Wednesday 22 June 2016



ਸੈਲਫ਼ਾਂ ਤੇ ਪਈਆਂ ਕਿਤਾਬਾਂ

- ਡਾ. ਅਮਰਜੀਤ ਟਾਂਡਾ
 

ਸੈਲਫ਼ਾਂ ਤੇ ਪਈਆਂ ਕਿਤਾਬਾਂ
ਚਿਰਾਂ ਤੋਂ ਝਾਕ ਰਹੀਆਂ ਹਨ-
ਕਦੇ ਮੇਰੇ ਵੱਲ
ਤੇ ਕਦੇ ਓਹਦੇ ਵੱਲ--
ਸ਼ੀਸ਼ਿਆਂ ਚ ਪਈਆਂ ਕਿਤਾਬਾਂ
'ਕੱਲੀਆਂ ਵੀ ਕੀ ਕਰਨ-
ਜਿਹਨਾਂ ਨੂੰ ਮੈਂ ਕਦੇ ਹੱਥਾਂ ਚ ਰੱਖ 2
ਪੜ੍ਹਦਾ ਸਾਂ ਚੁੰਮਦਾ ਸਾਂ-ਸਵੇਰ ਸ਼ਾਮ-
ਬਿੱਟ 2 ਝਾਕ ਰਹੀਆਂ ਹਨ-
ਅਲਮਾਰੀ ਵਿਚ-
ਕਿਸੇ ਨੇ ਹੁਣ
ਕਦੇ ਘੱਟਾ ਵੀ ਨਹੀਂ ਸਾਫ਼ ਕੀਤਾ ਆ ਕੇ
ਵਿਹਲ ਹੀ ਨਹੀਂ ਦੁਨੀਆਂ ਨੂੰ ਲੈਪਟੌਪ ਤੋਂ-
ਨਜ਼ਰ ਜੇ ਹੈ ਤਾਂ ਕਰਸਰ ਤੇ
ਕਾਲੀਆਂ ਪਲਕਾਂ ਤੇ ਨਹੀਂ ਹੈ
ਜਾਂ ਬਾਰੀਆਂ ਚੋਂ ਜਨਮਦੇ
ਰੰਗੀਨ ਗੁਮਨਾਮ ਉਦਾਸ ਜਾਂ
ਅਹਿਸਾਸੀ ਚਿੱਤਰਾਂ 'ਤੇ-
ਚਾਹ ਰੋਟੀ ਵੇਲੇ
ਹੁਣ ਪੋਟੇ ਲੱਭਦੇ ਹਨ -ਆਈਪੈਡ
ਹਰਫ਼ਾਂ ਤੋਂ ਹੋ ਗਈਆਂ ਹਨ ਦੂਰੀਆਂ-
ਕਿਤਾਬਾਂ ਦੇ ਸਫ਼ੇ ਕੋਈ ਨਹੀਂ ਛੁੰਹਦਾ,ਪਰਤਦਾ
ਕੀ ਕਰਾਂਗਾ ਨਵੀਂ ਕਿਤਾਬ
ਛਪਵਾ ਕੇ -
ਕਵਰ ਤੇ ਆਪਣਾ ਨਾਂ ਲਿਖਵਾ ਕੇ-
ਕਿਸੇ ਨੇ ਨਹੀਂ ਪੜ੍ਹਨੀ ਮੇਰੀ ਕਿਤਾਬ-
ਪਈ ਰਹੇਗੀ ਕਿਸੇ ਦੀ ਸੈæਲਫ ਤੇ
ਬੰਦ ਸਦੀਆਂ ਤੀਕ-ਮੇਰੀ ਭੇਟ ਕੀਤੀ ਕਿਤਾਬ
ਕਿੰਨਾ ਕੁਝ ਦਿਤਾ ਸੀ-
ਮੇਰੀ ਪਾਠ ਪੁਸਤਕ, ਕਵਿਤਾ,
ਤੇ ਕਹਾਣੀਆਂ ਵਾਲੀ ਕਿਤਾਬ ਨੇ-
ਲੋਕ ਸਾਰੇ ਕਿਤਾਬਾਂ 'ਚ ਹੀ ਜਨਮੇਂ
ਵੱਡੇ 2 ਅਹੁਦਿਆਂ ਤੇ ਬੈਠੇ-
ਇਹ ਸਾਰਾ ਕਿਤਾਬਾਂ ਨੇ ਹੀ ਦਿਤਾ -
ਕਿਤਾਬਾਂ ਉਦਾਸ ਤੱਕ ਰਹੀਆਂ ਹਨ ਹੁਣ
ਸੈਲਫ਼ਾਂ ਤੋਂ-
ਉਡੀਕ ਰਹੀਆਂ ਹਨ ਕਿਸੇ ਆਪਣੇ ਨੂੰ-
ਕਿ ਕੋਈ ਆਵੇ
ਤੇ ਓਹਦੇ ਸਫ਼ਿਆਂ ਨੂੰ ਅੰਗਾਂ ਵਾਂਗ ਛੋਹੇ,
ਵਰਕਾ 2 ਥੱਲੇ-ਹੋਟਾਂ ਤੋਂ ਆਏ ਪੋਟਿਆਂ ਨਾਲ-
ਕਿਤਾਬਾਂ ਜਿਹੜੀਆਂ ਲੈਣ ਦੇਣ ਵੇਲੇ
ਵਿਚੋਲੀਆਂ ਬਣਦੀਆਂ ਸਨ-
ਪਿਆਰ ਰਿਸ਼ਤੇ ਬਣਾਉਂਦੀਆਂ ਸਨ-
ਬੇਵੱਸ, ਬੇਚੈਨ ਪਈਆਂ ਹਨ-
ਹੁਣ ਕਿੱਥੇ ਰੱਖਿਆ ਕਰਾਂਗੇ
ਕਿਸੇ ਆਪਣੇ ਦੇ ਦਿਤੇ
ਪਿਆਰੇ ਹੱਥਾਂ ਨਾਲ ਸੂਹੇ ਗੁਲਾਬ-
ਜੋ ਮੁੱਦਤਾਂ ਤੀਕ ਸਾਂਭੇ ਰਹਿੰਦੇ ਸਨ-
ਖੇਲਦੇ ਸਨ ਕਦੇ 2 ਉਂਗਲੀਆਂ 'ਚ-
ਕਿਤਾਬਾਂ ਨੇ ਯਾਦਾਂ ਦਿਤੀਆਂ
ਉਦਾਸ ਮਨਾਂ ਤੋਂ ਉਦਰੇਵੇਂ ਪੂੰਝੇ-
ਹੁਣ ਹਨੇਰਿਆਂ 'ਚ 'ਕੱਲੀਆਂ ਤੁਰਦੀਆਂ ਹਨ-
ਜਿਹਨਾਂ ਨੂੰ ਕਦੇ ਸੌਂ ਜਾਂਦੇ ਸਾਂ
ਹਿੱਕ ਨਾਲ ਲਾ ਕੇ
ਕਦੇ ਸਰਾ੍ਹਣੇ ਰੱਖ ਕੇ -
ਪੱਟਾਂ ਤੇ ਹੁਣ ਲੈਪਟੌਪ ਹੈ-
ਹੱਥਾਂ 'ਚ ਸਮਾਰਟ ਫ਼ੋਨ ਜਾਂ ਆਈਪੈਡ-
ਕਿਤਾਬਾਂ ਗੁਆਚ ਗਈਆਂ ਹਨ-
ਪਿਆਰ ਰਿਸ਼ਤੇ ਗੁੰਮ ਹੋ ਗਏ ਹਨ- ਕਿਤੇ
ਲੈਪਟੌਪ ਤੇ ਪਲਾਂ ਦੇ ਈਮੇਲ
ਵਟਸਅੱਪ ਤੇ ਸਕਿੰਟਾਂ ਦਾ ਮਿਲਣ-
ਕਿਤਾਬਾਂ ਵਰਗੀ ਨਹੀਂ ਹੈ ਮੁਲਾਕਾਤ
ਹਰਫ਼ 2 ਨਹੀਂ ਹੈ ਬਰਸਾਤ
ਫੁੱਲਾਂ ਲਈ ਨਹੀਂ ਹੈ ਹਵਾਲਾਤ
ਓਹਦੇ ਵਰਗੀ ਨਹੀਂ ਹੈ ਪਰਭਾਤ

Friday 3 June 2016

ਗੁਰ ਦੇ ਘਰ ਵਿਚ ਕਾਹਦਾ ਡਰ!
ਸੂਰਜ , ਤਾਰਾ
ਆਪਣਾ ਘਰ
ਇਸਤੋਂ ਸੋਹਣਾ ਅੰਬਰਸਰ
ਅੰਬਰਸਰ ਸਿਫ਼ਤੀ ਦਾ ਘਰ
ਅੰਬਰਸਰ ਵਿਚ ਗੁਰ ਦਾ ਘਰ
ਗੁਰ ਦੇ ਘਰ ਵਿਚ ਕਾਹਦਾ ਡਰ!
ਬਚਪਨ ਵਿਚ ਜਦ ਗੁਰ-ਘਰ ਜਾਣਾ
ਅੰਮ੍ਰਿਤ-ਬਾਣੀ ਮਨ ਵਿਚ ਘੁਲਣੀ
ਸਵਾਦ ਸਵਾਦ ਹੋ ਜਾਣਾ
ਅਚਨਚੇਤ ਨਜ਼ਰਾਂ ਨੇ ਉਠਣਾ
ਪਰਿਕਰਮਾ ਵਿਚ ਲਿਖਿਆ ਪੜ੍ਹਨਾ
"ਜੇਬ ਕਤਰਿਆਂ 'ਤੇ ਗੱਠੜੀ ਚੋਰਾਂ ਤੋਂ ਬਚੋ ਜੀ।"
ਸਹਿਮ ਕੇ ਇਕ ਦਮ
ਬਾਪੂ ਦੀ ਉਂਗਲ ਫੜ ਲੈਣੀ
ਆਸੇ ਪਾਸੇ ਡਰ ਕੇ ਤੱਕਣਾ
ਹਰ ਇਕ ਬੰਦਾ ਲੱਗਣਾ ਜੇਬ-ਤਰਾਸ਼
ਗਠੜੀ ਚੋਰ
"ਬਾਪੂ ਛੇਤੀ ਚੱਲੀਏ ਏਥੋਂ"
ਬਾਪੂ ਹੱਸਣਾ
ਨਾਲੇ ਦੱਸਣਾ
"ਗਠੜੀ ਚੋਰ ਵੀ ਏਥੇ ਬੇਸ਼ੱਕ
ਨਾਲੇ ਜੇਬ-ਤਰਾਸ਼
ਐਪਰ ਬਾਬਾ ਨਜ਼ਰ ਵੀ ਦੇਂਦਾ
ਜਿਹੜੀ 'ਠੱਗ' ਤੇ 'ਸੱਜਣ' ਵਿਚਲਾ
ਫਰਕ ਪਛਾਣੇ
ਆਪਾਂ ਅੰਨ੍ਹਿਆਂ ਏਥੋਂ
ਆਪਣੀ ਨਜ਼ਰ ਗਵਾਚੀ ਲੈਣੀ
ਤੂੰ ਨਾ ਡਰ
ਹਰਿਮੰਦਰ ਵਿਚ ਕਰ ਹਰਿ ਹਰਿ।"
ਮੰਨ ਲਈ ਬਾਪੂ ਦੀ ਗੱਲ
ਕੱਢਣਾ ਚਾਹਿਆ ਮਨ 'ਚੋਂ ਡਰ
ਲੱਭਦੇ ਰਹਿਣਾ ਨਜ਼ਰ ਗਵਾਚੀ
ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ
ਜੇਬ-ਤਰਾਸ਼
ਕੇਵਲ ਓਹ ਨਾ
ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ
ਵਿਚ ਡਿਓੜ੍ਹੀ
ਸਰਾਂ ਰਾਮਦਾਸ ਗੁਰ
ਗੁਰ ਦੀ ਦਿੱਤੀ ਨਜ਼ਰ ਨੇ ਤੱਕਿਆ
ਖੜੇ ਡਿਓੜ੍ਹੀ ਦਰਸ਼ਨੀ
ਨਾਨਕ ਤੇ ਮਰਦਾਨਾ ਹੱਸਦੇ
ਦੂਰ ਖਲੋ ਕੇ ਬਾਣੀ ਸੁਣਦੇ
ਨਾਲੇ ਆਪਣਾ ਬਾਣਾ ਤੱਕਦੇ
ਬਰਛੇ ਵਾਲਾ ਸਿੰਘ ਵੇਖ ਕੇ
ਇਕ ਦੂਜੇ ਨੂੰ
ਲੱੱਗਦਾ ਏ ਕੁਝ ਪੁੱਛਦੇ-ਦੱਸਦੇ
ਚਾਰ-ਚੁਫ਼ੇਰੇ
ਸੁਰ ਤੇ ਸ਼ਬਦ ਦੀ ਅੰਮ੍ਰਿਤ ਵਰਸ਼ਾ
ਰੋਮ ਰੋਮ ਵਿਚ ਘੁਲਦਾ ਰਸ
ਸੰਗਤ ਸੁਣਦੀ ਗੁਰ ਦਾ ਜਸ
ਫਿਰ ਦਿਨ ਆਏ ਐਸੇ, ਏਥੇ
ਲਿਸ਼ਕਣ ਲੱਗ ਪਈਆਂ ਤਲਵਾਰਾਂ
ਬੋਲਣ ਲੱਗ ਪਏ ਹਥਿਆਰ
ਅੰਦਰਵਾਰ ਤੇ ਬਾਹਰਵਾਰ
ਗੂੰਜਣ ਲੱਗ ਪਈ ਲਲਕਾਰ
ਵਧਣ ਲੱਗਾ ਖੜਕਾਰ
ਅੱਖਾਂ ਵਿਚ ਵੱਜੀ ਲਿਸ਼ਕਾਰ
ਧੁੰਦਲੀ ਹੋ ਗਈ ਨਜ਼ਰ
ਤੇ ਹੁਣ
ਪਤਾ ਨਾ ਚੱਲੇ
ਕਿਹੜੀ ਤਰਫ਼ ਉਲਾਰ
ਏਧਰਲੇ ਸਿੰਘ?
ਓਧਰਲੀ ਸਰਕਾਰ?
ਸਹਿਮ ਗਿਆ ਮੈਂ ਸਹਿ-ਪਰਿਵਾਰ
ਹੁਣ ਜਦ ਜਾਂਦਾ ਅੰਬਰਸਰ
ਆਉਂਦਾ ਡਰ
ਲੈ ਕੇ ਮੁੜਦਾ ਮਨ 'ਤੇ ਭਾਰ
ਇੱਕ ਦਿਨ ਉਠਿਆ ਜ਼ਹਿਰੀ ਧੂੰਆਂ
ਦੋ-ਪਾਸੀਂ ਹੋਈ ਗੜ ਗੜ
ਅਪਣੇ ਹੀ ਜਦ
ਆਪਣਿਆਂ 'ਤੇ ਆਏ ਚੜ੍ਹ
ਅੰਬਰਸਰ ਵਿਚ ਨਾਵ੍ਹਣ ਆਇਆ
ਬਾਪੂ ਡੁੱਬਿਆ
ਹੋਰ ਪਤਾ ਨਹੀਂ ਕਿੰਨੇ ਸੁਪਨੇ
ਲਹੂ ਦੇ ਸਾਗਰ ਡੁੱਬੇ
ਤੱਤੀ ਲੋਹ ਦੇ ਹੇਠਾਂ
ਪਿਆ ਬਾਰੂਦ ਬਲੇ
ਨਰਕ-ਕੁੰਡ ਵਿਚ
ਧੂ ਧੂ ਕੁੱਲ੍ਹ ਪੰਜਾਬ ਜਲੇ
ਕਿਸੇ ਦਾ ਵਿਹੜਾ
ਛਮ ਛਮ ਅੱਥਰੂ ਰੋਂਦਾ
ਕਿਸੇ ਦਾ ਖੇੜਾ
ਖਿੜ ਖਿੜ ਕਰ ਕੇ ਹੱਸਦਾ
ਗੁੰਮ ਗਿਆ
ਪਤਾ ਨਹੀਂ ਕਿਧਰੇ
ਸਭ ਦਾ ਸਾਂਝਾ
ਘਟ-ਘਟ ਵੱਸਦਾ
ਹਰ ਦਰ ਘਰ 'ਤੇ ਛਾਏ
ਕਾਲ ਦੇ ਪ੍ਰਛਾਵੇਂ
ਜੜ੍ਹ ਤੋਂ ਸੁੱਕਣ ਲੱਗੇ
ਰੁੱਖੜੇ ਘਣਛਾਵੇਂ
ਜਾਗਦਿਆਂ ਤੇ ਸੁੱਤਿਆਂ
ਸਾਹਵੇਂ ਮੌਤ ਖੜੀ
ਚਾਰੇ ਪਾਸੇ ਧੂੰਆਂ-ਧੂਆਂ
ਗਹਿਰ ਚੜ੍ਹੀ
ਉਸ ਧੂੰਏ ਵਿਚ ਨਜ਼ਰ ਗਵਾਚੀ
ਰੋਮ ਰੋਮ ਵਿਚ ਬਹਿ ਗਿਆ ਡਰ
ਉਸ ਦਿਨ ਤੋਂ ਮੈਂ
ਲੱਭਦਾ ਫਿਰਦਾਂ
ਕਿੱਥੇ ਹੈ ਮੇਰੇ ਗੁਰ ਦਾ ਘਰ?
ਅਜੇ ਵੀ ਏਥੇ ਅਕਸਰ ਹੀ ਤਲਵਾਰਾਂ ਲਿਸ਼ਕਣ
ਪੱਗਾਂ ਲੱਥਣ
ਵੇਖ ਕੇ ਸਭ ਕੁਝ
ਬਾਣੀ ਸੁਣਦੇ
ਮਾਸੂਮਾਂ ਦੇ ਬੁੱਲ੍ਹਾਂ 'ਤੇ ਮੁਸਕਾਨਾਂ ਸਿਸਕਣ
ਅਜੇ ਵੀ ਏਥੇ
ਖੜੇ ਡਿਓੜ੍ਹੀ ਦਰਸ਼ਨੀ
ਨਾਨਕ ਤੇ ਮਰਦਾਨਾ ਹੱਸਦੇ
ਦੂਰ ਖਲੋ ਕੇ ਬਾਣੀ ਸੁਣਦੇ
ਨਾਲੇ ਆਪਣਾ ਬਾਣਾ ਤੱਕਦੇ
ਬਰਛੇ ਵਾਲਾ ਸਿੰਘ ਵੇਖ ਕੇ
ਇਕ ਦੂਜੇ ਨੂੰ
ਲੱੱਗਦਾ ਏ ਕੁਝ ਪੁੱਛਦੇ-ਦੱਸਦੇ
ਹੁਣ ਵੀ ਜਦ ਅੰਬਰਸਰ ਜਾਵਾਂ
ਮਨ ਸਮਝਾਵਾਂ
ਅੰਬਰਸਰ ਸਿਫ਼ਤੀ ਦਾ ਘਰ
ਅੰਬਰਸਰ ਵਿਚ
ਗੁਰ ਦਾ ਘਰ
ਗੁਰ ਦੇ ਘਰ ਵਿਚ ਕਾਹਦਾ ਡਰ!
-ਵਰਿਆਮ ਸਿੰਘ ਸੰਧੂ
-0-

ਇਹ ਤਸਵੀਰਾਂ- ਡਾ. ਅਮਰਜੀਤ ਟਾਂਡਾ
ਇਹ ਤਸਵੀਰਾਂ
ਬਹੁਤ ਕੁਝ ਬੋਲਦੀਆਂ ਹਨ
ਓਹਦੀ ਤਸਵੀਰ 
ਜੋ ਮੇਰੇ ਕੋਲ ਹੈ-
ਕੋਈ ਵੀ ਤਸਵੀਰ ਨਹੀਂ ਬਣੀ ਹੈ
ਓਸ ਵਰਗੀ-
ਕੱਲ ਜਦੋਂ
ਘਰ ਅਲਮਾਰੀ ਫ਼ੋਲੀ
ਪੁਰਾਣੇ ਸਾਂਭੇ ਪੈਨ ਪੈਨਸਿਲਾਂ ਤਾਲੇ ਚਾਬੀਆਂ ਮਿਲੀਆਂ
ਪਰ ਓਹਨਾਂ ਚ ਇੱਕ ਮਿਲੀ
ਤਸਵੀਰ ਓਹਦੀ ਸਾਂਭੀ ਕਿਤਾਬ ਚ-
ਸੱਭ ਕੁਝ ਫ਼ਜ਼ੂਲ ਬੇਅਰਥ ਸੀ
ਇੱਕ ਤੇਰੀ ਤਸਵੀਰ ਬਿਨ-
ਤੂੰ ਜਰਾ ਮੇਰੇ ਵੱਲ ਮੂੰਹ ਤਾਂ ਕਰ
ਦੱਸ ਕੀ ਜਾਂਦਾ ਹੈ ਤੇਰਾ-
ਉਹ ਦਿਨ ਹਵਾ ਨੇ
ਨਹੀਂ ਆਉਣਾ ਮੁੜਕੇ
ਨਾ ਹੀ ਉਹ ਆਏਗੀ ਵਾਪਿਸ
ਕਿਸੇ ਘਰ ਨੂੰ ਸਜਾਉਂਦੀ
ਤੇ ਪਹਿਲੀ ਮੁਹੱਬਤ ਦੇ ਗੀਤ ਗੁਣਗਣਾਉਂਦੀ-
ਸੁਪਨਿਆਂ ਦੀ ਹੀ ਰਹਿ ਗਈ ਹੈ
ਇੱਕ ਰਾਤ ਬਾਕੀ
ਰੇਤ ਤੇ ਚੰਦ ਬਣਾ ਕੇ ਵੀ ਕੀ ਕਰਾਂਗਾ-
ਰੰਗੀਨ ਤਸਵੀਰਾਂ ਵਰਗੇ
ਨਹੀਂ ਪਰਤਣਗੇ ਦਿਨ ਕਦੇ
ਕੱਲ ਸੁਪਨੇ ਚ ਹੀ ਇੱਕ ਹੋਈ ਮੁਲਾਕਾਤ
ਕੰਬ ਰਹੇ ਸਨ
ਬੁੱਲ੍ਹ ਸਾਡੇ ਦੋਵਾਂ ਦੇ-
ਜੀਅ ਭਰ ਕੇ ਵੀ ਨਾ ਦੇਖਿਆ
ਇੱਕ ਦੂਸਰੇ ਨੂੰ-ਨਾ ਕੋਈ ਗੱਲ ਕੀਤੀ
ਏਡੀ ਲੰਬੀ ਸੀ ਮੁਲਾਕਾਤ-
ਓਸ ਦਿਨ ਬਾਅਦ
ਫਿਰ ਵੀ ਮਿਲਦੇ ਤਾਂ ਹਾਂ-
ਪਰ ਕੰਬਦੇ ਬੁੱਲ੍ਹ-ਗੱਲ ਕੀ ਕਰਨ-
ਜੇਬਾਂ ਚ ਤਸਵੀਰਾਂ ਸਨ ਇੱਕ ਦੂਜੇ ਦੀਆਂ-
ਖ਼ਾਬ ਮਰਨ ਨਾਲ ਹੀ ਜਲ ਗਈਆਂ
ਮੈਂ ਤਸਵੀਰ ਬਣਾਉਂਦਾ ਹਾਂ ਚੰਨ ਦੀ
ਤੇਰੀ ਬਣ ਜਾਂਦੀ ਹੈ ਤਸਵੀਰ ਹਰ ਵਾਰ-
ਰੰਗਾਂ ਨੂੰ ਵੀ ਸ਼ਾਇਦ ਇਸ਼ਕ ਹੋ ਗਿਆ ਹੈ
ਤੇਰੇ ਸ਼ਹਿਰ ਦਾ-
ਤਸਵੀਰਾਂ ਦੇ ਨਕਸ਼ ਲੈ ਕੇ
ਹੁਣ ਘੁੰਮ ਰਹੇ ਹਾਂ-
ਹੋ ਸਕਦਾ ਹੈ ਕਿਸੇ ਮੋੜ ਤੇ
ਮਿਲ ਪਈਏ-
ਲੋਕਾਂ ਨੇ ਹਰ ਮਿਲਣ ਤੇ
ਪਤਾ ਨਹੀਂ ਕਿਉਂ ਲਿਖ ਦਿਤੀ ਹੈ ਜੁਦਾਈ ਤੇ ਵਿਯੋਗ-
ਅੱਜ ਤੇਰੀ ਤਸਵੀਰ
ਮਨ 'ਚ ਉੱਤਰੀ
ਰਾਤ ਸੀ- ਫਿਰ ਜੁਆਨ ਹੋ ਗਈ
ਦਿੱਲ ਕਰਦਾ ਹੈ -ਛੱਤ ਤੇ ਚੱਲੀਏ-
ਤੂੰ ਚੰਦ ਤਾਰੇ ਦੇਖੀਂ
ਮੈਂ ਤੈਨੂੰ ਤੱਕਾਂਗਾ-
ਇਹ ਸ਼ਰਾਬ ਤਾਂ ਲੋਕ ਉਂਜ਼ ਹੀ ਪੀਂਦੇ ਨੇ
ਅਸੀਂ ਤਾਂ ਪੀਂਦੇ ਹਾਂ
ਤੇਰੇ ਮਸਤ ਨੈਣਾਂ ਦਾ ਖੁਮਾਰ
ਜਦੋਂ ਕਦੇ ਤਸਵੀਰ ਦੇਖਦਾਂ ਤੇਰੀ
ਲੋਕ ਜਿਊਣਾ ਪੁੱਛਦੇ ਹਨ-
ਮੈਨੂੰ ਤੇਰੀ ਨਿੱਕੀ ਜੇਹੀ
ਮੁਸਕਰਾਹਟ ਯਾਦ ਆ ਜਾਂਦੀ ਹੈ
ਦਿੱਲ ਟੋਹਦਾਂ ਹਾਂ ਤਾਂ
ਲਗਦਾ ਹੈ ਧੜਕਣ ਹੈ ਉਸ ਵਿਚ ਅਜੇ-
ਤੇਰੀ ਪੇਟਿੰਗ ਬਣਾ ਕੇ
ਰਾਤ ਅੰਬਰ ਤੇ ਲਟਕਾਈ
ਲੋਕਾਂ ਨੂੰ ਚੰਦ ਬੇਦਾਗ ਨਜ਼ਰ ਆਇਆ-ਕੱਲ
ਤੂੰ ਸ਼ੀਸ਼ਾ ਨਾ ਦੇਖਿਆ ਕਰ
ਕਿਤੇ ਨਜ਼ਰ ਨਾ ਲੱਗ ਜਾਵੇ
ਦੁਨੀਆਂ 'ਤੇ ਇਸ਼ਕ ਨੂੰ-

Monday 16 May 2016

ਸੁਖਚੈਨ ਦੀਆਂ ਦੋ ਕਵਿਤਾਵਾਂ

ਪੱਛਮਾਂ ਵਿੱਚ ਘਿਰਿਆ ਸੂਰਜ

ਬਹੁਤ ਪੱਛਮਾਂ ਵਿੱਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।
ਅਨੇਕਾਂ ਦੀਵੇ
ਹਵਾ ਦੇ ਛੋਟੇ-ਛੋਟੇ ਬੁੱਲਿਆਂ ਨਾਲ ਬੁਝ ਗਏ
ਹਜ਼ਾਰਾਂ ਰਿਸ਼ਮਾਂ ਦੀਆਂ ਜ਼ੁਲਫ਼ਾਂ
ਰਾਤਾਂ ਦੇ ਵਿੱਚ ਰਾਤ ਹੋ ਗਈਆਂ
ਨ੍ਹੇਰਾ ਉਨ੍ਹਾਂ ’ਤੇ ਹੱਸਦਾ ਰਿਹਾ।
ਜਦੋਂ ਪੈਰਾਂ ’ਚੋਂ ਵਾਟ ਮੁੱਕ ਗਈ
ਬਹੁਤ ਸਾਰੇ ਯਾਤਰੂ ਅੱਧਵਾਟੇ ਰੁਕ ਗਏ
ਜਦੋਂ ਆਪਣੇ ਵਿੱਚ ਅਗਨੀ ਨਾ ਰਹੀ
ਕਈ ਸੂਰਜ ਪੂਰਬ ’ਚ ਹੀ ਡੁੱਬ ਗਏ।
ਮੈਂ ਰੋਸ਼ਨੀਆਂ ਦੇ ਝੁੰਡ ’ਚ ਜਗਦੀ ਬੱਤੀ ਨਹੀਂ
ਮੈਂ ਤਾਂ ਹਨੇਰੇ ਦੀ ਬੁੱਕਲ ’ਚ ਦਹਿਕਦੀ ਅੱਗ ਹਾਂ
ਜੋ ਛੇਤੀ ਕੀਤੇ ਬੁਝਦੀ ਨਹੀਂ।
ਆਪਣੇ ਅੰਦਰ ਹਜ਼ਾਰਾਂ ਜਵਾਲਾਮੁਖੀ ਸਾਂਭੀ
ਅੱਖਾਂ ’ਚ ਅਨੇਕਾਂ ਅਣ-ਤੈਅ ਕੀਤੇ ਰਸਤੇ ਲਈ
ਹਜ਼ਾਰਾਂ ਪੱਛਮਾਂ ’ਚ ਘਿਰਿਆ ਸੂਰਜ ਹਾਂ
ਪਰ ਡੁੱਬਾਂਗਾ ਨਹੀਂ
ਮੈਂ ਤਾਂ ਹਰ ਪੱਛਮ ਨੂੰ ਪੂਰਬ ਬਣਾ ਕੇ ਉਦੈ ਹੋਣਾ ਹੈ।

ਸੈਹਰ ਲਈ ਇੱਕ ਕਵਿਤਾ

ਲੰਮੀ ਕਾਲੀ ਬੋਲੀ ਸੁੰਨ-ਸਰਾਂ ਰਾਤ ਖ਼ਤਮ ਹੋਈ ਹੈ
ਸਾਡੇ ਘਰ ਸੁਗੰਧੀਆਂ ਭਰੀ ਪਹੁ ਫੁੱਟੀ ਹੈ
ਇਸ ਨਵੀਂ ਸਵੇਰ ਦਾ ਨਾਂ ਹੈ ਸੈਹਰ।
ਇਸ ਸੈਹਰ ਦੀ ਆਵਾਜ਼ ਵਿੱਚ
ਚਿੜੀਆਂ ਚੂਕਣ ਪੰਛੀ ਗਾਵਣ
ਬਾ ਬਾ ਕਰਕੇ ਬਾਬੇ ਨਾਲ ਗੱਲਾਂ ਕਰਦੀ
ਦਾ ਦਾ ਕਰਕੇ ਦਾਦੀ ਨੂੰ ਬੁਲਾਏ
ਮਾਂ ਮਾਂ ਕਰਕੇ ਅੰਮੀ ਵੱਲ ਦੇਖੇ
ਪਾ ਪਾ ਕਰਕੇ ਪਾਪਾ ਵੱਲ ਜਾਵੇ
ਚਾ ਚਾ ਕਰਕੇ ਚਾਚਿਆਂ ਵੱਲ ਦੇਖੇ
ਨਾ ਨਾ ਕਰਕੇ ਨਾਨੇ-ਨਾਨੀ ਦੀ ਕੁੱਛੜ ਚੜ੍ਹਦੀ
ਸੈਹਰ ਘਰ ਦਾ ਕੁਲ ਸਰਮਾਇਆ।
ਗਾਲ੍ਹੜ ਗਾਲ੍ਹੜ ਮੈਂ ਉਸ ਨੂੰ ਬੁਲਾਵਾਂ
ਕੁਤਕੁਤਾੜੀਆਂ ਕੱਢ ਕੇ ਉਸ ਨੂੰ ਹਸਾਵਾਂ
ਖਿੜ-ਖਿੜ ਹੱਸਦੀ ਮੈਨੂੰ ਗਾਲ੍ਹੜ ਦਾਦਾ ਆਖੇ
ਹੱਸਦੀ ਦੇ ਮੂੰਹ ਵਿੱਚੋਂ ਫੁੱਲ ਕਿਰਦੇ ਹਨ
ਇੰਜ ਮੈਨੂੰ ਜਾਪੇ।
ਮੈਂ ਸੋਚਾਂ ਅੱਜ ਇਹ ਮੇਰੇ ਕੋਲ ਹੈ
ਵੱਡੀ ਹੋ ਕੇ ਕੱਲ੍ਹ ਨੂੰ ਇਸ ਨੇ ਸਹੁਰੇ ਘਰ ਜਾਣਾ ਹੈ
ਡਰਦਾ ਹਾਂ ਇਸ ਨਾਲ ਕੀ ਹੋਵੇਗਾ?
ਫਿਰ ਸੋਚਦਾ ਹਾਂ
ਗਿਆਨ ਦੀ ਸ਼ਕਤੀ ਨਾਲ ਇਸ ਦਾ ਮਨ ਮਜ਼ਬੂਤ ਕਰਾਂਗਾ
ਮਜ਼ਬੂਤ ਇਸਪਾਤ ਵਰਗੇ ਮਨ ਵਾਲੀ ਸੈਹਰ ਨੂੰ ਘਰੋਂ ਵਿਦਾ ਕਰਾਂਗਾ।
ਸੁਣੋ ਭਾਈ ਮੇਰੇ ਦੇਸ਼ ਦੇ ਕੁੜੀ ਮਾਰੋ
ਕੁੜੀਆਂ ਹੁੰਦੀਆਂ ਘਰ ਦੇ ਵਿਹੜੇ ਦਾ ਬਾਗ਼
ਇਸ ਬਾਗ਼ ਵਿੱਚ ਭਾਂਤ-ਭਾਂਤ ਦੇ ਫੁੱਲ ਖਿੜਦੇ ਹਨ
ਜ਼ਿੰਦਗੀ ਦੇ ਸੁੰਨੇ ਬੀਆਬਾਨ ਵਿੱਚ
ਮਾਵਾਂ ਧੀਆਂ ਭੈਣਾਂ ਦੀਆਂ ਗੱਲਾਂ ਦੇ ਦੀਵੇ ਜਗਦੇ ਹਨ।
ਆਓ ਧੀਆਂ ਭੈਣਾਂ ਦਾ ਮਨ
ਵਿੱਦਿਆ ਦੇ ਦੀਵਿਆਂ ਨਾਲ ਰੁਸ਼ਨਾਈਏ
ਵਿੱਦਿਆ ਘਰਾਂ ਵਿੱਚ ਪੜ੍ਹਨੇ ਪਾਈਏ
‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’
ਗਿਆਨ ਦੇ ਦੀਵੇ
ਉਨ੍ਹਾਂ ਦੇ ਮਨਾਂ ਵਿੱਚ ਜਗਾਈਏ
ਅਗਿਆਨਤਾ ਦਾ ਹਨੇਰਾ
ਧਰਤ ਤੋਂ ਦੂਰ ਭਜਾਈਏ।
ਬੀਬੀਆਂ ਮਨੁੱਖਤਾ ਦੀ ਹੋਣੀ ਹਨ
ਦੁੱਖ ਨਾਲ ਤੜਪ ਰਹੇ ਮਨ ’ਤੇ
ਸੁਖ ਦੀ ਠੰਢੀ ਪੱਟੀ ਹਨ
ਬੀਬੀਆਂ ਸਾਡਾ, ਭੂਤ, ਵਰਤਮਾਨ, ਭਵਿੱਖ
ਆਓ ਇਨ੍ਹਾਂ ਦੀ ਇੱਜ਼ਤ ਕਰੀਏ
ਆਓ ਆਪਣੇ ਆਪ ਨੂੰ ਮਜ਼ਬੂਤ ਬਣਾਈਏ
ਆਓ ਘਰਾਂ ਵਿੱਚ ਸੁਖ ਦੇ ਬੂਟੇ ਲਾਈਏ।
ਮੋਬਾਈਲ: 95010-16407

ਨਾਗ਼ਮਣੀ

ਨਾਗ਼ਮਣੀhttp://www.ajitjalandhar.com/



ਓਦੋਂ ਇਹ ਨਹੀ ਸੀ ਪਤਾ-- ਡਾ. ਅਮਰਜੀਤ ਟਾਂਡਾ
ਜੇ ਇਹ ਪਤਾ ਹੁੰਦਾ
ਕਿ ਮਾਂ ਵੀ ਗੁਆਚਣ ਵਾਲੀ ਚੀਜ ਹੈ
ਤਾਂ ਮੈਂ ਨੀਲੇ ਬੱਦਲਾਂ ਚ ਕਿਤੇ ਸੰਭਾਲ ਲੈਂਦਾ-
ਕਿਸੇ ਅਸਮਾਨ ਤੇ ਡਾਹ ਦਿੰਦਾ-
ਓਹਦਾ ਸੋਨ ਰੰਗਾ ਮੰਜ਼ਾ
ਸੁਪਨਿਆਂ ਦੇ ਹੀਰਿਆਂ ਨਾਲ ਮੜ੍ਹ ਕੇ
ਓਹਦੀਆਂ ਨਸੀਹਤਾਂ ਨੂੰ ਕਿਸੇ
ਸੋਹਣੇ ਜੇਹੇ ਸੁਨਹਿਰੀ ਫ਼ਰੇਮ ਚ ਜੜ੍ਹਾ ਲੈਂਦਾ
ਸਾਂਭ ਲੈਂਦਾ ਓਹਦੇ ਗੀਤਾਂ
ਤੇ ਲੋਰੀਆਂ ਨੂੰ-ਕਿਸੇ ਮਹਿਫ਼ੂਜ਼ ਸੰਦੂਕ ਚ
ਲੁਕੋ ਲੈਂਦਾ ਕਿਤੇ ਓਹਦੇ ਚਰਖ਼ੇ ਦੀ ਘੂਕਰ ਨੂੰ
ਮਧਾਣੀ ਦੇ ਗੀਤਾਂ ਨੂੰ
ਝਾੜੂ ਦੀਆਂ ਨਜ਼ਮਾਂ ਨੂੰ
ਛੱਜ ਦੇ ਹੁਲਾਰਿਆਂ ਨੂੰ
ਧੋ ਹੋ ਰਹੇ ਕੱਪੜਿਆਂ ਸੰਗ ਵੱਜਦੇ ਸਾਜ਼ ਨੂੰ
ਗਰੀ ਦੇ ਤੇਲ ਨਾਲ ਲਿਖੇ ਮੇਰੇ ਵਾਲਾਂ ਤੇ
ਪੋਟਿਆਂ ਦੀ ਛੁਹ ਨਾਲ ਆ ਰਹੀ ਨੀਂਦਰ ਨੂੰ-
ਕੰਘੀ ਨਾਲ ਸੋਹਣੇ ਸਿੰਗਾਰੇ
ਜੂੜੇ ਦੀ ਕਲਾ ਤੇ ਨਕਸ਼ਾਂ ਨੂੰ-
ਰੋਜ਼ ਆਟਾ ਗੁੰਨ੍ਹਦੀ ਰਸਮ ਨੂੰ
ਮੱਕੀ ਦੀ ਤਰਾਸ਼ਦੀ ਗੋਲ ਰੋਟੀ ਦੀ ਚਿੱਤਰਕਲਾ ਨੂੰ
ਤਵੇ ਤੇ ਸੇਕਦੀ ਚਾਵਾਂ ਨੂੰ -
ਪਾਥੀਆਂ ਪੱਥਦੀ,ਚਿਣਦੀ, ਸਾਜਦੀ ਸੰਸਾਰ ਨੂੰ
ਅੱਗ ਲਾਟਾਂ ਚੋਂ ਸਿੰਗਾਰਦੀ
ਭੁੱਖ ਦੇ ਲੱਗੇ ਦੁੱਖਾਂ ਨੂੰ
ਕੰਧਾਂ ਲਿੱਪ 2 ਸਾਂਭਦੀ
ਨਿੱਤ ਤਿੜਕਦੀ ਦੁਨੀਆਂ ਨੂੰ
ਤਾਰਾਂ ਤੇ ਧੋ 2 ਖਿਲਾਰਦੀ
ਨੰਗੀ ਹੋ ਰਹੀ ਇਨਸਾਨੀਅਤ ਲਈ ਰੰਗ ਬਿਰੰਗੇ ਕੱਜਣ
ਓਦੋਂ ਇਹ ਨਹੀ ਸੀ ਪਤਾ
ਕਿ ਇਸ ਛੱਤ ਨੇ ਦੁਨੀਆਂ ਦਾ ਅਰਸ਼ ਬਣਨਾ ਹੈ-
ਕਿਸੇ ਚੰਦ ਤੇ ਜਾ ਚਰਖ਼ਾ ਡ੍ਹਾਉਣਾ ਹੈ-
ਤਾਰਿਆਂ 'ਚ ਜਾ ਸਿਮਟਣਾ ਹੈ
ਹਵਾਵਾਂ 'ਚ ਰੁਮਕਣਾ ਹੈ-
ਓਦੋਂ ਇਹ ਨਹੀ ਸੀ ਪਤਾ-