Friday, 23 May 2014

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਵਿਸ਼ੇਸ਼(24 ਮਈ 1896 ਤੋਂ 16 ਨਵੰਬਰ 1915) 
 ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
 ਕਰਤਾਰ ਸਿੰਘ ਸਰਾਭਾ

 ਵਰਿਆਮ ਸਿੰਘ ਸੰਧੂ


 
 ਇਤਿਹਾਸ ਦੇ ਖੋਜੀਆਂ ਵੱਲੋਂ ਨਿਰਸੰਦੇਹ ਗ਼ਦਰ ਪਾਰਟੀ ਦੇ ਸਿਧਾਂਤਾਂ, ਸੰਕਲਪਾਂ, ਕੁਰਬਾਨੀਆਂ, ਪ੍ਰਾਪਤੀਆਂ ਤੇ ਕਮਜ਼ੋਰੀਆਂ ਦੇ ਵਿਵੇਚਨ ਤੇ ਵਿਸ਼ਲੇਸ਼ਣ ਰਾਹੀਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਇਸ ਲਹਿਰ ਦੇ ਮਹੱਤਵ ਨੂੰ ਸਥਾਪਤ ਕਰਨ ਦਾ, ਆਪਣੀ ਸਮਰੱਥਾ ਅਨੁਸਾਰ, ਸੁਯੋਗ ਉਪਰਾਲਾ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਗ਼ਦਰ ਲਹਿਰ ਦੇ ਬਹੁਤ ਸਾਰੇ ਨਾਇਕਾਂ ਦਾ ਜੀਵਨ ਆਪਣੇ ਪੂਰੇ ਖਿੜਾਓ ਤੇ ਜਲੌਅ ਸਮੇਤ ਸਾਡੇ ਰੂਬਰੂ ਨਹੀਂ ਹੋਇਆ। ਉਹਨਾਂ ਗ਼ਦਰੀ ਸੂਰਬੀਰਾਂ ਦੇ ਜੀਵਨ ਤੇ ਕਾਰਜਾਂ ਬਾਰੇ ਖਿੰਡੇ ਪੁੰਡੇ ਵੇਰਵੇ ਤਾਂ ਸਾਨੂੰ ਇਸ ਲਹਿਰ ਨਾਲ ਸੰਬੰਧਤ ਇਤਿਹਾਸਾਂ ਅਤੇ ਕੁਝ ਗ਼ਦਰੀ ਬਾਬਿਆਂ ਵੱਲੋਂ ਲਿਖੀਆਂ ਯਾਦਾਂ ਵਿਚੋਂ ਨਜ਼ਰ ਆ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਉੱਤੇ ਮੁਕੰਮਲ ਤੇ ਸੰਗਠਤ ਝਾਤ ਪਾਉਣ ਵਾਲੀਆਂ ਅਜਿਹੀਆਂ ਜੀਵਨੀਆਂ ਤਾਂ ਅਸਲੋਂ ਹੀ ਨਦਾਰਦ ਹਨ, ਜਿਨ੍ਹਾਂ ਵਿਚ ਉਹਨਾਂ ਦਾ ਜੀਵਨ ਪੂਰੀ ਤਰਤੀਬ ਨਾਲ ਬਰੀਕ ਤੇ ਭਰਪੂਰ ਵੇਰਵਿਆਂ ਦੇ ਬਿਆਨ ਸਹਿਤ ਵਿਭਿੰਨ ਪਰਤਾਂ ਸਮੇਤ ਪੇਸ਼ ਹੋਇਆ ਹੋਵੇ। ਨਵੀਂਆਂ ਪੀੜ੍ਹੀਆਂ ਨੂੰ ਇਸ ਲਹਿਰ ਦੇ ਇਤਿਹਾਸਕ ਗੌਰਵ ਤੋਂ ਜਾਣੂ ਕਰਾਉਣ ਲਈ ਇਹਨਾਂ ਪ੍ਰਾਪਤ ਇਤਿਹਾਸਾਂ ਵਿਚ ਗ਼ਦਰ ਲਹਿਰ ਦੇ ਨਾਇਕਾਂ ਬਾਰੇ ਖਿੰਡੇ ਤੇ ਟੁਟਵੇਂ ਵੇਰਵਿਆਂ ਨੂੰ ਇੱਕ ਥਾਂ ਇਕੱਤਰ ਕਰਕੇ ਤੇ ਹੋਰ ਖੋਜ ਕਰਕੇ ਉਸ ਮਸਾਲੇ ਵਿਚ ਕੁਝ ਹੋਰ ਨਵਾਂ ਜੋੜਨ ਨਾਲ ਉਹਨਾਂ ਦੀਆਂ ਜੀਵਨੀਆਂ ਤਿਆਰ ਕਰਨ ਦੀ ਡਾਢੀ ਲੋੜ ਹੈ।
 ਇਤਿਹਾਸ ਪ੍ਰਤੀ ਸਾਡੀ ਲਾਪ੍ਰਵਾਹੀ ਦਾ ਇਸਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗ਼ਦਰ ਲਹਿਰ ਦੇ ਮਹਾਨ ਸੰਗਰਾਮੀਏ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਸਾਡੇ ਕੋਲ ਬਹੁਤ ਹੀ ਘੱਟ ਪ੍ਰਮਾਣਿਕ ਸਾਮੱਗਰੀ ਉਪਲਬਧ ਹੈ। ਉਸ ਬਾਰੇ ਜਿੰਨੀਆਂ ਵੀ ਪੁਸਤਕਾਂ ਉਪਲੱਬਧ ਹਨ ਉਹਨਾਂ ਵਿਚ ਮੁੜ-ਘਿੜ ਉਹੋ ਹੀ ਆਮ ਜਾਣੇ ਤੇ ਪੜ੍ਹੇ-ਸੁਣੇ ਗਏ ਵੇਰਵੇ ਬਿਆਨ ਹੋਏ ਮਿਲਦੇ ਹਨ। ਨਿਰਸੰਦੇਹ ਉਹ ਵੇਰਵੇ ਵੀ ਮਹੱਤਵਪੂਰਨ ਹਨ ਪਰ, ਜਿਵੇਂ ਅਸੀਂ ਚਾਹੁੰਦੇ ਹਾਂ, ਇਹਨਾਂ ਵੇਰਵਿਆਂ ਵਿਚ ਕੁਝ ਹੋਰ ਵੀ ਨਵਾਂ ਲੱਭ ਕੇ ਜੋੜਨ ਦੀ ਲੋੜ ਹੈ। ਕੁਝ ਪੁਸਤਕਾਂ ਛਪੀਆਂ ਜ਼ਰੂਰ ਹਨ ਪਰ ਇਹ ਯਤਨ ਨਾਮੁਕੰਮਲ ਹੋਣ ਦੇ ਬਾਵਜੂਦ, ਲੇਖਕਾਂ ਵੱਲੋਂ ਜਿੱਥੋਂ ਵੀ ਤੇ ਜਿੰਨਾ ਜਿੰਨਾ ਵੀ ਮਸਾਲਾ ਕਰਤਾਰ ਸਿੰਘ ਸਰਾਭੇ ਬਾਰੇ ਇਕੱਤਰ ਹੋ ਸਕਿਆ ਹੈ, ਕੀਤਾ ਗਿਆ ਹੈ ਤੇ ਇੰਝ ਇਤਿਹਾਸ ਦੀਆਂ ਪੁਸਤਕਾਂ ਵਿਚ ਟੋਟਾ ਟੋਟਾ ਖਿੱਲਰੇ ਸਰਾਭੇ ਨੂੰ ਇਕ ਥਾਂ ਜੋੜ ਕੇ ਉਸਦੀ ਇਨਕਲਾਬੀ ਸ਼ਖ਼ਸੀਅਤ ਦਾ ਸੰਗਠਤ ਬਿੰਬ ਉਸਾਰਨ ਦਾ ਉਪਰਾਲਾ ਕੀਤਾ ਹੈ। ਸਰਾਭੇ ਦੇ ਸਮਕਾਲੀਆਂ ਤੇ ਸੰਗੀਆਂ-ਸਾਥੀਆਂ ਨੇ ਸਰਾਭੇ ਬਾਰੇ ਆਪਣੇ ਵਿਚਾਰ ਵਿਅਕਤ ਕਰਕੇ ਉਹਦੀ ਸ਼ਖ਼ਸੀਅਤ ਦੇ ਕੁਝ ਰੰਗ ਉਭਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਉਹਨਾਂ ਦੀ ਇਸ ਕੋਸ਼ਿਸ਼ ਨੂੰ ਆਧਾਰ ਬਣਾ ਕੇ ਅਸੀਂ ਵੀ ਸਰਾਭੇ ਬਾਰੇ ਕੁਝ ਗੱਲਾਂ ਕਰਨ ਲੱਗੇ ਹਾਂ।
 ਸਰਾਭੇ ਦੇ ਬਚਪਨ ਦੇ ਬਹੁਤੇ ਵੇਰਵੇ ਭਾਵੇਂ ਉਪਲਬਧ ਨਹੀਂ ਹਨ ਤਦ ਵੀ ਇਹ ਪਤਾ ਜ਼ਰੂਰ ਲੱਗਦਾ ਹੈ ਕਿ 23 ਮਈ 1896 ਵਿਚ, ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭੇ ਵਿਚ, ਸਰਦਾਰ ਮੰਗਲ ਸਿੰਘ ਤੇ ਬੀਬੀ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਨੂੰ ਛੋਟੀ ਉਮਰ ਵਿਚ ਹੀ ਮਾਂ-ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ ਸਹਿਣਾ ਪਿਆ ਤੇ ਉਸਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਉਹਦੇ ਦਾਦਾ ਸਰਦਾਰ ਬਦਨ ਸਿੰਘ ਦੇ ਸਿਰ ਆਣ ਪਈ। ਕਰਤਾਰ ਸਿੰਘ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਉਹਦੀ ਇਕ ਭੈਣ ਵੀ ਸੀ, ਜਿਸਦਾ ਨਾਂ ਸੀ ਧੰਨ ਕੌਰ। ਦਾਦਾ ਕਰਤਾਰ ਨੂੰ ਬੇਥਾਹ ਪਿਆਰ ਕਰਦਾ ਸੀ। ਉਹ ਉਸਨੂੰ ਵਾਹੀ-ਖੇਤੀ ਦੇ ਕੰਮ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਉਸਦੀ ਇੱਛਾ ਸੀ ਕਿ ਕਰਤਾਰ ਪੜ੍ਹ-ਲਿਖ ਕੇ ਕਿਸੇ ਚੰਗੇ ਰੁਜ਼ਗ਼ਾਰ 'ਤੇ ਲੱਗ ਜਾਵੇ। ਕਰਤਾਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਗਿਆ। ਪ੍ਰਾਇਮਰੀ ਦੀ ਮੁਢਲੀ ਵਿਦਿਆ ਲੈਣ ਉਪਰੰਤ ਉਹ ਗੁਜਰਵਾਲ ਦੇ ਵਰਨੈਕੁਲਰ ਮਿਡਲ ਸਕੂਲ ਦਾ ਵਿਦਿਆਰਥੀ ਬਣਿਆਂ ਤੇ ਫਿਰ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਜਾ ਦਾਖ਼ਲ ਹੋਇਆ।
 ਸਕੂਲ ਵਿਚ ਪੜ੍ਹਦਿਆਂ ਕਰਤਾਰ ਸਿੰਘ ਸਰਾਭਾ ਸਾਥੀਆਂ ਦਾ ਆਗੂ ਤੇ ਹਰਮਨ ਪਿਆਰਾ ਵਿਦਿਆਰਥੀ ਸੀ। ਚੁਸਤ ਚਲਾਕ ਵੀ ਬਹੁਤ ਸੀ। ਹਸਮੁੱਖ ਤੇ ਮਸਖ਼ਰੇ ਸੁਭਾਅ ਦਾ ਵੀ ਸੀ। ਉਹਦੀ ਹਰਮਨ ਪਿਆਰਾਤਾ ਕਾਰਨ ਦੂਜੇ ਵਿਦਿਆਰਥੀ ਉਹਦਾ ਸਾਥ ਮਾਨਣ ਲਈ ਉਤਾਵਲੇ ਰਹਿੰਦੇ ਸਨ। ਅਸਲ ਵਿਚ ਹੋਣਹਾਰ, ਚੁਸਤ ਅਤੇ ਹੁਸ਼ਿਆਰ ਕਰਤਾਰ ਸਿੰਘ ਵਿਚ ਸ਼ੁਰੂ ਤੋਂ ਹੀ ਲੀਡਰਸ਼ਿੱਪ ਦੇ ਗੁਣ ਸਨ। ਉਹਦੀ ਏਸੇ ਯੋਗਤਾ ਕਰਕੇ ਉਹਦੇ ਸਾਥੀ ਉਹਨੂੰ 'ਅਫ਼ਲਾਤੂ' ਕਹਿ ਕੇ ਬੁਲਾਉਂਦੇ ਸਨ। 'ਅਫ਼ਲਾਤੂ' ਆਖਣ ਤੋਂ ਭਾਵ ਇਹ ਸੀ ਕਿ ਉਹ ਅਜੀਬ ਤੇ ਅਣਹੋਣੀਆਂ ਗੱਲਾਂ ਕਰ ਸਕਣ ਦੀ ਯੋਗਤਾ ਤੇ ਦਲੇਰੀ ਦਾ ਮਾਲਕ ਸੀ। ਉਮਰ ਦੇ ਅਗਲੇ ਪੜਾਅ 'ਤੇ ਉਹਨੇ ਆਪਣੇ ਇਹਨਾਂ ਗੁਣਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ। ਕਈ ਸਾਥੀ ਉਹਦੀ ਫ਼ੁਰਤੀ ਤੇ ਤੇਜ਼ੀ ਤੋਂ ਪ੍ਰਭਾਵਤ ਹੋ ਕੇ ਮਖ਼ੌਲ ਨਾਲ ਉਹਨੂੰ 'ਉਡਣਾ ਸੱਪ' ਵੀ ਆਖਦੇ ਸਨ।
 ਮਾਲਵਾ ਸਕੂਲ ਵਿਚ ਸਤਵੀਂ ਜਮਾਤ ਵਿਚ ਪੜ੍ਹਦਿਆਂ ਉਸਨੇ ਆਪਣੀ ਚੁਸਤੀ ਤੇ ਹੁਸ਼ਿਆਰੀ ਦੇ ਭੋਲੇ-ਮਾਣ ਸਦਕਾ ਸੋਚਿਆ ਕਿ ਕਿਉਂ ਨਾ ਝੂਠਾ ਸਰਟੀਫ਼ਿਕੇਟ ਬਣਾ ਕੇ ਨੌਵੀਂ ਵਿਚ ਦਾਖ਼ਲਾ ਲੈ ਲਿਆ ਜਾਵੇ ਤੇ ਉਚੇਰੀ ਪੜ੍ਹਾਈ ਕਰਨ ਦਾ ਨਿਸ਼ਾਨਾ ਇਕ-ਦੋ ਸਾਲ ਪਹਿਲਾਂ ਹੀ ਪੂਰਾ ਕਰ ਲਿਆ ਜਾਵੇ। ਉਸਨੇ ਮਾਲਵਾ ਸਕੂਲ ਵਿਚੋਂ ਸਤਵੀਂ ਦਾ ਸਰਟੀਫ਼ਿਕੇਟ ਲਿਆ ਤੇ ਉਸਨੂੰ 'ਨੌਂਵੀਂ ਦਾ ਬਣਾ ਕੇ' ਆਰੀਆ ਸਕੂਲ ਵਿਚ ਜਾ ਦਾਖ਼ਲ ਹੋਇਆ। ਪਹਿਲਾਂ ਤਾਂ ਸਕੂਲ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਪਰ ਜਦੋਂ ਪਤਾ ਲੱਗਣ 'ਤੇ ਸਕੂਲ ਵਾਲਿਆਂ ਐਕਸ਼ਨ ਲੈਣ ਦੀ ਸੋਚੀ ਤਾਂ ਕਰਤਾਰ ਨੂੰ ਵੀ ਖੁੜਕ ਗਈ। ਉਹ ਅਗਲੀ ਪੜ੍ਹਾਈ ਲਈ ਉੜੀਸਾ ਵਿਚ ਆਪਣੇ ਚਾਚੇ ਬਖਸ਼ੀਸ਼ ਸਿੰਘ ਕੋਲ ਚਲਾ ਗਿਆ ਤੇ ਉਥੇ ਜਾ ਕੇ ਦਸਵੀਂ ਪਾਸ ਕਰ ਕੇ ਕਾਲਜ ਵਿਚ ਦਾਖ਼ਲਾ ਲੈ ਲਿਆ। ਨਵੇਂ ਤੋਂ ਨਵਾਂ ਗਿਆਨ ਹਾਸਲ ਕਰਨ ਦੀ ਤਲਬ ਕਾਰਨ ਉਹ ਪਾਠ ਪੁਸਤਕਾਂ ਪੜ੍ਹਨ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਾਹਿਤ ਪੜ੍ਹਦਾ ਰਹਿੰਦਾ। ਸਰਟੀਫ਼ਿਕੇਟ ਵਿਚ ਤਬਦੀਲੀ ਕਰਕੇ ਨੌਵੀਂ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਤੋਂ ਉਹਦੇ ਸੁਭਾਅ ਦਾ ਇਹ ਪੱਖ ਸਾਬਤ ਹੁੰਦਾ ਹੈ ਕਿ ਉਹਨੂੰ 'ਉਚੇਰੀਆਂ ਮੰਜ਼ਿਲਾਂ ਛੂਹਣ ਦੀ' ਕਿੰਨੀ ਤਿੱਖੀ ਕਾਹਲ ਸੀ ਤੇ ਉਹ ਛੇਤੀ ਤੋਂ ਛੇਤੀ ਵੱਡੇ ਮਾਅਰਕੇ ਮਾਰਨ ਦਾ ਅਭਿਲਾਸ਼ੀ ਸੀ।
 ਚਾਚੇ ਕੋਲ ਰਹਿ ਕੇ ਪੜ੍ਹਦਿਆਂ, ਏਥੇ, ਉਸਨੂੰ ਅੰਗਰੇਜ਼ੀ ਬੋਲਣ ਤੇ ਲਿਖਣ ਦਾ ਚੰਗਾ ਅਭਿਆਸ ਹੋ ਗਿਆ। ਉਹ ਅੰਗਰੇਜ਼ੀ ਸਾਹਿਤ ਪੜ੍ਹਨ ਵਿਚ ਦਿਲਚਸਪੀ ਲੈਣ ਲੱਗਾ। ਉਸ ਵੇਲੇ ਬੰਗਾਲ ਤੇ ਉੜੀਸਾ ਆਦਿ ਇਲਾਕਿਆਂ ਵਿਚ ਬਹੁਤ ਹੱਦ ਤੱਕ ਰਾਜਨੀਤਕ ਚੇਤਨਾ ਪੈਦਾ ਹੋ ਚੁੱਕੀ ਸੀ। ਸਰਾਭਾ ਸਕੂਲੀ ਪੁਸਤਕਾਂ ਤੋਂ ਇਲਾਵਾ ਕਿਉਂਕਿ ਹੋਰ ਸਾਹਿਤ ਵੀ ਪੜ੍ਹਦਾ ਰਹਿੰਦਾ ਸੀ ਇਸ ਲਈ ਉਸ ਉੱਤੇ ਇਸ ਰਾਜਨੀਤਕ ਜਾਗ੍ਰਤੀ ਦਾ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਦੇਸ਼-ਪ੍ਰੇਮ ਤੇ ਦੇਸ਼ ਸੇਵਾ ਦੀ ਭਾਵਨਾ ਉਸ ਅੰਦਰ ਕਲਵਲ ਹੋਣ ਲੱਗੀ।
 ਉਸ ਵੇਲੇ ਦੇ ਮਾਹੌਲ ਅਤੇ ਉਹਦੀ ਅਧਿਅਨ ਕਰਨ ਦੀ ਰੁਚੀ ਨੇ ਸਰਾਭੇ ਦਾ ਸੋਚਣ ਵਿਚਰਨ ਦਾ ਦਿਸਹੱਦਾ ਵਸੀਹ ਕਰ ਦਿੱਤਾ। ਘਰਦਿਆਂ ਦੀ ਸਲਾਹ ਨਾਲ ਉਸਨੇ ਅਮਰੀਕਾ ਵਿਚ ਜਾ ਕੇ ਰਸਾਇਣ ਵਿਗਿਆਨ ਵਿਚ ਉੱਚੀ ਵਿਦਿਆ ਪ੍ਰਾਪਤ ਕਰਨ ਦਾ ਫ਼ੈਸਲਾ ਕਰ ਲਿਆ ਤੇ ਪਾਸਪੋਰਟ ਬਣਵਾ ਕੇ ਅਮਰੀਕਾ ਲਈ ਰਵਾਨਾ ਹੋ ਗਿਆ। ਆਮ ਤੌਰ 'ਤੇ ਪਹਿਲਾਂ ਪ੍ਰਾਪਤ ਹਵਾਲਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਸਰਾਭਾ 1912 ਦੇ ਜਨਵਰੀ ਮਹੀਨੇ ਵਿਚ ਅਮਰੀਕਾ ਪਹੁੰਚਿਆ ਸੀ ਪਰ ਸੀਤਾ ਰਾਮ ਬਾਂਸਲ ਵੱਲੋਂ ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆਂ ਦੇ ਸ਼ਹਿਰ ਸ਼ਾਨ ਬਰੂਨੋ ਦੀ 'ਨੈਸ਼ਨਲ ਆਰਕਾਈਵਜ਼ ਐਂਡ ਰੀਕਾਰਡ ਐਡਮਨਿਸਟ੍ਰੇਸ਼ਨ' (ਨਾਰਾ) ਵਿਚੋਂ ਪ੍ਰਾਪਤ ਕੀਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਸਰਾਭੇ ਵੱਲੋਂ ਆਪਣੇ ਬਾਰੇ ਰੀਕਾਰਡ ਵਿਚ ਦਰਜ ਕਰਵਾਈ ਜਾਣਕਾਰੀ ਅਨੁਸਾਰ ਸਰਾਭਾ 2 ਜੁਲਾਈ 1912 ਨੂੰ ਹਾਂਗਕਾਂਗ ਤੋਂ ਚੱਲਿਆ ਤੇ 28 ਜੁਲਾਈ 1912 ਨੂੰ ਅਮਰੀਕਾ ਦੇ ਸ਼ਹਿਰ ਸਾਨਫ਼ਰਾਂਸਿਸਕੋ ਨੇੜੇ ਏਂਜਲ ਆਈਲੈਂਡ 'ਤੇ ਜਾ ਉਤਰਿਆ। ਅਮਰੀਕਾ ਪਹੁੰਚਣ ਵਾਲੇ ਆਵਾਸੀਆਂ ਨੂੰ ਏਥੇ ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਡਾਕਟਰਾਂ ਅੱਗੇ ਪੇਸ਼ ਹੋਣਾ ਪੈਂਦਾ ਸੀ। ਜਦੋਂ ਪੂਰੀ ਸੰਤੁਸ਼ਟੀ ਹੋ ਜਾਂਦੀ ਤਾਂ ਉਹਨਾਂ ਨੂੰ ਸਾਨਫ਼ਰਾਂਸਿਸਕੋ ਭੇਜਿਆ ਜਾਂਦਾ। ਕਰਤਾਰ ਸਿੰਘ 30 ਜੁਲਾਈ 1912 ਨੂੰ ਡਾਕਟਰੀ ਵਿਚੋਂ ਪਾਸ ਹੋ ਗਿਆ। ਡਾਕਟਰ ਤੋਂ ਸਰਟੀਫ਼ਿਕੇਟ ਪ੍ਰਾਪਤ ਹੋ ਜਾਣ ਤੋਂ ਬਾਅਦ ਉਸਨੂੰ 31 ਜੁਲਾਈ 1912 ਨੂੰ ਸਪੈਸ਼ਲ ਪੜਤਾਲੀਆ ਬੋਰਡ ਅੱਗੇ ਪੇਸ਼ ਹੋਣਾ ਸੀ। ਬੋਰਡ ਅੱਗੇ ਹਰੀ ਸਿੰਘ ਦੁਭਾਸ਼ੀਏ ਦੇ ਤੌਰ 'ਤੇ ਪੇਸ਼ ਹੋਇਆ। ਚੇਅਰਮੈਨ ਨੇ ਕਰਤਾਰ ਸਿੰਘ ਨੂੰ ਸਹੁੰ ਚੁਕਾਈ। ਕਰਤਾਰ ਸਿੰਘ ਵੱਲੋਂ ਦੱਸੇ ਵੇਰਵੇ ਇਸ ਪ੍ਰਕਾਰ ਹਨ:
 ਨਾਂ: ਕਰਤਾਰ ਸਿੰਘ ਸਰਾਭਾ, ਉਮਰ ਸਤਾਰਾਂ ਸਾਲ, ਅਣਵਿਆਹਿਆ, ਕਿੱਤਾ ਖੇਤੀ-ਬਾੜੀ, ਅੰਗਰੇਜ਼ੀ ਪੜ੍ਹ ਲਿਖ ਸਕਦਾ, ਇੰਗਲੈਂਡ ਦੀ ਪਰਜਾ, ਕੌਮ ਈਸਟ ਇੰਡੀਅਨ, ਹਿੰਦੁਸਤਾਨ ਵਿਚ ਨੇੜਲਾ ਰਿਸ਼ਤੇਦਾਰ ਮੇਰਾ ਦਾਦਾ ਬਦਨ ਸਿੰਘ ਸਰਾਭਾ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਰਿਹਾ ਹੈ, ਮੰਜ਼ਿਲ ਸਾਨਫ਼ਰਾਂਸਿਸਕੋ।
 ਅਧਿਕਾਰੀਆਂ ਵੱਲੋਂ ਕਰਤਾਰ ਸਿੰਘ ਨਾਲ ਜਿਹੜੇ ਸਵਾਲ-ਜਵਾਬ ਹੋਏ, ਉਹਨਾਂ ਦਾ ਪ੍ਰਾਪਤ ਰੀਕਾਰਡ ਵਿਚ ਜ਼ਿਕਰ ਨਿਮਨ-ਲਿਖਤ ਅਨੁਸਾਰ ਹੈ।
 ਸਵਾਲ: ਤੇਰਾ ਰਸਤੇ ਦਾ ਖ਼ਰਚਾ ਕਿਸਨੇ ਦਿੱਤਾ?
 ਜਵਾਬ: ਮੇਰੇ ਦਾਦੇ ਬਦਨ ਸਿੰਘ ਨੇ
 ਸਵਾਲ: ਤੇਰੇ ਕੋਲ ਕਿੰਨਾਂ ਧਨ ਹੈ?
 ਜਵਾਬ: ਲਗਭਗ ਸੌ ਡਾਲਰ
 ਸਵਾਲ: ਕੀ ਤੂੰ ਪਹਿਲਾਂ ਵੀ ਕਦੀ ਯੂ ਐਸ ਵਿਚ ਰਿਹਾ ਸੀ?
 ਜਵਾਬ: ਨਹੀਂ
 ਸਵਾਲ: ਕੀ ਤੇਰੇ ਕੋਈ ਰਿਸ਼ਤੇਦਾਰ ਜਾਂ ਦੋਸਤ ਏਥੇ ਹਨ?
 ਜਵਾਬ: ਨਹੀਂ
 ਸਵਾਲ: ਤੂੰ ਏਥੇ ਕੀ ਕਰਨ ਦੀ ਆਸ ਕਰਦਾ ਹੈਂ?
 ਜਵਾਬ: ਮੈਂ ਏਥੇ ਪੜ੍ਹਾਂਗਾ
 ਸਵਾਲ: ਏਥੇ ਤੂੰ ਪੜ੍ਹੇਂਗਾ ਕਿੱਥੇ?
 ਜਵਾਬ: ਬਰਕਲੇ ਦੀ ਯੂਨੀਵਰਸਿਟੀ ਵਿਚ
 ਸਵਾਲ: ਯੂ ਐਸ ਵਿਚ ਰਹਿੰਦਿਆਂ ਤੇਰੀ ਮਦਦ ਕਿਵੇਂ ਹੋਵੇਗੀ?
 ਜਵਾਬ: ਮੇਰੇ ਦਾਦੇ ਵੱਲੋਂ, ਉਹ ਮੈਨੂੰ ਪੈਸੇ ਭੇਜੇਗਾ।
 ਸਵਾਲ: ਉਹਦਾ ਕੰਮ ਕਾਰ ਕੀ ਹੈ?
 ਜਵਾਬ: ਉਹ ਕਿਸਾਨ ਹੈ। ਉਹਦੀ ਤਿੰਨ ਸੌ ਏਕੜ ਜ਼ਮੀਨ ਹੈ।
 ਸਵਾਲ: ਕੀ ਤੇਰੇ ਕੋਈ ਭਰਾ ਹਨ?
 ਜਵਾਬ: ਨਹੀਂ ਮੈਂ ਇਕਲੌਤੀ ਔਲਾਦ ਹਾਂ।
 ਸਵਾਲ: ਤੂੰ ਆਪਣੇ ਦਾਦੇ ਨਾਲ ਕਿੰਨਾ ਸਮਾਂ ਰਿਹਾ?
 ਜਵਾਬ: ਮੇਰੇ ਪਿਤਾ ਨੂੰ ਮਰਿਆਂ ਗਿਆਰਾਂ ਸਾਲ ਹੋ ਗਏ ਹਨ, ਮੇਰੀ ਮਾਤਾ ਤਕਰੀਬਨ ਚਾਰ ਕੁ ਸਾਲ ਪਹਿਲਾਂ ਮਰੀ ਸੀ।
 ਸਵਾਲ: ਤੂੰ ਅੰਗਰੇਜ਼ੀ ਬੋਲਣੀ ਕਿੱਥੋਂ ਸਿੱਖੀ?
 ਜਵਾਬ: ਲੁਧਿਆਣੇ ਜ਼ਿਲ੍ਹੇ ਦੇ ਮਿਸ਼ਨ ਹਾਈ ਸਕੂਲ ਵਿਚੋਂ।
 ਸਵਾਲ: ਓਥੇ ਤੂੰ ਕਿੰਨਾਂ ਚਿਰ ਸਕੂਲ ਜਾਂਦਾ ਰਿਹਾ?
 ਜਵਾਬ: ਲਗਭਗ ਚਾਰ ਸਾਲ ਅਤੇ ਪੰਜ ਸਾਲ ਮੈਂ ਆਪਣੇ ਪਿੰਡ ਵਾਲੇ ਸਕੂਲ ਵਿਚ ਸੀ।
 ਸਵਾਲ: ਕੀ ਪੜ੍ਹਾਈ ਵਾਸਤੇ ਏਥੇ ਤੂੰ ਹੋਰ ਕੁਝ ਕਰਨ ਦਾ ਇਰਾਦਾ ਰੱਖਦਾ ਹੈਂ?
 ਜਵਾਬ: ਨਹੀਂ, ਮੇਰਾ ਦਾਦਾ ਮੈਨੂੰ ਹਰ ਮਹੀਨੇ ਪੈਸੇ ਭੇਜੇਗਾ।
 ਸਵਾਲ: ਕਿੰਨੀ ਰਾਸ਼ੀ?
 ਜਵਾਬ: ਲਗਭਗ ਚਾਲੀ ਡਾਲਰ ਇਕ ਮਹੀਨੇ ਦੇ।
 ਸਵਾਲ: ਬਰਕਲੇ 'ਚ ਤੇਰਾ ਪਤਾ ਕੀ ਹੋਵੇਗਾ?
 ਜਵਾਬ: ਮੈਂ ਅਜੇ ਨਹੀਂ ਦੱਸ ਸਕਦਾ।
 ਸਵਾਲ: ਕੀ ਤੂੰ ਇਸ ਦੇਸ਼ ਵਿਚ ਕੰਮ ਕਰੇਂਗਾ?
 ਜਵਾਬ: ਨਹੀਂ।
 ਸਵਾਲ: ਤੂੰ ਯੂ ਐਸ ਏ ਵਿਚ ਕਿੰਨਾਂ ਸਮਾਂ ਰੁਕੇਂਗਾ?
 ਜਵਾਬ: ਤਕਰੀਬਰ ਪੰਜ ਸਾਲ।
 ਸਵਾਲ: ਯੂਨੀਵਰਸਿਟੀ ਵਿਚ ਕਿਹੜਾ ਵਿਸ਼ਾ ਲਵੇਂਗਾ?
 ਜਵਾਬ: ਇਲੈਕਟ੍ਰੀਕਲ ਇੰਜੀਨੀਅਰਿੰਗ।
 ਸਵਾਲ: ਇਕ ਮਹੀਨਾ ਰਹਿਣ ਲਈ ਚਾਲੀ ਡਾਲਰ ਬਹੁਤ ਛੋਟੀ ਰਕਮ ਹੈ, ਕੀ ਇਹ ਨਹੀਂ ਹੈ?
 ਜਵਾਬ: ਮੈਂ ਚਾਲੀ ਡਾਲਰ ਤੋਂ ਜ਼ਿਆਦਾ ਲੈ ਸਕਦਾ ਹਾਂ।
 ਸਵਾਲ: ਲੋੜ ਪੈਣ 'ਤੇ ਉਹ ਤੈਨੂੰ ਜ਼ਿਆਦਾ ਧਨ ਭੇਜ ਭੇਜ ਸਕਦਾ ਹੈ?
 ਜਵਾਬ: ਹਾਂ।
 ਸਵਾਲ: ਬੋਰਡ ਦੀ ਆਮ ਸਹਿਮਤੀ ਨਾਲ ਰਾਇ ਹੈ ਕਿ ਵਿਦੇਸ਼ੀ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ।
 ਸਟੈਨੋਗ੍ਰਾਫ਼ਰ: ਮੈਂ ਸਹੀ ਕਰਦਾ ਹਾਂ ਕਿ ਇਹ ਕੇਸ ਦੀ ਸਹੀ ਪ੍ਰਤੀਲਿਪੀ ਹੈ (ਦਸਤਖ਼ਤ-ਈ ਏ ਕੈਰੋਲ)
 
 ਏਨੀ ਸਖਤ ਪੁੱਛ-ਗਿੱਛ ਤੋਂ ਬਾਅਦ ਜਦੋਂ ਉਹਨੂੰ ਅਮਰੀਕਾ ਵਿਚ ਦਾਖ਼ਲ ਹੋਣ ਦੀ ਆਗਿਆ ਮਿਲ ਹੀ ਗਈ ਤਾਂ ਉਸਨੇ ਆਪਣੇ ਨਾਲ ਹੀ ਆਏ ਇਕ ਸਿਆਣੇ ਮੁਸਾਫ਼ਰ ਨੂੰ ਇਸਦਾ ਕਾਰਨ ਪੁੱਛਿਆ। ਉਸਨੇ ਦੱਸਿਆ ਕਿ ਇਸ ਸਖ਼ਤ ਪੁੱਛ-ਗਿੱਛ ਦਾ ਕਾਰਨ ਇਹ ਹੈ ਕਿ ਤੁਸੀਂ ਇਕ ਗੁਲਾਮ ਦੇਸ਼ ਦੇ ਸ਼ਹਿਰੀ ਹੋ। ਅਮਰੀਕਾ ਵੜਦਿਆਂ ਹੀ 'ਗੁਲਾਮ ਦੇਸ਼ ਦਾ ਸ਼ਹਿਰੀ' ਹੋਣ ਦੀ ਕੌੜੀ ਹਕੀਕਤ ਨੇ ਉਹਦੀ ਸੰਵੇਦਨਸ਼ੀਲਤਾ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ। ਉਹ ਦੇਸ਼ ਰਹਿੰਦਿਆਂ ਵੀ ਗ਼ੁਲਾਮੀ ਦੀ ਲਾਹਨਤ ਨੂੰ ਮਹਿਸੂਸ ਕਰਦਾ ਸੀ ਪਰ ਸਾਥੀ ਮੁਸਾਫ਼ਰ ਦੇ ਇਸ ਜਵਾਬ ਨੇ ਉਹਦੀ ਗੁਲਾਮ ਹੋਂਦ ਦਾ ਜਿੰਨੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ, ਅਜਿਹਾ ਨਮੋਸ਼ੀ ਭਰਿਆ ਡੂੰਘਾ ਅਹਿਸਾਸ ਉਹਨੂੰ ਅੱਜ ਤੱਕ ਨਹੀਂ ਸੀ ਹੋਇਆ।
ਅਮਰੀਕਾ ਵਿਚ ਪੁੱਜਣ 'ਤੇ ਉਸਨੇ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਵਿਦਿਆ ਹਾਸਲ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਇਕ ਅਮਰੀਕਨ ਸੁਆਣੀ ਦੇ ਘਰ ਵਿਚ ਕਿਰਾਏਦਾਰ ਬਣ ਕੇ ਠਹਿਰਿਆ। ਅਮਰੀਕਾ ਦੇ ਆਜ਼ਾਦੀ-ਦਿਹਾੜੇ ਨੂੰ ਮਨਾਉਣ ਲਈ ਉਸ ਬਜ਼ੁਰਗ ਸੁਆਣੀ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਤੇ ਸ਼ਹੀਦ ਹੋਣ ਵਾਲੇ ਦੇਸ਼-ਭਗਤਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ ਅਤੇ ਉਹਨਾਂ ਪ੍ਰਤੀ ਆਪਣੀ ਅਕੀਦਤ ਦਾ ਪ੍ਰਗਟਾਵਾ ਕਰ ਰਹੀ ਸੀ। ਜਦੋਂ ਕਰਤਾਰ ਸਿੰਘ ਨੇ ਉਸਨੂੰ ਤਸਵੀਰਾਂ ਪ੍ਰਤੀ ਸ਼ਰਧਾ ਭੇਟ ਕਰਦਿਆਂ ਵੇਖ ਕੇ ਇਸਦਾ ਕਾਰਨ ਪੁੱਛਿਆ ਤਾਂ ਉਸ ਸਵਾਣੀ ਨੇ ਬੜਾ ਹੁੱਬ ਕੇ ਦੱਸਿਆ ਕਿ ਅੱਜ ਦਾ ਦਿਨ ਉਸ ਲਈ ਤੇ ਸਾਰੇ ਅਮਰੀਕੀਆਂ ਲਈ ਬੜਾ ਮਾਣ ਭਰਿਆ ਹੈ ਕਿਉਂਕਿ ਇਸ ਦਿਨ ਉਹਨਾਂ ਦਾ ਦੇਸ਼ ਗੁਲਾਮੀ ਦੀ ਹਨੇਰੀ ਗੁਫ਼ਾ ਵਿਚੋਂ ਨਿਕਲ ਕੇ ਆਜ਼ਾਦੀ ਦੇ ਚਾਨਣ ਨਾਲ ਰੁਸ਼ਨਾਇਆ ਗਿਆ ਸੀ। ਕਰਤਾਰ ਸਿੰਘ ਨੇ ਇਹ ਸੁਣ ਕੇ ਹਾਉਕਾ ਲਿਆ, "ਸਾਨੂੰ ਇਹ ਸੁਭਾਗ ਦਿਨ ਵੇਖਣ ਤੇ ਮਾਨਣ ਦਾ ਮੌਕਾ ਪਤਾ ਨਹੀਂ ਕਦੋਂ ਨਸੀਬ ਹੋਵੇਗਾ!'
 ਆਪਣੇ 'ਨਸੀਬਾਂ' ਦੀ ਲੜਾਈ ਲੜਨ ਲਈ ਉਸਨੂੰ ਯੂਨੀਵਰਸਿਟੀ ਵਿਚ ਬੜਾ ਸਾਜ਼ਗਾਰ ਮਾਹੌਲ ਮਿਲ ਗਿਆ। ਏਥੇ ਦੋ ਹੋਸਟਲਾਂ ਵਿਚ ਤੀਹ ਕੁ ਭਾਰਤੀ ਵਿਦਿਆਰਥੀ ਰਹਿੰਦੇ ਸਨ। ਇਹਨਾਂ ਵਿਦਿਆਰਥੀਆਂ ਵਿਚੋਂ ਬਹੁ-ਗਿਣਤੀ ਪੰਜਾਬੀ ਤੇ ਬੰਗਾਲੀ ਵਿਦਿਆਰਥੀਆਂ ਦੀ ਸੀ। ਪੰਜਾਬੀ ਇਕ ਹੋਸਟਲ ਵਿਚ ਰਹਿੰਦੇ ਸਨ ਜਦ ਕਿ ਬੰਗਾਲੀ ਤੇ ਮਦਰਾਸੀ ਆਦਿ ਵਿਦਿਆਰਥੀ ਇਕ ਵੱਖਰੇ ਹੋਸਟਲ ਵਿਚ ਠਹਿਰੇ ਹੋਏ ਸਨ। ਪਰ ਮਿਲਣ-ਗਿਲਣ ਤੇ ਆਪਸੀ ਰਿਸ਼ਤੇ ਵਿਚ ਵਿਚ ਉਹਨਾਂ ਦਾ ਇਕ ਦੂਜੇ ਪ੍ਰਤੀ ਰਵੱਈਆ ਭਰਾਵਾਂ ਵਰਗਾ ਸੀ। ਉਹਨਾਂ ਦੀ ਨੇੜਤਾ ਨੂੰ ਗੁੜ੍ਹਾ ਕਰਨ ਪਿੱਛੇ ਇੱਕ ਭਾਰਤ ਵਾਸੀ ਵਜੋਂ ਆਪਣੀ ਹੋਂਦ ਤੇ ਹਸਤੀ ਦੀ ਪਛਾਣ ਬਾਰੇ ਸੁਚੇਤ ਤੇ ਚੇਤੰਨ ਹੋਣ ਦੀ ਭਾਵਨਾ ਕਾਰਜਸ਼ੀਲ ਸੀ। ਉਹਨਾਂ ਵਿਚ ਰਾਜਨੀਤਕ ਚੇਤਨਾ ਦੀ ਚੰਗਿਆੜੀ ਮਘ ਚੁੱਕੀ ਸੀ। ਇਸ ਚੰਗਿਆੜੀ ਨੂੰ ਮਘਾਉਣ ਵਿਚ ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ ਅਤੇ ਇਕ ਬੰਗਾਲੀ ਇਨਕਲਾਬੀ ਵਿਦਿਆਰਥੀ ਜਤਿੰਦਰ ਲਹਿਰੀ ਦਾ ਬਹੁਤ ਯੋਗਦਾਨ ਸੀ। ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਦਾ ਵਿਦਿਆਰਥੀਆਂ ਨੂੰ ਏਕੇ ਦੀ ਲੜੀ ਵਿਚ ਪ੍ਰੋਣ ਵਿਚ ਵੱਡਾ ਯੋਗਦਾਨ ਸੀ; ਹਾਲਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਵਿਦਿਆਰਥੀਆਂ ਵਿਚ ਵਿਚਾਰਾਂ ਦਾ ਵਖਰੇਂਵਾ ਵੀ ਸੀ। ਕਰਤਾਰ ਸਿੰਘ ਸਰਾਭਾ ਤੇ ਦੂਜੇ ਪੰਜਾਬੀ ਵਿਦਿਆਰਥੀਆਂ ਦਾ ਖ਼ਿਆਲ ਸੀ ਕਿ ਦੇਸ਼ ਨੂੰ ਕੇਵਲ ਹਥਿਆਰਬੰਦ ਜੱਦੋ-ਜਹਿਦ ਰਾਹੀਂ ਹੀ ਆਜ਼ਾਦ ਕਰਵਾਇਆ ਜਾ ਸਕਦਾ ਹੈ। ਸਰਾਭਾ ਬਹੁਤ ਹੀ ਚੇਤੰਨ ਬੁੱਧ ਸੀ। ਇਸ ਕਰਕੇ ਛੇਤੀ ਹੀ ਉਹਦੀ ਗੱਲ ਵਿਦਿਆਰਥੀਆਂ ਵੱਲੋਂ ਤੇ ਦੂਜੇ ਆਗੂਆਂ ਵੱਲੋਂ ਸੁਣੀ ਜਾਣ ਲੱਗੀ। ਦੂਜੇ ਪਾਸੇ ਬਹੁਤੇ ਬੰਗਾਲੀ ਵਿਦਿਆਰਥੀ ਅਹਿੰਸਾ ਵਿਚ ਵਿਸ਼ਵਾਸ ਰੱਖਣ ਵਾਲੇ ਸਨ। ਉਹਨਾਂ ਦਾ ਖ਼ਿਆਲ ਸੀ ਕਿ ਉਹ ਬੜੀਆਂ ਤਕਲੀਫ਼ਾਂ ਝਾਗ ਕੇ ਏਥੇ ਪੜ੍ਹਨ ਆਏ ਹਨ, ਇਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਇਕਾਗਰ-ਚਿੱਤ ਹੋ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਦੇਸ਼ ਪਰਤ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਪਰ ਨਾਲ ਹੀ ਉਹ ਇਹ ਵੀ ਕਹਿੰਦੇ ਸਨ ਕਿ ਜਿੱਥੋਂ ਤੱਕ ਸੰਭਵ ਹੋ ਸਕਦਾ ਹੋਵੇ, ਉਹਨਾਂ ਨੂੰ ਭਾਰਤ ਦੀ ਆਜ਼ਾਦੀ ਲਈ ਵੀ ਕੁਝ ਕਰਨਾ ਚਾਹੀਦਾ ਹੈ।
 ਇਨਕਲਾਬੀ ਵਿਚਾਰਾਂ ਦੇ ਵਿਦਿਆਰਥੀ, ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਛੇਤੀ ਹੀ ਆਗੂ ਹੈਸੀਅਤ ਅਖ਼ਤਿਆਰ ਕਰ ਗਿਆ ਸੀ, ਫ਼ਰਾਂਸ, ਚੀਨ, ਰੂਸ ਤੇ ਇਟਲੀ ਵਿਚ ਹੋਏ ਜਾਂ ਹੋਰ ਰਹੇ ਇਨਕਲਾਬੀ ਯਤਨਾਂ ਬਾਰੇ ਪੜ੍ਹਦੇ ਤੇ ਵਿਚਾਰ-ਵਟਾਂਦਰਾ ਕਰਦੇ। ਸਰਾਭਾ ਜਾਣਦਾ ਸੀ ਕਿ ਬਿਨਾ ਇਨਕਲਾਬੀ ਗਿਆਨ ਤੋਂ, ਕੇਵਲ ਵਕਤੀ ਤੌਰ 'ਤੇ ਉਠੇ ਜਜ਼ਬਾਤੀ ਉਬਾਲ ਨਾਲ ਹੀ, ਦੇਸ਼ ਲਈ ਲੜਨਾ ਤੇ ਆਜ਼ਾਦ ਕਰਾ ਸਕਣਾ ਸਹਿਲ ਕਾਰਜ ਨਹੀਂ। ਉਸਨੇ ਮਹਾਨ ਇਨਕਲਾਬੀਆਂ_ਮੈਜ਼ਿਨੀ, ਰੂਸੋ, ਸਨਯੁਤ ਸੈਨ, ਪਰਿੰਸ ਕਰੌਪਟਕਿਨ, ਗੁਰੂ ਗੋਬਿੰਦ ਸਿੰਘ ਤੇ ਸਾਵਰਕਰ ਦੀਆਂ ਜੀਵਨੀਆਂ ਤੇ ਲਿਖਤਾ ਵੀ ਪੜ੍ਹੀਆਂ।
 ਲਾਲਾ ਹਰਦਿਆਲ ਨੇ ਹੋਸਟਲ ਦੇ ਵਿਦਿਆਰਥੀਆਂ ਨੂੰ ਇਕੱਠੇ ਕਰ ਉਹਨਾਂ ਦੇ ਮਤਭੇਦ ਦੂਰ ਕਰਾਉਣ ਲਈ ਇਕ ਮੀਟਿੰਗ ਕਰਨ ਦੀ ਸਲਾਹ ਦਿੱਤੀ। ਦਸੰਬਰ 1912 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ। ਲਾਲਾ ਹਰਦਿਆਲ ਹੋਸਟਲ ਵਿਚ ਆਏ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ੀ ਸਾਮਰਾਜ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਲਈ ਸਾਨੂੰ ਆਪਣੇ ਜ਼ਿੰਮੇ ਲੱਗਾ ਇਤਿਹਾਸਕ ਫ਼ਰਜ਼ ਅਦਾ ਕਰਦਿਆਂ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਨੂੰ ਭਾਰਤ ਵਿਚੋਂ ਪੁੱਟ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਇਸਤੋਂ ਵਧ ਕੇ ਨਾ ਕੋਈ ਪੜ੍ਹਾਈ ਹੋ ਸਕਦੀ ਹੈ ਤੇ ਨਾ ਕੋਈ ਜ਼ਿੰਦਗੀ ਦੀ ਹੋਰ ਪ੍ਰਾਪਤੀ ਹੋ ਸਕਦੀ ਹੈ। ਦੱਖਣ ਭਾਰਤ ਦੇ ਇਕ ਵਿਦਿਆਰਥੀ ਤੇ ਪਿੱਛੋਂ ਗ਼ਦਰ ਪਾਰਟੀ ਦੇ ਕਾਰਕੁਨ ਬਣੇ ਡੀ ਚੈਂਚਈਆ ਉਸ ਮੀਟਿੰਗ ਵਿਚ ਹਾਜ਼ਰ ਸਨ। ਉਹ ਲਿਖਦੇ ਹਨ ਕਿ ਲਾਲਾ ਹਰਦਿਆਲ ਨੇ ਆਪਣੇ ਪ੍ਰਭਾਵਸ਼ਾਲੀ ਤੇ ਭਾਵਪੂਰਤ ਭਾਸ਼ਨ ਦਾ ਤੋੜਾ ਝਾੜਦਿਆਂ ਅੰਤ ਵਿਚ ਕਿਹਾ, "ਆਪਣੇ ਆਪ ਨੂੰ ਮਹਾਨ ਦੇਸ਼-ਭਗਤ ਤੇ ਨਿਡਰ ਲੜਾਕੂ ਵਾਂਗ ਤਿਆਰ ਕਰੋ। ਤੁਹਾਡੇ ਰਸਤੇ ਵਿਚ ਮੁਸ਼ਕਿਲਾਂ ਆਉਣਗੀਆਂ । ਤੁਸੀਂ ਆਪਣੇ ਇਸ ਕ੍ਰਾਂਤੀਕਾਰੀ ਕਾਰਜ ਲਈ ਮਰ ਵੀ ਸਕਦੇ ਹੋ। ਡਾਕਟਰ, ਕਲੈਕਟਰ, ਇੰਜੀਨੀਅਰ ਜਾਂ ਬੈਰਿਸਟਰ ਤਾਂ ਕੋਈ ਵੀ ਬਣ ਸਕਦਾ ਹੈ, ਪ੍ਰੰਤੂ ਅੱਜ ਭਾਰਤ ਨੂੰ ਆਜ਼ਾਦੀ ਲਈ ਬਹਾਦਰ ਯੋਧਿਆਂ ਦੀ ਲੋੜ ਹੈ। ਬਰਤਾਨਵੀ ਹਕੂਮਤ ਦੇ ਗੁਲਾਮ ਬਣੇ ਰਹਿਣ ਨਾਲੋਂ ਤਾਂ ਆਜ਼ਾਦੀ ਖ਼ਾਤਰ ਆਈ ਮੌਤ ਸੌ ਦਰਜੇ ਚੰਗੀ ਹੈ।"
 ਲੈਕਚਰ ਤੋਂ ਬਾਅਦ ਬੰਗਾਲੀ ਵਿਦਿਆਰਥੀ ਜੇ ਐਨ ਲਹਿਰੀ ਨੇ ਲਾਲਾ ਜੀ ਨਾਲ ਸਵਾਲ-ਜਵਾਬ ਵੀ ਕੀਤੇ ਜੋ ਇਸ ਗੱਲ ਦਾ ਸਬੂਤ ਸੀ ਕਿ ਵਿਦਿਆਰਥੀ ਅੰਨ੍ਹੇ-ਵਾਹ ਕਿਸੇ ਦੇ ਮਗਰ ਲੱਗਣ ਨਾਲੋਂ ਵਿਚਾਰਾਂ ਨੂੰ ਰਿੜਕ ਕੇ ਕਿਸੇ ਨਿਰਣੈ 'ਤੇ ਅੱਪੜਦੇ ਸਨ। ਵਿਚਾਰਾਂ ਦੇ ਮੰਥਨ ਵਿਚੋਂ ਕਰਤਾਰ ਸਿੰਘ ਸਰਾਭਾ ਦਾ ਇਹ ਪੱਕਾ ਮੱਤ ਬਣ ਗਿਆ ਕਿ ਦੇਸ਼ ਨੂੰ ਹਥਿਆਰਬੰਦ ਇਨਕਲਾਬ ਰਾਹੀਂ ਆਜ਼ਾਦ ਕਰਾਉਣ ਤੋਂ ਇਲਾਵਾ ਹੋਰ ਕੋਈ ਢੁਕਵਾਂ ਰਾਹ ਨਹੀਂ। ਉਸਨੂੰ ਵੀ ਹੋਰਨਾਂ ਹਿੰਦੀਆਂ ਵਾਂਗ ਗੁਲਾਮੀ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਸਤਾਉਣ ਲੱਗਾ। ਗੁਲਾਮ ਦੇਸ਼ ਦੇ ਸ਼ਹਿਰੀ ਹੋਣ ਦੀ ਹੈਸੀਅਤ ਵਿਚ ਜੋ ਜ਼ਲਾਲਤ ਸਾਰੇ ਭਾਰਤਵਾਸੀਆਂ ਨੂੰ ਓਥੇ ਸਹਿਣੀ ਪੈ ਰਹੀ ਸੀ, ਉਸ ਜ਼ਲਾਲਤ ਦਾ ਸਾਹਮਣਾ ਹਰ ਰੋਜ਼ ਸਰਾਭੇ ਨੂੰ ਵੀ ਕਰਨਾ ਪੈਂਦਾ ਸੀ। ਉਹਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਿਹਾ ਸੀ ਕਿ 'ਕਾਲੇ ਕੁਲੀ', 'ਗੁਲਾਮ ਭੇਡਾਂ', 'ਭਾਰਤੀ ਕੁੱਤੇ', 'ਨਖਿੱਧ ਹਿੰਦੂ' ਤੇ 'ਡੈਮ-ਫੂਲ' ਜਿਹੇ ਸੰਬੋਧਨੀ ਲਕਬ ਸੁਣਨ ਤੇ ਸਹਿਣ ਨਾਲੋਂ ਜਾਂ ਤਾਂ ਕਿਸੇ ਵੀ ਕਿਸੇ ਵੀ ਸੂਰਤ ਵਿਚ ਦੇਸ਼ ਨੂੰ ਆਜ਼ਾਦ ਕਰਾ ਕੇ ਆਪਣੀ ਗੌਰਵਮਈ ਇਨਸਾਨੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਤੇ ਜਾਂ ਆਜ਼ਾਦੀ ਪ੍ਰਾਪਤ ਕਰਨ ਲਈ ਵਿੱਢੇ ਸੰਘਰਸ਼ ਵਿਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਜਾਵੇ। ਉਸਦੀ ਇਸ ਮਾਨਸਿਕਤਾ ਦਾ ਪ੍ਰਗਟਾਵਾ ਭਾਈ ਪਰਮਾਨੰਦ ਨੇ ਆਪਣੀ ਆਪ-ਬੀਤੀ ਵਿਚ ਕੁਝ ਇਸ ਪ੍ਰਕਾਰ ਕੀਤਾ ਹੈ। ਉਹ ਲਿਖਦੇ ਹਨ ਕਿ 'ਮੈਂ ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ ਕਿ ਉਸਨੇ ਦੇਸ਼ ਆ ਕੇ ਕੀ ਖੱਟਿਆ? ਅਮਰੀਕਾ ਵਿਚ ਉਹ ਆਰਾਮ ਅਤੇ ਖ਼ੁਸ਼ੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਪਰ ਹੁਣ ਜੇਲ੍ਹ ਵਿਚ ਸੜ ਰਿਹਾ ਸੀ। ਸ੍ਰੀ ਕਰਤਾਰ ਸਿੰਘ ਸਰਾਭਾ ਨੇ ਇਕਦਮ ਜਵਾਬ ਦਿੱਤਾ ਕਿ ਅਮਰੀਕਾ ਵਿਚ ਵੀ ਉਸ ਲਈ ਜ਼ਿੰਦਗੀ ਬੋਝਲ ਸੀ ਅਤੇ ਜਦੋਂ ਅਮਰੀਕਨ ਕੁਬਚਨ ਬੋਲਿਆ ਕਰਦੇ ਸਨ ਤਾਂ ਉਸਦਾ ਦਿਲ ਸੜ ਜਾਂਦਾ ਸੀ। ਮੈਂ ਅਸਲ ਵਿਚ ਮਰ ਜਾਣਾ ਚਾਹੁੰਦਾ ਸਾਂ ਤੇ ਏਥੇ ਮਰਨ ਆਇਆ ਹਾਂ।"
 ਸਰਾਭੇ ਦੇ ਇਹ ਵਿਚਾਰ ਉਸ ਵੇਲੇ ਦੇ ਸਾਰੇ ਅਮਰੀਕਨ ਭਾਰਤਵਾਸੀਆਂ ਦੀ ਮਾਨਸਿਕ ਸਥਿਤੀ ਨੂੰ ਪ੍ਰਗਟਾਉਂਦੇ ਹਨ। ਅਮਰੀਕਾ ਵਿਚ ਗੁਲਾਮ ਦੀ ਹੀਣੀ ਤੇ ਨਮੋਸ਼ੀ ਵਾਲੀ ਹਾਲਤ ਦਾ ਸਾਹਮਣਾ ਕਰਤਾਰ ਸਿੰਘ ਸਰਾਭੇ ਵਾਂਗ ਸਾਰੇ ਭਾਰਤੀ ਕਰ ਰਹੇ ਸਨ। ਇਸ ਮਾਨਸਿਕ ਸਥਿਤੀ 'ਚੋਂ ਬਾਹਰ ਨਿਕਲਣ ਲਈ ਜ਼ਰੂਰੀ ਸੀ ਕਿ ਇਕਮੁਠ ਹੋ ਕੇ ਦੇਸ਼ ਆਜ਼ਾਦ ਕਰਾਇਆ ਜਾਵੇ। ਵੱਖ ਵੱਖ ਥਾਵਾਂ 'ਤੇ ਰਹਿੰਦੇ ਭਾਰਤੀ ਗੋਰੇ ਨਸਲਵਾਦੀ ਮਜ਼ਦੂਰਾਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਇਕੱਠ ਵਿਚੋਂ ਪੈਦਾ ਹੋਈ ਸਾਂਝੀ ਸੋਚ ਨੇ ਉਹਨਾਂ ਨੂੰ ਜਾਤ ਤੇ ਮਜ਼੍ਹਬ ਦੀ ਵਲਗਣ ਉਲੰਘ ਕੇ ਭਾਰਤੀ ਦੀ ਪਛਾਣ ਦਿੱਤੀ। ਏਸੇ ਪਛਾਣ ਵਿਚੋਂ ਉਹਨਾਂ ਨੇ ਗੁਲਾਮੀ ਤੋਂ ਮੁਕਤ ਹੋਣ ਲਈ ਸਿਰ ਜੋੜ ਕੇ ਸੋਚਣਾ-ਵਿਚਾਰਨਾ ਸ਼ੁਰੂ ਕਰ ਦਿੱਤਾ। ਵੱਖ ਵੱਖ ਸ਼ਹਿਰਾਂ ਵਿਚ ਜਥੇਬੰਦੀਆਂ ਬਣਨ ਲੱਗੀਆਂ। ਕਰਤਾਰ ਸਿੰਘ ਸਰਾਭਾ ਇਹਨਾਂ ਰਾਜਨੀਤਕ ਸਰਗਰਮੀਆਂ ਨਾਲ ਨੇੜੇ ਤੋਂ ਜੁੜਿਆ ਹੋਇਆ ਸੀ। ਜਦੋਂ 21 ਅਪ੍ਰੈਲ 1913 ਨੂੰ ਵੱਖ ਵੱਖ ਥਾਵਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ' ਨਾਂ ਦੀ ਜਤੇਬੰਦੀ ਬਣਾਈ ਤਾਂ ਉਸ ਵੇਲੇ ਕਰਤਾਰ ਸਿੰਘ ਸਰਾਭਾ ਵੀ ਅੁਸ ਮੀਟਿੰਗ ਵਿਚ ਹਾਜ਼ਰ ਸੀ। ਉਹ ਆਪਣੇ ਹੀ ਪਿੰਡ ਦੇ ਉਮਰੋਂ ਵੱਡੇ ਸਾਥੀ ਭਾਈ ਰੁਲੀਆ ਸਿੰਘ ਕੋਲ ਆਇਆ ਹੋਇਆ ਸੀ ਤਾਕਿ ਖੇਤਾਂ ਵਿਚ ਕੰਮ ਕਰਕੇ ਕੁਝ ਪੈਸੇ ਕਮਾ ਲਵੇ। ਜਦੋਂ ਪਾਰਟੀ ਬਣਨ ਦਾ ਐਲਾਨ ਹੋਇਆ ਤਾਂ ਕਰਤਾਰ ਸਿੰਘ ਨੇ ਆਪਣੇ ਆਪ ਨੂੰ ਦੇਸ਼ ਅਤੇ ਪਾਰਟੀ ਲਈ ਸਮਰਪਤ ਕਰ ਦੇਣ ਦਾ ਅਜ਼ਮ ਲੈ ਲਿਆ। ਉਸਨੇ ਪੱਕੇ ਤੌਰ 'ਤੇ ਆਪਣਾ ਨਾਤਾ ਗ਼ਦਰ ਪਾਰਟੀ ਨਾਲ ਜੋੜ ਲਿਆ। ਮੌਤ ਤੋਂ ਭੈੜਾ ਗੁਲਾਮੀ ਦਾ ਜੀਵਨ ਜਿਊਣ ਨਾਲੋਂ ਉਸਨੇ ਗੁਲਾਮੀ ਤੋਂ ਮੁਕਤੀ ਪਾਉਣ ਲਈ ਸੰਘਰਸ਼ ਕਰਕੇ, ਮੌਕਾ ਆਉਣ 'ਤੇ ਮੌਤ ਨੂੰ ਵੀ ਵਰਨ ਤੇ ਚਿਰ-ਕਾਲ ਤੱਕ ਜਿਊਣ ਦਾ ਨਿਰਣਾ ਕਰ ਲਿਆ।
 ਅੰਗਰੇਜ਼ ਸਾਮਰਾਜ ਦੇ ਮੱਥੇ ਵਿਚ ਡੰਗ ਮਾਰਨ ਦੀ ਤਿੱਖੀ ਤਾਂਘ ਨੇ ਹੀ ਉਸਨੂੰ ਹਵਾਈ ਜਹਾਜ਼ ਉਡਾਉਣ ਦੀ ਸਿੱਖਿਆ ਲੈਣ ਲਈ ਵੀ ਉਤਸ਼ਾਹਤ ਕੀਤਾ। ਉਸ ਅੰਦਰ ਅਜਿਹੀ ਸਮਰੱਥਾ ਨੂੰ ਮਹਿਸੂਸ ਕਰਦਿਆਂ ਹੀ ਉਹਦੇ ਸੀਨੀਅਰ ਸਾਥੀਆਂ ਨੇ ਉਸਨੂੰ 'ਫੌਜੀ ਸਿਖਲਾਈ ਲੈਣ ਤੇ ਹਵਾਈ ਜਹਾਜ਼ ਚਲਾਉਣ ਦੀ ਟਰੇਨਿੰਗ ਲੈਣ ਲਈ ਚੁਣਿਆਂ ਸੀ। ਬਾਬਾ ਭਕਨਾ ਦੀ ਲਿਖਤ ਇਸ ਵੱਲ ਕੁਝ ਇਸ ਪ੍ਰਕਾਰ ਸੰਕੇਤ ਕਰਦੀ ਹੈ, 'ਲਾਲਾ ਹਰਦਿਆਲ ਦੇ ਚਲੇ ਜਾਣ ਤੋਂ ਪਿਛੋਂ ਮੈਂ ਬਹੁਤਾ ਵਕਤ ਆਸ਼ਰਮ ਨੂੰ ਹੀ ਦੇਣ ਲੱਗ ਪਿਆ। ਕਮਿਸ਼ਨ ਨੇ ਅਮਲੀ ਤਿਆਰੀ ਵੱਲ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਵਿਚ ਹਵਾਈ ਤਾਕਤ ਦੀ ਮਹਾਨਤਾ ਨੂੰ ਮਹਿਸੂਸ ਕੀਤਾ। ਨਾਲ ਹੀ ਫੌਜੀ ਸਿਖਲਾਈ ਦਾ ਪ੍ਰੋਗਰਾਮ ਬਣਾਇਆ। ਦੋ ਜਰਨੈਲ, ਕਰਤਾਰ ਸਿੰਘ ਸਰਾਭਾ ਤੇ ਮਾਸਟਰ ਊਧਮ ਸਿੰਘ ਕਸੇਲ ਚੁਣੇ ਗਏ। ਕਰਤਾਰ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਇਕ ਜਰਮਨ ਕੰਪਨੀ ਕੋਲ ਸਾਨਫ੍ਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਭੇਜਿਆ।'
 ਸਰਾਭੇ ਵੱਲੋਂ ਜਹਾਜ਼ ਉਡਾਉਣ ਤੇ ਉਸਨੂੰ ਮੁਰੰਮਤ ਕਰਨ ਦੀ ਸਿਖਲਾਈ ਪ੍ਰਾਪਤ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਉਹ ਵਕਤ ਆਉਣ ਅਤੇ ਲੋੜ ਪੈਣ 'ਤੇ ਗ਼ਦਰ ਕਰਨ ਦੀ ਮੁਹਿੰਮ ਵਿਚ ਆਪਣੀ ਇਸ ਯੋਗਤਾ ਦਾ ਲਾਭ ਉਠਾ ਸਕਦਾ ਸੀ। ਨਾਲ ਹੀ ਇਹ ਤੱਥ ਉਸਦੀ ਤਕਨੀਕੀ ਤੇ ਵਿਗਿਆਨਕ ਸੋਝੀ ਵੱਲ ਵੀ ਸੰਕੇਤ ਕਰਦਾ ਹੈ। ਮੇਰੀ ਜਾਣਕਾਰੀ ਤੇ ਅਨੁਮਾਨ ਅਨੁਸਾਰ ਤਾਂ ਉਹ ਪਹਿਲਾ ਭਾਰਤੀ ਹੈ ਜਿਸਨੇ ਸਭ ਤੋਂ ਪਹਿਲਾਂ ਹਵਾਈ ਜਹਾਜ਼ ਉਡਾਉਣਾ ਸਿੱਖਿਆ ਹੋਊ।
'ਹਿੰਦੀ ਐਸੋਸੀਏਸ਼ਨ', ਜੋ ਪਿੱਛੋਂ ਜਾ ਕੇ 'ਗ਼ਦਰ' ਅਖ਼ਬਾਰ ਦੀ ਲੋਕ-ਪ੍ਰਿਅਤਾ ਕਰਕੇ 'ਗ਼ਦਰ ਪਾਰਟੀ' ਦੇ ਨਾਂ ਨਾਲ ਜਾਣੀ ਜਾਣ ਲੱਗੀ ਸੀ, ਨੇ ਪਹਿਲੇ ਦਿਨ ਹੀ ਕੀਤੇ ਫ਼ੈਸਲਿਆਂ ਵਿਚ ਇਕ ਫ਼ੈਸਲਾ ਇਹ ਕੀਤਾ ਕਿ ਪਾਰਟੀ ਦਾ ਹੈਡਕਵਾਟਰ ਸਾਨਫ਼ਰਾਂਸਿਸਕੋ ਵਿਚ ਕਾਇਮ ਕਰ ਕੇ 'ਗ਼ਦਰ' ਅਖ਼ਬਾਰ ਕੱਢਣ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਪਰ ਜਦੋਂ ਕਈ ਮਹੀਨੇ ਅਖ਼ਬਾਰ ਨਾ ਨਿਕਲਿਆ ਤਾਂ ਲਾਲਾ ਹਰਦਿਆਲ ਵੱਲੋਂ ਵੱਟੀ ਚੁੱਪ ਦਾ ਕਾਰਨ ਪੁੱਛਣ ਲਈ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਪੁੱਛਿਆ ਤਾਂ ਲਾਲਾ ਹਰਦਿਆਲ ਨੇ ਆਪਣੀ ਬੀਮਾਰੀ ਦਾ ਬਹਾਨਾ ਲਾ ਕੇ ਅਖ਼ਬਾਰ ਕੱਢਣ ਤੋਂ ਅਸਮਰੱਥਾ ਪ੍ਰਗਟਾਈ ਤੇ ਇਹ ਸੁਝਾਅ ਵੀ ਦਿੱਤਾ ਕਿ ਉਹਨਾਂ ਦੀ ਥਾਂ ਇਹ ਕੰਮ ਕਰਨ ਲਈ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਨੂੰ ਅਮਰੀਕਾ ਬੁਲਾ ਲਿਆ ਜਾਵੇ। ਲਾਲਾ ਜੀ ਨੂੰ ਸਰਾਭਾ ਨੇੜੇ ਤੋਂ ਜਾਣਦਾ ਸੀ, ਇਸ ਲਈ ਉਹ ਲਾਲਾ ਜੀ ਕੋਲ ਗਿਆ ਤੇ ਅਖ਼ਬਾਰ ਕੱਢਣ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਲਾਲਾ ਜੀ ਨੂੰ ਪ੍ਰੇਰਿਤ ਕੀਤਾ। ਨਿਸਚੈ ਹੀ 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰਨ ਵਿਚ ਵਿਚ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਦਾ ਮੁੱਖ ਯੋਗਦਾਨ ਸੀ। ਇਸ ਤੱਥ ਦੀ ਪੁਸ਼ਟੀ ਕਰਦਿਆਂ ਸਚਿੰਦਰ ਨਾਥ ਸਾਨਿਆਲ ਕਹਿੰਦਾ ਹੈ ਕਿ ਸਰਾਭਾ ਅਤੇ ਉਹਦੇ ਇਕ ਦੋ ਸਾਥੀ ਹੀ ਸਭ ਤੋਂ ਪਹਿਲਾਂ ਜਾ ਕੇ ਲਾਲਾ ਹਰਦਿਆਲ ਕੋਲ 'ਅਜਿਹਾ ਪੱਤਰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ। ਹਰਦਿਆਲ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿਚ ਸਨ। ਉਨ੍ਹਾਂ ਖ਼ੁਸ਼ੀ ਖ਼ੁਸ਼ੀ ਇਸ ਕੰਮ ਨੂੰ ਹੱਥ ਵਿਚ ਲੈ ਲਿਆ। ਇਸਤਰ੍ਹਾਂ 'ਗ਼ਦਰ' ਨਾਮ ਦੇ ਅਖ਼ਬਾਰ ਦਾ ਪ੍ਰਕਾਸ਼ਨ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਏਸੇ ਨੇ ਗ਼ਦਰ ਪਾਰਟੀ ਦਾ ਸੰਗਠਨ ਕਰ ਦਿੱਤਾ।'
 ਇਹ ਹਵਾਲਾ ਦੱਸਦਾ ਹੈ ਕਿ ਸ਼ਾਇਦ ਪਾਰਟੀ ਬਣਨ ਤੋਂ ਵੀ ਪਹਿਲਾਂ ਸਰਾਭੇ ਤੇ ਉਹਦੇ ਸਾਥੀਆਂ ਨੇ ਅਖ਼ਬਾਰ ਕੱਢਣ ਦੇ ਮਹੱਤਵ ਨੂੰ ਪਛਾਣ ਲਿਆ ਸੀ। ਪਰ ਜਦੋਂ ਜ਼ਿੰਮੇਵਾਰੀ ਲੈ ਕੇ ਵੀ ਲਾਲਾ ਜੀ ਅਖ਼ਬਾਰ ਕੱਢਣੋਂ ਟਾਲਾ ਵੱਟਣ ਲੱਗੇ ਤਾਂ ਇਹ ਵੀ ਕਰਤਾਰ ਸਿੰਘ ਸਰਾਭਾ ਹੀ ਸੀ ਜਿਸਨੇ ਲਾਲਾ ਜੀ ਨੂੰ ਅਖ਼ਬਾਰ ਦਾ ਕੰਮ ਕਿਸੇ ਹੋਰ ਦੇ ਮੋਢਿਆਂ 'ਤੇ ਸੁੱਟਣ ਦੀ ਥਾਂ ਆਪ ਇਸ ਕਾਰਜ ਲਈ ਤਿਆਰ ਹੋਣ ਦਾ ਵਾਸਤਾ ਪਾਇਆ ਅਤੇ ਇਹ ਵੀ ਕਿਹਾ ਕਿ ਲਾਲਾ ਜੀ ਜਿਸ ਦਿਨ ਵੀ ਅਖ਼ਬਾਰ ਦਾ ਕੰਮ ਸ਼ੁਰੂ ਕਰਨਗੇ, ਉਹ ਯੂਨੀਵਰਸਿਟੀ ਦਾ ਹੋਸਟਲ ਛੱਡ ਕੇ ਉਹਨਾਂ ਨਾਲ ਹੈਡਕਵਾਟਰ 'ਤੇ ਆ ਕੇ ਅਖ਼ਬਾਰ ਛਾਪਣ ਲਈ ਪਹਿਲਾ ਸਹਾਇਕ ਬਣ ਕੇ, ਪਾਰਟੀ ਲਈ ਸਰਗਰਮ ਸੇਵਾ ਨਿਭਾਉਣ ਲਈ ਹਾਜ਼ਰ ਹੋ ਜਾਵੇਗਾ। ਪਾਰਟੀ ਦੀ ਵੀ ਇਹੋ ਮਨਸ਼ਾ ਅਤੇ ਜ਼ੋਰ ਸੀ ਕਿ ਅਖ਼ਬਾਰ ਕੱਢਣ ਦੀ ਜ਼ਿੰਮੇਵਾਰੀ ਲਾਲਾ ਜੀ ਨੂੰ ਹੀ ਓਟਣੀ ਚਾਹੀਦੀ ਹੈ। ਆਖ਼ਰਕਾਰ ਲਾਲਾ ਜੀ ਨੇ ਅਖ਼ਬਾਰ ਕੱਢਣ ਦੀ ਡਿਊਟੀ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਲਿਆ।
 'ਗ਼ਦਰ ਪਾਰਟੀ ਲਹਿਰ' ਦੇ ਕਰਤਾ ਜਗਜੀਤ ਸਿੰਘ ਹੁਰਾਂ ਦਾ ਹਵਾਲਾ ਇਸ ਪਰਸੰਗ 'ਤੇ ਹੋਰ ਰੌਸ਼ਨੀ ਪਾਉਂਦਾ ਹੈ, ਜਿਸ ਵਿਚ ਉਹ ਕਰਤਾਰ ਸਿੰਘ ਦੀ ਅਥਾਹ ਜੋਸ਼ ਨਾਲ ਕੰਮ ਕਰਨ ਦੀ ਤਾਕਤ ਤੇ ਅਖ਼ਬਾਰ ਸ਼ੁਰੂ ਕਰਵਾਉਣ ਵਿਚ ਉਹਦੀ ਭੂਮਿਕਾ ਦਾ ਵੇਰਵਾ ਇਸ ਪ੍ਰਕਾਰ ਦਿੰਦੇ ਹਨ:
 'ਸਰਾਭਾ, ਇਨਸਾਨੀ ਜਾਮੇ ਵਿਚ ਇਕ ਬਿਜਲੀ ਦੇ ਇੰਜਣ (੍ਹੁਮਅਨ ਧੇਨਅਮੋ) ਦੀ ਤਰ੍ਹਾਂ ਸਨ, ਜੋ ਆਪਣੇ ਬੇਹਿਸਾਬੇ ਜੋਸ਼ ਅਤੇ ਉਤਸ਼ਾਹ ਨਾਲ ਹਰ ਉਸ ਆਦਮੀ ਨੂੰ ਉਤਸ਼ਾਹ ਦੀ ਰੌਂਅ ਨਾਲ ਚਾਰਜ ਕਰਦੇ ਸਨ ਜਿਸਦਾ ਉਹਨਾਂ ਨਾਲ ਵਾਹ ਪੈਂਦਾ। ਜੇ ਸ੍ਰੀ ਸੋਹਨ ਸਿੰਘ ਭਕਨਾ ਦੀ ਗੱਲ ਸਹੀ ਮੰਨ ਲਈ ਜਾਏ ਕਿ ਲਾਲਾ ਹਰਦਿਆਲ ਅਖ਼ਬਾਰ ਦੀ ਜ਼ਿੰਮੇਵਾਰੀ ਨਿਭਾਉਣੋਂ ਢਿੱਲੇ ਪੈ ਗਏ ਸਨ ਤਾਂ ਇਹ ਵੱਡੀ ਗੱਲ ਨਹੀਂ ਕਿ ਪ੍ਰਬੰਧਕ ਕਮੇਟੀ ਦੇ ਜ਼ੋਰ ਪਾਉਣ ਅਤੇ 'ਸਰਾਭਾ' ਜੀ ਦੇ ਉਤਸ਼ਾਹ ਨੇ ਲਾਲਾ ਹਰਦਿਆਲ ਨੂੰ ਅਖ਼ਬਾਰ ਦੀ ਜ਼ਿੰਮੇਵਾਰੀ ਨਿਭਾਉਣ ਪੈਰਾਂ ਉਤੇ ਫਿਰ ਖੜਾ ਕੀਤਾ ਹੋਵੇ। ਸ੍ਰੀ ਹਰਨਾਮ ਸਿੰਘ ਟੁੰਡੀਲਾਟ, ਜੋ ਪਿੱਛੋਂ ਗ਼ਦਰ ਅਖ਼ਬਾਰ ਵਿਚ ਕੰਮ ਕਰਦੇ ਰਹੇ, ਦੱਸਦੇ ਹਨ ਕਿ ਸ੍ਰੀ ਕਰਤਾਰ ਸਿੰਘ ਸਰਾਭਾ ਨੇ ਦੋ ਸੌ ਡਾਲਰ ਜੋ ਵਿਦਿਆ ਦੇ ਖ਼ਰਚਾਂ ਲਈ ਉਨ੍ਹਾਂ ਨੂੰ ਦੇਸੋਂ ਆਇਆ ਸੀ, ਲਾਲਾ ਹਰਦਿਆਲ ਦੇ ਹਵਾਲੇ ਕੀਤਾ, ਅਤੇ ਅਖ਼ਬਾਰ ਛਾਇਆ ਕਰਨ ਦਾ ਪ੍ਰਬੰਧ ਕਰਨ ਵਿਚ ਇਕਦਮ ਜੁੱਟ ਪਏ। ਪਹਿਲੇ ਕੇਸ ਦੇ ਫ਼ੈਸਲੇ ਵਿਚ ਵੀ ਇਹ ਦਰਜ ਹੈ ਕਿ ਸ੍ਰੀ ਕਰਤਾਰ ਸਿੰਘ ਸਰਾਭਾ ਦਾ 'ਗ਼ਦਰ' ਦਾ ਪਹਿਲਾ ਪਰਚਾ ਕੱਢਣ ਵਿਚ ਹੱਥ ਸੀ।'
 ਸਚਿੰਦਰ ਨਾਥ ਸਾਨਿਆਲ, ਬਾਬਾ ਸੋਹਨ ਸਿੰਘ ਭਕਨਾ ਦੇ ਕਥਨਾਂ ਤੇ ਸਾਜਿਸ਼ ਕੇਸ ਦੇ ਫ਼ੈਸਲੇ ਵਿਚ 'ਗ਼ਦਰ' ਅਖ਼ਬਾਰ ਕੱਢਣ ਲਈ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਤੇ ਪ੍ਰੇਰਨਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਸ ਵਿਚ ਵੀ ਸ਼ੱਕ ਨਹੀਂ ਕਿ ਅਖ਼ਬਾਰ ਕੱਢਣ ਲਈ ਪਹਿਲੇ ਸਹਾਇਕ ਵਜੋਂ ਕਰਤਾਰ ਸਿੰਘ ਸਰਾਭਾ ਹੀ ਯੁਗਾਂਤਰ ਆਸ਼ਰਮ ਵਿਚ ਪੁੱਜਾ।
 ਛੋਟੀ ਉਮਰ ਵਿਚ ਹੀ ਉਹ ਆਪਣੇ ਅੰਦਰ ਬਹੁਪੱਖੀ ਵੱਡੀਆਂ ਸੰਭਾਵਨਾਵਾਂ ਲੁਕਾਈ ਬੈਠਾ ਸੀ ਜਿਨ੍ਹਾਂ ਦਾ ਪ੍ਰਗਟਾਵਾ ਸਮੇਂ ਸਮੇਂ ਲੋੜ ਪੈਣ ਤੇ ਕਰਦਾ ਰਿਹਾ। ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਮੁਢਲੀ ਜਿਹੀ ਜਾਣਕਾਰੀ ਰੱਖਣ ਵਾਲੇ ਪਾਠਕ ਵੀ ਇਹ ਜਾਣਦੇ ਹਨ ਕਿ ਗ਼ਦਰ ਲਹਿਰ ਦੀ ਉਸਾਰੀ ਵਿਚ 'ਗ਼ਦਰ' ਅਖ਼ਬਾਰ ਦਾ ਬੜਾ ਭਾਰੀ ਰੋਲ ਸੀ। ਇਸ ਅਖ਼ਬਾਰ ਰਾਹੀਂ ਹੀ ਗ਼ਦਰ ਦਾ ਸੁਨੇਹਾ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਤੱਕ ਪਹੁੰਚਾ ਕੇ ਉਹਨਾਂ ਦੀ ਸੁੱਤੀ ਆਤਮਾ ਨੂੰ ਜਗਾਇਆ ਗਿਆ। ਇਸ ਅਖ਼ਬਾਰ ਨੇ ਹੀ ਉਹਨਾਂ ਅੰਦਰ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਦੇ ਪ੍ਰਚੰਡ ਜਜ਼ਬੇ ਨੂੰ ਉੁਭਾਰਿਆ। ਫ਼ਲਸਰੂਪ ਉਹ ਨੀਦਰੇ ਝਾਗ ਕੇ ਤੇ ਕਰੜੀ ਮਿਹਨਤ ਨਾਲ ਬਣਾਈਆਂ ਆਪਣੀਆਂ ਜਾਇਦਾਦਾਂ ਤਿਆਗ ਕੇ ਗ਼ਦਰ ਕਰਨ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਤਾਂਘ ਲੈ ਕੇ, ਦੇਸ਼ ਵੱਲ ਧਾਈਆਂ ਕਰ ਕੇ ਆਣ ਪਹੁੰਚੇ। ਛੋਟੀ ਉਮਰ ਪਰ ਤੀਖ਼ਣ ਬੁੱਧੀ ਵਾਲੇ ਸਰਾਭੇ ਨੇ ਹੀ ਸਭ ਤੋਂ ਪਹਿਲਾਂ ਪ੍ਰੈਸ ਅਤੇ ਅਖ਼ਬਾਰ ਦੀ ਪ੍ਰਕਾਸ਼ਨਾ ਦੇ ਮਹੱਤਵ ਨੂੰ ਪਛਾਣਿਆਂ। ਉਹ ਜਾਣਦਾ ਸੀ ਕਿ ਅਖ਼ਬਾਰ ਉਹਨਾਂ ਦਾ ਸੁਨੇਹਾ ਦੂਰ ਦੁਰਾਡੇ ਵੱਸਦੇ ਭਾਰਤੀਆਂ ਤੱਕ ਅਪੜਾ ਸਕਦਾ ਹੈ ਅਤੇ ਦੇਸ਼ ਪਹੁੰਚ ਕੇ ਗ਼ਦਰ ਕਰਨ ਦੀ ਉਹਨਾਂ ਦੀ ਮੁਹਿੰਮ ਨੂੰ ਹੁਲਾਰਾ ਦੇਣ ਵਿਚ ਵੱਡਾ ਰੋਲ ਅਦਾ ਕਰ ਸਕਦਾ ਹੈ।
 ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦ

No comments:

Post a Comment