Saturday 7 June 2014

ਜਿਨ੍ਹਾਂ ਦੀਆਂ ਵਾਰਾਂ ਨਹੀਂ ਗਾਈਆਂ ਜਾਂਦੀਆਂ - ਦ' ਅਨਸੰਗ ਹੀਰੋਜ਼

- ਬਲਵਿੰਦਰ ਗਰੇਵਾਲ (98552-82284)

ਇਸ ਲੇਖ ਦਾ ਪ੍ਰੇਰਣਾ ਸ੍ਰੋਤ, ਵੱਖ-ਵੱਖ ਸਮੇਂ ਤੇ ਵਾਪਰੀਆਂ ਦੋ ਬਹੁਤ ਹੀ ਮਾਮੂਲੀ ਘਟਨਾਵਾਂ ਹਨ। ਮਾਮੂਲੀ ਵੀ ਤੇ ਅਕਾਰ-ਪ੍ਰਕਾਰ ਪੱਖੋਂ ਇੱਕ ਦੂਜੀ ਤੋਂ ਬਿਲਕੁਲ ਵੱਖਰੀਆਂ ਵੀ।
ਪਹਿਲੀ ਘਟਨਾਂ ਲਗਭਗ ਦੋ ਸਾਲ ਪੁਰਾਣੀ ਹੈ।
ਮੰੈਂ ਆਪਣੇ ਅਜੀਜ਼, ਹਰਪਿੰਦਰ ਸਿੰਘ ਸ਼ਾਹੀ ਦੇ ਘਰੋਂ ਆ ਰਿਹਾ ਹਾਂ ਤੇ ਪਿੰਡ ਦੇ ਦਰਵਾਜ਼ੇ ਵਿੱਚ ਮੈਨੂੰ ਇੱਕ ਸੱਜਣ ਰੋਕ ਲੈਂਦੇ ਹਨ-
-ਹੁਣ ਤਾਂ ਦਰਵਾਜ਼ੇ ਦਾ ਕੁਸ਼ ਨਾਂ ਕੁਸ਼ ਕਰਨਾ ਪਊ, ਇੱਟਾਂ'ਚੋਂ ਮਿੱਟੀ ਕਿਰਨ ਲੱਗ ਪੀ-
ਮੈਂ ਉਸਦੇ ਉੱਪਰ ਉੱਠੇ ਸੱਜੇ ਹੱਥ ਦੀ ਸੇਧ, ਉੱਪਰ ਛੱਤ ਵੱਲ ਵੇਖਦਾ ਹਾਂ। ਮੀਂਂਹ ਦਾ ਪਾਣੀ ਚੋਣ ਨਾਲ ਬਦਰੰਗ ਹੋਈਆਂ ਇੱਟਾਂ- ਬਾਲੇ ਅਤੇ ਸ਼ਤੀਰੀਆਂ, ਭੁਰੇ ਹੋਣ ਬਾਅਦ ਕਾਲੇ ਹੋਣ ਲੱਗ ਪਏ ਹਨ।
-ਛੱਤ ਬਦਲ ਹੋਊ- ਮੈਂ ਬਾਪੂ ਦੀ ਕਈ ਵਾਰ ਕਹੀ ਗੱਲ ਦੁਹਰਾਉਂਦਾ ਹਾਂ।
ਫੇਰ ਮੇਰੇ ਸਾਹਮਣੇ ਖੜੇ ਬੰਦੇ ਨੇ ਇੱਕ ਗੱਲ ਸੁਣਾਈ।
ਅਚਾਨਕ ਉੱਤਰ ਆਏ ਮੀਂਹ ਨੇ, ਇੱਕ ਦਿਨ, ਕਈ ਜਣੇ ਦਰਵਾਜ਼ੇ'ਚ ਰੋਕ ਲਏ ਸਨ। ਭਿੱਜਦਾ ਭਿਜਾਉਂਦਾ, ਭਾਦਲੇ ਵਾਲਾ ਡੋਗਰ ਵੀ ਆਪਣੇ ਸਾਈਕਲ ਤੇ ਚੜ੍ਹਿਆ ਦਰਵਾਜ਼ੇ ਹੇਠ ਆ ਖੜ੍ਹਿਆ ਸੀ। ਚਾਰ ਕੁ ਕਣੀਆਂ ਚੱਜ ਨਾਲ ਪਈਆਂ, ਸਾਰਾ ਦਰਵਾਜ਼ਾ ਚੋਣ ਲੱਗ ਪਿਆ। ਡਿਗਦੇ ਤੁਪਕਿਆਂ ਤੋਂ ਪਰੇ ਹੁੰਦਿਆਂ, ਥਾਂ-ਥਾਂ ਤੋਂ ਚੋਂਦੀ ਛੱਤ ਵੱਲ ਵੇਖਦਿਆਂ ਡੋਗਰ ਨੇ ਸਹਿ ਸੁਭਾਅ ਪੁੱਛਿਆ ਸੀ- ਬਾਬਾ ਤੇਜਾ ਮਰ ਗਿਆ?-
-ਹਾਂ, ਤਿੰਨ ਸਾਲ ਹੋਗੇ, ਉਹਨੂੰ ਤਾਂ ਮਰੇ ਨੂੰ- ਮੇਰੇ ਸਾਹਮਣੇ ਖੜੇ ਬੰਦੇ ਨੂੰ ਇਹ ਸਮਝਣ'ਚ, ਕੁਝ ਪਲ ਲੱਗੇ ਕਿ ਅਚਾਨਕ ਮੀਂਹ ਨਾਲ ਚੋਂਦੀ ਛੱਤ ਹੇਠ, ਬਾਬਾ ਤੇਜਾ ਕਿੱਥੋਂ ਆ ਗਿਆ।
-ਮਖਿਆ, ਉਹਨੇ ਨੀਂ ਜਿਊਂਦੇ ਜੀਅ ਕਿਸੇ ਸਾਂਝੇ ਥੌਂ ਨੂੰ ਅਜਾਂ ਲੱਗਣ ਦਿੱਤੀ। ਕੀ ਮਜਾਲ ਜੇ ਦਰਵਾਜ਼ੇ'ਚੋਂ ਤਿਪ ਵੀ ਚੋ ਜਾਂਦੀ- ਡੋਗਰ ਨੇ ਦੂਰ ਘੁਲੇ ਖੜੇ ਕਾਲੇ ਬੱਦਲਾਂ ਵੱਲ ਵੇਖ ਕੇ ਕਿਹਾ ਸੀ।
ਇਹ ਬਾਬਾ ਤੇਜਾ ਮੇਰਾ ਬਾਪੂ ਸੀ।
*************
ਦੂਜੀ ਘਟਨਾ ਥੋੜ੍ਹੇ ਦਿਨਾਂ ਦੀ ਹੈ। ਪਰਿਵਾਰ ਦੇ ਬਹੁਤੇ ਜੀਅ, ਕਿਤੇ ਮਿਲਣ ਗਏ, ਰਾਤ ਰੁਕ ਗਏ ਸਨ। ਛੇ ਕੁ ਸਾਲ ਦਾ ਮੇਰਾ ਬੇਟਾ, ਤਿਸਨੂਰ, ਉਡੀਕਦਾ-ਉਡੀਕਦਾ ਓਦਰ ਗਿਆ ਸੀ। ਔਟਲਿਆ ਜਿਹਾ ਫਿਰਦਾ ਉਹ ਮੇਰੇ ਕਮਰੇ'ਚ ਆ ਗਿਆ ਤੇ ਮੇਰੇ ਨਾਲ ਹੀ ਲੇਟ ਗਿਆ। ਖੇਡਣ ਦੇ ਲਾਲਚ ਉਹ ਦੂਜਿਆਂ ਬੱਚਿਆਂ ਦੇ ਨਾਲ ਨਹੀਂ ਸੀ ਗਿਆ ਤੇ ਹੁਣ ਮਨ-ਮਸੋਸੀ ਪਿਆ ਸੀ। ਪਿਆ-ਪਿਆ ਰੋਣ ਲੱਗ ਪਿਆ ਤੇ ਫਿਰ ਸੌਂ ਗਿਆ।
ਸੁੱਤੇ ਪਏ ਤਿਸਨੂਰ ਨੂੰ ਖੰਘ ਛਿੜੀ। ਅੱਧੀਆਂ ਕੁ ਅੱਖਾਂ ਖੋਲ੍ਹ ਕੇ, ਉਹ ਫਿਰ ਸੌਂ ਗਿਆ।
ਖੰਘ ਫਿਰ ਛਿੜੀ। ਉਹ ਬੇਚੈਨੀ ਜਿਹੀ'ਚ ਖੰਘਦਾ ਪਾਸਾ ਪਰਤ ਕੇ ਫਿਰ ਸੌਂ ਗਿਆ। ਖੰਘ ਫਿਰ ਛਿੜੀ ਤੇ ਫਿਰ ਛਿੜਦੀ ਰਹੀ। ਉਸਦੀ ਵਾਰ ਵਾਰ ਛਿੜਦੀ ਖੰਘ ਅਤੇ ਉਸਦੇ ਚਿਹਰੇ ਤੇ ਸਾਫ ਦਰਦੀਲੀ ਬੇਚੈਨੀ ਮੇਰੇ ਸਾਹਮਣੇ ਖੁਲ੍ਹੀ ਕਿਤਾਬ ਦੇ ਅੱਖਰਾਂ ਵਿੱਚ ਉੱਤਰਨੀ ਸ਼ੁਰੂ ਹੋ ਗਈ। ਗਰਮ ਪਾਣੀ'ਚ ਦਿੱਤੀ ਦਵਾਈ ਅਤੇ ਨਿੱਘ ਨਾਲ ਉਹਨੂੰ ਕੁਝ ਟਿਕਾ ਆਇਆ। ਪਰ ਸ਼ਾਂਤ ਟਿਕੇ ਪਏ ਤਿਸਨੂਰ ਵੱਲ ਵੇਖਦਿਆਂ ਹੀ ਮੇਰੇ ਮਨ ਦੀ ਸ਼ਾਂਤੀ ਹਿੱਲ ਜਾਂਦੀ ਤੇ ਮੈਨੂੰ ਹਰ ਪਲ ਲਗਦਾ, ਹੁਣੇ ਇਸਨੂੰ ਫਿਰ ਖੰਘ ਛਿੜੇਗੀ ਤੇ ਉਸਦਾ ਰੁਕਦਾ ਸਾਹ ਮੇਰਾ ਦਮ ਘੁੱਟ ਦੇਵੇਗਾ।
ਫਿਰ ਜਦੋਂ ਉਸਨੂੰ ਸੌਣ ਲਈ ਉਹਦੇ ਕਮਰੇ'ਚ, ਸੁੱਤੇ ਪਏ ਨੂੰ ਹੀ ਲਿਜਾਇਆ ਗਿਆ ਤਾਂ ਉਹ ਸ਼ਾਂਤ ਸੀ।
ਮੰੈਨੂੰ ਲੱਗਿਆ ਹੁਣ ਮੈਂ ਆਰਾਮ ਨਾਲ ਪੜ੍ਹ ਸਕਾਂਗਾ। ਪਰ ਨਹੀਂ। ਉਸਦਾ ਖੰਘਦੇ ਦਾ ਲਾਲ ਹੋਇਆ ਚਿਹਰਾ ਤੇ ਅੱਧ ਖੁਲ੍ਹੀਆਂ ਅੱਖਾਂ, ਉਹਦੀਆਂ ਅੱਖਾਂ ਦੀ ਉਦਾਸੀ ਮੇਰੀ ਕਲਪਨਾ'ਚ ਉੱਤਰ ਗਈ ਸੀ। ਹੁਣ ਜਦੋਂ ਉਹ ਖੰਘਦਾ ਨਾ ਸੁਣਦਾ ਸੀ, ਨਾ ਦਿਸਦਾ ਸੀ, ਤਾਂ ਵੀ ਇੱਕ ਹੌਲ ਮੇਰੇ ਅੰਦਰ ਪੈਂਦਾ ਰਿਹਾ। ਘੜੀ-ਮੁੜੀ ਉਹਦਾ ਹਰਾਸਿਆ ਮੂੰਹ ਮਨ ਦੀ ਅੱਖ ਸਾਹਮਣੇ ਆ ਜਾਂਦਾ।
ਪੜ੍ਹਨ ਲਈ ਲੋੜੀਂਦੀ ਇਕਾਗਰਤਾ ਜਾਂਦੀ ਰਹੀ।
ਅਚਾਨਕ ਮਨ'ਚ ਖਿਆਲ ਉੱਭਰਿਆ- ਆਪਣੇ ਬੱਚੇ ਦੀ ਮਾਮੂਲੀ ਜਿਹੀ ਖਾਂਸੀ ਬਾਰੇ ਮੈਂ ਕਿੰਨਾ ਚਿੰਤਤ ਹਾਂ। ਦੋ ਵਾਰ ਦਵਾਈ ਪਿਲਾ ਕੇ ਆਪਣੇ ਸਾਹਮਣੇ ਸ਼ਾਂਤ ਸੁੱਤਾ ਵੇਖ ਕੇ ਵੀ ਉਸਦਾ ਦੁੱਖ ਮਹਿਸੂਸ ਕਰੀ ਜਾ ਰਿਹਾ ਹਾਂ। ਪਰ ਕਿੰਨੇ ਬੱਚੇ ਹਨ, ਜੋ ਗਰੀਬੀ ਅਤੇ ਸੌ ਹੋਰ ਕਿਸਮ ਦੇ ਕਾਰਨਾਂ ਕਰਕੇ ਇਸ ਦੁਨੀਆਂ ਵਿੱਚ, ਐਨ ਇਸ ਘੜੀ ਵਿਲਕ ਰਹੇ ਹੋਣਗੇ। ਇਸ ਦੁਨੀਆਂ ਵਿੱਚ ਹੀ, ਜਿਸ ਵਿੱਚ ਮੈਂ ਆਪਣੇ ਹੋਣ ਦੇ 'ਦਮਗਜੇ' ਮਾਰ ਰਿਹਾ ਹਾਂ, ਮੌਕਾ ਮਿਲਦੇ ਹੀ ਆਪਣੀ ਸੰਵੇਦਨਾਂ ਦਾ ਢੰਡੋਰਾ ਪਿੱਟਦਾ ਰਿਹਾ ਹਾਂ। ਕਿੰਨੇ ਹੀ ਬਿਮਾਰੀ ਨਾਲ, ਹੋਰ ਕਿੰਨੇ ਹੀ ਠੰਢ ਨਾਲ, ਇਨ੍ਹਾਂ ਤੋਂ ਵੀ ਵੱਧ ਭੁੱਖ ਨਾਲ ਅਤੇ ਹੋਰ ਵਧੇਰੇ, ਅਚਨਚੇਤ ਠਾਹ-ਠਾਹ ਡਿੱਗਦੇ ਹੰਕਾਰੀ ਬੰਬਾਂ ਨਾਲ ਮਰ ਰਹੇ ਹਨ। ਜਦ ਕਿ ਮੈਂ ਆਪਣੇ ਭਰੇ ਭੁਕੰਨੇ ਘਰ ਦੇ ਨਿੱਘ ਵਿੱਚ ਆਰਾਮ ਨਾਲ 'ਸਭ ਹੱਛਾ' ਮੰਨ ਕੇ ਪਿਆ ਰਹਿੰਦਾ ਹਾਂ। ਉਹਨਾਂ ਦੀਆਂ ਦੁਖਦਾਈ ਚੀਕਾਂ ਨਹੀਂ ਸੁਣਦੀਆਂ, ਦਰਦ ਵਿੰਨ੍ਹੇ ਚਿਹਰੇ ਨਹੀਂ ਦਿੱਸਦੇ, ਪੀੜੋ ਪੀੜ ਹੋਈਆਂ ਅੱਖਾਂ'ਚੋਂ ਇੱਕ ਟੱਕ ਝਲਕਦੀ ਉਦਾਸੀ ਹਿਰਦੇ'ਚ ਨਹੀਂ ਉੱਤਰਦੀ। ਮਾਨਵਤਾ ਆਪਣੇ ਲੇਖਾਂ, ਕਹਾਣੀਆਂ ਵਾਸਤੇ ਕਿਤੇ ਸੁਰੱਖਿਅਤ ਸਾਂਭੀ ਪਈ ਹੈ। ਜਿਵੇਂ ਸੰਸਾਰ ਦੇ ਦੁੱਖਾਂ ਨਾਲ ਮੇਰਾ ਕੋਈ ਵਾਸਤਾ ਨਹੀਂ, ਮੇਰੀ ਕੋਈ ਜਿੰਮੇਵਾਰੀ ਨਹੀਂ।
ਇਨ੍ਹਾਂ ਤਰਲ ਪਲਾਂ ਵਿਚ ਮਨ ਦੇ ਮਾਰੂਥਲਾਂ ਤੇ ਇੱਕ ਬੰਦਾ ਉੱਭਰਿਆ।
ਲੰਮਾ ਲੰਝਾ। ਧੋਤੀ ਦਾ ਲਾਂਗੜ ਮਾਰਿਆ ਹੋਇਆ, ਧੜੋਂ ਨੰਗਾ ਤੇ ਸਿਰ ਤੇ ਖੱਦਰ ਦੇ ਮਟਮੈਲੇ ਜਿਹੇ ਪਰਨੇ ਦਾ 'ਮੰਡੇਸ', ਪੈਰਾਂ'ਚ ਦੁਖੱਲੀ ਜੁੱਤੀ। ਦੋਵਾਂ ਹੱਥਾਂ'ਚ ਪਾਣੀ ਦੀਆਂ ਛਲਕਦੀਆਂ ਬਾਲਟੀਆਂ। ਰੇਤੇ'ਚ ਧਸ-ਧਸ ਜਾਂਦੇ ਪੈਰ ਤੇ ਮੌਸਮ-
ਤਪਦੀ ਵਾਅ ਵਗੇ ਅਸਮਾਨੋਂ, ਪੰਛੀ ਮਾਰ ਉਤਾਰੇ।
ਮੇਰੀ ਸੁਤਾ, ਰੇਤੇ ਤੇ ਪਈਆਂ ਉਹਨਾਂ ਪੈੜਾਂ ਦੇ ਨਾਲ-ਨਾਲ ਪਿੱਛਲ ਖੋੜੀ ਹੋ ਮੁੜੀ, ਤਪਦੀ ਰੇਤ'ਚ, ਠੰਡਾ ਪਾਣੀ ਲਈ ਜਾਂਦੇ ਬੰਦੇ ਵੱਲ।
ਇਹ ਬਾਬਾ ਚੜ੍ਹਤ ਸਿੰਘ ਸੀ। ਜਿਸਦੀ ਸਮਾਧ ਪਿੰਡ ਦੇ ਛਿਪਦੇ ਪਾਸੇ ਐ ਤੇ ਲੋਕ ਉਹਨੂੰ 'ਚੜ੍ਹਤੇ ਆਲਾ' ਕਹਿੰਦੇ ਨੇ। ਉਂਜ ਹੁਣ ਉਹਨੂੰ ਕੋਈ ਨੀਂ ਜਾਣਦਾ। ਬੱਸ ਟਾਂਵਾਂ-ਟਾਂਵਾਂ ਕੋਈ ਬੰਦਾ, ਬਾਹਲੀ ਹੱਦ ਇਹ ਕਹਿੰਦਾ ਮਿਲ ਸਕਦੈ
-ਉਹ ਹਾਲੀਆਂ ਨੂੰ ਪਾਣੀ ਪਲਾਉਂਦਾ ਹੁੰਦਾ ਸੀ-
ਪਰ ਹੁਣ ਮੈਂ ਸੋਚਦਾ ਹਾਂ, ਉਹ ਕਿਹੜੀ ਗੱਲ ਸੀ, ਕਿਹੜੀ ਚੀਜ਼ ਸੀ ਜਿਸ ਨੇ 'ਬਾਬਿਆਂ ਦੇ ਚੜ੍ਹਤੇ' ਨੂੰ 'ਸੱਤੇ ਖੈਰੀਂ' ਵਸਦੇ, ਗੱਜ ਵੱਜ ਵਾਲੇ ਬਾਬਿਆਂ ਦੇ ਲਾਣੇ ਦੇ ਸਾਰੇ ਸੁੱਖ ਤਿਆਗ ਕੇ, ਪਿੰਡ ਦੇ ਆਲੇ ਦੁਆਲੇ ਫੈਲੇ ਦੋ ਕੋਹ ਮਾਰੂਥਲ ਦਾ ਸਦੀਵੀ ਪਾਂਧੀ ਬਣਾ ਦਿੱਤਾ ਸੀ। ਕਿਹੜਾ ਪੁੰਨਣ ਸੁਦਾਗਰ ਸੀ ਜੋ ਸੁੱਤੇ ਪਏ ਚੜ੍ਹਤੇ ਦੇ ਸਿਰਹਾਣਿਓਂ, ਸੁੱਖ-ਸ਼ਾਂਤੀ ਤੇ ਚੌਂਹ ਪਿੰਡਾਂ'ਚ ਗਹਿਣੇ ਲਈ ਜ਼ਮੀਨ ਦਾ ਮੋਹ, ਲੋਭ ਅਤੇ ਮਾਣ ਚੁਰਾ ਕੇ ਭੱਜ ਗਿਆ ਸੀ। ਉਹ ਕਿਹੜਾ ਖੋਜ-ਖੁਰਾ ਸੀ। ਜਿਸਨੇ ਉਹਨੂੰ ਪਿੰਡੋਂ ਬਾਹਰ, ਉਜਾੜ ਜਾਪਦੇ ਲੁੰਡਾਂ-ਲਾੜਾਂ ਤੇ ਸਰਕੰਡਿਆਂ ਦਾ ਵਾਸੀ ਬਣਾ ਦਿੱਤਾ ਸੀ। ਉਹਦੇ ਮਨ ਵਿੱਚ ਅਜਿਹੀ ਕਿਹੜੀ ਭਾਵਨਾ ਸੀ ਜਿਸਨੇ ਲੋਕਾਈ ਦੇ ਦਰਦ ਨੂੰ ਉਸਦੀ ਆਪਣੀ ਨਿੱਜੀ ਦੁਨੀਆਂ ਤੋਂ ਮਹੱਤਵਪੂਰਨ ਬਣਾਇਆ-
-ਚੜ੍ਹਤੇ ਆਲੇ ਬਾਰੇ ਕੁਸ਼ ਦੱਸ- ਇੱਕ ਵਾਰੀ ਮੈਂ ਬਾਪੂ ਨੂੰ ਕਿਹਾ ਸੀ।
-ਆਪਣੇ'ਚੋਂ ਤੀ ਉਹ?-
-ਨਹੀਂ, ਉਹ ਤਾਂ ਬਾਬਿਆਂ 'ਚੋਂ ਤੀ, ਤਾਏ ਬਿਸ਼ਨ ਸਿਓਂ ਦੇ ਬਾਬੇ ਦਾ ਛੋਟਾ ਭਾਈ- ਬਾਪੂ ਨੇ ਮੈਨੂੰ ਬਾਬਿਆਂ ਦਾ 'ਕੁਰਸੀਨਾਮਾ' ਸੁਣਾ ਦਿੱਤਾ ਸੀ।
-ਊਂ ਬਹੁਤੀ ਗੱਲ ਤੂੰ ਆਪਣੇ ਵੀਰ ਨਰੰਜਣ ਸਿਓਂ ਤੋਂ ਪੁੱਛੀਂ, ਉਹਦੇ ਬਾਬੇ ਦਾ ਆੜੀ ਤੀ ਬਾਬਾ ਚੜ੍ਹਤਾ-
ਪਿੰਡ ਦੇ ਲਗਭਗ ਸਾਰੇ ਬਜ਼ੁਰਗਾਂ ਨਾਲ, ਬਚਪਨ ਤੋਂ ਹੀ ਮੇਰੀ ਵਾਹਵਾ 'ਆੜੀ' ਰਹੀ ਹੈ। ਵੀਰ ਨਰੰਜਣ ਸਿਓਂ ਮਿਸਤਰੀ, ਜੀਹਨੇ ਤਿੰਨ ਸਦੀਆਂ ਦੀ ਧੁੱਪ ਸੇਕੀ (1898-2002) ਸੀ, ਉਹਨਾਂ ਵਿੱਚੋਂ ਸੀ ਜੀਹਨਾਂ ਨੇ ਬਾਬਾ ਚੜ੍ਹਤਾ ਅੱਖੀਂ ਦੇਖਿਆ ਸੀ। ਪਰ ਬਾਬੇ ਚੜ੍ਹਤੇ ਦੇ ਅੰਦਰ ਅਚਾਨਕ ਉੱਸਰ ਆਏ 'ਮਹਾਂ-ਮਾਨਵ' ਬਾਰੇ ਬਹੁਤੀ ਸੂਚਨਾ ਉਹਦੇ ਕੋਲ ਵੀ ਨਹੀਂ ਸੀ। ਉਹਨੇ ਤਾਂ ਇੱਕੋ ਗੱਲ ਤੇ ਤੋੜਾ ਝਾੜਿਆ ਸੀ।
-ਬੱਸ, ਜੀਹਦੇ ਵੱਲ 'ਉਹਦੀ' ਨਜ਼ਰ ਸਵੱਲੀ ਹੋ ਜਾਵੇ-
ਪਰ ਇਹ ਨਜ਼ਰ 'ਸਵੱਲੀ' ਹੋਣ ਵੇਲੇ ਦੇ, ਸਾਡੇ ਪਿੰਡ ਦੇ ਭੂਗੋਲਿਕ ਹਾਲਾਤ ਤੇ ਨਜ਼ਰ ਮਾਰਨੀ ਜ਼ਰੂਰੀ ਹੋਵੇਗੀ। ਸਾਡੇ ਪਿੰਡ ਦੇ ਭੁਗੋਲ ਬਾਰੇ, ਲੰਮਾਂ ਸਮਾਂ ਇੱਕ ਕਹਾਵਤ ਰਹੀ ਹੈ-
ਚਹਿਲਾਂ ਦਾ ਵਸਾਹ ਨੀ ਬੂਥਗੜ੍ਹ ਨੂੰ ਰਾਹ ਨੀ।
ਬੂਥਗੜ੍ਹ ਨੂੰ ਜਾਂਦਾ ਹਰ ਰਾਹ ਕਿਤੋਂ ਬਦੋਬਦੀ ਆ ਟਿਕੇ ਰੇਤੇ ਨੇ ਖਾ ਲਿਆ ਸੀ। ਮੁਰੱਬੇਬੰਦੀ ਤੋਂ ਬਾਅਦ ਤੱਕ ਉੱਚੇ-ਉੱਚੇ ਟਿੱਬਿਆਂ ਤੇ ਕਿੱਕਰਾਂ ਵਿੱਚੋਂ ਪਿੰਡ ਵੇਖਣਾ ਮੁਸ਼ਕਿਲ ਸੀ। ਛੋਟੇ-ਛੋਟੇ ਖੱਤਿਆਂ'ਚ ਬਹੁਤੇ ਥਾਈਂ ਵੰਡੀ ਹੋਈ ਜ਼ਮੀਨ। ਜੇ ਕਿਸੇ ਕੋਲ ਚਾਰ ਕੀਲੇ ਜ਼ਮੀਨ ਸੀ ਤਾਂ ਥੋੜ੍ਹੀ-ਥੋੜ੍ਹੀ ਕਰ ਕੇ ਪੰਜ ਥਾਵਾਂ ਤੇ ਵੰਡੀ ਹੋਈ ਹੁੰਦੀ। ਨਾ ਬੰਦਾ ਵਾਹੁਣ ਜੋਗਾ ਨਾ ਛੱਡਣ ਜੋਗਾ।ਮੀਂਹ ਤੋਂ ਬਿਨਾਂ ਪਾਣੀ ਦਾ ਇੱਕ ਇੱਕ ਪ੍ਰਬੰਧ ਖੂਹ, ਤੇ ਦੋ-ਦੋ ਵਿੱਘੇ 'ਤੇ ਖੂਹ ਕੋਈ ਕਿਵੇਂ ਲਾਵੇ। ਬਹੁਤਾ ਮਾਤੜਾਂ ਦੇ ਤਾਂ ਖਾਣ ਜੋਗੇ ਦਾਣੇ ਵੀ ਰੱਬ ਦੇ ਆਸਰੇ ਹੁੰਦੇ। ਬੰਦਾ ਇੱਕ ਥਾਂ ਦੋ ਵਿੱਘੇ ਵਾਹ ਕੇ, ਦੂਜੇ ਥਾਂ ਜਾਂਦਾ ਤਾਂ ਪਿੰਡ ਦੇ ਦੂਜੇ ਪਾਸੇ ਜਾਣ ਲਈ, ਟਿੱਬੇ ਗਾਹੁੰਦੇ ਨੂੰ ਦੁਪਹਿਰਾ ਆ ਜਾਂਦਾ।
-ਮੁਰੱਬੇਬੰਦੀ ਤੋਂ ਪਹਿਲਾਂ ਤਾਂ ਵਾਟਾਗਾਹੀ ਹੀ ਮਾਰ ਜਾਂਦੀ- ਕਹਿੰਦੇ ਬਜ਼ੁਰਗ ਮੈਂ ਵੀ ਸੁਣੇ ਹਨ। ਇਸ ਵਾਟਾਗਾਹੀ ਦੌਰਾਨ ਹੀ ਕਈ ਵਾਰ ਬੰਦਾ ਫੁੜ੍ਹਕ ਜਾਂਦਾ।
ਇੱਕ ਦਿਨ ਬਾਬਿਆਂ ਦਾ ਸਾਂਝੀ, ਫੁੜ੍ਹਕ ਕੇ ਡਿੱਗ ਪਿਆ। ਪਾਣੀਓਂ ਤਿਹਾਇਆ। ਚੜ੍ਹਤੇ ਨੇ ਉਹਨੂੰ ਕਿੱਕਰ ਦੀ ਛਿੱਦੀ ਜਿਹੀ ਕੰਡਿਆਲੀ ਛਾਂ ਹੇਠ ਬਿਠਾਇਆ ਤੇ ਅਹੁ-ਕੋਹ ਭਰ ਵਾਟ, 'ਅੱਧ ਦੀ ਖੂਹੀ' ਤੋਂ ਪਾਣੀ ਲਿਆਂਦਾ।
ਚੜ੍ਹਤੇ ਨੂੰ, ਕਈ ਰਾਤਾਂ 'ਹਾੜ ਬੋਲਦਾ' ਸੁਣੀ ਗਿਆ। ਅੱਖ ਲੱਗਦੀ ਤਾਂ, ਆਪਣੇ ਸਾਂਝੀ ਦੇ ਨਾਲ-ਨਾਲ ਅੱਧੀ ਚਮਾੜੀ ਹੌਂਕਦੀ ਦਿਖਦੀ।
-ਜਾਰ ਪਾਣੀ ਕੰਨੀਓਂ ਤਾਂ ਨੀਂ ਬੰਦਾ ਮਰਨਾ ਚਾਹੀਦਾ- ਚੜ੍ਹਤੇ ਨੇ ਕਈਆਂ ਨੂੰ ਕਿਹਾ। ਸਾਰੇ ਸਹਿਮਤ ਸਨ, ਪਰ ਕੀਤਾ ਕੀ ਜਾ ਸਕਦਾ ਸੀ।
ਪਰ ਚੜ੍ਹਤਾ ਕਰ ਸਕਦਾ ਸੀ। ਉਹ ਕੋਈ ਮੈਂ ਨਹੀਂ ਸੀ ਕਿ ਆਪਣਾ ਪੁੱਤਰ ਰਾਜ਼ੀ ਤਾਂ ਜੱਗ ਰਾਜ਼ੀ। ਪੁੱਤਰ ਬੇਚੈਨ ਤਾਂ ਸਾਰੀ ਦੁਨੀਆਂ ਨੇਰੀ। ਇੱਕ ਦਿਨ ਲੋਕਾਂ ਨੇ ਦੇਖਿਆ ਚੜ੍ਹਤਾ, ਪਿੰਡ ਦੇ ਲਹਿੰਦੇ ਪਾਸੇ, ਦੂਰ ਤਕ ਫੈਲੀ, ਤ੍ਰਵੈਣੀ ਦੇ ਆਸੇ ਪਾਸਿਓਂ, ਕਾਹੀ ਤੇ ਭੌਂਖੜਾ ਸਾਫ਼ ਕਰ ਰਿਹਾ ਸੀ। ਪਰ ਪਿੰਡ ਵੜਦੀ ਸਾਰ, ਭੌਖੜੇ ਵਾਂਗ ਹਰ ਪਾਸਿਓਂ ਚੁਭਦੇ ਬੋਲ ਉਹਨੂੰ ਮਿਲੇ ਸਨ।
-ਚੜ੍ਹਤ ਸਿਓਂ ਤਾਂ, ਅੰਗ੍ਰੇਜ਼ ਦੀ ਨਸਲ ਐ ਬਈ, ਕਰੂ ਕੋਈ ਕਰਾਮਾਤ-
-ਭੁੱਖਾ ਮਰਨੈ ਮਾਈਂ ਜਾਵ੍ਹੇ ਨੇ, 'ਨੋਖਾ ਈ ਝੱਲ ਚੜ੍ਹਿਐ ਇਹਨੂੰ- ਚੜ੍ਹਤੇ ਦੇ ਘਰ'ਚੋਂ ਸੇਕ ਨਿਕਲਿਆ ਸੀ- ਘਰ ਸਾਲਾ ਕੌਲੀ ਧੋਣ ਦਾ ਮਾਰਿਆ, 'ਸੁੱਕ ਮਾਂਜ' ਕਰਕੇ ਰੱਖ ਦਿੰਦੈ- ਤ੍ਰਿਵੈਣੀ ਹੇਠ ਚਲਾਊ ਪਿਆਓ-
ਪਰ ਚੜ੍ਹਤੇ ਦੇ ਹਠ ਨੇ, ਹਰ ਭੌਂਖੜੇ ਦੇ ਕੰਡੇ ਭੋਰ ਦਿੱਤੇ ਸਨ। ਪਹਿਲਾਂ ਸੁੱਕੀ ਰੇਤ, ਫਿਰ ਕੱਚ ਵਰਗੀ ਪੀਲੀ ਮਿੱਟੀ ਤੇ ਆਖਰ ਚੜ੍ਹਤੇ ਦੀ ਕਹੀ ਦਾ ਫਲ, ਪਾਣੀ ਨੂੰ ਜਾ ਲੱਗਿਆ ਸੀ। ਦੂਰੋਂ ਢਾਲ ਲਿਆ ਕੇ ਚੜ੍ਹਤਾ ਪਾਣੀ ਤੱਕ ਪਹੁੰਚਦਾ ਹੋ ਗਿਆ ਸੀ। ਜਿਸ ਘੜੀ ਚੜ੍ਹਤੇ ਨੇ, ਪਹਿਲੇ, ਹਾਲੀ ਦੀ 'ਓਕ' 'ਚ ਪਾਣੀ ਪਾਇਆ, ਉਹਦੇ ਕੰਨਾਂ'ਚ ਲਗਾਤਾਰ 'ਬੋਲਦਾ ਹਾੜ' ਚੁੱਪ ਕਰ ਗਿਆ ਤੇ ਚੜ੍ਹਤੇ ਦੀ ਕੱਚੀ ਖੂਹੀ, ਹਾਲੀਆਂ, ਪਾਲੀਆਂ ਲਈ ਅੰਮ੍ਰਿਤ ਦਾ ਸਰੋਵਰ ਬਣ ਗਈ। ਤੇ ਫਿਰ ਜਿਸ ਦਿਨ ਚੜ੍ਹਤੇ ਨੇ, ਆਪਣੇ ਲਈ ਰੱਖਿਆ ਪਾਣੀ ਵੀ ਭਾਂਡੇ'ਚੋਂ ਕਿਸੇ ਹਾਲੀ ਦੇ, ਪਸੀਨੋ ਪਸੀਨੀ ਹੋਏ ਹੱਥਾਂ ਤੇ ਪਾ ਦਿੱਤਾ,'ਬਾਬਿਆਂ ਦਾ ਚੜ੍ਹਤਾ' 'ਚੜ੍ਹਤਾ ਬਾਬਾ' ਬਣ ਗਿਆ ਤੇ ਬੂਥਗੜ੍ਹ ਦੇ ਹਰ ਟਿੱਬੇ ਤੇ ਉਹਦੇ ਪੈਰਾਂ ਦੇ ਨਿਸ਼ਾਨ ਉੱਘੜਨ ਲੱਗ ਪਏ।
………ਤੇ ਫ਼ਿਰ ਇੱਕ ਦਿਨ ਉਹ ਵਾਪਰਿਆ, ਜੀਹਦੀ ਕਲਪਨਾ ਵੀ ਚੜ੍ਹਤੇ ਨਹੀਂ ਸੀ ਕੀਤੀ। ਉਹਦਾ ਪੁੰਨ ਉਹਦੀਆਂ ਆਪਣੀਆਂ ਨਜ਼ਰਾਂ'ਚ ਪਾਪ ਬਣ ਗਿਆ।
ਜਦੋਂ ਹਾਲੀ ਮੁੜ ਰਹੇ ਸਨ। ਪੇਂਡੂ ਭਾਸ਼ਾ'ਚ ਗਰਮੀ ਦੀ ਸਤਾਈ 'ਘੁੱਗੀ' ਆਲਣੇ ਆ ਗਈ ਸੀ, ਚੜ੍ਹਤ ਸਿਓਂ ਘਰ ਆਇਆ। ਰੇਤ'ਚ ਰੌਖਲੀ ਦੇਹ, ਪਸੀਨੋ ਪਸੀਨੀ ਹੋਇਆ ਪਿੰਡਾ। ਉਹਨੇ ਸਿਰ ਤੋਂ ਖੱਦਰ ਦਾ ਪਰਨਾ ਲਾਹਿਆ ਤੇ ਪਰਨੇ ਨਾਲ ਹੀ ਆਪਣੇ ਮੂੰਹ ਤੇ ਹਵਾ ਕੀਤੀ। ਸਾਹ ਸੌਖਾ ਕੀਤਾ ਤੇ ਜਦ ਨੂੰ ਉਹਦਾ ਬਾਪ ਬੋਲ ਪਿਆ-
-ਆ ਗਿਆ ਬਈ ਮਾਂ ਦਾ ਚੜ੍ਹਤ ਸਿਓਂ, ਪਰੋਸੋ ਇਹਨੂੰ ਲੰਗਰ, ਪੁੰਨ ਖੱਟ ਕੇ ਆਇਐ- ਵਧੀ ਖੇਤੀ'ਚ, ਘਟੇ ਬੰਦੇ ਦਾ ਦੁੱਖ ਬਜ਼ੁਰਗ ਦੇ ਲਹਿਜੇ'ਚ ਸਾਫ਼ ਸੀ।
-ਨਾ ਇੱਕ ਗੱਲ ਦੱਸ, ਤਿਹਾ ਤੇਰੇ ਬਾਪਾਂ ਬੌਲਦਾਂ ਨੂੰ ਨੀ ਲਗਦੀ। ਹਾਲੀਆਂ ਨੂੰ ਪਾਣੀ ਪਿਲਾ ਕੇ ਨਵੇਂ ਦਮ ਕਰ ਦਿੰਨੈਂ। ਉਹ ਤੇਰੇ ਪਤੰਦਰ ਦੁਪਹਿਰੇ'ਚ ਇੱਕ ਹਲਿਆਈ ਹੋਰ ਵਗਲ ਲੈਂਦੇ ਨੇ। ਗਊ ਦੇ ਜਾਏ ਤੈਨੂੰ ਸਰਾਪ ਦੇਣਗੇ ਕੇ ਨਹੀਂ, ਜਿਹੜੇ ਬੇ-ਜ਼ੁਬਾਨਾਂ ਦੇ ਪੁੜੇ ਤੇਰੇ ਕਰਕੇ ਵੱਧ ਸੇਕ ਹੁੰਦੇ ਨੇ……
ਚੜ੍ਹਤੇ ਦਾ, ਪਰਨੇ ਵਾਲਾ ਹੱਥ ਥਾਂਏ ਰੁਕ ਗਿਆ। ਉਸਨੇ ਡਰ ਕੇ ਆਪਣੇ ਬਾਪੂ ਵੱਲ ਵੇਖਿਆ। ਰੋਟੀ ਖਾਧੀ ਤੇ ਸਿਰ ਵਾਲਾ ਖੱਦਰ ਦਾ ਪਰਨਾ ਗਿੱਲਾ ਕਰ ਕੇ, ਉੱਤੇ ਤਾਣ ਕੇ ਪੈ ਗਿਆ।
ਦੋ ਸਾਲ,ਚ , ਉਸ ਦਿਨ ਪਹਿਲੀ ਵਾਰ ਬਾਬਾ ਚੜ੍ਹਤਾ ਆਥਣ ਦਾ ਗੇੜਾ ਲਾਉਣ ਨਹੀਂ ਗਿਆ।-
-ਬਾਬਾ ਕੁਸ਼ ਢਿੱਲਾ-ਮੱਠਾ ਨਾ ਹੋ ਗਿਆ ਹੋਵੇ- ਹਾਲੀਆਂ ਨੇ ਪਾਲੀਆਂ ਨੂੰ ਤੇ ਪਾਲੀਆਂ ਨੇ ਰਾਹੀਆਂ ਤੋਂ ਪੁੱਛਿਆ।
ਪਰ ਬਾਬਾ ਦੂਜੇ ਦਿਨ ਵੀ ਨੀ ਆਇਆ। ਤੀਜੇ ਦਿਨ ਬਾਬਾ ਲੋਕਾਂ ਨੇ ਖੂਹੀ ਦੇ ਕੋਲ ਬੈਠਾ ਦੇਖਿਆ।
ਰਾਹੀਆਂ ਨੇ ਪਾਲੀਆਂ ਨੂੰ ਅਤੇ ਪਾਲੀਆਂ ਨੇ ਰਾਹੀਆਂ ਨੂੰ ਦੱਸਿਆ। ਪਾਣੀ ਦੀ ਉਡੀਕ ਸ਼ੁਰੂ ਹੋਈ, ਪਰ ਪਾਣੀ ਨਹੀਂ ਆਇਆ। ਭੌਂਖੜੇ ਦੇ ਤੁਰੇ ਕੰਡੇ ਫਿਰ ਫੁੱਟਣੇ ਸ਼ੁਰੂ ਹੋਏ-
-ਹੋਰ ਬਾਬਿਆਂ ਦੇ ਟੱਬਰ ਤੋਂ ਕੀ ਤਦਰਕਾਰੀ ਐ- ਬਹਿ ਗਿਆ ਥੱਕ ਕੇ- ਕਹਿਣੇ ਸੁਣਨੇ ਵਾਲੇ ਮੁਸਕੜੀਂਏਂ ਹੱਸਦੇ।
ਫਿਰ ਲੋਕਾਂ ਨੇ ਵੇਖਿਆ, ਬਾਬੇ ਨੇ ਕੱਚੀ ਖੂਹੀ ਦੇ ਇੱਕ ਪਾਸੇ ਚੀਰੂ ਇਕੱਠੇ ਕੀਤੇ ਸਨ। ਚੂਕਣੀ ਕਾਲੀ ਮਿੱਟੀ'ਚ ਮਲ੍ਹਣ ਪਾ ਕੇ ਘਾਣੀ ਕੀਤੀ ਸੀ ਤੇ ਖੂਹੀ ਤੋਂ ਥੋੜ੍ਹੇ ਫਰਕ ਨਾਲ, ਇੱਕ ਕੱਚੀ ਖਰਲ (ਖੁਰਲੀ ਵਰਗੀ ਲੰਬੀ ਹੌਦੀ ਜਿਸਨੂੰ ਸਾਡੇ ਪਾਸੇ 'ਖੇਲ੍ਹ' ਕਹਿੰਦੇ ਹਨ) ਬਣਾ ਕੇ ਲਿੱਪ ਲਈ ਸੀ। ਹੁਣ ਡੰਗਰ ਪਸ਼ੂ ਛਾਵੇਂ ਖੜ ਕੇ ਪਾਣੀ ਪੀਂਦੇ। ਕੋਈ ਹਾਲੀ ਹਲ ਥੰਮ ਕੇ ਪਾਣੀ ਪੀਣ ਆਉਂਦਾ ਤਾਂ ਬਾਬਾ ਸੋਚਦਾ- 'ਹੁਣ ਠੀਕ ਐ', ਇੰਨਾਂ ਚਿਰ ਗਊ ਦੇ ਜਾਏ ਤਾਂ ਦਮ ਮਾਰਨਗੇ'-
ਫਿਰ ਤਾਂ ਖੇਲ੍ਹ ਪੱਕੀ ਹੋਈ, ਖੂਹੀ ਚਿਣੀ ਗਈ ਹਲਟੀ ਲੱਗੀ ਤੇ ਬਾਬੇ ਨੇ ਉਥੇ ਹੀ ਛੋਟੀ ਜਿਹੀ ਪੱਕੀ ਕੋਠੜੀ ਪਾਈ। ਵਥੇਰਾ ਕੁਸ਼ ਹੋਇਆ (ਊਂ ਅਕਾਲੀਆਂ ਦੇ ਇਤਿਹਾਸਕ ਕਿਲ੍ਹੇ, ਗੜੀਆਂ ਢਾਹ ਕੇ ਸੰਗਮਰਮਰੀ ਗੁਰਦਵਾਰੇ ਬਣਾਉਣ ਵਾਂਗ, ਬਾਬੇ ਦੀ ਅਸਲੀ ਕੋਠੜੀ ਤੇ ਖੂਹੀ ਅਸੀਂ ਵੀ ਨੀ ਸਾਂਭੀ, ਬਾਬੇ ਦੀ ਸਮਾਧ 'ਤੇ ਲੈਂਟਰ ਲਾਤਾ)
ਉਂਝ ਕਹਿੰਦੇ ਨੇ, ਬਾਬੇ ਦਾ ਕੰਮ ਵੇਖ ਕੇ, ਸਾਡੇ ਪਿੰਡ ਦੇ ਕਿਸੇ ਬਾਣੀਏ ਨੇ ਉਹਨੂੰ ਖੂਹੀ ਤੇ ਹਲਟੀ ਲਈ ਧਨ ਦਿੱਤਾ ਸੀ। ਪਿੰਡ ਜਾਂ ਪਰਿਵਾਰ ਤੋਂ ਕੋਈ ਮਦਦ ਲਏ ਬਿਨਾਂ, ਕਹਿੰਦੇ ਛੇ ਮੀਲ ਦੂਰੋਂ, ਮੋਢਿਆਂ ਤੇ ਪੱਕੀਆਂ ਇੱਟਾਂ ਢੋਈਆਂ ਸਨ।
ਪਿੰਡ ਦੇ ਲਹਿੰਦੇ ਪਾਸੇ, ਰੁੱਖਾਂ ਦੀ ਸਵਰਗ ਵਰਗੀ ਛਾਂ ਚੜ੍ਹਤੇ ਬਾਬੇ ਦੀ ਸਮਾਧ ਤੇ ਝੁਲਦਾ ਝੰਡਾ ਮੈਨੂੰ ਹਮੇਸ਼ਾਂ ਚਾਚੇ ਚੰਨਣ ਸਿੰਘ ਦੀ ਯਾਦ ਕਰਾਉਂਦਾ ਹੈ। ਜੀਹਨੇ ਬਾਬਾ ਚੜ੍ਹਤ ਸਿੰਘ ਦੀ ਯਾਦਗਾਰ ਸੌ ਸਾਲ ਬਾਅਦ ਹਰੀ ਕੀਤੀ, ਜੀਹਦੇ ਭੋਗ ਤੇ ਬੋਲਦਿਆਂ ਮੈਂ ਕਹਿ ਰਿਹਾ ਸਾਂ।
"ਜਾਰੋ- ਇਹ ਬੰਦੇ ਨੀ ਜਾ ਰਹੇ ਪਿੰਡ ਦੇ ਇਤਿਹਾਸ ਦੇ ਸ੍ਰੋਤ ਸੁੱਕ ਰਹੇ ਨੇ' - ਤੇ ਹੁਣ ਜਦ ਇਹ ਲੇਖ ਲਿਖਣ ਲਈ ਵੇਰਵਿਆਂ ਦੀ ਲੋੜ ਪਈ, ਵੇਰਵੇ ਨਾ ਮਿਲਣ ਤੇ ਬਹੁਤ ਕੁਝ ਛੱਡਣਾ ਪਿਆ, ਕਲਪਨਾ ਕਰਨੀ ਪਈ, ਤਾਂ ਮੈਂ ਸੋਚਦਾ ਹਾਂ- "ਮੈਂ ਕਿੰਨਾਂ ਸੱਚ ਕਿਹਾ ਸੀ!"

No comments:

Post a Comment