Thursday 8 October 2015

ਸਾਡਾ ਪਰਿਵਾਰ ਅਤੇ ਮੇਰੀ ਕਵਿਤਾ –ਸੁਰਜੀਤ ਪਾਤਰ

                                ਅਮਰਜੀਤ ਟਾਂਡਾ ਤੇ ਸੁਰਜੀਤ ਪਾਤਰ


ਸਾਡੇ ਪਰਿਵਾਰ ਵਿਚ ਅੱਖਰਾਂ ਦਾ ਪ੍ਰਵੇਸ਼ ਮੇਰੇ ਪਿਤਾ ਜੀ ਗਿਆਨੀ ਹਰਭਜਨ ਸਿੰਘ ਹੋਰਾਂ ਨਾਲ ਹੋਇਆ ।ਇਹ ਅੱਖਰ ਸਿੱਖੀ ਦੇ ਰੰਗ ਵਿਚ ਗੂੜ੍ਹੇ ਰੰਗੇ ਹੋਏ ਸਨ ,ਗੁਰਬਾਣੀ ਪਾਠ ,ਕੀਰਤਨ ਤੇ ਸਿੱਖ ਇਤਿਹਾਸ ਤੋ ਲੈਦੇ ਹੋਏ ।ਮੇਰੇ ਚਾਚਾ ਜੀ ਦਾ ਬੇਟਾ ਦੀਦਾਰ ਸਿੰਘ ਪਰਦੇਸੀ ਕਹਿੰਦਾ ਹੁੰਦਾ :ਤਾਇਆ ਜੀ ਦੀ ਆਵਾਜ਼ ਭਾਰੀ ਸੀ , ਸਹਿਗਲ ਵਰਗੀ ।ਪਿਤਾ ਜੀ ਉਤੇ ਸਿੰਘ ਸਭਾ ਲਹਿਰ ਦਾ ਗੂੜ੍ਹਾ ਪ੍ਰਭਾਵ ਸੀ ।ਉਨ੍ਹਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਨਾ ਵਿੰਨ੍ਹਾਉਣ ਦਿਤੇ ,ਨਾ ਹੀ ਵੰਙਾਂ ਪਾਉਣ ਦਿੱਤੀਆਂ ।ਸਾਡੇ ਘਰ ਵਿਚ ਸਿਰਫ਼ ਧਾਰਮਿਕ ਕਿਤਾਬਾਂ ਹੀ ਸਨ ।ਮੈ ਛੋਟਾ ਜਿਹਾ ਸਾਂ ।ਰਾਤ ਦੇ ਰੋਟੀ ਟੁੱਕ ਤੋ ਹੋ ਕੇ ਸਾਰਾ ਟੱਬਰ ਦਲਾਨ ਵਿਚ ਬੈਠਾ ਸੀ ।ਚੱਕੀ ਦੇ ਕੋਲ ਪੀੜ੍ਹੀ ਉਤੇ ਪਿਤਾ ਜੀ ਬੈਠੇ ਸਨ ।ਮੈ ਜੀ ਨੂੰ ਕਿਹਾ :ਮੈਨੂੰ ਗੀਤ ਸੁਣਾਓ ,ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ।ਪਿਤਾ ਜੀ ਹੱਸ ਪਏ ਤੇ ਨੁਣ ਨੁਣ ਕਰਕੇ ਗੀਤ ਦੀ ਤਰਜ਼ ਗੁਣਗੁਣਾਉਦੇ ਰਹੇ ਪਰ ਗੀਤ ਦੇ ਬੋਲ ਉਨ੍ਹਾਂ ਨੇ ਲਬਾਂ ਤੇ ਨਾ ਲਿਆਂਦੇ ।
            
ਭੀੜੀ ਜਿਹੀ ਗਲੀ ਦੇ ਸਿਰੇ ਤੇ ਸਾਡਾ ਘਰ ਸੀ ਜਿੱਥੇ ਦੋ ਪਰਵਾਰ ਰਹਿੰਦੇ ਸਨ ਇਕ ਮੇਰੇ ਚਾਚੇ ਮੱਘਰ ਸਿੰਘ ਦਾ ਤੇ ਇਕ ਮੇਰੇ ਪਿਤਾ ਦਾ ।ਮੇਰਾ ਤੇ ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸਿੰਘ ਪਰਦੇਸੀ ਦਾ ਜਨਮ ਇਕ ਹੀ ਛੱਤ ਹੇਠ ਹੋਇਆ ।ਘਰਾਂ ਤੋ ਸਾਡੀ ਹਵੇਲੀ ਸੀ ਜਿੱਥੇ ਮੇਰੇ ਤਾਇਆ ਜੀ ਮੂਲ ਸਿੰਘ ਸੇਪੀ ਕਰਦੇ ਸਨ ।ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟ ਉਨ੍ਹਾਂ ਕੋਲ ਬੈਠੇ ਰਹਿੰਦੇ ।ਮੈ ਦੀਆਂ ਗੱਲਾਂ ਸੁਣਨ ਦਾ ਮਾਰਾ ਓਥੇ ਬੈਠਾ ਰਹਿੰਦਾ ।ਤਾਇਆ ਮੂਲ ਸਿੰਘ ਦੀ ਆਵਾਜ਼ ਇਹੋ ਜਿਹੀ ਸੀ ਜਿਵੇ ਸਖ਼ਤ ਲੱਕੜੀ ਵਾਲਾ ਰੁੱਖ ਬੋਲਦਾ ਹੋਵੇ ।

ਓਸੇ ਹਵੇਲੀ ਵਿਚ ਨਾਲ ਦੇ ਬਰਾਂਡੇ ਵਿਚ ਮੇਰੇ ਪਿਤਾ ਜੀ ਕੁਰਸੀਆਂ ਬਣਾਉਦੇ ।ਇਸੇ ਮਾਹੌਲ ਦੀ ਯਾਦ ਵਿਚੋ ਬੜੇ ਸਾਲਾਂ ਬਾਅਦ ਮੇਰੀ ਇਸ ਕਵਿਤਾ ਨੇ ਜਨਮ ਲਿਆ ।ਇਹ ਕਵਿਤਾ ਹੈ ਤਾਂ ਕੁਦਰਤ ਨੂੰ ਸਭਿਆਚਾਰ ਵਿਚ ਬਦਲਦੀ ਮਾਨਵਤਾ ਬਾਰੇ ,ਪਰ ਇਸ ਵਿਚ ਪ੍ਰਤੀਕ ਤਰਖਾਣ ਦਾ ਹੈ :
            ਮੈ ਪੁੱਤਰ ਇਕ ਤਰਖਾਣ ਦਾ 
            ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣ ਜਾਣਦਾ

            ਬੂਹੇ ਗੱਡ ਗਡੀਹਰੇ ਚਰਖੇ ਚਰਖੀਆਂ 
            ਰੱਥ ਡੋਲੀਆਂ ਗੁੱਟ ਮਧਾਣੀਆਂ ਤਖ਼ਤੀਆਂ 

            ਹਲ਼ ਪੰਜਾਲ਼ੀ ਚਊ ਸੁਹਾਗੇ ਪਟੜੀਆਂ 
            ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਅਰਥੀਆਂ 

            ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ 
            ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ 

            ਹੁਣ ਇਹ ਕਰਦਾ ਕਰਦਾ ਬੁੱਢੜਾ ਹੋ ਗਿਆਂ 
            ਨਦੀ ਕਿਨਾਰੇ ਆਪ ਹੀ ਰੁੱਖੜਾ ਹੋ ਗਿਆਂ

            ਹੁਣ ਮੇਰੇ ਖ਼ਾਬਾਂ ਵਿਚ ਆਉਦੇ ਰੁੱਖ ਨੇ 
            ਮੈਨੂੰ ਆਣ ਸੁਣਾਉਦੇ ਅਪਣੇ ਦੁੱਖ ਨੇ

            ਇਹ ਕਰਵਤ ਫ਼ਰਨਾਹੀਆਂ ਆਰੇ ਆਰੀਆਂ 
           ਆਉਦੀਆਂ ਮੇਰੇ ਵੱਲ ਨੂੰ ਸ਼ੈਆਂ ਸਾਰੀਆਂ 


           ਹੁਣ ਇਕ ਦਿਨ ਮੈ ਆਖ਼ਰ ਸੂਲੀ ਘੜਾਂਗਾ
           ਉਸ ਦੇ ਉਤੇ ਆਪ ਮਰਨ ਲਈ ਚੜ੍ਹਾਂਗਾ 

           ਰੁੱਖ ਆਖਣਗੇ ਨਾ ਮਾਰੋ ਇਸ ਦੀਨ ਨੂੰ
           ਇਸ ਨੇ ਸਭ ਕੁਝ ਕੀਤਾ ਆਪਣੇ ਜੀਣ ਨੂੰ

           ਕੋਈ ਹਰੀਆਂ ਥਾਂਵਾਂ ਦੇਖ ਲਿਟਾ ਦਿਓ
           ਇਸ ਨੂੰ ਸਾਡੀਆਂ ਛਾਂਵਾਂ ਹੇਠ ਲਿਟਾ ਦਿਓ 


ਪਿਤਾ ਜੀ ਹਵੇਲੀ ਵਿਚ ਪਿੰਡ ਦੀਆਂ ਬੱਚੀਆਂ ਨੂੰ ਗੁਰਮੁਖੀ ਵੀ ਪੜ੍ਹਾਂਉਦੇ ਸਨ  ।ਮੈਨੂੰ ਕਈ ਵਾਰ ਐਸੀਆਂ ਸੁਆਣੀਆਂ ਮਿਲਦੀਆਂ ਹਨ ਜੋ ਮੈਨੂੰ ਦੱਸਦੀਆਂ ਕਿ ਅਸੀਂ ਗਿਆਨੀ ਜੀ ਕੋਲੋਂ ਪੰਜ ਗ੍ਰੰਥੀ ਦਾ ਪਾਠ ਕਰਨਾ ਸਿੱਖਿਆ ,ਚਿੱਠੀ ਲਿਖਣੀ ਸਿੱਖੀ ।ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਮੈਂ ਵੀ ਕਦੀ ਕਦੀ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਜਾ ਬੈਠਦਾ ।ਪਿਤਾ ਜੀ ਬਹੁਤ ਸਖ਼ਤ ਸੁਭਾਅ ਦੇ ਅਧਿਆਪਕ ਸਨ ।ਉਹ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਬਿਲਕੁਲ ਸਹਿਨ ਨਹੀਂ ਕਰਦੇ ਸਨ ।ਉਨ੍ਹਾਂ ਨੇ ਪਿੰਡ ਸੁਧਾਰ ਨਾਮ ਦਾ ਇਕ ਕਿਤਾਬਚਾ ਵੀ ਲਿਖਿਆ ਤੇ ਇਕ ਕਿੱਸਾ ਵੀ ਛਪਵਾਇਆ ਜਿਸ ਵਿਚ ਇਕ ਸਚਿਆਰੀ ਨੂੰਹ ਆਪਣੀ ਸੱਸ ਤੋਂ ਨਸਵਾਰ ਛੁਡਾਉਦੀ ਤੇ ਉਸ ਨੂੰ ਗੁਰਮੁਖੀ ਸਿਖਾਉਦੀ ਹੈ ।ਗੁਰਪੁਰਬਾਂ ਦੇ ਮੌਕੇ ਤੇ ਪਿਤਾ ਜੀ ਬਹੁਤ ਉਮਾਹ ਵਿਚ ਹੁੰਦੇ ।ਉਹ ਗੁਰਪੁਰਬਾਂ ਦੇ ਮੌਕੇ ਪੜ੍ਹਨ ਲਈ ਬੱਚਿਆਂ ਨੂੰ ਕਵਿਤਾਵਾਂ ਲੱਭ ਕੇ ਦਿੰਦੇ ਜਾਂ ਆਪ ਲਿਖ ਦਿੰਦੇ ।
            
ਪਰ ਅਜੇ ਮੈਂ ਦੂਜੀ ਵਿਚ ਹੀ ਪੜ੍ਹਦਾ ਸਾਂ ਕਿ ਉਹ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੀ ਪਹਿਲੀ ਮੁਸਾਫ਼ਰੀ ਤੇ ਜੰਜੀਬਾਰ (ਅਫ਼ਰੀਕਾ) ਚਲੇ ਗਏ ।ਓਥੋਂ ਉਹ ਸਾਨੂੰ ਉਹ ਬਹੁਤ ਸੁਹਣੇ ਤੇ ਬਰੀਕ ਅੱਖਰਾਂ ਵਾਲੀਆਂ ,ਗੁਰਬਾਣੀ ਦੇ ਮਹਾਵਾਕਾਂ ਨਾਲ ਜੜੀਆਂ ਚਿੱਠੀਆਂ ਲਿਖਦੇ ।ਕਦੀ ਕਦੀ ਉਨ੍ਹਾਂ ਚਿੱਠੀਆਂ ਵਿਚ ਉਨ੍ਹਾਂ ਦੀਆਂ ਆਪਣੀਆਂ ਲਿਖੀਆਂ ਕਾਵਿ ਸਤਰਾਂ ਵੀ ਹੁੰਦੀਆਂ ।ਮੈਨੂੰ ਉਨ੍ਹਾਂ ਦੀਆਂ ਇਹ ਦੋ ਸਤਰਾਂ ਅਜੇ ਵੀ ਯਾਦ ਹਨ :
             ਮਾਓ ਜੀ ਦਾ ਮਜ਼ਦੂਰ ਸਦਾ ਕੇ 
             ਰਹਿੰਦਾ ਹਾਂ ਹੁਣ ਪੇਬਾ ਚਾਕੇ

ਮਾਓ ਜੀ ਸ਼ਾਇਦ ਉਨ੍ਹਾਂ ਦੇ ਠੇਕੇਦਾਰ ਦਾ ਨਾਮ ਸੀ ਤੇ ਉਹ ਪੇਬਾ ਚਾਕੇ ਨਾਮ ਦੇ ਕਿਸੇ ਸ਼ਹਿਰ ਵਿਚ ਕੰਮ ਕਰਦੇ ਸਨ ।ਉਦੋ ਅਫ਼ਰੀਕਾ ਵਿਚ ਰੇਲਵੇ ਲਾਈਨਾਂ ਵਿਛ ਰਹੀਆਂ ਸਨ ।ਚੌਥੀ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਉਨ੍ਹਾਂ ਨੇ ਆਪਣੀ ਇਕ ਚਿੱਠੀ ਵਿਚ ਮੈਨੂੰ ਆਪਣੀ ਲਿਖੀ ਹੋਈ ਚਾਰ ਸਤਰਾਂ ਦੀ ਇਕ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਮੌਕੇ ਤੇ ਪੜ੍ਹਨ ਲਈ ਭੇਜੀ ਜੋ ਮੈਂ ਯਾਦ ਕਰ ਲਈ ।ਪ੍ਰਬੰਧਕਾਂ ਨੇ ਮੈਨੂੰ ਮੇਜ਼ ਤੇ ਖੜਾ ਕਰ ਦਿੱਤਾ ਤੇ ਮੈਂ ਜੈਕਾਰਿਆਂ ਦੀ ਗੂੰਜ ਵਿਚ ਉਹ ਕਵਿਤਾ ਸੁਣਾਈ :
            ਧੰਨ ਗੁਰੂ ਨਾਨਕ ਤੇਰੀ ਸਾਧ ਸੰਗਤ
            ਕਲਾ ਚੜ੍ਹਦੀ ਤੇ ਦੂਣ ਸਵਾਈ ਹੋਵੇ
ਮੇਰੇ ਤਾਇਆ ਜੀ ਸ ਮੂਲ ਸਿੰਘ ਦੇ ਪੁੱਤਰ ਸੁਰੈਣ ਸਿਘ ਸੋਫ਼ੀ ਬਹੁਤ ਪ੍ਰਤਿਭਾਸ਼ੀਲ ਵਿਅਕਤੀ ਸਨ ।ਉਹ ਹਵੇਲੀ ਕੁਰਸੀਆਂ ਬਣਾਉਦੇ ਪਰ ਗੁਰਦੁਆਰੇ ਦੇ ਸਮਾਗਮਾਂ ਵਿਚ ਪੂਰੀ ਤਨਦੇਹੀ ਨਾਲ ਹਿੱਸਾ ਲੈਦੇ ।ਉਹ ਬਹੁਤ ਮਿੱਠਾ ਕੀਰਤਨ ਵੀ ਕਰਦੇ ਤੇ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ ।ਉਨ੍ਹੀਂ ਦਿਨੀਂ ਫਿਲਮੀ ਗੀਤਾਂ ਤੇ ਧਾਰਮਿਕ ਗੀਤ ਲਿਖਣ ਦਾ ਬਹੁਤ ਰਿਵਾਜ ਸੀ ਜਿਵੇਂ ਅਜੇ ਵੀ ਮਾਤਾ ਦੀਆਂ ਭੇਟਾਂ ਲਿਖੀਆਂ ਜਾਂਦੀਆਂ ਹਨ ।ਨਾਗਿਨ ਫਿਲਮ ਦੇ ਗੀਤ ਬਹੁਤ ਮਸ਼ਹੂਰ ਸਨ ,ਖ਼ਾਸ ਕਰਕੇ ਇਹ ਗੀਤ :
          ਮਨ ਡੋਲੇ ਮੇਰਾ ਤਨ ਡੋਲੇ
          ਮੇਰੇ ਦਿਲ ਕਾ ਗਇਆ ਕਰਾਰ ਰੇ
          ਯੇ ਕੌਨ ਬਜਾਏ ਬਾਂਸੁਰੀਆ 

ਭਾ ਜੀ ਸੁਰੈਣ ਸਿੰਘ ਸੋਫ਼ੀ ਹੋਰਾਂ ਨੇ ਇਸ ਤਰਜ਼ ਤੇ ਸ਼ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਬਹੁਤ ਵਧੀਆ ਗੀਤ ਲਿਖਿਆ :
          ਧਰਤੀ ਡੋਲੇ ,ਅਸਮਾਂ ਡੋਲੇ 
          ਇਕ ਡੋਲੇ ਨ ਮੇਰੇ ਨਿਰੰਕਾਰ ਜੀ 
          ਬੈਠ ਕੇ ਤੱਤੀਆਂ ਤਵੀਆਂ ਤੇ 

ਇਕ ਹੋਰ ਮਸ਼ਹੂਰ ਪੰਜਾਬੀ ਗੀਤ ਹੁੰਦਾ ਸੀ ਜਿਹੜਾ ਇਕ ਫਿਲਮੀ ਨਾਇਕ ਪਤੰਗ ਉਡਾਉਦਿਆਂ ਗਾਉਦਾ ਹੈ :
          ਤੁਣਕਾ ਤੁਣਕਾ ਮਾਰ ਤੁਣਕਾ 
          
          ਮੇਰੀ ਪਤਲੀ ਪਤੰਗ 
          ਤੇਰਾ ਗੋਰਾ ਗੋਰਾ ਰੰਗ
          ਡੋਲੇ ਹਵਾ ਸੰਗ ਅੰਗ ਅੰਗ ਗੁੱਡੀਏ ਨੀ

          ਪੱਕੇ ਤੰਦਾਂ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ 
          ਨੀ ਆ ਜਾ ਨਾਲ ਬੱਦਲਾਂ ਦੇ ਉਡੀਏ 

          ਤੁਣਕਾ ਤੁਣਕਾ ਮਾਰ ਤੁਣਕਾ 

ਕਮਾਲ ਦੀ ਮੁਹਾਰਤ ਨਾਲ ਭਾ ਜੀ ਨੇ ਇਸ ਤਰਜ਼ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੀਤ ਲਿਖਿਆ :

          ਚੁਣ ਕੇ ਚੁਣ ਕੇ ਮਾਰ ਚੁਣ ਕੇ
       
          ਪੁਤ ਆਪਣਾ ਪਿਆਸਾ
          ਉਹਨੂੰ ਮੋੜ ਦਏ ਨਿਰਾਸਾ
          ਐਡਾ ਹੌਸਲਾ ਏ ਮੇਰੇ ਕਰਤਾਰ ਦਾ
          ਲਾੜੀ ਮੌਤ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ
          ਨਾਲੇ ਮੁੱਖੜਾ ਤੂੰ ਚੁੰਮ ਲੈ ਜੁਝਾਰ ਦਾ

ਉਨ੍ਹਾਂ ਦੀ ਰੀਸੇ ਮੈਂ ਵੀ ਸਕੂਲ ਵਿਚ ਪੜ੍ਹਦਿਆਂ ਇਕ ਪੰਜਾਬੀ ਗੀਤ ਦੀ ਤਰਜ਼ ਤੇ ਗੀਤ ਦਾ ਇਕ ਮੁਖੜਾ ਲਿਖਿਆ ਸੀ ।ਗੀਤ ਸੀ :

         ਛਣ ਛਣ ਕਰਦੀ ਗਲੀ ਚੋਂ ਲੰਘਦੀ
         ਜੀ ਮੇਰੇ ਸੱਜਣਾਂ ਦੀ ਡਾਚੀ ਬਦਾਮੀ ਰੰਗ ਦੀ
ਮੈਂ ਲਿਖਿਆ :
         ਝਮ ਝਮ ਕਰਦਾ ਪਾਣੀ ਨੂੰ ਰੰਗਦਾ
         ਜੀ ਮੇਰੇ ਸਤਿਗੁਰ ਦਾ ਮੰਦਰ ਸੁਨਹਿਰੀ ਰੰਗ ਦਾ

ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸੱਤਵੀ ਅੱਠਵੀ ਤੱਕ ਪਰਦੇਸੀ ਨਹੀਂ ਸੀ ਹੋਇਆ ।ਮੈਂ ਉਹਨੂੰ ਵੀ ਬਚਪਨ ਵਿਚ ਗਾਉਦਿਆਂ ਸੁਣਿਆ ।ਕੁਝ ਸਾਲਾਂ ਬਾਅਦ ਤਾਂ ਖ਼ੈਰ ਉਹ ਬਹੁਤ ਮਸ਼ਹੂਰ ਗਾਇਕ ਬਣ ਗਿਆ ਤੇ ਉਸ ਨੂੰ ਲੋਕ ਅਫ਼ਰੀਕਾ ਦਾ ਮੁਹੰਮਦ ਰਫ਼ੀ ਕਹਿਣ ਲੱਗੇ ।ਦੀਦਾਰ ਦਾ ਵੱਡਾ ਭਰਾ ਲਸ਼ਕਰ ਸਿੰਘ ਬੰਸਰੀ ਵਜਾਉਦਾ ਹੁੰਦਾ ਸੀ ਤੇ ਮੈਨੂੰ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਮੈਂ ਇਹ ਜਾਣਿਆ ਕਿ ਦੀਦਾਰ ਦਾ ਗਾਇਆ ਹੋਇਆ ਗੀਤ :
      
         ਗੋਰੀਏ ਨੀ ਲੈ ਜਾ ਦਰਦ ਵੰਡਾ ਕੇ
         ਕਿਹੜੇ ਹਨ੍ਹੇਰੇ ਵਿਚ ਛੁਪ ਗਈਓਂ ਨੀ
         ਸਾਨੂੰ ਛਹੁ ਜਿਹਾ ਪਾ ਕੇ

ਸੋ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਮੈਥੋਂ ਪਹਿਲਾਂ ਵੀ ਮੇਰੇ ਪਰਵਾਰ ਉਤੇ ਮੌਜੂਦ ਸੀ ਜਿਸ ਨੇ ਮੇਰੇ ਕਵੀ ਬਣਨ ਵਿਚ ਹਿੱਸਾ ਪਾਇਆ ।
     
ਮੇਰੇ ਬੀ ਜੀ ਜਿਨ੍ਹਾਂ ਦੇ ਪੇਕਿਆਂ ਦਾ ਨਾਂ ਹਰ ਕੌਰ ਸੀ ਤੇ ਸਹੁਰਿਆਂ ਦਾ ਗੁਰਬਖ਼ਸ਼ ਕੌਰ ,ਉਨ੍ਹਾਂ ਨੂੰ ਮੈਂ ਕਦੀ ਕੋਈ ਗੀਤ ਗਾਉਦਿਆਂ ਨਹੀਂ ਸੀ ਸੁਣਿਆ ਪਰ ਉਨ੍ਹਾਂ ਦਾ ਚਿਹਰਾ ,ਉਨ੍ਹਾਂ ਦਾ ਵਜੂਦ ,ਉਨ੍ਹਾਂ ਦੀ ਉਦਾਸੀ ,ਉਨ੍ਹਾਂ ਦੀ ਸਹਿਨਸ਼ੀਲਤਾ ਮੇਰੇ ਲਈ ਕਵਿਤਾ ਸੀ।ਸੋ ਮੇਰੀ ਕਵਿਤਾ ਤੇ ਮੇਰੇ ਪਰਵਾਰ ਦਾ ਦੂਜਾ ਰਿਸ਼ਤਾ ਇਹ ਹੈ ਕਿ   ਮੇਰੀ ਕਵਿਤਾ ਦੇ ਤਾਣੇ ਬਾਣੇ ਵਿਚ ਮੇਰੀਆ ਪਰਿਵਾਰਕ ਯਾਦਾਂ ਬੁਣੀਆਂ ਹੋਈਆਂ  ਹਨ ।ਪਰਵਾਰ ਦੇ ਸਾਰੇ ਜੀਆਂ ਦੇ ਝਉਲੇ ਹਨ ।ਮਾਤਾ ਪਿਤਾ ਭੈਣ ਭਰਾ ਪਤਨੀ ,ਸੰਤਾਨ ।ਇਹ ਠੀਕ ਹੈ ਕਿ ਮੇਰੀ ਕਵਿਤਾ ਵਿਚ ਹਰ ਥਾਂ ਮੇਰੀ ਮਾਂ ਮੇਰੀ ਮਾਂ ਨਹੀਂ ਹੈ ਪਰ ਫਿਰ ਵੀ ਬਹੁਤ ਕੁਝ ਹੈ ਜੋ ਅਸਲੀ ਵੇਰਵਿਆਂ ਨਾਲ  ਹੂਬਹੂ ਨਹੀਂ ਤਾਂ ਕਾਫ਼ੀ ਹੱਦ ਤੱਕ ਮਿਲਦਾ ਹੈ ।ਜਦੋਂ ਆਪਣੇ ਬੀ ਜੀ  ਬਾਰੇ ਸੋਚਦਾ ਹਾਂ ਤਾਂ ਮਮਤਾ ਤੇ ਕਰੁਣਾ ਨਾਲ ਭਰ ਜਾਂਦਾ ਹਾਂ ।ਚਾਰ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ ਉਹ ਜਦੋ ਂਪਿਤਾ ਜੀ ਪਰਦੇਸੀ ਹੋਏ ।ਦੋ ਧੀਆਂ ਵਿਆਹੀਆਂ ਤੇ ਦੋ ਕੁਆਰੀਆਂ ਸਨ ।ਪੁੱਤਰ ਅਜੇ ਛੋਟੇ ਛੋਟੇ ਸਨ ।ਮੈ ਂਅੱਠ ਸਾਲ ਦਾ ਸਾਂ ਤੇ ਉਪਕਾਰ ਚਾਰ ਸਾਲ ਦਾ ।ਮੈਂ ਪਿਤਾ ਜੀ ਨੂੰ ਵਿਦਾ ਹੁੰਦਿਆਂ ਦੇਖਿਆ ।ਆਪਣੀ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਦੇਖੀਆਂ।ਬਹੁਤ ਸਾਲਾਂ ਬਾਅਦ ਮੈ ਇਸ ਵਿਦਾ ਬਾਰੇ ਗੀਤ ਲਿਖਿਆ ਸੀ :
       ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ 
       ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ 

       ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ 
       ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
       ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
       ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ
       ਜਦੋਂ ਦਾ ਅਸਾਡੇ ਨਾਲ ਖੁਸ਼ੀਆਂ ਨੂੰ ਵੈਰ ਏ

       ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ 
       ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
       ਕੰਧਾਂ ਨਾਲੋਂ ਉਚੀਆਂ ਧਰੇਕਾਂ ਹੋਈਆਂ ਤੇਰੀਆਂ 
       ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ

       ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ

       ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ 
       ਸੂਰਜ ਦੇ ਚੜ੍ਹਨ ਚ ਹਾਲੇ ਬੜੀ ਦੇਰ ਸੀ
       ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ 
       ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ

       ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ

       ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ 
       ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
       ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
       ਡੂੰਘਾ ਮੇਰੀ ਹਿੱਕ ਚ ਤਰੰਗਾ ਗਿਆ ਗੱਡਿਆ

       ਝੁੱਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ

ਓਦੋਂ ਪਰਦੇਸ ਕੁਝ ਜ਼ਿਆਦਾ ਹੀ ਪਰਦੇਸ ਹੁੰਦਾ ਸੀ ।ਪਿਤਾ ਜੀ ਸਮੁੰਦਰੀ ਜਹਾਜ਼ ਤੇ ਜਾਂਦੇ ।ਲਗਭਗ ਦੋ ਹਫ਼ਤੇ ਸਮੁੰਦਰ ਵਿਚ ਹੀ ਲੱਗ ਜਾਂਦੇ ।ਕਈ ਦਿਨਾਂ ਬਾਅਦ ਪਹੁੰਚਣ ਦੀ ਚਿੱਠੀ ਆਉਦੀ ।

ਪਿਤਾ ਜੀ ਤਿੰਨ ਮੁਸਾਫ਼ਰੀਆਂ ਲਾ ਚੁੱਕੇ ਸਨ ।ਮੈਂ ਐਮ ਏ ਦੇ ਪਹਿਲੇ ਸਾਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਸਾਂ ।ਬੀ ਜੀ ਬਹੁਤ ਬੀਮਾਰ ਹੋ ਗਏ ।ਬਹੁਤ ਸਾਲ ਪਹਿਲਾਂ ਮੇਰੇ ਮਾਮਾ ਜੀ ਦੇ ਦੇਹਾਂਤ ਤੇ ਬੀ ਜੀ ਨੂੰ ਅਰਧੰਗ ਦਾ ਦੌਰਾ ਪਿਆ ਸੀ ।ਉਹ ਕਾਫ਼ੀ ਠੀਕ ਹੋ ਗਏ ਸਨ ਪਰ ਪੂਰੀ ਤਰਾਂ ਨਹੀਂ । ਇਸ ਵਾਰ ਉਨ੍ਹਾਂ ਦੀ ਬੀਮਾਰੀ ਆ ਕੇ ਗਈ ਹੀ ਨਹੀਂ।ਉਹ ਪਿਆਰੀ ਮਿੱਠਬੋਲੜੀ ਜਾਨ ,ਪਤੀ ਦੀ ਗੈਰਹਾਜ਼ਰੀ ਵਿਚ ਮਾਸੂਮ ਧੀਆਂ ਪੁੱਤਰਾਂ ਨੂੰ ਪਾਲਣ ਵਾਲੀ ,ਨੀਲੇ ਰੰਗ ਦੇ ਲਫ਼ਾਫ਼ਿਆਂ ਦੇ ਆਸਰੇ ਜੀਊੰਦੀ ,ਮੇਰੀ ਉਦਾਸ ਮਾਂ ਸਾਡੇ ਤੋਂ ਸਦਾ ਲਈ ਵਿਛੜ ਗਈ ।ਉਸਦਾ ਪਰਦੇਸੀ ਪਤੀ ਉਸ ਪਲ ਉਸ ਤੋਂ ਕੋਹਾਂ ਦੂਰ ਸਮੁੰਦਰੋਂ ਪਾਰ ਸੀ ।ਉਸ ਨੂੰ ਤਾਂ ਖ਼ਬਰ ਵੀ ਸੱਤ ਦਿਨਾਂ ਬਾਅਦ ਮਿਲੀ ਜਦੋ ਂਉਸ ਨੇ ਪਤਾ ਨਹੀਂ ਕੀ ਸੋਚਦਿਆਂ ਲਫਾਫ਼ਾ ਖੋਲ੍ਹਿਆ ਹੋਵੇਗਾ । ਉਸ ਨੂੰ ਕੀ ਪਤਾ ਸੀ ਇਸ ਚਿੱਠੀ ਵਿਚ ਕੀ ਹੈ ?ਤਦ ਤੱਕ ਤਾਂ ਫੁੱਲ ਵੀ ਪਏ ਜਾ ਚੁੱਕੇ ਸਨ ।

      ਪਿਤਾ ਜੀ ਤੇ ਦੀਦਾਰ ਜਦੋਂ ਇਸ ਤੋਂ ਬਾਅਦ ਜਦੋਂ ਪਿੰਡ ਆਏ ਤਾਂ ਦੀਦਾਰ ਨੇ ਦੱਸਿਆ ਪਿੰਡ ਵੜਦਿਆਂ ਚਾਚਾ ਦੀ ਭੁੱਬ ਨਿਕਲ ਗਈ ।ਕਹਿਣ ਲੱਗੇ :ਉਸ ਦੇਵੀਆਂ ਜਿਹੀ ਔਰਤ ਨੂੰ ਕਿੰਨੇ ਦੁੱਖ ਦੇਖਣੇ ਪਏ ।ਮੈਂ ਉਹਦੀਆਂ ਆਖ਼ਰੀ ਘੜੀਆਂ ਵਿਚ ਉਹਦੇ ਕੋਲ ਨਹੀਂ ਸਾਂ ।

      ਸ਼ਾਇਦ ਰੂਪ ਬਦਲ ਕੇ ਏਹੀ ਭਾਵ ਕਈ ਸਾਲਾਂ ਬਾਅਦ ਮੇਰੇ ਇਸ ਸ਼ੇਅਰ ਵਿਚ ਆਇਆ :

            ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
            ਉਹ ਜਦੋਂ ਦੇਸ਼ ਪਰਤਣਗੇ ਅਪਣੇ ਕਦੀ
            ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
            ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਦਸਵੀਂ ਚ ਪੜ੍ਹਦਿਆਂ ਮੇਰੀ ਮੰਗਣੀ ਹੋ ਗਈ ਸੀ ।ਐਮ ਏ ਕਰਦਿਆਂ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ ।ਮੇਰੇ ਪਿਤਾ ਜੀ ਮੈਨੂੰ ਪਟਿਆਲੇ ਮਨਾਉਣ ਆਏ ।ਉਹ ਮੈਨੂੰ ਕਹਿਣ ਲੱਗੇ :ਆਪਾਂ ਬਚਨ ਦਿੱਤਾ ਹੋਇਆ ਹੈ ,ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ ? ਤੂੰ ਇਸ ਵੇਲੇ ਨਿਰਮੋਹੀ ਧਰਤੀ ਚੋਂ ਲੰਘ ਰਿਹਾ ਹੈਂ,ਜਿੱਥੇ ਸਰਵਣ ਨੇ ਆਪਣੇ ਮੋਢੇ ਤੋਂ ਵਹਿੰਗੀ ਲਾਹ ਦਿੱਤੀ ਸੀ ।ਮੈ ਪਿਤਾ ਜੀ ਦੇ ਮੂੰਹ ਤੇ ਨਾਂਹ ਨਹੀਂ ਕਰ ਸਕਦਾ ਸੀ ।ਮੈਂ ਹਾਂ ਕਹਿ ਦਿੱਤੀ ।ਉਹ ਚਲੇ ਗਏ ਤਾਂ ਆਪਣੇ ਇਨਕਾਰ ਦੀ  ਲੰਮੀ ਚਿੱਠੀ ਲਿਖ ਕੇ ਪਿੰਡ ਪੋਸਟ ਕਰ ਦਿੱਤੀ ਤੇ ਫ਼ਰੀਦਕੋਟ ਪ੍ਰੋ ਪ੍ਰੇਮ ਪਾਲੀ ਕੋਲ ਚਲਾ ਗਿਆ ।ਉਹ ਪਲ ਮੇਰੇ ਲਈ ਮੁਕਤੀ ਦੇ ਵੀ ਸਨ ,ਗਹਿਰੇ ਦੁੱਖ ਦੇ ਵੀ ,ਗਹਿਰੇ ਗੁਨਾਹ ਦੇ ਅਹਿਸਾਸ ਦੇ ਵੀ ।ਜਿਸ ਰਾਤ ਮੈ ਜੀ ਨੂੰ ਇਨਕਾਰ ਦਾ ਖ਼ਤ ਲਿਖਿਆ ,ਉਸ ਰਾਤ ਹੀ ਮੈਂ ਇਹ ਕਵਿਤਾ ਲਿਖੀ ,ਜਿਸ ਦਾ ਨਾਮ ਸੀ ਨਹੀ । ਉਹ ਕਵਿਤਾ ਇਸ ਤਰਾਂ ਸੀ :
         ਟਿਕੀ ਰਾਤ ਵਿਚ ਉਸ ਨੇ ਨਹੀਂ ਇਸ ਤਰਾਂ ਕਿਹਾ
         ਕਿ ਕਬਰਾਂ ਤੇ ਸਿਵਿਆਂ ਚੋ
         ਸਹਿਸਰਾਂ ਪਿਤਰ ਚਿੰਘਾੜ ਉਠੇ

         ਪਤਵੰਤੇ ਪਿਤਾ ਦਾ ਸਿਰ ਕੰਬਿਆ
         ਤੇ ਪਲਾਂ ਵਿਚ ਕਾਲੇ ਕੇਸ ਚਿੱਟੇ ਹੋ ਗਏ

         ਪਾਵਨ ਕਿਤਾਬਾਂ ਦੇ ਅੱਖਰਾਂ ਹੇਠ ਫੁੱਲ ਦਿਸੇ
         ਜਲ ਤੇ ਤਰਦੇ

         ਮੋਈ ਮਾਂ ਤ੍ਰਭਕੀ

         ਟਿਕੀ ਰਾਤ ਵਿਚ ਉਸ ਨੇ ਨਹੀਂ ਇਸਤਰਾਂ ਕਿਹਾ
         ਕਿ ਤਾਰੇ
         ਕਿੰਨੇ ਹੀ ਪਲ ਝਾਂਜਰਾਂ ਵਾਂਗ ਛਣਕਦੇ ਰਹੇ

         ਮਿੱਟੀ ਚੋਂ ਸੂਹਾ ਗੁਲਾਬ ਉਗਿਆ

         ਅਹੱਲਿਆ ਜਾਗ ਕੇ ਨ੍ਰਿਤ ਕਰਨ ਲੱਗੀ

         ਰੁੱਖਾਂ ਤੋਂ ਸੈਆਂ ਪੱਤੇ ਝੜੇ
         ਸਹਿਸਰਾਂ ਨਵੇਂ ਫੁੱਟੇ

         ਬਹੁਤ ਕੁਝ ਟੁੱਟਣ ਦੀ ਆਵਾਜ਼ ਆਈ
         ਬੇੜੀਆਂ ,ਹੱਥਕੜੀਆਂ , ਜੇਲ੍ਹ ਦੀਆਂ ਕੰਧਾਂ
         ਤੇ ਜ਼ੰਜੀਰਾਂ

         ਕਿਸੇ ਦੀ ਭਿਆਨਕ ਚੀਕ ਸੁਣੀ
         ਸ਼ਾਇਦ ਉਹ ਅੰਧਕਾਰ ਮਰ ਰਿਹਾ ਸੀ
         ਂਜੋ ਸਦੀਆਂ ਤੋ ਂਬੀਮਾਰ ਸੀ

         ਟਿਕੀ ਹੋਈ ਰਾਤ ਵਿਚ ਉਸ ਨੇ
         ਨਹੀਂ ਇਸਤਰਾਂ ਕਿਹਾ 
         ਕਿ ਲੋਹੇ ਦੇ ਗੇਟ ਵਿਚੋ
         ਹਜ਼ਾਰਾਂ ਬੱਚੇ ਹੱਸਦੇ ,ਸ਼ੋਰ ਮਚਾਉਦੇ ਬਾਹਰ ਆਏ
         ਤੇ ਉਹ ਪੱਥਰ ਦੇ ਬਣੇ ਮਗਰਮੱਛ ਦੇ ਮੂੰਹ ਵਾਂਗ
         ਖੁੱਲ੍ਹਾ ਰਹਿ ਗਿਆ

ਇਹ ਬੜਾ ਦੁਖਦਾਈ ਅਨੁਭਵ ਸੀ । ਘਰ ਦਿਆਂ ਤੋਂ ਰੂਪੋਸ਼ ਹੋਣ ਲਈ ਜਿਸ ਗੱਡੀ ਵਿਚ ਬੈਠ ਕੇ ਪਟਿਆਲਾ ਛੱਡਿਆ  ਗੱਡੀ ਦੀ ਚੀਕ ਮੈਨੂੰ ਆਪਣੇ ਕਾਲਜੇ ਵਿਚੋ ਨਿਕਲਦੀ ਮਹਿਸੂਸ ਹੋਈ ।ਉਦੋਂ ਮਾਂ ਤਾਂ ਪਰਲੋਕ ਸਿਧਾਰ ਚੁੱਕੀ ਸੀ ।ਪਿਤਾ ਫਿਰ ਪਰਦੇਸ ਨੂੰ ਚਲੇ ਗਏ ।ਉਨ੍ਹਾਂ ਪਲਾਂ ਵਿਚ ਪਿਤਾ ਜੀ ਦੇ ਦਿਲ ਦਾ ਦੁੱਖ ਯਾਦ ਕਰ ਕੇ ਅਜੇ ਵੀ ਅੱਖਾਂ ਨਮ ਹੋ ਜਾਂਦੀਆਂ ਹਨ :

    ਹਰ ਵਾਰੀ ਅਪਣੇ ਹੀ ਅੱਥਰੂ ਅੱਖੀਆਂ ਵਿਚ ਨਹੀਂ ਆਉਦੇ
    ਕਦੀ ਕਦੀ ਸਾਡੇ ਪਿਤਰ ਰੋਦੇ ਸਾਡੀਆਂ ਅੱਖੀਆਂ ਥਾਂਣੀਂ

ਤੇ ਜੀ ਕਰਦਾ ਹੈ ਕਿ ਉਹ ਦਿਨ ਜੇ ਹੁਣ ਕਿਤੇ ਮਿਲੇ ,ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖ਼ਮੀ ਪਿੰਡੇ ਤੇ ਮਲ੍ਹਮ ਲਾ ਦੇਵਾਂ
ਪਰ ਦਿਨ ਕੋਈ ਘਰੋ ਕੇ ਗਿਆ ਜੀਅ ਤਾਂ ਨਹੀ ਕਿ ਜਿਸ ਦੀ ਕਦੇ ਕਿਤੇ ਦੱਸ ਪਵੇ ,ਕਦੀ ਕਿਤੇ ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ ਜਾਂ ਕਿਸੇ ਸਟੇਸ਼ਨ ਤੇ ਗੱਡੀ ਉਡੀਕਦਾ ਮਿਲ ਜਾਵੇ ।ਦਿਨ ਤਾਂ ਸਾਡੇ ਹੱਥੋਂ ਮੋਇਆਂ ਦੇ ਕਰਾਹੁੰਦੇ ਪ੍ਰੇਤ ਹਨ ਜਿਨ੍ਹਾਂ ਦੇ ਜ਼ਖ਼ਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ ।
     ਮਾਤ ਪਿਤਾ ਨੂੰ ਸੀਨੇ ਲਾ ਕੇ ਠੰਢ ਪਾਵਣ ਦਾ ਜਿਸ ਦਿਨ ਆਇਆ ਚੇਤਾ
     ਉਸ ਦਿਨ ਤੱਕ ਉਹ ਬਣ ਚੁੱਕੇ ਸਨ ,ਅਗਨੀ ਪਾਣੀ ਪੌਣ ਤੇ ਰੇਤਾ
ਐਮ ਐਸ ਸੀ ਕਰਕੇ ਮੇਰਾ ਛੋਟਾ ਵੀਰ ਉਪਕਾਰ ਵੀ ਪਿਤਾ ਜੀ ਕੋਲ ਅਫ਼ਰੀਕਾ ਚਲਾ ਗਿਆ ਤੇ ਕਨਿਆਟਾ ਯੂਨੀਵਰਸਿਟੀ ਵਿਚ ਫਿਜ਼ਿਕਸ ਪੜ੍ਹਾਉਣ ਲੱਗ ਪਿਆ ।ਪਿਤਾ ਜੀ ਇਕਿਆਸੀ ਸਾਲ ਦੀ ਉਮਰ ਵਿਚ ਮੇਰੇ ਕੋਲ ਲੁਧਿਆਣੇ ਆ ਗਏ ਤੇ ਆਪਣੀ ਉਮਰ ਦੇ ਆਖ਼ਰੀ ਦਸ ਸਾਲ ਏਥੇ ਗੁਜ਼ਾਰੇ ।ਉਨ੍ਹਾਂ ਨੂੰ ਜ਼ਿੰਦਗੀ ਭਰ ਗੁਰਮਤਿ ਤੋਂ ਸਿਵਾਇ ਕਿਸੇ ਹੋਰ ਸਾਹਿਤ ਵਿਚ ਦਿਲਚਸਪੀ ਨਹੀਂ ਰਹੀ ਸੀ ।ਹੁਣ ਤਾਂ ਉਹ ਹੋਰ ਵੀ ਨਿਰਲੇਪ ਹੋ ਗਏ ਸਨ ।ਹਰ ਵੇਲੇ ਹੌਲੀ ਹੌਲੀ ਪਾਠ ਕਰਦੇ ਰਹਿੰਦੇ ।ਕਦੀ ਕੋਈ ਉਨ੍ਹਾਂ ਕੋਲ ਮੇਰੀ ਕਵਿਤਾ ਦੀ ਗੱਲ ਕਰਦਾ ਤਾਂ ਉਹ ਹੱਥ ਜੋੜ ਕੇ ਕਹਿੰਦੇ :ਵਾਹਿਗੁਰੂ ਦੀ ਮਿਹਰ ।ਮੈਂ ਵੀ ਚਾਹੁੰਦਾ ਸਾਂ ਮੇਰੀ ਕਵਿਤਾ ਦੀ ਗੱਲ ਬੱਸ ਏਨੀ ਕੁ ਹੀ ਹੋਵੇ ।ਮੈਂ ਇਹ ਸੋਚ ਕੇ ਡਰ ਜਾਂਦਾ ਸਾਂ ਕਿ ਇਹੋ ਜਿਹੀ ਆਤਮਾ ਨੂੰ ਮੇਰੀ ਮਨਮੁਖ ਕਵਿਤਾ ਕਿਹੋ ਜਿਹੀ ਲੱਗੇਗੀ ।ਪਿਤਾ ਜੀ ਨੱਬੇ ਸਾਲ ਦੇ ਸਨ ਜਦੋਂ ੧੯੯੧ ਵਿਚ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ ।ਬੀ ਜੀ ਉਨ੍ਹਾਂ ਤੋ ਚੌਵੀ ਸਾਲ ਪਹਿਲਾਂ ੧੯੬੭ ਵਿਚ ਗੁਜ਼ਰ ਗਏ ਸਨ ।ਉਹ ਕਦੀ ਕਦੀ ਕਹਿੰਦੇ ਰੱਬ ਨੇ ਮੈਨੂੰ ਏਨੀ ਲੰਮੀ ਉਮਰ ਦੇ ਦਿੱਤੀ ਤੇ ਤੁਹਾਡੀ ਬੀ ਜੀ ਨੂੰ ਏਨੀ ਥੋੜ੍ਹੀ ।ਇਕ ਵਾਰੀ ਇੰਗਲੈਡ ਤੋਂ ਦੀਦਾਰ ਭਾ ਜੀ ਆਏ ਤੇ ਪਿਤਾ ਜੀ ਨੂੰ ਪੁੱਛਣ ਲੱਗੇ :ਤਾਇਆ ਜੀ ਤੁਹਾਡਾ ਪਿੰਡ ਜਾਣ ਨੂੰ ਜੀ ਕਰਦਾ ?  
 
ਉਹ ਕਹਿਣ ਲੱਗੇ : ਨਹੀਂ ਦੀਦਾਰ ,ਹੁਣ ਤਾਂ ਬੱਸ ਅਕਾਲ ਪੁਰਖ ਦੇ ਚਰਨਾਂ ਵਿਚ ਹੀ ਜਾਣ ਨੂੰ ਹੀ ਜੀ ਕਰਦਾ ।ਉਨ੍ਹਾਂ ਦੇ ਇਸ ਅਹਿਸਾਸ ਤੋਂ ਹੀ ਪ੍ਰੇਰਿਤ ਸੀ ਮੇਰਾ ਗੀਤ -ਪਿਤਾ ਦੀ ਅਰਦਾਸ :
         ਪ੍ਰਭੂ ਜੀ ,ਉਹ ਕਦ ਖੁੱਲ੍ਹਣਾਂ ਏ ਦੁਆਰਾ
         ਜਿੱਥੇ ਸਾਜ਼ ਆਪੇ ਹਰ ਬੂਟਾ 
         ਆਪੇ ਵਾਵਨਹਾਰਾ

         ਹੁਣ ਨਾ ਹੱਥਾਂ ਪਲੰਘ ਬਣਾਉਣੇ 
         ਨਾ ਰੰਗਲੇ ਪੰਘੂੜੇ
         ਨਾ ਉਹ ਪੱਟੀਆਂ ਜਿਨ੍ਹਾਂ ਤੇ ਪਾਉਣੇ 
         ਬਾਲਾਂ ਪਹਿਲੇ ਊੜੇ
        
         ਹੁਣ ਤਾਂ ਅਪਣੀ ਦੇਹੀ ਰੁੱਖ ਹੈ
         ਤੇ ਸਾਹਾਂ ਦਾ ਆਰਾ
        
        ਖੋਲ੍ਹ ਸਮੁੰਦਰ ਪੌਣ ਦੇ 
        ਮੇਰੇ ਸਾਹਾਂ ਦੇ ਲਈ ਬੂਹੇ
        ਬੇਹੀ ਦੇਹੀ ਖ਼ਾਕ ਚ ਰਲ ਕੇ
        ਫੁੱਲ ਖਿੜੇ ਬਣ ਸੂਹੇ

        ਮੈਲਾ ਪਾਣੀ ਬਲ ਕੇ ਹੋਵੇ 
        ਕਣੀਆਂ ਵਾਂਗ ਕੁਆਰਾ

        ਇਕ ਜੰਗਲ ਹੈ ਜਿਸ ਦੇ ਹਰ ਇਕ 
        ਰੁੱਖ ਦਾ ਅਰਥ ਹੈ ਅਰਥੀ 
        ਹਰ ਬੂਟੇ ਤੇ ਨਾਮ ਕਿਸੇ ਦਾ 
        ਇਕ ਬੂਟਾ ਜੀ ਪਰਤੀ

        ਉਸ ਜੰਗਲ ਵਿਚ ਚਲਦਾ ਰਹਿੰਦਾ
        ਸਾਰੀ ਰਾਤ ਕੁਹਾੜਾ 


ਮੇਰਾ ਵਿਆਹ ਨੂੰ ਸਾਲ ਹੋ ਗਿਆ ਸੀ ਪਰ ਸਾਡੇ ਘਰ ਕੋਈ ਬੱਚਾ ਨਹੀਂ ਸੀ ।ਉਸ ਉਡੀਕ ਵਿਚ ਰਲੀ ਥੋੜ੍ਹੀ ਜਿਹੀ ਉਦਾਸੀ ਵਿਚੋਂ ਮੈਂ ਇਹ ਗੀਤ ਲਿਖਿਆ ਜੋ ਆਪਣੀ ਜੀਵਨ - ਸਾਥਣ ਭੁਪਿੰਦਰ ਨੂੰ ਸੰਬੋਧਿਤ ਹੈ :
       ਕਦੋਂ ਗੁਲਾਬ ਖਿੜੇਗਾ ਅੜੀਏ ਟਹਿਣੀਏ
       ਕਦ ਤੁਰਸੀ ਬ੍ਰਹਿਮੰਡ ਨੀ ਖੜੀਏ ਟਹਿਣੀਏ

       ਨੀਰ ਗਏ ਪਥਰਾ ਨੀ ਚੁਪ ਚੁਪ ਰਹਿਣੀਏ
       ਟੁੱਟਣਾ ਕਦੋਂ ਸਰਾਪ ਨੀ ਦੁਖੜੇ ਸਹਿਣੀਏ

       ਪਿਤਰਾਂ ਕੋਲੇ ਜਾਹ ਵੇ ਮੇਰਿਆ ਰਾਜਿਆ 
       ਜਾ ਕੇ ਸੀਸ ਨਿਵਾ ਵੇ ਮੇਰਿਆ ਹਾਕਮਾ 

       ਚੰਨ ਤੋ ਡਿਗੇ ਗੁਲਾਬ ਸਮੁੰਦਰ ਆ ਟਿਕੇ
       ਤਰਦਾ ਤਰਦਾ ਆਣ ਵੇ ਲੱਗੇ ਕੰਢੜੇ

       ਫਿਰ ਲੂਆਂ ਵਿਚਕਾਰ ਤਰਦੀਆਂ ਪੱਤੀਆਂ 
       ਲੱਗਣ ਕੁੱਖ ਦੇ ਨਾਲ ਵੇ ਮਮਤਾ-ਮੱਤੀਆਂ 
      
      ਕੌਣ ਦਏ ਸਰਨਾਵਾਂ ਓਸ ਗੁਲਾਬ ਨੂੰ
      ਕੌਣ ਲਭਾਵੇ ਥਾਂਵਾਂ ਵਿਚ ਹਨ੍ਹੇਰਿਆਂ

ਇਕ ਵਾਰੀ ਅਸੀਂ ਰੁੱਸੇ ਹੋਏ ਸਾਂ ।ਇਹ ਰੋ ਕੇ ਸੌਂ ਗਈ ਸੀ ਤੇ ਮੈਂ ਇਹਦੇ ਵੱਲ ਦੇਖ ਕੇ ਕਵਿਤਾ ਲਿਖ ਰਿਹਾ ਸਾਂ :
      
      ਕਿਤੇ ਏਹੀ ਗੱਲ ਨ ਹੋਵੇ ਕਿਤੇ ਇਸਤਰਾਂ ਨ ਹੋਵੇ
      ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਛਾਂ ਨ ਹੋਵੇ
 
      ਉਹ ਜੋ ਸੌਂ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ
      ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ

ਇਕ ਵਾਰ ਮੈਂ ਲਿਖਿਆ :
       
       ਉਹ ਬਣਾਉਦੀ ਹੈ 
       ਕਿੰਨੀ ਰੀਝ ਨਾਲ
       ਦਾਲਾਂ  
       ਸਬਜ਼ੀਆਂ 
       ਰੋਟੀਆਂ 
       ਰੋਜ਼ ਓਸੇ ਰੀਝ ਨਾਲ 
       ਜੂਠ ਨਾ ਛੱਡਿਓ 
       ਬੱਚਿਆਂ ਨੂੰ ਕਹਿੰਦੀ ਹੈ 
       ਥਾਲੀ ਸਾਫ਼ ਕਰ ਦਿਓ
       ਕੁਝ ਨਾ ਬਚੇ ਥਾਲੀ ਵਿਚ 

       ਮੈਂ ਲਿਖਦਾ ਹਾਂ 
       ਕਵਿਤਾਵਾਂ 
       ਗੀਤ
       ਗ਼ਜ਼ਲਾਂ
       ਨਿਤ ਨਵੀਆਂ 
       ਸਾਂਭਦਾ ਹਾਂ 
       ਉਨ੍ਹਾਂ ਤੇ ਆਪਣਾ ਨਾਮ ਲਿਖਦਾ ਹਾਂ 
       ਯੁਗਾਂ ਯੁਗਾਂ ਤੱਕ ਬਚੀਆਂ ਰਹਿਣ
       ਚਾਹੁੰਦਾ ਹਾਂ 

       ਉਹ ਬਣਾਉਦੀ ਹੈ ਨਾਸ਼ਵਾਨ ਚੀਜ਼ਾਂ 
       ਮੈਂ ਅਵਿਨਾਸ਼ੀ 

       ਮੈਂ ਕਿੰਨਾ ਹਉਮੈ ਗ੍ਰਸਿਆ ਹਾਂ 
       ਉਹ ਕਿੰਨੀ ਹਉਮੈ-ਹੀਣ


ਸਾਡੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਭੁਪਿੰਦਰ ਦੀ ਭੈਣ ਨੇ ਮੈਨੂੰ ਭੁਪਿੰਦਰ ਦੇ ਗਾਏ ਹੋਏ ਇਕ ਸ਼ਬਦ ਦੀ ਰਿਕਾਰਡਿੰਗ ਭੇਜੀ : ਮਿਹਰਬਾਨ ਮਿਹਰਬਾਨ ,ਸਾਹਿਬ ਮੇਰੇ ਮਿਹਰਬਾਨ ।ਮੈਨੂੰ ਭੁਪਿੰਦਰ ਦੀ ਆਵਾਜ਼ ਦਾ ਚਿਹਰਾ ਸੁਹਣਾ ਲੱਗਾ ।ਭੁਪਿੰਦਰ ਨੂੰ ਗਾਉਣ ਦਾ ਬਹੁਤ ਸ਼ੌਕ ਹੈ ।ਬਹੁਤ ਵਾਰ ਰਸੋਈ ਚ ਕੰਮ ਕਰਦਿਆਂ ਵੀ ਕੁਝ ਨਾ ਕੁਝ ਗਾਉਦੀ ਰਹਿੰਦੀ ਹੈ ।ਮੈਂ ਇਕ ਵਾਰ ਲਿਖਿਆ ਸੀ :
      
      ਆਉਦੀ  ਰਹੇ ਰਸੋਈ ਚੋਂ ਜੇ ਗਾਉਣ ਦੀ ਆਵਾਜ਼
      ਤਾਂ ਸਮਝ ਲੈ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼

ਉਹ ਹੁਣ ਮੇਰੀਆਂ ਗ਼ਜ਼ਲਾਂ ਮੇਰੇ ਨਾਲੋਂ ਵੀ ਸੁਹਣੀ ਤਰਾਂ ਗਾਉਦੀ ਹੈ ।
 
        ਛੋਟਾ ਹੁੰਦਾ ਅੰਕੁਰ ਇਕ ਵਾਰ ਬਹੁਤ ਬੀਮਾਰ ਹੋ ਗਿਆ ।ਮੇਰੀ ਕਵਿਤਾ ਖ਼ੁਦਾ ਉਨ੍ਹਾਂ ਦਿਨਾਂ ਬਾਰੇ ਹੈ :
     
      ਅਜੀਬ ਰਾਤ ਡਰਾਉਣੀ ਸੀ ਬੂਹੇ ਕੋਲ ਖੜੀ 
      ਝੁਕੀ ਹੋਈ ਸੀ ਮੇਰੇ ਘਰ ਦੇ ਚਿਰਾਗ਼ ਦੇ ਮੁਖ ਤੇ
      ਅਨੰਤ ਰਾਤ ਦੀ ਛਾਇਆ 
      ਜਿਵੇਂ ਅਖ਼ੀਰ ਘੜੀ

      ਤੇ ਓੜ੍ਹ ਪੋੜ੍ਹ ਤੋਂ ਲੈ ਕੇ ਸਿਰੰਜ ਦੇ ਨੱਕੇ ਤੱਕ
      ਸਰਿੰਜ ਦੇ ਨੱਕੇ ਤੋਂ ਲੈ ਕੇ ਅਖ਼ੀਰ ਮੱਕੇ ਤੱਕ
      ਅਖ਼ੀਰ ਮੱਕਓਂ ਪਰ੍ਹੇ ਵੀ ਕਿਤੇ ਉਜਾੜਾਂ ਵਿਚ 
      ਨਜ਼ਰ ਉਦਾਸ ਮੇਰੀ ਥਾਂ ਕੁ ਥਾਂ ਭਟਕਦੀ ਸੀ 
    
 ਇਕ ਦਿਨ ਅੱਠਵੀਂ ਵਿਚ ਪੜ੍ਹਦੇ ਬੇਟੇ ਨੇ ਆਪਣੀ ਕਲਾਸ ਨਾਲ ਕੁਝ ਦਿਨਾਂ ਲਈ ਟੂਰ ਤੇ ਜਾਣਾ ਸੀ ,ਭੁਪਿੰਦਰ ਉਹਨੂੰ ਗੇਟ ਤੱਕ ਤੋਰਨ ਗਈ ।ਉਹ ਨੂੰ ਬੱਸ ਤੇ ਚੜ੍ਹਨ ਲੱਗਾ ਕਾਹਲ ਵਿਚ ਬਾਈ ਬਾਈ ਨਾ ਕਰ ਸਕਿਆ ।ਭੁਪਿੰਦਰ ਗੇਟ ਤੋਂ ਵਾਪਸ ਆਈ ਤਾਂ ਇਹਦੀਆਂ ਅੱਖਾਂ ਨਮ ਸਨ ।ਇਹ ਕਹਿਣ ਲੱਗੀ : ਬੇਟੇ ਮਾਂਵਾਂ ਦੇ ਦਿਲਾਂ ਨੂੰ ਨਹੀਂ ਸਮਝਦੇ ।ਮੈਂ ਕਿਹਾ :ਜਦੋਂ ਇਹ ਆਪ ਮਾਪੇ ਬਣਨਗੇ ਓਦੋਂ ਸਮਝ ਜਾਣਗੇ ।ਪਿਆਰ ਦਾ ਵਹਿਣ ਅਗਾਂਹ ਵੱਲ ਨੂੰ ਹੀ ਜਾਂਦਾ ਹੈ ,ਪਿਛਾਂਹ ਵੱਲ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੀ ਮੁੜਦਾ ਹੈ ।ਧੀਆਂ  ਪੁੱਤਰਾਂ ਨੂੰ ਪਿਆਰ ਦੇ ਕੇ ਉਸ ਦੇ ਬਦਲੇ ਉਨ੍ਹਾ ਕੋਲੋਂ ਓਨਾ ਪਿਆਰ ਨਹੀਂ ਮੰਗੀਦਾ ।ਇਹ ਪਿਆਰ ਉਨ੍ਹਾਂ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਦੇਣਾ ਹੁੰਦਾ ਹੈ :
ਇਹ ਮੇਰਾ ਪਿਆਰ ਦਈਂ ਆਪਣੇ ਜਾਇਆਂ ਨੂੰ ਪੁੱਤਰਾ 
ਇਹ ਮੇਰਾ ਕਰਜ਼ ਤੂੰ ਮੈਨੂੰ ਕਦੇ ਅਦਾ ਨਾ ਕਰੀਂ
ਇਹ ਪਿਆਰ ਮਿਲਿਆ ਸੀ ਮੈਨੂੰ ਵੀ ਮੁਫ਼ਤ ਪਿੱਛਿਓਂ ਹੀ 
ਜੇ ਮੈਨੂੰ ਮੋੜ ਨ ਸਕਿਆ ਤਾਂ ਦਿਲ ਬੁਰਾ ਨ ਕਰੀਂ
     
        ਮੇਰੀ ਕਵਿਤਾ ਦਾ ਮੇਰੇ ਪਰਵਾਰ ਨਾਲ ਤੀਜਾ ਰਿਸ਼ਤਾ ਸੰਚਾਰ ਦਾ ਹੈ ਕਿ ਮੇਰਾ ਪਰਵਾਰ ਮੇਰੀ ਕਵਿਤਾ ਨੂੰ ਕਿਸਤਰਾਂ ਸਮਝਦਾ ਹੈ ।ਉਹ ਕਵਿਤਾ ਜਿਸ ਵਿਚ ਮੈਂ ਲਿਖਦਾ ਹਾਂ :
       ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨ ਆਈ
       ਭਾਂਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ 

       ਉਹ ਤਾਂ ਕੇਵਲ ਏਨਾ ਸਮਝੀ 
       ਪੁੱਤ ਦੀ ਰੂਹ ਨੂੰ ਦੁਖ ਹੈ ਕੋਈ 

       ਪਰ ਇਸ ਦਾ ਦੁਖ ਮੇਰੇ ਹੁੰਦਿਆਂ 
       ਆਇਆ ਕਿੱਥੋਂ 

       ਨੀਝ ਲਗਾ ਕੇ ਦੇਖੀ 
       ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ 
       ਦੇਖੋ ਲੋਕੋ 
       ਕੁੱਖੋਂ ਜਾਏ
       ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ 

       ਮੇਰੀ ਮਾਂ ਨੇ ਕਾਗਜ਼ ਚੁਕ ਸੀਨੇ ਨੂੰ ਲਾਇਆ
       ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ
       ਮੇਰਾ ਜਾਇਆ 

ਇਸ ਕਵਿਤਾ ਵਿਚਲੀ ਮਾਂ ਸ਼ਾਇਦ ਹਰ ਕਵੀ ਦੀ ਮਾਂ ਹੈ ,ਸਿਰਫ਼ ਮੇਰੀ ਮਾਂ ਨਹੀਂ ।ਮੇਰੀਆਂ ਭੈਣਾਂ ਮੇਰੀ ਮਾਂ ਤੋਂ ਬਹੁਤੀਆਂ ਵੱਖਰੀਆਂ ਨਹੀਂ।ਉਨ੍ਹਾਂ ਨੂੰ ਸ਼ਾਇਦ ਮੇਰੀ ਸੁੰਨੇ ਸੁੰਨੇ ਰਾਹਾਂ ਵਾਲੀ ਕਵਿਤਾ ਸਮਝ ਆਉਦੀ ਹੋਵੇ ਜਾਂ ਕੁਝ ਕੁਝ ਪੰਜਾਬ ਸੰਕਟ ਵਾਲੀਆਂ ਨਜ਼ਮਾਂ ।ਮੇਰੀਆਂ ਕਵਿਤਾਵਾਂ ਨੂੰ ਮੇਰੇ ਪਰਵਾਰ ਵਿਚ ਇਹ ਤਿੰਨ ਜੀਅ ਸਭ ਤੋਂ ਵੱਧ ਸਮਝਦੇ ਹਨ ,ਮੇਰਾ ਛੋਟਾ ਵੀਰ ਉਪਕਾਰ ,ਵੱਡਾ ਵੀਰ ਦੀਦਾਰ ਪਰਦੇਸੀ ਤੇ ਮੇਰੀ ਪਤਨੀ ਭੁਪਿੰਦਰ ।ਅਸਲ ਵਿਚ ਇਹ ਤਿੰਨੇ ਮੇਰੀਆਂ ਰਚਨਾਵਾਂ ਦੇ ਗਾਇਨ ਨਾਲ ਜੁੜੇ ਹੋਏ ਹਨ ।ਦੀਦਾਰ ਹੋਰਾਂ ਨੇ ਕੋਈ ਡਾਲੀਆਂ ਚੋਂ,ਬਲਦਾ ਬਿਰਖ ਹਾਂ ,ਅੱਜਕਲ ਇਉਂ ਨਹੀਂ ਕਰਦੇ ਲੋਕ ,ਚੱਲ ਪਾਤਰ ਹੁਣ ,ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ,ਹੁੰਦਾ ਸੀ ਏਥੇ ਸ਼ਖ਼ਸ ਆਦਿ ਗ਼ਜ਼ਲਾਂ ਬਹੁਤ ਖ਼ੂਬਸੂਰਤੀ ਨਾਲ ਗਾਈਆਂ  । 

       ਸਾਡੇ ਪਰਵਾਰ ਵਿਚੋਂ ਮੇਰੀ ਸ਼ਾਇਰੀ ਦੇ ਸਭ ਤੋਂ ਕਰੀਬ ਮੇਰਾ ਛੋਟਾ ਵੀਰ ਉਪਕਾਰ ਹੈ ।ਜਿਸ ਸ਼ਿੱਦਤ ਅਤੇ ਰੂਹਦਾਰੀ ਨਾਲ  ਉਪਕਾਰ ਨੇ ਬਿਰਖ ਅਰਜ਼ ਕਰੇ ਦੀ ਨਜ਼ਮ ਰਾਤ ਗਾਈ ਹੈ ਤੇ ਜਿਹੋ ਜਿਹੀਆਂ ਧੁਨਾਂ ਉਸਨੇ ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,ਇਕ ਲਫ਼ਜ਼ ਵਿਦਾ ਲਿਖਣਾ ,ਸ਼ਾਇਰ ਬਣ ਜਾ ਬਿਹਬਲ ਹੋ ਜਾ , ਖ਼ੂਬ ਨੇ ਇਹ ਝਾਂਜਰਾਂ ,ਦੂਰ ਜੇਕਰ ਅਜੇ ਸਵੇਰਾ ਹੈ , ਨਾ ਇਲਮ ਨੂੰ ਯਾਦ ਹੈ ਕੁਝ ਤੇ ਹੋਰ ਅਨੇਕਾਂ ਰਚਨਾਵਾਂ ਨੂੰ ਦਿੱਤੀਆਂ ,ਉਹ ਉਸ ਦੀ ਸਮਝ ਸੰਵੇਦਨਾ ਕਲਾ ਅਤੇ ਮੇਰੇ ਅਤੇ ਮੇਰੀ ਸ਼ਾਇਰੀ ਨਾਲ ਉਸਦੇ ਗਹਿਰੇ ਪਿਆਰ ਦਾ ਰਾਗਮਈ ਰਸ-ਭਿੰਨਾ ਪਾਵਨ ਪ੍ਰਗਟਾਉ ਹੈ ।ਕਈ ਗ਼ਜ਼ਲਾਂ ਜਿਨ੍ਹਾਂ ਨੂੰ ਮੈਂ ਮੁਸ਼ਕਲ ਸਮਝ ਕੇ ਮੰਚ ਤੇ ਪੇਸ਼ ਕਰਨ ਤੋਂ ਗੁਰੇਜ਼ ਕਰ ਜਾਂਦਾ ਹਾਂ ,ਉਹ ਉਨ੍ਹਾਂ ਨੂੰ ਵੀ ਕੁਝ ਇਸਤਰਾਂ ਪੇਸ਼ ਕਰ ਦਿੰਦਾ ਹੈ ਕਿ ਮੈਂ ਹੈਰਾਨ ਰਹਿ ਜਾਂਦਾ ਤੇ ਉਸਦੇ ਬਲਿਹਾਰ ਜਾਂਦਾ ਹਾਂ ।ਜਗਮੋਹਨ ਸਿੰਘ ਓਇਸਟਰ ਵਾਲਿਆਂ ਦੀ ਸਜਾਈ ਇਕ ਮਹਿਫ਼ਲ ਵਿਚ ਉਪਕਾਰ ਨੇ

ਮੈ ਂਸੁਣਾਂ ਜੇ ਰਾਤ ਖ਼ਾਮੋਸ਼ ਨੂੰ
ਮੇਰੇ ਦਿਲ ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖ਼ਤ ਹੋਣ ਹਰੇ ਭਰੇ

ਗਾ ਕੇ ਤੇ ਇਸ ਦਾ ਲਫ਼ਜ਼ ਲਫ਼ਜ਼ ਸਰੋਤਿਆਂ ਤੱਕ ਪਹੁੰਚਾ ਕੇ ਮੇਰੇ ਲਈ ਮਾਨੋ ਇਕ ਮੁਅਜਜ਼ਾ ਹੀ ਕਰ ਦਿੱਤਾ।


     ਮੇਰੇ ਤਾਇਆ ਜੀ ਦਾ ਪੋਤਾ ਹਰਜਿੰਦਰ ਤੇ ਪੜਪੋਤਾ ਮੋਹਨਪ੍ਰੀਤ ਮੇਰੀ ਸ਼ਾਇਰੀ ਦੇ ਕਿੰਨੇ ਮਹਿਰਮ ਹਨ ,ਇਸ ਗੱਲ ਦਾ ਪਤਾ ਮੈਨੂੰ ਕਈ ਸਾਲਾਂ ਬਾਅਦ ਉਨ੍ਹਾਂ ਨੂੰ ਮੌਨਟ੍ਰੀਅਲ ਮਿਲ ਕੇ ਲੱਗਾ ।ਉਹ ਖ਼ੁਦ ਬਹੁਤ ਸੁਹਣੀਆਂ ਕਵਿਤਾਵਾਂ ਲਿਖਦੇ ਹਨ ।ਆਪਣੇ ਪਿੰਡ ਦਾ ਸੁਰਜੀਤ ਸਾਜਨ ਮੈਨੂੰ ਆਪਣੇ ਪਰਵਾਰ ਦਾ ਜੀਅ ਹੀ ਲਗਦਾ ਹੈ ।ਉਹ ਬਹੁਤ ਵਧੀਆ ਗ਼ਜ਼ਲਗੋ ਤੇ ਗੀਤਕਾਰ ਹੈ

      ਅੰਕੁਰ ,ਮਨਰੀਤ ,ਸਵਰਾਜ ,ਸੋਨਲ ,ਪੁਨੀਤ ਤੇ ਮਨਰਾਜ ਲਈ ਬਹੁਤੀਆਂ ਕਵਿਤਾਵਾਂ ਦਾ ਅਨੁਭਵ ਅਜੇ ਉਨ੍ਹਾਂ ਦੀ ਉਮਰ ਤੋਂ ਅਗੇਰਾ ਹੈ ।ਉਜ ਉਹ ਇਨ੍ਹਾਂ ਕਵਿਤਾਵਾਂ ਵਿਚੋ ਆਪਣੇ ਆਪਣੇ ਅਰਥ ਜ਼ਰੂਰ ਕੱਢਦੇ ਹਨ ।ਇਕ ਵਾਰ ਅੰਕੁਰ ਨੇ ਮੋਬਾਈਲ ਲੈਣਾ ਸੀ ।ਜਿਹੜਾ ਮੋਬਾਈਲ ਉਹਨੂੰ ਪਸੰਦ ਸੀ ਉਹ ਮਹਿੰਗਾ ਸੀ ।ਉਹ ਕਹਿਣ ਲੱਗਾ :ਮੇਰਾ ਵੀ ਪਾਪਾ ਦੀ ਗ਼ਜ਼ਲ ਵਾਲਾ ਹਾਲ ਹੈ :
      ਇਸਤਰਾਂ ਹੈ ਜਿਸਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
      ਮੇਰੀਆਂ  ਰੀਝਾਂ  ਮੇਰੀ  ਔਕਾਤ  ਵਿਚਲਾ ਫ਼ਾਸਿਲਾ
ਮਨਰਾਜ ਨੇ ਆਪਣੇ ਸਕੂਲ ਦੇ ਦਿਨਾਂ ਵਿਚ ਕੱਚ ਦਾ ਗਲਾਸ ਤੇ ਬਚ ਕੇ ਮੋੜ ਤੋਂ ਗੀਤ ਖ਼ੂਬ ਗਾਏ ।
         ਮੇਰੀ ਮਾਂ ਤੇ ਮੇਰੀ ਕਵਿਤਾ ਵਾਲੀ ਗੱਲ ਬਹੁਤ ਸਾਰੇ ਰਿਸ਼ਤਿਆਂ ਤੇ ਲਾਗੂ ਹੁੰਦੀ ਹੈ ।ਮੇਰਾ ਜੀ ਕਰਦਾ ਹੁੰਦਾ ਹੈ ਕਿ ਮੇਰੀਆਂ ਕੁਝ ਕਵਿਤਾਵਾਂ ਉਹ ਲੋਕ ਨਾ ਹੀ ਪੜ੍ਹਨ ਤਾਂ ਠੀਕ ਹੈ ,ਜਿਹੜੇ ਸਾਦਾ ਦਿਲ ਮਾਸੂਮ ਲੋਕ ਹਨ ਤਦੇ ਮੈਂ ਕਿਹਾ ਸੀ:
     ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ 
     ਮਤਾਂ ਤੂੰ ਜਾਣ ਕੇ ਰੋਵੇ ਮੈਂ ਕਿਸ ਜਹਾਨ ਚ ਹਾਂ ।

Tuesday 18 August 2015

https://www.youtube.com/watch?v=pl981xrffx8

https://www.youtube.com/watch?v=pl981xrffx8



ਕਦੇ ਕਦੇ : ਰੁਪਿੰਦਰ ਸੰਧੂ ਕਦੇ ਕਦੇ ਮੇਰਾ ਚਿਤ ਕਰਦਾ , ਤੂੰ ਮੇਰੇ ਕੋਲ ਆ ਕੇ ਬਸ ਬੈਠ ਹੀ ਜਾਵੇਂ , ਤੇ ਬਸ ਇਕ ਵਾਰੀ ਪੁਛੇ " ਤੂੰ ਖੁਸ਼ ਆ " ਮੈਂ ਤੇਰੀਆਂ ਅਖਾਂ ਵਿਚ ਦੇਖ ਕੇ ਬਿਨਾ ਸ਼ਬਦਾਂ ਦੀ ਇਬਾਰਤ ਬੋਲ ਦੇਵਾਂ ਜੋ ਮੇਰੀ ਰੂਹ ਨੇ ਕਹੀ ਤੇ ਤੇਰੀ ਰੂਹ ਨੇ ਸੁਣੀ ਹੋਵੇ | ਜਿਸ ਵਿਚ ਬਿਨਾ ਕਹੇ ਬਹੁਤ ਸਾਰੇ ਸਵਾਲ ਹੋਣ ਤੇ ਬਿਨਾ ਮੰਗੇ ਹਰ ਸਵਾਲ ਦੇ ਜਵਾਬ ਹੋਣ , ਥੋੜੀ ਜਿਨੀ ਵੇਹਲ ਹੋਵੇ ਤੇ ਬਹੁਤ ਸਾਰਾ ਪਿਆਰ ਹੋਵੇ , ਨਾ ਨਾ ਪਿਆਰ ਭਾਵੇ ਥੋੜਾ ਹੀ ਹੋਵੇ ਪਰ ਜਿਨਾ ਵੀ ਹੋਵੇ ਓਹ ਰੂਹ ਨੂੰ ਸਰਸ਼ਾਰ ਕਰਨ ਲਈ ਕਾਫੀ ਹੋਵੇ | ਕਦੇ ਕਦੇ ਮੇਰਾ ਚਿਤ ਕਰਦਾ ਤੂੰ ਮੇਰੇ ਨਾਲ ਲੜ ਪਵੇ ਮੈਂ ਰੁਸ ਜਾਵਾਂ ਤੂੰ ਮਨਾਉਣ ਦੇ ਪੱਜ ਕਰੇਂ , ਅੜਿਆ ਤੂੰ ਤਾ ਲੜਦਾ ਵੀ ਨਹੀਂ , ਮੈਂ ਰੁਸਾਂ ਕੇਹੜੇ ਪੱਜ ਵੇ ? ਮੈਂ ਤੇਰੇ ਨਾਲ ਲੜਦੀ ਹਾਂ, ਤੂੰ ਹੱਸ ਕੇ ਤੁਰ ਜਾਂਦਾ ਏ ਕਦੇ ਕਦੇ ਬੁੜ-ਬੁੜ ਵੀ ਕਰਦਾ ਜਾਂਦਾ ਏ , ਤੂੰ ਇੰਨਾ ਚੰਗਾ ਕਿਊਂ ਏ ? ਹਰ ਖੁਸ਼ੀ ਹਰ ਸੁਖ ਦਿੱਤਾ ਮੈਨੂੰ , ਫਿਰ ਵੀ ਤੂੰ ਬਹੁਤ ਭੈੜਾ ਏ ਪੁਛ ਨਾ ਕਿਊਂ ਬਸ ਇਕੋ ਸ਼ਿਕਾਇਤ ਹੈ ਤੇਰੇ ਨਾਲ ਤੇਰੇ ਕੋਲ ਵਕ਼ਤ ਨਹੀਂ ਦੋ ਪਲ ਕੋਲ ਬਹਿਣ ਲਈ ਕੁਝ ਸੁਣਨ ਲਈ , ਕੁਝ ਕਹਿਣ ਲਈ .

Sunday 18 January 2015

ਮਿਲ ਜਾਵੇਂਗਾ ਤਾਂ ਬਚ ਜਾਂਵਾਂਗੀ-ਅਮਰਜੀਤ ਟਾਂਡਾ
ਮਿਲ ਜਾਵੇਂਗਾ ਤਾਂ ਬਚ ਜਾਂਵਾਂਗੀ
ਤੈਨੂੰ ਚੰਨ ਚੜ੍ਹਾ ਕੇ
ਅੱਧਿਆਂ ਫੁੱਲਾਂ ਨੇ ਕਿਰ ਮਰ ਜਾਣਾ
ਅੱਧਿਆਂ ਨੇ ਮੁਰਝਾ ਕੇ

ਕਦੇ ਆਵੇ ਜੇ ਚਿੱਠੀ ਤੇਰੀ
ਸਾਹਾਂ ਦੇ ਨਾਲ ਲਾਵਾਂ
ਤੂੰ ਤਾਂ ਅੜ੍ਹਿਆ ਛੱਡ ਗਿਆ ਸਾਨੂੰ
ਤੇਰਾ ਛੱਡਦਾ ਨਾ ਪਰਛਾਵਾਂ
ਸਿਖ਼ਰ ਦੁਪਹਿਰਾਂ ਬੈਠ ਉਡੀਕਣ
ਵਟਣੇ ਵਾਲੀ ਰੁੱਤੇ
ਕਿਵੇਂ ਸਰੀਂਹ ਦੇ ਪੱਤੇ ਬੰਨਾਂ
ਸੁੰਨ੍ਹਿਆਂ ਬੂਹਿਆਂ ਉੱਤੇ
ਗਲੀਆਂ ਕਰਨ ਚੇਤੇ ਪੁੱਤਾਂ ਨੂੰ
ਓਦਰੀਆਂ ਫਿਰਨ ਹਵਾਵਾਂ
ਦੱਸ ਕਿਹੜੇ ਚੰਨ ਦਾ ਟੁਕੜਾ
ਸਾਹਵਾਂ ਤੇ ਲਟਕਾਵਾਂ
ਛੱਡ ਟੁਰ ਗਿਆ ਪਹਿਲ ਵਰੇਸ ਪਲ
ਤਲੀਆਂ ਉੱਤੇ ਮਹਿੰਦੀ
ਤੂੰ ਕਿਹੜਾ ਰੁਕ ਜਾਣਾ ਸੀ
ਜੇ ਹਿੱਕ ਖੋਲ ਮੈਂ ਲੈਂਦੀ
ਤੈਨੂੰ ਚਾਅ ਬਦੇਸ਼ਾਂ ਦੇ
ਘਰ ਕਲੀਆਂ ਮੁਰਝਾਈਆਂ
ਨਾ ਓਦਣ ਦਾ ਛੱਤ ਤੇ ਚੰਨ ਚੜ੍ਹਿਆ
ਨਾ ਵੰਗਾਂ ਮੁਸਕਾਈਆਂ
ਇਸੇ ਰਾਤ ਨੇ ਫੁੱਲ ਬਣਨਾ ਸੀ
ਏਸੇ ਨੇ ਚੰਦ ਤਾਰੇ
ਏਸੇ ਪਹਿਰ ਚ ਧੁੱਪ ਉੱਗਣੀ ਸੀ
ਅੰਬਰ ਦੇ ਚੁਬਾਰੇ
ਅੰਗਾਂ 'ਚੋਂ ਅੰਗਿੜਾਈਆਂ ਝੜ੍ਹੀਆਂ
ਬੂਹਿਆਂ ਤੋਂ ਅੰਬ ਪੱਤੇ
ਪਲਕਾਂ ਉੱਤੋਂ ਕਿਰਦੇ ਹੰਝੂ
ਦੱਸ ਕਿੱਥੇ ਕੋਈ ਰੱਖੇ

Friday 2 January 2015

Online Punjabi Magazine Seerat

ਰੰਗ-ਬਰੰਗੇ ਫੁੱਲ-1

- ਵਰਿਆਮ ਸਿੰਘ ਸੰਧੂ
 

ਮੈਂ ਉਦੋਂ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿੱਚ ਆਪਣੇ ਸਾਥੀਆਂ ਨਾਲ ਗੱਪ-ਗੋਸ਼ਟ ਵਿੱਚ ਰੁੱਝਿਆ ਹੋਇਆ ਸਾਂ। ਕੋਈ ਜਣਾ ਇੱਕ ਨਿਹੰਗ ਸਿੰਘ ਨੂੰ ਮੇਰੀ ਖੱਡੀ ਵੱਲ ਇਸ਼ਾਰਾ ਕਰ ਕੇ ਮੇਰੇ ਬਾਰੇ ਦੱਸ ਰਿਹਾ ਸੀ। ਮੈਂ ‘ਜੀਤੇ ਨਿਹੰਗ’ ਨੂੰ ਆਪਣੇ ਵੱਲ ਆਉਂਦਿਆਂ ਦੂਰੋਂ ਹੀ ਪਛਾਣ ਲਿਆ। ਉਹ ਸਾਡੇ ਪਿਛਲੇ ਪਿੰਡ ਭਡਾਣੇ ਤੋਂ ਸਾਡੇ ਸਕਿਆਂ ਵਿਚੋਂ ਲੱਗਦੀ ਮੇਰੀ ਭੂਆ ਤੇਜੋ ਦਾ ਦੂਜੇ ਨੰਬਰ ਦਾ ਛੜਾ-ਛੜਾਂਗ ਮੁੰਡਾ ਸੀ। ਭੂਆ ਤੇਜੋ ਸੁਰ ਸਿੰਘ ਪਿੰਡ ਵਿੱਚ ਹੀ ਵਿਆਹੀ ਹੋਣ ਕਰ ਕੇ ਸਾਡਾ ਆਪਸ ਵਿੱਚ ਨੇੜਲਾ ਮਿਲਵਰਤਣ ਤੇ ਇੱਕ ਦੂਜੇ ਦੇ ਘਰ ਚੰਗਾ ਆਉਣ-ਜਾਣ ਸੀ। ਵਾਹੀ ਦੇ ਕੰਮ-ਧੰਦੇ ਵਿਚੋਂ ਮਨ ਉਚਾਟ ਹੋ ਜਾਣ ‘ਤੇ ਜੀਤੇ ਨੇ ਬਾਬੇ ਬਿਧੀ ਚੰਦੀਆਂ ਤੋਂ ਅੰਮ੍ਰਿਤ ਛਕ ਕੇ ਨਿਹੰਗੀ-ਬਾਣਾ ਸਜਾ ਲਿਆ ਸੀ। ਗੂੜ੍ਹਾ ਲੰਮਾਂ ਨੀਲੇ ਰੰਗ ਦਾ ਚੋਲਾ, ਸਿਰ ‘ਤੇ ਓਸੇ ਰੰਗ ਦੀ ਚੱਕਰ ਲਾ ਕੇ ਸਜਾਈ ਦਸਤਾਰ ਤੇ ਹੱਥ ਵਿੱਚ ਲੰਮਾਂ ਬਰਛਾ ਫੜ੍ਹੀ ਉਸਦਾ ਜਦੋਂ ਜੀ ਕਰਦਾ ਸਾਡੇ ਘਰ ਆ ਵੜਦਾ। ਸੁੱਖੇ ਨਾਲ ਰੱਜਿਆ ਹੱਸੀ ਜਾਂਦਾ ਤੇ ਏਧਰ-ਓਧਰ ਦੀਆਂ ਮਾਰਦਿਆਂ ਘੰਟਿਆਂ ਬੱਧੀ ਬੈਠਾ ਰਹਿੰਦਾ। ਨਿਹੰਗ ਬਣ ਜਾਣ ਬਾਰੇ ਮੇਰੇ ਪਿਓ ਨੂੰ ਸਪਸ਼ਟੀਕਰਨ ਦਿੱਤਾ, “ਮਾਮਾ, ਮੈਂ ਸੋਚਿਐ ਐਵੇਂ ਵਾਹੀ ਵਿੱਚ ਫਾਟਾਂ ਭੰਨਾਉਣ ਦਾ ਕੀ ਫ਼ਾਇਦਾ! ਮੇਰੇ ਕਿਹੜੇ ਛਿੰਦੂ ਹੁਰੀਂ ਰੋਂਦੇ ਨੇ ਜਿਨ੍ਹਾਂ ਲਈ ਮਰਨ-ਮਿੱਟੀ ਚੁੱਕੀ ਫਿਰਾਂ! ਮਰਜੀ ਨਾਲ ਸੌਵਾਂਗੇ, ਮਰਜੀ ਨਾਲ ਉਠਾਂਗੇ। ਨਹੀਂ ਤਾਂ ਅਗਲੇ ਆਪ ਬਿਸਤਰਿਆਂ ‘ਚ ਨਿੱਘੇ ਹੋਏ ਪਏ ਰਹਿੰਦੇ ਸੀ ਤੇ ਪਏ ਪਏ ‘ਵਾਜਾਂ ਮਾਰੀ ਜਾਣੀਆਂ, ‘ਉੱਠ ਜੀਤਿਆ! ਹਲਾਂ ਨੂੰ ਕੁਵੇਲਾ ਹੋਈ ਜਾਂਦੈ।”
ਅਸੀਂ ਵੀ ਉਸਦੀਆਂ ਝੱਲ-ਵਲੱਲੀਆਂ ਸੁਣ ਸੁਣ ਕੇ ਖ਼ੁਸ਼ ਹੁੰਦੇ। ਇੱਕ ਵਾਰ ਉਹ ਰੌੜ ਵਿੱਚ ਸਾਈਕਲ ਚਲਾਉਂਦੇ ਮੁੰਡਿਆਂ ਕੋਲੋਂ ਉਹਨਾਂ ਦਾ ਸਾਈਕਲ ਲੈ ਕੇ ਭੱਜ ਗਿਆ। ਸਾਈਕਲ ਵਾਲੇ ਜੀਤੇ ਦੇ ਘਰਦਿਆਂ ਕੋਲ ਉਸਦੀ ਸ਼ਿਕਾਇਤ ਲੈ ਕੇ ਗਏ। ਘਰਦਿਆਂ ਨੂੰ ਉਹ ਕੀ ਦੇਹ-ਦਵਾਲ ਸੀ! ਮਹੀਨੇ-ਦਸੀਂ ਦਿਨੀਂ ਤਾਂ ਕਿਤੇ ਘਰ ਵੜਦਾ ਸੀ। ਉਹ ਜੀਤੇ ਤੇ ਸਾਈਕਲ ਬਾਰੇ ਉਹਨਾਂ ਨੂੰ ਕੀ ਦੱਸਦੇ! ਸਾਈਕਲ ਵਾਲੇ ਮੇਰੇ ਪਿਓ ਕੋਲ ਵੀ ਉਸਦਾ ਉਲਾਹਮਾਂ ਲੈ ਕੇ ਆਏ। ਆਖ਼ਰ ਉਹ ਜੀਤੇ ਦਾ ਮਾਮਾ ਲੱਗਦਾ ਸੀ! ਪਰ ਮਾਮੇ ਨੂੰ ਜੀਤੇ ਦੀ ਕੀ ਖ਼ਬਰ ਸੀ! ਫਿਰ ਵੀ ਉਸਨੇ ਸਾਈਕਲ ਮੁੜਵਾ ਦੇਣ ਦਾ ਵਾਅਦਾ ਕਰਕੇ ਉਹਨਾਂ ਨੂੰ ਸਮਝਾਇਆ ਕਿ ਉਹ ਕੁੱਝ ਦਿਨ ਹੋਰ ਉਡੀਕ ਲੈਣ ਤੇ ਪੁਲਿਸ ਕੋਲ ਨਾ ਜਾਣ।
ਆਖ਼ਰ ਦਸੀਂ-ਪੰਦਰੀਂ ਦਿਨੀ ਜੀਤਾ ਆਪ ਹੀ ਸਾਈਕਲ ਲੈ ਕੇ ਅਗਲਿਆਂ ਦੇ ਘਰ ਜਾ ਵੜਿਆ। ਸਾਈਕਲ ਫੜਾ ਕੇ ਹੱਸਦਾ ਹੋਇਆ ਸਾਡੇ ਘਰ ਆ ਗਿਆ। ਮੇਰੇ ਪਿਉ ਨੇ ਪੁੱਛਿਆ, “ਉਏ ਜੀਤਿਆ! ਕੰਜਰਾ, ਮੁੰਡਿਆਂ ਦਾ ਸਾਈਕਲ ਲੈ ਕੇ ਕਿੱਥੇ ਉਡੰਤਰ ਹੋ ਗਿਆ ਸੈਂ। ਪਿੱਛੋਂ ਅਸੀਂ ਵਖ਼ਤ ਨੂੰ ਫੜ੍ਹੇ ਰਹੇ।”
“ਓ ਮਾਮਾ, ਗੱਲ ਤਾਂ ਕੋਈ ਨਹੀਂ ਸੀ। ਮੁੰਡੇ ਰੌੜ ‘ਚ ਸ਼ੈਕਲ ਚਲਾਉਣ ਡਹੇ ਸੀ। ਮੈਂ ਆਖਿਆ, “ਲਿਆਓ ਉਏ ਮੁੰਡਿਓ, ਵੇਖੀਏ ਤ੍ਹਾਡਾ ਸ਼ੈਕਲ ਭਲਾ ਹੌਲਾ ਚੱਲਦੈ ਕਿ ਭਾਰਾ। ਸ਼ੈਕਲ ਚਲਾ ਕੇ ਵੇਖਿਆ, ਵਾਹਵਾ ਹੌਲਾ ਚੱਲਦਾ ਸੀ। ਮੈਂ ਸੋਚਿਆ, ਚੱਲ ਮਨਾਂ; ਵਰਨਾਲਿਓਂ ਭੂਆ ਨੂੰ ਈ ਮਿਲ ਆਈਏ, ‘ਵਾ ਵੀ ਪਿੱਛੋਂ ਦੀ ਆ।”
ਜੀਤਾ ਚਿੱਟੇ ਚਿੱਟੇ ਦੰਦ ਕੱਢੀ ਢਿੱਡ ਹਿਲਾ ਕੇ ਹੱਸੀ ਜਾ ਰਿਹਾ ਸੀ।
ਜੀਤੇ ਨੂੰ ਖੱਡੀ ‘ਤੇ ਆਪਣੇ ਕੋਲ ਬਿਠਾ ਕੇ ਹੱਸਦਿਆਂ ਪੁੱਛਿਆ, “ਨਿਹੰਗ ਸਿਹਾਂ! ਐਤਕੀਂ ਲੱਗਦੈ ਸਾਈਕਲ ਦੇ ਮਗਰੋਂ ਵਗਣ ਵਾਲੀ ‘ਵਾ ਅੰਬਰਸਰ ਵੱਲ ਦੀ ਸੀ। ਤੂੰ ਸੋਚਿਆ, ਚੱਲ ਮਨਾਂ; ਜੇਲ੍ਹ ਵਾਲੇ ਫੁੱਫੜਾਂ ਨੂੰ ਈ ਮਿਲ ਆਈਏ!”
ਮੇਰਾ ਖ਼ਿਆਲ ਸੀ ਕਿ ਉਹ ਕਿਸੇ ‘ਇਹੋ-ਜਿਹੇ’ ਛੋਟੇ-ਮੋਟੇ ਕੇਸ ਵਿੱਚ ਹੀ ਅੰਦਰ ਆਇਆ ਹੋਵੇਗਾ। ਪਰ ਇਹ ਸੁਣ ਕੇ ਬੜਾ ਦੁੱਖ ਤੇ ਹੈਰਾਨੀ ਹੋਈ ਕਿ ਉਹ ਕਿਸੇ ‘ਕਤਲ-ਕੇਸ’ ਵਿੱਚ ਫਸ ਗਿਆ ਸੀ।
“ਕੀਹਦਾ ਕਤਲ ਹੋ ਗਿਆ ਤੈਥੋਂ?”
“ਕਤਲ ਕੀਹਦਾ ਹੋਣਾ ਸੀ। ਕਤਲ ਤਾਂ ਮੈਨੂੰ ਕੀਤਾ ਕਰਾਇਆ ਈ ਮਿਲ ਗਿਆ ਭਰਾਵਾ!”
ਉਹ ਆਮ ਵਾਂਗ ਹੱਸਿਆ ਤੇ ਦੱਸਣ ਲੱਗਾ, “ਮੈਂ ਪਿਛਲੇ ਕੁੱਝ ਮਹੀਨਿਆਂ ਤੋਂ ਪਿੰਡੋਂ ਬਾਹਰਵਾਰ ਬਾਬੇ ਬਿਧੀ ਚੰਦ ਦੀ ਸਮਾਧ ਵਾਲੇ ਗੁਰਦਵਾਰੇ ਰਾਤ ਨੂੰ ਰਹਿੰਦਾ ਸਾਂ। ਓਥੇ ਕੋਈ ਭਾਈ ਤਾਂ ਹੁੰਦਾ ਨਹੀਂ। ਸਵੇਰੇ ਉੱਠ ਕੇ ਮੈਂ ਸਾਫ਼ ਸਫ਼ਾਈ ਕਰ ਦਿੰਦਾ ਸਾਂ। ਉਹਨੀਂ ਦਿਨੀ ਕਿਤੇ ਦੋਂ-ਚਹੁੰ ਦਿਨਾਂ ਲਈ ਐਵੇਂ ਬਾਹਰ-ਅੰਦਰ ਫਿਰਨ-ਤੁਰਨ ਗਿਆ ਹੋਇਆ ਸਾਂ। ਮੈਂ ਕਿਹੜੀ ਕਿਸੇ ਕੋਲ ਹਾਜ਼ਰੀ ਲਵਾਉਣੀ ਸੀ ਪਈ ਦੱਸ ਕੇ ਜਾਂਦਾ। ਮਗਰੋਂ ਈ ਇੱਕ ਬੁੱਢਾ ਜਿਹਾ ਨਿਹੰਗ ਸਮਾਧਾਂ ਨੇੜੇ ਮਰਿਆ ਲੱਭਾ। ਪਤਾ ਨਹੀਂ ਕਿਸੇ ਮਾਰਿਆ ਸੀ ਕਿ ਆਪੇ ਮਰ ਗਿਆ ਸੀ। ਮੈਂ ਤਾਂ ਓਥੇ ਹੈ ਨਹੀਂ ਸਾਂ। ਸਾਰੇ ਆਖਣ ਸਮਾਧੀਂ ਤਾਂ ਜੀਤਾ ਹੀ ਹੁੰਦੈ। ਉਹੋ ਹੀ ਮਾਰ ਕੇ ਕਿਤੇ ਅੱਗੇ-ਪਿੱਛੇ ਹੋ ਗਿਐ ਹੁਣ। ਪੁਲਿਸ ਨੇ ਕਤਲ ਮੇਰੇ ‘ਤੇ ਪਾ ‘ਤਾ। ਮੇਰੀ ਕਿਸੇ ਇੱਕ ਨ੍ਹੀਂ ਸੁਣੀ। ਐਥੇ ਹੁਣ ਜੇਲ੍ਹ ਦੀਆਂ ਰੋਟੀਆਂ ਤੋੜਦੇ ਆਂ। ਤੇਰਾ ਆਏ ਦਾ ਪਤਾ ਲੱਗਾ ਸੀ। ਅੱਜ ਮੌਕਾ ਲੱਗਾ ਵੇਖ ਕੇ ਤੈਨੂੰ ਮਿਲਣ ਆ ਗਿਆਂ।”
ਮੈਂ ਹੋਰ ਵੀ ਖ਼ੁਰਚ ਕੇ ਪੁੱਛਿਆ। ਉਸਦੇ ਸੁਭਾਅ ਅਤੇ ਗੱਲ-ਬਾਤ ਕਰਨ ਦੇ ਅੰਦਾਜ਼ ਤੋਂ ਜਾਣੂ ਸਾਂ। ਲੱਗਾ; ਜੀਤਾ ਤਾਂ ਨਾਹੱਕ ਹੀ ਕਤਲ ਕੇਸ ਵਿੱਚ ਫਸ ਗਿਆ। ਪੁੱਛਿਆ, “ਤੈਨੂੰ ਛੁਡਾਉਣ ਲਈ ਬਾਬੇ ਬਿਧੀ ਚੰਦੀਆਂ ਨੇ ਨਹੀਂ ਕੁੱਝ ਕੀਤਾ? ਮਗਰੋਂ ਕੋਈ ਪੈਰਵੀ ਕੀਤੀ ਹੋਵੇ!”
“ਪੈਰਵੀ ਮੇਰੀ ਕੀਹਨੇ ਕਰਨੀ ਸੀ! ਭਰਾ ਆਂਹਦੇ ਹੋਣਗੇ ਚੱਲ ਫ਼ਾਹੇ ਲੱਗੂ ਤਾਂ ਹਿੱਸੇ ਆਉਂਦੇ ਦੋ ਕਿਲੇ ਸਾਂਭਣ ਵਾਲੇ ਬਣਾਂਗੇ। ਨਾਲੇ ਉਹ ਸੋਚਦੇ ਹੋਣਗੇ ਆਪੇ ਬਾਬੇ ਕੋਈ ਚਾਰਾ ਕਰਨਗੇ। ਬਾਬਿਆਂ ਨੂੰ ਊਂ ਮੇਰੇ ‘ਤੇ ਹੀ ਸ਼ੱਕ ਐ।”
ਇਹ ਜਾਣ ਕੇ ਹੋਰ ਵੀ ਦੁੱਖ ਹੋਇਆ ਕਿ ਉਸ ਲਈ ਕਿਸੇ ਨੇ ਅਜੇ ਤੱਕ ਵਕੀਲ ਦਾ ਵੀ ਕੋਈ ਬੰਦੋਬਸਤ ਨਹੀਂ ਸੀ ਕੀਤਾ। ਮੈਨੂੰ ਲੱਗਾ, ਜੀਤਾ ਵਿਚਾਰਾ ਤਾਂ ਭੰਗ ਦੇ ਭਾੜੇ ਫਾਹੇ ਲੱਗ ਜਾਣਾ ਹੈ। ਇਸਦੇ ਬਚਾਅ ਲਈ ਕੀ ਕੀਤਾ ਜਾਵੇ!
ਉਸ ਦਿਨ ਮੈਂ ਮਨ-ਚਿੱਤ ਬਿਰਤੀ ਨੂੰ ਇਕਾਗਰ ਕਰ ਕੇ ਵੱਖਰੇ ਹੋ ਕੇ ਬਾਬਾ ਬਿਧੀ ਚੰਦ ਦਲ ਦੇ ਮੁਖੀ ਬਾਬਾ ਦਇਆ ਸਿੰਘ ਦੇ ਨਾਂ ਜੀਤੇ ਵੱਲੋਂ ਇੱਕ ਲੰਮੀ ਚਿੱਠੀ ਲਿਖੀ। ਲਿਖਦਿਆਂ ਹੋਇਆਂ ਮੈਂ ਜੀਤੇ ਦੀ ਥਾਂ ਆਪਣੇ ਆਪ ਨੂੰ ਬੇਕਸੂਰ ਫਸਿਆ ਮਹਿਸੂਸ ਕਰ ਰਿਹਾ ਸਾਂ। ਆਪਣੇ ਲੇਖਕੀ-ਹੁਨਰ ਦੀ ਸਹਾਇਤਾ ਨਾਲ ਮੈਂ ਬਾਬਾ ਜੀ ਦੇ ਮਨ ਵਿੱਚ ਜੀਤੇ ਪ੍ਰਤੀ ਸੰਵੇਦਨਾ ਤੇ ਤਰਸ ਦੇ ਭਾਵ ਪੈਦਾ ਕਰਨੇ ਸਨ। ਮੌਤ ਦੇ ਜਾਲ ਵਿੱਚ ਫਸ ਗਏ ਜੀਤੇ ਦੀ ਤੜਪਦੀ-ਫੜਫੜਾਉਂਦੀ ਆਤਮਾ ਬਣ ਕੇ ਉਸਦੇ ਬਚਾਅ ਲਈ ਤਰਲਾ ਪਾਉਣਾ ਸੀ। ਅੱਜ ਮੇਰੀ ਲਿਖਣ-ਕਲਾ ਦਾ ਬੜਾ ਵੱਡਾ ਇਮਤਿਹਾਨ ਹੋਣ ਵਾਲਾ ਸੀ।
ਚਿੱਠੀ ਦੇ ਪੂਰੇ ਵੇਰਵੇ ਤਾਂ ਮੈਨੂੰ ਏਨੇ ਸਾਲਾਂ ਬਾਅਦ ਕਿੱਥੇ ਯਾਦ ਰਹਿਣੇ ਸਨ ਪਰ ਮੈਨੂੰ ਏਨਾ ਚੇਤਾ ਜ਼ਰੂਰ ਹੈ ਕਿ ਉਸ ਵਿੱਚ ਮੈਂ ‘ਬਾਬਾ ਜੀ ਨੂੰ ਸੱਚੇ ਗੁਰਸਿੱਖ ਤੇ ਬ੍ਰਹਮ-ਗਿਆਨੀ ਵਜੋਂ ਵਡਿਆਇਆ ਜਿਨ੍ਹਾਂ ਨੇ ਇਸ ‘ਕਲਯੁਗ’ ਵਿੱਚ ਦੀਨ-ਦੁਖੀਆਂ ਦੀ ਸਹਾਇਤਾ ਲਈ ਆਪਣਾ ਆਪਾ ਸਮਰਪਿਤ ਕੀਤਾ ਹੋਇਆ ਹੈ!’
‘ਤੁਸੀਂ ਲੋਕਾਂ ਦੇ ਮਨ ਦੀਆਂ ਬੁੱਝਣ ਵਾਲੇ ਤੇ ਅਣਬੋਲਿਆਂ ਉਹਨਾਂ ਦੀ ਬਿਰਥਾ ਜਾਨਣ ਵਾਲੇ ਹੋ। ਸਭ ਦੇ ਦੁੱਖ ਹਰਦੇ ਹੋ। ਤੁਸੀਂ ਦਰ ‘ਤੇ ਆਇਆਂ ਦੀਆਂ ਫ਼ਰਿਆਦਾਂ ਸੁਣਦੇ ਤੇ ਪ੍ਰਵਾਨ ਕਰਦੇ ਹੋ। ਮੇਰੀ ਫ਼ਰਿਆਦ ਤੇ ਮੇਰੀ ਕੁਰਲਾਹਟ ਭਲਾ ਤੁਹਾਨੂੰ ਕਿਵੇਂ ਨਾ ਸੁਣੀ ਹੋਵੇਗੀ! ਜ਼ਰੂਰ ਮੇਰੇ ਮਨ ਦੀ ਹਾਲਤ ਵੀ ਜਾਣਦੇ ਹੋਵੋਗੇ ਤੇ ਮੇਰੇ ਬੇਕਸੂਰ ਹੋਣ ਦਾ ਵੀ ਤੁਹਾਨੂੰ ਪਤਾ ਹੋਵੇਗਾ। ਮੈਂ ਆਪਣੇ ਮਾਂ-ਬਾਪ ਛੱਡ ਕੇ ਤੇ ਅੰਮ੍ਰਿਤ ਛਕ ਕੇ ਤੁਹਾਡਾ ਸੇਵਕ ਬਣਿਆਂ ਸਾਂ। ਸੇਵਕ ਵੀ ਬਣਿਆਂ ਸਾਂ ਤੇ ਤੁਹਾਡਾ ਆਪਣਾ ਪੁੱਤਰ ਵੀ। ਮੇਰੇ ਵਾਸਤੇ ਤਾਂ ਤੁਸੀਂ ਹੀ ਮਾਂ-ਬਾਪ ਹੋ, ਤੁਸੀਂ ਹੀ ਗੁਰੂ ਹੋ, ਤੁਸੀਂ ਹੀ ਰੱਬ ਹੋ! ਤੁਹਾਡੇ ਦਲ ਦੇ ਸਾਰੇ ਸਿੰਘ ਤੁਹਾਡੇ ਹੀ ਪੁੱਤਰ ਹਨ। ਆਪਣੇ ਪੁੱਤ ਦੇ ਨਿਰਦੋਸ਼ ਫਸੇ ਹੋਣ ‘ਤੇ ਕਿਹੜਾ ਮਾਂ-ਬਾਪ ਉਸਦੀ ਸਹਾਇਤਾ ਲਈ ਨਹੀਂ ਆਵੇਗਾ! ਆਪਣੇ ਸਿੱਖ ਦੀ ਫਰਿਆਦ ਭਲਾ ਮੇਰਾ ਗੁਰੂ ਕਿਵੇਂ ਨਹੀਂ ਸੁਣੇਂਗਾ! ਤੁਹਾਡੇ ਰੂਪ ਵਿੱਚ ਮੇਰੇ ਸਿਰ ‘ਤੇ ਬੈਠਾ ਮੇਰਾ ਰੱਬ ਮੇਰੇ ਸਿਰ ‘ਤੇ ਮਿਹਰ ਭਰਿਆ ਹੱਥ ਭਲਾ ਕਿਵੇਂ ਨਹੀਂ ਰੱਖੇਗਾ! ਮੈਂ ਤਾਂ ਹਾਂ ਵੀ ਤੁਹਾਡੇ ਆਪਣੇ ਹੀ ‘ਛੀਨਾ’ ਖ਼ਾਨਦਾਨ ਦਾ ਹਿੱਸਾ। ਬਾਬਾ ਬਿਧੀ ਚੰਦ ਜੀ ਨੂੰ ਛਾਤੀ ਨਾਲ ਲਾ ਕੇ ਗੁਰੂ ਸਾਹਿਬ ਨੇ ਕਿਹਾ ਸੀ, ‘ਬਿਧੀ ਚੰਦ ਛੀਨਾ, ਗੁਰੂ ਕਾ ਸੀਨਾ।’ ਹੁਣ ਮੈਂ ਤੁਹਾਡੇ ਸੀਨੇ ਨਾਲ ਲੱਗਿਆ ਹੋਇਆ ਹਾਂ। ਤੁਸੀਂ ਮੈਨੂੰ ਕਿਵੇਂ ਆਪਣੇ ਸੀਨੇ ਨਾਲੋਂ ਲਾਹ ਕੇ ਦੂਰ ਸੁੱਟ ਸਕਦੇ ਹੋ! ਤੁਸੀਂ ਉਸ ਗੁਰੂ ਨੂੰ ਮੰਨਣ ਵਾਲੇ ਹੋ ਜਿਸਨੇ ਬਵੰਜਾ ਰਾਜਿਆਂ ਦੀ ਬੰਦ-ਖ਼ਲਾਸੀ ਕਰਵਾਈ ਸੀ। ਕੀ ਤੁਸੀਂ ਮੇਰੇ ਬੰਦੀ-ਛੋੜ ਬਣ ਕੇ ਮੇਰੀ ਬੰਦ-ਖ਼ਲਾਸੀ ਨਹੀਂ ਕਰਵਾਓਗੇ?’
ਕੁਝ ਇਸਤਰ੍ਹਾਂ ਦੇ ਰਲਦੇ-ਮਿਲਦੇ ਭਾਵਾਂ ਵਾਲੀ ਚਿੱਠੀ ਜੀਤੇ ਵੱਲੋਂ ਲਿਖ ਕੇ ਮੈਂ ਉਸਦੇ ਨਿਰਦੋਸ਼ ਹੋਣ ਦਾ ਵਾਸਤਾ ਪਾਇਆ। ਸ਼ਬਦਾਂ ਵਿੱਚ ਆਪਣਾ ਅੰਦਰ ਘੋਲ ਦਿੱਤਾ। ਇਸ ਘੁਲੇ ਹੋਏ ਦਿਲ ਨੇ ਬਾਬਾ ਜੀ ਦਾ ਦਿਲ ਪਿਘਲਾਉਣਾ ਸੀ! ਮੇਰੇ ਸ਼ਬਦਾਂ ਦੀ ਤਾਕਤ ਦਾ ਸੇਕ ਰੰਗ ਲਿਆਇਆ। ਅਗਲੀ ਪੇਸ਼ੀ ‘ਤੇ ਬਾਬਾ ਜੀ ਆਪਣੇ ਸਿੰਘਾਂ ਦੀ ਭੀੜ ਨਾਲ ਵਕੀਲ ਸਮੇਤ ਕਚਹਿਰੀ ਵਿੱਚ ਹਾਜ਼ਰ ਸਨ। ਪਿੱਛੋਂ ਪਤਾ ਲੱਗਾ; ਜੀਤੇ ਦੀ ਚਿੱਠੀ ਕਿਸੇ ਸਿੰਘ ਕੋਲੋਂ ਸੁਣ ਕੇ ਬਾਬਾ ਜੀ ਮੁਸਕਰਾਏ ਸਨ ਤੇ ਫਿਰ ਹੱਸ ਕੇ ਆਖਿਆ ਸੀ, “ਕਰੀਏ ਭਾਈ ਕੁੱਝ ਆਪਣੇ ਜੀਤ ਸੁੰਹ ਦਾ ਹੁਣ ਤਾਂ। ਕਰਨਾ ਹੀ ਪੈਣੈਂ!”
ਜੀਤਾ ਅਗਲੀ-ਅਗਲੇਰੀ ਪੇਸ਼ੀ ‘ਤੇ ਹੀ ਛੁੱਟ ਗਿਆ। ਮੇਰੇ ਸ਼ਬਦਾਂ ਨੇ ਨਿਰਦੋਸ਼ ਬੰਦੇ ਨੁੰ ਫਾਂਸੀ ਦੇ ਤਖ਼ਤੇ ਤੋਂ ਹੇਠਾਂ ਡਿਗਦਿਆਂ ਆਪਣੇ ਹੱਥਾਂ ਵਿੱਚ ਬੋਚ ਲਿਆ ਸੀ।
ਲਿਖਣ ਦਾ ਹੁਨਰ ਨਾਵਲ, ਕਵਿਤਾ, ਕਹਾਣੀ ਆਦਿ ਰਾਹੀਂ ਹੀ ਕਿਸੇ ਦਾ ਜੀਵਨ ਨਹੀਂ ਬਦਲਦਾ ਸਗੋਂ ‘ਚਿੱਠੀ’ ਰਾਹੀਂ ਵੀ ਬਦਲ ਸਕਦਾ ਹੈ। ਜੀਵਨ ਨੂੰ ‘ਬਦਲ’ ਹੀ ਕਿਉਂ, ਜੀਵਨ ਨੂੰ ‘ਬਚਾ’ ਵੀ ਸਕਦਾ ਹੈ!

ਰਾਇਲ-ਐਨ-ਫ਼ੀਲਡ ਮੋਟਰ ਸਾਈਕਲ ‘ਗੜ! ਗੜ’ ਕਰਦਾ, ਧੂੜ ਉਡਾਉਂਦਾ ਹੋਇਆ ਸਕੂਲ ਦੇ ਅਹਾਤੇ ਵਿੱਚ ਦਾਖ਼ਲ ਹੋਇਆ। ਅਧਿਆਪਕਾਂ ਵਿਦਿਆਰਥੀਆਂ ਦੀਆਂ ਨਜ਼ਰਾਂ ਓਧਰ ਮੁੜੀਆਂ। ਆਉਣ ਵਾਲੇ ਨੇ ਮੋਟਰ ਸਾਈਕਲ ਨੂੰ ਸਟੈਂਡ ‘ਤੇ ਖੜਾ ਕੀਤਾ, ਮੂੰਹ ਤੋਂ ਬੱਧਾ ਰੁਮਾਲ ਲਾਹਿਆ ਤੇ ਕੱਪੜਿਆਂ ਤੋਂ ਘੱਟਾ ਝਾੜਦਾ ਮੇਰੇ ਵੱਲ ਵਧਿਆ। ਮੇਰਾ ਬੀ ਐੱਡ ਦਾ ਜਮਾਤੀ ਅਜੀਤ ਸੀ। ਗੋਰਾ-ਨਿਛੋਹ ਰੰਗ; ਕੱਟ-ਕੱਟ ਧਰੇ ਨੈਣ-ਨਕਸ਼; ਸੁਡੌਲ ਜਿਸਮ। ਫੱਬ ਫੱਬ ਪੈਂਦੇ ਕੱਪੜਿਆਂ ਵਿੱਚ ਸਿਰ ‘ਤੇ ਗੋਰੇ ਰੰਗ ਨੂੰ ਹੋਰ ਗੂੜ੍ਹਾ ਕਰਦੀ ਗਾਜਰ-ਰੰਗੀ ਪਟਿਆਲਾ-ਸ਼ਾਹੀ ਪੱਗ। ਚਿਹਰਾ ਜਿੰਨਾ ਮੁਲਾਇਮ ਤੇ ਕੂਲਾ ਆਵਾਜ਼ ਓਨੀ ਹੀ ਖੁਰਦਰੀ ਤੇ ਜਟਕੀ! ਖਾਣ-ਪੀਣ ਦੇ ਸ਼ੌਕੀਨ ਅਜੀਤ ਨੂੰ ਬੀ ਐੱਡ ਕਰਨ ਤੋਂ ਬਾਅਦ ਮਾਸਟਰਾਂ ਦਾ ‘ਮੁਰਲੀ ਮਹਿਕਮਾਂ’ ਆਪਣੇ ਸੁਭਾਅ ਅਤੇ ਸ਼ਖ਼ਸੀਅਤ ਦੇ ਮੇਚੇ ਦਾ ਨਾ ਲੱਗਾ। ਉਹ ਕੋਆਪ੍ਰੇਟਿਵ ਸੋਸਾਇਟੀਆਂ ਵਿੱਚ ਇੰਸਪੈਕਟਰ ਲੱਗ ਗਿਆ। ਇਸ ਮਹਿਕਮੇ ਵਿੱਚ ਰੋਜ਼ ਬੋਤਲ-ਮੁਰਗਾ ਚੱਲਣ ਦੀਆਂ ਬੜੀਆਂ ਸੰਭਾਵਨਾਵਾਂ ਸਨ। ਪਿਛਲੇ ਕੁੱਝ ਮਹੀਨਿਆਂ ਤੋਂ ਉਸਦੀ ਬਦਲੀ ਮੇਰੇ ਹੀ ਬਲਾਕ ਵਿੱਚ ਹੋ ਗਈ ਸੀ। ਜੱਟਾਂ ਤੋਂ ਸੋਸਾਇਟੀ ਦਾ ਬਕਾਇਆ ਉਗਰਾਹੁਣ ਆਇਆ ਉਹ ਕਈ ਵਾਰ ਮੈਨੂੰ ਵੀ ਮਿਲਣ ਆ ਜਾਂਦਾ। ਹਰ ਸਮੇਂ ਉਸ ਨਾਲ ਮਹਿਕਮੇ ਦੇ ਦੋ-ਚਾਰ ਜਣੇ ਨਾਲ ਹੁੰਦੇ। ਹੁੰਦਾ ਵੀ ਜੀਪ ‘ਤੇ। ਅੱਜ ਹੈ ਵੀ ਇਕੱਲਾ ਤੇ ਆਇਆ ਵੀ ਮੋਟਰ ਸਾਈਕਲ ‘ਤੇ ਸੀ।
ਉਸਦੀ ਆਮਦ ਦਾ ਰਹੱਸ ਉਦੋਂ ਹੀ ਖੁੱਲ੍ਹਾ ਜਦੋਂ ਚਾਹ-ਪਾਣੀ ਪੀਣ ਤੋਂ ਬਾਅਦ ਉਹ ਮੈਨੂੰ ਉਠਾ ਕੇ ਇੱਕ ਨੁੱਕਰ ਵਿੱਚ ਲੈ ਗਿਆ।
“ਭਾ ਜੀ, ਤੁਹਾਡੇ ਗੋਚਰਾ ਬਹੁਤ ਹੀ ਜ਼ਰੂਰੀ ਕੰਮ ਆਣ ਪਿਐ। ਹੱਥ ਜੋੜਨ ਵਾਲੀ ਗੱਲ ਹੈ; ਨਾਂਹ ਨਾ ਕਰਿਓ। ਤੁਹਾਡੇ ਬਿਨਾਂ ਹੋਰ ਕੋਈ ਇਹ ਕੰਮ ਕਰ ਵੀ ਨਹੀਂ ਸਕਦਾ। ਏਸੇ ਲਈ ਮੋਟਰ ਸਾਈਕਲ ਲੈ ਕੇ ਤੁਹਾਡੇ ਵੱਲ ਭੱਜਾ ਆਇਆਂ।”
ਹੈਰਾਨ ਸਾਂ ਕਿ ਮੇਰੇ ਗੋਚਰਾ ਉਸਨੂੰ ਕਿਹੜਾ ਕੰਮ ਹੋ ਸਕਦਾ ਹੈ! ਕੰਮ ਤਾਂ ਅੱਜ-ਕੱਲ੍ਹ ਸਗੋਂ ਉਹ ਮੇਰੇ ਆ ਰਿਹਾ ਸੀ। ਅਜੇ ਪਰਸੋਂ ਹੀ ਖੇਤਾਂ ਵਿਚਲਾ ਮੇਰਾ ਗੁਆਂਢੀ ਸਾਧਾ ਸਿੰਘ ਅਕਾਲੀ ਮੇਰੇ ਕੋਲ ਆਇਆ ਸੀ ਤੇ ਨਾਲ ਜਾ ਕੇ ਅਜੀਤ ਕੋਲ ਸਿਫ਼ਾਰਸ਼ ਕਰਨ ਲਈ ਕਿਹਾ ਸੀ। ਸੋਸਾਇਟੀ ਤੋਂ ਲਏ ਕਰਜ਼ੇ ਦੀਆਂ ਕਈ ਕਿਸ਼ਤਾਂ ਉਹਦੇ ਸਿਰ ਖਲੋਤੀਆਂ ਸਨ। ਸੋਸਾਇਟੀ ਵਾਲਿਆਂ ਦੀ ਜੀਪ ਵੇਖ ਕੇ ਉਸ ਦਿਨ ਤਾਂ ਉਹ ਆਸੇ ਪਾਸੇ ਹੋ ਗਿਆ ਪਰ ਆਉਂਦਾ ਹੋਇਆ ਅਜੀਤ ਸੁਨੇਹਾ ਛੱਡ ਆਇਆ ਸੀ, “ਜੇ ਹਫ਼ਤੇ ਦੇ ਵਿੱਚ ਵਿੱਚ ਬਕਾਇਆ ਜਮ੍ਹਾਂ ਨਾ ਕਰਾਇਆ ਤਾਂ ਪੁਲਿਸ ਲਿਆ ਕੇ ਤੇ ਮੁਸ਼ਕਾਂ ਬੰਨ੍ਹ ਕੇ ਲੈ ਕੇ ਜਾਊਂ।”
ਮੈਨੂੰ ਕੋਈ ਹੋਰ ਕੰਮ ਸੀ। ਮੈਂ ਓਸੇ ਵੇਲੇ ਸਾਧਾ ਸਿੰਘ ਨਾਲ ਜਾ ਨਹੀਂ ਸਾਂ ਸਕਦਾ। ਇੱਕ ਚਿੱਟ ‘ਤੇ ਸਿਰਫ਼ ਆਪਣਾ ਨਾਂ ਲਿਖ ਦਿੱਤਾ ਤੇ ਉਸਨੂੰ ਕਿਹਾ ਕਿ ਉਹ ਬੇਝਿਜਕ ਜਾ ਕੇ ਅਜੀਤ ਨੂੰ ਮਿਲ ਲਵੇ ਤੇ ਮੇਰੇ ਨਾਂ ਵਾਲੀ ਚਿੱਟ ਉਸਨੂੰ ਫੜਾ ਕੇ ਆਖੇ ਕਿ ‘ਵਰਿਆਮ ਸਿੰਘ ਸੰਧੂ ਮੇਰਾ ਛੋਟਾ ਭਰਾ ਹੈ!”
ਸਾਧਾ ਸਿੰਘ ਨੇ ਇਸਤਰ੍ਹਾਂ ਹੀ ਕੀਤਾ। ਅਜੀਤ ਉਸਨੂੰ ਜੱਫੀ ਵਿੱਚ ਲੈ ਕੇ ਕਹਿੰਦਾ, “ਜਥੇਦਾਰ ਜੀ! ਜਿਹੋ ਜਿਹੇ ਤੁਸੀਂ ਸੰਧੂ ਸਾਹਿਬ ਦੇ ਵੱਡੇ ਭਰਾ ਉਹੋ ਜਿਹੇ ਮੇਰੇ। ਬਕਾਏ ਸ਼ਕਾਏ ਦੀ ਗੱਲ ਛੱਡੋ, ਜਦੋਂ ਹੋਏ ਦੇ ਛੱਡਿਓ। ਹੁਣ ਚਾਹ-ਪਾਣੀ ਦੀ ਸੇਵਾ ਦੱਸੋ।” ਤੇ ਉਸਨੇ ਸਾਧਾ ਸਿੰਘ ਦੇ ਰੋਕਦਿਆਂ ਰੋਕਦਿਆਂ ਵੀ ਚਾਹ-ਬਰਫ਼ੀ ਦਾ ਆਰਡਰ ਦੇ ਦਿੱਤਾ।
ਅੱਜ ਅਜੀਤ ਦਾ ਤਰਲਾ ਸੁਣ ਕੇ ਮੈਂ ਮਨ ਹੀ ਮਨ ‘ਅਰਦਾਸ’ ਕਰਨ ਵਰਗਾ ਕੁੱਝ ਸੋਚਿਆ ਕਿ ਕਾਸ਼! ਮੈਂ ਉਸਦਾ ਕੰਮ ਕਰਨ ਦੇ ਸਮਰੱਥ ਹੋਵਾਂ!
ਉਸ ਕੋਲੋਂ ਕੰਮ ਦਾ ਵੇਰਵਾ ਸੁਣ ਕੇ ਮੈਂ ਖਿੜਖਿੜਾ ਕੇ ਹੱਸਣ ਲੱਗਾ। ਉਹ ਵੀ ਮਾਸੂਮ ਜਿਹਾ ਮੂੰਹ ਬਣਾ ਕੇ ਮੇਰੇ ਹਾਸੇ ਵਿੱਚ ਸ਼ਾਮਲ ਹੋ ਗਿਆ।
ਉਹ ਹਰ ਰੋਜ਼ ਸਵੇਰੇ ਬੱਸ ਵਿੱਚ ਸਵਾਰ ਹੋ ਕੇ ਭਿੱਖੀਵਿੰਡ ਆਪਣੇ ਦਫ਼ਤਰ ਜਾਂਦਾ ਸੀ। ਸਵੇਰ ਵੇਲੇ ਸ਼ਹਿਰ ਤੋਂ ਪਿੰਡਾਂ ਵਿੱਚ ਪੜ੍ਹਾਉਣ ਜਾਣ ਵਾਲੇ ਅਧਿਆਪਕ-ਅਧਿਆਪਕਾਵਾਂ ਵੱਡੀ ਗਿਣਤੀ ਵਿੱਚ ਉਸ ਬੱਸ ਵਿੱਚ ਸਵਾਰ ਹੁੰਦੇ। ਪਿਛਲੇ ਕੁੱਝ ਦਿਨਾਂ ਤੋਂ ਇੱਕ ਸੋਹਣੀ-ਸੁਨੱਖੀ ਅਧਿਆਪਕਾ ਹੋਰਨਾਂ ਤੋਂ ਅੱਖਾਂ ਚੁਰਾ ਕੇ ਅਜੀਤ ਵੱਲ ਵੇਖਦੀ ਰਹਿੰਦੀ ਸੀ। ਉਹਦੇ ਚਿਹਰੇ ਤੋਂ ਅਜੀਤ ਨੂੰ ਲੱਗਦਾ ਤਾਂ ਸੀ ਕਿ ਉਹ ਥੋੜ੍ਹੇ ਕੁ ‘ਯਤਨ’ ਨਾਲ ਉਸਦੇ ਨੇੜੇ ਹੋ ਸਕਦੀ ਹੈ। ਪਰ ਉਸਦੇ ਮਨ ਨੂੰ ਯਕੀਨ ਜਿਹਾ ਨਹੀਂ ਸੀ ਆਉਂਦਾ। ਨੇ ਜਾਣੀਏਂ! ਐਵੇਂ ਉਸਨੂੰ ਬੁਲਾ ਬੈਠੇ ਤੇ ਅਗਲੀ ਝੰਡ ਕਰ ਕੇ ਹੱਥ ਵਿੱਚ ਫੜਾ ਦੇਵੇ! ਪਰ ਅੱਜ ਤਾਂ ਉਹ ਦੋ-ਤਿੰਨ ਵਾਰ ਉਸ ਵੱਲ ਵੇਖ ਕੇ ਮੁਸਕਰਾਈ ਤੇ ਸ਼ਰਮਾਈ ਸੀ।
ਅਜੀਤ ਚਾਹੁੰਦਾ ਸੀ ਕਿ ਮੈਂ ਉਸਨੂੰ ਅਜਿਹੀ ਚਿੱਠੀ ਲਿਖ ਕੇ ਦਿਆਂ ਜਿਸ ਨਾਲ ਉਹ ਕੁੜੀ ਉਸ ਵੱਲ ਖਿੱਚੀ ਚਲੀ ਆਵੇ। ਉਹ ਤਾਂ ਦਿਨੇ ਰਾਤ ਉਸਦੇ ਸੁਪਨਿਆਂ ਵਿੱਚ ਆਉਣ ਲੱਗੀ ਸੀ! ਜੇ ਉਹ ਉਸਨੂੰ ਸਵੀਕਾਰ ਨਹੀਂ ਕਰਦੀ ਤਾਂ ਉਸਦਾ ਤਾਂ ਬੁਰਾ ਹਾਲ ਹੋ ਜਾਵੇਗਾ! ਹੁਣ ਤਾਂ ਉਸ ਅਨੁਸਾਰ ‘ਸਾਰੀ ਡੋਰ ਮੇਰੇ ਹੱਥ ਸੀ।’
ਹੱਸਦਿਆਂ ਹੋਇਆਂ ਉਸਨੂੰ ਸਮਝਾਇਆ ਕਿ ਮੈਂ ਅਜਿਹੀਆਂ ਚਿੱਠੀਆਂ ਲਿਖਣ ਦਾ ਵਿਸ਼ੇਸ਼ੱਗ ਨਹੀਂ ਹਾਂ। ਜੇ ਮੈਂ ਲੇਖਕ ਵੀ ਸਾਂ ਤਾਂ ‘ਪ੍ਰੇਮ ਕਹਾਣੀਆਂ’ ਲਿਖਣ ਵਾਲਾ ਲੇਖਕ ਨਹੀਂ ਸਾਂ। ਸਗੋਂ ਸਾਧਾ ਸਿੰਘ ਅਕਾਲੀ ਜਿਹੇ ਗ਼ਰੀਬ ਜੱਟ-ਕਿਰਸਾਣਾਂ ਦਾ ਲੇਖਕ ਸਾਂ! ਉਸ ਜਿਹੇ ਸੋਹਣੇ ਮੁੰਡੇ ਵੱਲ ਵੇਖ ਕੇ ਜੇ ਉਹ ਅੱਜ ਮੁਸਕਰਾ ਪਈ ਹੈ ਤਾਂ ਕੱਲ੍ਹ-ਪਰਸੋਂ ਆਪੇ ਬੋਲ ਵੀ ਪਵੇਗੀ। ਉਸਨੂੰ ਬਹੁਤਾ ਚਿਰ ਇੰਤਜ਼ਾਰ ਨਹੀਂ ਕਰਨਾ ਪੈਣਾ। ਮੇਰੇ ਮਨ ਵਿੱਚ ਆਇਆ ਵੀ ਕਿ ਉਸਨੂੰ ਆਖਾਂ “ਯਾਰ! ਜੈਨੂਅਨ ਲੇਖਕ ਦਾ ਕੋਈ ਪੱਧਰ ਹੁੰਦਾ ਹੈ! ਮੈਨੂੰ ਤੂੰ ਇਸ਼ਕੀਆ ਚਿੱਠੀਆਂ ਲਿਖਣ ਵਾਲਾ ਚਾਲੂ ਕਿਸਮ ਦਾ ਲੇਖਕ ਸਮਝ ਰੱਖਿਐ!”
ਪਰ ਅਜੀਤ ਦੀ ਮਿੱਠੀ ਜ਼ਿਦ ਦਾ ਕੀ ਕਰਦਾ!
ਮੈਂ ਉਸਤਰ੍ਹਾਂ ਹੀ ਹਾਰ ਗਿਆ ਜਿਵੇਂ ਲਿਖਣ-ਕਾਲ ਦੇ ਚੜ੍ਹਦੇ ਦਿਨਾਂ ਵਿੱਚ ਇੱਕ ਅਧਿਆਪਕ ਸਾਥੀ ਅੱਗੇ ਹਾਰ ਗਿਆ ਸਾਂ। ਉਸਨੇ ਆਪਣੇ ਵਿਆਹ ‘ਤੇ ਆਉਣ ਦਾ ਮਾਣ ਭਰਿਆ ਸੱਦਾ ਦੇ ਕੇ ਮੇਰੇ ਕੋਲੋਂ ਵਿਆਹ ਤੇ ਆਉਣ ਦੀ ‘ਹਾਂ’ ਕਰਵਾ ਲਈ ਤੇ ਬਾਅਦ ਵਿੱਚ ਇਹ ਸਵਾਲ ਵੀ ਪਾ ਦਿੱਤਾ ਕਿ ਉਸਦੇ ਵਿਆਹ ਦਾ ਸਿਹਰਾ ਵੀ ਮੈਂ ਹੀ ਲਿਖਣਾ ਹੈ ਤੇ ਪੜ੍ਹਨਾ ਵੀ ਮੈਂ ਹੀ ਹੈ। ਬੜੀ ਨਾਂਹ-ਨੁੱਕਰ ਕੀਤੀ। ਪਰ ਉਹ ਆਖੀ ਜਾਵੇ, “ਮੈਨੂੰ ਪਤੈ ਕਿ ਤੇਰੇ ਨਾਲੋਂ ਵਧੀਆ ਸਿਹਰਾ ਕਿਸੇ ਹੋਰ ਕੋਲੋਂ ਲਿਖਿਆ ਹੀ ਨਹੀਂ ਜਾਣਾ। ਏਡਾ ਵੱਡਾ ਲੇਖਕ ਹੋ ਕੇ ਤੂੰ ਇੱਕ ਸਫ਼ੇ ਦਾ ਸਿਹਰਾ ਨਹੀਂ ਲਿਖ ਸਕਦਾ! ਲਓ ਕਰ ਲੌ ਗੱਲ!” ਉਹ ਮੇਰੇ ਤਰਲੇ ਲੈਂਦਿਆਂ ਆਪਣਾ ‘ਹੁਕਮ’ ਛੱਡ ਕੇ ਤੁਰ ਗਿਆ। ਮੈਂ ਬੜਾ ਪਰੇਸ਼ਾਨ ਕਿ ਕੀ ਸਮਝਦੇ ਨੇ ਇਹ ਲੋਕ ਲੇਖਕ ਨੂੰ? ਸ਼ਾਇਦ ਇਹਨਾਂ ਲਈ ਲੇਖਕ ਵੀ ਤਰਖਾਣ ਜਾਂ ਘੁਮਿਆਰ ਵਾਂਗ ਹੀ ਹੁੰਦਾ ਹੈ। ਉਸ ਕੋਲੋਂ ਚਾਹੇ ਗੁੱਲੀ ਘੜਵਾ ਲੌ, ਚਾਹੇ ਚਰਖ਼ਾ ਬਣਵਾ ਲੌ ਜਾਂ ਘੜਾ ਬਣਵਾ ਲਵੋ ਤੇ ਭਾਵੇਂ ਚਾਟੀ। ਹੁਣ ਵੀ ਮੈਨੂੰ ਉਹਨਾਂ ਲੋਕਾਂ ‘ਤੇ ਬੜੀ ਖਿਝ ਆਉਂਦੀ ਹੈ ਜਿਹੜੇ ‘ਟੁੱਚਲ’ ਜਿਹੀ ਕੋਈ ਗੱਲ ਸੁਣਾ ਕੇ ਆਖਣਗੇ, “ਇਸ ‘ਤੇ ਕਹਾਣੀ ਲਿਖ ਦਿਓ!” ਕਹਾਣੀ ਲਿਖਣਾ ਨਾ ਹੋਇਆ ਜਿਵੇਂ ‘ਖੱਚ’ ਮਾਰਨਾ ਹੋ ਗਿਆ! ਪਰ ਮੈਨੂੰ ਉਸ ਮਿੱਤਰ ਦਾ ਸਿਹਰਾ ਲਿਖਣਾ ਵੀ ਪਿਆ ਸੀ ਤੇ ਪੜ੍ਹਨਾ ਵੀ। ਉਸਤੋਂ ਬਾਅਦ ਜਦੋਂ ਵੀ ਕਿਸੇ ਅਧਿਆਪਕ ਦਾ ਵਿਆਹ ਹੁੰਦਾ ਤਾਂ ਮੇਰਾ ਪਹਿਲਾ ਸਵਾਲ ਹੁੰਦਾ ਕਿ ਕੀ ਮੈਨੂੰ ਵਿਆਹ ‘ਤੇ ਆਉਣ ਦਾ ਸੱਚਮੁੱਚ ਦਾ ਸੱਦਾ ਦਿੱਤਾ ਜਾ ਰਿਹੈ ਜਾਂ ਸਿਹਰਾ ਲਿਖਵਾਉਣ ਵਾਸਤੇ ਬੁਲਾ ਰਹੇ ਹੋ? ਮੇਰੇ ਨਾਲ ਪਹਿਲੀ ਹੋਈ ਬੀਤੀ ਨੂੰ ਧਿਆਨ ਵਿੱਚ ਰੱਖਦਿਆਂ ਫੇਰ ਕਿਸੇ ਨੇ ਮੈਨੂੰ ਸਿਹਰਾ ਲਿਖਣ ਲਈ ਨਾ ਕਿਹਾ।
ਮੈਂ ਅਜੀਤ ਦੇ ਬਿਆਨ ਕੀਤੇ ਬੱਸ ਵਾਲੇ ਕਿੱਸੇ ਨੂੰ ਆਧਾਰ ਬਣਾ ਕੇ, ਉਸਦੀ ਥਾਂ ਆਪਣੇ ਆਪ ਨੂੰ ਬਿਠਾ ਕੇ ਇੱਕ ਛੋਟੀ ਜਿਹੀ ਚਿੱਠੀ ਉਸਨੂੰ ਲਿਖ ਦਿੱਤੀ। ਉਹ ਵਾਰ ਵਾਰ ਮੇਰਾ ਧੰਨਵਾਦ ਕਰਦਾ ਹੋਇਆ ਚਾਅ ਨਾਲ ਭਰਿਆ ਚਲਾ ਗਿਆ।
ਦੋ ਕੁ ਦਿਨ ਬਾਅਦ ਮੋਟਰ ਸਾਈਕਲ ਫੇਰ ਗੂੰਜਦਾ ਆਵੇ। ਅਜੀਤ ਤੋਂ ਚਾਅ ਸਾਂਭਿਆ ਨਹੀਂ ਸੀ ਜਾ ਰਿਹਾ।
“ਭਾ ਜੀ ‘ਤੁਹਾਡੀ’ ਚਿੱਠੀ ਦਾ ਜਵਾਬ ਆ ਗਿਐ। ਆਹ ਫੜੋ ਤੇ ਇਹਦਾ ਜਵਾਬ ਵੀ ਲਿਖ ਕੇ ਦਿਓ।”
ਉਸਨੇ ਕਾਗ਼ਜ਼ ਮੇਰੇ ਹੱਥ ਫੜਾਇਆ। ਕਾਗਜ਼ ਖੋਲ੍ਹਦਿਆਂ ਮੈਂ ਹੱਸ ਕੇ ਕਿਹਾ, “ਚਿੱਠੀ ‘ਮੇਰੀ’ ਦਾ ਨਹੀਂ ‘ਤੇਰੀ’ ਦਾ ਜਵਾਬ ਆਇਐ।”
ਕੁੜੀ ਅਜੀਤ ਦੇ ਚੰਗੇ ਲੱਗਣ ਦੀ ਗੱਲ ਤਾਂ ਮੰਨਦੀ ਸੀ ਪਰ ਗੱਲ ਨੂੰ ਅੱਗੇ ਤੋਰਨ ਤੋਂ ਡਰਦੀ ਸੀ।
ਮੈਂ ਕੁੜੀ ਤੇ ਮੁੰਡੇ ਦੋਵਾਂ ਦੀ ਥਾਂ ਬੈਠ ਕੇ ਉਹਨਾਂ ਦੇ ਮਨ ਦੀ ਹਾਲਤ ਸਮਝੀ। ਦੋਵਾਂ ਨੂੰ ਹੋਰ ਨੇੜੇ ਕਰਨ ਵਾਲੀਆਂ ਭਾਸ਼ਾਈ-ਜੁਗਤਾਂ ਦੀ ਵਰਤੋਂ ਕਰਦਿਆਂ ਮੁਹੱਬਤ ਦੇ ਰਸਤੇ ਵਿੱਚ ਭੈਅ ਦੇ ਝਨਾਵਾਂ ਨੂੰ ਪਾਰ ਕਰਨ ਦਾ ਸੱਦਾ ਦਿੱਤਾ।
ਫਿਰ ਤਾਂ ਸਿਲਸਿਲਾ ਚੱਲ ਸੋ ਚੱਲ ਵਾਲਾ ਹੀ ਹੋ ਗਿਆ। ਜਿਸ ਦਿਨ ਕੁੜੀ ਦੀ ਚਿੱਠੀ ਮਿਲਦੀ, ਅਜੀਤ ਦਫ਼ਤਰ ਪਹੁੰਚ ਕੇ ਸਭ ਤੋਂ ਪਹਿਲਾ ਕੰਮ ਮੈਨੂੰ ਮਿਲਣ ਆਉਣ ਦਾ ਕਰਦਾ। ਆਪਣੇ ਸਹਿਕਰਮੀ ਦਾ ਮੋਟਰ ਸਾਈਕਲ ਫੜ੍ਹਦਾ ਤੇ ਮੇਰੇ ਵੱਲ ਚੜ੍ਹਾਈ ਕਰ ਦਿੰਦਾ। ਉਸ ਅਨੁਸਾਰ ਉਸਦਾ ਵਾਲ ਵਾਲ ਮੇਰਾ ਰਿਣੀ ਮਹਿਸੂਸ ਕਰ ਰਿਹਾ ਸੀ। ਮੈਂ ਉਹਨਾਂ ਚਿੱਠੀਆਂ ਰਾਹੀਂ ਪੌੜੀ ਦਾ ਡੰਡਾ ਡੰਡਾ ਉਤਾਂਹ ਚੜ੍ਹਾ ਕੇ ਉਹਨਾਂ ਨੂੰ ਇੱਕ ਦਿਨ ‘ਹੋਟਲ ਦੇ ਕਮਰੇ ਤੱਕ’ ਪਹੁੰਚਾ ਦਿੱਤਾ ਸੀ।
ਉਹਨਾਂ ਦੀ ਆਪਸੀ ਪਹਿਲੀ ਮਿਲਣੀ ਤੋਂ ਬਾਅਦ ਕੁੜੀ ਨੇ ਜਿਹੜੀ ਸਭ ਤੋਂ ਵਿਸ਼ੇਸ਼ ਗੱਲ ਕੀਤੀ ਉਸਨੂੰ ਸੁਣਾਉਂਦਿਆਂ ਅਜੀਤ ਹੱਸੀ ਜਾਵੇ। ਫਿਰ ਅਸੀਂ ਦੋਵੇਂ ਰਲ ਕੇ ਕਿੰਨਾਂ ਚਿਰ ਹੱਸਦੇ ਰਹੇ। ਕੁੜੀ ਨੇ ਆਖਿਆ ਸੀ, “ਚਿੱਠੀਆਂ ਵਿੱਚ ਜਿੰਨੀਆਂ ਸੋਹਣੀਆਂ ਗੱਲਾਂ ਲਿਖਦੇ ਹੁੰਦੇ ਜੇ, ਓਨੀਆਂ ਸੋਹਣੀਆਂ ਗੱਲਾਂ ਕਰਦੇ ਕਿਉਂ ਨਹੀਂ! ਉਸਤਰ੍ਹਾਂ ਦੀ ਕੋਈ ਇੱਕ-ਅੱਧੀ ਗੱਲ ਈ ਕਰੋ ਤਾਂ ਸਹੀ। ਮੈਂ ਤਾਂ ਮਿਲਣ ਨਾਲੋਂ ਵੀ ਵੱਧ ਤੁਹਾਡੀਆਂ ਗੱਲਾਂ ਸੁਣਨ ਲਈ ਤਰਸੀ ਪਈ ਸਾਂ।”
ਚਿੱਠੀਆਂ ਵਿੱਚ ਆਪਣੇ ਇਸ ਕਲਪਿਤ ਰਿਸ਼ਤੇ ਨੂੰ ਭਾਸ਼ਾਈ ਸੁਹਜ ਦੀ ਪੁੱਠ ਦੇ ਕੇ ਬਿਆਨ ਕਰਦਿਆਂ ਮੈਂ ਮਾਰਦਾ ਤਾਂ ਤੁੱਕਾ ਹੀ ਰਿਹਾ ਸਾਂ, ਪਰ ਇਹ ‘ਤੁੱਕਾ’ ਹੀ ਕੁੜੀ ਦੇ ਦਿਲ ਵਿੱਚ ‘ਤੀਰ’ ਬਣ ਕੇ ਖੁਭ ਗਿਆ ਸੀ। ਮੈਂ ਜਿਹੜਾ ਖੁਦ ਜ਼ਿੰਦਗੀ ਵਿੱਚ ਅਜਿਹੀ ਸਫ਼ਲਤਾ ਹਾਸਲ ਕਰਨ ਦੀ ਕਦੀ ਪਹਿਲਕਦਮੀ ਨਹੀਂ ਸਾਂ ਕਰ ਸਕਿਆ ਅੱਜ ਅਜੀਤ ਬਣ ਕੇ ਮੈਦਾਨ ਮਾਰ ਗਿਆ ਸਾਂ!
ਉਸਤੋਂ ਬਾਅਦ ਅਜੀਤ ਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਸੀ ਰਹਿ ਗਈ। ਚਾਰੇ ਨੈਣ ਗਡਾਵਡ ਹੋ ਗਏ ਸਨ ਤੇ ਮੇਰੇ ਸ਼ਬਦ ਕਿਤੇ ਦੂਰ ਪਿੱਛੇ ਰਹਿ ਗਏ ਸਨ।
Online Punjabi Magazine Seerat
ਪਟਿਆਲੇ ਦਾ ਭੂਤਵਾੜਾ
- ਸਤਿੰਦਰ ਸਿੰਘ ਨੂਰ
 
ਜਦੋਂ 1965 ਵਿਚ ਮੈਂ ਐਮ.ਏ. ਅੰਗਰੇਜ਼ੀ ਕਰਨ ਲਈ ਪਟਿਆਲੇ ਪਹੁੰਚਿਆ ਉਥੇ ਭੂਤਵਾੜਾ ਸਥਾਪਤ ਹੀ ਨਹੀਂ ਸੀ, ਉਸ ਦੀ ਪਛਾਣ ਵੀ ਕਾਇਮ ਹੋ ਚੁੱਕੀ ਸੀ। ਉਸ ਨਾਲ ਗੁਰਭਗਤ ਸਿੰਘ, ਹਰਿੰਦਰ ਸਿੰਘ ਮਹਿਬੂਬ, ਹਰਦਿਲਜੀਤ ਲਾਲੀ, ਨਵਤੋਜ ਭਾਰਤੀ, ਕੁਲਵੰਤ ਗਰੇਵਾਲ ਤੇ ਕਈ ਹੋਰ ਜਣੇ ਸਬੰਧਤ ਸਨ। ਭੂਤਵਾੜਾ ਪ੍ਰੀਤ ਨਗਰ, ਲੋਅਰ ਮਾਲ, ਪ੍ਰੋ. ਪ੍ਰੀਤਮ ਸਿੰਘ ਦੀ ਕੋਠੀ, ‘ਅਰਵਿੰਦ’ ਦੇ ਸਾਹਮਣੇ ਸਥਿਤ ਸੀ। ਦੋ ਕਮਰਿਆਂ, ਇਕ ਰਸੋਈ, ਬਰਾਂਡੇ ਤੇ ਵੱਡੇ ਵਿਹੜੇ ਵਾਲੀ ਕੋਠੀ। ਇਥੇ ਰਹਿਣ ਵਾਲੇ ਕਦੋਂ ਸੌਂਦੇ, ਕਦੋਂ ਜਾਗਦੇ ਸਨ, ਆਸੇ ਪਾਸੇ ਕਿਸੇ ਨੂੰ ਪਤਾ ਨਹੀਂ ਸੀ। ਉਹ ਹਮੇਸ਼ਾ ਇਨ੍ਹਾਂ ਨੂੰ ਜਾਗਦੇ ਹੀ ਦੇਖਦੇ, ਰਾਤ ਨੂੰ ਸੰਗੀਤ ਦੀਆਂ ਧੁਨਾਂ ਉਚੀਆਂ ਹੁੰਦੀਆਂ, ਗਾਇਕੀ ਸੁਣਦੀ। ਆਏ ਗਏ ਦਾ ਦਿਨ ਰਾਤ ਮੇਲਾ ਲੱਗਿਆ ਰਹਿੰਦਾ। ਕਦੇ ਧਮਾਲ ਪੈਂਦੀ ਤੇ ਕਦੇ ਸਾਰੀ ਰਾਤ ਕਿਤਾਬਾਂ ਵਿਚਾਰਨ ਦਾ, ਸ਼ਾਇਰੀ ਦਾ ਦਰਬਾਰ ਲੱਗਿਆ ਰਹਿੰਦਾ। ਆਂਢੀਆਂ ਗੁਆਂਢੀਆਂ ਨੇ ਇਸ ਥਾਂ ਦਾ ਨਾਂ ‘ਭੂਤਵਾੜਾ’ ਰੱਖ ਦਿੱਤਾ ਅਤੇ ਭੂਤਵਾੜੇ ‘ਚ ਰਹਿਣ ਵਾਲਿਆਂ ਨੇ ਇਹ ਨਾਂ ਸਵੀਕਾਰ ਕਰ ਲਿਆ ਤੇ ਉਨ੍ਹਾਂ ਨੂੰ ‘ਭੂਤ’ ਆਖਿਆ ਜਾਣ ਲੱਗ ਪਿਆ। ਸਾਹਮਣੇ ਪ੍ਰੋ. ਪ੍ਰੀਤਮ ਸਿੰਘ ਸਨ, ਸਾਰਿਆਂ ਦੇ ਗੁਰੂਦੇਵ, ਉਨ੍ਹਾਂ ਨੂੰ ਸਹਿਜੇ ਹੀ ‘ਮਹਾਭੂਤ’ ਦੀ ਪਦਵੀ ਦੇ ਦਿੱਤੀ ਗਈ। ਹੌਲੀ ਹੌਲੀ ਭੂਤਵਾੜੇ ਦਾ ਪਰਿਵਾਰ ਵਧਦਾ ਗਿਆ। ਸੁਰਜੀਤ ਲਾਲੀ, ਪ੍ਰੇਮ ਪਾਲੀ, ਹਰਭਜਨ ਸੋਹੀ, ਮੇਘ ਰਾਜ, ਜਗਮੀਤ ਸਿੰਘ, ਦਰਬਾਰਾ ਸਿੰਘ, ਜੋਗਿੰਦਰ ਹੀਰ, ਅਮਰਜੀਤ ਸਾਥੀ ਤੇ ਕਿੰਨੇ ਹੀ ਹੋਰ ਭੂਤ, ਜਿਨ੍ਹਾਂ ਦਾ ਵੱਖ-ਵੱਖ ਖੇਤਰਾਂ ਵਿਚ ਚਰਚਾ ਹੋਇਆ। ਗੁਰਭਗਤ ਸਿੰਘ ਖਾਲਸਾ ਕਾਲਜ ਪੜ੍ਹਾ ਰਿਹਾ ਸੀ, ਨਵਤੇਜ ਭਾਰਤੀ ਤੇ ਹਰਿੰਦਰ ਮਹਿਬੂਬ ਭਾਸ਼ਾ ਵਿਭਾਗ ਵਿਚ ਕੰਮ ਕਰਦੇ ਸਨ ਤੇ ਭੂਤਵਾੜੇ ਦਾ ਸਾਰਾ ਖਰਚ ਉਨ੍ਹਾਂ ਦੇ ਜਿ਼ੰਮੇ ਸੀ। ਹੋਰ ਜਿੰਨਾ ਕਿਸੇ ਕੋਲ ਹੁੰਦਾ, ਸਾਂਝੇ ਲੰਗਰ ‘ਚ ਪੈ ਜਾਂਦਾ। ਗੱਲ ਖਰਚ ਜਾਂ ਅਖਰਚ ਦੀ ਨਹੀਂ ਸੀ, ਪੜ੍ਹਨ-ਪੜ੍ਹਾਉਣ ਤੇ ਗਿਆਨ ਦੇ ਮਾਹੌਲ ਨੂੰ ਵਿਕਸਤ ਕਰਨ ਦੀ ਸੀ। ਇਸ ਲਈ ਨਿਸ਼ਚਿਤ ਹੋ ਜਾਂਦਾ ਕਿ ਅੱਜ ਇਸ ਕਿਤਾਬ ਬਾਰੇ, ਇਸ ਵਿਸ਼ੇ ਬਾਰੇ ਚਰਚਾ ਕੀਤੀ ਜਾਣੀ ਹੈ, ਕੋਈ ਵੀ ਉਸ ਬਾਰੇ ਕਦੋਂ ਪੜ੍ਹਦਾ ਹੈ, ਕਦੋਂ ਸੋਚਦਾ, ਕਿੰਨਾ ਚਿਰ ਲਾਇਬਰੇਰੀ ਲਾਉਂਦਾ ਹੈ, ਇਸ ਬਾਰੇ ਕਿਸੇ ਨੇ ਨਹੀਂ ਪੁੱਛਣਾ, ਪਰ ਉਸ ਵੇਲੇ ਉਹ ਸਭ ਕੁਝ ਪੜ੍ਹਿਆ ਹੁੰਦਾ ਤਾਂ ਹੀ ਕੋਈ ਸਵੀਕਾਰ ਹੋ ਸਕਦਾ ਸੀ। ਗੁਰਭਗਤ ਸਿੰਘ ਗਿਆਨ ਦੀ ਬੁਲੰਦੀ ਤੇ ਅਕਾਦਮਿਕ ਸਿਰਜਣਾ ਨੂੰ ਕਾਇਮ ਰੱਖਦਾ, ਲਾਲੀ ਵਿਸ਼ਾਲ ਪਰਿਪੇਖ ਵਿਚ ਵਿਸ਼ੇ ਨੂੰ ਛੋਂਹਦਾ ਤੇ ਫਿਰ ਸਾਰਿਆਂ ‘ਚ ਸੰਵਾਦ ਸ਼ੁਰੂ ਹੋ ਜਾਂਦਾ। ਸ਼ਹਿਰ ਵਿਚ ਇਨ੍ਹਾਂ ਗੱਲਾਂ ਵਿਚ ਦਿਲਚਸਪੀ ਲੈਣ ਵਾਲੇ ਭੂਤਵਾੜੇ ਤੋਂ ਬਾਹਰ ਵਿਚਰਦੇ ਦੋਸਤਾਂ ਨੂੰ ਵੀ ਪਤਾ ਹੁੰਦਾ ਤੇ ਉਹ ਰਾਤ ਨੂੰ ਸਹਿਜੇ ਹੀ ਸੰਗਤ ਵਿਚ ਆ ਬੈਠਦੇ। ਜਿਨ੍ਹਾਂ ਦਿਨਾਂ ਵਿਚ ਮੈਂ ਭੂਤਵਾੜੇ ਵਿਚ ਪਹੁੰਚਿਆ, ਮੈਂ ਵਿਲੱਖਣ ਅੰਦਾਜ਼ ਵਿਚ ਸਭ ਤੋਂ ਪਹਿਲਾਂ ਕੁਲਵੰਤ ਗਰੇਵਾਲ ਨੂੰ ਮਿਲਿਆ। ਉਹ ਭੂਤਵਾੜੇ ਦੇ ਨੇੜੇ ਹੀ ਰਹਿੰਦਾ ਸੀ, ਘਰੋਂ ਪੈਸੇ ਲੈ ਕੇ ਉਹ ਘਿਉ ਖਰੀਦਣ ਆਇਆ ਸੀ, ਪਰ ਉਸਨੇ ਦੇਖਿਆ ਭੂਤਵਾੜੇ ਦਾ ਲੰਗਰ ਮਸਤਾਨਾ ਹੋਇਆ ਸੀ। ਉਸਨੇ ਲੰਗਰ ਲਈ ਸਾਮਾਨ ਖਰੀਦਿਆ। ਸ਼ਾਮ ਨੂੰ ਬੜੀ ਦੇਰ ਤਕ ਆਪਣੇ ਗੀਤ ਗਾਉਂਦਾ ਰਿਹਾ (ਉਸ ਦੇ ਪ੍ਰਭਾਵਸ਼ਾਲੀ ਗੀਤ ਪੁਸਤਕ ਰੂਪ ਵਿਚ ਅਜੇ ਵੀ ਪ੍ਰਕਾਸ਼ਤ ਨਹੀਂ ਹੋਏ, ਉਡੀਕ ਹੈ)। ਉਹ ਸੱਚਾ ਸੌਦਾ ਕਰਨ ਦੀ ਪ੍ਰਸੰਨਤਾ ਨਾਲ ਡੂੰਘੀ ਰਾਤ ਘਰ ਚਲਾ ਗਿਆ। ਇਹ ਦਿਨ ਬੜੇ ਦਿਲਚਸਪ ਸਨ। ਨਵਤੇਜ ਭਾਰਤੀ ‘ਤੇ ਸ਼ਾਇਰੀ ਛਾਈ ਹੋਈ ਸੀ। ਉਹ ਗਿਆਨ-ਵਿਗਿਆਨ ਦੀਆਂ ਗੱਲਾਂ ਵਿਚ ਆਪਣੀ ਸ਼ਾਇਰੀ ਬੁਲੰਦ ਕਰਦਾ। ‘‘ਸੂਰਜ ਕੋਈ ਨਿਚੋੜ ਕੇ ਮੇਰੇ ਸਾਹ ਗਰਮਾਓ।’’ ਹਰਿੰਦਰ ਮਹਿਬੂਬ ਵੀ ਸ਼ਾਇਰੀ ਦੇ ਵਿਸਥਾਰ ਵਿਚ ਪ੍ਰਗੀਤਕ ਬੋਲਾਂ ਦੀ ਸਿਰਜਣਾ ਵਿਚ ਰੁਝਿਆ ਹੋਇਆ ਸੀ ਤੇ ਉਸ ਦੇ ਫਕੀਰੀ ਬੋਲ ਉਚੇ ਹੁੰਦੇ: ਕੰਤ ਦੀ ਥਾਹ ਨਾ ਲੈ ਤੂੰ ਸਖੀਏ ਕੌਣ ਕੰਤ ਹੈ ਮੇਰਾ ਜਲਾਂ ‘ਚੋਂ ਮੇਰਾ ਰੂਪ ਪਛਾਣੇ ਪੱਥਰਾਂ ਉਤੇ ਬਸੇਰਾ। ਕੇਸਾਂ ਨੂੰ ਧਾਹ ਚੜ੍ਹੀ ਜੁਆਨੀ ਜਨਮ ਮੇਘ ਦਾ ਹੋਇਆ, ਪੰਧ ਕਿਸੇ ਨੇ ਕੀਤਾ ਲੰਮਾ, ਦਰ ਵਿਚ ਆਣ ਖਲੋਇਆ। ਮੇਰਿਆਂ ਕੁੱਲ ਰਾਹਾਂ ਦਾ ਭੇਤੀ ਦੀਵਿਆਂ ਦਾ ਵਣਜਾਰਾ, ਰਹਿੰਦੀ ਉਮਰ ਦੀ ਪੂੰਜੀ ਲੈ ਕੇ ਰਾਹੀਂ ਬਲੇ ਪਿਆਰਾ। ਹਰਿੰਦਰ ਮਹਿਬੂਬ ਇਨ੍ਹਾਂ ਦਿਨਾਂ ਵਿਚ ਆਪਣੀ ਕਵਿਤਾ ਦੇ ਨਾਲ ਨਾਲ ਮਾਓ ਜ਼ੇ-ਤੁੰਗ ਦੀ ਕਵਿਤਾ ਦਾ ਅਨੁਵਾਦ ਕਰ ਰਿਹਾ ਸੀ ਅਤੇ ਬੜੇ ਜੋਸ਼ ਅਤੇ ਉਮਾਹ ਵਿਚ ਸੀ। ਕੁਝ ਦਿਨਾਂ ਬਾਅਦ ਉਸਨੂੰ ਪਤਾ ਲੱਗਾ ਕਿ ਮਾਓ ਜ਼ੇ-ਤੁੰਗ ਨੇ ਬੁੱਢੀ ਉਮਰ ਵਿਚ ਯੰਗਸੀ ਦਰਿਆ ਤਰ ਕੇ ਪਾਰ ਕੀਤਾ ਹੈ। ਹਰਿੰਦਰ ਮਹਿਬੂਬ ਉਹੋ ਜਿਹਾ ਕੋਈ ਦਰਿਆ ਲੱਭ ਰਿਹਾ ਸੀ ਜਿਸਨੂੰ ਉਹ ਉਸੇ ਤਰ੍ਹਾਂ ਤਰ ਕੇ ਪਾਰ ਕਰ ਸਕੇ ਕਿਉਂਕਿ ਉਸਨੂੰ ਤਰਨ ਦਾ ਡਾਢਾ ਸ਼ੌਕ ਸੀ। ਹਰਬੰਸ ਬਰਾੜ, ਨਿਰਦੋਖ ਸਿੰਘ ਸਾਹਮਣੇ ਹੀ ਰਹਿੰਦੇ ਸਨ। ਉਹ ਥੋੜ੍ਹੀ ਜਿਹੀ ਵਿੱਥ ਵੀ ਸਥਾਪਤ ਰਖਦੇ ਸਨ ਤੇ ਭੂਤਵਾੜੇ ਦੀ ਗਿਆਨ-ਪ੍ਰਕਿਰਿਆ ਵਿਚ ਸ਼ਾਮਲ ਵੀ ਰਹਿੰਦੇ ਸਨ। ਹਰਬੰਸ ਬਰਾੜ ਕੰਜੂਸ ਬਾਹਲਾ ਸੀ। ਇਸ ਲਈ ਉਸਨੂੰ ਬੇਪਰਵਾਹ ਭੂਤਾਂ ਵਿਚ ਪੂਰੀ ਤਰ੍ਹਾਂ ਰਲਣਾ ਚੰਗਾ ਨਾ ਲੱਗਦਾ। ਇਸੇ ਲਈ ਇਕ ਵਾਰ ਜਦੋਂ ਹਰਬੰਸ ਬਰਾੜ ਇਧਰ ਉਧਰ ਸੀ ਇਹ ਫੈਸਲਾ ਕੀਤਾ ਗਿਆ ਕਿ ਉਸ ਦੇ ਚੁਬਾਰੇ ਵਿਚ ਛਾਪਾ ਮਾਰਿਆ ਜਾਏ। ਸਭ ਕੁਝ ਫੋਲਿਆ ਗਿਆ। ਜਮ੍ਹਾਂ ਪਏ ਦੇਸੀ ਘਿਓ ਦਾ ਪ੍ਰਸ਼ਾਦ ਬਣਾਇਆ ਗਿਆ। ਕੱਪੜਿਆਂ ਦੀਆਂ ਤੈਹਾਂ ‘ਚ ਲੁਕਾਏ ਪੈਸਿਆਂ ਦਾ ਇਹ ਫੈਸਲਾ ਕੀਤਾ ਗਿਆ ਕਿ ਸਾਰਾ ਭੂਤਵਾੜਾ ਸਿ਼ਮਲੇ ਦੀ ਸੈਰ ਕਰੇ। ਜਮ੍ਹਾ ਦੇਸੀ ਘਿਉ ਦਾ ਜਦੋਂ ਪ੍ਰਸ਼ਾਦ ਬਣਾਇਆ ਜਾ ਰਿਹਾ ਸੀ ਤਾਂ ਕਿਸੇ ਕੋਨੇ ‘ਚੋਂ ਬੀ ਪੈਨਸਲੀਨ ਦੀਆਂ ਗੋਲੀਆਂ ਵੀ ਨਿਕਲ ਆਈਆਂ। ਕਿਸੇ ਨੇ ਸੁਝਾਅ ਦਿੱਤਾ ਇਹ ਵੀ ਕੜਾਹ ਪ੍ਰਸ਼ਾਦ ਵਿਚ ਸੁੱਟ ਦਿਓ। ਇਉਂ ਹੀ ਹੋਇਆ। ਕਿਸੇ ਹੋਰ ਨੇ ਕਿਹਾ ਇਹ ਤਾਂ ਜ਼ਹਿਰੀਲਾ ਹੋ ਗਿਆ। ਇਕ ਕੁੱਤਾ ਲਿਆਂਦਾ ਗਿਆ। ਉਸਨੂੰ ਪਹਿਲਾਂ ਕੜਾਹ ਪ੍ਰਸ਼ਾਦ ਛਕਾਇਆ ਗਿਆ। ਉਹ ਕਾਇਮ ਰਿਹਾ। ਸਾਰੇ ਕੜਾਹ ਪ੍ਰਸ਼ਾਦ ਨੂੰ ਟੁੱਟ ਕੇ ਪੈ ਗਏ। ਹਰਬੰਸ ਬਰਾੜ ਵਾਪਸ ਆਇਆ ਤਾਂ ਉਸਨੂੰ ਉਸਦੇ ਨਕਦ ਪੈਸੇ ਵਾਪਸ ਕਰ ਦਿੱਤੇ ਗਏ। ਉਹ ਬੰਦਾ ਲਾਇਕ ਸੀ। ਦੁਨੀਆਂ ਤੋਂ ਵਿਦਾ ਹੋ ਜਾਣ ਦਾ ਸਾਰੇ ਭੂਤਾਂ ਨੂੰ ਅਜੇ ਤਕ ਅਫਸੋਸ ਹੈ। ਭੂਤਵਾੜੇ ਵਿਚ ਫਿਕਰ ਸਿਰਫ ਕਿਤਾਬਾਂ ਤੇ ਗਿਆਨ ਦਾ ਹੁੰਦਾ ਸੀ। ਇਸ ਲਈ ਡਾ. ਅਮਰੀਕ ਸਿੰਘ ਜੋ ਅੰਗਰੇਜ਼ੀ ਵਿਭਾਗ ਦੇ ਉਦੋਂ ਮੁਖੀ ਬਣੇ ਸਨ, ਉਨ੍ਹਾਂ ਦੀ ਇਹ ਗੱਲ ਪਸੰਦ ਆਈ ਸੀ ਕਿ ਉਨ੍ਹਾਂ ਨੇ ਮਹਿੰਦਰਾ ਕਾਲਜ ਦੇ ਕੈਂਪਸ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੀ ਲਾਇਬਰੇਰੀ ਸਾਰੀ ਰਾਤ ਖੁੱਲ੍ਹਣ ਦਾ ਹੁਕਮ ਦੇ ਦਿੱਤਾ ਸੀ। ਭੂਤਵਾੜੇ ਦੇ ਬੰਦੇ ਸਾਰੀ ਰਾਤ ਲਾਇਬਰੇਰੀ ਦਾ ਫਾਇਦਾ ਉਠਾਉਂਦੇ ਤੇ ਆਪਣਾ ਪੜ੍ਹਨ-ਪੜ੍ਹਾਉਣ ਦਾ ਪ੍ਰੋਗਰਾਮ ਅੱਗੇ ਪਿੱਛੇ ਕਰ ਲੈਂਦੇ। ਰਾਤ ਬਰਾਤੇ ਲਾਇਬਰੇਰੀ ਜਾਣ ਕਰ ਕੇ ਭੂਤਵਾੜੇ ਦੀ ਸ਼ਾਮ ਦਾ ਲੰਗਰ ਮਸਤਾਨਾ ਹੋ ਗਿਆ। ਲੰਗਰ ਤਾਂ ਉਂਜ ਵੀ ਕਈ ਵਾਰੀ ਮਸਤਾਨਾ ਹੋ ਜਾਂਦਾ ਸੀ। ਪ੍ਰਬੰਧ ਕਰਨਾ ਔਖਾ ਹੋ ਜਾਂਦਾ ਸੀ। ਇਕ ਵਾਰ ਲੰਗਰ ਮਸਤਾਨਾ ਹੋ ਗਿਆ ਤਾਂ ਮਹਿੰਦਰਾ ਕਾਲਜ ਦੇ ਹੋਸਟਲ ਵਿਚ ਸ਼ਾਮ ਨੂੰ ਰੋਟੀ ਖਾਣੀ ਸ਼ੁਰੂ ਕਰ ਦਿੱਤੀ। ਰਾਤ ਨੂੰ ਵਾਪਸ ਆ ਰਹੇ ਸਾਂ ਤਾਂ ਹੋਸਟਲ ਦੇ ਬਾਹਰ ਇਕ ਮੰਜੇ ‘ਤੇ ਕਸੂਤੇ ਜਿਹੇ ਢੰਗ ਨਾਲ ਦੋ ਬੰਦੇ ਸੁੱਤੇ ਦਿੱਸੇ। ਉਨ੍ਹਾਂ ਨੂੰ ਜਗਾਇਆ। ਪੁੱਛਣ ‘ਤੇ ਪਤਾ ਲੱਗਾ ਉਹ ਹਰਭਜਨ ਸੋਹੀ (ਬਾਅਦ ਵਿਚ ਨਕਸਲੀ ਨੇਤਾ ਬਣਿਆ) ਤੇ ਮੇਘ ਰਾਜ ਸਨ। ਉਨ੍ਹਾਂ ਨੂੰ ਭੂਤਵਾੜੇ ਟਿਕਣ ਦਾ ਸੱਦਾ ਦਿੱਤਾ। ਉਨ੍ਹਾਂ ਸਵੀਕਾਰ ਕਰ ਲਿਆ ਤੇ ਦੋ ਤਿੰਨ ਦਿਨਾਂ ਵਿਚ ਹੀ ਉਹ ਭੂਤਵਾੜੇ ਵਿਚ ਰਚਮਿਚ ਗਏ। ਕਈ ਦਿਨ ਹੋ ਗਏ ਸਨ ਭੂਤਵਾੜੇ ਵਿਚ ਲੰਗਰ ਪੱਕਿਆਂ। ਹਰਭਜਨ ਗਾ ਲੈਂਦਾ ਸੀ। ਇਕ ਦਿਨ ਭਾਸ਼ਾ ਵਿਭਾਗ ਦੇ ਇਕ ਮੁਕਾਬਲੇ ਵਿਚ ਹਰਭਜਨ ਨੂੰ ਪੁਰਸਕਾਰ ਮਿਲਿਆ। ਸੋਚਿਆ ਭੂਤਵਾੜੇ ਵਿਚ ਅੱਜ ਲੰਗਰ ਤਿਆਰ ਹੋਵੇ। ਉਨ੍ਹਾਂ ਦਿਨਾਂ ਵਿਚ 75 ਰੁਪਏ ਕਾਫੀ ਹੁੰਦੇ ਸਨ। ਫੈਸਲਾ ਹੋਇਆ ਕਿ ਕਈ ਦਿਨਾਂ ਤੋਂ ਮਹਿਫਲ ਨਹੀਂ ਲੱਗੀ, ਇਸ ਲਈ ਮਹਿਫਲ ਲੱਗ ਗਈ ਤੇ ਸਾਰੀ ਰਾਤ ਸਿ਼ਅਰੋ ਸ਼ਾਇਰੀ, ਗਾਇਕੀ ਨੇ ਭੂਤਵਾੜੇ ਦੀਆਂ ਸੁਰਾਂ ਨੂੰ ਗੂੰਜਾਈ ਰੱਖਿਆ। ਜਦੋਂ ਇਹ ਮਹਿਫਲ ਸਾਰੀ ਰਾਤ ਲੱਗਦੀ, ਕੋਈ ਵਿਚੇ ਹੀ ਸੌਂ ਵੀ ਜਾਂਦਾ। ਬਹੁਤੇ ਜਾਗਦੇ ਰਹਿੰਦੇ ਤੇ ਸਵੇਰੇ ਉਠਦਿਆਂ ਹੀ ਵਿਹੜੇ ਵਿਚ ਇੱਟਾਂ ਦੂਰ ਸੁੱਟਣ ਦਾ ਭੂਤਾਂ ‘ਚ ਮੁਕਾਬਲਾ ਸ਼ੁਰੂ ਹੋ ਜਾਂਦਾ ਤੇ ਇਉਂ ਦਿਨੇ ਰਾਤ ਜਾਗਣ ਦੀ ਭੂਤਵਾੜੇ ਦੀ ਪਰੰਪਰਾ ਬਰਕਰਾਰ ਰਹਿੰਦੀ। ਆਂਢੀ ਗੁਆਂਢੀ ਜਾਗਦੇ ਤਾਂ ਉਵੇਂ ਹੀ ਉਨ੍ਹਾਂ ਵਿਚ ਭੂਤਵਾੜੇ ਦਾ ਚਰਚਾ ਬਰਕਰਾਰ ਰਹਿੰਦਾ। ਭੂਤਵਾੜਾ ਲੇਖਕਾਂ ਦਾ ਮੱਕਾ ਬਣ ਗਿਆ ਸੀ। ਪ੍ਰੋ. ਮੋਹਨ ਸਿੰਘ, ਸੰਤ ਸਿੰਘ ਸੇਖੋਂ, ਜਸਵੰਤ ਸਿੰਘ ਕੰਵਲ, ਡਾ. ਹਰਿਭਜਨ ਸਿੰਘ, ਜਸਵੰਤ ਸਿੰਘ ਨੇਕੀ, ਹਰਨਾਮ ਤੇ ਅਗਲੀ ਪੀੜ੍ਹੀ ਦੇ ਲੇਖਕ ਦੇਵ, ਸੁਰਜੀਤ ਪਾਤਰ ਸਾਰੇ ਹੀ ਪਟਿਆਲੇ ਆਉਂਦੇ ਤੇ ਭੂਤਵਾੜੇ ਤੋਂ ਬਿਨਾ ਯਾਤਰਾ ਅਧੂਰੀ ਹੁੰਦੀ। ਜਦੋਂ ਭੂਤਵਾੜੇ ਦਾ ਲੰਗਰ ਮਸਤਾਨਾ ਹੁੰਦਾ ਤਾਂ ਲੇਖਕਾਂ ਨੂੰ ਸਟੇਸ਼ਨ ਦੇ ਕੋਲ ਢਾਬੇ ਤੇ ਸੁਆਦੀ ਰੋਟੀ ਖੁਆਈ ਜਾਂਦੀ ਤੇ ਬਹੁਤ ਠੰਢਾ ਪਾਣੀ ਦੋ ਮੀਲ ਦੂਰ ਮਹਿੰਦਰਾ ਕਾਲਜ ਕੋਲ ਠੰਢੀ ਖੂਹੀ ‘ਤੇ ਮਿਲ ਸਕਦਾ ਸੀ। ਪਾਣੀ ਪੀਣ ਲਈ ਪੈਦਲ ਉਥੇ ਪਹੁੰਚਿਆ ਜਾਂਦਾ। ਆਉਂਦੇ ਜਾਂਦੇ ਲੇਖਕ ਭੂਤਵਾੜੇ ਹੀ ਠਹਿਰਦੇ। ਉਥੇ ਬਿਸਤਰੇ ਦੋ ਤਿੰਨ ਤੋਂ ਵੱਧ ਨਹੀਂ ਸਨ। ਅਖਬਾਰਾਂ ਨੂੰ ਬਿਸਤਰਾ ਬਣਾਇਆ ਜਾਂਦਾ। ਇੱਟਾਂ ਨੂੰ ਸਰਹਾਣਾ ਬਣਾਇਆ ਜਾਂਦਾ। ਜੇ ਕੋਈ ਵੱਧ ਸਤਿਕਾਰ ਵਾਲਾ ਜਾਂ ਸੀਨੀਅਰ ਲੇਖਕ ਹੁੰਦਾ ਤਾਂ ਉਸਨੂੰ ਇਕ ਵੱਧ ਅਖਬਾਰ ਦੇ ਦਿੱਤਾ ਜਾਂਦਾ, “ਲਓ ਤੁਸੀਂ ਗਦੇਲਾ ਵੀ ਲਓ ਤੇ ਆਰਾਮ ਕਰੋ’’ ਤੇ ਇਉਂ ਕਹਿੰਦਾ ਕਹਾਉਂਦਾ ਲੇਖਕ ਅੱਧੀ ਰਾਤ ਤਕ ਸੰਵਾਦ ਕਰਨ ਬਾਅਦ ਆਰਾਮ ਨਾਲ ਸੌਂ ਜਾਂਦਾ। ਸਵੇਰੇ ਜਿੰਨਾ ਕੁ ਨਾਸ਼ਤਾ ਤਿਆਰ ਹੁੰਦਾ, ਸਾਰਿਆਂ ‘ਚ ਵੰਡ ਲਿਆ ਜਾਂਦਾ ਤੇ ਸਾਰੇ ਆਪਣੇ ਆਪਣੇ ਕੰਮ ‘ਚ ਰੁੱਝ ਜਾਂਦੇ। ਕਈ ਵਾਰੀ ਤਾਂ ਲਾਇਬਰੇਰੀ ਜਾਂ ਹੋਰ ਥਾਵਾਂ ‘ਤੇ ਜਾਣ ਦਾ ਵਕਤ ਵੀ ਵੰਡਣਾ ਪੈਂਦਾ ਕਿਉਂਕਿ ਕਈ ਵਾਰ ਕੰਮ ਦੇ ਕੱਪੜੇ ਜਾਂ ਕਮੀਜ਼ਾਂ ਕੁਝ ਹੀ ਹੁੰਦੀਆਂ। ਇਕ ਧੋ ਲੈਂਦਾ, ਇਕ ਪਾ ਲੈਂਦਾ। ਇਉਂ ਕੱਪੜੇ ਸਾਂਝੇ ਤੌਰ ‘ਤੇ ਵਰਤੇ ਜਾਂਦੇ। ਇਉਂ ਸਭ ਕੁਝ ਤੁਰਿਆ ਜਾਂਦਾ ਪਰ ਇਸ ਬਾਰੇ ਕੋਈ ਸਮਝੌਤਾ ਨਹੀਂ ਸੀ ਹੋ ਸਕਦਾ ਕਿ ਗਿਆਨ-ਵਿਗਿਆਨ ਦੀ ਪ੍ਰਕਿਰਿਆ ਵਿਚ ਕੋਈ ਸ਼ਾਮਿਲ ਨਾ ਹੋਵੇ। ਭੂਤਵਾੜੇ ਨੇ ਹਰ ਇਕ ਨੂੰ ਸੁਤੰਤਰਤਾ ਦਿੱਤੀ ਹੋਈ ਸੀ ਕਿ ਉਹ ਵਿਚਾਰਧਾਰਕ ਤੌਰ ‘ਤੇ ਕੀ ਦ੍ਰਿਸ਼ਟੀ ਜਾਂ ਸੇਧ ਬਣਾਉਂਦਾ ਹੈ। ਮਹੱਤਵਪੂਰਨ ਗੱਲ ਸੀ ਗਿਆਨ ਵਲ ਵਧਣਾ। ਇਸੇ ਲਈ ਪੰਜਾਬ ਦੀ ਪਿਛਲੇ ਵਰ੍ਹਿਆਂ ਦੀ ਹਰ ਲਹਿਰ ਦੀਆਂ ਜੜ੍ਹਾਂ ਭੂਤਵਾੜੇ ਵਿਚ ਹਨ। ਗਿਆਨ ਦੀ ਪ੍ਰਕਿਰਿਆ ਵਿਚ ਬੰਦੇ ਕਿੰਨੇ ਕੁ ਲੀਨ ਸਨ, ਇਸ ਦਾ ਅਨੁਮਾਨ ਤਾਂ ਕਿੰਨੀਆਂ ਹੀ ਗੱਲਾਂ ਤੋਂ ਲਾਇਆ ਜਾ ਸਕਦਾ ਹੈ। ਇਹ ਪੁੱਛਣ ਦੀ ਕਿਸ ਨੂੰ ਵਿਹਲ ਸੀ ਕਿ ਲੰਗਰ ਲਈ ਕੀ ਮਹਿੰਗਾ ਹੈ ਤੇ ਕੀ ਸਸਤਾ। ਫੈਸਲਾ ਕੀਤਾ ਗਿਆ ਕਿ ਲਗਾਤਾਰ ਸਬਜ਼ੀ ਆਲੂਆਂ ਦੀ ਹੀ ਬਣਾਈ ਜਾਵੇ, ਸਸਤੇ ਹਨ। ਜਦੋਂ ਸਬਜ਼ੀ ਵਾਲੇ ਦਾ ਮਹੀਨੇ ਬਾਅਦ ਬਿਲ ਆਇਆ, ਜਿ਼ਆਦਾ ਸੀ। ਉਸਨੇ ਦੱਸਿਆ ਕਿ ਕਿਸੇ ਨੇ ਪੁੱਛਿਆ ਹੀ ਨਹੀਂ, ਇਸ ਮਹੀਨੇ ਸਭ ਤੋਂ ਵੱਧ ਮਹਿੰਗੇ ਆਲੂ ਹੀ ਸਨ। ਕਿਤਾਬਾਂ ਤੋਂ ਵਿਹਲ ਕਿਸ ਨੂੰ ਸੀ? ਦੁੱਧ ਲਈ ਭਾਂਡਾ ਸਾਫ ਕਰਨ ਦੀ ਵਿਹਲ ਕਿੱਥੇ ਸੀ? ਆਮ ਤੌਰ ‘ਤੇ ਦੁੱਧ ਹਰਿੰਦਰ ਮਹਿਬੂਬ ਲੈਣ ਜਾਂਦਾ ਸੀ। ਇਕ ਦਿਨ ਭਾਂਡਾ ਸਾਫ ਕਰ ਦਿੱਤਾ ਗਿਆ। ਦੁੱਧ ਵਾਲੇ ਨੇ ਇਹ ਕਹਿ ਕੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਭਾਂਡਾ ਭੂਤਵਾੜੇ ਦਾ ਨਹੀਂ। ਭੂਤਵਾੜੇ ਨਾਲ ਡਾ. ਦਲੀਪ ਕੌਰ ਟਿਵਾਣਾ ਤੇ ਅੰਮ੍ਰਿਤ ਕਲੇਰ ਵੀ ਸਬੰਧਤ ਸਨ। ਡਾ. ਟਿਵਾਣਾ ਕੋਲ ਕਈ ਵਾਰ ਡੇਰੇ ਜਾ ਲੱਗਦੇ। ਗੱਲਾਂ ਵਿਚਾਰਨ ਲਈ, ਲੰਗਰ ਲਈ। ਕਈ ਵਾਰ ਅੰਮ੍ਰਿਤ ਕਲੇਰ ਕਹਿੰਦੀ ਤੁਹਾਡੇ ਸਾਰਿਆਂ ਲਈ ਫਲਾਣੀ ਅੰਗਰੇਜ਼ੀ ਫਿਲਮ ਦੀਆਂ ਟਿਕਟਾਂ ਖਰੀਦ ਲਈਆਂ ਗਈਆਂ ਹਨ, ਤੁਸੀਂ ਪਹੁੰਚ ਜਾਣਾ। ਭੂਤਵਾੜੇ ਨੂੰ ਤਾਲਾ ਲਾਉਣ ਦਾ ਰਿਵਾਜ ਨਹੀਂ ਸੀ ਕਿਉਂਕਿ ਪਤਾ ਨਹੀਂ ਸੀ ਹੁੰਦਾ, ਕਿਸ ਲੇਖਕ ਨੇ ਕਦੋਂ ਆ ਜਾਣਾ ਹੈ ਤੇ ਠਹਿਰਨਾ ਹੈ। ਇਕ ਵਾਰ ਪ੍ਰੋ. ਪ੍ਰੀਤਮ ਸਿੰਘ ਹੁਰਾਂ ਦਾ ਕੋਈ ਮਹਿਮਾਨ ਆਇਆ। ਉਨ੍ਹਾਂ ਦੇ ਤਾਲਾ ਲੱਗਿਆ ਹੋਇਆ ਸੀ। ਉਸਨੂੰ ਪਤਾ ਸੀ ਕਿ ਸਾਹਮਣੇ ਉਨ੍ਹਾਂ ਦੇ ਕੁਝ ਵਿਦਿਆਰਥੀ ਰਹਿੰਦੇ ਹਨ। ਉਸਨੇ ਪ੍ਰੋ. ਸਾਹਿਬ ਨੂੰ ਬਰਫੀ ਦੇ ਡੱਬੇ ਦੇਣੇ ਸਨ। ਉਹ ਡੱਬੇ ਉਸਨੇ ਸਾਡੀ ਗੈਰ ਹਾਜ਼ਰੀ ਵਿਚ ਸਾਹਮਣੇ ਰੱਖ ਦਿੱਤੇ ਤੇ ਕੁਝ ਦੇਰ ਲਈ ਬਾਜ਼ਾਰ ਚਲਿਆ ਗਿਆ। ਅਸੀਂ ਆਏ, ਦੇਖ ਕੇ ਨਿਹਾਲ ਹੋ ਗਏ ਤੇ ਬਰਫੀ ਸਾਰੇ ਭੂਤਾਂ ਵਿਚ ਵੰਡ ਦਿੱਤੀ ਗਈ। ਮਹਿਮਾਨ ਆਇਆ ਤਾਂ ਗੱਲ ਦਾ ਪਤਾ ਲੱਗਾ, ਉਸਨੂੰ ਵਿਸ਼ੇਸ਼ ਤੌਰ ‘ਤੇ ਬਰਫੀ ਮੰਗਵਾ ਕੇ ਦਿੱਤੀ ਗਈ ਤੇ ਪ੍ਰੋ. ਸਾਹਿਬ ਦੇ ਪਹੁੰਚਾਉਣ ਲਈ ਕਿਹਾ ਗਿਆ। ਇਕ ਵਾਰ ਇਉਂ ਹੋਇਆ ਕਿ ਸਾਰਿਆਂ ਦੇ ਇਮਤਿਹਾਨ ਨੇੜੇ ਆ ਰਹੇ ਸਨ, ਨੇੜੇ ਕੀ ਅਗਲੇ ਦਿਨ ਪਹਿਲਾ ਪਰਚਾ ਸੀ। ਪਰ ਅੰਬਾਲੇ ਸਤਿਆਜੀਤ ਰੇਅ ਦੀ ਇਕ ਦਿਨ ਲਈ ਫਿਲਮ ਲੱਗ ਗਈ। ਫੈਸਲਾ ਹੋਇਆ ਕਿ ਪਟਿਆਲੇ ਤੋਂ ਸਾਈਕਲਾਂ ‘ਤੇ ਫਿਲਮ ਦੇਖਣ ਜਾਇਆ ਜਾਵੇ। ਥੱਕੇ ਟੁੱਟੇ ਆਏ, ਸੌਂ ਗਏ ਤੇ ਸਵੇਰੇ ਹੀ ਪਰਚਾ ਦੇਣ ਲਈ ਵੀ ਹਾਜ਼ਰ ਹੋ ਗਏ। ਅਜਿਹਾ ਕਈ ਵਾਰ ਵਾਪਰਦਾ ਸੀ। ਇਕ ਵਾਰ ਅਗਲੇ ਦਿਨ ਇਮਤਿਹਾਨ ਸੀ। ਬਰਸਾਤ ਸ਼ੁਰੂ ਹੋ ਗਈ। ਪਟਿਆਲੇ ਦੇ ਨੇੜੇ ਹੀ ਕੁਝ ਮੀਲਾਂ ‘ਤੇ ਲਾਲੀ ਦਾ ਅੰਬਾਂ ਦਾ ਬਾਗ ਹੈ। ਫੈਸਲਾ ਹੋਇਆ ਕਿ ਪਿਕਨਿਕ ਲਈ ਉਥੇ ਜਾਇਆ ਜਾਏ। ਰਾਹ ਅਜੇ ਕੱਚਾ ਸੀ। ਤਿਲਕਦੇ ਤਿਲਕਦੇ ਉਥੇ ਪਹੁੰਚੇ। ਬਰਸਾਤ ਹੋਰ ਸੰਘਣੀ ਹੋ ਗਈ। ਰਾਤ ਉਥੇ ਨਹੀਂ ਸੀ ਰਿਹਾ ਜਾ ਸਕਦਾ। ਅਸੀਂ ਅੱਧੀ ਰਾਤ ਵਾਪਸ ਪਹੁੰਚੇ ਤੇ ਸਵੇਰੇ ਇਮਤਿਹਾਨ ਵਿਚ ਹਾਜ਼ਰ ਹੋ ਗਏ। ਭੂਤਵਾੜੇ ਦੀ ਸਾਂਭ ਸੰਭਾਲ ਦਾ ਕੰਮ ਇਉਂ ਸੀ ਕਿ ਇਕ ਵਾਰ ਇਕ ਕਮੀਜ਼ ਨਾ ਲੱਭੇ। ਇਕ ਚੂਹੇ ਨੇ ਖੁੱਡ ਬਣਾ ਲਈ ਸੀ। ਹਰਿੰਦਰ ਨੇ ਕਿਤੇ ਪੜ੍ਹਦਿਆਂ ਪੜ੍ਹਦਿਆਂ ਬੇਧਿਆਨੇ ਉਹ ਨਵੀਂ ਕਮੀਜ਼ ਚੂਹੇ ਦੀ ਖੁੱਡ ਵਿਚ ਤੁੰਨ ਦਿੱਤੀ। ਇਕ ਗੁਆਚੀ ਛੁਰੀ ਵੀ ਕਈ ਦਿਨਾਂ ਬਾਅਦ ਉਸਦੇ ਬਿਸਤਰੇ ਦੀਆਂ ਤੈਹਾਂ ‘ਚੋਂ ਲੱਭੀ। ਸਾਰਾ ਧਿਆਨ ਕਿਤਾਬਾਂ ਤੇ ਸੰਵਾਦ ‘ਚ ਹੋਣ ਕਰ ਕੇ ਕਿਸੇ ਦਾ ਵੀ ਇਹ ਧਿਆਨ ਨਾ ਆਉਂਦਾ ਕਿ ਭੂਤਵਾੜੇ ਦਾ ਸਾਰੇ ਕੋਨੇ ਸੰਵਾਰ ਲਏ ਜਾਣ। ਇਕ ਵਾਰ ਸਾਡਾ ਇਕ ਮਿੱਤਰ ਵਿਦੇਸ਼ ਤੋਂ ਆਇਆ। ਉਸਨੇ ਕਿਹਾ ਕਿ ਉਸਦੀ ਮਿੱਤਰ ਵੀ ਨਾਲ ਆਏਗੀ। ਅਸੀਂ ਸੋਚਿਆ ਭੂਤਵਾੜੇ ਵਿਚ ਇਕ ਔਰਤ ਨੇ ਆਉਣਾ ਹੈ, ਇਸ ਲਈ ਇਸ ਦੀ ਪੂਰੀ ਸਫਾਈ ਕੀਤੀ ਜਾਵੇ। ਅਸੀਂ ਭੂਤਵਾੜੇ ਦੇ ਹਰ ਕੋਨੇ ਨੂੰ ਲਿਸ਼ਕਾ ਦਿੱਤਾ ਪਰ ਉਹ ਉਸ ਦੀ ਮਿੱਤਰ ਉਸਦੇ ਨਾਲ ਨਾ ਆਈ। ਭੂਤਵਾੜੇ ਵਿਚ ਇਹੀ ਉਦਾਸ ਦਿਨ ਸੀ। ਭੂਤਵਾੜੇ ਨੇ ਸਾਰਿਆਂ ਨੂੰ ਵਿਚਾਰਧਾਰਕ ਆਜ਼ਾਦੀ ਪਰ ਚੇਤਨਾ ਦਾ ਮਾਰਗ ਦਿੱਤਾ। ਉਸ ਪਿੱਛੋਂ ਵੀ ਉਸ ਦੇ ਨੇੜੇ ਤੇੜੇ ਭੂਤਵਾੜੇ ਬਣਾਉਣ ਦਾ ਯਤਨ ਕੀਤਾ ਗਿਆ। ਪਰ ਭੂਤਵਾੜਾ, ਭੂਤਵਾੜਾ ਹੀ ਸੀ। ਇਕ ਸੰਕਲਪ ਸੀ, ਜਿਸ ਦੀ ਪੰਜਾਬ ਨੂੰ ਅਗੇਰੇ ਵਧਣ ਲਈ ਅੱਜ ਵੀ ਲੋੜ ਹੈ। ਪਰ ਅਜਿਹਾ ਸੰਕਲਪ ਕਿਸੇ ਯਤਨ ਨਾਲ ਨਹੀਂ ਬਣਿਆ ਕਰਦਾ, ਇਹ ਇਕ ਸਹਿਜ ਪ੍ਰਕਿਰਿਆ ਹੈ।
ਸੁਤਿੰਦਰ ਸਿੰਘ ਨੂਰ