Thursday 17 March 2016

ਨੀਂਹ ਦੀਆਂ ਇੱਟਾਂ
- ਵਰਿਆਮ ਸਿੰਘ ਸੰਧੂ

ਸਾਡਾ ਘਰ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਬਾਜ਼ਾਰ ਚੜ੍ਹਦੇ ਪਾਸਿਓਂ ਸ਼ੁਰੂ ਹੋ ਕੇ ਪਿੰਡ ਨੂੰ ਦੋ ਭਾਗਾਂ ਵਿੱਚ ਵੰਡਦਾ ਹੋਇਆ ਲਹਿੰਦੇ ਪਾਸੇ ਜਾ ਕੇ ਖ਼ਤਮ ਹੁੰਦਾ ਸੀ। ਪਿੰਡ ਦੇ ਐਨ ਅੱਧ ਵਿਚਕਾਰ ਜਾ ਕੇ ਛੋਟਾ ਜਿਹਾ ਚੌਕ ਆਉਂਦਾ ਸੀ। ਇਥੇ ਬਾਜ਼ਾਰ ਮਧਾਣੀ-ਚੀਰੇ ਵਾਂਗ ਕੱਟਿਆ ਹੋਇਆ ਸੀ। ਚੌਕ ਦੇ ਵਿਚਕਾਰੋਂ ਬਾਜ਼ਾਰ ਦਾ ਇੱਕ ਹਿੱਸਾ ਤਾਂ ਸਿੱਧਾ ਲਹਿੰਦੇ ਵੱਲ ਨਿਕਲ ਜਾਂਦਾ ਸੀ। ਚੌਕ ਵਿਚੋਂ ਹੀ ਇੱਕ ਛੋਟੀ ਗਲੀ ਪਿੰਡ ਦੀ ਦੱਖਣ ਦੀ ਬਾਹੀ ਵੱਲ ਨਿਕਲਦੀ ਸੀ, ਜਿਸ ਵਿੱਚ ਬਾਜ਼ਾਰ ਵਿਚਲੇ ਦੁਕਾਨਦਾਰਾਂ ਦੇ ਹੀ ਘਰ ਸਨ। ਪਹਾੜ ਦੀ ਬਾਹੀ ਬਾਜ਼ਾਰ ਦੀ ਦੂਜੀ ਸ਼ਾਖ਼ਾ ਨਿਕਲਦੀ ਸੀ ਜਿਹੜੀ ਫਰਲਾਂਗ ਕੁ ਲੰਮੇ ਬਾਜ਼ਾਰ ਦੇ ਖ਼ਤਮ ਹੋਣ ‘ਤੇ ਵੱਡੀ ਗਲੀ ਦੀ ਸ਼ਕਲ ਵਿੱਚ ਤਬਦੀਲ ਹੋ ਜਾਂਦੀ ਸੀ। ਇਹ ਗਲੀ ਥੋੜ੍ਹੇ ਵਿੰਗ-ਵਲੇਵੇਂ ਖਾ ਕੇ ਸਾਡੀ ਪੱਤੀ ਚੰਦੂ ਕੀ ਵਿਚੋਂ ਅਤੇ ਸਾਡੇ ਅੰਦਰਲੇ ਘਰ ਕੋਲੋਂ ਲੰਘਦੀ ਹੋਈ ਪਿੰਡ ਦੇ ਪਹਾੜ ਵਾਲੇ ਪਾਸੇ ਪਿੰਡੋਂ ਬਾਹਰ ਵੱਲ ਨਿਕਲ ਜਾਂਦੀ ਸੀ। ਪਿੰਡ ਦੇ ਬਾਜ਼ਾਰ ਦੇ ਅੱਧ ਵਿਚਕਾਰਲੇ ਇਸ ਚੌਕ ਵਿੱਚ ਲਹਿੰਦੀ ਅਤੇ ਪਹਾੜ ਦੀ ਬਾਹੀ ਨਿਕਲਦੇ ਬਾਜ਼ਾਰਾਂ ਦੀ ਨੁੱਕਰ ਵਿੱਚ ਹੀ ਸੀ ਸਾਡੀ ਹਵੇਲੀ। ਚੌਕ ਤੋਂ ਅੱਗੇ ਲਹਿੰਦੇ ਵੱਲ ਨੂੰ ਨਿਕਲਦੇ ਬਾਜ਼ਾਰ ਵਿੱਚ ਸਾਡੇ ਘਰ ਦੀਆਂ ਚਾਰ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਇਹਨਾਂ ਵਿਚੋਂ ਪਹਿਲੀ ਕੋਠੜੀ ਨੂੰ ਬੈਠਕ ਵਜੋਂ ਵਰਤਿਆ ਜਾਂਦਾ ਸੀ। ਅਗਲੀ ਕੋਠੜੀ ਗਰਮੀਆਂ ਨੂੰ ਤੂੜੀ ਪਾਉਣ ਅਤੇ ਸਿਆਲ ਵਿੱਚ ਡੰਗਰਾਂ ਨੂੰ ਅੰਦਰ ਬੰਨ੍ਹਣ ਦੇ ਕੰਮ ਆਉਂਦੀ ਸੀ। ਵਸੋਂ ਵਾਲਾ ਹਿੱਸਾ ਹੋਣ ਕਰਕੇ ਤੀਜੀ ਕੋਠੜੀ ਦਾ ਬਾਜ਼ਾਰ ਵੱਲ ਖੁੱਲ੍ਹਦਾ ਦਰਵਾਜ਼ਾ ਅਕਸਰ ਬੰਦ ਹੀ ਰਹਿੰਦਾ ਸੀ ਜਦ ਕਿ ਚੌਥੀ ਕੋਠੜੀ ਦਾ ਦਰਵਾਜ਼ਾ ਲਾਹ ਕੇ ਓਥੇ ਬਾਜ਼ਾਰ ਵੱਲ ਕੰਧ ਕਰ ਦਿੱਤੀ ਹੋਈ ਸੀ।
ਵਸੋਂ ਵਾਲੀਆਂ ਪਿਛਲੀਆਂ ਦੋਵਾਂ ਕੋਠੜੀਆਂ ਦੇ ਪਿਛਵਾੜੇ ਬਾਜ਼ਾਰੋਂ ਪਾਰ ਇਲਾਕੇ ਦੇ ਕਹਿੰਦੇ ਕਹਾਉਂਦੇ ਰਹੇ ਸੇਠ ਝੰਡੂ ਸ਼ਾਹ ਦੀ ਤਿੰਨ ਮੰਜ਼ਲੇ ਚੁਬਾਰਿਆਂ ਵਾਲੀ ਵੱਡੀ ਇਮਾਰਤ ਸੀ। ਉਹ ਮੇਰੇ ਪਿਤਾ ਦੇ ਪੜਨਾਨੇ ਕਿਸ਼ਨ ਸਿੰਘ ਦਾ ਸਮਕਾਲੀ ਸੀ ਅਤੇ ਦੇਸ਼-ਵੰਡ ਤੋਂ ਕਈ ਸਾਲ ਪਹਿਲਾਂ ਚੜ੍ਹਾਈ ਕਰ ਚੁੱਕਾ ਸੀ। ਹੁਣ ਇਸ ਭੁੱਲ-ਭੁਲੱਈਆਂ ਵਾਲੇ ਵੱਡੇ ਮਕਾਨ ਵਿੱਚ ਉਸਦੇ ਇਸ ਸਮੇਂ ਬਜ਼ੁਰਗ ਹੋ ਚੁੱਕੇ ਪੁੱਤਰ ਦੀਵਾਨ ਸ਼ਾਹ ਦੇ ਬਾਲ-ਬੱਚੜਦਾਰ ਪੰਜ ਪੁੱਤਰਾਂ ਦੀ ਰਿਹਾਇਸ਼ ਸੀ। ਇਹਨਾਂ ਦੇ ਨਾਂ ਸਨ: ਗੁਰਲਾਲ ਚੰਦ, ਗੋਪਾਲ ਚੰਦ, ਗੁਰਦਿਆਲ ਚੰਦ, ਗੁਰੂਦਾਸ ਅਤੇ ਰਾਮਦਾਸ। ਦੀਵਾਨ ਚੰਦ ਤੇ ਉਸਦੀ ਪਤਨੀ ਵੀ ਅਜੇ ਹਰੀ-ਕਾਇਮ ਸਨ। ਉਸ ਵੱਡੇ ਮਕਾਨ ਦੇ ਹੇਠਾਂ ਕਿਰਾਏ ਦੀਆਂ ਦੋ ਦੁਕਾਨਾਂ ਵਿੱਚ ਮਿਸਤਰੀ ਰਾਮ ਸਿੰਘ ਅਤੇ ਮਿਹਰ ਸਿੰਘ ਹੁਰੀਂ ਲੱਕੜੀ ਦਾ ਕਾਰੋਬਾਰ ਕਰਦੇ ਸਨ। ਸੰਦੂਕ, ਪਲੰਘ ਅਤੇ ਚਰਖ਼ੇ ਬਨਾਉਣ ਵਿੱਚ ਉਹਨਾਂ ਦੀ ਵਿਸ਼ੇਸ਼ ਮੁਹਾਰਤ ਸੀ। ਮਿਹਰ ਸਿੰਘ ਸਾਈਕਲ ਕਿਰਾਏ ‘ਤੇ ਦੇਣ ਅਤੇ ਮੁਰੰਮਤ ਦਾ ਕੰਮ ਵੀ ਨਾਲ ਨਾਲ ਕਰੀ ਜਾਂਦਾ ਸੀ। ਦੀਵਾਨ ਸ਼ਾਹ ਦਾ ਤੀਜੇ ਥਾਂ ਛੋਟਾ ਮੁੰਡਾ ਗੁਰਦਿਆਲ ਚੰਦ ਆਪਣੇ ਵੱਡੇ ਮਕਾਨ ਹੇਠਲੀ ਤੀਜੀ ਦੁਕਾਨ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਉਹ ਭਿੰਨ ਭਿੰਨ ਤਰ੍ਹਾਂ ਦੇ ਅਰਕ ਅਤੇ ਸ਼ਰਬਤ ਤਿਆਰ ਕਰਨ ਦਾ ਮਾਹਿਰ ਵੀ ਸੀ। ਹਫ਼ਤੇ ਦਸੀਂ ਦਿਨੀਂ ਅਰਕ ਕਸ਼ੀਦ ਕਰਨ ਲਈ ਉਸ ਵੱਲੋਂ ਚੜ੍ਹਾਈ ਭੱਠੀ ਵਿਚੋਂ ਮਹਿਕ ਭਿਜਿਆ ਧੂੰਆਂ ਉੱਠਦਾ ਰਹਿੰਦਾ। ਇਹ ਬਾਜ਼ਾਰ ਅੱਗੋਂ ਨਿੱਕਾ ਜਿਹਾ ਮੋੜ ਮੁੜ ਕੇ ਘਾਟੀ ਉੱਤਰ ਕੇ ਰਾਮਗੜ੍ਹੀਏ ਸਿੰਘਾਂ ਦੇ ਬਾਜ਼ਾਰ ਵਿੱਚ ਵਟ ਜਾਂਦਾ ਸੀ। ਦੂਰ ਤੱਕ ਇਸ ਬਾਜ਼ਾਰ ਦੇ ਦੋਹੀਂ ਪਾਸੀਂ ਲੱਕੜੀ ਦਾ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਦੁਕਾਨਾਂ ਸਨ। ਆਟਾ ਪੀਹਣ ਵਾਲੀਆਂ ਮਸ਼ੀਨਾਂ, ਲੱਕੜਾਂ ਚੀਰਦੇ ਆਰੇ। ਸੁਰ ਸਿੰਘ ਦੇ ਬਣੇ ਪਲੰਘ, ਸੰਦੂਕ, ਗੱਡੇ ਅਤੇ ਚਰਖ਼ੇ ਆਦਿ ਲੋਕ ਵੀਹ ਵੀਹ ਕੋਹਾਂ ਤੋਂ ਖ਼ਰੀਦਣ ਆਉਂਦੇ।
ਚੌਕ ਤੋਂ ਪਹਾੜ ਦੀ ਬਾਹੀ ਵੱਲ ਨਿਕਲਦੇ ਬਾਜ਼ਾਰ ਵਿੱਚ ਨੁੱਕਰ ਉੱਤੇ ਲਾਭ ਚੰਦ ਬਜਾਜੀ ਵਾਲੇ ਦੀ ਅਤੇ ਉਸਤੋਂ ਅੱਗੇ ਉਸਦੇ ਛੋਟੇ ਭਰਾ ਵੇਦ ਪ੍ਰਕਾਸ਼ ਦੀ ਕਰਿਆਨੇ ਦੀ ਦੁਕਾਨ ਸੀ ਅਤੇ ਅੱਗੇ ਸੀ ਸਾਡੀ ਗਾਡੀ ਦਰਵਾਜ਼ੇ ਵਾਲੀ ਵੱਡੀ ਡਿਓੜ੍ਹੀ ਜਿਹੜੀ ਪਹਾੜ ਵੱਲ ਪਾਸੇ ਜਾਂਦੇ ਮੇਨ ਬਾਜ਼ਾਰ ਵਿੱਚ ਖੁੱਲ੍ਹਦੀ ਸੀ। ਡਿਓੜ੍ਹੀ ਦੇ ਐਨ ਸਾਹਮਣੇ ਪਾਸੇ, ਪੰਦਰਾਂ-ਵੀਹ ਫੁੱਟ ਦਾ ਬਾਜ਼ਾਰ ਛੱਡ ਕੇ ਦੋ ਚੁਬਾਰਿਆਂ ਵਾਲੀ ਦੋ-ਮੰਜ਼ਿਲਾ ਇਮਾਰਤ ਸੀ। ਇਹ ਇਮਾਰਤ ਵੀ ਝੰਡੂ-ਸ਼ਾਹ-ਦੀਵਾਨ ਸ਼ਾਹ ਹੁਰਾਂ ਦੀ ਸੀ ਪਰ ਦਿਨਾਂ ਦੇ ਫੇਰ ਕਰਕੇ ਦੀਵਾਨ ਸ਼ਾਹ ਹੁਰਾਂ ਨੂੰ ਇਹ ਲਾਭ ਚੰਦ ਅਤੇ ਵੇਦ ਪ੍ਰਕਾਸ਼ ਦੇ ਪਿਤਾ ਜੈ ਰਾਮ ਕੋਲ ਗਹਿਣੇ ਕਰਨੀ ਪਈ ਸੀ; ਜਿੱਥੇ ਮੇਰੀ ਮੁਢਲੀ ਸੰਭਾਲ ਵੇਲੇ ਪਿੰਡ ਦਾ ਪਟਵਾਰੀ ਰਿਹਾ ਕਰਦਾ ਸੀ। ਫਿਰ ਕੁੱਝ ਸਾਲ ਓਥੇ ਕਰਮ ਚੰਦ ਮੋਚੀ ਵੀ ਰਹਿੰਦਾ ਰਿਹਾ। ਪਿੱਛੋਂ ਦੀਵਾਨ ਸ਼ਾਹ ਹੁਰਾਂ ਇਹ ਇਮਾਰਤ ਛੁਡਵਾ ਲਈ ਸੀ। ਇਸ ਇਮਾਰਤ ਦੇ ਪਿਛਲੇ ਦੋ ਕਮਰਿਆਂ ਅੱਗੇ ਓਡਾ ਹੀ ਲੰਮਾਂ ਚੌੜਾ ਬਰਾਂਡਾ ਸੀ। ਇਹਨਾਂ ਦੋਵਾਂ ਚੁਬਾਰਿਆਂ ਦੇ ਹੇਠਾਂ ਦੋ ਦੁਕਾਨਾਂ ਸਨ। ਸਾਡੀ ਡਿਓੜ੍ਹੀ ਨੂੰ ਐਨ ਸਾਹਮਣੇ ਦੀਵਾਨ ਸ਼ਾਹ ਦੇ ਸਭ ਤੋਂ ਵੱਡੇ ਲੜਕੇ ਗੁਰਲਾਲ ਸ਼ਾਹ ਦੀ ਮੁਨਿਆਰੀ ਦੀ ਦੁਕਾਨ ਸੀ, ਜਿਸਨੂੰ ਕੁੱਝ ਸਾਲਾਂ ਬਾਅਦ ਉਸਨੇ ਹਲਵਾਈ ਦੀ ਦੁਕਾਨ ਵਿੱਚ ਬਦਲ ਲਿਆ। ਦੂਜੀ ਦੁਕਾਨ ਵਿੱਚ ਗੋਪਾਲ ਚੰਦ ਦੇ ਮੁੰਡੇ ਕਰਿਆਨੇ ਦੀ ਦੁਕਾਨ ਕਰਨ ਲੱਗੇ ਸਨ। ਉੱਪਲਰੇ ਚੁਬਾਰਿਆਂ ਵਿੱਚੋਂ ਇੱਕ ਵਿੱਚ ਗੁਰਲਾਲ ਸ਼ਾਹ ਦਾ ਪਰਿਵਾਰ ਅਤੇ ਦੂਜੇ ਵਿੱਚ ਉਸਦੇ ਛੋਟੇ ਭਰਾ ਗੋਪਾਲ ਦਾਸ ਦਾ ਪਰਿਵਾਰ ਆ ਵੱਸਿਆ ਸੀ। ਸਾਡੀ ਡਿਓੜ੍ਹੀ ਦੇ ਖੱਬੇ ਹੱਥ ਬਾਜ਼ਾਰ ਵਿੱਚ ਡਾਕਟਰ ਕਰਮ ਚੰਦ ਦੀ ਦੁਕਾਨ ਸੀ। ਸਾਡੇ ਘਰ ਦੇ ਲਹਿੰਦੇ ਪਾਸੇ ਵਾਲੇ ਮੁਸਲਮਾਨੀ ਘਰਾਂ ਵਿੱਚ ਪਾਕਿਸਤਾਨੋਂ ਆਏ ਹਿੰਦੂ-ਸਿੱਖ ਵੱਸ ਗਏ ਸਨ। ਸਾਡੇ ਘਰ ਦੇ ਪਿਛਵਾੜੇ ਰਾਮ ਚੰਦ ਅਤੇ ਬੁੱਢਾ ਸਿੰਘ ਪੈਂਚ ਆ ਵੱਸਿਆ ਸੀ। ਖੱਬੇ ਹੱਥ ਡਾਕਟਰ ਕਰਮ ਚੰਦ ਦੀ ਦੁਕਾਨ ਦੇ ਪਿਛਲਾ ਘਰ ਠਾਕਰ ਸਿੰਘ ਝਟਕਈ ਨੇ ਮੱਲ ਲਿਆ ਸੀ।
ਮੇਰੇ ਪਿਓ ਦੇ ਮਾਮੇ ਮਾਮੀ ਦਾ ਜਾਂ ਹੁਣ ਇਹ ਕਹਿ ਲਈਏ ਕਿ ਸਾਡਾ ਭਾਈਚਾਰਾ ਤਾਂ ਦੂਰ ਚੰਦੂ ਕੀ ਪੱਤੀ ਵਿੱਚ ਸੀ। ਅਸੀਂ ਓਧਰ ਵੀ ਦੁੱਖ-ਸੁੱਖ ਦੇ ਵੇਲੇ, ਕੰਮ-ਧੰਦੇ ਲਈ ਆਉਂਦੇ ਜਾਂਦੇ ਰਹਿੰਦੇ, ਪਰ ਅਕਸਰ ਸਾਡਾ ਰੋਜ਼ਾਨਾ ਮੇਲ-ਜੋਲ ਆਪਣੇ ਆਂਢ-ਗੁਆਂਢ ਨਾਲ ਹੀ ਸੀ। ਇਹਨਾਂ ਵਿੱਚ ਭਾਵੇਂ ਬਹੁਤੇ ਬਾਹਮਣ-ਖੱਤਰੀ ਹੀ ਸਨ ਪਰ ਸਾਡੇ ਘਰ ਦੇ ਨਾਲ ਨਾਲ ਮੋਚੀ, ਝਟਕਈ, ਸੁਨਿਆਰ, ਲੋਹਾਰ, ਤਰਖ਼ਾਣ, ਪੈਂਚ (ਮਹਿਰੇ) ਆਦਿ ਵੀ ਵੱਸਦੇ ਸਨ। ਮੇਰੇ ਪਿਓ ਤੋਂ ਉਮਰ ਵਿੱਚ ਛੋਟੇ ਸਾਰੇ ਆਂਢੀ-ਗੁਆਂਢੀ ਮੇਰੇ ‘ਚਾਚੇ’ ਸਨ ਅਤੇ ਵੱਡੇ ਮੇਰੇ ‘ਤਾਏ’। ਉਹਨਾਂ ਦੇ ਬੱਚਿਆਂ ਨਾਲ ਹੀ ਮੇਰੀ ਦੋਸਤੀ ਸੀ, ਭਾਵੇਂ ਕਿ ਸਾਡੇ ਭਾਈਚਾਰੇ ਦੇ ਜੱਟਾਂ ਦੇ ਮੁੰਡੇ ਵੀ ਮੇਰੇ ਦੋਸਤ ਸਨ। ਨਾ ਮੈਨੂੰ ਡਾਕਟਰ ਕਰਮ ਚੰਦ ਦਾ ਮੁੰਡਾ ਗੁਲਜ਼ਾਰੀ ਲਾਲ ਓਪਰਾ ਲੱਗਦਾ ਸੀ, ਨਾ ਹੀ ਬੁੱਢਾ ਸਿੰਘ ਮਹਿਰੇ ਦਾ ਮੁੰਡਾ ਤਾਰੀ ਅਤੇ ਨਾ ਹੀ ਪ੍ਰੀਤਮ ਸੁੰਹ ਸੁਨਿਆਰੇ ਦਾ ਮੁੰਡਾ ਮੁੱਖਾ। ਠਾਕਰ ਸਿੰਘ ਝਟਕਈ ਦਾ ਸਾਲਾ ਅਰਜਨ ਵੀ ਮੇਰਾ ਬੇਲੀ ਸੀ ਅਤੇ ਹਰਨਾਮ ਦਰਜ਼ੀ ਦਾ ਮੁੰਡਾ ਪਿਆਰਾ ਵੀ। ਜ਼ਾਤ-ਪਾਤ ਮੰਨਣ ਵਾਲੀ ਕੱਟੜ ਹਉਮੈਂ ਮੇਰੇ ਵਿੱਚ ਬਚਪਨ ਤੋਂ ਹੀ ਨਹੀਂ ਸੀ। ਅਸੀਂ ਸਭ ਯਾਰ-ਬੇਲੀ ਸਾਂ। ਮੇਰੇ ਵਿੱਚ ਜਾਤ-ਪਾਤੀ ਖੁੱਲ੍ਹ-ਦਿਲੀ ਅਤੇ ਸਹਿਣਸ਼ੀਲਤਾ ਦਾ ਇੱਕ ਕਾਰਨ ਇਹ ਵੀ ਹੈ ਕਿ ਮੈਂ ਅਜਿਹੇ ਸਰਬ-ਸਾਂਝੇ ਮਾਹੌਲ ਵਿੱਚ ਪਲਿਆ। ਅਸੀਂ ਵਿਆਹਾਂ-ਸ਼ਾਦੀਆਂ, ਖ਼ੁਸ਼ੀ-ਗ਼ਮੀ ਵਿੱਚ ਇੱਕ ਦੂਜੇ ਦੇ ਘਰ ਸਕਿਆਂ ਵਾਂਗ ਹੀ ਆਉਂਦੇ-ਜਾਂਦੇ। ਇੱਕ ਦੂਜੇ ਦੇ ਘਰ ਖੇਡਦੇ। ਇੱਕ ਦੂਜੇ ਦੇ ਘਰੋਂ ਹੀ ਖਾ-ਪੀ ਲੈਂਦੇ। ਕੋਈ ਵਿਤਕਰਾ ਨਹੀਂ ਸੀ। ਵੱਡਿਆਂ ਦੇ ਸਮੇਂ ਤੋਂ ਲੈ ਕੇ ਭਾਈਚਾਰਿਆਂ ਦਾ ਇਹ ਪਿਆਰ ਬਣਿਆ ਹੋਇਆ ਸੀ।
ਇੰਜ ਸਾਡੇ ਘਰ ਦਾ ਡਿਓੜ੍ਹੀ ਵੱਲ ਦਾ ਮੁੱਖ ਦਰਵਾਜ਼ਾ ਜਿੱਥੇ ਪਹਾੜ ਦੀ ਬਾਹੀ ਵਾਲੇ ਬਾਜ਼ਾਰ ਵਿੱਚ ਖੁੱਲ੍ਹਦਾ ਸੀ ਓਥੇ ਲਹਿੰਦੇ ਵੱਲ ਦੇ ਬਾਜ਼ਾਰ ਵਿੱਚ ਸਾਡੀਆਂ ਦੋ ਕੋਠੜੀਆਂ ਦੇ ਦਰਵਾਜ਼ੇ ਖੁੱਲ੍ਹਦੇ ਸਨ। ਕਈ ਲੋਕ ਤਾਂ ਕਦੀ ਕਦੀ ਰਸ਼ਕ ਨਾਲ ਇਹ ਵੀ ਆਖਦੇ ਕਿ ਕਿਆ ਜੱਟਾਂ ਨੇ ਪਿੰਡ ਦੀ ਧੁੰਨੀ ਸਮਝੇ ਜਾਣ ਵਾਲੇ ਅਤੇ ਨਿਰੋਲ ਹਿੰਦੂ ਆਬਾਦੀ ਵਾਲੇ ਕੇਂਦਰੀ ਹਿੱਸੇ ਉੱਤੇ ਕਬਜ਼ਾ ਆਣ ਜਮਾਇਆ ਹੈ! ਕਬਜ਼ਾ ਤਾਂ ਇਹ ਪਤਾ ਨਹੀਂ ਕਦੋਂ ਕੁ ਦਾ ਸੀ! ਪਰ ਪੀੜ੍ਹੀਆਂ ਤੋਂ ਕਦੀ ਸਾਡੇ ਪਰਿਵਾਰ ਦੇ ਵਡੇਰਿਆਂ ਦੀ ਆਪਣੇ ਆਸੇ ਪਾਸੇ ਰਹਿੰਦੇ ਲੋਕਾਂ ਨਾਲ ਕਹੀ-ਸੁਣੀ ਨਹੀਂ ਸੀ ਹੋਈ। ਸਾਰੇ ਆਪਸ ਵਿੱਚ ਬੜੀ ਸਦ-ਭਾਵਨਾ ਨਾਲ ਰਹਿੰਦੇ ਸਨ। ਜਦੋਂ ਅਜੇ ਇਹ ਥਾਂ ਸਿਰਫ਼ ਹਵੇਲੀ ਵਜੋਂ ਹੀ ਵਰਤੋਂ ਵਿੱਚ ਆਉਂਦੀ ਸੀ ਅਤੇ ਸਾਡਾ ਪਰਿਵਾਰ ਅੰਦਰਲੇ ਘਰੋਂ ਆ ਕੇ ਏਥੇ ਰਹਿਣ ਨਹੀਂ ਸੀ ਲੱਗਾ, ਉਦੋਂ ਤਾਂ ਇਸ ਖੁੱਲ੍ਹੀ ਹਵੇਲੀ ਵਿੱਚ ਪਿੰਡ ਦੇ ਹਿੰਦੂ ਭਾਈਚਾਰੇ ਵੱਲੋਂ ਰਾਮ-ਲੀਲਾ ਵੀ ਖੇਡੀ ਜਾਂਦੀ, ਜਿਸ ਵਿੱਚ ਸਿੱਖ ਮੁੰਡੇ ਵੀ ਪਾਰਟ ਕਰਦੇ। ਵੇਖਦੇ ਤਾਂ ਇਸਨੂੰ ਹਿੰਦੂ-ਸਿੱਖ ਸਾਰੇ ਹੀ ਰਲ-ਮਿਲ ਕੇ ਸਨ।
ਡਿਓੜ੍ਹੀ ਵਿੱਚ ਬਾਬੇ ਕਿਸ਼ਨ ਸਿੰਘ ਵੇਲੇ ਦੀਆਂ ਰੌਣਕਾਂ ਹੁਣ ਵੀ ਲੱਗਦੀਆਂ ਸਨ। ਮੇਰੀ ਸੰਭਾਲ ਵਿੱਚ ਵੀ ਤਿੰਨ-ਚਾਰ ਵੱਡੇ ਪਾਵਿਆਂ ਵਾਲੇ ਪਲੰਘ ਡਿਓੜ੍ਹੀ ਵਿੱਚ ਡੱਠੇ ਰਹਿੰਦੇ; ਜਿੱਥੇ ਪੰਜ-ਸੱਤ ਬੰਦੇ ਬੈਠੇ ਹੁੰਦੇ। ਜੱਗ-ਜਹਾਨ ਦੀਆਂ ਗੱਲਾਂ ਕਰਦੇ। ਡਿਓੜ੍ਹੀ ਦਾ ਵੱਡਾ ਦਰਵਾਜ਼ਾ ਸਾਰੀ ਦਿਹਾੜੀ ਖੁੱਲ੍ਹਾ ਰਹਿੰਦਾ। ਬਾਹਰਲੇ ਪਿੰਡਾਂ ਤੋਂ ਸੌਦਾ-ਸੂਤ ਲੈਣ ਆਉਣ ਵਾਲੇ ਬੰਦੇ ਆਪਣੀਆਂ ਘੋੜੀਆਂ ਨੂੰ ਸਾਡੀ ਹਵੇਲੀ ਵਿੱਚ ਬੰਨ੍ਹਦੇ। ਪਾਣੀ-ਧਾਣੀ ਪੀਂਦੇ। ਕੰਮ-ਧੰਦਾ ਕਰਨ ਤੋਂ ਬਾਅਦ ਬੈਠੀ ਸੰਗਤ ਦਾ ਸਾਥ ਵੀ ਮਾਣਦੇ। ਆਪਣੇ ਪਿੰਡਾਂ ਦੀਆਂ ਖ਼ਬਰਾਂ ਸੁਣਾਉਂਦੇ, ਏਥੋਂ ਦੀਆਂ ਸੁਣਦੇ। ਪੜ੍ਹਿਆ-ਲਿਖਿਆ ਕੋਈ ਜਣਾ ਅਖ਼ਬਾਰ ਪੜ੍ਹ ਕੇ ਖ਼ਬਰਾਂ ਸੁਣਾਉਂਦਾ। ਮੇਰੇ ਪਿਓ ਦਾ ਹਾਣੀ ਸੂਰਜਜੀਤ ਸਿੰਘ ਸੰਧੂ, ਜੋ ਪਿੱਛੋਂ ਕਨੇਡਾ ਜਾ ਵੱਸਿਆ, ਆਪਣੀ ‘ਪ੍ਰੀਤ-ਲੜੀ’ ਵੀ ਸਾਡੀ ਡਿਓੜ੍ਹੀ ਵਿੱਚ ਲੈ ਕੇ ਆ ਜਾਂਦਾ ਅਤੇ ਇਸ ਵਿਚੋਂ ਕੰਮ ਦੀਆਂ ਗੱਲਾਂ ਪੜ੍ਹ ਕੇ ਸੁਣਾਉਂਦਾ। ਪਿਛੋਂ ਇਹ ‘ਪ੍ਰੀਤ-ਲੜੀ’ ਮੇਰਾ ਪਿਓ ਪੜ੍ਹਦਾ। ਮੈਨੂੰ ਹੁਣ ਵੀ ਯਾਦ ਹੈ ਜਦੋਂ ਮੈਂ ਅੱਠ-ਨੌਂ ਕੁ ਸਾਲ ਦਾ ਸਾਂ ਤਾਂ ਮੇਰੀ ਮਾਂ ਮੇਰੇ ਵਾਲਾਂ ਵਿੱਚ ਘਿਓ ਝੱਸ ਰਹੀ ਸੀ ਤੇ ਮੈਂ ਮੂੰਹ ਅੱਗੇ ਆਏ ਵਾਲਾਂ ਨੂੰ ਪਾਸੇ ਕਰਕੇ ‘ਪ੍ਰੀਤ-ਲੜੀ’ ਵਿੱਚ ਗੁਰਬਖ਼ਸ਼ ਸਿੰਘ ਦਾ ਪ੍ਰਸ਼ਨ-ਉੱਤਰ ਵਾਲਾ ਕਾਲਮ ‘ਮੇਰੇ ਝਰੋਖੇ ‘ਚੋਂ’ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸਾਂ।
ਪਚਵੰਜਾ ਵਿੱਚ ਆਏ ਵੱਡੇ ਮੀਹਾਂ ਤੇ ਹੜ੍ਹਾਂ ਕਰਕੇ ਪਿੰਡ ਵਿੱਚ ਬੜੇ ਮਕਾਨ ਢਹਿ ਗਏ। ਡਿਓੜ੍ਹੀ ਦੇ ਖੱਬੇ ਹੱਥ ਵਾਲੀ ਦੁਕਾਨ ਵੀ ਢਹਿ ਗਈ ਤੇ ਨਾਲ ਹੀ ਉਸ ਦੁਕਾਨ ਅਤੇ ਡਿਓੜ੍ਹੀ ਵਿਚਕਾਰਲੀ ਸਾਂਝੀ ਕੰਧ ਵੀ। ਡਿਓੜ੍ਹੀ ਦੀ ਛੱਤ ਦਾ ਇਸ ਪਾਸੇ ਵਾਲਾ ਹਿੱਸਾ ਵੀ ਨੁਕਸਾਨਿਆਂ ਗਿਆ। ਨਾ ਉਹ ਦੁਕਾਨ ਕਿਸੇ ਬਣਾਈ ਤੇ ਨਾ ਹੀ ਵਿਚਕਾਰਲੀ ਕੰਧ। ਸਿੱਟੇ ਵਜੋਂ ਹੌਲੀ ਹੌਲੀ ਹਵੇਲੀ ਦੀ ਛੱਤ ਡਿੱਗਦੀ ਵੇਖ ਅਸੀਂ ਆਪ ਹੀ ਢਾਹ ਦਿੱਤੀ। ਵਿਚਕਾਰਲੀ ਕੱਚੀ ਕੰਧ ਦਸ ਕੁ ਫੁੱਟ ਉੱਚੀ ਕਰਕੇ ਓਹਲਾ ਕਰ ਲਿਆ। ਉਂਜ ਕੁੱਝ ਸਾਲ ਪਿੱਛੋਂ ਅਸੀਂ ਡਿਓੜ੍ਹੀ ਦੇ ਬਾਹਰਲੇ ਤੀਹ ਕੁ ਫੁੱਟ ਲੰਮੇ ਪੱਕੇ ਮੱਥੇ ਵਿਚੋਂ ਇੱਕ ਪਾਸੇ ਬਾਰਾਂ ਕੁ ਫੁੱਟ ਦਾ ਦਰਵਾਜ਼ਾ ਬਣਾ ਕੇ ਤੇ ਘਰ ਲਈ ਰਾਹ ਛੱਡ ਕੇ ਬਾਕੀ ਹਿੱਸੇ ਵਿੱਚ ਲੰਮੀ ਪੱਕੀ ਬੈਠਕ ਪਾ ਲਈ ਸੀ। ਪਰ ਮੈਂ ਜਿਹੜੀ ਗੱਲ ਸੁਨਾਉਣ ਲੱਗਾ ਹਾਂ ਉਹ ਉਦੋਂ ਦੀ ਹੈ ਜਦੋਂ ਡਿਓੜ੍ਹੀ ਢਹਿ ਚੁੱਕੀ ਸੀ ਅਤੇ ਇਹ ਥਾਂ ਅਜੇ ਖਾਲੀ ਹੀ ਪਿਆ ਸੀ। ਅਸੀਂ ਏਥੇ ਆਪਣੇ ਡੰਗਰ ਬੰਨ੍ਹਦੇ ਸਾਂ। ਡਿਓੜ੍ਹੀ ਦੇ ਖੱਬੇ ਹੱਥ ਦੁਕਾਨ ਵਾਲਾ ਥਾਂ ਜਿਹੜਾ ਖੋਲਾ ਹੋ ਚੁਕਿਆ ਸੀ, ਉਹ ਥਾਂ ਡਾਕਟਰ ਕਰਮ ਚੰਦ ਨੇ ਮੁੱਲ ਲੈ ਲਿਆ ਸੀ ਅਤੇ ਉਹ ਏਥੇ ਆਪਣੀ ਨਵੀਂ ਪੱਕੀ ਦੁਕਾਨ ਬਨਾਉਣੀ ਚਾਹੁੰਦਾ ਸੀ। ਪਹਿਲਾਂ ਉਹ ਤਿੰਨ ਕੁ ਦੁਕਾਨਾਂ ਦੂਰ ਇੱਕ ਕੱਚੀ ਦੁਕਾਨ ਵਿੱਚ ਆਪਣਾ ਕਲਿਨਕ ਚਲਾਉਂਦਾ ਸੀ।
ਕਰਮ ਚੰਦ ਨੂੰ ਨਵੀਂ ਬਣਾਈ ਜਾਣ ਵਾਲੀ ਦੁਕਾਨ ਦੇ ਹਿਸਾਬ ਨਾਲ ਮੁੱਲ ਲਿਆ ਗਿਆ ਥਾਂ ਥੋੜ੍ਹਾ ਲੱਗਦਾ ਸੀ। ਕਰਮ ਚੰਦ ਦੀ ਹਸਰਤ ਸੀ ਕਿ ਦੁਕਾਨ ਥੋੜ੍ਹੀ ਹੋਰ ਖੁੱਲ੍ਹੀ ਹੋ ਜਾਂਦੀ! ਪਰ ਹੁੰਦੀ ਕਿਵੇਂ? ਜਦੋਂ ਨੀਹਾਂ ਪੁੱਟਣ ਲਈ ਵਿਚਕਾਰਲੀ ਸਾਂਝੀ ਕੰਧ ਢਾਹ ਦਿੱਤੀ ਗਈ ਤਾਂ ਕਰਮ ਚੰਦ ਨੇ ਨਾਲ ਰਲਦੇ ਸਾਡੀ ਡਿਓੜ੍ਹੀ ਵਾਲੇ ਖਾਲੀ ਥਾਂ ਵੱਲ ਵੇਖ ਕੇ ਕੋਲ ਖਲੋਤੇ ਮੇਰੇ ਪਿਓ ਨੂੰ ਵਿਗੋਚੇ ਦੇ ਭਾਵ ਨਾਲ ਕਿਹਾ, “ਦੀਦਾਰ, ਮੈਨੂੰ ਪਤੈ ਕਿ ਚਾਚੇ (ਹਕੀਕਤ ਸਿੰਘ) ਨੇ ਮੰਨਣਾ ਨਹੀਂ ਪਰ ਜੇ ਤੁਸੀਂ ਆਪਣੇ ਥਾਂ ਵਿਚੋਂ ਆਪਣੇ ਪਾਸਿਓਂ ਦੁਕਾਨ ਦੀ ਸੇਧ ਵਿੱਚ ਗਜ਼ ਭਰ ਲੀਰ ਦੀ ਲੀਰ ਮੈਨੂੰ ਛੱਡ ਦਿਓ ਤਾਂ ਕਿਆ ਕਹਿਣੇ! ਤੁਹਾਡੇ ਕੋਲ ਬਥੇਰਾ ਥਾਂ ਪਿਆ ਹੈ। ਪੈਸੇ ਜਿੰਨੇ ਆਖੋ ਓਨੇ ਦੇਣ ਨੂੰ ਤਿਆਰ ਹਾਂ।” ਪਰ ਉਹਦੀ ਹਿੰਮਤ ਨਹੀਂ ਸੀ ਪੈਂਦੀ ਕਿ ਬਾਪੂ ਹਕੀਕਤ ਸਿੰਘ ਨੂੰ ਆਖੇ ਕਿ ਏਨੀ ਕੁ ਥਾਂ ਉਸਨੂੰ ਮੁੱਲ ਦੇ ਦਵੇ।
‘ਥਾਂ ਭਾਵੇਂ ਬਥੇਰਾ ਪਿਆ ਸੀ!’ ਪਰ ਹਵੇਲੀ ਨਾਲ ਤਾਂ ਹਕੀਕਤ ਸਿੰਘ ਦੇ ਖ਼ਾਨਦਾਨ ਦੇ ਸੰਸਕਾਰ ਜੁੜੇ ਹੋਏ ਸਨ। ਉਹ ਆਪ ਹੀ ਦੱਸਦਾ ਹੁੰਦਾ ਸੀ। ਦੀਵਾਨ ਸ਼ਾਹ ਦੇ ਪਿਓ ਤੇ ਗੁਰਲਾਲ ਸ਼ਾਹ ਦੇ ਦਾਦੇ ਝੰਡੂ ਸ਼ਾਹ ਨੇ, ਜਿਹਦੀ ਸ਼ਾਹੂਕਾਰੀ ਇਲਾਕੇ ਵਿੱਚ ਚੱਲਦੀ ਸੀ ਅਤੇ ਜਿਹਦੇ ਬਣਾਏ ਮਕਾਨ ਹਵੇਲੀ ਦੇ ਦੋਵੇਂ ਪਾਸੇ ਅਸਮਾਨ ਨੂੰ ਛੂੰਹਦੇ ਸਨ, ਕਿਸ਼ਨ ਸੁੰਹ ਨੂੰ ਆਖਿਆ ਸੀ, “ਸਰਦਾਰ ਕਿਸ਼ਨ ਸਿਅ੍ਹਾਂ! ਚਾਦਰ ਵਿਛਾ ਕੇ ਜਿੰਨੇ ਪੈਸੇ ਪਾਏ ਜਾ ਸਕਦੇ ਈ, ਪਾ ਲੈ ਪਰ ਇਹ ਹਵੇਲੀ ਮੈਨੂੰ ਦੇ ਦੇਹ, ਮੇਰੇ ਨਾਲ ਲੱਗਦੀ ਹੈ।”
“ਸ਼ਾਹ ਉਂਜ ਇਹ ਹਵੇਲੀ ਤੇਰੀ ਹੀ ਐ। ਆਪਣਾ ਕੁੱਝ ਵੀ ਵੰਡਿਆ ਨਹੀਂ। ਜਿਵੇਂ ਚਾਹੇ ਵਰਤ। ਪਰ ਮੁੱਲ ਲੈਣ ਦੀ ਗੱਲ ਮੁੜ ਕੇ ਨਾ ਮੈਨੂੰ ਆਖੀਂ। ਮੈਂ ਤਾਂ ਤੈਨੂੰ ਕਦੇ ਨਹੀਂ ਆਖਿਆ ਕਿ ਤੇਰੇ ਮਕਾਨ ਮੇਰੇ ਨਾਲ ਲੱਗਦੇ ਨੇ! ਏਦਾਂ ਹਵਸ ਵਧਾਈ ਚੰਗੀ ਨਹੀਂ ਹੁੰਦੀ ਝੰਡੂ ਸ਼ਾਹ! ਆਪਾਂ ਭਰਾ-ਭਰਾ ਗੁਆਂਢ ਵਿੱਚ ਭਰਾਵਾਂ ਵਾਂਗ ਰਹੀਏ। ਕਿਸੇ ਨੂੰ ਢਾਹੁਣ ਜਾਂ ਉਸ ਤੋਂ ਖੋਹਣ ਬਾਰੇ ਨਾ ਸੋਚੀਏ।” ਕਿਸ਼ਨ ਸਿੰਘ ਨੇ ਉਸਨੂੰ ਕੌੜ ਨਾਲ ਆਖਿਆ ਸੀ। ਪਿੱਛੋਂ ਤੋਂ ਚੱਲੀ ਆਉਂਦੀ ਇਹ ਗੱਲ ਸਭ ਨੂੰ ਹੀ ਪਤਾ ਸੀ।
ਹੁਣ ਕਰਮ ਚੰਦ ਉਸ ਹਵੇਲੀ ਵਿੱਚੋਂ ਕੁੱਝ ਥਾਂ ‘ਮੁੱਲ’ ਲੈਣਾ ਚਾਹੁੰਦਾ ਸੀ। ਉਸਨੂੰ ਵੀ ਪਤਾ ਸੀ ਕਿ ਹਕੀਕਤ ਸਿੰਘ ਉਸਨੂੰ ਇਹ ਥਾਂ ਕਦੋਂ ਮੁੱਲ ਦੇਣ ਲੱਗਾ ਹੈ! ਜਦੋਂ ਉਸਨੇ ਆਪਣੀ ਇਹ ਹਸਰਤ ਮੇਰੇ ਪਿਓ ਨਾਲ ਸਾਂਝੀ ਕੀਤੀ ਤਾਂ ਮੇਰੇ ਪਿਓ ਨੇ ਮੁਸਕਰਾ ਕੇ ਕਿਹਾ, “ਪੈਸਿਆਂ ਦੀ ਗੱਲ ਤਾਂ, ਡਾਕਟਰ ਜੀ, ਤੁਸੀਂ ਛੱਡੋ। ਉਂਜ ਆਪਾਂ ਐਂ ਕਰਦੇ ਆਂ…ਮਾਮੇ ਨੂੰ ਕਿਤੇ ਵਾਂਢੇ ਘਲਾ ਦੇਨੇਂ ਆਂ। ਪਿੱਛੋਂ ਆਪਾਂ ਨੀਂਹ ਰਖਾ ਕੇ ਕੰਧ ਚੁਕ ਦਿਆਂਗੇ। ਮਾਮਾ ਜਦੋਂ ਨੂੰ ਆਊ ਉਦੋਂ ਵੇਖੀ ਜਾਊ……।”
ਕਰਮ ਚੰਦ ਝਿਜਕਦਾ ਅਤੇ ਡਰਦਾ ਵੀ ਸੀ। ਉਸਨੂੰ ਪਤਾ ਸੀ ਕਿ ਵਿਗੜ ਜਾਣ ਤੇ ਹਕੀਕਤ ਸਿੰਘ ਤਲਵਾਰ ਵੀ ਕੱਢ ਸਕਦਾ ਸੀ। ਪਰ ਮੇਰੇ ਪਿਤਾ ਨੇ ਬਾਪੂ ਨੂੰ ਕਿਤੇ ਕਿਸੇ ਕੰਮ ਵਾਂਢੇ ਜਾਣਾ ਮਨਾ ਹੀ ਲਿਆ। ਉਹਨਾਂ ਨੂੰ ਆਸ ਸੀ ਕਿ ਅੱਜ ਸ਼ਾਮ ਦਾ ਗਿਆ ਉਹ ਪੰਦਰਾਂ ਵੀਹਾਂ ਕੋਹਾਂ ਤੋਂ ਕੱਲ੍ਹ ਸ਼ਾਮ ਤੱਕ ਤੋਂ ਪਹਿਲਾਂ ਤਾਂ ਮੁੜਨ ਹੀ ਨਹੀਂ ਲੱਗਾ। ਚਾਹਵੇ ਤਾਂ ਦੋ ਤਿੰਨ ਦਿਨ ਲਾ ਆਵੇ। ਸਵੇਰੇ ਨੀਂਹ ਰੱਖੀ ਜਾਣੀ ਸੀ। ਰਾਜ ਮਿਸਤਰੀ ਅਜੇ ਸੰਦ-ਵਲੇਵੇਂ ਸੂਤ ਹੀ ਕਰਦੇ ਫ਼ਿਰਦੇ ਸਨ ਤੇ ਕਰਮ ਚੰਦ ਅਤੇ ਮੇਰਾ ਪਿਤਾ ਥਾਂ ਦਾ ਜਾਇਜ਼ਾ ਹੀ ਲੈਂਦੇ ਫ਼ਿਰਦੇ ਸਨ ਕਿ ਬਾਪੂ ਹਕੀਕਤ ਸਿੰਘ ਮੌਕੇ ‘ਤੇ ਹੀ ਪੁੱਜ ਗਿਆ। ਕੀਤਾ ਤਾਂ ਅਜੇ ਭਾਵੇਂ ਕੁੱਝ ਨਹੀਂ ਸੀ ਪਰ ਦੋਹਾਂ ਨੂੰ ਜਾਪਿਆ ਜਿਵੇਂ ਚੋਰ ਸੰਨ੍ਹ ਉੱਤੋਂ ਫੜ੍ਹਿਆ ਗਿਆ ਹੋਵੇ। ਉਹਨਾਂ ਦੀ ਬਣਾਈ ਸਕੀਮ ਉੱਤੇ ਪਾਣੀ ਫ਼ਿਰ ਗਿਆ ਸੀ।
“ਸੁਣ ਓਏ ਦੀਦਾਰ! ਤੇ ਕਰਮ ਚੰਦਾ ਤੂੰ ਵੀ ਸੁਣ! ਮੇਰੇ ਨਾਲ ਹੇਰਾ ਫ਼ੇਰੀ ਮਾਰਦੇ ਸਾਓ!”
ਸੁਣ ਕੇ ਦੋਹਾਂ ਦੇ ਚਿਹਰੇ ਉੱਤੇ ਤਰੇਲੀ ਆ ਗਈ। ਉਹਨਾਂ ਸਹਿਮੀਆਂ ਨਜ਼ਰਾਂ ਨਾਲ ਬਾਪੂ ਦੇ ਚਿਹਰੇ ਵੱਲ ਵੇਖਿਆ। ਮੈਂ ਇਸ ਮੌਕੇ ਦਾ ਚਸ਼ਮਦੀਦ ਗਵਾਹ ਹਾਂ। ਪਰ ਬਾਪੂ ਤਾਂ ਮੁਸਕੜੀਏ ਹੱਸ ਰਿਹਾ ਸੀ, “ਦਾਈਆਂ ਤੋਂ ਪੇਟ ਨਹੀਂ ਲੁਕੇ ਰਹਿੰਦੇ। ਜਿਹੜੀ ਤੁਹਾਡੇ ਢਿੱਡ ‘ਚ ਐ, ਉਹ ਮੇਰਿਆਂ ਨਹੁੰਆਂ ‘ਚ ਐ। ਐਧਰ ਆ ਓ ਮਿਸਤਰੀ” ਉਹਨੇ ਰਾਜ ਮਿਸਤਰੀ ਨੂੰ ਆਵਾਜ਼ ਮਾਰੀ, “ਆਹ ਲੈ…ਐਥੇ ਕੰਧ ਕੀਤਿਆਂ ਇਹਦੀ ਦੁਕਾਨ ਠੀਕ ਬਣ ਜੂ……।”
ਉਹਨੇ ਜ਼ਮੀਨ ‘ਤੇ ਪੈਰ ਰੱਖਿਆ। ਇਹ ਕਰਮ ਚੰਦ ਤੇ ਮੇਰੇ ਪਿਓ ਵੱਲੋਂ ਪਹਿਲਾਂ ਮਿਥੇ ਹੋਏ ਥਾਂ ਤੋਂ ਵੀ ਡੇਢ ਫੁੱਟ ਅੰਦਰ ਨੂੰ ਸੀ।
“ਬਾਪੂ ਜੀ! ਸਰਦਾਰ ਜੀ, ਵਾਧੂ” ਮਿਸਤਰੀ ਕਾਂਡੀ ਫੜੀ ਅਹੁਲ ਕੇ ਉਸ ਵੱਲ ਵਧਿਆ। ਮੇਰਾ ਪਿਤਾ ਅਤੇ ਕਰਮ ਚੰਦ ਅਜੇ ਵੀ ਬੁੱਤ ਬਣੇ ਖੜੋਤੇ ਸਨ।
“ਲਿਆ ਫ਼ਿਰ ਮਾਰ ਬੰਦੇ ਨੂੰ ਵਾਜ ਅਤੇ ਵਾਹਗੁਰੂ ਆਖ ਕੇ ਨੀਂਹ ਪੁੱਟੋ……।”
ਕਰਮ ਚੰਦ ਦੀਆਂ ਅੱਖਾਂ ਵਿੱਚ ਪਾਣੀ ਸਿੰਮ ਆਇਆ।
ਇਹ ਸਦ-ਭਾਵ ਕੇਵਲ ਇੱਕ ਪਾਸੜ ਨਹੀਂ ਸੀ। ਦੋਹਾਂ ਪਾਸਿਆਂ ਤੋਂ ਅਜੇਹੀ ਮੁਹੱਬਤ ਦਾ ਪ੍ਰਗਟਾ ਅਕਸਰ ਹੀ ਹੁੰਦਾ ਰਹਿੰਦਾ। ਅਜਿਹੇ ਸਦ-ਭਾਵੀ ਮਾਹੌਲ ਵਿੱਚ ਪਲਣ ਦਾ ਅਸਰ ਵੀ ਜ਼ਰੂਰ ਮੇਰੀ ਮਾਨਸਿਕ ਬਣਤਰ ਉੱਤੇ ਪਿਆ ਹੋਵੇਗਾ।
ਬਾਪੂ ਹਕੀਕਤ ਸਿੰਘ ਦੇ ਵੇਲੇ ਦੀਆਂ ਹੀ ਕਈ ਗੱਲਾਂ ਮੈਨੂੰ ਯਾਦ ਹਨ। ਉਹ ਬਹੁਤ ਮਜ਼ਾਕੀਆ ਇਨਸਾਨ ਸੀ। ਐਵੇਂ ਹੀ ਅਗਲੇ ਨਾਲ ਛੇੜ-ਛਾੜ ਕਰਦੇ ਰਹਿਣਾ। ਸਾਡੇ ਆਂਢ-ਗੁਆਂਢ ਦੀਆਂ ਬਜ਼ੁਰਗ ਔਰਤਾਂ ਨਾਲ ਉਹ ਬੁੱਢੇ-ਵਾਰੇ ਵੀ ਦਿਓਰਾਂ ਵਾਂਗ ਮਜ਼ਾਕ ਕਰਦਾ। ਨਥੂ ਰਾਮ ਦੀ ਮਾਂ ਪਾਰਵਤੀ ਨੂੰ ਉਹ ਅਕਸਰ ਸ਼ਰਾਰਤ ਨਾਲ ਆਖਦਾ, “ਸ਼ਾਹਣੀ! ਰਾਤੀਂ ਮੈਨੂੰ ਸ਼ਾਹ ਮਿਲਿਆ ਸੀ ਸੁਫ਼ਨੇ ‘ਚ।” ਉਹਦਾ ਭਾਵ ਉਹਦੇ ਮਰ ਚੁੱਕੇ ਪਤੀ ਤੋਂ ਹੁੰਦਾ, “ਉਹ ਮੈਨੂੰ ਆਖਦਾ ਸੀ ਕਿ ਮੇਰਾ ਸ਼ਾਹਣੀ ਬਿਨਾਂ ਜੀਅ ਨਹੀਂ ਲੱਗਦਾ। ਉਹਨੂੰ ਘਲਾ ਮੇਰੇ ਕੋਲ” ਉਹ ਮੁਸਕੜੀਆਂ ‘ਚ ਹੱਸਦਾ।
“ਵੇ ਫ਼ਿੱਟੇ ਮੂੰਹ ਤੇਰਾ! ਹੁਣ ਬੁੱਢੇ ਵਾਰੇ ਤਾਂ ਕੁੱਝ ਸ਼ਰਮ ਕਰ। ਮੈਂ ਕਿਓਂ ਮਰਾਂ! ਪਹਿਲਾਂ ਤੂੰ ਮਰ; ਤੇਰੇ ਪਿੱਛੇ ਪਿੱਛੇ ਮੈਂ ਆਊਂਗੀ” ਅੱਧਾ ਗੁੱਸੇ ਅਤੇ ਅੱਧੇ ਲਾਡ ਨਾਲ ਉਹ ਉਸਨੂੰ ਝਿੜਕਦੀ। ਉਹਦਾ ਪੁੱਤ ਵੀ ਇਹ ਮਸ਼ਕਰੀ ਸੁਣ ਕੇ ਹੱਸਦਾ ਰਹਿੰਦਾ, “ਚਾਚਾ! ਸਾਰੀ ਉਮਰ ਬੱਸ ਮੁੰਡੇ ਦਾ ਮੁੰਡਾ ਹੀ ਰਿਹਾ……”
ਮੈਨੂੰ ਯਾਦ ਹੈ ਡਾਕਟਰ ਕਰਮ ਚੰਦ ਦੀ ਦੁਕਾਨ ਤੇ ਜਦੋਂ ਕਦੀ ਮਰੀਜ਼ ਨਾ ਹੋਣਾ ਜਾਂ ਵਿਹਲ ਹੋਣੀ ਤਾਂ ਉਹਨੇ ਸਾਡੇ ਘਰ ਆ ਵੜਨਾ। ਰਸੋਈ ਕੋਲ ਜਾਂ ਚੌੰਤਰੇ ਕੋਲ ਆ ਕੇ ਆਵਾਜ਼ ਦੇਣੀ, “ਓ ਨਾਮ੍ਹ ਕੌਰੇ! ਜੋਗਿੰਦਰ ਕੌਰੇ! ਕੀ ਧਰਿਆ ਜੇ……”
ਮੇਰੀ ਮਾਂ ਜਾਂ ਦਾਦੀ ਨੇ ਦੱਸਣਾ।
“ਕੋਈ ਰੋਟੀ ਵੀ ਪਈ ਜੇ ਸਵੇਰ ਦੀ…”
“ਸਵੇਰ ਦੀ ਕਿਓਂ ਜੀ…ਸੁੱਖੀ ਸਾਂਦੀ ਹੁਣੇ ਸੱਜਰੀ ਲਾਹ ਦਿੰਦੀ ਆਂ……” ਮੇਰੀ ਦਾਦੀ ਜਾਂ ਮਾਂ ਨੇ ਆਖਣਾ।
“ਨਹੀਂ ਨਹੀਂ, ਰੋਟੀਆਂ ਕਰ ਦੋ ਉਰ੍ਹਾਂ ਮੇਰੇ ਵੱਲ ਅਤੇ ਉੱਤੇ ਹੀ ਸਲੂਣਾ ਪਾ ਦੇਹ।”
ਉਹਨੇ ਹੱਥ ਉੱਤੇ ਰੋਟੀ ਰੱਖ ਕੇ, ਬੁਰਕੀ ਤੋੜ ਤੋੜ ਕੇ ਖਾਈ ਜਾਣੀ ਤੇ ਘਰਦਿਆਂ ਜੀਆਂ ਨਾਲ ਏਧਰ ਓਧਰ ਦੀਆਂ ਮਾਰਦੇ ਰਹਿਣਾ।
“ਲਿਆ ਓਏ ਪਾਣੀ ਦਾ ਗਲਾਸ ਦੁਕਾਨ ਤੇ ਮਰੀਜ਼ ਨਾ ਆ ਗਿਆ ਹੋਵੇ ਕੋਈ” ਕਦੀ ਕਦੀ ਉਹਨੇ ਮੈਨੂੰ ਆਖਣਾ।
ਸਾਡੇ ਘਰ ਉਹਦਾ ਇੰਜ ਅਪਣੱਤ ਨਾਲ ਆ ਜਾਣਾ ਅਤੇ ਆਪਣੇ ਘਰ ਵਾਂਗ ਹੀ ਰੋਟੀ ਮੰਗ ਕੇ ਖਾ ਲੈਣਾ ਅੱਜ ਵੀ ਜਦੋਂ ਮੈਨੂੰ ਯਾਦ ਆਉਂਦਾ ਹੈ ਤਾਂ ਸਾਂਝੇ ਭਾਈਚਾਰੇ ਦੀ ਰੇਸ਼ਮੀ ਸਾਂਝ ਵਾਲੇ ਆਪਸੀ ਮੁਹੱਬਤੀ ਅਹਿਸਾਸ ਨਾਲ ਮੇਰਾ ਆਪਾ ਸਰਸ਼ਾਰ ਹੋ ਜਾਂਦਾ ਹੈ।

Friday 25 December 2015

ਆਲੋਚਨਾ ਬਨਾਮ ਈਰਖਾ : ਈਰਖਾ ਬਨਾਮ ਆਲੋਚਨਾ

ਜੌਹਨ ਕੀਟਸ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ

ਸੁਰਜੀਤ ਮਾਨ

ਜੇ ਸਾਰਾ ਨਹੀਂ, ਅੱਧਾ ਤਾਂ ਵੈਰ ਪੈਣਾ ਹੀ ਹੁੰਦਾ ਹੈ। ਕਾਰਨ, ਕਾਲ਼ੇ ਰੰਗ ਵਾਲੇ ਕੁਨੱਖਿਆਂ ਦੀ ਗੋਰੇ ਰੰਗ ਵਾਲੇ ਸੁਨੱਖਿਆਂ ਪ੍ਰਤੀ ਕਮੀਣੀ ਈਰਖਾ। ਕਿੰਜ ਕਈ ਸਿਰੇ ਦੇ ਸ਼ਾਇਰ ਅਜਿਹੇ ਕੁਬੋਲਾਂ ਕਾਰਨ ਉਮਰੋਂ ਪਹਿਲਾਂ ਹੀ ਹਾਰ-ਹੁੱਟ ਕੇ ਟੁੱਟ ਜਾਂਦੇ ਹਨ ਅਤੇ ਹੌਲ਼ੀ-ਹੌਲ਼ੀ ਮੁੱਕ ਜਾਂਦੇ ਹਨ।
ਅਜਿਹੇ ਮੰਜ਼ਰ ਵਿੱਚ ਸਭ ਤੋਂ ਪਹਿਲਾਂ ਯਾਦ ਆਉਂਦੀ ਹੈ ਅੰਗਰੇਜ਼ੀ ਕਵਿਤਾ ਵਿੱਚ ਸੁਨਹਿਰੀ ਕਾਲ ਵਜੋਂ ਸਵੀਕਾਰੀ ਅਤੇ ਸਰਾਹੀ, ਪੰਜਾਂ ਵਿਸ਼ਵ ਪ੍ਰਸਿੱਧ ਕਵੀਆਂ-ਵਰਡਜ਼ਵਰਥ, ਕੌਲਰਿੱਜ, ਬਾਇਰਨ, ਸ਼ੈਲੀ ਅਤੇ ਕੀਟਸ-ਦੁਆਰਾ ਸਿਰਜੀ ਰੋਮਾਂਟਿਕ ਲਹਿਰ (1800-1850) ਦੇ ਸਭ ਤੋਂ ਲਾਡਲੇ ਕੀਟਸ ਦੀ। ਉਹ ਇਨ੍ਹਾਂ ਵਿੱਚੋਂ ਸਭ ਤੋਂ ਬਾਅਦ ’ਆਇਆ’ ਪਰ ਸਭ ਤੋਂ ਪਹਿਲਾਂ ’ਗਿਆ। ਮਸਾਂ ਪੱਚੀ ਵਰ੍ਹੇ ਤਿੰਨ ਮਹੀਨੇ, ਤੇਈ ਦਿਨ ਦੀ ਉਮਰ ਵਿੱਚ (ਅਕਤੂਬਰ 31, 1795 ਤੋਂ ਫਰਵਰੀ 23, 1821)। ਅਸਲ ਵਿੱਚ ਉਹ ਗਿਆ ਨਹੀਂ, ’ਭੇਜ’ ਦਿੱਤਾ ਗਿਆ। ਭੇਜਣ ਵਾਲੇ ਸਨ ਉਸ ਦੇ ’ਗੋਰੇ ਰੰਗ’ ਦੇ ਈਰਖਾਲੂ ਨਿੰਦਕਨੁਮਾ ਆਲੋਚਕ ਜੋ ਉਸ ਦੀ ਹਰੇਕ ਨਵੀਂ ਕਵਿਤਾ ਨੂੰ ਪੁੱਜ ਕੇ ਨਿੰਦਦੇ; ਨਕਸ਼ਾਂ ਨੂੰ ਕਜਾ ਵਿੱਚ ਬਦਲ ਕੇ ਪੇਸ਼ ਕਰਦੇ। ਦਰਅਸਲ, ਉਹ ਤਾਂ ਕੁੱਖ ਤੋਂ ਕਬਰ ਤੱਕ ਮਰਦਾ ਹੀ ਰਿਹਾ- ਪਹਿਲਾਂ ਆਰਥਿਕ ਤੰਗੀਆਂ-ਤੁਰਸ਼ੀਆਂ, ਫਿਰ  ਟੀ.ਬੀ. ਦੀ ਬਿਮਾਰੀ, ਫਿਰ ਮਾਰੂ ਮੁਹੱਬਤ ਦੇ ਸੱਲ੍ਹ ਅਤੇ ਸਭ ਤੋਂ ਵੱਧ ਉਸ ਦੀਆਂ ਕਵਿਤਾਵਾਂ ਬਾਰੇ ’ਕਾਜ਼ੀਆਂ ਦੇ ਫ਼ਤਵੇ’। ਇੱਥੋਂ ਤੱਕ ’ਕੁਆਰਟਰਲੀ’ ਨਾਂ ਦੇ ਇਕ ਮੈਗਜ਼ੀਨ ਨੂੰ ਕੱਢਿਆ ਹੀ ਇਸ  ਕੰਮ ਲਈ ਸੀ।
ਜਦੋਂ ਕੀਟਸ ਦੀ ਬੇਵਕਤੀ ਮੌਤ ਦੀ ਖ਼ਬਰ ਉਸ ਦੇ ਸਮਕਾਲੀ ਸ਼ੈਲੀ ਕੋਲ ਪਹੁੰਚੀ ਤਾਂ ਉਸ ਨੇ ਅੱਗ-ਬਬੂਲਾ ਹੋ ਕੇ ਕਿਹਾ: ‘‘ਉਹ ਮਰਿਆ ਨਹੀਂ, ਮਾਰਿਆ ਗਿਆ ਹੈ’’ ਮਾਰਨ ਵਾਲੇ ਹਨ ’ਕੁਆਰਟਰਲੀ’ ਵਰਗੇ ਮੈਗਜ਼ੀਨ। ਜੇ ਹਿੰਮਤ ਸੀ ਤਾਂ ਲਿਖਦੇ ਪਤੰਦਰ ਬਾਇਰਨ ਖ਼ਿਲਾਫ਼। ਜੇ ਰਾਤੋ-ਰਾਤ ਮੈਗਜ਼ੀਨ ਹੀ ਨਾ ਬੰਦ ਕਰਵਾ ਦਿੰਦਾ। (ਇਹ ਉਹ ਹੀ ਸ਼ੈਲੀ ਹੈ, ਜਿਸ ਨੇ ਕੀਟਸ ਬਾਰੇ ’ਐਡੋਨਿਸ’ ਨਾਮੀ ਮਰਸੀਆ ਲਿਖਿਆ ਸੀ।’’
ਅਜਿਹੇ ਮੈਗਜ਼ੀਨਾਂ ਦੀ ਕਮੀ ਸ਼ਾਇਦ ਕਿਸੇ ਭਾਸ਼ਾ ਵਿੱਚ ਨਾ ਹੋਵੇ, ਪਰ ਇਹ ਉਦਾਸ, ਜਜ਼ਬਾਤੀ ਆਰਟੀਕਲ ਸਿਰਫ਼ ਪੰਜਾਬੀ ਦੀ ਹੀ ਬਾਤ ਪਾਵੇਗਾ, ਜਿਸ ਵਿੱਚ ਇੱਕ-ਦੋ ਮੈਗਜ਼ੀਨ ਸ਼ੁਰੂ ਹੀ ਅਜਿਹੇ ਮੰਤਵਾਂ ਖ਼ਾਤਿਰ ਹੋਏ ਲਗਦੇ ਹਨ-ਉਹ ਵੀ ਖ਼ਾਸ ਕਰ ਇੱਕ ਖ਼ਾਸ ਤਰ੍ਹਾਂ ਦੀ ਸ਼ਾਇਰੀ ਅਤੇ ਉਸ ਨੂੰ ਰਚਣ ਵਾਲੇ ਇੱਕ, ਦੋ ਕਵੀਆਂ ਵਿਰੁੱਧ। ਚਾਹੇ ਉਹ ’ਪੈਰਾਡਾਈਜ਼ ਲੌਸਟ’ ਅਤੇ ’ਡੀਵਾਈਨ ਕੌਮੇਡੀ’ ਵਰਗੀਆਂ ਰਚਨਾਵਾਂ ਰਚ  ਦੇਣ, ਉਨ੍ਹਾਂ ਨੇ ਸਿਰਫ਼ ਨਗੋਚਾਂ ਹੀ ਕੱਢਣੀਆਂ ਹਨ।
ਬੇਸ਼ੱਕ ਅਜਿਹੀ ਆਲੋਚਨਾ ਦੇ ਸ਼ਿਕਾਰ ਹੋਰ ਵੀ ਹੋਣਗੇ, ਪ੍ਰੰਤੂ ਮੁੱਖ ਗੱਲ ਸਿਰਫ਼ ਦੋ ਸ਼ਾਇਰਾਂ ਦੀ ਹੀ ਕਰਨੀ ਹੈ; ਸ਼ਾਇਰ ਵੀ ਉਹ ਜਿਨ੍ਹਾਂ ਨੇ ਆਪਣੇ ਆਪਣੇ ਸਮੇਂ ਹਰ ਪੱਖੋਂ ਪੰਜਾਬੀ ਸ਼ਾਇਰੀ ਦੀ ਸਦਾਰਤ ਕੀਤੀ। ਇੱਕ ਤਾਂ ਬਾਰ੍ਹਾਂ ਵਰ੍ਹੇ, ਪੰਜਾਬੀ ਕਵਿਤਾ ਦੇ ਮੱਥੇ ’ਤੇ ਸਦੀਆਂ ਤੱਕ ਰਹਿਣ ਵਾਲੀਆਂ ਅਮਿੱਟ ਪੈੜਾਂ ਛੱਡ, ਬਾਅਦ ਹੀ ’ਨਿੱਕੀ ਉਮਰੇ’ ਵਿਦਾ ਹੋ ਗਿਆ-ਸ਼ਿਵ ਕੁਮਾਰ। ਦੂਜਾ ਤਕਰੀਬਨ ਅੱਧੀ ਸਦੀ ਤੋਂ ਨਿਰ-ਚੁਣੌਤੀ ਸਦਾਰਤ ਕਰ ਰਿਹਾ ਹੈ- ਸੁਰਜੀਤ ਪਾਤਰ। (ਰਾਸ਼ੀ ਵੀ ਇੱਕ) ਪਹਿਲੇ ਜਮਾਂਦਰੂ ਕਵੀ ’ਤੇ ਇਨ੍ਹਾਂ ਇਲਜ਼ਾਮ ਲਾਇਆ ‘‘ਇਸ ਨੇ ਘਰ-ਘਰ ਰੋਣ ਬਿਠਾ ਦਿੱਤੇ। ਕੀਰਨਿਆਂ ਨੂੰ ਕਵਿਤਾਵਾਂ ਕਿਵੇਂ ਸਮਝ ਲਈਏ। ਕੁੜੀਆਂ ਕੱਤਰੀਆਂ ਪੱਟ ਦਿੱਤੀਆਂ।’’
ਇਹ ਈਰਖਾ ਭਿੱਜੇ ਕੁਬੋਲ ਉਸ ਸ਼ਾਇਰ ਬਾਰੇ ਹਨ, ਜਿਸ ਨੇ ਰਾਂਝੇ ਦੀਆਂ ਮੱਝਾਂ ਚਾਰਨ ਵਾਂਗ ਬਾਰਾਂ ਵਰ੍ਹੇ (1961-1973) ਪੰਜਾਬੀ ਸ਼ਾਇਰੀ ਦੀਆਂ ਪਹਿਲੀ ਵਾਰ ਕੌਮੀ ਪੱਧਰ ’ਤੇ ’ਗੱਲਾਂ ਕਰਵਾ’ ਦਿੱਤੀਆਂ। ਮੰਨਿਆ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਹਰਿਭਜਨ ਸਿੰਘ, ਨੇਕੀ ਅਤੇ ਮੀਸ਼ੇੇ ਵਰਗੇ ਕੱਦਾਵਰ ਕਵੀਆਂ ਨੇ ਪਾਏ ਦੀ ਰਚਨਾ ਕੀਤੀ, ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬੀ ਸ਼ਾਇਰੀ ਨਾ ਪੰਜ ਨਾ ਢਾਈ ਨਦੀਆਂ ਦੇ ਪੰਜਾਬ ਦੀਆਂ ਹੱਦਾਂ ਕਦੇ ਨਾ ਟੱਪ ਸਕੀ।
ਸਰਕਾਰੀ ਕਾਲਜ, ਲੁਧਿਆਣਾ (1970) ਵਿੱਚ ਅੰਤਰ-ਭਾਸ਼ੀ ਮੁਸ਼ਾਇਰਾ ਮੁਨੱਕਿਤ ਕੀਤਾ ਜਾ ਰਿਹਾ ਸੀ। ਸ਼ਿਰਕਤ ਕਰਨ ਵਾਲੇ ਸਨ ਸਾਹਿਰ, ਕੈਫ਼ੀ, ਮਜਰੂਹ, ਨੀਰਜ, ਪ੍ਰੇਮ ਧਵਨ, ਮੋਹਨ ਸਿੰਘ, ਹਰਿਭਜਨ ਸਿੰਘ ਵਰਗੇ ਕੱਦਾਵਰ ਸ਼ਾਇਰ ਅਤੇ ਮੀਰੇ-ਮੁਸ਼ਾਇਰਾ ਮਹਿੰਦਰ ਸਿੰਘ ਬੇਦੀ। ਸਭ ਤੋ ਵੱਧ ਉਡੀਕਿਆ, ਸਰਾਹਿਆ ਸ਼ਾਇਰ ਸੀ ਮਹਿਜ਼ ਤੇਤੀ ਕੁ ਵਰ੍ਹਿਆਂ ਦਾ, ਸਿਰ ਤੋਂ ਪੈਰਾਂ ਤੱਕ ਸ਼ਾਇਰਾਨਾ ਦਿੱਖ ਵਾਲਾ, ਸ਼ਿਵ ਕੁਮਾਰ। ਪਹਿਲਾਂ ਤਾਂ  ਉਨ੍ਹਾਂ ਨੇ  ਹੂਟ ਕਰਕੇ  ਜ਼ੋਰ ਲਾ ਲਿਆ। ਜਿਨ੍ਹਾਂ ਅਨੁਸਾਰ ਕਵਿਤਾ ਬੰਦੂਕ ਦੀ ਗੋਲ਼ੀ ’ਚੋਂ ਨਿਕਲਣੀ ਚਾਹੀਦੀ ਹੈ, ਦਿਲ ’ਚੋਂ ਨਹੀਂ।  ਚੰਦਰਮਾ ’ਤੇ ਥੁੱਕਣ ਵਾਲਿਆਂ ਦੀ ਉਸ ਨੂੰ ਅਰਘ ਚੜ੍ਹਾਉਣ ਵਾਲਿਆਂ ਅੱਗੇ ਇੱਕ ਨਾ ਚੱਲੀ। ਸਭ ਤੋਂ ਨਿੱਕੀ ਉਮਰੇ ਉਸ ਦੀ ‘ਲੂਣਾ’ ਨੂੰ ਸਾਹਿਤ ਅਕੈਡਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਅਤੇ ਉਸ ਨੇ ਕਿਹਾ, ‘‘ਅਸਲੀ ਪੁਰਸਕਾਰ ਕਿਸੇ ਸ਼ਾਇਰ ਲਈ ਉਹ ਹੁੰਦਾ ਹੈ, ਜੋ ਪਾਠਕ ਅਤੇ ਸਰੋਤੇ ਦਿੰਦੇ ਨੇ।’’  ਨਿੰਦਕ ਆਲੋਚਕਾਂ ਨੇ ਉਸ ਨੂੰ ਕਬਰੀਂ ਪਹੁੰਚਾਉਣ ਤੱਕ ਨਾ ਛੱਡਿਆ। ਉਹ ਕਹਿੰਦਾ ਸੀ: ‘‘ਜਦੋਂ ਮੈਂ ਨਹੀਂ ਹੋਣਾ ਮੇਰੀਆਂ ਰਾਤਾਂ ਮਨਾਇਆ ਕਰੋਗੇ। ਮੇਰੀ ਕਬਰ ’ਤੇ ਜਾ ਕੇ ਪਿੱਟਿਆ ਕਰੋਗੇ।’’ ਪਰ ਇਹ ਦੋਖੀ ਤਾਂ ਉਸ ਦੀਆਂ ਕਵਿਤਾਵਾਂ ਦੀ ਪੈਰੋਡੀ ਕਰਕੇ ਆਨੰਦ ਲੈਂਦੇ:
‘‘ਮਾਏ ਨੀ ਮਾਏ ਮੈਂ ਇੱਕ ਫੁਕਰਾ ਯਾਰ ਬਣਾਇਆ’’
‘‘ਮਾਏ ਨੀ ਮਾਏ ਮੈਨੂੰ ਗ਼ਮ ਦਾ ਸੂਟ ਸਵਾਦੇ
ਆਹਾਂ ਦੀ ਕਾਲਰ, ਹੰਝੂਆਂ ਦੀ ਝਾਲਰ, ਬਟਣ ਬਿਰਹੋਂ ਦੇ ਲਾਦੇ।
ਜਿੰਦ ਬਲ੍ਹੰਬਰੀ ਨੂੰ ਪਾਊਡਰ ਲਾਵਾਂ, ਸੱਤਾਂ ਸਿਵਿਆਂ ਦੀ ਰਾਖ ਲਿਆਦੇ
ਮਾਏ ਨੀ ਮਾਏ ਮੈਨੂੰ. . .’’
ਕੀਟਸ ਵਾਂਗ ਆਖਰੀ ਦਿਨਾਂ ਵਿੱਚ ਉਹ ਮਾਰੂ ਬਿਮਾਰੀ ਦਾ ਸ਼ਿਕਾਰ ਹੋ ਗਿਆ ਅਤੇ ਇਨ੍ਹਾਂ ਨਿੰਦਕਾਂ ਨੇ ’ਕਰ’ ਵੀ ਦਿੱਤਾ। ਇਸੇ ਲਈ ਇਨ੍ਹਾਂ ਬਾਰੇ ਉਸ ਨੇ ਗ਼ੁਸੈਲੀਆਂ ਕਵਿਤਾਵਾਂ ਲਿਖੀਆਂ -’ਕੁੱਤੇ’ ਅਤੇ ’ਲੁੱਚੀ ਧਰਤੀ’ :
‘‘ਕੁੱਤਿਓ ਰਲ ਕੇ ਭੌਂਕੋ, ਤਾਂ ਜੋ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ, ਕੋਈ ਘਰ ਨੂੰ ਸੰਨ੍ਹ ਨਾ ਲਾਵੇ
ਉਂਜ ਤਾਂ ਮੇਰੇ ਘਰ ਵਿੱਚ ਕੁਝ ਨੀ, ਕੁਝ ਨੇ ਹੌਕੇ ਤੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ, ਰਾਤੋਂ ਤਾਂ ਚੱਲੋ ਡਰ ਨਾ ਆਵੇ।”
‘‘ਅੰਬਰ ਦਾ ਜਦ ਕੰਬਲ ਲੈ ਕੇ, ਧਰਤੀ ਕੱਲ੍ਹ ਦੀ ਸੁੱਤੀ
ਮੈਨੂੰ ਧਰਤੀ ਲੁੱਚੀ ਜਾਪੀ, ਮੈਨੂੰ ਧਰਤੀ ਕੁੱਤੀ
ਸਦਾ ਹੀ ਰਾਜ-ਘਰਾਂ ਸੰਗ ਸੁੱਤੀ, ਰਾਜ-ਘਰਾਂ ਸੰਗ ਉੱਠੀ
ਝੁੱਗੀਆਂ ਦੇ ਸੰਗ ਜਦ ਵੀ ਬੋਲੀ, ਬੋਲੀ ਸਦਾ ਹੀ ਰੁੱਖੀ
ਫਿਰ ਵੀ ਇਸ ਨੂੰ ’ਮਾਂ’ ਉਹ ਆਖਣ, ਭਾਵੇਂ ਉਹ ਕਪੁੱਤੀ।”
ਭਾਵੇਂ ਅੱਜ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮਹਾਨ ਸ਼ੈਕਸਪੀਅਰ ਨੇ ਸੁਖਾਂਤ ਲਿਖਦੇ ਲਿਖਦੇ ਇੱਕ ਦਮ ਹੈਮਲਟ ਤੇ ਕਿੰਗ ਲੀਅਰ ਵਰਗੇ ਦੁਖਾਂਤ ਲਿਖਣੇ ਕਿਉਂ ਸ਼ੁਰੂ ਕੀਤੇ। ਕੀ ਅਤੇ ਕਾਹਦੇ ਮਾਰੂ ਸਦਮੇ ਸਨ, ਇਸ ਤਬਦੀਲੀ ਪਿੱਛੇ। ਪਰ ਸ਼ਿਵ ਕੁਮਾਰ ਦਾ ਤਾਂ ਕਾਫ਼ੀ ਪਤਾ ਲਗਦਾ ਹੈ ਕਿ ਉਸ ਨੇ ਉਪਰੋਕਤ ਕਵਿਤਾਵਾਂ ਕਿਉਂ ‘ਝਰੀਟੀਆਂ’ ਜਦੋਂ ਕਿ ਉਸ ਦਾ ਖ਼ਾਸਾ ਤਾਂ ਅਜਿਹੀਆਂ ਰਚਨਾਵਾਂ ਰਚਣ ਦਾ ਸੀ, ਜਿਨ੍ਹਾਂ ਵਿੱਚ ‘ਆਗ਼ਾਜ਼ ਅਤੇ ਅੰਜਾਮ’ ਉਸ ਨਾਲ ਹੀ ਖਤਮ ਹੋ ਗਿਆ।
ਆਖਿਰ ਨਿੰਦਕਾਂ ਤੋਂ ਅੱਕ ਕੇ, ਸਤ ਕੇ, ਅਤਿ ਬਿਮਾਰੀ ਦੀ ਹਾਲਤ ਵਿੱਚ ਵੀ ਉਹ ਰੋਂਦਾ ਕੁਰਲਾਉਂਦਾ ਦੂਰ ‘ਪਹਾੜਾਂ ਪੈਰ ਸੁੱਤੇ ਇੱਕ ਗਰਾਂ’ ਦੇ ਚੁਬਾਰੇ ਵਿੱਚ ਮੰਜੀ ਮੱਲਣ ਲਈ ਮਜਬੂਰ ਹੋ ਗਿਆ ਅਤੇ ਮੰਜੀ ਨਾਲ ਹੀ ਉੱਠਿਆ। ਜੀਵਨ-ਸਾਥੀ ਦੀਆਂ ਕੰਬਦੀਆਂ ਬਾਹਾਂ ਵੀ ਰੋਕ ਨਾ ਸਕੀਆਂ (ਕੀਟਸ ਵੀ ਆਪਣੇ ਦੋਸਤ ਸੈਵਰਨ ਦੀਆਂ ਬਾਹਾਂ ’ਚ ਕੁਝ ਇਸੇ ਦਸ਼ਾ ਵਿਚ ‘ਗਿਆ’ ਸੀ)। ਅਰਥੀ ਉੱਠੀ, ਮਗਰ ਕਾਲੀਆਂ ਚੁੰਨੀਆਂ ਹੇਠਾਂ ਸੁੱਜੀਆਂ ਅੱਖਾਂ ਵਾਲਿਆਂ ’ਚ ਸਮੁੱਚੀ ਸਰਮਵਤੀ ਵੀ ਸੀ, ਜਿਸ ਦਾ ਲਾਡਲਾ ‘ਉਸ ਦੇ ਹੱਥੋਂ ਕੱਢਣ ਖੋਹ ਕੇ ਲੁਕ ਗਿਆ ਸੀ।’
ਮੋਹਨ ਸਿੰਘ ਨੇ ਭਰੇ ਦਿਲ ਅਤੇ ਗਲੇ ਨਾਲ ਇੰਝ ਹਉਕਾ ਭਰਿਆ:‘‘ਉਹ ਮੈਥੋਂ ਅੱਧੀ ਉਮਰ ਜਿਉਂਕੇ, ਤਿੱਗਣਾ, ਚੌਗੁਣਾ ਹੋ ਕੇ ਗਿਆ। ਉਹ ਕਿੱਡਾ ਵੱਡਾ ਸੀ, ਇਸ ਦਾ ਪਤਾ ਕੰਡਿਆਲ਼ੀਆਂ ਥੋਹਰਾਂ ਨੂੰ ਵੀ ਹੈ, ਪੀੜਾਂ ਦਿਆਂ ਪਰਾਗਿਆਂ ਨੂੰ ਵੀ। ਲਾਜਵੰਤੀ ਦੀਆਂ ਟਾਹਣੀਆਂ ਨੂੰ ਉਹ ਦਾ ਓਦਰਿਆ ਮੂੰਹ ਯਾਦ ਏ। । ‘ਸ਼ੀਸ਼ੋ’ ਅਤੇ ‘ਲੂਣਾ’ ਅੱਧੀ- ਅੱਧੀ ਰਾਤ ਉਹਨੂੰ ਯਾਦ ਕਰ ‘ਬੁੱਲ੍ਹ ਚਿੱਥ ਚਿੱਥ ਰੋਂਦੀਆਂ ਨੇ।’
ਉਹ ਤਾਂ ਬਸ ਏਨਾ ਕਹਿ ਕੇ ਬਾਤ ਮੁਕਾ ਦਿੰਦਾ ਸੀ: ‘‘ਇਹ ਖ਼ੁਦ ਨੂੰ ਆਕਲ ਮੰਨਦੇ ਨੇ, ਮੈਂ ਖੁਦ ਨੂੰ ਆਸ਼ਕ ਦੱਸਦਾ ਹਾਂ,
ਇਹ ਗੱਲ ਲੋਕਾਂ ’ਤੇ ਛੱਡ ਦਈਏ, ਕੀਹਨੂੰ ਰੁਤਬਾ ਮਿਲਦਾ ਪੀਰਾਂ ਦਾ।”
ਬੁਲ੍ਹੇ ਸ਼ਾਹ, ਸ਼ਾਹ ਹੁਸੈਨ ਅਤੇ ਸੁਲਤਾਨ ਬਾਹੂ ਵਰਗੇ ਦਰਵੇਸ਼ਾਂ ਨੇ ਵੀ ਸਭ ਤੋਂ ਅਲੱਗ ਰੁਤਬਾ ‘ਆਸ਼ਕਾਂ’ ਨੂੰ ਹੀ ਬਖ਼ਸ਼ਿਆ ਹੈ। ਇਹ ਰੁਤਬਾ-ਏ-ਬੁਲੰਦ ਵੀ ਸਭ ਤੋਂ ਵੱਧ ਸ਼ਿਵ ਦੇ ਸੀਸ ’ਤੇ ਹੀ ਸੋਂਹਦਾ ਹੈ, ਸੋਂਹਦਾ ਰਹੇਗਾ।
ਈਰਖਾਲੂ ਆਲੋਚਨਾ ਦਾ ਦੂਜਾ ਮੁੱਖ ਸ਼ਿਕਾਰ ਹੈ ਉਹ, ਜੋ ਤਕਰੀਬਨ ਅੱਧੀ ਸਦੀ ਤੋਂ ਪੰਜਾਬੀ ਕਵਿਤਾ ਦੀ ਸਦਾਰਤ ਕਰ ਰਿਹਾ ਹੈ-ਸੁਰਜੀਤ ਪਾਤਰ। ਪਹਿਲਾ ਪੰਜਾਬੀ ਕਵੀ ਜੋ ਕਵਿਤਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਲੈ ਕੇ ਹੀ ਨਹੀਂ ਗਿਆ, ਸਗੋਂ ਸ਼ਲਾਘਾ ਵੀ ਖਟਵਾਈ, ਪਛਾਣ ਵੀ ਕਰਵਾਈ, ਜਿਸ ਦੀਆਂ ਕਵਿਤਾਵਾਂ ਦੂਸਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਕੇ ਵੀ ਸਰਾਹੀਆਂ ਗਈਆਂ, ਜਿਸ ਦੀ ਸ਼ਾਇਰੀ ਦੀ ਰੇਂਜ ਕਿੰਨੀ ਵਸੀਹ ਹੈ, ਖ਼ੁਦ ਹੀ ਵੇਖ ਲਵੋ; ਪਾਲ਼ੀਆਂ ਤੋਂ ਵਿਦਵਾਨਾਂ ਤੱਕ; ਬੱਸਾਂ ਤੋਂ ਕੌਫੀ ਹਾਊਸਾਂ ਤੱਕ; ਛਪਾਰ ਅਤੇ ਕੁਟੀ ਦੇ ਮੇਲਿਆਂ ਤੋਂ ਯੂਨੀਵਰਸਿਟੀਆਂ-ਕਾਲਜਾਂ ਦਿਆਂ ਯੁਵਕ ਮੇਲਿਆਂ ਤੱਕ; ਅਸੈਂਬਲੀਆਂ ਅਤੇ ਸਾਂਸਦਾਂ ਵਿੱਚ ਹੁੰਦੀ ਰਾਜਨੀਤਕ ਬਹਿਸਾਂ ਤੱਕ ਅਤੇ ਅਖ਼ਬਾਰਾਂ ਅਤੇ ਮੈਗਜ਼ੀਨਾਂ ਦੀਆਂ ਖ਼ਬਰਾਂ ਅਤੇ ਆਰਟੀਕਲਾਂ ਦਿਆਂ ਸਿਰਲੇਖਾਂ ਤੱਕ-ਉਸ ਦੀ ਸ਼ਾਇਰੀ ਦਾ ਜ਼ਿਕਰ ਹੋਣਾ ਹੀ ਹੋਣਾ ਹੈ।
ਸ਼ਿਵ ਕੁਮਾਰ ਤੋਂ ਬਾਅਦ ਕਵਿਤਾ ਨੂੰ ਵਾਰਤਕ ਪੱਧਰ ’ਤੇ ਡਿੱਗਣ ਤੋਂ ਸਭ ਤੋਂ ਵੱਧ ਸੁਰਜੀਤ ਪਾਤਰ ਨੇ ਹੀ ਬਚਾਇਆ ਹੈ। ਉਹ ਵੀ ‘ਪੁਲ਼’ ਵਾਂਗ ਸਭ ਕੁਝ ਸਹਿੰਦਿਆਂ, ਕੁਝ ਨਾ ਕਹਿੰਦਿਆਂ। ਤਕਰੀਬਨ ਹਰ ਰੋਜ਼ ਉਹ ਕਿਸੇ ਨਾ ਕਿਸੇ ਵੱਲੋਂ, ਕਿਤੇ ਨਾ ਕਿਤੇ ਆਮੰਤ੍ਰਿਤ ਹੁੰਦਾ ਹੈ। ਸਾਊ ਸੁਭਾਅ ਹੋਣ ਕਰਕੇ ਉਹ ਲੱਖ ਚਾਹੁੰਦਾ ਹੋਇਆ ਵੀ ਨਾਂਹ ਨਹੀਂ ਕਰਦਾ। ਪ੍ਰੰਤੂ ਇਸ ਸੰਜੀਦਾ ਸ਼ਾਇਰ ਬਾਰੇ,      ਇਹ ਈਰਖਾ ਮਾਰੇ ਆਲੋਚਕ ਅਖਵਾਉਣ ਵਾਲੇ ਨਿੰਦਕ ਪਤਾ ਕੀ ਪ੍ਰਚਾਰਦੇ ਹਨ, ਸੁਣੋ: ਉਂਗਲ਼ ਵਿੱਚ ਝੋਲਾ ਲਟਕਾਈ, ਕਵਿਤਾ ਦਾ ਵਿਉਪਾਰੀ ਬਣ, ਉਹ ਸ਼ਹਿਰ ਸ਼ਹਿਰ, ਨਗਰ ਨਗਰ ਘੁੰਮਦਾ ਹੈ: ਦਰ ਦਰ ਦਸਤਕ ਦਿੰਦਾ ਹੈ। ਪ੍ਰਧਾਨਗੀਆਂ ਕਰਨ ਲਈ, ਭੂਮਿਕਾਵਾਂ ਲਿਖਣ ਲਈ। ‘ਨਾਂ’ ਜਾਵੇ ਖੂਹ ਵਿੱਚ, ਸਿਰਫ ‘ਨਾਮਾ ਅਤੇ ਨਾਮਾ’ ਹੀ   ਚਾਹੀਦਾ ਹੈ।”
‘‘ਸ਼ਿਵ ਕੁਮਾਰ ਵਾਂਗ ਕਰੁਣਾ ਦਾ ਧਨੀ, ਤਰਸ ਦੀਆਂ ਤੁਤੀਰਣਾਂ ਵਗਣ ਲਾਉਣ ਵਿੱਚ ਕੋਈ ਨਹੀਂ ਉਸ ਦਾ ਸਾਨੀ।”
‘‘ਗ਼ਜ਼ਲ ਦੀ ਪੁਰਾਣੇ ਯੁੱਗ ਦੀ ਦਰਬਾਰਤਾ ਨੂੰ ਪਾਤਰ ਨੇ ਨਵੇਂ ਯੁੱਗ ਦੀ ਵਪਾਰਕਤਾ ’ਚ ਬਦਲਿਆ ਹੈ।” ਹੋਰ ਪਤਾ ਨਹੀਂ ਕੀ ਕੁਝ ਕਿਹਾ ਜਾਂਦਾ ਹੈ ਉਹ ਦੇ ਬਾਰੇ। ਏਨਾਂ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ
1966-67 ਵਿੱਚ ਜਦੋਂ ਸੁਰਜੀਤ ਪਾਤਰ ਆਪਣੇ ਜੁੰਡੀ ਦੇ ਦੋਸਤਾਂ ਵੀਰ ਸਿੰਘ ਰੰਧਾਵੇ ਅਤੇ ਅਜਾਇਬ ਸਿੰਘ ਸੰਘੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਆਇਆ- ਖਾਮੋਸ਼, ਸ਼ਰਮੀਲਾ, ਨੀਵੀਆਂ ਨਜ਼ਰਾਂ ਨਾਲ ਤੁਰਨ ਵਾਲਾ। ਉਹ ਅਕਸਰ ਸੜਕਾਂ ਦੀ ਥਾਂ ਕੱਚੀਆਂ, ਟੇਢੀਆਂ, ਪੱਤਿਆਂ-ਢਕੀਆਂ ਪਗਡੰਡੀਆਂ ’ਤੇ ਪੈਰ ਜੇ ਘਸਰਾ ਕੇ ਤੁਰਦਾ-ਜਿਵੇਂ ਹੈਮਲਟ ਵਾਂਗੂੰ ਕੁਝ ਲੱਭ ਰਿਹਾ ਹੋਵੇ। ਗੁਣ-ਗਾਹਕ ਤਾਂ ਸਮਝ ਗਏ ਸਨ ਕਿ ਇਹ ਗੁੰਮ ਸੁੰਮ ਜਿਹਾ ‘ਫੱਕਰ ਤਾਂ ਨਹੀਂ ਖਾਲੀ।”
ਆਪਣੀਆਂ ਵਿਭਾਗੀ-ਮਹਿਫ਼ਿਲਾਂ ਵਿੱਚ, ਕਦੇ-ਕਦੇ (ਬੇਸ਼ੱਕ ਮਿੰਨਤਾਂ ਜਿਹੀਆਂ ਕਰਵਾ ਕੇ) ਡਾ. ਹਰਿਭਜਨ ਦੇ ਗੀਤ ‘ਕੀ ਵੇ ਸੱਜਣ ਤਕਸੀਰ ਅਸਾਡੀ’ ਜਾਂ ‘ਸੱਜਣ ਮੈਨੂੰ ਕਿਣ-ਮਿਣ ਕਣੀਆਂ ਨਾ ਮਾਰ’ ਗਾਉਂਦਾ। ਫਿਰ ਇੱਕ ਦਿਨ ‘ਹੀਰੇ ਤੇ ਹੋਰ ਯਾਰਾਂ’ ਦੇ ਕਹਿਣ ’ਤੇ ਦੋ ਗੀਤਾਂ ਵਰਗੀਆਂ ਗ਼ਜ਼ਲਾਂ, ਜਿਨ੍ਹਾਂ ਦੇ ਕ੍ਰਮਵਾਰ ਮਤਲੇ ਸਨ:
‘‘ਪੀਲੇ ਪੱਤਿਆਂ ’ਤੇ ਪੱਬ ਧਰਕੇ ਹਲਕੇ ਹਲਕੇ,
ਕੱਲ੍ਹ ਰਾਤ ਅਸੀਂ ਭਟਕੇ ਪੌਣਾਂ ਵਿੱਚ ਰਲਕੇ।”
ਅਤੇ
ਕੋਈ ਡਾਲੀਆਂ ’ਚੋਂ ਲੰਘਿਆ ਹਵਾ ਬਣਕੇ
ਅਸੀ ਰਹਿਗੇ ਬਿਰਖ ਵਾਲੀ ਹਾਅ ਬਣਕੇ।”
ਅੱਗੇ ਇਨ੍ਹਾਂ ਦੇ ਦੋ ਸ਼ਿਅਰ (ਜੋ ਅੱਜ ਤੱਕ ਵੀ ਉਸ ਦੀ ਪਹਿਚਾਣ ਬਣੇ ਹੋਏ ਹਨ):
‘‘ਇੱਕ ਕੈਦ ’ਚੋਂ ਦੂਜੀ ਕੈਦ ’ਚ ਪਹੁੰਚ ਗਈ
ਕੀ ਖੱਟਿਆ ਮਹਿੰਦੀ ਲਾਕੇ ਬਟਣਾ ਮਲ਼ਕੇ।” ਅਤੇ ‘ਜਦੋਂ ਗਿਣਦਾ ਸੀ, ਹਾਣਦਾ ਸੀ ਸਾਂਵਰਾ ਜਿਹਾ ਜਦੋਂ ਜੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ।
ਇਹ ਸ਼ੇਅਰ ਯੂਨੀਵਰਸਿਟੀ ਦੀ ਫ਼ਿਜ਼ਾ ਵੀ ਗੁਣਗੁਣਾਉਣ ਲੱਗੀ। ਹੋਸਟਲਾਂ ਵਿੱਚ ‘ਰਾਂਝੇ ਦੇ ਨਿੱਕੇ ਵੱਡੇ ਭਰਾ’ ਸ਼ਾਮ ਪਈ ਤੋਂ ਜਾਮ ਅਤੇ ਨੈਣ ਛਲਕਾ ਛਲਕਾ ਇਹ ਗਾਉਂਦੇ। ਕੁੜੀਆਂ ਕੱਤਰੀਆਂ ਰੁਮਾਲਾਂ ’ਤੇ ਕੱਢ ਸਿਰ੍ਹਾਣਿਆਂ ਕੋਲ ਰੱਖਦੀਆਂ। ਫਿਰ ਉਹ ਵਿਦਾ ਹੋਇਆ ਇੱਕ ਮਾਝੇ ਦੇ ਕਾਲਜ ’ਚ (ਉੱਥੇ ਵੀ ਉਹ ‘ਗਿਆ’ ਨਹੀਂ, ‘ਬੁਲਾਇਆ’ ਗਿਆ।  ਪਹਿਲੇ ਵਰ੍ਹੇ ’ਚ ਹੀ ਅਜਿਹੀਆਂ ਛੇ ਨਜ਼ਮਾਂ- ‘ਘਰਰ ਘਰਰ’, ‘ਬੁੱਢੀ ਜਾਦੂਗਰਨੀ ਆਖਦੀ ਹੈ’, ‘ਕੰਧ ਦੀ ਜੀਭ’,  ‘ਚੌਕ ਸ਼ਹੀਦਾਂ ’ਚ ਉਸ ਦਾ ਆਖਰੀ ਭਾਸ਼ਣ’, ‘ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬਹੁਤ ਹੈ’ ਅਤੇ ‘ਪੁਲ’ -ਲਿਖੀਆਂ ਜਿਨ੍ਹਾਂ ਤੋਂ ਕੀਟਸ ਦੀਆਂ ‘ਛੇ ਮਹਾਨ ਓਡਜ਼’ ਯਾਦ ਆਉਂਦੀਆਂ ਹਨ ਅਤੇ ਉਨ੍ਹਾਂ ਵਾਂਗ ਇਨ੍ਹਾਂ ਦਾ ਪਾਤਰ ਦੀ ਕਵਿਤਾ ’ਚ ਹੀ ਨਹੀਂ, ਸਮੁੱਚੀ ਪੰਜਾਬੀ ਕਵਿਤਾ ’ਚ ਅੱਜ ਤੱਕ ਆਪਣਾ ਹੀ ਸਥਾਨ ਹੈ।
ਇਸ ਤੋਂ ਬਾਅਦ ਜੋ ਹੋਇਆ ਉਹ ਸਾਹਿਤਕ ਤਵਾਰੀਖ਼ ਹੈ ਅਤੇ ਉਹ ਮੁਸੱਲਸਿਲ, ਚੁੱਪ-ਚਾਪ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ। ਈਰਖਾ ਮਾਰੇ ਆਲੋਚਕਾਂ ਦੀ ਪ੍ਰਵਾਹ ਕੀਤੇ ਬਿਨਾਂ। ਇਹੀ ਉਸ ਦੀ ਵਡਿਆਈ ਹੈ।

Thursday 8 October 2015

Online Punjabi Magazine Seerat

ਹੇ ਕਵਿਤਾ ਦੇ ਤੀਰਥ....
- ਸੁਰਜੀਤ ਪਾਤਰ 

ਇਕ ਸ਼ਾਮ ਜਦੋਂ ਟੈਲੀਫ਼ੋਨ ਤੇ ਕੋਲੰਬੀਆ ਤੋਂ ਮੈਨੂੰ ਅੰਤਰ-ਰਾਸ਼ਟਰੀ ਕਵਿਤਾ ਉਤਸਵ ਵਿਚ ਸ਼ਾਮਿਲ ਹੋਣ ਦਾ ਸੱਦਾ ਮਿਲਿਆ ਤਾਂ ਮੈਂ ਖੁਸ਼ੀ-ਖੁਸ਼ੀ ਸਵੀਕਾਰ ਕੀਤਾ ਸੀ, ਪਰ ਜਦੋਂ ਬਾਅਦ ਵਿਚ ਮੈਨੂੰ ਪਤਾ ਲੱਗਾ ਕਿ ਕੋਲੰਬੀਆ ਨਾ ਤਾਂ ਕੋਲੰਬੀਆ ਯੁਨੀਵਰਸਿਟੀ ਵਾਲਾ ਅਮਰੀਕਨ ਸ਼ਹਿਰ ਹੈ ਨਾ ਇਹ ਕੈਨੇਡਾ ਦਾ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਹੈ, ਇਹ ਤਾਂ ਦੱਖਣੀ ਅਮਰੀਕਾ ਦਾ ਇਕ ਦੇਸ਼ ਹੈ ਜੋ ਇਸ ਵੇਲੇ ਹਿੰਸਾ ਅਤੇ ਨਸ਼ੀਲੀਆਂ ਦਵਾਈਆਂ ਲਈ ਬਦਨਾਮ ਹੈ ਤਾਂ ਮੇਰੀ ਖੁਸ਼ੀ ਅੱਧੀ ਰਹਿ ਗਈ। ਅੱਧ ਮੰਨੇ ਮਨ ਨਾਲ ਪ੍ਰਬੰਧਕਾਂ ਦੇ ਕਹੇ ਮੁਤਾਬਕ ਮੈਂ ਆਪਣੀਆਂ ਵੀਹ ਚੋਣਵੀਆਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ, ਜੀਵਨ-ਵੇਰਵਾ ਤੇ ਫੋਟੋ ਉਨ੍ਹਾਂ ਨੂੰ ਭੇਜ ਦਿੱਤੇ।
ਉਡਾਣਾਂ ਅਤੇ ਉਡੀਕਾਂ ਦਾ ਸਮਾਂ ਜੋੜ ਕੇ ਦਿੱਲੀ ਤੋਂ ਉਤਸਵ ਦੇ ਸ਼ਹਿਰ ਮੈਦੇਯਿਨ ਤੱਕ 28 ਘੰਟੇ ਲੱਗਣੇ ਸਨ। ਪਹਿਲਾਂ ਲੰਡਨ ਫਿਰ ਬਗੋਟਾ ਤੋਂ ਜਹਾਜ਼ ਬਦਲਣਾ ਸੀ। ਲੰਡਨ ਹੀਥਰੋ ਏਅਰਪੋਰਟ ਤੇ ਗੋਰੇ ਪਰਵਾਸ ਅਧਿਕਾਰੀ ਨੇ ਮੈਨੂੰ ਪੁੱਛਿਆ-ਕੋਲੰਬੀਆ ਕੀ ਕਰਨ ਜਾ ਰਹੇ ਹੋ? ਮੈਂ ਕਿਹਾ ਅੰਤਰ-ਰਾਸ਼ਟਰੀ ਕਵਿਤਾ ਵਿਚ ਹਿੱਸਾ ਲੈਣ। ਗੋਰੇ ਨੇ ਹਕਾਰਤ ਭਰੇ ਵਿਅੰਗ ਨਾਲ ਕਿਹਾ-ਕਿਆ ਦੇਸ਼ ਚੁਣਿਆ ਕਵਿਤਾ ਉਤਸਵ ਵਾਸਤੇ।। ਮੇਰਾ ਦਿਲ ਹੋਰ ਬੁਝ ਗਿਆ।
ਲੰਡਨ ਤੋਂ ਬਗੋਟਾ ਤੇ ਫਿਰ ਬਗੋਟਾ ਤੋਂ ਮੈਦੇਯਿਨ ਜਾਣ ਵਾਲੇ ਜਹਾਜ਼ਾਂ ਵਿਚ ਪੱਗੜੀ ਵਾਲਾ ਕੱਲਾ ਮੈਂ ਹੀ ਸਾਂ। ਲੰਡਨ ਤੱਕ ਤਾਂ ਪੱਗਾਂ ਤੇ ਚੁੰਨੀਆਂ ਦਾ ਹੀ ਬੋਲਬਾਲਾ ਸੀ। ਮੈਦੇਯਿਨ ਜਾਂਦਿਆਂ ਮੇਰੇ ਨਾਲ ਵਾਲੀ ਸੀਟ 'ਤੇ ਬੈਠਾ ਇਕ ਹਸਮੁੱਖ ਤੇ ਹਾਜ਼ਰ ਜਵਾਬ ਕੋਲੰਬੀਅ ਵਕੀਲ ਮੈਨੂੰ ਪੱਗੜੀ, ਦਾੜ੍ਹੀ ਤੇ ਕੜੇ ਬਾਰੇ ਪੁੱਛਣ ਲੱਗ ਪਿਆ।
ਮੈਂ ਪੂਰਨ ਸਿੰਘ ਦੀ ਭਾਸ਼ਾ ਵਿਚ ਉਸ ਨੂੰ ਕਿਹਾ- ਇਹ ਮੇਰੇ ਗੁਰੂ ਦੇ ਪਿਆਰ ਦੀਆਂ ਨਿਸ਼ਾਨੀਆਂ ਹਨ।
ਫਿਰ ਉਹ ਪੁੱਛਣ ਲੱਗਾ- ਤੇਰੇ ਧਰਮ ਮੁਤਾਬਕ ਮੌਤ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ?
ਮੈਂ ਕਿਹਾ- ਜੇ ਤਾਂ ਉਸ ਦੀ ਆਤਮਾ ਸ਼ੁੱਧ ਹੋਵੇ ਤਾਂ ਉਹ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ, ਨਹੀਂ ਉਸ ਨੂੰ ਦੁਬਾਰਾ ਦੁਨੀਆਂ 'ਤੇ ਆਉਣਾ ਪੈਂਦਾ ਹੈ, ਇਸ ਪਰੀਖਿਆ ਵਿਚ ਰੀਅਪੀਅਰ ਹੋਣ ਲਈ।
ਤੇਰੀ ਆਤਮਾ ਸ਼ੁੱਧ ਹੈ?
ਮੈਂ ਕਿਹਾ- ਨਹੀਂ, ਇਸ ਵਿਚ ਬਹੁਤ ਅਸ਼ੁੱਧੀਆਂ ਹਨ।
ਉਹ ਕਹਿਣ ਲੱਗਾ- ਫਿਰ ਤਾਂ ਆਪਾਂ ਅਗਲੇ ਜਨਮ ਵੀ ਮਿਲਾਂਗੇ ਕਿਉਂਕਿ ਮੇਰੀ ਆਤਮਾ ਵਿਚ ਵੀ ਬਹੁਤ ਅਸ਼ੁੱਧੀਆਂ ਹਨ। ਮੈਦੇਯਿਨ ਏਅਰਪੋਰਟ ਤੋਂ ਐਲ ਗਰੈਨ ਹੋਟਲ ਪਹੁੰਚੇ। ਗਿਆਰਾਂ ਵਜੇ ਸਨ। ਹੋਟਲ ਦੀ ਲੌਬੀ 'ਚ ਬੈਠੇ ਨੌਜਵਾਨ ਮੁੰਡੇ-ਕੁੜੀਆਂ ਦੌੜ ਕੇ ਮੇਰੇ ਵੱਲ ਆਏ, ਗੱਲਵਕੜੀ ਪਾ ਕੇ ਮਿਲੇ, ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਆਪਣੀ ਖੁਸ਼ੀ ਜ਼ਾਹਰ ਕਰਨ ਲਈ ਤਰਲੋ ਮੱਛੀ ਹੋਣ ਲੱਗੇ। ਇਕ ਬਹੁਤ ਸਨੁੱਖੀ ਕੁੜੀ ਸੀ ਜੋ ਕਿ ਗੁਜ਼ਾਰੇ ਜੋਗੀ ਅੰਗਰੇਜ਼ੀ ਜਾਣਦੀ ਸੀ। ਉਸ ਨੇ ਸਾਰਿਆਂ ਨਾਲ ਮੇਰੀ ਜਾਣ ਪਛਾਣ ਕਰਵਾਈ- ਇਹ ਪੈਡਰੋ ਐ, ਇਹ ਰਫ਼ੇਲ ਐ, ਇਹ ਜਮੀਲਾ, ਇਹ ਲੂਚੌ ਐ, ਮੇਰਾ ਪ੍ਰੇਮੀ ਮੇਰਾ ਪਤੀ, ਮੈਂ ਐਂਜੀ ਆਂ।
ਇਹ ਦੇਖ ਬੀਅਰ ਦੀਆਂ ਬੋਤਲਾਂ, ਇਹ ਸਾਰੀਆਂ ਅਸੀਂ ਤੇਰੀ ਉਡੀਕ ਵਿਚ ਖਾਲੀ ਕੀਤੀਆਂ। ਹੁਣ ਏਨੀਆਂ ਹੀ ਤੇਰੇ ਆਉਣ ਦੀ ਖੁਸ਼ੀ ਵਿਚ ਖਾਲੀ ਕਰਾਂਗੇ।
ਪਲਾਂ ਛਿਣਾਂ ਵਿਚ ਮਾਹੌਲ ਨਿੱਘਾ ਤੇ ਅਪਣੱਤ ਭਰਿਆ ਹੋ ਗਿਆ। 28 ਘੰਟੇ ਦੇ ਸਫਰ ਦੀ ਸਾਰੀ ਥਕਾਵਟ ਦੂਰ ਹੋ ਗਈ।
ਕਵਿਤਾ ਉਤਸਵ ਪਰਸੋਂ ਸ਼ੁਰੂ ਹੋਣਾ ਸੀ। ਕਿਰਨ ਮਕਿਰਨੀ ਕਵੀ ਪਹੁੰਚ ਰਹੇ ਸਨ। ਪੰਜ ਮਹਾਦੀਪਾਂ ਦੇ ਪੰਜਾਹ ਦੇਸ਼ਾਂ ਤੋਂ ਕਵੀਆਂ ਨੇ ਸ਼ਾਮਿਲ ਹੋਣਾ ਸੀ। ਇਟਲੀ ਤੋਂ ਅਲਬਾ ਦੋਨਾਤੀ, ਜਪਾਨ ਤੋਂ ਕਾਸੂਕੋ ਸ਼ੀਰਾਇਸੀ, ਫਰਾਂਸ ਤੋਂ ਬੇਨਤ ਅਚਿਆਰੀ, ਬਰਤਾਨੀਆਂ ਤੋਂ ਕੇਨ ਸਮਿ, ਕੈਨੇਡਾ ਤੋਂ ਐਮਿਲੀ ਮਾਰਤੇਲ, ਫਲਸਤੀਨ ਤੋਂ ਜ਼ਕਰੀਆ ਮੁਹੰਮਦ, ਨਾਈਜੀਰੀਆ ਤੋਂ ਨੀਯੀ ਉਮੰਦ੍ਰੇ, ਵੀਅਤਨਾਮ ਤੋਂ ਨਗੁਏਨ ਤੁਰੰਗ ਦੁਏ, ਈਰਾਨ ਤੋਂ ਫ਼ਾਤਿਮਾ ਰਾਕੀ, ਬ੍ਰਾਜ਼ੀਲ ਤੋਂ ਐਨੀਬਲ ਬੇਕਾ, ਰੋਮਾਨੀਆਂ ਤੋਂ ਪੀਟਰ ਸ੍ਰਾਗੇਰ, ਜਮਾਇਕਾ ਤੋਂ ਤੌਮਲਿਨ ਐਲਿ, ਇੰਡੋਨੇਸ਼ੀਆ ਤੋਂ ਰੈਂਦਰਾਂ, ਸੈਨੇਗਲ ਤੋਂ ਅਮਾਦੂ ਲਮੀਨੇ ਸੱਲ....
ਇਕ ਲੰਮੀ ਪਤਲੀ ਮੇਮ ਨੇ ਮੇਰੇ ਕੋਲ ਆ ਕੇ ਕਿਹਾ ਸਤਿ ਸ੍ਰੀ ਅਕਾਲ, ਆਈ ਐਮ ਜੂਡਿਥ ਬੇਵੇਰਿਜ ਫ਼ਰੌਮ ਔਸਟ੍ਰੇਲੀਆ। ਮਾਈ ਹਸਬੈਂਡ ਇਜ਼ ਫ਼ਰੌਮ ਪੰਜਾਬ, ਹਿਜ਼ ਨੇਮ ਇਜ਼ ਸੁਰਿੰਦਰ ਸਿੰਘ ਜੋਸਨ। ਸਾਡੇ ਵਿਆਹ ਨੂੰ ਵੀਹ ਸਾਲ ਹੋ ਗਏ। ਮੈਨੂੰ ਬੜੀ ਖੁਸ਼ੀ ਹੋਈ ਕਿ ਏਨੀ ਸੰਵੇਦਨਸ਼ੀਲ ਵਿਦੇਸ਼ੀ ਸ਼ਾਇਰਾ ਤੇ ਇਕ ਪੰਜਾਬੀ ਵੀਹ ਸਾਲ ਤੋਂ ਏਨੀ ਖ਼ੂਬਸੂਰਤ ਜਿ਼ੰਦਗੀ ਜੀਅ ਰਹੇ ਹਨ।
ਇਹ ਅੰਤਰ-ਰਾਸ਼ਟਰੀ ਕਵਿਤਾ ਉਤਸਵ ਪਿਛਲੇ ਬਾਰਾਂ ਸਾਲਾਂ ਤੋਂ ਹਰ ਸਾਲ ਮੈਦੇਯਿਨ ਸ਼ਹਿਰ ਵਿਚ ਹੁੰਦਾ ਹੈ। ਪ੍ਰੋਮੀਤੀਓ ਨਾਮ ਦੀ ਕਵੀਆਂ ਦੀ ਸੰਸਥਾ ਦਾ ਆਯੋਜਨ ਕਰਦੀ ਹੈ।
ਉਤਸਵ ਦਾ ਉਦਘਾਟਨ ਇਕ ਬਹੁਤ ਵੱਡੇ ਓਪਨ ਥੀਏਡਰ ਵਿਚ ਹੋਇਆ। ਇਕ ਗਾਇਕ ਨੇ ਲੋਰਕਾ ਦੇ ਗੀਤ ਗਾ ਕੇ ਇਸ ਦਾ ਆਰੰਭ ਕੀਤਾ।
ਇਸ ਤੋਂ ਬਾਅਦ ਸੱਤ ਦਿਨਾਂ ਦਾ ਇਹ ਕਵਿਤਾ ਉਤਸਵ ਆਰੰਭ ਹੋਇਆ। ਇਸ ਦੀ ਰੂਪ-ਰੇਖਾ ਇਸ ਤਰ੍ਹਾਂ ਸੀ ਕਿ ਹਰ ਗ਼ੈਰ-ਸਪੈਨਿਸ਼ ਭਾਸ਼ੀ ਕਵੀ ਦੀਆਂ ਵੀਹ-ਵੀਹ ਕਵਿਤਾਵਾਂ ਦਾ ਸਪੈਨਿਸ਼ ਵਿਚ ਅਨੁਵਾਦ ਹੋ ਚੁੱਕਾ ਸੀ। ਹਰ ਕਵੀ ਦੀਆਂ ਕਵਿਤਾਵਾਂ ਦਾ ਸਪੈਨਿਸ਼ ਪਾਠ ਲਈ ਇਕ-ਇਕ ਉੱਚਾਰਨਹਾਰ ਵੀ ਨਿਸ਼ਚਿਤ ਹੋ ਚੁੱਕਾ ਸੀ। ਮੇਰੀਆਂ ਕਵਿਤਾਵਾਂ ਦਾ ਸਪੈਨਿਸ਼ ਪਾਠ ਹਾਈਮੇ ਐਂਦਰਿਸ ਨੇ ਕਰਨਾ ਸੀ, ਉਹ ਨੌਜਵਾਨ ਟੀ.ਵੀ. ਅਦਾਕਾਰ ਸੀ ਤੇ ਕਵਿਤਾ ਦਾ ਬਹੁਤ ਸ਼ੌਕੀਨ। ਉਸ ਨੂੰ ਅੰਗਰੇਜ਼ੀ ਬਿਲਕੁਲ ਨਹੀਂ ਸੀ ਆਉਂਦੀ। ਉਸ ਦੀ ਪਤਨੀ ਲੌਲੀ ਇਕ ਅੰਗਰੇਜ਼ ਔਰਤ ਸੀ ਜੋ ਸਪੈਨਿਸ਼ ਵੀ ਬਹੁਤ ਅੱਛੀ ਜਾਣਦੀ ਸੀ। ਉਹ ਸਾਡੇ ਵਿਚਕਾਰ ਦੁਭਾਸ਼ੀਆਂ ਦਾ ਕੰਮ ਕਰਦੀ ਸੀ। ਹਾਈਮੇ ਨੇ ਮੈਨੂੰ ਮੇਰੀਆਂ ਕਵਿਤਾਵਾਂ ਸਪੈਨਿਸ਼ ਵਿਚ ਪੜ੍ਹ ਕੇ ਸੁਣਾਈਆਂ-ਵਜੰਤਰੀ, ਬੰਸਰੀ-ਬਿਰਤਾਂਤ, ਘਰਾਂ ਨੂੰ ਵਾਪਸੀ, ਮੇਰੀ ਮਾਂ ਤੇ ਮੇਰੀ ਕਵਿਤਾ.... ਤੇ ਮੈਨੂੰ ਪੁੱਛਿਆ- ਤੁਹਾਨੂੰ ਕਿਸ ਤਰ੍ਹਾਂ ਲੱਗੀ ਮੇਰੀ ਗਤੀ ਤੇ ਰਵਾਨਗੀ? ਮੈਨੂੰ ਸਪੈਨਿਸ਼ ਭਾਸ਼ਾ ਦੀਆਂ ਧੁਨੀਆਂ ਬਹੁਤ ਚੰਗੀਆਂ ਲੱਗੀਆਂ।
ਮੈਦੇਯਿਨ ਸ਼ਹਿਰ ਵਿਚ ਕਵਿਤਾ ਉਤਸਵ ਲਈ ਛੇ ਵੈਨਿਊ ਬਣਾਏ ਗਏ, ਇਕ ਵੈਨਿਊ ਲਾਗਲੇ ਪਿੰਡ ਵਿਚ ਸੀ। ਇਕੋ ਵੇਲੇ ਸੱਤ ਥਾਵਾਂ 'ਤੇ ਚੱਲ ਰਿਹਾ ਸੀ ਇਕ ਕਵਿਤਾ ਮੇਰਾ। ਹਰ ਰੋਜ਼ ਹਰ ਕਵੀ ਦਾ ਵੈਨਿਊ ਤੇ ਨਾਲ ਦੇ ਕਵੀ ਬਦਲ ਜਾਂਦੇ। ਹਰ ਰੋਜ਼ ਹਰ ਕਵੀ ਨਵੇਂ ਲੋਕਾਂ ਅਤੇ ਨਵੇਂ ਕਵੀਆਂ ਦੇ ਦਰਮਿਆਨ ਕਵਿਤਾਵਾਂ ਪੜ੍ਹਦਾ ਸੀ। ਕਵੀ ਆਪਣੀ ਮੂਲ-ਭਾਸ਼ਾ ਵਿਚ ਪੜ੍ਹਦਾ ਸੀ ਤੇ ਉਸ ਦਾ ਸਪੇਨੀ ਪਾਠ ਉਸ ਦੇ ਜਾਦੂ ਨੂੰ ਸਪੈਨਿਸ਼ ਵਿਚ ਖੋਲ੍ਹਦਾ ਸੀ।
ਲੋਕ ਬਹੁਤ ਹੁੰਮ ਹੁੰਮਾ ਕੇ ਆਉਾਂਦੇ ਸਨ, ਸਾਹ ਰੋਕ ਸੁਣਦੇ ਸਨ ਤੇ ਜੋ ਉਨ੍ਹਾਂ ਦੇ ਦਿਲ ਨੂੰ ਛੋਹ ਜਾਂਦਾ, ਉਹ ਸਮੁੰਦਰ ਵਾਂਗ ਉਮਲ ਪੈਂਦੇ। ਹਰ ਵੈਨਿਊ ਪੂਰਾ ਭਰਿਆ ਹੁੰਦਾ। ਇਕ ਥਾਂ ਤਾਂ ਇਉਂ ਵੀ ਹੋਇਆ ਕਿ ਪੂਰਾ ਹਾਲ ਭਰ ਗਿਆ ਤੇ ਸੌ ਤੋਂ ਵਧੇਰੇ ਸਰੋਤੇ ਅਜੇ ਸੜਕ 'ਤੇ ਖੜ੍ਹੇ ਸਨ ਤੇ ਪ੍ਰਬੰਧਕਾਂ ਨੂੰ ਉਨ੍ਹਾਂ ਦੀ ਇਹ ਮੰਗ ਮੰਨਣੀ ਪਈ ਕਿ ਜਿਹੜਾ ਕਵੀ ਅੰਦਰ ਆਪਣੀਆਂ ਕਵਿਤਾਵਾਂ ਪੜ੍ਹ ਲਵੇ, ਉਹ ਬਾਹਰ ਆ ਕੇ ਸਾਡੇ ਲਈ ਪੜ੍ਹੇ।
ਜਿਸ ਤਰ੍ਹਾਂ ਪੰਜਾਬ ਵਿਚ ਸਰੋਤੇ ਕਿਸੇ ਲੋਕ ਗਾਇਕ ਨੂੰ ਸੁਣਨ ਜਾਂਦੇ ਹਨ, ਮੈਦੇਯਿਨ ਵਿਚ ਇਸ ਤਰ੍ਹਾਂ ਹੁੰਮ ਹੁੰਮਾ ਕੇ ਉਹ ਕਵੀਆਂ ਨੂੰ ਸੁਣਨ ਲਈ ਆਉਂਦੇ ਹਨ। ਫਿਰ ਸੁਣਨ ਤੋਂ ਬਾਅਦ ਕਵੀਆਂ ਦੇ ਮਗਰ ਮਗਰ, ਉਨ੍ਹਾਂ ਕੋਲੋਂ ਉਨ੍ਹਾਂ ਦੀ ਭਾਸ਼ਾ ਵਿਚ ਕਵਿਤਾਵਾਂ ਲਿਖਵਾਉਂਦੇ, ਆਟੋਗ੍ਰਾਫ਼ ਲੈਂਦੇ, ਉਨ੍ਹਾਂ ਪ੍ਰਤੀ ਆਪਣਾ ਪਿਆਰ ਤੇ ਪ੍ਰਸ਼ੰਸਾ ਪ੍ਰਗਟ ਕਰਦੇ-ਐਕਸੇਲੈਂਤਾ, ਪਰਫ਼ੈਕਤਾ, ਬਿੱਗ ਪੋਇਤਾ... ਇਨ੍ਹਾਂ ਲੋਕਾਂ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਪਿਛਲੇ ਕੁਝ ਦਹਾਕਿਆਂ ਤੋਂ ਸਪੈਨਿਸ਼ ਭਾਸ਼ਾ ਸੰਸਾਰ ਨੇ ਆਕਤਾਵਿਓ ਪਾਜ਼ ਜਿਹੇ ਕਵੀ ਤੇ ਗਾਰਸ਼ੀਆਂ ਮਾਰਕੁਏਜ਼ ਵਰਗੇ ਗਲਪਕਾਰ ਪੈਦਾ ਕੀਤੇ।
ਮੈਨੂੰ ਅੰਦਾਜ਼ਾ ਨਹੀਂ ਸੀ ਕਿ ਮੈਦੇਯਿਨ ਸ਼ਹਿਰ, ਉਸ ਦੇ ਲੋਕ ਤੇ ਉਥੇ ਦਾ ਇਹ ਅੰਤਰ-ਰਾਸ਼ਟਰੀ ਕਵਿਤਾ ਉਤਸਵ ਏਨਾ ਹੁਸੀਨ ਤੇ ਏਨਾ ਸ਼ਾਨਦਾਰ ਹੋਵੇਗਾ ਮੈਨੂੰ ਇਹ ਕਵਿਤਾ ਦਾ ਤੀਰਥ ਲੱਗੇਗਾ। ਮੈਂ ਤਾਂ ਰੋਂਦਾ ਕੁਰਲਾਉਾਂਦਾ ਡੋਲੀ ਚੜ੍ਹਿਆ ਸਾਂ।
ਇਕ ਕਵਿਤਾ ਪਾਠ ਤੋਂ ਪਹਿਲਾਂ ਮੈਂ, ਮੇਰਾ ਸਪੈਨਿਸ਼ ਰੀਡਰ ਹਾਈਮੇ ਐਂਦਰਿਸ ਤੇ ਉਸ ਦੀ ਪਤਨੀ ਲੌਲੀ ਇਕ ਪਾਰਕ ਵਿਚ ਘੁੰਮ ਰਹੇ ਸਾਂ। ਇਕ ਅੱਠ-ਦਸ ਸਾਲ ਦਾ ਬੱਚਾ ਸਾਈਕਲ ਚਲਾਉਂਦਾ ਸਾਡੇ ਕੋਲ ਰੁਕ ਗਿਆ। ਉਸ ਨੇ ਸਪੈਨਿਸ਼ ਵਿਚ ਕੁਝ ਪੁੱਛਿਆ ਜਿਸ ਤੇ ਉਹ ਦੋਵੇਂ ਹੱਸ ਪਏ। ਲੌਲੀ ਨੇ ਮੈਨੂੰ ਦੱਸਿਆ ਕਿ ਇਹ ਬੱਚਾ ਸਪੈਨਿਸ਼ ਵਿਚ ਕਹਿ ਰਿਹਾ ਸੀ- ਏਰੇਸ ਉਨ ਮਾਗੋ? ਯਾਨੀ ਕੀ ਇਹ ਆਦਮੀ ਜਾਦੂਗਰ ਹੈ?
ਮੈਂ ਕੁਝ ਨਾ ਕਿਹਾ ਪਰ ਮੇਰੇ ਮਨ ਵਿਚ ਇਕ ਕਵਿਤਾ ਸ਼ੁਰੂ ਹੋ ਗਈ-
ਮੈਦੇਯਿਨ ਸ਼ਹਿਰ ਵਿਚ
ਓਬਰੇਰੋ ਪਾਰਕ ਵਿਚ
ਕਵਿਤਾ ਉਤਸਵ ਦੇ ਦਿਨੀਂ
ਇਕ ਬੱਚਾ ਸਾਈਕਲ ਚਲਾਉਂਦਾ
ਮੇਰੇ ਕੋਲ ਆਇਆ
ਮੇਰੀ ਪੱਗੜੀ ਤੇ ਦਾੜ੍ਹੀ ਦੇਖ ਕੇ
ਪੁੱਛਣ ਲੱਗਾ-
ਏਰੇਸ ਉਨ ਮਾਗੋ
ਤੂੰ ਜਾਦੂਗਰ ਏ?

ਬੱਚੇ ਨੂੰ 'ਨਹੀਂ' ਕਹਿਣਾ ਮੈਨੂੰ ਚੰਗਾ ਨਾ ਲੱਗਾ
ਮੈਂ ਕਿਹਾ ਹਾਂ ਮੈਂ ਜਾਦੂਗਰ ਹਾਂ
ਮੈਂ ਅਸਮਾਨ ਤੋਂ ਤਾਰੇ ਤੋੜ ਕੇ
ਕੁੜੀਆਂ ਲਈ ਹਾਰ ਬਣਾ ਸਕਦਾ ਹਾਂ
ਮੈਂ ਦਰਖਤਾਂ ਨੂੰ ਸਾਜ਼ਾਂ ਵਿਚ ਬਦਲ ਸਕਦਾਂ
ਪੱਤਿਆਂ ਨੂੰ ਸੁਰਾਂ ਬਣਾ ਸਕਦਾਂ
ਤੇ ਹਵਾ ਨੂੰ ਸਾਜਿ਼ੰਦੇ ਦੇ ਪੋਟੇ
ਮੈਂ ਜ਼ਖ਼ਮਾਂ ਨੂੰ ਫੁੱਲਾਂ ਵਿਚ ਬਦਲ ਸਕਦਾਂ

ਬੱਚੇ ਨੇ ਹੈਰਾਨ ਹੋ ਕੇ ਕਿਹਾ- ਅੱਛਾ?
ਤਾਂ ਫਿਰ ਤੂੰ ਮੇਰੇ ਸਾਈਕਲ ਨੂੰ ਘੋੜਾ ਬਣਾ ਦੇ

ਮੈਂ ਇਕ ਪਲ ਸੋਚ ਕੇ ਕਿਹਾ
ਮੈਂ ਬੱਚਿਆਂ ਦਾ ਜਾਦੂਗਰ ਨਹੀਂ
ਵੱਡਿਆਂ ਦਾ ਜਾਦੂਗਰ ਹਾਂ
ਅੱਛਾ, ਤਾਂ ਫਿਰ ਤੂੰ ਸਾਡੇ ਘਰ ਨੂੰ
ਮਹਿਲ ਵਿਚ ਬਦਲ ਦੇ

ਮੈਂ ਛਿੱਥਾ ਜਿਹਾ ਪੈ ਕੇ ਆਖਿਆ
ਅਸਲ ਵਿਚ ਚੀਜ਼ਾਂ ਦਾ ਜਾਦੂਗਰ ਨਹੀਂ
ਲਫ਼ਜ਼ਾਂ ਦਾ ਜਾਦੂਗਰ ਆਂ

ਅੱਛਾ ਸਮਝ ਗਿਆ
ਤੂੰ ਪੋਇਟਾ ਏਂ ਪੋਇਟਾ

ਤੇ ਉਹ ਬੱਚਾ ਹੱਸਦਾ ਮੁਸਕਰਾਉਂਦਾ
ਹੱਥ ਹਿਲਾਉਂਦਾ
ਸਾਈਕਲ ਚਲਾਉਂਦਾ
ਪਾਰਕ ਤੋਂ ਬਾਹਰ ਚਲਾ ਗਿਆ
ਤੇ ਦਾਖ਼ਲ ਹੋ ਗਿਆ
ਮੇਰੀ ਕਵਿਤਾ ਵਿਚ॥
ਮੈਂ ਆਪਣੀ ਕਵਿਤਾ ਵਿਚ ਤਾਂ ਉਸ ਕੋਲੰਬੀਅਨ ਬੱਚੇ ਵਾਸਤੇ ਮਾਕੋ ਤੋਂ ਪੋਇਟਾ, ਯਾਨੀ ਜਾਦੂਗਰ ਤੋਂ ਕਵੀ ਬਣ ਗਿਆ ਪਰ ਅਸਲ ਵਿਚ ਮਾਗੋ ਹੀ ਰਿਹਾ ਹੋਵਾਂਗਾ। ਲੌਲੀ ਨੇ ਉਸ ਦਿਨ ਕਵਿਤਾ ਨੂੰ ਸਪੈਨਿਸ਼ ਵਿਚ ਅਨੁਵਾਦ ਕਰ ਦਿੱਤਾ ਤੇ ਇਕ ਕਵਿਤਾ-ਪਾਠ ਵਿਚ ਹਾਈਮੇਂ ਨੇ ਪੜ੍ਹ ਕੇ ਵੀ ਸੁਣਾ ਦਿੱਤੀ ਤੇ ਅਗਲੇ ਦਿਨ ਇਕ ਚਿੱਤਰਕਾਰ ਮੇਰਾ ਇਕ ਸਕੈੱਚ ਬਣਾ ਲਿਆਇਆ ਜਿਸ ਦੇ ਹੇਠਾਂ ਲਿਖਿਆ ਹੋਇਆ ਸੀ- ਮਾਗੋ ਲਾ ਪਲਾਬਰਾ, ਯਾਨੀ ਲਫ਼ਜ਼ਾਂ ਦਾ ਜਾਦੂਗਰ।
ਵੱਖ-ਵੱਖ ਦੇਸ਼ਾਂ ਵਿਚੋਂ ਲੰਘਦਿਆਂ ਪੱਗੜੀ ਵੱਖ-ਵੱਖ ਅਰਥ ਧਾਰਨ ਕਰਦੀ ਹੈ, ਕਿਤੇ ਇਹ ਤੁਹਾਨੂੰ ਅਰਬ ਦਾ ਮੁਸਲਮਾਨ ਤੇ ਕਿਤੇ ਮਾਗੋ ਬਣਾ ਦੇਂਦੀ ਹੈ, ਕਿਤੇ-ਕਿਤੇ ਤੁਹਾਨੂੰ ਕੋਈ ਰਾਜਾ ਜਾਂ ਸ਼ਹਿਜ਼ਾਦਾ ਵੀ ਸਮਝ ਲਿਆ ਜਾਂਦਾ ਹੈ। ਮੈਨੂੰ 82-83 ਵਿਚ ਲਿਖੀ ਇਕ ਲੰਬੀ ਕਵਿਤਾ ਦਾ ਹਿੱਸਾ ਯਾਦ ਆਇਆ-
ਪਤਾ ਨਹੀਂ ਕਿਹੋ ਜਿਹੀ ਲੱਗ ਰਹੀ ਹੋਵੇਗੀ
ਤੁਹਾਨੂੰ ਮੇਰੀ ਪੱਗੜੀ
ਪਰ ਮਾਂ ਦੀਆਂ ਅੱਖਾਂ ਨੇ ਮੇਰੇ ਵੱਲ ਦੇਖਦਿਆਂ
ਇਸ ਬਾਰੇ ਕੁਝ ਇਹੋ ਜਿਹਾ ਇਕ ਖ਼ਾਮੋਸ਼ ਗੀਤ ਗਾਇਆ ਸੀ-
ਰਿਸ਼ਮਾਂ ਦਾ ਤਾਣਾ
ਕਿਰਨਾਂ ਦਾ ਬਾਣਾ
ਰਬਾਬ ਦੀ ਰੰਗਤ
ਸ਼ਮਸ਼ੀਰ ਦਾ ਅਬਰਕ
ਮਮਤਾ ਦੀ ਮਾਇਆ
ਅਸੀਸ ਦੀ ਖ਼ੁਸ਼ਬੂ
ਇਹ ਸਭ ਕੁਝ ਸਮੋ ਕੇ
ਮੈਂ ਤੇਰੀ ਦਸਤਾਰ ਬਣਾਈ
ਪਿਤਾ ਨੇ ਤੇਰੇ ਸਿਰ 'ਤੇ ਸਜਾਈ

ਪਿੰਡ ਵਿਚ ਬੈਠੀ ਮਾਂ ਨੂੰ ਕੀ ਪਤਾ
ਦੇਸ਼ ਦੇਸ਼ 'ਚੋਂ ਵਿਚਰਦਿਆਂ
ਕਾਲ-ਕਾਲ 'ਚੋਂ ਗੁਜ਼ਰਿਆਂ
ਸ਼ਹਿਰ-ਸ਼ਹਿਰ 'ਚੋਂ ਲੰਘਦਿਆਂ
ਬਹੁਤ ਕੁਝ ਅਲੱਗ-ਅਲੱਗ
ਬਣਦੀ ਰਹਿੰਦੀ ਹੈ ਇਹ
ਕਿਤਿਓਂ ਲੰਘਦਿਆਂ ਬਣ ਜਾਂਦੀ ਹੈ
ਮੇਰੇ ਸਿਰ ਮੇਰੀ ਬਹਾਦਰੀ ਦਾ ਤਾਜ ਮੇਰੀ ਪੱਗੜੀ
ਤੇ ਕਿਤਿਓਂ ਲੰਘਦਿਆਂ
ਇਹ ਬਣ ਜਾਂਦੀ ਹੈ
ਮੇਰੇ ਸਿਰ ਗੁਨਾਹਾਂ ਦੀ ਗੱਠੜੀ

ਇਕ ਵਾਰ ਭੋਪਾਲ ਵਿਚ
ਮੈਂ ਪੂਰਨ ਸਿੰਘ ਦੇ ਰੰਗ ਵਿਚ ਕਿਹਾ ਸੀ
ਇਹ ਜੋ ਮੇਰੀ ਦਸਤਾਰ ਹੈ
ਮੇਰੇ ਸਿਰ ਤੇ ਮੇਰੇ ਗੁਰੂ ਦਾ ਪਿਆਰ ਹੈ

ਮੇਰੀ ਗੱਲ ਸੁਣ ਕੇ ਰਘੁਵੀਰ ਸਹਾਏ
ਆਪਣੀ ਵਿਅੰਗ ਭਰੀ ਕਵਿਤਾ ਦੇ ਅੰਦਾਜ਼ ਵਿਚ ਮੁਸਕਰਾਏ

ਉਨ੍ਹਾਂ ਨੇ ਕੁਝ ਨਹੀਂ ਕਿਹਾ
ਪਰ ਮੈਨੂੰ ਲੱਗਾ
ਉਹ ਕਹਿ ਰਹੇ ਹਨ-
ਜੇ ਨਹੀਂ ਹੈ
ਤੇਰੇ ਮਸਤਕ ਵਿਚ
ਨਿਰਭਇਤਾ, ਸੱਚਾਈ, ਕੁਰਬਾਨੀ ਅਤੇ ਪਿਆਰ
ਤੇਰੇ ਗੁਰੂ ਜਿਹਾ ਬੇਕਿਨਾਰ
ਤਾਂ ਕਿਉਂ ਹੈ ਤੇਰੇ ਸਿਰ 'ਤੇ
ਤੇਰੇ ਗੁਰੂ ਦੀ ਨਿਸ਼ਾਨੀ
ਤੇਰੀ ਦਸਤਾਰ

ਕੁਝ ਇਸ ਤਰ੍ਹਾਂ ਮੁਸਕਰਾਏ
ਰਘੁਵੀਰ ਸਹਾਏ
ਕਿ ਮੇਰੀਆਂ ਅੱਖਾਂ 'ਚੋਂ ਅੱਥਰੂ ਨਿਕਲ ਆਏ

ਉਹ ਹੰਝੂ ਸਿਰਫ ਦੁਖ ਦੇ ਹੀ ਨਹੀਂ ਸਨ
ਖ਼ੁਸ਼ੀ ਦੇ ਵੀ ਸਨ
ਕਿ ਮੇਰਾ ਪ੍ਰਿਅ ਕਵੀ ਜਾਣਦਾ ਹੈ
ਮੇਰੀ ਦਸਤਾਰ ਤੇ ਮੇਰੇ ਗੁਰੂ ਦਾ ਕੀ ਰਿਸ਼ਤਾ ਹੈ
ਜਦ ਕਿ ਉਹ ਸਾਰੇ ਰਿਸ਼ਤੇ ਭੁੱਲਣ ਦੇ ਦਿਨ ਸਨ
ਜਾਣ ਕੇ ਵੀ
ਅਣਜਾਣ ਬਣਨ ਦੇ ਦਿਨ ਸਨ
ਇਕ ਦਿਨ ਕਵਿਤਾ-ਉਤਸਵ ਦਾ ਵੈਨਿਊ ਇਕ ਪਿੰਡ ਸੀ। ਕਵਿਤਾ-ਪਾਠ ਤੋਂ ਬਾਅਦ ਪ੍ਰਸ਼ਨ ਉੱਤਰ ਲਈ ਵੀ ਸਮਾਂ ਰੱਖਿਆ ਸੀ। ਸਾਡੀ ਦੋਭਾਸ਼ੀਆ ਲੌਲੀ ਦੀ ਸਹਾਇਤਾ ਨਾਲ ਇਕ ਬਜ਼ੁਰਗ ਤੇ ਮੇਰੇ ਵਿਚਕਾਰ ਇਹ ਗੱਲਬਾਤ ਹੋਈ। ਬਜ਼ੁਰਗ ਨੇ ਮੈਨੂੰ ਮੇਰੀ ਪੱਗੜੀ ਬਾਰੇ ਵੀ ਪੁੱਛਿਆ ਤੇ ਨਾਲ ਹੀ ਇਹ ਵੀ ਕਿ ਕੋਲੰਬੀਆ ਵਿਚ ਏਨੀ ਹਿੰਸਾ ਹੈ, ਤੁਹਾਨੂੰ ਏਥੇ ਆਉਣ ਲੱਗਿਆਂ ਡਰ ਨਹੀਂ ਆਇਆ? ਮੈਂ ਕਿਹਾ ਜਿਥੋਂ ਮੈਂ ਆਇਆ ਹਾਂ, ਉਸ ਧਰਤੀ ਨੇ ਵੀ ਬਹੁਤ ਹਿੰਸਾ ਦੇਖੀ ਹੈ। ਉਸ ਧਰਤੀ ਦਾ ਜੋ ਹਾਲ ਹੋ ਗਿਆ ਸੀ ਉਸ ਬਾਰੇ ਮੈਂ ਤੁਹਾਨੂੰ ਦੋ ਸਤਰਾਂ ਵਿਚ ਦਸਦਾ ਹਾਂ:-
ਮਾਤਮ ਹਿੰਸਾ ਖ਼ੌਫ਼ ਬੇਬਸੀ ਤੇ ਅਨਿਆਂ
ਇਹ ਨੇ ਅੱਜਕੱਲ੍ਹ ਮੇਰੇ ਦਰਿਆਵਾਂ ਦੇ ਨਾਂ
ਕਵਿਤਾ ਉਤਸਵ ਵਿਚ ਸ਼ਾਮਿਲ ਜਾਪਾਨੀ ਸ਼ਾਇਰਾ ਦੀ ਉਮਰ ਸੱਤਰ ਦੇ ਆਸ-ਪਾਸ ਸੀ, ਪਰ ਉਹ ਮੇਕ-ਅੱਪ ਬਿਲਕੁਲ ਮੁਟਿਆਰਾਂ ਵਰਗਾ ਕਰਦੀ ਸੀ। ਉਸ ਨੇ ਬਹੁਤ ਮੋਟੇ-ਮੋਟੇ ਅੱਖਰਾਂ ਵਿਚ ਆਪਣੀ ਕਵਿਤਾ ਲਿਖੀ ਹੁੰਦੀ ਤਾਂ ਜੋ ਉਸ ਨੂੰ ਮੰਚ ਉੱਤੇ ਐਨਕ ਲਾ ਕੇ ਨਾ ਆਉਣਾ ਪਵੇ। ਇਕ ਕਵਿਤਾ ਦੇ ਸਾਰੇ ਕਾਗਜ਼ਾਂ ਨੂੰ ਜੋੜ ਕੇ ਉਹ ਲੰਮਾ ਸਾਰਾ ਇਕ ਹੀ ਕਾਗਜ਼ ਬਣਾ ਲੈਂਦੀ ਸੀ। ਉਹ ਡਾਇਸ ਤੇ ਖੜ੍ਹੀ ਕਵਿਤਾ ਪੜ੍ਹੀ ਜਾਂਦੀ ਤੇ ਉਹ ਦੀ ਕਵਿਤਾ ਕੱਪੜੇ ਦੇ ਥਾਨ ਵਾਂਗ ਖੁੱਲ੍ਹਦੀ ਤੇ ਡਾਇਸ ਤੋਂ ਖਿਸਕਦੀ ਰਹਿੰਦੀ ਤੇ ਫਰਸ਼ 'ਤੇ ਡਿੱਗਦੀ ਰਹਿੰਦੀ। ਕਵਿਤਾ ਦਾ ਇਕ ਥਾਨ ਮੁੱਕਦਾ ਤਾਂ ਉਹ ਦੂਜਾ ਖੋਲ੍ਹ ਲੈਂਦੀ।
ਇਕ ਦਿਨ ਅਰਬੀ ਦੇ ਇਕ ਕਵੀ ਨੇ ਕਿਹਾ ਕਿ ਮੇਰੇ ਸਿਰਫ ਅਨੁਵਾਦ ਹੀ ਪੜ੍ਹੇ ਜਾਣ। ਪਰ ਸਰੋਤਿਆਂ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹ ਹਰ ਕਵੀ ਨੂੰ ਇਸ ਦੀ ਮੂਲ-ਭਾਸ਼ਾ ਵਿਚ ਵੀ ਜ਼ਰੂਰ ਸੁਣਨਾ ਚਾਹੁੰਦੇ ਸਨ। ਸੱਚਮੁੱਚ ਕਈ ਕਵੀਆਂ ਨੂੰ ਉਨ੍ਹਾਂ ਦੀ ਮੂਲ-ਭਾਸ਼ਾ ਵਿਚ ਸੁਣਨਾ ਇਕ ਵਿਲੱਖਣ ਜਿਹਾ ਅਨੁਭਵ ਹੁੰਦਾ ਹੈ।
ਮਰਕਜ਼ੀ ਸਹਿਰਾ ਤੋਂ ਆਇਆ ਮੋਹੰਮਦਨ ਹਵਦ ਹਮੇਸ਼ਾ ਆਪਣੇ ਕਵਿਤਾ-ਪਾਠ ਦੀ ਰੀਹਰਸਲ ਕਰਦਾ ਰਹਿੰਦਾ। ਉਹ ਜਦੋਂ ਆਪਣੀ ਕਵਿਤਾ ੁਚਾਰਦਾ ਸੀ ਤਾਂ ਬਹੁਤ ਮੁਸ਼ਕਲ ਤੇ ਅਣਸੁਣੀਆਂ ਧੁਨੀਆਂ ਨਿਕਾਲਦਾ ਸੀ। ਉਹ ਕਹਿੰਦਾ ਸੀ ਮੇਰੇ ਉਚਾਰਣ ਵਿਚ ਕਿਸੇ ਸ਼ਬਦ ਵਿਚ ਮੇਰਾ ਅੰਗੂਠਾ ਵੀ ਬੋਲਦਾ ਹੈ, ਕਿਸੇ ਵਿਚ ਮੇਰੇ ਪੈਰਾਂ ਦੀ ਤਲੀਆਂ ਵੀ, ਕਿਸੇ ਵਿਚ ਮੇਰੇ ਸਿਰ ਦੇ ਵਾਲ। ਕਿਸੇ ਵੀ ਲਫ਼ਜ਼ ਦੇ ਅਰਥ ਬਿਨਾਂ ਉਸ ਦੀਆਂ ਧੁਨੀਆਂ ਨੂੰ ਸੁਣਨਾ ਇਕ ਅਲੌਕਿਕ ਅਨੁਭਵ ਹੁੰਦਾ ਸੀ। ਉਸ ਦੀਆਂ ਧੁਨੀਆਂ ਅਜੀਬ ਭਾਵਨਾਵਾਂ ਜਗਾਉਂਦੀਆਂ ਸਨ, ਇਕਲਾਪੇ ਦੀਆਂ, ਰੱਬ ਦੀ ਬੇਰਹਿਮੀ ਦੀਆਂ, ਅੱਧੀ ਰਾਤ ਦੇ ਸਹਿਰਾ ਦੇ ਸਿਰ ਤੇ ਚਮਕਦੇ ਤਾਰਿਆਂ ਦੀਆਂ।
ਕੈਨੇਡਾ ਤੋਂ ਆਇਆ ਪਾਲ ਦੱਤੋਂ ਕਦੀ-ਕਦੀ ਨਿਰਾਰਥਕ ਧੁਨੀਆਂ ਨਾਲ ਹੀ ਆਪਣਾ ਕਵਿਤਾ ਪਾਠ ਕਰਦਾ ਸੀ, ਉਹ ਧੁਨੀਆਂ ਕਿਸੇ ਭਾਸ਼ਾ ਦੇ ਲਫ਼ਜ਼ ਨਹੀਂ ਸਨ, ਉਹ ਸਿਰਫ ਅਜੀਬੋ ਗਰੀਬ ਧੁਨੀਆਂ ਸਨ।
ਇਕ ਦਿਨ ਕਵਿਤਾ-ਪਾਠ ਦਾ ਇਕ ਵੈਨਿਊ ਪਾਗਲਖ਼ਾਨਾ ਰੱਖਿਆ ਗਿਆ। ਪਾਲ ਦੱਤੋਂ ਵੀ ਉਸ ਵੈਨਿਊ ਦੇ ਕਵੀਆਂ ਵਿਚ ਸ਼ਾਮਿਲ ਸੀ। ਦੂਜੇ ਦਿਨ ਉਸ ਦੇ ਕਵਿਤਾ-ਪਾਠ ਬਾਰੇ ਸੁਰਖੀ ਸੀ, ''ਪਾਗਲਖ਼ਾਨੇ ਵਿਚ ਪਾਗ਼ਲਾਂ ਨਾਲੋਂ ਵੀ ਵੱਡੇ ਪਾਗਲ।''
ਇਕ ਸ਼ਾਮ ਜਮਾਇਕਨ ਕਵੀ ਤੌਮਲਿਨ ਐਲਿਸ ਦਾ ਕਵਿਤਾ-ਪਾਠ ਇਕ ਬੀਅਰ ਬਾਰ ਦੇ ਸਾਹਮਣੇ ਸੀ। ਬਹੁਤ ਵੱਡੀ ਗਿਣਤੀ ਵਿਚ ਲੋਕ ਜੁੜੇ ਹੋਏ ਸਨ। ਤੌਮਲਿਨ ਐਲਿਸ ਅੰਗਰੇਜ਼ੀ ਵਿਚ ਜਾ ਰਿਹਾ ਸੀ, ਉਸ ਦੇ ਨਾਲ ਇਕ ਸਾਜਿ਼ੰਦਾ ਗਿਟਾਰ ਵਜਾ ਰਿਹਾ ਸੀ, ਉਸ ਦਾ ਅਨੁਵਾਦਕ ਸਪੈਨਿਸ਼ ਗਾ ਰਿਹਾ ਸੀ।
ਉਤਸਵ ਦੀ ਆਖਿਰੀ ਸ਼ਾਮ ਬਾਰੇ ਕਵੀਆਂ ਨੇ ਇਕ ਓਪਨ ਥੀਏਟਰ ਵਿਚ ਇਕੱਠੇ ਹੋਣਾ ਸੀ, ਜ਼ੋਰਾਂ ਦੀ ਬਾਰਿਸ਼ ਹੋ ਰਹੀ ਸੀ। ਬਾਰਿਸ਼ ਦੇ ਬਾਵਜੂਦ ਥੀਏਟਰ ਭਰਿਆ ਹੋਇਆ ਸੀ। ਲੋਕ ਛਤਰੀਆਂ ਤਾਣ ਕੇ, ਪਲਾਸਟਿਕ ਦੀਆਂ ਸ਼ੀਟਾਂ ਹੇਠ ਲੁਕ ਕੇ ਬੈਠੇ ਪੋਏਸੀਆ ਪੋਏਸੀਆ ਦੇ ਨਾਅਰੇ ਲਾ ਰਹੇ ਸਨ। ਬਾਰਿਸ਼ ਥਮ ਗਈ। ਪੰਜਾਹ ਕਵੀਆਂ ਨੇ ਆਪਣੀਆਂ ਇਕ-ਇਕ, ਦੋ-ਦੋ ਕਵਿਤਾਵਾਂ ਪੜ੍ਹੀਆਂ, ਗ਼ੈਰ-ਸਪੇਨੀ ਕਵਿਤਾਵਾਂ ਦੇ ਸਪੇਨੀ ਅਨੁਵਾਦ ਵੀ ਪੜ੍ਹੇ ਗਏ। ਲਗਭਗ ਛੇ ਘੰਟੇ ਦਾ ਪ੍ਰੋਗਰਾਮ ਸੀ, ਸਰੋਤੇ ਘਟੇ ਨਹੀਂ, ਸਗੋਂ ਵਧਦੇ ਹੀ ਗਏ। ਨਾਲ-ਨਾਲ ਬੀਅਰ, ਵਾਈਨ, ਵਿਸਕੀ ਵੀ ਚੱਲ ਰਹੀ ਸੀ, ਫਿਰ ਵੀ ਜਦੋਂ ਕੋਈ ਕਵੀ ਕਵਿਤਾ ਪੜ੍ਹਦਾ ਸੀ ਤਾਂ ਇਸ ਤਰ੍ਹਾਂ ਖ਼ਾਮੋਸ਼ੀ ਹੁੰਦੀ ਸੀ ਕਿ ਡਿੱਗੇ ਪੱਤੇ ਦਾ ਵੀ ਖੜਾਕ ਸੁਣੇ, ਪਰ ਜਦੋਂ ਕੋਈ ਸਤਰ ਦਿਲਾਂ ਨੂੰ ਛੂਹ ਜਾਂਦੀ ਤਾਂ ਸਰੋਤੇ ਸਮੁੰਦਰ ਵਾਂਗ ਉਛਲ ਪੈਂਦੇ।
ਕਵਿਤਾ-ਪਾਠ ਖ਼ਤਮ ਹੋਣ ਤੋਂ ਬਾਅਦ ਹੋਟਲ ਆਏ ਤਾਂ ਦੋ ਵੱਜ ਚੁੱਕੇ ਸਨ। ਸਵੇਰੇ ਚਾਰ ਵਜੇ ਏਅਰਪੋਰਟ ਲਈ ਚੱਲਣਾ ਸੀ। ਇਸ ਉਤਸਵ ਦੌਰਾਨ ਮੇਰੀ ਵਾਕਿਫ਼ ਬਣੀ ਨੌਜਵਾਨਾਂ ਦੀ ਇਕ ਟੋਲੀ ਮੇਰੇ ਨਾਲ ਹੋਟਲ ਆਈ। ਚਾਹ ਪੀ ਕੇ ਸਭ ਜਾਣ ਲੱਗੇ ਤਾਂ ਉੱਚੀ ਲੰਮੀ ਡੀਲ ਡੌਲ ਪਰ ਬਹੁਤ ਮਿੱਠੀ ਤੇ ਸੰਵੇਦਨਸ਼ੀਲ ਆਵਾਜ਼ ਵਾਲੀ ਲੀਨਾ ਮਾਰੀਆ ਤੇ ਉਸ ਦੇ ਘੁੰਗਰਾਲੇ ਵਾਲਾਂ ਵਾਲੇ ਸਨੁੱਖੇ ਦੋਸਤ ਯੂਆਨ ਸਾਰਡੋਨਾ ਨੇ ਕਿਹਾ- ਅਸੀਂ ਚਾਰ ਵਜੇ ਤੱਕ ਏਥੇ ਰਹਾਂਗੇ। ਅਸੀਂ ਤੁਹਾਨੂੰ ਵਿਦਾ ਕਰਕੇ ਹੀ ਘਰ ਜਾਵਾਂਗੇ। ਉਨ੍ਹਾਂ ਸਾਰਿਆਂ ਵਿਚੋਂ ਲੀਨਾ ਹੀ ਸੀ ਜਿਸ ਨੂੰ ਅੰਗਰੇਜ਼ੀ ਆਉਂਦੀ ਸੀ। ਲੀਨਾ ਨੇ ਮੈਨੂੰ ਆਪਣੇ ਖ਼ੂਬਸੂਰਤ ਸਕੈੱਚ ਦਿਖਾਏ, ਆਪਣੀਆਂ ਸਪੈਨਿਸ਼ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦ ਸੁਣਾਏ। ਮੇਰੀਆਂ ਕਵਿਤਾਵਾਂ ਦੇ ਅੰਗਰੇਜ਼ੀ ਤੇ ਸਪੈਨਿਸ਼ ਅਨੁਵਾਦਾਂ ਦੀਆਂ ਕਾਪੀਆਂ ਕਰਵਾਈਆਂ। ਚਾਰ ਵਜੇ ਜਦੋਂ ਉਨ੍ਹਾਂ ਨੇ ਮੈਨੂੰ ਵਿਦਾ ਕੀਤਾ ਤਾਂ ਮੈਨੂੰ ਲੱਗਿਆ ਉਨ੍ਹਾਂ ਦੇ ਰੂਪ ਵਿਚ ਕੋਲੰਬੀਆ ਦੀ ਖ਼ੂਬਸੂਰਤ ਰੂਹ, ਉਥੋਂ ਦਾ ਸ਼ਾਇਰਾਨਾ ਪਿਆਰ ਭਰਿਆ ਦਿਲ ਮੈਨੂੰ ਵਿਦਾ ਕਰ ਰਿਹਾ ਹੈ। ਮੇਰੀ ਜਿ਼ੰਦਗੀ ਦੀ ਇਹ ਇਕ ਅਤਿ ਹੁਸੀਨ ਵਿਦਾ ਸੀ।
ਮਿਆਸੀ ਏਅਰਪੋਰਟ ਤੇ ਇਕੱਲੇ ਬੈਠਿਆਂ ਨੂੰ ਮੈਦੇਯਿਨ ਸ਼ਹਿਰ, ਉਥੋਂ ਦਾ ਕਵਿਤਾ-ਉਤਸਵ, ਉਥੋਂ ਦੇ ਲੋਕ ਏਨੇ ਯਾਦ ਆਏ ਕਿ ਮੇਰੀਆਂ ਅੱਖਾਂ ਨਮ ਹੋ ਗਈਆਂ ਤੇ ਮੈਂ ਡਾਇਰੀ ਖੋਲ੍ਹ ਕੇ ਲਿਖਣ ਲੱਗ ਪਿਆ-
ਤੂੰ ਮੈਨੂੰ ਬਹੁਤ ਯਾਦ ਆਉਂਦਾ ਏਂ
ਓ ਕਵਿਤਾ ਦੇ ਤੀਰਥ ਮੈਦੇਯਿਨ
ਓ ਸਰੋਤਿਆਂ ਦੇ ਰੰਗਲੇ, ਰਸੀਲੇ, ਸੁਰੀਲੇ ਸਮੁੰਦਰ
ਓ ਕਵਿਤਾ ਦੇ ਹਰੇਕ ਸ਼ਬਦ ਨਾਲ
ਵੱਜਦੇ ਮਹਾਨ ਸਾਜ਼
ਮੈਂ ਤੈਨੂੰ ਬਹੁਤ ਯਾਦ ਕਰਦਾ ਹਾਂ

ਤੂੰ ਮੈਨੂੰ ਕਿਸ ਤਰ੍ਹਾਂ ਵਲ ਲਿਆ ਸੀ
ਆਪਣੀਆਂ ਹਜ਼ਾਰ-ਹਜਾਰ ਬਾਹਵਾਂ ਵਿਚ

ਤੂੰ ਇਕ-ਇਕ ਸ਼ਬਦ ਨਾਲ
ਸਮੁੰਦਰ ਵਾਂਗ ਉਛਲਿਆ

ਓ ਮੈਦੇਯਿਨ
ਤੇਰੀਆਂ ਭੋਲੀਆਂ
ਹਿਰਨਾਂ ਵਰਗੀਆਂ ਹਜ਼ਾਰਾਂ ਅੱਖਾਂ
ਮੇਰੇ ਨਾਲ ਨਮ ਹੋਈਆਂ ਉਦਾਸੀ ਤੇ ਖੁਸ਼ੀ ਨਾਲ

ਇਕ ਵਾਕ ਦੇ ਮੋੜ ਨਾਲ
ਮੇਰੇ ਸਰੋਤੇ ਹਰੀਆਂ ਅੱਖਾਂ ਵਾਲੇ
ਬਿਰਖ਼ ਬਣ ਗਏ
ਇਕ ਸਤਰ ਦੇ ਤੇਵਰ ਨਾਲ
ਤੇਰੇ ਬਿਰਖ਼ ਫਲਾਂ ਨਾਲ ਭਰ ਗਏ

ਓ ਮੈਦੇਯਿਨ ਮੈਂ ਤੇਰਾ ਨਿੱਕਾ ਜਿਹਾ ਮਾਗੋ
ਮਿਆਮੀ ਦੇ ਏਅਰਪੋਰਟ ਤੇ ਬੈਠਾ
ਤੈਨੂੰ ਯਾਦ ਕਰਦਾ ਹਾਂ
ਜਿਥੇ ਮੈਨੂੰ ਕੋਈ ਨਹੀਂ ਜਾਣਦਾ
ਸੱਚੀ ਗੱਲ ਤਾਂ ਇਹ ਹੈ ਕਿ
ਤੇਰੇ ਜਿੰਨਾ ਤਾਂ ਮੈਨੂੰ
ਤੇਰਾ ਸ਼ਹਿਰ ਵੀ ਨਹੀਂ ਜਾਣਦਾ

ਤੈਨੂੰ ਵੀ ਯਾਦ ਤਾਂ ਆਉਂਦਾ ਹੋਵੇਗਾ
ਆਪਣਾ ਨਿੱਕਾ ਜਿਹਾ ਮਾਗੋ

ਓ ਕਵਿਤਾ ਦੇ ਤੀਰਥ ਮੈਦੇਯਿਨ॥

ਸਾਡਾ ਪਰਿਵਾਰ ਅਤੇ ਮੇਰੀ ਕਵਿਤਾ –ਸੁਰਜੀਤ ਪਾਤਰ

                                ਅਮਰਜੀਤ ਟਾਂਡਾ ਤੇ ਸੁਰਜੀਤ ਪਾਤਰ


ਸਾਡੇ ਪਰਿਵਾਰ ਵਿਚ ਅੱਖਰਾਂ ਦਾ ਪ੍ਰਵੇਸ਼ ਮੇਰੇ ਪਿਤਾ ਜੀ ਗਿਆਨੀ ਹਰਭਜਨ ਸਿੰਘ ਹੋਰਾਂ ਨਾਲ ਹੋਇਆ ।ਇਹ ਅੱਖਰ ਸਿੱਖੀ ਦੇ ਰੰਗ ਵਿਚ ਗੂੜ੍ਹੇ ਰੰਗੇ ਹੋਏ ਸਨ ,ਗੁਰਬਾਣੀ ਪਾਠ ,ਕੀਰਤਨ ਤੇ ਸਿੱਖ ਇਤਿਹਾਸ ਤੋ ਲੈਦੇ ਹੋਏ ।ਮੇਰੇ ਚਾਚਾ ਜੀ ਦਾ ਬੇਟਾ ਦੀਦਾਰ ਸਿੰਘ ਪਰਦੇਸੀ ਕਹਿੰਦਾ ਹੁੰਦਾ :ਤਾਇਆ ਜੀ ਦੀ ਆਵਾਜ਼ ਭਾਰੀ ਸੀ , ਸਹਿਗਲ ਵਰਗੀ ।ਪਿਤਾ ਜੀ ਉਤੇ ਸਿੰਘ ਸਭਾ ਲਹਿਰ ਦਾ ਗੂੜ੍ਹਾ ਪ੍ਰਭਾਵ ਸੀ ।ਉਨ੍ਹਾਂ ਨੇ ਧੀਆਂ ਨੂੰ ਕਦੀ ਨੱਕ ਕੰਨ ਨਾ ਵਿੰਨ੍ਹਾਉਣ ਦਿਤੇ ,ਨਾ ਹੀ ਵੰਙਾਂ ਪਾਉਣ ਦਿੱਤੀਆਂ ।ਸਾਡੇ ਘਰ ਵਿਚ ਸਿਰਫ਼ ਧਾਰਮਿਕ ਕਿਤਾਬਾਂ ਹੀ ਸਨ ।ਮੈ ਛੋਟਾ ਜਿਹਾ ਸਾਂ ।ਰਾਤ ਦੇ ਰੋਟੀ ਟੁੱਕ ਤੋ ਹੋ ਕੇ ਸਾਰਾ ਟੱਬਰ ਦਲਾਨ ਵਿਚ ਬੈਠਾ ਸੀ ।ਚੱਕੀ ਦੇ ਕੋਲ ਪੀੜ੍ਹੀ ਉਤੇ ਪਿਤਾ ਜੀ ਬੈਠੇ ਸਨ ।ਮੈ ਜੀ ਨੂੰ ਕਿਹਾ :ਮੈਨੂੰ ਗੀਤ ਸੁਣਾਓ ,ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ ।ਪਿਤਾ ਜੀ ਹੱਸ ਪਏ ਤੇ ਨੁਣ ਨੁਣ ਕਰਕੇ ਗੀਤ ਦੀ ਤਰਜ਼ ਗੁਣਗੁਣਾਉਦੇ ਰਹੇ ਪਰ ਗੀਤ ਦੇ ਬੋਲ ਉਨ੍ਹਾਂ ਨੇ ਲਬਾਂ ਤੇ ਨਾ ਲਿਆਂਦੇ ।
            
ਭੀੜੀ ਜਿਹੀ ਗਲੀ ਦੇ ਸਿਰੇ ਤੇ ਸਾਡਾ ਘਰ ਸੀ ਜਿੱਥੇ ਦੋ ਪਰਵਾਰ ਰਹਿੰਦੇ ਸਨ ਇਕ ਮੇਰੇ ਚਾਚੇ ਮੱਘਰ ਸਿੰਘ ਦਾ ਤੇ ਇਕ ਮੇਰੇ ਪਿਤਾ ਦਾ ।ਮੇਰਾ ਤੇ ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸਿੰਘ ਪਰਦੇਸੀ ਦਾ ਜਨਮ ਇਕ ਹੀ ਛੱਤ ਹੇਠ ਹੋਇਆ ।ਘਰਾਂ ਤੋ ਸਾਡੀ ਹਵੇਲੀ ਸੀ ਜਿੱਥੇ ਮੇਰੇ ਤਾਇਆ ਜੀ ਮੂਲ ਸਿੰਘ ਸੇਪੀ ਕਰਦੇ ਸਨ ।ਹਲ ਪੰਜਾਲੀਆਂ ਠੀਕ ਕਰਵਾਉਣ ਆਏ ਜੱਟ ਉਨ੍ਹਾਂ ਕੋਲ ਬੈਠੇ ਰਹਿੰਦੇ ।ਮੈ ਦੀਆਂ ਗੱਲਾਂ ਸੁਣਨ ਦਾ ਮਾਰਾ ਓਥੇ ਬੈਠਾ ਰਹਿੰਦਾ ।ਤਾਇਆ ਮੂਲ ਸਿੰਘ ਦੀ ਆਵਾਜ਼ ਇਹੋ ਜਿਹੀ ਸੀ ਜਿਵੇ ਸਖ਼ਤ ਲੱਕੜੀ ਵਾਲਾ ਰੁੱਖ ਬੋਲਦਾ ਹੋਵੇ ।

ਓਸੇ ਹਵੇਲੀ ਵਿਚ ਨਾਲ ਦੇ ਬਰਾਂਡੇ ਵਿਚ ਮੇਰੇ ਪਿਤਾ ਜੀ ਕੁਰਸੀਆਂ ਬਣਾਉਦੇ ।ਇਸੇ ਮਾਹੌਲ ਦੀ ਯਾਦ ਵਿਚੋ ਬੜੇ ਸਾਲਾਂ ਬਾਅਦ ਮੇਰੀ ਇਸ ਕਵਿਤਾ ਨੇ ਜਨਮ ਲਿਆ ।ਇਹ ਕਵਿਤਾ ਹੈ ਤਾਂ ਕੁਦਰਤ ਨੂੰ ਸਭਿਆਚਾਰ ਵਿਚ ਬਦਲਦੀ ਮਾਨਵਤਾ ਬਾਰੇ ,ਪਰ ਇਸ ਵਿਚ ਪ੍ਰਤੀਕ ਤਰਖਾਣ ਦਾ ਹੈ :
            ਮੈ ਪੁੱਤਰ ਇਕ ਤਰਖਾਣ ਦਾ 
            ਰੁੱਖਾਂ ਨੂੰ ਚੀਜ਼ਾਂ ਵਿਚ ਬਦਲਣ ਜਾਣਦਾ

            ਬੂਹੇ ਗੱਡ ਗਡੀਹਰੇ ਚਰਖੇ ਚਰਖੀਆਂ 
            ਰੱਥ ਡੋਲੀਆਂ ਗੁੱਟ ਮਧਾਣੀਆਂ ਤਖ਼ਤੀਆਂ 

            ਹਲ਼ ਪੰਜਾਲ਼ੀ ਚਊ ਸੁਹਾਗੇ ਪਟੜੀਆਂ 
            ਪਲੰਘ ਪੰਘੂੜੇ ਪੀੜ੍ਹੇ ਪੀੜ੍ਹੀਆਂ ਅਰਥੀਆਂ 

            ਕੁਰਸੀਆਂ ਤਖ਼ਤ ਤਪਾਈਆਂ ਮੰਜੇ ਮੰਜੀਆਂ 
            ਕਦੀ ਕਦੀ ਖੜਤਾਲਾਂ ਤੇ ਸਾਰੰਗੀਆਂ 

            ਹੁਣ ਇਹ ਕਰਦਾ ਕਰਦਾ ਬੁੱਢੜਾ ਹੋ ਗਿਆਂ 
            ਨਦੀ ਕਿਨਾਰੇ ਆਪ ਹੀ ਰੁੱਖੜਾ ਹੋ ਗਿਆਂ

            ਹੁਣ ਮੇਰੇ ਖ਼ਾਬਾਂ ਵਿਚ ਆਉਦੇ ਰੁੱਖ ਨੇ 
            ਮੈਨੂੰ ਆਣ ਸੁਣਾਉਦੇ ਅਪਣੇ ਦੁੱਖ ਨੇ

            ਇਹ ਕਰਵਤ ਫ਼ਰਨਾਹੀਆਂ ਆਰੇ ਆਰੀਆਂ 
           ਆਉਦੀਆਂ ਮੇਰੇ ਵੱਲ ਨੂੰ ਸ਼ੈਆਂ ਸਾਰੀਆਂ 


           ਹੁਣ ਇਕ ਦਿਨ ਮੈ ਆਖ਼ਰ ਸੂਲੀ ਘੜਾਂਗਾ
           ਉਸ ਦੇ ਉਤੇ ਆਪ ਮਰਨ ਲਈ ਚੜ੍ਹਾਂਗਾ 

           ਰੁੱਖ ਆਖਣਗੇ ਨਾ ਮਾਰੋ ਇਸ ਦੀਨ ਨੂੰ
           ਇਸ ਨੇ ਸਭ ਕੁਝ ਕੀਤਾ ਆਪਣੇ ਜੀਣ ਨੂੰ

           ਕੋਈ ਹਰੀਆਂ ਥਾਂਵਾਂ ਦੇਖ ਲਿਟਾ ਦਿਓ
           ਇਸ ਨੂੰ ਸਾਡੀਆਂ ਛਾਂਵਾਂ ਹੇਠ ਲਿਟਾ ਦਿਓ 


ਪਿਤਾ ਜੀ ਹਵੇਲੀ ਵਿਚ ਪਿੰਡ ਦੀਆਂ ਬੱਚੀਆਂ ਨੂੰ ਗੁਰਮੁਖੀ ਵੀ ਪੜ੍ਹਾਂਉਦੇ ਸਨ  ।ਮੈਨੂੰ ਕਈ ਵਾਰ ਐਸੀਆਂ ਸੁਆਣੀਆਂ ਮਿਲਦੀਆਂ ਹਨ ਜੋ ਮੈਨੂੰ ਦੱਸਦੀਆਂ ਕਿ ਅਸੀਂ ਗਿਆਨੀ ਜੀ ਕੋਲੋਂ ਪੰਜ ਗ੍ਰੰਥੀ ਦਾ ਪਾਠ ਕਰਨਾ ਸਿੱਖਿਆ ,ਚਿੱਠੀ ਲਿਖਣੀ ਸਿੱਖੀ ।ਸਕੂਲ ਦਾਖ਼ਲ ਹੋਣ ਤੋਂ ਪਹਿਲਾਂ ਮੈਂ ਵੀ ਕਦੀ ਕਦੀ ਪੜ੍ਹਨ ਆਈਆਂ ਕੁੜੀਆਂ ਦੀ ਕਤਾਰ ਵਿਚ ਜਾ ਬੈਠਦਾ ।ਪਿਤਾ ਜੀ ਬਹੁਤ ਸਖ਼ਤ ਸੁਭਾਅ ਦੇ ਅਧਿਆਪਕ ਸਨ ।ਉਹ ਉਚਾਰਣ ਜਾਂ ਸ਼ਬਦ ਜੋੜਾਂ ਦੀ ਅਸ਼ੁੱਧਤਾ ਨੂੰ ਬਿਲਕੁਲ ਸਹਿਨ ਨਹੀਂ ਕਰਦੇ ਸਨ ।ਉਨ੍ਹਾਂ ਨੇ ਪਿੰਡ ਸੁਧਾਰ ਨਾਮ ਦਾ ਇਕ ਕਿਤਾਬਚਾ ਵੀ ਲਿਖਿਆ ਤੇ ਇਕ ਕਿੱਸਾ ਵੀ ਛਪਵਾਇਆ ਜਿਸ ਵਿਚ ਇਕ ਸਚਿਆਰੀ ਨੂੰਹ ਆਪਣੀ ਸੱਸ ਤੋਂ ਨਸਵਾਰ ਛੁਡਾਉਦੀ ਤੇ ਉਸ ਨੂੰ ਗੁਰਮੁਖੀ ਸਿਖਾਉਦੀ ਹੈ ।ਗੁਰਪੁਰਬਾਂ ਦੇ ਮੌਕੇ ਤੇ ਪਿਤਾ ਜੀ ਬਹੁਤ ਉਮਾਹ ਵਿਚ ਹੁੰਦੇ ।ਉਹ ਗੁਰਪੁਰਬਾਂ ਦੇ ਮੌਕੇ ਪੜ੍ਹਨ ਲਈ ਬੱਚਿਆਂ ਨੂੰ ਕਵਿਤਾਵਾਂ ਲੱਭ ਕੇ ਦਿੰਦੇ ਜਾਂ ਆਪ ਲਿਖ ਦਿੰਦੇ ।
            
ਪਰ ਅਜੇ ਮੈਂ ਦੂਜੀ ਵਿਚ ਹੀ ਪੜ੍ਹਦਾ ਸਾਂ ਕਿ ਉਹ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੀ ਪਹਿਲੀ ਮੁਸਾਫ਼ਰੀ ਤੇ ਜੰਜੀਬਾਰ (ਅਫ਼ਰੀਕਾ) ਚਲੇ ਗਏ ।ਓਥੋਂ ਉਹ ਸਾਨੂੰ ਉਹ ਬਹੁਤ ਸੁਹਣੇ ਤੇ ਬਰੀਕ ਅੱਖਰਾਂ ਵਾਲੀਆਂ ,ਗੁਰਬਾਣੀ ਦੇ ਮਹਾਵਾਕਾਂ ਨਾਲ ਜੜੀਆਂ ਚਿੱਠੀਆਂ ਲਿਖਦੇ ।ਕਦੀ ਕਦੀ ਉਨ੍ਹਾਂ ਚਿੱਠੀਆਂ ਵਿਚ ਉਨ੍ਹਾਂ ਦੀਆਂ ਆਪਣੀਆਂ ਲਿਖੀਆਂ ਕਾਵਿ ਸਤਰਾਂ ਵੀ ਹੁੰਦੀਆਂ ।ਮੈਨੂੰ ਉਨ੍ਹਾਂ ਦੀਆਂ ਇਹ ਦੋ ਸਤਰਾਂ ਅਜੇ ਵੀ ਯਾਦ ਹਨ :
             ਮਾਓ ਜੀ ਦਾ ਮਜ਼ਦੂਰ ਸਦਾ ਕੇ 
             ਰਹਿੰਦਾ ਹਾਂ ਹੁਣ ਪੇਬਾ ਚਾਕੇ

ਮਾਓ ਜੀ ਸ਼ਾਇਦ ਉਨ੍ਹਾਂ ਦੇ ਠੇਕੇਦਾਰ ਦਾ ਨਾਮ ਸੀ ਤੇ ਉਹ ਪੇਬਾ ਚਾਕੇ ਨਾਮ ਦੇ ਕਿਸੇ ਸ਼ਹਿਰ ਵਿਚ ਕੰਮ ਕਰਦੇ ਸਨ ।ਉਦੋ ਅਫ਼ਰੀਕਾ ਵਿਚ ਰੇਲਵੇ ਲਾਈਨਾਂ ਵਿਛ ਰਹੀਆਂ ਸਨ ।ਚੌਥੀ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਉਨ੍ਹਾਂ ਨੇ ਆਪਣੀ ਇਕ ਚਿੱਠੀ ਵਿਚ ਮੈਨੂੰ ਆਪਣੀ ਲਿਖੀ ਹੋਈ ਚਾਰ ਸਤਰਾਂ ਦੀ ਇਕ ਗੁਰੂ ਨਾਨਕ ਦੇਵ ਜੀ ਗੁਰਪੁਰਬ ਦੇ ਮੌਕੇ ਤੇ ਪੜ੍ਹਨ ਲਈ ਭੇਜੀ ਜੋ ਮੈਂ ਯਾਦ ਕਰ ਲਈ ।ਪ੍ਰਬੰਧਕਾਂ ਨੇ ਮੈਨੂੰ ਮੇਜ਼ ਤੇ ਖੜਾ ਕਰ ਦਿੱਤਾ ਤੇ ਮੈਂ ਜੈਕਾਰਿਆਂ ਦੀ ਗੂੰਜ ਵਿਚ ਉਹ ਕਵਿਤਾ ਸੁਣਾਈ :
            ਧੰਨ ਗੁਰੂ ਨਾਨਕ ਤੇਰੀ ਸਾਧ ਸੰਗਤ
            ਕਲਾ ਚੜ੍ਹਦੀ ਤੇ ਦੂਣ ਸਵਾਈ ਹੋਵੇ
ਮੇਰੇ ਤਾਇਆ ਜੀ ਸ ਮੂਲ ਸਿੰਘ ਦੇ ਪੁੱਤਰ ਸੁਰੈਣ ਸਿਘ ਸੋਫ਼ੀ ਬਹੁਤ ਪ੍ਰਤਿਭਾਸ਼ੀਲ ਵਿਅਕਤੀ ਸਨ ।ਉਹ ਹਵੇਲੀ ਕੁਰਸੀਆਂ ਬਣਾਉਦੇ ਪਰ ਗੁਰਦੁਆਰੇ ਦੇ ਸਮਾਗਮਾਂ ਵਿਚ ਪੂਰੀ ਤਨਦੇਹੀ ਨਾਲ ਹਿੱਸਾ ਲੈਦੇ ।ਉਹ ਬਹੁਤ ਮਿੱਠਾ ਕੀਰਤਨ ਵੀ ਕਰਦੇ ਤੇ ਧਾਰਮਿਕ ਕਵਿਤਾਵਾਂ ਵੀ ਲਿਖਦੇ ਸਨ ।ਉਨ੍ਹੀਂ ਦਿਨੀਂ ਫਿਲਮੀ ਗੀਤਾਂ ਤੇ ਧਾਰਮਿਕ ਗੀਤ ਲਿਖਣ ਦਾ ਬਹੁਤ ਰਿਵਾਜ ਸੀ ਜਿਵੇਂ ਅਜੇ ਵੀ ਮਾਤਾ ਦੀਆਂ ਭੇਟਾਂ ਲਿਖੀਆਂ ਜਾਂਦੀਆਂ ਹਨ ।ਨਾਗਿਨ ਫਿਲਮ ਦੇ ਗੀਤ ਬਹੁਤ ਮਸ਼ਹੂਰ ਸਨ ,ਖ਼ਾਸ ਕਰਕੇ ਇਹ ਗੀਤ :
          ਮਨ ਡੋਲੇ ਮੇਰਾ ਤਨ ਡੋਲੇ
          ਮੇਰੇ ਦਿਲ ਕਾ ਗਇਆ ਕਰਾਰ ਰੇ
          ਯੇ ਕੌਨ ਬਜਾਏ ਬਾਂਸੁਰੀਆ 

ਭਾ ਜੀ ਸੁਰੈਣ ਸਿੰਘ ਸੋਫ਼ੀ ਹੋਰਾਂ ਨੇ ਇਸ ਤਰਜ਼ ਤੇ ਸ਼ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਬਹੁਤ ਵਧੀਆ ਗੀਤ ਲਿਖਿਆ :
          ਧਰਤੀ ਡੋਲੇ ,ਅਸਮਾਂ ਡੋਲੇ 
          ਇਕ ਡੋਲੇ ਨ ਮੇਰੇ ਨਿਰੰਕਾਰ ਜੀ 
          ਬੈਠ ਕੇ ਤੱਤੀਆਂ ਤਵੀਆਂ ਤੇ 

ਇਕ ਹੋਰ ਮਸ਼ਹੂਰ ਪੰਜਾਬੀ ਗੀਤ ਹੁੰਦਾ ਸੀ ਜਿਹੜਾ ਇਕ ਫਿਲਮੀ ਨਾਇਕ ਪਤੰਗ ਉਡਾਉਦਿਆਂ ਗਾਉਦਾ ਹੈ :
          ਤੁਣਕਾ ਤੁਣਕਾ ਮਾਰ ਤੁਣਕਾ 
          
          ਮੇਰੀ ਪਤਲੀ ਪਤੰਗ 
          ਤੇਰਾ ਗੋਰਾ ਗੋਰਾ ਰੰਗ
          ਡੋਲੇ ਹਵਾ ਸੰਗ ਅੰਗ ਅੰਗ ਗੁੱਡੀਏ ਨੀ

          ਪੱਕੇ ਤੰਦਾਂ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ 
          ਨੀ ਆ ਜਾ ਨਾਲ ਬੱਦਲਾਂ ਦੇ ਉਡੀਏ 

          ਤੁਣਕਾ ਤੁਣਕਾ ਮਾਰ ਤੁਣਕਾ 

ਕਮਾਲ ਦੀ ਮੁਹਾਰਤ ਨਾਲ ਭਾ ਜੀ ਨੇ ਇਸ ਤਰਜ਼ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਗੀਤ ਲਿਖਿਆ :

          ਚੁਣ ਕੇ ਚੁਣ ਕੇ ਮਾਰ ਚੁਣ ਕੇ
       
          ਪੁਤ ਆਪਣਾ ਪਿਆਸਾ
          ਉਹਨੂੰ ਮੋੜ ਦਏ ਨਿਰਾਸਾ
          ਐਡਾ ਹੌਸਲਾ ਏ ਮੇਰੇ ਕਰਤਾਰ ਦਾ
          ਲਾੜੀ ਮੌਤ ਨੂੰ ਤੂੰ ਪਾ ਲਾ ਘੁੱਟ ਘੁੱਟ ਜੱਫੀਆਂ
          ਨਾਲੇ ਮੁੱਖੜਾ ਤੂੰ ਚੁੰਮ ਲੈ ਜੁਝਾਰ ਦਾ

ਉਨ੍ਹਾਂ ਦੀ ਰੀਸੇ ਮੈਂ ਵੀ ਸਕੂਲ ਵਿਚ ਪੜ੍ਹਦਿਆਂ ਇਕ ਪੰਜਾਬੀ ਗੀਤ ਦੀ ਤਰਜ਼ ਤੇ ਗੀਤ ਦਾ ਇਕ ਮੁਖੜਾ ਲਿਖਿਆ ਸੀ ।ਗੀਤ ਸੀ :

         ਛਣ ਛਣ ਕਰਦੀ ਗਲੀ ਚੋਂ ਲੰਘਦੀ
         ਜੀ ਮੇਰੇ ਸੱਜਣਾਂ ਦੀ ਡਾਚੀ ਬਦਾਮੀ ਰੰਗ ਦੀ
ਮੈਂ ਲਿਖਿਆ :
         ਝਮ ਝਮ ਕਰਦਾ ਪਾਣੀ ਨੂੰ ਰੰਗਦਾ
         ਜੀ ਮੇਰੇ ਸਤਿਗੁਰ ਦਾ ਮੰਦਰ ਸੁਨਹਿਰੀ ਰੰਗ ਦਾ

ਮੇਰੇ ਚਾਚਾ ਜੀ ਦਾ ਪੁੱਤਰ ਦੀਦਾਰ ਸੱਤਵੀ ਅੱਠਵੀ ਤੱਕ ਪਰਦੇਸੀ ਨਹੀਂ ਸੀ ਹੋਇਆ ।ਮੈਂ ਉਹਨੂੰ ਵੀ ਬਚਪਨ ਵਿਚ ਗਾਉਦਿਆਂ ਸੁਣਿਆ ।ਕੁਝ ਸਾਲਾਂ ਬਾਅਦ ਤਾਂ ਖ਼ੈਰ ਉਹ ਬਹੁਤ ਮਸ਼ਹੂਰ ਗਾਇਕ ਬਣ ਗਿਆ ਤੇ ਉਸ ਨੂੰ ਲੋਕ ਅਫ਼ਰੀਕਾ ਦਾ ਮੁਹੰਮਦ ਰਫ਼ੀ ਕਹਿਣ ਲੱਗੇ ।ਦੀਦਾਰ ਦਾ ਵੱਡਾ ਭਰਾ ਲਸ਼ਕਰ ਸਿੰਘ ਬੰਸਰੀ ਵਜਾਉਦਾ ਹੁੰਦਾ ਸੀ ਤੇ ਮੈਨੂੰ ਖੁਸ਼ੀ ਭਰੀ ਹੈਰਾਨੀ ਹੋਈ ਜਦੋਂ ਮੈਂ ਇਹ ਜਾਣਿਆ ਕਿ ਦੀਦਾਰ ਦਾ ਗਾਇਆ ਹੋਇਆ ਗੀਤ :
      
         ਗੋਰੀਏ ਨੀ ਲੈ ਜਾ ਦਰਦ ਵੰਡਾ ਕੇ
         ਕਿਹੜੇ ਹਨ੍ਹੇਰੇ ਵਿਚ ਛੁਪ ਗਈਓਂ ਨੀ
         ਸਾਨੂੰ ਛਹੁ ਜਿਹਾ ਪਾ ਕੇ

ਸੋ ਸੰਗੀਤ ਤੇ ਕਵਿਤਾ ਵਰਗੀ ਰਹਿਮਤ ਕਿਸੇ ਨਾ ਕਿਸੇ ਰੂਪ ਵਿਚ ਮੈਥੋਂ ਪਹਿਲਾਂ ਵੀ ਮੇਰੇ ਪਰਵਾਰ ਉਤੇ ਮੌਜੂਦ ਸੀ ਜਿਸ ਨੇ ਮੇਰੇ ਕਵੀ ਬਣਨ ਵਿਚ ਹਿੱਸਾ ਪਾਇਆ ।
     
ਮੇਰੇ ਬੀ ਜੀ ਜਿਨ੍ਹਾਂ ਦੇ ਪੇਕਿਆਂ ਦਾ ਨਾਂ ਹਰ ਕੌਰ ਸੀ ਤੇ ਸਹੁਰਿਆਂ ਦਾ ਗੁਰਬਖ਼ਸ਼ ਕੌਰ ,ਉਨ੍ਹਾਂ ਨੂੰ ਮੈਂ ਕਦੀ ਕੋਈ ਗੀਤ ਗਾਉਦਿਆਂ ਨਹੀਂ ਸੀ ਸੁਣਿਆ ਪਰ ਉਨ੍ਹਾਂ ਦਾ ਚਿਹਰਾ ,ਉਨ੍ਹਾਂ ਦਾ ਵਜੂਦ ,ਉਨ੍ਹਾਂ ਦੀ ਉਦਾਸੀ ,ਉਨ੍ਹਾਂ ਦੀ ਸਹਿਨਸ਼ੀਲਤਾ ਮੇਰੇ ਲਈ ਕਵਿਤਾ ਸੀ।ਸੋ ਮੇਰੀ ਕਵਿਤਾ ਤੇ ਮੇਰੇ ਪਰਵਾਰ ਦਾ ਦੂਜਾ ਰਿਸ਼ਤਾ ਇਹ ਹੈ ਕਿ   ਮੇਰੀ ਕਵਿਤਾ ਦੇ ਤਾਣੇ ਬਾਣੇ ਵਿਚ ਮੇਰੀਆ ਪਰਿਵਾਰਕ ਯਾਦਾਂ ਬੁਣੀਆਂ ਹੋਈਆਂ  ਹਨ ।ਪਰਵਾਰ ਦੇ ਸਾਰੇ ਜੀਆਂ ਦੇ ਝਉਲੇ ਹਨ ।ਮਾਤਾ ਪਿਤਾ ਭੈਣ ਭਰਾ ਪਤਨੀ ,ਸੰਤਾਨ ।ਇਹ ਠੀਕ ਹੈ ਕਿ ਮੇਰੀ ਕਵਿਤਾ ਵਿਚ ਹਰ ਥਾਂ ਮੇਰੀ ਮਾਂ ਮੇਰੀ ਮਾਂ ਨਹੀਂ ਹੈ ਪਰ ਫਿਰ ਵੀ ਬਹੁਤ ਕੁਝ ਹੈ ਜੋ ਅਸਲੀ ਵੇਰਵਿਆਂ ਨਾਲ  ਹੂਬਹੂ ਨਹੀਂ ਤਾਂ ਕਾਫ਼ੀ ਹੱਦ ਤੱਕ ਮਿਲਦਾ ਹੈ ।ਜਦੋਂ ਆਪਣੇ ਬੀ ਜੀ  ਬਾਰੇ ਸੋਚਦਾ ਹਾਂ ਤਾਂ ਮਮਤਾ ਤੇ ਕਰੁਣਾ ਨਾਲ ਭਰ ਜਾਂਦਾ ਹਾਂ ।ਚਾਰ ਧੀਆਂ ਤੇ ਦੋ ਪੁੱਤਰਾਂ ਦੀ ਮਾਂ ਸੀ ਉਹ ਜਦੋ ਂਪਿਤਾ ਜੀ ਪਰਦੇਸੀ ਹੋਏ ।ਦੋ ਧੀਆਂ ਵਿਆਹੀਆਂ ਤੇ ਦੋ ਕੁਆਰੀਆਂ ਸਨ ।ਪੁੱਤਰ ਅਜੇ ਛੋਟੇ ਛੋਟੇ ਸਨ ।ਮੈ ਂਅੱਠ ਸਾਲ ਦਾ ਸਾਂ ਤੇ ਉਪਕਾਰ ਚਾਰ ਸਾਲ ਦਾ ।ਮੈਂ ਪਿਤਾ ਜੀ ਨੂੰ ਵਿਦਾ ਹੁੰਦਿਆਂ ਦੇਖਿਆ ।ਆਪਣੀ ਮਾਂ ਦੀਆਂ ਸਿੱਲ੍ਹੀਆਂ ਅੱਖਾਂ ਦੇਖੀਆਂ।ਬਹੁਤ ਸਾਲਾਂ ਬਾਅਦ ਮੈ ਇਸ ਵਿਦਾ ਬਾਰੇ ਗੀਤ ਲਿਖਿਆ ਸੀ :
       ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਏ 
       ਦਿਲ ਹੀ ਉਦਾਸ ਏ ਜੀ ਬਾਕੀ ਸਭ ਖ਼ੈਰ ਏ 

       ਦੂਰ ਇਕ ਪਿੰਡ ਵਿਚ ਛੋਟਾ ਜਿਹਾ ਘਰ ਸੀ 
       ਕੱਚੀਆਂ ਸੀ ਕੰਧਾਂ ਉਹਦਾ ਬੋੜਾ ਜਿਹਾ ਦਰ ਸੀ
       ਅੰਮੀ ਮੇਰੀ ਚਿੰਤਾ ਤੇ ਬਾਪੂ ਮੇਰਾ ਡਰ ਸੀ
       ਓਦੋਂ ਮੇਰੀ ਅਉਧ ਯਾਰੋ ਮਸਾਂ ਫੁੱਲ ਭਰ ਸੀ
       ਜਦੋਂ ਦਾ ਅਸਾਡੇ ਨਾਲ ਖੁਸ਼ੀਆਂ ਨੂੰ ਵੈਰ ਏ

       ਦੋਦਲੀ ਦਸੂਤੀ ਫੁੱਲ ਪਾਉਣ ਭੈਣਾਂ ਮੇਰੀਆਂ 
       ਫੁੱਲੀਆਂ ਨੇ ਕਿੱਕਰਾਂ ਤੇ ਫੁੱਲੀਆਂ ਨੇ ਬੇਰੀਆਂ
       ਕੰਧਾਂ ਨਾਲੋਂ ਉਚੀਆਂ ਧਰੇਕਾਂ ਹੋਈਆਂ ਤੇਰੀਆਂ 
       ਤੋਰ ਡੋਲੀ ਤੋਰ ਹੁਣ ਕਾਹਦੀਆਂ ਨੇ ਦੇਰੀਆਂ

       ਸਾਹ ਲੈ ਲੋਕਾ ਹਾਲੇ ਮੇਰੀ ਲੇਖਾਂ ਨਾਲ ਕੈੜ ਏ

       ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ 
       ਸੂਰਜ ਦੇ ਚੜ੍ਹਨ ਚ ਹਾਲੇ ਬੜੀ ਦੇਰ ਸੀ
       ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ 
       ਮੇਰੀ ਮਾਂ ਦੇ ਨੈਣਾਂ ਵਿਚ ਹੰਝੂ ਤੇ ਹਨ੍ਹੇਰ ਸੀ

       ਹਾਲੇ ਤੀਕ ਨੈਣਾਂ ਵਿਚ ਮਾੜੀ ਮਾੜੀ ਗਹਿਰ ਏ

       ਕਿੱਥੋਂ ਦਿਆਂ ਪੰਛੀਆਂ ਨੂੰ ਕਿੱਥੋਂ ਚੋਗਾ ਲੱਭਿਆ 
       ਧੀਆਂ ਦੇ ਵਸੇਬੇ ਲਈ ਬਾਪੂ ਦੇਸ ਛੱਡਿਆ
       ਕਿੰਨਾ ਹੈ ਮਹਾਨ ਦੇਸ ਓਦੋਂ ਪਤਾ ਲੱਗਿਆ
       ਡੂੰਘਾ ਮੇਰੀ ਹਿੱਕ ਚ ਤਰੰਗਾ ਗਿਆ ਗੱਡਿਆ

       ਝੁੱਲ ਓ ਤਰੰਗਿਆ ਤੂੰ ਝੁੱਲ ਸਾਡੀ ਖ਼ੈਰ ਏ

ਓਦੋਂ ਪਰਦੇਸ ਕੁਝ ਜ਼ਿਆਦਾ ਹੀ ਪਰਦੇਸ ਹੁੰਦਾ ਸੀ ।ਪਿਤਾ ਜੀ ਸਮੁੰਦਰੀ ਜਹਾਜ਼ ਤੇ ਜਾਂਦੇ ।ਲਗਭਗ ਦੋ ਹਫ਼ਤੇ ਸਮੁੰਦਰ ਵਿਚ ਹੀ ਲੱਗ ਜਾਂਦੇ ।ਕਈ ਦਿਨਾਂ ਬਾਅਦ ਪਹੁੰਚਣ ਦੀ ਚਿੱਠੀ ਆਉਦੀ ।

ਪਿਤਾ ਜੀ ਤਿੰਨ ਮੁਸਾਫ਼ਰੀਆਂ ਲਾ ਚੁੱਕੇ ਸਨ ।ਮੈਂ ਐਮ ਏ ਦੇ ਪਹਿਲੇ ਸਾਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲੇ ਸਾਂ ।ਬੀ ਜੀ ਬਹੁਤ ਬੀਮਾਰ ਹੋ ਗਏ ।ਬਹੁਤ ਸਾਲ ਪਹਿਲਾਂ ਮੇਰੇ ਮਾਮਾ ਜੀ ਦੇ ਦੇਹਾਂਤ ਤੇ ਬੀ ਜੀ ਨੂੰ ਅਰਧੰਗ ਦਾ ਦੌਰਾ ਪਿਆ ਸੀ ।ਉਹ ਕਾਫ਼ੀ ਠੀਕ ਹੋ ਗਏ ਸਨ ਪਰ ਪੂਰੀ ਤਰਾਂ ਨਹੀਂ । ਇਸ ਵਾਰ ਉਨ੍ਹਾਂ ਦੀ ਬੀਮਾਰੀ ਆ ਕੇ ਗਈ ਹੀ ਨਹੀਂ।ਉਹ ਪਿਆਰੀ ਮਿੱਠਬੋਲੜੀ ਜਾਨ ,ਪਤੀ ਦੀ ਗੈਰਹਾਜ਼ਰੀ ਵਿਚ ਮਾਸੂਮ ਧੀਆਂ ਪੁੱਤਰਾਂ ਨੂੰ ਪਾਲਣ ਵਾਲੀ ,ਨੀਲੇ ਰੰਗ ਦੇ ਲਫ਼ਾਫ਼ਿਆਂ ਦੇ ਆਸਰੇ ਜੀਊੰਦੀ ,ਮੇਰੀ ਉਦਾਸ ਮਾਂ ਸਾਡੇ ਤੋਂ ਸਦਾ ਲਈ ਵਿਛੜ ਗਈ ।ਉਸਦਾ ਪਰਦੇਸੀ ਪਤੀ ਉਸ ਪਲ ਉਸ ਤੋਂ ਕੋਹਾਂ ਦੂਰ ਸਮੁੰਦਰੋਂ ਪਾਰ ਸੀ ।ਉਸ ਨੂੰ ਤਾਂ ਖ਼ਬਰ ਵੀ ਸੱਤ ਦਿਨਾਂ ਬਾਅਦ ਮਿਲੀ ਜਦੋ ਂਉਸ ਨੇ ਪਤਾ ਨਹੀਂ ਕੀ ਸੋਚਦਿਆਂ ਲਫਾਫ਼ਾ ਖੋਲ੍ਹਿਆ ਹੋਵੇਗਾ । ਉਸ ਨੂੰ ਕੀ ਪਤਾ ਸੀ ਇਸ ਚਿੱਠੀ ਵਿਚ ਕੀ ਹੈ ?ਤਦ ਤੱਕ ਤਾਂ ਫੁੱਲ ਵੀ ਪਏ ਜਾ ਚੁੱਕੇ ਸਨ ।

      ਪਿਤਾ ਜੀ ਤੇ ਦੀਦਾਰ ਜਦੋਂ ਇਸ ਤੋਂ ਬਾਅਦ ਜਦੋਂ ਪਿੰਡ ਆਏ ਤਾਂ ਦੀਦਾਰ ਨੇ ਦੱਸਿਆ ਪਿੰਡ ਵੜਦਿਆਂ ਚਾਚਾ ਦੀ ਭੁੱਬ ਨਿਕਲ ਗਈ ।ਕਹਿਣ ਲੱਗੇ :ਉਸ ਦੇਵੀਆਂ ਜਿਹੀ ਔਰਤ ਨੂੰ ਕਿੰਨੇ ਦੁੱਖ ਦੇਖਣੇ ਪਏ ।ਮੈਂ ਉਹਦੀਆਂ ਆਖ਼ਰੀ ਘੜੀਆਂ ਵਿਚ ਉਹਦੇ ਕੋਲ ਨਹੀਂ ਸਾਂ ।

      ਸ਼ਾਇਦ ਰੂਪ ਬਦਲ ਕੇ ਏਹੀ ਭਾਵ ਕਈ ਸਾਲਾਂ ਬਾਅਦ ਮੇਰੇ ਇਸ ਸ਼ੇਅਰ ਵਿਚ ਆਇਆ :

            ਜੋ ਬਦੇਸਾਂ ਚ ਰੁਲਦੇ ਨੇ ਰੋਜ਼ੀ ਲਈ
            ਉਹ ਜਦੋਂ ਦੇਸ਼ ਪਰਤਣਗੇ ਅਪਣੇ ਕਦੀ
            ਕੁਝ ਤਾਂ ਸੇਕਣਗੇ ਮਾਂ ਦੇ ਸਿਵੇ ਦੀ ਅਗਨ
            ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ

ਦਸਵੀਂ ਚ ਪੜ੍ਹਦਿਆਂ ਮੇਰੀ ਮੰਗਣੀ ਹੋ ਗਈ ਸੀ ।ਐਮ ਏ ਕਰਦਿਆਂ ਮੈਂ ਵਿਆਹ ਤੋਂ ਇਨਕਾਰ ਕਰ ਦਿੱਤਾ ।ਮੇਰੇ ਪਿਤਾ ਜੀ ਮੈਨੂੰ ਪਟਿਆਲੇ ਮਨਾਉਣ ਆਏ ।ਉਹ ਮੈਨੂੰ ਕਹਿਣ ਲੱਗੇ :ਆਪਾਂ ਬਚਨ ਦਿੱਤਾ ਹੋਇਆ ਹੈ ,ਆਪਾਂ ਕਿਵੇਂ ਇਨਕਾਰ ਕਰ ਸਕਦੇ ਹਾਂ ? ਤੂੰ ਇਸ ਵੇਲੇ ਨਿਰਮੋਹੀ ਧਰਤੀ ਚੋਂ ਲੰਘ ਰਿਹਾ ਹੈਂ,ਜਿੱਥੇ ਸਰਵਣ ਨੇ ਆਪਣੇ ਮੋਢੇ ਤੋਂ ਵਹਿੰਗੀ ਲਾਹ ਦਿੱਤੀ ਸੀ ।ਮੈ ਪਿਤਾ ਜੀ ਦੇ ਮੂੰਹ ਤੇ ਨਾਂਹ ਨਹੀਂ ਕਰ ਸਕਦਾ ਸੀ ।ਮੈਂ ਹਾਂ ਕਹਿ ਦਿੱਤੀ ।ਉਹ ਚਲੇ ਗਏ ਤਾਂ ਆਪਣੇ ਇਨਕਾਰ ਦੀ  ਲੰਮੀ ਚਿੱਠੀ ਲਿਖ ਕੇ ਪਿੰਡ ਪੋਸਟ ਕਰ ਦਿੱਤੀ ਤੇ ਫ਼ਰੀਦਕੋਟ ਪ੍ਰੋ ਪ੍ਰੇਮ ਪਾਲੀ ਕੋਲ ਚਲਾ ਗਿਆ ।ਉਹ ਪਲ ਮੇਰੇ ਲਈ ਮੁਕਤੀ ਦੇ ਵੀ ਸਨ ,ਗਹਿਰੇ ਦੁੱਖ ਦੇ ਵੀ ,ਗਹਿਰੇ ਗੁਨਾਹ ਦੇ ਅਹਿਸਾਸ ਦੇ ਵੀ ।ਜਿਸ ਰਾਤ ਮੈ ਜੀ ਨੂੰ ਇਨਕਾਰ ਦਾ ਖ਼ਤ ਲਿਖਿਆ ,ਉਸ ਰਾਤ ਹੀ ਮੈਂ ਇਹ ਕਵਿਤਾ ਲਿਖੀ ,ਜਿਸ ਦਾ ਨਾਮ ਸੀ ਨਹੀ । ਉਹ ਕਵਿਤਾ ਇਸ ਤਰਾਂ ਸੀ :
         ਟਿਕੀ ਰਾਤ ਵਿਚ ਉਸ ਨੇ ਨਹੀਂ ਇਸ ਤਰਾਂ ਕਿਹਾ
         ਕਿ ਕਬਰਾਂ ਤੇ ਸਿਵਿਆਂ ਚੋ
         ਸਹਿਸਰਾਂ ਪਿਤਰ ਚਿੰਘਾੜ ਉਠੇ

         ਪਤਵੰਤੇ ਪਿਤਾ ਦਾ ਸਿਰ ਕੰਬਿਆ
         ਤੇ ਪਲਾਂ ਵਿਚ ਕਾਲੇ ਕੇਸ ਚਿੱਟੇ ਹੋ ਗਏ

         ਪਾਵਨ ਕਿਤਾਬਾਂ ਦੇ ਅੱਖਰਾਂ ਹੇਠ ਫੁੱਲ ਦਿਸੇ
         ਜਲ ਤੇ ਤਰਦੇ

         ਮੋਈ ਮਾਂ ਤ੍ਰਭਕੀ

         ਟਿਕੀ ਰਾਤ ਵਿਚ ਉਸ ਨੇ ਨਹੀਂ ਇਸਤਰਾਂ ਕਿਹਾ
         ਕਿ ਤਾਰੇ
         ਕਿੰਨੇ ਹੀ ਪਲ ਝਾਂਜਰਾਂ ਵਾਂਗ ਛਣਕਦੇ ਰਹੇ

         ਮਿੱਟੀ ਚੋਂ ਸੂਹਾ ਗੁਲਾਬ ਉਗਿਆ

         ਅਹੱਲਿਆ ਜਾਗ ਕੇ ਨ੍ਰਿਤ ਕਰਨ ਲੱਗੀ

         ਰੁੱਖਾਂ ਤੋਂ ਸੈਆਂ ਪੱਤੇ ਝੜੇ
         ਸਹਿਸਰਾਂ ਨਵੇਂ ਫੁੱਟੇ

         ਬਹੁਤ ਕੁਝ ਟੁੱਟਣ ਦੀ ਆਵਾਜ਼ ਆਈ
         ਬੇੜੀਆਂ ,ਹੱਥਕੜੀਆਂ , ਜੇਲ੍ਹ ਦੀਆਂ ਕੰਧਾਂ
         ਤੇ ਜ਼ੰਜੀਰਾਂ

         ਕਿਸੇ ਦੀ ਭਿਆਨਕ ਚੀਕ ਸੁਣੀ
         ਸ਼ਾਇਦ ਉਹ ਅੰਧਕਾਰ ਮਰ ਰਿਹਾ ਸੀ
         ਂਜੋ ਸਦੀਆਂ ਤੋ ਂਬੀਮਾਰ ਸੀ

         ਟਿਕੀ ਹੋਈ ਰਾਤ ਵਿਚ ਉਸ ਨੇ
         ਨਹੀਂ ਇਸਤਰਾਂ ਕਿਹਾ 
         ਕਿ ਲੋਹੇ ਦੇ ਗੇਟ ਵਿਚੋ
         ਹਜ਼ਾਰਾਂ ਬੱਚੇ ਹੱਸਦੇ ,ਸ਼ੋਰ ਮਚਾਉਦੇ ਬਾਹਰ ਆਏ
         ਤੇ ਉਹ ਪੱਥਰ ਦੇ ਬਣੇ ਮਗਰਮੱਛ ਦੇ ਮੂੰਹ ਵਾਂਗ
         ਖੁੱਲ੍ਹਾ ਰਹਿ ਗਿਆ

ਇਹ ਬੜਾ ਦੁਖਦਾਈ ਅਨੁਭਵ ਸੀ । ਘਰ ਦਿਆਂ ਤੋਂ ਰੂਪੋਸ਼ ਹੋਣ ਲਈ ਜਿਸ ਗੱਡੀ ਵਿਚ ਬੈਠ ਕੇ ਪਟਿਆਲਾ ਛੱਡਿਆ  ਗੱਡੀ ਦੀ ਚੀਕ ਮੈਨੂੰ ਆਪਣੇ ਕਾਲਜੇ ਵਿਚੋ ਨਿਕਲਦੀ ਮਹਿਸੂਸ ਹੋਈ ।ਉਦੋਂ ਮਾਂ ਤਾਂ ਪਰਲੋਕ ਸਿਧਾਰ ਚੁੱਕੀ ਸੀ ।ਪਿਤਾ ਫਿਰ ਪਰਦੇਸ ਨੂੰ ਚਲੇ ਗਏ ।ਉਨ੍ਹਾਂ ਪਲਾਂ ਵਿਚ ਪਿਤਾ ਜੀ ਦੇ ਦਿਲ ਦਾ ਦੁੱਖ ਯਾਦ ਕਰ ਕੇ ਅਜੇ ਵੀ ਅੱਖਾਂ ਨਮ ਹੋ ਜਾਂਦੀਆਂ ਹਨ :

    ਹਰ ਵਾਰੀ ਅਪਣੇ ਹੀ ਅੱਥਰੂ ਅੱਖੀਆਂ ਵਿਚ ਨਹੀਂ ਆਉਦੇ
    ਕਦੀ ਕਦੀ ਸਾਡੇ ਪਿਤਰ ਰੋਦੇ ਸਾਡੀਆਂ ਅੱਖੀਆਂ ਥਾਂਣੀਂ

ਤੇ ਜੀ ਕਰਦਾ ਹੈ ਕਿ ਉਹ ਦਿਨ ਜੇ ਹੁਣ ਕਿਤੇ ਮਿਲੇ ,ਮੈਂ ਉਸ ਦੇ ਚਿੱਟੇ ਹੰਸ ਜਿਹੇ ਜ਼ਖ਼ਮੀ ਪਿੰਡੇ ਤੇ ਮਲ੍ਹਮ ਲਾ ਦੇਵਾਂ
ਪਰ ਦਿਨ ਕੋਈ ਘਰੋ ਕੇ ਗਿਆ ਜੀਅ ਤਾਂ ਨਹੀ ਕਿ ਜਿਸ ਦੀ ਕਦੇ ਕਿਤੇ ਦੱਸ ਪਵੇ ,ਕਦੀ ਕਿਤੇ ਤੇ ਫਿਰ ਕਿਸੇ ਸ਼ਾਮ ਉਹ ਫਟੇ ਹਾਲ ਘਰ ਆ ਜਾਵੇ ਜਾਂ ਕਿਸੇ ਸਟੇਸ਼ਨ ਤੇ ਗੱਡੀ ਉਡੀਕਦਾ ਮਿਲ ਜਾਵੇ ।ਦਿਨ ਤਾਂ ਸਾਡੇ ਹੱਥੋਂ ਮੋਇਆਂ ਦੇ ਕਰਾਹੁੰਦੇ ਪ੍ਰੇਤ ਹਨ ਜਿਨ੍ਹਾਂ ਦੇ ਜ਼ਖ਼ਮਾਂ ਤੱਕ ਹੁਣ ਸਾਡੇ ਹੱਥ ਨਹੀਂ ਪਹੁੰਚਦੇ ।
     ਮਾਤ ਪਿਤਾ ਨੂੰ ਸੀਨੇ ਲਾ ਕੇ ਠੰਢ ਪਾਵਣ ਦਾ ਜਿਸ ਦਿਨ ਆਇਆ ਚੇਤਾ
     ਉਸ ਦਿਨ ਤੱਕ ਉਹ ਬਣ ਚੁੱਕੇ ਸਨ ,ਅਗਨੀ ਪਾਣੀ ਪੌਣ ਤੇ ਰੇਤਾ
ਐਮ ਐਸ ਸੀ ਕਰਕੇ ਮੇਰਾ ਛੋਟਾ ਵੀਰ ਉਪਕਾਰ ਵੀ ਪਿਤਾ ਜੀ ਕੋਲ ਅਫ਼ਰੀਕਾ ਚਲਾ ਗਿਆ ਤੇ ਕਨਿਆਟਾ ਯੂਨੀਵਰਸਿਟੀ ਵਿਚ ਫਿਜ਼ਿਕਸ ਪੜ੍ਹਾਉਣ ਲੱਗ ਪਿਆ ।ਪਿਤਾ ਜੀ ਇਕਿਆਸੀ ਸਾਲ ਦੀ ਉਮਰ ਵਿਚ ਮੇਰੇ ਕੋਲ ਲੁਧਿਆਣੇ ਆ ਗਏ ਤੇ ਆਪਣੀ ਉਮਰ ਦੇ ਆਖ਼ਰੀ ਦਸ ਸਾਲ ਏਥੇ ਗੁਜ਼ਾਰੇ ।ਉਨ੍ਹਾਂ ਨੂੰ ਜ਼ਿੰਦਗੀ ਭਰ ਗੁਰਮਤਿ ਤੋਂ ਸਿਵਾਇ ਕਿਸੇ ਹੋਰ ਸਾਹਿਤ ਵਿਚ ਦਿਲਚਸਪੀ ਨਹੀਂ ਰਹੀ ਸੀ ।ਹੁਣ ਤਾਂ ਉਹ ਹੋਰ ਵੀ ਨਿਰਲੇਪ ਹੋ ਗਏ ਸਨ ।ਹਰ ਵੇਲੇ ਹੌਲੀ ਹੌਲੀ ਪਾਠ ਕਰਦੇ ਰਹਿੰਦੇ ।ਕਦੀ ਕੋਈ ਉਨ੍ਹਾਂ ਕੋਲ ਮੇਰੀ ਕਵਿਤਾ ਦੀ ਗੱਲ ਕਰਦਾ ਤਾਂ ਉਹ ਹੱਥ ਜੋੜ ਕੇ ਕਹਿੰਦੇ :ਵਾਹਿਗੁਰੂ ਦੀ ਮਿਹਰ ।ਮੈਂ ਵੀ ਚਾਹੁੰਦਾ ਸਾਂ ਮੇਰੀ ਕਵਿਤਾ ਦੀ ਗੱਲ ਬੱਸ ਏਨੀ ਕੁ ਹੀ ਹੋਵੇ ।ਮੈਂ ਇਹ ਸੋਚ ਕੇ ਡਰ ਜਾਂਦਾ ਸਾਂ ਕਿ ਇਹੋ ਜਿਹੀ ਆਤਮਾ ਨੂੰ ਮੇਰੀ ਮਨਮੁਖ ਕਵਿਤਾ ਕਿਹੋ ਜਿਹੀ ਲੱਗੇਗੀ ।ਪਿਤਾ ਜੀ ਨੱਬੇ ਸਾਲ ਦੇ ਸਨ ਜਦੋਂ ੧੯੯੧ ਵਿਚ ਉਨ੍ਹਾਂ ਦਾ ਅਕਾਲ ਚਲਾਣਾ ਹੋਇਆ ।ਬੀ ਜੀ ਉਨ੍ਹਾਂ ਤੋ ਚੌਵੀ ਸਾਲ ਪਹਿਲਾਂ ੧੯੬੭ ਵਿਚ ਗੁਜ਼ਰ ਗਏ ਸਨ ।ਉਹ ਕਦੀ ਕਦੀ ਕਹਿੰਦੇ ਰੱਬ ਨੇ ਮੈਨੂੰ ਏਨੀ ਲੰਮੀ ਉਮਰ ਦੇ ਦਿੱਤੀ ਤੇ ਤੁਹਾਡੀ ਬੀ ਜੀ ਨੂੰ ਏਨੀ ਥੋੜ੍ਹੀ ।ਇਕ ਵਾਰੀ ਇੰਗਲੈਡ ਤੋਂ ਦੀਦਾਰ ਭਾ ਜੀ ਆਏ ਤੇ ਪਿਤਾ ਜੀ ਨੂੰ ਪੁੱਛਣ ਲੱਗੇ :ਤਾਇਆ ਜੀ ਤੁਹਾਡਾ ਪਿੰਡ ਜਾਣ ਨੂੰ ਜੀ ਕਰਦਾ ?  
 
ਉਹ ਕਹਿਣ ਲੱਗੇ : ਨਹੀਂ ਦੀਦਾਰ ,ਹੁਣ ਤਾਂ ਬੱਸ ਅਕਾਲ ਪੁਰਖ ਦੇ ਚਰਨਾਂ ਵਿਚ ਹੀ ਜਾਣ ਨੂੰ ਹੀ ਜੀ ਕਰਦਾ ।ਉਨ੍ਹਾਂ ਦੇ ਇਸ ਅਹਿਸਾਸ ਤੋਂ ਹੀ ਪ੍ਰੇਰਿਤ ਸੀ ਮੇਰਾ ਗੀਤ -ਪਿਤਾ ਦੀ ਅਰਦਾਸ :
         ਪ੍ਰਭੂ ਜੀ ,ਉਹ ਕਦ ਖੁੱਲ੍ਹਣਾਂ ਏ ਦੁਆਰਾ
         ਜਿੱਥੇ ਸਾਜ਼ ਆਪੇ ਹਰ ਬੂਟਾ 
         ਆਪੇ ਵਾਵਨਹਾਰਾ

         ਹੁਣ ਨਾ ਹੱਥਾਂ ਪਲੰਘ ਬਣਾਉਣੇ 
         ਨਾ ਰੰਗਲੇ ਪੰਘੂੜੇ
         ਨਾ ਉਹ ਪੱਟੀਆਂ ਜਿਨ੍ਹਾਂ ਤੇ ਪਾਉਣੇ 
         ਬਾਲਾਂ ਪਹਿਲੇ ਊੜੇ
        
         ਹੁਣ ਤਾਂ ਅਪਣੀ ਦੇਹੀ ਰੁੱਖ ਹੈ
         ਤੇ ਸਾਹਾਂ ਦਾ ਆਰਾ
        
        ਖੋਲ੍ਹ ਸਮੁੰਦਰ ਪੌਣ ਦੇ 
        ਮੇਰੇ ਸਾਹਾਂ ਦੇ ਲਈ ਬੂਹੇ
        ਬੇਹੀ ਦੇਹੀ ਖ਼ਾਕ ਚ ਰਲ ਕੇ
        ਫੁੱਲ ਖਿੜੇ ਬਣ ਸੂਹੇ

        ਮੈਲਾ ਪਾਣੀ ਬਲ ਕੇ ਹੋਵੇ 
        ਕਣੀਆਂ ਵਾਂਗ ਕੁਆਰਾ

        ਇਕ ਜੰਗਲ ਹੈ ਜਿਸ ਦੇ ਹਰ ਇਕ 
        ਰੁੱਖ ਦਾ ਅਰਥ ਹੈ ਅਰਥੀ 
        ਹਰ ਬੂਟੇ ਤੇ ਨਾਮ ਕਿਸੇ ਦਾ 
        ਇਕ ਬੂਟਾ ਜੀ ਪਰਤੀ

        ਉਸ ਜੰਗਲ ਵਿਚ ਚਲਦਾ ਰਹਿੰਦਾ
        ਸਾਰੀ ਰਾਤ ਕੁਹਾੜਾ 


ਮੇਰਾ ਵਿਆਹ ਨੂੰ ਸਾਲ ਹੋ ਗਿਆ ਸੀ ਪਰ ਸਾਡੇ ਘਰ ਕੋਈ ਬੱਚਾ ਨਹੀਂ ਸੀ ।ਉਸ ਉਡੀਕ ਵਿਚ ਰਲੀ ਥੋੜ੍ਹੀ ਜਿਹੀ ਉਦਾਸੀ ਵਿਚੋਂ ਮੈਂ ਇਹ ਗੀਤ ਲਿਖਿਆ ਜੋ ਆਪਣੀ ਜੀਵਨ - ਸਾਥਣ ਭੁਪਿੰਦਰ ਨੂੰ ਸੰਬੋਧਿਤ ਹੈ :
       ਕਦੋਂ ਗੁਲਾਬ ਖਿੜੇਗਾ ਅੜੀਏ ਟਹਿਣੀਏ
       ਕਦ ਤੁਰਸੀ ਬ੍ਰਹਿਮੰਡ ਨੀ ਖੜੀਏ ਟਹਿਣੀਏ

       ਨੀਰ ਗਏ ਪਥਰਾ ਨੀ ਚੁਪ ਚੁਪ ਰਹਿਣੀਏ
       ਟੁੱਟਣਾ ਕਦੋਂ ਸਰਾਪ ਨੀ ਦੁਖੜੇ ਸਹਿਣੀਏ

       ਪਿਤਰਾਂ ਕੋਲੇ ਜਾਹ ਵੇ ਮੇਰਿਆ ਰਾਜਿਆ 
       ਜਾ ਕੇ ਸੀਸ ਨਿਵਾ ਵੇ ਮੇਰਿਆ ਹਾਕਮਾ 

       ਚੰਨ ਤੋ ਡਿਗੇ ਗੁਲਾਬ ਸਮੁੰਦਰ ਆ ਟਿਕੇ
       ਤਰਦਾ ਤਰਦਾ ਆਣ ਵੇ ਲੱਗੇ ਕੰਢੜੇ

       ਫਿਰ ਲੂਆਂ ਵਿਚਕਾਰ ਤਰਦੀਆਂ ਪੱਤੀਆਂ 
       ਲੱਗਣ ਕੁੱਖ ਦੇ ਨਾਲ ਵੇ ਮਮਤਾ-ਮੱਤੀਆਂ 
      
      ਕੌਣ ਦਏ ਸਰਨਾਵਾਂ ਓਸ ਗੁਲਾਬ ਨੂੰ
      ਕੌਣ ਲਭਾਵੇ ਥਾਂਵਾਂ ਵਿਚ ਹਨ੍ਹੇਰਿਆਂ

ਇਕ ਵਾਰੀ ਅਸੀਂ ਰੁੱਸੇ ਹੋਏ ਸਾਂ ।ਇਹ ਰੋ ਕੇ ਸੌਂ ਗਈ ਸੀ ਤੇ ਮੈਂ ਇਹਦੇ ਵੱਲ ਦੇਖ ਕੇ ਕਵਿਤਾ ਲਿਖ ਰਿਹਾ ਸਾਂ :
      
      ਕਿਤੇ ਏਹੀ ਗੱਲ ਨ ਹੋਵੇ ਕਿਤੇ ਇਸਤਰਾਂ ਨ ਹੋਵੇ
      ਤੇਰੇ ਚਿਹਰੇ ਉਤਲਾ ਨ੍ਹੇਰਾ ਮੇਰੀ ਛਾਂ ਨ ਹੋਵੇ
 
      ਉਹ ਜੋ ਸੌਂ ਗਿਆ ਹੈ ਪਿਆਸਾ ਉਹਨੂੰ ਚੁੰਮ ਕੇ ਜਗਾ ਲੈ
      ਕਿਤੇ ਖ਼ਾਬ ਵਿਚ ਭਟਕਦਾ ਉਹ ਥਾਂ ਕੁਥਾਂ ਨ ਹੋਵੇ

ਇਕ ਵਾਰ ਮੈਂ ਲਿਖਿਆ :
       
       ਉਹ ਬਣਾਉਦੀ ਹੈ 
       ਕਿੰਨੀ ਰੀਝ ਨਾਲ
       ਦਾਲਾਂ  
       ਸਬਜ਼ੀਆਂ 
       ਰੋਟੀਆਂ 
       ਰੋਜ਼ ਓਸੇ ਰੀਝ ਨਾਲ 
       ਜੂਠ ਨਾ ਛੱਡਿਓ 
       ਬੱਚਿਆਂ ਨੂੰ ਕਹਿੰਦੀ ਹੈ 
       ਥਾਲੀ ਸਾਫ਼ ਕਰ ਦਿਓ
       ਕੁਝ ਨਾ ਬਚੇ ਥਾਲੀ ਵਿਚ 

       ਮੈਂ ਲਿਖਦਾ ਹਾਂ 
       ਕਵਿਤਾਵਾਂ 
       ਗੀਤ
       ਗ਼ਜ਼ਲਾਂ
       ਨਿਤ ਨਵੀਆਂ 
       ਸਾਂਭਦਾ ਹਾਂ 
       ਉਨ੍ਹਾਂ ਤੇ ਆਪਣਾ ਨਾਮ ਲਿਖਦਾ ਹਾਂ 
       ਯੁਗਾਂ ਯੁਗਾਂ ਤੱਕ ਬਚੀਆਂ ਰਹਿਣ
       ਚਾਹੁੰਦਾ ਹਾਂ 

       ਉਹ ਬਣਾਉਦੀ ਹੈ ਨਾਸ਼ਵਾਨ ਚੀਜ਼ਾਂ 
       ਮੈਂ ਅਵਿਨਾਸ਼ੀ 

       ਮੈਂ ਕਿੰਨਾ ਹਉਮੈ ਗ੍ਰਸਿਆ ਹਾਂ 
       ਉਹ ਕਿੰਨੀ ਹਉਮੈ-ਹੀਣ


ਸਾਡੇ ਵਿਆਹ ਦੀ ਗੱਲ ਚੱਲ ਰਹੀ ਸੀ ਤਾਂ ਭੁਪਿੰਦਰ ਦੀ ਭੈਣ ਨੇ ਮੈਨੂੰ ਭੁਪਿੰਦਰ ਦੇ ਗਾਏ ਹੋਏ ਇਕ ਸ਼ਬਦ ਦੀ ਰਿਕਾਰਡਿੰਗ ਭੇਜੀ : ਮਿਹਰਬਾਨ ਮਿਹਰਬਾਨ ,ਸਾਹਿਬ ਮੇਰੇ ਮਿਹਰਬਾਨ ।ਮੈਨੂੰ ਭੁਪਿੰਦਰ ਦੀ ਆਵਾਜ਼ ਦਾ ਚਿਹਰਾ ਸੁਹਣਾ ਲੱਗਾ ।ਭੁਪਿੰਦਰ ਨੂੰ ਗਾਉਣ ਦਾ ਬਹੁਤ ਸ਼ੌਕ ਹੈ ।ਬਹੁਤ ਵਾਰ ਰਸੋਈ ਚ ਕੰਮ ਕਰਦਿਆਂ ਵੀ ਕੁਝ ਨਾ ਕੁਝ ਗਾਉਦੀ ਰਹਿੰਦੀ ਹੈ ।ਮੈਂ ਇਕ ਵਾਰ ਲਿਖਿਆ ਸੀ :
      
      ਆਉਦੀ  ਰਹੇ ਰਸੋਈ ਚੋਂ ਜੇ ਗਾਉਣ ਦੀ ਆਵਾਜ਼
      ਤਾਂ ਸਮਝ ਲੈ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼

ਉਹ ਹੁਣ ਮੇਰੀਆਂ ਗ਼ਜ਼ਲਾਂ ਮੇਰੇ ਨਾਲੋਂ ਵੀ ਸੁਹਣੀ ਤਰਾਂ ਗਾਉਦੀ ਹੈ ।
 
        ਛੋਟਾ ਹੁੰਦਾ ਅੰਕੁਰ ਇਕ ਵਾਰ ਬਹੁਤ ਬੀਮਾਰ ਹੋ ਗਿਆ ।ਮੇਰੀ ਕਵਿਤਾ ਖ਼ੁਦਾ ਉਨ੍ਹਾਂ ਦਿਨਾਂ ਬਾਰੇ ਹੈ :
     
      ਅਜੀਬ ਰਾਤ ਡਰਾਉਣੀ ਸੀ ਬੂਹੇ ਕੋਲ ਖੜੀ 
      ਝੁਕੀ ਹੋਈ ਸੀ ਮੇਰੇ ਘਰ ਦੇ ਚਿਰਾਗ਼ ਦੇ ਮੁਖ ਤੇ
      ਅਨੰਤ ਰਾਤ ਦੀ ਛਾਇਆ 
      ਜਿਵੇਂ ਅਖ਼ੀਰ ਘੜੀ

      ਤੇ ਓੜ੍ਹ ਪੋੜ੍ਹ ਤੋਂ ਲੈ ਕੇ ਸਿਰੰਜ ਦੇ ਨੱਕੇ ਤੱਕ
      ਸਰਿੰਜ ਦੇ ਨੱਕੇ ਤੋਂ ਲੈ ਕੇ ਅਖ਼ੀਰ ਮੱਕੇ ਤੱਕ
      ਅਖ਼ੀਰ ਮੱਕਓਂ ਪਰ੍ਹੇ ਵੀ ਕਿਤੇ ਉਜਾੜਾਂ ਵਿਚ 
      ਨਜ਼ਰ ਉਦਾਸ ਮੇਰੀ ਥਾਂ ਕੁ ਥਾਂ ਭਟਕਦੀ ਸੀ 
    
 ਇਕ ਦਿਨ ਅੱਠਵੀਂ ਵਿਚ ਪੜ੍ਹਦੇ ਬੇਟੇ ਨੇ ਆਪਣੀ ਕਲਾਸ ਨਾਲ ਕੁਝ ਦਿਨਾਂ ਲਈ ਟੂਰ ਤੇ ਜਾਣਾ ਸੀ ,ਭੁਪਿੰਦਰ ਉਹਨੂੰ ਗੇਟ ਤੱਕ ਤੋਰਨ ਗਈ ।ਉਹ ਨੂੰ ਬੱਸ ਤੇ ਚੜ੍ਹਨ ਲੱਗਾ ਕਾਹਲ ਵਿਚ ਬਾਈ ਬਾਈ ਨਾ ਕਰ ਸਕਿਆ ।ਭੁਪਿੰਦਰ ਗੇਟ ਤੋਂ ਵਾਪਸ ਆਈ ਤਾਂ ਇਹਦੀਆਂ ਅੱਖਾਂ ਨਮ ਸਨ ।ਇਹ ਕਹਿਣ ਲੱਗੀ : ਬੇਟੇ ਮਾਂਵਾਂ ਦੇ ਦਿਲਾਂ ਨੂੰ ਨਹੀਂ ਸਮਝਦੇ ।ਮੈਂ ਕਿਹਾ :ਜਦੋਂ ਇਹ ਆਪ ਮਾਪੇ ਬਣਨਗੇ ਓਦੋਂ ਸਮਝ ਜਾਣਗੇ ।ਪਿਆਰ ਦਾ ਵਹਿਣ ਅਗਾਂਹ ਵੱਲ ਨੂੰ ਹੀ ਜਾਂਦਾ ਹੈ ,ਪਿਛਾਂਹ ਵੱਲ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਹੀ ਮੁੜਦਾ ਹੈ ।ਧੀਆਂ  ਪੁੱਤਰਾਂ ਨੂੰ ਪਿਆਰ ਦੇ ਕੇ ਉਸ ਦੇ ਬਦਲੇ ਉਨ੍ਹਾ ਕੋਲੋਂ ਓਨਾ ਪਿਆਰ ਨਹੀਂ ਮੰਗੀਦਾ ।ਇਹ ਪਿਆਰ ਉਨ੍ਹਾਂ ਅੱਗੇ ਆਪਣੇ ਪੁੱਤਰਾਂ ਧੀਆਂ ਨੂੰ ਦੇਣਾ ਹੁੰਦਾ ਹੈ :
ਇਹ ਮੇਰਾ ਪਿਆਰ ਦਈਂ ਆਪਣੇ ਜਾਇਆਂ ਨੂੰ ਪੁੱਤਰਾ 
ਇਹ ਮੇਰਾ ਕਰਜ਼ ਤੂੰ ਮੈਨੂੰ ਕਦੇ ਅਦਾ ਨਾ ਕਰੀਂ
ਇਹ ਪਿਆਰ ਮਿਲਿਆ ਸੀ ਮੈਨੂੰ ਵੀ ਮੁਫ਼ਤ ਪਿੱਛਿਓਂ ਹੀ 
ਜੇ ਮੈਨੂੰ ਮੋੜ ਨ ਸਕਿਆ ਤਾਂ ਦਿਲ ਬੁਰਾ ਨ ਕਰੀਂ
     
        ਮੇਰੀ ਕਵਿਤਾ ਦਾ ਮੇਰੇ ਪਰਵਾਰ ਨਾਲ ਤੀਜਾ ਰਿਸ਼ਤਾ ਸੰਚਾਰ ਦਾ ਹੈ ਕਿ ਮੇਰਾ ਪਰਵਾਰ ਮੇਰੀ ਕਵਿਤਾ ਨੂੰ ਕਿਸਤਰਾਂ ਸਮਝਦਾ ਹੈ ।ਉਹ ਕਵਿਤਾ ਜਿਸ ਵਿਚ ਮੈਂ ਲਿਖਦਾ ਹਾਂ :
       ਮੇਰੀ ਮਾਂ ਨੂੰ ਮੇਰੀ ਕਵਿਤਾ ਸਮਝ ਨ ਆਈ
       ਭਾਂਵੇਂ ਮੇਰੀ ਮਾਂ-ਬੋਲੀ ਵਿਚ ਲਿਖੀ ਹੋਈ ਸੀ 

       ਉਹ ਤਾਂ ਕੇਵਲ ਏਨਾ ਸਮਝੀ 
       ਪੁੱਤ ਦੀ ਰੂਹ ਨੂੰ ਦੁਖ ਹੈ ਕੋਈ 

       ਪਰ ਇਸ ਦਾ ਦੁਖ ਮੇਰੇ ਹੁੰਦਿਆਂ 
       ਆਇਆ ਕਿੱਥੋਂ 

       ਨੀਝ ਲਗਾ ਕੇ ਦੇਖੀ 
       ਮੇਰੀ ਅਨਪੜ੍ਹ ਮਾਂ ਨੇ ਮੇਰੀ ਕਵਿਤਾ 
       ਦੇਖੋ ਲੋਕੋ 
       ਕੁੱਖੋਂ ਜਾਏ
       ਮਾਂ ਨੂੰ ਛੱਡ ਕੇ ਦੁੱਖ ਕਾਗਤਾਂ ਨੂੰ ਦੱਸਦੇ ਨੇ 

       ਮੇਰੀ ਮਾਂ ਨੇ ਕਾਗਜ਼ ਚੁਕ ਸੀਨੇ ਨੂੰ ਲਾਇਆ
       ਖ਼ਬਰੇ ਏਦਾਂ ਹੀ ਕੁਝ ਮੇਰੇ ਨੇੜੇ ਹੋਵੇ
       ਮੇਰਾ ਜਾਇਆ 

ਇਸ ਕਵਿਤਾ ਵਿਚਲੀ ਮਾਂ ਸ਼ਾਇਦ ਹਰ ਕਵੀ ਦੀ ਮਾਂ ਹੈ ,ਸਿਰਫ਼ ਮੇਰੀ ਮਾਂ ਨਹੀਂ ।ਮੇਰੀਆਂ ਭੈਣਾਂ ਮੇਰੀ ਮਾਂ ਤੋਂ ਬਹੁਤੀਆਂ ਵੱਖਰੀਆਂ ਨਹੀਂ।ਉਨ੍ਹਾਂ ਨੂੰ ਸ਼ਾਇਦ ਮੇਰੀ ਸੁੰਨੇ ਸੁੰਨੇ ਰਾਹਾਂ ਵਾਲੀ ਕਵਿਤਾ ਸਮਝ ਆਉਦੀ ਹੋਵੇ ਜਾਂ ਕੁਝ ਕੁਝ ਪੰਜਾਬ ਸੰਕਟ ਵਾਲੀਆਂ ਨਜ਼ਮਾਂ ।ਮੇਰੀਆਂ ਕਵਿਤਾਵਾਂ ਨੂੰ ਮੇਰੇ ਪਰਵਾਰ ਵਿਚ ਇਹ ਤਿੰਨ ਜੀਅ ਸਭ ਤੋਂ ਵੱਧ ਸਮਝਦੇ ਹਨ ,ਮੇਰਾ ਛੋਟਾ ਵੀਰ ਉਪਕਾਰ ,ਵੱਡਾ ਵੀਰ ਦੀਦਾਰ ਪਰਦੇਸੀ ਤੇ ਮੇਰੀ ਪਤਨੀ ਭੁਪਿੰਦਰ ।ਅਸਲ ਵਿਚ ਇਹ ਤਿੰਨੇ ਮੇਰੀਆਂ ਰਚਨਾਵਾਂ ਦੇ ਗਾਇਨ ਨਾਲ ਜੁੜੇ ਹੋਏ ਹਨ ।ਦੀਦਾਰ ਹੋਰਾਂ ਨੇ ਕੋਈ ਡਾਲੀਆਂ ਚੋਂ,ਬਲਦਾ ਬਿਰਖ ਹਾਂ ,ਅੱਜਕਲ ਇਉਂ ਨਹੀਂ ਕਰਦੇ ਲੋਕ ,ਚੱਲ ਪਾਤਰ ਹੁਣ ,ਮੈਂ ਤੈਨੂੰ ਆਵਾਜ਼ਾਂ ਬੜੀਆਂ ਮਾਰੀਆਂ ,ਹੁੰਦਾ ਸੀ ਏਥੇ ਸ਼ਖ਼ਸ ਆਦਿ ਗ਼ਜ਼ਲਾਂ ਬਹੁਤ ਖ਼ੂਬਸੂਰਤੀ ਨਾਲ ਗਾਈਆਂ  । 

       ਸਾਡੇ ਪਰਵਾਰ ਵਿਚੋਂ ਮੇਰੀ ਸ਼ਾਇਰੀ ਦੇ ਸਭ ਤੋਂ ਕਰੀਬ ਮੇਰਾ ਛੋਟਾ ਵੀਰ ਉਪਕਾਰ ਹੈ ।ਜਿਸ ਸ਼ਿੱਦਤ ਅਤੇ ਰੂਹਦਾਰੀ ਨਾਲ  ਉਪਕਾਰ ਨੇ ਬਿਰਖ ਅਰਜ਼ ਕਰੇ ਦੀ ਨਜ਼ਮ ਰਾਤ ਗਾਈ ਹੈ ਤੇ ਜਿਹੋ ਜਿਹੀਆਂ ਧੁਨਾਂ ਉਸਨੇ ਸੁਪਨਿਆਂ ਵਿਚ ਰੋਣ ਸੌ ਸਾਰੰਗੀਆਂ ,ਇਕ ਲਫ਼ਜ਼ ਵਿਦਾ ਲਿਖਣਾ ,ਸ਼ਾਇਰ ਬਣ ਜਾ ਬਿਹਬਲ ਹੋ ਜਾ , ਖ਼ੂਬ ਨੇ ਇਹ ਝਾਂਜਰਾਂ ,ਦੂਰ ਜੇਕਰ ਅਜੇ ਸਵੇਰਾ ਹੈ , ਨਾ ਇਲਮ ਨੂੰ ਯਾਦ ਹੈ ਕੁਝ ਤੇ ਹੋਰ ਅਨੇਕਾਂ ਰਚਨਾਵਾਂ ਨੂੰ ਦਿੱਤੀਆਂ ,ਉਹ ਉਸ ਦੀ ਸਮਝ ਸੰਵੇਦਨਾ ਕਲਾ ਅਤੇ ਮੇਰੇ ਅਤੇ ਮੇਰੀ ਸ਼ਾਇਰੀ ਨਾਲ ਉਸਦੇ ਗਹਿਰੇ ਪਿਆਰ ਦਾ ਰਾਗਮਈ ਰਸ-ਭਿੰਨਾ ਪਾਵਨ ਪ੍ਰਗਟਾਉ ਹੈ ।ਕਈ ਗ਼ਜ਼ਲਾਂ ਜਿਨ੍ਹਾਂ ਨੂੰ ਮੈਂ ਮੁਸ਼ਕਲ ਸਮਝ ਕੇ ਮੰਚ ਤੇ ਪੇਸ਼ ਕਰਨ ਤੋਂ ਗੁਰੇਜ਼ ਕਰ ਜਾਂਦਾ ਹਾਂ ,ਉਹ ਉਨ੍ਹਾਂ ਨੂੰ ਵੀ ਕੁਝ ਇਸਤਰਾਂ ਪੇਸ਼ ਕਰ ਦਿੰਦਾ ਹੈ ਕਿ ਮੈਂ ਹੈਰਾਨ ਰਹਿ ਜਾਂਦਾ ਤੇ ਉਸਦੇ ਬਲਿਹਾਰ ਜਾਂਦਾ ਹਾਂ ।ਜਗਮੋਹਨ ਸਿੰਘ ਓਇਸਟਰ ਵਾਲਿਆਂ ਦੀ ਸਜਾਈ ਇਕ ਮਹਿਫ਼ਲ ਵਿਚ ਉਪਕਾਰ ਨੇ

ਮੈ ਂਸੁਣਾਂ ਜੇ ਰਾਤ ਖ਼ਾਮੋਸ਼ ਨੂੰ
ਮੇਰੇ ਦਿਲ ਚ ਕੋਈ ਦੁਆ ਕਰੇ
ਇਹ ਜ਼ਮੀਨ ਹੋਵੇ ਸੁਰਾਂਗਲੀ
ਇਹ ਦਰਖ਼ਤ ਹੋਣ ਹਰੇ ਭਰੇ

ਗਾ ਕੇ ਤੇ ਇਸ ਦਾ ਲਫ਼ਜ਼ ਲਫ਼ਜ਼ ਸਰੋਤਿਆਂ ਤੱਕ ਪਹੁੰਚਾ ਕੇ ਮੇਰੇ ਲਈ ਮਾਨੋ ਇਕ ਮੁਅਜਜ਼ਾ ਹੀ ਕਰ ਦਿੱਤਾ।


     ਮੇਰੇ ਤਾਇਆ ਜੀ ਦਾ ਪੋਤਾ ਹਰਜਿੰਦਰ ਤੇ ਪੜਪੋਤਾ ਮੋਹਨਪ੍ਰੀਤ ਮੇਰੀ ਸ਼ਾਇਰੀ ਦੇ ਕਿੰਨੇ ਮਹਿਰਮ ਹਨ ,ਇਸ ਗੱਲ ਦਾ ਪਤਾ ਮੈਨੂੰ ਕਈ ਸਾਲਾਂ ਬਾਅਦ ਉਨ੍ਹਾਂ ਨੂੰ ਮੌਨਟ੍ਰੀਅਲ ਮਿਲ ਕੇ ਲੱਗਾ ।ਉਹ ਖ਼ੁਦ ਬਹੁਤ ਸੁਹਣੀਆਂ ਕਵਿਤਾਵਾਂ ਲਿਖਦੇ ਹਨ ।ਆਪਣੇ ਪਿੰਡ ਦਾ ਸੁਰਜੀਤ ਸਾਜਨ ਮੈਨੂੰ ਆਪਣੇ ਪਰਵਾਰ ਦਾ ਜੀਅ ਹੀ ਲਗਦਾ ਹੈ ।ਉਹ ਬਹੁਤ ਵਧੀਆ ਗ਼ਜ਼ਲਗੋ ਤੇ ਗੀਤਕਾਰ ਹੈ

      ਅੰਕੁਰ ,ਮਨਰੀਤ ,ਸਵਰਾਜ ,ਸੋਨਲ ,ਪੁਨੀਤ ਤੇ ਮਨਰਾਜ ਲਈ ਬਹੁਤੀਆਂ ਕਵਿਤਾਵਾਂ ਦਾ ਅਨੁਭਵ ਅਜੇ ਉਨ੍ਹਾਂ ਦੀ ਉਮਰ ਤੋਂ ਅਗੇਰਾ ਹੈ ।ਉਜ ਉਹ ਇਨ੍ਹਾਂ ਕਵਿਤਾਵਾਂ ਵਿਚੋ ਆਪਣੇ ਆਪਣੇ ਅਰਥ ਜ਼ਰੂਰ ਕੱਢਦੇ ਹਨ ।ਇਕ ਵਾਰ ਅੰਕੁਰ ਨੇ ਮੋਬਾਈਲ ਲੈਣਾ ਸੀ ।ਜਿਹੜਾ ਮੋਬਾਈਲ ਉਹਨੂੰ ਪਸੰਦ ਸੀ ਉਹ ਮਹਿੰਗਾ ਸੀ ।ਉਹ ਕਹਿਣ ਲੱਗਾ :ਮੇਰਾ ਵੀ ਪਾਪਾ ਦੀ ਗ਼ਜ਼ਲ ਵਾਲਾ ਹਾਲ ਹੈ :
      ਇਸਤਰਾਂ ਹੈ ਜਿਸਤਰਾਂ ਦਿਨ ਰਾਤ ਵਿਚਲਾ ਫ਼ਾਸਿਲਾ
      ਮੇਰੀਆਂ  ਰੀਝਾਂ  ਮੇਰੀ  ਔਕਾਤ  ਵਿਚਲਾ ਫ਼ਾਸਿਲਾ
ਮਨਰਾਜ ਨੇ ਆਪਣੇ ਸਕੂਲ ਦੇ ਦਿਨਾਂ ਵਿਚ ਕੱਚ ਦਾ ਗਲਾਸ ਤੇ ਬਚ ਕੇ ਮੋੜ ਤੋਂ ਗੀਤ ਖ਼ੂਬ ਗਾਏ ।
         ਮੇਰੀ ਮਾਂ ਤੇ ਮੇਰੀ ਕਵਿਤਾ ਵਾਲੀ ਗੱਲ ਬਹੁਤ ਸਾਰੇ ਰਿਸ਼ਤਿਆਂ ਤੇ ਲਾਗੂ ਹੁੰਦੀ ਹੈ ।ਮੇਰਾ ਜੀ ਕਰਦਾ ਹੁੰਦਾ ਹੈ ਕਿ ਮੇਰੀਆਂ ਕੁਝ ਕਵਿਤਾਵਾਂ ਉਹ ਲੋਕ ਨਾ ਹੀ ਪੜ੍ਹਨ ਤਾਂ ਠੀਕ ਹੈ ,ਜਿਹੜੇ ਸਾਦਾ ਦਿਲ ਮਾਸੂਮ ਲੋਕ ਹਨ ਤਦੇ ਮੈਂ ਕਿਹਾ ਸੀ:
     ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ 
     ਮਤਾਂ ਤੂੰ ਜਾਣ ਕੇ ਰੋਵੇ ਮੈਂ ਕਿਸ ਜਹਾਨ ਚ ਹਾਂ ।

Tuesday 18 August 2015

https://www.youtube.com/watch?v=pl981xrffx8

https://www.youtube.com/watch?v=pl981xrffx8



ਕਦੇ ਕਦੇ : ਰੁਪਿੰਦਰ ਸੰਧੂ ਕਦੇ ਕਦੇ ਮੇਰਾ ਚਿਤ ਕਰਦਾ , ਤੂੰ ਮੇਰੇ ਕੋਲ ਆ ਕੇ ਬਸ ਬੈਠ ਹੀ ਜਾਵੇਂ , ਤੇ ਬਸ ਇਕ ਵਾਰੀ ਪੁਛੇ " ਤੂੰ ਖੁਸ਼ ਆ " ਮੈਂ ਤੇਰੀਆਂ ਅਖਾਂ ਵਿਚ ਦੇਖ ਕੇ ਬਿਨਾ ਸ਼ਬਦਾਂ ਦੀ ਇਬਾਰਤ ਬੋਲ ਦੇਵਾਂ ਜੋ ਮੇਰੀ ਰੂਹ ਨੇ ਕਹੀ ਤੇ ਤੇਰੀ ਰੂਹ ਨੇ ਸੁਣੀ ਹੋਵੇ | ਜਿਸ ਵਿਚ ਬਿਨਾ ਕਹੇ ਬਹੁਤ ਸਾਰੇ ਸਵਾਲ ਹੋਣ ਤੇ ਬਿਨਾ ਮੰਗੇ ਹਰ ਸਵਾਲ ਦੇ ਜਵਾਬ ਹੋਣ , ਥੋੜੀ ਜਿਨੀ ਵੇਹਲ ਹੋਵੇ ਤੇ ਬਹੁਤ ਸਾਰਾ ਪਿਆਰ ਹੋਵੇ , ਨਾ ਨਾ ਪਿਆਰ ਭਾਵੇ ਥੋੜਾ ਹੀ ਹੋਵੇ ਪਰ ਜਿਨਾ ਵੀ ਹੋਵੇ ਓਹ ਰੂਹ ਨੂੰ ਸਰਸ਼ਾਰ ਕਰਨ ਲਈ ਕਾਫੀ ਹੋਵੇ | ਕਦੇ ਕਦੇ ਮੇਰਾ ਚਿਤ ਕਰਦਾ ਤੂੰ ਮੇਰੇ ਨਾਲ ਲੜ ਪਵੇ ਮੈਂ ਰੁਸ ਜਾਵਾਂ ਤੂੰ ਮਨਾਉਣ ਦੇ ਪੱਜ ਕਰੇਂ , ਅੜਿਆ ਤੂੰ ਤਾ ਲੜਦਾ ਵੀ ਨਹੀਂ , ਮੈਂ ਰੁਸਾਂ ਕੇਹੜੇ ਪੱਜ ਵੇ ? ਮੈਂ ਤੇਰੇ ਨਾਲ ਲੜਦੀ ਹਾਂ, ਤੂੰ ਹੱਸ ਕੇ ਤੁਰ ਜਾਂਦਾ ਏ ਕਦੇ ਕਦੇ ਬੁੜ-ਬੁੜ ਵੀ ਕਰਦਾ ਜਾਂਦਾ ਏ , ਤੂੰ ਇੰਨਾ ਚੰਗਾ ਕਿਊਂ ਏ ? ਹਰ ਖੁਸ਼ੀ ਹਰ ਸੁਖ ਦਿੱਤਾ ਮੈਨੂੰ , ਫਿਰ ਵੀ ਤੂੰ ਬਹੁਤ ਭੈੜਾ ਏ ਪੁਛ ਨਾ ਕਿਊਂ ਬਸ ਇਕੋ ਸ਼ਿਕਾਇਤ ਹੈ ਤੇਰੇ ਨਾਲ ਤੇਰੇ ਕੋਲ ਵਕ਼ਤ ਨਹੀਂ ਦੋ ਪਲ ਕੋਲ ਬਹਿਣ ਲਈ ਕੁਝ ਸੁਣਨ ਲਈ , ਕੁਝ ਕਹਿਣ ਲਈ .