Friday 25 December 2015

ਆਲੋਚਨਾ ਬਨਾਮ ਈਰਖਾ : ਈਰਖਾ ਬਨਾਮ ਆਲੋਚਨਾ

ਜੌਹਨ ਕੀਟਸ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ

ਸੁਰਜੀਤ ਮਾਨ

ਜੇ ਸਾਰਾ ਨਹੀਂ, ਅੱਧਾ ਤਾਂ ਵੈਰ ਪੈਣਾ ਹੀ ਹੁੰਦਾ ਹੈ। ਕਾਰਨ, ਕਾਲ਼ੇ ਰੰਗ ਵਾਲੇ ਕੁਨੱਖਿਆਂ ਦੀ ਗੋਰੇ ਰੰਗ ਵਾਲੇ ਸੁਨੱਖਿਆਂ ਪ੍ਰਤੀ ਕਮੀਣੀ ਈਰਖਾ। ਕਿੰਜ ਕਈ ਸਿਰੇ ਦੇ ਸ਼ਾਇਰ ਅਜਿਹੇ ਕੁਬੋਲਾਂ ਕਾਰਨ ਉਮਰੋਂ ਪਹਿਲਾਂ ਹੀ ਹਾਰ-ਹੁੱਟ ਕੇ ਟੁੱਟ ਜਾਂਦੇ ਹਨ ਅਤੇ ਹੌਲ਼ੀ-ਹੌਲ਼ੀ ਮੁੱਕ ਜਾਂਦੇ ਹਨ।
ਅਜਿਹੇ ਮੰਜ਼ਰ ਵਿੱਚ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ ਅੰਗਰੇਜ਼ੀ ਕਵਿਤਾ ਵਿੱਚ ਸੁਨਹਿਰੀ ਕਾਲ ਵਜੋਂ ਸਵੀਕਾਰੀ ਅਤੇ ਸਰਾਹੀ, ਪੰਜਾਂ ਵਿਸ਼ਵ ਪ੍ਰਸਿੱਧ ਕਵੀਆਂ-ਵਰਡਜ਼ਵਰਥ, ਕੌਲਰਿੱਜ, ਬਾਇਰਨ, ਸ਼ੈਲੀ ਅਤੇ ਕੀਟਸ-ਦੁਆਰਾ ਸਿਰਜੀ ਰੋਮਾਂਟਿਕ ਲਹਿਰ (1800-1850) ਦੇ ਸਭ ਤੋਂ ਲਾਡਲੇ ਕੀਟਸ ਦੀ। ਉਹ ਇਨ੍ਹਾਂ ਵਿੱਚੋਂ ਸਭ ਤੋਂ ਬਾਅਦ ’ਆਇਆ’ ਪਰ ਸਭ ਤੋਂ ਪਹਿਲਾਂ ’ਗਿਆ। ਮਸਾਂ ਪੱਚੀ ਵਰ੍ਹੇ ਤਿੰਨ ਮਹੀਨੇ, ਤੇਈ ਦਿਨ ਦੀ ਉਮਰ ਵਿੱਚ (ਅਕਤੂਬਰ 31, 1795 ਤੋਂ ਫਰਵਰੀ 23, 1821)। ਅਸਲ ਵਿੱਚ ਉਹ ਗਿਆ ਨਹੀਂ, ’ਭੇਜ’ ਦਿੱਤਾ ਗਿਆ। ਭੇਜਣ ਵਾਲੇ ਸਨ ਉਸ ਦੇ ’ਗੋਰੇ ਰੰਗ’ ਦੇ ਈਰਖਾਲੂ ਨਿੰਦਕਨੁਮਾ ਆਲੋਚਕ ਜੋ ਉਸ ਦੀ ਹਰੇਕ ਨਵੀਂ ਕਵਿਤਾ ਨੂੰ ਪੁੱਜ ਕੇ ਨਿੰਦਦੇ; ਨਕਸ਼ਾਂ ਨੂੰ ਕਜਾ ਵਿੱਚ ਬਦਲ ਕੇ ਪੇਸ਼ ਕਰਦੇ। ਦਰਅਸਲ, ਉਹ ਤਾਂ ਕੁੱਖ ਤੋਂ ਕਬਰ ਤੱਕ ਮਰਦਾ ਹੀ ਰਿਹਾ- ਪਹਿਲਾਂ ਆਰਥਿਕ ਤੰਗੀਆਂ-ਤੁਰਸ਼ੀਆਂ, ਫਿਰ  ਟੀ.ਬੀ. ਦੀ ਬਿਮਾਰੀ, ਫਿਰ ਮਾਰੂ ਮੁਹੱਬਤ ਦੇ ਸੱਲ੍ਹ ਅਤੇ ਸਭ ਤੋਂ ਵੱਧ ਉਸ ਦੀਆਂ ਕਵਿਤਾਵਾਂ ਬਾਰੇ ’ਕਾਜ਼ੀਆਂ ਦੇ ਫ਼ਤਵੇ’। ਇੱਥੋਂ ਤੱਕ ’ਕੁਆਰਟਰਲੀ’ ਨਾਂ ਦੇ ਇਕ ਮੈਗਜ਼ੀਨ ਨੂੰ ਕੱਢਿਆ ਹੀ ਇਸ  ਕੰਮ ਲਈ ਸੀ।
ਜਦੋਂ ਕੀਟਸ ਦੀ ਬੇਵਕਤੀ ਮੌਤ ਦੀ ਖ਼ਬਰ ਉਸ ਦੇ ਸਮਕਾਲੀ ਸ਼ੈਲੀ ਕੋਲ ਪਹੁੰਚੀ ਤਾਂ ਉਸ ਨੇ ਅੱਗ-ਬਬੂਲਾ ਹੋ ਕੇ ਕਿਹਾ: ‘‘ਉਹ ਮਰਿਆ ਨਹੀਂ, ਮਾਰਿਆ ਗਿਆ ਹੈ’’ ਮਾਰਨ ਵਾਲੇ ਹਨ ’ਕੁਆਰਟਰਲੀ’ ਵਰਗੇ ਮੈਗਜ਼ੀਨ। ਜੇ ਹਿੰਮਤ ਸੀ ਤਾਂ ਲਿਖਦੇ ਪਤੰਦਰ ਬਾਇਰਨ ਖ਼ਿਲਾਫ਼। ਜੇ ਰਾਤੋ-ਰਾਤ ਮੈਗਜ਼ੀਨ ਹੀ ਨਾ ਬੰਦ ਕਰਵਾ ਦਿੰਦਾ। (ਇਹ ਉਹ ਹੀ ਸ਼ੈਲੀ ਹੈ, ਜਿਸ ਨੇ ਕੀਟਸ ਬਾਰੇ ’ਐਡੋਨਿਸ’ ਨਾਮੀ ਮਰਸੀਆ ਲਿਖਿਆ ਸੀ।’’
ਅਜਿਹੇ ਮੈਗਜ਼ੀਨਾਂ ਦੀ ਕਮੀ ਸ਼ਾਇਦ ਕਿਸੇ ਭਾਸ਼ਾ ਵਿੱਚ ਨਾ ਹੋਵੇ, ਪਰ ਇਹ ਉਦਾਸ, ਜਜ਼ਬਾਤੀ ਆਰਟੀਕਲ ਸਿਰਫ਼ ਪੰਜਾਬੀ ਦੀ ਹੀ ਬਾਤ ਪਾਵੇਗਾ, ਜਿਸ ਵਿੱਚ ਇੱਕ-ਦੋ ਮੈਗਜ਼ੀਨ ਸ਼ੁਰੂ ਹੀ ਅਜਿਹੇ ਮੰਤਵਾਂ ਖ਼ਾਤਿਰ ਹੋਏ ਲਗਦੇ ਹਨ-ਉਹ ਵੀ ਖ਼ਾਸ ਕਰ ਇੱਕ ਖ਼ਾਸ ਤਰ੍ਹਾਂ ਦੀ ਸ਼ਾਇਰੀ ਅਤੇ ਉਸ ਨੂੰ ਰਚਣ ਵਾਲੇ ਇੱਕ, ਦੋ ਕਵੀਆਂ ਵਿਰੁੱਧ। ਚਾਹੇ ਉਹ ’ਪੈਰਾਡਾਈਜ਼ ਲੌਸਟ’ ਅਤੇ ’ਡੀਵਾਈਨ ਕੌਮੇਡੀ’ ਵਰਗੀਆਂ ਰਚਨਾਵਾਂ ਰਚ  ਦੇਣ, ਉਨ੍ਹਾਂ ਨੇ ਸਿਰਫ਼ ਨਗੋਚਾਂ ਹੀ ਕੱਢਣੀਆਂ ਹਨ।
ਬੇਸ਼ੱਕ ਅਜਿਹੀ ਆਲੋਚਨਾ ਦੇ ਸ਼ਿਕਾਰ ਹੋਰ ਵੀ ਹੋਣਗੇ, ਪ੍ਰੰਤੂ ਮੁੱਖ ਗੱਲ ਸਿਰਫ਼ ਦੋ ਸ਼ਾਇਰਾਂ ਦੀ ਹੀ ਕਰਨੀ ਹੈ; ਸ਼ਾਇਰ ਵੀ ਉਹ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਹਰ ਪੱਖੋਂ ਪੰਜਾਬੀ ਸ਼ਾਇਰੀ ਦੀ ਸਦਾਰਤ ਕੀਤੀ। ਇੱਕ ਤਾਂ ਬਾਰ੍ਹਾਂ ਵਰ੍ਹੇ, ਪੰਜਾਬੀ ਕਵਿਤਾ ਦੇ ਮੱਥੇ ’ਤੇ ਸਦੀਆਂ ਤੱਕ ਰਹਿਣ ਵਾਲੀਆਂ ਅਮਿੱਟ ਪੈੜਾਂ ਛੱਡ, ਬਾਅਦ ਹੀ ’ਨਿੱਕੀ ਉਮਰੇ’ ਵਿਦਾ ਹੋ ਗਿਆ-ਸ਼ਿਵ ਕੁਮਾਰ। ਦੂਜਾ ਤਕਰੀਬਨ ਅੱਧੀ ਸਦੀ ਤੋਂ ਨਿਰ-ਚੁਣੌਤੀ ਸਦਾਰਤ ਕਰ ਰਿਹਾ ਹੈ- ਸੁਰਜੀਤ ਪਾਤਰ। (ਰਾਸ਼ੀ ਵੀ ਇੱਕ) ਪਹਿਲੇ ਜਮਾਂਦਰੂ ਕਵੀ ’ਤੇ ਇਨ੍ਹਾਂ ਇਲਜ਼ਾਮ ਲਾਇਆ ‘‘ਇਸ ਨੇ ਘਰ-ਘਰ ਰੋਣ ਬਿਠਾ ਦਿੱਤੇ। ਕੀਰਨਿਆਂ ਨੂੰ ਕਵਿਤਾਵਾਂ ਕਿਵੇਂ ਸਮਝ ਲਈਏ। ਕੁੜੀਆਂ ਕੱਤਰੀਆਂ ਪੱਟ ਦਿੱਤੀਆਂ।’’
ਇਹ ਈਰਖਾ ਭਿੱਜੇ ਕੁਬੋਲ ਉਸ ਸ਼ਾਇਰ ਬਾਰੇ ਹਨ, ਜਿਸ ਨੇ ਰਾਂਝੇ ਦੀਆਂ ਮੱਝਾਂ ਚਾਰਨ ਵਾਂਗ ਬਾਰਾਂ ਵਰ੍ਹੇ (1961-1973) ਪੰਜਾਬੀ ਸ਼ਾਇਰੀ ਦੀਆਂ ਪਹਿਲੀ ਵਾਰ ਕੌਮੀ ਪੱਧਰ ’ਤੇ ’ਗੱਲਾਂ ਕਰਵਾ’ ਦਿੱਤੀਆਂ। ਮੰਨਿਆ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਨੇਕੀ ਅਤੇ ਮੀਸ਼ੇੇ ਵਰਗੇ ਕੱਦਾਵਰ ਕਵੀਆਂ ਨੇ ਪਾਏ ਦੀ ਰਚਨਾ ਕੀਤੀ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀ ਸ਼ਾਇਰੀ ਨਾ ਪੰਜ ਨਾ ਢਾਈ ਨਦੀਆਂ ਦੇ ਪੰਜਾਬ ਦੀਆਂ ਹੱਦਾਂ ਕਦੇ ਨਾ ਟੱਪ ਸਕੀ।
ਸਰਕਾਰੀ ਕਾਲਜ, ਲੁਧਿਆਣਾ (1970) ਵਿੱਚ ਅੰਤਰ-ਭਾਸ਼ੀ ਮੁਸ਼ਾਇਰਾ ਮੁਨੱਕਿਤ ਕੀਤਾ ਜਾ ਰਿਹਾ ਸੀ। ਸ਼ਿਰਕਤ ਕਰਨ ਵਾਲੇ ਸਨ ਸਾਹਿਰ, ਕੈਫ਼ੀ, ਮਜਰੂਹ, ਨੀਰਜ, ਪ੍ਰੇਮ ਧਵਨ, ਮੋਹਨ ਸਿੰਘ, ਹਰਿਭਜਨ ਸਿੰਘ ਵਰਗੇ ਕੱਦਾਵਰ ਸ਼ਾਇਰ ਅਤੇ ਮੀਰੇ-ਮੁਸ਼ਾਇਰਾ ਮਹਿੰਦਰ ਸਿੰਘ ਬੇਦੀ। ਸਭ ਤੋ ਵੱਧ ਉਡੀਕਿਆ, ਸਰਾਹਿਆ ਸ਼ਾਇਰ ਸੀ ਮਹਿਜ਼ ਤੇਤੀ ਕੁ ਵਰ੍ਹਿਆਂ ਦਾ, ਸਿਰ ਤੋਂ ਪੈਰਾਂ ਤੱਕ ਸ਼ਾਇਰਾਨਾ ਦਿੱਖ ਵਾਲਾ, ਸ਼ਿਵ ਕੁਮਾਰ। ਪਹਿਲਾਂ ਤਾਂ  ਉਨ੍ਹਾਂ ਨੇ  ਹੂਟ ਕਰਕੇ  ਜ਼ੋਰ ਲਾ ਲਿਆ। ਜਿਨ੍ਹਾਂ ਅਨੁਸਾਰ ਕਵਿਤਾ ਬੰਦੂਕ ਦੀ ਗੋਲ਼ੀ ’ਚੋਂ ਨਿਕਲਣੀ ਚਾਹੀਦੀ ਹੈ, ਦਿਲ ’ਚੋਂ ਨਹੀਂ।  ਚੰਦਰਮਾ ’ਤੇ ਥੁੱਕਣ ਵਾਲਿਆਂ ਦੀ ਉਸ ਨੂੰ ਅਰਘ ਚੜ੍ਹਾਉਣ ਵਾਲਿਆਂ ਅੱਗੇ ਇੱਕ ਨਾ ਚੱਲੀ। ਸਭ ਤੋਂ ਨਿੱਕੀ ਉਮਰੇ ਉਸ ਦੀ ‘ਲੂਣਾ’ ਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਉਸ ਨੇ ਕਿਹਾ, ‘‘ਅਸਲੀ ਪੁਰਸਕਾਰ ਕਿਸੇ ਸ਼ਾਇਰ ਲਈ ਉਹ ਹੁੰਦਾ ਹੈ, ਜੋ ਪਾਠਕ ਅਤੇ ਸਰੋਤੇ ਦਿੰਦੇ ਨੇ।’’  ਨਿੰਦਕ ਆਲੋਚਕਾਂ ਨੇ ਉਸ ਨੂੰ ਕਬਰੀਂ ਪਹੁੰਚਾਉਣ ਤੱਕ ਨਾ ਛੱਡਿਆ। ਉਹ ਕਹਿੰਦਾ ਸੀ: ‘‘ਜਦੋਂ ਮੈਂ ਨਹੀਂ ਹੋਣਾ ਮੇਰੀਆਂ ਰਾਤਾਂ ਮਨਾਇਆ ਕਰੋਗੇ। ਮੇਰੀ ਕਬਰ ’ਤੇ ਜਾ ਕੇ ਪਿੱਟਿਆ ਕਰੋਗੇ।’’ ਪਰ ਇਹ ਦੋਖੀ ਤਾਂ ਉਸ ਦੀਆਂ ਕਵਿਤਾਵਾਂ ਦੀ ਪੈਰੋਡੀ ਕਰਕੇ ਆਨੰਦ ਲੈਂਦੇ:
‘‘ਮਾਏ ਨੀ ਮਾਏ ਮੈਂ ਇੱਕ ਫੁਕਰਾ ਯਾਰ ਬਣਾਇਆ’’
‘‘ਮਾਏ ਨੀ ਮਾਏ ਮੈਨੂੰ ਗ਼ਮ ਦਾ ਸੂਟ ਸਵਾਦੇ
ਆਹਾਂ ਦੀ ਕਾਲਰ, ਹੰਝੂਆਂ ਦੀ ਝਾਲਰ, ਬਟਣ ਬਿਰਹੋਂ ਦੇ ਲਾਦੇ।
ਜਿੰਦ ਬਲ੍ਹੰਬਰੀ ਨੂੰ ਪਾਊਡਰ ਲਾਵਾਂ, ਸੱਤਾਂ ਸਿਵਿਆਂ ਦੀ ਰਾਖ ਲਿਆਦੇ
ਮਾਏ ਨੀ ਮਾਏ ਮੈਨੂੰ. . .’’
ਕੀਟਸ ਵਾਂਗ ਆਖਰੀ ਦਿਨਾਂ ਵਿੱਚ ਉਹ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਇਨ੍ਹਾਂ ਨਿੰਦਕਾਂ ਨੇ ’ਕਰ’ ਵੀ ਦਿੱਤਾ। ਇਸੇ ਲਈ ਇਨ੍ਹਾਂ ਬਾਰੇ ਉਸ ਨੇ ਗ਼ੁਸੈਲੀਆਂ ਕਵਿਤਾਵਾਂ ਲਿਖੀਆਂ -’ਕੁੱਤੇ’ ਅਤੇ ’ਲੁੱਚੀ ਧਰਤੀ’ :
‘‘ਕੁੱਤਿਓ ਰਲ ਕੇ ਭੌਂਕੋ, ਤਾਂ ਜੋ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ, ਕੋਈ ਘਰ ਨੂੰ ਸੰਨ੍ਹ ਨਾ ਲਾਵੇ
ਉਂਜ ਤਾਂ ਮੇਰੇ ਘਰ ਵਿੱਚ ਕੁਝ ਨੀ, ਕੁਝ ਨੇ ਹੌਕੇ ਤੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ, ਰਾਤੋਂ ਤਾਂ ਚੱਲੋ ਡਰ ਨਾ ਆਵੇ।”
‘‘ਅੰਬਰ ਦਾ ਜਦ ਕੰਬਲ ਲੈ ਕੇ, ਧਰਤੀ ਕੱਲ੍ਹ ਦੀ ਸੁੱਤੀ
ਮੈਨੂੰ ਧਰਤੀ ਲੁੱਚੀ ਜਾਪੀ, ਮੈਨੂੰ ਧਰਤੀ ਕੁੱਤੀ
ਸਦਾ ਹੀ ਰਾਜ-ਘਰਾਂ ਸੰਗ ਸੁੱਤੀ, ਰਾਜ-ਘਰਾਂ ਸੰਗ ਉੱਠੀ
ਝੁੱਗੀਆਂ ਦੇ ਸੰਗ ਜਦ ਵੀ ਬੋਲੀ, ਬੋਲੀ ਸਦਾ ਹੀ ਰੁੱਖੀ
ਫਿਰ ਵੀ ਇਸ ਨੂੰ ’ਮਾਂ’ ਉਹ ਆਖਣ, ਭਾਵੇਂ ਉਹ ਕਪੁੱਤੀ।”
ਭਾਵੇਂ ਅੱਜ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਹਾਨ ਸ਼ੈਕਸਪੀਅਰ ਨੇ ਸੁਖਾਂਤ ਲਿਖਦੇ ਲਿਖਦੇ ਇੱਕ ਦਮ ਹੈਮਲਟ ਤੇ ਕਿੰਗ ਲੀਅਰ ਵਰਗੇ ਦੁਖਾਂਤ ਲਿਖਣੇ ਕਿਉਂ ਸ਼ੁਰੂ ਕੀਤੇ। ਕੀ ਅਤੇ ਕਾਹਦੇ ਮਾਰੂ ਸਦਮੇ ਸਨ, ਇਸ ਤਬਦੀਲੀ ਪਿੱਛੇ। ਪਰ ਸ਼ਿਵ ਕੁਮਾਰ ਦਾ ਤਾਂ ਕਾਫ਼ੀ ਪਤਾ ਲਗਦਾ ਹੈ ਕਿ ਉਸ ਨੇ ਉਪਰੋਕਤ ਕਵਿਤਾਵਾਂ ਕਿਉਂ ‘ਝਰੀਟੀਆਂ’ ਜਦੋਂ ਕਿ ਉਸ ਦਾ ਖ਼ਾਸਾ ਤਾਂ ਅਜਿਹੀਆਂ ਰਚਨਾਵਾਂ ਰਚਣ ਦਾ ਸੀ, ਜਿਨ੍ਹਾਂ ਵਿੱਚ ‘ਆਗ਼ਾਜ਼ ਅਤੇ ਅੰਜਾਮ’ ਉਸ ਨਾਲ ਹੀ ਖਤਮ ਹੋ ਗਿਆ।
ਆਖਿਰ ਨਿੰਦਕਾਂ ਤੋਂ ਅੱਕ ਕੇ, ਸਤ ਕੇ, ਅਤਿ ਬਿਮਾਰੀ ਦੀ ਹਾਲਤ ਵਿੱਚ ਵੀ ਉਹ ਰੋਂਦਾ ਕੁਰਲਾਉਂਦਾ ਦੂਰ ‘ਪਹਾੜਾਂ ਪੈਰ ਸੁੱਤੇ ਇੱਕ ਗਰਾਂ’ ਦੇ ਚੁਬਾਰੇ ਵਿੱਚ ਮੰਜੀ ਮੱਲਣ ਲਈ ਮਜਬੂਰ ਹੋ ਗਿਆ ਅਤੇ ਮੰਜੀ ਨਾਲ ਹੀ ਉੱਠਿਆ। ਜੀਵਨ-ਸਾਥੀ ਦੀਆਂ ਕੰਬਦੀਆਂ ਬਾਹਾਂ ਵੀ ਰੋਕ ਨਾ ਸਕੀਆਂ (ਕੀਟਸ ਵੀ ਆਪਣੇ ਦੋਸਤ ਸੈਵਰਨ ਦੀਆਂ ਬਾਹਾਂ ’ਚ ਕੁਝ ਇਸੇ ਦਸ਼ਾ ਵਿਚ ‘ਗਿਆ’ ਸੀ)। ਅਰਥੀ ਉੱਠੀ, ਮਗਰ ਕਾਲੀਆਂ ਚੁੰਨੀਆਂ ਹੇਠਾਂ ਸੁੱਜੀਆਂ ਅੱਖਾਂ ਵਾਲਿਆਂ ’ਚ ਸਮੁੱਚੀ ਸਰਮਵਤੀ ਵੀ ਸੀ, ਜਿਸ ਦਾ ਲਾਡਲਾ ‘ਉਸ ਦੇ ਹੱਥੋਂ ਕੱਢਣ ਖੋਹ ਕੇ ਲੁਕ ਗਿਆ ਸੀ।’
ਮੋਹਨ ਸਿੰਘ ਨੇ ਭਰੇ ਦਿਲ ਅਤੇ ਗਲੇ ਨਾਲ ਇੰਝ ਹਉਕਾ ਭਰਿਆ:‘‘ਉਹ ਮੈਥੋਂ ਅੱਧੀ ਉਮਰ ਜਿਉਂਕੇ, ਤਿੱਗਣਾ, ਚੌਗੁਣਾ ਹੋ ਕੇ ਗਿਆ। ਉਹ ਕਿੱਡਾ ਵੱਡਾ ਸੀ, ਇਸ ਦਾ ਪਤਾ ਕੰਡਿਆਲ਼ੀਆਂ ਥੋਹਰਾਂ ਨੂੰ ਵੀ ਹੈ, ਪੀੜਾਂ ਦਿਆਂ ਪਰਾਗਿਆਂ ਨੂੰ ਵੀ। ਲਾਜਵੰਤੀ ਦੀਆਂ ਟਾਹਣੀਆਂ ਨੂੰ ਉਹ ਦਾ ਓਦਰਿਆ ਮੂੰਹ ਯਾਦ ਏ। । ‘ਸ਼ੀਸ਼ੋ’ ਅਤੇ ‘ਲੂਣਾ’ ਅੱਧੀ- ਅੱਧੀ ਰਾਤ ਉਹਨੂੰ ਯਾਦ ਕਰ ‘ਬੁੱਲ੍ਹ ਚਿੱਥ ਚਿੱਥ ਰੋਂਦੀਆਂ ਨੇ।’
ਉਹ ਤਾਂ ਬਸ ਏਨਾ ਕਹਿ ਕੇ ਬਾਤ ਮੁਕਾ ਦਿੰਦਾ ਸੀ: ‘‘ਇਹ ਖ਼ੁਦ ਨੂੰ ਆਕਲ ਮੰਨਦੇ ਨੇ, ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ,
ਇਹ ਗੱਲ ਲੋਕਾਂ ’ਤੇ ਛੱਡ ਦਈਏ, ਕੀਹਨੂੰ ਰੁਤਬਾ ਮਿਲਦਾ ਪੀਰਾਂ ਦਾ।”
ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਵਰਗੇ ਦਰਵੇਸ਼ਾਂ ਨੇ ਵੀ ਸਭ ਤੋਂ ਅਲੱਗ ਰੁਤਬਾ ‘ਆਸ਼ਕਾਂ’ ਨੂੰ ਹੀ ਬਖ਼ਸ਼ਿਆ ਹੈ। ਇਹ ਰੁਤਬਾ-ਏ-ਬੁਲੰਦ ਵੀ ਸਭ ਤੋਂ ਵੱਧ ਸ਼ਿਵ ਦੇ ਸੀਸ ’ਤੇ ਹੀ ਸੋਂਹਦਾ ਹੈ, ਸੋਂਹਦਾ ਰਹੇਗਾ।
ਈਰਖਾਲੂ ਆਲੋਚਨਾ ਦਾ ਦੂਜਾ ਮੁੱਖ ਸ਼ਿਕਾਰ ਹੈ ਉਹ, ਜੋ ਤਕਰੀਬਨ ਅੱਧੀ ਸਦੀ ਤੋਂ ਪੰਜਾਬੀ ਕਵਿਤਾ ਦੀ ਸਦਾਰਤ ਕਰ ਰਿਹਾ ਹੈ-ਸੁਰਜੀਤ ਪਾਤਰ। ਪਹਿਲਾ ਪੰਜਾਬੀ ਕਵੀ ਜੋ ਕਵਿਤਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਕੇ ਹੀ ਨਹੀਂ ਗਿਆ, ਸਗੋਂ ਸ਼ਲਾਘਾ ਵੀ ਖਟਵਾਈ, ਪਛਾਣ ਵੀ ਕਰਵਾਈ, ਜਿਸ ਦੀਆਂ ਕਵਿਤਾਵਾਂ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਵੀ ਸਰਾਹੀਆਂ ਗਈਆਂ, ਜਿਸ ਦੀ ਸ਼ਾਇਰੀ ਦੀ ਰੇਂਜ ਕਿੰਨੀ ਵਸੀਹ ਹੈ, ਖ਼ੁਦ ਹੀ ਵੇਖ ਲਵੋ; ਪਾਲ਼ੀਆਂ ਤੋਂ ਵਿਦਵਾਨਾਂ ਤੱਕ; ਬੱਸਾਂ ਤੋਂ ਕੌਫੀ ਹਾਊਸਾਂ ਤੱਕ; ਛਪਾਰ ਅਤੇ ਕੁਟੀ ਦੇ ਮੇਲਿਆਂ ਤੋਂ ਯੂਨੀਵਰਸਿਟੀਆਂ-ਕਾਲਜਾਂ ਦਿਆਂ ਯੁਵਕ ਮੇਲਿਆਂ ਤੱਕ; ਅਸੈਂਬਲੀਆਂ ਅਤੇ ਸਾਂਸਦਾਂ ਵਿੱਚ ਹੁੰਦੀ ਰਾਜਨੀਤਕ ਬਹਿਸਾਂ ਤੱਕ ਅਤੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਦੀਆਂ ਖ਼ਬਰਾਂ ਅਤੇ ਆਰਟੀਕਲਾਂ ਦਿਆਂ ਸਿਰਲੇਖਾਂ ਤੱਕ-ਉਸ ਦੀ ਸ਼ਾਇਰੀ ਦਾ ਜ਼ਿਕਰ ਹੋਣਾ ਹੀ ਹੋਣਾ ਹੈ।
ਸ਼ਿਵ ਕੁਮਾਰ ਤੋਂ ਬਾਅਦ ਕਵਿਤਾ ਨੂੰ ਵਾਰਤਕ ਪੱਧਰ ’ਤੇ ਡਿੱਗਣ ਤੋਂ ਸਭ ਤੋਂ ਵੱਧ ਸੁਰਜੀਤ ਪਾਤਰ ਨੇ ਹੀ ਬਚਾਇਆ ਹੈ। ਉਹ ਵੀ ‘ਪੁਲ਼’ ਵਾਂਗ ਸਭ ਕੁਝ ਸਹਿੰਦਿਆਂ, ਕੁਝ ਨਾ ਕਹਿੰਦਿਆਂ। ਤਕਰੀਬਨ ਹਰ ਰੋਜ਼ ਉਹ ਕਿਸੇ ਨਾ ਕਿਸੇ ਵੱਲੋਂ, ਕਿਤੇ ਨਾ ਕਿਤੇ ਆਮੰਤ੍ਰਿਤ ਹੁੰਦਾ ਹੈ। ਸਾਊ ਸੁਭਾਅ ਹੋਣ ਕਰਕੇ ਉਹ ਲੱਖ ਚਾਹੁੰਦਾ ਹੋਇਆ ਵੀ ਨਾਂਹ ਨਹੀਂ ਕਰਦਾ। ਪ੍ਰੰਤੂ ਇਸ ਸੰਜੀਦਾ ਸ਼ਾਇਰ ਬਾਰੇ,      ਇਹ ਈਰਖਾ ਮਾਰੇ ਆਲੋਚਕ ਅਖਵਾਉਣ ਵਾਲੇ ਨਿੰਦਕ ਪਤਾ ਕੀ ਪ੍ਰਚਾਰਦੇ ਹਨ, ਸੁਣੋ: ਉਂਗਲ਼ ਵਿੱਚ ਝੋਲਾ ਲਟਕਾਈ, ਕਵਿਤਾ ਦਾ ਵਿਉਪਾਰੀ ਬਣ, ਉਹ ਸ਼ਹਿਰ ਸ਼ਹਿਰ, ਨਗਰ ਨਗਰ ਘੁੰਮਦਾ ਹੈ: ਦਰ ਦਰ ਦਸਤਕ ਦਿੰਦਾ ਹੈ। ਪ੍ਰਧਾਨਗੀਆਂ ਕਰਨ ਲਈ, ਭੂਮਿਕਾਵਾਂ ਲਿਖਣ ਲਈ। ‘ਨਾਂ’ ਜਾਵੇ ਖੂਹ ਵਿੱਚ, ਸਿਰਫ ‘ਨਾਮਾ ਅਤੇ ਨਾਮਾ’ ਹੀ   ਚਾਹੀਦਾ ਹੈ।”
‘‘ਸ਼ਿਵ ਕੁਮਾਰ ਵਾਂਗ ਕਰੁਣਾ ਦਾ ਧਨੀ, ਤਰਸ ਦੀਆਂ ਤੁਤੀਰਣਾਂ ਵਗਣ ਲਾਉਣ ਵਿੱਚ ਕੋਈ ਨਹੀਂ ਉਸ ਦਾ ਸਾਨੀ।”
‘‘ਗ਼ਜ਼ਲ ਦੀ ਪੁਰਾਣੇ ਯੁੱਗ ਦੀ ਦਰਬਾਰਤਾ ਨੂੰ ਪਾਤਰ ਨੇ ਨਵੇਂ ਯੁੱਗ ਦੀ ਵਪਾਰਕਤਾ ’ਚ ਬਦਲਿਆ ਹੈ।” ਹੋਰ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਹੈ ਉਹ ਦੇ ਬਾਰੇ। ਏਨਾਂ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ
1966-67 ਵਿੱਚ ਜਦੋਂ ਸੁਰਜੀਤ ਪਾਤਰ ਆਪਣੇ ਜੁੰਡੀ ਦੇ ਦੋਸਤਾਂ ਵੀਰ ਸਿੰਘ ਰੰਧਾਵੇ ਅਤੇ ਅਜਾਇਬ ਸਿੰਘ ਸੰਘੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਆਇਆ- ਖਾਮੋਸ਼, ਸ਼ਰਮੀਲਾ, ਨੀਵੀਆਂ ਨਜ਼ਰਾਂ ਨਾਲ ਤੁਰਨ ਵਾਲਾ। ਉਹ ਅਕਸਰ ਸੜਕਾਂ ਦੀ ਥਾਂ ਕੱਚੀਆਂ, ਟੇਢੀਆਂ, ਪੱਤਿਆਂ-ਢਕੀਆਂ ਪਗਡੰਡੀਆਂ ’ਤੇ ਪੈਰ ਜੇ ਘਸਰਾ ਕੇ ਤੁਰਦਾ-ਜਿਵੇਂ ਹੈਮਲਟ ਵਾਂਗੂੰ ਕੁਝ ਲੱਭ ਰਿਹਾ ਹੋਵੇ। ਗੁਣ-ਗਾਹਕ ਤਾਂ ਸਮਝ ਗਏ ਸਨ ਕਿ ਇਹ ਗੁੰਮ ਸੁੰਮ ਜਿਹਾ ‘ਫੱਕਰ ਤਾਂ ਨਹੀਂ ਖਾਲੀ।”
ਆਪਣੀਆਂ ਵਿਭਾਗੀ-ਮਹਿਫ਼ਿਲਾਂ ਵਿੱਚ, ਕਦੇ-ਕਦੇ (ਬੇਸ਼ੱਕ ਮਿੰਨਤਾਂ ਜਿਹੀਆਂ ਕਰਵਾ ਕੇ) ਡਾ. ਹਰਿਭਜਨ ਦੇ ਗੀਤ ‘ਕੀ ਵੇ ਸੱਜਣ ਤਕਸੀਰ ਅਸਾਡੀ’ ਜਾਂ ‘ਸੱਜਣ ਮੈਨੂੰ ਕਿਣ-ਮਿਣ ਕਣੀਆਂ ਨਾ ਮਾਰ’ ਗਾਉਂਦਾ। ਫਿਰ ਇੱਕ ਦਿਨ ‘ਹੀਰੇ ਤੇ ਹੋਰ ਯਾਰਾਂ’ ਦੇ ਕਹਿਣ ’ਤੇ ਦੋ ਗੀਤਾਂ ਵਰਗੀਆਂ ਗ਼ਜ਼ਲਾਂ, ਜਿਨ੍ਹਾਂ ਦੇ ਕ੍ਰਮਵਾਰ ਮਤਲੇ ਸਨ:
‘‘ਪੀਲੇ ਪੱਤਿਆਂ ’ਤੇ ਪੱਬ ਧਰਕੇ ਹਲਕੇ ਹਲਕੇ,
ਕੱਲ੍ਹ ਰਾਤ ਅਸੀਂ ਭਟਕੇ ਪੌਣਾਂ ਵਿੱਚ ਰਲਕੇ।”
ਅਤੇ
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣਕੇ
ਅਸੀ ਰਹਿਗੇ ਬਿਰਖ ਵਾਲੀ ਹਾਅ ਬਣਕੇ।”
ਅੱਗੇ ਇਨ੍ਹਾਂ ਦੇ ਦੋ ਸ਼ਿਅਰ (ਜੋ ਅੱਜ ਤੱਕ ਵੀ ਉਸ ਦੀ ਪਹਿਚਾਣ ਬਣੇ ਹੋਏ ਹਨ):
‘‘ਇੱਕ ਕੈਦ ’ਚੋਂ ਦੂਜੀ ਕੈਦ ’ਚ ਪਹੁੰਚ ਗਈ
ਕੀ ਖੱਟਿਆ ਮਹਿੰਦੀ ਲਾਕੇ ਬਟਣਾ ਮਲ਼ਕੇ।” ਅਤੇ ‘ਜਦੋਂ ਗਿਣਦਾ ਸੀ, ਹਾਣਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
ਇਹ ਸ਼ੇਅਰ ਯੂਨੀਵਰਸਿਟੀ ਦੀ ਫ਼ਿਜ਼ਾ ਵੀ ਗੁਣਗੁਣਾਉਣ ਲੱਗੀ। ਹੋਸਟਲਾਂ ਵਿੱਚ ‘ਰਾਂਝੇ ਦੇ ਨਿੱਕੇ ਵੱਡੇ ਭਰਾ’ ਸ਼ਾਮ ਪਈ ਤੋਂ ਜਾਮ ਅਤੇ ਨੈਣ ਛਲਕਾ ਛਲਕਾ ਇਹ ਗਾਉਂਦੇ। ਕੁੜੀਆਂ ਕੱਤਰੀਆਂ ਰੁਮਾਲਾਂ ’ਤੇ ਕੱਢ ਸਿਰ੍ਹਾਣਿਆਂ ਕੋਲ ਰੱਖਦੀਆਂ। ਫਿਰ ਉਹ ਵਿਦਾ ਹੋਇਆ ਇੱਕ ਮਾਝੇ ਦੇ ਕਾਲਜ ’ਚ (ਉੱਥੇ ਵੀ ਉਹ ‘ਗਿਆ’ ਨਹੀਂ, ‘ਬੁਲਾਇਆ’ ਗਿਆ।  ਪਹਿਲੇ ਵਰ੍ਹੇ ’ਚ ਹੀ ਅਜਿਹੀਆਂ ਛੇ ਨਜ਼ਮਾਂ- ‘ਘਰਰ ਘਰਰ’, ‘ਬੁੱਢੀ ਜਾਦੂਗਰਨੀ ਆਖਦੀ ਹੈ’, ‘ਕੰਧ ਦੀ ਜੀਭ’,  ‘ਚੌਕ ਸ਼ਹੀਦਾਂ ’ਚ ਉਸ ਦਾ ਆਖਰੀ ਭਾਸ਼ਣ’, ‘ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਹੁਤ ਹੈ’ ਅਤੇ ‘ਪੁਲ’ -ਲਿਖੀਆਂ ਜਿਨ੍ਹਾਂ ਤੋਂ ਕੀਟਸ ਦੀਆਂ ‘ਛੇ ਮਹਾਨ ਓਡਜ਼’ ਯਾਦ ਆਉਂਦੀਆਂ ਹਨ ਅਤੇ ਉਨ੍ਹਾਂ ਵਾਂਗ ਇਨ੍ਹਾਂ ਦਾ ਪਾਤਰ ਦੀ ਕਵਿਤਾ ’ਚ ਹੀ ਨਹੀਂ, ਸਮੁੱਚੀ ਪੰਜਾਬੀ ਕਵਿਤਾ ’ਚ ਅੱਜ ਤੱਕ ਆਪਣਾ ਹੀ ਸਥਾਨ ਹੈ।
ਇਸ ਤੋਂ ਬਾਅਦ ਜੋ ਹੋਇਆ ਉਹ ਸਾਹਿਤਕ ਤਵਾਰੀਖ਼ ਹੈ ਅਤੇ ਉਹ ਮੁਸੱਲਸਿਲ, ਚੁੱਪ-ਚਾਪ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ। ਈਰਖਾ ਮਾਰੇ ਆਲੋਚਕਾਂ ਦੀ ਪ੍ਰਵਾਹ ਕੀਤੇ ਬਿਨਾਂ। ਇਹੀ ਉਸ ਦੀ ਵਡਿਆਈ ਹੈ।