Tuesday, 27 May 2014

ਤ੍ਰਿਸ਼ਨਾ
ਕਰਤਾਰ ਸਿੰਘ ਦੁੱਗਲਕਰਤਾਰ ਸਿੰਘ ਦੁੱਗਲ ਦੀ 'ਤ੍ਰਿਸ਼ਨਾ' ਨਾਂ ਦੀ ਕਹਾਣੀ ਵਿੱਚ ਅੱਜ ਦੇ ਬਹੁ-ਚਰਚਿਤ ਮੁੱਦੇ 'ਭਰੂਣ-ਹੱਤਿਆ' ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਨਾਲ ਅਜੋਕੇ ਅਤਿ-ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਅਤੇ ਵਸਤੂ-ਹੋਂਦ ਦਾ ਬਿਰਤਾਂਤ ਸਿਰਜਿਆ ਗਿਆ ਹੈ।

ਤ੍ਰਿਸ਼ਨਾ
      ਕਰਤਾਰ ਸਿੰਘ ਦੁੱਗਲ
        (1917)
   ਕਿਸੇ ਸਮੇਂ ਸਾਹਿਤਕਾਰਾਂ ਦੇ ਜਨਮ ਲਈ ਜ਼ਰਖ਼ੇਜ਼ ਸਮਝੇ ਜਾਣ ਵਾਲੇ ਪੋਠੋਹਾਰ ਦੇ ਇਲਾਕੇ ਦੇ ਪਿੰਡ ਧਮਿਆਲ, ਜ਼ਿਲ੍ਹਾ ਰਾਵਲਪਿੰਡੀ ਵਿੱਚ ਸਰਦਾਰ ਜੀਵਨ ਸਿੰਘ ਦੁੱਗਲ ਦੇ ਘਰ ਕਰਤਾਰ ਸਿੰਘ ਦੁੱਗਲ ਦਾ ਜਨਮ ਹੋਇਆ। ਐਮ ਏ ਅੰਗਰੇਜ਼ੀ ਦੀ ਵਿਦਿਆ ਹਾਸਲ ਕਰਕੇ ਉਸਨੇ ਛੇਤੀ ਹੀ ਆਲ ਇੰਡੀਆ ਰੇਡੀਓ ਦੇ ਅਧਿਕਾਰੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ। 1942 ਤੋਂ 1966 ਤੱਕ ਉਹ ਲਗਾਤਾਰ ਰੇਡੀਓ ਨਾਲ ਜੁੜਿਆ ਰਿਹਾ ਅਤੇ ਬਤੌਰ ਡਾਇਰੈਕਟਰ ਆਕਾਸ਼ਵਾਣੀ ਸੇਵਾ-ਮੁਕਤ ਹੋਇਆ। ਰੇਡੀਓ ਦੀ ਸੇਵਾ ਨਿਭਾਉਣ ਤੋਂ ਇਲਾਵਾ ਉਸਨੇ ਰਾਸ਼ਟਰੀ ਪੱਧਰ ਦੇ ਹੋਰ ਵੀ ਕਈ ਅਦਾਰਿਆਂ ਵਿਚ ਸਮੇਂ ਸਮੇਂ ਜ਼ਿੰਮੇਵਾਰੀ ਵਾਲੇ ਅਹੁਦਿਆਂ 'ਤੇ ਕੰਮ ਕੀਤਾ। ਉਹ ਨੈਸ਼ਨਲ ਬੁੱਕ ਟਰੱਸਟ ਦਾ ਸਕੱਤਰ (1966-73), ਸਲਾਹਕਾਰ ਸੂਚਨਾ ਤੇ ਪ੍ਰਸਾਰਨ ਮੰਤਰਾਲਾ (1973-76) ਅਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ। ਦੁੱਗਲ ਬਹੁ-ਵਿਧਾਈ ਲੇਖਕ ਹੈ ਅਤੇ ਕਵਿਤਾ, ਕਹਾਣੀ, ਨਾਟਕ ਅਤੇ ਵਾਰਤਕ ਲੇਖਣ ਦੇ ਖੇਤਰ ਵਿੱਚ ਉਸਦੀਆਂ ਅਹਿਮ ਪ੍ਰਾਪਤੀਆਂ ਹਨ। ਪਰ ਪੰਜਾਬੀ ਕਹਾਣੀਕਾਰ ਵਜੋਂ ਉਸਦੀ ਇੱਕ ਵਿੱਲਖਣ ਪਛਾਣ ਹੈ। ਉਸਨੂੰ ਆਧੁਨਿਕ ਨਿੱਕੀ ਕਹਾਣੀ ਦੇ ਨਕਸ਼ ਸਵਾਰਨ ਵਾਲੇ ਪਹਿਲੇ ਮੋਢੀ ਕਥਾਕਾਰਾਂ ਵਿਚ ਸਨਮਾਨਯੋਗ ਸਥਾਨ ਹਾਸਲ ਹੈ।
   ਕਰਤਾਰ ਸਿੰਘ ਦੁੱਗਲ ਆਪਣੇ ਪਹਿਲੇ ਕਹਾਣੀ-ਸੰਗ੍ਰਹਿ 'ਸਵੇਰ-ਸਾਰ' ਨਾਲ ਹੀ ਸਥਾਪਤ ਕਥਾਕਾਰ ਬਣ ਗਿਆ ਸੀ। ਪੰਜਾਬੀ ਕਹਾਣੀ ਵਿਚ ਮਨੋਵਿਗਿਆਨ ਅੰਤਰ-ਦ੍ਰਿਸ਼ਟੀ ਦਾ ਸਮਾਵੇਸ਼ ਕਰਨਾ ਉਸਦੀ ਵੱਡੀ ਪ੍ਰਾਪਤੀ ਸਮਝੀ ਜਾਂਦੀ ਹੈ। ਉਸਦੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਮਨੁੱਖੀ ਮਨ ਦੀਆਂ ਅੰਦਰਲੀਆਂ ਹਨੇਰੀਆਂ ਪਰਤਾਂ ਨੂੰ ਬਾਰੀਕੀ ਨਾਲ ਵੇਖਿਆ ਜਾਣ ਲੱਗਾ। ਉਸਨੇ ਡੂੰਘੀ ਮਨੋਵਿਗਿਆਨਕ ਸੂਝ ਨਾਲ ਮਨੁੱਖੀ ਵਿਹਾਰ ਪਿੱਛੇ ਕਾਰਜਸ਼ੀਲ ਪ੍ਰੇਰਕਾਂ ਨੂੰ ਸਮਝਿਆ/ਸਮਝਾਇਆ। ਭਾਵੇਂ ਕਰਤਾਰ ਸਿੰਘ ਦੁੱਗਲ ਸ਼ੁਰੂ ਸ਼ੁਰੂ ਵਿੱਚ 'ਕਲਾ ਕਲਾ ਲਈ' ਦੇ ਸਿੱਧਾਂਤ ਦਾ ਪੈਰੋਕਾਰ ਸੀ, ਪਰ ਛੇਤੀ ਹੀ ਉਸਦੀਆਂ ਕਹਾਣੀਆਂ ਵਿੱਚ 'ਕਲਾ ਸਮਾਜ ਲਈ' ਦੇ ਸਿੱਧਾਂਤ ਦਾ ਸਮਾਵੇਸ਼ ਵੀ ਹੋ ਗਿਆ ਅਤੇ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਬਦਲ ਰਹੇ ਭਾਰਤ ਦੀ ਤਕਦੀਰ ਨੂੰ ਵੀ ਪ੍ਰਗਤੀਵਾਦੀ ਉਤਸ਼ਾਹ ਨਾਲ ਚਿਤਰਿਆ। ਗੁਣ ਅਤੇ ਗਿਣਤੀ ਵਿੱਚ ਉਹ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖਣ ਵਾਲਾ ਲੇਖਕ ਗਿਣਿਆ ਜਾਂਦਾ ਹੈ। ਪੋਠੋਹਾਰੀ ਭਾਸ਼ਾਈ ਰੰਗ ਵਿਚ ਰੰਗੀ ਹੋਈ ਅਤੇ ਨਿੱਕੇ ਨਿੱਕੇ ਦੁਹਰਾਉਪੂਰਨ ਵਾਕਾਂ ਅਤੇ ਵਾਕੰਸ਼ਾਂ ਦੀ ਸਰੋਦੀ ਜੜਤ ਵਾਲੀ ਉਸਦੀ ਵਿਲੱਖਣ ਲਿਖਣ- ਸ਼ੈਲੀ ਉਸਦਾ ਵਿਸ਼ੇਸ਼ ਪਛਾਣ-ਚਿੰਨ੍ਹ ਹੈ।
    ਉਮਰ ਦੇ ਇਸ ਪੜਾਅ ਉੱਤੇ ਵੀ ਉਹ ਕਹਾਣੀਆਂ ਲਿਖੀ ਜਾ ਰਿਹਾ ਹੈ। ਉਸਦੀ ਕਹਾਣੀ ਰਚਨਾ ਦਾ ਵੇਰਵਾ ਇਸ ਪ੍ਰਕਾਰ ਹੈ: ਸਵੇਰ ਸਾਰ- 1941, ਪਿੱਪਲ ਪੱਤੀਆਂ- 1942, ਕੁੜੀ ਕਹਾਣੀ ਕਰਦੀ ਗਈ-1943, ਡੰਗਰ-1944, ਕੱਚਾ ਦੁੱਧ-1945, ਅੱਗ ਖਾਣ ਵਾਲੇ- 1948, ਨਵਾਂ ਘਰ-1950, ਨਵਾਂ ਆਦਮੀ-1951, ਲੜਾਈ ਨਹੀਂ-1952, ਫੁੱਲ ਤੋੜਨਾ ਮਨ੍ਹਾਂ ਹੈ-1953, ਕਰਾਮਾਤ-1957, ਗੌਰਜ-1958, ਪਾਰੇ ਮੈਰੇ-1960, ਇੱਕ ਛਿੱਟ ਚਾਨਣ ਦੀ-1960, ਸਭੈ ਸਾਂਝੀਵਾਲ ਸਦਾਇਣ- 1966, ਮਾਜ੍ਹਾ ਨਹੀਂ ਮੋਇਆ-1971, ਸੁਨਾਰ ਬੰਗਲਾ-1976, ਢੋਇਆ ਹੋਇਆ ਬੂਹਾ-1978, ਇਕਰਾਰਾਂ ਵਾਲੀ ਰਾਤ-1979, ਤਿਰਕਾਲਾਂ ਵੇਲੇ-1983, ਹੰਸਾ ਆਦਮੀ-1986, ਪੈਣਗੇ ਵੈਣ ਡੂੰਘੇ-1993, ਭਾਬੀ ਜਾਨ-1995, ਮੌਤ ਇੱਕ ਗੁੰਚੇ ਦੀ-1995, ਮਿੱਟੀ ਮੁਸਲਮਾਨ ਕੀ-1999æ ਉਸਦੇ ਕਹਾਣੀ ਸੰਗ੍ਰਿਹ 'ਇੱਕ ਛਿੱਟ ਚਾਨਣ ਦੀ' ਨੂੰ 1965 ਵਿੱਚ ਸਾਹਿਤ-ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ। 
   
   ਕਹਾਣੀ ਬਾਰੇ:
   'ਤ੍ਰਿਸ਼ਨਾ' ਨਾਂ ਦੀ ਕਹਾਣੀ ਵਿੱਚ ਅੱਜ ਦੇ ਬਹੁ-ਚਰਚਿਤ ਮੁੱਦੇ 'ਭਰੂਣ-ਹੱਤਿਆ' ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਨਾਲ ਅਜੋਕੇ ਅਤਿ-ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਅਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਅਤੇ ਵਸਤੂ-ਹੋਂਦ ਦਾ ਬਿਰਤਾਂਤ ਸਿਰਜਿਆ ਗਿਆ ਹੈ। ਆਖਣ-ਵੇਖਣ ਨੂੰ ਅਸੀਂ ਇੱਕੀਵੀਂ ਸਦੀ ਵਿੱਚ ਪ੍ਰਵੇਸ਼ ਕਰ ਗਏ ਹਾਂ। ਔਰਤ ਦੀ ਤਰੱਕੀ ਅਤੇ ਆਜ਼ਾਦੀ ਦੀ ਮੁਹਾਰਨੀ ਵੀ ਰਟੀ ਜਾ ਰਹੇ ਹਾਂ। ਇਸ ਵਿੱਚ ਅੰਸ਼ਿਕ ਸਚਾਈ ਵੀ ਹੈ। ਕਹਾਣੀ ਦੀ ਮੁੱਖ-ਪਾਤਰ ਰਜਨੀ ਪੜ੍ਹੀ ਲਿਖੀ ਹੈ ਅਤੇ ਆਪਣੀ ਮਰਜ਼ੀ ਦੇ ਵਰ ਨੂੰ ਪ੍ਰਾਪਤ ਸਕਣ ਦੀ ਉਸਨੇ ਆਜ਼ਾਦੀ ਵੀ ਹਾਸਲ ਕਰ ਲਈ ਹੈ। ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਅਤੇ ਮਾਂ ਬਣਨ ਦੇ ਉਸਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਫ਼ੈਸਲੇ ਦਾ ਅਧਿਕਾਰ ਉਸਦੇ ਆਪਣੇ ਕੋਲ ਨਹੀਂ। ਉਸਦਾ ਪ੍ਰੇਮੀ-ਪਤੀ ਪਰਤੂਲ ਹੀ ਅਸਲੀ 'ਮੈਜਿਸਟ੍ਰੇਟ' ਹੈ ਜੋ ਰਜਨੀ ਦੀ ਮਾਂ ਬਣਨ ਦੀ 'ਫ਼ਰਿਆਦ' ਨੂੰ ਸੁਣਨ ਤੋਂ ਇਨਕਾਰੀ ਹੈ ਅਤੇ ਕੇਵਲ 'ਨਰ-ਬੱਚੇ' ਦੀ ਪਰਬਲ ਚਾਹਤ ਅਧੀਨ ਆਪਣੀ ਹੋਣ ਵਾਲੀ ਬੱਚੀ ਨੂੰ ਕੁੱਖ ਵਿੱਚ ਕਤਲ ਕੀਤੇ ਜਾਣ ਦਾ 'ਫ਼ੈਸਲਾ' ਸੁਣਾਉਂਦਾ ਹੈ। ਮੁਹੱਬਤ ਦੇ ਜਜ਼ਬੇ ਵਿੱਚ ਭਿੱਜੇ ਹੋਏ ਔਰਤ ਮਰਦ ਵਿੱਚ ਭਾਵੇਂ ਬਰਾਬਰੀ ਅਤੇ ਇੱਕ ਦੂਜੇ ਦੀ ਇੱਛਾ ਦਾ ਸਤਿਕਾਰ ਕਰਨ ਦੀ ਭਾਵਨਾ ਦੇ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਪਰ ਇੱਥੇ ਇਹ ਵੇਖਿਆ ਗਿਆ ਹੈ ਕਿ ਮਰਦ ਔਰਤ ਦੀ ਮੁਹੱਬਤ ਨੂੰ ਵੀ ਆਪਣੇ ਹਿਤਾਂ ਲਈ ਵਰਤ ਜਾਂਦਾ ਹੈ। 'ਭਾਵੁਕ-ਸ਼ੋਸ਼ਣ' ਦਾ ਸ਼ਿਕਾਰ ਰਜਨੀ ਪਰਤੂਲ ਦੀ ਮੁਹੱਬਤ ਦੇ ਹੁੰਗਾਰੇ ਵਜੋਂ ਹੀ ਆਪਣੇ ਘਰ ਪੈਦਾ ਹੋਣ ਵਾਲੀ ਬੱਚੀ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਗਰਭਪਾਤ ਰਾਹੀਂ ਖ਼ਤਮ ਕਰ ਲੈਂਦੀ ਹੈ ਅਤੇ ਜ਼ਿੰਦਗੀ ਭਰ ਲਈ ਬਾਂਝ ਹੋ ਜਾਂਦੀ ਹੈ। ਗਰਭਪਾਤ ਦਾ ਇਹ ਗੁਨਾਹ ਅਤੇ ਅਣਜੰਮੀ ਬੱਚੀ ਲਈ ਅੰਦਰੇ ਪਿਆ ਰਹਿ ਗਿਆ ਮਮਤਾ ਦਾ ਅਤ੍ਰਿਪਤ ਜਜ਼ਬਾ ਉਸਦੇ ਲਈ ਉਮਰ ਭਰ ਲਈ ਸੰਤਾਪ, ਪੀੜਾ ਅਤੇ ਪਛਤਾਵੇ ਦਾ ਕਾਰਨ ਬਣ ਜਾਂਦਾ ਹੈ। ਉਹ ਨਾ ਚਾਹੁੰਦਿਆਂ ਹੋਇਆਂ ਵੀ 'ਪਤੀ ਦੀ ਖ਼ੁਸ਼ੀ ਲਈ' ਇਹ ਗੁਨਾਹ ਕਰ ਬੈਠਦੀ ਹੈ।
   'ਮਰਦ' ਪਰਤੂਲ ਰਜਨੀ ਦਾ ਪ੍ਰੇਮੀ-ਪਤੀ ਹੋਣ ਦੇ ਬਾਵਜੂਦ ਉਸ ਅੰਦਰਲੇ ਜ਼ਖ਼ਮੀ ਜਜ਼ਬਿਆਂ ਦੇ ਉਮੜਦੇ ਤੂਫ਼ਾਨ ਨੂੰ ਸਮਝਣ ਤੋਂ ਅਸਮਰਥ ਹੈ। ਗਰਭਪਾਤ ਕਰਵਾ ਕੇ ਆਈ ਪਤਨੀ ਦੀ ਜ਼ਖ਼ਮੀ ਮਾਨਸਿਕਤਾ ਨੂੰ ਸਮਝਣ ਤੋਂ ਅਸਮਰੱਥ ਅਤੇ ਉਸਨੂੰ ਧੀਰਜ ਦੇਣ ਦੀ ਲੋੜ ਨੂੰ ਅਸਲੋਂ ਅਣਗੌਲਿਆਂ ਕਰਕੇ ਕਲੱਬ ਚਲੇ ਜਾਣ ਵਾਲਾ ਪਰਤੂਲ ਪਥਰਾਏ ਜਜ਼ਬਿਆਂ ਵਾਲਾ ਵਿਅਕਤੀ ਲੱਗਦਾ ਹੈ। ਰਜਨੀ ਲਈ ਆਪਣੀ ਹੋਣ ਵਾਲੀ ਧੀ ਨੂੰ ਕੁੱਖ ਵਿੱਚ ਹੀ ਕਤਲ ਕਰਵਾ ਆਉਣਾ ਜਿੱਥੇ ਉਸਦੀ ਜ਼ਿੰਦਗੀ ਦੀ ਸਭ ਤੋਂ ਮਹੱਤਵਪੂਰਨ ਅਤੇ ਦੁਖਦਾਇਕ ਘਟਨਾ ਹੈ ਓਥੇ ਪਰਤੂਲ ਵਾਸਤੇ ਇਹ ਬਿਲਕੁਲ ਇੱਕ ਸਾਧਾਰਨ ਗੱਲ ਲੱਗਦੀ ਨਜ਼ਰ ਆਉਂਦੀ ਹੈ। ਦੁੱਗਲ ਨੇ ਇੱਕ 'ਮਰਦ' ਲੇਖਕ ਹੋਣ ਦੇ ਬਾਵਜੂਦ ਔਰਤ ਮਨ ਦੀ ਸੰਵੇਦਨਾ ਨੂੰ ਬੜੀ ਬਾਰੀਕੀ ਨਾਲ ਸਮਝਿਆ ਅਤੇ ਪੇਸ਼ ਕੀਤਾ ਹੈ।
   ਕਰਤਾਰ ਸਿੰਘ ਦੁੱਗਲ ਇੱਕ ਮਨੋਵਿਗਿਆਨੀ ਵਾਂਗ ਮਨੁੱਖੀ ਮਨ ਦੀਆਂ ਪੇਚੀਦਗੀਆਂ ਨੂੰ ਸਮਝਦਾ ਹੈ। ਰਜਨੀ ਦਾ ਉਮਰ ਭਰ ਲਈ ਬਾਂਝ ਹੋਣਾ ਭਾਵੇਂ ਦੋਵਾਂ ਜੀਆਂ ਨੂੰ ਆਪਣੇ ਪਾਪ ਦੀ ਮਿਲਣ ਵਾਲੀ ਰੱਬੀ-ਸਜ਼ਾ ਜਿਹਾ ਲੱਗਦਾ ਹੈ ਪਰ ਲੇਖਕ ਕੇਵਲ ਇਸ ਗੱਲ ਉੱਤੇ ਫੋਕਸ ਕਰਨ ਦੀ ਬਜਾਇ ਰਜਨੀ ਦੇ ਮਨੋਯਥਾਰਥ ਨੂੰ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੈ ਅਤੇ ਇਸ ਪਰਕਾਰ ਕਹਾਣੀ ਨੂੰ ਰੁਮਾਂਟਿਕ ਅਤੇ ਆਦਰਸ਼ਕ ਰੰਗ ਵਿੱਚ ਰੰਗਣ ਤੋਂ ਬਚ ਜਾਂਦਾ ਹੈ। ਉਸਦੀ ਯਥਾਰਥਵਾਦੀ ਦ੍ਰਿਸ਼ਟੀ ਰਜਨੀ ਅੰਦਰ ਪਸਰੇ ਮਮਤਾ ਦੇ ਅਤ੍ਰਿਪਤ ਖ਼ਿਲਾਅ ਨੂੰ ਪਛਾਣਦੀ ਹੈ। ਇਸ ਖ਼ਿਲਾਅ ਨੂੰ ਭਰਨ ਲਈ ਉਹ ਸਕੂਲ ਵਿੱਚ ਦਾਖ਼ਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ 'ਅਣਜੰਮੀ ਧੀ' 'ਤ੍ਰਿਸ਼ਨਾ' ਦੇ ਨਾਂ 'ਤੇ ਰੱਖਦੀ ਹੈ; ਉਹਨਾਂ ਨੂੰ 'ਤ੍ਰਿਸ਼ਨਾ' ਪੁਕਾਰ  ਕੇ ਮਾਨਸਿਕ ਸਕੂਨ ਅਨੁਭਵ ਕਰਦੀ ਹੈ। ਇਸਤਰ੍ਹਾਂ ਆਪਣੀ 'ਗਵਾਚੀ ਧੀ' ਦੇ ਚਿਹਰੇ ਨੂੰ ਸਕੂਲ ਦੀਆਂ ਕੁੜੀਆਂ ਵਿਚੋਂ ਲੱਭਣ ਦਾ ਉਸਦਾ ਯਤਨ ਭਾਵੇਂ 'ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਹੁਣ ਦਾ' ਤਾਂ ਤਰਲਾ ਜਿਹਾ ਹੀ ਜਾਪਦਾ ਹੈ ਪਰ ਅਤ੍ਰਿਪਤ ਰਹਿ ਗਏ ਆਪਣੀ ਮਮਤਾ ਦੇ ਤੀਬਰ ਜਜ਼ਬੇ ਦੀ ਤ੍ਰਿਪਤੀ ਲਈ ਉਸਦਾ ਇਹ ਯਤਨ ਭਾਵ-ਵਿਰੇਚਨ ਦਾ ਕਾਰਜ ਕਰਦਾ ਹੈ ਅਤੇ ਉਸਦੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਈ ਵੀ ਹੁੰਦਾ ਹੈ।
   ਵਿਅੰਗ ਦੀ ਤੇਜ਼ ਧਾਰ ਨਾਲ ਸਮਾਜ ਦੀਆਂ ਗ਼ਲਤ ਕੀਮਤਾਂ ਨੂੰ ਨਿਸ਼ਾਨਾ ਬਨਾਉਣ ਦਾ ਹੁਨਰ ਕਰਤਾਰ ਸਿੰਘ ਦੁੱਗਲ ਬਾਖ਼ੂਬੀ ਜਾਣਦਾ ਹੈ। ਪਰਤੂਲ ਦਾ 'ਮੈਜਿਸਟ੍ਰੇਟ' ਹੋਣਾ ਅਤੇ 'ਉਸਨੂੰ 'ਇਨਸਾਫ਼ ਦਾ ਰਖ਼ਵਾਲਾ' ਆਖਣਾ ਅਜਿਹਾ ਵਿਅੰਗ ਹੈ ਜੋ ਕੇਵਲ ਰਜਨੀ ਦੀ ਪੀੜਾ ਨੂੰ ਹੀ ਜ਼ਬਾਨ ਨਹੀਂ ਦਿੰਦਾ (ਜਿਸਦੀਆਂ 'ਫ਼ਰਿਆਦਾਂ' ਇਸ 'ਮੈਜਿਸਟ੍ਰੇਟ' ਨੇ ਅਣਸੁਣੀਆਂ ਕਰਕੇ ਉਸਦੀ ਧੀ ਨੂੰ ਉਸਦੀ ਕੁੱਖ ਵਿੱਚ ਕਤਲ ਕਰਵਾ ਦੇਣ ਦਾ 'ਹੁਕਮ' ਸੁਣਾਇਆ ਹੈ) ਸਗੋਂ ਪਰਤੂਲ ਨੂੰ ਔਰਤ ਦੀਆਂ 'ਫ਼ਰਿਆਦਾਂ' ਨੂੰ ਅਣਗੌਲੇ ਕਰਨ ਵਾਲੇ ਸਮੁੱਚੀ ਮਰਦ ਜਾਤ ਦੇ ਪ੍ਰਤੀਨਿਧ ਵਜੋਂ ਪੇਸ਼ ਕਰਦਾ ਹੈ। ਇਸਤਰ੍ਹਾਂ ਹੀ ਰਜਨੀ ਦੇ ਪੇਟ ਵਿੱਚ ਪਲਦੇ ਭਰੂਣ ਨੂੰ ਗਰਭਪਾਤ ਕਰਦੇ ਸਮੇਂ ਕੂੜੇ ਅਤੇ ਗੁੱਦੜ ਵਾਂਗ 'ਵੈਕਯੂਮ' ਕਰ ਲੈਣ ਦਾ ਚਿਹਨ ਔਰਤ ਦੀ ਕੂੜਾ-ਕਰਕਟ ਅਤੇ ਗੁੱਦੜ ਵਾਲੀ ਵਿਅੰਗ-ਹੋਂਦ ਦਾ ਸੂਚਕ ਬਣ ਜਾਂਦਾ ਹੈ। ਇਹ ਦੁਖਾਂਤਕ-ਵਿਅੰਗ ਔਰਤ ਦੀ 'ਗੁੱਦੜ-ਹੋਂਦ' ਦੀ ਥਾਂ ਉਸਦੀ ਮਾਨਵੀ ਹੋਂਦ ਨੂੰ ਤਸਲੀਮ ਕਰਨ ਦੀ ਦੁਹਾਈ ਹੈ।
   ਕਹਾਣੀ ਦਾ ਨਾਂ 'ਤ੍ਰਿਸ਼ਨਾ' ਵੀ ਅਤ੍ਰਿਪਤੀ ਅਤੇ ਮਮਤਾ ਦੀ ਅਣਬੁਝੀ ਪਿਆਸ ਦਾ ਹੀ ਸੂਚਕ ਹੈ।
-ਵਰਿਆਮ ਸਿੰਘ ਸੰਧੂ
   
   000   000   000   000   000
   
"ਇਸ ਤੋਂ ਪੇਸ਼ਤਰ ਕਿ ਜੋ ਕੁੱਝ ਕਰਨਾ ਹੈ ਮੈਂ ਸ਼ੁਰੂ ਕਰਾਂ, ਤੁਸੀਂ ਜੇ ਕੁੱਝ ਪੁੱਛਣਾ ਹੋਏ, ਕੋਈ ਸੁਆਲ?" ਲੇਡੀ ਡਾਕਟਰ ਨੇ ਵਿਵਹਾਰਕ ਉਸ ਤੋਂ ਪੁੱਛਿਆ।
 "ਕੋਈ ਨਹੀਂ।" ਰਜਨੀ ਨੇ ਗੱਚੋ-ਗੱਚ ਆਵਾਜ਼ ਵਿੱਚ ਕਿਹਾ, "ਪਰ ਜੋ ਕੁੱਝ ਮੈਂ ਕਰਨ ਜਾ ਰਹੀ ਹਾਂ ਇਸ ਲਈ ਮੈਨੂੰ ਆਪਣੇ ਆਪ ਤੋਂ ਨਫ਼ਰਤ ਹੈ।"
ਓਪ੍ਰੇਸ਼ਨ ਥੀਏਟਰ ਵਿੱਚ ਕੁੱਝ ਚਿਰ ਲਈ ਖ਼ਾਮੋਸ਼ੀ ਛਾ ਗਈ।
 "ਤੁਹਾਨੂੰ ਲਗਦਾ ਹੈ ਇਹ ਜੋ ਕੁੱਝ ਕਰਨ ਦਾ ਫੈਸਲਾ ਹੋਇਆ ਹੈ, ਤੁਸੀਂ ਉਸ ਲਈ ਤਿਆਰ ਨਹੀਂ?" ਝੱਟ ਕੁ ਬਾਅਦ ਲੇਡੀ ਡਾਕਟਰ ਨੇ ਸਵਾਲ ਕੀਤਾ।
 "ਨਹੀਂ, ਮੈਂ ਤਿਆਰ ਹਾਂ। ਮੰੈਂ ਬਸ ਇਤਨਾ ਕਹਿਣਾ ਚਾਹੁੰਦੀ ਹਾਂ- ਮੈਂ ਇਸ ਨੂੰ ਪਿਆਰ ਕਰਦੀ ਹਾਂ। ਬੇਟੀ ਹੈ ਤਾਂ ਕੀ?"
ਲੇਡੀ ਡਾਕਟਰ ਫੇਰ ਖ਼ਾਮੋਸ਼ ਹੋ ਗਈ। ਜਿਵੇਂ ਜੱਕੋ-ਤੱਕ ਵਿੱਚ ਹੋਵੇ।
 "ਸ਼ੁਰੂ ਕਰੋ।" ਰਜਨੀ ਦੀਆਂ ਪਲਕਾਂ ਵਿੱਚ ਹੁਣ ਅੱਥਰੂ ਡਲ੍ਹਕ ਰਹੇ ਸਨ, "ਡਾਕਟਰ, ਸ਼ੁਰੂ ਕਰੋ। ਮੈਂ ਤਿਆਰ ਹਾਂ, ਮੈਂ।"
ਕੁਝ ਚਿਰ ਲਈ ਫ਼ਿਰ ਖ਼ਾਮੋਸ਼ੀ।
 "ਇਸ ਨੂੰ ਸਪੈਕੂਲਮ ਕਹਿੰਦੇ ਨੇ, ਮੈਂ ਇਹ ਚੜ੍ਹਾਵਾਂਗੀ।" ਹੁਣ ਡਾਕਟਰ ਬੋਲੀ। "ਤੁਸੀਂ ਵੇਖਣਾ ਚਾਹੋਗੇ?"
 "ਨਹੀਂ।" ਰਜਨੀ ਨੇ ਸਿਰ ਹਿਲਾਇਆ।
 "ਕੋਈ ਸੁਆਲ?"
 "ਪੀੜ ਬਹੁਤ ਹੋਵੇਗੀ?" ਰਜਨੀ ਨੇ ਪੁੱਛਿਆ।
 "ਨਹੀਂ ਦਰਦ ਨਹੀਂ ਹੋਵੇਗਾ, ਬਸ ਕੁੱਝ ਕੁ ਤਨਾਅ ਜਿਹਾ ਮਹਿਸੂਸ ਹੋਵੇਗਾ", ਲੇਡੀ ਡਾਕਟਰ ਦੀਆਂ ਅੱਖਾਂ ਵਿੱਚ ਰਜਨੀ ਲਈ ਅੰਤਾਂ ਦੀ ਹਮਦਰਦੀ ਸੀ। ਜਦੋਂ ਉਸ ਇਹਦੀ ਬਾਂਹ ਫੜੀ ਤਾਂ ਰਜਨੀ ਨੂੰ ਲੱਗਾ ਜਿਵੇਂ ਉਹਦੇ ਹੱਥ ਯਖ਼ ਠੰਢੇ ਹੋਣ। ਉਹਦੇ ਡਾਕਟਰੀ ਛੜਾਂ ਵਰਗੇ ਠੰਢੇ।
 "ਮੈਂ ਹੁਣ ਬੱਚੇਦਾਨੀ ਦੇ ਮੂੰਹ ਤੇ ਇੱਕ ਟੀਕਾ ਲਾਵਾਂਗੀ……" ਲੇਡੀ ਡਾਕਟਰ ਬੋਲ ਰਹੀ ਸੀ।
ਰਜਨੀ ਬੇਹਿਸ ਲੇਟੀ, ਉਹਦੀਆਂ ਅੱਖਾਂ ਦੇ ਸਾਹਮਣੇ ਉਹਦੇ ਲੱਖ ਸੁਫ਼ਨੇ ਜਿਵੇਂ ਨੀਲੇ ਆਕਾਸ਼ ਵਿੱਚ ਝਿਲਮਿਲ ਤਾਰਿਆਂ ਵਾਂਗ ਟਿਮਕਦੇ ਇੱਕ ਇੱਕ ਕਰਕੇ ਛੁਪ ਰਹੇ ਹੋਣ।
ਪਰਤੂਲ ਨਾਲ ਉਹਦਾ ਪਰਨਾਇਆ ਜਾਣਾ! ਕਿਤਨੀ ਬਦਮਗਜ਼ੀ ਹੋਈ ਸੀ। ਪਰ ਆਖ਼ਰ ਉਸ ਆਪਣੀ ਗੱਲ ਮਨਾ ਲਈ ਸੀ। ਆਪਣੇ ਮਨਪਸੰਦ ਵਰ ਲਈ ਸਭ ਨੂੰ ਰਾਜ਼ੀ ਕਰ ਲਿਆ ਸੀ। ਫੇਰ ਉਹਨਾਂ ਦੇ ਫੇਰੇ ਹੋਏ! ਹਾਏ ਕਿਤਨੇ ਚਾਵਾਂ ਨਾਲ ਉਸ ਵਿਆਹ ਕੀਤਾ ਸੀ! ਉਹਨਾਂ ਦੀ ਸੁਹਾਗਰਾਤ! ਹਨੀਮੂਨ! ਪਰਤੂਲ ਦੀ ਪੋਸਟਿੰਗ। ਉਨ੍ਹਾਂ ਦਾ ਨਿਵੇਕਲਾ ਘਰ। ਉਹਦਾ ਮਾਂ ਬਣਨ ਦਾ ਫੈਸਲਾ। ਉਹਦੀ ਗੋਦ ਦਾ ਭਰਿਆ ਜਾਣਾ…
 "…ਬਸ ਹੁਣ ਪੰਜ ਮਿੰਟ ਲੱਗਣਗੇ। ਪੀੜ ਬਿਲਕੁਲ ਨਹੀਂ ਹੋਵੇਗੀ……" ਲੇਡੀ ਡਾਕਟਰ ਬੋਲ ਰਹੀ ਸੀ।
ਕਿਤਨੀ ਖੁਸ਼ ਸੀ ਰਜਨੀ। ਜਿਵੇਂ ਧਰਤੀ ਉੱਤੇ ਉਹਦੇ ਪੈਰ ਨਾ ਲੱਗ ਰਹੇ ਹੋਣ। ਪਰ ਇਹ ਪਰਤੂਲ ਸਕਰੀਨਿੰਗ ਦੀ ਕਿਉਂ ਰੱਟ ਲਾਏ ਹੋਏ ਸੀ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਪਰਤੂਲ ਜਦੋਂ ਕੰਮ ਤੇ ਚਲਾ ਜਾਂਦਾ ਸੀ, ਇਤਨੀ ਵੱਡੀ ਕੋਠੀ ਜਿਵੇਂ ਉਸਨੂੰ ਖਾਣ ਨੂੰ ਪੈਂਦੀ ਹੋਵੇ। ਉਸ ਨੂੰ ਤਾਂ ਬਸ ਮਾਂ ਬਣਨਾ ਸੀ। ਉਸ ਨੂੰ ਤਾਂ ਬਸ ਇੱਕ ਬੱਚੇ ਨਾਲ ਖੇਡਣਾ ਸੀ। ਉਹਦਾ ਮਨ ਪਰਚਿਆ ਰਹੇਗਾ।
 "……ਤੁਹਾਡੇ ਸਿਰਫ਼ ਅੱਠ ਹਫ਼ਤੇ ਹੋਏ ਨੇ। ਕੋਈ ਖ਼ਤਰੇ ਦੀ ਗੱਲ ਨਹੀਂ। ਜੇ ਇੱਕ ਦੋ ਹਫ਼ਤੇ ਹੋਰ ਹੋ ਜਾਂਦੇ ਤਾਂ ਮੁਸ਼ਕਲ ਬਣ ਸਕਦੀ ਸੀ……" ਲੇਡੀ ਡਾਕਟਰ ਮਰੀਜ਼ ਦਾ ਧਰਵਾਸ ਬੰਨ੍ਹਾ ਰਹੀ ਸੀ।
ਸਕਰੀਨਿੰਗ, ਸਕਰੀਨਿੰਗ, ਸਕਰੀਨਿੰਗ, ਉਠਦੇ ਬੈਠਦੇ ਸਕਰੀਨਿੰਗ। ਪਰਤੂਲ ਦੀ ਮੁਹੱਬਤ, ਉਹ ਹਾਰ ਕੇ ਰਾਜ਼ੀ ਹੋ ਗਈ ਸੀ। ਕੀ ਫ਼ਰਕ ਪੈਣਾ ਸੀ? ਉਹ ਖ਼ਬਰੇ, ਤਾਵਲਾ ਸੀ ਇਹ ਜਾਣਨ ਲਈ ਕਿ ਬੇਟਾ ਹੋਵੇਗਾ ਕਿ ਬੇਟੀ। ਦੀਵਾਨਾ!
 "……ਅੰਡਾ ਬੱਚਾਦਾਨੀ ਦੀ ਦੀਵਾਰ ਨਾਲ ਲੱਗਾ ਹੁੰਦਾ ਹੈ।" ਲੇਡੀ ਡਾਕਟਰ ਕੋਲ ਬੈਠੀ ਆਪਣੀ ਗੱਲ ਜਾਰੀ ਰੱਖੇ ਹੋਏ ਸੀ, "ਅਸੀਂ ਉਸ ਨੂੰ ਵੈਕਯੂਮ ਕਰ ਲਵਾਂਗੇ। ਵੈਕਯੂਮ ਤੁਹਾਨੂੰ ਪਤਾ ਹੀ ਹੈ ਨਾ? ਬਸ ਜਿਵੇਂ ਕਾਲੀਨ ਤੋਂ ਤੁਸੀਂ ਗੁੱਦੜ ਨੂੰ ਵੈਕੂਯਮ ਕਰ ਲੈਂਦੇ ਹੋ। ਮੈਂ ਵਲਾਇਤ ਵਿੱਚ ਵੇਖਿਆ ਹੈ, ਉੱਥੇ ਸੜਕਾਂ ਦੀ ਧੂੜ, ਸੜਕਾਂ ਦੇ ਕੌਹਥਰ ਨੂੰ ਵੀ ਵੈਕਯੂਮ ਕਰਦੇ ਨੇ…
ਬੇਟੀ ਸੀ। ਬੇਟੀ ਸੀ ਤਾਂ ਕੀ? ਪਰ ਪਰਤੂਲ ਦਾ ਮੂੰਹ ਕਿਉਂ ਲਹਿ ਗਿਆ ਸੀ ਇਹ ਸੁਣ ਕੇ? ਪੀਲਾ-ਭੂਕ ਚਿਹਰਾ। ਉਹ ਤਾਂ ਬੇਟੀ ਲਈ ਉਡੀਕ ਰਹੀ ਸੀ। ਬੇਟੀ ਹੋਵੇਗੀ, ਆਪਣੇ ਵੀਰੇ ਨੂੰ ਖਿਡਾਇਆ ਕਰੇਗੀ। ਉਹਦੀਆਂ ਘੋੜੀਆਂ ਗਾਣ ਵਾਲੀ ਭੈਣ…
ਵੀਰਾ ਹੌਲੀ ਹੌਲੀ ਆ
ਤੇਰੇ ਘੋੜਿਆਂ ਨੂੰ ਘਾਹ।
 "ਕੋਈ ਤਕਲੀਫ਼ ਤਾਂ ਨਹੀਂ?" ਲੇਡੀ ਡਾਕਟਰ ਨੇ ਰਜਨੀ ਤੋਂ ਸਹਾਨਭੂਤੀ ਵਜੋਂ ਪੁੱਛਿਆ।
ਰਜਨੀ ਨੇ ਆਪਣੀ ਛਾਤੀ ਉੱਤੇ ਹੱਥ ਰੱਖਿਆ ਹੋਇਆ ਸੀ। ਜਿਵੇਂ ਉਹਦੇ ਸੀਨੇ ਵਿੱਚ ਕਟਾਰ ਲੱਗੀ ਹੋਵੇ। ਪਰਤੂਲ ਬੇਟੀ ਲਈ ਤਿਆਰ ਨਹੀਂ ਸੀ। ਉਸ ਨੂੰ ਤਾਂ ਬੇਟਾ ਚਾਹੀਦਾ ਸੀ। ਬੇਟਾ ਕੀ ਤੇ ਬੇਟੀ ਕੀ? ਉਨ੍ਹਾਂ ਦੇ ਬੱਚਾ ਆ ਰਿਹਾ ਸੀ, ਉਹ ਡੈਡੀ ਮੰਮੀ ਬਣਨ ਵਾਲੇ ਸਨ!
 "ਜੇ ਕੋਈ ਤਕਲੀਫ਼ ਹੋਵੇ ਤਾਂ ਮੈਨੂੰ ਦੱਸਣਾ।" ਲੇਡੀ ਡਾਕਟਰ ਬੋਲ ਰਹੀ ਸੀ। "ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਕਰੀਦੇ ਨੇ, ਕਦੀ ਕੋਈ ਵਿਗਾੜ ਨਹੀਂ ਪਿਆ। ਬਸ ਜਿਵੇਂ ਕੋਈ ਦੁੱਧ ਵਿੱਚੋਂ ਮੱਖੀ ਕੱਢ ਦੇਵੇ।"
ਪਰ ਪਰਤੂਲ ਦੀ ਜ਼ਿੱਦ। ਘਰ ਅੱਠੇ ਪਹਿਰ ਗੋਦਗਮਾਹ ਪਿਆ ਰਹਿੰਦਾ, "ਮੀਆਂ, ਜੇ ਤੈਨੂੰ ਬੇਟੇ ਦਾ ਇਤਨਾ ਸ਼ੌਂਕ ਹੈ ਤਾਂ ਅਗਲਾ ਬੇਟਾ ਪੈਦਾ ਕਰ ਲਵਾਂਗੇ, ਤੂੰ ਇੱਕ ਵਰ੍ਹਾ ਉਡੀਕ ਕਰ ਲੈ।" ਰਜਨੀ ਉਹਨੂੰ ਸਮਝਾਂਦੀ। "ਜੇ ਫੇਰ ਬੇਟੀ ਆ ਗਈ?" ਪਰਤੂਲ ਲਾਲ-ਪੀਲਾ ਹੋਇਆ ਅੱਗੋਂ ਕਹਿੰਦਾ। ਰਜਨੀ ਕੋਲ ਇਸਦਾ ਕੋਈ ਜਵਾਬ ਨਹੀਂ ਸੀ। ਸਿਵਾਏ ਅੱਥਰੂਆਂ ਦੇ। ਸਿਵਾਏ ਹੱਥ ਜੋੜਨ ਦੇ। "ਮੈਨੂੰ ਇਸ ਬੱਚੀ ਨਾਲ ਪਿਆਰ ਹੋ ਗਿਆ ਹੈ।" ਉਹ ਮੁੜ-ਮੁੜ ਪਰਤੂਲ ਨੂੰ ਕਹਿੰਦੀ। ਪਰ ਉਹ ਕੰਨ ਨਹੀਂ ਧਰ ਰਿਹਾ ਸੀ।
 "ਡਾਕਟਰ ਮੈਂ ਇਸ ਦਾ ਨਾਂ ਤ੍ਰਿਸ਼ਨਾ ਰੱਖਿਆ ਏ। ਮੈਂ ਇਸਨੂੰ ਅੰਤਾਂ ਦਾ ਪਿਆਰ ਕਰਦੀ ਹਾਂ। ਮੇਰੀ ਲਾਡਲੀ ਬੱਚੀ। ਮੇਰੀ ਜਾਨ ਦਾ ਟੁਕੜਾ!"
 "ਹੁਣ ਤਾਂ…"
ਲੇਡੀ ਡਾਕਟਰ ਕੁੱਝ ਕਹਿ ਰਹੀ ਸੀ ਕਿ ਰਜਨੀ ਫੇਰ ਆਪਣੇ ਵਹਿਣ ਵਿੱਚ ਵਹਿ ਗਈ। ਹਰ ਵੇਲੇ ਖ਼ਫ਼ਾ-ਖਫ਼ਾ। ਹਰ ਵੇਲੇ ਉਹਦਾ ਨੱਕ ਚੜ੍ਹਿਆ ਹੋਇਆ। ਆਖ਼ਰ ਉਹ ਬਿਨਾਂ ਰਜਨੀ ਦੀ ਰਜ਼ਾਮੰਦੀ ਦੇ ਵੈਲਫੇਅਰ ਸੈਂਟਰ ਤੋਂ ਤਰੀਕ ਲੈ ਆਇਆ। ਪਰਤੂਲ ਦੀ ਜ਼ਿੱਦ। ਰਜਨੀ ਨੂੰ ਹਾਰ ਕੇ ਹਥਿਆਰ ਸੁੱਟਣੇ ਪਏ।
 "…ਜੇ ਤੁਹਾਨੂੰ ਇਹ ਸ਼ੱਕ ਹੈ ਕਿ ਇੰਝ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਈ ਬੱਚਾ ਨਹੀਂ ਹੋਵੇਗਾ, ਤਾਂ ਇਸਦਾ ਕੋਈ ਡਰ ਨਹੀਂ ਹੈ।" ਲੇਡੀ ਡਾਕਟਰ ਮਰੀਜ਼ ਨੂੰ ਨਿਸਚਿੰਤ ਕਰ ਰਹੀ ਸੀ। "ਗਰਭ ਤੋਂ ਛੁਟਕਾਰਾ ਪਾਣ ਲਈ ਇਹ ਸਭ ਤੋਂ ਸੇਫ ਤਰੀਕਾ ਹੈ…"
ਰਜਨੀ ਸੁਣ ਥੋੜ੍ਹਾ ਰਹੀ ਸੀ। ਉਸ ਨੂੰ ਹੁਣ ਲੱਗ ਰਿਹਾ ਸੀ ਜਿਵੇਂ ਉਹਦੇ ਅੰਦਰੋਂ ਪਾਸੇ ਦਾ ਸੋਨਾ ਪਿਘਲ ਕੇ ਬੂੰਦ-ਬੂੰਦ ਵਹਿ ਨਿਕਲਿਆ ਹੋਵੇ। ਉਹਦੀਆਂ ਅੱਖਾਂ ਭਿੜ ਗਈਆਂ। ਚੱਕਰ-ਚੱਕਰ। ਹਨੇਰਾ-ਹਨੇਰਾ। ਰਜਨੀ ਨੂੰ ਪਰਤੂਲ ਯਾਦ ਆ ਰਿਹਾ ਸੀ। ਨਵਾਂ-ਨਵਾਂ ਮੈਜਿਸਟ੍ਰੇਟ ਕਚਹਿਰੀ ਵਿੱਚ ਕੋਈ ਮੁਕੱਦਮਾ ਸੁਣ ਰਿਹਾ ਹੋਵੇਗਾ; ਇੱਕ ਧਿਰ ਦੀ ਫਰਿਆਦ ਤੇ ਦੂਜੀ ਧਿਰ ਦਾ ਜਵਾਬ। ਫੇਰ ਵਕੀਲਾਂ ਦੀ ਬਹਿਸ। ਤੇ ਨੌਜਵਾਨ ਮੈਜਿਸਟ੍ਰੇਟ ਦਾ ਫ਼ੈਸਲਾ। ਇਨਸਾਫ਼ ਦਾ ਰਖਵਾਲਾ।
ਇਸ ਤੋਂ ਪੇਸ਼ਤਰ ਉਸ ਸ਼ਾਮ ਪਰਤੂਲ ਘਰ ਅਪੜਿਆ। ਰਜਨੀ ਵੈਲਫੇਅਰ ਸੈਂਟਰ ਤੋਂ ਵਿਹਲੀ ਹੋ ਕੇ ਆ ਚੁੱਕੀ ਸੀ। ਸ਼ਾਂਤ, ਅਡੋਲ। ਪਰਤੂਲ ਨੇ ਉਹਦੀ ਕੰਡ ਵਾਲੇ ਪਾਸਿਓਂ ਉਹਨੂੰ ਬਾਂਹ ਵਿੱਚ ਵਲ੍ਹੇਟ ਕੇ ਉਹਦੇ ਹੋਠਾਂ ਨੂੰ ਚੁੰਮ ਲਿਆ।
 "ਮੈਨੂੰ ਲੇਡੀ ਡਾਕਟਰ ਨੇ ਟੈਲੀਫੋਨ ਤੇ ਦਸ ਦਿੱਤਾ ਸੀ।" ਕਹਿੰਦੇ ਹੋਏ ਖੁਸ਼-ਖੁਸ਼ ਉਹ ਆਪਣੇ ਕਮਰੇ ਵਿੱਚ ਕੱਪੜੇ ਬਦਲਣ ਲਈ ਚਲਾ ਗਿਆ।
ਰਜਨੀ ਉਹਦੇ ਲਈ ਚਾਹ ਤਿਆਰ ਕਰਨ ਲਈ ਨੌਕਰ ਨੂੰ ਕਹਿ ਰਹੀ ਸੀ।
ਚਾਹ ਪੀ ਕੇ ਪਰਤੂਲ ਕਲੱਬ ਜਾਣ ਲਈ ਤਿਆਰ ਹੋ ਗਿਆ।
 "ਅੱਜ ਨਹੀਂ ਪਰਤੂਲ।" ਰਜਨੀ ਨੇ ਕਿਹਾ।
 "ਤੂੰ ਥੱਕ ਗਈ ਜਾਪਦੀ ਏਂ। ਕੋਈ ਗੱਲ ਨਹੀਂ। ਲੇਡੀ ਡਾਕਟਰ ਤਾਂ ਕਹਿ ਰਹੀ ਸੀ ਕਿ ਸਫਾਈ ਤੋਂ ਬਾਅਦ ਮੈਡਮ ਚੰਗੀ ਭਲੀ ਹੈ।"
 "ਮੈਂ ਠੀਕ ਹਾਂ, ਪਰਤੂਲ ਮੇਰੀ ਜਾਨ। ਤੂੰ ਕਲੱਬ ਅੱਜ ਇਕੱਲਾ ਹੀ ਹੋ ਆ।"
ਰਜਨੀ ਕਲੱਬ ਨਹੀਂ ਗਈ। ਸਾਰੀ ਸ਼ਾਮ ਰੁਆਂਸੀ-ਰੁਆਂਸੀ ਲਾਅਨ ਵਿੱਚ ਬੈਠੀ ਅਕਾਸ਼ ਵੱਲ ਵੇਖਣ ਲੱਗਦੀ। ਉਸ ਨੂੰ ਲੱਗਦਾ ਜਿਵੇਂ ਕੋਈ ਨਗ਼ਮਾ ਹਵਾ ਵਿੱਚ ਤਰ ਰਿਹਾ ਹੋਵੇ। ਭਿੰਨੀ-ਭਿੰਨੀ ਕੋਈ ਖੁਸ਼ਬੂ ਜਿਵੇਂ ਕਦੀ ਸੱਜਿਓਂ, ਕਦੀ ਖੱਬਿਓਂ ਆ ਕੇ ਉਹਨੂੰ ਟੁੰਬਦੀ ਜਾ ਰਹੀ ਹੋਵੇ। ਝਿਲਮਿਲ ਕਰਦੀ ਕੋਈ ਕਿਰਨ ਡੁੱਬ ਰਹੇ ਸੂਰਜ ਦੀ ਲਾਲੀ ਵਿੱਚ ਵਿਲੀਨ ਹੋ ਰਹੀ ਸੀ।
ਬੈਠੀ-ਬੈਠੀ ਰਜਨੀ ਖ਼ਬਰੇ ਥੱਕ ਗਈ ਸੀ। ਉਹ ਅੰਦਰ ਕਮਰੇ ਵਿੱਚ ਪਲੰਘ 'ਤੇ ਜਾ ਪਈ। ਸਾਹਮਣੇ ਕੰਧ 'ਤੇ ਲੱਗੇ ਕਲੰਡਰ ਵਿੱਚ ਗੁਲਾਬੀ-ਗੁਲਾਬੀ ਗੱਲ੍ਹਾਂ, ਖਿੜ-ਖਿੜ ਹੱਸ ਰਹੇ ਬੱਚੇ ਨੂੰ ਵੇਖ ਕੇ ਇੱਕ ਝਨਾਂ ਅੱਥਰੂਆਂ ਦੀ ਉਹਦੀਆਂ ਅੱਖਾਂ ਵਿੱਚੋਂ ਵਗ ਨਿਕਲੀ। ਦੋਹਾਂ ਹੱਥਾਂ ਭਾਰ ਜਿਵੇਂ ਇੱਕ ਬੱਚਾ ਉਹਦੇ ਵੱਲ ਘਸੂੱਟੀ ਕਰਕੇ ਆ ਰਿਹਾ ਹੋਵੇ। ਰਜਨੀ ਫੁੱਟ-ਫੁੱਟ ਰੋਈ। ਕੁਰਲਾ-ਕੁਰਲਾ ਉੱਠੀ। ਮੇਰੀ ਬੱਚੀ! ਮੇਰੀ ਤ੍ਰਿਸ਼ਨਾਂ! ਮੁੜ-ਮੁੜ ਪੁਕਾਰਦੀ ਤੇ ਛੱਤ ਵੱਲ ਵੇਖਦੀ। ਫਰਿਆਦਾਂ ਕਰਦੀ। ਮੁੜ-ਮੁੜ ਕਹਿੰਦੀ, ਮੇਰੀ ਬੇਟੀ ਤੂੰ ਮੈਨੂੰ ਮੁਆਫ਼ ਕਰ ਦੇ। ਮੇਰੀ ਲਾਡਲੀ, ਤੂੰ ਮੈਨੂੰ ਜੋ ਸਜ਼ਾ ਦੇਣੀ ਹੈ ਬੇਸ਼ੱਕ ਦੇ। ਮੈਨੂੰ ਮਨਜ਼ੂਰ ਹੈ। ਬਸ ਇੱਕ ਵਾਰ ਤੂੰ ਮੈਨੂੰ 'ਅੰਮੀ' ਕਹਿ ਕੇ ਪੁਕਾਰ। ਤੂੰ ਮੈਨੂੰ ਮਾਫ਼ ਕਰ ਦੇ। ਕਦੀ ਆਪਣੀ ਚੁੰਨੀ ਨੂੰ ਵਲਿੱਅਸ ਦਿੰਦੀ, ਕਦੀ ਪਲੰਘ ਦੀ ਚਾਦਰ ਨੂੰ ਮਚਕੋੜਦੀ, ਰਜਨੀ ਕਿਤਨਾ ਚਿਰ ਕੁਰਲਾਂਦੀ ਰਹੀ। ਕਿਤਨਾ ਚਿਰ ਹਾੜ੍ਹੇ ਕੱਢਦੀ ਰਹੀ।
ਰਜਨੀ ਇੰਝ ਬੇਹਾਲ ਹੋ ਰਹੀ ਸੀ ਕਿ ਉਹਨੂੰ ਬਾਹਰ ਪਰਤੂਲ ਦੀ ਕਾਰ ਦੀ ਆਵਾਜ਼ ਸੁਣਾਈ ਦਿੱਤੀ। ਕਲੱਬ ਤੋਂ ਪਰਤ ਆਇਆ ਸੀ। ਉਹ ਤਾਵਲੀ-ਤਾਵਲੀ ਗ਼ੁਸਲਖਾਨੇ ਵਿੱਚ ਚਲੀ ਗਈ। ਕਿਤਨਾ ਚਿਰ ਆਪਣੇ ਮੂੰਹ ਤੇ ਪਾਣੀ ਦੇ ਛਿੱਟੇ ਮਾਰਦੀ ਰਹੀ।
ਗੁਸਲਖਾਨੇ ਵਿੱਚੋਂ ਨਿਕਲੀ ਉਹ ਸ਼ਿੰਗਾਰ ਮੇਜ਼ ਦੇ ਸਾਹਮਣੇ ਜਾ ਖਲੋਤੀ।
ਗੋਲ ਕਮਰੇ ਵਿੱਚ ਜਦੋਂ ਆਈ, ਪਰਤੂਲ ਨੇ ਇੱਕ ਨਜ਼ਰ ਉਹਨੂੰ ਵੇਖ ਕੇ ਕਿਹਾ, "ਇਹ ਤੇਰੀਆਂ ਅੱਖਾਂ ਲਾਲ ਕਿਉਂ ਹੋ ਰਹੀਆਂ ਨੇ, ਡਾਰਲਿੰਗ?"
ਫਿਰ ਆਪ-ਹੀ-ਆਪ ਕਹਿਣ ਲੱਗਾ, "ਸ਼ਾਇਦ ਸਵੇਰ ਦੀ ਟੈਨਸ਼ਨ ਕਰਕੇ।" ਤੇ ਫਿਰ ਉਹ ਦੋਵੇਂ ਖਾਣ ਦੇ ਕਮਰੇ ਵੱਲ ਚਲੇ ਗਏ।
ਇੰਝ ਜਾਪਦਾ ਹੈ ਰਜਨੀ-ਪਰਤੂਲ ਦੰਪਤੀ ਨੂੰ ਕੁਦਰਤ ਨੇ ਮਾਫ਼ ਨਹੀਂ ਕੀਤਾ। ਇੱਕ ਵਰ੍ਹਾ, ਦੋ ਵਰ੍ਹੇ, ਤਿੰਨ ਵਰ੍ਹੇ, ਚਾਰ ਵਰ੍ਹੇ, ਪੰਜ ਵਰ੍ਹੇ ਉਹ ਉਡੀਕ-ਉਡੀਕ ਥੱਕ ਲੱਥੇ, ਰਜਨੀ ਫੇਰ ਮਾਂ ਨਹੀਂ ਬਣ ਸਕੀ।
ਨਾਂ ਰਜਨੀ ਮੁੜ ਮਾਂ ਬਣ ਸਕੀ ਨਾ ਰਜਨੀ ਆਪਣੀ ਬੱਚੀ ਨੂੰ ਭੁਲਾ ਸਕੀ। ਠੀਕ ਉਸ ਦਿਨ ਜਦੋਂ ਉਸ ਨੇ ਆਪਣੀ ਸਫ਼ਾਈ ਕਰਵਾਈ ਸੀ, ਰਜਨੀ ਹਰ ਵਰ੍ਹੇ ਪੂਜਾ ਪਾਠ ਕਰਾਉਂਦੀ। ਗ਼ਰੀਬ ਬੱਚਿਆਂ ਵਿੱਚ ਮਠਿਆਈ, ਫਲ, ਕੱਪੜੇ ਵੰਡਦੀ। ਸਾਰਾ ਦਿਨ ਰੁਆਂਸੀ-ਰੁਆਂਸੀ, ਉਹਦੀਆਂ ਪਲਕਾਂ ਭਿੱਜ-ਭਿੱਜ ਜਾਂਦੀਆਂ।
ਇੰਝ ਵਿਹਲੀ ਬੈਠੀ-ਬੈਠੀ, ਢੇਰ ਸਾਰੀ ਪੜ੍ਹੀ, ਜ਼ਿਲ੍ਹੇ ਦੇ ਇਤਨੇ ਵੱਡੇ ਅਫ਼ਸਰ ਦੀ ਤ੍ਰੀਮਤ, ਰਜਨੀ ਨੇ ਕਾਰਪੋਰੇਸ਼ਨ ਦੇ ਸਕੂਲ ਦੀ ਨੌਕਰੀ ਕਰ ਲਈ। ਬੱਚਿਆਂ ਨੂੰ ਪੜ੍ਹਾਉਣ ਵਿੱਚ ਉਹਦਾ ਮਨ ਪਰਚਿਆ ਰਹੇਗਾ। ਨਾਲੇ ਉਹ ਤਾਂ ਸਕੂਲ ਦੇ ਹਰ ਟੀਚਰ ਤੋਂ ਵੱਧ ਪੜ੍ਹੀ ਸੀ। ਇੱਕ ਅੱਧ ਵਰ੍ਹਾ ਤੇ ਰਜਨੀ ਨੂੰ ਸਕੂਲ ਦੀ ਮੁੱਖ-ਅਧਿਆਪਕਾ ਬਣਾ ਦਿੱਤਾ ਗਿਆ।
ਹੁਣ ਪੜ੍ਹਾਉਣ ਦੇ ਨਾਲ-ਨਾਲ ਰਜਨੀ ਨੇ ਸਕੂਲ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਸੰਭਾਲ ਲਈ। ਕਾਰਪੋਰੇਸ਼ਨ ਨਾਲ, ਸਰਕਾਰ ਨਾਲ ਚਿੱਠੀ ਪੱਤਰੀ, ਟੀਚਰਾਂ ਦਾ ਸਹਿਯੋਗ, ਬੱਚਿਆਂ ਦੀਆਂ ਲੋੜਾਂ। ਸਕੂਲ ਦੇ ਦਾਖ਼ਲੇ……
ਬੱਚੀਆਂ ਨੂੰ ਦਾਖ਼ਲ ਕਰਨ ਵੇਲੇ ਇੱਕ ਦਿਨ ਬੜੀ ਦਿਲਚਸਪ ਘਟਨਾ ਹੋਈ। ਕੋਈ ਮਾਤਾ ਪਿਤਾ ਆਪਣੀ ਬੱਚੀ ਨੂੰ ਦਾਖ਼ਲ ਕਰਾਉਣ ਆਏ। ਬੱਚੀ ਜਿਵੇਂ ਹੱਥ ਲਾਇਆਂ ਮੈਲੀ ਹੋਵੇ, ਤੇ ਉਹਦਾ ਨਾਂ ਐਵੇਂ ਹੀ ਕੁੱਝ ਸੀ।
 "ਇਹ ਤੁਸੀਂ ਬੱਚੀ ਦਾ ਨਾਂ ਕੀ ਰੱਖਿਆ ਏ? ਜੇ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚਲੇਗਾ।" ਹਸੂੰ-ਹਸੂੰ ਚਿਹਰਾ, ਰਜਨੀ ਨੇ ਬੱਚੀ ਵੱਲ ਵੇਖਦੇ ਹੋਏ ਉਸਦੇ ਮਾਪਿਆਂ ਨੂੰ ਕਿਹਾ।
ਮਾਪੇ ਮੁੱਖ-ਅਧਿਆਪਕਾ ਦੀ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਏ। ਇੱਕ ਦੂਜੇ ਵੱਲ ਵੇਖਣ ਲੱਗੇ। ਉਹਨਾਂ ਨੂੰ ਕੋਈ ਨਾਂ ਜਿਵੇਂ ਨਾਂ ਸੁੱਝ ਰਿਹਾ ਹੋਵੇ।
ਫੇਰ ਬੱਚੀ ਦੀ ਮਾਂ ਇੱਕਦਮ ਬੋਲੀ, "ਤੁਹਾਡੀ ਬੱਚੀ ਦਾ ਕੀ ਨਾਂ ਏ?"
 "ਤ੍ਰਿਸ਼ਨਾਂ! ਮੇਰੀ ਬੱਚੀ ਦਾ ਨਾਂ ਤ੍ਰਿਸ਼ਨਾਂ ਏ।" ਅਤਿਅੰਤ ਪਿਆਰ ਵਿੱਚ ਰਜਨੀ ਅੱਭੜਵਾਹੇ ਬੋਲੀ।
 "ਤਾਂ ਫ਼ਿਰ ਇਹਦਾ ਨਾਂ ਵੀ ਤ੍ਰਿਸ਼ਨਾਂ ਹੀ ਦਰਜ ਕਰ ਦਿਓ।" ਬੱਚੀ ਦੇ ਪਿਤਾ ਨੇ ਕਿਹਾ।
ਤੇ ਇੰਜ ਖੁਸ਼-ਖੁਸ਼ ਹੱਸਦੇ-ਹਸਾਂਦੇ ਉਸ ਬੱਚੀ ਦਾ ਦਾਖ਼ਲਾ ਹੋ ਗਿਆ।
ਮੁੱਖ-ਅਧਿਆਪਕਾ ਰਜਨੀ ਦੀ ਆਦਤ, ਦਾਖ਼ਲ ਕਰਨ ਵੇਲੇ ਜਿਸ ਬੱਚੀ ਦਾ ਨਾਂ ਉਸ ਨੂੰ ਨਾਂ ਜਚਦਾ, ਉਹ ਬੱਚੀ ਦੇ ਮਾਪਿਆਂ ਨੂੰ ਯਾਦ ਕਰਾਉਂਦੀ, "ਜੇ ਤੁਸੀਂ ਨਾਂ ਬਦਲਣਾ ਚਾਹੋ ਤਾਂ ਹੁਣ ਵੇਲਾ ਹੈ, ਬਦਲ ਸਕਦੇ ਹੋ। ਸਕੂਲ ਦੇ ਰਜਿਸਟਰ ਵਿੱਚ ਦਰਜ ਨਾਂ ਸਾਰੀ ਉਮਰ ਚੱਲੇਗਾ।"
ਤੇ ਅਕਸਰ ਮਾਪੇ ਸਤਿਕਾਰ ਵਜੋਂ ਮੁਖ-ਅਧਿਆਪਕਾ ਨੂੰ ਕਹਿੰਦੇ, "ਜੋ ਨਾਂ ਤੁਹਾਨੂੰ ਚੰਗਾ ਲਗਦਾ ਹੈ ਉਹੀ ਰੱਖ ਦਿਓ।"
ਰਜਨੀ ਨੂੰ ਤਾਂ 'ਤ੍ਰਿਸ਼ਨਾ' ਨਾਂ ਚੰਗਾ ਲਗਦਾ ਸੀ। ਤੇ ਨਵੀਂ ਦਾਖ਼ਲ ਹੋਈ ਬੱਚੀ ਦਾ ਨਾਂ ਤ੍ਰਿਸ਼ਨਾ' ਰੱਖ ਦਿੱਤਾ ਜਾਂਦਾ।
ਕਰਦੇ ਕਰਦੇ ਉਸ ਸਕੂਲ ਵਿੱਚ ਢੇਰ ਸਾਰੀਆਂ ਕੁੜੀਆਂ ਦਾ ਨਾਂ 'ਤ੍ਰਿਸ਼ਨਾ' ਦਰਜ ਹੋ ਗਿਆ। ਰਜਨੀ ਦੀਆਂ ਬੇਟੀਆਂ! ਕਿਸੇ ਨੂੰ ਤ੍ਰਿਸ਼ਨਾ ਕਹਿ ਕੇ ਪੁਕਾਰਦੀ ਤੇ ਉਹਦਾ ਵਾਤਸਲਯ ਡੁੱਲ੍ਹ-ਡੁੱਲ੍ਹ ਪੈਂਦਾ। ਉਹਦੇ ਮੂੰਹ ਵਿੱਚ ਮਾਖਿਉਂ ਵਰਗਾ ਸੁਆਦ ਘੁਲ-ਘੁਲ ਜਾਂਦਾ।
ਹਰ ਕਲਾਸ ਵਿੱਚ ਇੱਕ ਤੋਂ ਵਧੀਕ ਕੁੜੀਆਂ ਦਾ ਨਾਂ ਉਸ ਸਕੂਲ ਵਿੱਚ ਤ੍ਰਿਸ਼ਨਾਂ ਸੀ। ਚੌਹਾਂ ਪਾਸੇ ਤ੍ਰਿਸ਼ਨਾ ਹੀ ਤ੍ਰਿਸ਼ਨਾ ਹੁੰਦੀ ਰਹਿੰਦੀ। ਰਜਨੀ ਮੈਡਮ ਦੀਆਂ ਬੇਟੀਆਂ!
-0-

Sunday, 25 May 2014

 ਤੂੰ ਹੜ ਦਾ ਪਾਣੀ ਸੀ -ਰੇਸ਼ਮ

ਤੂੰ ਹੜ ਦਾ ਪਾਣੀ ਸੀ
ਵਹਿ ਗਿਆ
ਮੈਂ ਨਦੀ ਨਾ ਰਹੀ
ਕੌਣ ਮੋੜੇ
ਖੁਰ ਗਏ ਕਿਨਾਰੇ
ਖਾਕ ਉਡਾਉਂਦੀ ਹਵਾ ਨੂੰ
ਕੌਣ ਰੋਕੇ
ਕਿਨਾ ਸਹਿਲ ਹੈ
ਸਿਲੀ ਰੇਤ ਵਿਚ
ਕੰਡੇ ਬੀਜਣੇ
ਤੇ ਅਗਲੀ ਝੜੀ
ਦੀ ਉਡੀਕ ਕਰਨਾ---

Friday, 23 May 2014

ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਵਿਸ਼ੇਸ਼(24 ਮਈ 1896 ਤੋਂ 16 ਨਵੰਬਰ 1915) 
 ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
 ਕਰਤਾਰ ਸਿੰਘ ਸਰਾਭਾ

 ਵਰਿਆਮ ਸਿੰਘ ਸੰਧੂ

 ਇਤਿਹਾਸ ਦੇ ਖੋਜੀਆਂ ਵੱਲੋਂ ਨਿਰਸੰਦੇਹ ਗ਼ਦਰ ਪਾਰਟੀ ਦੇ ਸਿਧਾਂਤਾਂ, ਸੰਕਲਪਾਂ, ਕੁਰਬਾਨੀਆਂ, ਪ੍ਰਾਪਤੀਆਂ ਤੇ ਕਮਜ਼ੋਰੀਆਂ ਦੇ ਵਿਵੇਚਨ ਤੇ ਵਿਸ਼ਲੇਸ਼ਣ ਰਾਹੀਂ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਇਸ ਲਹਿਰ ਦੇ ਮਹੱਤਵ ਨੂੰ ਸਥਾਪਤ ਕਰਨ ਦਾ, ਆਪਣੀ ਸਮਰੱਥਾ ਅਨੁਸਾਰ, ਸੁਯੋਗ ਉਪਰਾਲਾ ਕੀਤਾ ਗਿਆ ਹੈ ਪਰ ਇਸਦੇ ਬਾਵਜੂਦ ਗ਼ਦਰ ਲਹਿਰ ਦੇ ਬਹੁਤ ਸਾਰੇ ਨਾਇਕਾਂ ਦਾ ਜੀਵਨ ਆਪਣੇ ਪੂਰੇ ਖਿੜਾਓ ਤੇ ਜਲੌਅ ਸਮੇਤ ਸਾਡੇ ਰੂਬਰੂ ਨਹੀਂ ਹੋਇਆ। ਉਹਨਾਂ ਗ਼ਦਰੀ ਸੂਰਬੀਰਾਂ ਦੇ ਜੀਵਨ ਤੇ ਕਾਰਜਾਂ ਬਾਰੇ ਖਿੰਡੇ ਪੁੰਡੇ ਵੇਰਵੇ ਤਾਂ ਸਾਨੂੰ ਇਸ ਲਹਿਰ ਨਾਲ ਸੰਬੰਧਤ ਇਤਿਹਾਸਾਂ ਅਤੇ ਕੁਝ ਗ਼ਦਰੀ ਬਾਬਿਆਂ ਵੱਲੋਂ ਲਿਖੀਆਂ ਯਾਦਾਂ ਵਿਚੋਂ ਨਜ਼ਰ ਆ ਜਾਂਦੇ ਹਨ ਪਰ ਉਹਨਾਂ ਦੇ ਜੀਵਨ ਉੱਤੇ ਮੁਕੰਮਲ ਤੇ ਸੰਗਠਤ ਝਾਤ ਪਾਉਣ ਵਾਲੀਆਂ ਅਜਿਹੀਆਂ ਜੀਵਨੀਆਂ ਤਾਂ ਅਸਲੋਂ ਹੀ ਨਦਾਰਦ ਹਨ, ਜਿਨ੍ਹਾਂ ਵਿਚ ਉਹਨਾਂ ਦਾ ਜੀਵਨ ਪੂਰੀ ਤਰਤੀਬ ਨਾਲ ਬਰੀਕ ਤੇ ਭਰਪੂਰ ਵੇਰਵਿਆਂ ਦੇ ਬਿਆਨ ਸਹਿਤ ਵਿਭਿੰਨ ਪਰਤਾਂ ਸਮੇਤ ਪੇਸ਼ ਹੋਇਆ ਹੋਵੇ। ਨਵੀਂਆਂ ਪੀੜ੍ਹੀਆਂ ਨੂੰ ਇਸ ਲਹਿਰ ਦੇ ਇਤਿਹਾਸਕ ਗੌਰਵ ਤੋਂ ਜਾਣੂ ਕਰਾਉਣ ਲਈ ਇਹਨਾਂ ਪ੍ਰਾਪਤ ਇਤਿਹਾਸਾਂ ਵਿਚ ਗ਼ਦਰ ਲਹਿਰ ਦੇ ਨਾਇਕਾਂ ਬਾਰੇ ਖਿੰਡੇ ਤੇ ਟੁਟਵੇਂ ਵੇਰਵਿਆਂ ਨੂੰ ਇੱਕ ਥਾਂ ਇਕੱਤਰ ਕਰਕੇ ਤੇ ਹੋਰ ਖੋਜ ਕਰਕੇ ਉਸ ਮਸਾਲੇ ਵਿਚ ਕੁਝ ਹੋਰ ਨਵਾਂ ਜੋੜਨ ਨਾਲ ਉਹਨਾਂ ਦੀਆਂ ਜੀਵਨੀਆਂ ਤਿਆਰ ਕਰਨ ਦੀ ਡਾਢੀ ਲੋੜ ਹੈ।
 ਇਤਿਹਾਸ ਪ੍ਰਤੀ ਸਾਡੀ ਲਾਪ੍ਰਵਾਹੀ ਦਾ ਇਸਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗ਼ਦਰ ਲਹਿਰ ਦੇ ਮਹਾਨ ਸੰਗਰਾਮੀਏ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਸਾਡੇ ਕੋਲ ਬਹੁਤ ਹੀ ਘੱਟ ਪ੍ਰਮਾਣਿਕ ਸਾਮੱਗਰੀ ਉਪਲਬਧ ਹੈ। ਉਸ ਬਾਰੇ ਜਿੰਨੀਆਂ ਵੀ ਪੁਸਤਕਾਂ ਉਪਲੱਬਧ ਹਨ ਉਹਨਾਂ ਵਿਚ ਮੁੜ-ਘਿੜ ਉਹੋ ਹੀ ਆਮ ਜਾਣੇ ਤੇ ਪੜ੍ਹੇ-ਸੁਣੇ ਗਏ ਵੇਰਵੇ ਬਿਆਨ ਹੋਏ ਮਿਲਦੇ ਹਨ। ਨਿਰਸੰਦੇਹ ਉਹ ਵੇਰਵੇ ਵੀ ਮਹੱਤਵਪੂਰਨ ਹਨ ਪਰ, ਜਿਵੇਂ ਅਸੀਂ ਚਾਹੁੰਦੇ ਹਾਂ, ਇਹਨਾਂ ਵੇਰਵਿਆਂ ਵਿਚ ਕੁਝ ਹੋਰ ਵੀ ਨਵਾਂ ਲੱਭ ਕੇ ਜੋੜਨ ਦੀ ਲੋੜ ਹੈ। ਕੁਝ ਪੁਸਤਕਾਂ ਛਪੀਆਂ ਜ਼ਰੂਰ ਹਨ ਪਰ ਇਹ ਯਤਨ ਨਾਮੁਕੰਮਲ ਹੋਣ ਦੇ ਬਾਵਜੂਦ, ਲੇਖਕਾਂ ਵੱਲੋਂ ਜਿੱਥੋਂ ਵੀ ਤੇ ਜਿੰਨਾ ਜਿੰਨਾ ਵੀ ਮਸਾਲਾ ਕਰਤਾਰ ਸਿੰਘ ਸਰਾਭੇ ਬਾਰੇ ਇਕੱਤਰ ਹੋ ਸਕਿਆ ਹੈ, ਕੀਤਾ ਗਿਆ ਹੈ ਤੇ ਇੰਝ ਇਤਿਹਾਸ ਦੀਆਂ ਪੁਸਤਕਾਂ ਵਿਚ ਟੋਟਾ ਟੋਟਾ ਖਿੱਲਰੇ ਸਰਾਭੇ ਨੂੰ ਇਕ ਥਾਂ ਜੋੜ ਕੇ ਉਸਦੀ ਇਨਕਲਾਬੀ ਸ਼ਖ਼ਸੀਅਤ ਦਾ ਸੰਗਠਤ ਬਿੰਬ ਉਸਾਰਨ ਦਾ ਉਪਰਾਲਾ ਕੀਤਾ ਹੈ। ਸਰਾਭੇ ਦੇ ਸਮਕਾਲੀਆਂ ਤੇ ਸੰਗੀਆਂ-ਸਾਥੀਆਂ ਨੇ ਸਰਾਭੇ ਬਾਰੇ ਆਪਣੇ ਵਿਚਾਰ ਵਿਅਕਤ ਕਰਕੇ ਉਹਦੀ ਸ਼ਖ਼ਸੀਅਤ ਦੇ ਕੁਝ ਰੰਗ ਉਭਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ। ਉਹਨਾਂ ਦੀ ਇਸ ਕੋਸ਼ਿਸ਼ ਨੂੰ ਆਧਾਰ ਬਣਾ ਕੇ ਅਸੀਂ ਵੀ ਸਰਾਭੇ ਬਾਰੇ ਕੁਝ ਗੱਲਾਂ ਕਰਨ ਲੱਗੇ ਹਾਂ।
 ਸਰਾਭੇ ਦੇ ਬਚਪਨ ਦੇ ਬਹੁਤੇ ਵੇਰਵੇ ਭਾਵੇਂ ਉਪਲਬਧ ਨਹੀਂ ਹਨ ਤਦ ਵੀ ਇਹ ਪਤਾ ਜ਼ਰੂਰ ਲੱਗਦਾ ਹੈ ਕਿ 23 ਮਈ 1896 ਵਿਚ, ਲੁਧਿਆਣੇ ਜ਼ਿਲ੍ਹੇ ਦੇ ਪਿੰਡ ਸਰਾਭੇ ਵਿਚ, ਸਰਦਾਰ ਮੰਗਲ ਸਿੰਘ ਤੇ ਬੀਬੀ ਸਾਹਿਬ ਕੌਰ ਦੇ ਘਰ ਜਨਮੇ ਕਰਤਾਰ ਨੂੰ ਛੋਟੀ ਉਮਰ ਵਿਚ ਹੀ ਮਾਂ-ਪਿਓ ਦੀ ਮੌਤ ਦੇ ਵਿਛੋੜੇ ਦਾ ਸੱਲ ਸਹਿਣਾ ਪਿਆ ਤੇ ਉਸਦੀ ਪਰਵਰਿਸ਼ ਦੀ ਸਾਰੀ ਜ਼ਿੰਮੇਵਾਰੀ ਉਹਦੇ ਦਾਦਾ ਸਰਦਾਰ ਬਦਨ ਸਿੰਘ ਦੇ ਸਿਰ ਆਣ ਪਈ। ਕਰਤਾਰ ਸਿੰਘ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ। ਉਹਦੀ ਇਕ ਭੈਣ ਵੀ ਸੀ, ਜਿਸਦਾ ਨਾਂ ਸੀ ਧੰਨ ਕੌਰ। ਦਾਦਾ ਕਰਤਾਰ ਨੂੰ ਬੇਥਾਹ ਪਿਆਰ ਕਰਦਾ ਸੀ। ਉਹ ਉਸਨੂੰ ਵਾਹੀ-ਖੇਤੀ ਦੇ ਕੰਮ ਵਿਚ ਨਹੀਂ ਸੀ ਪਾਉਣਾ ਚਾਹੁੰਦਾ। ਉਸਦੀ ਇੱਛਾ ਸੀ ਕਿ ਕਰਤਾਰ ਪੜ੍ਹ-ਲਿਖ ਕੇ ਕਿਸੇ ਚੰਗੇ ਰੁਜ਼ਗ਼ਾਰ 'ਤੇ ਲੱਗ ਜਾਵੇ। ਕਰਤਾਰ ਨੂੰ ਪਿੰਡ ਦੇ ਪ੍ਰਾਇਮਰੀ ਸਕੂਲ ਵਿਚ ਦਾਖ਼ਲ ਕਰਾ ਦਿੱਤਾ ਗਿਆ। ਪ੍ਰਾਇਮਰੀ ਦੀ ਮੁਢਲੀ ਵਿਦਿਆ ਲੈਣ ਉਪਰੰਤ ਉਹ ਗੁਜਰਵਾਲ ਦੇ ਵਰਨੈਕੁਲਰ ਮਿਡਲ ਸਕੂਲ ਦਾ ਵਿਦਿਆਰਥੀ ਬਣਿਆਂ ਤੇ ਫਿਰ ਲੁਧਿਆਣੇ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਜਾ ਦਾਖ਼ਲ ਹੋਇਆ।
 ਸਕੂਲ ਵਿਚ ਪੜ੍ਹਦਿਆਂ ਕਰਤਾਰ ਸਿੰਘ ਸਰਾਭਾ ਸਾਥੀਆਂ ਦਾ ਆਗੂ ਤੇ ਹਰਮਨ ਪਿਆਰਾ ਵਿਦਿਆਰਥੀ ਸੀ। ਚੁਸਤ ਚਲਾਕ ਵੀ ਬਹੁਤ ਸੀ। ਹਸਮੁੱਖ ਤੇ ਮਸਖ਼ਰੇ ਸੁਭਾਅ ਦਾ ਵੀ ਸੀ। ਉਹਦੀ ਹਰਮਨ ਪਿਆਰਾਤਾ ਕਾਰਨ ਦੂਜੇ ਵਿਦਿਆਰਥੀ ਉਹਦਾ ਸਾਥ ਮਾਨਣ ਲਈ ਉਤਾਵਲੇ ਰਹਿੰਦੇ ਸਨ। ਅਸਲ ਵਿਚ ਹੋਣਹਾਰ, ਚੁਸਤ ਅਤੇ ਹੁਸ਼ਿਆਰ ਕਰਤਾਰ ਸਿੰਘ ਵਿਚ ਸ਼ੁਰੂ ਤੋਂ ਹੀ ਲੀਡਰਸ਼ਿੱਪ ਦੇ ਗੁਣ ਸਨ। ਉਹਦੀ ਏਸੇ ਯੋਗਤਾ ਕਰਕੇ ਉਹਦੇ ਸਾਥੀ ਉਹਨੂੰ 'ਅਫ਼ਲਾਤੂ' ਕਹਿ ਕੇ ਬੁਲਾਉਂਦੇ ਸਨ। 'ਅਫ਼ਲਾਤੂ' ਆਖਣ ਤੋਂ ਭਾਵ ਇਹ ਸੀ ਕਿ ਉਹ ਅਜੀਬ ਤੇ ਅਣਹੋਣੀਆਂ ਗੱਲਾਂ ਕਰ ਸਕਣ ਦੀ ਯੋਗਤਾ ਤੇ ਦਲੇਰੀ ਦਾ ਮਾਲਕ ਸੀ। ਉਮਰ ਦੇ ਅਗਲੇ ਪੜਾਅ 'ਤੇ ਉਹਨੇ ਆਪਣੇ ਇਹਨਾਂ ਗੁਣਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ। ਕਈ ਸਾਥੀ ਉਹਦੀ ਫ਼ੁਰਤੀ ਤੇ ਤੇਜ਼ੀ ਤੋਂ ਪ੍ਰਭਾਵਤ ਹੋ ਕੇ ਮਖ਼ੌਲ ਨਾਲ ਉਹਨੂੰ 'ਉਡਣਾ ਸੱਪ' ਵੀ ਆਖਦੇ ਸਨ।
 ਮਾਲਵਾ ਸਕੂਲ ਵਿਚ ਸਤਵੀਂ ਜਮਾਤ ਵਿਚ ਪੜ੍ਹਦਿਆਂ ਉਸਨੇ ਆਪਣੀ ਚੁਸਤੀ ਤੇ ਹੁਸ਼ਿਆਰੀ ਦੇ ਭੋਲੇ-ਮਾਣ ਸਦਕਾ ਸੋਚਿਆ ਕਿ ਕਿਉਂ ਨਾ ਝੂਠਾ ਸਰਟੀਫ਼ਿਕੇਟ ਬਣਾ ਕੇ ਨੌਵੀਂ ਵਿਚ ਦਾਖ਼ਲਾ ਲੈ ਲਿਆ ਜਾਵੇ ਤੇ ਉਚੇਰੀ ਪੜ੍ਹਾਈ ਕਰਨ ਦਾ ਨਿਸ਼ਾਨਾ ਇਕ-ਦੋ ਸਾਲ ਪਹਿਲਾਂ ਹੀ ਪੂਰਾ ਕਰ ਲਿਆ ਜਾਵੇ। ਉਸਨੇ ਮਾਲਵਾ ਸਕੂਲ ਵਿਚੋਂ ਸਤਵੀਂ ਦਾ ਸਰਟੀਫ਼ਿਕੇਟ ਲਿਆ ਤੇ ਉਸਨੂੰ 'ਨੌਂਵੀਂ ਦਾ ਬਣਾ ਕੇ' ਆਰੀਆ ਸਕੂਲ ਵਿਚ ਜਾ ਦਾਖ਼ਲ ਹੋਇਆ। ਪਹਿਲਾਂ ਤਾਂ ਸਕੂਲ ਵਾਲਿਆਂ ਨੂੰ ਪਤਾ ਹੀ ਨਾ ਲੱਗਾ ਪਰ ਜਦੋਂ ਪਤਾ ਲੱਗਣ 'ਤੇ ਸਕੂਲ ਵਾਲਿਆਂ ਐਕਸ਼ਨ ਲੈਣ ਦੀ ਸੋਚੀ ਤਾਂ ਕਰਤਾਰ ਨੂੰ ਵੀ ਖੁੜਕ ਗਈ। ਉਹ ਅਗਲੀ ਪੜ੍ਹਾਈ ਲਈ ਉੜੀਸਾ ਵਿਚ ਆਪਣੇ ਚਾਚੇ ਬਖਸ਼ੀਸ਼ ਸਿੰਘ ਕੋਲ ਚਲਾ ਗਿਆ ਤੇ ਉਥੇ ਜਾ ਕੇ ਦਸਵੀਂ ਪਾਸ ਕਰ ਕੇ ਕਾਲਜ ਵਿਚ ਦਾਖ਼ਲਾ ਲੈ ਲਿਆ। ਨਵੇਂ ਤੋਂ ਨਵਾਂ ਗਿਆਨ ਹਾਸਲ ਕਰਨ ਦੀ ਤਲਬ ਕਾਰਨ ਉਹ ਪਾਠ ਪੁਸਤਕਾਂ ਪੜ੍ਹਨ ਤੋਂ ਇਲਾਵਾ ਹੋਰ ਵੀ ਬਹੁਤ ਸਾਰਾ ਸਾਹਿਤ ਪੜ੍ਹਦਾ ਰਹਿੰਦਾ। ਸਰਟੀਫ਼ਿਕੇਟ ਵਿਚ ਤਬਦੀਲੀ ਕਰਕੇ ਨੌਵੀਂ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਤੋਂ ਉਹਦੇ ਸੁਭਾਅ ਦਾ ਇਹ ਪੱਖ ਸਾਬਤ ਹੁੰਦਾ ਹੈ ਕਿ ਉਹਨੂੰ 'ਉਚੇਰੀਆਂ ਮੰਜ਼ਿਲਾਂ ਛੂਹਣ ਦੀ' ਕਿੰਨੀ ਤਿੱਖੀ ਕਾਹਲ ਸੀ ਤੇ ਉਹ ਛੇਤੀ ਤੋਂ ਛੇਤੀ ਵੱਡੇ ਮਾਅਰਕੇ ਮਾਰਨ ਦਾ ਅਭਿਲਾਸ਼ੀ ਸੀ।
 ਚਾਚੇ ਕੋਲ ਰਹਿ ਕੇ ਪੜ੍ਹਦਿਆਂ, ਏਥੇ, ਉਸਨੂੰ ਅੰਗਰੇਜ਼ੀ ਬੋਲਣ ਤੇ ਲਿਖਣ ਦਾ ਚੰਗਾ ਅਭਿਆਸ ਹੋ ਗਿਆ। ਉਹ ਅੰਗਰੇਜ਼ੀ ਸਾਹਿਤ ਪੜ੍ਹਨ ਵਿਚ ਦਿਲਚਸਪੀ ਲੈਣ ਲੱਗਾ। ਉਸ ਵੇਲੇ ਬੰਗਾਲ ਤੇ ਉੜੀਸਾ ਆਦਿ ਇਲਾਕਿਆਂ ਵਿਚ ਬਹੁਤ ਹੱਦ ਤੱਕ ਰਾਜਨੀਤਕ ਚੇਤਨਾ ਪੈਦਾ ਹੋ ਚੁੱਕੀ ਸੀ। ਸਰਾਭਾ ਸਕੂਲੀ ਪੁਸਤਕਾਂ ਤੋਂ ਇਲਾਵਾ ਕਿਉਂਕਿ ਹੋਰ ਸਾਹਿਤ ਵੀ ਪੜ੍ਹਦਾ ਰਹਿੰਦਾ ਸੀ ਇਸ ਲਈ ਉਸ ਉੱਤੇ ਇਸ ਰਾਜਨੀਤਕ ਜਾਗ੍ਰਤੀ ਦਾ ਵੀ ਪ੍ਰਭਾਵ ਪੈਣਾ ਸ਼ੁਰੂ ਹੋ ਗਿਆ। ਦੇਸ਼-ਪ੍ਰੇਮ ਤੇ ਦੇਸ਼ ਸੇਵਾ ਦੀ ਭਾਵਨਾ ਉਸ ਅੰਦਰ ਕਲਵਲ ਹੋਣ ਲੱਗੀ।
 ਉਸ ਵੇਲੇ ਦੇ ਮਾਹੌਲ ਅਤੇ ਉਹਦੀ ਅਧਿਅਨ ਕਰਨ ਦੀ ਰੁਚੀ ਨੇ ਸਰਾਭੇ ਦਾ ਸੋਚਣ ਵਿਚਰਨ ਦਾ ਦਿਸਹੱਦਾ ਵਸੀਹ ਕਰ ਦਿੱਤਾ। ਘਰਦਿਆਂ ਦੀ ਸਲਾਹ ਨਾਲ ਉਸਨੇ ਅਮਰੀਕਾ ਵਿਚ ਜਾ ਕੇ ਰਸਾਇਣ ਵਿਗਿਆਨ ਵਿਚ ਉੱਚੀ ਵਿਦਿਆ ਪ੍ਰਾਪਤ ਕਰਨ ਦਾ ਫ਼ੈਸਲਾ ਕਰ ਲਿਆ ਤੇ ਪਾਸਪੋਰਟ ਬਣਵਾ ਕੇ ਅਮਰੀਕਾ ਲਈ ਰਵਾਨਾ ਹੋ ਗਿਆ। ਆਮ ਤੌਰ 'ਤੇ ਪਹਿਲਾਂ ਪ੍ਰਾਪਤ ਹਵਾਲਿਆਂ ਤੋਂ ਇਹ ਪਤਾ ਚੱਲਦਾ ਹੈ ਕਿ ਸਰਾਭਾ 1912 ਦੇ ਜਨਵਰੀ ਮਹੀਨੇ ਵਿਚ ਅਮਰੀਕਾ ਪਹੁੰਚਿਆ ਸੀ ਪਰ ਸੀਤਾ ਰਾਮ ਬਾਂਸਲ ਵੱਲੋਂ ਅਮਰੀਕਾ ਦੇ ਸੂਬੇ ਕੈਲੇਫ਼ੋਰਨੀਆਂ ਦੇ ਸ਼ਹਿਰ ਸ਼ਾਨ ਬਰੂਨੋ ਦੀ 'ਨੈਸ਼ਨਲ ਆਰਕਾਈਵਜ਼ ਐਂਡ ਰੀਕਾਰਡ ਐਡਮਨਿਸਟ੍ਰੇਸ਼ਨ' (ਨਾਰਾ) ਵਿਚੋਂ ਪ੍ਰਾਪਤ ਕੀਤੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਸਰਾਭੇ ਵੱਲੋਂ ਆਪਣੇ ਬਾਰੇ ਰੀਕਾਰਡ ਵਿਚ ਦਰਜ ਕਰਵਾਈ ਜਾਣਕਾਰੀ ਅਨੁਸਾਰ ਸਰਾਭਾ 2 ਜੁਲਾਈ 1912 ਨੂੰ ਹਾਂਗਕਾਂਗ ਤੋਂ ਚੱਲਿਆ ਤੇ 28 ਜੁਲਾਈ 1912 ਨੂੰ ਅਮਰੀਕਾ ਦੇ ਸ਼ਹਿਰ ਸਾਨਫ਼ਰਾਂਸਿਸਕੋ ਨੇੜੇ ਏਂਜਲ ਆਈਲੈਂਡ 'ਤੇ ਜਾ ਉਤਰਿਆ। ਅਮਰੀਕਾ ਪਹੁੰਚਣ ਵਾਲੇ ਆਵਾਸੀਆਂ ਨੂੰ ਏਥੇ ਇਮੀਗ੍ਰੇਸ਼ਨ ਅਧਿਕਾਰੀਆਂ ਅਤੇ ਡਾਕਟਰਾਂ ਅੱਗੇ ਪੇਸ਼ ਹੋਣਾ ਪੈਂਦਾ ਸੀ। ਜਦੋਂ ਪੂਰੀ ਸੰਤੁਸ਼ਟੀ ਹੋ ਜਾਂਦੀ ਤਾਂ ਉਹਨਾਂ ਨੂੰ ਸਾਨਫ਼ਰਾਂਸਿਸਕੋ ਭੇਜਿਆ ਜਾਂਦਾ। ਕਰਤਾਰ ਸਿੰਘ 30 ਜੁਲਾਈ 1912 ਨੂੰ ਡਾਕਟਰੀ ਵਿਚੋਂ ਪਾਸ ਹੋ ਗਿਆ। ਡਾਕਟਰ ਤੋਂ ਸਰਟੀਫ਼ਿਕੇਟ ਪ੍ਰਾਪਤ ਹੋ ਜਾਣ ਤੋਂ ਬਾਅਦ ਉਸਨੂੰ 31 ਜੁਲਾਈ 1912 ਨੂੰ ਸਪੈਸ਼ਲ ਪੜਤਾਲੀਆ ਬੋਰਡ ਅੱਗੇ ਪੇਸ਼ ਹੋਣਾ ਸੀ। ਬੋਰਡ ਅੱਗੇ ਹਰੀ ਸਿੰਘ ਦੁਭਾਸ਼ੀਏ ਦੇ ਤੌਰ 'ਤੇ ਪੇਸ਼ ਹੋਇਆ। ਚੇਅਰਮੈਨ ਨੇ ਕਰਤਾਰ ਸਿੰਘ ਨੂੰ ਸਹੁੰ ਚੁਕਾਈ। ਕਰਤਾਰ ਸਿੰਘ ਵੱਲੋਂ ਦੱਸੇ ਵੇਰਵੇ ਇਸ ਪ੍ਰਕਾਰ ਹਨ:
 ਨਾਂ: ਕਰਤਾਰ ਸਿੰਘ ਸਰਾਭਾ, ਉਮਰ ਸਤਾਰਾਂ ਸਾਲ, ਅਣਵਿਆਹਿਆ, ਕਿੱਤਾ ਖੇਤੀ-ਬਾੜੀ, ਅੰਗਰੇਜ਼ੀ ਪੜ੍ਹ ਲਿਖ ਸਕਦਾ, ਇੰਗਲੈਂਡ ਦੀ ਪਰਜਾ, ਕੌਮ ਈਸਟ ਇੰਡੀਅਨ, ਹਿੰਦੁਸਤਾਨ ਵਿਚ ਨੇੜਲਾ ਰਿਸ਼ਤੇਦਾਰ ਮੇਰਾ ਦਾਦਾ ਬਦਨ ਸਿੰਘ ਸਰਾਭਾ ਪੱਖੋਵਾਲ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਰਿਹਾ ਹੈ, ਮੰਜ਼ਿਲ ਸਾਨਫ਼ਰਾਂਸਿਸਕੋ।
 ਅਧਿਕਾਰੀਆਂ ਵੱਲੋਂ ਕਰਤਾਰ ਸਿੰਘ ਨਾਲ ਜਿਹੜੇ ਸਵਾਲ-ਜਵਾਬ ਹੋਏ, ਉਹਨਾਂ ਦਾ ਪ੍ਰਾਪਤ ਰੀਕਾਰਡ ਵਿਚ ਜ਼ਿਕਰ ਨਿਮਨ-ਲਿਖਤ ਅਨੁਸਾਰ ਹੈ।
 ਸਵਾਲ: ਤੇਰਾ ਰਸਤੇ ਦਾ ਖ਼ਰਚਾ ਕਿਸਨੇ ਦਿੱਤਾ?
 ਜਵਾਬ: ਮੇਰੇ ਦਾਦੇ ਬਦਨ ਸਿੰਘ ਨੇ
 ਸਵਾਲ: ਤੇਰੇ ਕੋਲ ਕਿੰਨਾਂ ਧਨ ਹੈ?
 ਜਵਾਬ: ਲਗਭਗ ਸੌ ਡਾਲਰ
 ਸਵਾਲ: ਕੀ ਤੂੰ ਪਹਿਲਾਂ ਵੀ ਕਦੀ ਯੂ ਐਸ ਵਿਚ ਰਿਹਾ ਸੀ?
 ਜਵਾਬ: ਨਹੀਂ
 ਸਵਾਲ: ਕੀ ਤੇਰੇ ਕੋਈ ਰਿਸ਼ਤੇਦਾਰ ਜਾਂ ਦੋਸਤ ਏਥੇ ਹਨ?
 ਜਵਾਬ: ਨਹੀਂ
 ਸਵਾਲ: ਤੂੰ ਏਥੇ ਕੀ ਕਰਨ ਦੀ ਆਸ ਕਰਦਾ ਹੈਂ?
 ਜਵਾਬ: ਮੈਂ ਏਥੇ ਪੜ੍ਹਾਂਗਾ
 ਸਵਾਲ: ਏਥੇ ਤੂੰ ਪੜ੍ਹੇਂਗਾ ਕਿੱਥੇ?
 ਜਵਾਬ: ਬਰਕਲੇ ਦੀ ਯੂਨੀਵਰਸਿਟੀ ਵਿਚ
 ਸਵਾਲ: ਯੂ ਐਸ ਵਿਚ ਰਹਿੰਦਿਆਂ ਤੇਰੀ ਮਦਦ ਕਿਵੇਂ ਹੋਵੇਗੀ?
 ਜਵਾਬ: ਮੇਰੇ ਦਾਦੇ ਵੱਲੋਂ, ਉਹ ਮੈਨੂੰ ਪੈਸੇ ਭੇਜੇਗਾ।
 ਸਵਾਲ: ਉਹਦਾ ਕੰਮ ਕਾਰ ਕੀ ਹੈ?
 ਜਵਾਬ: ਉਹ ਕਿਸਾਨ ਹੈ। ਉਹਦੀ ਤਿੰਨ ਸੌ ਏਕੜ ਜ਼ਮੀਨ ਹੈ।
 ਸਵਾਲ: ਕੀ ਤੇਰੇ ਕੋਈ ਭਰਾ ਹਨ?
 ਜਵਾਬ: ਨਹੀਂ ਮੈਂ ਇਕਲੌਤੀ ਔਲਾਦ ਹਾਂ।
 ਸਵਾਲ: ਤੂੰ ਆਪਣੇ ਦਾਦੇ ਨਾਲ ਕਿੰਨਾ ਸਮਾਂ ਰਿਹਾ?
 ਜਵਾਬ: ਮੇਰੇ ਪਿਤਾ ਨੂੰ ਮਰਿਆਂ ਗਿਆਰਾਂ ਸਾਲ ਹੋ ਗਏ ਹਨ, ਮੇਰੀ ਮਾਤਾ ਤਕਰੀਬਨ ਚਾਰ ਕੁ ਸਾਲ ਪਹਿਲਾਂ ਮਰੀ ਸੀ।
 ਸਵਾਲ: ਤੂੰ ਅੰਗਰੇਜ਼ੀ ਬੋਲਣੀ ਕਿੱਥੋਂ ਸਿੱਖੀ?
 ਜਵਾਬ: ਲੁਧਿਆਣੇ ਜ਼ਿਲ੍ਹੇ ਦੇ ਮਿਸ਼ਨ ਹਾਈ ਸਕੂਲ ਵਿਚੋਂ।
 ਸਵਾਲ: ਓਥੇ ਤੂੰ ਕਿੰਨਾਂ ਚਿਰ ਸਕੂਲ ਜਾਂਦਾ ਰਿਹਾ?
 ਜਵਾਬ: ਲਗਭਗ ਚਾਰ ਸਾਲ ਅਤੇ ਪੰਜ ਸਾਲ ਮੈਂ ਆਪਣੇ ਪਿੰਡ ਵਾਲੇ ਸਕੂਲ ਵਿਚ ਸੀ।
 ਸਵਾਲ: ਕੀ ਪੜ੍ਹਾਈ ਵਾਸਤੇ ਏਥੇ ਤੂੰ ਹੋਰ ਕੁਝ ਕਰਨ ਦਾ ਇਰਾਦਾ ਰੱਖਦਾ ਹੈਂ?
 ਜਵਾਬ: ਨਹੀਂ, ਮੇਰਾ ਦਾਦਾ ਮੈਨੂੰ ਹਰ ਮਹੀਨੇ ਪੈਸੇ ਭੇਜੇਗਾ।
 ਸਵਾਲ: ਕਿੰਨੀ ਰਾਸ਼ੀ?
 ਜਵਾਬ: ਲਗਭਗ ਚਾਲੀ ਡਾਲਰ ਇਕ ਮਹੀਨੇ ਦੇ।
 ਸਵਾਲ: ਬਰਕਲੇ 'ਚ ਤੇਰਾ ਪਤਾ ਕੀ ਹੋਵੇਗਾ?
 ਜਵਾਬ: ਮੈਂ ਅਜੇ ਨਹੀਂ ਦੱਸ ਸਕਦਾ।
 ਸਵਾਲ: ਕੀ ਤੂੰ ਇਸ ਦੇਸ਼ ਵਿਚ ਕੰਮ ਕਰੇਂਗਾ?
 ਜਵਾਬ: ਨਹੀਂ।
 ਸਵਾਲ: ਤੂੰ ਯੂ ਐਸ ਏ ਵਿਚ ਕਿੰਨਾਂ ਸਮਾਂ ਰੁਕੇਂਗਾ?
 ਜਵਾਬ: ਤਕਰੀਬਰ ਪੰਜ ਸਾਲ।
 ਸਵਾਲ: ਯੂਨੀਵਰਸਿਟੀ ਵਿਚ ਕਿਹੜਾ ਵਿਸ਼ਾ ਲਵੇਂਗਾ?
 ਜਵਾਬ: ਇਲੈਕਟ੍ਰੀਕਲ ਇੰਜੀਨੀਅਰਿੰਗ।
 ਸਵਾਲ: ਇਕ ਮਹੀਨਾ ਰਹਿਣ ਲਈ ਚਾਲੀ ਡਾਲਰ ਬਹੁਤ ਛੋਟੀ ਰਕਮ ਹੈ, ਕੀ ਇਹ ਨਹੀਂ ਹੈ?
 ਜਵਾਬ: ਮੈਂ ਚਾਲੀ ਡਾਲਰ ਤੋਂ ਜ਼ਿਆਦਾ ਲੈ ਸਕਦਾ ਹਾਂ।
 ਸਵਾਲ: ਲੋੜ ਪੈਣ 'ਤੇ ਉਹ ਤੈਨੂੰ ਜ਼ਿਆਦਾ ਧਨ ਭੇਜ ਭੇਜ ਸਕਦਾ ਹੈ?
 ਜਵਾਬ: ਹਾਂ।
 ਸਵਾਲ: ਬੋਰਡ ਦੀ ਆਮ ਸਹਿਮਤੀ ਨਾਲ ਰਾਇ ਹੈ ਕਿ ਵਿਦੇਸ਼ੀ ਨੂੰ ਦਾਖ਼ਲਾ ਦਿੱਤਾ ਜਾਂਦਾ ਹੈ।
 ਸਟੈਨੋਗ੍ਰਾਫ਼ਰ: ਮੈਂ ਸਹੀ ਕਰਦਾ ਹਾਂ ਕਿ ਇਹ ਕੇਸ ਦੀ ਸਹੀ ਪ੍ਰਤੀਲਿਪੀ ਹੈ (ਦਸਤਖ਼ਤ-ਈ ਏ ਕੈਰੋਲ)
 
 ਏਨੀ ਸਖਤ ਪੁੱਛ-ਗਿੱਛ ਤੋਂ ਬਾਅਦ ਜਦੋਂ ਉਹਨੂੰ ਅਮਰੀਕਾ ਵਿਚ ਦਾਖ਼ਲ ਹੋਣ ਦੀ ਆਗਿਆ ਮਿਲ ਹੀ ਗਈ ਤਾਂ ਉਸਨੇ ਆਪਣੇ ਨਾਲ ਹੀ ਆਏ ਇਕ ਸਿਆਣੇ ਮੁਸਾਫ਼ਰ ਨੂੰ ਇਸਦਾ ਕਾਰਨ ਪੁੱਛਿਆ। ਉਸਨੇ ਦੱਸਿਆ ਕਿ ਇਸ ਸਖ਼ਤ ਪੁੱਛ-ਗਿੱਛ ਦਾ ਕਾਰਨ ਇਹ ਹੈ ਕਿ ਤੁਸੀਂ ਇਕ ਗੁਲਾਮ ਦੇਸ਼ ਦੇ ਸ਼ਹਿਰੀ ਹੋ। ਅਮਰੀਕਾ ਵੜਦਿਆਂ ਹੀ 'ਗੁਲਾਮ ਦੇਸ਼ ਦਾ ਸ਼ਹਿਰੀ' ਹੋਣ ਦੀ ਕੌੜੀ ਹਕੀਕਤ ਨੇ ਉਹਦੀ ਸੰਵੇਦਨਸ਼ੀਲਤਾ ਨੂੰ ਬੁਰੀ ਤਰ੍ਹਾਂ ਝੰਜੋੜ ਸੁੱਟਿਆ। ਉਹ ਦੇਸ਼ ਰਹਿੰਦਿਆਂ ਵੀ ਗ਼ੁਲਾਮੀ ਦੀ ਲਾਹਨਤ ਨੂੰ ਮਹਿਸੂਸ ਕਰਦਾ ਸੀ ਪਰ ਸਾਥੀ ਮੁਸਾਫ਼ਰ ਦੇ ਇਸ ਜਵਾਬ ਨੇ ਉਹਦੀ ਗੁਲਾਮ ਹੋਂਦ ਦਾ ਜਿੰਨੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ, ਅਜਿਹਾ ਨਮੋਸ਼ੀ ਭਰਿਆ ਡੂੰਘਾ ਅਹਿਸਾਸ ਉਹਨੂੰ ਅੱਜ ਤੱਕ ਨਹੀਂ ਸੀ ਹੋਇਆ।
ਅਮਰੀਕਾ ਵਿਚ ਪੁੱਜਣ 'ਤੇ ਉਸਨੇ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਵਿਦਿਆ ਹਾਸਲ ਕਰਨ ਲਈ ਦਾਖ਼ਲਾ ਲੈ ਲਿਆ। ਪਹਿਲਾਂ-ਪਹਿਲ ਉਹ ਇਕ ਅਮਰੀਕਨ ਸੁਆਣੀ ਦੇ ਘਰ ਵਿਚ ਕਿਰਾਏਦਾਰ ਬਣ ਕੇ ਠਹਿਰਿਆ। ਅਮਰੀਕਾ ਦੇ ਆਜ਼ਾਦੀ-ਦਿਹਾੜੇ ਨੂੰ ਮਨਾਉਣ ਲਈ ਉਸ ਬਜ਼ੁਰਗ ਸੁਆਣੀ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਲੜਨ ਤੇ ਸ਼ਹੀਦ ਹੋਣ ਵਾਲੇ ਦੇਸ਼-ਭਗਤਾਂ ਦੀਆਂ ਤਸਵੀਰਾਂ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ ਅਤੇ ਉਹਨਾਂ ਪ੍ਰਤੀ ਆਪਣੀ ਅਕੀਦਤ ਦਾ ਪ੍ਰਗਟਾਵਾ ਕਰ ਰਹੀ ਸੀ। ਜਦੋਂ ਕਰਤਾਰ ਸਿੰਘ ਨੇ ਉਸਨੂੰ ਤਸਵੀਰਾਂ ਪ੍ਰਤੀ ਸ਼ਰਧਾ ਭੇਟ ਕਰਦਿਆਂ ਵੇਖ ਕੇ ਇਸਦਾ ਕਾਰਨ ਪੁੱਛਿਆ ਤਾਂ ਉਸ ਸਵਾਣੀ ਨੇ ਬੜਾ ਹੁੱਬ ਕੇ ਦੱਸਿਆ ਕਿ ਅੱਜ ਦਾ ਦਿਨ ਉਸ ਲਈ ਤੇ ਸਾਰੇ ਅਮਰੀਕੀਆਂ ਲਈ ਬੜਾ ਮਾਣ ਭਰਿਆ ਹੈ ਕਿਉਂਕਿ ਇਸ ਦਿਨ ਉਹਨਾਂ ਦਾ ਦੇਸ਼ ਗੁਲਾਮੀ ਦੀ ਹਨੇਰੀ ਗੁਫ਼ਾ ਵਿਚੋਂ ਨਿਕਲ ਕੇ ਆਜ਼ਾਦੀ ਦੇ ਚਾਨਣ ਨਾਲ ਰੁਸ਼ਨਾਇਆ ਗਿਆ ਸੀ। ਕਰਤਾਰ ਸਿੰਘ ਨੇ ਇਹ ਸੁਣ ਕੇ ਹਾਉਕਾ ਲਿਆ, "ਸਾਨੂੰ ਇਹ ਸੁਭਾਗ ਦਿਨ ਵੇਖਣ ਤੇ ਮਾਨਣ ਦਾ ਮੌਕਾ ਪਤਾ ਨਹੀਂ ਕਦੋਂ ਨਸੀਬ ਹੋਵੇਗਾ!'
 ਆਪਣੇ 'ਨਸੀਬਾਂ' ਦੀ ਲੜਾਈ ਲੜਨ ਲਈ ਉਸਨੂੰ ਯੂਨੀਵਰਸਿਟੀ ਵਿਚ ਬੜਾ ਸਾਜ਼ਗਾਰ ਮਾਹੌਲ ਮਿਲ ਗਿਆ। ਏਥੇ ਦੋ ਹੋਸਟਲਾਂ ਵਿਚ ਤੀਹ ਕੁ ਭਾਰਤੀ ਵਿਦਿਆਰਥੀ ਰਹਿੰਦੇ ਸਨ। ਇਹਨਾਂ ਵਿਦਿਆਰਥੀਆਂ ਵਿਚੋਂ ਬਹੁ-ਗਿਣਤੀ ਪੰਜਾਬੀ ਤੇ ਬੰਗਾਲੀ ਵਿਦਿਆਰਥੀਆਂ ਦੀ ਸੀ। ਪੰਜਾਬੀ ਇਕ ਹੋਸਟਲ ਵਿਚ ਰਹਿੰਦੇ ਸਨ ਜਦ ਕਿ ਬੰਗਾਲੀ ਤੇ ਮਦਰਾਸੀ ਆਦਿ ਵਿਦਿਆਰਥੀ ਇਕ ਵੱਖਰੇ ਹੋਸਟਲ ਵਿਚ ਠਹਿਰੇ ਹੋਏ ਸਨ। ਪਰ ਮਿਲਣ-ਗਿਲਣ ਤੇ ਆਪਸੀ ਰਿਸ਼ਤੇ ਵਿਚ ਵਿਚ ਉਹਨਾਂ ਦਾ ਇਕ ਦੂਜੇ ਪ੍ਰਤੀ ਰਵੱਈਆ ਭਰਾਵਾਂ ਵਰਗਾ ਸੀ। ਉਹਨਾਂ ਦੀ ਨੇੜਤਾ ਨੂੰ ਗੁੜ੍ਹਾ ਕਰਨ ਪਿੱਛੇ ਇੱਕ ਭਾਰਤ ਵਾਸੀ ਵਜੋਂ ਆਪਣੀ ਹੋਂਦ ਤੇ ਹਸਤੀ ਦੀ ਪਛਾਣ ਬਾਰੇ ਸੁਚੇਤ ਤੇ ਚੇਤੰਨ ਹੋਣ ਦੀ ਭਾਵਨਾ ਕਾਰਜਸ਼ੀਲ ਸੀ। ਉਹਨਾਂ ਵਿਚ ਰਾਜਨੀਤਕ ਚੇਤਨਾ ਦੀ ਚੰਗਿਆੜੀ ਮਘ ਚੁੱਕੀ ਸੀ। ਇਸ ਚੰਗਿਆੜੀ ਨੂੰ ਮਘਾਉਣ ਵਿਚ ਲਾਲਾ ਹਰਦਿਆਲ, ਭਾਈ ਪਰਮਾਨੰਦ ਲਾਹੌਰ ਅਤੇ ਇਕ ਬੰਗਾਲੀ ਇਨਕਲਾਬੀ ਵਿਦਿਆਰਥੀ ਜਤਿੰਦਰ ਲਹਿਰੀ ਦਾ ਬਹੁਤ ਯੋਗਦਾਨ ਸੀ। ਲਾਲਾ ਹਰਦਿਆਲ ਤੇ ਭਾਈ ਪਰਮਾਨੰਦ ਦਾ ਵਿਦਿਆਰਥੀਆਂ ਨੂੰ ਏਕੇ ਦੀ ਲੜੀ ਵਿਚ ਪ੍ਰੋਣ ਵਿਚ ਵੱਡਾ ਯੋਗਦਾਨ ਸੀ; ਹਾਲਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਵਿਦਿਆਰਥੀਆਂ ਵਿਚ ਵਿਚਾਰਾਂ ਦਾ ਵਖਰੇਂਵਾ ਵੀ ਸੀ। ਕਰਤਾਰ ਸਿੰਘ ਸਰਾਭਾ ਤੇ ਦੂਜੇ ਪੰਜਾਬੀ ਵਿਦਿਆਰਥੀਆਂ ਦਾ ਖ਼ਿਆਲ ਸੀ ਕਿ ਦੇਸ਼ ਨੂੰ ਕੇਵਲ ਹਥਿਆਰਬੰਦ ਜੱਦੋ-ਜਹਿਦ ਰਾਹੀਂ ਹੀ ਆਜ਼ਾਦ ਕਰਵਾਇਆ ਜਾ ਸਕਦਾ ਹੈ। ਸਰਾਭਾ ਬਹੁਤ ਹੀ ਚੇਤੰਨ ਬੁੱਧ ਸੀ। ਇਸ ਕਰਕੇ ਛੇਤੀ ਹੀ ਉਹਦੀ ਗੱਲ ਵਿਦਿਆਰਥੀਆਂ ਵੱਲੋਂ ਤੇ ਦੂਜੇ ਆਗੂਆਂ ਵੱਲੋਂ ਸੁਣੀ ਜਾਣ ਲੱਗੀ। ਦੂਜੇ ਪਾਸੇ ਬਹੁਤੇ ਬੰਗਾਲੀ ਵਿਦਿਆਰਥੀ ਅਹਿੰਸਾ ਵਿਚ ਵਿਸ਼ਵਾਸ ਰੱਖਣ ਵਾਲੇ ਸਨ। ਉਹਨਾਂ ਦਾ ਖ਼ਿਆਲ ਸੀ ਕਿ ਉਹ ਬੜੀਆਂ ਤਕਲੀਫ਼ਾਂ ਝਾਗ ਕੇ ਏਥੇ ਪੜ੍ਹਨ ਆਏ ਹਨ, ਇਸ ਲਈ ਉਹਨਾਂ ਨੂੰ ਪੂਰੀ ਤਰ੍ਹਾਂ ਇਕਾਗਰ-ਚਿੱਤ ਹੋ ਕੇ ਪੜ੍ਹਾਈ ਕਰਨੀ ਚਾਹੀਦੀ ਹੈ ਤੇ ਦੇਸ਼ ਪਰਤ ਕੇ ਸਰਕਾਰੀ ਨੌਕਰੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ। ਪਰ ਨਾਲ ਹੀ ਉਹ ਇਹ ਵੀ ਕਹਿੰਦੇ ਸਨ ਕਿ ਜਿੱਥੋਂ ਤੱਕ ਸੰਭਵ ਹੋ ਸਕਦਾ ਹੋਵੇ, ਉਹਨਾਂ ਨੂੰ ਭਾਰਤ ਦੀ ਆਜ਼ਾਦੀ ਲਈ ਵੀ ਕੁਝ ਕਰਨਾ ਚਾਹੀਦਾ ਹੈ।
 ਇਨਕਲਾਬੀ ਵਿਚਾਰਾਂ ਦੇ ਵਿਦਿਆਰਥੀ, ਜਿਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਛੇਤੀ ਹੀ ਆਗੂ ਹੈਸੀਅਤ ਅਖ਼ਤਿਆਰ ਕਰ ਗਿਆ ਸੀ, ਫ਼ਰਾਂਸ, ਚੀਨ, ਰੂਸ ਤੇ ਇਟਲੀ ਵਿਚ ਹੋਏ ਜਾਂ ਹੋਰ ਰਹੇ ਇਨਕਲਾਬੀ ਯਤਨਾਂ ਬਾਰੇ ਪੜ੍ਹਦੇ ਤੇ ਵਿਚਾਰ-ਵਟਾਂਦਰਾ ਕਰਦੇ। ਸਰਾਭਾ ਜਾਣਦਾ ਸੀ ਕਿ ਬਿਨਾ ਇਨਕਲਾਬੀ ਗਿਆਨ ਤੋਂ, ਕੇਵਲ ਵਕਤੀ ਤੌਰ 'ਤੇ ਉਠੇ ਜਜ਼ਬਾਤੀ ਉਬਾਲ ਨਾਲ ਹੀ, ਦੇਸ਼ ਲਈ ਲੜਨਾ ਤੇ ਆਜ਼ਾਦ ਕਰਾ ਸਕਣਾ ਸਹਿਲ ਕਾਰਜ ਨਹੀਂ। ਉਸਨੇ ਮਹਾਨ ਇਨਕਲਾਬੀਆਂ_ਮੈਜ਼ਿਨੀ, ਰੂਸੋ, ਸਨਯੁਤ ਸੈਨ, ਪਰਿੰਸ ਕਰੌਪਟਕਿਨ, ਗੁਰੂ ਗੋਬਿੰਦ ਸਿੰਘ ਤੇ ਸਾਵਰਕਰ ਦੀਆਂ ਜੀਵਨੀਆਂ ਤੇ ਲਿਖਤਾ ਵੀ ਪੜ੍ਹੀਆਂ।
 ਲਾਲਾ ਹਰਦਿਆਲ ਨੇ ਹੋਸਟਲ ਦੇ ਵਿਦਿਆਰਥੀਆਂ ਨੂੰ ਇਕੱਠੇ ਕਰ ਉਹਨਾਂ ਦੇ ਮਤਭੇਦ ਦੂਰ ਕਰਾਉਣ ਲਈ ਇਕ ਮੀਟਿੰਗ ਕਰਨ ਦੀ ਸਲਾਹ ਦਿੱਤੀ। ਦਸੰਬਰ 1912 ਦੇ ਆਖ਼ਰੀ ਹਫ਼ਤੇ ਦੀ ਗੱਲ ਹੈ। ਲਾਲਾ ਹਰਦਿਆਲ ਹੋਸਟਲ ਵਿਚ ਆਏ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਗਰੇਜ਼ੀ ਸਾਮਰਾਜ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੈ, ਇਸ ਲਈ ਸਾਨੂੰ ਆਪਣੇ ਜ਼ਿੰਮੇ ਲੱਗਾ ਇਤਿਹਾਸਕ ਫ਼ਰਜ਼ ਅਦਾ ਕਰਦਿਆਂ ਬਰਤਾਨਵੀ ਹਕੂਮਤ ਦੀਆਂ ਜੜ੍ਹਾਂ ਨੂੰ ਭਾਰਤ ਵਿਚੋਂ ਪੁੱਟ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਇਸਤੋਂ ਵਧ ਕੇ ਨਾ ਕੋਈ ਪੜ੍ਹਾਈ ਹੋ ਸਕਦੀ ਹੈ ਤੇ ਨਾ ਕੋਈ ਜ਼ਿੰਦਗੀ ਦੀ ਹੋਰ ਪ੍ਰਾਪਤੀ ਹੋ ਸਕਦੀ ਹੈ। ਦੱਖਣ ਭਾਰਤ ਦੇ ਇਕ ਵਿਦਿਆਰਥੀ ਤੇ ਪਿੱਛੋਂ ਗ਼ਦਰ ਪਾਰਟੀ ਦੇ ਕਾਰਕੁਨ ਬਣੇ ਡੀ ਚੈਂਚਈਆ ਉਸ ਮੀਟਿੰਗ ਵਿਚ ਹਾਜ਼ਰ ਸਨ। ਉਹ ਲਿਖਦੇ ਹਨ ਕਿ ਲਾਲਾ ਹਰਦਿਆਲ ਨੇ ਆਪਣੇ ਪ੍ਰਭਾਵਸ਼ਾਲੀ ਤੇ ਭਾਵਪੂਰਤ ਭਾਸ਼ਨ ਦਾ ਤੋੜਾ ਝਾੜਦਿਆਂ ਅੰਤ ਵਿਚ ਕਿਹਾ, "ਆਪਣੇ ਆਪ ਨੂੰ ਮਹਾਨ ਦੇਸ਼-ਭਗਤ ਤੇ ਨਿਡਰ ਲੜਾਕੂ ਵਾਂਗ ਤਿਆਰ ਕਰੋ। ਤੁਹਾਡੇ ਰਸਤੇ ਵਿਚ ਮੁਸ਼ਕਿਲਾਂ ਆਉਣਗੀਆਂ । ਤੁਸੀਂ ਆਪਣੇ ਇਸ ਕ੍ਰਾਂਤੀਕਾਰੀ ਕਾਰਜ ਲਈ ਮਰ ਵੀ ਸਕਦੇ ਹੋ। ਡਾਕਟਰ, ਕਲੈਕਟਰ, ਇੰਜੀਨੀਅਰ ਜਾਂ ਬੈਰਿਸਟਰ ਤਾਂ ਕੋਈ ਵੀ ਬਣ ਸਕਦਾ ਹੈ, ਪ੍ਰੰਤੂ ਅੱਜ ਭਾਰਤ ਨੂੰ ਆਜ਼ਾਦੀ ਲਈ ਬਹਾਦਰ ਯੋਧਿਆਂ ਦੀ ਲੋੜ ਹੈ। ਬਰਤਾਨਵੀ ਹਕੂਮਤ ਦੇ ਗੁਲਾਮ ਬਣੇ ਰਹਿਣ ਨਾਲੋਂ ਤਾਂ ਆਜ਼ਾਦੀ ਖ਼ਾਤਰ ਆਈ ਮੌਤ ਸੌ ਦਰਜੇ ਚੰਗੀ ਹੈ।"
 ਲੈਕਚਰ ਤੋਂ ਬਾਅਦ ਬੰਗਾਲੀ ਵਿਦਿਆਰਥੀ ਜੇ ਐਨ ਲਹਿਰੀ ਨੇ ਲਾਲਾ ਜੀ ਨਾਲ ਸਵਾਲ-ਜਵਾਬ ਵੀ ਕੀਤੇ ਜੋ ਇਸ ਗੱਲ ਦਾ ਸਬੂਤ ਸੀ ਕਿ ਵਿਦਿਆਰਥੀ ਅੰਨ੍ਹੇ-ਵਾਹ ਕਿਸੇ ਦੇ ਮਗਰ ਲੱਗਣ ਨਾਲੋਂ ਵਿਚਾਰਾਂ ਨੂੰ ਰਿੜਕ ਕੇ ਕਿਸੇ ਨਿਰਣੈ 'ਤੇ ਅੱਪੜਦੇ ਸਨ। ਵਿਚਾਰਾਂ ਦੇ ਮੰਥਨ ਵਿਚੋਂ ਕਰਤਾਰ ਸਿੰਘ ਸਰਾਭਾ ਦਾ ਇਹ ਪੱਕਾ ਮੱਤ ਬਣ ਗਿਆ ਕਿ ਦੇਸ਼ ਨੂੰ ਹਥਿਆਰਬੰਦ ਇਨਕਲਾਬ ਰਾਹੀਂ ਆਜ਼ਾਦ ਕਰਾਉਣ ਤੋਂ ਇਲਾਵਾ ਹੋਰ ਕੋਈ ਢੁਕਵਾਂ ਰਾਹ ਨਹੀਂ। ਉਸਨੂੰ ਵੀ ਹੋਰਨਾਂ ਹਿੰਦੀਆਂ ਵਾਂਗ ਗੁਲਾਮੀ ਦਾ ਅਹਿਸਾਸ ਬੜੀ ਸ਼ਿੱਦਤ ਨਾਲ ਸਤਾਉਣ ਲੱਗਾ। ਗੁਲਾਮ ਦੇਸ਼ ਦੇ ਸ਼ਹਿਰੀ ਹੋਣ ਦੀ ਹੈਸੀਅਤ ਵਿਚ ਜੋ ਜ਼ਲਾਲਤ ਸਾਰੇ ਭਾਰਤਵਾਸੀਆਂ ਨੂੰ ਓਥੇ ਸਹਿਣੀ ਪੈ ਰਹੀ ਸੀ, ਉਸ ਜ਼ਲਾਲਤ ਦਾ ਸਾਹਮਣਾ ਹਰ ਰੋਜ਼ ਸਰਾਭੇ ਨੂੰ ਵੀ ਕਰਨਾ ਪੈਂਦਾ ਸੀ। ਉਹਨੂੰ ਬੜੀ ਸ਼ਿਦਤ ਨਾਲ ਮਹਿਸੂਸ ਹੋ ਰਿਹਾ ਸੀ ਕਿ 'ਕਾਲੇ ਕੁਲੀ', 'ਗੁਲਾਮ ਭੇਡਾਂ', 'ਭਾਰਤੀ ਕੁੱਤੇ', 'ਨਖਿੱਧ ਹਿੰਦੂ' ਤੇ 'ਡੈਮ-ਫੂਲ' ਜਿਹੇ ਸੰਬੋਧਨੀ ਲਕਬ ਸੁਣਨ ਤੇ ਸਹਿਣ ਨਾਲੋਂ ਜਾਂ ਤਾਂ ਕਿਸੇ ਵੀ ਕਿਸੇ ਵੀ ਸੂਰਤ ਵਿਚ ਦੇਸ਼ ਨੂੰ ਆਜ਼ਾਦ ਕਰਾ ਕੇ ਆਪਣੀ ਗੌਰਵਮਈ ਇਨਸਾਨੀ ਹੋਂਦ ਨੂੰ ਬਰਕਰਾਰ ਰੱਖਿਆ ਜਾਵੇ ਤੇ ਜਾਂ ਆਜ਼ਾਦੀ ਪ੍ਰਾਪਤ ਕਰਨ ਲਈ ਵਿੱਢੇ ਸੰਘਰਸ਼ ਵਿਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ ਜਾਵੇ। ਉਸਦੀ ਇਸ ਮਾਨਸਿਕਤਾ ਦਾ ਪ੍ਰਗਟਾਵਾ ਭਾਈ ਪਰਮਾਨੰਦ ਨੇ ਆਪਣੀ ਆਪ-ਬੀਤੀ ਵਿਚ ਕੁਝ ਇਸ ਪ੍ਰਕਾਰ ਕੀਤਾ ਹੈ। ਉਹ ਲਿਖਦੇ ਹਨ ਕਿ 'ਮੈਂ ਕਰਤਾਰ ਸਿੰਘ ਸਰਾਭੇ ਨੂੰ ਪੁੱਛਿਆ ਕਿ ਉਸਨੇ ਦੇਸ਼ ਆ ਕੇ ਕੀ ਖੱਟਿਆ? ਅਮਰੀਕਾ ਵਿਚ ਉਹ ਆਰਾਮ ਅਤੇ ਖ਼ੁਸ਼ੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਪਰ ਹੁਣ ਜੇਲ੍ਹ ਵਿਚ ਸੜ ਰਿਹਾ ਸੀ। ਸ੍ਰੀ ਕਰਤਾਰ ਸਿੰਘ ਸਰਾਭਾ ਨੇ ਇਕਦਮ ਜਵਾਬ ਦਿੱਤਾ ਕਿ ਅਮਰੀਕਾ ਵਿਚ ਵੀ ਉਸ ਲਈ ਜ਼ਿੰਦਗੀ ਬੋਝਲ ਸੀ ਅਤੇ ਜਦੋਂ ਅਮਰੀਕਨ ਕੁਬਚਨ ਬੋਲਿਆ ਕਰਦੇ ਸਨ ਤਾਂ ਉਸਦਾ ਦਿਲ ਸੜ ਜਾਂਦਾ ਸੀ। ਮੈਂ ਅਸਲ ਵਿਚ ਮਰ ਜਾਣਾ ਚਾਹੁੰਦਾ ਸਾਂ ਤੇ ਏਥੇ ਮਰਨ ਆਇਆ ਹਾਂ।"
 ਸਰਾਭੇ ਦੇ ਇਹ ਵਿਚਾਰ ਉਸ ਵੇਲੇ ਦੇ ਸਾਰੇ ਅਮਰੀਕਨ ਭਾਰਤਵਾਸੀਆਂ ਦੀ ਮਾਨਸਿਕ ਸਥਿਤੀ ਨੂੰ ਪ੍ਰਗਟਾਉਂਦੇ ਹਨ। ਅਮਰੀਕਾ ਵਿਚ ਗੁਲਾਮ ਦੀ ਹੀਣੀ ਤੇ ਨਮੋਸ਼ੀ ਵਾਲੀ ਹਾਲਤ ਦਾ ਸਾਹਮਣਾ ਕਰਤਾਰ ਸਿੰਘ ਸਰਾਭੇ ਵਾਂਗ ਸਾਰੇ ਭਾਰਤੀ ਕਰ ਰਹੇ ਸਨ। ਇਸ ਮਾਨਸਿਕ ਸਥਿਤੀ 'ਚੋਂ ਬਾਹਰ ਨਿਕਲਣ ਲਈ ਜ਼ਰੂਰੀ ਸੀ ਕਿ ਇਕਮੁਠ ਹੋ ਕੇ ਦੇਸ਼ ਆਜ਼ਾਦ ਕਰਾਇਆ ਜਾਵੇ। ਵੱਖ ਵੱਖ ਥਾਵਾਂ 'ਤੇ ਰਹਿੰਦੇ ਭਾਰਤੀ ਗੋਰੇ ਨਸਲਵਾਦੀ ਮਜ਼ਦੂਰਾਂ ਦਾ ਮੁਕਾਬਲਾ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਇਕੱਠ ਵਿਚੋਂ ਪੈਦਾ ਹੋਈ ਸਾਂਝੀ ਸੋਚ ਨੇ ਉਹਨਾਂ ਨੂੰ ਜਾਤ ਤੇ ਮਜ਼੍ਹਬ ਦੀ ਵਲਗਣ ਉਲੰਘ ਕੇ ਭਾਰਤੀ ਦੀ ਪਛਾਣ ਦਿੱਤੀ। ਏਸੇ ਪਛਾਣ ਵਿਚੋਂ ਉਹਨਾਂ ਨੇ ਗੁਲਾਮੀ ਤੋਂ ਮੁਕਤ ਹੋਣ ਲਈ ਸਿਰ ਜੋੜ ਕੇ ਸੋਚਣਾ-ਵਿਚਾਰਨਾ ਸ਼ੁਰੂ ਕਰ ਦਿੱਤਾ। ਵੱਖ ਵੱਖ ਸ਼ਹਿਰਾਂ ਵਿਚ ਜਥੇਬੰਦੀਆਂ ਬਣਨ ਲੱਗੀਆਂ। ਕਰਤਾਰ ਸਿੰਘ ਸਰਾਭਾ ਇਹਨਾਂ ਰਾਜਨੀਤਕ ਸਰਗਰਮੀਆਂ ਨਾਲ ਨੇੜੇ ਤੋਂ ਜੁੜਿਆ ਹੋਇਆ ਸੀ। ਜਦੋਂ 21 ਅਪ੍ਰੈਲ 1913 ਨੂੰ ਵੱਖ ਵੱਖ ਥਾਵਾਂ ਦੀਆਂ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਅਸਟੋਰੀਆ ਵਿਚ ਇਕੱਠੇ ਹੋ ਕੇ 'ਹਿੰਦੀ ਐਸੋਸੀਏਸ਼ਨ ਆਫ਼ ਪੈਸੇਫ਼ਿਕ ਕੋਸਟ' ਨਾਂ ਦੀ ਜਤੇਬੰਦੀ ਬਣਾਈ ਤਾਂ ਉਸ ਵੇਲੇ ਕਰਤਾਰ ਸਿੰਘ ਸਰਾਭਾ ਵੀ ਅੁਸ ਮੀਟਿੰਗ ਵਿਚ ਹਾਜ਼ਰ ਸੀ। ਉਹ ਆਪਣੇ ਹੀ ਪਿੰਡ ਦੇ ਉਮਰੋਂ ਵੱਡੇ ਸਾਥੀ ਭਾਈ ਰੁਲੀਆ ਸਿੰਘ ਕੋਲ ਆਇਆ ਹੋਇਆ ਸੀ ਤਾਕਿ ਖੇਤਾਂ ਵਿਚ ਕੰਮ ਕਰਕੇ ਕੁਝ ਪੈਸੇ ਕਮਾ ਲਵੇ। ਜਦੋਂ ਪਾਰਟੀ ਬਣਨ ਦਾ ਐਲਾਨ ਹੋਇਆ ਤਾਂ ਕਰਤਾਰ ਸਿੰਘ ਨੇ ਆਪਣੇ ਆਪ ਨੂੰ ਦੇਸ਼ ਅਤੇ ਪਾਰਟੀ ਲਈ ਸਮਰਪਤ ਕਰ ਦੇਣ ਦਾ ਅਜ਼ਮ ਲੈ ਲਿਆ। ਉਸਨੇ ਪੱਕੇ ਤੌਰ 'ਤੇ ਆਪਣਾ ਨਾਤਾ ਗ਼ਦਰ ਪਾਰਟੀ ਨਾਲ ਜੋੜ ਲਿਆ। ਮੌਤ ਤੋਂ ਭੈੜਾ ਗੁਲਾਮੀ ਦਾ ਜੀਵਨ ਜਿਊਣ ਨਾਲੋਂ ਉਸਨੇ ਗੁਲਾਮੀ ਤੋਂ ਮੁਕਤੀ ਪਾਉਣ ਲਈ ਸੰਘਰਸ਼ ਕਰਕੇ, ਮੌਕਾ ਆਉਣ 'ਤੇ ਮੌਤ ਨੂੰ ਵੀ ਵਰਨ ਤੇ ਚਿਰ-ਕਾਲ ਤੱਕ ਜਿਊਣ ਦਾ ਨਿਰਣਾ ਕਰ ਲਿਆ।
 ਅੰਗਰੇਜ਼ ਸਾਮਰਾਜ ਦੇ ਮੱਥੇ ਵਿਚ ਡੰਗ ਮਾਰਨ ਦੀ ਤਿੱਖੀ ਤਾਂਘ ਨੇ ਹੀ ਉਸਨੂੰ ਹਵਾਈ ਜਹਾਜ਼ ਉਡਾਉਣ ਦੀ ਸਿੱਖਿਆ ਲੈਣ ਲਈ ਵੀ ਉਤਸ਼ਾਹਤ ਕੀਤਾ। ਉਸ ਅੰਦਰ ਅਜਿਹੀ ਸਮਰੱਥਾ ਨੂੰ ਮਹਿਸੂਸ ਕਰਦਿਆਂ ਹੀ ਉਹਦੇ ਸੀਨੀਅਰ ਸਾਥੀਆਂ ਨੇ ਉਸਨੂੰ 'ਫੌਜੀ ਸਿਖਲਾਈ ਲੈਣ ਤੇ ਹਵਾਈ ਜਹਾਜ਼ ਚਲਾਉਣ ਦੀ ਟਰੇਨਿੰਗ ਲੈਣ ਲਈ ਚੁਣਿਆਂ ਸੀ। ਬਾਬਾ ਭਕਨਾ ਦੀ ਲਿਖਤ ਇਸ ਵੱਲ ਕੁਝ ਇਸ ਪ੍ਰਕਾਰ ਸੰਕੇਤ ਕਰਦੀ ਹੈ, 'ਲਾਲਾ ਹਰਦਿਆਲ ਦੇ ਚਲੇ ਜਾਣ ਤੋਂ ਪਿਛੋਂ ਮੈਂ ਬਹੁਤਾ ਵਕਤ ਆਸ਼ਰਮ ਨੂੰ ਹੀ ਦੇਣ ਲੱਗ ਪਿਆ। ਕਮਿਸ਼ਨ ਨੇ ਅਮਲੀ ਤਿਆਰੀ ਵੱਲ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਵਿਚ ਹਵਾਈ ਤਾਕਤ ਦੀ ਮਹਾਨਤਾ ਨੂੰ ਮਹਿਸੂਸ ਕੀਤਾ। ਨਾਲ ਹੀ ਫੌਜੀ ਸਿਖਲਾਈ ਦਾ ਪ੍ਰੋਗਰਾਮ ਬਣਾਇਆ। ਦੋ ਜਰਨੈਲ, ਕਰਤਾਰ ਸਿੰਘ ਸਰਾਭਾ ਤੇ ਮਾਸਟਰ ਊਧਮ ਸਿੰਘ ਕਸੇਲ ਚੁਣੇ ਗਏ। ਕਰਤਾਰ ਸਿੰਘ ਨੂੰ ਹਵਾਈ ਜਹਾਜ਼ ਉਡਾਉਣ ਦੀ ਸਿਖਲਾਈ ਲਈ ਇਕ ਜਰਮਨ ਕੰਪਨੀ ਕੋਲ ਸਾਨਫ੍ਰਾਂਸਿਸਕੋ ਦੇ ਜਰਮਨ ਕੌਂਸਲਰ ਰਾਹੀਂ ਭੇਜਿਆ।'
 ਸਰਾਭੇ ਵੱਲੋਂ ਜਹਾਜ਼ ਉਡਾਉਣ ਤੇ ਉਸਨੂੰ ਮੁਰੰਮਤ ਕਰਨ ਦੀ ਸਿਖਲਾਈ ਪ੍ਰਾਪਤ ਕਰਨਾ ਇਸ ਗੱਲ ਦਾ ਸੂਚਕ ਹੈ ਕਿ ਉਹ ਵਕਤ ਆਉਣ ਅਤੇ ਲੋੜ ਪੈਣ 'ਤੇ ਗ਼ਦਰ ਕਰਨ ਦੀ ਮੁਹਿੰਮ ਵਿਚ ਆਪਣੀ ਇਸ ਯੋਗਤਾ ਦਾ ਲਾਭ ਉਠਾ ਸਕਦਾ ਸੀ। ਨਾਲ ਹੀ ਇਹ ਤੱਥ ਉਸਦੀ ਤਕਨੀਕੀ ਤੇ ਵਿਗਿਆਨਕ ਸੋਝੀ ਵੱਲ ਵੀ ਸੰਕੇਤ ਕਰਦਾ ਹੈ। ਮੇਰੀ ਜਾਣਕਾਰੀ ਤੇ ਅਨੁਮਾਨ ਅਨੁਸਾਰ ਤਾਂ ਉਹ ਪਹਿਲਾ ਭਾਰਤੀ ਹੈ ਜਿਸਨੇ ਸਭ ਤੋਂ ਪਹਿਲਾਂ ਹਵਾਈ ਜਹਾਜ਼ ਉਡਾਉਣਾ ਸਿੱਖਿਆ ਹੋਊ।
'ਹਿੰਦੀ ਐਸੋਸੀਏਸ਼ਨ', ਜੋ ਪਿੱਛੋਂ ਜਾ ਕੇ 'ਗ਼ਦਰ' ਅਖ਼ਬਾਰ ਦੀ ਲੋਕ-ਪ੍ਰਿਅਤਾ ਕਰਕੇ 'ਗ਼ਦਰ ਪਾਰਟੀ' ਦੇ ਨਾਂ ਨਾਲ ਜਾਣੀ ਜਾਣ ਲੱਗੀ ਸੀ, ਨੇ ਪਹਿਲੇ ਦਿਨ ਹੀ ਕੀਤੇ ਫ਼ੈਸਲਿਆਂ ਵਿਚ ਇਕ ਫ਼ੈਸਲਾ ਇਹ ਕੀਤਾ ਕਿ ਪਾਰਟੀ ਦਾ ਹੈਡਕਵਾਟਰ ਸਾਨਫ਼ਰਾਂਸਿਸਕੋ ਵਿਚ ਕਾਇਮ ਕਰ ਕੇ 'ਗ਼ਦਰ' ਅਖ਼ਬਾਰ ਕੱਢਣ ਦੀ ਸ਼ੁਰੂਆਤ ਕਰ ਦਿੱਤੀ ਜਾਵੇ। ਪਰ ਜਦੋਂ ਕਈ ਮਹੀਨੇ ਅਖ਼ਬਾਰ ਨਾ ਨਿਕਲਿਆ ਤਾਂ ਲਾਲਾ ਹਰਦਿਆਲ ਵੱਲੋਂ ਵੱਟੀ ਚੁੱਪ ਦਾ ਕਾਰਨ ਪੁੱਛਣ ਲਈ ਪਾਰਟੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਪੁੱਛਿਆ ਤਾਂ ਲਾਲਾ ਹਰਦਿਆਲ ਨੇ ਆਪਣੀ ਬੀਮਾਰੀ ਦਾ ਬਹਾਨਾ ਲਾ ਕੇ ਅਖ਼ਬਾਰ ਕੱਢਣ ਤੋਂ ਅਸਮਰੱਥਾ ਪ੍ਰਗਟਾਈ ਤੇ ਇਹ ਸੁਝਾਅ ਵੀ ਦਿੱਤਾ ਕਿ ਉਹਨਾਂ ਦੀ ਥਾਂ ਇਹ ਕੰਮ ਕਰਨ ਲਈ ਸਰਦਾਰ ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਨੂੰ ਅਮਰੀਕਾ ਬੁਲਾ ਲਿਆ ਜਾਵੇ। ਲਾਲਾ ਜੀ ਨੂੰ ਸਰਾਭਾ ਨੇੜੇ ਤੋਂ ਜਾਣਦਾ ਸੀ, ਇਸ ਲਈ ਉਹ ਲਾਲਾ ਜੀ ਕੋਲ ਗਿਆ ਤੇ ਅਖ਼ਬਾਰ ਕੱਢਣ ਦੀ ਜ਼ਰੂਰੀ ਲੋੜ ਪੂਰੀ ਕਰਨ ਲਈ ਲਾਲਾ ਜੀ ਨੂੰ ਪ੍ਰੇਰਿਤ ਕੀਤਾ। ਨਿਸਚੈ ਹੀ 'ਗ਼ਦਰ' ਅਖ਼ਬਾਰ ਦੀ ਪ੍ਰਕਾਸ਼ਨਾ ਸ਼ੁਰੂ ਕਰਨ ਵਿਚ ਵਿਚ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਦਾ ਮੁੱਖ ਯੋਗਦਾਨ ਸੀ। ਇਸ ਤੱਥ ਦੀ ਪੁਸ਼ਟੀ ਕਰਦਿਆਂ ਸਚਿੰਦਰ ਨਾਥ ਸਾਨਿਆਲ ਕਹਿੰਦਾ ਹੈ ਕਿ ਸਰਾਭਾ ਅਤੇ ਉਹਦੇ ਇਕ ਦੋ ਸਾਥੀ ਹੀ ਸਭ ਤੋਂ ਪਹਿਲਾਂ ਜਾ ਕੇ ਲਾਲਾ ਹਰਦਿਆਲ ਕੋਲ 'ਅਜਿਹਾ ਪੱਤਰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਹਾਜ਼ਰ ਹੋਏ। ਹਰਦਿਆਲ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿਚ ਸਨ। ਉਨ੍ਹਾਂ ਖ਼ੁਸ਼ੀ ਖ਼ੁਸ਼ੀ ਇਸ ਕੰਮ ਨੂੰ ਹੱਥ ਵਿਚ ਲੈ ਲਿਆ। ਇਸਤਰ੍ਹਾਂ 'ਗ਼ਦਰ' ਨਾਮ ਦੇ ਅਖ਼ਬਾਰ ਦਾ ਪ੍ਰਕਾਸ਼ਨ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਏਸੇ ਨੇ ਗ਼ਦਰ ਪਾਰਟੀ ਦਾ ਸੰਗਠਨ ਕਰ ਦਿੱਤਾ।'
 ਇਹ ਹਵਾਲਾ ਦੱਸਦਾ ਹੈ ਕਿ ਸ਼ਾਇਦ ਪਾਰਟੀ ਬਣਨ ਤੋਂ ਵੀ ਪਹਿਲਾਂ ਸਰਾਭੇ ਤੇ ਉਹਦੇ ਸਾਥੀਆਂ ਨੇ ਅਖ਼ਬਾਰ ਕੱਢਣ ਦੇ ਮਹੱਤਵ ਨੂੰ ਪਛਾਣ ਲਿਆ ਸੀ। ਪਰ ਜਦੋਂ ਜ਼ਿੰਮੇਵਾਰੀ ਲੈ ਕੇ ਵੀ ਲਾਲਾ ਜੀ ਅਖ਼ਬਾਰ ਕੱਢਣੋਂ ਟਾਲਾ ਵੱਟਣ ਲੱਗੇ ਤਾਂ ਇਹ ਵੀ ਕਰਤਾਰ ਸਿੰਘ ਸਰਾਭਾ ਹੀ ਸੀ ਜਿਸਨੇ ਲਾਲਾ ਜੀ ਨੂੰ ਅਖ਼ਬਾਰ ਦਾ ਕੰਮ ਕਿਸੇ ਹੋਰ ਦੇ ਮੋਢਿਆਂ 'ਤੇ ਸੁੱਟਣ ਦੀ ਥਾਂ ਆਪ ਇਸ ਕਾਰਜ ਲਈ ਤਿਆਰ ਹੋਣ ਦਾ ਵਾਸਤਾ ਪਾਇਆ ਅਤੇ ਇਹ ਵੀ ਕਿਹਾ ਕਿ ਲਾਲਾ ਜੀ ਜਿਸ ਦਿਨ ਵੀ ਅਖ਼ਬਾਰ ਦਾ ਕੰਮ ਸ਼ੁਰੂ ਕਰਨਗੇ, ਉਹ ਯੂਨੀਵਰਸਿਟੀ ਦਾ ਹੋਸਟਲ ਛੱਡ ਕੇ ਉਹਨਾਂ ਨਾਲ ਹੈਡਕਵਾਟਰ 'ਤੇ ਆ ਕੇ ਅਖ਼ਬਾਰ ਛਾਪਣ ਲਈ ਪਹਿਲਾ ਸਹਾਇਕ ਬਣ ਕੇ, ਪਾਰਟੀ ਲਈ ਸਰਗਰਮ ਸੇਵਾ ਨਿਭਾਉਣ ਲਈ ਹਾਜ਼ਰ ਹੋ ਜਾਵੇਗਾ। ਪਾਰਟੀ ਦੀ ਵੀ ਇਹੋ ਮਨਸ਼ਾ ਅਤੇ ਜ਼ੋਰ ਸੀ ਕਿ ਅਖ਼ਬਾਰ ਕੱਢਣ ਦੀ ਜ਼ਿੰਮੇਵਾਰੀ ਲਾਲਾ ਜੀ ਨੂੰ ਹੀ ਓਟਣੀ ਚਾਹੀਦੀ ਹੈ। ਆਖ਼ਰਕਾਰ ਲਾਲਾ ਜੀ ਨੇ ਅਖ਼ਬਾਰ ਕੱਢਣ ਦੀ ਡਿਊਟੀ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਹੀ ਲਿਆ।
 'ਗ਼ਦਰ ਪਾਰਟੀ ਲਹਿਰ' ਦੇ ਕਰਤਾ ਜਗਜੀਤ ਸਿੰਘ ਹੁਰਾਂ ਦਾ ਹਵਾਲਾ ਇਸ ਪਰਸੰਗ 'ਤੇ ਹੋਰ ਰੌਸ਼ਨੀ ਪਾਉਂਦਾ ਹੈ, ਜਿਸ ਵਿਚ ਉਹ ਕਰਤਾਰ ਸਿੰਘ ਦੀ ਅਥਾਹ ਜੋਸ਼ ਨਾਲ ਕੰਮ ਕਰਨ ਦੀ ਤਾਕਤ ਤੇ ਅਖ਼ਬਾਰ ਸ਼ੁਰੂ ਕਰਵਾਉਣ ਵਿਚ ਉਹਦੀ ਭੂਮਿਕਾ ਦਾ ਵੇਰਵਾ ਇਸ ਪ੍ਰਕਾਰ ਦਿੰਦੇ ਹਨ:
 'ਸਰਾਭਾ, ਇਨਸਾਨੀ ਜਾਮੇ ਵਿਚ ਇਕ ਬਿਜਲੀ ਦੇ ਇੰਜਣ (੍ਹੁਮਅਨ ਧੇਨਅਮੋ) ਦੀ ਤਰ੍ਹਾਂ ਸਨ, ਜੋ ਆਪਣੇ ਬੇਹਿਸਾਬੇ ਜੋਸ਼ ਅਤੇ ਉਤਸ਼ਾਹ ਨਾਲ ਹਰ ਉਸ ਆਦਮੀ ਨੂੰ ਉਤਸ਼ਾਹ ਦੀ ਰੌਂਅ ਨਾਲ ਚਾਰਜ ਕਰਦੇ ਸਨ ਜਿਸਦਾ ਉਹਨਾਂ ਨਾਲ ਵਾਹ ਪੈਂਦਾ। ਜੇ ਸ੍ਰੀ ਸੋਹਨ ਸਿੰਘ ਭਕਨਾ ਦੀ ਗੱਲ ਸਹੀ ਮੰਨ ਲਈ ਜਾਏ ਕਿ ਲਾਲਾ ਹਰਦਿਆਲ ਅਖ਼ਬਾਰ ਦੀ ਜ਼ਿੰਮੇਵਾਰੀ ਨਿਭਾਉਣੋਂ ਢਿੱਲੇ ਪੈ ਗਏ ਸਨ ਤਾਂ ਇਹ ਵੱਡੀ ਗੱਲ ਨਹੀਂ ਕਿ ਪ੍ਰਬੰਧਕ ਕਮੇਟੀ ਦੇ ਜ਼ੋਰ ਪਾਉਣ ਅਤੇ 'ਸਰਾਭਾ' ਜੀ ਦੇ ਉਤਸ਼ਾਹ ਨੇ ਲਾਲਾ ਹਰਦਿਆਲ ਨੂੰ ਅਖ਼ਬਾਰ ਦੀ ਜ਼ਿੰਮੇਵਾਰੀ ਨਿਭਾਉਣ ਪੈਰਾਂ ਉਤੇ ਫਿਰ ਖੜਾ ਕੀਤਾ ਹੋਵੇ। ਸ੍ਰੀ ਹਰਨਾਮ ਸਿੰਘ ਟੁੰਡੀਲਾਟ, ਜੋ ਪਿੱਛੋਂ ਗ਼ਦਰ ਅਖ਼ਬਾਰ ਵਿਚ ਕੰਮ ਕਰਦੇ ਰਹੇ, ਦੱਸਦੇ ਹਨ ਕਿ ਸ੍ਰੀ ਕਰਤਾਰ ਸਿੰਘ ਸਰਾਭਾ ਨੇ ਦੋ ਸੌ ਡਾਲਰ ਜੋ ਵਿਦਿਆ ਦੇ ਖ਼ਰਚਾਂ ਲਈ ਉਨ੍ਹਾਂ ਨੂੰ ਦੇਸੋਂ ਆਇਆ ਸੀ, ਲਾਲਾ ਹਰਦਿਆਲ ਦੇ ਹਵਾਲੇ ਕੀਤਾ, ਅਤੇ ਅਖ਼ਬਾਰ ਛਾਇਆ ਕਰਨ ਦਾ ਪ੍ਰਬੰਧ ਕਰਨ ਵਿਚ ਇਕਦਮ ਜੁੱਟ ਪਏ। ਪਹਿਲੇ ਕੇਸ ਦੇ ਫ਼ੈਸਲੇ ਵਿਚ ਵੀ ਇਹ ਦਰਜ ਹੈ ਕਿ ਸ੍ਰੀ ਕਰਤਾਰ ਸਿੰਘ ਸਰਾਭਾ ਦਾ 'ਗ਼ਦਰ' ਦਾ ਪਹਿਲਾ ਪਰਚਾ ਕੱਢਣ ਵਿਚ ਹੱਥ ਸੀ।'
 ਸਚਿੰਦਰ ਨਾਥ ਸਾਨਿਆਲ, ਬਾਬਾ ਸੋਹਨ ਸਿੰਘ ਭਕਨਾ ਦੇ ਕਥਨਾਂ ਤੇ ਸਾਜਿਸ਼ ਕੇਸ ਦੇ ਫ਼ੈਸਲੇ ਵਿਚ 'ਗ਼ਦਰ' ਅਖ਼ਬਾਰ ਕੱਢਣ ਲਈ ਕਰਤਾਰ ਸਿੰਘ ਸਰਾਭਾ ਦੀ ਪਹਿਲਕਦਮੀ ਤੇ ਪ੍ਰੇਰਨਾ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ। ਇਸ ਵਿਚ ਵੀ ਸ਼ੱਕ ਨਹੀਂ ਕਿ ਅਖ਼ਬਾਰ ਕੱਢਣ ਲਈ ਪਹਿਲੇ ਸਹਾਇਕ ਵਜੋਂ ਕਰਤਾਰ ਸਿੰਘ ਸਰਾਭਾ ਹੀ ਯੁਗਾਂਤਰ ਆਸ਼ਰਮ ਵਿਚ ਪੁੱਜਾ।
 ਛੋਟੀ ਉਮਰ ਵਿਚ ਹੀ ਉਹ ਆਪਣੇ ਅੰਦਰ ਬਹੁਪੱਖੀ ਵੱਡੀਆਂ ਸੰਭਾਵਨਾਵਾਂ ਲੁਕਾਈ ਬੈਠਾ ਸੀ ਜਿਨ੍ਹਾਂ ਦਾ ਪ੍ਰਗਟਾਵਾ ਸਮੇਂ ਸਮੇਂ ਲੋੜ ਪੈਣ ਤੇ ਕਰਦਾ ਰਿਹਾ। ਗ਼ਦਰ ਪਾਰਟੀ ਦੇ ਇਤਿਹਾਸ ਬਾਰੇ ਮੁਢਲੀ ਜਿਹੀ ਜਾਣਕਾਰੀ ਰੱਖਣ ਵਾਲੇ ਪਾਠਕ ਵੀ ਇਹ ਜਾਣਦੇ ਹਨ ਕਿ ਗ਼ਦਰ ਲਹਿਰ ਦੀ ਉਸਾਰੀ ਵਿਚ 'ਗ਼ਦਰ' ਅਖ਼ਬਾਰ ਦਾ ਬੜਾ ਭਾਰੀ ਰੋਲ ਸੀ। ਇਸ ਅਖ਼ਬਾਰ ਰਾਹੀਂ ਹੀ ਗ਼ਦਰ ਦਾ ਸੁਨੇਹਾ ਦੇਸ਼-ਵਿਦੇਸ਼ ਵਿਚ ਵੱਸਦੇ ਭਾਰਤੀਆਂ ਤੱਕ ਪਹੁੰਚਾ ਕੇ ਉਹਨਾਂ ਦੀ ਸੁੱਤੀ ਆਤਮਾ ਨੂੰ ਜਗਾਇਆ ਗਿਆ। ਇਸ ਅਖ਼ਬਾਰ ਨੇ ਹੀ ਉਹਨਾਂ ਅੰਦਰ ਆਜ਼ਾਦੀ ਦੇ ਮਹੱਤਵ ਅਤੇ ਦੇਸ਼ ਲਈ ਕੁਰਬਾਨ ਹੋ ਜਾਣ ਦੇ ਪ੍ਰਚੰਡ ਜਜ਼ਬੇ ਨੂੰ ਉੁਭਾਰਿਆ। ਫ਼ਲਸਰੂਪ ਉਹ ਨੀਦਰੇ ਝਾਗ ਕੇ ਤੇ ਕਰੜੀ ਮਿਹਨਤ ਨਾਲ ਬਣਾਈਆਂ ਆਪਣੀਆਂ ਜਾਇਦਾਦਾਂ ਤਿਆਗ ਕੇ ਗ਼ਦਰ ਕਰਨ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਤਾਂਘ ਲੈ ਕੇ, ਦੇਸ਼ ਵੱਲ ਧਾਈਆਂ ਕਰ ਕੇ ਆਣ ਪਹੁੰਚੇ। ਛੋਟੀ ਉਮਰ ਪਰ ਤੀਖ਼ਣ ਬੁੱਧੀ ਵਾਲੇ ਸਰਾਭੇ ਨੇ ਹੀ ਸਭ ਤੋਂ ਪਹਿਲਾਂ ਪ੍ਰੈਸ ਅਤੇ ਅਖ਼ਬਾਰ ਦੀ ਪ੍ਰਕਾਸ਼ਨਾ ਦੇ ਮਹੱਤਵ ਨੂੰ ਪਛਾਣਿਆਂ। ਉਹ ਜਾਣਦਾ ਸੀ ਕਿ ਅਖ਼ਬਾਰ ਉਹਨਾਂ ਦਾ ਸੁਨੇਹਾ ਦੂਰ ਦੁਰਾਡੇ ਵੱਸਦੇ ਭਾਰਤੀਆਂ ਤੱਕ ਅਪੜਾ ਸਕਦਾ ਹੈ ਅਤੇ ਦੇਸ਼ ਪਹੁੰਚ ਕੇ ਗ਼ਦਰ ਕਰਨ ਦੀ ਉਹਨਾਂ ਦੀ ਮੁਹਿੰਮ ਨੂੰ ਹੁਲਾਰਾ ਦੇਣ ਵਿਚ ਵੱਡਾ ਰੋਲ ਅਦਾ ਕਰ ਸਕਦਾ ਹੈ।
 ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦ
part-2
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਨ 'ਤੇ ਵਿਸ਼ੇਸ਼(24 ਮਈ 1896 ਤੋਂ 16 ਨਵੰਬਰ 1915) 
 ਗ਼ਦਰ ਲਹਿਰ ਦਾ ਚੌਮੁਖੀਆ ਚਿਰਾਗ਼
 ਕਰਤਾਰ ਸਿੰਘ ਸਰਾਭਾ

 ਵਰਿਆਮ ਸਿੰਘ ਸੰਧੂ

ਸੱਚੀ ਗੱਲ ਤਾਂ ਇਹ ਹੈ ਕਿ ਸਰਾਭਾ ਲਿਖਤੀ ਸ਼ਬਦ ਦੇ ਮਹੱਤਵ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ। ਇਸੇ ਲਈ ਭਾਰਤ ਪਹੁੰਚ ਕੇ ਵੀ ਪ੍ਰੈਸ ਲਾਕੇ ਇਨਕਲਾਬੀ ਸਾਹਿਤ ਛਾਪਣ ਦੀ ਯੋਜਨਾ ਉਹਦੇ ਏਜੰਡੇ ਉੱਤੇ ਸੀ ਪਰ ਸਮੇਂ ਤੋਂ ਪਹਿਲਾਂ ਜੰਗ ਲੱਗ ਜਾਣ ਕਰਕੇ ਗ਼ਦਰ ਕਰਨ ਦੀ ਕਾਹਲ ਪੈ ਗਈ ਤੇ ਦਿਨ-ਰਾਤ ਦੇ ਅਣਥੱਕ ਰੁਝੇਵਿਆਂ ਕਰਕੇ ਉਹ ਪ੍ਰੈਸ ਲਾਉਣ ਅਤੇ ਪਰਚਾ ਛਾਪਣ ਦਾ ਸੁਪਨਾ ਪੂਰਾ ਨਾ ਕਰ ਸਕਿਆ। ਭਾਰਤ ਆਣ ਕੇ ਯੁਗਾਂਤਰ ਆਸ਼ਰਮ ਵਰਗਾ ਅਦਾਰਾ ਕਾਇਮ ਕਰਨ ਤੇ ਅਖ਼ਬਾਰ ਸ਼ੁਰੂ ਕਰਨ ਦੇ ਉਹਦੇ ਯਤਨਾਂ ਦਾ ਖ਼ਾਕਾ ਬਲਵੰਤ (ਸ਼ਹੀਦ ਭਗਤ ਸਿੰਘ) ਨੇ ਕੁਝ ਇਸ ਪ੍ਰਕਾਰ ਖਿੱਚਿਆ ਹੈ, 'ਉਸਨੇ ਦੋ ਬੜੇ ਜ਼ਬਰਦਸਤ ਬਿਆਨ ਅਦਾਲਤ ਵਿਚ ਦਿਤੇ ਸਨ। ਉਹਨਾਂ ਵਿਚ ਉਸਨੇ ਸਭ ਕੁਛ ਬੜੀ ਬਹਾਦਰੀ ਅਤੇ ਦਲੇਰੀ ਨਾਲ ਮੰਨਿਆ ਸੀ। ਕਰਤਾਰ ਸਿੰਘ ਸੂਰਬੀਰ ਸੀ। ਤੇ ਉਹ ਕਾਇਰਾਂ ਦੀ ਮੌਤ ਮਰਨਾ ਨਹੀਂ ਜਾਣਦਾ ਸੀ। ਉਹ ਦਸਦਾ ਹੈ: ''ਮੈਂ ਹਿੰਦੁਸਤਾਨ ਵਿਚ ਇਸ ਕੰਮ 'ਤੇ ਲਾਇਆ ਗਿਆ ਸਾਂ ਕਿ ਮੈਂ ਇਕ ਆਸ਼ਰਮ ਦੀ ਬੁਨਿਆਦ ਰਖਾਂ, ਜਿਸਦਾ ਮੰਤਵ ਯੁਗਾਂਤਰ ਆਸ਼ਰਮ ਵਾਲਾ ਹੀ ਹੋਵੇ ਅਤੇ ਜੇ ਲੋੜ ਪਵੇ ਤਾਂ ਸਾਹਿਤ ਵੰਡ ਕੇ ਪ੍ਰਚਾਰ ਕੀਤਾ ਜਾਵੇ। ਮੈਂ ਕਪੂਰਥਲੇ ਗਿਆ ਸੀ ਅਤੇ ਮੇਰੇ ਨਾਲ ਪਿੰਗਲੇ, ਅਮਰ ਸਿੰਘ ਅਤੇ ਪਰਮਾਨੰਦ (ਦੂਜਾ) ਵੀ ਸਨ। ਓਥੇ ਰਾਮ ਸਰਨ ਦਾਸ ਨਾਲ ਗੱਲਬਾਤ ਹੋਈ ਸੀ ਅਤੇ ਉਸਨੂੰ ਆਖਿਆ ਗਿਆ ਸੀ ਕਿ ਉਹ ਅਖ਼ਬਾਰ ਦੀ ਸਕੀਮ ਵਿਚ ਹਿੱਸਾ ਲਵੇ ਅਤੇ ਕੁਛ ਸਹਾਇਤਾ ਕਰੇ। ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਮੈਂ, ਪਿੰਗਲੇ ਅਤੇ ਪਰਮਾਨੰਦ (ਦੂਜਾ) ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿਚ ਵੀ ਗਏ ਸਾਂ। ਓਥੇ ਸਾਡੇ ਜਾਣ ਦਾ ਭਾਵ ਇਹ ਸੀ ਕਿ ਅਖ਼ਬਾਰ ਕੱਢਣ ਤੇ ਵਿਚਾਰ ਕੀਤੀ ਜਾਵੇ। ਜਨਵਰੀ ਵਿਚ ਮੈਂ ਰਾਸ ਬਿਹਾਰੀ ਬੋਸ ਨੂੰ ਵੀ ਮਿਲਿਆ ਸੀ ਅਤੇ ਮੇਰਾ ਪਿੰਗਲੇ ਨੇ ਉਸ ਨਾਲ ਮੇਲ ਮਿਲਾਪ ਕਰਾਇਆ ਸੀ। ਉਸ ਨਾਲ ਮਿਲਣ ਦਾ ਕਾਰਨ ਇਹ ਸੀ ਕਿ ਅਸੀਂ ਇਕ ਅਖ਼ਬਾਰ ਬੰਗਾਲੀ ਬੋਲੀ ਵਿਚ ਵੀ ਕੱਢਣਾ ਚਾਹੁੰਦੇ ਸਾਂ।'
 ਖ਼ੁਦ ਕਰਤਾਰ ਸਿੰਘ ਸਰਾਭੇ ਨੇ ਆਪਣੇ ਬਿਆਨ ਵਿਚ ਭਾਰਤ ਵਿਚ ਯੁਗਾਂਤਰ ਆਸ਼ਰਮ ਬਨਾਉਣ ਤੇ ਅਖ਼ਬਾਰ ਕੱਢਣ ਦੇ ਮਨਸ਼ੇ ਦਾ ਇਜ਼ਹਾਰ ਕੀਤਾ ਸੀ, 'ਮੈਂ ਪਿਛਲੇ ਸਤੰਬਰ ਵਿਚ ਵਾਪਸ ਆਇਆ ਸਾਂ ਕਿ ਇਸ ਮੁਲਕ ਵਿਚ ਵੀ ਅਮਰੀਕਾ ਜਿਹਾ ਯੁਗਾਂਤਰ ਆਸ਼ਰਮ ਕਾਇਮ ਕਰਾਂਗਾ। ਇਸ ਆਸ਼ਰਮ ਤੋਂ ਇਕ ਖੁਫ਼ੀਆ ਅਖ਼ਬਾਰ ਜਾਰੀ ਕੀਤਾ ਜਾਵੇ।'
 ਇਹ ਵੱਖਰੀ ਗੱਲ ਹੈ ਕਿ ਉਸਦਾ ਅਖ਼ਬਾਰ ਕੱਢਣ ਦਾ ਸੁਪਨਾ ਪੂਰਾ ਨਾ ਹੋ ਸਕਿਆ ਪਰ ਗ਼ਦਰੀ ਸੂਰਬੀਰਾਂ ਤੋਂ ਪਰੇਰਨਾ ਲੈਣ ਵਾਲੇ ਬੱਬਰ ਅਕਾਲੀਆਂ ਤੇ ਸਾਂਝੀਵਾਲ ਪਾਰਟੀ ਵਾਲੇ ਭਾਈ ਸੰਤੋਖ ਸਿੰਘ ਕਿਰਤੀ ਹੁਰਾਂ ਨੇ ਆਪਣੀ ਪ੍ਰੈਸ, ਆਪਣੇ ਪਰਚੇ ਤੇ ਪੰਜਾਬੀ ਭਾਸ਼ਾ ਦੇ ਮਹਤੱਵ ਨੂੰ ਸਵੀਕਾਰਿਆ ਵੀ ਤੇ ਇਹਨਾਂ ਨੂੰ ਇਨਕਲਾਬੀ ਵਿਚਾਰਾਂ ਦੇ ਪ੍ਰਚਾਰ ਪਰਸਾਰ ਦਾ ਵਾਹਨ ਵੀ ਬਣਾਇਆ।
 ਗ਼ਦਰ ਪਾਰਟੀ ਦਾ ਗਲੇ ਮਿਲਦੀਆਂ ਦੋ ਤਲਵਾਰਾਂ ਵਾਲਾ ਤਿੰਨ-ਰੰਗਾ ਝੰਡਾ ਵੀ ਕਰਤਾਰ ਸਿੰਘ ਸਰਾਭੇ ਦਾ ਹੀ ਡਿਜ਼ਾਈਨ ਕੀਤਾ ਹੋਇਆ ਸੀ। ਇਸਦੀ ਪੁਸ਼ਟੀ ਸਰਾਭੇ ਦੇ ਖ਼ਿਲਾਫ਼ ਮੁਕੱਦਮੇ ਵਿਚ ਭੁਗਤਣ ਵਾਲੇ ਸਰਕਾਰੀ ਵਕੀਲ ਮਿ ਪਿੱਟਮੈਨ ਨੇ ਵੀ ਕੀਤੀ ਹੈ। ਇਹ ਤੱਥ ਇਸ ਹਕੀਕਤ ਦੀ ਨਿਸ਼ਾਨਦੇਹੀ ਕਰਦਾ ਹੈ ਕਿ ਸਰਾਭਾ ਰੰਗਾਂ ਦੀ ਪਛਾਣ ਤੇ ਢੁਕਵੀਂ ਵਰਤੋਂ ਕਰਨ ਵਾਲਾ ਚਿਤਰਕਾਰ ਜਾਂ ਕਲਾਕਾਰ ਹੀ ਨਹੀਂ ਸੀ ਸਗੋਂ ਡੂੰਘੀ ਇਤਿਹਾਸਕ ਤੇ ਰਾਜਨੀਤਕ ਸਮਝ ਤੇ ਉੱਚੀ ਕਲਪਨਾ ਉਡਾਰੀ ਵਾਲਾ ਦੂਰਦਰਸ਼ੀ ਪ੍ਰਤਿਭਾਵਾਨ ਇਨਕਲਾਬੀ ਸੀ। ਵੱਖ ਵੱਖ ਲਿਖਤਾਂ ਵਿਚ ਖਿੰਡਰੇ ਹੋਏ ਇਤਿਹਾਸਕ ਹਵਾਲਿਆਂ ਵਿਚੋਂ ਉਹਦੀ ਬਹੁਮੁਖੀ ਪ੍ਰਤਿਭਾ ਦੇ ਸਾਨੂੰ ਅਨੇਕ ਝਲਕਾਰੇ ਮਿਲਦੇ ਹਨ।
 ਉਸਦੀ ਯੋਗਤਾ ਦਾ ਇਕ ਹੋਰ ਪਸਾਰ ਸੀ ਲੇਖਕ, ਪੱਤਰਕਾਰ ਤੇ ਸ਼ਾਇਰ ਵਜੋਂ ਆਪਣੀ ਪ੍ਰਤਿਭਾ ਨੂੰ ਗ਼ਦਰ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਵਰਤਣਾ। ਪੜ੍ਹਿਆ ਲਿਖਿਆ ਪ੍ਰਤਿਭਾਵਾਨ ਨੌਜਵਾਨ ਹੋਣ ਕਰਕੇ ਅਤੇ ਸਭ ਤੋਂ ਪਹਿਲਾਂ 'ਗ਼ਦਰ' ਅਖ਼ਬਾਰ ਨੂੰ ਪ੍ਰਕਾਸ਼ਤ ਕਰਨ ਦਾ ਪ੍ਰਸਤਾਵ ਲੈ ਕੇ ਲਾਲਾ ਹਰਦਿਆਲ ਕੋਲ ਜਾਣ ਕਾਰਨ ਹੀ ਸ਼ਾਇਦ ਲਾਲਾ ਹਰਦਿਆਲ ਅਤੇ ਉਹਦੇ ਸਾਥੀਆਂ ਨੇ ਅਖ਼ਬਾਰ ਚਲਾਉਣ ਲਈ ਮੁਢਲੇ ਸਹਾਇਕ ਵਜੋਂ ਸਰਾਭੇ ਦੀ ਡਿਊਟੀ ਲਾਈ ਸੀ। ਬਾਅਦ ਵਿਚ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਵੀ ਨਾਲ ਜੋੜ ਲਿਆ ਗਿਆ। ਯੂਪੀ ਦੇ ਨੌਜਵਾਨ ਸਾਥੀ ਰਘਵੀਰ ਦਿਆਲ ਨਾਲ ਮਿਲ ਕੇ ਮਸ਼ੀਨ ਚਲਾਉਣ ਤੇ ਅਖ਼ਬਾਰ ਛਾਪਣ ਵਿਚ ਕਰੜੀ ਮਿਹਨਤ ਕਰਨ ਤੋਂ ਇਲਾਵਾ ਅਖ਼ਬਾਰ ਵਿਚ ਛਪਣ ਲਈ ਆਈਆਂ ਬਹੁਤੀਆਂ ਲਿਖਤਾਂ ਦਾ ਉਰਦੂ ਤੋਂ ਪੰਜਾਬੀ ਵਿਚ ਉਲਥਾ ਜਾਂ ਉਤਾਰਾ ਵੀ ਸਰਾਭਾ ਹੀ ਕਰਦਾ ਸੀ। ਬਹੁਤੀ ਵਾਰ ਅਖ਼ਬਾਰ ਲਈ ਲੇਖ ਵੀ ਆਪ ਲਿਖਦਾ। ਬਲਵੰਤ ਦੇ ਨਾਂ 'ਤੇ ਛਪੇ ਲੇਖ ਵਿਚ (ਇਸ ਨਾਂ 'ਤੇ ਸ਼ਹੀਦ ਭਗਤ ਸਿੰਘ ਲਿਖਦਾ ਹੁੰਦਾ ਸੀ) ਸਰਾਭੇ ਨੂੰ 'ਗ਼ਦਰ' ਅਖ਼ਬਾਰ ਦਾ 'ਵੱਡਾ ਲਿਖਾਰੀ' ਕਿਹਾ ਗਿਆ ਹੈ, 'ਪਹਿਲਾਂ ਪਹਿਲਾਂ ਇਹ ਅਖ਼ਬਾਰ ਗੁਰਮੁਖੀ ਵਿਚ ਛਪਦਾ ਸੀ। ਇਸ ਦਾ ਵੱਡਾ ਲਿਖਾਰੀ ਸਾਡਾ ਬੀਰ ਕਰਤਾਰ ਸਿੰਘ ਹੀ ਸੀ।'
 ਜਦੋਂ ਅਜੇ ਰਘਵੀਰ ਦਿਆਲ ਤੇ ਬਾਬਾ ਟੁੰਡੀਲਾਟ ਉਹਦੀ ਸਹਾਇਤਾ ਲਈ ਨਹੀਂ ਸਨ ਪੁੱਜੇ ਅਤੇ ਉਹ ਤੇ ਲਾਲਾ ਹਰਦਿਆਲ ਹੀ ਯੁਗਾਂਤਰ ਆਸ਼ਰਮ ਵਿਚ ਰਹਿੰਦੇ ਸਨ ਤਾਂ ਜ਼ਾਹਿਰ ਹੈ ਸਰਾਭਾ ਇਕੱਲਾ ਹੀ ਮਸ਼ੀਨ ਚਲਾਉਣ, ਅਖ਼ਬਾਰ ਲਈ ਲਿਖਣ ਜਾਂ ਅਖ਼ਬਾਰ ਛਾਪਣ ਦਾ ਉਪਰਾਲਾ ਕਰਦਾ ਸੀ। ਜਿਸ ਦਿਨ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਪ੍ਰਕਾਸ਼ਤ ਹੋਣਾ ਸੀ ਉਸਤੋਂ ਪਹਿਲੀ ਰਾਤ ਬਾਬਾ ਕਰਮ ਸਿੰਘ ਚੀਮਾ ਤੇ ਉਹਦਾ ਇਕ ਸਾਥੀ 'ਯੁਗਾਂਤਰ ਆਸ਼ਰਮ' ਵਿਚ ਠਹਿਰੇ ਸਨ। ਬਾਬਾ ਚੀਮਾ ਲਿਖਦੇ ਹਨ, 'ਜਦ ਅਸੀਂ ਸਵੇਰੇ ਉਠੇ ਤਾਂ ਕਰਤਾਰ ਸਿੰਘ ਤੇ ਲਾਲਾ ਹਰਦਿਆਲ ਉਸ ਛੋਟੀ ਜਿਹੀ ਹੱਥ ਨਾਲ ਫੇਰਨ ਵਾਲੀ ਮਸ਼ੀਨ ਨੂੰ ਤਿਆਰ ਕਰ ਰਹੇ ਸੀ ਜਿਸ ਨਾਲ ਅਖ਼ਬਾਰ ਛਾਪਣਾ ਸੀ। ਉਸ ਦਿਨ ਉਹਨਾਂ 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਕਢਣਾ ਸੀ। ਅਸੀਂ ਬੇਨਤੀ ਕੀਤੀ ਕਿ ਜੇ ਤੁਸੀਂ ਕਹੋ ਤਾਂ ਅਸੀਂ ਮਸ਼ੀਨ ਫੇਰਦੇ ਹਾਂ, ਸਾਨੂੰ ਆਗਿਆ ਦੇਵੋ ਤਾਂ ਹਰਦਿਆਲ ਨੇ ਕਿਹਾ ਭਈ ਇਹ ਸਾਡਾ ਹੀ ਕੰਮ ਹੈ।'
 ਨੌਜਵਾਨ ਹੋਣ ਕਰਕੇ ਤੇ ਕੰਮ ਕਰਨ ਦੇ ਚਾਅ ਨਾਲ ਲਬਾਲਬ ਭਰਪੂਰ ਹੋਣ ਕਰਕੇ ਅਸਲ ਵਿਚ ਇਹ ਕੰਮ ਕਰਤਾਰ ਸਿੰਘ ਸਰਾਭਾ ਹੀ ਕਰਦਾ ਸੀ। ਇਸਦੀ ਪੁਸ਼ਟੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਇਸਤਰ੍ਹਾਂ ਕਰਦੇ ਹਨ, 'ਔਰ ਉਸ ਵਕਤ ਪਰ ਦਫ਼ਤਰ ਔਰ ਪ੍ਰੈਸ ਮੇਂ ਤੀਨੋ ਆਦਮੀ ਕਰਤਾਰ ਸਿੰਘ, ਰਘਵੀਰ ਦਿਆਲ ਗੁਪਤਾ ਦੋਨੋ 18 ਸਾਲ ਕੀ ਉਮਰ ਕੇ (ਸਕੂਲੀ ਲੜਕੇ) ਔਰ ਤੀਸਰੇ ਲਾਲਾ ਜੀ। ਇਨ ਤੀਨੋ ਨੇ ਹੀ ਮਿਹਨਤ ਮੁਸ਼ਕਤ ਕਾ ਕਾਮ ਕਭੀ ਨਹੀਂ ਕੀਆ ਹੂਆ ਥਾ। ਹਾਂ ਕਰਤਾਰ ਸਿੰਘ ਪੰਜਾਬੀ ਜੱਟ ਸਪੁੱਤਰ ਜੋ 19ਵੀਂ ਸਦੀ ਕੇ ਕੁਝ ਸਾਲ ਬਾਕੀ ਰਹਿਤੇ ਪੈਦਾ ਹੂਆ ਹੋਨੇ ਕੀ ਵਜਾਹ ਸੇ ਕੁਝ ਨਾ ਕੁਝ ਮੁਸ਼ਕਤ ਕਾ ਕਾਮ ਕਰ ਸਕਤਾ ਥਾ।'
 ਬਲਵੰਤ ਉਰਫ਼ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਦੇ ਅਖ਼ਬਾਰ ਛਾਪਣ ਲਈ ਕੀਤੇ ਜਾਣ ਵਾਲੇ ਮਹੱਤਵ ਪੂਰਨ ਯਤਨਾਂ ਨੂੰ ਬਿਆਨ ਕਰਦਿਆਂ ਲਿਖਦਾ ਹੈ, 'ਇਹ ਅਖ਼ਬਾਰ ਹਜ਼ਾਰਾਂ ਦੀ ਗਿਣਤੀ ਵਿਚ ਛਪਦੇ ਸਨ ਅਤੇ ਹਰ ਇਕ ਨੂੰ ਮੁਫ਼ਤ ਹੀ ਘਲੇ ਜਾਂਦੇ ਸਨ। ਕਦੇ ਕਿਸੇ ਕੋਲੋਂ ਚੰਦਾ ਨਹੀਂ ਮੰਗਿਆ ਜਾਂਦਾ ਸੀ। ਇਸ ਸਾਰੇ ਹੀ ਕੰਮ ਕਾਜ ਵਿਚ ਬਹੁਤ ਸਾਰਾ ਪੁਰਸ਼ਾਰਥ ਭਾਈ ਕਰਤਾਰ ਸਿੰਘ ਜੀ ਦਾ ਸੀ। ਉਹ ਬੜੇ ਹੀ ਪ੍ਰੇਮ ਨਾਲ ਅਤੇ ਦਿਲੀ ਲਗਨ ਨਾਲ ਕੰਮ ਕਰਦਾ ਸੀ ਅਤੇ ਉਸਦਾ ਚੇਹਰਾ ਹਰ ਵੇਲੇ ਹਸੂੰ ਹਸੂੰ ਹੀ ਕਰਦਾ ਰਹਿੰਦਾ ਸੀ। ਇਹ ਉਸਦੇ ਯਤਨਾਂ ਦਾ ਹੀ ਫਲ ਸੀ ਕਿ ਜਿਥੇ ਕਿਥੇ ਵੀ ਕੋਈ ਹਿੰਦ ਵਾਸੀ ਸੀ, ਓਥੇ ਹੀ ਉਸਨੂੰ ਪਰਚਾ ਪਹੁੰਚਾਇਆ ਜਾਂਦਾ ਸੀ।'
 ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ, ' 'ਗ਼ਦਰ' ਅਖ਼ਬਾਰ ਦਾ ਪਹਿਲਾ ਪਰਚਾ ਨਿਕਲਿਆ ਤਾਂ ਹਰਦਿਆਲ ਦੇ ਉਰਦੂ ਵਿਚ ਲਿਖੇ ਮਜ਼ਮੂਨਾਂ ਦਾ ਤਰਜਮਾ ਕਰਤਾਰ ਸਿੰਘ ਹੀ ਕਰਦਾ ਸੀ। ਛਾਪੇ ਦੀ ਹੈਂਡ ਮਸ਼ੀਨ ਉਹ ਆਪਣੇ ਹੱਥੀਂ ਚਲਾਉਂਦਾ ਸੀ। ਸ਼ੁਰੂ ਸ਼ੁਰੂ ਵਿਚ ਯੁਗਾਂਤਰ ਆਸ਼ਰਮ ਦਾ ਸਾਰਾ ਕੰਮ ਕਰਤਾਰ ਸਿੰਘ ਦੇ ਸਿਰ 'ਤੇ ਹੀ ਰਿਹਾ। ਕਈ ਹਫ਼ਤੇ ਮਗਰੋਂ ਦੂਜੇ ਸਾਥੀ ਸਹਾਇਤਾ ਲਈ ਭੇਜੇ ਗਏ। ਉਸਨੂੰ ਦਿਨ ਰਾਤ ਆਰਾਮ ਦੀ ਕਦੀ ਨਾ ਸੁੱਝੀ।'
 ਅਖ਼ਬਾਰ ਛਾਪਣ ਵਿਚ ਸਰੀਰਕ ਮਿਹਨਤ ਕਰਨ ਤੋਂ ਇਲਾਵਾ ਸਰਾਭਾ 'ਗ਼ਦਰ' ਦੇ ਪਹਿਲੇ ਅੰਕ ਤੋਂ ਹੀ ਉਸ ਵਿਚ ਲੇਖ ਜਾਂ ਕਵਿਤਾਵਾਂ ਦੀ ਸ਼ਕਲ ਵਿਚ ਕੁਝ ਨਾ ਕੁਝ ਲਿਖਦਾ ਰਹਿੰਦਾ ਸੀ। 'ਗ਼ਦਰ-ਗੂੰਜਾਂ' ਦੀਆਂ ਬਹੁਤ ਸਾਰੀਆਂ ਜ਼ਿਕਰ-ਯੋਗ ਤੇ ਉਸਦੇ ਨਾਂ ਨਾਲ ਜੋੜ ਕੇ ਬਾਰ ਬਾਰ ਦੁਹਰਾਈਆਂ ਜਾਣ ਵਾਲੀਆਂ ਕਵਿਤਾਵਾਂ ਦਾ ਜ਼ਿਕਰ ਅਸੀਂ ਅਕਸਰ ਪੜ੍ਹਦੇ ਸੁਣਦੇ ਹਾਂ। ਉਹਨਾਂ ਦੇਸ਼ ਭਗਤਾਂ ਵਿਚ ਵਿਅਕਤੀਗਤ ਪ੍ਰਦਰਸ਼ਨ ਦੀ ਰੁਚੀ ਨਾ ਹੋਣ ਕਰਕੇ ਤੇ ਕੁਝ ਸੁਰੱਖਿਆ ਕਾਰਨਾਂ ਦੇ ਰੂਬਰੂ ਵੀ ਲਿਖਤਾਂ ਜਾ ਕਵਿਤਾਵਾਂ ਉੱਤੇ ਲੇਖਕ ਜਾਂ ਕਵੀ ਦਾ ਅਸਲੀ ਨਾਂ ਨਹੀਂ ਸੀ ਛਪਦਾ। ਇਸ ਕਰਕੇ ਇਹ ਅਨੁਮਾਨ ਲਾਉਣਾ ਹੁਣ ਬੜਾ ਮੁਸ਼ਕਲ ਹੈ ਕਿ 'ਗ਼ਦਰ' ਅਖ਼ਬਾਰ ਵਿਚ ਛਪਦੇ ਲੇਖਾਂ ਜਾਂ ਕਵਿਤਾਵਾਂ ਵਿਚੋਂ ਸਰਾਭੇ ਦੁਆਰਾ ਕਿਨ੍ਹਾਂ ਕਿਰਤਾਂ ਦੀ ਸਿਰਜਣਾ ਕੀਤੀ ਗਈ। ਤਦ ਵੀ ਕੁਝ ਲਿਖਤਾਂ ਤੇ ਕਵਿਤਾਵਾਂ ਇਸ ਪੁਸਤਕ ਵਿਚ ਅਜਿਹੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਉਹਨਾਂ ਦਾ ਕਰਤਾ ਕਰਤਾਰ ਸਿੰਘ ਸਰਾਭਾ ਹੀ ਸੀ। ਸਾਡੇ ਇਸ ਨਿਰਣੈ ਦੀ ਪੁਸ਼ਟੀ ਡਾ ਹਰੀਸ਼ ਪੁਰੀ ਤੇ ਵੇਦ ਵਟੁਕ ਜਿਹੇ ਇਤਿਹਾਸਕਾਰਾਂ ਦੇ ਹਵਾਲਿਆਂ ਤੋਂ ਵੀ ਹੋ ਜਾਂਦੀ ਹੈ।
 ਉਸਦੀਆਂ ਲਿਖਤਾਂ ਤੇ ਕਵਿਤਾਵਾਂ ਵਿਚ ਜੋਸ਼ ਤੇ ਵਲਵਲਾ ਹੈ ਤੇ ਦੇਸ਼ ਲਈ ਕੁਰਬਾਨ ਹੋਣ ਦੇ ਜਜ਼ਬੇ ਦਾ ਅਮੋੜ ਵੇਗ ਵੀ। ਵਾਰਤਕ ਰਚਨਾਵਾਂ ਵਿਚੋਂ ਉਸਦੀ ਚਿੰਤਨੀ ਸੁਰ ਦਾ ਪ੍ਰਦਰਸ਼ਨ ਵੀ ਹੁੰਦਾ ਹੈ। ਜਦੋਂ ਉੁਹ ਇਕ ਲੇਖ ਵਿਚ ਅਫ਼ਰੀਕਾ ਵਿਚ ਗੁਜਰਾਤ ਦੀਆਂ ਔਰਤਾਂ ਦੀ ਬਹਾਦਰੀ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਿੱਖਾਂ ਦੇ ਪ੍ਰਚਲਤ ਵਿਹਾਰ ਨੂੰ ਤੁਲਨਾਤਮਕ ਅਧਿਅਨ ਦਾ ਵਿਸ਼ਾ ਬਣਾ ਕੇ ਸਿੱਖੀ ਦੇ ਭੇਖ ਅਤੇ ਤੱਤ ਉੱਤੇ ਤਿੱਖਾ ਕਟਾਖ਼ਸ਼ ਕਰਦਾ ਹੈ ਤਾਂ ਉਸਦੀ ਇਤਿਹਾਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ ਦਾ ਸਹਿਜ ਪ੍ਰੀਚੈ ਹੋ ਜਾਂਦਾ ਹੈ।
 ਉਹ ਲਿਖਦਾ ਹੈ ਕਿ 'ਹਿੰਦੁਸਤਾਨੀ ਲੋਕ ਆਮ ਰਵਾਜ ਨਾਲ ਆਪਣੀਆਂ ਔਰਤਾਂ ਨੂੰ ਮਰਦਾਂ ਤੋਂ ਹੀਣ ਸਮਝਦੇ ਹਨ, ਪਰ ਅਫ਼ਰੀਕਾ ਵਿਚ ਹਿੰਦੁਸਤਾਨ ਦੀਆਂ ਦੇਵੀਆਂ ਜਿਹੜੇ ਕੰਮ ਕਰ ਰਹੀਆਂ ਹਨ, ਇਸ ਤੋਂ ਹਿੰਦੁਸਤਾਨੀਆਂ ਦੇ ਗ਼ਲਤ ਖ਼ਿਆਲ ਦਾ ਖੰਡਨ ਹੁੰਦਾ ਹੈ। ਅਫ਼ਰੀਕਾ ਦੇ ਜ਼ਾਲਮ ਕਾਨੂੰਨ ਨੂੰ ਤੋੜਨ ਦੀ ਖਾਤਿਰ ਉਥੇ ਦੀਆਂ ਗੁਜਰਾਤੀ ਔਰਤਾਂ ਨੇ ਮਰਦਾਂ ਨਾਲੋਂ ਚਾਰ ਕਦਮ ਵੱਧ ਕੇ ਟਾਕਰਾ ਕੀਤਾ ਹੈ। ਗੰਨੇ ਦੇ ਖੇਤਾਂ ਦੇ ਜਲਾਓ ਤੇ ਹੋਰ ਕੰਮਾਂ ਵਿਚ ਮਰਦਾਂ ਦੇ ਬਰਾਬਰ ਕੰਮ ਕੀਤਾ ਹੈ। ਮਰਦਾਂ ਦੇ ਨਾਲ ਹੀ ਜੇਲ੍ਹ ਵਿਚ ਜਾਣ ਦਾ ਡਰ ਨਹੀਂ ਮੰਨਿਆ।
 ਹੁਣ ਮੈਂ ਸਿੰਘਾਂ ਤੋਂ ਪੁੱਛਦਾ ਹਾਂ ਕਿ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾ ਕੇ ਸ਼ੇਰ ਬਣਾਇਆ ਸੀ ਅਤੇ ਇਕ ਇਕ ਸਿੰਘ ਸਵਾ ਸਵਾ ਲੱਖ ਨਾਲ ਲੜਨ ਦਾ ਦਾਵਾ ਰਖਦੇ ਸਨ, ਪਰ ਹੁਣ ਕੀ ਪੰਜਾਬ ਵਿਚ ਇਸੇ ਤਰ੍ਹਾਂ ਸਿੰਘਾਂ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ? ਪਰ ਉਹ ਪਹਿਲਾਂ ਵਰਗੀ ਕੁਵੱਤ ਤੇ ਬਹਾਦਰੀ ਸਿੰਘਾਂ ਵਿਚ ਕਿਉਂ ਨਹੀਂ ਰਹੀ। ਇਸ ਦੇ ਦੋ ਸਬੱਬ ਹਨ: ਪਹਿਲਾਂ ਉਹ ਆਦਮੀ ਜਿਹੜੇ ਅੰਮ੍ਰਿਤ ਬਣਾਉਂਦੇ ਹਨ, ਉਹ ਗੁਲਾਮ ਹਨ। ਗੁਰਦਵਾਰਿਆਂ ਦੇ ਗ੍ਰੰਥੀ ਅੰਗਰੇਜ਼ ਬਾਦਰਾਂ ਨੂੰ ਝੁੱਕ ਝੁੱਕ ਕੇ ਸਲਾਮ ਕਰਦੇ ਦੇਖੇ ਜਾਂਦੇ ਹਨ। ਭਲਾ ਅਜਿਹੇ ਨੀਚ ਪੁਰਸ਼ ਜਿਹੜੇ ਮਜ਼੍ਹਬੀ ਲੀਡਰ ਬਣੇ ਹੋਏ ਹਨ ਤਾਂ ਕੌਮ ਵਿਚ ਕੀ ਤਾਕਤ ਤੇ ਦਲੇਰੀ ਹੋ ਸਕਦੀ ਹੈ? ਜਦ ਤੱਕ ਗੁਰੂ ਗੋਬਿੰਦ ਸਿੰਘ ਜੀ ਵਰਗੇ ਸ਼ੇਰ ਦਿਲ ਤੇ ਬਹਾਦਰ ਆਦਮੀ ਲੀਡਰ ਨਹੀਂ ਹੁੰਦੇ ਤਦ ਤੱਕ ਕੋਈ ਅਸਰ ਨਹੀਂ ਹੋਵੇਗਾ। ਅੱਜ ਕੱਲ੍ਹ ਦੇ ਹਾਲ 'ਤੇ ਅੱਛੀ ਤਰ੍ਹਾਂ ਸਿੰਘਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਅਤੇ ਗੁਲਾਮ ਤੇ ਡਰਾਕਲ ਗ੍ਰੰਥੀਆਂ ਨੂੰ ਨਿਕਾਲ ਦੇਣਾ ਚਾਹੀਦਾ ਹੈ।'
 ਏਨਾ ਹੀ ਨਹੀਂ, ਉਹਦਾ ਗ਼ਦਰ ਲਹਿਰ ਦੇ ਉਭਾਰ ਤੇ ਪ੍ਰਚਾਰ ਲਈ ਮਾਤ-ਭਾਸ਼ਾ ਦੇ ਮਹੱਤਵ ਨੂੰ ਸਵੀਕਾਰ ਕਰਨਾ ਉਹਦੀ ਦੂਰਦਰਸ਼ਤਾ ਦਾ ਕਮਾਲ ਹੀ ਹੈ। 'ਗ਼ਦਰ' ਅਖ਼ਬਾਰ ਵਿਚ ਛਪੀ ਉਹਦੀ ਪਹਿਲੀ ਪੰਜਾਬੀ ਲਿਖਤ ਦੀਆਂ ਪਹਿਲੀਆਂ ਸਤਰਾਂ ਵਿਚ ਹੀ ਉਸਨੇ ਐਲਾਨ ਕੀਤਾ ਹੈ, "ਅੱਜ ਪਹਿਲੀ ਨਵੰਬਰ ਸੰਨ 1913 ਭਾਰਤ ਦੀ ਤਵਾਰੀਖ਼ ਵਿਚ ਇਕ ਨਵਾਂ ਸੰਮਤ ਚੱਲਦਾ ਹੈ। ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿਚੋਂ ਦੇਸੀ ਜ਼ਬਾਨ ਵਿਚ ਜੰਗ ਛਿੜਦੀ ਹੈ।"
 ਮਹਾਤਮਾ ਬੁੱਧ ਵੱਲੋਂ ਬੁੱਧ ਮੱਤ ਦੇ ਪਰਚਾਰ ਲਈ ਉਸ ਵੇਲੇ ਦੀ ਲੋਕ-ਭਾਸ਼ਾ 'ਪਾਲੀ' ਨੂੰ ਅਪਣਾਏ ਜਾਣ ਅਤੇ ਸਿੱਖ ਗੁਰੂ ਸਾਹਿਬਾਨ ਵੱਲੋਂ ਆਪਣੀ ਬਾਣੀ ਰਚਣ ਲਈ ਵਰਤੀ ਗਈ ਪੰਜਾਬੀ ਰੰਗ ਵਾਲੀ ਪਰ ਪੂਰੇ ਦੇਸ਼ ਵਿਚ ਸਮਝੀ ਜਾਣ ਵਾਲੀ ਲੋਕ-ਮੁਖੀ ਜ਼ਬਾਨ ਦੇ ਹਵਾਲੇ ਦੱਸਦੇ ਹਨ ਕਿ ਲੋਕ-ਲਹਿਰਾਂ ਲੋਕਾਂ ਦੀ ਜ਼ਬਾਨ ਵਿਚ ਹੀ ਲੜੀਆਂ ਜਾ ਸਕਦੀਆਂ ਹਨ। ਇਸ ਪ੍ਰਕਾਰ 'ਦੇਸੀ ਜ਼ਬਾਨ' ਦੇ ਮਹੱਤਵ ਨੂੰ ਸਮਝਣਾ ਸਰਾਭੇ ਤੇ ਉਹਦੇ ਸਾਥੀਆਂ ਦੀ ਭਵਿੱਖਮੁਖੀ ਪਹੁੰਚ ਦਾ ਸਬੂਤ ਹੈ ਜਿਹੜਾ ਇਸ ਪਾਸੇ ਵੱਲ ਵੀ ਸੰਕੇਤ ਕਰਦਾ ਹੈ ਕਿ ਜੇ ਸਾਡੀ ਇਨਕਲਾਬੀ ਤਹਿਰੀਕ ਸਫ਼ਲ ਹੋ ਜਾਂਦੀ ਤਾਂ ਲੋਕਾਂ ਦੀ ਕਿਸਮਤ ਦੇ ਨਾਲ ਨਾਲ, ਹੁਣ ਅੰਗਰੇਜ਼ੀ ਦੇ ਪੈਰਾਂ ਵਿਚ ਰੁਲ ਰਹੀ, ਸਾਡੀ ਜ਼ਬਾਨ ਦੀ ਕਿਸਮਤ ਵੀ ਸੌਰ ਜਾਣੀ ਸੀ। ਅੱਜ ਪੰਜਾਬੀ ਜ਼ਬਾਨ ਦੇ ਮਹੱਤਵ ਦੀ ਗੱਲ ਕਰਨ ਵਾਲੇ ਤੇ ਮਾਤਭਾਸ਼ਾ ਨੂੰ ਬਣਦਾ ਮਾਣ-ਸਨਮਾਨ ਦੇਣ ਲਈ ਲੜਾਈ ਲੜਨ ਵਾਲੇ ਕਾਮਿਆਂ, ਕਾਰਕੁਨਾਂ ਤੇ ਵਿਦਵਾਨਾਂ ਨੂੰ ਕਰਤਾਰ ਸਿੰਘ ਸਰਾਭੇ ਅਤੇ ਗ਼ਦਰ ਪਾਰਟੀ ਦੇ ਦੇਸੀ ਭਾਸ਼ਾਵਾਂ ਨੂੰ ਦਿੱਤੇ ਮਾਣ-ਸਨਮਾਨ ਜਾਂ ਦੂਜੇ ਸ਼ਬਦਾਂ ਵਿਚ ਪੰਜਾਬੀ ਭਾਸ਼ਾ ਨੂੰ ਦਿੱਤੇ ਮਾਣ-ਸਨਮਾਨ ਤੇ ਮਹੱਤਵ ਨੂੰ ਸਵੀਕਾਰ ਵੀ ਕਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਯੋਗਦਾਨ ਨੂੰ ਉਚੇਚੀ ਚਰਚਾ ਦਾ ਵਿਸ਼ਾ ਵੀ ਬਨਾਉਣਾ ਚਾਹੀਦਾ ਹੈ। ਪੰਜਾਬੀ ਜ਼ਬਾਨ ਨੂੰ ਮਹੱਤਵ ਦੇਣ ਦੇ ਸਰਾਭੇ ਦੇ ਮਨਸ਼ੇ ਅਤੇ ਮੁਹੱਬਤ ਬਾਰੇ ਬਾਬਾ ਹਰਨਾਮ ਸਿੰਘ ਟੁੰਡੀਲਾਟ ਕਹਿੰਦੇ ਹਨ, 'ਉਸ ਪਹਿਲੇ ਪਰਚੇ ਮੇਂ ਕਰਤਾਰ ਸਿੰਘ ਨੇ ਪੁਰਾਣੀ ਮਸ਼ਹੂਰ ਪੰਜਾਬੀ ਨਜ਼ਮ ''ਪਗੜੀ ਸੰਭਾਲ ਜੱਟਾ'' ਲਿਖੀ ਥੀ। ਪਹਿਲੇ ਛਪਨੇ ਵਾਲੇ ਉਰਦੂ ਪਰਚੋਂ ਮੇਂ ਲਾਲਾ ਹਰਦਿਆਲ ਕੇ ਇੰਤਜ਼ਾਮ ਸੇ ਦੇਸ਼ ਭਗਤੀ ਕੀ ਨਜ਼ਮ ਛਪ ਜਾਤੀ ਰਹੀ ਥੀ। ਕਰਤਾਰ ਸਿੰਘ ਕੋ ਯਹ ਖਿਆਲ ਪੈਦਾ ਹੂਆ ਥਾ ਕਿ ਪੰਜਾਬੀ ਪਰਚੇ ਮੇਂ ਪੰਜਾਬੀ ਨਜ਼ਮ ਭੀ ਹੋਨੀ ਚਾਹੀਏ। ਯਹ ਨਜ਼ਮ ਉਸੇ ਜਬਾਨੀ ਯਾਦ ਥੀ ਔਰ ਯਹ ਪਹਿਲੇ ਪਰਚੇ ਮੇਂ ਛਪੀ ਥੀ ।'
 ਬਾਬਾ ਹਰਨਾਮ ਸਿੰਘ ਟੁੰਡੀਲਾਟ ਦੇ ਬਿਆਨ ਤੋਂ ਸਹਿਜੇ ਪਤਾ ਚੱਲ ਜਾਂਦਾ ਹੈ ਕਿ ਕਰਤਾਰ ਸਿੰਘ ਪੰਜਾਬੀ ਜਾਂ ਦੇਸੀ ਜ਼ਬਾਨਾਂ ਦੇ ਮਹੱਤਵ ਨੂੰ ਕਿੰਨੀ ਡੂੰਘੀ ਤਰ੍ਹਾਂ ਸਮਝਦਾ ਸੀ। ਜੇ ਵੇਖਿਆ ਜਾਵੇ ਤਾਂ ਕਰਤਾਰ ਸਿੰਘ ਸਰਾਭਾ 'ਗ਼ਦਰ' ਅਖ਼ਬਾਰ ਦਾ ਹੀ ਨਹੀਂ ਸਗੋਂ ਅਮਰੀਕਾ ਵਿਚ ਪੰਜਾਬੀ ਦਾ ਪਹਿਲਾ ਪੱਤਰਕਾਰ ਵੀ ਸੀ। ਜਿਵੇਂ ਅਸੀਂ ਦੱਸ ਆਏ ਹਾਂ, ਉਹ ਅਖ਼ਬਾਰ ਲਈ ਸਮੇਂ ਸਮੇਂ ਸੰਪਾਦਕੀ ਲੇਖ ਤੇ ਕਵਿਤਾਵਾਂ ਵੀ ਲਿਖਦਾ ਸੀ ਤੇ ਅਖ਼ਬਾਰ ਨੂੰ ਛਾਪਣ ਦਾ ਕਾਰਜ ਵੀ ਕਰਦਾ ਸੀ। ਆਜ਼ਾਦੀ ਸੰਗਰਾਮ ਵਿਚ ਉਸਦੇ ਮਹੱਤਵਪੂਰਨ ਸਰਗਰਮ ਯੋਗਦਾਨ ਵਿਚ ਉਸਦੇ ਪੱਤਰਕਾਰ ਦੇ ਰੋਲ ਨੂੰ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਪਹਿਲਾ ਪੰਜਾਬੀ ਪੱਤਰਕਾਰ ਸੀ ਜਿਸਨੂੰ ਫ਼ਾਂਸੀ ਦੀ ਸਜ਼ਾ ਹੋਈ। ਉਹ ਸ਼ਹੀਦ ਹੋਣ ਵਾਲਾ ਦੇਸ਼ ਭਗਤ ਹੀ ਨਹੀਂ ਸਗੋਂ ਸ਼ਹੀਦ ਪੱਤਰਕਾਰ ਵੀ ਸੀ।
 ਇਕ ਵਧੀਆ ਸ਼ਾਇਰ ਦੀ ਪਛਾਣ ਕਰਾਉਂਦੀਆਂ ਦੋ ਨਜ਼ਮਾਂ ਦਾ ਹਵਾਲਾ ਦਿੰਦਿਆਂ ਇਤਿਹਾਸਕਾਰ ਵੇਦ ਵਟੁਕ ਨੇ ਦੱਸਿਆ ਹੈ ਕਿ ਇਹ ਕਰਤਾਰ ਸਿੰਘ ਸਰਾਭੇ ਦੀਆਂ ਲਿਖੀਆਂ ਹੋਈਆਂ ਹਨ। ਜਿਹੜੀ ਕਵਿਤਾ ਉਸਨੇ ਫ਼ਾਂਸੀ 'ਤੇ ਚੜ੍ਹਦਿਆਂ ਗਾਈ ਸੀ ਉਸਦਾ ਉਤਾਰਾ ਹੇਠਾਂ ਦਿੱਤਾ ਜਾ ਰਿਹਾ ਹੈ:
 ਯਹੀ ਪਾਓਗੇ ਮਹਿਸ਼ਰ ਮੇਂ ਜ਼ੁਬਾਂ ਮੇਰੀ, ਬਿਆਂ ਮੇਰਾ।
 ਮੈਂ ਬੰਦਾ ਹਿੰਦ ਵਾਲੋਂ ਕਾ ਹੂੰ, ਹੈ ਹਿੰਦੁਸਤਾਂ ਮੇਰਾ।
 ਮੈਂ ਹਿੰਦੀ, ਠੇਠ ਹਿੰਦੀ, ਖ਼ੂਨ ਹਿੰਦੀ, ਜ਼ਾਤ ਹਿੰਦੀ ਹੂੰ,
 ਯਹੀ ਮਜ਼ਹਬ, ਯਹੀ ਫ਼ਿਰਕਾ, ਯਹੀ ਹੈ ਖ਼ਾਨਦਾਂ ਮੇਰਾ।
 ਮੈਂ ਇਸ ਉਜੜੇ ਹੂਏ ਭਾਰਤ ਕੇ ਖੰਡਰ ਕਾ ਏਕ ਜ਼ੱਰਾ ਹੂੰ,
 ਯਹੀ ਬੱਸ ਏਕ ਪਤਾ, ਯਹੀ ਨਾਮੋ-ਨਿਸ਼ਾਂ ਮੇਰਾ।
 ਕਦਮ ਲੂੰ ਮਾਦਰੇ-ਭਾਰਤ ਤੇਰੇ, ਮੈਂ ਉਠਤੇ ਔਰ ਬੈਠਤੇ,
 ਕਹਾਂ ਕਿਸਮਤ ਮੇਰੀ ਏਸੀ, ਨਸੀਬਾ ਯਹ ਕਹਾਂ ਮੇਰਾ।
 ਤੇਰੀ ਖ਼ਿਦਮਤ ਮੇਂ ਐ ਭਾਰਤ, ਯਹ ਸਰ ਜਾਏ, ਯਹ ਜਾਂ ਜਾਏ,
 ਤੋ ਸਮਝੂੰਗਾ, ਯਹ ਮਰਨਾ ਹਯਾਤੇ ਜਾਦਵਾ ਮੇਰਾ।
 ਇਸ ਨਜ਼ਮ ਤੋਂ ਇਲਾਵਾ ਵੇਦ ਵਟੁਕ ਜਿਸ ਦੂਜੀ ਨਜ਼ਮ ਦਾ ਹਵਾਲਾ ਦਿੰਦੇ ਹਨ, ਉਹ ਗ਼ਦਰੀਆਂ ਵਿਚ ਬਹੁਤ ਚਰਚਿਤ ਰਹੀ ਹੈ ਤੇ ਉਹ ਇਸਨੂੰ ਅਕਸਰ ਗਾਇਆ ਕਰਦੇ ਸਨ। ਨਜ਼ਮ ਹੈ:
 ਜੇ ਕੋਈ ਪੂਛੇ ਕਿ ਕੌਨ ਹੋ ਤੁਮ, ਤੋ ਕਹਿ ਦੋ ਬਾਗ਼ੀ ਹੈ ਨਾਮ ਮੇਰਾ।
 ਜ਼ੁਲਮ ਮਿਟਾਨਾ ਹਮਾਰਾ ਪੇਸ਼ਾ, ਗ਼ਦਰ ਕਰਨਾ ਹੈ ਕਾਮ ਅਪਨਾ।
 ਨਮਾਜ਼ ਸੰਧਿਆ ਯਹੀ ਹਮਾਰੀ, ਔਰ ਪਾਠ ਪੂਜਾ ਸਭੀ ਯਹੀ ਹੈ,
 ਧਰਮ ਕਰਮ ਸਭ ਯਹੀ ਹੈ ਹਮਾਰਾ, ਯਹੀ ਖ਼ੁਦਾ ਔਰ ਰਾਮ ਅਪਨਾ।
 
 ਸਰਾਭੇ ਦੀ ਚਰਚਾ ਕਰਨ ਵਾਲੇ ਸਾਰੇ ਲੇਖਕ ਇਸ ਗੱਲ 'ਤੇ ਇਕਮੱਤ ਹਨ ਕਿ ਉਹ ਜੋਸ਼, ਜਵਾਨੀ, ਬਹਾਦਰੀ, ਨਿਡਰਤਾ, ਸਵੈਭਰੋਸੇ, ਲੀਡਰਸ਼ਿਪ ਅਤੇ ਪੂਰੇ ਸਮਰਪਣ ਭਾਵ ਨਾਲ ਆਪਣੇ ਨਿਸ਼ਾਨੇ ਲਈ ਕੁਰਬਾਨ ਹੋ ਜਾਣ ਦੇ ਗੁਣਾਂ ਨਾਲ ਮਾਲਾ ਮਾਲ ਸੀ। ਬਾਬਾ ਸੋਹਨ ਸਿੰਘ ਭਕਨਾ ਲਿਖਦੇ ਹਨ ਕਿ ਜਦੋਂ ਕਾਮਾਗਾਟਾ ਮਾਰੂ ਜਹਾਜ ਨੂੰ ਵਾਪਸ ਮੋੜ ਦਿੱਤਾ ਗਿਆ ਤਾਂ 'ਗ਼ਦਰ ਪਾਰਟੀ ਦੇ ਜ਼ਿਮੇਵਾਰਾਂ ਨੇ ਫੈਸਲਾ ਕੀਤਾ ਕਿ ਇਕ ਪਾਰਟੀ ਦਾ ਜ਼ਿੰਮੇਵਾਰ ਕਾਮਾਗਾਟਾ ਮਾਰੂ ਦੇ ਨਾਲ ਨਾਲ ਜਾਏ ਤੇ ਯੋਕੋਹਾਮਾ ਵਿਚ ਜਾ ਕੇ ਜਹਾਜ਼ ਦੇ ਮੁਸਾਫ਼ਰਾਂ ਨੂੰ ਮਿਲੇ ਤੇ ਉਨ੍ਹਾਂ ਨੂੰ ਇਨਕਲਾਬੀ ਲਾਈਨ ਸਮਝਾਏ। ਇਸ ਕੰਮ ਲਈ ਮੇਰੀ ਡਿਊਟੀ ਲੱਗੀ। 200 ਪਿਸਤੌਲ ਅਤੇ 2000 ਗੋਲੀਆਂ, ਦੋ ਪੇਟੀਆਂ ਵਿਚ ਬੰਦ ਕਰਕੇ ਜਹਾਜ਼ ਨੂੰ ਦੇਣ ਲਈ ਲਿਜਾਣੀਆਂ ਸਨ। ਇਸ ਦਾ ਬੰਦੋਬਸਤ ਭਾਈ ਭਗਵਾਨ ਸਿੰਘ ਤੇ ਕਰਤਾਰ ਸਿੰਘ ਸਰਾਭੇ 'ਤੇ ਸੁੱਟਿਆ ਗਿਆ। ਉਹਨਾਂ ਨੇ ਜਹਾਜ਼ 'ਤੇ ਇਕ ਕਮਰਾ ਰੀਜ਼ਰਵ ਕਰਵਾ ਕੇ ਜਹਾਜ਼ ਚੱਲਣ ਤੋਂ ਇਕ ਘੰਟਾ ਪਹਿਲਾਂ ਇਹ ਪੇਟੀਆਂ ਕਰਤਾਰ ਸਿੰਘ ਦੇ ਹੱਥੀਂ ਕਮਰੇ ਵਿਚ ਰੱਖਵਾ ਦਿੱਤੀਆਂ। ਮੈਂ ਬੜੇ ਧਿਆਨ ਨਾਲ ਯੁਗਾਂਤਰ ਆਸ਼ਰਮ ਵਿਚੋਂ ਨਿਕਲਿਆ ਤੇ ਰਸਤੇ ਵਿਚ ਦੂਜੀ ਕਾਰ ਬਦਲ ਕੇ ਜਹਾਜ਼ ਦੇ ਤੁਰਨ ਤੋਂ ਕੋਈ 15 ਮਿੰਟ ਪਹਿਲਾਂ ਜਹਾਜ਼ ਤੋਂ ਕਰਤਾਰ ਸਿੰਘ ਨੂੰ ਚਲੇ ਜਾਣ ਦਾ ਇਸ਼ਾਰਾ ਕਰਕੇ ਕਮਰੇ ਵਿਚ ਜਾ ਬੈਠਾ।' ਇਹ ਵੇਰਵਾ ਕਰਤਾਰ ਸਿੰਘ ਸਰਾਭੇ ਦੀ ਦਲੇਰੀ ਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵੀ ਦਰਸਾਉਂਦਾ ਹੈ ਅਤੇ ਉਸ ਵਿਚਲੀ ਵੱਡੇ ਕੰਮ ਕਰ ਸਕਣ ਦੀ ਵਡੇਰੀ ਸਮਰੱਥਾ ਵਿਚ ਸਾਥੀਆਂ ਦੇ ਭਰੋਸੇ ਦੀ ਗਵਾਹੀ ਵੀ ਦਿੰਦਾ ਹੈ।
 ਭਾਈ ਪਰਮਾਨੰਦ ਅਨੁਸਾਰ, 'ਕਰਤਾਰ ਸਿੰਘ ਦਾ ਹੌਂਸਲਾ ਤੇ ਮਰਦਾਨਗੀ ਸਚਮੁੱਚ ਹੈਰਾਨ ਕਰਨ ਵਾਲੇ ਸਨ। …ਜਦੋਂ ਅਮਰੀਕਾ ਤੋਂ ਹੋਰ ਗ਼ਦਰੀ ਵੀ ਹਿੰਦੁਸਤਾਨ ਆ ਗਏ ਤਾਂ ਉਹ ਉਹਨਾਂ ਦਾ ਲੀਡਰ ਬਣ ਗਿਆ। ਉਹ ਚਾਹੁੰਦਾ ਸੀ ਕਿ ਹਰ ਕੋਈ ਉਸਦੀ ਦਿੱਤੀ ਸੇਧ ਅਨੁਸਾਰ ਕੰਮ ਕਰੇ। ਇਸਤਰ੍ਹਾਂ ਲੱਗਦਾ ਹੈ ਕਿ ਜਦੋਂ ਕੋਈ ਉਸਦੇ ਹੁਕਮਾਂ ਅਨੁਸਾਰ ਕੰਮ ਕਰਨ ਤੋਂ ਢਿੱਲ-ਮੱਠ ਦਿਖਾਉਂਦਾ ਸੀ, ਤਾਂ ਉਹ ਉਨ੍ਹਾਂ ਨੂੰ ਕਹਿੰਦਾ ਸੀ ਕਿ ਉਸਨੇ ਮੇਰੇ ਨਾਲ (ਪਰਮਾਨੰਦ) ਸਲਾਹ-ਮਸ਼ਵਰਾ ਕੀਤਾ ਹੈ ਅਤੇ ਇਹ ਹੁਕਮ ਮੇਰੇ (ਪਰਮਾਨੰਦ) ਹਨ। ਬੇਸ਼ੱਕ ਜਦੋਂ ਮੈਂ ਉਹਨੂੰ ਇਸ ਬਾਰੇ ਪੁੱਛਿਆ ਤਾਂ ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਅਜਿਹਾ ਕਰਦਾ ਹੈ ਪਰ ਮੇਰੀ ਸੋਚ ਕਹਿੰਦੀ ਹੈ ਕਿ ਉਸਦਾ ਅਜਿਹਾ ਸੁਭਾਅ ਸੀ ਤੇ ਉਹ ਅਜਿਹੀਆਂ ਗੱਲਾਂ ਕਰ ਸਕਦਾ ਸੀ। ਵਿਦਿਆਰਥੀਆਂ ਨੂੰ ਉਹ ਕਹਿੰਦਾ ਹੁੰਦਾ ਸੀ, "ਆਪਣੀ ਪੜ੍ਹਾਈ ਛੱਡ ਦਿਓ, ਜਰਮਨ ਆ ਰਹੇ ਹਨ ਅਤੇ ਮੈਂ ਉਹਨਾਂ ਤੋਂ ਤੁਹਾਨੂੰ ਫੌਜ ਵਿਚ ਕਮਿਸ਼ਨ ਲੈ ਦਿਆਂਗਾ।" ਉਹ ਪੈਦਲ ਜਾਂ ਰੇਲ ਗੱਡੀ ਰਾਹੀਂ ਜਿੱਥੇ ਵੀ ਕਿਸੇ ਪਿੰਡ ਜਾਂ ਸਕੂਲ ਵਿਚ ਜਾਂਦਾ, ਉਥੇ ਅਕਸਰ ਅਜਿਹੀਆਂ ਗੱਲਾਂ ਹੀ ਕਹਿੰਦਾ ਹੁੰਦਾ ਸੀ। ਇਕ ਵਾਰ ਰੇਲ ਗੱਡੀ ਵਿਚ ਸਫ਼ਰ ਕਰਦਿਆਂ ਉਹ ਇਕ ਹਵਾਲਦਾਰ ਨੂੰ ਮਿਲਿਆ ਅਤੇ ਉਸਨੂੰ ਸਾਫ਼ ਸਾਫ਼ ਕਹਿਣ ਲੱਗਾ, "ਤੂੰ ਨੌਕਰੀ ਛੱਡਦਾ ਕਿਉਂ ਨਹੀਂ?" ਨੌਜਵਾਨ ਮੁੰਡੇ ਨੂੰ ਜੋਸ਼ ਭਰਿਆ ਵੇਖ ਕੇ ਹਵਾਲਦਾਰ ਨੇ ਕਿਹਾ, "ਉਹ ਆਪਣੇ ਬੰਦਿਆਂ ਨੂੰ ਮੀਆਂ ਮੀਰ ਉਸ ਕੋਲ ਲੈ ਆਵੇ। ਅਸਲੇਖ਼ਾਨੇ ਦੀਆਂ ਚਾਬੀਆਂ ਮੇਰੇ ਹੱਥ ਵਿਚ ਹਨ। ਮੈਂ ਸਾਰੀਆਂ ਚਾਬੀਆਂ ਤੈਨੂੰ ਫੜਾ ਦੇਵਾਂਗਾ।" ਇਸ ਕੰਮ ਲਈ 25 ਨਵੰਬਰ ਦਾ ਦਿਨ ਮਿਥਿਆ ਗਿਆ। ਜਦੋਂ ਉਸਨੇ ਆਪਣੀ ਕਮੇਟੀ ਵਿਚ ਇਹ ਸਵਾਲ ਬਹਿਸ ਲਈ ਰਖਿਆ, ਤਾਂ ਉਨ੍ਹਾਂ ਸਾਰਿਆਂ ਨੇ ਇਸ ਦਾ ਮਾਖੌਲ ਉਡਾਇਆ। ਇਸ ਸਮੇਂ ਕਰਤਾਰ ਸਿੰਘ ਨੇ ਕਿਹਾ,''ਠੀਕ ਹੈ, ਪਰ ਮੈਂ ਇਸ ਬਾਰੇ ਭਾਈ ਪਰਮਾਨੰਦ ਨੂੰ ਪੁੱਛਿਆ ਹੈ ਅਤੇ ਉਸਦੀ ਸਹਿਮਤੀ ਪ੍ਰਾਪਤ ਕੀਤੀ ਹੈ।'' ਉਸਦੇ ਇਕ ਸੌ ਦੇ ਲਗਭਗ ਸਾਥੀਆਂ ਨੇ ਮੀਆਂਮੀਰ ਦੇ ਨੇੜੇ ਰੇਲਵੇ ਸਟੇਸ਼ਨ ਉਤੇ ਬੜੀ ਬੇਅਰਾਮੀ ਭਰੀ ਰਾਤ ਗੁਜ਼ਾਰੀ, ਪ੍ਰੰਤੂ ਉਥੇ ਉਹ ਹਵਾਲਦਾਰ ਨਾ ਆਇਆ। ਇਸ ਘਟਨਾ ਬਾਰੇ ਨਵਾਬ ਖ਼ਾਨ ਨੇ ਕਿਹਾ ਹੈ ਕਿ ਜਦੋਂ ਉਸ ਨੇ ਇਸ ਸਬੰਧੀ ਕਰਤਾਰ ਸਿੰਘ ਕੋਲ ਇਤਰਾਜ਼ ਕੀਤਾ, ਤਾਂ ਉਸਨੇ ਉਤਰ ਦਿੱਤਾ,''ਮੈਂ ਕੀ ਕਰ ਸਕਦਾ ਹਾਂ? ਇਹ ਭਾਈ ਪਰਮਾਨੰਦ ਹੀ ਹੈ, ਜਿਹੜਾ ਮੇਰੇ ਤੋਂ ਅਜਿਹੀਆਂ ਗੱਲਾਂ ਕਰਾਉਂਦਾ ਹੈ।'' ਜੇਕਰ ਇਹ ਗੱਲ ਸੱਚ ਹੈ, ਤਾਂ ਇਸ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਕਿ ਕਰਤਾਰ ਸਿੰਘ ਆਪਣੇ ਪੈਰੋਕਾਰਾਂ ਦੇ ਮਨਾਂ ਵਿਚ ਆਪਣੀ ਲੀਡਰਸ਼ਿਪ ਯੋਗਤਾ ਸਬੰਧੀ ਜ਼ਰਾ ਵੀ ਸ਼ੱਕ ਪੈਦਾ ਹੋਣ ਤੋਂ ਬਚਣ ਲਈ ਅਜਿਹਾ ਕਰਨਾ ਜ਼ਰੂਰੀ ਸਮਝਦਾ ਸੀ।'
 ਮੈਨੂੰ ਲੱਗਦਾ ਹੈ ਕਿ ਭਾਈ ਪਰਮਾਨੰਦ ਸਰਾਭੇ ਦੀ ਸਖ਼ਸੀਅਤ ਦਾ ਮੁਲਾਂਕਣ ਕਰਨ ਲੱਗਿਆਂ ਕੁਝ ਅੰਤਰਮੁਖੀ ਹੋ ਗਿਆ ਹੈ। ਸਰਾਭੇ ਦੀ ਬਹੁਤ ਹੱਦ ਤੱਕ ਵਡਿਆਈ ਕਰਦਿਆਂ ਵੀ ਉਹਦਾ ਫ਼ਿਕਰ ਇਹ ਸਥਾਪਤ ਕਰਨ ਵੱਲ ਰਹਿੰਦਾ ਹੈ ਕਿ ਉਹ ਖ਼ੁਦ ਸਰਾਭੇ ਨਾਲੋਂ ਉੱਚੇ ਪਲੇਟਫਾਰਮ 'ਤੇ ਖਲੋਤਾ ਦਿਖਾਈ ਦੇਵੇ। ਭਾਈ ਪਰਮਾਨੰਦ ਆਪਣਾ ਬਿੰਬ ਕੁਝ ਇਸਤਰ੍ਹਾਂ ਸਿਰਜਦਾ ਹੈ ਕਿ ਜਿਵੇਂ ਉਹਦੇ ਵਿਚਾਰਾਂ ਦੀ ਮਹੱਤਤਾ ਪੂਰੀ ਗਦਰ ਪਾਰਟੀ ਦੇ ਕਾਰਕੁਨਾਂ ਲਈ ਗੁਰਾਂ ਦੇ 'ਹੁਕਮਨਾਮਿਆਂ' ਵਰਗੀ ਹੋਵੇ ਤੇ ਸਰਾਭਾ 'ਗੁਰੂ' ਦਾ ਹੁਕਮਨਾਮਾ ਸੁਣਾ ਕੇ ਹੀ ਬਾਕੀ ਸਾਥੀਆਂ ਨੂੰ ਆਪਣੇ 'ਮਗਰ' ਲਾਉਂਦਾ ਸੀ ਜਾਂ ਉਹਦਾ ਹੁਕਮਨਾਮਾ ਸੁਣ-ਮੰਨ ਕੇ ਹੀ ਦੂਜੇ ਸਾਥੀ ਸਰਾਭੇ ਨਾਲ ਵੱਡੀਆਂ ਮੁਹਿੰਮਾਂ 'ਤੇ ਨਿਕਲ ਤੁਰਦੇ ਸਨ। ਉਸ ਵੱਲੋਂ ਪੇਸ਼ ਕੀਤਾ ਸਰਾਭੇ ਦਾ ਬਿੰਬ ਸਰਾਭੇ ਦੇ ਵਿਹਾਰ ਨੂੰ ਕੁਝ ਵਧੇਰੇ ਹੀ ਬਚਗਾਨਾ ਬਣਾ ਧਰਦਾ ਹੈ। ਉਹ ਤਾਂ ਇਹ ਵੀ ਸਾਬਤ ਕਰਦਾ ਹੈ ਕਿ ਸਰਾਭਾ ਉਸ ਤੋਂ ਹੀ ਪ੍ਰਭਾਵਤ ਤੇ ਪ੍ਰੇਰਤ ਹੋ ਕੇ ਆਜ਼ਾਦੀ ਸੰਗਰਾਮ ਵਿਚ ਕੁੱਦਿਆ ਸੀ। ਉਸਨੇ ਕਿਸੇ ਵੇਲੇ ਅਮਰੀਕਾ ਵਿਚ ਅਚਾਨਕ ਮਿਲ ਗਏ ਸਰਾਭੇ ਨੂੰ ਇਤਿਹਾਸ ਦੇ ਹਵਾਲੇ ਸੁਣਾ ਕੇ ਉਸ ਅੰਦਰ ਦੇਸ਼ ਲਈ ਕੁਝ ਕਰ ਸਕਣ ਤੇ ਉਸ ਲਈ ਮਰ ਮਿਟਣ ਦੀ ਭਾਵਨਾ ਜਗਾਈ ਸੀ। ਭਾਈ ਸਾਹਿਬ ਅਨੁਸਾਰ ਸਰਾਭੇ ਨੇ ਬਾਅਦ ਵਿਚ ਉਸ ਪ੍ਰੇਰਕ ਪ੍ਰਸੰਗ ਵਾਲੀ ਮਿਲਣ ਰਾਤ ਦਾ ਹਵਾਲਾ ਦਿੰਦਿਆਂ ਕਿਹਾ ਸੀ, ''ਉਸੇ ਰਾਤ ਮੈਂ ਆਪਣੇ ਦੇਸ਼ ਲਈ ਆਪਣੀ ਜ਼ਿੰਦਗੀ ਅਰਪਣ ਕਰਨ ਦਾ ਫੈਸਲਾ ਕਰ ਲਿਆ ਸੀ।'' ਭਾਵੇਂ ਭਾਈ ਪਰਮਾਨੰਦ ਉਮਰ ਅਤੇ ਤਜਰਬੇ ਵਿਚ ਵਡੇਰਾ ਸੀ ਅਤੇ ਸਾਥੀ ਉਹਦੀ 'ਸਿਆਣਪ' ਦੀ ਕਦਰ ਵੀ ਕਰਦੇ ਹੋਣਗੇ ਪਰ ਇਹ ਕਿਵੇਂ ਵੀ ਸੰਭਵ ਨਹੀਂ ਕਿ ਵੱਡੀਆਂ ਮੁਹਿੰਮਾਂ ਜਥੇਬੰਦ ਕਰ ਸਕਣ ਵਾਲਾ ਤੇ ਲੋਕਾਂ ਨੂੰ ਲਾਮਬੰਦ ਕਰਨ ਵਾਲਾ ਸਮਰੱਥ ਸਰਾਭਾ ਆਪਣੀ ਕਿਸੇ ਵੱਡੀ ਮੁਹਿੰਮ 'ਤੇ ਜਾਣ ਅਤੇ ਉਸ ਉਪਰੰਤ ਮਿਲੀ ਅਸਫ਼ਲਤਾ ਲਈ, ਬੱਚਿਆਂ ਵਾਂਗ ਦੋਸ਼ ਭਾਈ ਪਰਮਾਨੰਦ ਦੇ ਸਿਰ ਮੜ੍ਹ ਕੇ ਸੁਰਖ਼ਰੂ ਹੋ ਜਾਣ ਦਾ ਬਚਗਾਨਾ ਵਿਹਾਰ ਕਰਦਾ ਹੋਵੇ। ਖ਼ੁਦ ਭਾਈ ਪਰਮਾਨੰਦ ਇਹ ਦਾਅਵਾ ਕਰਦਾ ਹੈ ਕਿ 'ਮੈਨੂੰ ਕਰਤਾਰ ਸਿੰਘ ਨੇ ਇਹ ਗੱਲ ਦੱਸੀ ਤੇ ਕਿਹਾ ਕਿ ਉਹ ਇਕ ਵਾਰੀ ਮੈਨੂੰ ਲਾਹੌਰ ਵਿੱਚ ਵੀ ਮਿਲਿਆ ਸੀ, ਜਦੋਂ ਮੈਂ ਉਸ ਦੇ ਵਿਚਾਰਾਂ ਨੂੰ ਬੱਚਿਆਂ ਵਾਲੇ ਕਹਿ ਕੇ ਖ਼ਾਰਜ ਕਰ ਦਿੱਤਾ ਸੀ।' ਸੋ ਸਰਾਭੇ ਦੇ ਗ਼ਦਰ ਕਰਨ ਦੇ ਕੰਮ-ਢੰਗ ਅਤੇ ਵਿਚਾਰਾਂ ਨੂੰ 'ਬੱਚਿਆਂ' ਵਰਗੇ ਆਖ ਕੇ ਉਹਨਾਂ ਦਾ ਮਖ਼ੌਲ ਉਡਾਉਣ ਵਾਲੇ ਭਾਈ ਪਰਮਾਨੰਦ ਨੂੰ ਸਰਾਭੇ ਵੱਲੋਂ 'ਗੁਰੂ' ਦਾ ਦਰਜਾ ਦੇਣ ਦੀ ਗੱਲ ਮਨ ਨੂੰ ਟੁੰਬਦੀ ਨਹੀਂ। ਦੂਜੇ ਪਾਸੇ ਸਰਾਭਾ ਤਾਂ ਭਾਈ ਪਰਮਾਨੰਦ ਨੂੰ ਮਿਲੇ ਹੋਣ ਤੋਂ ਵੀ ਇਨਕਾਰੀ ਸੀ। ਸਰਾਭੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਲਿਖਦਾ ਹੈ ਕਿ 'ਮੈਂ (ਸਰਾਭਾ) ਭਾਈ ਪ੍ਰਮਾਨੰਦ ਨੂੰ ਪਹਿਲਾਂ ਕਦੇ ਨਹੀਂ ਵੇਖਿਆ ਸੀ।'' ਉਂਜ ਕਈ ਹਵਾਲੇ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਉਹ ਅਮਰੀਕਾ ਵਿਚ ਤੇ ਭਾਰਤ ਵਿਚ ਵੀ ਭਾਈ ਪਰਮਾਨੰਦ ਨੂੰ ਮਿਲਦਾ ਰਿਹਾ ਹੈ ਪਰ ਭਾਈ ਪਰਮਾਨੰਦ ਵੱਲੋਂ ਆਪਣੇ ਆਪ ਨੂੰ ਸਰਾਭੇ ਦਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਸਾਬਤ ਕਰਨ ਵਾਲੀ ਗੱਲ ਵਿਚ ਕੋਈ ਸਚਾਈ ਨਹੀਂ।
 'ਸਰਾਭੇ ਦੀ 'ਜਰਨੈਲੀ ਪ੍ਰਤਿਭਾ' ਨੂੰ ਪਛਾਨਣ ਤੇ ਵਡਿਆਉਣ ਵਿਚ ਗ਼ਦਰ ਲਹਿਰ ਦੇ ਹੋਰ ਸੀਨੀਅਰ ਆਗੂਆਂ ਨੇ ਕਿਸੇ ਪ੍ਰਕਾਰ ਦੀ ਹਿਚਕਚਾਹਟ ਨਹੀਂ ਵਿਖਾਈ ਅਤੇ ਕਿਸੇ ਨੇ ਵੀ ਸਰਾਭੇ ਦੇ ਅਜਿਹੇ 'ਅੱਲੜ੍ਹ ਅਤੇ ਬਚਗਾਨਾ' ਵਿਹਾਰ ਦੀ ਤਸਦੀਕ ਨਹੀਂ ਕੀਤੀ। ਇਸ ਪ੍ਰਥਾਇ ਭਾਈ ਪਰਮਾਨੰਦ ਦਾ ਸਰਾਭੇ ਬਾਰੇ ਕੀਤਾ ਮੁਲਾਂਕਣ ਅਪਵਾਦ ਹੀ ਹੈ। ਜੇ ਭਾਈ ਪਰਮਾਨੰਦ ਵਿਚ ਸਰਾਭੇ ਦਾ 'ਗੁਰੂਆਂ' ਵਰਗਾ ਹੀ ਵਿਸ਼ਵਾਸ ਹੁੰਦਾ ਤਾਂ ਉਹ ਵੀ ਫ਼ਾਂਸੀ ਦੀ ਸਜ਼ਾ ਦਾ ਐਲਾਨ ਹੋਣ 'ਤੇ ਭਾਈ ਪਰਮਾਨੰਦ ਵਾਂਗ ਸਜ਼ਾ ਮੁਆਫ਼ ਕਰਵਾਉਣ ਲਈ ਅਪੀਲ ਕਰਦਾ ਪਰ ਬਾਬਾ ਸੋਹਨ ਸਿੰਘ ਭਕਨਾ ਅਨੁਸਾਰ, ਸਜ਼ਾ ਦਾ ਐਲਾਨ ਹੋਣ 'ਤੇ 'ਸਿਵਾਏ ਭਾਈ ਪਰਮਾਨੰਦ ਲਾਹੌਰ ਅਤੇ ਇਕ ਹੋਰ ਆਦਮੀ, ਜਿਸ ਨੇ ਪਿੰਡ ਚੱਬਾ ਜ਼ਿਲ੍ਹਾ ਅੰਮ੍ਰਿਤਸਰ ਵਿਚ ਦੇਸ਼ਭਗਤਾਂ ਨੂੰ ਪਰੇਰ ਕੇ ਇਕ ਸ਼ਾਹੂਕਾਰ ਦੇ ਘਰ ਡਾਕਾ ਮਰਵਾਇਆ ਸੀ, ਜਿਸ ਦਾ ਕਿ ਉਸ ਨੇ ਕਰਜਾ ਦੇਣਾ ਸੀ, ਹੋਰ ਕਿਸੇ ਨੇ ਰਹਿਮ ਦੀ ਅਪੀਲ ਨਾ ਕੀਤੀ। ਸਗੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਕਰਤਾਰ ਸਿੰਘ ਨੇ ਇਸ ਪੇਸ਼ਕਸ਼ ਦਾ ਮਖੌਲ ਉਡਾਇਆ ਅਤੇ ਕਿਹਾ ਕਿ ''ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਜਲਦੀ ਤੋਂ ਜਲਦੀ ਫਾਂਸੀ ਦਿੱਤੀ ਜਾਵੇ।''
 ਭਾਵੇਂ ਭਾਈ ਪਰਮਾਨੰਦ ਮੁਤਾਬਕ ਸਰਾਭਾ ਥੋੜਾ ਅੱਲੜ੍ਹ, ਮਾਅਰਕੇ-ਬਾਜ਼ ਤੇ ਕੁਝ ਹੱਦ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰਨ ਵਾਲਾ ਸੀ ਤਦ ਵੀ ਉਸਦੇ ਹੋਰ ਦੂਜੇ ਗੁਣਾਂ ਤੋਂ ਭਾਈ ਪਰਮਾਨੰਦ ਵੀ ਮੁਨਕਰ ਨਹੀਂ। ਉਹਦੀ 'ਚਤਰੁਤਾ ਤੇ ਦਲੇਰੀ' ਨੂੰ ਮੰਨਦਿਆਂ ਭਾਈ ਪਰਮਾਨੰਦ ਲਿਖਦਾ ਹੈ, 'ਉਸਦਾ ਜੋਸ਼, ਨਿਡਰਤਾ ਤੇ ਮੌਤ ਵੱਲੋਂ ਬੇਪ੍ਰਵਾਹੀ ਉਸਦੇ ਅਜਿਹੇ ਵਿਲੱਖਣ ਗੁਣ ਸਨ, ਜੋ ਇੰਨੀ ਛੋਟੀ ਉਮਰ ਦੇ ਮੁੰਡੇ ਵਿਚ ਘੱਟ ਹੀ ਮਿਲਦੇ ਹਨ।'
 ਉਹਦੇ ਲੋੜੋਂ ਵੱਧ ਦਲੇਰ ਤੇ ਮਨਚਲੇ ਸੁਭਾਅ ਦੀਆਂ ਕਈ ਅਜਿਹੀਆਂ ਉਦਾਹਰਣਾਂ ਵੀ ਮਿਲਦੀਆਂ ਹਨ ਜਦੋਂ ਉਹ ਪੁਲਿਸ ਦੇ ਘੇਰੇ ਵਿਚ ਆਉਣ ਦੇ ਬਾਵਜੂਦ ਦਿਮਾਗ਼ੀ ਸੰਤੁਲਨ ਨੂੰ ਕਾਇਮ ਰੱਖਦਿਆਂ ਬੜੀ ਹੁਸ਼ਿਆਰੀ ਤੇ ਚੁਸਤੀ ਨਾਲ ਚਕਮਾ ਦੇ ਕੇ ਬਚ ਜਾਂਦਾ। ਇਕ ਵਾਰ ਜਦੋਂ ਲੁਧਿਆਣੇ ਦੀ ਪੁਲਿਸ ਸਰਾਭੇ ਨੂੰ ਲੱਭਦੀ ਹੋਈ ਇਕ ਪਿੰਡ ਵਿਚ ਕਿਸੇ ਘਰ ਦੀ ਤਲਾਸ਼ੀ ਲੈ ਰਹੀ ਸੀ ਤਾਂ ਉਸ ਸਮੇਂ ਸਰਾਭਾ ਸਾਈਕਲ ਉੱਤੇ ਉਧਰੋਂ ਹੀ ਲੰਘ ਰਿਹਾ ਸੀ। ਉਹ ਇਹ ਵੀ ਜਾਣਦਾ ਸੀ ਕਿ ਪੁਲਿਸ ਉਸਨੂੰ ਹੀ ਲੱਭ ਰਹੀ ਹੈ। ਜੇ ਉਹ ਦੌੜਨ ਦੀ ਕੋਸ਼ਿਸ਼ ਕਰਦਾ ਤਾਂ ਪੁਲਿਸ ਨੇ ਲਾਜ਼ਮੀ ਤੌਰ 'ਤੇ ਉਹਦਾ ਪਿੱਛਾ ਕਰਨਾ ਸੀ ਤੇ ਫੜ ਲੈਣਾ ਸੀ। ਸਰਾਭੇ ਨੇ ਦਿਮਾਗ਼ੀ ਤਵਾਜ਼ਨ ਕਾਇਮ ਰੱਖਿਆ। ਉਹ ਸਾਈਕਲ ਤੋਂ ਉੱਤਰਿਆ ਤੇ ਉਸ ਘਰ ਵਿਚ ਜਾ ਕੇ ਬੜੇ ਠਰੰਮ੍ਹੇ ਨਾਲ ਪਾਣੀ ਦਾ ਗਲਾਸ ਮੰਗਿਆ ਜਿਵੇਂ ਕੋਈ ਥੱਕਿਆ ਪਿਆਸਾ ਰਾਹੀ ਹੋਵੇ। ਪਾਣੀ ਪੀ ਕੇ ਉੁਹਨੇ ਸਾਈਕਲ ਫੜਿਆ ਤੇ ਚੁੱਪ ਕੀਤਾ ਤੁਰਦਾ ਬਣਿਆਂ। ਪੁਲਿਸ ਉਸਨੂੰ ਰਾਹ ਜਾਂਦਾ ਰਾਹੀ ਸਮਝ ਕੇ ਉਸ ਘਰ ਵਿਚੋਂ ਅਜੇ ਵੀ ਉਹਨੂੰ 'ਲੱਭਣ' ਦੀ ਕੋਸ਼ਿਸ਼ ਵਿਚ ਜੁੱਟੀ ਹੋਈ ਸੀ। ਬਾਅਦ ਵਿਚ ਉਸ ਪੁਲਿਸ ਇੰਸਪੈਕਟਰ ਨੇ ਉਹਦੇ ਇਸ ਕਾਰਨਾਮੇ ਦੀ ਬੜੀ ਪ੍ਰਸੰਸਾ ਕੀਤੀ ਜਿਹੜਾ ਬੜੀ ਹੁਸ਼ਿਆਰੀ ਤੇ ਸਹਿਜ ਨਾਲ ਪੁਲਿਸ ਨੂੰ ਚਕਮਾ ਦੇ ਗਿਆ ਸੀ।
contiued