Monday 9 June 2014


ਸ਼ਹੀਦ ਭਗਤ ਸਿੰਘ ਦੇ ਲੇਖ ਮੈਂ ਨਾਸਤਕ ਕਿਉਂ ਹਾਂ? ਬਾਰੇ ਵਿਚਾਰ ਚਰਚਾ ਬਹਾਨੇ -ਸਾਧੂ ਬਿਨਿੰਗ


suhisaver


ਤੇਈ ਸਾਲ ਦੀ ਉਮਰ ਵਿਚ, ਬਹੁਤ ਹੀ ਵੱਖਰੀ ਕਿਸਮ ਦੀਆਂ ਹਾਲਤਾਂ ਵਿਚ, ਸਾਹਮਣੇ ਖੜ੍ਹੀ ਮੌਤ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ, ਲਿਖਿਆ ਸ਼ਹੀਦ ਭਗਤ ਸਿੰਘ ਦਾ ਇਹ ਲੇਖ "ਮੈਂ ਨਾਸਤਕ ਕਿਉਂ ਹਾਂ?' ਪੜ੍ਹਨ ’ਤੇ ਹਰ ਵਾਰ ਹੈਰਾਨ ਤੇ ਪ੍ਰਭਾਵਿਤ ਕਰਦਾ ਹੈ। ਨਾਲ ਹੀ, ਇਹ ਗੱਲ ਹੈਰਾਨ ਤੇ ਪ੍ਰੇਸ਼ਾਨ ਵੀ ਕਰਦੀ ਹੈ ਕਿ ਇਹੋ ਜਿਹੀ ਸਾਫ ਸੁਥਰੀ ਤੇ ਤਾਕਤਵਰ ਲਿਖਤ ਵਲ ਬਣਦਾ ਧਿਆਨ ਕਿਉਂ ਨਹੀਂ ਦਿੱਤਾ ਗਿਆ।

ਅੰਗਰੇਜ਼ੀ ਜ਼ੁਬਾਨ ਦੇ ਮਸ਼ਹੂਰ ਦਾਰਸ਼ਨਿਕ ਲਿਖਾਰੀ ਬਰਟਰੈਂਡ ਰੱਸਲ ਨੇ ਭਗਤ ਸਿੰਘ ਦੇ ਇਸ ਲੇਖ ਤੋਂ ਦੋ ਤਿੰਨ ਸਾਲ ਪਹਿਲਾਂ ਇੱਕ ਲੇਖ ਲਿਖਿਆ ਸੀ, 'ਮੈਂ ਇਸਾਈ ਕਿਉਂ ਨਹੀਂ?' - ਵ੍ਹਾਈ ਆਈ ਐਮ ਨਾਟ ਏ ਕ੍ਰਿਸਚੀਅਨ?। ਰੱਸਲ ਦੇ ਉਸ ਲੇਖ ਨੇ ਇਸਾਈ ਮੱਤ ਉੱਤੇ ਇਕ ਅਜਿਹੀ ਗਹਿਰੀ ਸੱਟ ਮਾਰੀ ਸੀ ਜਿਸ ਦੇ ਡਰ ਤੋਂ ਇਸਾਈ ਮੱਤ ਅਜੇ ਤੱਕ ਵੀ ਕੰਬਦਾ ਹੈ।

ਇਕ ਵੱਖਰੇ ਤਰੀਕੇ ਨਾਲ ਇਹ ਗੱਲ ਭਗਤ ਸਿੰਘ ਦੇ ਲੇਖ ਬਾਰੇ ਵੀ ਕਹੀ ਜਾ ਸਕਦੀ ਹੈ। ਪਹਿਲਾਂ ਲਗਦਾ ਸੀ ਕਿ ਭਗਤ ਸਿੰਘ ਦੇ ਇਸ ਲੇਖ ਨੇ ਸਾਡੇ ਧਾਰਮਿਕ ਲੋਕਾਂ ਉੱਪਰ ਉਸ ਕਿਸਮ ਦਾ ਅਸਰ ਨਹੀਂ ਕੀਤਾ ਜਿਸ ਕਿਸਮ ਦਾ ਰੱਸਲ ਦੇ ਲੇਖ ਨੇ ਇਸਾਈਆਂ ਉੱਪਰ ਕੀਤਾ ਸੀ। ਪਰ ਇਹ ਗੱਲ ਠੀਕ ਨਹੀਂ ਜਾਪਦੀ। ਸੰਭਵ ਹੈ ਕਿ ਸ਼ੁਰੂ ਵਿਚ ਭਗਤ ਸਿੰਘ ਦੇ ਇਸ ਲੇਖ ਬਾਰੇ ਕੋਈ ਬਹੁਤਾ ਪ੍ਰਤੀਕਰਮ ਨਾ ਹੋਇਆ ਹੋਵੇ ਪਰ ਹੁਣ ਪਿਛਲੇ ਕੁਝ ਵਰ੍ਹਿਆਂ ਤੋਂ ਇਸ ਨੇ ਪੰਜਾਬ/ਭਾਰਤ ਦੇ ਧਾਰਮਿਕ ਲੋਕਾਂ ਨੂੰ ਵਖਤ ਪਾਇਆ ਹੋਇਆ ਹੈ। ਦੋ ਕਿਸਮ ਦੇ ਪ੍ਰਤੀਕਰਮ ਦੇਖੇ ਜਾ ਸਕਦੇ ਹਨ। ਇਕ ਤਾਂ ਇਸ ਨੂੰ ਅੱਖੋਂ ਉਹਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅਤੇ ਅਜੇ ਵੀ ਕੀਤੀ ਜਾਂਦੀ ਹੈ। ਇਸ ਵਿਚ ਕਈ ਕਾਰਨਾਂ ਕਰਕੇ ਖੱਬੀਆਂ ਸਿਆਸੀ ਤਾਕਤਾਂ ਵੀ ਸ਼ਾਮਲ ਰਹੀਆਂ ਹਨ। ਕੁਝ ਹੱਦ ਤੱਕ ਇਹ ਗੱਲ ਸਮਝ ਵੀ ਪੈਂਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਫੌਰੀ ਸਮੱਸਿਆਵਾਂ ਦੇ ਹੱਲ ਲਈ ਜਥੇਬੰਦ ਕਰਨ ਸਮੇਂ ਨਾਸਤਿਕਤਾ ਵਰਗਾ ਵਿਚਾਰ ਅੜਿੱਕਾ ਬਣਦਾ ਹੈ। ਸੋ ਲੋਕਾਂ ਨੂੰ ਜਥੇਬੰਦ ਕਰਨ ਦੇ ਨਜ਼ਰੀਏ ਤੋਂ ਅਮਲੀ ਪੱਧਰ ’ਤੇ ਭਗਤ ਸਿੰਘ ਦੀਆਂ ਦੂਜੀਆਂ ਲਿਖਤਾਂ ਜ਼ਿਆਦਾ ਅਹਿਮੀਅਤ ਰੱਖਦੀਆਂ ਹਨ। ਇਸ ਤਰ੍ਹਾਂ ਭਗਤ ਸਿੰਘ ਦੇ ਰੱਬ ਅਤੇ ਧਰਮ ਬਾਰੇ ਵਿਚਾਰਾਂ ਨੂੰ ਪਿਛਾਂਹ ਰੱਖਿਆ ਜਾਂਦਾ ਹੈ।

ਭਗਤ ਸਿੰਘ ਦੇ ਨਾਸਤਿਕਤਾ ਬਾਰੇ ਵਿਚਾਰਾਂ ਦਾ ਦੂਜਾ ਪ੍ਰਤੀਕਰਮ ਉਸ ਨੂੰ ਕਦੇ ਸਿੱਖ ਤੇ ਕਦੇ ਆਰੀਆ ਸਮਾਜੀ ਬਣਾ ਕੇ ਪੇਸ਼ ਕਰਨਾ ਹੈ। ਇਹ ਕੰਮ ਬੜਾ ਚੇਤਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਬਹੁਤੀ ਵਾਰੀ ਭਾਈ ਰਣਧੀਰ ਸਿੰਘ ਦੇ ਹਵਾਲੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਖਰੀ ਸਮੇਂ ਭਗਤ ਸਿੰਘ ਮੁੜ ਸਿੱਖ ਬਣ ਗਿਆ ਸੀ। ਉਸ ਦੀ 1927 ਦੀ ਪਹਿਲੀ ਗ੍ਰਿਫਤਾਰੀ ਸਮੇਂ ਖਿੱਚੀ ਤਸਵੀਰ ਨੂੰ ਸਬੂਤ ਵਜੋਂ ਸਾਹਮਣੇ ਲਿਆਂਦਾ ਜਾਂਦਾ ਹੈ। ਅਜੇ ਕੁਝ ਹੀ ਦਿਨ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਕਿ ਪੰਜਾਬ ਵਿਚ ਚੌਥੀ ਜਮਾਤ ਦੇ ਬੱਚਿਆਂ ਦੀ ਇਕ ਕਿਤਾਬ ਵਿਚ ਭਗਤ ਸਿੰਘ ਬਾਰੇ ਲਿਖੇ ਲੇਖ ਵਿਚ ਇਹ ਝੂਠੀ ਜਾਣਕਾਰੀ ਦਰਜ ਹੈ:  "ਭਗਤ ਸਿੰਘ ਜੇਲ੍ਹ ਦੀ ਬੈਰਕ ਵਿਚ ਬੈਠਾ ਜਪੁਜੀ ਸਾਹਿਬ ਦਾ ਪਾਠ ਕਰ ਰਿਹਾ ਹੈ।" ... ... ਜੇਲ੍ਹ ਵਿਚ ਭਗਤ ਸਿੰਘ ਦੀ ਮਾਂ ਉਸ ਨੂੰ ਮਿਲਣ ਆਉਂਦੀ ਹੈ ਤੇ ਜਦੋਂ ਉਹ ਜਾਂਦੀ ਹੈ ਤਾਂ "ਭਗਤ ਸਿੰਘ ਜਪੁਜੀ ਸਾਹਿਬ ਫੜਦਾ ਹੈ ਤੇ ਪਾਠ ਕਰਨ ਲਈ ਬੈਠ ਜਾਂਦਾ ਹੈ।"

ਇਸ ਕਿਸਮ ਦੀਆਂ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਜੋ ਇਸ ਗੱਲ ਵੱਲ ਇਸ਼ਾਰਾ ਹੈ ਕਿ ਇਹ ਲੇਖ ਧਾਰਮਿਕ ਵਿਰਤੀਆਂ ਵਾਲੇ ਲੋਕਾਂ ਨੂੰ ਤੰਗ ਕਰ ਰਿਹਾ ਹੈ। ਭਗਤ ਸਿੰਘ ਦੇ ਦੂਜੇ ਸਿਆਸੀ ਵਿਚਾਰਾਂ ਬਾਰੇ ਇਸ ਕਿਸਮ ਦੀਆਂ ਕੋਸ਼ਿਸ਼ਾਂ ਘੱਟ ਦੇਖਣ ਵਿਚ ਆਉਂਦੀਆਂ ਹਨ।

ਭਗਤ ਸਿੰਘ ਦੇ ਵਿਚਾਰਾਂ ਦੇ ਉਲਟ ਨਿੱਤ ਉਸ ਦੇ ਨਾਂ 'ਤੇ ਧਾਰਮਿਕ ਪੂਜਾ ਪਾਠ ਹੁੰਦੇ ਹਨ, ਉਸ ਦੀ ਰੂਹ ਲਈ ਅਰਦਾਸਾਂ ਹੁੰਦੀਆਂ ਹਨ। ਪੰਜਾਬੀਆਂ/ਭਾਰਤੀਆਂ ਦੇ ਸਭ ਤੋਂ ਰੌਸ਼ਨ ਦਿਮਾਗ ਤੇ ਸਭ ਤੋਂ ਵੱਧ ਸਤਿਕਾਰ ਵਾਲੇ ਸ਼ਹੀਦ ਭਗਤ ਸਿੰਘ ਨਾਲ ਇਸ ਤੋਂ ਵੱਡੀ ਹੋਰ ਬੇਇਨਸਾਫੀ ਕਿਆਸ ਨਹੀਂ ਕੀਤੀ ਜਾ ਸਕਦੀ। ਉਹਦੇ ਨਾਂਅ ’ਤੇ ਅਰਦਾਸਾਂ ਕਰਨ ਵਾਲੇ ਲੋਕਾਂ ਨੂੰ ਅਰਦਾਸ ਬਾਰੇ ਉਹਦੇ ਲਿਖੇ ਸ਼ਬਦ ਪੜ੍ਹਨੇ ਚਾਹੀਦੇ ਹਨ: ਅਰਦਾਸ ਨੂੰ "ਮੈਂ ਮਨੁੱਖ ਦਾ ਸਭ ਤੋਂ ਵਧ ਖੁਦਗਰਜ਼ੀ ਕਰਨ ਵਾਲਾ ਤੇ ਘਟੀਆ ਕੰਮ ਸਮਝਦਾ ਹਾਂ"।

 

ਭਗਤ ਸਿੰਘ ਦੇ ਰੱਬ, ਧਰਮ ਤੇ ਨਾਸਤਿਕਤਾ ਸਬੰਧੀ ਵਿਚਾਰਾਂ ਬਾਰੇ ਅੱਜ ਗੱਲ ਕਰਨ ਦੀ ਕਿਉਂ ਜ਼ਰੂਰਤ ਹੈ?

ਦੁਨੀਆਂ ਭਰ ਵਿਚ, ਭਾਰਤ ਵਿਚ ਤੇ ਖਾਸ ਕਰ ਪੰਜਾਬੀ ਭਾਈਚਾਰੇ ਵਿਚ, ਜਿਸ ਕਿਸਮ ਦਾ ਧਾਰਮਿਕ ਗਲਬਾ ਇਸ ਸਮੇਂ ਹੈ, ਉਸ ਨਾਲ ਬਹੁਤ ਜ਼ਿਆਦਾ ਸ਼ਕਤੀ, ਪੈਸਾ ਤੇ ਸਮਾਂ ਨਸ਼ਟ ਕੀਤਾ ਜਾ ਰਿਹਾ ਹੈ। ਅਸੀਂ ਦੇਖਦੇ ਸੁਣਦੇ ਹਾਂ ਕਿ ਧਰਮ ਦੇ ਨਾਂ 'ਤੇ ਹਰ ਰੋਜ਼ ਕੋਈ ਨਾ ਕੋਈ ਨਵਾਂ ਮਸਲਾ ਖੜ੍ਹਾ ਕੀਤਾ ਜਾਂਦਾ ਹੈ। ਇਹ ਮਸਲੇ ਧਰਮ ਨੂੰ ਤਾਂ ਜ਼ਰੂਰ ਸ਼ਕਤੀਸ਼ਾਲੀ ਬਣਾਉਣ ਵਿਚ ਸਹਾਈ ਹੁੰਦੇ ਹਨ ਪਰ ਇਨ੍ਹਾਂ ਨਾਲ ਸਮਾਜ ਦੀ ਕਿਸੇ ਤਰ੍ਹਾਂ ਵੀ ਕੋਈ ਭਲਾਈ ਨਹੀਂ ਹੋ ਸਕਦੀ। ਧਾਰਮਿਕ ਮਸਲੇ ਹਰ ਸਮੇਂ ਲੋਕਾਂ ਦੀ ਜਾਨ ਮਾਲ ਨੂੰ ਖਤਰੇ ਵਿਚ ਪਾਈ ਰੱਖਦੇ ਹਨ। ਧਰਮ ਤੇ ਸਿਆਸਤ ਰਲ਼ ਕੇ ਲੋਕਾਂ ਦਾ ਜੀਵਨ ਨਰਕ ਬਣਾਈ ਰੱਖਦੇ ਹਨ। ਉਦਾਹਰਨ ਵਜੋਂ, ਤਕਰੀਬਨ ਹਰ ਕੋਈ ਜਾਣਦਾ ਹੈ ਕਿ ਅਜੋਕੇ ਪੰਜਾਬ ਵਿਚ ਰਾਜ ਕਰ ਰਹੇ ਲੋਕ ਸਿਰੇ ਦੇ ਧੋਖੇਬਾਜ ਤੇ ਬਦਮਾਸ਼ ਹਨ। ਸੰਭਵ ਹੈ ਕਿ ਇਸ ਦਾ ਵੱਡਾ ਕਾਰਨ ਪੰਜਾਬੀ ਲੋਕਾਂ ਵਿਚ ਧਰਮ ਦੀ ਸਖਤ ਪਕੜ ਹੀ ਹੋਵੇ। ਦੋਵੇਂ ਪਾਰਟੀਆਂ, ਅਕਾਲੀ ਤੇ ਬੀ ਜੇ ਪੀ, ਲੋਕਾਂ ਦੇ ਧਾਰਮਿਕ ਅਹਿਸਾਸਾਂ ਦੀ ਵਰਤੋਂ ਕਰਕੇ ਰਾਜ ਕਰ ਰਹੀਆਂ ਹਨ। ਇਹ ਸਭ ਕੁਝ ਸਾਨੂੰ ਇੱਕੀਵੀ ਸਦੀ ਵਿਚ ਅੱਗੇ ਵਧਣ ਦੀ ਬਜਾਏ ਪਿੱਛੇ ਵਲ ਨੂੰ ਮੋੜ ਰਿਹਾ ਹੈ। ਇਸ ਬਹੁਤ ਹੀ ਖਤਰਨਾਕ ਰੁਝਾਨ ਨੂੰ ਰੋਕਣ ਦੀ ਲੋੜ ਹੈ।

 

ਇਸ ਔਖੇ ਮਸਲੇ ਦਾ ਹੱਲ ਕਿਸ ਤਰ੍ਹਾਂ ਲੱਭਿਆ ਜਾਵੇ?

ਮੇਰਾ ਸੁਝਾਅ ਹੈ ਕਿ ਅਸੀਂ ਭਗਤ ਸਿੰਘ ਤੋਂ ਹੀ ਇਸ ਬਾਰੇ ਸੇਧ ਲਈਏ। ਆਪਣੀ ਨਾਸਤਿਕਤਾ ਬਾਰੇ ਭਗਤ ਸਿੰਘ ਨੇ ਜੋ ਗੱਲਾਂ ਅਤੇ ਜਿਸ ਅੰਦਾਜ਼ ਵਿਚ ਕੀਤੀਆਂ ਹਨ ਉਨ੍ਹਾਂ ਵਿਚ ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਸਾਨੂੰ ਇਸ ਸਮੱਸਿਆ ਨਾਲ ਜੂਝਣ ਲਈ ਸੇਧ ਦੇ ਸਕਦਾ ਹੈ। ਆਪਣੇ ਲੇਖ ਵਿਚ ਸਭ ਤੋਂ ਪਹਿਲਾਂ ਭਗਤ ਸਿੰਘ ਦੂਜਿਆਂ ਵਲੋਂ ਲਾਏ ਇਸ ਦੋਸ਼ ਦੀ ਗੱਲ ਕਰਦਾ ਹੈ ਕਿ ਕੀ ਉਸ ਦਾ ਨਾਸਤਿਕ ਹੋਣਾ ਉਸ ਦੇ ਹੰਕਾਰੀ ਹੋਣ ਦੀ ਨਿਸ਼ਾਨੀ ਹੈ? ਭਗਤ ਸਿੰਘ ਖੁਦ ਸਵਾਲ ਕਰਦਾ ਹੈ ਕਿ 'ਕੀ ਮੈਂ ਬੇਲੋੜੇ ਮਾਣ ਕਰਕੇ ਨਾਸਤਕ ਬਣਿਆਂ ਹਾਂ ਜਾਂ ਇਸ ਵਿਸ਼ੇ ਬਾਰੇ ਡੂੰਘਾ ਮੁਤਾਲਿਆ ਕਰਨ ਮਗਰੋਂ ਅਤੇ ਗੰਭੀਰ ਸੋਚ ਵਿਚਾਰ ਮਗਰੋਂ ਨਾਸਤਕ ਬਣਿਆਂ ਹਾਂ?'  

ਇਸ ਸਵਾਲ ਦਾ ਜਵਾਬ ਉਹ ਵਿਗਿਆਨਕ ਨਜ਼ਰੀਏ ਨਾਲ ਦਿੰਦਾ ਹੈ ਕਿ ਹੰਕਾਰੀ ਬੰਦਾ ਨਾਸਤਿਕ ਹੋ ਹੀ ਨਹੀਂ ਸਕਦਾ। ਉਹ ਵਿਸਥਾਰ ਵਿਚ ਚਰਚਾ ਕਰਦਾ ਹੈ: "ਮੈਂ ਆਪਣੇ ਬਾਬਾ ਜੀ ਦੇ ਅਸਰ ਹੇਠ ਵੱਡਾ ਹੋਇਆ ਸੀ ਤੇ ਉਹ ਪੱਕੇ ਆਰੀਆ ਸਮਾਜੀ ਸਨ। ਕੋਈ ਆਰੀਆ ਸਮਾਜੀ ਹੋਰ ਤਾਂ ਸਭ ਕੁਝ ਹੋ ਸਕਦਾ ਹੈ, ਪਰ ਨਾਸਤਕ ਨਹੀਂ। ਮੈਂ ਆਪਣੀ ਪ੍ਰਾਇਮਰੀ ਦੀ ਪੜ੍ਹਾਈ ਮੁਕਾ ਕੇ ਲਾਹੌਰ ਦੇ ਡੀ ਏ ਵੀ ਸਕੂਲ ਵਿਚ ਦਾਖਲ ਹੋ ਗਿਆ ਤੇ ਇਹਦੇ ਬੋਰਡਿੰਗ ਹਾਊਸ ਵਿਚ ਪੂਰਾ ਇਕ ਸਾਲ ਰਿਹਾ। ਉਥੇ ਸਵੇਰ ਤੋਂ ਤ੍ਰਿਕਾਲ ਸੰਧਿਆ ਦੀਆਂ ਪ੍ਰਾਰਥਨਾਵਾਂ ਤੋਂ ਛੁੱਟ ਮੈਂ ਘੰਟਿਆਂ ਬੱਧੀ ਗਾਇਤ੍ਰੀ ਮੰਤਰ ਦਾ ਜਾਪ ਕਰਦਾ ਸੀ। ਮੈਂ ਉਨ੍ਹਾਂ ਦਿਨਾਂ ਵਿਚ ਪੱਕਾ ਸ਼ਰਧਾਲੂ ਸੀ। ਫੇਰ ਮੈਂ ਆਪਣੇ ਪਿਤਾ ਜੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਧਾਰਮਿਕ ਦ੍ਰਿਸ਼ਟੀਕੋਣ ਉਦਾਰ ਸੀ। ਉਨ੍ਹਾਂ ਦੀਆਂ ਸਿੱਖਿਆਵਾਂ ਸਦਕਾ ਹੀ ਮੈਂ ਆਪਣੀ ਜ਼ਿੰਦਗੀ ਆਜ਼ਾਦੀ ਦੇ ਆਦਰਸ਼ ਨੂੰ ਅਰਪੀ। ਪਰ ਉਹ ਨਾਸਤਕ ਨਹੀਂ ਸਨ। ਉਨ੍ਹਾਂ ਦਾ ਰੱਬ ਵਿਚ ਪੱਕਾ ਅਕੀਦਾ ਸੀ, ਮੈਨੂੰ ਉਹ ਹਰ ਰੋਜ਼ ਪ੍ਰਾਰਥਨਾ ਕਰਨ ਲਈ ਕਹਿੰਦੇ ਹੁੰਦੇ ਸਨ। ਸੋ ਮੇਰੀ ਪਰਵਰਿਸ਼ ਇਸ ਢੰਗ ਨਾਲ ਹੋਈ।"

ਇਸ ਲੇਖ ਵਿਚ ਭਗਤ ਸਿੰਘ ਦੱਸਦਾ ਹੈ ਕਿ ਕਿਸ ਤਰ੍ਹਾਂ ਹੌਲੀ ਹੌਲੀ ਪੜ੍ਹ ਵਿਚਾਰ ਕੇ ਉਹ ਨਾਸਤਿਕ ਬਣਿਆਂ। ਉਹ ਖੁਦ ਨੂੰ ਮੁਖਤਾਬ ਹੁੰਦਾ ਹੈ: "ਅਧਿਅਨ ਕਰ ਤਾਂ ਕਿ ਤੂੰ ਆਪਣੇ ਵਿਰੋਧੀਆਂ ਦੀਆਂ ਦਲੀਲਾਂ ਦਾ ਜਵਾਬ ਦੇ ਸਕਣ ਯੋਗ ਹੋ ਜਾਏਂ। ਆਪਣੇ ਸਿਧਾਂਤ ਦੀ ਹਮਾਇਤ ਵਿਚ ਦਲੀਲਾਂ ਨਾਲ ਆਪਣੇ ਆਪ ਨੂੰ ਲੈਸ ਕਰਨ ਲਈ ਅਧਿਅਨ ਕਰ। ਮੈਂ ਅਧਿਅਨ ਕਰਨਾ ਸ਼ੁਰੂ ਕਰ ਦਿੱਤਾ। ਮੇਰੇ ਪਹਿਲੇ ਅਕੀਦੇ 'ਤੇ ਵਿਸ਼ਵਾਸਾਂ ਵਿਚ ਬਹੁਤ ਵੱਡੀ ਤਬਦੀਲੀ ਆ ਗਈ।"


ਭਗਤ ਸਿੰਘ ਨੇ ਮਾਰਕਸ, ਲੈਨਿਨ, ਟਰਾਟਸਕੀ, ਬਾਕੂਨਿਨ, ਡਾਰਵਿਨ, ਅਪਟਨ ਸਿੰਕਲੇਅਰ ਤੇ ਹੋਰ ਲੇਖਕਾਂ ਦੇ ਧਰਮ ਬਾਰੇ ਵਿਚਾਰਾਂ ਨੂੰ ਪੜ੍ਹਿਆ ਤੇ ਇਸ ਸਿੱਟੇ ’ਤੇ ਪਹੁੰਚਾ: "1926 ਦੇ ਅਖੀਰ ਤੱਕ ਮੇਰਾ ਇਹ ਵਿਸ਼ਵਾਸ ਪੱਕਾ ਹੋ ਚੁੱਕਾ ਸੀ ਕਿ ਬ੍ਰਹਿਮੰਡ ਦੇ ਸਿਰਜਨ, ਪਾਲਣਹਾਰ ਤੇ ਸਰਬ ਸ਼ਕਤੀਮਾਨ ਦੀ ਹੋਂਦ ਦਾ ਸਿਧਾਂਤ ਬੇਬੁਨਿਆਦ ਹੈ।"

ਸਾਨੂੰ ਆਪਣੇ ਆਲੇ ਦੁਆਲੇ ਨੂੰ ਜਾਨਣ ਤੇ ਸਮਝਣ ਲਈ ਭਗਤ ਸਿੰਘ ਤੋਂ ਸੇਧ ਲੈਣੀ ਚਾਹੀਦੀ ਹੈ।

ਮੇਰਾ ਸੁਝਾਅ ਹੈ ਕਿ ਹੋਰ ਗੱਲਾਂ ਦੇ ਨਾਲ ਨਾਲ ਵਿਸ਼ਵ ਪੱਧਰ 'ਤੇ ਨਾਸਤਿਕਤਾ ਬਾਰੇ ਚੱਲ ਰਹੇ ਵਿਚਾਰ ਵਟਾਂਦਰੇ ਬਾਰੇ ਸਾਨੂੰ ਧਿਆਨ ਨਾਲ ਪੜ੍ਹਨ ਗੁੜਨ ਦੀ ਲੋੜ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੱਛਮ ਵਿਚ ਨਾਸਤਿਕਤਾ ਬਾਰੇ ਬਹੁਤ ਕੁਝ ਲਿਖਿਆ ਪੜ੍ਹਿਆ ਜਾ ਰਿਹਾ ਹੈ। ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਹੋ ਰਹੀ ਚਰਚਾ ਤੋਂ ਜਾਣੂ ਹੋਈਏ। ਇਹ ਠੀਕ ਹੈ ਕਿ ਇੰਨਕਲਾਬ ਜਾਂ ਅਸਲੀ ਤਬਦੀਲੀ ਤਾਂ ਸਿਆਸੀ ਸਰਗਰਮੀ ਨਾਲ ਹੀ ਆਵੇਗੀ ਪਰ ਜਿਹੜੀ ਚੀਜ਼ ਉਸ ਰਾਹ ਵਲ ਜਾਣ ਤੋਂ ਰੋਕਦੀ ਹੋਵੇ ਉਸ ਬਾਰੇ ਫਿਕਰ ਕਰਨ ਦੀ ਤੇ ਧਿਆਨ ਦੇਣ ਦੀ ਲੋੜ ਹੈ।

ਸਾਡੀਆਂ ਖੱਬੀਆਂ ਪਾਰਟੀਆਂ ਨੇ ਵੋਟਾਂ ਦੀ ਸਿਆਸਤ ਦੇ ਨਜ਼ਰੀਏ ਤੋਂ ਇਸ ਪਾਸੇ ਵਲ ਧਿਆਨ ਦੇਣ ਤੋਂ ਕੰਨੀ ਕਤਰਾਈ ਹੈ। ਭਗਤ ਸਿੰਘ ਵੀ ਸਿਆਸੀ ਬੰਦਾ ਸੀ ਪਰ ਉਹਨੇ ਇਸ ਗੱਲ ਦੀ ਲੋੜ ਮਹਿਸੂਸ ਕੀਤੀ ਕਿ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸਿਆਸੀ ਸੂਝ ਦੇ ਨਾਲ ਨਾਲ ਲੋਕਾਂ ਦੀ ਬੌਧਿਕ ਪੱਧਰ ਨੂੰ ਵੀ ਉੱਚਾ ਚੁੱਕਣ ਦੀ ਲੋੜ ਹੈ ਤੇ ਧਰਮ ਹਮੇਸ਼ਾਂ ਉਨ੍ਹਾਂ ਨੂੰ ਆਪਣੀ ਬੁੱਧੀ ਦੀ ਵਰਤੋਂ ਕਰਨ ਤੋ ਰੋਕਦਾ ਹੈ। ਉਹ ਕਹਿੰਦਾ ਹੈ: "ਜਿਹੜਾ ਵੀ ਮਨੁੱਖ ਪ੍ਰਗਤੀ ਦਾ ਹਾਮੀ ਹੈ, ਉਸ ਨੂੰ ਲਾਜ਼ਮੀ ਤੌਰ ਉਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ, ਇਹਦੇ ਵਿਚ ਅਵਿਸ਼ਵਾਸ ਪ੍ਰਗਟ ਕਰਨਾ ਪਏਗਾ, ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਏਗਾ, ਪ੍ਰਚੱਲਤ ਵਿਸ਼ਵਾਸ ਦੀ ਇਕੱਲੀ ਇਕੱਲੀ ਗੱਲ ਦੀ ਬਾਦਲੀਲ ਪੁਣਛਾਨ ਕਰਨੀ ਹੋਵੇਗੀ।"

ਸੋ ਮੇਰਾ ਵਿਚਾਰ ਹੈ ਕਿ ਮੌਜੂਦਾ ਸਮੇਂ ਸੰਸਾਰ ਪੱਧਰ 'ਤੇ ਚੱਲ ਰਹੀਆਂ ਇਸ ਕਿਸਮ ਦੀਆਂ ਲਹਿਰਾਂ ਤੇ ਵਿਚਾਰ ਵਟਾਂਦਰੇ ਬਾਰੇ ਸਾਨੂੰ ਜਾਣੂੰ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਭਗਤ ਸਿੰਘ ਵਾਂਗ ਹੀ ਇਕ ਵੱਖਰੇ ਹੌਸਲੇ ਤੇ ਵਿਸ਼ਵਾਸ ਨਾਲ ਲੋਕਾਂ ਨੂੰ ਰੱਬ ਤੇ ਧਰਮ ਦੇ ਨ੍ਹੇਰੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਸਕੀਏ।

ਹਰ ਇਨਸਾਨ ਨੂੰ ਜਾਤੀ ਪੱਧਰ 'ਤੇ ਆਪਣੀ ਮਰਜ਼ੀ ਦੇ ਰੱਬ ਨੂੰ ਜਾਂ ਧਾਰਮਿਕ ਵਿਚਾਰਾਂ ਨੂੰ ਮੰਨਣ ਦੀ ਪੂਰਨ ਤੌਰ 'ਤੇ ਆਜ਼ਾਦੀ ਹੋਣੀ ਚਾਹੀਦੀ ਹੈ। ਕਿਸੇ ਵੀ ਦੂਜੇ ਬੰਦੇ ਜਾਂ ਕਿਸੇ ਸਿਆਸੀ, ਸਰਕਾਰੀ ਜਾਂ ਗੈਰ ਸਰਕਾਰੀ ਤਾਕਤ ਨੂੰ ਲੋਕਾਂ ਦੇ ਜਾਤੀ ਵਿਸ਼ਵਾਸ ਵਿਚ ਦਖਲ ਅੰਦਾਜ਼ੀ ਕਰਨ ਦਾ ਹੱਕ ਨਹੀਂ ਹੋਣਾ ਚਾਹੀਦਾ। ਪਰ ਨਾਲ ਹੀ ਜਥੇਬੰਧਕ ਧਰਮਾਂ ਤੋਂ ਇਹ ਹੱਕ ਖੋਹਣਾ ਚਾਹੀਦਾ ਹੈ ਕਿ ਉਹ ਲੋਕਾਂ ਉੱਪਰ ਆਪਣੇ ਵਿਚਾਰ ਠੋਸਣ।

ਅਸੀਂ ਕਨੇਡਾ ਵਿਚ ਰਹਿ ਰਹੇ ਹਾਂ। ਇਹ ਆਮ ਲੋਕਾਂ ਦੇ ਰਹਿਣ ਲਈ ਇਕ ਚੰਗਾ ਮੁਲਕ ਮੰਨਿਆ ਜਾ ਰਿਹਾ ਹੈ ਤੇ ਹੈ ਵੀ। ਮੇਰੇ ਵਿਚਾਰ ਵਿਚ ਇਸ ਦਾ ਮੁੱਖ ਕਾਰਨ ਏਥੇ ਧਰਮ ਤੇ ਸਟੇਟ ਵਿਚ ਦੂਰੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੋਈ ਆਪਣੇ ਆਪ ਵਾਪਰੀ ਗੱਲ ਨਹੀਂ ਹੈ, ਇਸ ਲਈ ਬਹੁਤ ਸਾਰੇ ਲੋਕਾਂ ਨੇ ਜੱਦੋਜਿਹਦ ਕੀਤੀ ਹੈ। ਕੋਈ ਵੀ ਧਰਮ ਤਾਕਤ ਤੋਂ ਪਾਸੇ ਨਹੀਂ ਹੋਣਾ ਚਾਹੁੰਦਾ ਸਗੋਂ ਹਰ ਧਰਮ ਦੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਉਹ ਤਾਕਤ ਦਾ ਹਿੱਸਾ ਹੀ ਨਾ ਹੋਵੇ ਸਗੋਂ ਤਾਕਤ ਹੋਵੇ ਹੀ ਉਹਦੇ ਹੱਥ ਵਿਚ। ਤੇ ਅਸੀਂ ਦੇਖ ਸਕਦੇ ਹਾਂ ਕਿ ਜਿਨ੍ਹਾਂ ਮੁਲਕਾਂ ਵਿਚ ਤਾਕਤ ਧਾਰਮਿਕ ਸ਼ਕਤੀਆਂ ਦੇ ਹੱਥ ਵਿਚ ਹੈ ਉਥੇ ਜੀਵਨ ਕਿਹੋ ਜਿਹਾ ਹੈ।

ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਕਿ ਕਿਤੇ ਸਾਡਾ ਇਹ ਮੁਲਕ ਕਨੇਡਾ ਵੀ ਮੁੜ ਕੇ ਉਸ ਪਾਸੇ ਵਲ ਨੂੰ ਨਾ ਸਰਕ ਜਾਵੇ। ਕਈ ਕੁਝ ਬੜਾ ਖਤਰਨਾਕ ਵਾਪਰ ਰਿਹਾ ਹੈ ਜਿਸ ਵਿਚ ਸਾਡਾ ਆਪਣਾ ਭਾਈਚਾਰਾ ਵੀ ਸਰਗਰਮ ਹਿੱਸੇਦਾਰ ਹੈ। ਕਨੇਡਾ ਵਿਚਲੇ ਸਾਡੇ ਭਾਈਚਾਰੇ ਦੀ ਕੋਈ ਵੀ ਗੈਰ-ਧਾਰਮਿਕ ਸੰਸਥਾ ਏਨੀ ਤਾਕਤ ਵਾਲੀ ਨਹੀਂ ਕਿ ਉਹ ਲੋਕਾਂ ਦੇ ਸਿਆਸੀ ਵਿਚਾਰਾਂ ਨੂੰ ਪ੍ਰਭਾਵਿਤ ਕਰ ਸਕੇ ਅਤੇ ਸੇਧ ਦੇ ਸਕੇ। ਨਤੀਜੇ ਵਜੋਂ ਭਾਈਚਾਰੇ ਦੀ ਸਿਆਸੀ ਤਾਕਤ ਧਾਰਮਿਕ ਸੰਸਥਾਵਾਂ ਦੇ ਹੱਥ ਵਿਚ ਹੈ। ਇਸ ਗੱਲ ਨੂੰ ਏਥੋਂ ਦੇ ਹਰ ਪਾਰਟੀ ਦੇ ਸਿਆਸੀ ਲੋਕ ਵੀ ਸਮਝਦੇ ਤੇ ਜਾਣਦੇ ਹਨ। ਸਾਡੇ ਸਾਰੇ ਧਾਰਮਿਕ ਅਦਾਰੇ ਸਿਆਸੀ ਲੋਕਾਂ ਨੂੰ ਸੱਦਦੇ ਹਨ, ਸਨਮਾਨਿਤ ਕਰਦੇ ਹਨ ਅਤੇ ਲੋਕਾਂ ਨੂੰ ਵੋਟ ਪਾਉਣ ਲਈ ਸਿੱਧੇ ਜਾਂ ਅਸਿੱਧੇ ਤੌਰ ’ਤੇ ਉਤਸਾਹਿਤ ਕਰਦੇ ਹਨ। ਇਕ ਸੈਕੂਲਰ ਤੇ ਡੈਮੋਕਰੈਟਿਕ ਮੁਲਕ ਲਈ ਕਿਸੇ ਤਰ੍ਹਾਂ ਵੀ ਵਧੀਆ ਰੁਝਾਨ ਨਹੀਂ ਹੈ। ਜਿਹੜੀ ਵੀ ਸਿਆਸੀ ਪਾਰਟੀ ਸੂਬੇ ਦੀ ਪੱਧਰ ’ਤੇ ਜਾਂ ਕੇਂਦਰ ਵਿਚ ਸਰਕਾਰ ਬਣਾਉਂਦੀ ਹੈ ਉਹ ਧਾਰਮਿਕ ਸੰਸਥਾਵਾਂ ਵਲੋਂ ਮਿਲੇ ਸਹਿਯੋਗ ਬਦਲੇ ਧਾਰਮਿਕ ਅਦਾਰਿਆਂ ਨੂੰ ਗਰਾਂਟਾਂ ਦਿੰਦੇ ਹਨ ਤੇ ਹੋਰ ਵੀ ਲੋੜੀਂਦੀ ਸਹਾਇਤਾ ਦਿੰਦੇ ਹਨ। ਕੋਈ ਵੀ ਸਰਕਾਰ ਸਾਡੇ ਭਾਈਚਾਰੇ ਦੇ ਹੋਰ ਪੱਖਾਂ ਵੱਲ ਉਨਾਂ ਧਿਆਨ ਨਹੀਂ ਦਿੰਦੀ। ਤੀਜੇ ਚੌਥੇ ਥਾਂ ਹੋਣ ਦੇ ਬਾਵਜੂਦ ਸਾਡੀ ਬੋਲੀ ਦੇ ਕਨੇਡਾ ਵਿਚ ਵਿਕਾਸ ਵਾਸਤੇ ਸਰਕਾਰ ਵਲੋਂ ਕਿਸੇ ਕਿਸਮ ਦੀ ਕੋਈ ਇਮਦਾਦ ਨਹੀਂ ਮਿਲ ਰਹੀ। ਸਰਕਾਰੀ ਤੌਰ ’ਤੇ ਸਾਡੀ ਬੋਲੀ ਅਜੇ ਵੀ ਕਨੇਡਾ ਵਿਚ ਬਦੇਸ਼ੀ ਬੋਲੀ ਹੈ। ਸਾਡੇ ਸਾਹਿਤ ਨੂੰ ਨਾ ਤਾਂ ਕਨੇਡੀਅਨ ਸਾਹਿਤ ਮੰਨਿਆ ਜਾ ਰਿਹਾ ਹੈ ਤੇ ਨਾ ਹੀ ਇਸ ਦੇ ਵਾਧੇ ਲਈ ਕਿਸੇ ਵੀ ਪੱਧਰ ’ਤੇ ਕਿਸੇ ਕਿਸਮ ਦੀ ਸਹਾਇਤਾ ਮਿਲ ਰਹੀ ਹੈ। ਪਿਛਲੇ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਇਥੇ ਲਿਖੇ ਜਾ ਰਹੇ ਪੰਜਾਬੀ ਸਾਹਿਤ ਬਾਰੇ ਕਨੇਡਾ ਦੀ ਕੋਈ ਵੀ ਯੂਨੀਵਰਸਿਟੀ ਪੜ੍ਹ ਜਾਂ ਪੜ੍ਹਾ ਨਹੀਂ ਰਹੀ ਜਦ ਕਿ ਬਹੁਤ ਸਾਰੀਆਂ ਯੂਨੀਵਰਸਿਟੀਆਂ ਵਿਚ ਯੂਰਪੀਅਨ ਭਾਸ਼ਾਵਾਂ ਦੇ ਵੱਖਰੇ ਵੱਖਰੇ ਵਿਭਾਗ ਹਨ। ਪਰ ਸਾਡਾ ਭਾਈਚਾਰਾ ਧਾਰਮਿਕ ਅਦਾਰਿਆਂ ਦੇ ਵਾਧੇ ਲਈ ਮਿਲਦੀ ਸਹਾਇਤਾ ਨੂੰ ਲੈ ਕੇ ਹੀ ਹਰ ਵੇਲੇ ਕੱਛਾਂ ਵਜਾਉਂਦਾ ਰਹਿੰਦਾ ਹੈ। ਇਹ ਸਾਡੇ ਲਈ ਫਿਕਰ ਵਾਲੀ ਗੱਲ ਹੋਣੀ ਚਾਹੀਦੀ ਹੈ। ਕਨੇਡਾ ਵਿਚ ਰਹਿੰਦਿਆਂ ਭਗਤ ਸਿੰਘ ਨੂੰ ਯਾਦ ਕਰਨ ਦਾ ਤਾਂ ਹੀ ਕੋਈ ਫਾਇਦਾ ਹੈ ਜੇ ਅਸੀਂ ਉਸ ਦੇ ਵਿਚਾਰਾਂ ਤੋਂ ਸੇਧ ਲੈ ਕੇ ਇਸ ਸਮਾਜ ਨੂੰ ਸਹੀ ਪਾਸੇ ਵਲ ਲੈ ਜਾਣ ਦੀ ਕੋਸ਼ਿਸ਼ ਕਰੀਏ। ਭਗਤ ਸਿੰਘ ਨੇ ਸਿਰਫ ਸ਼ੌਕ ਵਜੋਂ ਨਾਸਤਿਕ ਹੋਣ ਦਾ ਐਲਾਨ ਨਹੀਂ ਸੀ ਕੀਤਾ। ਉਹ ਧਰਮ ਦੇ ਨਾਹ-ਪੱਖੀ ਰੋਲ਼ ਬਾਰੇ ਬਹੁਤ ਚੇਤਨ ਸੀ ਤੇ ਚਾਹੁੰਦਾ ਸੀ ਕਿ ਏਨੀ ਵੱਡੀ ਪੱਧਰ ’ਤੇ ਗੁਆਈ ਜਾ ਰਹੀ ਸ਼ਕਤੀ ਤੇ ਸਮਾਂ ਬਰਬਾਦ ਕਰਨ ਤੋਂ ਸਮਾਜ ਨੂੰ ਰੋਕਿਆ ਜਾਵੇ।

 

ਕਨੇਡਾ ਦੇ ਸਮਾਜ ਨੂੰ ਧਰਮ ਤੋਂ ਕੀ ਖਤਰਾ ਹੋ ਸਕਦਾ ਹੈ?

ਇਸ ਖਤਰੇ ਦੀ ਇਕ ਉਦਾਹਰਨ ਵਜੋਂ ਅਸੀਂ ਧਾਰਮਿਕ ਅਧਾਰ ਵਾਲੇ ਪ੍ਰਾਈਵੇਟ ਸਕੂਲਾਂ ਦੀ ਗੱਲ ਕਰ ਸਕਦੇ ਹਾਂ। ਜਿਸ ਤਰੀਕੇ ਨਾਲ ਕਨੇਡਾ ਵਿਚ ਪ੍ਰਾਈਵੇਟ ਸਕੂਲ, ਤੇ ਖਾਸ ਕਰ ਧਾਰਮਿਕ ਸਕੂਲ ਇਸ ਵੇਲੇ ਵਧ ਫੁਲ ਰਹੇ ਹਨ ਉਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਕਨੇਡਾ ਦੇ ਬਹੁਤ ਸਾਰੇ ਸੂਬਿਆਂ ਵਿਚ ਸੂਝਵਾਨ ਅਧਿਆਪਕਾਂ ਨੇ ਲੰਮੀ ਜੱਦੋ-ਜਹਿਦ ਦੇ ਸਿੱਟੇ ਵਜੋਂ ਸਕੂਲਾਂ ਵਿਚ ਧਾਰਮਿਕ ਅਰਦਾਸਾਂ ਤੇ ਧਾਰਮਿਕ ਪਰਚਾਰ ’ਤੇ ਰੋਕ ਲਗਵਾ ਰੱਖੀ ਹੈ। ਪਰ ਹੁਣ ਪ੍ਰਾਈਵੇਟ ਸਕੂਲਾਂ ਵਿਚ ਧਾਰਮਿਕ ਪਰਚਾਰ ਸਿੱਖਿਆ ਦਾ ਹਿੱਸਾ ਬਣ ਰਹੇ ਹਨ। ਇਹ ਖਤਰਨਾਕ ਰੁਝਾਨ ਹੈ। ਆਉਣ ਵਾਲੇ ਸਮੇਂ ਵਿਚ ਇਹਦੇ ਮਾੜੇ ਸਿੱਟੇ ਨਿਕਲ ਸਕਦੇ ਹਨ।

ਪ੍ਰਾਈਵੇਟ ਸਕੂਲ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਚੱਲ ਰਹੇ ਹਨ। ਸਰਕਾਰਾਂ ਪਬਲਿਕ ਵਿਦਿਆ ਉੱਪਰ ਖਰਚ ਆਉਂਦਾ ਪੈਸਾ ਘਟਾ ਰਹੀਆਂ ਹਨ। ਜੇ ਇਹ ਰੁਝਾਨ ਇਸੇ ਤਰ੍ਹਾਂ ਰਿਹਾ ਤਾਂ ਇਸ ਗੱਲ ਦੀ ਸੰਭਾਵਨਾ ਹੈ ਕਿ ਪਬਲਿਕ ਸਕੂਲਾਂ (ਸਰਕਾਰੀ ਸਕੂਲਾਂ) ਦੀ ਸਥਿਤੀ ਵਿਗੜਦੀ ਜਾਏਗੀ ਤੇ ਫੇਰ ਹਰ ਕਿਸੇ ਨੂੰ ਮਜਬੂਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਕਰਵਾਉਣਾ ਪਏਗਾ। ਅਸੀਂ ਪੰਜਾਬ ਵਿਚ ਕਾਫੀ ਦੇਰ ਤੋਂ ਇਹ ਵਾਪਰ ਰਿਹਾ ਦੇਖ ਰਹੇ ਹਾਂ। ਕਨੇਡਾ ਦੇ ਵਿਦਿਅਕ ਢਾਂਚੇ ਦੇ ਭਵਿੱਖ ਬਾਰੇ ਸਾਨੂੰ ਫਿਕਰ ਕਰਨਾ ਚਾਹੀਦਾ ਹੈ। ਅਧਿਆਪਕ, ਜਿਵੇਂ ਬੀ ਸੀ ਟੀਚਰਜ਼ ਫੈਡਰੇਸ਼ਨ, ਅਜੇ ਵੀ ਕੋਸ਼ਿਸ਼ ਕਰਦੇ ਹਨ ਕਿ ਪਬਲਿਕ ਸਕੂਲਾਂ ਦੀ ਹਾਲਤ ਏਨੀ ਨਾ ਵਿਗੜੇ। ਜਿੰਨਾ ਉਹ ਆਪਣੀਆਂ ਤਨਖਾਹਾਂ ਲਈ ਜੱਦੋਜਹਿਦ ਕਰਦੇ ਹਨ ਉਨਾਂ ਹੀ ਬੀ ਸੀ ਵਿਚ ਵਿਦਿਆ ਦੀ ਪੱਧਰ ਨੂੰ ਕਾਇਮ ਰੱਖਣ ਲਈ ਵੀ ਆਵਾਜ਼ ਉਠਾਉਂਦੇ ਹਨ। ਸੰਭਵ ਹੈ ਕਿ ਏਹੀ ਕੁਝ ਓਨਟੈਰੀਓ ਜਾਂ ਹੋਰ ਸੂਬਿਆਂ ਵਿਚ ਵੀ ਹੋ ਰਿਹਾ ਹੋਵੇ। ਸਾਨੂੰ ਅਧਿਆਪਕਾਂ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਪਤਾ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਵਿਚ ਸਾਥ ਦੇਣਾ ਚਾਹੀਦਾ ਹੈ।

ਅਜੋਕੇ ਸਮੇਂ ਦੀ ਇਕ ਵੱਡੀ ਲੋੜ ਧਰਮ ਤੇ ਸਿਆਸਤ ਵਿਚ ਵੱਧ ਤੋਂ ਵੱਧ ਦੂਰੀ ਪੈਦਾ ਕਰਨ ਦੀ ਹੈ। ਕਨੇਡਾ ਵਿਚ ਜਿਸ ਤਰੀਕੇ ਨਾਲ ਧਰਮ ਤੇ ਸਿਆਸਤ ਅਤੇ ਵਿਦਿਆ ਵਰਗੇ ਅਦਾਰਿਆਂ ਵਿਚ ਇਹ ਦੂਰੀ ਘਟਾਈ ਜਾ ਰਹੀ ਹੈ, ਇਹ ਗੱਲ ਸਾਡੇ ਲਈ ਚਿੰਤਾ ਵਾਲੀ ਹੋਣੀ ਚਾਹੀਦੀ ਹੈ। ਜਥੇਬੰਦ ਧਰਮਾਂ ਨੂੰ ਟੈਕਸ ਦੀਆਂ ਛੋਟਾਂ ਤੇ ਗਰਾਟਾਂ ਰਾਹੀਂ ਮਿਲਦੀ ਸਰਕਾਰੀ ਇਮਦਾਦ ਬੰਦ ਹੋਣੀ ਚਾਹੀਦੀ ਹੈ। ਬੱਚਿਆਂ ਨੂੰ ਦਿੱਤੀ ਜਾ ਰਹੀ ਧਾਰਮਿਕ ਸਿੱਖਿਆ ਨੂੰ ਸਰਕਾਰੀ ਤੇ ਕਾਨੂੰਨੀ ਮਾਨਤਾ ਜਾਂ ਇਮਦਾਦ ਨਹੀਂ ਮਿਲਣੀ ਚਾਹੀਦੀ। ਇਹ ਰੁਝਾਨ ਆਉਣ ਵਾਲੇ ਸਮੇਂ ਦੌਰਾਨ ਕਨੇਡੀਅਨ ਸਮਾਜ ਨੂੰ ਵੀ ਉਸੇ ਕਿਸਮ ਦੇ ਮਾਹੌਲ ਵਿਚ ਬਦਲ ਸਕਦਾ ਹੈ ਜਿਸ ਕਿਸਮ ਦਾ ਮਾਹੌਲ ਅਸੀਂ ਦੁਨੀਆਂ ਦੇ ਉਨ੍ਹਾਂ ਮੁਲਕਾਂ ਵਿਚ ਦੇਖ ਰਹੇ ਹਾਂ ਜਿੱਥੇ ਧਰਮ ਤੇ ਸਿਆਸਤ ਵਿਚਕਾਰ ਕੋਈ ਦੂਰੀ ਨਹੀਂ ਹੈ।

ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਪਹੁੰਚ ਅਤੇ ਵਿਚਾਰਾਂ ਤੋਂ ਸੇਧ ਲੈ ਕੇ ਆਪਣੇ ਆਲੇ ਦੁਆਲੇ ਦੇ ਸਮਾਜ ਨੂੰ ਸਮਝੀਏ ਅਤੇ ਇਸ ਨੂੰ ਇਨਸਾਨ ਦੇ ਰਹਿਣਯੋਗ ਬਣਾਉਣ ਲਈ ਹੋ ਰਹੀਆਂ ਕੋਸ਼ਿਸ਼ਾਂ ਵਿਚ ਭਾਈਵਾਲ ਬਣੀਏ। ਸ਼ਹੀਦ ਭਗਤ ਸਿੰਘ ਲਈ ਇਹ ਸਹੀ ਸ਼ਰਧਾਂਜਲੀ ਹੋਵੇਗੀ।
ਈ-ਮੇਲ: sadhu.binning@gmail.com

No comments:

Post a Comment