Monday, 16 May 2016



ਓਦੋਂ ਇਹ ਨਹੀ ਸੀ ਪਤਾ-- ਡਾ. ਅਮਰਜੀਤ ਟਾਂਡਾ
ਜੇ ਇਹ ਪਤਾ ਹੁੰਦਾ
ਕਿ ਮਾਂ ਵੀ ਗੁਆਚਣ ਵਾਲੀ ਚੀਜ ਹੈ
ਤਾਂ ਮੈਂ ਨੀਲੇ ਬੱਦਲਾਂ ਚ ਕਿਤੇ ਸੰਭਾਲ ਲੈਂਦਾ-
ਕਿਸੇ ਅਸਮਾਨ ਤੇ ਡਾਹ ਦਿੰਦਾ-
ਓਹਦਾ ਸੋਨ ਰੰਗਾ ਮੰਜ਼ਾ
ਸੁਪਨਿਆਂ ਦੇ ਹੀਰਿਆਂ ਨਾਲ ਮੜ੍ਹ ਕੇ
ਓਹਦੀਆਂ ਨਸੀਹਤਾਂ ਨੂੰ ਕਿਸੇ
ਸੋਹਣੇ ਜੇਹੇ ਸੁਨਹਿਰੀ ਫ਼ਰੇਮ ਚ ਜੜ੍ਹਾ ਲੈਂਦਾ
ਸਾਂਭ ਲੈਂਦਾ ਓਹਦੇ ਗੀਤਾਂ
ਤੇ ਲੋਰੀਆਂ ਨੂੰ-ਕਿਸੇ ਮਹਿਫ਼ੂਜ਼ ਸੰਦੂਕ ਚ
ਲੁਕੋ ਲੈਂਦਾ ਕਿਤੇ ਓਹਦੇ ਚਰਖ਼ੇ ਦੀ ਘੂਕਰ ਨੂੰ
ਮਧਾਣੀ ਦੇ ਗੀਤਾਂ ਨੂੰ
ਝਾੜੂ ਦੀਆਂ ਨਜ਼ਮਾਂ ਨੂੰ
ਛੱਜ ਦੇ ਹੁਲਾਰਿਆਂ ਨੂੰ
ਧੋ ਹੋ ਰਹੇ ਕੱਪੜਿਆਂ ਸੰਗ ਵੱਜਦੇ ਸਾਜ਼ ਨੂੰ
ਗਰੀ ਦੇ ਤੇਲ ਨਾਲ ਲਿਖੇ ਮੇਰੇ ਵਾਲਾਂ ਤੇ
ਪੋਟਿਆਂ ਦੀ ਛੁਹ ਨਾਲ ਆ ਰਹੀ ਨੀਂਦਰ ਨੂੰ-
ਕੰਘੀ ਨਾਲ ਸੋਹਣੇ ਸਿੰਗਾਰੇ
ਜੂੜੇ ਦੀ ਕਲਾ ਤੇ ਨਕਸ਼ਾਂ ਨੂੰ-
ਰੋਜ਼ ਆਟਾ ਗੁੰਨ੍ਹਦੀ ਰਸਮ ਨੂੰ
ਮੱਕੀ ਦੀ ਤਰਾਸ਼ਦੀ ਗੋਲ ਰੋਟੀ ਦੀ ਚਿੱਤਰਕਲਾ ਨੂੰ
ਤਵੇ ਤੇ ਸੇਕਦੀ ਚਾਵਾਂ ਨੂੰ -
ਪਾਥੀਆਂ ਪੱਥਦੀ,ਚਿਣਦੀ, ਸਾਜਦੀ ਸੰਸਾਰ ਨੂੰ
ਅੱਗ ਲਾਟਾਂ ਚੋਂ ਸਿੰਗਾਰਦੀ
ਭੁੱਖ ਦੇ ਲੱਗੇ ਦੁੱਖਾਂ ਨੂੰ
ਕੰਧਾਂ ਲਿੱਪ 2 ਸਾਂਭਦੀ
ਨਿੱਤ ਤਿੜਕਦੀ ਦੁਨੀਆਂ ਨੂੰ
ਤਾਰਾਂ ਤੇ ਧੋ 2 ਖਿਲਾਰਦੀ
ਨੰਗੀ ਹੋ ਰਹੀ ਇਨਸਾਨੀਅਤ ਲਈ ਰੰਗ ਬਿਰੰਗੇ ਕੱਜਣ
ਓਦੋਂ ਇਹ ਨਹੀ ਸੀ ਪਤਾ
ਕਿ ਇਸ ਛੱਤ ਨੇ ਦੁਨੀਆਂ ਦਾ ਅਰਸ਼ ਬਣਨਾ ਹੈ-
ਕਿਸੇ ਚੰਦ ਤੇ ਜਾ ਚਰਖ਼ਾ ਡ੍ਹਾਉਣਾ ਹੈ-
ਤਾਰਿਆਂ 'ਚ ਜਾ ਸਿਮਟਣਾ ਹੈ
ਹਵਾਵਾਂ 'ਚ ਰੁਮਕਣਾ ਹੈ-
ਓਦੋਂ ਇਹ ਨਹੀ ਸੀ ਪਤਾ-

No comments:

Post a Comment