Wednesday 18 June 2014

ਬਾਰੀ ਵਿਚ ਖੜ੍ਹੀ ਔਰਤ
- ਅਮਰਜੀਤ ਚੰਦਨ
 
ਨਾਲ਼-ਦੀ ਤਸਵੀਰ ਗਹੁ ਨਾਲ਼ ਦੇਖੋ। ਇਹ ਹੱਥੀਂ ਬਣਾਈ ਤਸਵੀਰ ਦੀ ਤਸਵੀਰ ਹੈ। ਫ਼ੌਰਨ ਅੱਖਾਂ ਅੱਗੇ ਅੱਧਨੰਗੀ ਔਰਤ ਆਉਂਦੀ ਹੈ। ਇਹਦੇ ਹੱਥ ਦੱਸਦੇ ਨੇ ਕਿ ਇਨ੍ਹਾਂ ਇਹਦੀਆਂ ਛਾਤੀਆਂ ਨੂੰ ਕੱਜਿਆ ਹੋਇਆ ਹੈ। ਕੀ ਔਰਤ ਦੇ ਜਿਸਮ ਦਾ ਇਹ ਸੰਕੋਚ ਸਹਿਜ-ਸੁਭਾਅ ਹੈ? ਜਾਂ ਕਿਸੇ ਹੋਰ ਦੀ ਮੌਜੂਦਗੀ ਕਰਕੇ? ਤਸਵੀਰ ਵਿਚ ਹੋਰ ਕੋਈ ਜੀਅ ਮੌਜੂਦ ਨਹੀਂ। ਇਹ ਅਪਣੇ ਹੀ ਅੱਗੇ ਡਰੀ, ਸਹਿਮੀ ਤੇ ਝਿਜਕੀ ਖੜ੍ਹੀ ਹੈ।

ਇਹ ਤਸਵੀਰ ਆਮ ਤਸਵੀਰਾਂ ਵਾਂਙ ਦੋਪੱਖੀ ਨਹੀਂ, ਬਹੁਪੱਖੀ ਹੈ। ਹਰ ਤਸਵੀਰ ਅਪਣੇ ਆਪ ਚ ਚੌਖਟਾ (ਫ਼ਰੇਮ) ਹੁੰਦੀ ਹੈ। ਇਸ ਤਸਵੀਰ ਵਿਚ ਕਈ ਚੌਖਟੇ ਹਨ। ਇਹ ਫ਼ਰੇਮ ਵੀ ਹੈ ਤੇ ਬਾਰੀ ਵੀ। ਤੇ ਕੋਈ ਨੇੜਿਓਂ ਜਾਂ ਦੂਰੋਂ ਇਸ ਤੀਵੀਂ ਵਲ ਝਾਕ ਰਿਹਾ ਹੈ। ਇਹਨੇ ਜਾਂ ਤਾਂ ਜਾਣਦਿਆਂ ਹੋਇਆਂ ਝਾਕਣ ਵਾਲ਼ੇ ਵਲ ਪਿਠ ਕੀਤੀ ਹੋਈ ਹੈ; ਜਾਂ ਚੁਗਲਝਾਤ ਮਾਰਨ ਵਾਲ਼ੇ ਤੋਂ ਅਣਜਾਣਦਿਆਂ ਇਹ ਸ਼ੀਸ਼ੇ ਅੱਗੇ ਅਪਣਾ ਉਭਾਰ ਕੱਜ ਕੇ ਦੇਖ ਰਹੀ ਹੈ ਕਿ ਕਿਹੋ ਜਿਹਾ ਲਗਦਾ ਹੈ। ਸ਼ੀਸ਼ੇ ਅੱਗੇ ‘ਕੱਲੀ ਤੀਵੀਂ ਕਿਹੋ ਜਿਹੀਆਂ ਹਰਕਤਾਂ ਕਰਦੀ ਹੋਏਗੀ? ਤਸਵੀਰ ਵਾਲ਼ੀ ਤੀਵੀਂ ਦੇ ਸਿਰ ਦੇ ਬਰਾਬਰ ਦਰੀ ਦਾ ਪੰਜਾਬੀ ਨਮੂਨਾ (ਰੁੱਖ ਜਾਂ ਤਾਰਾ) ਜਾਂ ਤਾਂ ਉਹਦੇ ਪਿਛਾੜੀ ਕੰਧ ਦਾ ਸ਼ੀਸ਼ੇ ਚ ਪੈਂਦਾ ਅਕਸ ਹੈ ਜਾਂ ਉਹਦੇ ਅੱਗੇ ਵਾਲ਼ੀ ਕੰਧ ਦਾ। ਤੁਰਕੀ ਵਿਚ ਇਸੇ ਨਮੂਨੇ ਦਾ ਮਤਲਬ ਹੋਣੀ ਤੋਂ ਹੁੰਦਾ ਹੈ। ਇਹ ਤੀਵੀਂ ਕੀ ਸੋਚਦੀ ਹੈ? ਇਹਦੇ ਦਿਲ ਚ ਕੀ ਹੈ? ਸਿਰ ਉੱਤੇ ਰਾਹ ਦਿੰਦੀਆਂ ਔਂਸੀਆਂ ਹਨ। ਕੀ ਇਹਦੇ ਭਾਣੇ ਇਹਦੀ ਉਡੀਕ ਮੁੱਕ ਗਈ ਹੈ? ਵੇਗਮੱਤੀਆਂ ਉਂਗਲ਼ਾਂ ਚ ਕਾਮ ਜਾਗਿਆ ਹੋਇਆ ਹੈ। ਕੀ ਇਹ ਅਪਣੇ ਪ੍ਰੇਮੀ ਜਾਂ ਪ੍ਰੇਮਣ ਦੇ ਪਿੰਡੇ ਨੂੰ ਇੰਜ ਹੀ ਟੋਂਹਦੀ ਹੁੰਦੀ ਹੈ?

ਇਸ ਤੀਵੀਂ ਦਾ ਪਿੰਡਾ ਰੱਬ ਦਾ ਵਿਹਲੇ ਵੇਲੇ ਬੈਠ ਕੇ ਬਣਾਇਆ ਵੀਨਸ ਜਾਂ ਪਾਰਵਤੀ ਦਾ ਪਿੰਡਾ ਨਹੀਂ। ਇਹ ਤਸਵੀਰ ਲੁੱਚੇ ਰਸਾਲਿਆਂ ਦੀਆਂ ਤਸਵੀਰਾਂ ਵਰਗੀ ਬੇਹਯਾ ਤੇ ਹੁਸ਼ਿਆਰੀ ਲਿਆਉਣ ਵਾਲ਼ੀ ਨਹੀਂ। ਨਾ ਇਹ ਸੰਕੋਚ ਪੀਪ ਸ਼ੋਅ ਵਿਚ ਹੁੰਦਾ ਹੈ। ਇਹ ਕਾਮਸੂਤਰ ਦੀ ਤਸਵੀਰ ਵੀ ਨਹੀਂ।

ਅੱਜ ਤਾਈਂ ਕਲਾ ਤੇ ਸਾਹਿਤ ਵਿਚ ਮਰਦ ਨੇ ਹੀ ਔਰਤ ਨੂੰ ਚਿਤਰਿਆ ਹੈ। ਇਹ ਸ਼ਿਕਾਇਤ ਔਰਤ ਕਰਦੀ ਹੈ। ਹੁਣ ਤਕ ਮੈਨੂੰ ਦਸ ਦੇਣਾ ਚਾਹੀਦਾ ਸੀ ਕਿ ਇਹ ਨਾਲ਼-ਦੀ ਤਸਵੀਰ ਔਰਤ ਦੀ ਬਣਾਈ ਹੋਈ ਹੈ ਤੇ ਉਹਦਾ ਨਾਂ ਭਜਨ ਹੁੰਝਨ ਹੈ। ਭਜਨੋ ਨੇ ਇਸ ਤਸਵੀਰ ਦਾ ਇਹ ਅੰਗਰੇਜ਼ੀ ਨਾਂ ਰੱਖਿਆ ਹੈ - ਮਾਈਸੈਲਫ਼ ਯਾਨੀ ਮੇਰਾ ਅਪਣਾ ਆਪ।

ਇਸ ਸਵਾਲ ਦਾ ਜਵਾਬ ਲਭਣਾ ਸੌਖਾ ਨਹੀਂ ਕਿ ਕੀ ਮਰਦ ਔਰਤ ਨੂੰ ਉਸ ਹੱਦ ਤਕ ਸਮਝ ਸਕਦਾ ਹੈ, ਜਿਸ ਹੱਦ ਤਕ ਔਰਤ ਅਪਣੇ ਆਪ ਨੂੰ ਜਾਂ ਔਰਤਜ਼ਾਤ ਨੂੰ ਸਮਝਦੀ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਦੀਆਂ ਲੇਖਿਕਾਵਾਂ ਨੇ ਔਰਤ ਬਾਰੇ ਓਨੀ ਅਪਣੱਤ ਨਾਲ਼ ਨਹੀਂ ਲਿਖਿਆ, ਜਿੰਨਾ ਰਾਜਿੰਦਰ ਸਿੰਘ ਬੇਦੀ ਜਾਂ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ? ਵਾਰਿਸ ਸ਼ਾਹ ਨੇ ਜਿਵੇਂ ਹੀਰ ਦਾ ਰੂਪ ਬਿਆਨ ਕੀਤਾ ਹੈ, ਓਵੇਂ ਕਿਸੇ ਪੰਜਾਬੀ ਲੇਖਿਕਾ ਨੇ ਔਰਤ ਨੂੰ ਕਿਉਂ ਨਹੀਂ ਦੇਖਿਆ ਜਾਂ ਉਸ ਲਿਹਾਜ਼ ਨਾਲ਼ ਮਰਦ ਨੂੰ ਕਿਉਂ ਨਹੀਂ ਦੇਖਿਆ?

ਅੱਧੀ ਸਦੀ ਪਹਿਲਾਂ ਅਮ੍ਰਿਤਾ ਸ਼ੇਰਗਿੱਲ ਨੇ ਅਪਣਾ ਨਗਨ ਚਿਤ੍ਰ ਬਣਾਇਆ ਸੀ। ਉਹਦੇ ਵੇਲੇ ਤਾਂ ਲਹੌਰ ਵਿਚ ਤਹਿਲਕਾ ਮਚ ਗਿਆ ਹੋਏਗਾ। ਪਰ ਹੁਣ ਦੇ ਜ਼ਮਾਨੇ ਵਿਚ ਪੰਜਾਬੀ ਚਿਤੇਰੀਆਂ ਅਪਣੇ ਨੰਗੇ ਚਿਤ੍ਰ ਕਿਉਂ ਨਹੀਂ ਬਣਾਉਂਦੀਆਂ? ਭਜਨੋ ਤਾਂ ਇੰਗਲੈਂਡ ਦੀ ਜੰਮਪਲ਼ ਹੈ। ਇਹਨੂੰ ਕਾਹਦਾ ਸੰਕੋਚ ਹੈ?

ਇਸ ਤਸਵੀਰ ਵਾਲ਼ੀ ਤੀਵੀਂ ਦਾ ਸੰਕੋਚ ਹਰ ਕਿਸਮ ਦੀ ਸਮਾਜੀ ਬੰਦਿਸ਼ ਦਾ ਸ਼ੀਸ਼ਾ ਹੈ। ਪੰਜਾਬ ਦਾ ਇਤਿਹਾਸ ਔਰਤ ਨਾਲ਼ ਵਧੀਕੀਆਂ ਨਾਲ਼ ਭਰਿਆ ਪਿਆ ਹੈ। ਸਾਡੇ ਕੁੜੀ ਜੰਮਣਸਾਰ ਮਾਰਨ ਦੀ ਰੀਤ ਇਸ ਸਦੀ ਦੇ ਸ਼ੁਰੂ ਵਿਚ ਹੀ ਬੰਦ ਹੋਈ ਸੀ। (ਹੁਣ ਪੰਜਾਬ ਵਿਚ ਕੁੜੀ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਅੱਡੇ ਥਾਂ ਪਰ ਥਾਂ ਬਣੇ ਹੋਏ ਹਨ।) ਲੋਹੜੀ, ਰੱਖੜੀ ਵਰਦੇ ਮਰਦ ਅਹੰਕਾਰ ਵਾਲ਼ੇ ਤਿਉਹਾਰ ਪਤਾ ਨਹੀਂ ਕਦੋਂ ਰੱਦ ਹੋਣਗੇ? ਪੰਜਾਬੀ ਵਿਚ ਇਸਤਰੀ ਲਹਿਰ ਦਾ ਹਾਲੇ ਤਾਈਂ ਕੋਈ ਮੂੰਹ-ਮੱਥਾ ਨਹੀਂ ਬਣਿਆ।

ਬਹੁਤ ਘਟ ਪੰਜਾਬਣਾਂ ਨੇ ਅਪਣਾ ਸਗਲਾ ਨਗਨ ਆਪਾ ਸ਼ੀਸ਼ੇ ਅੱਗੇ ਦੇਖਿਆ ਹੋਏਗਾ ਜਾਂ ਨਿਰਵਸਤਰ ਹੋ ਕੇ ਸੇਜ ਮਾਣੀ ਹੋਏਗੀ। ਦਿੱਲੀਓਂ ਛਪਦੇ ਔਰਤਾਂ ਦੇ ਪਰਚੇ ਮਾਨੁਸ਼ੀ ਵਿਚ ਇਕ ਵਾਰ ਲੇਖ ਛਪਿਆ ਸੀ, ਜਿਸ ਵਿਚ ਔਰਤਾਂ ਨੂੰ ਅਪਣੇ ਅੰਤਰੀਵ ਅੰਗ ਦੇਖਣ ਦੇ ਤਰੀਕੇ ਸਮਝਾਏ ਗਏ ਸਨ।

ਭਜਨੋ ਦੀ ਬਣਾਈ ਤਸਵੀਰ ਵਿਚ ਤੀਵੀਂ ਦੇ ਪਿੰਡੇ ਦੇ ਉਨ੍ਹਾਂ ਅੰਗਾਂ ਵਲ ਕੋਈ ਇਸ਼ਾਰਾ ਨਹੀਂ, ਜਿਨ੍ਹਾਂ ਨੂੰ ਮਰਦ ਅਕਸਰ ਤਾੜਦਾ ਹੈ ਅਤੇ ਉਹਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਜਿਵੇਂ ਚਾਹਵੇ ਤੀਵੀਂ ਦੇ ਪਿੰਡੇ ਨੂੰ ਵਰਤ ਸਕਦਾ ਹੈ। ਇਹ ਉਹਦੀ ਧੌਂਸ ਨਹੀਂ ਮੰਨਦੀ। ਇਹ ਮਰਦ ਨੂੰ ਮਾਯੂਸ ਕਰਨ ਵਾਲ਼ੀ ਤਸਵੀਰ ਹੈ।

No comments:

Post a Comment