Thursday 5 June 2014

ਲਾਲ
Online Punjabi Magazine Seerat- ਅਮਰਜੀਤ ਚੰਦਨ
 
ਬ੍ਰਿਟਿਸ਼ ਲਾਇਬ੍ਰੇਰੀ ਲੰਦਨ ਵਿਚ ਗ਼ਦਰ ਲਹਿਰ ਦੀਆਂ ਮਿਸਲਾਂ ਵਾਚਦਿਆਂ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ
ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ

ਫੋਲ਼ੇ ਕਾਗ਼ਜ਼ ਧੁਖਦੇ ਅੱਖਰ
ਲਾਲ ਮਾਤਾ ਦੇ ਜ਼ੰਜੀਰਾਂ ਨੂੰ ਕੱਟਣੇ ਨੂੰ
ਫਿਰਦੇ ਦੇਸ ਦੇਸਾਂਤਰ ਪੇਸ਼ ਨਾ ਜਾਂਦੀ
ਤੋੜ ਕੇ ਮੋਹ ਦੇ ਸੰਗਲ਼
ਤੁਰ ਪਏ ਜੰਗਲ਼ ਰਸਤੇ
ਮੁਲਕੋ ਮੁਲਕ ਸ਼ਹਿਰ ਤੋਂ ਸ਼ਹਿਰ

ਰਤਨ ਸਿੰਘ ਸੰਤੋਖ ਸੁਤੰਤਰ
ਦਾਦਾ ਮੀਰ ਕੁਰਬਾਨ ਇਲਾਹੀ
ਰਾਮ ਕ੍ਰਿਸ਼ਨ ਰੁੜ੍ਹਿਆ ਜਾਂਦਾ ਆਮੂ ਦਰਿਆ ਅੰਦਰ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਬੇਵਤਨੇ ਦਾ ਦਿਲ ਕਿੰਜ ਧੜਕਦਾ
ਕਿੰਜ ਤੜਫਦਾ ਚੇਤੇ ਕਰਕੇ
ਮਾਪੇ ਪਿੰਡ ਤੇ ਬੇਲੀ

ਕੌਣ ਭਤੀਜਾ ਤਾਂਘ ਮਿਲਣ ਦੀ ਲੈ ਕੇ ਫਾਂਸੀ ਚੜ੍ਹਿਆ
ਰਹਿੰਦਾ ਸੱਤ ਸਮੁੰਦਰਾਂ ਪਾਰ ਹੈ ਚਾਚਾ
ਤਸਵੀਰ ਦੇ ਪਿੱਛੇ ਨਹਿਰੂ ਲਿਖਿਆ -
ਇਹ ਮੂਰਤ ਉਸ ਉੱਚੇ ਦਾ ਸੱਚਾ ਪਰਛਾਵਾਂ ਹੈ
ਵਤਨ ਦੀ ਧਰਤੀ ਉੱਤੇ ਪੈਂਦਾ

ਮੂਰਤ ਅੰਦਰ ਸਿੰਘ ਅਜੀਤ
ਬਣਿਆ ਬੈਠਾ ਹਸਨ ਖ਼ਾਨ ਈਰਾਨ ਦਾ ਵਾਸੀ
ਕਦੀ ਤਾਂ ਬੋਲੇ ਫ਼ਾਰਸ ਤੁਰਕੀ ਕਦੇ ਸਪੇਨੀ
ਪਰ ਤੱਕਦੀ ਅੱਖ ਪੰਜਾਬੀ ਹੈ

ਨਹਿਰੂ ਸਰਕਾਰੇ-ਦਰਬਾਰੇ ਕਹਿੰਦਾ -
ਇਸਨੂੰ ਅਪਣੇ ਘਰ ਜਾਣ ਦਾ
ਮਾਂ ਦੇ ਪੈਰੀਂ ਪੈ ਕੇ ਮਰ ਜਾਣ ਦਾ ਹੱਕ ਤਾਂ ਦੇਵੋ

ਨਾ ਕਾਗ਼ਜ਼ ਨਾ ਅੱਖਰ ਦੱਸਦੇ
ਕਿਹੜਾ ਖ਼ਿਆਲ ਸੀ ਜਿਹੜਾ ਹਰਦਮ ਨਾਲ਼ ਓਸਦੇ ਰਹਿੰਦਾ ਸੀ
ਕਿਸਦੇ ਨਾਮ ਸਹਾਰੇ ਉਹ ਦਰਦ ਹਿਜਰ ਦਾ ਸਹਿੰਦਾ ਸੀ

ਜੋਗੀ ਬੈਠਾ ਮਿੱਟੀ ਫੋਲ਼ੇ
ਇਹ ਜਾਣਦਿਆਂ ਵੀ
ਨਹੀਂ ਲੱਭਣੇ ਲਾਲ ਗੁਆਚੇ
ਸਦੀ ਪੁਰਾਣੀ ਕਿੰਨੀਆਂ ਪੁਸ਼ਤਾਂ ਲੇਖੇ ਲੱਗੀਆਂ
ਤਕਦੀਰ ਨਾ ਬਦਲੀ ਲੋਕਾਂ ਦੀ


* ਰਤਨ ਸਿੰਘ, ਸੰਤੋਖ ਸਿੰਘ, ਤੇਜਾ ਸਿੰਘ ਸੁਤੰਤਰ, ਦਾਦਾ ਅਮੀਰ ਹੈਦਰ, ਕੁਰਬਾਨ ਇਲਾਹੀ, ਰਾਮ ਕ੍ਰਿਸ਼ਨ ਇਹ ਸਾਰੇ ਗ਼ਦਰ-ਕਿਰਤੀ ਪਾਰਟੀ ਦੇ ਆਗੂ ਸੀ। ਆਖ਼ਿਰ ਨਹਿਰੂ ਨੇ ਅਜੀਤ ਸਿੰਘ ਨੂੰ ਆਜ਼ਾਦ ਭਾਰਤ ਦੀ ਸਰਕਾਰ ਬਣਨ ਵੇਲੇ ਵਤਨ ਸੱਦਿਆ ਸੀ। ਅਜੀਤ ਸਿੰਘ ਚੌਦਾਂ ਪੰਦਰਾਂ ਅਗਸਤ ਸੰਨ ਸੰਤਾਲ਼ੀ ਦੀ ਰਾਤ ਨੂੰ ਪੂਰੇ ਹੋਏ ਸਨ। ਰਵਾਇਤ ਹੈ ਕਿ ਉਨ੍ਹਾਂ ਆਖ਼ਿਰੀ ਸਾਹ ਲੈਣ ਵੇਲੇ ਅਪਣੀ ਪਤਨੀ ਹਰਨਾਮ ਕੌਰ ਦੇ ਪੈਰੀਂ ਪੈ ਕੇ ਚੰਗਾ ਪਤੀ ਨਾ ਬਣ ਸਕਣ ਦੀ ਭੁੱਲ ਬਖ਼ਸ਼ਾਈ ਸੀ। ਕਾਗ਼ਜ਼ਾਂ ਵਿਚ ਨਹਿਰੂ ਦੀ ਤਸਦੀਕ ਕੀਤੀ ਅਜੀਤ ਸਿੰਘ ਦੀ ਤਸਵੀਰ ਪਈ ਹੈ, ਜੋ ਉਨ੍ਹਾਂ ਨੇ ਸੰਨ 40 ਵਿਚ ਅੰਗਰੇਜ਼ ਹਾਕਮਾਂ ਨੂੰ ਪਾਸਪੋਰਟ ਵਾਸਤੇ ਅਰਜ਼ੀ ਦੇ ਨਾਲ਼ ਘੱਲੀ ਸੀ। ਅਰਜ਼ੀ ਰੱਦ ਹੋ ਗਈ ਸੀ।


- ਅੰਨਜਲ (ਲੋਕਗੀਤ, 2006) ਵਿੱਚੋਂ

No comments:

Post a Comment