ ਵਿਚ ਟਕੇ ਟਕੇ 'ਤੇ ਕਿਉਂ ਵਿਕਦੀਆਂ ਰਹੀਆਂ?
ਭਾਰਤ ਦੇ ਹਮਲੇ ਸਮੇਂ ਅਬਦਾਲੀ ਦੀਆਂ ਫੌਜ਼ਾਂ
20,000 ਬੱਚੇ-ਬੱਚੀਆਂ ਨੂੰ
ਲੁੱਟ ਕੇ ਕਾਬਲ ਲੈ ਗਿਆ ਸੀ-
ਕਿੱਥੇ ਸਨ ਉਹ ਗੁੱਟ ਰੱਖੜੀ ਵਾਲੇ?
ਓਦੋਂ ਵੀ
ਨਾਨਕ ਗੋਬਿੰਦ ਦੇ ਹੀ ਗੁੱਟ ਸਨ
ਕੜ੍ਹਿਆਂ ਤੇਗਾਂ ਵਾਲੇ-
ਇੱਜ਼ਤਾਂ ਦੇ ਰੱਖਵਾਲੇ
ਇਸ ਮਿੱਟੀ ਨੇ ਪਾਲੇ-

ਅਜੇ ਕੱਲ ਮਿਲਿਆ-ਡਾ.ਅਮਰਜੀਤ ਟਾਂਡਾ
ਅਜੇ ਕੱਲ ਮਿਲਿਆ
ਮੰਜੇ ਤੇ ਪਿਆ-ਅਗਲੇ ਨਾਵਲ ਬਾਰੇ
ਸੋਚ ਰਿਹਾ ਸੀ- ਖਬਰੇ
ਇੱਕ ਸੂਰਜ -ਗੱਲਾਂ ਕਰਦਾ-
ਉਹ ਦਿਨੇ ਤਾਰਿਆਂ ਵਰਗੇ ਸ਼ਬਦ ਲੱਭ ਲੈਂਦਾ-
ਕਹਿੰਦੇ ਕਿਤੇ ਚਲਾ ਗਿਆ ਹੈ-
ਕਹਿੰਦਾ ਸੀ ਅਗਲਾ ਨਾਵਲ ਚੰਦ ਕੋਲ ਬਹਿ ਕੇ ਲਿਖਾਂਗਾ
ਨਵੀਨ ਕਹਾਣੀ ਲੱਭਣ ਗਿਆ ਹੋਣਾ-
ਨਵੇਂ ਨਾਵਲ ਲਈ-
ਏਦਾਂ ਦੇ ਹਰਫ਼ਾਂ ਦੇ
ਕਦੇ ਚੂਲ੍ਹੇ ਨਹੀਂ ਟੁੱਟਦੇ ਹੁੰਦੇ -
ਸਾਰਾ ਅੰਬਰ ਪੰਜਾਬੀ ਦਾ ਸਜਾ ਗਿਆ-
ਸਾਰੀ ਧਰਤ ਤੇ ਓਹਦੀਆਂ ਕਹਾਣੀਆਂ-
ਫੁੱਲ ਬੂਟਿਆਂ ਤੇ ਓਹਦਾ ਨਾਂ-
ਏਦਾਂ ਦੇ ਯੁੱਗਾਂ ਦਾ ਕਦੇ ਅੰਤ ਨਹੀਂ ਹੁੰਦਾ-
ਇਹੋ ਜੇਹੇ ਧਰੂ ਕਦੇ ਛਿਪਦੇ ਨਹੀਂ ਦੇਖੇ-
ਏਦਾਂ ਦੇ ਦੀਵਿਆਂ ਦਾ
ਤੇਲ ਵੀ ਕਦੇ ਖ਼ਤਮ ਨਹੀਂ ਹੁੰਦਾ-
ਤਾਏ ਬਿਸ਼ਨੇ ਕੋਲ ਹੋਣਾ ਕਿਤੇ ਬੈਠਾ-
ਚਾਨਣੀਆਂ ਰਾਤਾਂ ਚ ਹੁੰਦੇ ਨੇ ਇਹੋ ਜੇਹੇ ਚੰਨ ਚਮਕਦੇ
ਅੰਨ੍ਹੇ ਘੋੜੇ ਦਾ ਦਾਨ ਮੰਗਦਾ 2
ਕੁਵੇਲਾ ਕਰ ਗਿਆ ਹੋਣਾ-
ਏਥੇ ਹੀ ਕਿਤੇ ਹੈ
ਆ ਜਾਣਾ ਓਹਨੇ ਪਹੁ ਫ਼ੁਟਾਲੇ ਤੋਂ ਪਹਿਲਾਂ
ਜੈਤੋ ਦਾ ਸਰਾ੍ਹਣਾ ਚੱਕਿਆ ਤਾਂ
ਹੇਠ ਗਿਆਨਪੀਠ ਪਿਆ ਸੀ
ਤੇ ਨਾਲ ਹੀ ਅਣਗਿਣਤ ਐਵਾਰਡਾਂ ਦਾ ਟੋਕਰਾ
ਖਬਰੇ ਕਿੱਥੇ ਤੁਰ ਗਿਆ ਹੈ-
ਅਸੀਂ ਘਰ ਉਡੀਕ ਰਹੇ ਹਾਂ-
ਵਿਸ਼ਵ ਪੰਜਾਬੀ ਸਾਹਿਤ ਪੀਠ ਐਵਾਰਡ ਲੈ ਕੇ ਹੱਥਾਂ ਚ-
ਇਹੋ ਜੇਹੇ ਦੋਸਤਾਂ ਦਾ ਵੀ ਬੰਦਾ ਕੀ
ਇਤਬਾਰ ਕਰੇ
ਜੋ ਬੂਹਿਆਂ ਤੋਂ
ਆਪਣੀਆਂ ਨੇਮ ਪਲੇਟਾਂ ਵੀ ਪੱਟ ਕੇ ਲੈ ਜਾਣ-
ਤੇ ਜਾਣ ਲੱਗੇ ਕੋਈ ਸਿਰਨਾਵਾਂ ਵੀ ਨਾ ਦੇਣ-
Inline image 1

Wednesday 3 August 2016

ਇਹ ਅਸਮਾਨ - ਡਾ ਅਮਰਜੀਤ ਟਾਂਡਾ
ਇਹ ਅਸਮਾਨ
ਉਹ ਹੈ ਮੇਰਾ
ਜਿੱਥੇ ਮੇਰੀ ਮਾਂ ਨੇ ਪਹਿਲਾ ਚੰਦ ਵਿਖਾਇਆ ਸੀ-

ਦਾਦੀ ਨੇ ਪੋਤੜਿਆਂ ਦੀ ਉਮਰੇ
ਸੁਣਾਈ ਸੀ ਪਹਿਲੀ ਲੋਰੀ-

ਅੱਜਕਲ ਦੋਸਤ ਫ਼ੋਟੋਆਂ
ਘੱਲਦੇ ਨੇ ਖਿੱਚ 2 ਕੇ ਮੇਰੇ ਖਾਬਾਂ ਦੀਆਂ
ਡੁੱਲ੍ਹੇ ਸਿਤਾਰਿਆਂ ਦੀਆਂ-
ਇਥੇ ਹੀ ਨਾਨਕ ਨੇ ਮੈਨੂੰ ਦਿਤੀ ਸੀ-
ਫੱਟੀ ਲਿਖਣ ਲਈ ਤੇ ਮੈਂ ਪਹਿਲਾ ਊੜਾ ਪਾਇਆ ਸੀ-
ਕੱਢੇ ਸਨ
ਔਖੇ 2 ਦੁਨੀਆਂ ਦੇ ਸਵਾਲ-
ਨਵ੍ਹਾਏ ਸਨ ਆਪਣੇ ਮੈਲੈ ਕੁਚੈਲੇ ਅਕਸ ਸੱਧਰਾਂ ਦੇ-
ਏਹੀ ਰਾਹ ਨੇ ਜਿੱਥੇ
ਮੈਂ ਆਪਣੇ ਸਾਰੇ
ਸੁਪਨੇ ਮਾਂਜ ਧੋ ਕੇ
ਅੰਗੀਠੀ ਤੇ ਨਹੀਂ ਚੰਦ ਕੋਲ ਸਜਾਏ ਸਨ-
ਪਿੱਠੂ ਕੈਮ ਢਾਉਂਦਾ ਬਣਾਉਂਦਾ
ਤੇ ਬੰਟੇ ਸਿੰਨ੍ਹ 2 ਨਿਸ਼ਾਨੇ ਲਾ 2 ਜਿੱਤਦਾ ਸਾਂ
ਕਦੇ ਅਕੜੇ ਤੇ ਟਾਹਲੀ ਦੀਆਂ ਹਾਕੀਆਂ
ਚੁਣ 2 ਲਿਆਉਂਦੇ ਸਾਂ ਲੱਭ ਕੇ-
ਪਾਟੇ ਸੁਪਨਿਆਂ ਦੀਆਂ ਲੀਰਾਂ ਦੀ ਖੁੱਦੋ ਬਣਾ ਕੇ
ਚਾਵਾਂ ਦੇ ਧਾਗਿਆਂ ਨਾਲ ਪਿੜੀਆਂ ਪਾਉਂਦੇ
ਤੇ ਖੇਡਦੇ ਨਾ ਰੱਜਦੇ-
ਓਹੀ ਥੜਾ ਦਰ ਹੈ
ਜਿੱਥੇ ਬੈਠ ਕੇ
ਰਾਤ ਦਿਨੇ ਮੈਂ ਸਾਰੀ ਦੁਨੀਆਂ ਤੱਕਦਾ
ਕਦੇ ਮੱਕੀ ਦਾ ਟੁੱਕ ਖਾਂਦਾ, ਮਿੱਠੇ ਗੰਨੇ ਚੂਪਦਾ
ਤੇ ਚੰਨ ਦੀਆਂ ਗਰਾਹੀਆਂ ਭਰਦਾ
ਸਾਰੇ ਅੰਬਰ ਦੇ ਤਾਰੇ ਮੁੱਠਾਂ ਚ ਫ਼ੜ੍ਹ 2
ਉਡਾਉਂਦਾ ਤੇ ਆਪ ਨਾਲ ਉੱਡਦਾ ਹੁੰਦਾ ਸੀ-
ਮੇਰੀਆਂ ਗਾਵਾਂ ਮੱਝਾਂ
ਮੇਰੇ ਛੰਨੇ ਅੰਮ੍ਰਿਤ ਨਾਲ ਭਰਦੀਆਂ
ਚਾਟੀਆਂ ਨੂੰ ਰਾਗ ਮਿਲਦੇ
ਠੂਠੀਆਂ ਤੇ ਮਰਤਬਾਨਾਂ ਵਿਚ ਉੱਸਰੇ
ਘਿਓ ਦੇ ਅੰਬਰਾਂ ਚੋਂ ਪਿੰਡ ਚ ਦੀਵੇ ਜਗਦੇ ਸਨ-
ਮੇਰੀ ਧਰਤ ਜ਼ਹਾਨ ਦੀ ਪਿਆਸ
ਲੱਸੀ ਨਾਲ- ਬੁਝਾ ਦਿੰਂਦੀ ਸੀ
ਭਿਖਾਰੀ ਅਸੀਸਾਂ ਦੀਆਂ ਗੰਢਾਂ ਖੋਲ੍ਹਦੇ ਸਨ ਦਰਾਂ ਤੇ-
ਲੋਹੜ੍ਹੀਆਂ ਅੜ੍ਹ 2 ਲੈਂਦੀਆਂ ਸਨ
ਕੰਜ਼ਕਾਂ ਕੁਆਰੀਆਂ ਰੁੱਤਾਂ
ਹਰ ਸਾਲ ਨਾਨਕ ਆਉਂਦਾ
ਕਿਰਤ ਦਾ ਰਾਹ ਦੱਸਦਾ
ਸ਼ਬਦ ਸਜਾਉਂਦਾ
ਤੇ ਰੁੱਖੀਆਂ ਸੁੱਖੀਆਂ ਮੰਨੀਆਂ
ਸਾਡੇ ਛਾਬੇ ਚ ਰੱਖ ਜਾਂਦਾ-
ਤੇ ਅਸੀਂ ਚਾਵਾਂ ਨਾਲ ਖਾਂਦੇ ਨੱਚਦੇ ਹੁੰਦੇ ਸਾਂ-
ਲੰਘਦੇ ਵੜ੍ਹਦੇ ਵਕਤ
ਸੁੱਖ ਸਾਰ ਵੰਡਦੇ
ਆਪਣੀਆਂ ਕਥਾ ਕਹਾਣੀਆਂ ਦੱਸਦੇ-
ਮਾਂ ਤੇ ਬਾਪੂ ਦੀਆਂ ਸੁਣਦੇ
ਓਦੋਂ ਸਾਰਾ ਪਿੰਡ ਦਾ ਅੰਬਰ
ਸੁਖੀ ਵਸਦਾ ਲੱਗਦਾ ਸੀ-
ਪਿੱਪਲਾਂ ਬੋਹੜਾਂ ਨੂੰ ਵੀ ਮੇਰੇ ਜਾਣ ਤੇ
ਚਾਅ ਚੜ੍ਹ ਜਾਂਦਾ ਹੁੰਦਾ ਸੀ -
ਮੇਰੇ ਲਾਏ ਸਾਰੇ ਬੂਟਿਆਂ ਨੂੰ
ਫੁੱਲ ਨਿਕਲ ਆਉਂਦੇ ਸਨ-
ਬਨ੍ਹੇਰਿਆਂ ਤੇ ਕਾਂ ਆ ਬੈਠਦੇ ਸਨ-
ਚਿੜ੍ਹੀਆਂ ਨਾਲ ਭਰ ਜਾਂਦਾ ਸੀ ਵਿਹੜਾ
ਏਦਾਂ ਲੱਗਦਾ ਹੁੰਦਾ ਸੀ ਕਿ ਸਾਰਾ ਜ਼ਹਾਨ ਹੀ ਸੁਖੀ ਹੋ ਗਿਆ ਹੈ-
ਕੰਧ ਕੋਲ ਜਿੰਨੀਆਂ ਮਹਿਫ਼ਿਲਾਂ ਲੱਗਦੀਆਂ ਸਨ
ਸਾਰੀਆਂ ਪਰਦੇਸਾਂ ਨੂੰ Aੁੱਡ ਗਈਆਂ
ਜਾਂ ਬੁੱਢੀਆਂ ਹੋ-ਟੁਰ ਗਈਆਂ ਕਬਰਾਂ ਨੂੰ-
ਪਿੰਡ ਚ ਤੇ ਲਾਗਲੇ ਪਿੰਡਾਂ ਚ
ਦਿਨ ਰਾਤ ਸਪੀਕਰ ਵੱਜਦੇ
ਸਰ੍ਹੋਂ, ਮੱਕੀਆਂ ਗਾਉਂਦੀਆਂ
ਕਮਾਦ ਨੱਚਦੇ-
ਤਾਜ਼ੇ ਗੁੜ੍ਹ ਦੀ ਮਹਿਕ ਅਰਸ਼ਾਂ ਤੱਕ ਜਾਂਦੀ
ਇਥੇ ਹੀ ਮੇਰਾ ਸਾਰਾ ਬਚਪਨ
ਅਜੇ ਵੀ ਹੱਸਦਾ ਖੇਡਦਾ ਹੈ--
ਰਾਤਾਂ, ਪਰਭਾਤਾਂ ਵਿਚ
ਮੁਲਾਕਾਤਾਂ ਤੇ ਕਈ ਬਾਤਾਂ ਵਿਚ-
ਮੇਰੀਆਂ ਬੰਸਰੀ ਵਾਲੀਆਂ ਰਾਤਾਂ ਵਿਚ
ਫ਼ੋਟੋ-ਅੱਜ ਹੀ ਮੇਰੇ ਘਰਦੀਆਂ
ਫ਼ੋਟੋ-ਪਿਆਰੇ ਦੋਸਤ Nazar Singh Brar(ਸਕੱਤਰ ਕਿਸਾਨ ਤੇ ਲੇਬਰ ਵਿੰਗ 'ਆਪ'ਜਲੰਧਰ ਜੋਨ) ਨੇ ਘੱਲੀਆਂ ਸਨ


ਚੱਲ ਕੱਲ ਸਵੇਰ ਲਈ- ਡਾ ਅਮਰਜੀਤ ਟਾਂਡਾ

dr-amarjit-tanda-australia.jpgਚੱਲ ਕੱਲ ਸਵੇਰ ਲਈ
ਨਵਾਂ ਹੋਰ ਸੂਰਜ ਲੱਭੀਏ ਕਿਤਿਓਂ
ਅੱਜ ਵਾਲਾ ਤਾਂ ਜਗ 2 ਕੇ
ਸਮੁੰਦਰ ਚ ਕਿਤੇ ਡੁੱਬ ਕੇ ਮਰ ਚੱਲਿਆ ਹੈ
ਜੇ ਆਪਾਂ
ਕੱਲਦੀ ਸਵੇਰ ਜਗਾਉਣ ਲਈ
ਹੋਰ ਸੂਰਜ ਨਾ ਭਾਲਿਆ
ਤਾਂ ਕਾਲੀ ਰਾਤ ਨੇ ਨਹੀਂ ਮਰਨਾ-
ਹਨ੍ਹੇਰਿਆਂ ਨੇ ਨਹੀਂ ਰੁੱਖਾਂ ਤੋਂ ਡਰਨਾ-
ਸੁਕਰ ਕਰ ਇਹ ਲੱਪ ਕੁ ਤਾਰੇ
ਆਪਣੇ ਘਰ ਦਾ ਬੂਹਾ ਰੁਸ਼ਨਾਈ ਰੱਖਦੇ ਨੇ
ਚੰਦ ਖੜ੍ਹਾ ਰਹਿੰਦਾ ਹੈ ਸਰ੍ਹਾਣੇ ਸਾਰੀ 2 ਰਾਤ-
ਇਹ ਸੂਰਜ ਹੀ ਹੁੰਦੇ ਨੇ
ਜੋ ਬਾਰੀਆਂ ਵਿਚ ਦੀ ਅੰਦਰ ਆਉਂਦੇ ਨੇ
ਘਰ ਸੰਸਾਰ ਲਿਸ਼ਕਾਉਂਦੇ ਨੇ
ਲੱਭਦੀਆਂ ਨੇ ਗੁਆਚੀਆਂ ਮੂਰਤਾਂ ਮਾਂ ਦੀਆਂ
ਲਿੱਪੀਆਂ ਹੋਈਆਂ ਦੀਵਾਰਾਂ
ਤੇ ਚੁੱਲਾ ਚੌਂਕਾ ਓਸ ਸੂਰਜੀ ਰਿਸ਼ਮ ਚੋਂ-
ਮਾਂ ਵਰਗੀ ਲੋਅ ਜਦ ਨਵ੍ਹਾਉਂਦੀ ਤਾਂ ਸੁਰਗ ਦਿਸਦਾ ਹੁੰਦਾ ਸੀ
ਟੁੱਕ ਬਖ਼ਸ਼ਦੀ ਤਾਂ ਰੱਬ ਮਿਲਦਾ-
ਝੱਗਾ ਪਜ਼ਾਮਾਂ ਪਹਿਨਾਉਂਦੀ ਤਾਂ
ਦੁਨੀਆਂ ਕੱਜਦੀ ਕੋਈ ਦੇਵੀ ਦੇਵਤਾ ਬਣ ਕੇ
ਓਹੀ ਰਿਸ਼ਮ ਜਦੋਂ ਵਾਲਾਂ ਨੂੰ ਗੁੰਦਦੀ
ਨਵਾਂ ਚੰਦ ਜੂੜੇ ਚ ਟੁੰਗਦੀ
ਤਾਂ ਅਸੀਂ ਅੰਬਰੀਂ ਉਡਾਰੀਆਂ ਮਾਰਦੇ
ਬਹੁਤ ਕਰਾਮਾਤੀ ਹੁੰਦੇ ਨੇ ਸੂਰਜ
ਡਾਲੀਆਂ ਤੇ ਇਹੀ ਟਿਕਾਉਂਦੇ ਨੇ ਮਹਿਕਾਂ ਲੱਦੇ ਫੁੱਲ
ਹਵਾਵਾਂ ਨੂੰ ਇਹੀ ਵੰਡਦੇ ਨੇ ਸੁਰਾਂ ਤੇ ਰਾਗ
ਨਾਨਕ ਗੋਬਿੰਦ ਬੁੱਧ
ਸਾਰੇ ਸੂਰਜ ਹੀ ਤਾਂ ਸਨ ਇਸ ਧਰਤੀ ਦੇ
ਹੁਣ ਫਿਰ ਪੈ ਗਈ ਹੈ ਲੋੜ
ਨਵੇਂ ਸਵੇਰਿਆਂ ਨੂੰ
ਨਵੇਂ ਸੂਰਜਾਂ ਦੀ-
ਲੱਭ ਜਾਣੇ ਦੇਖੀਂ
ਜਦ ਆਪਾਂ ਰਜ਼ਾਈਆਂ ਵਰਗੇ
ਬੱਦਲ ਏਧਰ ਓਧਰ ਕਰ ਕੇ ਫ਼ੋਲੇ
ਜੰਗਲਾਂ ਉੱਚੇ ਟਿੱਬਿਆਂ ਤੇ
ਹੁੰਦੇ ਨੇ ਕਿਤੇ ਜਪ ਤਪ ਕਰਦੇ
ਇਹੋ ਜੇਹੇ ਨਾਥ-
ਜੋ ਅਨਆਇ ਨੂੰ ਵੰਗਾਰਦੇ
ਜ਼ੁਲਮ ਨਾਲ ਦੋ ਹੱਥ ਕਰਦੇ
ਗੁਲਾਮੀ ਦੀਆਂ ਬੇੜੀਆਂ ਖੋਰਦੇ
ਇਹ ਸਾਰੇ ਸੂਰਜ ਹੀ ਤਾਂ ਹੁੰਦੇ ਨੇ-
ਸੀਸ ਭੇਟ ਕਰਨ
ਤਵੀਆਂ ਦੇਗਾਂ ਨੂੰ ਠਾਰਨ
ਨੀਹਾਂ ਚ ਆਪਣੇ ਸੀਨੇ ਸਜਾਉਣ ਵਾਲਿਆਂ ਨੂੰ
ਹੋਰ ਕੀ ਕਹੋਗੇ?
ਬਾਪੂ ਮੇਰੇ ਘਰ ਦੀ ਛੱਤ ਤੇ ਜਗਦਾ ਸੀ
ਤੇ ਮਾਂ ਸਦਾ ਵਿਹੜੇ ਦਲਾਨ ਤੇ ਰਸੋਈ ਚ ਲੋਅ ਬਣੀ ਰਹੀ
ਇੰਜ਼ ਹਰੇਕ ਪਿੰਡ ਸ਼ਹਿਰ ਚ
ਇੱਕ ਦੋ ਸੂਰਜ ਹੁੰਦੇ ਨੇ
ਜਿਹਨਾਂ ਦੀ ਰੌਸ਼ਨੀ ਰਾਹਾਂ ਗਲੀਆਂ ਚ ਵਿਛਦੀ ਹੈ-
ਚੱਲ ਫਿਰ ਸੂਰਜ ਲੱਭੀਏ ਜਾਂ ਬਣੀਏ
ਮਾਂ ਵਰਗੀ ਲੋਅ ਬਣ ਨੀ ਕਣੀਏ
ਬਾਬਰ ਮੂਹਰੇ ਸੀਨੇ ਤਣੀਏ
ਅੰਬਰ ਸੁੰਨ੍ਹੇ ਨੇ ਸੂਰਜ ਜਣੀਏ