Thursday, 3 July 2014

ਬਰਫ਼ ਨਾਲ਼ ਦੂਸਰੀ ਲੜਾਈ
(ਲਿਖੀ ਜਾ ਰਹੀ ਸ੍ਵੈਜੀਵਨੀ 'ਬਰਫ਼ ਵਿੱਚ ਉਗਦਿਆਂ' ਵਿੱਚੋਂ)
-
Online Punjabi Magazine Seerat ਇਕਬਾਲ ਰਾਮੂਵਾਲੀਆ
 
ਆਰਾ-ਫ਼ੈਕਟਰੀ ਦੇ ਬਾਲਿਆਂ ਤੇ ਸ਼ਤੀਰੀਆਂ ਦੇ ਬੂਰੇ ਨੂੰ ਅਤੇ ਮਸ਼ੀਨਾਂ ਦੀ 'ਚਿਰਰਰਰਰਰ- ਚਿਰਰਰਰਰਰ', 'ਕੜੱਕ-ਕੜੱਕ', ਤੇ 'ਸ਼ੂੰਅੰਅੰਅੰ-ਸ਼ੂੰਅੰਅੰਅੰ' ਨੂੰ ਆਪਣੇ ਸਿਰ 'ਚੋਂ ਪੂਰੀ ਤਰ੍ਹਾਂ ਝਾੜਨ ਲਈ ਕਦੇ ਮੈਂ ਸ਼ੈਕਸਪੀਅਰ ਦਾ 'ਕਿੰਗ ਲੀਅਰ' ਖੋਲ੍ਹ ਕੇ ਵਿਚਾਰੀ ਕੋਰਡੀਲੀਆ ਦੇ ਦੁੱਖੜੇ ਸੁਣਨ ਲੱਗ ਜਾਂਦਾ, ਤੇ ਕਦੇ ਅੱਖਾਂ ਮੀਟ ਕੇ ਆਲਮ ਲੋਹਾਰ ਦੀ ਕਸੈੱਟ 'ਚੋਂ ਚਿਮਟੇ ਦੀ 'ਚੱਟ-ਚੱਟ, ਚੱਟ-ਚੱਟ' ਨੂੰ ਪੁੜਪੁੜੀਆਂ ਉੱਪਰ ਝੱਸਣ ਲਗਦਾ। ਜਾਂ ਫਿਰ ਖਿੜਕੀ ਦੇ ਬਾਹਰ ਜੰਮੀ ਆਈਸ ਦੀ ਪੇਪੜੀ ਰਾਹੀਂ, ਘਰਾਂ ਦੀਆਂ ਛੱਤਾਂ 'ਤੇ ਕਾਬਜ਼ ਹੋਈ ਸਨੋਅ ਨੂੰ ਗਹੁ ਨਾਲ਼ ਦੇਖ-ਦੇਖ ਸੁੰਨ ਹੋਣ ਲਗਦਾ! ਹੈਰਾਨ ਹੁੰਦਾ ਕਿ ਆਈਸ ਦੀ ਇਸ ਚੰਦਰੀ ਪੇਪੜੀ ਨੇ ਬਾਹਰਲੇ ਦੇ ਨਾਲ਼ ਮੇਰੇ ਅੰਦਰਲੇ ਸੰਸਾਰ ਨੂੰ ਵੀ ਚਿੱਬ-ਖੜਿੱਬਾ ਕਰ ਮਾਰਿਐ!
ਅਗਲੇ ਕੁਝ ਕੁ ਦਿਨਾਂ 'ਚ ਇੰਝ ਮਹਿਸੂਸ ਹੋਣ ਲੱਗਾ ਜਿਵੇਂ ਸਾਰੀ ਦਿਹਾੜੀ ਦੀ ਵੇਹਲ ਨਾਲ਼ ਮੈਂ ਦਿਨ-ਬਦਿਨ ਅੰਦਰੋਂ ਪਿਚਕਦਾ ਜਾ ਰਿਹਾ ਸਾਂ, ਨੁੱਚੜਦਾ ਜਾ ਰਿਹਾ ਸਾਂ।
ਇੱਕ ਸਵੇਰ, ਮੈਂ ਸੋਫ਼ੇ ਉੱਪਰ ਚੌਂਕੜੀ ਮਾਰ ਕੇ ਚਾਹ ਦੀ ਪਿਆਲੀ ਨੂੰ ਪੁੱਛ ਰਿਹਾ ਸਾਂ: ਆਹ ਰਛਪਾਲ ਦੀ ਲੰਚ ਕਿਟ ਤੇ ਸੇਫ਼ਟੀ-ਬੂਟਾਂ ਨੇ ਅੱਜ ਛੁੱਟੀ ਕਿਉਂ ਕੀਤੀ ਹੋਈ ਐ? ਤਦੇ ਰਛਪਾਲ ਦੇ ਬੈੱਡਰੂਮ ਦਾ ਬੂਹਾ ਮਲਕੜੇ ਜੇਹੇ ਚੀਕਿਆ ਤੇ ਹਲਕੀ ਜਿਹੀ ਪੈੜਚਾਲ ਲਿਵਿੰਗਰੂਮ ਵੱਲ ਨੂੰ ਵਧਣ ਲੱਗੀ।
-ਕੀ ਗੱਲ ਹੋਗੀ, ਰਛਪਾਲ ਸਿਅ੍ਹਾਂ, ਕੰਮ 'ਤੇ ਨੀ ਗਿਆ ਤੂੰ ਅੱਜ?
ਸਿਰ ਨੂੰ ਸੱਜੇ-ਖੱਬੇ ਗੇੜਦਾ ਹੋਇਆ ਉਹ ਕਿਚਨ ਵੱਲ ਨੂੰ ਹੋ ਤੁਰਿਆ।
-ਚਾਹ ਪਈ ਐ ਸਟੋਵ ਉੱਪਰ ਕੇਤਲੀ 'ਚ; ਗਰਮ ਈ ਐ ਹਾਲੇ।
ਕਿਚਨ 'ਚੋਂ ਮੇਰੇ ਵੱਲ ਨੂੰ ਆਉਂਦਿਆਂ, ਚਾਹ ਦੀ ਪਿਆਲੀ ਦੀ ਤਪਸ਼ ਨੂੰ ਪਲ਼ੋਸਦਾ ਹੋਇਆ ਉਹ ਬੋਲਿਆ: ਲੈ ਬਈ ਤਿਆਰ ਹੋ ਜਾ, ਅਕਵਾਲ ਸਿਅ੍ਹਾਂ!
ਮੈਂ ਆਪਣੀਆਂ ਸੁਆਲੀਆ ਨਜ਼ਰਾਂ ਉਸ ਵੱਲ ਘੁੰਮਾਈਆਂ।
-ਚੱਲਣੈ ਅੱਜ!
-ਕਿੱਥੇ ਚੱਲਣੈ?
-ਆਵਦਾ ਪਾਸਪੋਅਟ ਚੁੱਕ ਲਾ; ਤੇ ਨਾਲ਼ੇ ਚੁੱਕ ਲਾ ਸੋਸ਼ਲ ਇਨਸ਼ੋਰੈਂਸ ਕਾਰਡ!

ਹਾਈਵੇਅ ਉੱਪਰ, ਬੁੱਢੀ ਕਿੱਕਰ ਦੀਆਂ ਜੜ੍ਹਾਂ 'ਚ ਇੱਕ-ਦੂਜੇ ਨੂੰ ਫੇਟਾਂ ਮਾਰ ਮਾਰ ਕੇ ਭਜਦੇ ਕੀੜਿਆਂ ਵਾਂਗ, ਇੱਕ-ਦੂਜੀ ਨੂੰ ਪਿਛਾੜਨ ਲਈ ਵਾਹੋ-ਦਾਹ ਦੌੜਦੀਆਂ ਕਾਰਾਂ! ਇਨ੍ਹਾਂ ਕਾਰਾਂ ਤੋਂ ਤ੍ਰਭਕਦੇ-ਬਚਦੇ, ਘੰਟੇ ਕੁ ਬਾਅਦ ਅਸੀਂ ਟਰਾਂਟੋ ਡਾਊਨ ਟਾਊਨ ਦੀ ਇਕ ਸਰਕਾਰੀ ਇਮਾਰਤ ਦੇ ਦਰਵਾਜ਼ੇ 'ਤੇ ਖਲੋਤੇ ਸਾਂ।
ਇਮਾਰਤ ਦੇ ਅੰਦਰ ਵੜਦਿਆਂ ਹੀ, ਸੱਜੇ ਹੱਥ ਮੇਜ਼ ਉੱਪਰ, ਪਿਛਲੇ ਪਾਸੇ ਵੱਲ ਨੂੰ ਰਤਾ ਕੁ ਝੁਕਿਆ ਹੋਇਆ, ਡੇਢ ਕੁ ਗਿੱਠ ਉੱਚਾ ਸਾਈਨਬੋਰਡ ਬੋਲ ਉੱਠਿਆ: ਐਪਲੀਕੇਸ਼ਨ ਫ਼ੋਰਮਸ ਐਥੋਂ ਚੁੱਕੋ!
ਸਾਈਨਬੋਰਡ ਦੇ ਪੈਰਾਂ ਕੋਲ਼ ਅਰਜ਼ੀਆਂ ਦੇ ਥੱਬੇ ਦੇ ਨਾਲ਼ ਹੀ ਲਿਟੇ ਹੋਏ ਅੱਠ-ਦਸ ਪੈੱਨ ਮੇਰੇ ਜ਼ਿਹਨ ਵਿੱਚ ਆਪਣੇ ਪੋਪਲਿਆਂ ਤੋਂ ਮੁਕਤ ਹੋਣ ਲੱਗੇ।
ਅਰਜ਼ੀ-ਫ਼ੋਰਮ 'ਚ ਮੇਰਾ ਨਾਮ-ਪਤਾ, ਸੋਸ਼ਲ-ਇਨਸ਼ੋਰੈਂਸ ਤੇ ਹੋਰ ਅਹਿਮ ਜਾਣਕਾਰੀ ਭਰ ਕੇ ਅਸੀਂ ਰਸੈਪਸ਼ਨਿਸਟ ਬੀਬੀ ਦੀ ਖਿੜਕੀ ਦੇ ਸਾਹਮਣੇ ਜਾ ਖਲੋਤੇ।
-ਮੇ ਆਈ ਹੈਵ ਯੋਅਰ ਪੈਸਪੋਅਟ ਪਲੀਜ਼? ਬੀਬੀ ਬੋਲੀ।
ਗੁਲਾਬੀ ਭਾਅ ਮਾਰਦੀਆਂ ਉਂਗਲ਼ਾ 'ਚ ਫੜੇ ਮੇਰੇ ਪਾਸਪੋਅਟ ਅਤੇ ਫ਼ੋਰਮ 'ਚ ਦਰਜਿਤ ਜਾਣਕਾਰੀ ਦੇ ਮੁਹਾਂਦਰਿਆਂ ਨੂੰ ਇੱਕ-ਦੂਜੇ ਨਾਲ਼ ਬਰੀਕ-ਨਜ਼ਰੇ ਮਿਲਾਅ ਕੇ, ਰਸੈਪਸ਼ਨਿਸਟ ਦੀਆਂ ਹਰੀਆਂ ਨੈਣ-ਗੋਲ਼ੀਆਂ ਦੀ ਮੁਸਕ੍ਰਾਹਟ ਸਾਡੇ ਵੱਲ ਘੁੰਮੀ।
-ਹੂ'ਜ਼ ਇਟ ਫ਼ੋਰ, ਗਾਈਜ਼?
-ਫ਼ੋਰ ਮੀ, ਮੈਂ ਆਪਣਾ ਸਿਰ ਹੇਠਾਂ-ਉੱਤੇ ਹਿਲਾਇਆ।
ਰਸੈਪਸ਼ਨਿਸਟ ਦੀਆਂ ਲਸੂਅ੍ਹੜੀਆ-ਉਂਗਲ਼ਾਂ 'ਮਿੰਟ-ਕੈਮਰੇ' ਵੱਲ ਵਧੀਆਂ ਤੇ ਕੈਮਰੇ 'ਚੋਂ ਕਲਿੱਕ ਦੀ ਆਵਾਜ਼ ਨਿਕਲ਼ਦਿਆਂ ਹੀ ਫ਼ਲੈਸ਼ ਦਾ ਲਿਸ਼ਕਾਰਾ ਮੇਰੀਆਂ ਅੱਖਾਂ 'ਚ ਵੱਜਿਆ।
-ਔਥੇ ਬੈਠ ਜੋ ਬੈਂਚ 'ਤੇ, 'ਕਰਰਰ' ਦੀ ਅਵਾਜ਼ ਨਾਲ਼ ਕੈਮਰੇ ਦੇ ਮੂਹਰਲੇ ਪਾਸਿਓਂ ਇੱਕ ਝੀਥ 'ਚੋਂ ਨਿੱਕਲ਼ ਰਹੀ ਤਸਵੀਰ ਵੱਲ ਤਕਦਿਆਂ, ਹਰੀਆਂ ਅੱਖਾਂ ਬੋਲੀਆਂ। -ਬਸ ‘ਅ ਫ਼ਿਊ’ ਮਿੰਟਾਂ 'ਚ ਈ ਆਵਾਜ਼ ਦੇਵਾਂਗੀ ਤੁਹਾਨੂੰ।

ਲਾਈਸੰਸ-ਦਫ਼ਤਰ 'ਚੋਂ ਬਾਹਰ ਨਿੱਕਲਣ ਸਾਰ ਹੀ, ਭਾਰੇ ਕੋਟ ਦੀ ਜੇਬ 'ਚੋਂ ਕਾਰ ਦੀ ਚਾਬੀ ਕੱਢਦਿਆਂ, ਰਛਪਾਲ ਨੇ ਆਪਣੇ ਗਿੱਟਿਆਂ ਨਾਲ਼ ਖ਼ਰਗੋਸ਼ ਦੀਆਂ ਲੱਤਾਂ ਬੰਨ੍ਹ ਲਈਆਂ। ਕਾਰ ਵੱਲੀਂ ਵਧਦਿਆਂ ਕਹਿਣ ਲੱਗਾ, ਚੱਲ ਬਈ, ਮੱਲਾ, ਹੁਣ 'ਬਾਰਨਜ਼' ਵਾਲ਼ੇ ਬਜ਼ੁਰਗ ਦਾ ਦਰਵਾਜ਼ਾ ਖੜਕਾਈਏ!

ਪੰਦਰਾਂ ਕੁ ਸਟੋਰਾਂ ਦੀ ਲੜੀ ਦੇ ਸਾਹਮਣੇ, ਪਾਰਕਿੰਗ ਏਰੀਏ ਉੱਤੇ ਵਿਛੀ ਬਰਫ਼ ਦੀ ਮੋਟੀ ਤਹਿ ਉੱਪਰ ਪੈੜਾਂ ਛਡਦੇ ਹੋਏ, ਅਸੀਂ 'ਬਾਰਨਜ਼' ਦੇ ਦਫ਼ਤਰ 'ਚ ਖਲੋਤੇ ਸਾਂ।
ਬਜ਼ੁਰਗ ਮੈਨੇਜਰ ਨੇ ਸਿਗਾਰ ਦੇ ਲੰਮੇਂ ਕਸ਼ ਨੂੰ ਫੇਫੜਿਆਂ ਵੱਲ ਨੂੰ ਸੁੜ੍ਹਾਕ ਕੇ, ਆਪਣੀਆਂ ਉਂਗਲ਼ਾਂ ਦੀ ਪਤਲਾਈ ਆਪਣੇ ਡੈਸਕ ਦੇ ਦਰਾਜ਼ ਵੱਲੀਂ ਵਧਾਅ ਦਿੱਤੀ। ਦਰਾਜ਼ 'ਚੋ ਕੱਢੇ ਅਰਜ਼ੀ-ਪੱਤਰ ਨੂੰ ਮੇਰੇ ਵੱਲੀਂ ਵਧਾਉਂਦਿਆਂ, ਉਸਨੇ ਆਪਣੀਆਂ ਐਨਕਾਂ ਦਾ ਰੁਖ਼ ਪਹਿਲਾਂ ਰਛਪਾਲ ਵੱਲੀਂ ਤੇ ਫੇਰ ਮੇਰੇ ਵੱਲੀਂ ਮੋੜਿਆ।
-ਯੋਆ ਬ੍ਰਦਾ... ਖਊਂ-ਖਊਂ... ਐਸਕਿਊਜ਼ ਮੀ, ਖਊਂ-ਖਊਂ... ਯੋਆ ਬ੍ਰਦਾ ਹੈਡ ਠੋਡ ਮੀ ਅ ਲਾਠ... ਖਊਂ-ਖਊਂ... ਅ ਲਾਠ ਅਬਾਊਠ ਯੂ ਓਵਾ ਦ ਫ਼ੋਨ ਯੈਸਠਾਅਡੇ!
ਮੈਨੇਜਰ ਦੀ ਖਊਂ-ਖਊਂ 'ਚੋਂ ਨਿੱਕਲ਼ਦੇ, ਤੰਬਾਖੂ ਦੇ ਵਰੋਲ਼ੇ ਮੇਰੀਆਂ ਅੱਖਾਂ ਤੇ ਪੱਗ ਦੇ ਪੇਚਾਂ ਵਿੱਚ ਘੁਸਪੈਠ ਕਰਨ ਲੱਗੇ।
ਸਿਗਾਰ ਨੂੰ ਐਸ਼ਟਰੇਅ 'ਚ ਟਿਕਾਅ ਕੇ, ਦਮੋਂ-ਉੱਖੜੇ ਫੇਫੜਿਆਂ ਨੂੰ ਰਾਹਤ ਦੇਣ ਦੀ ਆਸ 'ਚ, ਉਹ ਆਪਣੀਆਂ ਪੱਸਲ਼ੀਆਂ ਨੂੰ ਟੋਹਣ ਲੱਗਾ।
-ਏਸ ਜਾਬ 'ਚ... ਖਊਂ ਖਊਂ... ਡੌਲ਼ਿਆਂ ਦੇ 'ਮੱਸਲ'...ਖਊਂ ਖਊਂ... ਆਈ ਮੀਨ ਡੌਲ਼ਿਆਂ ਦੇ ਮੱਸਲ ਨੀ ਚਾਹੀਦੇ, ਜੈਂਟਲਮੈਨ... ਖਊਂ... ਖਊਂ... ਖਊਂ!
ਗੁੱਟ-ਘੜੀ ਦੀ, ਕੜੇ-ਵਾਂਗ-ਮੋਕਲ਼ੀ-ਸਟਰੈਪ ਨੂੰ ਆਪਣੀ ਕਲ਼ਾਈ ਉਦਾਲ਼ੇ ਘੁੰਮਾਉਂਦਿਆਂ, ਉਹਨੇ ਆਪਣਾ ਚਿਹਰਾ ਡੈਸਕ ਉੱਪਰ ਝੁਕਾਇਆ। -ਬੱਸ ਚੁਕੰਨੇ ਰਹਿਣੈਂ, ਖਊਂ... ਖਊਂ... ਤੇ ਨੀਂਦਰ ਨੂੰ... ਖਊਂ... ਖਊਂ...ਖਊਂ... ਖਊਂ...
ਮੇਰਾ ਸਿਰ ਉੱਪਰ-ਨੀਚੇ ਹਿੱਲੀ ਗਿਆ।
-ਵਨ ਥਿੰਗ ਮੋਰ, ਕੰਪਨੀ ਦੇ ਜ਼ਾਬਤੇ ਦੀ ਕਿਤਾਬਚੀ ਮੇਰੇ ਵੱਲ ਵਧਾਉਂਦਿਆਂ ਮੈਨੇਜਰ ਬੋਲਿਆ। -ਯੂ ਨੋ...ਖਊਂ-ਖਊਂ... ਇਸ ਜਾਬ 'ਚ...ਖਊਂ-ਖਊਂ... ਇਸ ਜਾਬ 'ਚ ਚਿਹਰਾ-ਮੋਹਰਾ ਪੂਰੀ ਤਰ੍ਹਾਂ ਸਾਫ਼-ਸੁਥਰਾ ਰੱਖਣਾ ਪੈਣੈ।

ਬਾਰਨਜ਼ ਤੋਂ ਫ਼ਾਰਗ ਹੋ ਕੇ ਰਛਪਾਲ ਨੇ ਸਾਡੀ ਕਾਰ ਨੂੰ ਹਾਈਵੇਅ ਵੱਲੀਂ ਮੋੜ ਲਿਆ।
ਫ਼ਲੈਟ ਦਾ ਦਰਵਾਜ਼ਾ ਖੁਲ੍ਹਿਆ, ਤਾਂ ਮੇਰੇ ਹੱਥ 'ਚ ਫੜੀ ਪਲਾਸਟਕੀ ਬੋਰੀ ਨੇ, ਸੋਫ਼ੇ ਨੂੰ ਬੇਆਰਾਮ ਕਰ ਰਹੀ ਸੁਖਸਾਗਰ ਦੇ ਮੱਥੇ ਉੱਤੇ ਸਵਾਲੀਆ ਤਿਊੜੀਆਂ ਉਭਾਰ ਦਿੱਤੀਆਂ।
ਬੋਰੀ ਨੂੰ ਕਾਫ਼ੀ-ਟੇਬਲ ਉੱਪਰ ਟਿਕਾਅ ਕੇ ਮੈਂ ਸਾਗਰ ਦੇ ਸਾਹਮਣੇ ਵਾਲ਼ੀ ਕੁਰਸੀ ਵੱਲ ਝਾਕਣ ਲੱਗਾ।
-ਕੀ ਐ ਐਸ ਬੋਰੀ 'ਚ?
ਮੇਰਾ ਦਿਲ ਕੀਤਾ ਕਹਿ ਦੇਵਾਂ, ਇਸ ਬੋਰੀ 'ਚ ਆਪਣੀ ਦੋਹਾਂ ਦੀ ਪ੍ਰੋਫ਼ੈਸਰੀ ਬੰਦ ਹੋਗੀ ਆ, ਤੇ ਇਸ ਦੇ ਮੂੰਹ ਨੂੰ ਸੰਗਲ਼ੀ ਨਾਲ਼ ਬੰਨ੍ਹ ਕੇ ਤੂੰ ਹੁਣ ਇਸ ਉੱਤੇ ਜਿੰਦਰਾ ਠੋਕ ਦੇ!
-ਕੀ ਖ਼ਰੀਦ ਕੇ ਲਿਆਏ ਓਂ? ਸਾਗਰ ਬੋਰੀ ਨੂੰ ਟੋਂਹਦਿਆਂ ਪੁੱਛਣ ਲੱਗੀ।
-ਹੁਣੇ ਦਿਸ ਪਊ! ਬੋਰੀ ਦੇ ਮੂੰਹ ਉਦਾਲ਼ੇ ਲਪੇਟੇ ਨਾਲ਼ੇ ਨੂੰ ਹੱਥ ਪਾ ਕੇ, ਬੋਰੀ ਨੂੰ ਮੈਂ ਫ਼ਰਸ਼ 'ਤੇ ਉਤਾਰ ਦਿੱਤਾ! -ਤੂੰ ਪਤੀਲੀ ਨੂੰ ਸਟੋਵ 'ਤੇ ਰੱਖ਼...
ਪਲਾਸਟਕੀ ਬੋਰੀ ਫ਼ਰਸ਼ ਉੱਤੇ ਚੁੱਪ-ਚਾਪ ਘਿਸੜਦੀ ਹੋਈ ਮੇਰੇ ਮਗਰ-ਮਗਰ ਵਾਸ਼ਰੂਮ ਵੱਲ ਨੂੰ ਚੱਲ ਪਈ।
ਵਾਸ਼ਰੂਮ 'ਚ ਵੜ ਕੇ ਦਰਵਾਜ਼ੇ ਦੀ ਚਿਟਕਣੀ ਹਾਲੇ ਮੈਂ ਉੱਪਰਲੇ ਪਾਸੇ ਵੱਲ ਧੱਕੀ ਹੀ ਸੀ ਕਿ ਮੇਰੀ ਕਮੀਜ਼ ਦੇ ਬਟਨ, ਕਾਜਾਂ 'ਚੋਂ ਬਾਹਰ ਨਿੱਕਲਣ ਲੱਗੇ। ਅਗਲੇ ਛਿਣਾਂ 'ਚ ਪੈਂਟ ਦੀ ਜ਼ਿੱਪਰ 'ਸ਼ੁਰਕ' ਕਰ ਕੇ ਹੇਠਾਂ ਵੱਲ ਨੂੰ ਖਿਸਕ ਗਈ। ਇਸ ਤੋਂ ਬਾਅਦ, ਬੋਰੀ ਦੇ ਅੰਦਰ ਗੁੱਛਾ-ਮੁੱਛਾ ਹੋਈਆਂ ਆਈਟਮਾਂ ਬਾਹਰ ਨੂੰ ਛਾਲ਼ਾਂ ਮਾਰ ਕੇ ਬਾਥ-ਟੱਬ ਦੀ ਬੰਨੀ ਉੱਤੇ ਬੈਠਣ ਲੱਗੀਆਂ: ਇਨ੍ਹਾਂ 'ਚੋਂ ਸਫ਼ੈਦ ਕਮੀਜ਼ ਦੇ ਬਟਨ ਖੋਲ੍ਹ ਕੇ ਮੈਂ ਆਪਣੀਆਂ ਵੀਣੀਆਂ ਨੂੰ ਉਸ ਦੀਆਂ ਬਾਹਾਂ 'ਚ ਉਤਾਰ ਦਿੱਤਾ। ਹਲਕੇ ਅਸਮਾਨੀ ਰੰਗ ਦੀ ਨੈਕਟਾਈ ਦੀ ਗੰਢ ਮਾਰ ਕੇ ਮੈਂ ਪੈਂਟ ਅਤੇ ਵਿੰਟਰ ਜੈਕਟ ਦੀਆਂ ਗੂੜ੍ਹੀਆਂ ਅਸਮਾਨੀ ਤਹਿਆਂ ਨੂੰ ਖੋਲ੍ਹਣ ਲੱਗਾ।
ਕੁਝ ਕੁ ਮਿੰਟਾਂ ਬਾਅਦ, ਪਤੀਲੀ 'ਚੋਂ ਉਡਦੇ, ਲੌਂਗਾਂ-ਅਲੈਚੀਆਂ ਦੇ ਸਾਹ ਵਾਸ਼ਰੂਮ ਦੇ ਦਰਵਾਜ਼ੇ ਹੇਠਲੀ ਵਿੱਥ ਰਾਹੀਂ ਵਾਸ਼ਰੂਮ ਵਿੱਚ ਵੀ ਵਗਣ ਲੱਗੇ: ਮੈਂ ਸਮਝ ਗਿਆ ਕਿ ਪਤੀਲੀ 'ਚ ਉੱਬਲ਼ਦੇ ਪਾਣੀ ਵਿੱਚ ਝੰਬੀ ਜਾ ਰਹੀ ਚਾਹ-ਪੱਤੀ, ਦੁੱਧ ਵਾਲ਼ੇ ਲਿਫ਼ਾਫ਼ੇ ਨੂੰ ਅਵਾਜ਼ਾਂ ਮਾਰਨ ਲੱਗ ਪਈ ਹੋਵੇਗੀ।
ਵਾਸ਼ਰੂਮ ਤੋਂ ਰੁਖ਼ਸਤ ਲੈਣ ਤੋਂ ਪਹਿਲਾਂ ਮੈਂ ਸ਼ੀਸ਼ੇ ਵੱਲ ਨਜ਼ਰ ਮਾਰੀ:, ਸ਼ੀਸ਼ੇ 'ਚ ਸਿਮਟੇ ਮੇਰੇ ਅਕਸ ਦੇ ਬੁੱਲ੍ਹ, ਮੇਰੇ ਪਿੰਡੇ ਉਦਾਲ਼ੇ ਲਿਪਟੇ ਗੂੜ੍ਹੇ ਆਸਮਾਨ ਨੂੰ ਦੇਖ ਕੇ, ਪਹਿਲਾਂ ਤਾਂ ਆਪਣੇ ਜੁਬਾੜਿਆਂ ਵੱਲ ਨੂੰ ਫੈਲ ਗਏ, ਤੇ ਫ਼ਿਰ ਆਪਣੀਆਂ ਨੁੱਕਰਾਂ ਨੂੰ ਹੇਠਾਂ ਵੱਲ ਨੂੰ ਢਿਲ਼ਕਾਅ ਕੇ ਇੱਕ-ਟੱਕ ਮੇਰੇ ਵੱਲ ਝਾਕਣ ਲੱਗੇ। ਹੁਣ ਮੇਰਾ ਅਕਸ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗਾ। ਮੈਂ ਤੇ ਅਕਸ ਇੱਕ-ਦੂਜੇ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੁਝ ਬੁੜਬੁੜਾਏ ਤੇ ਇੱਕ ਦੂਜੇ ਦੀਆਂ ਅੱਖਾਂ ਵਿਚਲੀ ਖ਼ਾਲੀਅਤ ਨੂੰ ਫਲਰੋਲਣ ਲੱਗੇ।
ਵਾਸ਼ਰੂਮ 'ਚੋਂ ਨਿੱਕਲ਼ ਕੇ ਮੈਂ ਲਿਵਿੰਗਰੂਮ ਵੱਲ ਨੂੰ ਖਿਸਕ ਆਇਆ। ਚਾਹ ਦੀਆਂ ਪਿਆਲੀਆਂ 'ਚ ਚਮਚਾ ਫੇਰ ਰਹੀ ਸੁਖਸਾਗਰ ਨੇ ਆਪਣੀਆਂ ਅੱਖਾਂ ਨੂੰ ਮੇਰੇ ਚਿਹਰੇ ਵੱਲ ਜਿਉਂ ਹੀ ਸੇਧਿਆ, ਉਸ ਦੀਆਂ ਉਂਗਲ਼ਾਂ ਥਾਂਏਂ ਸੁੰਨ ਹੋ ਗਈਆਂ: ਇਹ ਕੀ ਹੁਲੀਆ ਬਣਾ ਲਿਆ, ਤੁਸੀਂ?
ਮੇਰਾ ਸੱਜਾ ਹੱਥ ਮੇਰੇ ਮੱਥੇ ਵੱਲ ਨੂੰ ਉੱਭਰਿਆ ਅਤੇ ਮੇਰੀ ਟੋਪੀ ਨੂੰ ਉਸਦੇ 'ਛੱਜੇ' ਤੋਂ (ਮੱਥੇ ਕੋਲ਼ੋਂ ਅੱਗੇ ਨੂੰ ਵਧੇ ਵਾਈਜ਼ਰ ਤੋਂ) ਪਕੜ ਕੇ ਉੱਪਰ ਵੱਲ ਨੂੰ ਲਹਿਰਾਉਣ ਲੱਗਾ: ਖੱਬੇ ਪੰਜੇ ਨੂੰ ਧੁੰਨੀ ਉੱਤੇ ਟਿਕਾਅ ਕੇ ਮੈਂ ਆਪਣੇ ਪੂਰੇ ਧੜ ਨੂੰ ਸਾਗਰ ਦੇ ਸਾਹਮਣੇ ਝੁਕਾਅ ਦਿੱਤਾ।
- ਆਹ ਕੀ ਬਣਗੇ ਤੁਸੀਂ?
-ਬਣਗੇ ਨੀ, ਬਣਾਤੇ ਕਨੇਡਾ ਨੇ, ਮੈਡਮ ਜੀ!
ਫ਼ਿਰ ਮੈਂ ਆਪਣੀ ਜੈਕਟ ਦੀ ਜੇਬ ਨੂੰ ਚੂੰਢੀ 'ਚ ਜਕੜਿਆ, ਤੇ ਉਸ ਉੱਤੇ ਲੱਗੇ 'ਬਾਰਨਜ਼ ਸਕਿਊਰਿਟੀ' ਲੋਗੋ ਨੂੰ ਸਾਗਰ ਵੱਲ ਨੂੰ ਵਧਾਅ ਦਿੱਤਾ। -ਪ੍ਰੋਫ਼ੈਸਰ ਇਕਬਾਲ ਨੇ ਸੰਭਾਲ਼ਿਆ ਟਰਾਂਟੋ ਦੀ ਚੌਕੀਦਾਰੀ ਦਾ ਚਾਰਜ! ਮੈਂ ਬੁੱਲ੍ਹਾਂ ਦੀ ਟੂਟੀ ਬਣਾ ਕੇ ਐਲਾਨ ਕਰ ਦਿੱਤਾ। -ਹਾ, ਹਾ, ਹਾ, ਹਾ!
ਸਾਗਰ ਦੀਆਂ ਕੂਹਣੀਆਂ ਉਸ ਦੇ ਗੋਡਿਆਂ ਉੱਪਰ ਜਾ ਟਿਕੀਆਂ ਤੇ ਤਲ਼ੀਆਂ ਉਸਦੇ ਚਿਹਰੇ ਵੱਲ ਨੂੰ ਉੁੱਭਰ ਗਈਆਂ! ਪੁੜਪੁੜੀਆਂ ਨੂੰ ਤਲ਼ੀਆਂ ਦੇ ਵਿਚਕਾਰ ਘੁੱਟ ਕੇ, ਉਹ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗੀ: ਪਹਿਲਾਂ ਪੱਖੀ ਝੱਲਣ ਵਾਂਗੂੰ ਧੀਮੀ ਰਫ਼ਤਾਰ ਵਿੱਚ, ਤੇ ਫ਼ਿਰ ਮਦਾਰੀ ਦੀ ਡੁਗਡੁਗੀ ਵਾਂਗ ਤੇਜ਼!

ਅਗਲਾ ਦਿਨ: ਮੈਂ ਤੇ ਰਣਜੀਤ ਰੈਕਸਡੇਲ ਪਲਾਜ਼ੇ 'ਚ!
ਵਿਰਲੇ ਵਿਰਲੇ ਸਟੋਰਾਂ 'ਚ ਟਿਊਬ ਲਾਈਟਾਂ ਦੇ ਅੱਖ-ਮਟੱਕੇ ਵੱਜਣ ਲੱਗੇ, ਤੇ ਮਾਲਕ ਅਤੇ ਕਰਿੰਦੇ ਨਿੱਕਾ-ਮੋਟਾ ਸਮਾਨ ਸਟੋਰਾਂ ਦੇ ਸਾਹਮਣੇ ਰੱਖੇ ਬੈਂਚਾਂ ਉੱਤੇ ਸਜਾਉਣ-ਟਿਕਾਉਣ ਵਿੱਚ ਰੁੱਝਣ ਲੱਗੇ।
'ਖੜੜੜੜ- ਖੜੜੜੜ' ਕਰ ਕੇ, ਦਰਵਾਜ਼ਿਆਂ ਦੇ ਮੱਥਿਆਂ ਉੱਪਰਲੀਆਂ ਸ਼ਾਫ਼ਟਾਂ ਉਦਾਲ਼ੇ ਲਿਪਟ ਰਹੇ ਕਈ ਸਟੋਰਾਂ ਦੇ ਸ਼ਟਰ!
ਅਸੀ ਦੋਹਾਂ ਨੇ, ਕਾਫ਼ੀਸ਼ਾਪ ਦੇ ਸਾਹਮਣੇ, ਸੁੰਨਸਾਨਤਾ 'ਚ ਡੁੱਬੀਆਂ ਕੁਰਸੀਆਂ ਨੂੰ 'ਗੁੱਡ-ਮੋਰਨਿੰਗ' ਜਾ ਆਖੀ।
ਕਾਫ਼ੀ ਦੀ ਭਾਫ਼ 'ਚੋਂ ਆਪਣੇ ਅੰਦਰ ਦੀ ਠਾਰੀ ਨੂੰ ਸੁੜ੍ਹਾਕਦਾ ਹੋਇਆ, ਮੈਂ ਪਰਲੇ ਪਾਸੇ ਹੇਅਰ ਸਲਾਨ ਦੇ ਸ਼ੀਸ਼ਿਆਂ ਤੋਂ ਗਰਦ ਝਾੜ ਰਹੇ ਹਜਾਮ (ਬਾਰਬਰ) ਵੱਲੀਂ ਦੇਖਣ ਲੱਗਾ। ਮੇਰੀ ਨਜ਼ਰ ਓਧਰ ਜਾਂਦਿਆਂ ਹੀ 'ਬਾਰਨਜ਼ ਸਕਿਊਰਿਟੀ' ਵਾਲ਼ਾ 'ਖਊਂ ਖਊਂ' ਕਰਦਾ ਬਜ਼ੁਰਗ, ਕੰਪਨੀ ਦੇ ਜ਼ਾਬਤੇ ਵਾਲ਼ੀ ਕਿਤਾਬਚੀ ਦੇ ਵਰਕਿਆਂ ਨੂੰ ਫ਼ਰੋਲ਼ਦਾ ਹੋਇਆ ਮੇਰੇ ਮੱਥੇ 'ਚ ਆ ਵੜਿਆ। 'ਵੈੱਲ-ਗਰੂਮਡ' ਕਿਤਾਬਚੀ ਨੂੰ ਮੇਰੇ ਸਾਹਮਣੇ ਟਿਕਾਅ ਕੇ ਉਸਨੇ ਆਪਣੇ ਦੋਹਾਂ ਪੰਜਿਆਂ ਦੇ ਪੋਟੇ, ਆਪਣੇ ਜੁਬਾੜਿਆਂ ਉੱਤੇ ਟਿਕਾਅ ਦਿੱਤੇ ਤੇ ਉਹ ਉਨ੍ਹਾਂ ਨੂੰ ਮੁੜ-ਮੁੜ ਹੇਠਾਂ ਵੱਲ ਨੂੰ ਘੜੀਸ ਕੇ ਆਪਣੀ ਠੋਡੀ ਵੱਲ ਨੂੰ ਲਿਜਾਣ ਲੱਗਾ।
-ਇਹ ਤਾਂ ਹੁਣ ਏਸ ਮੁਲਕ 'ਚ ਕਰਨਾ ਈ ਪੈਣੈ, ਮੈਂ ਆਪਣੇ ਆਪ ਨੂੰ ਦੱਸਿਆ।

ਹਜਾਮ ਦੀ ਸਲਾਨ 'ਚੋਂ ਨਿੱਕਲ਼ੇ ਤਾਂ ਰਣਜੀਤ ਦੇ ਬੁੱਲ੍ਹਾਂ ਉੱਪਰ ਸ਼ਰਾਰਤ ਫ਼ਲਣ-ਸੁੰਗੜਨ ਲੱਗੀ। ਆਪਣੀ ਜੇਬ 'ਚੋਂ ਧੁੱਪ-ਐਨਕਾਂ ਨੂੰ ਖਿੱਚ ਕੇ, ਉਹ ਮੇਰੇ ਵੱਲ ਝਾਕਿਆ: ਰੁਕ ਇੱਕ ਮਿੰਟ, ਪ੍ਰੋਫ਼ੈਸਰਾ।
ਫ਼ਿਰ ਆਪਣੀਆਂ ਐਨਕਾਂ ਨੂੰ ਉਸ ਨੇ ਮੇਰੇ ਨੱਕ ਦੀ ਬੰਨ ਉੱਤੇ ਅਸਵਾਰ ਕਰ ਦਿੱਤਾ, ਤੇ ਉਹਨਾਂ ਦੀਆਂ ਡੰਡੀਆਂ ਨੂੰ ਮੇਰੇ ਕੰਨਾਂ ਅਤੇ ਸਿਰ ਦੇ ਵਿਚਕਾਰ ਸਰਕਾਅ ਦਿੱਤਾ।
-ਇਹ ਕੀ ਕਰਦੈਂ, ਰਣਜੀਤ? ਮੈਂ ਆਪਣੇ ਮੱਥੇ ਨੂੰ ਕੱਸਣ ਲੱਗਾ।
-ਬੱਸ ਤੂੰ ਦੇਖੀ ਚੱਲ! ਤੂੰ ਬੋਲਣਾ ਨੀ ਕੁੱਛ ਵੀ ਫ਼ਲੈਟ 'ਚ ਜਾ ਕੇ! ਓ. ਕੇ.?

ਫ਼ਲੈਟ ਦਾ ਦਰਵਾਜ਼ਾ ਖੁਲ੍ਹਿਆ: ਸਾਡੇ ਦੋਹਾਂ ਵੱਲ ਨਜ਼ਰ ਘੁੰਮਾਉਂਦਿਆਂ, 'ਸਾਸਰੀ `ਕਾਲ' ਕਹਿ ਕੇ, ਸਾਗਰ ਸੋਫ਼ੇ ਦੀਆਂ ਗੱਦੀਆਂ ਨੂੰ ਥਾਂ-ਸਿਰ ਕਰਨ ਲੱਗੀ।
-ਇਹ ਇਨਸ਼ੋਰੈਂਸ ਅਜੰਟ ਐ, ਭੈਣ ਜੀ, ਰਣਜੀਤ ਆਪਣੀਆਂ ਤਲ਼ੀਆਂ ਨੂੰ ਇੱਕ-ਦੂਜੀ ਨਾਲ ਘਸਾਉਂਦਾ ਹੋਇਆ, ਆਪਣੇ ਚਿਹਰੇ ਨੂੰ ਮੇਰੇ ਵੱਲ ਨੂੰ ਰਤਾ ਕੁ ਘੁੰਮਾਅ ਕੇ ਬੋਲਿਆ। -ਸ਼ਰਮਾ ਜੀ ਐ ਇਹ ਮੋਗੇ ਤੋਂ! ਪ੍ਰੋਫ਼ੈਸਰ ਦੇ ਫ਼੍ਰਿੰਡ ਐ!
-ਸਾਸਰੀ 'ਕਾਲ ਵੀਰ ਜੀ! ਸਾਗਰ ਨੇ ਆਪਣੀ ਅੱਧ-ਖਿੜੀ ਮੁਸਕ੍ਰਾਹਟ ਮੇਰੇ ਵੱਲ ਨੂੰ ਗੇੜ ਦਿੱਤੀ।
-ਪ੍ਰੋਫ਼ੈਸਰ ਕਿੱਥੇ ਐ, ਭੈਣ ਜੀ? ਰਣਜੀਤ ਆਪਣੇ ਵਾਲ਼ਾਂ 'ਚ ਉਂਗਲ਼ਾਂ ਫੇਰਨ ਲੱਗਾ।
-ਉਹ ਤੁਹਾਡੇ ਨਾਲ਼ ਨੀ ਸੀ ਗਏ ਪਲਾਜ਼ੇ ਨੂੰ?
-ਗਿਆ ਤਾਂ ਸੀ, ਰਣਜੀਤ ਦੀ ਅਵਾਜ਼ ਥਿੜਕੀ। -ਪਰ ਮੈਂ ਤਾਂ ਹੇਅਰ-ਸਲਾਨ 'ਚ ਵੜ ਗਿਆ, ਤੇ ਉਹ ਕਹਿੰਦਾ ਸੀ ਮੈਂ ਫ਼ਲੈਟ ਨੂੰ ਚੱਲਿਆਂ!
-ਓਹ ਫ਼ੇਰ... ਲਾਇਬਰੇਰੀ ਨੂੰ ਤੁਰਗੇ ਹੋਣਗੇ...
ਮੇਰਾ ਸਿਰ ਉੱਪਰੋਂ ਹੇਠਾਂ ਵੱਲ ਨੂੰ ਹਿੱਲਣ ਲੱਗਾ।
-ਕੀ ਪੀਓਂਗੇ, ਵੀਰ ਜੀ, ਸਾਗਰ ਦੀਆਂ ਅਖਾਂ ਮੇਰੇ ਵੱਲ ਫਿਰੀਆਂ। -ਚਾਹ ਕਿ ਜੂਸ?
ਮੇਰੇ ਬੁੱਲ੍ਹ ਕਾਬੂ ਤੋਂ ਬਾਹਰ ਹੋਣ ਲੱਗੇ ਪਰ ਮੈਂ ਉਨ੍ਹਾਂ ਨੂੰ ਮੁੱਠੀ ਵਾਂਙਣ ਘੁੱਟ ਲਿਆ।
-ਕੀ ਪੀਣਾ, ਸ਼ਰਮਾ ਜੀ? ਹੁਣ ਰਣਜੀਤ ਨੇ ਆਪਣੀ ਸ਼ਰਾਰਤ ਮੇਰੇ ਵੱਲ ਨੂੰ ਮੋੜੀ।
-ਚਾਹ ਈ ਪੀ ਲੈਨੇ ਆਂ, ਮੈਂ ਗਲ਼ਾ ਸਾਫ਼ ਕਰ ਕੇ ਬੋਲਿਆ।
ਸਾਗਰ ਦੇ ਮੱਥੇ ਦੀ ਚਮੜੀ ਇੱਕ ਦਮ ਇਕੱਠੀ ਹੋ ਗਈ, ਤੇ ਅੱਖਾਂ ਵਿੱਚ ਭਰ ਆਈ ਡੌਰਭੌਰਤਾ ਨੂੰ ਮੇਰੇ ਚਿਹਰੇ ਉੱਪਰ ਸੇਧ ਕੇ ਉਹ ਬੋਲੀ: ਸ਼ਰਮਾ?
ਮੇਰੇ ਹੱਥਾਂ ਨੇ ਕੁੱਪੀ ਦੀ ਸ਼ਕਲ ਅਖ਼ਤਿਆਰ ਕਰ ਕੇ ਮੇਰੇ ਨੱਕ ਅਤੇ ਬੁੱਲ੍ਹਾਂ ਨੂੰ ਗੈਸ-ਮਾਸਕ ਵਾਂਗ ਢਕ ਲਿਆ, ਪਰ ਮੇਰਾ ਘੁੱਟਿਆ ਹੋਇਆ ਹਾਸਾ ਬਾਗ਼ੀ ਹੋ ਕੇ ਮੇਰੀਆਂ ਉਂਗਲ਼ਾਂ ਦੀਆਂ ਵਿਰਲਾਂ ਰਾਹੀਂ ਮੇਰੀ ਝੋਲ਼ੀ 'ਚ ਕਿਰਨ ਲੱਗਾ।
-ਬੇਸ਼ਰਮ! ਸਾਗਰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲਣ-ਸੁੰਗੜਣਲੱਗੇ। -ਇਹ ਕੀ ਕਰ ਲਿਆ? ਹੋਰ ਈ ਬਣਗੇ ਬਾਣੀਏਂ ਜਿਹੇ! ਆਹ ਦਾਹੜੀ-ਮੁੱਛ ਤਾਂ ਰੱਖ ਲੈਂਦੇ!

ਅਗਲਾ ਦਿਨ: ਚਾਲ਼ੀ ਘੰਟਿਆਂ 'ਚ ਰਿੜਕੀ, ਕਾਮਿਆਂ ਦੀ ਰੱਤ 'ਚੋਂ ਨਿੱਤਰੇ ਹੋਏ ਚੈੱਕ ਮਿਲਣ ਦਾ ਦਿਨ!
ਕੰਮ ਤੋਂ ਸਿੱਧਾ ਬੈਂਕ 'ਚ ਆਉਣ ਦਾ ਦਿਨ!
ਤੇ ਸ਼ਾਮ ਵਿੱਚ ਗੁਲਾਬੀ ਸਰੂਰ ਘੋਲ਼ ਕੇ ਮੱਥਿਆਂ 'ਚ ਤਾਰਿਆਂ ਦੇ ਛਿੱਟੇ ਸੁੱਟਣ ਦਾ ਦਿਨ!
ਸਾਡੇ ਫ਼ਲੈਟ 'ਚ ਕਾਫ਼ੀਟੇਬਲ ਉੱਪਰ ਖਲੋਤੀ 'ਕਨੇਡੀਅਨ ਕਲੱਬ' ਉਸ ਸ਼ਾਮ ਵੀ ਸੋਢੇ ਦਾ ਤੇ ਕੱਚ ਦੇ ਗਲਾਸਾਂ ਦਾ ਇੰਤਜ਼ਾਰ ਕਰ ਰਹੀ ਸੀ। ਰਛਪਾਲ ਨੇ ਮੈਨੂੰ ਤੇ ਰਣਜੀਤ ਨੂੰ ਹਦਾਇਤ ਕਰ ਦਿੱਤੀ: ਸਾਰਿਆਂ ਦੇ ਨਹਾਉਣ ਤੋਂ ਪਿਹਲਾਂ ਨੀ ਖੋਲ੍ਹਣਾ ਬੋਤਲ ਦਾ ਡੱਟ!
ਰਛਪਾਲ ਦੀ ਪਤਨੀ, ਰਾਜਿੰਦਰ, ਨੇ ਅਧਰਕ, ਲੱਸਣ, ਤੇ ਪਿਆਜ਼ ਦੇ ਬਾਰੀਕੀ-ਨਾਲ-ਕੱਟੇ ਟੁਕੜੇ ਪਤੀਲੀ 'ਚ ਉਤਾਰ ਦਿੱਤੇ। ਹੁਣ ਉਸ ਨੇ ਬਿਜਲਈ ਸਟੋਵ ਦੀ ਸਵਿੱਚ ਨੂੰ ਘੁੰਮਾਇਆ: ਲੂਣਦਾਨੀ 'ਚੋਂ ਗਰਮ ਮਸਾਲੇ, ਮਿਰਚ ਤੇ ਹਲ਼ਦੀ ਦਾ ਮਿਸ਼ਰਣ ਵਾਰੋ ਵਾਰੀ ਚਮਚੇ ਉੱਪਰ ਸਵਾਰ ਹੋ ਹੋ ਕੇ, ਪਤੀਲੀ 'ਚ ਛਾਲ਼ਾਂ ਮਾਰਨ ਲੱਗਾ। ਤਿੰਨ ਕੁ ਮਿੰਟਾਂ ਵਿੱਚ ਹੀ ਰਸੋਈ 'ਚੋਂ ਉੱਠ ਰਹੀ ਮਿੱਠੀ ਮਿੱਠੀ ਕੁੜੱਤਣ, ਲਿਵਿੰਗਰੂਮ ਵਿਚਲੇ ਸੋਫ਼ੇ ਨੂੰ ਸੁੰਘਦੀ ਹੋਈ ਸਾਡੇ ਬੈੱਡਰੂਮਾਂ ਵੱਲ ਨੂੰ ਵਗ ਤੁਰੀ!
ਅੱਧੇ ਪੌਣੇ ਘੰਟੇ ਮਗਰੋਂ, ਰਛਪਾਲ ਨੇ ਮਸਾਲੇ 'ਚ ਭੁੰਨੀਂ 'ਕੁੱਕੜੂੰ-ਘੜੂੰ' ਨੂੰ ਡੌਂਗੇ 'ਚ ਪਾ ਕੇ ਕਾਫ਼ੀਟੇਬਲ ਉੱਤੇ 'ਪਾਰਕ' ਕਰ ਦਿੱਤਾ।
-ਆਜੋ ਵਈ ਮੱਲੋ! ਰਛਪਾਲ ਦਾ ਹੋਕਾ ਗੂੰਜਿਆ।

'ਕਨੇਡੀਅਨ ਕਲੱਬ' ਦੀ ਬੋਤਲ, ਮਸਾਲੇ ਦੀ ਕੜਵੀ ਮਹਿਕ ਨੂੰ ਸੁੰਘਣ ਲਈ,ਉਤਾਵਲੀ ਹੋਣ ਲੱਗੀ। ਰਣਜੀਤ ਨੇ ਆਪਣੀ ਮੁੱਠੀ ਡੱਟ ਦੇ ਉਦਾਲ਼ੇ ਲਪੇਟ ਦਿੱਤੀ, ਤੇ ਮੈਂ ਬਰਫ਼ ਦੀਆਂ ਚਨੁੱਕਰੀਆਂ ਡਲ਼ੀਆਂ ਨੂੰ ਚਮਚੇ ਉੱਪਰ ਚਾੜ੍ਹ ਕੇ, ਗਲਾਸਾਂ 'ਚ ਉਤਾਰਨ ਲੱਗਾ। ਸੋਢੇ ਦੀ ਬੋਤਲ ਪਹਿਲੇ ਗਲਾਸ ਦੇ ਕੰਢੇ ਉੱਪਰ ਜਿਓਂ ਹੀ ਟੇਢੀ ਹੋਈ, ਗਲਾਸ ਦੇ ਥੱਲੇ ਉੱਪਰ ਆਰਾਮ ਦੀ ਮੁਦਰਾ 'ਚ ਬੈਠਾ ਸਰੂਰ ਝੱਗੋ-ਝੱਗ ਹੋ ਕੇ ਕਿਨਾਰਿਆਂ ਵੱਲ ਨੂੰ ਉੱਠਣ ਲੱਗਾ। 'ਚੀਅਰਜ਼' ਦੇ ਆਵਾਜ਼ੇ ਨਾਲ਼ ਉੱਪਰ ਨੂੰ ਉਠਾਏ ਗਲਾਸਾਂ ਵਿੱਚੋਂ ਪਿਆਕੜਾਂ ਨੇ ਹਾਲੇ ਪਹਿਲਾ ਘੁੱਟ ਭਰਿਆ ਸੀ ਕਿ ਕਿਚਨ ਅੰਦਰ 'ਟਰਨਨਟਰਨਨ' ਵਿਲਕ ਉੱਠੀ!

-ਹੈਲੋਅਅ! ਮੈਂ ਆਪਣੇ ਗਲਾਸ ਨੂੰ ਕਿਚਨ-ਕਾਊਂਟਰ 'ਤੇ ਟਿਕਾਅ ਕੇ ਬੋਲਿਆ।
-????
-ਅੱਜ ਰਾਤੀਂ?
-???
-ਅੱਜ ਰਾਤੀਂ... ਨੌਟ ਪੌਸੀਬਲ਼! ਕੈਨ ਯੂ ਫ਼ਾਈਂਡ ਸਮਵਨ ਐਲਜ਼?
-???
-ਓ. ਕੇ.
-???
-ਓ. ਕੇ., ਜਸਟ ਏ ਮਿੰਟ; ਲੈੱਟ ਮੀ ਫ਼ਾਈਂਡ ਏ ਪੈੱਨ ਐਂਡ ਪੇਪਰ!
ਤੇ ਪੈੱਨ ਦਾ ਪੋਪਲਾ ਖੋਲ੍ਹ ਕੇ ਮੈਂ ਆਪਣਾ ਹੱਥ ਡਾਈਨਿੰਗ ਟੇਬਲ ਉੱਪਰ ਪਏ ਕਾਗਜ਼ ਦੇ ਟੁਕੜਿਆਂ ਵੱਲ ਵਧਾਅ ਦਿੱਤਾ।
ਤਿੰਨ ਕੁ ਮਿੰਟਾਂ ਬਾਅਦ ਫ਼ੋਨ ਦਾ ਰਸੀਵਰ ਜਦੋਂ ਮੈਂ ਕੰਧ ਨਾਲ਼ ਚਿੰਬੜੇ ਉਸ ਦੇ ਬੇਸ ਉੱਤੇ ਟੁੰਗ ਦਿੱਤਾ, ਤਾਂ ਤਿੰਨਾਂ ਪਿਆਕੜਾਂ ਦੇ ਚਿਹਰੇ ਮੇਰੇ ਵੱਲ ਗਿੜ ਗਏ।
-ਕੌਣ ਸੀ? ਤਿੰਨਾਂ ਦੀਆਂ ਅੱਖਾਂ ਪੁੱਛਣ ਲੱਗੀਆਂ।
-ਚਾਹ 'ਚ ਮੱਖੀ! ਮੈਂ ਆਪਣਾ ਸਿਰ ਖੱਬੇ-ਸੱਜੇ ਝਣਖਿਆ।
-ਚਾਹ 'ਚ ਮੱਖੀ?
-ਸਾਲ਼ਾ ਡਿਸਪੈਚਰ ਸੀ 'ਬਾਰਨਜ਼ ਸਕਿਊਰਿਟੀ' ਦਾ...
-ਕੀ ਕਹਿੰਦਾ ਸੀ?
-ਕਹਿੰਦਾ ਅੱਜ ਰਾਤ ਨੂੰ 12 ਵਜੇ ਸ਼ਿਫ਼ਟ ਸ਼ੁਰੂ ਕਰ।
-ਕਿੱਥੇ ਕੁ ਪਹੁੰਚਣੈ?
-ਡਾਊਨ ਟਾਊਨ ਐ! ਸੀ ਐਨ ਟਾਵਰ ਦੇ ਇਲਾਕੇ 'ਚ!
-ਡਾਇਰੈਕਸ਼ਨਾਂ ਲੈ ਲੀਆਂ?
-ਆਹ ਲਿਖਲੀਆਂ ਮੈਂ ਕਾਗਜ਼ 'ਤੇ!
-ਦੂਰ ਐ ਕਾਫ਼ੀ ਐਥੋਂ! ਰਛਪਾਲ 'ਕੁੜ-ਕੁੜ' ਦੀ ਸੰਖੀ ਨੂੰ ਚੁੱਕਦਿਆਂ ਬੋਲਿਆ।

ਕਲਾਕ ਦੇ ਅਲਾਰਮ ਨੇ ਪੂਰੇ ਦਸ ਵਜੇ ਲਮਕਵਾਂ ਡਕਾਰ ਮਾਰਿਆ: 'ਘੁਰਰਰਰਰਰਰ'!
ਸੁਖਸਾਗਰ ਨੇ ਪਤੀਲੀ ਸਟੋਵ ਉੱਪਰ ਰੱਖੀ ਤੇ ਥਰਮੋਸ ਬੋਤਲ ਦਾ ਢੱਕਣ ਖੋਲ੍ਹ ਕੇ ਉਸਨੂੰ ਪਾਣੀ ਵਾਲ਼ੀ ਟੂਟੀ ਹੇਠ ਕਰ ਦਿੱਤਾ।

ਮੋਟੀ ਉੱਨ ਦੀ ਕੈਪ ਨੇ ਮੇਰੇ ਸਿਰ ਨੂੰ ਮੱਥੇ ਤੋਂ ਲੈ ਕੇ ਕੰਨਾਂ ਅਤੇ ਗਿੱਚੀ ਤੀਕਰ ਬੁੱਕਲ਼ 'ਚ ਘੁੱਟ ਲਿਆ, ਤੇ ਗੁਲੂਬੰਦ ਮੇਰੀ ਧੌਣ ਉਦਾਲ਼ੇ ਲਿਪਟ ਕੇ, ਮੋਟੀ ਜੈਕਟ 'ਚ ਉੱਤਰ ਰਹੀਆਂ ਮੇਰੀਆਂ ਕਲ਼ਾਈਆਂ ਨੂੰ ਦੇਖਣ ਲੱਗਾ। ਜੈਕਟ ਦੀ ਜ਼ਿੱਪਰ ਨੂੰ ਜਦੋਂ ਮੈਂ ਆਪਣੀ ਘੰਡੀ ਤੀਕਰ ਖਿੱਚ ਲਿਆ ਤਾਂ ਜੈਕਟ ਦੇ ਕਾਲਰ ਦੀ ਮੋਟਾਈ ਨੇ ਮੇਰੀ ਪੂਰੀ ਧੌਣ ਨੂੰ ਜੱਫੀ 'ਚ ਵਗਲ਼ ਲਿਆ।

ਬੁੱਢੇ ਬਲ਼ਦ ਵਰਗਾ ਐਲਾਵੇਟਰ ਗਰਾਊਂਡ ਫ਼ਲੋਰ ਉੱਤੇ ਝਿਜਕਦਾ ਝਿਜਕਦਾ ਖੁਲ੍ਹਿਆ। ਮੈਂ ਸਾਹਮਣੇ ਵਾਲ਼ੇ ਮੁੱਖ ਦਰਵਾਜ਼ੇ ਰਾਹੀਂ ਬਾਹਰ ਨਜ਼ਰ ਮਾਰੀ: ਮੇਰਾ ਸਿਰ ਕੰਬਣ ਲੱਗਾ।
ਬਾਹਰ ਨਿੱਕਲ਼ਿਆ; ਸਾਹਮਣੇ ਵਾਲ਼ਾ ਲਾਅਨ, ਪਰਲੇ ਪਾਸੇ ਵਾਲ਼ੇ ਘਰਾਂ ਦੀਆਂ ਛੱਤਾਂ, ਤੇ ਦਰਖ਼ਤਾਂ ਦੀਆਂ ਨੰਗ-ਧੜੰਗੀਆਂ ਟਾਹਣੀਆਂ: ਸਭਨਾਂ ਉੱਤੇ ਰੂੰਈਂ ਹੀ ਰੂੰਈਂ—ਸੋਧੇ ਹੋਏ ਸਫ਼ੈਦ ਲੂਣ ਨੂੰ ਪਿੰਜ ਕੇ ਸਿਰਜੀ ਹੋਈ ਦਾਣੇਦਾਰ ਰੂੰਈਂ।
ਮੈਂ ਲਾਬੀ 'ਚੋਂ ਬਾਹਰ ਨਿੱਕਲ਼ਿਆ, ਇਕਸਾਰ ਵਿਛੀ ਹੋਈ ਸਨੋਅ 'ਚ ਨਿੱਕੇ-ਨਿੱਕੇ ਕ੍ਰਿਸਟਲ ਚਮਕਣ ਲੱਗੇ: ਧਰਤੀ ਉੱਪਰ ਵਿਛੇ ਚਿੱਟੇ ਆਕਾਸ਼ 'ਚ ਨਿੱਕੇ ਨਿੱਕੇ ਤਾਰੇ। ਸਨੋਅ ਉੱਪਰ ਸੱਜਾ ਪੈਰ ਧਰਿਆ ਤਾਂ ਗੋਡਿਆਂ ਦੇ ਅੱਧ ਤੀਕ ਚੜ੍ਹਿਆ ਬੂਟ, ਗਿੱਟੇ ਤੋਂ ਉੱਪਰ ਤੀਕ ਲਾ-ਪਤਾ ਹੋ ਗਿਆ। ਦੂਜਾ ਪੈਰ ਸਨੋਅ 'ਚ ਉੱਤਰਿਆ ਤਾਂ ਪਹਿਲਾ ਬੂਟ ਸਨੋਅ ਨੂੰ ਰੇਤੇ ਵਾਂਙੂੰ ਅੱਗੇ ਵੱਲ ਨੂੰ ਉਡਾਅ ਕੇ ਉੱਭਰਿਆ। ਇਸ ਤੋਂ ਬਾਅਦ ਤਾਂ ਇੰਝ ਜਾਪੇ ਜਿਵੇਂ ਮੈਂ ਗਿੱਟਿਆਂ ਤੋਂ ਉੱਪਰ ਤੀਕ ਡੂੰਘੇ ਦੁੱਧ ਦੇ ਮਹੀਨ ਦਾਣਿਆਂ ਨਾਲ਼ ਭਰੀ ਝੀਲ ਵਿੱਚੋਂ ਲੰਘ ਰਿਹਾ ਸਾਂ। ਬੂਟਾਂ ਹੇਠ ਹਾੜੇ ਕੱਢਦੀ ਸੱਜਰੀ ਸਨੋਅ ਦੀ 'ਚਿਰੜ-ਚਿਰੜ' ਮੈਨੂੰ ਬਠਿੰਡੇ ਦੇ ਟਿੱਬਿਆਂ ਵਿੱਚ ਤੁਰਦਿਆਂ, ਖੱਲ ਦੇ ਨਵੇਂ ਮੌਜਿਆਂ ਦੀ 'ਚੀਂ-ਚੀਂ' ਯਾਦ ਕਰਾਉਣ ਲੱਗੀ।
ਸਨੋਅ 'ਚ ਖੁਭਦਾ ਹੋਇਆ ਮੈਂ ਮੇਨ ਸੜਕ ਵੱਲੀਂ ਵਧ ਰਿਹਾ ਸਾਂ ਜਿੱਥੇ ਬੱਸ-ਸ਼ੈਲਟਰ ਦੀ ਸੁੰਨਸਾਨਤਾ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ। ਸੜਕੋਂ ਪਾਰ ਸਟੋਰਾਂ ਦੀ ਲੜੀ ਵੱਲ ਝਾਕਿਆ; ਸਟੋਰਾਂ ਦੇ ਸ਼ਟਰ ਡਿੱਗੇ ਹੋਏ ਤੇ ਉਹਨਾਂ ਦੇ ਸਾਹਮਣੇ ਸੁੰਨਸਾਨ ਪਾਰਕਿੰਗ ਲਾਟ ਉੱਪਰ ਵਿਛਿਆ ਹੋਇਆ ਸੱਜਰਾ ਮੱਖਣ! ਆਲ਼ੇ-ਦੁਆਲ਼ੇ 'ਚ ਭੁੱਕੀ ਹੋਈ ਖ਼ਾਮੋਸ਼ ਕੱਲਰ। ਸ਼ੈਲਟਰ ਦੇ ਸਿਰ ਉੱਪਰ ਚਿੱਟਾ ਕੰਬਲ਼, ਬੈਂਚ ਦੀ ਢੋਅ ਉੱਪਰ ਤੇ ਸੀਟ ਉੱਪਰ ਸਫ਼ੈਦੀ ਹੀ ਸਫ਼ੈਦੀ।
ਹਵਾ ਤਾਂ ਚੌਗਿਰਦੇ 'ਚ ਫ਼ੈਲਰੇ ਸੀਤ-ਹੁੰਮਸ 'ਚ, ਕੁੰਗੜੀ ਹੋਈ ਬੱਕਰੀ ਵਾਂਗ ਖਲੋਤੀ ਸੀ, ਬਿਲਕੁਲ ਅਹਿੱਲ! ਸਨੋਅ ਲਗਾਤਾਰ ਹੇਠਾਂ ਵੱਲ ਉੱਤਰ ਰਹੀ ਸੀ, ਜਿਵੇਂ ਅਕਾਸ਼ 'ਚੋਂ ਕਰੋੜਾਂ ਤਿਤਲੀਆਂ ਆਪਣੇ ਦੁੱਧ-ਰੰਗੇ ਖੰਭਾਂ ਨੂੰ ਕੁਤਰ-ਕੁਤਰ ਕੇ ਝਾੜ ਰਹੀਆਂ ਹੋਵਣ।
ਮੈਂ ਵਾਰ ਵਾਰ ਸੱਜੇ ਪਾਸੇ ਵੱਲ ਝਾਕ ਰਿਹਾ ਸਾਂ ਜਿਧਰੋਂ ਇਸਲਿੰਗਟਨ ਸਟੇਸ਼ਨ ਨੂੰ ਜਾਣ ਵਾਲ਼ੀ ਬੱਸ ਨੇ ਦਰਸ਼ਨ ਦੇਣੇ ਸਨ। ਜਦੋਂ ਨੂੰ ਬੱਸ ਦੀ ਵਿੰਡਸ਼ੀਲਡ ਉੱਪਰ ਵੱਡੇ ਵੱਡੇ ਵਾਈਪਰ, 'ਹਟ-ਪਰ੍ਹੇ; ਹਟ-ਪਰ੍ਹੇ' ਦੇ ਅੰਦਾਜ਼ ਵਿੱਚ ਖੱਬੇ-ਸੱਜੇ ਝੁਕਦੇ-ਘਿਸਰਦੇ ਦਿਸੇ, ਘੜੀ ਦੀ ਮਿੰਟਾਂ ਵਾਲ਼ੀ ਸੂਈ ਗਿਆਰਾਂ ਵਜਾਉਣ ਤੋਂ ਪੰਦਰਾਂ ਕੁ ਕਦਮ ਉਰੇ ਸੀ। ਡਰਾਈਵਰ ਦੇ ਖੱਬੇ ਹੱਥ ਦੇ ਲਾਗੇ ਬਣੇ 'ਗੱਲੇ' ਵਿੱਚ ਬਸ-ਟਿਕਟ ਸੁੱਟ ਕੇ ਮੈਂ ਪਿੱਛੇ ਸੀਟਾਂ ਵੱਲ ਨਜ਼ਰਾਂ ਸੁੱਟੀਆਂ: ਹਰ ਸੀਟ ਉੱਪਰ ਖ਼ਾਲੀਅਤ ਦੇਖ ਕੇ ਮੈਂ ਸੋਚਣ ਲੱਗਾ: ਸ਼ੁੱਕਰਵਾਰ ਦੀ ਰਾਤ; ਕੀਹਨੇ ਨਿੱਕਲਣਾ ਬਾਹਰ ਸਨੋਅ ਦੇ ਇਸ ਤੂਫ਼ਾਨ ਵਿੱਚ! ਅੱਜ ਤਾਂ ਸਾਰਾ ਟਰਾਂਟੋ ਈ ਬੀਅਰ ਦੀਆਂ ਬੋਤਲਾਂ 'ਚ ਡੁੱਬਿਆ ਪਿਆ ਹੋਊ।
-ਥੈਂਕ ਗਾਡ ਇਟ'ਸ ਨਾਟ ਵਿੰਡੀ! ਮੈਂ ਜੈਕਟ ਦੀ ਜ਼ਿੱਪਰ ਨੂੰ ਢਿੱਲੀ ਕਰਦਿਆਂ ਡਰਾਇਵਰ ਵੱਲ ਝੁਕਿਆ।
-ਗਿਆਰਾਂ ਵਜੇ ਤੋਂ ਬਾਅਦ ਪਤੈ ਕੀ ਹੋਣੈ? ਡਰਾਈਵਰ ਆਪਣੇ ਸਿਰ ਨੂੰ ਖੱਬੇ-ਸੱਜੇ ਗੇੜਦਿਆਂ ਬੋਲਿਆ। -ਗੁੱਡਲੱਕ ਟੂ ਯੂ!
ਸੜਕ ਉੱਪਰ ਵਿਛੀ ਸਨੋਅ ਨੂੰ ਸਹਿਜੇ ਸਹਿਜੇ ਦਰੜਦੀ ਹੋਈ ਬੱਸ ਪੰਦਰਾਂ ਕੁ ਵਿਰਲੇ ਵਿਰਲੇ ਬੱਸ ਸਟਾਪਾਂ ਤੋਂ ਇੱਕ ਅੱਧ ਸਵਾਰੀ ਨੂੰ ਚੁਕਦੀ ਹੋਈ ਆਖ਼ਿਰ ਇਸਲਿੰਗਟਨ ਸਬਵੇਅ ਦੇ ਸਾਹਮਣੇ ਆ ਖਲੋਤੀ।
ਹੇਠਾਂ ਵੱਲ ਨੂੰ ਲਹਿੰਦੀਆਂ ਪੌੜੀਆਂ ਉੱਤੇ ਤਿਲਕਣ ਤੋਂ ਬਚਦਾ ਹੋਇਆ ਮੈਂ ਅੰਡਰਗ੍ਰਾਊਂਡ ਟ੍ਰੇਨ ਸਟੇਸ਼ਨ 'ਤੇ ਜਾ ਉੱਤਰਿਆ। ਏਥੇ ਨਾ ਕੋਈ ਜੀਵ ਨਾ ਪਰਿੰਦਾ। ਮੇਰੀ ਪੈੜਚਾਲ ਸਟੇਸ਼ਨ ਦੀ ਸੁੰਨਸਾਨਤਾ 'ਚ ਸਾਹ ਭਰਨ ਲੱਗੀ। ਕੁਝ ਮਿੰਟਾਂ 'ਚ ਡਾਊਨਟਾਊਨ ਵਾਲ਼ੇ ਪਾਸਿਓਂ ਸ਼ੂੰ-ਸ਼ੂੰ ਤੇ ਖਰੜ ਖਰੜ ਹੋਈ: ਟ੍ਰੇਨ ਦੇ ਡੱਬਿਆਂ ਵਿੱਚਲੀਆਂ ਵਿਰਲੀਆਂ-ਟਾਵੀਂਆਂ ਸਵਾਰੀਆਂ ਆਪਣੀਆਂ ਸਨੋਅ ਜੈਕਟਾਂ ਦੇ ਜ਼ਿੱਪਰਾਂ ਨੂੰ ਕੱਸ ਕੇ ਬਾਹਰ ਨਿਕਲਣ ਲੱਗੀਆਂ!
ਬਿਲਕੁਲ ਸੁੰਨੇ ਡੱਬੇ ਦੇ ਅੰਦਰ ਲੰਘਣ ਸਾਰ ਮੇਰੀ ਨਜ਼ਰ ਗੁੱਟ-ਘੜੀ ਉੱਪਰ ਡਿੱਗੀ: ਦੋਵੇਂ ਸੂਈਆਂ ਚਿੰਤਾ ਵਿੱਚ ਡੁੱਬੀਆਂ ਹੋਈਆਂ ਸਨ: ਬਾਰਾਂ ਵੱਜਣ 'ਚ ਪੰਦਰਾਂ ਮਿੰਟ! ਇਸਲਿੰਗਟਨ ਸਟੇਸ਼ਨ ਇਸ ਲਾਈਨ ਉੱਤੇ ਆਖ਼ਰੀ ਸਟੇਸ਼ਨ ਸੀ। ਚਾਰ ਕੁ ਮਿੰਟ ਦਮ ਲੈਣ ਤੋਂ ਬਾਅਦ ਮੈਨੂੰ ਇਕੱਲੇ ਨੂੰ ਝੂਟੇ ਦਿੰਦੀ ਹੋਈ ਟ੍ਰੇਨ ਪਿਛਲੇ ਪਾਸੇ ਡਾਊਨਟਾਊਨ ਵੱਲ ਨੂੰ ਰਿੜ੍ਹਨ ਲੱਗੀ।

ਕਈ ਖ਼ਾਲਮ-ਖ਼ਾਲੀ ਸਟੇਸ਼ਨਾਂ ਤੇ ਰਸਮੀਂ ਠਹਿਰਾਓ ਕਰਨ ਤੋਂ ਬਾਅਦ, ਟ੍ਰੇਨ ਦੀਆਂ ਖਿੜਕੀਆਂ ਰਾਹੀਂ ਇੱਕ ਪਲੈਟਫ਼ੋਰਮ ਦੀਆਂ ਕੰਧਾਂ ਉੱਤੇ 'ਯੰਗ ਸਟਰੀਟ' ਦੇ ਬੋਰਡ ਨਜ਼ਰ ਆਉਣ ਲੱਗੇ! ਮੇਰਾ ਸੱਜਾ ਦਸਤਾਨਾਂ ਵਿੰਟਰ ਜੈਕਟ ਦੇ ਕਫ਼ ਹੇਠ ਕੁੰਗੜੀ ਹੋਈ ਗੁੱਟਘੜੀ ਨੂੰ ਟਟੋਲਣ ਲੱਗਾ: ਬਾਰਾਂ ਵੱਜ ਕੇ ਪੰਦਰਾਂ ਮਿੰਟ!
ਅੰਡਰਗਰਾਊਂਡ ਤੋਂ ਉੱਪਰ ਵੱਲ ਨੂੰ ਜਾਂਦੀਆਂ ਹਾਲੇ ਦਸ ਕੁ ਪੌੜੀਆਂ ਹੀ ਚੜ੍ਹਿਆ ਸਾਂ ਕਿ ਉੱਪਰੋਂ 'ਸ਼ੂੰਅੰਅੰ, ਸ਼ੂੰਅੰਅੰਅੰ' ਦੇ ਲਲਕਾਰੇ ਸੁਣਨ ਲੱਗੇ। ਸਭ ਤੋਂ ਉੱਪਰਲੀ ਪੌੜੀ ਤੇ ਅੱਪੜਿਆ ਤਾਂ ਬਾਹਰ ਫਰਾਟਿਆਂ ਨਾਲ਼ ਉੱਡ ਰਹੀ ਸਨੋਅ ਦੇ ਵਰੋਲ਼ੇ ਮੇਰੀਆਂ ਅੱਖਾਂ ਵੱਲ ਨੂੰ ਝਪਟੇ। ਮੈਂ ਚਾਰ ਕੁ ਪੌੜੀਆਂ ਹੇਠਾਂ ਵੱਲ ਉੱਤਰਿਆ ਤੇ ਲੰਚ-ਕਿਟ ਵਾਲ਼ੇ ਬੈਗ਼ ਨੂੰ ਪੈਰਾਂ ਕੋਲ਼ ਟਿਕਾਅ ਕੇ ਆਪਣੀ ਜੈਕਟ ਦੇ ਹੁੱਡ ਨੂੰ ਆਪਣੇ ਸਿਰ ਵਾਲ਼ੇ ਟੋਪੇ ਉਦਾਲ਼ੇ ਓੜ ਲਿਆ। ਟੋਪੇ ਦੀਆਂ ਡੋਰੀਆਂ ਨੂੰ ਆਪਣੀ ਠੋਡੀ ਹੇਠ ਕੱਸ ਕੇ ਬੰਨ੍ਹਣ ਬਾਅਦ ਮੈਂ ਉੱਪਰ ਸੜਕ ਵੱਲ ਨੂੰ ਵਧਣ ਲੱਗਾ।
-ਮੁੜ ਜਾ ਪਿੱਛੇ! ਮੇਰੇ ਮੱਥੇ 'ਚ ਚਿਤਾਵਨੀ ਗੂੰਜੀ! -ਆਹ ਤੀਹ-ਤੀਹ ਮੰਨਜ਼ਲੇ ਟਾਵਰ ਵੱਖੀ-ਭਾਰ ਕਰ ਦੇਣੇ ਐ ਅੱਜ ਇਸ ਬਿੱਫਰੇ ਹੋਏ ਠੱਕੇ ਨੇ!
ਪਰ ਗਿੱਟਿਆਂ ਤੋਂ ਉੱਪਰ ਤੀਕ ਡੂੰਘੀ ਸਨੋਅ ਹੇਠ ਦੱਬਿਆ-ਹੋਇਆ ਸਾਈਡਵਾਕ ਮੈਨੂੰ ਚੌਰਸਤੇ ਉੱਪਰ ਲੱਗੀਆਂ ਟ੍ਰੈਫ਼ਿਕ ਬੱਤੀਆਂ ਵੱਲ ਖਿੱਚਣ ਲੱਗਾ। ਮੂਹਰਲੇ ਰੁਖੋਂ ਵਗ ਰਿਹਾ ਤੂਫਾਨ ਮੈਨੂੰ ਪਿੱਛੇ ਵੱਲ ਨੂੰ ਧੱਕਣ ਲੱਗਾ।
-ਇਹ ਯੰਗ ਸਟਰੀਟ ਤੇ ਬਲੂਅਰ ਸਟਰੀਟ ਦਾ ਚੌਰਸਤਾ ਈ ਐ, ਮੇਰੇ ਮੱਥੇ ਦਾ ਕਸੇਵਾਂ ਮੈਨੂੰ ਵਿਸ਼ਵਾਸ਼ ਦਵਾਉਣ ਲੱਗਾ।
ਚੁਰਸਤੇ ਦੇ ਕੋਨਿਆਂ ਉੱਤੇ ਖਲੋਤੇ ਖੰਭਿਆਂ ਉੱਤੇ ਜੜੀਆਂ ਫੱਟੀਆਂ ਤੋਂ, ਮੈਂ ਸਟਰੀਟਾਂ ਦੇ ਨਾਮ ਪੜ੍ਹਨ ਦੀ ਕੋਸ਼ਿਸ਼ 'ਚ ਅੱਖਾਂ ਸੰਗੋੜਨ ਲੱਗਾ।
ਪਰ ਕਿਹੜੀ ਸਟਰੀਟ ਯੰਗ ਐ ਤੇ ਕਿਹੜੀ ਬਲੂਅਰ?
ਤੇਜ਼ ਹਵਾਵਾਂ ਦੇ ਅਣਦਿਸਦੇ ਥਪੇੜਿਆਂ ਨਾਲ਼ ਭੰਨੀ ਆਪਣੀ ਨਜ਼ਰ ਨੂੰ ਮੈਂ ਮੱਛੀਆਂ ਫੜਨ ਵਾਲ਼ੀ ਕੁੰਡੀ ਵਾਂਗ ਦੂਰ ਤੀਕ ਸੁੱਟਿਆ: ਸੋਚਿਆ ਸ਼ਾਇਦ ਮੇਰੇ ਵਾਂਙਣ ਲੜਖੜਾਉਂਦਾ ਕੋਈ ਮਨੁੱਖੀ ਚਿਹਰਾ ਨਜ਼ਰੀਂ ਪੈ ਜਾਵੇ। ਪਰ ਸਭ ਪਾਸੇ ਸਨੋਅ ਨੂੰ ਉਡਾਅ ਰਹੇ ਫਰਾਟਿਆਂ ਤੋਂ ਸਿਵਾ ਕੁਝ ਵੀ ਨਹੀਂ ਸੀ। ਹਵਾ ਦੇ ਧੱਫੇ ਟ੍ਰੈਫ਼ਿਕ ਲਾਈਟਾਂ ਨੂੰ ਝੰਜੋੜੇ ਮਾਰ ਮਾਰ ਕੇ ਹੇਠਾਂ ਸੁੱਟਣ ਦਾ ਸਿਰਤੋੜ ਯਤਨ ਕਰ ਰਹੇ ਸਨ। ਮੈਂ ਹਵਾ ਦੇ ਫਰਾਟਿਆਂ ਦੇ ਮੁਹਾਣ ਵੱਲੀਂ ਪਾਸੇ ਮੂੰਹ ਕਰਦਾ ਤਾਂ ਸਨੋਅ ਦੇ ਫੰਭੇ ਮੇਰੀਆਂ 'ਚ ਅੱਖਾਂ ਰੋੜੀਆਂ ਵਾਂਗ ਵਜਦੇ, ਤੇ ਹਵਾ ਮੈਨੂੰ ਪੁਲਸੀਆਂ ਦੀ ਧਾੜ ਵਾਂਗ ਪਿੱਛੇ ਵੱਲ ਨੂੰ ਧਕਦੀ। ਅੱਖਾਂ ਨੂੰ ਬਚਾਉਣ ਲਈ ਆਪਣੇ ਚਿਹਰੇ ਨੂੰ ਕਦੇ ਮੈਂ ਸੱਜੇ ਪਾਸੇ ਨੂੰ ਖਿਚਦਾ ਤੇ ਕਦੇ ਖੱਬੇ ਨੂੰ। ਮੈਂ ਹਵਾ ਦੇ ਮੁਹਾਣ ਵੱਲ ਪਿੱਠ ਕੀਤੀ ਤਾਂ ਹਵਾ ਦੇ ਧੱਕੇ ਮੇਰੇ ਪੈਰ ਕੱਢਣ ਲੱਗੇ।
-ਹੇਠਾਂ ਸਬਵੇਅ 'ਚ ਚਲਾ ਜਾਹ! ਮੇਰਾ ਦੰਦਕੜਾ ਬੁੜਬੁੜਾਇਆ। -ਓਥੇ ਸ਼ਾਇਦ ਕੋਈ ਬੇਘਰਾ ਕਿਸੇ ਖੂੰਜੇ 'ਚ ਕੰਬਲ਼ ਹੇਠ ਗੁੱਛਾ-ਮੁੱਛਾ ਹੋਇਆ ਪਿਆ ਹੋਵੇ। ਉਹਨੂੰ ਪੁੱਛ ਪਈ ਯੰਗ ਸਟਰੀਟ ਉੱਪਰ ਸਾਊਥ ਵੱਲ ਨੂੰ ਜਾਣ ਲਈ ਕਿਹੜੇ ਪਾਸੇ ਮੁੜਾਂ।
ਹੇਠਾਂ ਉੱਤਰਿਆ: ਖਾਲੀ ਖੂੰਜਿਆਂ ਨੂੰ ਨਜ਼ਰਾਂ ਨਾਲ਼ ਸੁੰਘਿਆ। ਮੇਰਾ ਸਿਰ ਖੱਬੇ-ਸੱਜੇ ਡੋਲਣ ਲੱਗਾ। ਫਿਰ ਇੱਕ ਬੂਥ ਦੇ ਸ਼ੀਸ਼ਿਆਂ ਉੱਪਰ ਟੈਲੀਫ਼ੋਨ ਦੀਆਂ ਤਸਵੀਰਾਂ `ਤੇ ਨਜ਼ਰ ਪੈਂਦਿਆਂ ਹੀ ਮੇਰੇ ਦਸਤਾਨੇ ਇੱਕ-ਦੂਜੇ ਨੂੰ ਉਂਗਲ਼ਾਂ ਕੋਲ਼ੋਂ ਪਕੜ ਕੇ, ਬਾਹਰ ਵੱਲ ਨੂੰ ਖਿੱਚਣ ਲੱਗੇ।
ਸੱਜੇ ਹੱਥ ਦੀਆਂ ਉਂਗਲ਼ਾਂ ਦੀ ਠਾਰੀ ਮੇਰੀ ਪੈਂਟ ਦੀ ਜੇਬ ਵਿੱਚ ਉੱਤਰ ਗਈ, ਪਰ ਜੇਬ ਵੀ ਸਟੇਸ਼ਨ ਵਾਂਗ ਖ਼ਾਲੀ। ਉਂਗਲ਼ਾਂ ਨੂੰ ਮੈਂ ਹੋਰ ਡੂੰਘੀਆਂ ਉਤਰਨ ਦੀ ਗੁਜ਼ਾਰਿਸ਼ ਕੀਤੀ। ਉਹ ਜੇਬ ਦੇ ਥੱਲੇ ਵਾਲ਼ੇ ਖੂੰਜੇ 'ਚ ਲਹਿ ਗਈਆਂ ਤੇ ਦਸ ਸੈਂਟ ਦੇ ਸਿੱਕੇ ਨੂੰ ਚਿਮਟੀ ਵਾਂਗ ਪਕੜ ਕੇ ਬਾਹਰ ਆ ਗਈਆਂ। ਫ਼ੋਨ ਉੱਪਰ ਇਕ ਝੀਥ ਦੇ ਲਾਗੇ ਛਪੀਆਂ ਪੰਜੀ, ਦਸੀ, ਤੇ ਕੁਆਟਰ ਦੀਆਂ ਤਸਵੀਰਾਂ ਮੁਸਕ੍ਰਾਈਆਂ।

ਫ਼ੋਨ ਦੀ ਵੱਖੀ ਵਾਲ਼ੀ ਹੁੱਕ ਤੋਂ ਲਾਹੇ ਰਸੀਵਰ ਨੂੰ ਕੰਨ ਨਾਲ਼ ਜੋੜ ਕੇ ਮੈਂ ਅਗਲੇ ਪਾਸਿਓਂ ਕਿਸੇ ਆਵਾਜ਼ ਦੀ ਇੰਤਜ਼ਾਰ ਕਰਨ ਲੱਗਾ: ਬਾਰਨਜ਼ ਸਕਿਊਰਿਟੀ! ਅਗਲੇ ਪਾਸਿਓਂ ਠਰੀ ਹੋਈ ਆਵਾਜ਼ ਆਈ।
-ਦਿਸ ਇਜ਼ ਇੱਕਬਲ ਗਿੱਲ!
-ਯੈੱਸ ਇੱਕਬਲ! ਵ੍ਹੇਅਰ ਅਰ ਯੂ? ਤੂੰ ਤਾਂ ਸਾਢੇ ਬਾਰਾਂ ਵਜਾ'ਤੇ!
- ਯੰਗ ਬਲੂਰ ਇੰਟਰਸੈਕਸ਼ਨ 'ਤੇ ਆਂ ਮੈਂ!
-ਓ. ਕੇ.; ਨਾਓ ਲੈੱਟ ਮੀ ਟੈੱਲ ਯੂ ਕਿ ਬੱਸਾਂ ਬੰਦ ਹੋ ਗੀਐਂ ਸਨੋਅ ਸਟੋਰਮ ਕਾਰਨ।
-ਕੀ ਕਰਾਂ ਫ਼ੇਰ ਮੈਂ? ਬਾਹਰ ਤਾਂ ਝੱਖੜ ਚੱਲ ਰਿਹੈ ਸਨੋਅ ਦਾ! ਫਰਾਟੇ ਮੈਨੂੰ ਸਿੱਧਾ ਨੀ ਹੋਣ ਦੇ ਰਹੇ!
-ਤੈਨੂੰ ਤੁਰ ਕੇ ਜਾਣਾ ਪੈਣੈਂ ਲੋਕੇਸ਼ਨ 'ਤੇ!
-ਤੁਰ ਕੇ?
-ਯੈੱਸ, ਵਾਕ! ਦੂਸਰਾ ਗਾਰਡ ਉਡੀਕੀ ਜਾਂਦੈ... ਉਹਦੀ ਵਾਈਫ਼ ਬੀਮਾਰ ਆ ਤੇ ਉਹਨੇ ਜਲਦੀ ਘਰ ਜਾਣੈ!
-ਪਰ ਮੈਨੂੰ ਸਮਝ ਨੀ ਆਉਂਦੀ ਪਈ ਇੰਟਰਸੈਕਸ਼ਨ ਤੋਂ ਜਾਵਾਂ ਕਿੱਧਰ ਨੂੰ।
-ਕਿੱਥੋਂ ਬੋਲ ਰਿਹੈਂ ਤੂੰ?
-ਯੰਗ-ਬਲੂਅਰ ਸਬਵੇਅ 'ਚੋਂ! ਇੰਟਰਸੈਕਸ਼ਨ 'ਤੇ ਗਿਆ ਸੀ, ਪਰ ਸੜਕਾਂ ਦੇ ਨਾਵਾਂ ਵਾਲ਼ੀਆਂ ਫੱਟੀਆਂ ਉੱਪਰਲੇ ਅੱਖਰ ਨਜ਼ਰ ਨੀ ਆਉਂਦੇ। ਸਨੋਅ ਚਿੰਬੜੀ ਹੋਈ ਐ ਨਾਵਾਂ ਵਾਲ਼ੇ ਅੱਖਰਾਂ 'ਤੇ।
-ਓ. ਕੇ. ਇਹ ਦੱਸ ਪਈ ਜਿੱਥੇ ਤੂੰ ਖਲੋਤਾ ਹੈਂ ਉਥੋਂ ਉੱਪਰ ਨੂੰ ਜਾਂਦੀਆਂ ਪੌੜੀਆਂ ਬਲੂਅਰ ਵੱਲ ਨੂੰ ਜਾਂਦੀਐਂ ਕਿ ਯੰਗ ਵੱਲ ਨੂੰ?
- ਮੈਨੂੰ ਕੀ ਪਤੈ, ਬਡੀ?
-ਆਸੇ ਪਾਸੇ ਦੇਖ, ਇੱਕਬਲ; ਕਿਸੇ ਕੰਧ ਉੱਪਰ ਜ਼ਰੂਰ ਲਿਖਿਆ ਹੋਵੇਗਾ ਕਿ ਇਹ ਪੌੜੀਆਂ ਕਿੱਧਰ ਨੂੰ ਜਾਂਦੀਐਂ।
ਮੇਰਾ ਸਿਰ ਐਧਰ ਓਧਰ ਘੁੰਮਿਆਂ, ਤੇ ਪਰਲੀ ਕੰਧ ਉੱਤੇ ਮੋਟੇ ਅੱਖਰਾਂ 'ਚ ਲਿਖੇ 'ਯੰਗ ਸਟਰੀਟ' ਹੇਠ ਉੱਕਰਿਆ ਤੀਰ, ਪੌੜੀਆਂ ਵਾਲ਼ੇ ਪਾਸੇ ਨੂੰ ਛੁੱਟਣ ਦੀ ਤਿਆਰੀ 'ਚ ਦਿਸਿਆ!
-ਓ. ਕੇ., ਓ. ਕੇ., ਡਿਸਪੈਚਰ; ਇਹੀ ਪੌੜੀਆਂ ਯੰਗ ਸਟਰੀਟ ਵੱਲ ਨੂੰ ਜਾਂਦੀਐਂ!
-ਵੈਰੀ ਗੁਡ! ਹੁਣ ਤੂੰ ਉੱਪਰ ਜਾ ਕੇ ਯੰਗ ਸਾਊਥ ਵੱਲ ਨੂੰ ਜਾਣੈ!
-ਪਰ ਮੈਨੂੰ ਇਹ ਪਤਾ ਕਿਵੇਂ ਲੱਗੂ ਕਿ ਸਾਊਥ ਕਿੱਧਰ ਐ ਤੇ ਨੌਰਥ ਕਿੱਧਰ।
-ਵੈੱਲ਼... ਯੂ'ਅਰ ਰਾਈਟ... ਓ. ਕੇ., ਇਉਂ ਕਰ, ਉੱਪਰ ਇੰਟਰਸੈਕਸ਼ਨ 'ਤੇ ਜਾਹ ਫ਼ੇਰ ਇੱਕ ਵਾਰੀ...
-ਪਰ ਓਥੇ ਤਾਂ ਹਵਾ ਦੇ ਫਰਾਟੇ ਅੱਖਾਂ ਨੀ ਪੱਟਣ ਦਿੰਦੇ! ਐਂ ਲਗਦੈ ਬਈ ਮੇਰੇ ਡੇਲੇ ਈ ਨੀ ਖੁੱਗ ਲੈਣ!
-ਕੋਈ ਗੱਲ ਨੀ... ਤੂੰ ਔਖਾ-ਸੌਖਾ ਓਥੇ ਚੁਰਸਤੇ 'ਤੇ ਪਹੁੰਚ ਜਾ ਤੇ ਕਿਸੇ ਖੰਭੇ ਨਾਲ਼ ਲੱਗ ਕੇ ਖੜ੍ਹ ਜਾ... ਮੈਂ ਕੋਈ ਇੰਤਜਾਮ ਕਰਦਾਂ, ਦਸ ਪੰਦਰਾਂ ਮਿੰਟਾਂ 'ਚ!
-ਟੈਕਸੀ ਕਿਉਂ ਨੀ ਭੇਜ ਦਿੰਦੇ, ਮੇਰਾ ਦੰਦਕੜਾ ਬੋਲਿਆ।
-ਟੈਕਸੀਆਂ ਕਿੱਥੇ ਨਿਕਲ਼ਦੀਐਂ ਗੋਡੇ ਗੋਡੇ ਸਨੋਅ 'ਚ!
ਪੌੜੀਆਂ ਚੜ੍ਹ ਕੇ ਉੱਪਰ ਆਇਆ ਤਾਂ ਸੜਕ ਉੱਤੇ 'ਟਰਾਂਟੋ ਸਟਾਰ' ਵਾਲ਼ਾ ਲੋਹੇ ਦਾ ਬਾਕਸ, ਸਨੋਅ ਨਾਲ਼ ਲਿੱਬੜਦਾ ਹੋਇਆ ਸੜਕ ਉਤੇ ਲੋਟਣੀਆਂ ਖਾਂਦਾ ਦਿਸਿਆ, ਜਿਵੇਂ ਕਿਤੇ ਉਹ ਵਰਕਾ ਵਰਕਾ ਹੋ ਕੇ ਉੱਡ ਰਹੇ ਅਖ਼ਬਾਰਾਂ ਨੂੰ ਫੜਨ ਲਈ ਦੌੜ ਰਿਹਾ ਹੋਵੇ। ਧੱਫੇ ਮਾਰਦੇ ਫਰਾਟੇ ਮੈਨੂੰ ਖ਼ਬਰਦਾਰ ਕਰਨ ਲੱਗੇ: ਮੁੜ ਜਾ ਪਿੱਛੇ; ਨਹੀਂ ਤਾਂ ਉਡਾਅ ਦਿਆਂਗੇ ਔਸ ਬਕਸੇ ਵਾਂਗੂੰ!
ਮੈਂ ਚੁਰਸਤੇ ਵੱਲ ਨੂੰ ਵਧਣ ਲੱਗਾ ਤਾਂ ਮੈਨੂੰ ਪਿੱਛੇ ਵੱਲ ਨੂੰ ਧੱਕ ਰਿਹਾ ਝੱਖੜ ਮੇਰੇ ਮੋਢੇ ਤੋਂ ਲਟਕਦੇ ਲੰਚ-ਕਿਟ ਵਾਲ਼ੇ ਬੈਗ਼ ਨੂੰ ਲੋਟਣੀਆਂ ਖਵਾਉਣ ਲੱਗਾ। ਸਨੋਅ ਦੇ ਫੰਭੇ ਹੁਣ ਕਿਣਕਿਆਂ 'ਚ ਬਦਲ ਗਏ ਸਨ-ਨਿੱਕੇ ਨਿੱਕੇ ਰੈਣਿਆਂ ਵਰਗੇ ਣਿਕਿਆਂ 'ਚ। ਹਵਾ ਦੀ ਰਫ਼ਤਾਰ ਨਾਲ਼ ਮੇਰੇ ਚਿਹਰੇ ਉੱਪਰ ਵਾਰ ਕਰਦੇ ਰੈਣੇਂ ਮੇਰੀਆਂ ਅੱਖਾਂ 'ਚ ਮੋਰੀਆਂ ਕਰਨ 'ਤੇ ਉੱਤਰ ਆਏ। ਮੈਂ ਆਪਣੇ ਪੰਜਿਆਂ ਨੂੰ ਆਪਣੀਆਂ ਅੱਖਾਂ ਉੱਤੇ ਲੱਕੜ ਦੀ ਫੱਟੀ ਵਾਂਗ ਤਾਣ ਕੇ ਹਵਾ ਦੀ ਹਿੱਕ ਵੱਲ ਨੂੰ ਵਧਣ ਲੱਗਾ। ਟ੍ਰੈਫ਼ਿਕ ਲਾਈਟਾਂ ਤੀਕਰ ਅੱਪੜਦਿਆਂ ਮੇਰੇ ਨੱਕ ਦੀ ਕੋਂਪਲ ਸੁੰਨ ਹੋ ਚੁੱਕੀ ਸੀ। ਨੱਕ 'ਚੋਂ ਚੋਂਦਾ ਪਾਣੀ ਮੇਰੇ ਬੁੱਲ੍ਹਾਂ ਉੱਪਰ ਜੰਮਣ ਲੱਗਾ। ਚੌਰਸਤੇ ਦੇ ਕੋਨੇ ਉੱਪਰ ਇਕ ਖੰਭੇ ਲਾਗੇ ਖਲੋਅ ਕੇ, ਆਪਣੇ ਚਿਹਰੇ ਨੂੰ ਕਦੇ ਮੈਂ ਸੱਜੇ ਪਾਸੇ ਵੱਲ ਨੂੰ ਮੋੜਦਾ ਤੇ ਕਦੇ ਖੱਬੇ ਵੱਲ ਨੂੰ ਸ਼ਾਇਦ ਕੋਈ ਟਰੱਕ ਟੈਕਸੀ ਦਿਸ ਪਵੇ। ਹਵਾ ਦੇ ਧੱਫੇ ਮੇਰੇ ਪੈਰਾਂ ਨੂੰ ਉਖਾੜਦੇ ਤੇ ਮੈਂ ਲੜ-ਖੜਾਅ ਕੇ ਆਪਣੀ ਪਿੱਠ ਨੂੰ ਖੰਭੇ ਨਾਲ਼ ਜੋੜ ਲੈਂਦਾ। ਪੰਜ ਮਿੰਟ, ਦਸ ਮਿੰਟ, ਪੰਦਰਾਂ ਮਿੰਟ: ਗੁੱਸੇ 'ਚ ਉੱਬਲ਼ਦੀ ਹਵਾ, ਖੰਭਿਆਂ ਨਾਲ਼ ਬਾਲਟੀਆਂ ਵਾਂਙੂੰ ਲਟਕਦੀਆਂ ਟ੍ਰੈਫ਼ਿਕ ਲਾਈਟਾਂ ਨਾਲ਼ ਧੱਕ-ਮੁਧੱਕਾ, ਹੱਥੋਪਾਈ ਹੋਈ ਜਾ ਰਹੀ ਸੀ। ਪਤਾ ਨਹੀਂ ਕਿੰਨਾ ਸਮਾਂ ਬੀਤ ਗਿਆ-ਦਸਤਾਨੇ ਨਾਲ਼ ਜੈਕਟ ਦੇ ਕਫ਼ ਨੂੰ ਪਿੱਛੇ ਹਟਾਅ ਕੇ ਘੜੀ ਵੱਲ ਝਾਕਣ ਦੀ ਹਿੰਮਤ ਵੀ ਹਵਾ ਨੇ ਅਖ਼ਬਾਰਾਂ ਦੇ ਕਾਗਜ਼ਾਂ ਵਾਂਗ ਉਡਾਅ ਲਈ ਸੀ। ਦਸਤਾਨੇ ਨਾਲ਼ ਮੈਂ ਗੱਲ੍ਹਾਂ ਉੱਤੇ ਖੁਰਕ ਕਰਨੀ ਚਾਹੀ: ਪਤਾ ਹੀ ਨਾ ਲੱਗਾ ਕਿ ਦਸਤਾਨਾ ਗੱਲਾਂ ਦੀ ਚਮੜੀ ਉੱਪਰ ਘਸ ਵੀ ਰਿਹਾ ਸੀ ਕਿ ਨਹੀਂ। ਉਧਰ ਹਵਾ ਦਹਾੜੀ ਜਾ ਰਹੀ ਸੀ: ਫਰੱਟ, ਫਰੱਟ; ਸ਼ੂੰ, ਸ਼ੂੰ... ਫਰ, ਫਰ, ਫਰ, ਫਰ! ਮੁੜ ਜਾ ਥੱਲੇ ਸਟੇਸ਼ਨ ਵੱਲ ਨੂੰ ਆਪਣੀ ਪਤ ਲੈ ਕੇ।
ਖੰਭੇ ਨਾਲ਼ ਨੱਕ ਜੋੜ ਕੇ ਮੈਂ ਆਪਣੀ ਪਿੱਠ ਹਵਾ ਦੇ ਹਮਲੇ ਵਾਲੇ ਰੁਖ਼ ਕਰ ਲਈ ਅਤੇ ਆਪਣੀਆਂ ਦੋਵੇਂ ਬਾਹਵਾਂ ਮੈਂ ਖੰਭੇ ਉਦਾਲ਼ੇ ਲਪੇਟ ਲਈਆਂ। ਖੱਬੀ ਬਾਂਹ ਨਾਲ਼ ਲਟਕ ਰਿਹਾ ਲੰਚ-ਕਿਟ ਬੈਗ਼ ਫੜੱਕ ਫੜੱਕ ਖੰਬੇ ਨਾਲ਼ ਟਕਰਾਉਣ ਲੱਗਾ।
ਪਤਾ ਨਹੀਂ ਕਿੰਨੇ ਕੁ ਮਿੰਟ ਅੱਖਾਂ ਮੀਟ ਕੇ ਮੈਂ ਹਵਾ ਦੇ ਕਹਿਰ ਵੱਲ ਪਿੱਠ ਕਰੀ ਖਲੋਤਾ ਰਿਹਾ।
ਫਿਰ ਪੀਂ ਪੀਂ, ਪੀਂ ਪੀਂ ਹੋਈ। ਮੈਂ ਸੋਚਿਆ ਇਹ ਵੀ ਸ਼ਾਇਦ ਝੱਖੜ ਨਾਲ਼ ਸੁੰਨ ਹੋਏ ਮੇਰੇ ਸਿਰ ਦਾ ਵਹਿਮ ਹੀ ਸੀ। ਪੀਂ ਪੀਂ ਪੀਂ ਪੀਂ! ਮੋਢਿਆਂ ਨੂੰ ਕੰਨਾਂ ਵੱਲ ਨੂੰ ਉਭਾਰ ਕੇ ਮੈਂ ਖੰਭੇ ਨੂੰ ਪਾਈ ਜੱਫੀ ਹੋਰ ਕੱਸ ਲਈ। ਫਿਰ ਮੇਰੇ ਮੋਢੇ ਉੱਤੇ ਥਪ ਥਪ ਹੋਈ। ਮੈਂ ਆਪਣੇ ਚਿਹਰੇ ਨੂੰ ਪਿੱਛੇ ਵੱਲ ਘੁੰਮਾਇਆ।
-ਆਰ ਯੂ ਓ. ਕੇ.? ਇਸ ਆਵਾਜ਼ ਦਾ ਤਿੰਨ ਚੁਥਾਈ ਹਿੱਸਾ ਤਾਂ ਮੇਰੇ ਕੰਨਾਂ ਤੀਕ ਅਪੜਨ ਤੋਂ ਪਹਿਲਾਂ ਹਵਾ ਦੇ ਫਰਾਟੇ ਨੇ ਉਡਾ ਲਿਆ। ਮੈਂ ਆਪਣਾ ਸਿਰ ਹੇਠਾਂ-ਉੱਪਰ ਹਿਲਾਇਆ।
ਫਿਰ ਦਸਤਾਨਿਆਂ 'ਚ ਲਿਪਟੀਆਂ ਉਂਗਲ਼ਾਂ ਮੇਰੀ ਵੀਣੀ ਉਦਾਲ਼ੇ ਲਿਪਟ ਗਈਆਂ।
-ਗੋ ਗੈੱਟ ਇਨਟੂ ਦੈਟ ਕਾਰ! ਮੇਰੀ ਕਲਾਈ ਨੂੰ ਘੁੱਟ ਕੇ ਫੜਨ ਵਾਲ਼ਾ ਵਿਅਕਤੀ ਹੁਕਮੀਆਂ ਅੰਦਾਜ਼ 'ਚ ਬੋਲਿਆ।
ਅਗਲੇ ਪਲੀਂ ਮੇਰੀ ਲੜਖੜਾਂਦੀ ਦੇਹੀ, ਚੈਸੀ ਤੀਕਰ ਬਰਫ਼ 'ਚ ਖੱਭੀ ਕਾਰ ਵੱਲੀਂ ਵਧਣ ਲੱਗੀ। ਕਾਰ ਦੇ ਸਿਰ 'ਤੇ ਘੁੰਮ ਰਹੀ ਲਾਲ ਰੌਸ਼ਨੀ ਵਾਲੀ ਗੜਵੀ ਵੱਲ ਦੇਖਦਿਅਆਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਇਹ ਕੋਈ ਸਰਕਾਰੀ ਗੱਡੀ ਹੀ ਸੀ।
ਹੁਕਮੀਂ ਨੇ ਕਾਰ ਦੀ ਪਿਛਲੀ ਸੀਟ ਵਾਲ਼ੇ ਦਰਵਾਜ਼ੇ ਨੂੰ ਰਤਾ ਕੁ ਹੀ ਖੋਲ੍ਹਿਆ ਸੀ ਕਿ ਹਵਾ ਦੇ ਕਹਿਰ ਨੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਉਸਦੇ ਕਬਜ਼ੇ ਉਖੇੜ ਸੁੱਟੇ। ਮੈਨੂੰ ਕਾਰ ਦੇ ਅੰਦਰ ਧੱਕ ਕੇ ਹੁਕਮੀਂ ਨੇ ਕਾਰ ਦੇ ਉੱਖੜੇ ਹੋਏ ਦਰਵਾਜ਼ੇ ਨੂੰ ਅੰਦਰ ਵੱਲ ਨੂੰ ਧੱਕ ਦਿੱਤਾ।
-ਕਿੱਥੇ ਜਾਣੈ ਤੂੰ ਐਸ ਬੇਰਹਿਮ ਝੱਖੜ 'ਚ? ਮੂਹਰਲੀ ਸੀਟ 'ਤੇ ਬੈਠ ਕੇ ਹੁਕਮੀਂ ਬੋਲਿਆ।
-ਯੰਗ ਐਂਡ ਫਰੰਟ ਦੇ ਕੋਰਨਰ 'ਤੇ! ਮੇਰੀ ਆਵਾਜ਼ ਕੰਬੀ। ਸੀ. ਐਨ. ਟਾਵਰ ਤੋਂ ਰਤਾ ਕੁ ਅੱਗੇ!
ਡੇਢ-ਡੇਢ ਗਿੱਠ ਡੂੰਘੀ ਬਰਫ਼ ਉੱਪਰ ਲੜਖੜਾਂਦੀ, ਖੱਬੇ ਸੱਜੇ ਡੋਲਦੀ, ਤੇ ਹਵਾ ਦੇ ਫਰਾਟਿਆਂ ਨਾਲ਼ ਖਹਿੰਦੀ ਝੜਪਦੀ ਹੋਈ ਪੁਲਸ ਕਾਰ ਮੇਰੇ ਵੱਲੋਂ ਦੱਸੇ ਅਡਰੈੱਸ ਵੱਲ ਵਧਣ ਲੱਗੀ।
(905-792-7357)

Wednesday, 2 July 2014




ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਲਈ ਡਾ ਕਰਮਜੀਤ ਸਿੰਘ ਨੂੰ ਸਹਿਯੋਗ ਦਿਓ। ਲੇਖਕ ਦੋਸਤਾਂ ਦਾ ਅਗਾਊਂ ਸ਼ੁਕਰੀਆ-ਡਾ ਕਰਮਜੀਤ ਸਿੰਘ ਜੀ ਦਾ ਸਾਹਿਤਕ ਵੇਰਵਾ ਹਾਜ਼ਰ ਹੈ
-ਸੁਸ਼ੀਲ ਦੁਸਾਂਝ

ਸਾਥੀਉ ਮੈਂ 13 ਜੁਲਾਈ ਨੂੰ ਕੇਂਦਰੀ ਸਾਹਿਤ ਸਭਾ ਦੀ ਹੋ ਰਹੀ ਚੋਣ ਵਿਚ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ। ਮੇਰੇ ਵਿਚਾਰਾਂ ਤੋਂ ਬਹੁਤੇ ਪੰਜਾਬੀ ਲੇਖਕ ਜਾਣੂ ਹਨ। ਮੈਂ ਕੇਂਦਰੀ ਲੇਖਕ ਸਭਾ ਨੂੰ ਸਰਗਰਮ ਰੱਖਣ ਦਾ ਇੱਛੁਕ ਹਾਂ। ਇਸਦੇ ਜੁਝਾਰੂ ਖ਼ਾਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਯਤਨਸ਼ੀਲ ਰਾਹਾਂਗਾ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਭਖਦੇ ਮਸਲਿਆਂ ਪ੍ਰਤਿ ਕੇਂਦਰੀ ਸਭਾ ਨੂੰ ਜਾਗਰੂਕ ਰੱਖਣ ਲਈ ਯਤਨਸ਼ੀਲ ਰਹਾਂਗਾ। ਮੈਂ ਸਾਹਿਤਕਾਰਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਪੂਰਾ ਯਤਨ ਕਰਾਂਗਾ। ਤੁਹਾਡਾ ਆਪਣਾ

ਕਰਮਜੀਤ ਸਿੰਘ (ਡਾ.) ਜੋਤੀ ਨਿਵਾਸ, ਹੁਸ਼ਿਆਰਪੁਰ।

ਸਾਹਿਤਕ ਵੇਰਵਾ

ਅਹੁਦਾ : ਸਾਬਕਾ ਪ੍ਰੋਫੈਸਰ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)
ਹੁਣ ਦਾ ਪਤਾ : ਜੋਤੀ ਨਿਵਾਸ, ਨਿਊ ਹਰੀ ਨਗਰ, ਹੁਸਿਆਰਪੁਰ-੧੪੬੦੦੧ (ਪੰਜਾਬ)
ਪੜ੍ਹਾਈ : ਬੀ. ਏ. ਆਨਰਜ, ਐਮ. ਏ. ਪੀਐਚ. ਡੀ਼
ਖੋਜ ਦਾ ਵਿਸ਼ਾ : ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ, 1980.
ਵਿਸ਼ੇਸ਼ਗਤਾ : ਕਾਵਿ ਸ਼ਾਸਤਰ ਅਤੇ ਲੋਕਧਾਰਾ (ਫੋਕਲੋਰ)
ਨੌਕਰੀ : ਅਡਹਾਕ ਲੈਕਚਰਾਰ, 4 ਸਾਲ (ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ)
ਲੈਕਚਰਾਰ ਤੋਂ ਪ੍ਰੋਫੈਸਰ ਤਕ ੩੦ ਸਾਲ ੩ ਮਹੀਨੇ (ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤ, ਦਸੰਬਰ 7, 1981 ਤੋਂ ੩੧ ਮਾਰਚ, 2012.

ਹੁਣ ਤੱਕ ਲਿਖੀਆਂ ਪੁਸਤਕਾਂ :

1. ਗੁਰੂ ਅਰਜਨ ਬਾਣੀ ਵਿਚ ਸਰੋਦੀ ਅੰਸ਼ (1978)
2. ਦੇਸ ਦੁਆਬਾ (1982)
3. ਧਰਤ ਦੋਆਬੇ ਦੀ (1985)
4. ਬੇਸੁਰਾ ਮੌਸਮ (1985)
5. ਮਿੱਟੀ ਦੀ ਮਹਿਕ (1989)
6. ਕੋਲਾਂ ਕੂਕਦੀਆਂ (1990)
7. ਮੋਰੀਂ ਰੁਣ ਝੁਣ ਲਾਇਆ (1990)
8. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
9. ਰਜਨੀਸ਼ ਬੇਨਕਾਬ (ਪੰਜਾਬੀ, 2001)
10. ਰਜਨੀਸ਼ ਬੇਨਕਾਬ (ਹਿੰਦੀ, 2002)
11. ਲੋਕ ਗੀਤਾਂ ਦੀ ਪੈੜ੍ਹ (2002)
12. ਲੋਕ ਗੀਤਾਂ ਦੇ ਨਾਲ ਨਾਲ (2003)
13. ਕੂੰਜਾਂ ਪਰਦੇਸਣਾਂ (2005)
14. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006) ਸਹਿ ਸੰਪਾਦਨ
15. ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ (2009)
16. ਪੰਜਾਬੀ ਲੋਕਧਾਰਾ ਸਮੀਖਿਆ
17. ਹਰਿਭਜਨ ਸਿੰਘ ਰੈਣੂ ਕਾਵਿ : ਸਰੋਕਾਰ ਅਤੇ ਸਿਧਾਂਤ, 2014 (ਸਹਿ ਸੰਪਾਦਨ)
ਬਚਿੱਆਂ/ਨਵਸਾਖਰਾਂ ਲਈ :
18. ਕਿਸੇ ਨੂੰ ਦੱਸਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)
19. ਪੰਜਾਬੀ ਲੋਕਗੀਤ (ਦੇਵਨਾਗਰੀ,1994)
20. ਬੁਲ੍ਹੇ ਸ਼ਾਹ (2002)
21.. ਕੁਲਫੀ (ਸੁਜਾਨ ਸਿੰਘ 2009)
ਮੇਰੇ ਖੋਜ ਵਿਦਿਆਰਥੀ
ਪੀਐਚ.ਡੀ. : 27 ਵਿਦਿਆਰਥੀ ਹੁਣ ਤਕ ਪੀਐਚ. ਡੀ. ਕਰ ਚੱਕੇ ਹਨ
ਐਮ. ਫਿਲ. : 120 ਐਮ ਫਿਲ ਦੇ ਵਿਦਿਆਰਥੀ ਹੁਣ ਤਕ ਡਿਗਰੀ ਲੈ ਚੱਕਹਨ
ਚੀਫ਼ ਐਡੀਟਰ : ਸਾਹਿਤ ਧਾਰਾ (ਤਿਮਾਹੀ) 10 ਸਾਲ ਤਕ
ਐਡੀਟਰ ਚਿਰਾਗ (ਬੋਰਡ ਵਿਚ) : 1997 ਤੋਂ

ਸਨਮਾਨ :

ਸਾਹਿਤ ਸਭਾ ਦਸੂਹਾ ਵਲੋਂ ਦੋ ਵਾਰ ਮੁਜਰਮ ਦਸੂਹੀ ਐਵਾਰ
ਹਰਿਆਣਾ ਸਾਹਿਤ ਅਕੈਡਮੀ ਵਲੋਂ 2003 ਵਿਚ ਲੋਕ ਗੀਤਾਂ ਦੀ ਪੈੜ ਨੂੰ 10000 ਦਾ ਇਨਾਮ
ਭਾਰਤ ਐਕਸਾਲੈਂਸ ਅਵਾਰਡ ਆਫ ਫਰੈਂਡਸ਼ਿਪਫੋਰਮ ਆਫ ਇੰਡੀਆ, 2009
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ ਹੀ ਭਾਈ ਸੰਤੋਖ ਸਿੰਘ ਅਵਾਰਡ 2012 ਰਵਿੰਦਰ ਰਵੀ ਪੁਰਸਕਾਰ 2013 ਕੇਂਦਰੀ ਪੰਜਾਬੀ ਸਾਹਿਤ ਸਭਾ (ਰਜਿ.)
ਭਗਤ ਕਬੀਰ ਅਵਾਰਡ, ਸਾਹਿਤ ਸਭਾ ਮਿਆਣੀ ਅਤੇ ਹੋਰ ਕਈ ਸਾਹਿਤ ਸਭਾਵਾਂ ਵਲੋਂ ਸਨਮਾਨਿਤ।

ਕੁਝ ਹੋਰ :

ਲਿਟਰੇਸੀ ਵਿਚ 1988 ਤੋਂ 2003 ਤਕ ਲਗਾਤਾਰ ਸਕ੍ਰਿਅ
1988 ਤੋਂ ਜਨਨਾਟਿਆ ਮੰਚ ਅਤੇ ਬਾਲ ਵਿਗਿਆਨ ਸਭਾ ਕੁਰੂਕਸ਼ੇਤਰ ਦਾ ਕਨਵੀਨਰ/ਡਾਇਰੇਕਟਰ

ਹੋਰ ਬਹੁਤ ਕੁਝ ਤੁਸੀਂ ਮੇਰੇ ਬਾਰੇ ਮੇਰੇ ਤੋਂ ਵੀ ਵੱਧ ਜਾਣਦੇ ਹੋ।
Photo: ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਲਈ ਡਾ ਕਰਮਜੀਤ ਸਿੰਘ ਨੂੰ ਸਹਿਯੋਗ ਦਿਓ। ਲੇਖਕ ਦੋਸਤਾਂ ਦਾ ਅਗਾਊਂ ਸ਼ੁਕਰੀਆ-ਡਾ ਕਰਮਜੀਤ ਸਿੰਘ ਜੀ ਦਾ ਸਾਹਿਤਕ ਵੇਰਵਾ ਹਾਜ਼ਰ ਹੈ
                                                                                     -ਸੁਸ਼ੀਲ ਦੁਸਾਂਝ

ਸਾਥੀਉ ਮੈਂ 13 ਜੁਲਾਈ ਨੂੰ ਕੇਂਦਰੀ ਸਾਹਿਤ ਸਭਾ ਦੀ ਹੋ ਰਹੀ ਚੋਣ ਵਿਚ ਜਨਰਲ ਸਕੱਤਰ ਦੇ ਅਹੁਦੇ ਲਈ ਚੋਣ ਲੜ ਰਿਹਾ ਹਾਂ। ਮੇਰੇ ਵਿਚਾਰਾਂ ਤੋਂ ਬਹੁਤੇ ਪੰਜਾਬੀ ਲੇਖਕ ਜਾਣੂ ਹਨ। ਮੈਂ ਕੇਂਦਰੀ ਲੇਖਕ ਸਭਾ ਨੂੰ ਸਰਗਰਮ ਰੱਖਣ ਦਾ ਇੱਛੁਕ ਹਾਂ। ਇਸਦੇ ਜੁਝਾਰੂ ਖ਼ਾਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਲਈ ਯਤਨਸ਼ੀਲ ਰਾਹਾਂਗਾ। ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਭਖਦੇ ਮਸਲਿਆਂ ਪ੍ਰਤਿ ਕੇਂਦਰੀ ਸਭਾ ਨੂੰ ਜਾਗਰੂਕ ਰੱਖਣ ਲਈ ਯਤਨਸ਼ੀਲ ਰਹਾਂਗਾ। ਮੈਂ ਸਾਹਿਤਕਾਰਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦਾ ਪੂਰਾ ਯਤਨ ਕਰਾਂਗਾ। ਤੁਹਾਡਾ ਆਪਣਾ 

ਕਰਮਜੀਤ ਸਿੰਘ (ਡਾ.) ਜੋਤੀ ਨਿਵਾਸ, ਹੁਸ਼ਿਆਰਪੁਰ।

ਸਾਹਿਤਕ ਵੇਰਵਾ

ਅਹੁਦਾ : ਸਾਬਕਾ ਪ੍ਰੋਫੈਸਰ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ (ਹਰਿਆਣਾ)
ਹੁਣ ਦਾ ਪਤਾ : ਜੋਤੀ ਨਿਵਾਸ, ਨਿਊ ਹਰੀ ਨਗਰ, ਹੁਸਿਆਰਪੁਰ-੧੪੬੦੦੧ (ਪੰਜਾਬ)
ਪੜ੍ਹਾਈ : ਬੀ. ਏ. ਆਨਰਜ, ਐਮ. ਏ. ਪੀਐਚ. ਡੀ਼
ਖੋਜ ਦਾ ਵਿਸ਼ਾ : ਪੰਜਾਬੀ ਰੁਬਾਈ ਕਾਵਿ ਦਾ ਸਰਵੇਖਣ ਤੇ ਮੁਲਾਂਕਣ, 1980.
ਵਿਸ਼ੇਸ਼ਗਤਾ : ਕਾਵਿ ਸ਼ਾਸਤਰ ਅਤੇ ਲੋਕਧਾਰਾ (ਫੋਕਲੋਰ)
ਨੌਕਰੀ : ਅਡਹਾਕ ਲੈਕਚਰਾਰ, 4 ਸਾਲ (ਡੀ.ਏ.ਵੀ. ਕਾਲਜ ਦਸੂਹਾ, ਗੌਰਮਿੰਟ ਕਾਲਜ ਟਾਂਡਾ, ਗੌਰਮਿੰਟ ਕਾਲਜ ਰੋਪੜ, ਗੌਰਮਿੰਟ ਕਾਲਜ ਬਠਿੰਡਾ, ਗੌਰਮਿੰਟ ਕਾਲਜ ਪੱਟੀ ਅਤੇ ਗੌਰਮਿੰਟ ਕਾਲਜ ਹੁਸ਼ਿਆਰਪੁਰ)
ਲੈਕਚਰਾਰ ਤੋਂ ਪ੍ਰੋਫੈਸਰ ਤਕ ੩੦ ਸਾਲ ੩ ਮਹੀਨੇ (ਪੰਜਾਬੀ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤ, ਦਸੰਬਰ 7, 1981 ਤੋਂ ੩੧ ਮਾਰਚ, 2012.

ਹੁਣ ਤੱਕ ਲਿਖੀਆਂ ਪੁਸਤਕਾਂ :

1. ਗੁਰੂ ਅਰਜਨ ਬਾਣੀ ਵਿਚ ਸਰੋਦੀ ਅੰਸ਼ (1978) 
2. ਦੇਸ ਦੁਆਬਾ (1982)
3. ਧਰਤ ਦੋਆਬੇ ਦੀ (1985)
4. ਬੇਸੁਰਾ ਮੌਸਮ (1985)
5. ਮਿੱਟੀ ਦੀ ਮਹਿਕ (1989)
6. ਕੋਲਾਂ ਕੂਕਦੀਆਂ (1990)
7. ਮੋਰੀਂ ਰੁਣ ਝੁਣ ਲਾਇਆ (1990)
8. ਬੰਗਾਲ ਦੀ ਲੋਕਧਾਰਾ (ਅਨੁਵਾਦ, 1995)
9. ਰਜਨੀਸ਼ ਬੇਨਕਾਬ (ਪੰਜਾਬੀ, 2001)
10. ਰਜਨੀਸ਼ ਬੇਨਕਾਬ (ਹਿੰਦੀ, 2002)
11. ਲੋਕ ਗੀਤਾਂ ਦੀ ਪੈੜ੍ਹ (2002)
12. ਲੋਕ ਗੀਤਾਂ ਦੇ ਨਾਲ ਨਾਲ (2003)
13. ਕੂੰਜਾਂ ਪਰਦੇਸਣਾਂ (2005)
14. ਟਾਵਰਜ਼ ਵਸਤੂ ਵਿਧੀ ਤੇ ਦ੍ਰਿਸ਼ਟੀ (2006) ਸਹਿ ਸੰਪਾਦਨ
15. ਪੰਜਾਬੀ ਰੁਬਾਈ : ਨਿਕਾਸ ਤੇ ਵਿਕਾਸ (2009)
16. ਪੰਜਾਬੀ ਲੋਕਧਾਰਾ ਸਮੀਖਿਆ
17. ਹਰਿਭਜਨ ਸਿੰਘ ਰੈਣੂ ਕਾਵਿ : ਸਰੋਕਾਰ ਅਤੇ ਸਿਧਾਂਤ, 2014 (ਸਹਿ ਸੰਪਾਦਨ)
ਬਚਿੱਆਂ/ਨਵਸਾਖਰਾਂ ਲਈ :
18. ਕਿਸੇ ਨੂੰ ਦੱਸਣਾ ਨਹੀਂ ਫੁੰਕਾਰਾ ਛੱਡਣਾ ਨਹੀਂ (2002)
19. ਪੰਜਾਬੀ ਲੋਕਗੀਤ (ਦੇਵਨਾਗਰੀ,1994)
20. ਬੁਲ੍ਹੇ ਸ਼ਾਹ (2002)
21.. ਕੁਲਫੀ (ਸੁਜਾਨ ਸਿੰਘ 2009)
ਮੇਰੇ ਖੋਜ ਵਿਦਿਆਰਥੀ
ਪੀਐਚ.ਡੀ. : 27 ਵਿਦਿਆਰਥੀ ਹੁਣ ਤਕ ਪੀਐਚ. ਡੀ. ਕਰ ਚੱਕੇ ਹਨ
ਐਮ. ਫਿਲ. : 120 ਐਮ ਫਿਲ ਦੇ ਵਿਦਿਆਰਥੀ ਹੁਣ ਤਕ ਡਿਗਰੀ ਲੈ ਚੱਕਹਨ
ਚੀਫ਼ ਐਡੀਟਰ : ਸਾਹਿਤ ਧਾਰਾ (ਤਿਮਾਹੀ) 10 ਸਾਲ ਤਕ
ਐਡੀਟਰ ਚਿਰਾਗ (ਬੋਰਡ ਵਿਚ) : 1997 ਤੋਂ

ਸਨਮਾਨ : 

ਸਾਹਿਤ ਸਭਾ ਦਸੂਹਾ ਵਲੋਂ ਦੋ ਵਾਰ ਮੁਜਰਮ ਦਸੂਹੀ ਐਵਾਰ
ਹਰਿਆਣਾ ਸਾਹਿਤ ਅਕੈਡਮੀ ਵਲੋਂ 2003 ਵਿਚ ਲੋਕ ਗੀਤਾਂ ਦੀ ਪੈੜ ਨੂੰ 10000 ਦਾ ਇਨਾਮ
ਭਾਰਤ ਐਕਸਾਲੈਂਸ ਅਵਾਰਡ ਆਫ ਫਰੈਂਡਸ਼ਿਪਫੋਰਮ ਆਫ ਇੰਡੀਆ, 2009
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ ਹੀ ਭਾਈ ਸੰਤੋਖ ਸਿੰਘ ਅਵਾਰਡ 2012 ਰਵਿੰਦਰ ਰਵੀ ਪੁਰਸਕਾਰ 2013 ਕੇਂਦਰੀ ਪੰਜਾਬੀ ਸਾਹਿਤ ਸਭਾ (ਰਜਿ.)
ਭਗਤ ਕਬੀਰ ਅਵਾਰਡ, ਸਾਹਿਤ ਸਭਾ ਮਿਆਣੀ ਅਤੇ ਹੋਰ ਕਈ ਸਾਹਿਤ ਸਭਾਵਾਂ ਵਲੋਂ ਸਨਮਾਨਿਤ।

ਕੁਝ ਹੋਰ : 

ਲਿਟਰੇਸੀ ਵਿਚ 1988 ਤੋਂ 2003 ਤਕ ਲਗਾਤਾਰ ਸਕ੍ਰਿਅ
1988 ਤੋਂ ਜਨਨਾਟਿਆ ਮੰਚ ਅਤੇ ਬਾਲ ਵਿਗਿਆਨ ਸਭਾ ਕੁਰੂਕਸ਼ੇਤਰ ਦਾ ਕਨਵੀਨਰ/ਡਾਇਰੇਕਟਰ

ਹੋਰ ਬਹੁਤ ਕੁਝ ਤੁਸੀਂ ਮੇਰੇ ਬਾਰੇ ਮੇਰੇ ਤੋਂ ਵੀ ਵੱਧ ਜਾਣਦੇ ਹੋ।

Monday, 30 June 2014




ਮਾਏ ਨੀ – ਹਰਿਭਜਨ ਸਿੰਘ (ਡਾ.)




ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ
ਸਾਨੂੰ ਚੰਨ ਦੀ ਗਰਾਹੀ ਦੇ ਦੇ
ਮਾਏ ਨੀ, ਕਿ ਅੰਬਰਾਂ ’ਚ ਰਹਿਣ ਵਾਲੀਏ
ਸਾਡੇ ਲਿਖ ਦੇ ਨਸੀਬੀਂ ਤਾਰੇ
ਮਾਏ ਨੀ, ਜੇ ਪੁੱਤ ਨੂੰ ਜਗਾਇਆ ਨੀਂਦ ਤੋਂ
ਚੰਨ ਖੋਰ ਕੇ ਪਿਆ ਦੇ ਛੰਨਾ ਦੁਧ ਦਾ
ਮਾਏ ਨੀ, ਕਿ ਸੂਈ ’ਚ ਪਰੋ ਕੇ ਚਾਨਣੀ
ਸਾਡੇ ਗੰਢ ਦੇ ਨਸੀਬ ਲੰਗਾਰੇ
ਮਾਏ ਨੀ, ਕਿ ਪੁੱਤ ਤੇਰਾ ਡੌਰ-ਬੋਰੀਆ
ਚੰਨ ਮੰਗਦਾ ਨ ਕੁਝ ਸ਼ਰਮਾਵੇ

Sunday, 29 June 2014

ਪਠਾਣ ਦੀ ਧੀ
ਸੁਜਾਨ ਸਿੰਘ
(1909-1993)
ਸੁੱਚੀਆਂ ਕਦਰਾਂ ਵਾਲੇ ਸ਼੍ਰੇਣੀ-ਰਹਿਤ ਸਮਾਜ ਦੀ ਸਥਾਪਨਾ ਲਈ, ਲਿਖਤ ਅਤੇ ਜੀਵਨ ਵਿਚ ਉਮਰ ਭਰ ਜੂਝਣ ਵਾਲੇ ਸਾਹਿਤਕ ਸੂਰਮੇ ਸੁਜਾਨ ਸਿੰਘ ਦਾ ਜਨਮ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਵਿਖੇ ਸਰਦਾਰ ਹਾਕਮ ਸਿੰਘ ਦੇ ਘਰ ਹੋਇਆ। ਕੁਝ ਸਮਾਂ ਕਲਰਕ ਵਜੋਂ ਸੇਵਾ ਨਿਭਾਈ। ਉਪਰੰਤ ਐਮ ਏ ਪੰਜਾਬੀ ਤੱਕ ਵਿਦਿਆ ਪ੍ਰਾਪਤ ਕਰਕੇ ਸੁਜਾਨ ਸਿੰਘ ਸਾਰੀ ਉਮਰ ਅਧਿਆਪਨ ਦੇ ਕਾਰਜ ਨਾਲ ਹੀ ਜੁੜਿਆ ਰਿਹਾ। ਪਹਿਲਾਂ ਪਹਿਲਾਂ ਸਕੂਲ ਅਧਿਆਪਕ ਵਜੋਂ ਸੇਵਾ ਸ਼ੁਰੂ ਕੀਤੀ। ਉਪਰੰਤ ਉਹ ਪ੍ਰਸਿੱਧ ਗ਼ਦਰੀ ਦੇਸ਼ ਭਗਤ ਬਾਬਾ ਸੋਹਨ ਸਿੰਘ ਭਕਨਾ ਵੱਲੋਂ ਚਲਾਏ ਜਾਂਦੇ ਸਕੂਲ ਦਾ ਮੁੱਖ ਅਧਿਆਪਕ ਵੀ ਰਿਹਾ। ਗੁਰੂ ਨਾਨਕ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਦੀ ਸੇਵਾ ਵੀ ਨਿਭਾਈ। ਸੁਜਾਨ ਸਿੰਘ ਨੂੰ ਆਪਣੇ ਜੀਵਨ ਕਾਲ ਵਿਚ ਹਮੇਸ਼ਾ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ। ਆਰਥਕ ਤੰਗਦਸਤੀ ਵਾਲੇ ਅਜਿਹੇ ਜੀਵਨ ਨੂੰ ਬਦਲਣ ਦੀ ਖ਼ਾਹਿਸ਼ ਨੇ ਉਸਨੂੰ ਮਾਰਕਸਵਾਦ ਦੇ ਅਧਿਅਨ ਵੱਲ ਮੋੜਿਆ ਅਤੇ ਛੇਤੀ ਹੀ ਉਹ ਸਾਹਿਤ ਦੇ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਦਾ ਧਾਰਨੀ ਬਣ ਗਿਆ । ਉਹ ਸਾਹਿਤ ਨੂੰ ਦੁਖੀਆਂ ਅਤੇ ਗਰੀਬਾਂ ਦੀ ਢਾਲ ਅਤੇ ਹਥਿਆਰ ਵਜੋਂ ਵਰਤਣ ਦਾ ਮੁਦੱਈ ਸੀ। ਉਹ ਲੇਖਕਾਂ ਦੀ ਸਾਹਿਤਕ ਜਥੇਬੰਦੀ 'ਕੇਂਦਰੀ ਪੰਜਾਬੀ ਲੇਖਕ ਸਭਾ' ਦੇ ਮੋਢੀਆਂ ਵਿਚੋਂ ਵੀ ਸੀ ਅਤੇ ਕੁਝ ਸਮਾਂ ਇਸਦਾ ਪ੍ਰਧਾਨ ਵੀ ਰਿਹਾ। ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਹੱਕੀ ਸਥਾਨ ਦਿਵਾਉਣ ਲਈ ਚਲਾਈ ਜਾ ਰਹੀ ਲਹਿਰ ਵਿੱਚ ਵੀ ਉਸਨੇ ਭਰਪੂਰ ਯੋਗਦਾਨ ਪਾਇਆ ਅਤੇ ਇਸ ਮਕਸਦ ਦੀ ਪ੍ਰਾਪਤੀ ਲਈ ਜੇਲ੍ਹ ਯਾਤਰਾ ਵੀ ਕੀਤੀ।
ਸੁਜਾਨ ਸਿੰਘ ਨੇ ਭਾਵੇਂ ਕੁਝ ਵਾਰਤਕ ਵੀ ਲਿਖੀ ਅਤੇ ਉਸਦੀ ਵਾਰਤਕ-ਪੁਸਤਕ 'ਜੰਮੂ ਜੀ ਤੁਸੀਂ ਡਾਢੇ ਰਾਅ' ਚਰਚਾ ਵਿਚ ਵੀ ਰਹੀ ਪਰ ਉਸਦੀ ਵਡੇਰੀ ਪ੍ਰਾਪਤੀ ਆਧੁਨਿਕ ਨਿੱਕੀ ਹੁਨਰੀ ਕਹਾਣੀ ਦੇ ਮੋਢੀ ਤੇ ਸਮਰੱਥ ਕਹਾਣੀਕਾਰ ਵਜੋਂ ਹੀ ਜਾਣੀ ਜਾਂਦੀ ਹੈ। ਨਿਮਨ ਵਰਗ ਦੇ ਆਰਥਕ-ਸਮਾਜਕ ਪੱਖੋਂ ਦਲ਼ੇ-ਮਲ਼ੇ ਲੋਕਾਂ ਨੂੰ ਪਹਿਲੀ ਵਾਰ ਸੁਜਾਨ ਸਿੰਘ ਦੀਆਂ ਕਹਾਣੀਆਂ ਵਿਚ ਆਪਣਾ ਆਪ ਬੋਲਦਾ-ਵਿਚਰਦਾ ਦਿਸਿਆ। ਅੱਜ ਦੇ 'ਦਲਿਤ ਲੇਖਣ' ਦੇ ਹਵਾਲੇ ਨਾਲ ਗੱਲ ਕਰਨੀ ਹੋਵੇ ਤਾਂ ਨਿਰਸੰਦੇਹ ਸੁਜਾਨ ਸਿੰਘ ਪੰਜਾਬੀ ਦਾ ਪਹਿਲਾ 'ਦਲਿਤ ਲੇਖਕ' ਸੀ। ਉਸ ਦੀਆਂ ਕਹਾਣੀਆਂ ਵਿੱਚ ਸਿਰਫ਼ ਹੱਡੀ ਹੰਢਾਈ ਗ਼ਰੀਬੀ ਦਾ ਪ੍ਰਮਾਣਿਕ ਬਿਆਨ ਹੀ ਨਹੀਂ ਸੀ ਹੁੰਦਾ ਸਗੋਂ ਇਸ ਗ਼ਰੀਬੀ ਪਿੱਛੇ ਕੰਮ ਕਰਦੇ ਪ੍ਰੇਰਕਾਂ ਵੱਲ ਸੰਕੇਤ ਵੀ ਹੁੰਦਾ ਸੀ। ਉਸਦੀਆਂ ਕਹਾਣੀਆਂ ਇਸ ਲਾਹਨਤ ਭਰੇ ਜੀਵਨ ਪ੍ਰਤੀ ਨਫ਼ਰਤ ਦੇ ਭਾਵ ਪੈਦਾ ਕਰਕੇ ਇਸ ਨੂੰ ਬਦਲਣ ਦੀ ਪ੍ਰੇਰਨਾ ਦਿੰਦੀਆਂ ਹਨ। ਇਹੋ ਹੀ ਕਾਰਨ ਹੈ ਕਿ ਕਈ ਵਾਰ ਉਸ ਉੱਤੇ 'ਪ੍ਰਚਾਰਕ' ਹੋਣ ਦਾ ਦੋਸ਼ ਵੀ ਲੱਗਦਾ ਰਿਹਾ। ਸੁਜਾਨ ਸਿੰਘ ਨੇ ਇਸ ਦੋਸ਼ ਦਾ ਜਵਾਬ ਦਿੰਦਿਆਂ ਸਾਹਿਤ ਦੀ 'ਸਮਾਜਿਕ ਜ਼ਿੰਮੇਵਾਰੀ' ਸਮਝਣ 'ਤੇ ਬਲ ਦਿੱਤਾ ਅਤੇ ਕਹਾਣੀ ਵਿਚ 'ਕਲਾ' ਅਤੇ 'ਪ੍ਰਚਾਰ' ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕਰਦਿਆਂ ਕਹਾਣੀ-ਕਲਾ ਬਾਰੇ ਵੀ ਆਪਣਾ ਨਿਸਚਿਤ ਮੱਤ ਪੇਸ਼ ਕੀਤਾ। ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਇਸ ਪਰਕਾਰ ਹਨ: ਦੁੱਖ ਸੁਖ-1939, ਦੁੱਖ ਸੁਖ ਤੋਂ ਪਿੱਛੋਂ-1943, ਸਭ ਰੰਗ-1949, ਨਰਕਾਂ ਦੇ ਦੇਵਤੇ-1951, ਨਵਾਂ ਰੰਗ/ਡੇਢ ਅਦਮੀ-1952, ਮਨੁੱਖ ਤੇ ਪਸ਼ੂ-1954, ਸਵਾਲ ਜਵਾਬ-1962, ਕਲਗੀ ਦੀਆਂ ਅਣੀਆਂ-1966, ਪੱਤਣ ਤੇ ਸਰਾਂ-1967, ਸੱਤ ਸੁਰਾਂ-1976, ਅਮਰ ਗੁਰ ਰਿਸ਼ਮਾਂ-1982, ਸ਼ਹਿਰ ਤੇ ਗ੍ਰਾਂ-1985æ ਇਸ ਆਖ਼ਰੀ ਪੁਸਤਕ ਉੱਤੇ ਉਸਨੂੰ 1986 ਵਿੱਚ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ। 'ਕੁਲਫ਼ੀ', 'ਰਜਾਈ', 'ਪ੍ਰਾਹੁਣਾ', 'ਪਠਾਣ ਦੀ ਧੀ' ਅਤੇ 'ਰਾਸ ਲੀਲਾ' ਉਸਦੀਆਂ ਯਾਦਗਾਰੀ ਕਹਾਣੀਆਂ ਹਨ।

ਕਹਾਣੀ ਬਾਰੇ:
ਸੁਜਾਨ ਸਿੰਘ ਆਪਣੀਆਂ ਕਹਾਣੀਆਂ ਵਿੱਚ ਆਰਥਿਕ ਥੁੜਾਂ ਦੇ ਮਾਰੇ, ਨਿਮਨ ਵਰਗ ਦੇ ਲੋਕਾਂ ਦੇ ਜੀਵਨ ਦਾ ਗਲਪ-ਬਿੰਬ ਪੇਸ਼ ਕਰਨ ਲਈ ਪ੍ਰਸਿੱਧ ਹੈ। 'ਪਠਾਣ ਦੀ ਧੀ' ਕਹਾਣੀ ਵਿਚਲਾ ਜਮਾਦਾਰ ਦਾ ਪਰਿਵਾਰ ਵੀ ਭਾਵੇਂ ਆਰਥਿਕ ਤੰਗੀ ਦਾ ਸ਼ਿਕਾਰ ਹੈ ਪਰ ਲੇਖਕ ਉਸ ਪਰਿਵਾਰ ਦੀ ਗ਼ਰੀਬੀ ਦੇ ਬਾਹਰਲੇ ਜੀਵਨ ਵੇਰਵਿਆਂ ਦੇ ਬਿਆਨ ਤੋਂ ਪਾਰ ਜਾ ਕੇ ਇੱਕ ਮਨੋਵਿਗਿਆਨੀ ਦੀ ਬਾਰੀਕ ਨਜ਼ਰ ਨਾਲ ਗ਼ਫ਼ੂਰ ਪਠਾਣ ਅਤੇ ਛੋਟੀ ਬੱਚੀ ਦੀ ਸਥਿਤੀ ਅਤੇ ਮਾਨਸਿਕਤਾ ਨੂੰ ਸਮਝਣ ਅਤੇ ਪੇਸ਼ ਕਰ ਸਕਣ ਵਿੱਚ ਸਫ਼ਲ ਹੋਇਆ ਹੈ।
ਜ਼ਰੂਰੀ ਨਹੀਂ ਜੋ ਦਿਸਦਾ ਹੈ, ਓਹੋ ਹੀ ਸੱਚ ਹੋਵੇ। ਕਈ ਵਾਰ ਸੱਚ ਦਿਸਦੇ ਦੇ ਓਹਲੇ ਵਿੱਚ ਲੁਕਿਆ ਹੁੰਦਾ ਹੈ। ਚੰਗੇ ਸਾਹਿਤ ਵਾਂਗ ਇਹ ਰਚਨਾ ਵੀ ਦਿੱਖ ਅਤੇ ਤੱਤ ਦੇ ਇਸ ਭੇਦ ਨੂੰ ਉਜਾਗਰ ਕਰਦੀ ਹੈ। ਆਮ ਪਠਾਣਾਂ ਵਾਂਗ ਗ਼ਫ਼ੂਰ ਪਠਾਣ ਨੂੰ ਵੀ ਇਸ ਕਹਾਣੀ ਵਿੱਚ ਬੱਚੇ ਚੁੱਕਣ ਵਾਲਾ, ਵੱਧ ਵਿਆਜ ਲੈਣ ਵਾਲਾ ਸਖ਼ਤ-ਸੁਭਾ ਵਿਅਕਤੀ ਸਮਝਿਆ ਜਾਂਦਾ ਹੈ। ਪੰਜਾਬੀ ਪਰਿਵਾਰ ਨੂੰ ਛੱਡ ਕੇ ਬਾਕੀ ਪ੍ਰਾਂਤਾਂ ਦੇ ਤਾਂ ਵੱਡੀ ਉਮਰ ਦੇ ਮਜ਼ਦੂਰ ਵੀ ਗ਼ਫ਼ੂਰ ਕੋਲੋਂ ਡਰਦੇ ਹਨ। ਛੋਟੀ ਬੱਚੀ ਦੇ ਮਾਪਿਆਂ, ਲਾਂਢੀ ਦੇ ਹੋਰ ਲੋਕਾਂ ਅਤੇ ਪੁਲਿਸ ਵਾਸਤੇ ਕਹਾਣੀ ਦੇ ਅਖ਼ੀਰ ਤੱਕ ਗ਼ਫ਼ੂਰ ਉਸਤਰ੍ਹਾਂ ਦਾ ਹੀ ਹੈ ਜਿਸਤਰ੍ਹਾਂ ਦਾ ਉਸਨੂੰ ਉਸਦੀ ਬਾਹਰੀ ਦਿੱਖ ਤੋਂ ਕਲਪਿਆ ਗਿਆ ਹੈ। ਪਰ ਇੱਕ ਪਾਠਕ ਨੂੰ ਗ਼ਫ਼ੂਰ ਕਰੜੀ-ਦਿੱਖ ਦੇ ਓਹਲੇ ਵਿੱਚ ਲੁਕੇ ਹੋਏ ਇੱਕ ਨਿਹਾਇਤ ਸੰਵੇਦਨਸ਼ੀਲ ਵਿਅਕਤੀ ਵਜੋਂ ਦਿਸਣ ਲੱਗ ਪੈਦਾ ਹੈ। ਕਹਾਣੀ ਦੇ ਪਾਤਰਾਂ ਲਈ ਉਹ ਨਫ਼ਰਤ ਅਤੇ ਗੁੱਸੇ ਦਾ ਪਾਤਰ ਹੈ ਪਰ ਪਾਠਕ ਲਈ ਪਿਆਰ ਅਤੇ ਹਮਦਰਦੀ ਦਾ। ਬਿਨਾਂ ਸੂਦ ਤੋਂ ਜਮਾਂਦਾਰ ਦੀ ਸਹਾਇਤਾ ਕਰਕੇ ਉਹ ਆਪਣੇ ਸੂਦ-ਖੋਰ ਹੋਣ ਦੇ ਬਿੰਬ ਨੂੰ ਤੋੜ ਦਿੰਦਾ ਹੈ। ਉਸਦਾ ਇਹ ਵਿਹਾਰ ਉਸਨੂੰ 'ਅੰਦਰਲੀ ਨਜ਼ਰ' ਨਾਲ ਵੇਖੇ ਜਾਣ ਦੀ ਮੰਗ ਕਰਦਾ ਹੈ। ਗ਼ਫ਼ੂਰ ਹੋਰਨਾਂ ਵੱਲੋਂ ਆਪਣੀ ਸੰਵੇਦਨਸ਼ੀਲ ਇਨਸਾਨੀ-ਪਛਾਣ ਨੂੰ ਸਵੀਕਾਰੇ ਜਾਣ ਦਾ ਅਭਿਲਾਸ਼ੀ ਹੈ। ਅਜਮੇਰ ਤੇ ਵੀਰੋ ਉਸਨੂੰ ਇਸੇ ਕਰਕੇ ਪਿਆਰੇ ਲੱਗਦੇ ਹਨ ਕਿਉਂਕਿ ਉਹ ਉਸ ਕੋਲੋਂ ਹੋਰਨਾਂ ਵਾਂਗ ਡਰਦੇ ਨਹੀਂ ਅਤੇ ਉਸਦੀ ਖ਼ਲਨਾਇਕ ਵਾਲੀ ਪਛਾਣ ਦੀ ਥਾਂ ਉਸਦੀ ਇਨਸਾਨੀ ਪਛਾਣ ਨੂੰ ਹੁੰਗਾਰਾ ਭਰਦੇ ਹਨ। ਅਜਮੇਰ ਅਤੇ ਵੀਰੋ ਨੂੰ, ਜਦੋਂ ਤੇਜੋ, ਗੁੱਸੇ ਨਾਲ ਗ਼ਫ਼ੂਰ ਕੋਲੋਂ ਆਪਣੇ ਘਰ ਲੈ ਕੇ ਜਾਂਦੀ ਹੈ ਤਾਂ ਗ਼ਫ਼ੂਰ ਵੱਲੋਂ ਆਪਣੀ ਲਾਂਢੀ ਵਿੱਚ ਵੜ ਕੇ ਟੁੱਟੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਣਾ ਆਪਣੀ ਬਾਹਰੀ ਇਨਸਾਨੀ ਦਿੱਖ ਦੀ ਸ਼ੱਕੀ ਹੋਂਦ ਵੱਲ ਸੰਕੇਤ ਹੈ। ਸ਼ਾਇਦ ਉਸਨੂੰ ਗਿਲਾ ਹੈ ਕਿ ਉਸਦੇ ਮੁਹੱਬਤ ਕਰਨ ਵਾਲੇ ਦਰਦ-ਮੰਦ ਦਿਲ ਦੇ ਨਕਸ਼ ਉਸਦੇ ਚਿਹਰੇ 'ਤੇ ਦਿਸਦੇ ਨਕਸ਼ਾਂ ਵਿਚੋਂ ਨਜ਼ਰ ਕਿਉਂ ਨਹੀਂ ਆਉਂਦੇ? ਉਸ ਵੱਲੋਂ ਰੋਟੀ ਖਾਧੇ ਤੋਂ ਬਿਨਾਂ ਸੌਂ ਜਾਣਾ ਉਸਦੀ ਇਨਸਾਨੀ ਪਛਾਣ ਦੇ ਅਣਗੌਲੇ ਰਹਿ ਜਾਣ ਵਿਚੋਂ ਉਪਜੀ ਉਦਾਸੀ ਦੀ ਨਿਸ਼ਾਨੀ ਹੈ।
ਲੇਖਕ ਦੀ ਕਲਾਕਾਰੀ ਇਸ ਗੱਲ ਵਿੱਚ ਹੈ ਕਿ ਉਸਨੇ ਇਸ ਕਹਾਣੀ ਵਿੱਚ 'ਜ਼ਾਲਮ' ਅਤੇ 'ਮਜ਼ਲੂਮ' ਦੇ ਅਰਥ ਉਲਟਾ ਦਿੱਤੇ ਹਨ। ਬਾਹਰੋਂ 'ਜ਼ਾਲਮ' ਦਿਸਣ ਵਾਲਾ ਗ਼ਫ਼ੂਰ ਤਾਂ ਏਨੇ ਦਰਦਮੰਦ ਦਿਲ ਵਾਲਾ ਹੈ ਕਿ ਜਦੋਂ ਉਸਨੂੰ ਤੇਜੋ, ਅਜਮੇਰ ਅਤੇ ਵੀਰੋ ਛੋਟੀ ਕੁੜੀ ਨੂੰ ਮਾਰਦੇ ਅਤੇ ਉਸ ਨਾਲ ਵਧੀਕੀ ਕਰਦੇ ਨਜ਼ਰ ਆਉਂਦੇ ਹਨ ਤਾਂ ਉਹ ਸਾਰੇ ਉਸਨੂੰ 'ਜ਼ਾਲਮ' ਲੱਗਣ ਲੱਗ ਪੈਂਦੇ ਹਨ। ਕੁੜੀ ਦੀ ਤਰਸਯੋਗ ਹਾਲਤ ਵੇਖ ਕੇ ਗ਼ਫ਼ੂਰ ਦਾ ਦਿਲ ਪੰਘਰ ਜਾਣਾ ਅਤੇ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਜਾਣੇ ਉਸਦੀ ਸੰਵੇਦਨਸ਼ੀਲ ਹੋਂਦ ਦੇ ਗਵਾਹ ਹਨ। ਉਹ ਛੋਟੀ 'ਮਜ਼ਲੂਮ' ਕੁੜੀ ਨੂੰ 'ਜ਼ਾਲਮਾਂ' ਦੇ ਪੰਜੇ ਵਿਚੋਂ ਬਚਾਉਣ ਲਈ ਉਸਨੂੰ ਲੈ ਕੇ ਦੌੜ ਜਾਦਾ ਹੈ। ਉਸ ਲਈ ਆਪਣੀ ਲਾਂਢੀ, ਉਸ ਵਿੱਚ ਪਏ ਰੁਪਈਏ ਅਤੇ ਹੋਰ ਸਮਾਨ ਨਿਰਾਰਥਕ ਹੋ ਜਾਂਦੇ ਹਨ ਅਤੇ ਉਹ ਪੀੜਤ ਛੋਟੀ ਬੱਚੀ ਸਭ ਤੋਂ ਵੱਧ ਕੀਮਤੀ ਅਤੇ ਅਰਥਵਾਨ ਹੋਂਦ ਹੋ ਨਿੱਬੜਦੀ ਹੈ। ਕਹਾਣੀ ਦੇ ਅੰਤ ਉੱਤੇ ਗ਼ਫ਼ੂਰ ਦੀ ਪੁਕਾਰ, "ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ………ਕਸਾਈ", ਪੁਲਿਸ ਅਤੇ ਹੋਰ ਲੋਕਾਂ ਲਈ ਤਾਂ ਭਾਵੇਂ ਪਾਖੰਡ ਅਤੇ ਮਜ਼ਾਕ ਦਾ ਕਾਰਨ ਬਣਦੀ ਹੈ ਪਰ ਪਾਠਕ ਅਤੇ ਛੋਟੀ ਕੁੜੀ ਵਾਸਤੇ ਉਸਦੇ ਦਿਲ ਵਿਚੋਂ ਨਿਕਲੀ ਸੱਚੀ-ਸੁੱਚੀ ਹੂਕ ਹੋ ਨਿੱਬੜਦੀ ਹੈ। ਗ਼ਫ਼ੂਰ ਤੋਂ ਵਿਛੋੜੇ ਜਾਣ 'ਤੇ ਕੁੜੀ ਵੱਲੋਂ ਮਾਰੀਆਂ ਚੀਕਾਂ ਗ਼ਫ਼ੂਰ ਦੀ ਇਨਸਾਨੀ ਪਛਾਣ ਦੇ ਹੱਕ ਵਿੱਚ ਪਾਈ ਮਾਸੂਮ ਵੋਟ ਹਨ। ਆਪਣੇ ਮਾਪਿਆਂ ਕੋਲ ਜਾਣ ਤੋਂ ਇਨਕਾਰੀ ਹੋਣ 'ਤੇ ਕੁੜੀ ਵੱਲੋਂ ਮਾਰੀਆਂ ਇਹ ਚੀਕਾਂ ਇਸ ਗੱਲ ਦੀਆਂ ਸੂਚਕ ਹਨ ਕਿ ਕੁੜੀ ਨੂੰ ਜਨਮ ਦੇਣ ਵਾਲੇ ਮਾਪੇ ਤਾਂ ਉਸ ਲਈ 'ਜ਼ਾਲਮ' ਹਨ ਪਰ ਉਸਨੂੰ ਬਚਾਉਣ ਅਤੇ ਪਿਆਰਨ ਵਾਲਾ ਗ਼ਫ਼ੂਰ ਉਸ ਵਾਂਗ ਹੀ 'ਮਜ਼ਲੂਮ' ਵੀ ਹੈ ਅਤੇ ਉਸਦੇ ਤਥਾ-ਕਥਿਤ ਮਾਪਿਆਂ ਤੋਂ ਵਧ ਕੇ ਉਸਦਾ 'ਮਾਂ-ਬਾਪ' ਵੀ ਹੈ।
ਬਾਲ ਮਨੋਵਿਗਿਆਨ ਦੇ ਵਿਸ਼ੇਸ਼ੱਗ ਵਜੋਂ ਲੇਖਕ ਇਹ ਵੀ ਜਾਣਦਾ ਹੈ ਕਿ ਜੇ ਬਾਲਪਨ ਵਿੱਚ ਬੱਚਿਆਂ ਨੂੰ ਮਾਪਿਆਂ ਵੱਲੋਂ ਲੋੜੀਂਦਾ ਪਿਆਰ ਨਹੀਂ ਮਿਲਦਾ ਤਾਂ ਉਹਨਾਂ ਦੀ ਸ਼ਖ਼ਸੀਅਤ ਵਿੱਚ ਅਸੰਤੁਲਨ ਅਤੇ ਉਲਾਰ ਪੈਦਾ ਹੋ ਜਾਣਾ ਸੁਭਾਵਕ ਹੈ। ਅਜਿਹੇ ਬੱਚਿਆਂ ਦੀ ਸ਼ਖ਼ਸੀਅਤ ਦੀ ਉਸਾਰੀ ਸਦਾ ਚਿੱਬ-ਖੜਿੱਬੀ ਹੋਵੇਗੀ। ਮਾਪਿਆਂ ਵੱਲੋਂ ਪਿਆਰ ਦੀ ਘਾਟ ਅਤੇ ਅਣਗੌਲੇ ਜਾਣ ਦੇ ਸਰਾਪ ਕਰਕੇ ਹੀ ਛੋਟੀ ਕੁੜੀ ਰੋਂਦੂ, ਜ਼ਿੱਦਲ, ਢੀਠ ਅਤੇ ਕਮਜ਼ੋਰ ਹੋ ਗਈ ਹੈ। ਗ਼ਫ਼ੂਰ ਕੋਲੋਂ ਪਿਆਰ ਮਿਲਣ 'ਤੇ ਓਹੋ ਕਮਜ਼ੋਰ ਦਿਸਣ ਵਾਲੀ ਕੁੜੀ ਸਿਹਤਮੰਦ ਦਿਖਾਈ ਦੇਣ ਲੱਗ ਪੈਂਦੀ ਹੈ। ਕਹਾਣੀ ਦਾ ਇੱਕ ਅਣਕਿਹਾ ਸੰਦੇਸ਼ ਇਹ ਵੀ ਹੈ ਕਿ ਵਸੀਲਿਆਂ ਦੀ ਘਾਟ ਵਾਲੇ ਮਾਪਿਆਂ ਲਈ ਘੱਟ ਵਕਫ਼ੇ ਬਾਦ ਬਹੁਤੀ ਔਲਾਦ ਪੈਦਾ ਕਰਨਾ ਵੀ ਪਰਿਵਾਰਕ-ਕਲੇਸ਼ ਦਾ ਕਾਰਨ ਬਣ ਜਾਂਦਾ ਹੈ। ਨਿੱਕੀ ਕੁੱਛੜਲੀ ਕੁੜੀ ਦੇ ਪੈਦਾ ਹੋਣ ਤੋਂ ਪਹਿਲਾਂ ਉਹੋ ਕੁੜੀ ਪਰਿਵਾਰ ਦੀ 'ਛਿੰਦੀ ਧੀ' ਸੀ ਪਰ ਨਿੱਕੀ ਕੁੜੀ ਦੇ ਪੈਦਾ ਹੋਣ ਉਪਰੰਤ ਉਸਨੂੰ ਮਿਲਣ ਵਾਲਾ ਪਿਆਰ ਖੁੱਸ ਗਿਆ ਅਤੇ ਉਹ ਜ਼ਿੱਦੀ ਅਤੇ ਰੋਂਦੂ ਬਣ ਗਈ।
ਇਹ ਕਹਾਣੀ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਹੋਰ ਵਧੇਰੇ ਸੰਵੇਦਨਸ਼ੀਲ ਹੋਣ ਲਈ ਪ੍ਰੇਰਿਤ ਕਰਦੀ ਹੈ। ਜੇ ਮਾਪੇ ਬੱਚਿਆਂ ਨੂੰ ਉਹਨਾਂ ਦਾ ਬਣਦਾ ਪਿਆਰ ਨਹੀਂ ਦੇ ਸਕਦੇ ਤਾਂ ਉਹ ਉਹਨਾਂ ਦੇ ਮਾਪੇ ਹੋਣ ਦਾ ਅਧਿਕਾਰ ਗਵਾ ਬੈਠਦੇ ਹਨ। ਇਹੋ ਕਾਰਨ ਹੈ ਕਿ ਉਹ ਅਣਗੌਲੀ ਛੋਟੀ ਕੁੜੀ ਆਪਣੇ ਮਾਪਿਆਂ ਦੀ ਧੀ ਨਾ ਹੋ ਕੇ 'ਪਠਾਣ ਦੀ ਧੀ' ਬਣ ਜਾਂਦੀ ਹੈ।
000 000 000 000
ਪਠਾਣ ਦੀ ਧੀ (ਕਹਾਣੀ)
ਗ਼ਫ਼ੂਰ ਪਠਾਣ ਜਦ ਵੀ ਸ਼ਾਮ ਨੂੰ ਆਪਣੀ ਲਾਂਢੀ ਵਿੱਚ ਆਉਂਦਾ, ਉਨ੍ਹਾਂ ਲਾਂਢੀਆਂ ਵਿੱਚ ਰਹਿਣ ਵਾਲੇ ਬੱਚੇ "ਕਾਬਲੀ ਵਾਲਾ", "ਕਾਬਲੀ ਵਾਲਾ" ਕਰਦੇ ਆਪੋ ਆਪਣੀ ਲਾਂਢੀ ਵਿੱਚ ਜਾ ਲੁਕਦੇ। ਇੱਕ ਨਿੱਕਾ ਜਿਹਾ ਸਿੱਖ ਮੁੰਡਾ ਬੇਖ਼ੌਫ਼ ਉਥੇ ਖੜੋਤਾ ਰਹਿੰਦਾ ਤੇ ਉਸ ਦੇ ਥੈਲੇ, ਖੁੱਲ੍ਹੇ-ਡੁੱਲ੍ਹੇ ਕੱਪੜੇ, ਉਸ ਦੇ ਸਿਰ ਦੇ ਪਟੇ ਤੇ ਉਘੜ-ਦੁਘੜੀ ਪੱਗ ਵੱਲ ਦੇਖਦਾ ਰਹਿੰਦਾ। ਗ਼ਫ਼ੂਰ ਨੂੰ ਉਹ ਬੱਚਾ ਬੜਾ ਪਿਆਰਾ ਲੱਗਦਾ ਸੀ। ਇੱਕ ਦਿਨ ਉਸ ਨੇ ਉਸ ਮੁੰਡੇ ਕੋਲੋਂ ਪਠਾਣੀ ਲਹਿਜੇ ਦੀ ਹਿੰਦੁਸਤਾਨੀ ਵਿੱਚ ਪੁੱਛਿਆ, "ਕੀ ਤੈਨੂੰ ਮੇਰੇ ਕੋਲੋਂ ਡਰ ਨਹੀਂ ਆਉਂਦਾ, ਬੱਚਾ?"
ਬੱਚੇ ਨੇ ਮੁਸਕਰਾ ਕੇ ਸਿਰ ਹਿਲਾ ਦਿੱਤਾ। ਗ਼ਫ਼ੂਰ ਦੇ ਚਿਹਰੇ ਤੇ ਹੋਰ ਲਾਲੀ ਦੌੜ ਗਈ। ਉਸ ਬੱਚੇ ਵੱਲ ਦੋਵੇਂ ਬਾਹਾਂ ਬੜੀ ਕੋਮਲਤਾ ਤੇ ਪਿਆਰ ਭਰੇ ਜਜ਼ਬੇ ਨਾਲ ਵਧਾਈਆਂ। ਬੱਚਾ ਪਠਾਣ ਦੀ ਲੱਤ ਨਾਲ ਚੰਬੜ ਗਿਆ, ਪਰ ਗ਼ਫ਼ੂਰ ਨੇ ਉਸਨੂੰ ਕੱਛਾਂ ਵਿੱਚ ਹੱਥ ਦੇ ਕੇ ਆਪਣੇ ਸਿਰ ਤੋਂ ਉੱਪਰ ਚੁੱਕ ਲਿਆ ਤੇ ਪਾਸਿਓਂ ਪਾਸੇ ਹਿਲਾ ਜੁਲਾ ਕੇ ਲਾਡ ਕਰਨ ਲੱਗ ਪਿਆ। ਸਾਹਮਣੇ ਲਾਂਢੀ ਵਿੱਚੋਂ ਬੱਚੇ ਦੀ ਭੈਣ ਨਿਕਲੀ, ਜੋ ਮਸੀਂ ਅਠਾਂ ਕੁ ਵਰ੍ਹਿਆਂ ਦੀ ਸੀ। ਵੀਰ ਨਾਲ ਪਠਾਣ ਨੂੰ ਪਿਆਰ ਕਰਦਾ ਦੇਖ ਕੇ ਉਹ ਵੀ ਕੋਲ ਆਣ ਖੜੋਤੀ। ਪਠਾਣ ਬੜੀ ਜ਼ੋਰ ਦੀ ਖਿੜ ਖਿੜਾ ਕੇ ਹੱਸ ਰਿਹਾ ਸੀ ਤੇ ਵੀਰੋ ਦਾ ਵੀਰ, ਅਜਮੇਰ, ਪੈਰ ਦੇ ਠੁੱਡਾਂ ਨਾਲ ਪਠਾਣ ਦੀ ਪੱਗ ਉਡਾਉਣੀ ਚਾਹੁੰਦਾ ਸੀ। ਆਖ਼ਰ ਇੱਕ ਠੁੱਡੇ ਨਾਲ ਉਸ ਦੀ ਪੱਗ ਥੱਲੇ ਜਾ ਪਈ। ਗ਼ਫ਼ੂਰ ਜ਼ੋਰ ਦੀ ਹੱਸਿਆ ਤੇ ਅਜਮੇਰ ਨੂੰ ਥੱਲੇ ਉਤਾਰ ਕੇ ਕਹਿਣ ਲੱਗਾ, 'ਬਾਬਾ ਤੁਮ ਜੀਤਾ।'
ਜਦ ਪਠਾਣ ਨੇ ਵੀਰੋ ਨੂੰ ਆਪਣੇ ਲਾਗੇ ਖੜਿਆਂ ਦੇਖਿਆ ਤਾਂ ਉਸ ਅਜਮੇਰ ਕੋਲੋਂ ਪੁੱਛਿਆ, "ਕੀ ਇਹ ਤੇਰੀ ਭੈਣ ਹੈ?"
ਅਜਮੇਰ ਨੇ ਬੁੱਲ੍ਹ ਮੀਟ ਕੇ ਮੁਸਕਰਾਉਂਦਿਆਂ ਕਿਹਾ, "ਹੂੰ………ਊਂ।"
ਗ਼ਫ਼ੂਰ ਨੇ ਇੱਕ ਹੱਥ ਨਾਲ ਵੀਰੋ ਤੇ ਦੂਜੇ ਹੱਥ ਨਾਲ ਅਜਮੇਰ ਨੂੰ ਲੱਕ ਦਵਾਲਿਓਂ ਫੜ ਲਿਆ ਤੇ ਲੱਗਾ ਜ਼ੋਰ ਦੀ ਚੱਕਰ ਲਾਉਣ। ਬੱਚੇ ਖਿੜ ਖਿੜ ਹੱਸਦੇ ਸਨ ਗ਼ਫ਼ੂਰ ਉੱਚੀ ਉੱਚੀ "ਹੂੰ……ਉਂ……ਹੂੰ………ਉਂ" ਕਰੀ ਜਾਂਦਾ ਸੀ।
ਇਸ Ḕਹੂੰ………ਉਂḔ ਨੂੰ ਸੁਣ ਕੇ ਨਿੱਕੀ ਕੁੜੀ ਨੂੰ ਕੁੱਛੜ ਚੁੱਕੀ ਤੇਜੋ ਬਾਹਰ ਨਿਕਲੀ ਤੇ ਆਪਣੇ ਬੱਚਿਆਂ ਨੂੰ ਗ਼ਫੂਰ ਕੋਲੋਂ ਭਾਂ ਭਾਂ ਬਿੱਲੀਆਂ ਦੇ ਹੂਟੇ ਲੈਂਦੇ ਦੇਖ ਕੇ ਡਰ ਜਿਹੀ ਗਈ, ਪਰ ਪੰਜਾਬਣਾਂ ਵਾਲਾ ਹੌਸਲਾ ਕਰਕੇ ਬੋਲੀ, "ਵੇ ਅਜਮੇਰ! ਨੀ ਵੀਰੋ!"
ਗ਼ਫ਼ੂਰ ਓਥੇ ਦਾ ਓਥੇ ਖੜੋ ਗਿਆ ਤੇ ਬੱਚਿਆਂ ਦੀ ਮਾਂ ਦੀ ਚੜ੍ਹੀ ਹੋਈ ਤਿਊੜੀ ਤੇ ਖਿੱਚੀਆਂ ਹੋਈਆਂ ਅੱਖਾਂ ਦੇਖ ਕੇ ਉਸ ਦੋਹਾਂ ਨੂੰ ਉਤਾਰ ਦਿੱਤਾ ਤੇ ਆਪ ਮਸੀਂ ਮਸੀਂ ਡਿੱਗਣੋਂ ਬਚਿਆ।
ਤੇਜੋ ਨੇ ਬੱਚਿਆਂ ਨੂੰ ਡਾਂਟਦਿਆਂ ਕਿਹਾ, "ਆ ਲੈਣ ਦਿਓ ਅੱਜ ਆਪਣੇ ਬਾਪੂ ਨੂੰ।"
ਵੀਰੋ ਤੇ ਝੱਟ ਅੰਦਰ ਜਾ ਵੜੀ, ਪਰ ਅਜਮੇਰ ਡਟ ਕੇ ਖਲੋ ਗਿਆ ਤੇ ਸਿਪਾਹੀਆਂ ਵਾਂਗ ਕਮਰ ਉਤੇ ਦੋਵੇਂ ਹੱਥ ਰੱਖ ਕੇ ਕਹਿਣ ਲੱਗਾ, "ਆ ਲੈਣ ਦੇ ਫੇਰ।"
ਤੇਜੋ ਨੇ ਅਗਾਂਹ ਵਧ ਕੇ ਅਜਮੇਰ ਨੂੰ ਬਾਹੋਂ ਫੜ ਲਿਆ ਤੇ ਉਸਨੂੰ ਧ੍ਰੀਕਦੀ ਧ੍ਰੀਕਦੀ ਆਪਣੀ ਲਾਂਢੀ ਵਿੱਚ ਲੈ ਗਈ। ਗ਼ਫ਼ੂਰ ਕਿੰਨਾ ਚਿਰ ਅਜਮੇਰ ਦਾ ਰੋਣਾ ਧੋਣਾ ਸੁਣਦਾ ਰਿਹਾ। ਆਖ਼ਰ ਉਹ ਆਪਣੇ ਅੰਦਰ ਵੜਿਆ ਤੇ ਆਪਣੇ ਝੋਲੇ ਵਿਚੋਂ ਇੱਕ ਨਿੱਕਾ ਜਿਹਾ ਟੁੱਟਾ ਸ਼ੀਸ਼ਾ ਕੱਢ ਕੇ ਮੂੰਹ ਦੇਖਣ ਲੱਗ ਪਿਆ। ਉਸ ਦਿਨ ਉਸ ਰੋਟੀ ਨਾ ਪਕਾਈ ਤੇ ਐਵੇਂ ਹੀ ਸੌਂ ਗਿਆ।
ਕਿਸੇ ਨੂੰ ਪਤਾ ਨਹੀਂ ਕਿ ਗ਼ਫ਼ੂਰ ਕੀ ਕੰਮ ਕਰਦਾ ਹੈ। ਕੋਈ ਕਹਿੰਦਾ ਸੀ ਕਿ ਹਿੰਗ, ਜ਼ੀਰਾ, ਤੇ ਸ਼ਲਾਜੀਤ ਵੇਚਦਾ ਹੈ। ਕੋਈ ਕਹਿੰਦਾ ਸੀ ਸੂਦੀ ਰੁਪੈ ਦਿੰਦਾ ਹੈ ਤੇ ਬੜਾ ਬੜਾ ਵਿਆਜ ਲੈਂਦਾ ਹੈ ਅਤੇ ਕੋਈ ਕਹਿੰਦਾ ਸੀ ਕਿ ਇਸ ਕੋਲੋਂ ਬਚ ਕੇ ਰਹਿਣਾ, ਇਹ ਨਿਆਣਿਆਂ ਨੂੰ ਚੁੱਕ ਕੇ ਲੈ ਜਾਂਦੇ ਹੁੰਦੇ ਜੇ। ਲਾਂਢੀ ਦੀਆਂ ਕਤਾਰਾਂ ਵਿੱਚ ਸਾਰੇ ਉੜੀਏ, ਬੰਗਾਲੀ ਤੇ ਬਿਹਾਰੀ ਮਜ਼ਦੂਰ ਰਹਿੰਦੇ ਸਨ। ਕਿਸੇ ਕਿਸੇ ਦਾ ਹੀ ਬਾਲ ਬੱਚਾ ਨਾਲ ਸੀ। ਉਨ੍ਹਾਂ ਦੇ ਬੱਚੇ ਤਾਂ ਕਿਤੇ ਰਹੇ, ਉਹ ਆਪ ਹੀ ਪਠਾਣਾਂ ਕੋਲੋਂ ਬੜਾ ਡਰਦੇ ਸਨ। ਲਾਂਢੀਆਂ ਦੀਆਂ ਆਹਮੋ-ਸਾਹਮਣੀਆਂ ਕਤਾਰਾਂ ਦੇ ਸਿਰੇ ਉੱਤੇ ਅਜਮੇਰ ਤੇ ਗ਼ਫ਼ੂਰ ਪਠਾਣ ਦਾ ਘਰ ਸੀ। ਅਜਮੇਰ ਦਾ ਪਿਓ ਰਿਜ਼ਰਵ ਵਿੱਚ ਆਇਆ ਹੋਇਆ ਫ਼ੌਜੀ ਸੀ। ਲਾਗਲੀ ਮਿੱਲ ਵਿੱਚ ਚੌਕੀਦਾਰੀ ਦਾ ਕੰਮ ਕਰਦਾ ਸੀ। ਤੇਜੋ ਨੇ ਆਉਂਦਿਆਂ ਹੀ ਮਾਲਕ ਦੇ ਖ਼ੂਬ ਕੰਨ ਭਰੇ।
ਦਿਨ ਚੜ੍ਹਦਿਆਂ ਹੀ ਅਜਮੇਰ ਦੇ ਬਾਪੂ ਨੇ ਗ਼ਫ਼ੂਰ ਦੀ ਲਾਂਢੀ ਦੀ ਚਾਦਰ ਦਾ ਬੂਹਾ ਜਾ ਖੜਕਾਇਆ। ਕੁੱਝ ਚਿਰ ਮਗਰੋਂ ਗ਼ਫ਼ੂਰ ਸਿਰੋਂ ਨੰਗਾ ਅੱਖਾਂ ਮਲਦਾ ਬਾਹਰ ਨਿਕਲਿਆ ਤੇ ਉਸ ਨੂੰ ਸਾਹਮਣੇ ਦੇਖ ਕੇ ਕਹਿਣ ਲੱਗਾ, "ਕਿਆ ਗੱਲ ਐ ਜਮਾਦਾਰਾ, ਸਰਦਾਰਾ?"
ਵੀਰੋ ਦੇ ਪਿਓ ਨੇ ਟੁੱਟੀ ਭੱਜੀ ਹਿੰਦੁਸਤਾਨੀ ਵਿੱਚ ਕਿਹਾ, "ਦੇਖ ਬਈ ਤੂੰ ਮੁਸਲਮਾਨ ਹੈਂ ਖ਼ਾਨ, ਤੇ ਅਸੀਂ ਸਿੱਖ ਲੋਗ। ਤੂੰ ਸਾਡੇ ਬੱਚਿਆਂ ਨਾਲ ਨਾ……।"
"ਸਿੱਖ ਹੈ ਕਿ ਮੁਸਲਮਾਨ, ਬੱਚਾ ਤੋ ਸਭ ਕਾ ਏਕ ਹੈ, ਸਰਦਾਰ! ਖ਼ੁਦਾ ਤੋ ਸਭ ਕਾ ਏਕ ਹੈ।"
ਜਮਾਦਾਰ ਨੇ ਗਰਮ ਹੁੰਦਿਆਂ ਕਿਹਾ, "ਏਕ ਵੇਕ ਕੋਈ ਨਹੀਂ! ਤੂੰ ਸਾਡਿਆਂ ਬੱਚਿਆਂ ਨਾਲ ਨਾ ਖੇਲ। ਨਹੀਂ ਤੇ ਜੇ ਤੂੰ ਪਠਾਣ ਹੈਂ ਤਾਂ ਮੈਂ ਵੀ ਸਿੱਖ ਹਾਂ।"
ਪਠਾਣ ਨੇ ਆਪਣੇ ਕੌਮੀ ਸੁਭਾਅ ਤੋਂ ਉਲਟ ਹੋਰ ਨਰਮਾਈ ਨਾਲ ਕਿਹਾ, "ਸਭ ਬੱਚੇ ਮੇਰੇ ਕੋਲੋਂ ਡਰਦੇ ਹਨ, ਤੇਰੇ ਬੱਚੇ ਮੇਰੇ ਕੋਲੋਂ ਨਹੀਂ ਡਰਦੇ। ਮੈਨੂੰ ਉਹ ਚੰਗੇ ਲੱਗੇ ਸਨ। ਤੂੰ ਆਪਣੇ ਬੱਚਿਆਂ ਨੂੰ ਹਟਾ ਲੈ ਕਿ ਮੇਰੇ ਕੋਲ ਨਾ ਆਉਣ। ਮੈਂ ਕਿਸੇ ਨੂੰ ਸੱਦਦਾ ਨਹੀਂ। ਮੈਂ ਤੇ ਕੱਲ੍ਹਾ ਰਹਿਣ ਹੋ ਰਿਹਾ ਹਾਂ।"
"ਬਸ, ਬਸ" ਜਮਾਦਾਰ ਨੇ ਕਿਹਾ, "ਫੈਸਲਾ ਹੋ ਗਿਆ ਹੈ।"
ਬੱਚੇ ਅਕਸਰ ਦਾਅ ਬਚਾ ਕੇ ਗ਼ਫ਼ੂਰ ਦੇ ਸਾਹਮਣੇ ਆਉਂਦੇ ਸਨ, ਗ਼ਫ਼ੂਰ ਉਹਨਾਂ ਨੂੰ ਘੂਰੀ ਵੱਟ ਕੇ ਤੇ ਇਹ ਕਹਿ ਕੇ ਨਸਾ ਦਿੰਦਾ ਸੀ ਕਿ ਤੁਹਾਡਾ ਬਾਪ ਮਾਰੇਗਾ। ਫੇਰ ਵੀ ਕਈ ਵਾਰੀ ਗਫ਼ੂਰ ਦਾ ਜੀਅ ਪਸੀਜ ਜਾਂਦਾ ਸੀ ਤੇ ਉਹ ਚੋਰੀ ਚੋਰੀ ਉਨ੍ਹਾਂ ਨੂੰ ਕਾਬਲ ਦਾ ਸਰਧਾ ਜਾਂ ਕਾਬਲ ਦਾ ਅਨਾਰ ਦੇ ਦਿੰਦਾ ਸੀ ਤੇ ਕਹਿੰਦਾ ਸੀ ਕਿ ਚੋਰੀ ਚੋਰੀ ਖਾ ਕੇ ਘਰ ਜਾਣਾ। ਬੱਚੇ ਇਵੇਂ ਹੀ ਕਰਦੇ ਸਨ।
ਵੀਰੋ ਤੇ ਅਜਮੇਰ ਕੋਲੋਂ ਛੋਟੀ ਅਤੇ ਕੁਛੜਲੀ ਕੁੜੀ ਕੋਲੋਂ ਵੱਡੀ ਤੇਜੋ ਦੀ ਇੱਕ ਹੋਰ ਧੀ ਸੀ। ਉਹ ਬਹੁਤ ਘੱਟ ਘਰੋਂ ਬਾਹਰ ਨਿਕਲਦੀ ਸੀ। ਨਿੱਕੀ ਕੁੜੀ ਦੇ ਜੰਮਣ ਤੋਂ ਪਹਿਲਾਂ ਉਹ ਬੜੀ ਛਿੰਦੀ ਸੀ। ਹੁਣ ਮਾਂ ਦਾ ਪਿਆਰ ਨਵੇਂ ਬਾਲ ਵੱਲ ਹੋਣ ਕਰਕੇ ਉਹ ਪਿਆਰ ਦੀ ਥੁੜ੍ਹ ਅੰਦਰੋਂ ਅੰਦਰ ਮਹਿਸੂਸ ਕਰਦੀ ਸੀ ਤੇ ਪੂਰਾ ਖ਼ਿਆਲ ਆਪਣੇ ਵੱਲ ਨਾ ਦੇਖ ਕੇ ਅਕਸਰ ਮਾਮੂਲੀ ਗੱਲ 'ਤੇ ਰੋ ਪੈਂਦੀ ਸੀ ਤੇ ਜ਼ਿਦਾਂ ਕਰਦੀ ਸੀ। ਤੇਜੋ ਉਸ ਨੂੰ ਗੁੱਸੇ ਹੁੰਦੀ ਸੀ। ਉਹ ਰੋਂਦੀ ਸੀ ਤੇ ਉਸਨੂੰ ਹੋਰ ਮਾਰ ਪੈਂਦੀ ਸੀ। ਤੇਜੋ ਵੱਲੋਂ ਹੁੰਦੀ ਕੁੜੀ ਦੀ ਇਹ ਹਾਲਤ ਵੇਖ ਕੇ ਵੀਰੋ ਤੇ ਅਜਮੇਰ ਵੀ ਉਸਨੂੰ ਦਾਅ ਲਗਦੇ ਕੁੱਟ ਲੈਂਦੇ ਸਨ ਤੇ ਜਦ ਉਹ ਰੋਂਦੀ ਸੀ ਤਾਂ, "ਐਵੇਂ ਰੋਂਦੀ" ਕਹਿ ਕੇ ਤੇਜੋ ਕੋਲੋਂ ਹੋਰ ਮਾਰ ਪੁਆ ਦਿੰਦੇ ਸਨ। ਕੁੜੀ ਰੁਲ ਜਿਹੀ ਗਈ ਤੇ ਆਪਣੇ ਬਚਾਅ ਵਾਸਤੇ ਲਾਂਢੀਓਂ ਬਾਹਰ ਫਿਰਨਾ ਤੁਰਨਾ ਸ਼ੁਰੂ ਕੀਤਾ। ਵੱਡੇ ਬਾਲ ਫਿਰ ਵੀ ਉਸ ਦਾ ਪਿੱਛਾ ਨਹੀਂ ਸਨ ਛੱਡਦੇ। ਗ਼ਫ਼ੂਰ ਰੋਜ਼ ਸਭ ਦੇਖਦਾ ਸੀ। ਪਰ ਕੁੱਝ ਕਹਿ ਨਹੀਂ ਸੀ ਸਕਦਾ। ਵੱਡਿਆਂ ਬੱਚਿਆਂ ਦੀ ਚਾਹ ਉਸਦੇ ਦਿਲ ਵਿਚੋਂ ਘਟਦੀ ਗਈ ਤੇ ਜ਼ਾਲਮਾਂ ਨੂੰ ਛੱਡ ਕੇ ਮਜ਼ਲੂਮ ਨਾਲ ਉਸਦੀ ਹਮਦਰਦੀ ਵਧੀ। ਬਹੁਤਾ ਚਿਰ ਪੰਜਾਬੀਆਂ ਦੇ ਸਾਹਮਣੇ ਰਹਿਣ ਕਰਕੇ ਉਹ ਪੰਜਾਬੀਆਂ ਦੀ ਬੋਲੀ ਕਾਫ਼ੀ ਸਮਝ ਲੈਂਦਾ ਸੀ ਤੇ ਤੇਜੋ ਦੀ ਨਿੱਕੀ ਕੁੜੀ ਨੂੰ ਦਿੱਤੀਆਂ ਗਾਲ੍ਹਾਂ ਸੁਣ ਕੇ ਬੜਾ ਦੁਖੀ ਹੁੰਦਾ ਸੀ।
ਇਨ੍ਹਾਂ ਦਿਨਾਂ ਵਿੱਚ ਖ਼ੁਨਾਮੀ ਕਰਕੇ ਦੋ ਮਹੀਨਿਆਂ ਲਈ ਜਮਾਦਾਰ ਦੀ ਨੌਕਰੀ ਟੁੱਟ ਗਈ। ਫੇਰ ਤੇ ਕੁੜੀ ਦੀ ਸ਼ਾਮਤ ਆ ਗਈ, ਜਿਹੜਾ ਆਵੇ ਉਸ ਨੂੰ ਕੁੱਟੇ। ਤੇਜੋ ਕਹੇ, "ਇਹ ਰੋਂਦੀ ਰਹਿੰਦੀ ਸੀ ਤਾਂ ਸਾਡੀ ਨੌਕਰੀ ਗਈ।" ਮਹੀਨੇ ਦੇ ਮਹੀਨੇ ਤਨਖ਼ਾਹ ਮਿਲਣ ਨਾਲ ਰੋਟੀ ਦਾ ਗੁਜ਼ਾਰਾ ਤੁਰਦਾ ਸੀ। ਬੜੀ ਔਕੜ ਬਣੀ।
ਮਜ਼ਲੂਮ ਦੇ ਰਹਿਮ ਨੇ ਗ਼ਫ਼ੂਰ ਦੇ ਦਿਲ ਵਿੱਚ ਜ਼ਾਲਮ 'ਤੇ ਰਹਿਮ ਕਰਨ ਦਾ ਜਜ਼ਬਾ ਭਰਿਆ। ਉਸ ਇੱਕ ਦਿਨ ਜਮਾਦਾਰ ਨੂੰ ਸੱਦਿਆ ਤੇ ਕਿਹਾ, "ਸਰਦਾਰ, ਤੂੰ ਮੇਰਾ ਭਾਈ ਹੈਂ। ਮੰੈਨੂੰ ਪਤਾ ਹੈ ਤੈਨੂੰ ਤੰਗੀ ਹੈ। ਮੈਂ ਤੇਰੀ ਮਦਦ ਕਰਨੀ ਚਾਹੁੰਦਾ ਹਾਂ ਤੇ ਨਾਂਹ ਨਾ ਕਰੀਂ।"
ਸਰਦਾਰ ਚੁੱਪ ਸੀ ਤੇ ਗ਼ਫ਼ੂਰ ਨੇ ਪੰਦਰਾਂ ਦੇ ਨੋਟ ਉਸਦੇ ਹੱਥ ਵਿੱਚ ਦਿੱਤੇ। ਘਰ ਵਿੱਚ ਲੋੜ ਸੀ; ਦਿਲ ਪਠਾਣ ਕੋਲੋਂ ਮਦਦ ਲੈਣ ਨੂੰ ਨਹੀਂ ਸੀ ਕਰਦਾ, ਪਰ ਫੇਰ ਵੀ ਉਸ ਪੰਦਰਾਂ ਰੁਪਏ ਰੱਖ ਲਏ। ਸੋਚਿਆ ਮੇਰੀ ਨੌਕਰੀ ਲੱਗ ਜਾਵੇਗੀ ਤਾਂ ਸਣੇ ਸੂਦ ਮੋੜ ਦੇਵਾਂਗਾ।
ਜਾਣ ਲੱਗਿਆਂ ਜਮਾਦਾਰ ਨੂੰ ਫੇਰ ਬੁਲਾ ਕੇ ਤੇ ਆਪਣਿਆਂ ਵਾਂਗ ਮੋਢੇ ਤੇ ਹੱਥ ਰੱਖਕੇ ਗ਼ਫ਼ੂਰ ਨੇ ਕਿਹਾ, "ਸਰਦਾਰ, ਤੇਰੀ ਔਰਤ ਤੇ ਦੋਵੇਂ ਵੱਡੇ ਬੱਚੇ ਛੋਟੀ ਲੜਕੀ ਨੂੰ ਮਾਰਦੇ ਰਹਿੰਦੇ ਹਨ। ਨਾਦਾਨ; ਬੇਕਸੂਰ ਹੈ। ਉਸ ਨੂੰ ਮਤ ਮਾਰੋ। ਮੰੈਨੂੰ ਤਕਲੀਫ਼ ਹੁੰਦੀ ਹੈ। ਮਤ ਮਾਰੋ। ਦੇਖੋ, ਉਹ ਬਹੁਤ ਕਮਜ਼ੋਰ ਹੈ, ਮਰ ਜਾਏਗੀ।"
ਕਿੰਨਾ ਚਿਰ ਪਠਾਣ ਦੀਆਂ ਤਰਲਿਆਂ ਭਰੀਆਂ ਅੱਖਾਂ ਜਮਾਦਾਰ ਨੂੰ ਯਾਦ ਰਹੀਆਂ। ਉਸ ਤੇਜੋ ਨੂੰ ਆਖਿਆ ਕਿ ਉਹ ਕੁੜੀ ਨੂੰ ਨਾ ਮਾਰਿਆ ਕਰੇ, ਪਰ ਤੇਜੋ ਤੇ ਬੱਚਿਆਂ ਦੀ ਆਦਤ ਪਕ ਚੁੱਕੀ ਸੀ।
ਜਦ ਸਰਦਾਰ ਨੂੰ ਨਵੀਂ ਥਾਂ ਤੋਂ ਪਹਿਲੀ ਤਨਖ਼ਾਹ ਮਿਲੀ ਤਾਂ ਉਹ ਪਹਿਲਾਂ ਗ਼ਫ਼ੂਰ ਦੀ ਲਾਂਢੀ ਵਿੱਚ ਵੜਿਆ। ਪੰਦਰਾਂ ਰੁਪਏ ਦੇ ਨਾਲ, ਪਠਾਣ ਦਾ ਕਰੜੇ ਤੋਂ ਕਰੜਾ ਸੂਦਾ ਗਿਣ ਕੇ, ਉਸ ਪੰਜਾਂ ਰੁਪਇਆਂ ਦਾ ਨੋਟ ਹੋਰ ਜੜ ਦਿੱਤਾ। ਗ਼ਫੂਰ ਨੋਟ ਦੇਖ ਕੇ ਹੈਰਾਨ ਹੋਇਆ ਤੇ ਆਖਣ ਲੱਗਾ, "ਸਰਦਾਰਾ ਇਹ ਕਿਐ?"
ਸਰਦਾਰ ਨੇ ਕਿਹਾ, "ਤੁਹਾਡਾ ਰੁਪਈਆ ਤੇ ਸੂਦ।"
"ਹਮ ਮੁਸਲਮਾਨ ਪਠਾਣ ਹੈ, ਸਰਦਾਰ" ਪਠਾਣ ਨੇ ਰੋਹ ਵਿੱਚ ਆਣ ਕੇ ਕਿਹਾ, "ਹਮ ਸੂਦ ਨੂੰ ਹਰਾਮ ਸਮਝਦਾ ਹੈ।"
ਗ਼ਫ਼ੂਰ ਦੀ ਤਮਤਮਾਈ ਹੋਈ ਸ਼ਕਲ ਦੇਖ ਕੇ ਜਮਾਦਾਰ ਨੇ ਕਿਹਾ, "ਮੈਨੂੰ ਪਤਾ ਨਹੀਂ ਸੀ ਕਿ ਕੋਈ ਪਠਾਣ ਸੂਦ ਨਹੀਂ ਵੀ ਲੈਂਦਾ, ਹੱਛਾ ਲੱਗ ਗਿਆ ਪਤਾ, ਪਰ ਇਹ ਲਓ ਆਪਣੇ ਰੁਪਏ।"
"ਇਹ ਤਾਂ ਮਦਦ ਸੀ" ਗ਼ਫ਼ੂਰ ਨੇ ਝਟ ਹੀ ਸਾਹਵੀਂ ਸ਼ਕਲ ਬਣਾਉਂਦਿਆਂ ਕਿਹਾ, "ਬੱਚਾ ਸਭ ਕਾ ਏਕ ਹੈ, ਸਰਦਾਰ।"
ਜਮਾਦਾਰ ਨੇ ਉਸਦੀ ਇੱਕ ਨਾ ਸੁਣੀ, ਤੇ ਰੁਪਏ ਬਦੋ ਬਦੀ ਉਸ ਨੂੰ ਦੇ ਕੇ ਘਰ ਵੜਿਆ। ਬੂਹੇ ਵਿੱਚ ਨਿੱਕੀ ਕੁੜੀ ਰੋ ਰਹੀ ਸੀ, ਵੀਰੋ ਤੇ ਅਜਮੇਰ ਉਸਨੂੰ ਤੰਗ ਕਰ ਰਹੇ ਸਨ ਤੇ ਤੇਜੋ ਚੌਂਕੇ ਵਿਚੋਂ ਬਿਨਾਂ ਦੇਖਿਆਂ ਉਸਨੂੰ ਗਾਲ੍ਹਾਂ ਕੱਢ ਰਹੀ ਸੀ। ਜਮਾਦਾਰ ਨੇ ਅਜਮੇਰ ਨੂੰ ਝਿੜਕਿਆ, ਵੀਰੋ ਨੂੰ ਇੱਕ ਲਾਈ ਤੇ ਕੁੜੀ ਨੂੰ ਕੁੱਛੜ ਚੁੱਕ ਕੇ ਮੂੰਹ ਪੂੰਝਦਾ ਚੌਂਕੇ ਕੋਲ ਪੁੱਜਾ। ਕੁੱਝ ਕਹਿਣਾ ਹੀ ਚਾਹੁੰਦਾ ਸੀ ਕਿ ਤੇਜੋ ਨੇ ਉਸ ਨੂੰ ਦੇਖ ਲਿਆ ਤੇ ਕਹਿਣ ਲੱਗੀ, "ਵੱਡੀ ਲਾਡਲੀ! ਖ਼ਸਮ ਖਾਣੀ ਨੂੰ ਚੁੱਕ ਲਿਆ। ਸਾਰੀ ਸਾਰੀ ਦਿਹਾੜੀ ਰੋਂਦੀ ਹੀ ਰਹਿੰਦੀ ਐ, ਨਹਿਸ਼!"
ਜਮਾਦਾਰ ਨੇ ਉਸ ਨੂੰ ਖ਼ੂਬ ਝਾੜ ਪਾਈ ਤੇ ਉਹ ਮੂੰਹ ਸੁਜਾ ਕੇ ਇੱਕ ਨੁੱਕਰੇ ਬਹਿ ਗਈ।
ਤੇਜੋ ਚੇੜ੍ਹ ਨਾਲ ਕੁੜੀ ਨੂੰ ਹੋਰ ਮਾਰਨ ਲੱਗ ਪਈ। ਕੁੜੀ ਜ਼ਿੱਦਲ ਅਤੇ ਢੀਠ ਬਣ ਗਈ। ਗ਼ਫ਼ੂਰ ਕੁੜੀ ਦੀ ਸ਼ਾਮਤ ਆਉਂਦੀ ਰੋਜ਼ ਦੇਖਦਾ ਸੀ। ਉਸਨੂੰ ਇਕੱਲੀ ਧੁੱਪ ਵਿੱਚ ਡਿੱਗਦੀ ਢਹਿੰਦੀ ਦੇਖ ਕੇ ਉਸ ਦਾ ਦਿਲ ਪੰਘਰ ਜਾਂਦਾ ਸੀ।
ਇਕ ਦਿਨ ਇਹੋ ਜਿਹੀ ਮਾਨਸਿਕ ਹਾਲਤ ਵਿੱਚ ਛੋਟੀ ਕੁੜੀ ਨੂੰ ਗ਼ਫ਼ੂਰ ਨੇ ਸੈਨਤ ਨਾਲ ਸੱਦਿਆ। ਉਹ ਕੋਲ ਚਲੀ ਗਈ। ਉਹ ਉਸਨੂੰ ਚੁੱਕ ਕੇ ਅੰਦਰ ਲੈ ਗਿਆ। ਝੋਲੇ ਵਿੱਚ ਹੱਥ ਮਾਰਿਆ, ਉਸ ਵਿੱਚ ਕੁੱਝ ਨਹੀਂ ਸੀ।
ਪਠਾਣ ਦੀਆਂ ਅੱਖਾਂ ਵਿੱਚ ਦੋ ਅਥਰੂ ਆ ਗਏ। ਉਹ ਦੱਬੇ ਪੈਰੀਂ ਬਾਹਰ ਨਿਕਲ ਕੇ ਫਲਾਂ ਦੀ ਹੱਟੀ ਵੱਲ ਵਧਿਆ। ਉਸ ਓਥੋਂ ਦੋ ਤਿੰਨ ਕਿਸਮ ਦੇ ਫ਼ਲ ਲੈ ਕੇ ਕੁੜੀ ਨੂੰ ਫੜਾਏ। ਕੁੜੀ ਹਾਬੜੀ ਹੋਈ ਕਦੇ ਇੱਕ ਤੇ ਕਦੇ ਦੂਸਰੇ ਨੂੰ ਪਵੇ। ਗ਼ਫ਼ੂਰ ਦਾ ਹਉਕਾ ਨਿਕਲ ਗਿਆ। ਉਸ ਸੋਚਿਆ, 'ਇਸ ਦੀ ਮਾਂ, ਵੱਡੇ ਬੱਚੇ ਤੇ ਸਰਦਾਰ, ਇਸ ਨੂੰ ਮਾਰ ਕੇ ਛੱਡਣਗੇ। ਇਸ ਨੂੰ ਬਚਾਉਣਾ ਚਾਹੀਦਾ ਹੈ।" ਉਸ ਬੋਝੇ ਵਾਲੀ ਗੁਥਲੀ ਵਿੱਚ ਹੱਥ ਮਾਰਿਆ, ਦੋ ਰੁਪਿਆਂ ਦਾ ਕਰਿਆਨਾ ਖੜਕਿਆ। ਸੋਚਿਆ, ਨੱਸ ਕੇ ਲਾਂਢੀ ਵਿੱਚੋਂ ਕੁੱਝ ਲੈ ਆਵਾਂ। ਓਥੇ ਤਾਂ ਮੇਰੇ ਕੋਲ ਹਜ਼ਾਰ ਤੋਂ ਉਪਰ ਰੁਪਿਆ ਹੈ, ਪਰ ਫਿਰ ਖ਼ਿਆਲ ਆਇਆ ਕਿ ਕੁੜੀ ਨੂੰ ਛੁਡਾਉਣ ਦਾ ਮੌਕਾ ਖੁੰਝ ਜਾਵੇਗਾ, ਇਸ ਦੀ ਮਾਂ ਰੌਲਾ ਪਾ ਦੇਵੇਗੀ, ਹੋ ਸਕਦਾ ਹੈ ਸਰਦਾਰ ਨਾਲ ਬਖੇੜਾ ਹੋ ਜਾਵੇ।
ਉਹ ਘਰ ਨਾ ਮੁੜਿਆ। ਉਸ ਇੱਕ ਮੁਸਲਮਾਨ ਦੀ ਘੋੜਾ-ਗੱਡੀ ਪਕੜੀ ਤੇ ਸਟੇਸ਼ਨ ਉਤੇ ਪਹੁੰਚ ਕੇ ਕਿਤੋਂ ਦੀ ਟਿਕਟ ਕਟਾਈ।
ਪਿਛੋਂ ਰੌਲਾ ਪੈ ਗਿਆ, "ਕਾਬਲੀ ਵਾਲਾ ਲੜਕੀ ਉਠਾ ਕੇ ਲੈ ਗਿਆ।"
ਕੋਈ ਕਹੇ, "ਦੇਖਾ, ਸਿਖ ਡਰਤਾ ਨਹੀਂ ਥਾ।" ਕੋਈ ਕਹੇ, "ਪਠਾਣ ਦਾਅ ਤੇ ਸੀ, ਲੈ ਉਡਿਆ।"
ਭਾਂਤੋ ਭਾਂਤ ਗੱਲਾਂ ਨੇ ਸਰਦਾਰ ਦਾ ਦਿਲ ਗ਼ਫ਼ੂਰ ਵੱਲੋਂ ਖੱਟਾ ਕਰ ਦਿੱਤਾ। ਠਾਣੇ ਰਿਪੋਟ ਲਿਖਾਈ ਗਈ। ਤੇਜੋ ਰੋ ਰੋ ਕੇ ਫਾਵੀ ਹੁੰਦੀ ਜਾਂਦੀ ਸੀ ਤੇ ਪਠਾਣ ਦੇ ਬੱਚੇ ਕੱਚੇ ਪਿੱਟਦੀ ਸੀ। ਪੁਲਸ ਹੈਰਾਨ ਸੀ ਕਿ ਪਠਾਣ ਏਨਾਂ ਰੁਪਿਆ ਤੇ ਬੂਹਾ ਖੁੱਲ੍ਹਾ ਛੱਡ ਕੇ ਕਿਉਂ ਚਲਾ ਗਿਆ।
ਪੂਰੇ ਮਹੀਨੇ ਮਗਰੋਂ ਜਮਾਦਾਰ ਨੂੰ ਸ਼ਨਾਖਤ ਵਾਸਤੇ ਥਾਣੇ ਸੱਦਿਆ ਗਿਆ। ਕੁੜੀ ਹੱਥਕੜੀਆਂ ਵਿੱਚ ਜਕੜੇ ਹੋਏ ਗ਼ਫ਼ੂਰ ਦੇ ਕੁੱਛੜ ਸੀ। ਪਿਓ ਦੀ ਵਾਜ ਸੁਣ ਕੇ ਕੁੜੀ ਨੇ ਇੱਕ ਵਾਰੀ ਪਿਓ ਵਲ ਮੂੰਹ ਕਰਕੇ ਮੋੜ ਲਿਆ। ਤੇਜੋ ਦਾ ਵੀ ਓਥੇ ਕੋਈ ਚਾਰਾ ਨਾ ਚੱਲਿਆ। ਕੁੜੀ ਬੜੀ ਤਕੜੀ ਹੋਈ ਹੋਈ ਸੀ ਤੇ ਪਠਾਣ ਕਮਜ਼ੋਰ।
ਜਮਾਦਾਰ, ਤੇਜੋ ਤੇ ਹੋਰ ਹਮਸਾਇਆਂ ਨੇ ਸ਼ਨਾਖ਼ਤ ਕੀਤੀ। ਪਠਾਣ ਬਿਟ ਬਿਟ ਉਨ੍ਹਾਂ ਵਲ ਤੱਕੀ ਜਾਂਦਾ ਸੀ। ਆਖ਼ਰ ਜਦ ਪੁਲਸ ਕੁੜੀ ਉਸ ਤੋਂ ਲੈ ਕੇ ਜਮਾਦਾਰ ਨੂੰ ਦੇਣ ਲੱਗੀ ਤਾਂ ਕੁੜੀ ਦੀਆਂ ਚੀਕਾਂ ਤੇ ਪਠਾਣ ਦੇ ਬਕੜਵਾਹ ਨੇ ਕਮਰੇ ਨੂੰ ਗੁੰਜਾ ਦਿੱਤਾ।
ਪਠਾਣ ਕਹਿੰਦਾ ਸੀ, "ਨਾ ਦਿਓ, ਕੁੜੀ ਜ਼ਾਲਮਾਂ ਨੂੰ! ਬਚਾਓ! ਬਚਾਓ! ਇਹ ਮਾਰ ਦੇਣਗੇ। ਮੇਰੀ ਧੀ ਨੂੰ ਇਹ ਜ਼ਾਲਮ………ਕਸਾਈ।"
ਠਾਣੇਦਾਰ ਕੜਕ ਕੇ ਬੋਲਿਆ, "ਤੋ ਤੁਮ ਇਸ ਕੋ ਬਚਾਨੇ ਕੇ ਲੀਏ ਉਠਾ ਕੇ ਲੇ ਗਿਆ ਥਾ!"
ਚਾਰੇ ਪਾਸੇ ਹਾਸੇ ਦਾ ਹੜ੍ਹ ਆ ਗਿਆ। ਕੋਈ ਕਹਿੰਦਾ ਸੀ, "ਮਚਲਾ ਹੈ।"
ਪਰ ਗ਼ਫ਼ੂਰ ਰੋਈ ਜਾ ਰਿਹਾ ਸੀ।

Thursday, 26 June 2014

" ਉਤਰਾਖੰਡ "
ਮਹਾਰਾਜ ਕੋਟਿ ਅੰ ਕੋਟਿ ਧੰਨਵਾਦ
ਮੂਰਤੀਆਂ ਦਾ
ਪੁਨਰ ਸਥਾਪਨ ਸੰਪੂਰਨ ਹੈ
ਧਾਰਨ ਕਰੋ
ਮੰਦਰਾਂ ਦਾ ਸੁਧੀਕਰਨ ਹੋ ਚੁੱਕਾ ਹੈ
ਬਿਰਾਜੋ
ਸਤਜੁਗ, ਤ੍ਰੇਤਾ , ਦੁਆਪਰ
ਸਾਡੇ ਮੋਢਿਆਂ ਤੇ ਸਵਾਰ ਹੈ
ਆਪ ਜੀ ਦੀ ਸ਼ਰਨ ਵਿਚ
ਜੁਗਾਂ ਤੋਂ ਅਹਿਲ
ਸਾਡੇ ਸਿਰਾਂ ਦੁਆਲੇ
ਮਿਥਹਾਸ ਪ੍ਰ੍ਕਰਮਾ ਚ ਹੈ
ਆਪ ਜਾਣੀ ਜਾਣ ਹੋ
ਖੂੰਖਾਰ ਮੌਸਮ
ਤੇ ਮਹਿਮੂਦ ਗਜਨਵੀ
ਬਿਨਾ ਖਬਰ ਆਉਂਦੇ ਹਨ
ਤੂਫਾਨ ਦਾ ਨਾਸ਼ ਹੋ ਚੁਕਿਆ ਹੈ
ਸਾਡੀਆਂ ਜੀਭਾਂ
ਹਾਜਰ ਹਨ
ਅਸੀਂ ਫਿਰ ਤੋਂ
ਯਾਤਰਾ ਲਈ
ਤਿਆਰ ਹਾਂ

Wednesday, 18 June 2014

ਬਾਰੀ ਵਿਚ ਖੜ੍ਹੀ ਔਰਤ
- ਅਮਰਜੀਤ ਚੰਦਨ
 
ਨਾਲ਼-ਦੀ ਤਸਵੀਰ ਗਹੁ ਨਾਲ਼ ਦੇਖੋ। ਇਹ ਹੱਥੀਂ ਬਣਾਈ ਤਸਵੀਰ ਦੀ ਤਸਵੀਰ ਹੈ। ਫ਼ੌਰਨ ਅੱਖਾਂ ਅੱਗੇ ਅੱਧਨੰਗੀ ਔਰਤ ਆਉਂਦੀ ਹੈ। ਇਹਦੇ ਹੱਥ ਦੱਸਦੇ ਨੇ ਕਿ ਇਨ੍ਹਾਂ ਇਹਦੀਆਂ ਛਾਤੀਆਂ ਨੂੰ ਕੱਜਿਆ ਹੋਇਆ ਹੈ। ਕੀ ਔਰਤ ਦੇ ਜਿਸਮ ਦਾ ਇਹ ਸੰਕੋਚ ਸਹਿਜ-ਸੁਭਾਅ ਹੈ? ਜਾਂ ਕਿਸੇ ਹੋਰ ਦੀ ਮੌਜੂਦਗੀ ਕਰਕੇ? ਤਸਵੀਰ ਵਿਚ ਹੋਰ ਕੋਈ ਜੀਅ ਮੌਜੂਦ ਨਹੀਂ। ਇਹ ਅਪਣੇ ਹੀ ਅੱਗੇ ਡਰੀ, ਸਹਿਮੀ ਤੇ ਝਿਜਕੀ ਖੜ੍ਹੀ ਹੈ।

ਇਹ ਤਸਵੀਰ ਆਮ ਤਸਵੀਰਾਂ ਵਾਂਙ ਦੋਪੱਖੀ ਨਹੀਂ, ਬਹੁਪੱਖੀ ਹੈ। ਹਰ ਤਸਵੀਰ ਅਪਣੇ ਆਪ ਚ ਚੌਖਟਾ (ਫ਼ਰੇਮ) ਹੁੰਦੀ ਹੈ। ਇਸ ਤਸਵੀਰ ਵਿਚ ਕਈ ਚੌਖਟੇ ਹਨ। ਇਹ ਫ਼ਰੇਮ ਵੀ ਹੈ ਤੇ ਬਾਰੀ ਵੀ। ਤੇ ਕੋਈ ਨੇੜਿਓਂ ਜਾਂ ਦੂਰੋਂ ਇਸ ਤੀਵੀਂ ਵਲ ਝਾਕ ਰਿਹਾ ਹੈ। ਇਹਨੇ ਜਾਂ ਤਾਂ ਜਾਣਦਿਆਂ ਹੋਇਆਂ ਝਾਕਣ ਵਾਲ਼ੇ ਵਲ ਪਿਠ ਕੀਤੀ ਹੋਈ ਹੈ; ਜਾਂ ਚੁਗਲਝਾਤ ਮਾਰਨ ਵਾਲ਼ੇ ਤੋਂ ਅਣਜਾਣਦਿਆਂ ਇਹ ਸ਼ੀਸ਼ੇ ਅੱਗੇ ਅਪਣਾ ਉਭਾਰ ਕੱਜ ਕੇ ਦੇਖ ਰਹੀ ਹੈ ਕਿ ਕਿਹੋ ਜਿਹਾ ਲਗਦਾ ਹੈ। ਸ਼ੀਸ਼ੇ ਅੱਗੇ ‘ਕੱਲੀ ਤੀਵੀਂ ਕਿਹੋ ਜਿਹੀਆਂ ਹਰਕਤਾਂ ਕਰਦੀ ਹੋਏਗੀ? ਤਸਵੀਰ ਵਾਲ਼ੀ ਤੀਵੀਂ ਦੇ ਸਿਰ ਦੇ ਬਰਾਬਰ ਦਰੀ ਦਾ ਪੰਜਾਬੀ ਨਮੂਨਾ (ਰੁੱਖ ਜਾਂ ਤਾਰਾ) ਜਾਂ ਤਾਂ ਉਹਦੇ ਪਿਛਾੜੀ ਕੰਧ ਦਾ ਸ਼ੀਸ਼ੇ ਚ ਪੈਂਦਾ ਅਕਸ ਹੈ ਜਾਂ ਉਹਦੇ ਅੱਗੇ ਵਾਲ਼ੀ ਕੰਧ ਦਾ। ਤੁਰਕੀ ਵਿਚ ਇਸੇ ਨਮੂਨੇ ਦਾ ਮਤਲਬ ਹੋਣੀ ਤੋਂ ਹੁੰਦਾ ਹੈ। ਇਹ ਤੀਵੀਂ ਕੀ ਸੋਚਦੀ ਹੈ? ਇਹਦੇ ਦਿਲ ਚ ਕੀ ਹੈ? ਸਿਰ ਉੱਤੇ ਰਾਹ ਦਿੰਦੀਆਂ ਔਂਸੀਆਂ ਹਨ। ਕੀ ਇਹਦੇ ਭਾਣੇ ਇਹਦੀ ਉਡੀਕ ਮੁੱਕ ਗਈ ਹੈ? ਵੇਗਮੱਤੀਆਂ ਉਂਗਲ਼ਾਂ ਚ ਕਾਮ ਜਾਗਿਆ ਹੋਇਆ ਹੈ। ਕੀ ਇਹ ਅਪਣੇ ਪ੍ਰੇਮੀ ਜਾਂ ਪ੍ਰੇਮਣ ਦੇ ਪਿੰਡੇ ਨੂੰ ਇੰਜ ਹੀ ਟੋਂਹਦੀ ਹੁੰਦੀ ਹੈ?

ਇਸ ਤੀਵੀਂ ਦਾ ਪਿੰਡਾ ਰੱਬ ਦਾ ਵਿਹਲੇ ਵੇਲੇ ਬੈਠ ਕੇ ਬਣਾਇਆ ਵੀਨਸ ਜਾਂ ਪਾਰਵਤੀ ਦਾ ਪਿੰਡਾ ਨਹੀਂ। ਇਹ ਤਸਵੀਰ ਲੁੱਚੇ ਰਸਾਲਿਆਂ ਦੀਆਂ ਤਸਵੀਰਾਂ ਵਰਗੀ ਬੇਹਯਾ ਤੇ ਹੁਸ਼ਿਆਰੀ ਲਿਆਉਣ ਵਾਲ਼ੀ ਨਹੀਂ। ਨਾ ਇਹ ਸੰਕੋਚ ਪੀਪ ਸ਼ੋਅ ਵਿਚ ਹੁੰਦਾ ਹੈ। ਇਹ ਕਾਮਸੂਤਰ ਦੀ ਤਸਵੀਰ ਵੀ ਨਹੀਂ।

ਅੱਜ ਤਾਈਂ ਕਲਾ ਤੇ ਸਾਹਿਤ ਵਿਚ ਮਰਦ ਨੇ ਹੀ ਔਰਤ ਨੂੰ ਚਿਤਰਿਆ ਹੈ। ਇਹ ਸ਼ਿਕਾਇਤ ਔਰਤ ਕਰਦੀ ਹੈ। ਹੁਣ ਤਕ ਮੈਨੂੰ ਦਸ ਦੇਣਾ ਚਾਹੀਦਾ ਸੀ ਕਿ ਇਹ ਨਾਲ਼-ਦੀ ਤਸਵੀਰ ਔਰਤ ਦੀ ਬਣਾਈ ਹੋਈ ਹੈ ਤੇ ਉਹਦਾ ਨਾਂ ਭਜਨ ਹੁੰਝਨ ਹੈ। ਭਜਨੋ ਨੇ ਇਸ ਤਸਵੀਰ ਦਾ ਇਹ ਅੰਗਰੇਜ਼ੀ ਨਾਂ ਰੱਖਿਆ ਹੈ - ਮਾਈਸੈਲਫ਼ ਯਾਨੀ ਮੇਰਾ ਅਪਣਾ ਆਪ।

ਇਸ ਸਵਾਲ ਦਾ ਜਵਾਬ ਲਭਣਾ ਸੌਖਾ ਨਹੀਂ ਕਿ ਕੀ ਮਰਦ ਔਰਤ ਨੂੰ ਉਸ ਹੱਦ ਤਕ ਸਮਝ ਸਕਦਾ ਹੈ, ਜਿਸ ਹੱਦ ਤਕ ਔਰਤ ਅਪਣੇ ਆਪ ਨੂੰ ਜਾਂ ਔਰਤਜ਼ਾਤ ਨੂੰ ਸਮਝਦੀ ਹੈ? ਕੀ ਵਜ੍ਹਾ ਹੈ ਕਿ ਪੰਜਾਬੀ ਦੀਆਂ ਲੇਖਿਕਾਵਾਂ ਨੇ ਔਰਤ ਬਾਰੇ ਓਨੀ ਅਪਣੱਤ ਨਾਲ਼ ਨਹੀਂ ਲਿਖਿਆ, ਜਿੰਨਾ ਰਾਜਿੰਦਰ ਸਿੰਘ ਬੇਦੀ ਜਾਂ ਪ੍ਰੇਮ ਪ੍ਰਕਾਸ਼ ਨੇ ਲਿਖਿਆ ਹੈ? ਵਾਰਿਸ ਸ਼ਾਹ ਨੇ ਜਿਵੇਂ ਹੀਰ ਦਾ ਰੂਪ ਬਿਆਨ ਕੀਤਾ ਹੈ, ਓਵੇਂ ਕਿਸੇ ਪੰਜਾਬੀ ਲੇਖਿਕਾ ਨੇ ਔਰਤ ਨੂੰ ਕਿਉਂ ਨਹੀਂ ਦੇਖਿਆ ਜਾਂ ਉਸ ਲਿਹਾਜ਼ ਨਾਲ਼ ਮਰਦ ਨੂੰ ਕਿਉਂ ਨਹੀਂ ਦੇਖਿਆ?

ਅੱਧੀ ਸਦੀ ਪਹਿਲਾਂ ਅਮ੍ਰਿਤਾ ਸ਼ੇਰਗਿੱਲ ਨੇ ਅਪਣਾ ਨਗਨ ਚਿਤ੍ਰ ਬਣਾਇਆ ਸੀ। ਉਹਦੇ ਵੇਲੇ ਤਾਂ ਲਹੌਰ ਵਿਚ ਤਹਿਲਕਾ ਮਚ ਗਿਆ ਹੋਏਗਾ। ਪਰ ਹੁਣ ਦੇ ਜ਼ਮਾਨੇ ਵਿਚ ਪੰਜਾਬੀ ਚਿਤੇਰੀਆਂ ਅਪਣੇ ਨੰਗੇ ਚਿਤ੍ਰ ਕਿਉਂ ਨਹੀਂ ਬਣਾਉਂਦੀਆਂ? ਭਜਨੋ ਤਾਂ ਇੰਗਲੈਂਡ ਦੀ ਜੰਮਪਲ਼ ਹੈ। ਇਹਨੂੰ ਕਾਹਦਾ ਸੰਕੋਚ ਹੈ?

ਇਸ ਤਸਵੀਰ ਵਾਲ਼ੀ ਤੀਵੀਂ ਦਾ ਸੰਕੋਚ ਹਰ ਕਿਸਮ ਦੀ ਸਮਾਜੀ ਬੰਦਿਸ਼ ਦਾ ਸ਼ੀਸ਼ਾ ਹੈ। ਪੰਜਾਬ ਦਾ ਇਤਿਹਾਸ ਔਰਤ ਨਾਲ਼ ਵਧੀਕੀਆਂ ਨਾਲ਼ ਭਰਿਆ ਪਿਆ ਹੈ। ਸਾਡੇ ਕੁੜੀ ਜੰਮਣਸਾਰ ਮਾਰਨ ਦੀ ਰੀਤ ਇਸ ਸਦੀ ਦੇ ਸ਼ੁਰੂ ਵਿਚ ਹੀ ਬੰਦ ਹੋਈ ਸੀ। (ਹੁਣ ਪੰਜਾਬ ਵਿਚ ਕੁੜੀ ਜੰਮਣ ਤੋਂ ਪਹਿਲਾਂ ਹੀ ਮਾਰ ਦੇਣ ਦੇ ਅੱਡੇ ਥਾਂ ਪਰ ਥਾਂ ਬਣੇ ਹੋਏ ਹਨ।) ਲੋਹੜੀ, ਰੱਖੜੀ ਵਰਦੇ ਮਰਦ ਅਹੰਕਾਰ ਵਾਲ਼ੇ ਤਿਉਹਾਰ ਪਤਾ ਨਹੀਂ ਕਦੋਂ ਰੱਦ ਹੋਣਗੇ? ਪੰਜਾਬੀ ਵਿਚ ਇਸਤਰੀ ਲਹਿਰ ਦਾ ਹਾਲੇ ਤਾਈਂ ਕੋਈ ਮੂੰਹ-ਮੱਥਾ ਨਹੀਂ ਬਣਿਆ।

ਬਹੁਤ ਘਟ ਪੰਜਾਬਣਾਂ ਨੇ ਅਪਣਾ ਸਗਲਾ ਨਗਨ ਆਪਾ ਸ਼ੀਸ਼ੇ ਅੱਗੇ ਦੇਖਿਆ ਹੋਏਗਾ ਜਾਂ ਨਿਰਵਸਤਰ ਹੋ ਕੇ ਸੇਜ ਮਾਣੀ ਹੋਏਗੀ। ਦਿੱਲੀਓਂ ਛਪਦੇ ਔਰਤਾਂ ਦੇ ਪਰਚੇ ਮਾਨੁਸ਼ੀ ਵਿਚ ਇਕ ਵਾਰ ਲੇਖ ਛਪਿਆ ਸੀ, ਜਿਸ ਵਿਚ ਔਰਤਾਂ ਨੂੰ ਅਪਣੇ ਅੰਤਰੀਵ ਅੰਗ ਦੇਖਣ ਦੇ ਤਰੀਕੇ ਸਮਝਾਏ ਗਏ ਸਨ।

ਭਜਨੋ ਦੀ ਬਣਾਈ ਤਸਵੀਰ ਵਿਚ ਤੀਵੀਂ ਦੇ ਪਿੰਡੇ ਦੇ ਉਨ੍ਹਾਂ ਅੰਗਾਂ ਵਲ ਕੋਈ ਇਸ਼ਾਰਾ ਨਹੀਂ, ਜਿਨ੍ਹਾਂ ਨੂੰ ਮਰਦ ਅਕਸਰ ਤਾੜਦਾ ਹੈ ਅਤੇ ਉਹਨੂੰ ਇਹ ਵਹਿਮ ਹੁੰਦਾ ਹੈ ਕਿ ਉਹ ਜਿਵੇਂ ਚਾਹਵੇ ਤੀਵੀਂ ਦੇ ਪਿੰਡੇ ਨੂੰ ਵਰਤ ਸਕਦਾ ਹੈ। ਇਹ ਉਹਦੀ ਧੌਂਸ ਨਹੀਂ ਮੰਨਦੀ। ਇਹ ਮਰਦ ਨੂੰ ਮਾਯੂਸ ਕਰਨ ਵਾਲ਼ੀ ਤਸਵੀਰ ਹੈ।


ਸਾਹਿਤਕ ਸਵੈਜੀਵਨੀ-2
ਪਰਿਵਾਰਕ ਪਿਛੋਕੜ
- ਵਰਿਆਮ ਸਿੰਘ ਸੰਧੂ
 
 
ਅਸੀਂ ਪੰਜ ਭੈਣ-ਭਰਾ ਹਾਂ। ਤਿੰਨ ਭੈਣਾਂ ਅਤੇ ਦੋ ਭਰਾ। ਮੈਂ ਸਭ ਤੋਂ ਵੱਡਾ ਹਾਂ। ਪਲੇਠੀ ਦਾ ਪੁੱਤ। ਪੰਜਾਬ ਦੀ ਰਵਾਇਤ ਅਨੁਸਾਰ ਕੁੜੀਆਂ ਆਪਣਾ ਪਹਿਲਾ ਬੱਚਾ ਆਪਣੇ ਪੇਕੇ ਪਿੰਡ ਜੰਮਦੀਆਂ ਸਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਚਵਿੰਡਾ ਕਲਾਂ ਵਿੱਚ ਮੈਂ 5 ਦਸੰਬਰ 1945 ਨੂੰ ਬੁੱਧਵਾਰ ਵਾਲੇ ਦਿਨ ਪੈਦਾ ਹੋਇਆ। ਉਂਜ ਸਰਕਾਰੀ ਰੀਕਾਰਡ ਅਨੁਸਾਰ ਮੇਰੀ ਜਨਮ ਮਿਤੀ 10 ਸਤੰਬਰ 1945 ਹੈ। ਮੇਰੇ ਨਾਨਕੇ ਔਲਖ ਜੱਟ ਹਨ। ਮੇਰੇ ਨਾਨੇ ਠਾਕੁਰ ਸਿੰਘ ਹੁਰਾਂ ਦੀ ਭੈਣ ਮੰਗਲ ਕੌਰ (ਮੰਗਲੀ) ਲਾਹੌਰ ਜ਼ਿਲ੍ਹੇ ਦੀ ਕਸੂਰ ਤਹਿਸੀਲ ਦੇ ਵੱਡੇ ਅਤੇ ਨਾਮੀਂ ਪਿੰਡ ਭਡਾਣਾ ਵਿੱਚ ਹਰੀ ਸਿੰਘ ਨਾਲ ਵਿਆਹੀ ਹੋਈ ਸੀ। ਹਰੀ ਸਿੰਘ ਤੋਂ ਛੋਟੇ ਉਸਦੇ ਦੋ ਭਰਾ ਸਨ; ਚੰਦਾ ਸਿੰਘ ਅਤੇ ਬਿਸ਼ਨ ਸਿੰਘ। ਸਭ ਤੋਂ ਛੋਟਾ ਬਿਸ਼ਨ ਸਿੰਘ ਸਿੱਧੜ ਹੋਣ ਕਰਕੇ ਅਣਵਿਆਹਿਆ ਰਿਹਾ ਅਤੇ ਆਪਣੇ ਵੱਡੇ ਭਰਾਵਾਂ ਦਾ ਮਾਲ-ਡੰਗਰ ਸਾਂਭਦਾ। ਚੰਦਾ ਸਿੰਘ, ਜਿਸਨੇ ਭਵਿੱਖ ਵਿੱਚ ਮੇਰਾ ਦਾਦਾ ਬਣਨਾ ਸੀ, ਲਾਹੌਰ ਜ਼ਿਲ੍ਹੇ ਦੇ ਇੱਕ ਹੋਰ ਵੱਡੇ ਪਿੰਡ ਸੁਰ ਸਿੰਘ ਵਿੱਚ ਪਾਲਾ ਸਿੰਘ ਦੀ ਧੀ ਧੰਨ ਕੌਰ ਨਾਲ ਵਿਆਹਿਆ ਗਿਆ।
ਪਾਲਾ ਸਿੰਘ ਦਾ ਪਿਤਾ ਕਿਸ਼ਨ ਸਿੰਘ ਘੋੜੇ ਪਾਲਣ ਦਾ ਸ਼ੌਕੀਨ ਹੋਣ ਕਰਕੇ ਸਮੁੱਚੇ ਇਲਾਕੇ ਵਿੱਚ ਪ੍ਰਸਿੱਧ ਸੀ। ਉਸਦੀ ਪ੍ਰਸਿੱਧੀ ਦਾ ਕਾਰਨ ਅਜਿਹਾ ਵਿਗਿਆਨਕ ਹੁਨਰ ਉਸ ਕੋਲ ਹੋਣਾ ਸੀ, ਜਿਸ ਸਦਕਾ ਉਹ ਆਪਣੇ ਸ੍ਹਾਨ ਘੋੜੇ ਰਾਹੀਂ ਗਰਭਿਤ ਹੋਈ ਘੋੜੀ ਦੇ ਮਾਲਕ ਦੇ ਮਨਚਾਹੇ ਰੰਗ ਦਾ ਵਛੇਰਾ/ਵਛੇਰੀ ਪੈਦਾ ਕਰਵਾ ਸਕਦਾ ਸੀ। ਦੱਸਣ ਵਾਲੇ ਦੱਸਦੇ ਹਨ ਕਿ ਉਹ ਘੋੜੇ ਦਾ ਵੀਰਜ ਕੈਂਹ ਦੇ ਛੰਨੇ ਵਿੱਚ ਪਾ ਕੇ ਉਸ ਵਿੱਚ ਲੋੜੀਂਦਾ ਨਿਸਚਿਤ ਰੰਗ ਮਿਲਾ ਕੇ ਨੜੇ ਦੇ ਖੋਲ ਵਿੱਚ ਪਾਉਂਦਾ ਅਤੇ ਫ਼ਿਰ ਉਸ ਨੜੇ ਨੂੰ ਘੋੜੀ ਦੀ ਬੱਚੇਦਾਨੀ ਤੱਕ ਪੁਚਾ ਕੇ ਪਿੱਛੋਂ ਫ਼ੂਕ ਮਾਰਦਾ। ਵੀਰਜ ਘੋੜੀ ਦੇ ਗਰਭ ਅੰਦਰ ਪਹੁੰਚ ਜਾਂਦਾ। ਇਹ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਦੰਦ-ਕਥਾ ਹੈ। ਅਸਲ ਵਿਧੀ ਪਤਾ ਨਹੀਂ ਉਹ ਕੀ ਅਖ਼ਤਿਆਰ ਕਰਦਾ ਸੀ। ਪਰ ਹੋਵੇਗੀ ਉਹ ਨਿਸਚੈ ਹੀ ਕੋਈ ਵਿਗਿਆਨਕ-ਵਿਧੀ। ਉਂਜ ਅਨਪੜ੍ਹ ਕਿਸਾਨ ਕੋਲ ਇਸ ਹੁਨਰ ਦਾ ਹੋਣਾ ਉਸਨੂੰ ਹੈਰਾਨੀ ਭਰੀ ਸ਼ਲਾਘਾ ਦਾ ਪਾਤਰ ਬਣਾਉਂਦਾ ਹੈ। ਉਸ ਬਾਰੇ ਇਹ ਕਹਾਣੀ ਵੀ ਪ੍ਰਸਿੱਧ ਸੀ ਕਿ ਇੱਕ ਵਾਰ ਉਸਦੀ ਇਸ ਸ਼ੋਭਾ ਨੂੰ ਸੁਣ ਕੇ ਲਾਹੌਰ ਦੇ ਡੀ ਸੀ ਨੇ ਅਹਿਲਕਾਰ ਭੇਜ ਕੇ ਆਪਣੇ ਕੋਲ ਸੱਦਿਆ। ਅਹਿਲਕਾਰ ਨੇ ਆਪਣੇ ਆਉਣ ਦਾ ਮਕਸਦ ਪਹਿਲਾਂ ਹੀ ਦੱਸ ਦਿੱਤਾ ਸੀ। 'ਸਾਹਬ-ਬਹਾਦਰ' ਨੂੰ ਆਪਣੀ ਘੋੜੀ ਤੋਂ ਕਾਲੇ-ਚਿੱਟੇ ਡੱਬਾਂ ਵਾਲਾ ਬੱਚਾ ਚਾਹੀਦਾ ਸੀ। ਕਿਸ਼ਨ ਸਿੰਘ ਨੇ ਆਪਣੇ ਰੰਗਾਂ ਜਾਂ ਹੋਰ ਲੋੜੀਂਦੀਆਂ ਚੀਜ਼ਾਂ ਨੂੰ ਡੱਬੀ ਵਿੱਚ ਪਾਇਆ ਅਤੇ ਡੱਬੀ ਖੱਦਰ ਦੇ ਲੰਮੇ ਕੁੜਤੇ ਦੀ ਅੰਦਰਲੀ ਵੱਡੀ ਜੇਬ ਵਿੱਚ ਪਾ ਲਈ। ਨਾਲ ਲੈ ਲਿਆ ਨੜਾ। ਸ੍ਹਾਨ ਘੋੜਾ ਤਾਂ ਉਹ ਨਾਲ ਲੈ ਕੇ ਗਿਆ ਹੀ ਸੀ। ਉਹ ਡੀ ਸੀ ਦੇ ਪੇਸ਼ ਹੋਇਆ ਤਾਂ ਡੀ ਸੀ ਨੇ ਪੁੱਛਿਆ,
"ਵੈੱਲ ਕਿਸ਼ਨ ਸਿੰਘ! ਅਪਨਾ ਗੋੜ੍ਹਾ ਸਾਥ ਲਾਇਆ ਹੈ?"
"ਜੀ ਘੋੜਾ ਤਾਂ ਮੇਰੇ ਬੋਝੇ ਵਿੱਚ ਹੈ।" ਕਿਸ਼ਨ ਸਿੰਘ ਨੇ ਜੇਬ ਵਿੱਚ ਪਈ ਡੱਬੀ ਉੱਤੇ ਹੱਥ ਰੱਖਿਆ ਅਤੇ ਮੁੱਛਾਂ ਵਿੱਚ ਹੱਸਿਆ।
"ਬੋਝੇ ਵਿੱਚ?" ਹੈਰਾਨ ਹੋਏ ਡੀ ਸੀ ਨੇ ਪੱਛਿਆ।
ਨਾਲ ਗਏ ਬੰਦੇ ਨੇ ਵਿਆਖਿਆ ਕੀਤੀ ਤਾਂ ਡੀ ਸੀ ਮੁਸਕਰਾ ਪਿਆ।
ਕਹਿੰਦੇ ਨੇ ਜਦੋਂ ਡੀ ਸੀ ਦੀ ਘੋੜੀ ਨੇ ਬੱਚਾ ਦਿੱਤਾ ਤਾਂ ਉਹਦਾ ਆਪਣਾ ਮਨ-ਚਾਹਿਆ ਰੰਗ ਵੇਖ ਕੇ ਉਹ ਧੰਨ-ਧੰਨ ਹੋ ਗਿਆ।
ਕੁਝ ਚਿਰ ਬਾਦ ਜਦੋਂ ਬਾਰ ਵਿੱਚ ਜ਼ਮੀਨਾਂ ਅਲਾਟ ਕਰਨ ਦੀ ਲੱਗੀ ਡਿਊਟੀ ਸਮੇਂ ਉਸ ਡੀ ਸੀ ਨੇ ਕਿਸ਼ਨ ਸਿੰਘ ਨੂੰ ਚਿੱਠੀ ਭਿਜਵਾਈ ਕਿ ਉਹ ਉਸਨੂੰ ਮਿਲੇ ਤਾਂ ਕਿ ਉਹਦੀ ਇੱਛਾ ਅਨੁਸਾਰ ਉਸਨੂੰ ਨਵੀਂ ਵਸਾਈ ਜਾ ਰਹੀ ਬਾਰ ਵਿੱਚ ਜ਼ਮੀਨ ਅਲਾਟ ਕੀਤੀ ਜਾ ਸਕੇ। ਕਿਸ਼ਨ ਸਿੰਘ ਨੇ ਉਹ ਚਿੱਠੀ ਪੜ੍ਹਵਾ ਕੇ ਇੱਕ ਪਾਸੇ ਰੱਖ ਛੱਡੀ ਅਤੇ ਡਿਓੜ੍ਹੀ ਵਿੱਚ ਆਪਣੇ ਕੋਲ ਬੈਠੇ ਬੰਦਿਆਂ ਨੂੰ ਆਖਿਆ, "ਮੇਰੇ ਕੋਲ ਪਹਿਲਾਂ ਹੀ ਫੂਕਣ ਜੋਗੀ ਜ਼ਮੀਨ ਐ…ਮੈਂ ਜ਼ਮੀਨ ਦਾ ਕੀ ਕਰਨਾ…।"
ਇਹ ਤਾਂ ਵੱਖਰੀ ਗੱਲ ਹੈ ਕਿ ਲੋਕਾਂ ਦੇ ਆਖਣ-ਵੇਖਣ ਤੇ ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਆਪਣੇ ਪਿਓ ਤੋਂ ਚੋਰੀ, 'ਸਾਹਬ-ਬਹਾਦਰ' ਨੂੰ, ਪੁੱਛ-ਪੁਛਾ ਕੇ, ਦੌਰੇ ਦੇ ਕਿਸੇ ਅਗਲੇ ਪੜਾਅ 'ਤੇ, ਆਪਣੇ ਪਿਓ ਵੱਲੋਂ ਜਾ ਮਿਲਿਆ। ਕਾਫ਼ੀ ਪਛੜ ਕੇ ਪੁੱਜਣ 'ਤੇ ਵੀ ਉਸਨੂੰ ਦੋ ਮੁਰੱਬੇ ਜ਼ਮੀਨ ਅਲਾਟ ਕਰ ਦਿੱਤੀ ਗਈ।
"ਨਹੀਂ ਤਾਂ ਸਰਦਾਰ ਜੇ ਆਪ ਵੇਲੇ ਸਿਰ ਸਾਹਬ ਕੋਲ ਚਲਾ ਜਾਂਦਾ ਤਾਂ ਪਤਾ ਨਹੀਂ ਉਸਨੇ ਕਿੰਨੀ ਕੁ ਜ਼ਮੀਨ ਉਸਨੂੰ ਦੇ ਛੱਡਣੀ ਸੀ!" ਪਿੰਡ ਸੁਰ ਸਿਘ ਦਾ ਬਜ਼ੁਰਗ ਨੰਦ ਸਿੰਘ ਹਸਰਤ ਨਾਲ ਦੱਸਦਾ ਹੁੰਦਾ ਸੀ, "ਉਦੋਂ ਸੁਰ ਸਿੰਘ 'ਕਿਸ਼ਨ ਸਿੰਘ ਵਾਲਾ ਸੁਰ ਸਿੰਘ' ਕਰਕੇ ਵੱਜਦਾ ਹੁੰਦਾ ਸੀ…ਦੂਰ ਦੂਰ ਤਾਈਂ। ਡਿਓੜ੍ਹੀ ਵਿੱਚ ਰੌਣਕ ਲੱਗੀ ਰਹਿੰਦੀ। ਪੰਜ-ਸੱਤ ਮੰਜੇ ਡੱਠੇ ਰਹਿੰਦੇ ਸਨ ਹਰ ਵੇਲੇ। ਡਿਓੜ੍ਹੀ ਦਾ ਗਾਡੀ-ਦਰਵਾਜ਼ਾ ਹਰ ਆਏ ਗਏ ਬੰਦੇ ਲਈ ਖੁੱਲ੍ਹਾ ਰਹਿੰਦਾ। ਰਾਹੀ-ਪਾਂਧੀ ਲੰਘਦੇ-ਆਉਂਦੇ ਸਰਦਾਰ ਨੂੰ ਸਾਸਰੀ ਕਾਲ ਆਖਦੇ। ਲੱਸੀ-ਪਾਣੀ ਪੀਂਦੇ, ਅਰਾਮ ਕਰਦੇ, ਲੋੜ ਪੈਣ 'ਤੇ ਰਾਤ-ਬਰਾਤੇ ਵੀ ਸਰਦਾਰ ਉਹਨਾਂ ਦੀ ਠਾਹਰ ਹੁੰਦਾ……ਐਹਨਾਂ ਚਾਰ ਕੋਠੜੀਆਂ 'ਚ ਚਾਰ ਸ੍ਹਾਨ ਘੋੜੇ ਹੁੰਦੇ ਸਨ; ਦਰਸ਼ਨੀ……ਇੱਕ ਇੱਕ ਕੋਠੜੀ 'ਚ ਇੱਕ ਇੱਕ ਘੋੜਾ…ਘੋੜਿਆਂ ਨੂੰ ਦਾਣਾ ਅਤੇ ਪੱਠਾ-ਦੱਥਾ ਪਾਉਣ ਨੂੰ ਅਤੇ ਮਾਲਸ਼ ਅਤੇ ਖਰਖਰਾ ਕਰਨ ਲਈ ਬੰਦੇ ਰੱਖੇ ਹੁੰਦੇ…"
ਕਿਸ਼ਨ ਸਿੰਘ ਹੁਰਾਂ ਦਾ ਰਿਹਾਇਸ਼ੀ ਘਰ ਉਹਨਾਂ ਦੀ ਪੱਤੀ 'ਚੰਦੂ ਕੀ' ਵਿੱਚ ਹੁੰਦਾ ਸੀ। ਦੋ-ਮੰਜ਼ਿਲਾ, ਦੋ ਚੁਬਾਰਿਆਂ ਵਾਲਾ ਪੱਕਾ ਉੱਚਾ ਅਤੇ ਖੁੱਲ੍ਹਾ ਘਰ। ਡੇਢ ਕਨਾਲ ਦੀ ਹਵੇਲੀ ਪਿੰਡ ਦੇ ਐਨ ਵਿਚਕਾਰ ਮਾਲ-ਡੰਗਰ ਸਾਂਭਣ ਵਾਸਤੇ ਰੱਖੀ ਹੋਈ ਸੀ। ਜਿਸਦੀ ਉੱਚੀ ਛੱਤ ਵਾਲੀ ਖੁੱਲ੍ਹੀ ਅਤੇ ਪੱਕੀ ਡਿਓੜ੍ਹੀ ਦਾ ਗਾਡੀ-ਦਰਵਾਜ਼ਾ ਕਸਬਾ-ਨੁਮਾ ਪਿੰਡ ਦੇ ਬਾਜ਼ਾਰ ਵਿੱਚ ਖੁੱਲ੍ਹਦਾ। ਆਸੇ ਪਾਸੇ ਸਭ ਬਾਹਮਣਾਂ-ਖੱਤਰੀਆਂ ਦੇ ਘਰ ਅਤੇ ਦੁਕਾਨਾਂ ਸਨ। ਵਿਚਕਾਰ ਇੱਕੋ ਇੱਕ ਸੀ ਕਿਸ਼ਨ ਸਿੰਘ ਦੀ ਹਵੇਲੀ।
'ਘੋੜਿਆਂ ਵਾਲੇ ਸਰਦਾਰ' ਕਹਿ ਕੇ ਜਾਣੇ ਜਾਂਦੇ ਇਸ ਪਰਿਵਾਰ ਵਿੱਚ ਹੀ ਵਿਆਹਿਆ ਗਿਆ ਸੀ ਮੇਰਾ ਦਾਦਾ ਚੰਦਾ ਸਿੰਘ। ਕਿਸ਼ਨ ਸਿੰਘ ਦਾ ਪੁੱਤਰ ਪਾਲਾ ਸਿੰਘ ਉਸਦਾ ਸਹੁਰਾ ਸੀ। ਦੋ ਸਾਲੇ ਸਨ ਹਕੀਕਤ ਸਿੰਘ ਅਤੇ ਗ਼ਰੀਬ ਸਿੰਘ। ਮੇਰੇ ਦਾਦੇ ਦੇ ਛੋਟੇ ਸਾਲੇ ਹਕੀਕਤ ਸਿੰਘ ਦੇ ਘਰ ਕੋਈ ਔਲਾਦ ਨਹੀਂ ਸੀ।
ਚੰਦਾ ਸਿੰਘ ਅਤੇ ਧੰਨ ਕੌਰ ਦੇ ਘਰ ਪਲੇਠੀ ਦੀ ਧੀ ਗੁਰਮੇਜੋ ਪੈਦਾ ਹੋਈ। ਉਸ ਤੋਂ ਚਾਰ ਕੁ ਸਾਲ ਪਿੱਛੋਂ ਧੰਨ ਕੌਰ ਨੇ ਮੇਰੇ ਪਿਤਾ ਦੀਦਾਰ ਸਿੰਘ ਨੂੰ ਜਨਮ ਦਿੱਤਾ ਅਤੇ ਉਸਦੇ ਜਨਮ ਸਮੇਂ ਹੀ ਕੋਈ ਕਸਰ ਜਾਂ ਬੀਮਾਰੀ ਹੋ ਜਾਣ ਕਰਕੇ ਉਹ ਛੇ ਕੁ ਮਹੀਨੇ ਬਾਅਦ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਈ। ਮੇਰਾ ਦਾਦਾ ਚੰਦਾ ਸਿੰਘ ਇਕੱਲਾ ਰਹਿ ਗਿਆ ਸੀ ਇਹਨਾਂ ਮਾਂ-ਮਹਿੱਟਰਾਂ ਨੂੰ ਪਾਲਣ ਵਾਸਤੇ।
ਉਂਜ ਵੀ ਉਸਦੀਆਂ ਰੁਚੀਆਂ ਘਰ ਟਿਕ ਕੇ ਬੈਠਣ ਵਾਲੀਆਂ ਨਹੀਂ ਸਨ। ਉਹ ਮਾਰ-ਖ਼ੋਰਾ ਅਤੇ ਲੜਾਕਾ ਬੰਦਾ ਸੀ। ਮੈਂ ਜਦੋਂ ਵੀ ਉਸ ਕੋਲੋਂ ਉਹਦੀ ਜਵਾਨੀ ਦੀਆਂ ਗੱਲਾਂ-ਬਾਤਾਂ ਸੁਣਨੀਆਂ ਤਾਂ ਉਹਨਾਂ ਵਿੱਚ ਹਮੇਸ਼ਾਂ ਹੀ ਕਿਸੇ ਲੜਾਈ-ਭੜਾਈ ਦਾ ਜ਼ਿਕਰ ਹੀ ਹੁੰਦਾ। ਉਹ ਬੜੇ ਸਹਿਜ-ਭਾਅ ਦੱਸਦਾ ਰਹਿੰਦਾ:
"ਸਾਡੀ…ਨਾਲ ਦੁਸ਼ਮਣੀ ਸੀ। ਦੋ ਵਾਰ ਅਸਾਂ ਉਹਨਾਂ ਦੇ ਸੱਟਾਂ ਲਾਈਆਂ। ਤਿੱਜੀ ਵਾਰ ਉਹਨਾਂ ਨੇ ਮੈਨੂੰ ਘੇਰ ਲਿਆ। ਗਲੀ ਦੇ ਮੋੜ 'ਤੇ, ਉਹ ਪੰਦਰਾਂ ਵੀਹ ਬੰਦੇ 'ਕੱਠੇ ਹੀ ਖੜੋਤੇ ਸਨ, ਡਾਂਗਾਂ ਲੈ ਕੇ। ਉਦੋਂ ਡਾਂਗਾਂ ਦੀਆਂ ਲੜਾਈਆਂ ਹੁੰਦੀਆਂ ਸਨ। ਮੈਂ 'ਕੱਲ੍ਹਾ ਹੀ ਗੁਰਦਵਾਰਿਓਂ ਮੱਥਾ ਟੇਕ ਕੇ ਤੁਰਿਆ ਜਾਂਦਾ ਸਾਂ। ਅੱਗੇ ਬੰਦੇ ਵੇਖ ਕੇ ਮੈਂ ਪਿੱਛੇ ਨੂੰ ਗਲੀ 'ਚ ਭੱਜਣ ਲਈ ਮੁੜਿਆ। ਪਿੱਛੇ ਵੀ ਬੰਦੇ ਖਲੋਤੇ ਸਨ। ਮੌਤ ਸਾਹਮਣੇ ਸੀ। ਖੱਬੇ ਹੱਥ ਇੱਕ ਆਵਾ ਬਲਦਾ ਪਿਆ ਸੀ; ਇੱਟਾਂ ਪਕਾਉਣ ਵਾਸਤੇ। ਮੈਂ ਆਖਿਆ! ਚੰਦਾ ਸਿਅ੍ਹਾਂ! ਹੁਣ ਤਾਂ ਇੱਧਰ ਹੀ ਭੱਜਣਾ ਪਊ……ਲਓ ਜੀ! ਮੈਂ ਬਲਦੇ ਆਵੇ ਵਿੱਚੋਂ ਹੀ ਭੱਜ ਕੇ ਨਿਕਲ ਗਿਆ। ਤੇ ਭੱਜਣ 'ਚ ਤਾਂ ਮੈਂ ਘੋੜੀਆਂ ਨੂੰ ਵੀ ਡਾਹ ਨਹੀਂ ਸਾਂ ਦੇਂਦਾ।"
"ਮੈਂ ਹੁਣ ਠੀਕ ਠਾਕ ਹਾਂ" ਕਹਾਣੀ ਵਿੱਚ ਜੋਗਿੰਦਰ ਦੇ ਅਣਖ਼ੀਲੇ ਦਾਦੇ ਨਾਲ ਸੰਬੰਧਤ ਵਾਰਤਾ ਅਸਲ ਵਿੱਚ ਮੇਰੇ ਬਾਪੂ ਚੰਦਾ ਸਿੰਘ ਨਾਲ ਸੰਬੰਧਤ ਹੀ ਸੀ।
ਇੰਜ ਹੀ ਉਸਨੇ ਦੱਸਣਾ:
"ਇੱਕ ਵਾਰ ਭੋਲੇ ਭਾਅ ਹੀ ਮੈਥੋਂ ਬੰਦਾ ਮਰ ਗਿਆ। ਗੱਲ ਇਓਂ ਹੋਈ ਕਿ ਮੈਂ ਆਪਣੀ ਢਾਣੀ ਨਾਲ ਤਰਨਤਾਰਨ ਮੱਸਿਆ ਵੇਖਣ ਚੱਲਿਆ ਸਾਂ। ਕੋਈ ਜਾਣੂ ਰਾਹ ਵਿੱਚ ਮਿਲਣ ਕਰਕੇ ਮੈਂ ਉਸ ਨਾਲ ਗੱਲੀਂ ਪੈ ਗਿਆ ਅਤੇ ਢਾਣੀ ਅੱਗੇ ਨਿਕਲ ਗਈ। ਜਾਣੂ ਨਾਲ ਗੱਲਬਾਤ ਕਰਕੇ, ਢਾਣੀ ਨਾਲ ਮਿਲਣ ਵਾਸਤੇ ਛੇਤੀ ਛੇਤੀ ਤੁਰਿਆ ਜਾ ਰਿਹਾ ਸਾਂ। 'ਸੋਹਲਾਂ' ਦੇ ਬਾਹਰਵਾਰ ਨਿਆਈਆਂ ਵਿੱਚ ਕਿਸੇ ਜੱਟ ਨੇ ਕਣਕ ਨੂੰ ਪਾਣੀ ਲਾਇਆ ਹੋਇਆ ਸੀ। ਮੈਂ ਨੰਗੇ ਪੈਰੀਂ ਸਾਂ ਅਤੇ ਆਪਣੀ ਤਿੱਲੇ ਵਾਲੀ ਜੁੱਤੀ ਡਾਂਗ ਦੇ ਸੰਮ ਉੱਤੇ ਅੜਾ ਕੇ ਡਾਂਗ ਮੋਢੇ ਉੱਤੇ ਰੱਖੀ ਹੋਈ ਸੀ। ਕੋਲੋਂ ਲੰਘਣ ਲੱਗਾ ਤਾਂ ਮੇਰੀ ਜੁੱਤੀ ਵੱਲ ਵੇਖ ਕੇ ਉਹ ਜੱਟ ਮਖੌਲ ਨਾਲ ਆਖਣ ਲੱਗਾ, 'ਕਿੱਡਾ ਅਹਿਮਕ ਜੱਟ ਐ ਓਏ! ਜੁੱਤੀ ਸਿਰ ਉੱਤੋਂ ਉੱਚੀ ਚੁੱਕੀ ਹੋਈ ਸੂ…।"
ਮੈਨੂੰ ਉਹਦੀ ਗੱਲ ਚੁਭ ਗਈ।
"ਤੇਰੇ ਢਿੱਡ ਪੀੜ ਹੁੰਦੀ ਆ, ਓਏ!"
"ਢਿੱਡ ਪੀੜ ਮੇਰੇ ਕਿਓਂ ਹੋਊ ਸਹੁਰਿਆ! ਪਰ ਸਿਰ ਪੱਗ ਵਾਸਤੇ ਹੁੰਦਾ…ਜੁੱਤੀਆਂ ਵਾਸਤੇ ਨਹੀਂ……।"
ਆਪਣੀ ਗਲੀ ਵਿੱਚ ਤਾਂ ਕੁੱਤਾ ਵੀ ਸ਼ੇਰ ਹੁੰਦਾ ਹੈ ਪਰ ਉਹ ਤਾਂ ਛੇ ਫੁੱਟਾ ਹੱਟਾ-ਕੱਟਾ ਗੱਭਰੂ ਸੀ। ਆਪਣੇ ਪਿੰਡ ਤੇ ਆਪਣੀ ਜ਼ਮੀਨ ਵਿੱਚ ਖਲੋਤਾ ਹੋਇਆ। ਪਰ ਮੈਨੂੰ ਉਹਦੀ ਇਹ ਗੱਲ ਲੜ ਗਈ ਸੀ। ਜੁੱਤੀ ਲਾਹ ਕੇ ਮੈਂ ਥੱਲੇ ਸੁੱਟੀ ਅਤੇ ਸਵ੍ਹਾਰੀ ਕਰਕੇ ਡਾਂਗ ਮਾਰੀ ਉਹਦੀ ਪੁੜਪੁੜੀ ਵਿੱਚ। ਡਾਂਗ ਟਿਕਾਣੇ ਵੱਜ ਗਈ ਅਤੇ ਉਹ 'ਸਰਦਾਰ ਜੀ', ਫੁੜਕ ਕੇ ਔਹ ਜਾ ਪਿਆ। ਮੈਂ ਜਾ ਵੜਿਆ ਭੱਜ ਕੇ ਆਪਣੀ ਢਾਣੀ 'ਚ।"
"ਪਿੱਛੋਂ ਪੁਲਿਸ ਤੋਂ ਬਚਣ ਲਈ ਭੱਜ ਕੇ ਚੀਨ ਚਲਿਆ ਗਿਆ। ਓਥੋਂ ਤਿੰਨੀ ਸਾਲੀਂ ਪੁਲਿਸ ਫੜ ਕੇ ਲਿਆਈ…ਤੁਹਾਡੀ ਦਾਦੀ ਨੂੰ ਮਨੀਆਰਡਰ ਘੱਲਿਆ ਸੀ। ਉਹਦੇ ਤੋਂ ਪੁਲਿਸ ਨੂੰ ਮੇਰਾ ਪਤਾ ਲੱਗ ਗਿਆ। ਉਂਜ ਮੌਕੇ ਦਾ ਗਵਾਹ ਨਾ ਮਿਲਣ ਕਰਕੇ ਮੈਂ ਛੇਤੀ ਹੀ ਬਰੀ ਹੋ ਗਿਆ।"
ਕਈ ਸਾਲ ਹੋਏ ਮੈਂ ਆਪਣੇ ਜੱਦੀ ਪਿੰਡ ਭਡਾਣੇ ਦੇ ਗੁਆਂਢੀ ਪਿੰਡ ਨੌਸ਼ਹਿਰੇ-ਢਾਲੇ ਦੇ ਇੱਕ ਪੁਰਾਣੇ ਬਜ਼ੁਰਗ ਨੂੰ ਪੁੱਛਿਆ ਕਿ ਕੀ ਉਹਨੇ ਭਡਾਣੇ ਵਾਲੇ ਚੰਦਾ ਸਿੰਘ ਦਾ ਨਾਮ ਸੁਣਿਆ ਹੋਇਆ ਹੈ। ਉਸਨੇ ਹੁੱਭ ਕੇ ਦੱਸਿਆ, "ਕੀ ਰੀਸਾਂ ਸੀ ਓਸ ਜੱਟ ਦੀਆਂ! ਉਹਨੂੰ ਪੁੱਠੀ-ਸਿੱਧੀ ਗੱਲ ਕਰਕੇ ਕਿਸੇ ਜਾਣਾ ਕਿੱਥੇ ਹੁੰਦਾ ਸੀ? ਉਸ ਜਵਾਨ ਨਾਲ ਦਾ ਸੋਟਾ ਕਿਸੇ ਕੀ ਮਾਰ ਸਕਣਾ ਹੋਇਆ! ਅਗਲੇ ਦਾ ਸੋਟਾ ਝੱਲ ਕੇ ਫ਼ਿਰ ਵਾਰ ਕਰਨਾ, ਇਹ ਕੋਈ ਚੰਦਾ ਸਿੰਘ ਤੋਂ ਸਿੱਖਦਾ। ਬੰਦਿਆਂ ਦਾ ਵੀ ਕੋਈ ਘਾਟਾ ਨਹੀਂ ਸੀ। ਚਾਰ ਤਾਂ ਭਤੀਏ ਸੀ ਉਹਦੇ ਪਿੱਛੇ ਕੰਧ ਬਣ ਕੇ ਖਲੋਣ ਵਾਲੇ। ਚਾਰੇ ਕੜੀ ਵਰਗੇ ਜਵਾਨ; ਤਿੰਨ ਭਰਾ ਉਹ ਆਪ।"
ਅੱਜ ਤੱਕ ਲੱਖ ਦਬਾਉਣ ਉੱਤੇ ਵੀ ਮੇਰੇ ਅੰਦਰੋਂ ਕਦੇ ਕਦੇ ਮੇਰਾ ਜਟਕਾ ਰੰਘੜਊ ਜਾਗ ਪੈਂਦਾ ਹੈ। ਕਿਸੇ ਦਾ ਵਾਧਾ, ਧੱਕਾ ਜਾਂ ਟੇਢਾ ਮਖੌਲ ਮੈਨੂੰ ਧੁਖਣ ਅਤੇ ਬਲਣ ਲਾ ਦਿੰਦਾ ਹੈ। ਕਿਸੇ ਸਮੇਂ ਜੇ ਮੈਂ ਤੇਜ਼-ਤਰਾਰ ਕਿਸਮ ਦੀ ਨਕਸਲਵਾਦੀ ਲਹਿਰ ਦੇ ਪ੍ਰਭਾਵ ਅਧੀਨ ਆ ਗਿਆ ਸਾਂ ਤਾਂ ਇਸ ਪਿੱਛੇ ਹੋਰ ਕਈ ਕਾਰਨਾਂ ਤੋਂ ਇਲਾਵਾ ਮੇਰੇ ਦਾਦੇ ਚੰਦਾ ਸਿੰਘ ਤੋਂ ਮਿਲਿਆ ਖਾੜਕੂਪਣ ਵੀ ਮੇਰੇ ਸੰਸਕਾਰਾਂ ਦਾ ਹਿੱਸਾ ਬਣ ਕੇ ਮੇਰੀ ਸ਼ਖ਼ਸੀਅਤ ਨੂੰ ਪ੍ਰਭਾਵਿਤ ਕਰਨ ਵਾਲਾ ਇੱਕ ਕਾਰਨ ਜ਼ਰੂਰ ਰਿਹਾ ਹੋਵੇਗਾ।
ਪਤਨੀ ਦੀ ਮੌਤ ਹੋ ਜਾਣ 'ਤੇ ਛੋਟੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਿਰ ਉੱਤੇ ਆਣ ਪਈ ਕਰ ਕੇ ਚੰਦਾ ਸਿੰਘ ਡਾਢਾ ਪਰੇਸ਼ਾਨ ਸੀ। ਪਰ ਇਸ ਪਰੇਸ਼ਾਨੀ ਨੂੰ ਉਸਦੇ ਛੋਟੇ ਸਾਲੇ ਹਕੀਕਤ ਸਿੰਘ ਅਤੇ ਉਸਦੀ ਪਤਨੀ ਹਰਨਾਮ ਕੌਰ ਨੇ ਛੇਤੀ ਹੀ ਦੂਰ ਕਰ ਦਿੱਤਾ। ਹਰਨਾਮ ਕੌਰ ਨੇ ਆਪਣੀ ਨਣਾਨ, ਮੇਰੀ ਦਾਦੀ ਧੰਨ ਕੌਰ ਦੇ ਸਸਕਾਰ ਪਿੱਛੋਂ ਹੀ ਉਸਦਾ ਬੱਚਾ, ਮੇਰਾ ਹੋਣ ਵਾਲਾ ਪਿਤਾ, ਆਪਣੀ ਗੋਦ ਵਿੱਚ ਲੈ ਲਿਆ ਅਤੇ ਸਭ ਦੇ ਸਾਹਮਣੇ ਐਲਾਨ ਕਰ ਦਿੱਤਾ, "ਵੀਰਾ ਚੰਦਾ ਸਿਅ੍ਹਾਂ! ਅੱਜ ਤੋਂ ਗੇਜੋ ਅਤੇ ਦੀਦਾਰ ਸਿੰਘ ਸਾਡੇ ਹੋਏ…।"
ਹਰਨਾਮ ਕੌਰ ਦਾ ਪਿੰਡ ਪਠਾਣ-ਕੇ ਭਡਾਣੇ ਦੇ ਨੇੜੇ ਹੀ ਸੀ। ਇਹ ਪਿੰਡ ਵੀ ਭਡਾਣੇ ਵਾਂਗ 'ਸੰਧੂਆਂ ਦਾ ਪਿੰਡ' ਹੀ ਸੀ। ਗੋਤ ਵੱਲੋਂ ਸੰਧੂ ਹੋਣ ਕਰਕੇ ਉਹ ਚੰਦਾ ਸਿੰਘ ਨੂੰ ਭਰਾ ਹੀ ਸਮਝਦੀ ਤੇ ਆਖਦੀ ਸੀ। ਹਕੀਕਤ ਸਿੰਘ ਅਤੇ ਹਰਨਾਮ ਕੌਰ ਦਾ ਆਪਣਾ ਕੋਈ ਬੱਚਾ ਨਹੀਂ ਸੀ। ਦੋਵੇਂ ਜੀਅ, ਦੋਹਾਂ ਬੱਚਿਆਂ ਗੁਰਮੇਜ ਕੌਰ (ਮੇਰੀ ਭੂਆ) ਅਤੇ ਦੀਦਾਰ ਸਿੰਘ (ਮੇਰੇ ਪਿਤਾ) ਨੂੰ ਸੁਰ ਸਿੰਘ ਆਪਣੇ ਨਾਲ ਲੈ ਆਏ। ਹਰਨਾਮ ਕੌਰ ਨੇ ਮੇਰੇ ਪਿਤਾ ਨੂੰ ਆਪਣਾ ਪੁੱਤਰ ਸਮਝ ਕੇ ਬੜੀ ਰੀਝ ਅਤੇ ਮੁਹੱਬਤ ਨਾਲ ਪਾਲਿਆ। ਮੋਹ-ਵੱਸ ਉਹਦੇ ਦੁੱਧ ਉੱਤਰ ਆਇਆ ਸੀ ਅਤੇ ਮੇਰਾ ਪਿਤਾ ਉਸਦਾ ਦੁੱਧ ਪੀ ਕੇ ਹੀ ਵੱਡਾ ਹੋਇਆ। ਉਹੋ ਹੀ ਅਸਲ ਵਿੱਚ ਉਸਦੀ ਮਾਂ ਸੀ। ਸਾਡੇ ਭੈਣ-ਭਰਾਵਾਂ ਦੀ ਵੀ ਅਸਲ ਦਾਦੀ ਉਹੋ ਹੀ ਸੀ। ਜੋ ਪਿਆਰ ਦੁਲਾਰ ਉਸਨੇ ਮੇਰੇ ਪਿਓ ਅਤੇ ਸਾਡੇ ਭੈਣ-ਭਰਾਵਾਂ ਨਾਲ ਕੀਤਾ ਉਹ ਕਿਸੇ ਸਕੀ ਦਾਦੀ ਨੇ ਵੀ ਕਾਹਨੂੰ ਕਰ ਸਕਣਾ ਹੈ! ਹੁਣ ਵੀ ਮੈਨੂੰ ਇਹ ਕਹਿੰਦਿਆਂ ਸ਼ਰਮ ਆ ਰਹੀ ਹੈ ਕਿ ਮੇਰੀ ਸਕੀ ਦਾਦੀ ਹਰਨਾਮ ਕੌਰ ਨਹੀਂ, ਧੰਨ ਕੌਰ ਸੀ। ਮੇਰਾ ਮਨ ਕਦੀ ਵੀ ਇਹ ਮੰਨਣ ਜਾਂ ਦੱਸਣ ਨੂੰ ਤਿਆਰ ਨਹੀਂ ਹੋਇਆ ਕਿ ਹਰਨਾਮ ਕੌਰ ਮੇਰੀ ਅਸਲ ਦਾਦੀ ਨਹੀਂ ਸੀ। ਸੱਚੀ ਗੱਲ ਤਾਂ ਇਹ ਹੈ ਕਿ ਮਮਤਾ ਵਿੱਚ ਧੁਰ ਡੂੰਘਾਣਾਂ ਵਿੱਚ ਭਿੱਜੀ ਉਹ ਅਜਿਹੀ ਸੱਚੀ ਅਤੇ ਸੁਹਿਰਦ ਔਰਤ ਸੀ ਜਿਸ ਕੋਲੋਂ ਮੇਰੀ ਆਪਣੀ ਮਾਂ ਨਾਲੋਂ ਵੀ ਮੈਨੂੰ ਵੱਧ ਪਿਆਰ ਮਿਲਿਆ। ਮੇਰੇ ਪਿਓ ਦੀ ਜਾਨ ਵਿੱਚ ਤਾਂ ਉਸਦੀ ਜਾਨ ਹੋਣੀ ਹੀ ਸੀ ਜਿਸਨੂੰ ਉਸਨੇ ਆਪਣਾ ਦੁੱਧ ਚੁੰਘਾਇਆ, ਹੱਥੀਂ ਖਿਡਾਇਆ ਅਤੇ ਜਵਾਨ ਕੀਤਾ ਸੀ।
ਸਾਡੀ ਦਾਦੀ ਹਰਨਾਮ ਕੌਰ ਕੇਵਲ ਮੋਹ-ਵੰਤੀ ਅਤੇ ਸੁਹਿਰਦ ਔਰਤ ਹੀ ਨਹੀਂ ਸਗੋਂ ਸਮਾਜਕ ਤੌਰ ਉੱਤੇ ਵੀ ਬਹੁਤ ਦਨਾਅ ਅਤੇ ਸਿਆਣੀ ਔਰਤ ਸੀ। ਪੱਤੀ ਦੀਆਂ ਔਰਤਾਂ ਮੁਸ਼ਕਿਲ ਘੜੀਆਂ ਵੱਚ ਹਮੇਸ਼ਾਂ ਉਸ ਨਾਲ ਸਲਾਹ ਮਸ਼ਵਰਾ ਕਰਨ ਆਉਂਦੀਆਂ ਰਹਿੰਦੀਆਂ ਅਤੇ ਅਕਸਰ ਉਹਦੀ ਦੱਸੀ ਰਾਇ ਉੱਤੇ ਅਮਲ ਕਰਦੀਆਂ। ਮੇਰੇ ਅੰਦਰ ਕਹਾਣੀ ਦਾ ਬੀਜ ਸਭ ਤੋਂ ਪਹਿਲਾਂ ਸੁੱਟਣ ਵਾਲੀ ਵੀ ਉਹੋ ਔਰਤ ਸੀ। ਉਸ ਕੋਲ ਲੋਕ-ਕਹਾਣੀਆਂ ਦਾ ਅਥਾਹ ਖ਼ਜ਼ਾਨਾ ਸੀ। ਹਰ ਸ਼ਾਮ ਮੈਂ ਉਹਦੀ ਬੁੱਕਲ ਵਿੱਚ ਜਾ ਵੜਦਾ। ਹਰ ਰੋਜ਼ ਉਸ ਕੋਲ ਸੁਨਾਉਣ ਵਾਲੀ ਕੋਈ ਨਵੀਂ 'ਬਾਤ' ਹੁੰਦੀ। ਬਾਤ ਸੁਨਾਉਣ ਦਾ ਢੰਗ ਵੀ ਉਸਦਾ ਇਤਨਾ ਰੌਚਿਕ ਅਤੇ ਸਵਾਦਲਾ ਹੁੰਦਾ ਕਿ ਅਸੀਂ ਛੋਟੇ ਬੱਚੇ ਰੋਜ਼ ਛੇਤੀ ਤੋਂ ਛੇਤੀ ਰਾਤ ਪੈਣ ਨੂੰ ਉਡੀਕਦੇ ਤਾਂ ਕਿ 'ਮਾਂ' ਤੋਂ ਬਾਤ ਸੁਣ ਸਕੀਏ ਕਿਉਂਕਿ ਦਿਨੇ ਤਾਂ ਉਹ, "ਰਾਹੀਆਂ ਨੂੰ ਰਾਹ ਭੁੱਲ ਜਾਂਦਾ ਹੈ" ਆਖਕੇ ਬਾਤ ਸੁਨਾਉਣ ਲਈ ਵਾਰ ਵਾਰ ਕੀਤੀ ਸਾਡੀ ਬੇਨਤੀ ਨੂੰ ਟਾਲ ਜਾਂਦੀ ਸੀ।
ਸੰਵੇਦਨਸ਼ੀਲ ਏਨੀ ਕਿ ਇੱਕ ਵਾਰ ਉਹਦੀ ਜਠਾਣੀ ਨੇ ਮੇਰੇ ਪਿਓ ਦੇ ਹਵਾਲੇ ਨਾਲ ਕੋਈ ਅਣਸੁਖਾਵੀਂ ਗੱਲ ਆਖੀ ਤਾਂ ਕਹਿਣ ਲੱਗੀ ਕਿ ਉਹ ਆਪਣੇ ਬੱਚਿਆਂ ਸਮੇਤ ਹਵੇਲੀ ਜਾ ਕੇ ਕੱਚੇ ਕੋਠਿਆਂ ਵਿੱਚ ਰਹਿ ਲਵੇਗੀ ਪਰ ਆਪਣੇ ਪੁੱਤ ਨੂੰ ਜਠਾਣੀ ਵੱਲੋਂ ਕੱਢੀ ਗਾਲ੍ਹ ਉਹ ਬਰਦਾਸ਼ਤ ਨਹੀਂ ਕਰ ਸਕਦੀ। ਜਠਾਣੀ ਨੂੰ ਅੰਦਰੇ ਅੰਦਰ ਨਾਰਾਜ਼ਗੀ ਇਸ ਗੱਲ ਦੀ ਸੀ ਕਿ ਮੇਰਾ ਪਿਓ ਸ਼ਰੀਕ ਬਣਾ ਕੇ ਉਹਨਾਂ ਨੇ ਸਿਰ੍ਹਾਣੇ ਲਿਆ ਬਿਠਾਇਆ ਸੀ। ਉਹ ਤਾਂ ਆਸ ਲਾਈ ਬੈਠੀ ਸੀ ਕਿ ਕਿਸੇ ਨਾ ਕਿਸੇ ਦਿਨ ਇਹਨਾਂ ਲਾ-ਵਲਦਾਂ ਦੀ ਜਾਇਦਾਦ ਵੀ ਉਹਦੇ ਆਪਣੇ ਮੁੰਡਿਆਂ ਨੂੰ ਹੀ ਮਿਲੇਗੀ! ਪਰ ਮੇਰੇ ਪਿਓ ਨੂੰ ਉਹਨਾਂ ਵੱਲੋਂ ਪੁੱਤ ਬਣਾ ਲਏ ਜਾਣ ਕਰਕੇ ਜੇਠ-ਜਠਾਣੀ ਦੀ ਇਸ ਆਸ 'ਤੇ ਪਾਣੀ ਫ਼ਿਰ ਗਿਆ ਸੀ।
ਹਕੀਕਤ ਸਿੰਘ ਨੇ ਵੱਡੇ ਭਰਾ ਗ਼ਰੀਬ ਸਿੰਘ ਨਾਲ ਘਰ ਵਿੱਚੋਂ ਕੁੱਝ 'ਲੈਣ-ਦੇ' ਕਰ ਕੇ ਬਾਜ਼ਾਰ ਵਿਚਲੀ ਪੂਰੀ ਹਵੇਲੀ ਕਬਜ਼ੇ ਵਿੱਚ ਲੈ ਲਈ ਸੀ। ਹਰਨਾਮ ਕੌਰ ਦੇ ਕਹਿਣ ਉੱਤੇ ਉਹਨਾਂ ਨੇ ਅੱਧੀ ਹਵੇਲੀ ਵਿੱਚ ਪੱਕੀ ਕੰਧ ਮਾਰ ਕੇ ਦਰਵਾਜ਼ਾ ਲਾ ਲਿਆ। ਬਾਜ਼ਾਰ ਵਿੱਚ ਖੁੱਲ੍ਹਦੀ ਵੱਡੀ ਪੱਕੀ ਡਿਓੜ੍ਹੀ ਅਤੇ ਉਸ ਪਾਸੇ ਦੀ ਹਵੇਲੀ ਨਾਲ ਜੁੜੇ ਦੋ ਕੋਠੇ ਮਾਲ ਡੰਗਰ ਲਈ ਰੱਖ ਲਏ ਅਤੇ ਵਿਚਕਾਰਲੀ ਪੱਕੀ ਕੰਧ ਤੋਂ ਪਾਰ ਦੋ ਕੱਚੇ ਕੋਠਿਆਂ ਨਾਲ ਇੱਕ ਨਿੱਕੀ ਜਿਹੀ ਰਸੋਈ ਛੱਤ ਕੇ ਆਪਣੀ ਰਿਹਾਇਸ਼ ਹਵੇਲੀ ਵਿੱਚ ਲੈ ਆਂਦੀ। ਹਰਨਾਮ ਕੌਰ ਨੂੰ ਪੱਕਾ ਘਰ ਛੱਡਣ ਦਾ ਵਿਗੋਚਾ ਵੀ ਸੀ ਅਤੇ ਆਂਢ ਗੁਆਂਢ ਦੇ ਆਪਣੇ ਭਾਈਚਾਰੇ ਤੋਂ ਦੂਰ ਹੋ ਜਾਣ ਦਾ ਦਰਦ ਵੀ। ਇਹ ਹਵੇਲੀ ਅੰਦਰਲੇ ਪੁਰਾਣੇ ਘਰ ਤੋਂ ਲਗਪਗ ਡੇਢ ਫ਼ਰਲਾਂਗ ਦੀ ਵਿੱਥ ਉੱਤੇ ਪਿੰਡ ਦੇ ਮੁੱਖ-ਬਾਜ਼ਾਰ ਵਿੱਚ ਸੀ। ਹਵੇਲੀ ਦੇ ਆਂਢ-ਗੁਆਂਢ ਵਿੱਚ ਖੱਬੇ ਹੱਥ ਅਤੇ ਪਿਛਵਾੜੇ ਮੁਸਲਮਾਨਾਂ ਦੇ ਮਕਾਨ ਸਨ ਅਤੇ ਸੱਜੇ ਹੱਥ ਅਤੇ ਸਾਹਮਣੇ ਚੜ੍ਹਦੇ ਵੱਲ ਸਾਰੀ ਹਿੰਦੂ ਆਬਾਦੀ ਸੀ। ਪਰ ਹਰਨਾਮ ਕੌਰ ਨੇ ਆਪਣੇ ਸੁਭਾ ਦੀ ਮਿੱਠਤ ਸਦਕਾ ਆਪਣੇ ਆਲੇ-ਦੁਆਲੇ ਵਿੱਚ ਛੇਤੀ ਹੀ ਪੂਰਾ ਆਦਰ ਮਾਣ ਬਣਾ ਲਿਆ। ਆਸੇ ਪਾਸੇ ਦੇ ਘਰਾਂ ਦੀਆਂ ਹਿੰਦਵਾਣੀਆਂ ਉਸ ਕੋਲ ਆਉਂਦੀਆਂ ਰਹਿੰਦੀਆਂ। ਪਿਛਵਾੜੇ ਦੀਆਂ ਮੁਸਲਮਾਨ ਗ਼ਰੀਬ ਔਰਤਾਂ ਉਸਦਾ ਕੰਮ ਧੰਦਾ ਵੀ ਕਰ ਜਾਂਦੀਆਂ ਅਤੇ ਲੋੜ ਪੈਣ 'ਤੇ ਅਨਾਜ ਅਤੇ ਪੈਸਾ ਧੇਲਾ ਵੀ ਲੈ ਜਾਂਦੀਆਂ।
ਇਸ ਮਾਹੌਲ ਵਿੱਚ ਮੇਰਾ ਪਿਓ ਸੁਰ ਸਿੰਘ ਦੇ ਮਿਡਲ ਸਕੂਲ ਵਿੱਚ ਸੱਤ ਜਮਾਤਾਂ ਪੜ੍ਹ ਗਿਆ। ਓਧਰ ਮੇਰੇ ਦਾਦੇ ਚੰਦਾ ਸਿੰਘ ਉੱਤੇ ਹੋਰ ਵਖ਼ਤ ਆਣ ਪਿਆ। ਉਸਦੀ ਭੈਣ ਚੰਦੋ ਭਰ ਜਵਾਨ ਉਮਰ ਵਿੱਚ ਵਿਧਵਾ ਹੋ ਗਈ। ਛੋਟੇ ਛੋਟੇ ਉਸਦੇ ਬਾਲ-ਬੱਚੇ। ਬਾਰ ਦੇ ਇਲਾਕੇ ਵਿੱਚ ਜਾ ਵੱਸੇ ਭੈਣ ਚੰਦੋ ਦੇ ਪਰਿਵਾਰ ਲਈ ਜੀਊਣਾ ਦੁੱਭਰ ਹੋ ਗਿਆ। ਚੰਦਾ ਸਿੰਘ ਦੀ ਖੜਕੇ-ਦੜਕੇ ਤੇ ਦੁਨੀਆਂ ਦੇ ਰੰਗ-ਤਮਾਸ਼ੇ ਵੇਖਣ ਵਾਲੀ ਜ਼ਿੰਦਗੀ ਗਵਾਚ ਗਈ ਸੀ। ਉਹ ਭੈਣ ਦਾ ਪਰਿਵਾਰ ਪਾਲਣ ਲਈ ਬਾਰ ਵਿੱਚ ਜਾ ਪਹੁੰਚਿਆ। ਓਥੇ ਬਾਰ ਵਿੱਚ ਹੀ ਉਸਨੇ ਵੀ ਕੁੱਝ ਜ਼ਮੀਨ ਆਪਣੇ ਹੱਥ ਹੇਠ ਕਰ ਲਈ ਸੀ। ਉਹ ਆਪਣੀ ਤੇ ਭੈਣ ਦੀ ਜ਼ਮੀਨ ਸੰਭਾਲਦਾ। ਭਡਾਣੇ ਵਾਲੀ ਜ਼ਮੀਨ ਉਸਦੇ ਭਤੀਏ ਵਾਹੁੰਦੇ। ਇੱਕ 'ਭਰਾ' ਹਕੀਕਤ ਸਿੰਘ ਆਪਣੀ ਮਰ ਚੁੱਕੀ ਭੈਣ ਦੇ ਬੱਚੇ ਪਾਲ ਰਿਹਾ ਸੀ ਤੇ ਇੱਕ ਭਰਾ ਚੰਦਾ ਸਿੰਘ ਆਪਣੀ ਵਿਧਵਾ ਭੈਣ ਦੇ ਬੱਚੇ ਪਾਲਣ ਦੀ ਜ਼ਿੰਮੇਵਾਰੀ ਨਿਭਾਉਣ ਜਾ ਲੱਗਾ ਸੀ।
ਚੰਦੋ ਦੇ ਬੱਚੇ ਵੱਡੇ ਹੋਏ। ਚੰਦਾ ਸਿੰਘ ਨੇ ਉਹਨਾਂ ਦੇ ਵਿਆਹ ਕੀਤੇ। ਨੂੰਹਾਂ ਘਰ ਆ ਗਈਆਂ। ਭੈਣ ਦਾ ਪਰਿਵਾਰ ਵੱਸਣ ਰੱਸਣ ਲੱਗਾ ਤਾਂ ਚੰਦਾ ਸਿੰਘ ਨੇ ਸੋਚਿਆ ਕਿ ਉਸਦੇ ਆਪਣੇ ਬੱਚਿਆਂ ਦੇ ਵਿਆਹੁਣ ਦੀ ਜ਼ਿੰਮੇਵਾਰੀ ਤਾਂ ਅਜੇ ਉਸਦੇ ਆਪਣੇ ਸਿਰ 'ਤੇ ਹੈ। ਉਸਨੇ ਸੁਰ ਸਿੰਘ ਜਾ ਕੇ ਹਕੀਕਤ ਸਿੰਘ ਤੇ ਹਰਨਾਮ ਕੌਰ ਤੋਂ ਮੰਗ ਕੀਤੀ ਕਿ ਉਹ ਬੱਚਿਆਂ ਨੂੰ ਆਪਣੇ ਨਾਲ ਲਿਜਾਣਾ ਤੇ ਉਹਨਾਂ ਦਾ ਆਪਣੇ ਹੱਥੀਂ ਵਿਆਹ ਕਰਨਾ ਚਾਹੁੰਦਾ ਹੈ। ਹਕੀਕਤ ਸਿੰਘ ਤੇ ਹਰਨਾਮ ਕੌਰ ਨੇ ਕਿਹਾ ਕਿ ਜੇ ਉਹਨਾਂ ਨੇ ਉਸਦੇ ਬੱਚੇ ਅਪਣਾਏ ਸਨ ਤਾਂ ਵਿਆਹ ਵੀ ਉਹ ਆਪ ਹੀ ਕਰਨਗੇ। ਪਰ ਚੰਦਾ ਸਿੰਘ ਦੀ ਇੱਛਾ ਸੀ ਕਿ ਉਹ ਆਪਣਾ ਮੁੰਡਾ ਆਪ ਵਿਆਹੇਗਾ, ਘਰ ਵਿੱਚ ਨੂੰਹ ਆਏਗੀ, ਬੱਚੇ ਹੋਣਗੇ। ਉਹਦਾ ਉੱਜੜਿਆ ਘਰ ਵੱਸ ਜਾਊ। ਪਰ ਏਧਰ ਜਿਨ੍ਹਾਂ ਨੇ ਦੋਹਾਂ ਹੀ ਬੱਚਿਆਂ ਨੂੰ ਕਲੇਜੇ ਦਾ ਟੁਕੜਾ ਸਮਝ ਕੇ ਪਾਲਿਆ ਅਤੇ ਵੱਡਾ ਕੀਤਾ ਸੀ, ਉਹ ਉਹਨਾਂ ਦਾ ਆਪਣੇ ਕਲੇਜੇ ਨਾਲੋਂ ਟੁੱਟਣਾ ਕਿਵੇਂ ਬਰਦਾਸ਼ਤ ਕਰ ਸਕਦੇ ਸਨ!
"ਤੂੰ ਵੀ ਏਥੇ ਹੀ ਸਾਡੇ ਕੋਲ ਆ ਰਹੁ……" ਹਕੀਕਤ ਸਿੰਘ ਨੇ ਸੋਚਿਆ ਇੰਜ ਦੋਹਾਂ ਧਿਰਾਂ ਦੀ ਪੁੱਤ ਵਿਆਹੁਣ ਅਤੇ ਘਰ ਵੱਸਦਾ ਵੇਖਣ ਦੀ ਰੀਝ ਪੂਰੀ ਹੋ ਜਾਊ।
ਪਰ ਚੰਦਾ ਸਿੰਘ ਦੀ 'ਟੈਂਅ' ਨੂੰ ਇਹ ਗੱਲ ਕਿਵੇਂ ਪੁੱਗ ਸਕਦੀ ਸੀ!
"ਤੂੰ ਚਾਹੁੰਦੈਂ ਠੇਠਰ ਬੰਦਿਆਂ ਵਾਂਗੂੰ ਮੈਂ ਸਹੁਰੇ ਘਰ ਆ ਕੇ ਬਹਿ ਜਾਂ……ਕੁੱਤੇ ਵਾਂਗ……"
ਆਖ਼ਰ ਹਰਨਾਮ ਕੌਰ ਨੇ ਹੀ ਨਿਬੇੜਾ ਕੀਤਾ, "ਦੀਦਾਰ ਦੇ ਮਾਮਾ! ਇਹ ਪਹਿਲਾਂ ਭਾਊ ਚੰਦਾ ਸੁੰਹ ਦੇ ਨਿਆਣੇ ਈ ਨੇ…ਜਿਵੇਂ ਉਹਨੂੰ ਚੰਗਾ ਲੱਗਦੈ……ਕਰਨ ਦੇਹ……ਆਪਾਂ ਤਾਂ ਪਰਾਈ ਅਮਾਨਤ ਸਾਂਭਣ ਜੋਗੇ ਸਾਂ। ਆਪਣਾ ਕਾਹਦਾ ਮਾਣ!" ਹਉਕਾ ਲੈ ਕੇ ਉਸਨੇ ਦਿਲ 'ਤੇ ਪੱਥਰ ਰੱਖ ਲਿਆ।
ਬਾਪੂ ਚੰਦਾ ਸਿੰਘ ਮੇਰੀ ਭੂਆ ਨੂੰ ਅਤੇ ਮੇਰੇ ਪਿਓ ਨੂੰ ਲੈ ਕੇ ਭਡਾਣੇ ਚਲਾ ਗਿਆ। ਪਹਿਲਾਂ ਭੂਆ ਦਾ ਵਿਆਹ ਹੋਇਆ। ਫ਼ਿਰ ਚੰਦਾ ਸਿੰਘ ਦੇ ਵੱਡੇ ਭਰਾ ਹਰੀ ਸਿੰਘ ਦੇ ਘਰੋਂ, ਮੰਗਲ ਕੌਰ ਚਵਿੰਡੇ ਤੋਂ ਆਪਣੀ ਭਤੀਜੀ ਜਿੰਦੋ, ਮੇਰੀ ਮਾਂ (ਠਾਕਰ ਸਿੰਘ ਦੀ ਧੀ) ਦਾ ਸਾਕ ਆਪਣੇ ਦਿਓਰ (ਚੰਦਾ ਸਿੰਘ) ਦੇ ਮੁੰਡੇ, ਮੇਰੇ ਪਿਤਾ, ਦੀਦਾਰ ਸਿੰਘ ਲਈ ਲੈ ਆਈ। ਮੇਰਾ ਪਿਤਾ ਵਿਆਹਿਆ ਗਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਮੇਰੀ ਭੂਆ ਗੁਰਮੇਜ ਕੌਰ ਤੇ ਮੇਰੇ ਪਿਤਾ ਦੀਦਾਰ ਸਿੰਘ ਦੇ ਵਿਆਹਾਂ ਉੱਤੇ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਹੀ ਖ਼ਰਚ ਕੀਤਾ।
ਮੇਰੀ ਉਮਰ ਅਜੇ ਡੇਢ ਪੌਣੇ ਦੋ ਸਾਲ ਦੀ ਹੀ ਸੀ ਕਿ ਪਾਕਿਸਤਾਨ ਬਣ ਗਿਆ। ਐਨ ਆਖ਼ਰੀ ਦਿਨ ਤੱਕ- ਜਦੋਂ ਇਹ ਖ਼ਬਰ ਮਿਲੀ ਕਿ ਧਾੜਵੀ ਪਿੰਡ ਨੂੰ ਲੁੱਟਣ ਅਤੇ ਸਾੜਨ ਆ ਰਹੇ ਹਨ- ਸਾਰੇ ਹਿੰਦੂ-ਸਿੱਖ ਪਿੰਡ ਵਿੱਚ ਹੀ ਟਿਕੇ ਹੋਏ ਸਨ। ਭਡਾਣਾ ਪਾਕਿਸਤਾਨ ਵਿੱਚ ਆ ਗਿਆ ਸੀ। ਹੁਣ ਅਚਨਚੇਤ ਹਨੇਰਾ ਉੱਤਰਦਿਆਂ ਹੀ ਵੱਸਦੇ-ਰੱਸਦੇ ਘਰ ਛੱਡ ਕੇ ਸਭ ਨੂੰ ਤੁਰਨਾ ਪੈ ਗਿਆ।
ਬੀਬੀ ਦੱਸਦੀ ਹੁੰਦੀ ਸੀ, "ਤੇਰੇ ਜੰਮਣ 'ਤੇ ਕੁੱਝ ਚਿਰ ਤਾਂ ਮੈਂ ਚਵਿੰਡੇ ਰਹੀ। ਫੇਰ ਕੁੱਝ ਚਿਰ ਮੈਂ ਤੇ ਤੇਰਾ ਚਾਚਾ (ਮੇਰੇ ਪਿਤਾ ਦੇ ਸਾਥੋਂ ਉਮਰੋਂ ਵੱਡੇ ਭਤੀਏ ਉਸਨੂੰ ਚਾਚਾ ਆਖਦੇ ਸਨ। ਉਹਨਾਂ ਦੀ ਰੀਸੇ ਅਸੀਂ ਵੀ ਉਸਨੂੰ ਚਾਚਾ ਆਖਦੇ) ਸੁਰ ਸਿੰਘ ਰਹੇ। ਭਡਾਣੇ ਬਾਪੂ ਜੀ ਨਵਾਂ ਮਕਾਨ ਬਣਵਾ ਰਹੇ ਸਨ। ਸਾਂਝੇ ਟੱਬਰ 'ਚੋਂ ਹਿੱਸੇ ਆਉਂਦਾ ਪਹਿਲਾ ਮਕਾਨ ਤਾਂ ਏਨੇ ਸਾਲਾਂ ਪਿੱਛੋਂ ਰਹਿਣ ਜੋਗਾ ਨਹੀਂ ਸੀ ਰਿਹਾ। ਦੋ ਨਵੇਂ ਪੱਕੇ ਕੋਠੇ, ਅੱਗੇ ਸੁਫ਼ਾ ਤੇ ਰਸੋਈ ਬਣਵਾਈ। ਡੰਗਰਾਂ ਲਈ ਵੱਖਰਾ ਕੱਚਾ ਕੋਠਾ ਤੇ ਪੱਕਾ ਬਰਾਂਡਾ ਬਣਵਾਇਆ। ਬਰਾਂਡੇ ਵਿੱਚ ਟੋਕਾ ਲਵਾਇਆ। ਉਦੋਂ ਮਸ਼ੀਨੀ ਟੋਕਾ ਕਿਸੇ ਕਿਸੇ ਦੇ ਘਰ ਹੁੰਦਾ ਸੀ। ਬਾਰ ਵਾਲੀ ਜ਼ਮੀਨ ਵਿੱਚ ਕਣਕ ਬੀਜ ਕੇ ਅਸੀਂ ਫੱਗਣ ਵਿੱਚ ਭਡਾਣੇ ਆ ਗਏ। ਬਾਪੂ ਜੀ ਬੜੇ ਖ਼ੁਸ਼ ਕਿ ਵਰ੍ਹਿਆਂ ਬਾਅਦ ਉਹਨਾਂ ਦਾ ਘਰ ਵੱਸਿਆ ਸੀ! ਅਜੇ ਪੰਜ ਛੇ ਮਹੀਨੇ ਹੀ ਰਹੇ ਹੋਵਾਂਗੇ ਕਿ ਭਾਦਰੋਂ ਵਿੱਚ ਪਾਕਿਸਤਾਨ ਬਣ ਗਿਆ। ਗੁਰੂ ਕੀ ਵਡਾਲੀ ਤੋਂ ਉੱਜੜ ਕੇ ਮੁਸਲਮਾਨ ਸਾਡੇ ਗੁਆਂਢ ਆ ਵੱਸੇ ਸਨ। ਬਾਪੂ ਜੀ ਆਪਣੇ ਦਲੇਰ ਸੁਭਾਅ ਕਰਕੇ ਉਹਨਾਂ ਨੂੰ ਕਹਿੰਦੇ, 'ਤੁਸੀਂ ਮੈਨੂੰ ਦੱਸੋ, ਮੈਂ ਗੁਰੂ ਕੀ ਵਡਾਲੀ ਤੋਂ ਜਾ ਕੇ ਤੁਹਾਡਾ ਸਮਾਨ ਲਿਆਉਂਦਾ ਹਾਂ!' ਪਰ ਰਾਤ ਨੂੰ ਆਪਣਾ ਸਭ ਕੁੱਝ ਛੱਡ-ਛੁਡਾ ਕੇ ਘਰੋਂ ਨਿਕਲਣਾ ਪੈ ਗਿਆ! ਉਂਜ ਪਿੰਡ ਵਿੱਚ ਅਮਨ-ਕਮੇਟੀ ਵੀ ਬਣੀ ਹੋਈ ਸੀ। ਰੇਡੀਓ ਸੁਣਨ ਵਾਲੇ ਕੁੱਝ ਲੋਕ ਆਖਦੇ ਤਾਂ ਸਨ ਕਿ ਭਡਾਣਾ ਪਾਕਿਸਤਾਨ ਵਿੱਚ ਆ ਗਿਐ। ਪਰ ਵੱਸਦੇ ਘਰ ਛੱਡਣ ਨੂੰ ਕਿਸੇ ਦਾ ਦਿਲ ਨਹੀਂ ਸੀ ਕਰਦਾ। ਭਡਾਣੇ ਦੇ ਪਾਕਿਸਤਾਨ ਵਿੱਚ ਆ ਜਾਣ ਦੀ ਖ਼ਬਰ ਸੁਣ ਕੇ ਅਜੇ ਸਵੇਰੇ ਈ ਸੁਰ ਸਿੰਘ ਵਾਲੇ ਬਾਪੂ ਜੀ ਸਾਨੂੰ ਲੈਣ ਗਏ ਤਾਂ ਬਾਪੂ ਜੀ ਉਹਨਾਂ ਨੂੰ ਝਿੜਕ ਕੇ ਪਏ, "ਪੰਝੀਆਂ ਵਰ੍ਹਿਆਂ ਬਾਅਦ ਮੇਰਾ ਘਰ ਵੱਸਿਆ। ਤੂੰ ਫੇਰ ਉਜਾੜਨ ਆਇਐਂ।" ਪਰ ਤਕਾਲੀਂ ਰੌਲਾ ਪੈ ਗਿਆ ਕਿ ਲੀਗ ਵਾਲੇ ਹੱਲਾ ਕਰਨ ਆ ਪਏ ਨੇ। ਲੋਕ ਪਿੰਡੋਂ ਨਿਕਲ ਤੁਰੇ। ਮਿਲਟਰੀ ਨੇ ਵਾਪਸ ਭੇਜ ਦਿੱਤੇ। ਸੱਤ-ਅੱਠ ਵਜੇ ਫਿਰ ਰੌਲਾ ਪੈ ਗਿਆ। ਰਾਤ ਦੇ ਹਨੇਰੇ ਵਿੱਚ ਭੱਜ ਨਿਕਲੇ। ਭਡਾਣੇ ਦੀ ਜ਼ਮੀਨ ਦੀ ਹੱਦ ਹੀ ਪਾਕਿਸਤਾਨ ਦੀ ਹੱਦ ਸੀ। ਪਰ ਨੇਰ੍ਹੀ ਰਾਤ ਵਿੱਚ ਰਾਹ ਨਾ ਲੱਭੇ। ਓਧਰੋਂ ਮੀਂਹ ਪੈਣ ਲੱਗਾ। ਖ਼ਾਲ਼ੇ-ਖ਼ਾਲ਼ ਲੰਮੇ ਪੈ ਕੇ ਸੂਏ ਵੱਲ ਗਏ ਤਾਂ ਓਥੇ ਮਿਲਟਰੀ ਦਾ ਨਾਕਾ ਲੱਗਾ ਹੋਇਆ। ਮਿਲਟਰੀ ਤੋਂ ਵੀ ਡਰੀਏ ਕਿ ਕਿਤੇ ਗੋਲੀ ਨਾ ਚਲਾ ਦੇਣ! ਫੇਰ ਪਿੱਛੇ ਮੁੜੇ। ਰਾਤੋ ਰਾਤ ਕਮਾਦਾਂ 'ਚ ਲੁਕਦੇ, ਜਾਨ ਬਚਾਉਂਦੇ, ਵੌੜਾਂ ਲੈਂਦੇ ਮਸਾਂ ਦਿਨ ਚੜ੍ਹਨ ਤੱਕ 'ਸੌ ਕੋਹਾਂ' ਵਰਗਾ ਚਾਰ ਪੰਜ ਮੀਲ ਦਾ ਪੈਂਡਾ ਤੈਅ ਕਰ ਕੇ ਸੁਰ ਸਿੰਘ ਪਹੁੰਚੇ।"
"ਕਮਾਦ ਵਿੱਚ ਲੁਕੇ ਤਾਂ ਗਰਮੀ ਤੇ ਹੁੰਮਸ ਨਾਲ ਤੂੰ ਰੋਣ ਲੱਗਾ। ਬਾਪੂ ਜੀ ਆਖਣ, 'ਕੁੜੀਏ, ਇਹਦੇ ਮੂੰਹ 'ਚ ਲੀੜਾ ਤੁੰਨ। ਸਾਰੇ ਟੱਬਰ ਨੂੰ ਮਰਵਾਊਗਾ!' ਸੁਰ ਸਿੰਘ ਆ ਕੇ ਰੋਟੀ-ਪਾਣੀ ਖਾਧਾ ਤੇ ਬਾਪੂ ਜੀ ਆਖਣ ਲੱਗੇ, "ਮੈਂ ਭਡਾਣੇ ਨੂੰ ਚੱਲਿਆਂ। ਜਾ ਕੇ ਖ਼ਬਰਸਾਰ ਪਤਾ ਕਰਦਾਂ, ਨਾਲੇ ਮਾਲ ਡੰਗਰ ਭੁੱਖਾ ਮਰਦਾ ਹੋਊ, ਉਹਨੂੰ ਪੱਠਾ-ਦੱਥਾ ਪਾ ਆਊਂ।" ਸਾਡੇ ਕੋਲ ਉਸ ਵੇਲੇ ਚਾਰ ਮੱਝਾਂ, ਦੋ ਝੋਟੀਆਂ, ਦੋ ਬਲ਼ਦ, ਲਬੋਚੜ ਗਾਂ, ਆਉਣ ਜਾਣ ਲਈ ਘੋੜੀ ਤੇ ਪੱਠਾ-ਦੱਥਾ ਢੋਣ ਤੇ ਖੂਹ ਵਾਹੁਣ ਲਈ ਪਹਾੜ ਜਿੱਡਾ ਊਠ ਸੀ। ਘਰ ਜਾ ਕੇ ਬਾਪੂ ਜੀ ਨੇ ਊਠ ਖੋਲ੍ਹਿਆ ਤੇ ਪੱਠਿਆ ਨੂੰ ਤੁਰ ਪਿਆ। ਪਿੰਡ ਦੇ ਮੁਸਲਮਾਨ ਹੈਰਾਨ ਹੋਏ ਉਸ ਵੱਲ ਵੇਖਣ। ਉਸਨੂੰ ਪੈਲੀ 'ਚੋਂ ਪੱਠੇ ਵੱਢਦਿਆਂ ਵੇਖ ਜਲਾਲ ਬਰਵਾਲਾ ਭੱਜਾ ਆਇਆ ਤੇ ਆਖਣ ਲੱਗਾ, "ਸਰਦਾਰਾ! ਮੇਰੀ ਮੰਨਦੈਂ ਤਾਂ, ਤੈਨੂੰ ਅੱਲਾ ਦਾ ਵਾਸਤਾ ਈ, ਛੇਤੀ ਭੱਜ ਜਾ। ਰਾਤੀਂ ਤਾਂ ਪਿੰਡ ਵਾਲਿਆਂ ਨੇ ਬਾਹਰੋਂ ਆਏ ਬੰਦੇ ਹੱਥ ਬੰਨ੍ਹ ਕੇ ਮੋੜ ਦਿੱਤੇ ਸਨ। ਮਿਲਟਰੀ ਵਾਲਿਆਂ ਵੀ ਸਾਥ ਦਿੱਤਾ ਸੀ। ਹੁਣ ਵੀ ਪਿੰਡ ਵਾਲਿਆਂ ਦਾ ਤਾਂ ਕੋਈ ਨਹੀਂ, ਪਰ ਬਾਹਰੋਂ ਆਏ ਮੁਸਲਮਾਨ ਬੜੇ ਆਫ਼ਰੇ ਫਿਰਦੇ ਨੇ। ਉਹਨਾਂ ਤਾਂ ਘਰ ਲੁੱਟਣੇ ਵੀ ਸ਼ੁਰੂ ਕਰ ਦਿੱਤੇ ਨੇ। ਜਿਨ੍ਹਾਂ ਡੰਗਰਾਂ ਲਈ ਪੱਠੇ ਵੱਢਣ ਡਿਹੈਂ ਉਹਨਾਂ ਵਿਚੋਂ ਤਾਂ ਹੁਣ ਕੋਈ ਵੀ ਕਿੱਲੇ 'ਤੇ ਬੱਝਾ ਨਹੀਂ ਰਹਿ ਗਿਆ!" ਬਾਪੂ ਜੀ ਹੱਥ ਝਾੜ ਕੇ ਤੁਰ ਪਏ। ਆਉਣ ਲੱਗਿਆਂ ਊਠ ਨੂੰ ਪੈਲੀਆਂ ਵਿੱਚ ਖੁੱਲ੍ਹਾ ਛੱਡ ਆਏ। ਉਹਨਾਂ ਨੂੰ ਪਤਾ ਸੀ ਕਿ ਘਰ ਦੇ ਕਿਸੇ ਜੀਅ ਤੋਂ ਬਿਨਾਂ ਕੋਈ ਹੋਰ ਜਣਾ ਉਸਨੂੰ ਫੜ੍ਹਨ ਦੀ ਹਿੰਮਤ ਨਹੀਂ ਕਰ ਸਕਦਾ। ਬੜਾ ਵਾਢੂ ਊਠ ਸੀ ਉਹ। ਹੋਇਆ ਵੀ ਇੰਜ ਹੀ। ਆਂਹਦੇ ਨੇ ਮਹੀਨਾ ਭਰ ਉਸਨੇ ਕਿਸੇ ਨੂੰ ਆਪਣੇ ਨੇੜੇ ਨਾ ਢੁੱਕਣ ਦਿੱਤਾ।"
ਉੱਜੜਨ ਦੀ ਵਾਰਤਾ ਸੁਣਾਉਂਦੀ ਹੋਈ ਬੀਬੀ ਆਪਣੇ ਦਾਜ ਅਤੇ ਗਹਿਣਿਆਂ ਦੀ ਗਿਣਤੀ ਕਰਨ ਲੱਗਦੀ, ਜਿੰਨ੍ਹਾਂ ਨੂੰ ਭੋਗਣਾ ਤੇ ਪਹਿਨਣਾ ਉਸਦੀ ਕਿਸਮਤ ਵਿੱਚ ਨਹੀਂ ਸੀ ਲਿਖਿਆ।
ਸਾਡਾ ਟੱਬਰ, ਭੂਆ ਗੁਰਮੇਜ ਕੌਰ ਦੇ ਸਹੁਰਿਆਂ ਦਾ ਵੱਡਾ ਟੱਬਰ, ਦਾਦੀ ਹਰਨਾਮ ਕੌਰ ਦੇ ਪੇਕਿਆਂ ਦਾ ਟੱਬਰ, ਪੰਜਾਹ-ਸੱਠ ਜੀਅ ਹੋਣਗੇ ਨਿੱਕੇ-ਵੱਡੇ ਰਲਾ ਕੇ, ਜਿਹੜੇ ਸੁਰ ਸਿੰਘ ਦੀ ਹਵੇਲੀ ਵਿੱਚ ਆ ਟਿਕੇ। ਹਕੀਕਤ ਸਿੰਘ ਅਤੇ ਹਰਨਾਮ ਕੌਰ ਨੇ ਆਪਣੇ ਦਿਲ ਵਾਂਗ ਹੀ ਘਰ ਦੇ ਬੂਹੇ ਖੋਲ੍ਹ ਦਿੱਤੇ। ਹੌਲੀ ਹੌਲੀ ਸਭ ਜਿੱਥੇ ਜਿੱਥੇ ਪੈਰ ਅੜਿਆ, ਤੁਰਦੇ ਗਏ ਪਰ ਸੁਰ ਸਿੰਘੀਆਂ ਦੀ ਖੁੱਲ੍ਹ-ਦਿਲੀ ਤੇ ਪ੍ਰਾਹੁਣਚਾਰੀ ਦੀਆਂ ਤਾਰੀਫ਼ਾਂ ਸਾਲਾਂ ਤੱਕ ਕਰਦੇ ਰਹੇ।
ਪਾਕਿਸਤਾਨ ਵਿੱਚ ਰਹਿ ਗਈ ਸਾਡੀ ਜ਼ਮੀਨ ਦੇ ਬਦਲੇ ਕੱਚੀ ਅਲਾਟਮੈਂਟ ਮੁਕੇਰੀਆਂ ਨਜ਼ਦੀਕ ਇੱਕ ਛੋਟੇ ਜਿਹੇ ਪਿੰਡ ਤੰਗਰਾਲੀਆਂ ਵਿੱਚ ਹੋਈ। ਬਾਕੀ ਭਾਈਚਾਰੇ ਨਾਲ ਸਾਡਾ ਪਰਿਵਾਰ ਵੀ ਤੰਗਰਾਲੀਆਂ ਜਾ ਵੱਸਿਆ। ਸਾਰਾ ਮਾਲ ਡੰਗਰ ਤਾਂ ਪਿੱਛੇ ਛੱਡ ਆਏ ਸਾਂ। ਹਰਨਾਮ ਕੌਰ ਤੇ ਹਕੀਕਤ ਸਿੰਘ ਮਿਲਣ ਆਏ ਤਾਂ ਸੱਜਰ-ਸੂਈ ਮੱਝ ਮੁੱਲ ਲੈ ਕੇ ਦੇ ਗਏ ਤਾਂ ਕਿ ਬੱਚਿਆਂ ਦੇ ਮੂੰਹ 'ਚ ਦੁੱਧ ਦੀ ਤਿੱਪ ਜਾ ਸਕੇ।
ਮੈਨੂੰ ਆਪਣੀ ਪਹਿਲੀ ਸੰਭਾਲ ਇਸੇ ਪਿੰਡ ਤੰਗਰਾਲੀਆਂ ਦੀ ਹੀ ਹੈ। ਇੱਥੇ ਮੇਰੀ ਇੱਕ ਭੈਣ ਸੁਰਜੀਤੋ ਨੇ ਜਨਮ ਲਿਆ। ਹਕੀਕਤ ਸਿੰਘ ਅਤੇ ਹਰਨਾਮ ਕੌਰ ਕੁੱਝ ਚਿਰ ਬਾਅਦ ਫੇਰ ਆਏ। ਉਹਨਾਂ ਨੇ ਮੇਰੇ ਬਾਪੂ ਚੰਦਾ ਸਿੰਘ ਨੂੰ ਸਮਝਾਇਆ। ਹਰਨਾਮ ਕੌਰ ਨੇ ਆਖਿਆ, "ਵੀਰਾ! ਇਹ ਤੇਰੇ ਹੀ ਨਿਆਣੇ ਸਹੀ, ਪਰ ਸਾਡੇ ਵੀ ਕੁੱਝ ਲੱਗਦੇ ਨੇ। ਇਹਨਾਂ ਨੂੰ ਇਸ ਹਾਲ ਵਿੱਚ ਵੇਖ ਕੇ ਸਾਡੇ ਤੋਂ ਨਹੀਂ ਜਰਿਆ ਜਾਂਦਾ। ਤੂੰ ਦੀਦਾਰ ਨੂੰ ਸਾਡੇ ਕੋਲ ਘੱਲ ਦੇਹ। ਜਦੋਂ ਤੈਨੂੰ ਕਿਤੇ ਪੱਕੀ ਜ਼ਮੀਨ ਮਿਲ ਗਈ। ਬੇਸ਼ੱਕ ਲੈ ਜਾਈਂ……"
ਇੰਜ ਅਸੀਂ ਸੁਰ ਸਿੰਘ ਪਰਤ ਆਏ। ਪਿੱਛੋਂ ਕੱਚੀ ਜ਼ਮੀਨ ਵੀ ਖੁੱਸ ਗਈ ਅਤੇ ਬਾਪੂ ਚੰਦਾ ਸਿੰਘ ਵੀ ਸੁਰ ਸਿੰਘ ਹੀ ਆ ਗਿਆ। ਉਹ ਇੱਥੋਂ ਹੀ ਆਪਣੇ ਕਲੇਮ ਅਤੇ ਜ਼ਮੀਨ ਦੀ ਪ੍ਰਾਪਤੀ ਲਈ ਜਲੰਧਰ ਫ਼ੇਰੇ ਤੇ ਫ਼ੇਰੇ ਮਾਰਦਾ। ਜਲੰਧਰ ਉਹ ਸਦਾ ਤੁਰ ਕੇ ਹੀ ਜਾਂਦਾ। ਉਹ ਰਾਤ ਦੇ ਤੀਜੇ ਪਹਿਰ ਪਰਾਉਂਠੇ ਤੇ ਅੰਬ ਦਾ ਆਚਾਰ ਪਰਨੇ ਦੇ ਲੜ ਬੰਨ੍ਹ ਕੇ ਜਲੰਧਰ ਨੂੰ ਪੈਦਲ ਯਾਤਰਾ ਤੇ ਨਿਕਲ ਜਾਂਦਾ ਅਤੇ ਤੀਜੇ ਚੌਥੇ ਦਿਨ ਖੱਜਲ-ਖ਼ਰਾਬ ਹੋਣ ਤੋਂ ਬਾਅਦ ਘਰ ਪਰਤਦਾ। ਜਲੰਧਰ ਉਸਨੂੰ ਕੋਈ ਹੱਥ-ਪੱਲਾ ਨਾ ਫੜਾਉਂਦਾ। ਇੱਕ ਵਾਰ ਤਾਂ ਉਹ ਮਹਿਕਮਾ ਮਾਲ ਦੇ ਸੰਬੰਧਤ ਕਰਮਚਾਰੀ ਨੂੰ ਆਪਣਾ ਚਾਕੂ ਕੱਢਕੇ ਹੀ ਪੈ ਗਿਆ ਸੀ। ਆਖ਼ਰ ਲੰਮੇਂ ਯਤਨਾਂ ਪਿੱਛੋਂ ਸਾਨੂੰ ਆਪਣੇ ਹੋਰ ਬਹੁਤ ਸਾਰੇ ਪਿੰਡ ਵਾਸੀਆਂ ਵਾਂਗ ਅਬਹੋਰ ਦੇ ਨਜ਼ਦੀਕ 'ਚਰਾਗ ਢਾਣੀ' ਨਾਂ ਦੇ ਪਿੰਡ ਵਿੱਚ ਜ਼ਮੀਨ ਅਲਾਟ ਹੋਈ। ਜ਼ਮੀਨ ਦਾ ਕਬਜ਼ਾ ਲੈਣ ਲਈ ਬਾਪੂ ਚੰਦਾ ਸਿੰਘ ਓਥੇ ਪਹੁੰਚ ਗਿਆ। ਓਥੇ ਹੀ ਉਸਦੇ ਭਤੀਜਿਆਂ ਨੂੰ ਜ਼ਮੀਨ ਮਿਲੀ ਹੋਈ ਸੀ। ਪਰ ਅਸੀਂ ਬਾਕੀ ਪਰਿਵਾਰ ਸੁਰ ਸਿੰਘ ਹੀ ਟਿਕੇ ਰਹੇ।
1951 ਵਿੱਚ ਮੇਰਾ ਪਿਓ ਮੈਨੂੰ ਸਕੂਲ ਦਾਖ਼ਲ ਕਰਵਾਉਣ ਲੈ ਕੇ ਗਿਆ। ਮੇਰੇ ਤੇੜ ਚਾਦਰਾ ਬੱਝਾ ਹੋਇਆ ਸੀ। ਮੇਰੇ ਪਿਤਾ ਦੇ ਕਿੱਤੇ ਵਾਲੇ ਖਾਨੇ ਵਿੱਚ 'ਰਫ਼ਿਊਜੀ' ਲਿਖਿਆ ਗਿਆ। ਮਾਸਟਰ ਮੁਲਖ ਰਾਜ ਮੇਰੇ ਪਿਓ ਦਾ ਵੀ ਉਸਤਾਦ ਰਿਹਾ ਸੀ। ਉਸਨੇ ਮੈਨੂੰ ਘਬਰਾਇਆ ਵੇਖ ਕੇ ਕਿਹਾ, "ਡਰਦਾ ਕਿਓਂ ਏਂ? ਤੇਰਾ ਪਿਓ ਵੀ ਏਥੇ ਇਹਨਾਂ ਤੱਪੜਾਂ 'ਤੇ ਬਹਿ ਕੇ ਹੀ ਪੜ੍ਹਿਆ। ਆਹ ਵੇਖ ਸਭ ਤੇਰੇ ਤੇਰੇ ਜਿੱਡੇ ਮੁੰਡੇ। ਔਹ ਵੇਖ ਖੁਸ਼ੀਏ ਦਾ ਮੁੰਡਾ ਤੇਰੇ ਜਿੱਡਾ।" ਉਹ ਮੈਨੂੰ ਹੌਸਲਾ ਦੇਣ ਲਈ ਜਮਾਤ ਵਿੱਚ ਲੈ ਗਿਆ ਅਤੇ ਮੈਨੂੰ ਬਾਜ਼ਾਰ ਵਿੱਚ ਸਾਡੇ ਨੇੜੇ ਹੀ ਵੱਸਦੇ ਦੁਕਾਨਦਾਰ ਖ਼ੁਸ਼ੀ ਰਾਮ ਦੇ ਲੜਕੇ ਕੋਲ ਬਿਠਾ ਦਿੱਤਾ।