Thursday 17 March 2016

ਨੀਂਹ ਦੀਆਂ ਇੱਟਾਂ
- ਵਰਿਆਮ ਸਿੰਘ ਸੰਧੂ

ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ-ਚੀਰੇ ਵਾਂਗ ਕੱਟਿਆ ਹੋਇਆ ਸੀ। ਚੌਕ ਦੇ ਵਿਚਕਾਰੋਂ ਬਾਜ਼ਾਰ ਦਾ ਇੱਕ ਹਿੱਸਾ ਤਾਂ ਸਿੱਧਾ ਲਹਿੰਦੇ ਵੱਲ ਨਿਕਲ ਜਾਂਦਾ ਸੀ। ਚੌਕ ਵਿਚੋਂ ਹੀ ਇੱਕ ਛੋਟੀ ਗਲੀ ਪਿੰਡ ਦੀ ਦੱਖਣ ਦੀ ਬਾਹੀ ਵੱਲ ਨਿਕਲਦੀ ਸੀ, ਜਿਸ ਵਿੱਚ ਬਾਜ਼ਾਰ ਵਿਚਲੇ ਦੁਕਾਨਦਾਰਾਂ ਦੇ ਹੀ ਘਰ ਸਨ। ਪਹਾੜ ਦੀ ਬਾਹੀ ਬਾਜ਼ਾਰ ਦੀ ਦੂਜੀ ਸ਼ਾਖ਼ਾ ਨਿਕਲਦੀ ਸੀ ਜਿਹੜੀ ਫਰਲਾਂਗ ਕੁ ਲੰਮੇ ਬਾਜ਼ਾਰ ਦੇ ਖ਼ਤਮ ਹੋਣ ‘ਤੇ ਵੱਡੀ ਗਲੀ ਦੀ ਸ਼ਕਲ ਵਿੱਚ ਤਬਦੀਲ ਹੋ ਜਾਂਦੀ ਸੀ। ਇਹ ਗਲੀ ਥੋੜ੍ਹੇ ਵਿੰਗ-ਵਲੇਵੇਂ ਖਾ ਕੇ ਸਾਡੀ ਪੱਤੀ ਚੰਦੂ ਕੀ ਵਿਚੋਂ ਅਤੇ ਸਾਡੇ ਅੰਦਰਲੇ ਘਰ ਕੋਲੋਂ ਲੰਘਦੀ ਹੋਈ ਪਿੰਡ ਦੇ ਪਹਾੜ ਵਾਲੇ ਪਾਸੇ ਪਿੰਡੋਂ ਬਾਹਰ ਵੱਲ ਨਿਕਲ ਜਾਂਦੀ ਸੀ। ਪਿੰਡ ਦੇ ਬਾਜ਼ਾਰ ਦੇ ਅੱਧ ਵਿਚਕਾਰਲੇ ਇਸ ਚੌਕ ਵਿੱਚ ਲਹਿੰਦੀ ਅਤੇ ਪਹਾੜ ਦੀ ਬਾਹੀ ਨਿਕਲਦੇ ਬਾਜ਼ਾਰਾਂ ਦੀ ਨੁੱਕਰ ਵਿੱਚ ਹੀ ਸੀ ਸਾਡੀ ਹਵੇਲੀ। ਚੌਕ ਤੋਂ ਅੱਗੇ ਲਹਿੰਦੇ ਵੱਲ ਨੂੰ ਨਿਕਲਦੇ ਬਾਜ਼ਾਰ ਵਿੱਚ ਸਾਡੇ ਘਰ ਦੀਆਂ ਚਾਰ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਇਹਨਾਂ ਵਿਚੋਂ ਪਹਿਲੀ ਕੋਠੜੀ ਨੂੰ ਬੈਠਕ ਵਜੋਂ ਵਰਤਿਆ ਜਾਂਦਾ ਸੀ। ਅਗਲੀ ਕੋਠੜੀ ਗਰਮੀਆਂ ਨੂੰ ਤੂੜੀ ਪਾਉਣ ਅਤੇ ਸਿਆਲ ਵਿੱਚ ਡੰਗਰਾਂ ਨੂੰ ਅੰਦਰ ਬੰਨ੍ਹਣ ਦੇ ਕੰਮ ਆਉਂਦੀ ਸੀ। ਵਸੋਂ ਵਾਲਾ ਹਿੱਸਾ ਹੋਣ ਕਰਕੇ ਤੀਜੀ ਕੋਠੜੀ ਦਾ ਬਾਜ਼ਾਰ ਵੱਲ ਖੁੱਲ੍ਹਦਾ ਦਰਵਾਜ਼ਾ ਅਕਸਰ ਬੰਦ ਹੀ ਰਹਿੰਦਾ ਸੀ ਜਦ ਕਿ ਚੌਥੀ ਕੋਠੜੀ ਦਾ ਦਰਵਾਜ਼ਾ ਲਾਹ ਕੇ ਓਥੇ ਬਾਜ਼ਾਰ ਵੱਲ ਕੰਧ ਕਰ ਦਿੱਤੀ ਹੋਈ ਸੀ।
ਵਸੋਂ ਵਾਲੀਆਂ ਪਿਛਲੀਆਂ ਦੋਵਾਂ ਕੋਠੜੀਆਂ ਦੇ ਪਿਛਵਾੜੇ ਬਾਜ਼ਾਰੋਂ ਪਾਰ ਇਲਾਕੇ ਦੇ ਕਹਿੰਦੇ ਕਹਾਉਂਦੇ ਰਹੇ ਸੇਠ ਝੰਡੂ ਸ਼ਾਹ ਦੀ ਤਿੰਨ ਮੰਜ਼ਲੇ ਚੁਬਾਰਿਆਂ ਵਾਲੀ ਵੱਡੀ ਇਮਾਰਤ ਸੀ। ਉਹ ਮੇਰੇ ਪਿਤਾ ਦੇ ਪੜਨਾਨੇ ਕਿਸ਼ਨ ਸਿੰਘ ਦਾ ਸਮਕਾਲੀ ਸੀ ਅਤੇ ਦੇਸ਼-ਵੰਡ ਤੋਂ ਕਈ ਸਾਲ ਪਹਿਲਾਂ ਚੜ੍ਹਾਈ ਕਰ ਚੁੱਕਾ ਸੀ। ਹੁਣ ਇਸ ਭੁੱਲ-ਭੁਲੱਈਆਂ ਵਾਲੇ ਵੱਡੇ ਮਕਾਨ ਵਿੱਚ ਉਸਦੇ ਇਸ ਸਮੇਂ ਬਜ਼ੁਰਗ ਹੋ ਚੁੱਕੇ ਪੁੱਤਰ ਦੀਵਾਨ ਸ਼ਾਹ ਦੇ ਬਾਲ-ਬੱਚੜਦਾਰ ਪੰਜ ਪੁੱਤਰਾਂ ਦੀ ਰਿਹਾਇਸ਼ ਸੀ। ਇਹਨਾਂ ਦੇ ਨਾਂ ਸਨ: ਗੁਰਲਾਲ ਚੰਦ, ਗੋਪਾਲ ਚੰਦ, ਗੁਰਦਿਆਲ ਚੰਦ, ਗੁਰੂਦਾਸ ਅਤੇ ਰਾਮਦਾਸ। ਦੀਵਾਨ ਚੰਦ ਤੇ ਉਸਦੀ ਪਤਨੀ ਵੀ ਅਜੇ ਹਰੀ-ਕਾਇਮ ਸਨ। ਉਸ ਵੱਡੇ ਮਕਾਨ ਦੇ ਹੇਠਾਂ ਕਿਰਾਏ ਦੀਆਂ ਦੋ ਦੁਕਾਨਾਂ ਵਿੱਚ ਮਿਸਤਰੀ ਰਾਮ ਸਿੰਘ ਅਤੇ ਮਿਹਰ ਸਿੰਘ ਹੁਰੀਂ ਲੱਕੜੀ ਦਾ ਕਾਰੋਬਾਰ ਕਰਦੇ ਸਨ। ਸੰਦੂਕ, ਪਲੰਘ ਅਤੇ ਚਰਖ਼ੇ ਬਨਾਉਣ ਵਿੱਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਸੀ। ਮਿਹਰ ਸਿੰਘ ਸਾਈਕਲ ਕਿਰਾਏ ‘ਤੇ ਦੇਣ ਅਤੇ ਮੁਰੰਮਤ ਦਾ ਕੰਮ ਵੀ ਨਾਲ ਨਾਲ ਕਰੀ ਜਾਂਦਾ ਸੀ। ਦੀਵਾਨ ਸ਼ਾਹ ਦਾ ਤੀਜੇ ਥਾਂ ਛੋਟਾ ਮੁੰਡਾ ਗੁਰਦਿਆਲ ਚੰਦ ਆਪਣੇ ਵੱਡੇ ਮਕਾਨ ਹੇਠਲੀ ਤੀਜੀ ਦੁਕਾਨ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹ ਭਿੰਨ ਭਿੰਨ ਤਰ੍ਹਾਂ ਦੇ ਅਰਕ ਅਤੇ ਸ਼ਰਬਤ ਤਿਆਰ ਕਰਨ ਦਾ ਮਾਹਿਰ ਵੀ ਸੀ। ਹਫ਼ਤੇ ਦਸੀਂ ਦਿਨੀਂ ਅਰਕ ਕਸ਼ੀਦ ਕਰਨ ਲਈ ਉਸ ਵੱਲੋਂ ਚੜ੍ਹਾਈ ਭੱਠੀ ਵਿਚੋਂ ਮਹਿਕ ਭਿਜਿਆ ਧੂੰਆਂ ਉੱਠਦਾ ਰਹਿੰਦਾ। ਇਹ ਬਾਜ਼ਾਰ ਅੱਗੋਂ ਨਿੱਕਾ ਜਿਹਾ ਮੋੜ ਮੁੜ ਕੇ ਘਾਟੀ ਉੱਤਰ ਕੇ ਰਾਮਗੜ੍ਹੀਏ ਸਿੰਘਾਂ ਦੇ ਬਾਜ਼ਾਰ ਵਿੱਚ ਵਟ ਜਾਂਦਾ ਸੀ। ਦੂਰ ਤੱਕ ਇਸ ਬਾਜ਼ਾਰ ਦੇ ਦੋਹੀਂ ਪਾਸੀਂ ਲੱਕੜੀ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਦੁਕਾਨਾਂ ਸਨ। ਆਟਾ ਪੀਹਣ ਵਾਲੀਆਂ ਮਸ਼ੀਨਾਂ, ਲੱਕੜਾਂ ਚੀਰਦੇ ਆਰੇ। ਸੁਰ ਸਿੰਘ ਦੇ ਬਣੇ ਪਲੰਘ, ਸੰਦੂਕ, ਗੱਡੇ ਅਤੇ ਚਰਖ਼ੇ ਆਦਿ ਲੋਕ ਵੀਹ ਵੀਹ ਕੋਹਾਂ ਤੋਂ ਖ਼ਰੀਦਣ ਆਉਂਦੇ।
ਚੌਕ ਤੋਂ ਪਹਾੜ ਦੀ ਬਾਹੀ ਵੱਲ ਨਿਕਲਦੇ ਬਾਜ਼ਾਰ ਵਿੱਚ ਨੁੱਕਰ ਉੱਤੇ ਲਾਭ ਚੰਦ ਬਜਾਜੀ ਵਾਲੇ ਦੀ ਅਤੇ ਉਸਤੋਂ ਅੱਗੇ ਉਸਦੇ ਛੋਟੇ ਭਰਾ ਵੇਦ ਪ੍ਰਕਾਸ਼ ਦੀ ਕਰਿਆਨੇ ਦੀ ਦੁਕਾਨ ਸੀ ਅਤੇ ਅੱਗੇ ਸੀ ਸਾਡੀ ਗਾਡੀ ਦਰਵਾਜ਼ੇ ਵਾਲੀ ਵੱਡੀ ਡਿਓੜ੍ਹੀ ਜਿਹੜੀ ਪਹਾੜ ਵੱਲ ਪਾਸੇ ਜਾਂਦੇ ਮੇਨ ਬਾਜ਼ਾਰ ਵਿੱਚ ਖੁੱਲ੍ਹਦੀ ਸੀ। ਡਿਓੜ੍ਹੀ ਦੇ ਐਨ ਸਾਹਮਣੇ ਪਾਸੇ, ਪੰਦਰਾਂ-ਵੀਹ ਫੁੱਟ ਦਾ ਬਾਜ਼ਾਰ ਛੱਡ ਕੇ ਦੋ ਚੁਬਾਰਿਆਂ ਵਾਲੀ ਦੋ-ਮੰਜ਼ਿਲਾ ਇਮਾਰਤ ਸੀ। ਇਹ ਇਮਾਰਤ ਵੀ ਝੰਡੂ-ਸ਼ਾਹ-ਦੀਵਾਨ ਸ਼ਾਹ ਹੁਰਾਂ ਦੀ ਸੀ ਪਰ ਦਿਨਾਂ ਦੇ ਫੇਰ ਕਰਕੇ ਦੀਵਾਨ ਸ਼ਾਹ ਹੁਰਾਂ ਨੂੰ ਇਹ ਲਾਭ ਚੰਦ ਅਤੇ ਵੇਦ ਪ੍ਰਕਾਸ਼ ਦੇ ਪਿਤਾ ਜੈ ਰਾਮ ਕੋਲ ਗਹਿਣੇ ਕਰਨੀ ਪਈ ਸੀ; ਜਿੱਥੇ ਮੇਰੀ ਮੁਢਲੀ ਸੰਭਾਲ ਵੇਲੇ ਪਿੰਡ ਦਾ ਪਟਵਾਰੀ ਰਿਹਾ ਕਰਦਾ ਸੀ। ਫਿਰ ਕੁੱਝ ਸਾਲ ਓਥੇ ਕਰਮ ਚੰਦ ਮੋਚੀ ਵੀ ਰਹਿੰਦਾ ਰਿਹਾ। ਪਿੱਛੋਂ ਦੀਵਾਨ ਸ਼ਾਹ ਹੁਰਾਂ ਇਹ ਇਮਾਰਤ ਛੁਡਵਾ ਲਈ ਸੀ। ਇਸ ਇਮਾਰਤ ਦੇ ਪਿਛਲੇ ਦੋ ਕਮਰਿਆਂ ਅੱਗੇ ਓਡਾ ਹੀ ਲੰਮਾਂ ਚੌੜਾ ਬਰਾਂਡਾ ਸੀ। ਇਹਨਾਂ ਦੋਵਾਂ ਚੁਬਾਰਿਆਂ ਦੇ ਹੇਠਾਂ ਦੋ ਦੁਕਾਨਾਂ ਸਨ। ਸਾਡੀ ਡਿਓੜ੍ਹੀ ਨੂੰ ਐਨ ਸਾਹਮਣੇ ਦੀਵਾਨ ਸ਼ਾਹ ਦੇ ਸਭ ਤੋਂ ਵੱਡੇ ਲੜਕੇ ਗੁਰਲਾਲ ਸ਼ਾਹ ਦੀ ਮੁਨਿਆਰੀ ਦੀ ਦੁਕਾਨ ਸੀ, ਜਿਸਨੂੰ ਕੁੱਝ ਸਾਲਾਂ ਬਾਅਦ ਉਸਨੇ ਹਲਵਾਈ ਦੀ ਦੁਕਾਨ ਵਿੱਚ ਬਦਲ ਲਿਆ। ਦੂਜੀ ਦੁਕਾਨ ਵਿੱਚ ਗੋਪਾਲ ਚੰਦ ਦੇ ਮੁੰਡੇ ਕਰਿਆਨੇ ਦੀ ਦੁਕਾਨ ਕਰਨ ਲੱਗੇ ਸਨ। ਉੱਪਲਰੇ ਚੁਬਾਰਿਆਂ ਵਿੱਚੋਂ ਇੱਕ ਵਿੱਚ ਗੁਰਲਾਲ ਸ਼ਾਹ ਦਾ ਪਰਿਵਾਰ ਅਤੇ ਦੂਜੇ ਵਿੱਚ ਉਸਦੇ ਛੋਟੇ ਭਰਾ ਗੋਪਾਲ ਦਾਸ ਦਾ ਪਰਿਵਾਰ ਆ ਵੱਸਿਆ ਸੀ। ਸਾਡੀ ਡਿਓੜ੍ਹੀ ਦੇ ਖੱਬੇ ਹੱਥ ਬਾਜ਼ਾਰ ਵਿੱਚ ਡਾਕਟਰ ਕਰਮ ਚੰਦ ਦੀ ਦੁਕਾਨ ਸੀ। ਸਾਡੇ ਘਰ ਦੇ ਲਹਿੰਦੇ ਪਾਸੇ ਵਾਲੇ ਮੁਸਲਮਾਨੀ ਘਰਾਂ ਵਿੱਚ ਪਾਕਿਸਤਾਨੋਂ ਆਏ ਹਿੰਦੂ-ਸਿੱਖ ਵੱਸ ਗਏ ਸਨ। ਸਾਡੇ ਘਰ ਦੇ ਪਿਛਵਾੜੇ ਰਾਮ ਚੰਦ ਅਤੇ ਬੁੱਢਾ ਸਿੰਘ ਪੈਂਚ ਆ ਵੱਸਿਆ ਸੀ। ਖੱਬੇ ਹੱਥ ਡਾਕਟਰ ਕਰਮ ਚੰਦ ਦੀ ਦੁਕਾਨ ਦੇ ਪਿਛਲਾ ਘਰ ਠਾਕਰ ਸਿੰਘ ਝਟਕਈ ਨੇ ਮੱਲ ਲਿਆ ਸੀ।
ਮੇਰੇ ਪਿਓ ਦੇ ਮਾਮੇ ਮਾਮੀ ਦਾ ਜਾਂ ਹੁਣ ਇਹ ਕਹਿ ਲਈਏ ਕਿ ਸਾਡਾ ਭਾਈਚਾਰਾ ਤਾਂ ਦੂਰ ਚੰਦੂ ਕੀ ਪੱਤੀ ਵਿੱਚ ਸੀ। ਅਸੀਂ ਓਧਰ ਵੀ ਦੁੱਖ-ਸੁੱਖ ਦੇ ਵੇਲੇ, ਕੰਮ-ਧੰਦੇ ਲਈ ਆਉਂਦੇ ਜਾਂਦੇ ਰਹਿੰਦੇ, ਪਰ ਅਕਸਰ ਸਾਡਾ ਰੋਜ਼ਾਨਾ ਮੇਲ-ਜੋਲ ਆਪਣੇ ਆਂਢ-ਗੁਆਂਢ ਨਾਲ ਹੀ ਸੀ। ਇਹਨਾਂ ਵਿੱਚ ਭਾਵੇਂ ਬਹੁਤੇ ਬਾਹਮਣ-ਖੱਤਰੀ ਹੀ ਸਨ ਪਰ ਸਾਡੇ ਘਰ ਦੇ ਨਾਲ ਨਾਲ ਮੋਚੀ, ਝਟਕਈ, ਸੁਨਿਆਰ, ਲੋਹਾਰ, ਤਰਖ਼ਾਣ, ਪੈਂਚ (ਮਹਿਰੇ) ਆਦਿ ਵੀ ਵੱਸਦੇ ਸਨ। ਮੇਰੇ ਪਿਓ ਤੋਂ ਉਮਰ ਵਿੱਚ ਛੋਟੇ ਸਾਰੇ ਆਂਢੀ-ਗੁਆਂਢੀ ਮੇਰੇ ‘ਚਾਚੇ’ ਸਨ ਅਤੇ ਵੱਡੇ ਮੇਰੇ ‘ਤਾਏ’। ਉਹਨਾਂ ਦੇ ਬੱਚਿਆਂ ਨਾਲ ਹੀ ਮੇਰੀ ਦੋਸਤੀ ਸੀ, ਭਾਵੇਂ ਕਿ ਸਾਡੇ ਭਾਈਚਾਰੇ ਦੇ ਜੱਟਾਂ ਦੇ ਮੁੰਡੇ ਵੀ ਮੇਰੇ ਦੋਸਤ ਸਨ। ਨਾ ਮੈਨੂੰ ਡਾਕਟਰ ਕਰਮ ਚੰਦ ਦਾ ਮੁੰਡਾ ਗੁਲਜ਼ਾਰੀ ਲਾਲ ਓਪਰਾ ਲੱਗਦਾ ਸੀ, ਨਾ ਹੀ ਬੁੱਢਾ ਸਿੰਘ ਮਹਿਰੇ ਦਾ ਮੁੰਡਾ ਤਾਰੀ ਅਤੇ ਨਾ ਹੀ ਪ੍ਰੀਤਮ ਸੁੰਹ ਸੁਨਿਆਰੇ ਦਾ ਮੁੰਡਾ ਮੁੱਖਾ। ਠਾਕਰ ਸਿੰਘ ਝਟਕਈ ਦਾ ਸਾਲਾ ਅਰਜਨ ਵੀ ਮੇਰਾ ਬੇਲੀ ਸੀ ਅਤੇ ਹਰਨਾਮ ਦਰਜ਼ੀ ਦਾ ਮੁੰਡਾ ਪਿਆਰਾ ਵੀ। ਜ਼ਾਤ-ਪਾਤ ਮੰਨਣ ਵਾਲੀ ਕੱਟੜ ਹਉਮੈਂ ਮੇਰੇ ਵਿੱਚ ਬਚਪਨ ਤੋਂ ਹੀ ਨਹੀਂ ਸੀ। ਅਸੀਂ ਸਭ ਯਾਰ-ਬੇਲੀ ਸਾਂ। ਮੇਰੇ ਵਿੱਚ ਜਾਤ-ਪਾਤੀ ਖੁੱਲ੍ਹ-ਦਿਲੀ ਅਤੇ ਸਹਿਣਸ਼ੀਲਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਮੈਂ ਅਜਿਹੇ ਸਰਬ-ਸਾਂਝੇ ਮਾਹੌਲ ਵਿੱਚ ਪਲਿਆ। ਅਸੀਂ ਵਿਆਹਾਂ-ਸ਼ਾਦੀਆਂ, ਖ਼ੁਸ਼ੀ-ਗ਼ਮੀ ਵਿੱਚ ਇੱਕ ਦੂਜੇ ਦੇ ਘਰ ਸਕਿਆਂ ਵਾਂਗ ਹੀ ਆਉਂਦੇ-ਜਾਂਦੇ। ਇੱਕ ਦੂਜੇ ਦੇ ਘਰ ਖੇਡਦੇ। ਇੱਕ ਦੂਜੇ ਦੇ ਘਰੋਂ ਹੀ ਖਾ-ਪੀ ਲੈਂਦੇ। ਕੋਈ ਵਿਤਕਰਾ ਨਹੀਂ ਸੀ। ਵੱਡਿਆਂ ਦੇ ਸਮੇਂ ਤੋਂ ਲੈ ਕੇ ਭਾਈਚਾਰਿਆਂ ਦਾ ਇਹ ਪਿਆਰ ਬਣਿਆ ਹੋਇਆ ਸੀ।
ਇੰਜ ਸਾਡੇ ਘਰ ਦਾ ਡਿਓੜ੍ਹੀ ਵੱਲ ਦਾ ਮੁੱਖ ਦਰਵਾਜ਼ਾ ਜਿੱਥੇ ਪਹਾੜ ਦੀ ਬਾਹੀ ਵਾਲੇ ਬਾਜ਼ਾਰ ਵਿੱਚ ਖੁੱਲ੍ਹਦਾ ਸੀ ਓਥੇ ਲਹਿੰਦੇ ਵੱਲ ਦੇ ਬਾਜ਼ਾਰ ਵਿੱਚ ਸਾਡੀਆਂ ਦੋ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਕਈ ਲੋਕ ਤਾਂ ਕਦੀ ਕਦੀ ਰਸ਼ਕ ਨਾਲ ਇਹ ਵੀ ਆਖਦੇ ਕਿ ਕਿਆ ਜੱਟਾਂ ਨੇ ਪਿੰਡ ਦੀ ਧੁੰਨੀ ਸਮਝੇ ਜਾਣ ਵਾਲੇ ਅਤੇ ਨਿਰੋਲ ਹਿੰਦੂ ਆਬਾਦੀ ਵਾਲੇ ਕੇਂਦਰੀ ਹਿੱਸੇ ਉੱਤੇ ਕਬਜ਼ਾ ਆਣ ਜਮਾਇਆ ਹੈ! ਕਬਜ਼ਾ ਤਾਂ ਇਹ ਪਤਾ ਨਹੀਂ ਕਦੋਂ ਕੁ ਦਾ ਸੀ! ਪਰ ਪੀੜ੍ਹੀਆਂ ਤੋਂ ਕਦੀ ਸਾਡੇ ਪਰਿਵਾਰ ਦੇ ਵਡੇਰਿਆਂ ਦੀ ਆਪਣੇ ਆਸੇ ਪਾਸੇ ਰਹਿੰਦੇ ਲੋਕਾਂ ਨਾਲ ਕਹੀ-ਸੁਣੀ ਨਹੀਂ ਸੀ ਹੋਈ। ਸਾਰੇ ਆਪਸ ਵਿੱਚ ਬੜੀ ਸਦ-ਭਾਵਨਾ ਨਾਲ ਰਹਿੰਦੇ ਸਨ। ਜਦੋਂ ਅਜੇ ਇਹ ਥਾਂ ਸਿਰਫ਼ ਹਵੇਲੀ ਵਜੋਂ ਹੀ ਵਰਤੋਂ ਵਿੱਚ ਆਉਂਦੀ ਸੀ ਅਤੇ ਸਾਡਾ ਪਰਿਵਾਰ ਅੰਦਰਲੇ ਘਰੋਂ ਆ ਕੇ ਏਥੇ ਰਹਿਣ ਨਹੀਂ ਸੀ ਲੱਗਾ, ਉਦੋਂ ਤਾਂ ਇਸ ਖੁੱਲ੍ਹੀ ਹਵੇਲੀ ਵਿੱਚ ਪਿੰਡ ਦੇ ਹਿੰਦੂ ਭਾਈਚਾਰੇ ਵੱਲੋਂ ਰਾਮ-ਲੀਲਾ ਵੀ ਖੇਡੀ ਜਾਂਦੀ, ਜਿਸ ਵਿੱਚ ਸਿੱਖ ਮੁੰਡੇ ਵੀ ਪਾਰਟ ਕਰਦੇ। ਵੇਖਦੇ ਤਾਂ ਇਸਨੂੰ ਹਿੰਦੂ-ਸਿੱਖ ਸਾਰੇ ਹੀ ਰਲ-ਮਿਲ ਕੇ ਸਨ।
ਡਿਓੜ੍ਹੀ ਵਿੱਚ ਬਾਬੇ ਕਿਸ਼ਨ ਸਿੰਘ ਵੇਲੇ ਦੀਆਂ ਰੌਣਕਾਂ ਹੁਣ ਵੀ ਲੱਗਦੀਆਂ ਸਨ। ਮੇਰੀ ਸੰਭਾਲ ਵਿੱਚ ਵੀ ਤਿੰਨ-ਚਾਰ ਵੱਡੇ ਪਾਵਿਆਂ ਵਾਲੇ ਪਲੰਘ ਡਿਓੜ੍ਹੀ ਵਿੱਚ ਡੱਠੇ ਰਹਿੰਦੇ; ਜਿੱਥੇ ਪੰਜ-ਸੱਤ ਬੰਦੇ ਬੈਠੇ ਹੁੰਦੇ। ਜੱਗ-ਜਹਾਨ ਦੀਆਂ ਗੱਲਾਂ ਕਰਦੇ। ਡਿਓੜ੍ਹੀ ਦਾ ਵੱਡਾ ਦਰਵਾਜ਼ਾ ਸਾਰੀ ਦਿਹਾੜੀ ਖੁੱਲ੍ਹਾ ਰਹਿੰਦਾ। ਬਾਹਰਲੇ ਪਿੰਡਾਂ ਤੋਂ ਸੌਦਾ-ਸੂਤ ਲੈਣ ਆਉਣ ਵਾਲੇ ਬੰਦੇ ਆਪਣੀਆਂ ਘੋੜੀਆਂ ਨੂੰ ਸਾਡੀ ਹਵੇਲੀ ਵਿੱਚ ਬੰਨ੍ਹਦੇ। ਪਾਣੀ-ਧਾਣੀ ਪੀਂਦੇ। ਕੰਮ-ਧੰਦਾ ਕਰਨ ਤੋਂ ਬਾਅਦ ਬੈਠੀ ਸੰਗਤ ਦਾ ਸਾਥ ਵੀ ਮਾਣਦੇ। ਆਪਣੇ ਪਿੰਡਾਂ ਦੀਆਂ ਖ਼ਬਰਾਂ ਸੁਣਾਉਂਦੇ, ਏਥੋਂ ਦੀਆਂ ਸੁਣਦੇ। ਪੜ੍ਹਿਆ-ਲਿਖਿਆ ਕੋਈ ਜਣਾ ਅਖ਼ਬਾਰ ਪੜ੍ਹ ਕੇ ਖ਼ਬਰਾਂ ਸੁਣਾਉਂਦਾ। ਮੇਰੇ ਪਿਓ ਦਾ ਹਾਣੀ ਸੂਰਜਜੀਤ ਸਿੰਘ ਸੰਧੂ, ਜੋ ਪਿੱਛੋਂ ਕਨੇਡਾ ਜਾ ਵੱਸਿਆ, ਆਪਣੀ ‘ਪ੍ਰੀਤ-ਲੜੀ’ ਵੀ ਸਾਡੀ ਡਿਓੜ੍ਹੀ ਵਿੱਚ ਲੈ ਕੇ ਆ ਜਾਂਦਾ ਅਤੇ ਇਸ ਵਿਚੋਂ ਕੰਮ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ। ਪਿਛੋਂ ਇਹ ‘ਪ੍ਰੀਤ-ਲੜੀ’ ਮੇਰਾ ਪਿਓ ਪੜ੍ਹਦਾ। ਮੈਨੂੰ ਹੁਣ ਵੀ ਯਾਦ ਹੈ ਜਦੋਂ ਮੈਂ ਅੱਠ-ਨੌਂ ਕੁ ਸਾਲ ਦਾ ਸਾਂ ਤਾਂ ਮੇਰੀ ਮਾਂ ਮੇਰੇ ਵਾਲਾਂ ਵਿੱਚ ਘਿਓ ਝੱਸ ਰਹੀ ਸੀ ਤੇ ਮੈਂ ਮੂੰਹ ਅੱਗੇ ਆਏ ਵਾਲਾਂ ਨੂੰ ਪਾਸੇ ਕਰਕੇ ‘ਪ੍ਰੀਤ-ਲੜੀ’ ਵਿੱਚ ਗੁਰਬਖ਼ਸ਼ ਸਿੰਘ ਦਾ ਪ੍ਰਸ਼ਨ-ਉੱਤਰ ਵਾਲਾ ਕਾਲਮ ‘ਮੇਰੇ ਝਰੋਖੇ ‘ਚੋਂ’ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਪਚਵੰਜਾ ਵਿੱਚ ਆਏ ਵੱਡੇ ਮੀਹਾਂ ਤੇ ਹੜ੍ਹਾਂ ਕਰਕੇ ਪਿੰਡ ਵਿੱਚ ਬੜੇ ਮਕਾਨ ਢਹਿ ਗਏ। ਡਿਓੜ੍ਹੀ ਦੇ ਖੱਬੇ ਹੱਥ ਵਾਲੀ ਦੁਕਾਨ ਵੀ ਢਹਿ ਗਈ ਤੇ ਨਾਲ ਹੀ ਉਸ ਦੁਕਾਨ ਅਤੇ ਡਿਓੜ੍ਹੀ ਵਿਚਕਾਰਲੀ ਸਾਂਝੀ ਕੰਧ ਵੀ। ਡਿਓੜ੍ਹੀ ਦੀ ਛੱਤ ਦਾ ਇਸ ਪਾਸੇ ਵਾਲਾ ਹਿੱਸਾ ਵੀ ਨੁਕਸਾਨਿਆਂ ਗਿਆ। ਨਾ ਉਹ ਦੁਕਾਨ ਕਿਸੇ ਬਣਾਈ ਤੇ ਨਾ ਹੀ ਵਿਚਕਾਰਲੀ ਕੰਧ। ਸਿੱਟੇ ਵਜੋਂ ਹੌਲੀ ਹੌਲੀ ਹਵੇਲੀ ਦੀ ਛੱਤ ਡਿੱਗਦੀ ਵੇਖ ਅਸੀਂ ਆਪ ਹੀ ਢਾਹ ਦਿੱਤੀ। ਵਿਚਕਾਰਲੀ ਕੱਚੀ ਕੰਧ ਦਸ ਕੁ ਫੁੱਟ ਉੱਚੀ ਕਰਕੇ ਓਹਲਾ ਕਰ ਲਿਆ। ਉਂਜ ਕੁੱਝ ਸਾਲ ਪਿੱਛੋਂ ਅਸੀਂ ਡਿਓੜ੍ਹੀ ਦੇ ਬਾਹਰਲੇ ਤੀਹ ਕੁ ਫੁੱਟ ਲੰਮੇ ਪੱਕੇ ਮੱਥੇ ਵਿਚੋਂ ਇੱਕ ਪਾਸੇ ਬਾਰਾਂ ਕੁ ਫੁੱਟ ਦਾ ਦਰਵਾਜ਼ਾ ਬਣਾ ਕੇ ਤੇ ਘਰ ਲਈ ਰਾਹ ਛੱਡ ਕੇ ਬਾਕੀ ਹਿੱਸੇ ਵਿੱਚ ਲੰਮੀ ਪੱਕੀ ਬੈਠਕ ਪਾ ਲਈ ਸੀ। ਪਰ ਮੈਂ ਜਿਹੜੀ ਗੱਲ ਸੁਨਾਉਣ ਲੱਗਾ ਹਾਂ ਉਹ ਉਦੋਂ ਦੀ ਹੈ ਜਦੋਂ ਡਿਓੜ੍ਹੀ ਢਹਿ ਚੁੱਕੀ ਸੀ ਅਤੇ ਇਹ ਥਾਂ ਅਜੇ ਖਾਲੀ ਹੀ ਪਿਆ ਸੀ। ਅਸੀਂ ਏਥੇ ਆਪਣੇ ਡੰਗਰ ਬੰਨ੍ਹਦੇ ਸਾਂ। ਡਿਓੜ੍ਹੀ ਦੇ ਖੱਬੇ ਹੱਥ ਦੁਕਾਨ ਵਾਲਾ ਥਾਂ ਜਿਹੜਾ ਖੋਲਾ ਹੋ ਚੁਕਿਆ ਸੀ, ਉਹ ਥਾਂ ਡਾਕਟਰ ਕਰਮ ਚੰਦ ਨੇ ਮੁੱਲ ਲੈ ਲਿਆ ਸੀ ਅਤੇ ਉਹ ਏਥੇ ਆਪਣੀ ਨਵੀਂ ਪੱਕੀ ਦੁਕਾਨ ਬਨਾਉਣੀ ਚਾਹੁੰਦਾ ਸੀ। ਪਹਿਲਾਂ ਉਹ ਤਿੰਨ ਕੁ ਦੁਕਾਨਾਂ ਦੂਰ ਇੱਕ ਕੱਚੀ ਦੁਕਾਨ ਵਿੱਚ ਆਪਣਾ ਕਲਿਨਕ ਚਲਾਉਂਦਾ ਸੀ।
ਕਰਮ ਚੰਦ ਨੂੰ ਨਵੀਂ ਬਣਾਈ ਜਾਣ ਵਾਲੀ ਦੁਕਾਨ ਦੇ ਹਿਸਾਬ ਨਾਲ ਮੁੱਲ ਲਿਆ ਗਿਆ ਥਾਂ ਥੋੜ੍ਹਾ ਲੱਗਦਾ ਸੀ। ਕਰਮ ਚੰਦ ਦੀ ਹਸਰਤ ਸੀ ਕਿ ਦੁਕਾਨ ਥੋੜ੍ਹੀ ਹੋਰ ਖੁੱਲ੍ਹੀ ਹੋ ਜਾਂਦੀ! ਪਰ ਹੁੰਦੀ ਕਿਵੇਂ? ਜਦੋਂ ਨੀਹਾਂ ਪੁੱਟਣ ਲਈ ਵਿਚਕਾਰਲੀ ਸਾਂਝੀ ਕੰਧ ਢਾਹ ਦਿੱਤੀ ਗਈ ਤਾਂ ਕਰਮ ਚੰਦ ਨੇ ਨਾਲ ਰਲਦੇ ਸਾਡੀ ਡਿਓੜ੍ਹੀ ਵਾਲੇ ਖਾਲੀ ਥਾਂ ਵੱਲ ਵੇਖ ਕੇ ਕੋਲ ਖਲੋਤੇ ਮੇਰੇ ਪਿਓ ਨੂੰ ਵਿਗੋਚੇ ਦੇ ਭਾਵ ਨਾਲ ਕਿਹਾ, “ਦੀਦਾਰ, ਮੈਨੂੰ ਪਤੈ ਕਿ ਚਾਚੇ (ਹਕੀਕਤ ਸਿੰਘ) ਨੇ ਮੰਨਣਾ ਨਹੀਂ ਪਰ ਜੇ ਤੁਸੀਂ ਆਪਣੇ ਥਾਂ ਵਿਚੋਂ ਆਪਣੇ ਪਾਸਿਓਂ ਦੁਕਾਨ ਦੀ ਸੇਧ ਵਿੱਚ ਗਜ਼ ਭਰ ਲੀਰ ਦੀ ਲੀਰ ਮੈਨੂੰ ਛੱਡ ਦਿਓ ਤਾਂ ਕਿਆ ਕਹਿਣੇ! ਤੁਹਾਡੇ ਕੋਲ ਬਥੇਰਾ ਥਾਂ ਪਿਆ ਹੈ। ਪੈਸੇ ਜਿੰਨੇ ਆਖੋ ਓਨੇ ਦੇਣ ਨੂੰ ਤਿਆਰ ਹਾਂ।” ਪਰ ਉਹਦੀ ਹਿੰਮਤ ਨਹੀਂ ਸੀ ਪੈਂਦੀ ਕਿ ਬਾਪੂ ਹਕੀਕਤ ਸਿੰਘ ਨੂੰ ਆਖੇ ਕਿ ਏਨੀ ਕੁ ਥਾਂ ਉਸਨੂੰ ਮੁੱਲ ਦੇ ਦਵੇ।
‘ਥਾਂ ਭਾਵੇਂ ਬਥੇਰਾ ਪਿਆ ਸੀ!’ ਪਰ ਹਵੇਲੀ ਨਾਲ ਤਾਂ ਹਕੀਕਤ ਸਿੰਘ ਦੇ ਖ਼ਾਨਦਾਨ ਦੇ ਸੰਸਕਾਰ ਜੁੜੇ ਹੋਏ ਸਨ। ਉਹ ਆਪ ਹੀ ਦੱਸਦਾ ਹੁੰਦਾ ਸੀ। ਦੀਵਾਨ ਸ਼ਾਹ ਦੇ ਪਿਓ ਤੇ ਗੁਰਲਾਲ ਸ਼ਾਹ ਦੇ ਦਾਦੇ ਝੰਡੂ ਸ਼ਾਹ ਨੇ, ਜਿਹਦੀ ਸ਼ਾਹੂਕਾਰੀ ਇਲਾਕੇ ਵਿੱਚ ਚੱਲਦੀ ਸੀ ਅਤੇ ਜਿਹਦੇ ਬਣਾਏ ਮਕਾਨ ਹਵੇਲੀ ਦੇ ਦੋਵੇਂ ਪਾਸੇ ਅਸਮਾਨ ਨੂੰ ਛੂੰਹਦੇ ਸਨ, ਕਿਸ਼ਨ ਸੁੰਹ ਨੂੰ ਆਖਿਆ ਸੀ, “ਸਰਦਾਰ ਕਿਸ਼ਨ ਸਿਅ੍ਹਾਂ! ਚਾਦਰ ਵਿਛਾ ਕੇ ਜਿੰਨੇ ਪੈਸੇ ਪਾਏ ਜਾ ਸਕਦੇ ਈ, ਪਾ ਲੈ ਪਰ ਇਹ ਹਵੇਲੀ ਮੈਨੂੰ ਦੇ ਦੇਹ, ਮੇਰੇ ਨਾਲ ਲੱਗਦੀ ਹੈ।”
“ਸ਼ਾਹ ਉਂਜ ਇਹ ਹਵੇਲੀ ਤੇਰੀ ਹੀ ਐ। ਆਪਣਾ ਕੁੱਝ ਵੀ ਵੰਡਿਆ ਨਹੀਂ। ਜਿਵੇਂ ਚਾਹੇ ਵਰਤ। ਪਰ ਮੁੱਲ ਲੈਣ ਦੀ ਗੱਲ ਮੁੜ ਕੇ ਨਾ ਮੈਨੂੰ ਆਖੀਂ। ਮੈਂ ਤਾਂ ਤੈਨੂੰ ਕਦੇ ਨਹੀਂ ਆਖਿਆ ਕਿ ਤੇਰੇ ਮਕਾਨ ਮੇਰੇ ਨਾਲ ਲੱਗਦੇ ਨੇ! ਏਦਾਂ ਹਵਸ ਵਧਾਈ ਚੰਗੀ ਨਹੀਂ ਹੁੰਦੀ ਝੰਡੂ ਸ਼ਾਹ! ਆਪਾਂ ਭਰਾ-ਭਰਾ ਗੁਆਂਢ ਵਿੱਚ ਭਰਾਵਾਂ ਵਾਂਗ ਰਹੀਏ। ਕਿਸੇ ਨੂੰ ਢਾਹੁਣ ਜਾਂ ਉਸ ਤੋਂ ਖੋਹਣ ਬਾਰੇ ਨਾ ਸੋਚੀਏ।” ਕਿਸ਼ਨ ਸਿੰਘ ਨੇ ਉਸਨੂੰ ਕੌੜ ਨਾਲ ਆਖਿਆ ਸੀ। ਪਿੱਛੋਂ ਤੋਂ ਚੱਲੀ ਆਉਂਦੀ ਇਹ ਗੱਲ ਸਭ ਨੂੰ ਹੀ ਪਤਾ ਸੀ।
ਹੁਣ ਕਰਮ ਚੰਦ ਉਸ ਹਵੇਲੀ ਵਿੱਚੋਂ ਕੁੱਝ ਥਾਂ ‘ਮੁੱਲ’ ਲੈਣਾ ਚਾਹੁੰਦਾ ਸੀ। ਉਸਨੂੰ ਵੀ ਪਤਾ ਸੀ ਕਿ ਹਕੀਕਤ ਸਿੰਘ ਉਸਨੂੰ ਇਹ ਥਾਂ ਕਦੋਂ ਮੁੱਲ ਦੇਣ ਲੱਗਾ ਹੈ! ਜਦੋਂ ਉਸਨੇ ਆਪਣੀ ਇਹ ਹਸਰਤ ਮੇਰੇ ਪਿਓ ਨਾਲ ਸਾਂਝੀ ਕੀਤੀ ਤਾਂ ਮੇਰੇ ਪਿਓ ਨੇ ਮੁਸਕਰਾ ਕੇ ਕਿਹਾ, “ਪੈਸਿਆਂ ਦੀ ਗੱਲ ਤਾਂ, ਡਾਕਟਰ ਜੀ, ਤੁਸੀਂ ਛੱਡੋ। ਉਂਜ ਆਪਾਂ ਐਂ ਕਰਦੇ ਆਂ…ਮਾਮੇ ਨੂੰ ਕਿਤੇ ਵਾਂਢੇ ਘਲਾ ਦੇਨੇਂ ਆਂ। ਪਿੱਛੋਂ ਆਪਾਂ ਨੀਂਹ ਰਖਾ ਕੇ ਕੰਧ ਚੁਕ ਦਿਆਂਗੇ। ਮਾਮਾ ਜਦੋਂ ਨੂੰ ਆਊ ਉਦੋਂ ਵੇਖੀ ਜਾਊ……।”
ਕਰਮ ਚੰਦ ਝਿਜਕਦਾ ਅਤੇ ਡਰਦਾ ਵੀ ਸੀ। ਉਸਨੂੰ ਪਤਾ ਸੀ ਕਿ ਵਿਗੜ ਜਾਣ ਤੇ ਹਕੀਕਤ ਸਿੰਘ ਤਲਵਾਰ ਵੀ ਕੱਢ ਸਕਦਾ ਸੀ। ਪਰ ਮੇਰੇ ਪਿਤਾ ਨੇ ਬਾਪੂ ਨੂੰ ਕਿਤੇ ਕਿਸੇ ਕੰਮ ਵਾਂਢੇ ਜਾਣਾ ਮਨਾ ਹੀ ਲਿਆ। ਉਹਨਾਂ ਨੂੰ ਆਸ ਸੀ ਕਿ ਅੱਜ ਸ਼ਾਮ ਦਾ ਗਿਆ ਉਹ ਪੰਦਰਾਂ ਵੀਹਾਂ ਕੋਹਾਂ ਤੋਂ ਕੱਲ੍ਹ ਸ਼ਾਮ ਤੱਕ ਤੋਂ ਪਹਿਲਾਂ ਤਾਂ ਮੁੜਨ ਹੀ ਨਹੀਂ ਲੱਗਾ। ਚਾਹਵੇ ਤਾਂ ਦੋ ਤਿੰਨ ਦਿਨ ਲਾ ਆਵੇ। ਸਵੇਰੇ ਨੀਂਹ ਰੱਖੀ ਜਾਣੀ ਸੀ। ਰਾਜ ਮਿਸਤਰੀ ਅਜੇ ਸੰਦ-ਵਲੇਵੇਂ ਸੂਤ ਹੀ ਕਰਦੇ ਫ਼ਿਰਦੇ ਸਨ ਤੇ ਕਰਮ ਚੰਦ ਅਤੇ ਮੇਰਾ ਪਿਤਾ ਥਾਂ ਦਾ ਜਾਇਜ਼ਾ ਹੀ ਲੈਂਦੇ ਫ਼ਿਰਦੇ ਸਨ ਕਿ ਬਾਪੂ ਹਕੀਕਤ ਸਿੰਘ ਮੌਕੇ ‘ਤੇ ਹੀ ਪੁੱਜ ਗਿਆ। ਕੀਤਾ ਤਾਂ ਅਜੇ ਭਾਵੇਂ ਕੁੱਝ ਨਹੀਂ ਸੀ ਪਰ ਦੋਹਾਂ ਨੂੰ ਜਾਪਿਆ ਜਿਵੇਂ ਚੋਰ ਸੰਨ੍ਹ ਉੱਤੋਂ ਫੜ੍ਹਿਆ ਗਿਆ ਹੋਵੇ। ਉਹਨਾਂ ਦੀ ਬਣਾਈ ਸਕੀਮ ਉੱਤੇ ਪਾਣੀ ਫ਼ਿਰ ਗਿਆ ਸੀ।
“ਸੁਣ ਓਏ ਦੀਦਾਰ! ਤੇ ਕਰਮ ਚੰਦਾ ਤੂੰ ਵੀ ਸੁਣ! ਮੇਰੇ ਨਾਲ ਹੇਰਾ ਫ਼ੇਰੀ ਮਾਰਦੇ ਸਾਓ!”
ਸੁਣ ਕੇ ਦੋਹਾਂ ਦੇ ਚਿਹਰੇ ਉੱਤੇ ਤਰੇਲੀ ਆ ਗਈ। ਉਹਨਾਂ ਸਹਿਮੀਆਂ ਨਜ਼ਰਾਂ ਨਾਲ ਬਾਪੂ ਦੇ ਚਿਹਰੇ ਵੱਲ ਵੇਖਿਆ। ਮੈਂ ਇਸ ਮੌਕੇ ਦਾ ਚਸ਼ਮਦੀਦ ਗਵਾਹ ਹਾਂ। ਪਰ ਬਾਪੂ ਤਾਂ ਮੁਸਕੜੀਏ ਹੱਸ ਰਿਹਾ ਸੀ, “ਦਾਈਆਂ ਤੋਂ ਪੇਟ ਨਹੀਂ ਲੁਕੇ ਰਹਿੰਦੇ। ਜਿਹੜੀ ਤੁਹਾਡੇ ਢਿੱਡ ‘ਚ ਐ, ਉਹ ਮੇਰਿਆਂ ਨਹੁੰਆਂ ‘ਚ ਐ। ਐਧਰ ਆ ਓ ਮਿਸਤਰੀ” ਉਹਨੇ ਰਾਜ ਮਿਸਤਰੀ ਨੂੰ ਆਵਾਜ਼ ਮਾਰੀ, “ਆਹ ਲੈ…ਐਥੇ ਕੰਧ ਕੀਤਿਆਂ ਇਹਦੀ ਦੁਕਾਨ ਠੀਕ ਬਣ ਜੂ……।”
ਉਹਨੇ ਜ਼ਮੀਨ ‘ਤੇ ਪੈਰ ਰੱਖਿਆ। ਇਹ ਕਰਮ ਚੰਦ ਤੇ ਮੇਰੇ ਪਿਓ ਵੱਲੋਂ ਪਹਿਲਾਂ ਮਿਥੇ ਹੋਏ ਥਾਂ ਤੋਂ ਵੀ ਡੇਢ ਫੁੱਟ ਅੰਦਰ ਨੂੰ ਸੀ।
“ਬਾਪੂ ਜੀ! ਸਰਦਾਰ ਜੀ, ਵਾਧੂ” ਮਿਸਤਰੀ ਕਾਂਡੀ ਫੜੀ ਅਹੁਲ ਕੇ ਉਸ ਵੱਲ ਵਧਿਆ। ਮੇਰਾ ਪਿਤਾ ਅਤੇ ਕਰਮ ਚੰਦ ਅਜੇ ਵੀ ਬੁੱਤ ਬਣੇ ਖੜੋਤੇ ਸਨ।
“ਲਿਆ ਫ਼ਿਰ ਮਾਰ ਬੰਦੇ ਨੂੰ ਵਾਜ ਅਤੇ ਵਾਹਗੁਰੂ ਆਖ ਕੇ ਨੀਂਹ ਪੁੱਟੋ……।”
ਕਰਮ ਚੰਦ ਦੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ।
ਇਹ ਸਦ-ਭਾਵ ਕੇਵਲ ਇੱਕ ਪਾਸੜ ਨਹੀਂ ਸੀ। ਦੋਹਾਂ ਪਾਸਿਆਂ ਤੋਂ ਅਜੇਹੀ ਮੁਹੱਬਤ ਦਾ ਪ੍ਰਗਟਾ ਅਕਸਰ ਹੀ ਹੁੰਦਾ ਰਹਿੰਦਾ। ਅਜਿਹੇ ਸਦ-ਭਾਵੀ ਮਾਹੌਲ ਵਿੱਚ ਪਲਣ ਦਾ ਅਸਰ ਵੀ ਜ਼ਰੂਰ ਮੇਰੀ ਮਾਨਸਿਕ ਬਣਤਰ ਉੱਤੇ ਪਿਆ ਹੋਵੇਗਾ।
ਬਾਪੂ ਹਕੀਕਤ ਸਿੰਘ ਦੇ ਵੇਲੇ ਦੀਆਂ ਹੀ ਕਈ ਗੱਲਾਂ ਮੈਨੂੰ ਯਾਦ ਹਨ। ਉਹ ਬਹੁਤ ਮਜ਼ਾਕੀਆ ਇਨਸਾਨ ਸੀ। ਐਵੇਂ ਹੀ ਅਗਲੇ ਨਾਲ ਛੇੜ-ਛਾੜ ਕਰਦੇ ਰਹਿਣਾ। ਸਾਡੇ ਆਂਢ-ਗੁਆਂਢ ਦੀਆਂ ਬਜ਼ੁਰਗ ਔਰਤਾਂ ਨਾਲ ਉਹ ਬੁੱਢੇ-ਵਾਰੇ ਵੀ ਦਿਓਰਾਂ ਵਾਂਗ ਮਜ਼ਾਕ ਕਰਦਾ। ਨਥੂ ਰਾਮ ਦੀ ਮਾਂ ਪਾਰਵਤੀ ਨੂੰ ਉਹ ਅਕਸਰ ਸ਼ਰਾਰਤ ਨਾਲ ਆਖਦਾ, “ਸ਼ਾਹਣੀ! ਰਾਤੀਂ ਮੈਨੂੰ ਸ਼ਾਹ ਮਿਲਿਆ ਸੀ ਸੁਫ਼ਨੇ ‘ਚ।” ਉਹਦਾ ਭਾਵ ਉਹਦੇ ਮਰ ਚੁੱਕੇ ਪਤੀ ਤੋਂ ਹੁੰਦਾ, “ਉਹ ਮੈਨੂੰ ਆਖਦਾ ਸੀ ਕਿ ਮੇਰਾ ਸ਼ਾਹਣੀ ਬਿਨਾਂ ਜੀਅ ਨਹੀਂ ਲੱਗਦਾ। ਉਹਨੂੰ ਘਲਾ ਮੇਰੇ ਕੋਲ” ਉਹ ਮੁਸਕੜੀਆਂ ‘ਚ ਹੱਸਦਾ।
“ਵੇ ਫ਼ਿੱਟੇ ਮੂੰਹ ਤੇਰਾ! ਹੁਣ ਬੁੱਢੇ ਵਾਰੇ ਤਾਂ ਕੁੱਝ ਸ਼ਰਮ ਕਰ। ਮੈਂ ਕਿਓਂ ਮਰਾਂ! ਪਹਿਲਾਂ ਤੂੰ ਮਰ; ਤੇਰੇ ਪਿੱਛੇ ਪਿੱਛੇ ਮੈਂ ਆਊਂਗੀ” ਅੱਧਾ ਗੁੱਸੇ ਅਤੇ ਅੱਧੇ ਲਾਡ ਨਾਲ ਉਹ ਉਸਨੂੰ ਝਿੜਕਦੀ। ਉਹਦਾ ਪੁੱਤ ਵੀ ਇਹ ਮਸ਼ਕਰੀ ਸੁਣ ਕੇ ਹੱਸਦਾ ਰਹਿੰਦਾ, “ਚਾਚਾ! ਸਾਰੀ ਉਮਰ ਬੱਸ ਮੁੰਡੇ ਦਾ ਮੁੰਡਾ ਹੀ ਰਿਹਾ……”
ਮੈਨੂੰ ਯਾਦ ਹੈ ਡਾਕਟਰ ਕਰਮ ਚੰਦ ਦੀ ਦੁਕਾਨ ਤੇ ਜਦੋਂ ਕਦੀ ਮਰੀਜ਼ ਨਾ ਹੋਣਾ ਜਾਂ ਵਿਹਲ ਹੋਣੀ ਤਾਂ ਉਹਨੇ ਸਾਡੇ ਘਰ ਆ ਵੜਨਾ। ਰਸੋਈ ਕੋਲ ਜਾਂ ਚੌੰਤਰੇ ਕੋਲ ਆ ਕੇ ਆਵਾਜ਼ ਦੇਣੀ, “ਓ ਨਾਮ੍ਹ ਕੌਰੇ! ਜੋਗਿੰਦਰ ਕੌਰੇ! ਕੀ ਧਰਿਆ ਜੇ……”
ਮੇਰੀ ਮਾਂ ਜਾਂ ਦਾਦੀ ਨੇ ਦੱਸਣਾ।
“ਕੋਈ ਰੋਟੀ ਵੀ ਪਈ ਜੇ ਸਵੇਰ ਦੀ…”
“ਸਵੇਰ ਦੀ ਕਿਓਂ ਜੀ…ਸੁੱਖੀ ਸਾਂਦੀ ਹੁਣੇ ਸੱਜਰੀ ਲਾਹ ਦਿੰਦੀ ਆਂ……” ਮੇਰੀ ਦਾਦੀ ਜਾਂ ਮਾਂ ਨੇ ਆਖਣਾ।
“ਨਹੀਂ ਨਹੀਂ, ਰੋਟੀਆਂ ਕਰ ਦੋ ਉਰ੍ਹਾਂ ਮੇਰੇ ਵੱਲ ਅਤੇ ਉੱਤੇ ਹੀ ਸਲੂਣਾ ਪਾ ਦੇਹ।”
ਉਹਨੇ ਹੱਥ ਉੱਤੇ ਰੋਟੀ ਰੱਖ ਕੇ, ਬੁਰਕੀ ਤੋੜ ਤੋੜ ਕੇ ਖਾਈ ਜਾਣੀ ਤੇ ਘਰਦਿਆਂ ਜੀਆਂ ਨਾਲ ਏਧਰ ਓਧਰ ਦੀਆਂ ਮਾਰਦੇ ਰਹਿਣਾ।
“ਲਿਆ ਓਏ ਪਾਣੀ ਦਾ ਗਲਾਸ ਦੁਕਾਨ ਤੇ ਮਰੀਜ਼ ਨਾ ਆ ਗਿਆ ਹੋਵੇ ਕੋਈ” ਕਦੀ ਕਦੀ ਉਹਨੇ ਮੈਨੂੰ ਆਖਣਾ।
ਸਾਡੇ ਘਰ ਉਹਦਾ ਇੰਜ ਅਪਣੱਤ ਨਾਲ ਆ ਜਾਣਾ ਅਤੇ ਆਪਣੇ ਘਰ ਵਾਂਗ ਹੀ ਰੋਟੀ ਮੰਗ ਕੇ ਖਾ ਲੈਣਾ ਅੱਜ ਵੀ ਜਦੋਂ ਮੈਨੂੰ ਯਾਦ ਆਉਂਦਾ ਹੈ ਤਾਂ ਸਾਂਝੇ ਭਾਈਚਾਰੇ ਦੀ ਰੇਸ਼ਮੀ ਸਾਂਝ ਵਾਲੇ ਆਪਸੀ ਮੁਹੱਬਤੀ ਅਹਿਸਾਸ ਨਾਲ ਮੇਰਾ ਆਪਾ ਸਰਸ਼ਾਰ ਹੋ ਜਾਂਦਾ ਹੈ।