Tuesday 3 June 2014


ਇੱਕ ਸੀ ਖੁਸ਼ਵੰਤ ਸਿੰਘ

/ਵਰਿੰਦਰ ਵਾਲੀਆ
ਅੱਜ ਦੇ ਦਿਨ 23 ਮਾਰਚ 1931 ਨੂੰ ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦਿਆਂ ਫਾਂਸੀ ਦੇ ਰੱਸੇ ਨੂੰ ਚੁੰਮਿਆ ਸੀ। ਸਰਬਾਂਗੀ ਲੇਖਕ ਤੇ ਦੇਸ਼ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਕਾਲਮ-ਨਵੀਸ ਖੁਸ਼ਵੰਤ ਸਿੰਘ ਦੇ ਪਿਤਾ, ਸਰ ਸੋਭਾ ਸਿੰਘ ਨੇ ਕਥਿਤ ਤੌਰ ’ਤੇ ਆਜ਼ਾਦੀ ਦੇ ਪਰਵਾਨਿਆਂ ਖ਼ਿਲਾਫ਼ ਗਵਾਹੀ ਦਿੰਦਿਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਸ਼ਹੀਦੇ-ਆਜ਼ਮ ਅਤੇ ਬੀ.ਕੇ. ਦੱਤ ਨੂੰ ਅਸੈਂਬਲੀ ਵਿੱਚ ਬੰਬ ਸੁੱਟਦਿਆਂ ਖ਼ੁਦ ਦੇਖਿਆ ਸੀ। ਖ਼ਰੀਆਂ-ਖ਼ਰੀਆਂ ਲਿਖਣ ਅਤੇ ਸੁਨਾਉਣ ਵਾਲੇ ਖੁਸ਼ਵੰਤ ਸਿੰਘ ਇਸ ਵਿਵਾਦ ਬਾਰੇ ਛਿੜੀ ਕਿਸੇ ਵੀ ਚਰਚਾ ਤੋਂ ਬਾਅਦ ਅਕਸਰ ਗੰਭੀਰ ਹੋ ਜਾਇਆ ਕਰਦੇ ਸਨ।
ਖੁਸ਼ਵੰਤ ਸਿੰਘ ਦੇ ਅਕਾਲ ਚਲਾਣੇ ਨਾਲ ਭਾਰਤੀ ਪੱਤਰਕਾਰੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕ ਗ਼ਮਗੀਨ ਹਨ। ਸੁਜਾਨ ਸਿੰਘ ਪਾਰਕ ਯਤੀਮ ਹੋ ਗਿਆ ਹੈ ਜਿੱਥੇ ਹਰ ਰੋਜ਼ ਮਹਿਫ਼ਲ ਮਿੱਤਰਾਂ ਦੀ ਲੱਗਿਆ ਕਰਦੀ ਸੀ। ਇਹ ਸਮਾਂਬੱਧ ਮਹਿਫ਼ਲ ਟਿੱਚਰਾਂ ਤੇ ਚਟਖਾਰਿਆਂ ਨਾਲ ਭਰਪੂਰ ਹੋਇਆ ਕਰਦੀ ਸੀ ਪਰ ਸਰ ਸੋਭਾ ਸਿੰਘ ਬਾਰੇ ਵਿਵਾਦਤ ਟਿੱਪਣੀ ਜਾਂ ਚਰਚਾ ਕਰਨ ਤੋਂ ਸਾਰੇ ਗੁਰੇਜ਼ ਕਰਦੇ ਸਨ। ਉਸ ਦੀ ਸੰਗਤ ਮਾਨਣ ਲਈ ਵੱਡੇ ਤੋਂ ਵੱਡੇ ਲੋਕ ਤਰਸਿਆ ਕਰਦੇ ਸਨ। ਵੈਸੇ ਇਸ ਮਹਿਫ਼ਲ ਵਿੱਚ ਉਹ ਬੇਬਾਕ ਟਿੱਪਣੀਆਂ ਕਰਨ ਵੇਲੇ ਆਪਣੇ ਆਪ ਨੂੰ ਵੀ ਨਹੀਂ ਸੀ ਬਖ਼ਸ਼ਦਾ। ‘ਖੁਸ਼ਵੰਤਨਾਮਾ-ਮੇਰੇ ਜੀਵਨ ਦੇ ਸਬਕ’ ਵਿੱਚ ਉਹ ਆਪਣੇ ਜੀਵਨ ਵਿੱਚ ਕੀਤੀਆਂ ਭੁੱਲਾਂ ਨੂੰ ਨਿਰਸੰਕੋਚ ਹੋ ਕੇ ਦੱਸਦਾ ਹੈ – ‘‘ਮੈਂ ਏਅਰਗਨ ਨਾਲ ਦਰਜਨਾਂ ਚਿੜੀਆਂ ਮਾਰੀਆਂ ਸਨ ਜਿਨ੍ਹਾਂ ਨੇ ਮੇਰਾ ਕੁਝ ਨਹੀਂ ਸੀ ਵਿਗਾੜਿਆ… ਮੈਂ ਹੁਣ ਆਪਣੀਆਂ ਕਰਨੀਆਂ ਦਾ ਫ਼ਲ ਭੋਗ ਰਿਹਾ ਹਾਂ ਕਿਉਂਕਿ ਉਨ੍ਹਾਂ ਮਾਸੂਮ ਪਰਿੰਦਿਆਂ ਦੀਆਂ ਯਾਦਾਂ ਹਰ ਸ਼ਾਮ ਮੇਰੇ ਸਿਰ ਚੜ੍ਹ ਬੋਲਦੀਆਂ ਹਨ।’’ ਅਜਿਹੇ ਸੰਵੇਦਨਸ਼ੀਲ ਵਿਅਕਤੀ ਦਾ ਆਜ਼ਾਦੀ ਦੇ ਪਰਵਾਨਿਆਂ ਦੀ ਸ਼ਹਾਦਤ ਬਾਰੇ ਜ਼ਿਕਰ ਤੋਂ ਬਾਅਦ ਗੰਭੀਰ ਹੋਣਾ ਕੁਦਰਤੀ ਵਰਤਾਰਾ ਸੀ।
ਖੁਸ਼ਵੰਤ ਸਿੰਘ ਨੇ ਜ਼ਿੰਦਗੀ ਨੂੰ ਰੱਜ ਕੇ ਜੀਵਿਆ। ਜਿਸ ਉਮਰ ਵਿੱਚ ਲੋਕ ਸੰਨਿਆਸ ਲੈ ਲੈਂਦੇ ਹਨ, ਉਸ ਵੇਲੇ ਉਸ ਨੇ ਖ਼ੂਬ ਮੌਜ-ਮਸਤੀ ਅਤੇ ਇਸ ਤੋਂ ਵੀ ਵੱਧ ਬੇਹੱਦ ਮਿਹਨਤ ਕੀਤੀ। ਉਹ ਖਾਣ-ਪੀਣ ਵੇਲੇ ਸਿਹਤ ਦਾ ਪੂਰਾ ਧਿਆਨ ਰੱਖਦਾ ਰਿਹਾ। ਉਸ ਦੀ ਜੀਵਨ-ਸ਼ੈਲੀ ਵਿੱਚ ਦੀਰਘ-ਉਮਰ ਦਾ ਰਾਜ਼ ਛੁਪਿਆ ਹੋਇਆ ਹੈ। ਮੌਤ ਨੂੰ ਟਿੱਚਰਾਂ ਕਰਨ ਵਾਲਾ ਖੁਸ਼ਵੰਤ ਸਿੰਘ ਜੀਵਨ ਦੇ ਹਰ ਖ਼ੂਬਸੂਰਤ ਛਿਣ ਨੂੰ ਆਖ਼ਰੀ ਸਾਹਾਂ ਤਕ ਮਾਣਦਾ ਰਿਹਾ। ਉਹ ਮਿਰਜ਼ਾ ਗ਼ਾਲਿਬ ਅਤੇ ਹੋਰ ਉਰਦੂ ਸ਼ਾਇਰਾਂ ਦਾ ਦੀਵਾਨਾ ਸੀ। ਉਨ੍ਹਾਂ ਆਪਣੇ ਕਾਲਮਾਂ ਵਿੱਚ ਉਰਦੂ ਸ਼ਾਇਰੀ ਨੂੰ ਖਾਸੀ ਜਗ੍ਹਾ ਦਿੱਤੀ ਜਦੋਂਕਿ ਜੁਝਾਰੂ ਕਵੀਆਂ ਦਾ ਕਲਾਮ ਉਸ ਦੀ ਕਲਮ ਤੋਂ ਕੋਹਾਂ ਦੂਰ ਹੀ ਰਿਹਾ। ਖੁਸ਼ਵੰਤ ਸਿੰਘ ਕੋਲ ਦੂਜਿਆਂ ਖਾਤਰ ਆਪਣੀ ਜਾਨ ਕੁਰਬਾਨ ਕਰਨ ਵਾਲੀ ਕਲਮ ਵੀ ਨਹੀਂ ਸੀ। ਇਸੇ ਲਈ ਸ਼ਾਇਦ ਉਸ ਨੇ ਜੁਝਾਰੂ-ਕਾਵਿ ਨੂੰ ਆਪਣੇ ਕਾਲਮਾਂ ਵਿੱਚ ਘੱਟ-ਵੱਧ ਹੀ ਥਾਂ ਦਿੱਤੀ ਸੀ। ਪਾਸ਼, (ਜਿਸ ਦਾ ਸ਼ਹੀਦੀ ਦਿਹਾੜਾ ਅੱਜ ਹੈ) ਵਰਗਿਆਂ ਦਾ ਕਾਵਿ ਉਸ ਲਈ ਬਹੁਤੇ ਮਾਅਨੇ ਨਹੀਂ ਸੀ ਰੱਖਦਾ:
ਧੁੱਪ ਵਾਂਗ ਧਰਤੀ ’ਤੇ ਖਿੜ ਜਾਣਾ
ਤੇ ਫਿਰ ਗਲਵਕੜੀ ਵਿੱਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ,
ਤੇ ਚੌਹਾਂ ਕੂਟਾਂ ਅੰਦਰ ਗੂੰਜ ਜਾਣਾ-
ਜੀਣ ਦਾ ਇਹੋ ਈ ਸਲੀਕਾ ਹੁੰਦਾ ਹੈ (ਪਾਸ਼)
ਖੁਸ਼ਵੰਤ ਸਿੰਘ ਦੀ ਤਾਂ ਸਵੈ-ਜੀਵਨੀ ਦਾ ਨਾਂ ਹੀ ‘ਮੌਜ-ਮੇਲਾ’ ਹੈ। ਉਹ ਆਪਣੇ ਜੀਵਨ ਵਿੱਚ ਆਏ ਮਰਦ ਅਤੇ ਔਰਤਾਂ ਬਾਰੇ ਲਿਖਦਾ ਇੰਨੀ ਖੁੱਲ੍ਹ ਲੈ ਜਾਂਦਾ ਸੀ ਜੋ ਕਈ ਘਰਾਂ ਵਿੱਚ ਪੁਆੜੇ ਦੀ ਜੜ੍ਹ ਬਣ ਜਾਂਦੇ ਸਨ। ਉਹ ਧਾਰਮਿਕ ਰਹੁ-ਰੀਤਾਂ ਵਿੱਚ ਯਕੀਨ ਨਹੀਂ ਸੀ ਰੱਖਦਾ, ਫਿਰ ਵੀ ਉਸ ਨੇ ਸਿੱਖ ਧਰਮ ਦੇ ਕੁਝ ਅਸੂਲਾਂ ’ਤੇ ਚੱਲਣ ਦੀ ਸਦਾ ਕੋਸ਼ਿਸ਼ ਕੀਤੀ ਸੀ। ਇਨ੍ਹਾਂ ਅਸੂਲਾਂ ਵਿੱਚ ਸੱਚ ਨੂੰ ਧਰਮ ਦਾ ਨਿਚੋੜ ਮੰਨਿਆ ਗਿਆ ਹੈ। ਉਹ ਗੁਰੂ ਨਾਨਕ ਦੀ ਪੰਕਤੀ ਦਾ ਹਵਾਲਾ ਦਿੰਦਾ ਸੀ – ਸਚੋਂ ਉਰੇ ਸਬ ਕੋ, ਊਪਰ ਸੱਚ ਆਚਾਰ। ਉਹ ਕਹਿੰਦਾ ਸੱਚ ਬੋਲਣ ਤੇ ਲਿਖਣ ਵਿੱਚ ਬਹੁਤ ਬਰਕਤਾਂ ਹਨ। ਸਭ ਤੋਂ ਪਹਿਲਾ ਫ਼ਾਇਦਾ ਇਹ ਹੈ ਕਿ ਸੱਚ ਬੋਲ ਕੇ ਉਸ ਨੂੰ ਯਾਦ ਹੀ ਨਹੀਂ ਰੱਖਣਾ ਪੈਂਦਾ।
ਲੇਖਕ ਬਣਨ ਦੀ ਪ੍ਰਕਿਰਿਆ ਸਹਿਜਤਾ ’ਚੋਂ ਨਿਕਲਦੀ ਹੈ। ਉਹ ਔਖੇ ਸ਼ਬਦ ਵਰਤ ਕੇ ਲੇਖਣੀ ਨੂੰ ਬੋਝਲ ਕਰਨ ਦੇ ਸਖ਼ਤ ਖ਼ਿਲਾਫ਼ ਸੀ। ਉਹ ਨਹੀਂ ਸੀ ਚਾਹੁੰਦਾ ਕਿ ਕੋਈ ਵੀ ਲੇਖਕ ਔਖਾ ਹੋ ਕੇ ਲਿਖੇ ਜਿਸ ਨੂੰ ਪੜ੍ਹਨ ਲੱਗਿਆਂ ਪਾਠਕ ਨੂੰ ਕੋਈ ਔਖਿਆਈ ਦਰਪੇਸ਼ ਹੋਵੇ। ਉਸ ਨੇ ਜੋ ਵੀ ਲਿਖਿਆ ਉਹ ਦਸਵੀਂ ਜਮਾਤ ਦਾ ਵਿਦਿਆਰਥੀ ਵੀ ਸਹਿਜੇ ਹੀ ਸਮਝ ਸਕਦਾ ਸੀ। ਦੂਜਿਆਂ ਦੇ ਮੁਕਾਬਲੇ ਉਸ ਵਿੱਚ ਫ਼ਰਕ ਬਸ ਇੰਨਾ ਸੀ ਕਿ ਉਸ ਨੂੰ ਮਿਰਚ-ਮਸਾਲੇ ਧੂੜ ਕੇ ਆਪਣੀ ਲੇਖਣੀ ਨੂੰ ਪਾਠਕਾਂ ਸਾਹਮਣੇ ਪਰੋਸਣ ਦਾ ਵੱਲ ਖ਼ੂਬ ਆਉਂਦਾ ਸੀ। ਉਸ ਨੇ ਖ਼ੁਦ ਲਿਖਿਆ, ‘‘ਮੈਂ ਬੜਾ ਕਮਜ਼ੋਰ ਵਿਦਿਆਰਥੀ ਸਾਂ। ਸਕੂਲ ਸਮੇਂ ਮੈਂ ਸਾਰੇ ਵਿਸ਼ਿਆਂ ਵਿੱਚ ਬੇਹੱਦ ਕਮਜ਼ੋਰ ਸਾਂ।’’ ਉਹ ਕਹਿੰਦਾ ਸੀ ਕਿ ਉਸ ਨੇ ਖ਼ੁਦ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ – ‘ਸਾਫ਼ ਗੱਲ ਇਹ ਹੈ ਕਿ ਮੈਂ ਕਦੇ ਕਿਸੇ ਦੀ ਪ੍ਰਵਾਹ ਹੀ ਨਹੀਂ ਕੀਤੀ’। ਉਹ ਦਾਅਵਾ ਕਰਦਾ ਸੀ ਕਿ ਉਸ ਨੇ ਕਦੇ ਵੀ ਜਾਣ-ਬੁੱਝ ਕੇ ਕੋਈ ਵਿਵਾਦ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ‘ਮੈਂ ਤਾਂ ਹਮੇਸ਼ਾਂ ਇਹੀ ਚਾਹਿਆ ਕਿ ਖ਼ਰੀ ਗੱਲ ਈਮਾਨਦਾਰੀ ਨਾਲ ਲਿਖਾਂ’। ਉਹ ਆਪਣੇ ਸਮਕਾਲੀ ਲੇਖਕਾਂ ਨੂੰ ਮਸ਼ਵਰਾ ਦਿੰਦਾ ਸੀ ਕਿ ਬੰਦੇ ਨੂੰ ਪਾਖੰਡਵਾਦ ਅਤੇ ਫੂੰ-ਫਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਔਖੇ ਸ਼ਬਦ ਵਰਤ ਕੇ ਵਿਦਵਤਾ ਦਾ ਵਿਖਾਵਾ ਨਹੀਂ ਕਰਨਾ ਚਾਹੀਦਾ। ਉਹ ਕਸ਼ੀਦੀ ਹੋਈ ਸਿਆਣਪ ਦਾ ਆਸ਼ਿਕ ਸੀ ਜੋ ਲੋਕਾਂ ਲਈ ਰਾਹ-ਦਸੇਰਾ ਹੁੰਦੀ ਹੈ।
ਉਹ ਅੰਧਵਿਸ਼ਵਾਸ ਦੀ ਧੁੰਦ ਬਖੇਰਨ ਵਾਲੇ ਅਖੌਤੀ ਸਾਧੂਆਂ-ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਆਦਿ ਨੂੰ ਆੜੇ ਹੱਥੀਂ ਲੈਂਦਾ ਸੀ। ਉਹ ਕਹਿੰਦਾ, ‘ਪੁਜਾਰੀਆਂ ਦੇ ਸਵਾਰਥੀ ਹਿੱਤ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਤੋਰੀ-ਫੁਲਕਾ ਇਨ੍ਹਾਂ ’ਤੇ ਨਿਰਭਰ ਹੁੰਦਾ ਹੈ। ਉਹ ਅਖੌਤੀ ਸਾਧਾਂ ਨੂੰ ਜੋਕਾਂ ਕਹਿਣ ਦੀ ਜੁਰਅਤ ਰੱਖਦਾ ਸੀ ਜੋ ਭਗਵੇ ਕੱਪੜੇ ਪਾ ਕੇ ਮਿਹਨਤਕਸ਼ਾਂ ਦੀ ਕਮਾਈ ’ਤੇ ਵਧਦੇ-ਫੁੱਲਦੇ ਹਨ। ਉਹ ਮਾਰਕਸੀਆਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਨੂੰ ਕੋਸਦਾ ਸੀ ਜੋ ‘ਸ਼ੁਭ ਮਹੂਰਤ’ ਕਢਵਾਉਣ ਲਈ ਜੋਤਸ਼ੀਆਂ ਤੇ ਨਜੂਮੀਆਂ ਦੇ ਦਰਾਂ ’ਤੇ ਭਟਕਦੇ ਸਨ।
ਅਬਾਦੀ ਵਿਸਫੋਟ ਬਾਰੇ ਖੁਸ਼ਵੰਤ ਸਿੰਘ ਬੇਹੱਦ ਗੰਭੀਰ ਸੀ। ਉਸ ਨੇ ਲਿਖਿਆ ਸੀ, ‘‘ਸਾਡੇ ਕੋਲ ਤੇਜ਼ੀ ਨਾਲ ਵਧ ਰਹੇ ਮੂੰਹਾਂ ਵਿੱਚ ਪਾਉਣ ਲਈ ਲੋੜੀਂਦੀਆਂ ਬੁਰਕੀਆਂ ਨਹੀਂ ਹਨ।’’ ਇਸ ਲਈ ਉਸ ਨੇ ਬਾਅਦ ਵਿੱਚ ਤਬਾਹੀ ਵੱਲ ਵਧ ਰਹੀ ਅਬਾਦੀ ਨੂੰ ਰੋਕਣ ਲਈ ਜਬਰੀ ਢੰਗ-ਤਰੀਕੇ ਅਪਨਾਉਣ ਦੀ ਵਕਾਲਤ ਖੁੱਲ੍ਹ ਕੇ ਕਰਨੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਲਿਖਿਆ ਸੀ,‘‘ਜਿਨ੍ਹਾਂ ਜੋੜਿਆਂ ਦੇ ਦੋ ਤੋਂ ਵੱਧ ਬੱਚੇ ਹੋਣ, ਉਨ੍ਹਾਂ ਦਾ ਅਧਿਕਾਰ ਖ਼ਤਮ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ’ਤੇ ਪੰਚਾਇਤ, ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜਨ ’ਤੇ ਮੁਕੰਮਲ ਪਾਬੰਦੀ ਲਗਾ ਦੇਣੀ ਚਾਹੀਦੀ ਹੈ।’’ ਕਾਸ਼! ਖੁਸ਼ਵੰਤ ਸਿੰਘ ਨੇ ਜਥੇਦਾਰ ਅਕਾਲ ਤਖ਼ਤ, ਗਿਆਨੀ ਗੁਰਬਚਨ ਸਿੰਘ ਵੱਲੋਂ ਹੋਲਾ-ਮਹੱਲਾ ਦੇ ਅਵਸਰ ’ਤੇ ਸਿੱਖਾਂ ਨੂੰ ਆਪਣੀ ਅਬਾਦੀ ਵਧਾਉਣ ਦੀ ਅਪੀਲ ਪੜ੍ਹ ਕੇ ਇਸ ਦਾ ਢੁਕਵਾਂ ਜਵਾਬ ਦਿੱਤਾ ਹੁੰਦਾ। ਜਥੇਦਾਰ ਵੱਲੋਂ ਪਿਛਲੇ ਚਾਲੀ ਸਾਲਾਂ ਵਿੱਚ ਸਿੱਖਾਂ ਦੀ ਤਾਦਾਦ ਘਟਣ ’ਤੇ ਚਿੰਤਾ ਪ੍ਰਗਟ ਕਰਦਿਆਂ ਹਰ ਸਿੱਖ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਗਈ ਸੀ। ਭਾਵ, ਅਸੀਂ ਦੋ – ਸਾਡੇ ਚਾਰ। ਇਸ ਤੋਂ ਪਹਿਲਾਂ ਹਿੰਦੂ ਪ੍ਰੀਸ਼ਦ ਦੇ ਨੇਤਾ ਅਸ਼ੋਕ ਸਿੰਘਲ ਨੇ ਹਰ ਹਿੰਦੂ ਨੂੰ ਘੱਟੋ-ਘੱਟ ਪੰਜ ਬੱਚੇ ਪੈਦਾ ਕਰਨ ਦਾ ਮਸ਼ਵਰਾ ਦਿੱਤਾ ਸੀ। ਉਨ੍ਹਾਂ ਕਿਹਾ ਸੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਹਿੰਦੂ ਘੱਟ ਗਿਣਤੀ ਵਿੱਚ ਸ਼ਾਮਲ ਹੋ ਜਾਣਗੇ। ਮੁਸਲਮਾਨਾਂ ਦੀ ਜਨਸੰਖਿਆ ਬਾਰੇ ਵੀ ਇਸਲਾਮ ਦੇ ਕੁਝ ਅਖੌਤੀ ਠੇਕੇਦਾਰਾਂ ਵੱਲੋਂ ਅਜਿਹੇ ਖ਼ਦਸ਼ੇ ਪ੍ਰਗਟ ਕੀਤੇ ਜਾਂਦੇ ਰਹੇ ਹਨ। ਅਸ਼ੋਕ ਸਿੰਘਲ ਦੀ ਅਪੀਲ ’ਤੇ ਟਿੱਪਣੀ ਕਰਦਿਆਂ ਕਿਸੇ ਨੇ ਕਟਾਖਸ਼ ਵਿੱਚ ਕਿਹਾ ਕਿ ਉਨ੍ਹਾਂ ਦਾ ਆਪਣੀ ਪਾਰਟੀ ਦੇ ਨੇਤਾਵਾਂ ਬਾਰੇ ਕੀ ਖ਼ਿਆਲ ਹੈ ਜੋ ਸਾਰੀ ਉਮਰ ਛੜੇ ਹੀ ਰਹੇ ਹਨ! ਅਜਿਹੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੀਆਂ ‘ਮਹਾਨ ਸ਼ਖ਼ਸੀਅਤਾਂ’ ਨੂੰ ਨੱਥ ਪਾਉਣ ਵਾਲੀ ਕਲਮ ਅੱਜ ਖ਼ਾਮੋਸ਼ ਹੋ ਗਈ ਹੈ। ਕਾਸ਼! ਖੁਸ਼ਵੰਤ ਸਿੰਘ ਆਪਣੀ ਅਉਧ ਦਾ ਸੈਂਕੜਾ ਪੂਰਾ ਕਰ ਜਾਂਦੇ ਤਾਂ ਜੋ ਅਬਾਦੀ ਵਿਸਫੋਟ ਵਰਗੇ ਗੰਭੀਰ ਵਿਸ਼ਿਆਂ ’ਤੇ ਕੁਝ ਹੋਰ ਲਿਖਿਆ ਜਾਂਦਾ।
ਆਪਣੀ ਕੌਮ ਦੇ ਬਾਰੇ ਲਤੀਫ਼ੇਬਾਜ਼ੀ ਕਰਕੇ ਆਪਣਾ ਨਾਂ ਚਮਕਾਉਣ ਵਾਲੇ ਖੁਸ਼ਵੰਤ ਸਿੰਘ ਬਾਰੇ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਕਿ ਉਸ ਨੂੰ ਨਿੱਤਨੇਮ ਕੰਠ ਸੀ। ਸਤਾਰਾਂ ਸਾਲ ਦੀ ਉਮਰੇ ਉਸ ਨੇ ਅੰਮ੍ਰਿਤ ਛਕ ਲਿਆ ਜੋ ਬਾਅਦ ਵਿੱਚ ਭੰਗ ਹੋ ਗਿਆ ਸੀ। ਪੰਜਾਬ ਦੇ ਕਾਲੇ ਦਿਨਾਂ ਵੇਲੇ ਉਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਖ਼ਿਲਾਫ਼ ਲਿਖਣ ਦੀ ਜੁਰਅਤ ਕੀਤੀ। ਇਹ ਉਹ ਸਮਾਂ ਸੀ ਜਦੋਂ ਕਲਮਾਂ ਖ਼ਾਮੋਸ਼ ਹੋ ਗਈਆਂ ਸਨ। ਕੱਟੜ ਸਿੱਖ ਉਸ ਨੂੰ ਰੱਜ ਕੇ ਕੋਸਦੇ ਸਨ। ਸਾਕਾ ਨੀਲਾ ਤਾਰਾ ਵੇਲੇ ਜਦੋਂ ਉਸ ਨੇ ‘ਪਦਮ ਭੂਸ਼ਨ’ ਵਾਪਸ ਕੀਤਾ ਤਾਂ ਉਸ ਦੇ ਕੱਟੜ ਆਲੋਚਕ ਉਸ ਦੇ ਪ੍ਰਸ਼ੰਸਕ ਬਣ ਗਏ ਸਨ। ਦੂਜੇ ਪਾਸੇ ਉਸ ਦੇ ਅਣਗਿਣਤ ਪ੍ਰਸ਼ੰਸਕ ਕੱਟੜ ਵਿਰੋਧੀ ਬਣ ਗਏ ਸਨ। ਇਹੀ ਖੁਸ਼ਵੰਤ ਸਿੰਘ ਦੀ ਲੇਖਣੀ ਦਾ ਹਾਸਲ ਹੈ। ਇਸੇ ਲਈ ਅਦਬ ਦੀ ਦੁਨੀਆਂ ਵਿੱਚ ਅਜਿਹੀਆਂ ‘ਬੇਅਦਬੀਆਂ’ ਕਰਨ ਵਾਲੇ ਖੁਸ਼ਵੰਤ ਸਿੰਘ ਦਾ ਨਾਂ ਸਦਾ ਅਦਬ ਨਾਲ ਲਿਆ ਜਾਵੇਗਾ।

No comments:

Post a Comment