Friday, 23 May 2014

part-2
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਵਿਸ਼ੇਸ਼(24 ਮਈ 1896 ਤੋਂ 16 ਨਵੰਬਰ 1915) 
 ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
 ਕਰਤਾਰ ਸਿੰਘ ਸਰਾਭਾ

 ਵਰਿਆਮ ਸਿੰਘ ਸੰਧੂ


ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦੇ ਏਜੰਡੇ ਉੱਤੇ ਸੀ ਪਰ ਸਮੇਂ ਤੋਂ ਪਹਿਲਾਂ ਜੰਗ ਲੱਗ ਜਾਣ ਕਰਕੇ ਗ਼ਦਰ ਕਰਨ ਦੀ ਕਾਹਲ ਪੈ ਗਈ ਤੇ ਦਿਨ-ਰਾਤ ਦੇ ਅਣਥੱਕ ਰੁਝੇਵਿਆਂ ਕਰਕੇ ਉਹ ਪ੍ਰੈਸ ਲਾਉਣ ਅਤੇ ਪਰਚਾ ਛਾਪਣ ਦਾ ਸੁਪਨਾ ਪੂਰਾ ਨਾ ਕਰ ਸਕਿਆ। ਭਾਰਤ ਆਣ ਕੇ ਯੁਗਾਂਤਰ ਆਸ਼ਰਮ ਵਰਗਾ ਅਦਾਰਾ ਕਾਇਮ ਕਰਨ ਤੇ ਅਖ਼ਬਾਰ ਸ਼ੁਰੂ ਕਰਨ ਦੇ ਉਹਦੇ ਯਤਨਾਂ ਦਾ ਖ਼ਾਕਾ ਬਲਵੰਤ (ਸ਼ਹੀਦ ਭਗਤ ਸਿੰਘ) ਨੇ ਕੁਝ ਇਸ ਪ੍ਰਕਾਰ ਖਿੱਚਿਆ ਹੈ, 'ਉਸਨੇ ਦੋ ਬੜੇ ਜ਼ਬਰਦਸਤ ਬਿਆਨ ਅਦਾਲਤ ਵਿਚ ਦਿਤੇ ਸਨ। ਉਹਨਾਂ ਵਿਚ ਉਸਨੇ ਸਭ ਕੁਛ ਬੜੀ ਬਹਾਦਰੀ ਅਤੇ ਦਲੇਰੀ ਨਾਲ ਮੰਨਿਆ ਸੀ। ਕਰਤਾਰ ਸਿੰਘ ਸੂਰਬੀਰ ਸੀ। ਤੇ ਉਹ ਕਾਇਰਾਂ ਦੀ ਮੌਤ ਮਰਨਾ ਨਹੀਂ ਜਾਣਦਾ ਸੀ। ਉਹ ਦਸਦਾ ਹੈ: ''ਮੈਂ ਹਿੰਦੁਸਤਾਨ ਵਿਚ ਇਸ ਕੰਮ 'ਤੇ ਲਾਇਆ ਗਿਆ ਸਾਂ ਕਿ ਮੈਂ ਇਕ ਆਸ਼ਰਮ ਦੀ ਬੁਨਿਆਦ ਰਖਾਂ, ਜਿਸਦਾ ਮੰਤਵ ਯੁਗਾਂਤਰ ਆਸ਼ਰਮ ਵਾਲਾ ਹੀ ਹੋਵੇ ਅਤੇ ਜੇ ਲੋੜ ਪਵੇ ਤਾਂ ਸਾਹਿਤ ਵੰਡ ਕੇ ਪ੍ਰਚਾਰ ਕੀਤਾ ਜਾਵੇ। ਮੈਂ ਕਪੂਰਥਲੇ ਗਿਆ ਸੀ ਅਤੇ ਮੇਰੇ ਨਾਲ ਪਿੰਗਲੇ, ਅਮਰ ਸਿੰਘ ਅਤੇ ਪਰਮਾਨੰਦ (ਦੂਜਾ) ਵੀ ਸਨ। ਓਥੇ ਰਾਮ ਸਰਨ ਦਾਸ ਨਾਲ ਗੱਲਬਾਤ ਹੋਈ ਸੀ ਅਤੇ ਉਸਨੂੰ ਆਖਿਆ ਗਿਆ ਸੀ ਕਿ ਉਹ ਅਖ਼ਬਾਰ ਦੀ ਸਕੀਮ ਵਿਚ ਹਿੱਸਾ ਲਵੇ ਅਤੇ ਕੁਛ ਸਹਾਇਤਾ ਕਰੇ। ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਮੈਂ, ਪਿੰਗਲੇ ਅਤੇ ਪਰਮਾਨੰਦ (ਦੂਜਾ) ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿਚ ਵੀ ਗਏ ਸਾਂ। ਓਥੇ ਸਾਡੇ ਜਾਣ ਦਾ ਭਾਵ ਇਹ ਸੀ ਕਿ ਅਖ਼ਬਾਰ ਕੱਢਣ ਤੇ ਵਿਚਾਰ ਕੀਤੀ ਜਾਵੇ। ਜਨਵਰੀ ਵਿਚ ਮੈਂ ਰਾਸ ਬਿਹਾਰੀ ਬੋਸ ਨੂੰ ਵੀ ਮਿਲਿਆ ਸੀ ਅਤੇ ਮੇਰਾ ਪਿੰਗਲੇ ਨੇ ਉਸ ਨਾਲ ਮੇਲ ਮਿਲਾਪ ਕਰਾਇਆ ਸੀ। ਉਸ ਨਾਲ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ ਇਕ ਅਖ਼ਬਾਰ ਬੰਗਾਲੀ ਬੋਲੀ ਵਿਚ ਵੀ ਕੱਢਣਾ ਚਾਹੁੰਦੇ ਸਾਂ।'
 ਖ਼ੁਦ ਕਰਤਾਰ ਸਿੰਘ ਸਰਾਭੇ ਨੇ ਆਪਣੇ ਬਿਆਨ ਵਿਚ ਭਾਰਤ ਵਿਚ ਯੁਗਾਂਤਰ ਆਸ਼ਰਮ ਬਨਾਉਣ ਤੇ ਅਖ਼ਬਾਰ ਕੱਢਣ ਦੇ ਮਨਸ਼ੇ ਦਾ ਇਜ਼ਹਾਰ ਕੀਤਾ ਸੀ, 'ਮੈਂ ਪਿਛਲੇ ਸਤੰਬਰ ਵਿਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿਚ ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ ਅਖ਼ਬਾਰ ਜਾਰੀ ਕੀਤਾ ਜਾਵੇ।'
 ਇਹ ਵੱਖਰੀ ਗੱਲ ਹੈ ਕਿ ਉਸਦਾ ਅਖ਼ਬਾਰ ਕੱਢਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਗ਼ਦਰੀ ਸੂਰਬੀਰਾਂ ਤੋਂ ਪਰੇਰਨਾ ਲੈਣ ਵਾਲੇ ਬੱਬਰ ਅਕਾਲੀਆਂ ਤੇ ਸਾਂਝੀਵਾਲ ਪਾਰਟੀ ਵਾਲੇ ਭਾਈ ਸੰਤੋਖ ਸਿੰਘ ਕਿਰਤੀ ਹੁਰਾਂ ਨੇ ਆਪਣੀ ਪ੍ਰੈਸ, ਆਪਣੇ ਪਰਚੇ ਤੇ ਪੰਜਾਬੀ ਭਾਸ਼ਾ ਦੇ ਮਹਤੱਵ ਨੂੰ ਸਵੀਕਾਰਿਆ ਵੀ ਤੇ ਇਹਨਾਂ ਨੂੰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਪਰਸਾਰ ਦਾ ਵਾਹਨ ਵੀ ਬਣਾਇਆ।
 ਗ਼ਦਰ ਪਾਰਟੀ ਦਾ ਗਲੇ ਮਿਲਦੀਆਂ ਦੋ ਤਲਵਾਰਾਂ ਵਾਲਾ ਤਿੰਨ-ਰੰਗਾ ਝੰਡਾ ਵੀ ਕਰਤਾਰ ਸਿੰਘ ਸਰਾਭੇ ਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। ਇਸਦੀ ਪੁਸ਼ਟੀ ਸਰਾਭੇ ਦੇ ਖ਼ਿਲਾਫ਼ ਮੁਕੱਦਮੇ ਵਿਚ ਭੁਗਤਣ ਵਾਲੇ ਸਰਕਾਰੀ ਵਕੀਲ ਮਿ ਪਿੱਟਮੈਨ ਨੇ ਵੀ ਕੀਤੀ ਹੈ। ਇਹ ਤੱਥ ਇਸ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸਰਾਭਾ ਰੰਗਾਂ ਦੀ ਪਛਾਣ ਤੇ ਢੁਕਵੀਂ ਵਰਤੋਂ ਕਰਨ ਵਾਲਾ ਚਿਤਰਕਾਰ ਜਾਂ ਕਲਾਕਾਰ ਹੀ ਨਹੀਂ ਸੀ ਸਗੋਂ ਡੂੰਘੀ ਇਤਿਹਾਸਕ ਤੇ ਰਾਜਨੀਤਕ ਸਮਝ ਤੇ ਉੱਚੀ ਕਲਪਨਾ ਉਡਾਰੀ ਵਾਲਾ ਦੂਰਦਰਸ਼ੀ ਪ੍ਰਤਿਭਾਵਾਨ ਇਨਕਲਾਬੀ ਸੀ। ਵੱਖ ਵੱਖ ਲਿਖਤਾਂ ਵਿਚ ਖਿੰਡਰੇ ਹੋਏ ਇਤਿਹਾਸਕ ਹਵਾਲਿਆਂ ਵਿਚੋਂ ਉਹਦੀ ਬਹੁਮੁਖੀ ਪ੍ਰਤਿਭਾ ਦੇ ਸਾਨੂੰ ਅਨੇਕ ਝਲਕਾਰੇ ਮਿਲਦੇ ਹਨ।
 ਉਸਦੀ ਯੋਗਤਾ ਦਾ ਇਕ ਹੋਰ ਪਸਾਰ ਸੀ ਲੇਖਕ, ਪੱਤਰਕਾਰ ਤੇ ਸ਼ਾਇਰ ਵਜੋਂ ਆਪਣੀ ਪ੍ਰਤਿਭਾ ਨੂੰ ਗ਼ਦਰ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਵਰਤਣਾ। ਪੜ੍ਹਿਆ ਲਿਖਿਆ ਪ੍ਰਤਿਭਾਵਾਨ ਨੌਜਵਾਨ ਹੋਣ ਕਰਕੇ ਅਤੇ ਸਭ ਤੋਂ ਪਹਿਲਾਂ 'ਗ਼ਦਰ' ਅਖ਼ਬਾਰ ਨੂੰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਲਾਲਾ ਹਰਦਿਆਲ ਕੋਲ ਜਾਣ ਕਾਰਨ ਹੀ ਸ਼ਾਇਦ ਲਾਲਾ ਹਰਦਿਆਲ ਅਤੇ ਉਹਦੇ ਸਾਥੀਆਂ ਨੇ ਅਖ਼ਬਾਰ ਚਲਾਉਣ ਲਈ ਮੁਢਲੇ ਸਹਾਇਕ ਵਜੋਂ ਸਰਾਭੇ ਦੀ ਡਿਊਟੀ ਲਾਈ ਸੀ। ਬਾਅਦ ਵਿਚ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਵੀ ਨਾਲ ਜੋੜ ਲਿਆ ਗਿਆ। ਯੂਪੀ ਦੇ ਨੌਜਵਾਨ ਸਾਥੀ ਰਘਵੀਰ ਦਿਆਲ ਨਾਲ ਮਿਲ ਕੇ ਮਸ਼ੀਨ ਚਲਾਉਣ ਤੇ ਅਖ਼ਬਾਰ ਛਾਪਣ ਵਿਚ ਕਰੜੀ ਮਿਹਨਤ ਕਰਨ ਤੋਂ ਇਲਾਵਾ ਅਖ਼ਬਾਰ ਵਿਚ ਛਪਣ ਲਈ ਆਈਆਂ ਬਹੁਤੀਆਂ ਲਿਖਤਾਂ ਦਾ ਉਰਦੂ ਤੋਂ ਪੰਜਾਬੀ ਵਿਚ ਉਲਥਾ ਜਾਂ ਉਤਾਰਾ ਵੀ ਸਰਾਭਾ ਹੀ ਕਰਦਾ ਸੀ। ਬਹੁਤੀ ਵਾਰ ਅਖ਼ਬਾਰ ਲਈ ਲੇਖ ਵੀ ਆਪ ਲਿਖਦਾ। ਬਲਵੰਤ ਦੇ ਨਾਂ 'ਤੇ ਛਪੇ ਲੇਖ ਵਿਚ (ਇਸ ਨਾਂ 'ਤੇ ਸ਼ਹੀਦ ਭਗਤ ਸਿੰਘ ਲਿਖਦਾ ਹੁੰਦਾ ਸੀ) ਸਰਾਭੇ ਨੂੰ 'ਗ਼ਦਰ' ਅਖ਼ਬਾਰ ਦਾ 'ਵੱਡਾ ਲਿਖਾਰੀ' ਕਿਹਾ ਗਿਆ ਹੈ, 'ਪਹਿਲਾਂ ਪਹਿਲਾਂ ਇਹ ਅਖ਼ਬਾਰ ਗੁਰਮੁਖੀ ਵਿਚ ਛਪਦਾ ਸੀ। ਇਸ ਦਾ ਵੱਡਾ ਲਿਖਾਰੀ ਸਾਡਾ ਬੀਰ ਕਰਤਾਰ ਸਿੰਘ ਹੀ ਸੀ।'
 ਜਦੋਂ ਅਜੇ ਰਘਵੀਰ ਦਿਆਲ ਤੇ ਬਾਬਾ ਟੁੰਡੀਲਾਟ ਉਹਦੀ ਸਹਾਇਤਾ ਲਈ ਨਹੀਂ ਸਨ ਪੁੱਜੇ ਅਤੇ ਉਹ ਤੇ ਲਾਲਾ ਹਰਦਿਆਲ ਹੀ ਯੁਗਾਂਤਰ ਆਸ਼ਰਮ ਵਿਚ ਰਹਿੰਦੇ ਸਨ ਤਾਂ ਜ਼ਾਹਿਰ ਹੈ ਸਰਾਭਾ ਇਕੱਲਾ ਹੀ ਮਸ਼ੀਨ ਚਲਾਉਣ, ਅਖ਼ਬਾਰ ਲਈ ਲਿਖਣ ਜਾਂ ਅਖ਼ਬਾਰ ਛਾਪਣ ਦਾ ਉਪਰਾਲਾ ਕਰਦਾ ਸੀ। ਜਿਸ ਦਿਨ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਪ੍ਰਕਾਸ਼ਤ ਹੋਣਾ ਸੀ ਉਸਤੋਂ ਪਹਿਲੀ ਰਾਤ ਬਾਬਾ ਕਰਮ ਸਿੰਘ ਚੀਮਾ ਤੇ ਉਹਦਾ ਇਕ ਸਾਥੀ 'ਯੁਗਾਂਤਰ ਆਸ਼ਰਮ' ਵਿਚ ਠਹਿਰੇ ਸਨ। ਬਾਬਾ ਚੀਮਾ ਲਿਖਦੇ ਹਨ, 'ਜਦ ਅਸੀਂ ਸਵੇਰੇ ਉਠੇ ਤਾਂ ਕਰਤਾਰ ਸਿੰਘ ਤੇ ਲਾਲਾ ਹਰਦਿਆਲ ਉਸ ਛੋਟੀ ਜਿਹੀ ਹੱਥ ਨਾਲ ਫੇਰਨ ਵਾਲੀ ਮਸ਼ੀਨ ਨੂੰ ਤਿਆਰ ਕਰ ਰਹੇ ਸੀ ਜਿਸ ਨਾਲ ਅਖ਼ਬਾਰ ਛਾਪਣਾ ਸੀ। ਉਸ ਦਿਨ ਉਹਨਾਂ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਕਢਣਾ ਸੀ। ਅਸੀਂ ਬੇਨਤੀ ਕੀਤੀ ਕਿ ਜੇ ਤੁਸੀਂ ਕਹੋ ਤਾਂ ਅਸੀਂ ਮਸ਼ੀਨ ਫੇਰਦੇ ਹਾਂ, ਸਾਨੂੰ ਆਗਿਆ ਦੇਵੋ ਤਾਂ ਹਰਦਿਆਲ ਨੇ ਕਿਹਾ ਭਈ ਇਹ ਸਾਡਾ ਹੀ ਕੰਮ ਹੈ।'
 ਨੌਜਵਾਨ ਹੋਣ ਕਰਕੇ ਤੇ ਕੰਮ ਕਰਨ ਦੇ ਚਾਅ ਨਾਲ ਲਬਾਲਬ ਭਰਪੂਰ ਹੋਣ ਕਰਕੇ ਅਸਲ ਵਿਚ ਇਹ ਕੰਮ ਕਰਤਾਰ ਸਿੰਘ ਸਰਾਭਾ ਹੀ ਕਰਦਾ ਸੀ। ਇਸਦੀ ਪੁਸ਼ਟੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਇਸਤਰ੍ਹਾਂ ਕਰਦੇ ਹਨ, 'ਔਰ ਉਸ ਵਕਤ ਪਰ ਦਫ਼ਤਰ ਔਰ ਪ੍ਰੈਸ ਮੇਂ ਤੀਨੋ ਆਦਮੀ ਕਰਤਾਰ ਸਿੰਘ, ਰਘਵੀਰ ਦਿਆਲ ਗੁਪਤਾ ਦੋਨੋ 18 ਸਾਲ ਕੀ ਉਮਰ ਕੇ (ਸਕੂਲੀ ਲੜਕੇ) ਔਰ ਤੀਸਰੇ ਲਾਲਾ ਜੀ। ਇਨ ਤੀਨੋ ਨੇ ਹੀ ਮਿਹਨਤ ਮੁਸ਼ਕਤ ਕਾ ਕਾਮ ਕਭੀ ਨਹੀਂ ਕੀਆ ਹੂਆ ਥਾ। ਹਾਂ ਕਰਤਾਰ ਸਿੰਘ ਪੰਜਾਬੀ ਜੱਟ ਸਪੁੱਤਰ ਜੋ 19ਵੀਂ ਸਦੀ ਕੇ ਕੁਝ ਸਾਲ ਬਾਕੀ ਰਹਿਤੇ ਪੈਦਾ ਹੂਆ ਹੋਨੇ ਕੀ ਵਜਾਹ ਸੇ ਕੁਝ ਨਾ ਕੁਝ ਮੁਸ਼ਕਤ ਕਾ ਕਾਮ ਕਰ ਸਕਤਾ ਥਾ।'
 ਬਲਵੰਤ ਉਰਫ਼ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੇ ਅਖ਼ਬਾਰ ਛਾਪਣ ਲਈ ਕੀਤੇ ਜਾਣ ਵਾਲੇ ਮਹੱਤਵ ਪੂਰਨ ਯਤਨਾਂ ਨੂੰ ਬਿਆਨ ਕਰਦਿਆਂ ਲਿਖਦਾ ਹੈ, 'ਇਹ ਅਖ਼ਬਾਰ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ ਅਤੇ ਹਰ ਇਕ ਨੂੰ ਮੁਫ਼ਤ ਹੀ ਘਲੇ ਜਾਂਦੇ ਸਨ। ਕਦੇ ਕਿਸੇ ਕੋਲੋਂ ਚੰਦਾ ਨਹੀਂ ਮੰਗਿਆ ਜਾਂਦਾ ਸੀ। ਇਸ ਸਾਰੇ ਹੀ ਕੰਮ ਕਾਜ ਵਿਚ ਬਹੁਤ ਸਾਰਾ ਪੁਰਸ਼ਾਰਥ ਭਾਈ ਕਰਤਾਰ ਸਿੰਘ ਜੀ ਦਾ ਸੀ। ਉਹ ਬੜੇ ਹੀ ਪ੍ਰੇਮ ਨਾਲ ਅਤੇ ਦਿਲੀ ਲਗਨ ਨਾਲ ਕੰਮ ਕਰਦਾ ਸੀ ਅਤੇ ਉਸਦਾ ਚੇਹਰਾ ਹਰ ਵੇਲੇ ਹਸੂੰ ਹਸੂੰ ਹੀ ਕਰਦਾ ਰਹਿੰਦਾ ਸੀ। ਇਹ ਉਸਦੇ ਯਤਨਾਂ ਦਾ ਹੀ ਫਲ ਸੀ ਕਿ ਜਿਥੇ ਕਿਥੇ ਵੀ ਕੋਈ ਹਿੰਦ ਵਾਸੀ ਸੀ, ਓਥੇ ਹੀ ਉਸਨੂੰ ਪਰਚਾ ਪਹੁੰਚਾਇਆ ਜਾਂਦਾ ਸੀ।'
 ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ, ' 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਨਿਕਲਿਆ ਤਾਂ ਹਰਦਿਆਲ ਦੇ ਉਰਦੂ ਵਿਚ ਲਿਖੇ ਮਜ਼ਮੂਨਾਂ ਦਾ ਤਰਜਮਾ ਕਰਤਾਰ ਸਿੰਘ ਹੀ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ ਹੱਥੀਂ ਚਲਾਉਂਦਾ ਸੀ। ਸ਼ੁਰੂ ਸ਼ੁਰੂ ਵਿਚ ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ 'ਤੇ ਹੀ ਰਿਹਾ। ਕਈ ਹਫ਼ਤੇ ਮਗਰੋਂ ਦੂਜੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸਨੂੰ ਦਿਨ ਰਾਤ ਆਰਾਮ ਦੀ ਕਦੀ ਨਾ ਸੁੱਝੀ।'
 ਅਖ਼ਬਾਰ ਛਾਪਣ ਵਿਚ ਸਰੀਰਕ ਮਿਹਨਤ ਕਰਨ ਤੋਂ ਇਲਾਵਾ ਸਰਾਭਾ 'ਗ਼ਦਰ' ਦੇ ਪਹਿਲੇ ਅੰਕ ਤੋਂ ਹੀ ਉਸ ਵਿਚ ਲੇਖ ਜਾਂ ਕਵਿਤਾਵਾਂ ਦੀ ਸ਼ਕਲ ਵਿਚ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ। 'ਗ਼ਦਰ-ਗੂੰਜਾਂ' ਦੀਆਂ ਬਹੁਤ ਸਾਰੀਆਂ ਜ਼ਿਕਰ-ਯੋਗ ਤੇ ਉਸਦੇ ਨਾਂ ਨਾਲ ਜੋੜ ਕੇ ਬਾਰ ਬਾਰ ਦੁਹਰਾਈਆਂ ਜਾਣ ਵਾਲੀਆਂ ਕਵਿਤਾਵਾਂ ਦਾ ਜ਼ਿਕਰ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ। ਉਹਨਾਂ ਦੇਸ਼ ਭਗਤਾਂ ਵਿਚ ਵਿਅਕਤੀਗਤ ਪ੍ਰਦਰਸ਼ਨ ਦੀ ਰੁਚੀ ਨਾ ਹੋਣ ਕਰਕੇ ਤੇ ਕੁਝ ਸੁਰੱਖਿਆ ਕਾਰਨਾਂ ਦੇ ਰੂਬਰੂ ਵੀ ਲਿਖਤਾਂ ਜਾ ਕਵਿਤਾਵਾਂ ਉੱਤੇ ਲੇਖਕ ਜਾਂ ਕਵੀ ਦਾ ਅਸਲੀ ਨਾਂ ਨਹੀਂ ਸੀ ਛਪਦਾ। ਇਸ ਕਰਕੇ ਇਹ ਅਨੁਮਾਨ ਲਾਉਣਾ ਹੁਣ ਬੜਾ ਮੁਸ਼ਕਲ ਹੈ ਕਿ 'ਗ਼ਦਰ' ਅਖ਼ਬਾਰ ਵਿਚ ਛਪਦੇ ਲੇਖਾਂ ਜਾਂ ਕਵਿਤਾਵਾਂ ਵਿਚੋਂ ਸਰਾਭੇ ਦੁਆਰਾ ਕਿਨ੍ਹਾਂ ਕਿਰਤਾਂ ਦੀ ਸਿਰਜਣਾ ਕੀਤੀ ਗਈ। ਤਦ ਵੀ ਕੁਝ ਲਿਖਤਾਂ ਤੇ ਕਵਿਤਾਵਾਂ ਇਸ ਪੁਸਤਕ ਵਿਚ ਅਜਿਹੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਕਰਤਾ ਕਰਤਾਰ ਸਿੰਘ ਸਰਾਭਾ ਹੀ ਸੀ। ਸਾਡੇ ਇਸ ਨਿਰਣੈ ਦੀ ਪੁਸ਼ਟੀ ਡਾ ਹਰੀਸ਼ ਪੁਰੀ ਤੇ ਵੇਦ ਵਟੁਕ ਜਿਹੇ ਇਤਿਹਾਸਕਾਰਾਂ ਦੇ ਹਵਾਲਿਆਂ ਤੋਂ ਵੀ ਹੋ ਜਾਂਦੀ ਹੈ।
 ਉਸਦੀਆਂ ਲਿਖਤਾਂ ਤੇ ਕਵਿਤਾਵਾਂ ਵਿਚ ਜੋਸ਼ ਤੇ ਵਲਵਲਾ ਹੈ ਤੇ ਦੇਸ਼ ਲਈ ਕੁਰਬਾਨ ਹੋਣ ਦੇ ਜਜ਼ਬੇ ਦਾ ਅਮੋੜ ਵੇਗ ਵੀ। ਵਾਰਤਕ ਰਚਨਾਵਾਂ ਵਿਚੋਂ ਉਸਦੀ ਚਿੰਤਨੀ ਸੁਰ ਦਾ ਪ੍ਰਦਰਸ਼ਨ ਵੀ ਹੁੰਦਾ ਹੈ। ਜਦੋਂ ਉੁਹ ਇਕ ਲੇਖ ਵਿਚ ਅਫ਼ਰੀਕਾ ਵਿਚ ਗੁਜਰਾਤ ਦੀਆਂ ਔਰਤਾਂ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਿੱਖਾਂ ਦੇ ਪ੍ਰਚਲਤ ਵਿਹਾਰ ਨੂੰ ਤੁਲਨਾਤਮਕ ਅਧਿਅਨ ਦਾ ਵਿਸ਼ਾ ਬਣਾ ਕੇ ਸਿੱਖੀ ਦੇ ਭੇਖ ਅਤੇ ਤੱਤ ਉੱਤੇ ਤਿੱਖਾ ਕਟਾਖ਼ਸ਼ ਕਰਦਾ ਹੈ ਤਾਂ ਉਸਦੀ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ ਦਾ ਸਹਿਜ ਪ੍ਰੀਚੈ ਹੋ ਜਾਂਦਾ ਹੈ।
 ਉਹ ਲਿਖਦਾ ਹੈ ਕਿ 'ਹਿੰਦੁਸਤਾਨੀ ਲੋਕ ਆਮ ਰਵਾਜ ਨਾਲ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ, ਪਰ ਅਫ਼ਰੀਕਾ ਵਿਚ ਹਿੰਦੁਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ, ਇਸ ਤੋਂ ਹਿੰਦੁਸਤਾਨੀਆਂ ਦੇ ਗ਼ਲਤ ਖ਼ਿਆਲ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਜ਼ਾਲਮ ਕਾਨੂੰਨ ਨੂੰ ਤੋੜਨ ਦੀ ਖਾਤਿਰ ਉਥੇ ਦੀਆਂ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਵੱਧ ਕੇ ਟਾਕਰਾ ਕੀਤਾ ਹੈ। ਗੰਨੇ ਦੇ ਖੇਤਾਂ ਦੇ ਜਲਾਓ ਤੇ ਹੋਰ ਕੰਮਾਂ ਵਿਚ ਮਰਦਾਂ ਦੇ ਬਰਾਬਰ ਕੰਮ ਕੀਤਾ ਹੈ। ਮਰਦਾਂ ਦੇ ਨਾਲ ਹੀ ਜੇਲ੍ਹ ਵਿਚ ਜਾਣ ਦਾ ਡਰ ਨਹੀਂ ਮੰਨਿਆ।
 ਹੁਣ ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਾਇਆ ਸੀ ਅਤੇ ਇਕ ਇਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਦਾ ਦਾਵਾ ਰਖਦੇ ਸਨ, ਪਰ ਹੁਣ ਕੀ ਪੰਜਾਬ ਵਿਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ? ਪਰ ਉਹ ਪਹਿਲਾਂ ਵਰਗੀ ਕੁਵੱਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ। ਇਸ ਦੇ ਦੋ ਸਬੱਬ ਹਨ: ਪਹਿਲਾਂ ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਗੁਲਾਮ ਹਨ। ਗੁਰਦਵਾਰਿਆਂ ਦੇ ਗ੍ਰੰਥੀ ਅੰਗਰੇਜ਼ ਬਾਦਰਾਂ ਨੂੰ ਝੁੱਕ ਝੁੱਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਭਲਾ ਅਜਿਹੇ ਨੀਚ ਪੁਰਸ਼ ਜਿਹੜੇ ਮਜ਼੍ਹਬੀ ਲੀਡਰ ਬਣੇ ਹੋਏ ਹਨ ਤਾਂ ਕੌਮ ਵਿਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲ 'ਤੇ ਅੱਛੀ ਤਰ੍ਹਾਂ ਸਿੰਘਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਅਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।'
 ਏਨਾ ਹੀ ਨਹੀਂ, ਉਹਦਾ ਗ਼ਦਰ ਲਹਿਰ ਦੇ ਉਭਾਰ ਤੇ ਪ੍ਰਚਾਰ ਲਈ ਮਾਤ-ਭਾਸ਼ਾ ਦੇ ਮਹੱਤਵ ਨੂੰ ਸਵੀਕਾਰ ਕਰਨਾ ਉਹਦੀ ਦੂਰਦਰਸ਼ਤਾ ਦਾ ਕਮਾਲ ਹੀ ਹੈ। 'ਗ਼ਦਰ' ਅਖ਼ਬਾਰ ਵਿਚ ਛਪੀ ਉਹਦੀ ਪਹਿਲੀ ਪੰਜਾਬੀ ਲਿਖਤ ਦੀਆਂ ਪਹਿਲੀਆਂ ਸਤਰਾਂ ਵਿਚ ਹੀ ਉਸਨੇ ਐਲਾਨ ਕੀਤਾ ਹੈ, "ਅੱਜ ਪਹਿਲੀ ਨਵੰਬਰ ਸੰਨ 1913 ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ। ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ਬਾਨ ਵਿਚ ਜੰਗ ਛਿੜਦੀ ਹੈ।"
 ਮਹਾਤਮਾ ਬੁੱਧ ਵੱਲੋਂ ਬੁੱਧ ਮੱਤ ਦੇ ਪਰਚਾਰ ਲਈ ਉਸ ਵੇਲੇ ਦੀ ਲੋਕ-ਭਾਸ਼ਾ 'ਪਾਲੀ' ਨੂੰ ਅਪਣਾਏ ਜਾਣ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਆਪਣੀ ਬਾਣੀ ਰਚਣ ਲਈ ਵਰਤੀ ਗਈ ਪੰਜਾਬੀ ਰੰਗ ਵਾਲੀ ਪਰ ਪੂਰੇ ਦੇਸ਼ ਵਿਚ ਸਮਝੀ ਜਾਣ ਵਾਲੀ ਲੋਕ-ਮੁਖੀ ਜ਼ਬਾਨ ਦੇ ਹਵਾਲੇ ਦੱਸਦੇ ਹਨ ਕਿ ਲੋਕ-ਲਹਿਰਾਂ ਲੋਕਾਂ ਦੀ ਜ਼ਬਾਨ ਵਿਚ ਹੀ ਲੜੀਆਂ ਜਾ ਸਕਦੀਆਂ ਹਨ। ਇਸ ਪ੍ਰਕਾਰ 'ਦੇਸੀ ਜ਼ਬਾਨ' ਦੇ ਮਹੱਤਵ ਨੂੰ ਸਮਝਣਾ ਸਰਾਭੇ ਤੇ ਉਹਦੇ ਸਾਥੀਆਂ ਦੀ ਭਵਿੱਖਮੁਖੀ ਪਹੁੰਚ ਦਾ ਸਬੂਤ ਹੈ ਜਿਹੜਾ ਇਸ ਪਾਸੇ ਵੱਲ ਵੀ ਸੰਕੇਤ ਕਰਦਾ ਹੈ ਕਿ ਜੇ ਸਾਡੀ ਇਨਕਲਾਬੀ ਤਹਿਰੀਕ ਸਫ਼ਲ ਹੋ ਜਾਂਦੀ ਤਾਂ ਲੋਕਾਂ ਦੀ ਕਿਸਮਤ ਦੇ ਨਾਲ ਨਾਲ, ਹੁਣ ਅੰਗਰੇਜ਼ੀ ਦੇ ਪੈਰਾਂ ਵਿਚ ਰੁਲ ਰਹੀ, ਸਾਡੀ ਜ਼ਬਾਨ ਦੀ ਕਿਸਮਤ ਵੀ ਸੌਰ ਜਾਣੀ ਸੀ। ਅੱਜ ਪੰਜਾਬੀ ਜ਼ਬਾਨ ਦੇ ਮਹੱਤਵ ਦੀ ਗੱਲ ਕਰਨ ਵਾਲੇ ਤੇ ਮਾਤਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਲੜਾਈ ਲੜਨ ਵਾਲੇ ਕਾਮਿਆਂ, ਕਾਰਕੁਨਾਂ ਤੇ ਵਿਦਵਾਨਾਂ ਨੂੰ ਕਰਤਾਰ ਸਿੰਘ ਸਰਾਭੇ ਅਤੇ ਗ਼ਦਰ ਪਾਰਟੀ ਦੇ ਦੇਸੀ ਭਾਸ਼ਾਵਾਂ ਨੂੰ ਦਿੱਤੇ ਮਾਣ-ਸਨਮਾਨ ਜਾਂ ਦੂਜੇ ਸ਼ਬਦਾਂ ਵਿਚ ਪੰਜਾਬੀ ਭਾਸ਼ਾ ਨੂੰ ਦਿੱਤੇ ਮਾਣ-ਸਨਮਾਨ ਤੇ ਮਹੱਤਵ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਯੋਗਦਾਨ ਨੂੰ ਉਚੇਚੀ ਚਰਚਾ ਦਾ ਵਿਸ਼ਾ ਵੀ ਬਨਾਉਣਾ ਚਾਹੀਦਾ ਹੈ। ਪੰਜਾਬੀ ਜ਼ਬਾਨ ਨੂੰ ਮਹੱਤਵ ਦੇਣ ਦੇ ਸਰਾਭੇ ਦੇ ਮਨਸ਼ੇ ਅਤੇ ਮੁਹੱਬਤ ਬਾਰੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਕਹਿੰਦੇ ਹਨ, 'ਉਸ ਪਹਿਲੇ ਪਰਚੇ ਮੇਂ ਕਰਤਾਰ ਸਿੰਘ ਨੇ ਪੁਰਾਣੀ ਮਸ਼ਹੂਰ ਪੰਜਾਬੀ ਨਜ਼ਮ ''ਪਗੜੀ ਸੰਭਾਲ ਜੱਟਾ'' ਲਿਖੀ ਥੀ। ਪਹਿਲੇ ਛਪਨੇ ਵਾਲੇ ਉਰਦੂ ਪਰਚੋਂ ਮੇਂ ਲਾਲਾ ਹਰਦਿਆਲ ਕੇ ਇੰਤਜ਼ਾਮ ਸੇ ਦੇਸ਼ ਭਗਤੀ ਕੀ ਨਜ਼ਮ ਛਪ ਜਾਤੀ ਰਹੀ ਥੀ। ਕਰਤਾਰ ਸਿੰਘ ਕੋ ਯਹ ਖਿਆਲ ਪੈਦਾ ਹੂਆ ਥਾ ਕਿ ਪੰਜਾਬੀ ਪਰਚੇ ਮੇਂ ਪੰਜਾਬੀ ਨਜ਼ਮ ਭੀ ਹੋਨੀ ਚਾਹੀਏ। ਯਹ ਨਜ਼ਮ ਉਸੇ ਜਬਾਨੀ ਯਾਦ ਥੀ ਔਰ ਯਹ ਪਹਿਲੇ ਪਰਚੇ ਮੇਂ ਛਪੀ ਥੀ ।'
 ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਬਿਆਨ ਤੋਂ ਸਹਿਜੇ ਪਤਾ ਚੱਲ ਜਾਂਦਾ ਹੈ ਕਿ ਕਰਤਾਰ ਸਿੰਘ ਪੰਜਾਬੀ ਜਾਂ ਦੇਸੀ ਜ਼ਬਾਨਾਂ ਦੇ ਮਹੱਤਵ ਨੂੰ ਕਿੰਨੀ ਡੂੰਘੀ ਤਰ੍ਹਾਂ ਸਮਝਦਾ ਸੀ। ਜੇ ਵੇਖਿਆ ਜਾਵੇ ਤਾਂ ਕਰਤਾਰ ਸਿੰਘ ਸਰਾਭਾ 'ਗ਼ਦਰ' ਅਖ਼ਬਾਰ ਦਾ ਹੀ ਨਹੀਂ ਸਗੋਂ ਅਮਰੀਕਾ ਵਿਚ ਪੰਜਾਬੀ ਦਾ ਪਹਿਲਾ ਪੱਤਰਕਾਰ ਵੀ ਸੀ। ਜਿਵੇਂ ਅਸੀਂ ਦੱਸ ਆਏ ਹਾਂ, ਉਹ ਅਖ਼ਬਾਰ ਲਈ ਸਮੇਂ ਸਮੇਂ ਸੰਪਾਦਕੀ ਲੇਖ ਤੇ ਕਵਿਤਾਵਾਂ ਵੀ ਲਿਖਦਾ ਸੀ ਤੇ ਅਖ਼ਬਾਰ ਨੂੰ ਛਾਪਣ ਦਾ ਕਾਰਜ ਵੀ ਕਰਦਾ ਸੀ। ਆਜ਼ਾਦੀ ਸੰਗਰਾਮ ਵਿਚ ਉਸਦੇ ਮਹੱਤਵਪੂਰਨ ਸਰਗਰਮ ਯੋਗਦਾਨ ਵਿਚ ਉਸਦੇ ਪੱਤਰਕਾਰ ਦੇ ਰੋਲ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਪਹਿਲਾ ਪੰਜਾਬੀ ਪੱਤਰਕਾਰ ਸੀ ਜਿਸਨੂੰ ਫ਼ਾਂਸੀ ਦੀ ਸਜ਼ਾ ਹੋਈ। ਉਹ ਸ਼ਹੀਦ ਹੋਣ ਵਾਲਾ ਦੇਸ਼ ਭਗਤ ਹੀ ਨਹੀਂ ਸਗੋਂ ਸ਼ਹੀਦ ਪੱਤਰਕਾਰ ਵੀ ਸੀ।
 ਇਕ ਵਧੀਆ ਸ਼ਾਇਰ ਦੀ ਪਛਾਣ ਕਰਾਉਂਦੀਆਂ ਦੋ ਨਜ਼ਮਾਂ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਵੇਦ ਵਟੁਕ ਨੇ ਦੱਸਿਆ ਹੈ ਕਿ ਇਹ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਹਨ। ਜਿਹੜੀ ਕਵਿਤਾ ਉਸਨੇ ਫ਼ਾਂਸੀ 'ਤੇ ਚੜ੍ਹਦਿਆਂ ਗਾਈ ਸੀ ਉਸਦਾ ਉਤਾਰਾ ਹੇਠਾਂ ਦਿੱਤਾ ਜਾ ਰਿਹਾ ਹੈ:
 ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ, ਬਿਆਂ ਮੇਰਾ।
 ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੁਸਤਾਂ ਮੇਰਾ।
 ਮੈਂ ਹਿੰਦੀ, ਠੇਠ ਹਿੰਦੀ, ਖ਼ੂਨ ਹਿੰਦੀ, ਜ਼ਾਤ ਹਿੰਦੀ ਹੂੰ,
 ਯਹੀ ਮਜ਼ਹਬ, ਯਹੀ ਫ਼ਿਰਕਾ, ਯਹੀ ਹੈ ਖ਼ਾਨਦਾਂ ਮੇਰਾ।
 ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
 ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ।
 ਕਦਮ ਲੂੰ ਮਾਦਰੇ-ਭਾਰਤ ਤੇਰੇ, ਮੈਂ ਉਠਤੇ ਔਰ ਬੈਠਤੇ,
 ਕਹਾਂ ਕਿਸਮਤ ਮੇਰੀ ਏਸੀ, ਨਸੀਬਾ ਯਹ ਕਹਾਂ ਮੇਰਾ।
 ਤੇਰੀ ਖ਼ਿਦਮਤ ਮੇਂ ਐ ਭਾਰਤ, ਯਹ ਸਰ ਜਾਏ, ਯਹ ਜਾਂ ਜਾਏ,
 ਤੋ ਸਮਝੂੰਗਾ, ਯਹ ਮਰਨਾ ਹਯਾਤੇ ਜਾਦਵਾ ਮੇਰਾ।
 ਇਸ ਨਜ਼ਮ ਤੋਂ ਇਲਾਵਾ ਵੇਦ ਵਟੁਕ ਜਿਸ ਦੂਜੀ ਨਜ਼ਮ ਦਾ ਹਵਾਲਾ ਦਿੰਦੇ ਹਨ, ਉਹ ਗ਼ਦਰੀਆਂ ਵਿਚ ਬਹੁਤ ਚਰਚਿਤ ਰਹੀ ਹੈ ਤੇ ਉਹ ਇਸਨੂੰ ਅਕਸਰ ਗਾਇਆ ਕਰਦੇ ਸਨ। ਨਜ਼ਮ ਹੈ:
 ਜੇ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ।
 ਜ਼ੁਲਮ ਮਿਟਾਨਾ ਹਮਾਰਾ ਪੇਸ਼ਾ, ਗ਼ਦਰ ਕਰਨਾ ਹੈ ਕਾਮ ਅਪਨਾ।
 ਨਮਾਜ਼ ਸੰਧਿਆ ਯਹੀ ਹਮਾਰੀ, ਔਰ ਪਾਠ ਪੂਜਾ ਸਭੀ ਯਹੀ ਹੈ,
 ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖ਼ੁਦਾ ਔਰ ਰਾਮ ਅਪਨਾ।
 
 ਸਰਾਭੇ ਦੀ ਚਰਚਾ ਕਰਨ ਵਾਲੇ ਸਾਰੇ ਲੇਖਕ ਇਸ ਗੱਲ 'ਤੇ ਇਕਮੱਤ ਹਨ ਕਿ ਉਹ ਜੋਸ਼, ਜਵਾਨੀ, ਬਹਾਦਰੀ, ਨਿਡਰਤਾ, ਸਵੈਭਰੋਸੇ, ਲੀਡਰਸ਼ਿਪ ਅਤੇ ਪੂਰੇ ਸਮਰਪਣ ਭਾਵ ਨਾਲ ਆਪਣੇ ਨਿਸ਼ਾਨੇ ਲਈ ਕੁਰਬਾਨ ਹੋ ਜਾਣ ਦੇ ਗੁਣਾਂ ਨਾਲ ਮਾਲਾ ਮਾਲ ਸੀ। ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ ਕਿ ਜਦੋਂ ਕਾਮਾਗਾਟਾ ਮਾਰੂ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ ਤਾਂ 'ਗ਼ਦਰ ਪਾਰਟੀ ਦੇ ਜ਼ਿਮੇਵਾਰਾਂ ਨੇ ਫੈਸਲਾ ਕੀਤਾ ਕਿ ਇਕ ਪਾਰਟੀ ਦਾ ਜ਼ਿੰਮੇਵਾਰ ਕਾਮਾਗਾਟਾ ਮਾਰੂ ਦੇ ਨਾਲ ਨਾਲ ਜਾਏ ਤੇ ਯੋਕੋਹਾਮਾ ਵਿਚ ਜਾ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਇਨਕਲਾਬੀ ਲਾਈਨ ਸਮਝਾਏ। ਇਸ ਕੰਮ ਲਈ ਮੇਰੀ ਡਿਊਟੀ ਲੱਗੀ। 200 ਪਿਸਤੌਲ ਅਤੇ 2000 ਗੋਲੀਆਂ, ਦੋ ਪੇਟੀਆਂ ਵਿਚ ਬੰਦ ਕਰਕੇ ਜਹਾਜ਼ ਨੂੰ ਦੇਣ ਲਈ ਲਿਜਾਣੀਆਂ ਸਨ। ਇਸ ਦਾ ਬੰਦੋਬਸਤ ਭਾਈ ਭਗਵਾਨ ਸਿੰਘ ਤੇ ਕਰਤਾਰ ਸਿੰਘ ਸਰਾਭੇ 'ਤੇ ਸੁੱਟਿਆ ਗਿਆ। ਉਹਨਾਂ ਨੇ ਜਹਾਜ਼ 'ਤੇ ਇਕ ਕਮਰਾ ਰੀਜ਼ਰਵ ਕਰਵਾ ਕੇ ਜਹਾਜ਼ ਚੱਲਣ ਤੋਂ ਇਕ ਘੰਟਾ ਪਹਿਲਾਂ ਇਹ ਪੇਟੀਆਂ ਕਰਤਾਰ ਸਿੰਘ ਦੇ ਹੱਥੀਂ ਕਮਰੇ ਵਿਚ ਰੱਖਵਾ ਦਿੱਤੀਆਂ। ਮੈਂ ਬੜੇ ਧਿਆਨ ਨਾਲ ਯੁਗਾਂਤਰ ਆਸ਼ਰਮ ਵਿਚੋਂ ਨਿਕਲਿਆ ਤੇ ਰਸਤੇ ਵਿਚ ਦੂਜੀ ਕਾਰ ਬਦਲ ਕੇ ਜਹਾਜ਼ ਦੇ ਤੁਰਨ ਤੋਂ ਕੋਈ 15 ਮਿੰਟ ਪਹਿਲਾਂ ਜਹਾਜ਼ ਤੋਂ ਕਰਤਾਰ ਸਿੰਘ ਨੂੰ ਚਲੇ ਜਾਣ ਦਾ ਇਸ਼ਾਰਾ ਕਰਕੇ ਕਮਰੇ ਵਿਚ ਜਾ ਬੈਠਾ।' ਇਹ ਵੇਰਵਾ ਕਰਤਾਰ ਸਿੰਘ ਸਰਾਭੇ ਦੀ ਦਲੇਰੀ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ ਅਤੇ ਉਸ ਵਿਚਲੀ ਵੱਡੇ ਕੰਮ ਕਰ ਸਕਣ ਦੀ ਵਡੇਰੀ ਸਮਰੱਥਾ ਵਿਚ ਸਾਥੀਆਂ ਦੇ ਭਰੋਸੇ ਦੀ ਗਵਾਹੀ ਵੀ ਦਿੰਦਾ ਹੈ।
 ਭਾਈ ਪਰਮਾਨੰਦ ਅਨੁਸਾਰ, 'ਕਰਤਾਰ ਸਿੰਘ ਦਾ ਹੌਂਸਲਾ ਤੇ ਮਰਦਾਨਗੀ ਸਚਮੁੱਚ ਹੈਰਾਨ ਕਰਨ ਵਾਲੇ ਸਨ। …ਜਦੋਂ ਅਮਰੀਕਾ ਤੋਂ ਹੋਰ ਗ਼ਦਰੀ ਵੀ ਹਿੰਦੁਸਤਾਨ ਆ ਗਏ ਤਾਂ ਉਹ ਉਹਨਾਂ ਦਾ ਲੀਡਰ ਬਣ ਗਿਆ। ਉਹ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਦਿੱਤੀ ਸੇਧ ਅਨੁਸਾਰ ਕੰਮ ਕਰੇ। ਇਸਤਰ੍ਹਾਂ ਲੱਗਦਾ ਹੈ ਕਿ ਜਦੋਂ ਕੋਈ ਉਸਦੇ ਹੁਕਮਾਂ ਅਨੁਸਾਰ ਕੰਮ ਕਰਨ ਤੋਂ ਢਿੱਲ-ਮੱਠ ਦਿਖਾਉਂਦਾ ਸੀ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਸਨੇ ਮੇਰੇ ਨਾਲ (ਪਰਮਾਨੰਦ) ਸਲਾਹ-ਮਸ਼ਵਰਾ ਕੀਤਾ ਹੈ ਅਤੇ ਇਹ ਹੁਕਮ ਮੇਰੇ (ਪਰਮਾਨੰਦ) ਹਨ। ਬੇਸ਼ੱਕ ਜਦੋਂ ਮੈਂ ਉਹਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਅਜਿਹਾ ਕਰਦਾ ਹੈ ਪਰ ਮੇਰੀ ਸੋਚ ਕਹਿੰਦੀ ਹੈ ਕਿ ਉਸਦਾ ਅਜਿਹਾ ਸੁਭਾਅ ਸੀ ਤੇ ਉਹ ਅਜਿਹੀਆਂ ਗੱਲਾਂ ਕਰ ਸਕਦਾ ਸੀ। ਵਿਦਿਆਰਥੀਆਂ ਨੂੰ ਉਹ ਕਹਿੰਦਾ ਹੁੰਦਾ ਸੀ, "ਆਪਣੀ ਪੜ੍ਹਾਈ ਛੱਡ ਦਿਓ, ਜਰਮਨ ਆ ਰਹੇ ਹਨ ਅਤੇ ਮੈਂ ਉਹਨਾਂ ਤੋਂ ਤੁਹਾਨੂੰ ਫੌਜ ਵਿਚ ਕਮਿਸ਼ਨ ਲੈ ਦਿਆਂਗਾ।" ਉਹ ਪੈਦਲ ਜਾਂ ਰੇਲ ਗੱਡੀ ਰਾਹੀਂ ਜਿੱਥੇ ਵੀ ਕਿਸੇ ਪਿੰਡ ਜਾਂ ਸਕੂਲ ਵਿਚ ਜਾਂਦਾ, ਉਥੇ ਅਕਸਰ ਅਜਿਹੀਆਂ ਗੱਲਾਂ ਹੀ ਕਹਿੰਦਾ ਹੁੰਦਾ ਸੀ। ਇਕ ਵਾਰ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਉਹ ਇਕ ਹਵਾਲਦਾਰ ਨੂੰ ਮਿਲਿਆ ਅਤੇ ਉਸਨੂੰ ਸਾਫ਼ ਸਾਫ਼ ਕਹਿਣ ਲੱਗਾ, "ਤੂੰ ਨੌਕਰੀ ਛੱਡਦਾ ਕਿਉਂ ਨਹੀਂ?" ਨੌਜਵਾਨ ਮੁੰਡੇ ਨੂੰ ਜੋਸ਼ ਭਰਿਆ ਵੇਖ ਕੇ ਹਵਾਲਦਾਰ ਨੇ ਕਿਹਾ, "ਉਹ ਆਪਣੇ ਬੰਦਿਆਂ ਨੂੰ ਮੀਆਂ ਮੀਰ ਉਸ ਕੋਲ ਲੈ ਆਵੇ। ਅਸਲੇਖ਼ਾਨੇ ਦੀਆਂ ਚਾਬੀਆਂ ਮੇਰੇ ਹੱਥ ਵਿਚ ਹਨ। ਮੈਂ ਸਾਰੀਆਂ ਚਾਬੀਆਂ ਤੈਨੂੰ ਫੜਾ ਦੇਵਾਂਗਾ।" ਇਸ ਕੰਮ ਲਈ 25 ਨਵੰਬਰ ਦਾ ਦਿਨ ਮਿਥਿਆ ਗਿਆ। ਜਦੋਂ ਉਸਨੇ ਆਪਣੀ ਕਮੇਟੀ ਵਿਚ ਇਹ ਸਵਾਲ ਬਹਿਸ ਲਈ ਰਖਿਆ, ਤਾਂ ਉਨ੍ਹਾਂ ਸਾਰਿਆਂ ਨੇ ਇਸ ਦਾ ਮਾਖੌਲ ਉਡਾਇਆ। ਇਸ ਸਮੇਂ ਕਰਤਾਰ ਸਿੰਘ ਨੇ ਕਿਹਾ,''ਠੀਕ ਹੈ, ਪਰ ਮੈਂ ਇਸ ਬਾਰੇ ਭਾਈ ਪਰਮਾਨੰਦ ਨੂੰ ਪੁੱਛਿਆ ਹੈ ਅਤੇ ਉਸਦੀ ਸਹਿਮਤੀ ਪ੍ਰਾਪਤ ਕੀਤੀ ਹੈ।'' ਉਸਦੇ ਇਕ ਸੌ ਦੇ ਲਗਭਗ ਸਾਥੀਆਂ ਨੇ ਮੀਆਂਮੀਰ ਦੇ ਨੇੜੇ ਰੇਲਵੇ ਸਟੇਸ਼ਨ ਉਤੇ ਬੜੀ ਬੇਅਰਾਮੀ ਭਰੀ ਰਾਤ ਗੁਜ਼ਾਰੀ, ਪ੍ਰੰਤੂ ਉਥੇ ਉਹ ਹਵਾਲਦਾਰ ਨਾ ਆਇਆ। ਇਸ ਘਟਨਾ ਬਾਰੇ ਨਵਾਬ ਖ਼ਾਨ ਨੇ ਕਿਹਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਕਰਤਾਰ ਸਿੰਘ ਕੋਲ ਇਤਰਾਜ਼ ਕੀਤਾ, ਤਾਂ ਉਸਨੇ ਉਤਰ ਦਿੱਤਾ,''ਮੈਂ ਕੀ ਕਰ ਸਕਦਾ ਹਾਂ? ਇਹ ਭਾਈ ਪਰਮਾਨੰਦ ਹੀ ਹੈ, ਜਿਹੜਾ ਮੇਰੇ ਤੋਂ ਅਜਿਹੀਆਂ ਗੱਲਾਂ ਕਰਾਉਂਦਾ ਹੈ।'' ਜੇਕਰ ਇਹ ਗੱਲ ਸੱਚ ਹੈ, ਤਾਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਕਰਤਾਰ ਸਿੰਘ ਆਪਣੇ ਪੈਰੋਕਾਰਾਂ ਦੇ ਮਨਾਂ ਵਿਚ ਆਪਣੀ ਲੀਡਰਸ਼ਿਪ ਯੋਗਤਾ ਸਬੰਧੀ ਜ਼ਰਾ ਵੀ ਸ਼ੱਕ ਪੈਦਾ ਹੋਣ ਤੋਂ ਬਚਣ ਲਈ ਅਜਿਹਾ ਕਰਨਾ ਜ਼ਰੂਰੀ ਸਮਝਦਾ ਸੀ।'
 ਮੈਨੂੰ ਲੱਗਦਾ ਹੈ ਕਿ ਭਾਈ ਪਰਮਾਨੰਦ ਸਰਾਭੇ ਦੀ ਸਖ਼ਸੀਅਤ ਦਾ ਮੁਲਾਂਕਣ ਕਰਨ ਲੱਗਿਆਂ ਕੁਝ ਅੰਤਰਮੁਖੀ ਹੋ ਗਿਆ ਹੈ। ਸਰਾਭੇ ਦੀ ਬਹੁਤ ਹੱਦ ਤੱਕ ਵਡਿਆਈ ਕਰਦਿਆਂ ਵੀ ਉਹਦਾ ਫ਼ਿਕਰ ਇਹ ਸਥਾਪਤ ਕਰਨ ਵੱਲ ਰਹਿੰਦਾ ਹੈ ਕਿ ਉਹ ਖ਼ੁਦ ਸਰਾਭੇ ਨਾਲੋਂ ਉੱਚੇ ਪਲੇਟਫਾਰਮ 'ਤੇ ਖਲੋਤਾ ਦਿਖਾਈ ਦੇਵੇ। ਭਾਈ ਪਰਮਾਨੰਦ ਆਪਣਾ ਬਿੰਬ ਕੁਝ ਇਸਤਰ੍ਹਾਂ ਸਿਰਜਦਾ ਹੈ ਕਿ ਜਿਵੇਂ ਉਹਦੇ ਵਿਚਾਰਾਂ ਦੀ ਮਹੱਤਤਾ ਪੂਰੀ ਗਦਰ ਪਾਰਟੀ ਦੇ ਕਾਰਕੁਨਾਂ ਲਈ ਗੁਰਾਂ ਦੇ 'ਹੁਕਮਨਾਮਿਆਂ' ਵਰਗੀ ਹੋਵੇ ਤੇ ਸਰਾਭਾ 'ਗੁਰੂ' ਦਾ ਹੁਕਮਨਾਮਾ ਸੁਣਾ ਕੇ ਹੀ ਬਾਕੀ ਸਾਥੀਆਂ ਨੂੰ ਆਪਣੇ 'ਮਗਰ' ਲਾਉਂਦਾ ਸੀ ਜਾਂ ਉਹਦਾ ਹੁਕਮਨਾਮਾ ਸੁਣ-ਮੰਨ ਕੇ ਹੀ ਦੂਜੇ ਸਾਥੀ ਸਰਾਭੇ ਨਾਲ ਵੱਡੀਆਂ ਮੁਹਿੰਮਾਂ 'ਤੇ ਨਿਕਲ ਤੁਰਦੇ ਸਨ। ਉਸ ਵੱਲੋਂ ਪੇਸ਼ ਕੀਤਾ ਸਰਾਭੇ ਦਾ ਬਿੰਬ ਸਰਾਭੇ ਦੇ ਵਿਹਾਰ ਨੂੰ ਕੁਝ ਵਧੇਰੇ ਹੀ ਬਚਗਾਨਾ ਬਣਾ ਧਰਦਾ ਹੈ। ਉਹ ਤਾਂ ਇਹ ਵੀ ਸਾਬਤ ਕਰਦਾ ਹੈ ਕਿ ਸਰਾਭਾ ਉਸ ਤੋਂ ਹੀ ਪ੍ਰਭਾਵਤ ਤੇ ਪ੍ਰੇਰਤ ਹੋ ਕੇ ਆਜ਼ਾਦੀ ਸੰਗਰਾਮ ਵਿਚ ਕੁੱਦਿਆ ਸੀ। ਉਸਨੇ ਕਿਸੇ ਵੇਲੇ ਅਮਰੀਕਾ ਵਿਚ ਅਚਾਨਕ ਮਿਲ ਗਏ ਸਰਾਭੇ ਨੂੰ ਇਤਿਹਾਸ ਦੇ ਹਵਾਲੇ ਸੁਣਾ ਕੇ ਉਸ ਅੰਦਰ ਦੇਸ਼ ਲਈ ਕੁਝ ਕਰ ਸਕਣ ਤੇ ਉਸ ਲਈ ਮਰ ਮਿਟਣ ਦੀ ਭਾਵਨਾ ਜਗਾਈ ਸੀ। ਭਾਈ ਸਾਹਿਬ ਅਨੁਸਾਰ ਸਰਾਭੇ ਨੇ ਬਾਅਦ ਵਿਚ ਉਸ ਪ੍ਰੇਰਕ ਪ੍ਰਸੰਗ ਵਾਲੀ ਮਿਲਣ ਰਾਤ ਦਾ ਹਵਾਲਾ ਦਿੰਦਿਆਂ ਕਿਹਾ ਸੀ, ''ਉਸੇ ਰਾਤ ਮੈਂ ਆਪਣੇ ਦੇਸ਼ ਲਈ ਆਪਣੀ ਜ਼ਿੰਦਗੀ ਅਰਪਣ ਕਰਨ ਦਾ ਫੈਸਲਾ ਕਰ ਲਿਆ ਸੀ।'' ਭਾਵੇਂ ਭਾਈ ਪਰਮਾਨੰਦ ਉਮਰ ਅਤੇ ਤਜਰਬੇ ਵਿਚ ਵਡੇਰਾ ਸੀ ਅਤੇ ਸਾਥੀ ਉਹਦੀ 'ਸਿਆਣਪ' ਦੀ ਕਦਰ ਵੀ ਕਰਦੇ ਹੋਣਗੇ ਪਰ ਇਹ ਕਿਵੇਂ ਵੀ ਸੰਭਵ ਨਹੀਂ ਕਿ ਵੱਡੀਆਂ ਮੁਹਿੰਮਾਂ ਜਥੇਬੰਦ ਕਰ ਸਕਣ ਵਾਲਾ ਤੇ ਲੋਕਾਂ ਨੂੰ ਲਾਮਬੰਦ ਕਰਨ ਵਾਲਾ ਸਮਰੱਥ ਸਰਾਭਾ ਆਪਣੀ ਕਿਸੇ ਵੱਡੀ ਮੁਹਿੰਮ 'ਤੇ ਜਾਣ ਅਤੇ ਉਸ ਉਪਰੰਤ ਮਿਲੀ ਅਸਫ਼ਲਤਾ ਲਈ, ਬੱਚਿਆਂ ਵਾਂਗ ਦੋਸ਼ ਭਾਈ ਪਰਮਾਨੰਦ ਦੇ ਸਿਰ ਮੜ੍ਹ ਕੇ ਸੁਰਖ਼ਰੂ ਹੋ ਜਾਣ ਦਾ ਬਚਗਾਨਾ ਵਿਹਾਰ ਕਰਦਾ ਹੋਵੇ। ਖ਼ੁਦ ਭਾਈ ਪਰਮਾਨੰਦ ਇਹ ਦਾਅਵਾ ਕਰਦਾ ਹੈ ਕਿ 'ਮੈਨੂੰ ਕਰਤਾਰ ਸਿੰਘ ਨੇ ਇਹ ਗੱਲ ਦੱਸੀ ਤੇ ਕਿਹਾ ਕਿ ਉਹ ਇਕ ਵਾਰੀ ਮੈਨੂੰ ਲਾਹੌਰ ਵਿੱਚ ਵੀ ਮਿਲਿਆ ਸੀ, ਜਦੋਂ ਮੈਂ ਉਸ ਦੇ ਵਿਚਾਰਾਂ ਨੂੰ ਬੱਚਿਆਂ ਵਾਲੇ ਕਹਿ ਕੇ ਖ਼ਾਰਜ ਕਰ ਦਿੱਤਾ ਸੀ।' ਸੋ ਸਰਾਭੇ ਦੇ ਗ਼ਦਰ ਕਰਨ ਦੇ ਕੰਮ-ਢੰਗ ਅਤੇ ਵਿਚਾਰਾਂ ਨੂੰ 'ਬੱਚਿਆਂ' ਵਰਗੇ ਆਖ ਕੇ ਉਹਨਾਂ ਦਾ ਮਖ਼ੌਲ ਉਡਾਉਣ ਵਾਲੇ ਭਾਈ ਪਰਮਾਨੰਦ ਨੂੰ ਸਰਾਭੇ ਵੱਲੋਂ 'ਗੁਰੂ' ਦਾ ਦਰਜਾ ਦੇਣ ਦੀ ਗੱਲ ਮਨ ਨੂੰ ਟੁੰਬਦੀ ਨਹੀਂ। ਦੂਜੇ ਪਾਸੇ ਸਰਾਭਾ ਤਾਂ ਭਾਈ ਪਰਮਾਨੰਦ ਨੂੰ ਮਿਲੇ ਹੋਣ ਤੋਂ ਵੀ ਇਨਕਾਰੀ ਸੀ। ਸਰਾਭੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਲਿਖਦਾ ਹੈ ਕਿ 'ਮੈਂ (ਸਰਾਭਾ) ਭਾਈ ਪ੍ਰਮਾਨੰਦ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ।'' ਉਂਜ ਕਈ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਅਮਰੀਕਾ ਵਿਚ ਤੇ ਭਾਰਤ ਵਿਚ ਵੀ ਭਾਈ ਪਰਮਾਨੰਦ ਨੂੰ ਮਿਲਦਾ ਰਿਹਾ ਹੈ ਪਰ ਭਾਈ ਪਰਮਾਨੰਦ ਵੱਲੋਂ ਆਪਣੇ ਆਪ ਨੂੰ ਸਰਾਭੇ ਦਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਸਾਬਤ ਕਰਨ ਵਾਲੀ ਗੱਲ ਵਿਚ ਕੋਈ ਸਚਾਈ ਨਹੀਂ।
 'ਸਰਾਭੇ ਦੀ 'ਜਰਨੈਲੀ ਪ੍ਰਤਿਭਾ' ਨੂੰ ਪਛਾਨਣ ਤੇ ਵਡਿਆਉਣ ਵਿਚ ਗ਼ਦਰ ਲਹਿਰ ਦੇ ਹੋਰ ਸੀਨੀਅਰ ਆਗੂਆਂ ਨੇ ਕਿਸੇ ਪ੍ਰਕਾਰ ਦੀ ਹਿਚਕਚਾਹਟ ਨਹੀਂ ਵਿਖਾਈ ਅਤੇ ਕਿਸੇ ਨੇ ਵੀ ਸਰਾਭੇ ਦੇ ਅਜਿਹੇ 'ਅੱਲੜ੍ਹ ਅਤੇ ਬਚਗਾਨਾ' ਵਿਹਾਰ ਦੀ ਤਸਦੀਕ ਨਹੀਂ ਕੀਤੀ। ਇਸ ਪ੍ਰਥਾਇ ਭਾਈ ਪਰਮਾਨੰਦ ਦਾ ਸਰਾਭੇ ਬਾਰੇ ਕੀਤਾ ਮੁਲਾਂਕਣ ਅਪਵਾਦ ਹੀ ਹੈ। ਜੇ ਭਾਈ ਪਰਮਾਨੰਦ ਵਿਚ ਸਰਾਭੇ ਦਾ 'ਗੁਰੂਆਂ' ਵਰਗਾ ਹੀ ਵਿਸ਼ਵਾਸ ਹੁੰਦਾ ਤਾਂ ਉਹ ਵੀ ਫ਼ਾਂਸੀ ਦੀ ਸਜ਼ਾ ਦਾ ਐਲਾਨ ਹੋਣ 'ਤੇ ਭਾਈ ਪਰਮਾਨੰਦ ਵਾਂਗ ਸਜ਼ਾ ਮੁਆਫ਼ ਕਰਵਾਉਣ ਲਈ ਅਪੀਲ ਕਰਦਾ ਪਰ ਬਾਬਾ ਸੋਹਨ ਸਿੰਘ ਭਕਨਾ ਅਨੁਸਾਰ, ਸਜ਼ਾ ਦਾ ਐਲਾਨ ਹੋਣ 'ਤੇ 'ਸਿਵਾਏ ਭਾਈ ਪਰਮਾਨੰਦ ਲਾਹੌਰ ਅਤੇ ਇਕ ਹੋਰ ਆਦਮੀ, ਜਿਸ ਨੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੇਸ਼ਭਗਤਾਂ ਨੂੰ ਪਰੇਰ ਕੇ ਇਕ ਸ਼ਾਹੂਕਾਰ ਦੇ ਘਰ ਡਾਕਾ ਮਰਵਾਇਆ ਸੀ, ਜਿਸ ਦਾ ਕਿ ਉਸ ਨੇ ਕਰਜਾ ਦੇਣਾ ਸੀ, ਹੋਰ ਕਿਸੇ ਨੇ ਰਹਿਮ ਦੀ ਅਪੀਲ ਨਾ ਕੀਤੀ। ਸਗੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਰਤਾਰ ਸਿੰਘ ਨੇ ਇਸ ਪੇਸ਼ਕਸ਼ ਦਾ ਮਖੌਲ ਉਡਾਇਆ ਅਤੇ ਕਿਹਾ ਕਿ ''ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ।''
 ਭਾਵੇਂ ਭਾਈ ਪਰਮਾਨੰਦ ਮੁਤਾਬਕ ਸਰਾਭਾ ਥੋੜਾ ਅੱਲੜ੍ਹ, ਮਾਅਰਕੇ-ਬਾਜ਼ ਤੇ ਕੁਝ ਹੱਦ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲਾ ਸੀ ਤਦ ਵੀ ਉਸਦੇ ਹੋਰ ਦੂਜੇ ਗੁਣਾਂ ਤੋਂ ਭਾਈ ਪਰਮਾਨੰਦ ਵੀ ਮੁਨਕਰ ਨਹੀਂ। ਉਹਦੀ 'ਚਤਰੁਤਾ ਤੇ ਦਲੇਰੀ' ਨੂੰ ਮੰਨਦਿਆਂ ਭਾਈ ਪਰਮਾਨੰਦ ਲਿਖਦਾ ਹੈ, 'ਉਸਦਾ ਜੋਸ਼, ਨਿਡਰਤਾ ਤੇ ਮੌਤ ਵੱਲੋਂ ਬੇਪ੍ਰਵਾਹੀ ਉਸਦੇ ਅਜਿਹੇ ਵਿਲੱਖਣ ਗੁਣ ਸਨ, ਜੋ ਇੰਨੀ ਛੋਟੀ ਉਮਰ ਦੇ ਮੁੰਡੇ ਵਿਚ ਘੱਟ ਹੀ ਮਿਲਦੇ ਹਨ।'
 ਉਹਦੇ ਲੋੜੋਂ ਵੱਧ ਦਲੇਰ ਤੇ ਮਨਚਲੇ ਸੁਭਾਅ ਦੀਆਂ ਕਈ ਅਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਦੋਂ ਉਹ ਪੁਲਿਸ ਦੇ ਘੇਰੇ ਵਿਚ ਆਉਣ ਦੇ ਬਾਵਜੂਦ ਦਿਮਾਗ਼ੀ ਸੰਤੁਲਨ ਨੂੰ ਕਾਇਮ ਰੱਖਦਿਆਂ ਬੜੀ ਹੁਸ਼ਿਆਰੀ ਤੇ ਚੁਸਤੀ ਨਾਲ ਚਕਮਾ ਦੇ ਕੇ ਬਚ ਜਾਂਦਾ। ਇਕ ਵਾਰ ਜਦੋਂ ਲੁਧਿਆਣੇ ਦੀ ਪੁਲਿਸ ਸਰਾਭੇ ਨੂੰ ਲੱਭਦੀ ਹੋਈ ਇਕ ਪਿੰਡ ਵਿਚ ਕਿਸੇ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਸਮੇਂ ਸਰਾਭਾ ਸਾਈਕਲ ਉੱਤੇ ਉਧਰੋਂ ਹੀ ਲੰਘ ਰਿਹਾ ਸੀ। ਉਹ ਇਹ ਵੀ ਜਾਣਦਾ ਸੀ ਕਿ ਪੁਲਿਸ ਉਸਨੂੰ ਹੀ ਲੱਭ ਰਹੀ ਹੈ। ਜੇ ਉਹ ਦੌੜਨ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਨੇ ਲਾਜ਼ਮੀ ਤੌਰ 'ਤੇ ਉਹਦਾ ਪਿੱਛਾ ਕਰਨਾ ਸੀ ਤੇ ਫੜ ਲੈਣਾ ਸੀ। ਸਰਾਭੇ ਨੇ ਦਿਮਾਗ਼ੀ ਤਵਾਜ਼ਨ ਕਾਇਮ ਰੱਖਿਆ। ਉਹ ਸਾਈਕਲ ਤੋਂ ਉੱਤਰਿਆ ਤੇ ਉਸ ਘਰ ਵਿਚ ਜਾ ਕੇ ਬੜੇ ਠਰੰਮ੍ਹੇ ਨਾਲ ਪਾਣੀ ਦਾ ਗਲਾਸ ਮੰਗਿਆ ਜਿਵੇਂ ਕੋਈ ਥੱਕਿਆ ਪਿਆਸਾ ਰਾਹੀ ਹੋਵੇ। ਪਾਣੀ ਪੀ ਕੇ ਉੁਹਨੇ ਸਾਈਕਲ ਫੜਿਆ ਤੇ ਚੁੱਪ ਕੀਤਾ ਤੁਰਦਾ ਬਣਿਆਂ। ਪੁਲਿਸ ਉਸਨੂੰ ਰਾਹ ਜਾਂਦਾ ਰਾਹੀ ਸਮਝ ਕੇ ਉਸ ਘਰ ਵਿਚੋਂ ਅਜੇ ਵੀ ਉਹਨੂੰ 'ਲੱਭਣ' ਦੀ ਕੋਸ਼ਿਸ਼ ਵਿਚ ਜੁੱਟੀ ਹੋਈ ਸੀ। ਬਾਅਦ ਵਿਚ ਉਸ ਪੁਲਿਸ ਇੰਸਪੈਕਟਰ ਨੇ ਉਹਦੇ ਇਸ ਕਾਰਨਾਮੇ ਦੀ ਬੜੀ ਪ੍ਰਸੰਸਾ ਕੀਤੀ ਜਿਹੜਾ ਬੜੀ ਹੁਸ਼ਿਆਰੀ ਤੇ ਸਹਿਜ ਨਾਲ ਪੁਲਿਸ ਨੂੰ ਚਕਮਾ ਦੇ ਗਿਆ ਸੀ।
contiued

No comments:

Post a Comment