Friday, 16 May 2014



Displaying unnamed.jpg 
 ਕਿਸ਼ਾਂਵਲ

(1)
ਵਤਨ ਤੇਰਾ ਵੀ ਮਸੂਮ
ਵਤਨ ਮੇਰਾ ਵੀ ਮਸੂਮ
ਓਹੀ ਜ਼ਮੀਨ
ਓਹੀ ਅੰਬਰ
ਓਹੀ ਹਵਾ, ਪਾਣੀ ਤੇ ਪਰਿੰਦੇ
ਫਿਰ ਕਿਥੋਂ ਉੱਗ ਆਇਆ
ਇਹ
ਸਾਜ਼ਿਸ਼ਾਂ ਭਰਿਆ ਜੰਗਲ ?

(2)

ਰਾਜ ਮੱਦ

ਫਿਰ ਬਣੇਗਾ ਕੋਈ ਨਵਾਂ ਰਾਜਾ
ਫਿਰ ਹੋਵੇਗਾ ਰਾਜ ਤਿਲਕ
ਫਿਰ ਸਜਣਗੇ ਚੌਂਕ
ਨਿੱਕਲਣਗੇ ਜਲੂਸ
ਗੂੰਜਣਗੇ ਬੈਂਡ – ਵਾਜੇ
ਨੱਚੇਗੀ ਪਰਜਾ
ਹੋਵੇਗੀ ਫੁੱਲਾਂ ਦੀ ਬਰਸਾਤ
ਰਾਜ ਮੱਦ ਨਾਲ
ਉੱਚੇ ਹੋਣਗੇ
ਮਸਤਕ ਚਾਪਲੂਸਾਂ ਦੇ
...ਤੇ
ਕੁਚਲ ਦਿੱਤੇ ਜਾਣਗੇ
ਅਸਹਿਮਤੀ ਦੇ ਸਿਰ
ਵਿਜੈ ਜਲੂਸ ਥੱਲੇ !


(3)
ਬੱਸ ਓਹ ਪਲ ਹੀ ਤਾਂ
ਮੇਰੀ ਪੂੰਜੀ ਨੇ
ਜਦੋਂ ਮੇਰੇ ਹਾਵਿਆਂ ਨੂੰ ਮਿਲੀ
ਤੇਰੇ ਸਾਹਾਂ ਦੀ ਟਕੋਰ
ਤਨ ਤੇ ਪਈਆਂ ਝਰੀਟਾਂ ਤਾਂ
ਮਿਟ ਜਾਣਗੀਆਂ ਜਿਵੇਂ ਕਿਵੇਂ
ਤੇਰੇ ਦਿੱਤੇ ਓਹ ਪਲ ਹੀ ਤਾਂ ਨੇ
ਜੋ ਮਰਹਮ ਬਣ
ਮਨ ਤੇ ਪਈਆਂ ਝਰੀਟਾਂ ਨੂੰ
ਸਹਿਲਾ ਰਹੇ ਨੇ ਮਹਿਰਮਾਂ
ਆ !
ਝਾੜ ਕੇ ਸਾਰੇ ਫਲਸਫੇ
ਇਹਨਾਂ ਪਲਾਂ ਨੂੰ ਜੀਵੀਏ
ਆ !
ਕੁਝ ਐਸਾ ਹਰ ਜਾਈਏ
ਆ !
ਕੁਝ ਐਸਾ ਜਿੱਤ ਲਈਏ
ਇਹਨਾਂ ਪਲਾਂ ਦੀ ਉਮਰ
ਸਾਡੇ ਸਾਹਾਂ ਜਿੰਨੀ ਹੋ ਜਾਵੇ
ਆਪਾਂ ਨਾ ਵੀ ਠਹਿਰ ਸਕੇ ਜੇ
ਇਹਨਾਂ ਪਲਾਂ ਕੋਲ
ਇਹ ਠਹਿਰ ਜਾਣ ਸਾਡੇ ਅੰਦਰ
ਤਾ-ਉਮਰ ਲਈ
ਆ !
ਮਨ ਦੀ ਨੁੱਕਰੇ ਧਰ ਲਈਏ
ਬੰਨ੍ਹ ਇਹਨਾਂ ਦੀ ਪੋਟਲੀ
ਚੱਲ ਤਾ-ਉਮਰ ਲਈ
ਇੰਝ ਮਿਲੀਏ !!

(4)

ਓਹ ਵਰ੍ਹਦੀ ਰਹੀ
ਬਣ ਬਦਲੋਟੀ
ਤੇ
ਮਿਟਾਉਂਦੀ ਰਹੀ
ਮਾਰੂਥਲ ਦੀ ਹਿੱਕ 'ਤੇ ਪਈਆਂ
ਸਿਲਵਟਾਂ

ਅਚਨਚੇਤ
ਹੋ ਗਿਆ ਸਮੁੰਦਰ ਉਹ ਥਲ
ਤੇ ਸਮਾ ਗਈ ਉਹ ਬਦਲੋਟੀ
ਸਮੁੰਦਰ ਦੀ ਹਿੱਕ 'ਚ..

(5)

ਇੰਝ ਕਿਓਂ /ਕਿਸ਼ਾਂਵਾਲ
ਸਾਗਰ ਦੀ ਤੜਫ
ਕਿ ਫਿਰ ਉਠੇ ਕੋਈ ਲਹਿਰ
ਲਹਿਰ ਫਿਰ ਤੜਫੇ
ਸਾਗਰ ਵਿੱਚ ਸਮਾਉਣ ਨੂੰ
ਲੋਚੇ ਉਹ
ਕਿ ਮਿਟਦੀ ਰਹਾਂ ਉਮਰ ਭਰ
ਹਰ ਪਲ ਲਵਾਂ ਜਨਮ
ਹਰ ਪਲ ਮਿਟਾਂ
ਤੇ ਪੂਰਾ ਹੋਵੇ ਸਮਰਪਣ
ਲਹਿਰ ਦਰ ਲਹਿਰ
ਉਛਲਦਾ ਰਹੇ ਸਾਗਰ !!

(6)

ਸ਼ਹੀਦ ਦਾ ਬੁੱਤ

ਮੈਂ ਹੁਣੇ
ਜਿਸ ਬੁੱਤ ਦੇ ਕੋਲ ਖੜੀ ਹਾਂ
ਉਹ ਇੱਕ ਸ਼ਹੀਦ ਦਾ ਹੈ
ਮੈਂ ਉਸ ਨੂੰ ਤੱਕ ਰਹੀ ਹਾਂ
ਬਹੁਤ ਹੀ ਜੀਵੰਤ ਮੂਰਤੀ

ਲਗਦਾ
ਹੁਣੇ ਇਹਦਾ ਹਥ ਉਠੇਗਾ
ਕਿਸੇ ਨਾਅਰੇ ਨੂੰ ਪ੍ਰਗਟਾਉਣ ਲਈ
ਹੁਣੇ ਇਹਦੇ ਮੁਖ 'ਚੋਂ ਨਿੱਕਲੇਗੀ
ਇੱਕ ਬੁਲੰਦ ਆਵਾਜ਼

ਸੋਚਦੀ ਹਾਂ
ਜਦ ਚੌਂਕ 'ਚ ਖਲੋ
ਵੇਖਦਾ ਹੋਣਾ ਇਹ
ਆਪਣੇ ਸੁਪਨਿਆਂ ਦਾ ਘਾਣ ਹੁੰਦੇ
ਤਾਂ
ਕਿੰਝ ਕਰਦਾ ਹੋਣਾ ਬਰਦਾਸ਼ਤ

ਇਹ ਸੋਚ
ਓਥੋਂ ਤੁਰ ਆਈ ਸਾਂ ਮੈਂ ਮਲਕੜੇ ਜਿਹੇ
ਮਤੇ ਇਹ
ਹੋ ਜਾਏ ਜੀਵਤ ਅਚਾਨਕ
ਤੇ ਮੈਨੂ ਹਥ ਫੜ ਆਖੇ,
" ਇਹੀ ਸਮਾਂ ਹੈ ਸੰਘਰਸ਼ ਲਈ ਜੂਝਣ ਦਾ"
ਤਾਂ ਮੈਂ ਕੀ ਕਰਾਂਗੀ
ਕੀ ਕਹਾਂਗੀ ਉਸਨੂੰ
ਕਿ
ਤੇਰੇ ਵੇਲਿਆਂ '
ਸੰਘਰਸ਼ ਸੀ ਕਿਸੇ ਗੈਰ ਨਾਲ
ਤੇ
ਪੂਰਾ ਭਾਰਤੀ ਆਵਾਮ ਸੀ ਤੇਰੇ ਨਾਲ
ਪਰ ਅੱਜ
ਆਪਣੇ ਹੀ ਬਣ ਬੈਠੇ ਫਿਰੰਗੀ
ਤਾਂ ਦੱਸ
ਟੁਕੜਿਆਂ 'ਚ ਵੰਡੇ ਆਵਾਮ ਨੂੰ ਲੈ ਕੇ
ਕਿੰਝ ਜੂਝੀਏ






No comments:

Post a Comment